ਬਿੰਦੀ (ਕਹਾਣੀ)

ਹਰਵਿੰਦਰ ਸਿੰਘ ਰੋਡੇ   

Email: harvinderbrar793@gmail.com
Address: ਪਿੰਡ ਤੇ ਡਾਕ:- ਰੋਡੇ
ਮੋਗਾ India
ਹਰਵਿੰਦਰ ਸਿੰਘ ਰੋਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਕਿੱਥੇ ਵਿਚਾਰੇ ਜਵਾਕ ਨੂੰ ਬੱਸਾਂ 'ਚ ਧੂਹੀ ਫਿਰਾਂਗੇ। ਤੂੰ ਇਉਂ ਕਰ ਇਕੱਲੀ ਜਾ ਵੜ, ਗੋਲੂ ਨੂੰ ਮੈਂ ਆਪੇ ਘਰੇ ਖਿਡਾਲੂੰ। ਵੈਸੇ ਵੀ ਮੇਰਾ ਕੰਮ ਤਾਂ ਹੈਨੀ ਉੱਥੇ,ਕਿਹੜਾ ਕੋਈ ਟੈਸਟ ਵਗੈਰਾ ਕਰਾਉਣੇ ਐ,ਇਕੱਲੀ ਦਵਾਈ ਹੀ ਲੈਣੀ ਐ ਅੱਜ ਤਾਂ। ਇਕ ਤਾਂ ਦੋਵੇਂ ਐਨਾ ਕਿਰਾਇਆ-ਪਹਾੜਾ ਪੱਟਾਂਗੇ ਤੇ ਉਤੋਂ ਮੇਰੀ ਬੇਅਰਾਮੀ ਅਲਹਿਦਾ, ਮਸਾਂ ਤਾਂ ਕੋਈ ਛੁੱਟੀ ਆਉਂਦੀ ਐ।" ਸੁਖਮੰਦਰ ਨੇ ਆਪਣੀ ਘਰਵਾਲੀ ਕੁਲਬੀਰ ਨੂੰ ਇਕੱਲਿਆਂ ਹੀ ਦਵਾਈ ਲੈ ਆਉਣ ਦਾ ਵਾਸਤਾ ਜਿਹਾ ਪਾਉਂਦਿਆਂ ਕਿਹਾ।
"ਚਲੋ ਠੀਕ ਐ,ਜਿਵੇਂ ਥੋਡੀ ਮਰਜ਼ੀ। ਪਰ ਇਹ ਨਾ ਹੋਵੇ ਕਿ ਮੇਰੇ ਮਗਰੋਂ ਗੋਲੂ ਦਾ ਰੋ-ਰੋ ਬੁਰਾ ਹਾਲ ਹੋਜੇ। ਪੂਰਾ ਧਿਆਨ ਰੱਖਿਆ ਜੇ। ਸ਼ੀਸ਼ੀ 'ਚ ਦੁੱਧ ਪਾ ਕੇ ਫਰਿੱਜ 'ਚ ਲਾਇਆ ਪਿਆ,ਜੇ ਹੋਰ ਲੋੜ ਪਈ ਵੱਡੇ ਡੋਲ੍ਹਣੇ 'ਚੋਂ ਪਾ ਲਿਉ।" ਆਪਣੇ ਗੋਲੂ ਦਾ ਫਿਕਰ ਕਰਦੀ ਸੁਖਮੰਦਰ ਨੂੰ ਢੇਰ ਸਾਰੀਆਂ ਹਦਾਇਤਾਂ ਦਿੰਦੀ ਹੋਈ ਕੁਲਬੀਰ ਪਿੰਡੋਂ ਨੌ ਵਾਲੀ ਬੱਸ 'ਤੇ ਦਵਾਈ ਲੈਣ ਵਗ ਗਈ ਸੀ। ਪਿੱਛੋਂ ਸੁਖਮੰਦਰ ਆਪਣੀ ਪੂਰੀ ਵਾਹ ਲਾ ਕੇ ਗੋਲੂ ਨੂੰ ਖਿਡਾ ਰਿਹਾ ਸੀ। ਜਦ ਕਦੇ ਗੋਲੂ ਮਾੜਾ ਜਿਹਾ ਵੀ ਰੋਂਦਾ ਤਾਂ ਉਹ ਦੁੱਧ ਵਾਲੀ ਸ਼ੀਸ਼ੀ ਚੁੱਕ aਹਦੇ ਮੂੰਹ ਨੂੰ ਲਾ ਦਿੰਦਾ,ਜੇ ਫਿਰ ਵੀ ਨਾ ਵਿਰਦਾ ਤਾਂ ਉਹ ਕੋਈ ਖਿਡਾਉਣਾ ਚੁੱਕ ਉਸ ਦਾ ਦਿਲ ਪਰਚਾਉਣ ਲੱਗਦਾ। ਜਦੋਂ ਗੋਲੂ ਦਾ ਦਿਲ ਇੱਕ ਖਿਡਾਉਣੇ ਤੋਂ ਅੱਕ ਜਾਂਦਾ,ਸੁਖਮੰਦਰ ਉਹਦੇ ਮੂਹਰੇ ਦੂਜਾ ਖਿਡਾਉਣਾ ਲਿਆ ਧਰਦਾ। ਗੱਲ ਕੀ ਇੱਕ ਖਿਡੌਣੇ ਨਾਲ ਗੋਲੂ ਦਾ ਮਸਾਂ ਅੱਧਾ-ਪੌਣਾ ਘੰਟਾ ਹੀ ਨਿਕਲਦਾ, ਉਸ ਮਗਰੋਂ ਸੁਖਮੰਦਰ ਨੂੰ ਫਿਰ ਕੋਈ ਨਾ ਕੋਈ ਨਵਾਂ ਖਿਡੌਣਾ ਲੱਭਣਾ ਹੀ ਪੈਂਦਾ ਸੀ। ਉਹ ਹੈਰਾਨ ਸੀ ਕਿ ਤੀਵੀਆਂ ਪਤਾ ਨਹੀਂ ਕਿਹੜੇ ਜਾਦੂ ਨਾਲ ਸਾਰਾ-ਸਾਰਾ ਦਿਨ ਜਵਾਕ ਸਾਂਭੀ ਰੱਖਦੀਆਂ ਨੇ। ਉਹਦੀ ਸੋਚ ਆਖਦੀ ਕਿ ਸੱਚਮੁੱਚ ਹੀ ਰੱਬ ਨੇ ਜਵਾਕ ਸਾਂਭਣ ਦੀ ਕਲਾ ਔਰਤ ਨੂੰ ਹੀ ਦਿੱਤੀ ਹੈ। ਮਰਦ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਲਾਵਾਂ ਵਿੱਚ ਔਰਤ ਤੋਂ ਪਿੱਛੇ ਹੈ। ਘੜੀ ਦੀ ਸੂਈ ਪੁੱਛ-ਪੁੱਛ ਚੱਲਦੀ ਮਸਾਂ ਚਾਰ ਦੇ ਨੇੜੇ ਪਹੁੰਚੀ ਸੀ, ਉਹਦਾ ਧਿਆਨ ਬਿੰਦੇ-ਝੱਟੇ ਟਾਈਮਪੀਸ ਵੱਲ ਜਾਂਦਾ ਕਿ ਕਦੋਂ ਕੁਲਬੀਰ ਆਵੇ ਤੇ ਕਦੋਂ ਉਹਦੀ ਜਾਨ ਛੁੱਟੇ। ਅੱਜ ਦੀ ਡਿਊਟੀ ਤਾਂ ਉਹਨੂੰ ਕੰਮ-ਕਾਜ ਵਾਲੇ ਦਿਨ ਤੋਂ ਵੀ ਕਠਿਨ ਲੱਗ ਰਹੀ ਸੀ।
   ਚਾਰ ਦਸ ਵਾਲੀ ਬੱਸ ਅੱਡੇ 'ਤੇ ਪਹੁੰਚੀ ਤਾਂ ਕੁਲਬੀਰ ਨੂੰ ਬਾਰ ਵੜਦਿਆਂ ਵੇਖ ਹੀ ਉਹਦਾ ਦਿਲ ਹੌਲਾ ਫੁੱਲ ਹੋ ਗਿਆ ਸੀ। ਇਸ ਤੋਂ ਵੀ ਵੱਧ ਖੁਸ਼ੀ ਵਾਲੀ ਗੱਲ ਇਹ ਸੀ ਕਿ ਉਸ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਸੀ,ਜਿਸ ਕਾਰਨ ਉਸ ਨੂੰ ਹੁਣ ਕੁਲਬੀਰ ਤੋਂ ਸ਼ਾਬਾਸ਼ ਮਿਲਣ ਦੀ ਆਸ ਵੀ ਸੀ,ਬਿਲਕੁਲ ਉਸੇ ਤਰ੍ਹਾਂ ਜਿਵੇਂ ਕਈ ਵਾਰ ਦਫ਼ਤਰ ਵਿੱਚ ਉਹਦੇ ਚੰਗੇ ਤੇ ਸੁਚੱਜੇ ਕੰਮ ਨੂੰ ਵੇਖ ਉਹਦਾ ਸਾਹਬ ਖੁਸ਼ੀ-ਖੁਸ਼ੀ ਉਹਨੂੰ ਸ਼ਾਬਾਸ਼ ਦਿੰਦਾ ਨਹੀਂ ਸੀ ਥੱਕਦਾ।
   ਕੁਲਬੀਰ ਆ ਕੇ ਬੈੱਡ 'ਤੇ ਬੈਠੀ ਤਾਂ ਉਹ ਪਾਣੀ ਲੈਣ ਚਲਾ ਗਿਆ। ਪਾਣੀ ਦਾ ਗਿਲਾਸ ਭਰ ਮੁੜਿਆ ਤਾਂ ਆਉਂਦੇ ਨੂੰ ਕੁਲਬੀਰ ਮੂੰਹ ਸਿਰ ਵਲ੍ਹੇਟ ਬੈੱਡ 'ਤੇ ਲੇਟੀ ਪਈ ਸੀ। ਪਾਣੀ ਦਾ ਗਿਲਾਸ ਕੁਲਬੀਰ ਵੱਲ ਵਧਾਉਂਦਿਆਂ ਉਹ ਬੋਲਿਆ,"ਲੈ ਪਾਣੀ ਪੀ ਲੈ।" ਪਰ ਕੁਲਬੀਰ ਨਾ ਬੋਲੀ।
"ਕੀ ਗੱਲ….ਡਾਕਟਰ ਨੇ ਕੋਈ ਪੁੱਠੀ-ਸਿੱਧੀ ਬਿਮਾਰੀ ਦਾ ਨਾਂਅ ਤਾਂ ਨੀ ਲੈ 'ਤਾ? ਓ ਭਲੀਏ ਲੋਕੇ,ਰੋਗ ਤਾਂ ਵੱਡੇ-ਵੱਡੇ ਠੀਕ ਹੋ ਜਾਂਦੇ ਆ,ਇਹ ਕਿਤੇ ਕਿੱਡੀ ਕੁ ਵੱਡੀ ਗੱਲ ਐ? ਦਿਲ ਕਰੜਾ ਰੱਖੀਦਾ ਹੁੰਦਾ,ਲੈ ਫੜ੍ਹ ਪਾਣੀ ਪੀ।" ਉਹਦੇ ਦੂਜੀ ਵਾਰ ਵਾਸਤਾ ਪਾਉਣ 'ਤੇ ਵੀ ਕੁਲਬੀਰ ਕੁਝ ਨਾ ਬੋਲੀ,ਸਗੋਂ ਉਹਦਾ ਮਨ ਭਰ ਆਉਣ ਨਾਲ ਅੱਖਾਂ ਛਲਕ ਆਈਆਂ।
"ਲੈ ਹੈਅ……ਕਮਲੀ ਨਾ ਹੋਵੇ ਤਾਂ,ਐਵੇਂ ਥੋੜ੍ਹੀ ਰੋਈਦੈ। ਕੀ ਕਿਹਾ ਡਾਕਟਰ ਨੇ?"
"ਰੋਵਾਂ ਨਾ ਤਾਂ ਹੋਰ ਕੀ ਕਰਾਂ?"
"ਪਰ ਗੱਲ ਵੀ ਤਾਂ ਦੱਸ ਕੀ ਕਹਿੰਦੈ ਡਾਕਟਰ?"
"ਦੱਸਣ ਜੋਕਰਾ ਰਹਿ ਵੀ ਕੀ ਗਿਆ ਹੁਣ। ਮੈਂ ਵੀ ਕਹਾਂ ਵਈ ਅੱਜ ਕਿਵੇਂ ਮੈਨੂੰ ਇਕੱਲੀ ਤੋਰਨ ਦਾ ਇਰਾਦਾ ਬਣ ਗਿਆ ਇਹਦਾ। ਅੱਗੇ ਤਾਂ ਕਦੇ ਘਰ ਬੈਠੀ ਦਾ ਵਸਾਹ ਨਹੀਂ ਕਰਦਾ ਸੀ।"
"ਓ ਹੋ,ਬਈ ਮੈਨੂੰ ਕੀ ਪਤਾ ਸੀ ਵਈ ਅੱਜ ਡਾਕਟਰ ਟੈਸਟ ਵੀ ਕਰੂ। ਮੈਂ ਤਾਂ ਸੋਚਿਆ 'ਕੱਲੀ ਦਵਾਈ ਲੈਣੀ ਐ,ਲੈ ਕੇ ਮੁੜ ਆਏਂਗੀ।"
"ਬਸ-ਬਸ ਖੁਸ਼ੀ ਨੂੰ ਦੇਹ ਮੈਨੂੰ ਮਿੱਠੀਆਂ ਗੋਲ਼ੀਆਂ ਤੇ ਖੁਸ਼ੀ ਨੂੰ ਲੈ ਡਾਕਟਰ ਦਾ ਨਾਂਅ। ਮੈਂ ਕੋਈ ਐਡੀ ਕਮਲੀ ਨਹੀਂ। ਸਭ ਪਤਾ ਮੈਨੂੰ ਕਿ ਪਾਣੀ ਕਿਹੜੇ ਪੁਲਾਂ ਥੱਲੇ ਦੀ ਲੰਘਦੈ। ਜਿਹੜੀਆਂ ਤੇਰੇ ਢਿੱਡ 'ਚ ਐ,ਮੇਰੇ ਨਹੁੰਆਂ 'ਤੇ ਐ।"
"ਬਈ ਆਹ ਤੂੰ ਕਿਹੜਾ ਟੇਸ਼ਣ ਫੜ੍ਹ ਲਿਆ,ਮੇਰੀ ਤਾਂ ਸਮਝੋਂ ਬਾਹਰ ਐ।"
"ਤੇਰੀ ਸਮਝੋਂ ਤਾਂ ਆਪੇ ਈ ਬਾਹਰ ਹੋਣੈਂ,ਅਖੇ ਕਾਗਜ਼ਾਂ ਦੇ ਘੋੜੇ ਕਦ ਤੱਕ ਦੌੜੇ। ਹੁਣ ਪਤਾ ਸੀ ਵਈ ਮੈਂ ਆਉਣ ਵਾਲੀ ਆਂ ਤੇ ਰੱਖਤੇ ਜਵਾਕ ਮੂਹਰੇ ਖਿਡੌਣੇ ਸਜਾ ਕੇ। ਨਾ ਹਜੇ ਵੀ ਕੀ ਲੋੜ ਸੀ ਆਹ ਅਡੰਬਰ ਦੀ। ਕੋਈ ਨਾ! ਉੱਠਦੀ ਅੱਜ ਮੈਂ ਵੀ ਨੀ,ਖਾ ਲਈ ਮੰਨ ਅੱਜ ਆਵਦੀ ਓਸੇ ਕੁਝ ਲੱਗਦੀ ਤੋਂ।" ਕੁਲਬੀਰ ਦਾ ਪਾਰਾ ਚੜ੍ਹਦਾ ਜਾ ਰਿਹਾ ਸੀ ਤੇ ਸੁਖਮੰਦਰ ਨੂੰ ਕਿਸੇ ਗੱਲ ਦੀ ਕੋਈ ਸਮਝ ਨਹੀਂ ਸੀ ਪੈ ਰਹੀ।
"ਓਸੇ ਕੁਝ ਲੱਗਦੀ ਤੋਂ…! ਕੁਲਬੀਰ ਤੇਰਾ ਦਿਮਾਗ ਠੀਕ ਐ? ਆਹ ਕੀ ਊਟ-ਪਟਾਂਗ ਬੋਲੀ ਜਾਨੀ ਐਂ?"
"ਦਿਮਾਗ ਠੀਕ ਕਰਕੇ ਹੀ ਬੋਲਦੀ ਹਾਂ। ਜੇ ਨਾ ਠੀਕ ਹੁੰਦਾ ਫਿਰ ਭਾਵੇਂ ਜਿੰਨਾ ਮਰਜ਼ੀ ਅੱਖੀਂ ਘੱਟਾ ਪਾਈ ਜਾਂਦਾ ਮੇਰੇ। ਸੁਣਦੀ ਹੁੰਦੀ ਸੀ ਵਈ ਆਦਮ-ਜਾਤ ਨੂੰ ਕੋਈ ਤ੍ਰਿਪਤ ਨਹੀਂ ਕਰ ਸਕਿਆ,ਪਰ ਅੱਜ ਤਾਂ ਅੱਖੀਂ ਵੇਖ ਲਿਆ।"
  ਸੁਖਮੰਦਰ ਉਹਦੀਆਂ ਗੱਲਾਂ ਸੁਣ-ਸੁਣ ਹੈਰਾਨ ਪ੍ਰੇਸ਼ਾਨ ਹੋਈ ਜਾ ਰਿਹਾ ਸੀ ਕਿ ਚੰਗੀ ਮੱਤ ਐ ਜਨਾਨੀਆਂ ਦੀ। ਇਕ ਤਾਂ ਸਾਰਾ ਦਿਨ ਜਵਾਕ ਸਾਂਭੋ ਤੇ ਉਪਰੋਂ ਆਹ ਤਗ਼ਮੇਂ ਗਲ਼ 'ਚ ਪਵਾਓ। ਬਾਕੀ ਆਪਣੇ ਚਰਿੱਤਰ ਬਾਰੇ ਐਸੀਆਂ ਭੈੜੀਆਂ ਗੱਲਾਂ ਉਹ ਕੁਲਬੀਰ ਦੇ ਮੂੰਹੋਂ ਸੁਣੇਂ,ਐਸੀ ਤਾਂ ਉਮੀਦ ਵੀ ਨਹੀ ਸੀ ਕੀਤੀ ਜਾ ਸਕਦੀ। ਉਹਦੇ ਚਰਿੱਤਰ 'ਤੇ ਤਾਂ ਅੱਜ ਤੱਕ ਕਿਸੇ ਸੱਤ-ਬਿਗਾਨੇ ਨੇ ਉਂਗਲੀ ਨਹੀਂ ਸੀ ਚੁੱਕੀ।
"ਦੇਖ ਕਲਬੀਰ,ਮੈਂ ਨਹੀਂ ਜਾਣਦਾ ਤੈਨੂੰ ਕੀਹਨੇ,ਕੀ ਪੱਟੀ ਪੜ੍ਹਾਈ ਐ। ਪਰ ਮੈਂ ਤੈਨੂੰ ਇੱਕ ਗੱਲ ਦੱਸਦੈਂ ਵਈ ਐਵੇਂ ਕਿਸੇ ਦੀ ਚੱਕ 'ਚ ਆ ਕੇ ਆਪਣੇ ਰਿਸ਼ਤੇ 'ਚ ਤ੍ਰੇੜ ਨਾ ਪਾ ਦੇਵੀਂ।"
"ਤ੍ਰੇੜ!..ਤ੍ਰੇੜ ਮੈਂ ਨਹੀਂ ਪਾ ਰਹੀ……ਇਹ ਸਭ ਥੋਡੀ ਮਿਹਰਬਾਨੀ ਐ ਸਰਦਾਰ ਜੀ। ਜ਼ਰਾ ਦੱਸ ਤਾਂ ਸਹੀ ਮੇਰੇ ਵਿੱਚ ਕੀ ਘਾਟ ਸੀ,ਜਿਹੜਾ ਚੋਰੀ ਦੇ ਗੁੜ ਵੱਲੀਂ ਮੂੰਹ ਮਾਰਨਾ ਪਿਆ ਤੈਨੂੰ। ਨਾਲੇ ਹੋਰ ਸੁਣਲੈ, ਜੇ ਤੈਨੂੰ ਐਨਾ ਈ ਹੇਜ਼ ਐ ਉਹਦਾ,ਤਾਂ ਪੱਕਾ ਈ ਘਰ ਰੱਖਲੈ ਉਹਨੂੰ,ਮੇਰਾ ਜੋ ਬਣੂੰ ਦੇਖੀ ਜਾਊ। ਐਵੇਂ ਮੇਰੇ ਤੋਂ ਢਿੱਡ ਛੁਪਾਉਣ ਦੀ ਕੀ ਲੋੜ ਐ?" ਕੁਲਬੀਰ ਪੂਰੇ ਤੈਸ਼ ਵਿੱਚ ਆ ਬੋਲ ਰਹੀ ਸੀ ਤੇ ਬਸ ਬੋਲੀ ਜਾ ਰਹੀ ਸੀ ਸੁਣਨਾ ਕੁਝ ਵੀ ਨਹੀਂ ਸੀ ਚਾਹੁੰਦੀ। ਉਂਝ ਵੀ ਜਦ ਕਿਸੇ ਨੂੰ ਅਜਿਹੀ ਸੱਟ ਸਹਿਣੀ ਪਵੇ ਤਾਂ ਆਪਣੇ ਆਪ ਅੰਦਰੋਂ ਪੂਰਾ ਟੁੱਟ ਚੁੱਕਿਆ ਮਹਿਸੂਸ ਕਰਦਾ ਮਾਨਵ ਆਪਣਾ ਗੁੱਭ-ਗੁਭਾਟ ਕੱਢੇ ਬਿਨਾਂ ਨਹੀਂ ਰਹਿ ਸਕਦਾ। 
"ਲੈ ਕੁਲਬੀਰ ਕਮਾਲ ਐ ਤੇਰੇ ਆਲੀ,ਮੈਂ ਦੱਸ ਕਦੇ ਕੀ ਲਕੋਇਆ ਤੇਰੇ ਤੋਂ। ਸਾਰਾ ਦਿਨ ਮੈਂ ਜਵਾਕ ਸਾਂਭਿਆ,ਕਿਤੇ ਗਿਆ ਨੀ,ਆਇਆ ਨੀ…ਆਉਂਦੇ ਨੂੰ ਤੂੰ ਆਹ ਸ਼ਾਬਾਸ਼ ਦੇਤੀ,ਪਤਾ ਨੀ ਕੀਹਦੇ ਢਹੇ ਚੜ੍ਹ ਕੇ।"
"ਢਹੇ ਚੜ੍ਹ ਕੇ ਨਹੀਂ….ਮੈਂ ਸਬੂਤਾਂ ਬਿਨਾਂ ਕਦੇ ਯਕੀਨ ਨਹੀਂ ਕੀਤਾ ਸਰਦਾਰ ਜੀ। ਅਕਸਰ ਮੈਂ ਵੀ ਮੋਗੇ ਆਲੇ ਵਕੀਲ ਬਖਤਾਵਰ ਸਿੰਘ ਦੀ ਧੀ ਆਂ।"
"ਫਿਰ ਦੱਸ ਵੀ ਸਹੀ ਕੀ ਐ ਸਬੂਤ ਤੇਰੇ ਕੋਲ,ਮੈਨੂੰ ਝੂਠਾ ਸਿੱਧ ਕਰਨ ਦੇ। ਦਿਖਾਵੇਂ ਤਾਂ ਮੰਨੀਏ।"
"ਸਬੂਤ! ਸਬੂਤ ਤੋਂ ਤਾਂ ਮੈਂ ਆਪ ਹੈਰਾਨ ਆਂ ਸਰਦਾਰ ਜੀ। ਹੁਣ ਜੇ ਤੂੰ ਪੁੱਛ ਹੀ ਲਿਆ ਤਾਂ ਵੇਖ। ਨਾਲੇ ਮੈਨੂੰ ਤਾਂ ਕਹਿੰਦਾ ਹੁੰਦਾ ਸੀ ਸੁਰਖ਼ੀ ਨਾ ਲਾ…ਬਿੰਦੀ ਨਾ ਲਾ……ਤੇ ਆਪ ਖੇਹ ਖਾਂਦਾ ਫਿਰਦੈਂ ਸੁਰਖੀਆਂ-ਬਿੰਦੀਆਂ ਵਾਲੀ ਨਾਲ। ਜੇ ਨਹੀਂ ਤਾਂ ਆਹ ਦੱਸ ਕਿੱਥੋਂ ਆਈ ਐ?" ਬੈੱਡ ਤੋਂ ਮੱਥੇ 'ਤੇ ਲਾਉਣ ਵਾਲੀ ਬਿੰਦੀ ਚੁੱਕ ਆਪਣੀ ਤਲੀ 'ਤੇ ਰੱਖਕੇ ਵਿਖਾਉਂਦਿਆਂ ਕੁਲਬੀਰ ਨੇ ਕਿਹਾ।
   ਬਿੰਦੀ ਵੇਖ ਕੇ ਤਾਂ ਸੁਖਮੰਦਰ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਉਹਦਾ ਦਿਮਾਗ ਸੁੰਨ ਹੋ ਗਿਆ ਸੀ,ਕੁਲਬੀਰ ਨੂੰ ਕਦੇ ਵੀ ਸੁਰਖ਼ੀ-ਬਿੰਦੀ ਨਾ ਲਾਉਣ ਦਿੱਤੀ ਹੋਣ ਕਰਕੇ ਉਹਨੂੰ ਖ਼ੁਦ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਬਿੰਦੀ ਨੂੰ ਕਿੱਥੋਂ ਆਈ ਹੋਵੇਗੀ। ਉਹਦੇ ਜ਼ਿਹਨ 'ਚ ਉੱਠਦੀ ਹਰ ਦਲੀਲ ਮੂੰਹੋਂ ਕੱਢਣ ਤੋਂ ਪਹਿਲਾਂ ਹੀ ਫੇਲ਼੍ਹ ਹੋ ਰਹੀ ਜਾਪਦੀ ਸੀ। ਕੋਈ ਜਵਾਬ ਨਾ ਔਹੜਦਾ ਦੇਖ ਸੁਖਮੰਦਰ ਨਿੰਮੋਂਝੂਣਾ ਹੋ ਕੇ ਬੈਠ ਗਿਆ ਸੀ। ਉਹਨੂੰ ਚੁੱਪ ਵੱਟੀ ਬੈਠਾ ਦੇਖ ਕੁਲਬੀਰ ਨੂੰ ਆਪਣਾ ਸਬੂਤ ਹੋਰ ਸੱਚਾ ਜਾਪਣ ਲੱਗਾ,ਜਿਸ ਕਾਰਨ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੱਕ ਪਹੁੰਚਣਾ ਸੁਭਾਵਿਕ ਹੀ ਸੀ। 
  ਓਧਰ ਸੁਖਮੰਦਰ ਨੂੰ ਗੋਲੂ ਦੁਆਲੇ ਪਏ ਖਿਡੌਣੇ,ਕਚਹਿਰੀ ਖੜ੍ਹੇ ਉਨ੍ਹਾਂ ਝੂਠੇ ਗਵਾਹਾਂ ਵਰਗੇ ਲੱਗ ਰਹੇ ਸੀ ਜੋ ਉਸਦੀ ਗਵਾਹੀ ਦੇਣੋਂ ਇਨਕਾਰੀ ਹੋ ਗਏ ਹੋਣ। ਉਹਦਾ ਦਿਲ ਕਰਦਾ ਸੀ ਇਕੱਲੇ-ਇਕੱਲੇ ਖਿਡੌਣੇ ਨੂੰ ਚੁੱਕ ਟੁਕੜੇ-ਟੁਕੜੇ ਕਰ ਦੇਵੇ। ਫਿਰ ਇੱਕ ਦਮ ਹੀ ਉਹਦੇ ਮਨ ਦਾ ਵੇਗ ਬਦਲਦਾ,ਉਹ ਸੋਚਦਾ ਕਾਸ਼! ਖਿਡੌਣੇ ਬੋਲਦੇ ਹੁੰਦੇ ਤਾਂ ਉਹ ਜ਼ਰੂਰ ਓਹਦੀ ਗਵਾਹੀ ਭਰਦੇ। ਹੋਰ ਨਹੀਂ ਤਾਂ ਗੋਲੂ ਹੀ ਮਾੜਾ-ਮੋਟਾ ਬੋਲਦਾ ਹੁੰਦਾ ਤਾਂ ਉਹ ਵੀ ਉਹਦੇ ਹੱਕ 'ਚ ਭੁਗਤਦਾ। ਪਰ ਹੁਣ……ਹੁਣ ਤਾਂ ਉਸ ਕੋਲ ਕੋਈ ਚਾਰਾ ਨਹੀਂ ਸੀ ਬਚਿਆ ਸਫ਼ਾਈ ਦੇ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ। ਕਿੱਧਰੇ ਉਸ ਨੂੰ ਖਿਆਲ ਆਉਂਦਾ ਕਿ ਏਸ ਤਿਲਕਦੀ ਦੁਨੀਆਂ 'ਤੇ ਲੁੱਚੇ-ਲਫੰਗੇ ਬੰਦੇ ਹੀ ਸਭ ਨੂੰ ਖੁਸ਼ ਕਰ ਸਕਦੇ ਨੇ,ਉਹ ਸਵਾਦ ਵੀ ਚੱਖਦੇ ਨੇ ਤੇ ਬਚਣ ਲਈ ਹਰ ਤਰ੍ਹਾਂ ਦੇ ਦਾਅ-ਪੇਚ ਵੀ ਰੱਖਦੇ ਨੇ। ਸ਼ਰੀਫ਼ ਬੰਦੇ ਦਾ ਕੋਈ ਜ਼ਮਾਨਾ ਨਹੀਂ ਰਹਿ ਗਿਆ। ਏਸ ਤਰ੍ਹਾਂ ਦੇ ਦਾਰੋਮਦਾਰ ਵਿੱਚ ਘਿਰੇ ਸੁਖਮੰਦਰ ਦਾ ਦਿਮਾਗ ਘੁੰਮ ਗਿਆ ਸੀ। ਪਤਾ ਨਹੀਂ ਉਹਦੇ ਦਿਲ ਕੀ ਆਈ,ਉਹਨੇ ਇਕੱਲਾ-ਇਕੱਲਾ ਖਿਡੌਣਾ ਚੁੱਕ ਤੋੜਣਾ ਸ਼ੁਰੂ ਕਰ ਦਿੱਤਾ। ਉਹ ਇੱਕ ਖਿਡੌਣਾ ਚੁੱਕਦਾ ਅਤੇ ਆਪਣੀਆਂ ਅੱਖਾਂ ਸਾਹਮਣੇ ਕਰਕੇ ਕਹਿੰਦਾ,"ਬੋਲ ਭਰੇਂਗਾ ਮੇਰੀ ਗਵਾਹੀ?" ਇਹ ਸ਼ਬਦ ਆਖ ਉਹ ਕੁਝ ਪਲ਼ ਖਿਡਾਉਣੇ ਨੂੰ ਨਿਹਾਰਦਾ,ਜਿਵੇਂ ਉਸ ਤੋਂ ਉੱਤਰ ਦੀ ਉਡੀਕ ਕਰ ਰਿਹਾ ਹੋਵੇ,ਫਿਰ ਤੋੜ ਦਿੰਦਾ। ਫਿਰ ਦੂਜਾ ਖਿਡੌਣਾ ਚੁੱਕਦਾ,ਉਹੀ ਸਵਾਲ ਦੁਹਰਾਉਂਦਾ,ਦੋ ਪਲ ਖਿਡਾਉਣ ਵੱੱਲ ਤੱਕ ਉਸਨੂੰ ਵੀ ਤੋੜ ਦਿੰਦਾ।
  ਕਈ ਖਿਡੌਣੇ ਤੋੜਣ ਤੋਂ ਬਾਅਦ ਉਹਦੇ ਹੱਥ ਇੱਕ ਬੜਾ ਹੀ ਸੋਹਣਾ ਖਿਡੌਣਾ ਆਇਆ,ਜੋ ਇੱਕ ਛੋਟਾ ਟਰੈਕਟਰ ਸੀ। ਇਸ ਖਿਡੌਣੇ ਨਾਲ ਤਾਂ ਉਹਨੇ ਗੋਲੂ ਦਾ ਡੇਢ ਘੰਟਾ ਜੀਅ ਲਵਾਈ ਰੱਖਿਆ ਸੀ। ਇਕ ਤਰ੍ਹਾਂ ਨਾਲ ਬੈੱਡ ਨੂੰ ਜ਼ਮੀਨ ਬਣਾ ਉਹ ਗੋਲੂ ਨੂੰ ਪੈਲ਼ੀ ਵਾਹੁਣੀ ਵੀ ਸਿਖਾ ਗਿਆ ਸੀ। ਖਿਡੌਣੇ ਨੂੰ ਚੁੱਕ ਉਹਨੇ ਫਿਰ ਓਹੀ ਬੋਲ ਆਪਣੇ ਥਿੜਕਦੇ ਬੁੱਲਾਂ 'ਚੋਂ ਦੁਹਰਾਏ,"ਟਰੈਕਟਰ ਨੂੰ ਜੱਟ ਆਪਣਾ ਪੁੱਤ ਸਮਝਦੈ,ਹੁਣ ਤੂੰ ਬੋਲ ਭਰੇਂਗਾ ਮੇਰੀ ਗਵਾਹੀ? ਓਏ ਤੂੰ ਤਾਂ ਮੇਰਾ ਪੁੱਤ ਐਂ। ਓਏ ਜੇ ਪੁੱਤ ਹੀ ਪਿਉ ਦੀ ਗਵਾਹੀ ਨਾ ਭਰੂ ਤਾਂ ਏਦੂੰ ਵੱਡਾ ਕਲਯੁੱਗ ਕਿਹੜਾ ਹੋ ਸਕਦਾ!" ਕਰੜੇ ਬੋਲਾਂ ਤੋਂ ਉਹ ਢੈਲ਼ੇ ਬੋਲਾਂ 'ਤੇ ਆ ਗਿਆ ਸੀ ਤੇ ਢੈਲ਼ੇ ਬੋਲ ਇਕ ਤਰ੍ਹਾਂ ਨਾਲ ਉਹਦੇ ਚਿਹਰੇ 'ਤੇ ਚਮਕ ਵੀ ਲੈ ਆਏ ਸਨ,ਜਿਵੇਂ ਉਹਨੂੰ ਖਿਡੌਣੇ ਨੇ ਗਵਾਹੀ ਭਰਨ ਵਾਸਤੇ ਹਾਂ ਕਰਤੀ ਹੋਵੇ।
  ਕੋਲ ਪਈ ਕੁਲਬੀਰ ਉਹਦੀਆਂ ਇਹ ਬੇਤੁਕੀਆਂ ਜਿਹੀਆਂ ਗੱਲਾਂ ਤੋਂ ਹੋਰ ਖਿਝਦੀ ਹੋਈ ਬੋਲੀ,"ਹੁਣ ਭਾਲਦੈ ਬੇਜ਼ੁਬਾਨਾਂ ਤੋਂ ਗਵਾਹੀਆਂ,ਗਵਾਹੀ ਤਾਂ ਤੇਰੀ ਕਿਸੇ ਜ਼ੁਬਨ ਵਾਲੇ ਨੇ ਨਹੀਂ ਭਰਨੀ।"
"ਤੇ ਜੇ ਮੰਨ ਲੈ,ਮੈਂ ਤੇਰੇ ਅੱਗੇ ਸੱਚਾ ਗਵਾਹ ਪੇਸ਼ ਕਰ  ਦੇਵਾਂ ਫੇਰ।"
"ਬਸ-ਬਸ ਰਹਿਣ ਦੇ,ਮੈਨੂੰ ਨਹੀਂ ਲੋੜ ਤੇਰੇ ਸੱਚੇ ਗਵਾਹਾਂ ਦੀ.....ਕਿਸੇ ਹੋਰ ਕੋਲ ਤਾਣੀ ਆਵਦੇ ਕਾਗ਼ਜ਼ੀਂ ਤੰਬੂ।"
"ਕਾਗ਼ਜ਼ੀਂ ਤੰਬੂ ਨਹੀਂ ਇਹ ਕੁਲਬੀਰ ਕੌਰੇ……ਤੂੰ ਇੱਕ ਵਾਰੀ ਵੇਖ ਤਾਂ ਸਹੀ ਮੇਰੇ ਗਵਾਹ ਨੂੰ। ਆਹ ਲੈ,ਪਾ ਇਸ ਖਿਡੌਣੇ ਦੀਆਂ ਅੱਖਾਂ 'ਚ ਅੱਖਾਂ।"
"ਕਿਉਂ ਕੀ ਐ ਇਸ ਵਿੱਚ? ਮੈਨੂੰ ਤਾਂ ਕੁਝ ਦਿਸਦਾ ਨਹੀਂ।"
"ਬਹੁਤ ਕੁਝ ਐ ਏਸ 'ਚ,ਤੂੰ ਵੇਖਣ ਵਾਲੀ ਬਣ ਸਹੀ। ਆਹ ਵੇਖ ਇਹਦੀਆਂ ਮੂਹਰਲੀਆਂ ਲਾਈਟਾਂ।" ਸੁਖਮੰਦਰ ਨੇ ਟਰੈਕਟਰ ਖਿਡੌਣੇ ਦਾ ਮੂੰਹ ਕੁਲਬੀਰ ਵੱਲ ਕਰਦਿਆਂ ਕਿਹਾ।
   ਕੁਲਬੀਰ ਨੇ ਵੇਖਿਆ ਤਾਂ ਟ੍ਰੈਕਟਰ ਦੇ ਇੱਕ ਲਾਈਟ ਹੈ ਹੀ ਨਹੀਂ ਸੀ ਅਤੇ ਦੂਜੀ ਲਾਈਟ ਆਪਣੀ ਚਮਕ ਦੇ ਰਹੀ ਸੀ। ਇਹ ਚਮਕਦੀ ਹੋਈ ਲਾਈਟ ਦਾ ਚਮਕਾਰਾ ਤਾਂ ਬਿਲਕੁਲ ਉਸੇ ਤਰ੍ਹਾਂ ਸੀ,ਜਿਸ ਤਰ੍ਹਾਂ ਦਾ ਚਮਕਾਰਾ ਉਹਨੇ ਬੈੱਡ ਤੋਂ ਲੱਭੀ ਮੱਥੇ 'ਤੇ ਲਾਉਣ ਵਾਲੀ ਬਿੰਦੀ ਦਾ ਵੇਖਿਆ ਸੀ। ਉਹਨੇ ਫਿਰ ਡਿੱਗੀ ਹੋਈ ਬਿੰਦੀ ਚੁੱਕੀ,ਟ੍ਰੈਕਟਰ ਦੀ ਲਾਈਟ ਨਾਲ ਮਿਲਾਈ। ਦੋਹਾਂ ਬਿੰਦੀਆਂ ਨੂੰ ਇਕੋ ਜਿਹੀ ਭਾਅ ਮਾਰਦਿਆਂ ਵੇਖ ਕੁਲਬੀਰ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਟਰੈਕਟਰ ਤੋਂ ਲਹਿ ਕੇ ਡਿੱਗੀ ਬਿੰਦੀ ਉਨ੍ਹਾਂ ਦੇ ਪਿਆਰ ਭਰੇ ਰਿਸ਼ਤੇ ਵਿੱਚ ਕਿੱਡੀ ਕੰਧ ਕੱਢ ਚੱਲ ਸੀ। 
"ਹਾਏ ਜੇ ਆਹ ਖਿਡੌਣਾ ਤੁਹਾਡੀ ਗਵਾਹੀ ਨਾ ਭਰਦਾ ਤਾਂ………" ਇਹ ਸ਼ਬਦ ਕੁਲਬੀਰ ਦੇ ਮੂੰਹ 'ਚ ਹੀ ਅੜ ਗਏ ਤੇ ਉਹਨੇ ਟ੍ਰੈਕਟਰ ਦੀ ਟੁੱਟ ਕੇ ਡਿੱਗੀ ਬਿੰਦੀ ਨੁਮਾ ਲਾਈਟ ਦੁਬਾਰਾ ਲਾ,ਖਿਡੌਣੇ ਨੂੰ ਕਣਸ 'ਤੇ ਰੱਖਦਿਆਂ,ਸੁਖਮੰਦਰ ਨੂੰ ਘੁੱਟ ਗਲਵੱਕੜੀ ਪਾ ਲਈ।

samsun escort canakkale escort erzurum escort Isparta escort cesme escort duzce escort kusadasi escort osmaniye escort