ਮੇਰੇ ਦੋ ਅਧਿਆਪਕ (ਪਿਛਲ ਝਾਤ )

ਹਰਪ੍ਰੀਤ ਸਿੰਘ ਮਾਣਕਮਾਜਰਾ    

Email: harpreetsingh1410@gmail.com
Cell: +91 99142 33604
Address: ਮਾਣਕ ਮਾਜਰਾ
India
ਹਰਪ੍ਰੀਤ ਸਿੰਘ ਮਾਣਕਮਾਜਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰਬਾਣੀ ਦਾ ਕਥਨ ਹੈ, "ਆਦਿ ਗੁਰਏ ਨਮਹ,ਜੁਗਾਦਿ ਗੁਰਏ ਨਮਹ,ਸਤਿਗੁਰਏ ਨਮਹ,ਸ੍ਰੀ ਗੁਰਦੇਵਏ ਨਮਹ॥" ਅੱਜ ਅਧਿਆਪਕ ਦਿਵਸ 'ਤੇ ਮੈਂ ਆਪਣੇ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਦਿਲੋਂ ਸਤਿਕਾਰ ਭੇਂਟ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਕੱਚੀ ਪਹਿਲੀ ਤੋਂ ਲੈ ਕੇ ਐੱਮ.ਏ. ਤੱਕ ਪੜ੍ਹਾਇਆ ਅਤੇ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਉਨ੍ਹਾਂ ਵਾਂਗ ਹੀ ਪੜ੍ਹਾ ਰਿਹਾ ਹਾਂ।ਇੱਥੇ ਮੈਂ ਆਪਣੇ ਉਨ੍ਹਾਂ ਸਾਥੀ ਅਧਿਆਪਕਾਂ ਨੂੰ ਵੀ ਸਤਿਕਾਰ ਭੇਂਟ ਕਰਦਾ ਹਾਂ ਜੋ ਮਨ ਚਿੱਤ ਲਾ ਕੇ ਪੜ੍ਹਾਉਂਦੇ ਹਨ ਅਤੇ ਸਕੂਲ ਨੂੰ ਆਪਣੇ ਘਰ ਵਾਂਗ ਸ਼ਿੰਗਾਰਨ ਦੇ ਹੀਲਿਆਂ ਵਿੱਚ ਲੱਗੇ ਹੋਏ ਹਨ।ਅਧਿਆਪਕ ਮੋਮਬੱਤੀ ਵਾਂਗ ਜਲ਼ ਕੇ ਗਿਆਨ ਦੀ ਰੋਸ਼ਨੀ ਫੈਲਾਉਂਦਾ ਹੈ ਪਰ ਮੋਮਬੱਤੀ ਵਾਂਗ ਜਲ਼ਣਾ ਕੋਈ ਸੌਖੀ ਗੱਲ ਨਹੀਂ ਹੈ।ਜਿਹੜੇ ਅਧਿਆਪਕ ਮੋਮਬੱਤੀ ਵਾਂਗ ਜਲ਼ ਕੇ ਗਿਆਨ ਦੀ ਰੋਸ਼ਨੀ ਕਰਦੇ ਹਨ,ਉਨ੍ਹਾਂ ਨੂੰ 'ਅਧਿਆਪਕ ਦਿਵਸ' 'ਤੇ ਹਰ ਕੋਈ ਯਾਦ ਕਰਦਾ ਹੈ,ਆਪਣੇ ਅੰਗ-ਸੰਗ ਮਹਿਸੂਸ ਕਰਦਾ ਹੈ ਅਤੇ ਸ਼ਰਧਾ ਵਿੱਚ ਵਾਰ-ਵਾਰ ਸੀਸ ਝੁਕਾਉਂਦਾ ਹੈ।ਮੇਰੀ ਜ਼ਿੰਦਗੀ ਵਿੱਚ ਵੀ ਅਜਿਹੇ ਦੋ ਅਧਿਆਪਕ ਹਨ ਜਿਨ੍ਹਾਂ ਦੇ ਪੜ੍ਹਨ-ਪੜ੍ਹਾਉਣ,ਸਕੂਲ ਦਾ ਵਿਕਾਸ ਕਰਨ ਅਤੇ ਲਗਨ ਨੇ ਮੈਨੂੰ ਪੈਰ-ਪੈਰ 'ਤੇ ਪ੍ਰਭਾਵਿਤ ਕੀਤਾ।ਮੇਰੇ ਵਿੱਚੋਂ ਕਈ ਵਾਰ ਇਹ ਦੋ ਅਧਿਆਪਕ ਬੋਲਦੇ ਹਨ।ਇਨ੍ਹਾਂ ਦੋ ਅਧਿਆਪਕਾਂ ਵਿੱਚੋਂ ਪਹਿਲੇ ਅਧਿਆਪਕ ਸ਼੍ਰੀਮਤੀ ਸੁਰੇਸ਼ ਭਾਰਦਵਾਜ ਜੀ ਅਤੇ ਸ਼੍ਰੀਮਤੀ ਸਰਿਤਾ ਸਿੰਗਲਾ ਜੀ ਹਨ।
                      ਅੰਗਰੇਜ਼ੀ ਦੇ ਲੈਕਚਰਾਰ ਸ਼੍ਰੀਮਤੀ ਸੁਰੇਸ਼ ਭਾਰਦਵਾਜ ਸਾਨੂੰ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ।ਇਨ੍ਹਾਂ ਦੇ ਪੜ੍ਹਾਉਣ ਤਰੀਕਿਆਂ,ਕਾਪੀਆਂ ਚੈੱਕ ਕਰਨ ਦੇ ਢੰਗ ਅਤੇ ਸਮੇਂ ਦੀ ਪਾਬੰਧੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਇਨ੍ਹਾਂ ਵਿੱਚ ਇੱਕ ਹੋਰ ਵੱਡਾ ਗੁਣ ਇਹ ਸੀ ਕਿ ਇਹ ਨਕਲ ਦੇ ਸਖ਼ਤ ਵਿਰੋਧੀ ਸਨ।ਇਨ੍ਹਾਂ ਨੇ ਸਾਡੀਆਂ ਕਾਪੀਆਂ ਇੰਨੇ ਵਧੀਆ ਤਰੀਕੇ ਨਾਲ਼ ਚੈੱਕ ਕਰਨੀਆਂ ਕਿ ਸਾਨੂੰ ਹਮੇਸ਼ਾਂ ਇਹ ਮਹਿਸੂਸ ਹੋਣਾ ਕਿ ਕਾਪੀ ਬਣਾਈ ਦਾ ਮੁੱਲ ਪੈ ਗਿਆ। ਦਸਵੀਂ ਤੱਕ ਗੁਜ਼ਾਰੇ ਜੋਗੀ ਆਉਂਦੀ ਅੰਗਰੇਜ਼ੀ ਨਾਲ ਕੰਮ ਚੱਲਦਾ ਰਿਹਾ।ਜਦੋਂ ਅਸੀਂ ਜਮਾਤ ਗਿਆਰ੍ਹਵੀਂ ਵਿੱਚ ਹੋਏ ਤਾਂ ਸਾਨੂੰ ਉਨ੍ਹਾਂ ਨੇ ਟੈਂਨਸ,ਵਰਬ ਦੀਆਂ ਫਾਰਮਾਂ ਅਤੇ ਹੋਰ ਮੁੱਢਲੀਆਂ ਗੱਲਾਂ ਦੱਸ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ।ਪਾਠ ਦੇ ਪੈਰ੍ਹਿਆਂ ਨੂੰ ਪਹਿਲਾਂ ਅੰਗਰੇਜ਼ੀ ਵਿੱਚ ਫਿਰ ਪੰਜਾਬੀ ਵਿੱਚ,ਫਿਰ ਉਨ੍ਹਾਂ ਦੇ ਪ੍ਰਸ਼ਨ-aੁੱਤਰ ਬਲੈਕ-ਬੋਰਡ 'ਤੇ ਲਿਖਵਾਉਣੇ ਫਿਰ ਗ਼ਲਤੀਆਂ ਕੱਢ-ਕੱਢ ਕੇ ਕਾਪੀਆਂ ਚੈੱਕ ਕਰਨਾ ਉਨ੍ਹਾਂ ਦਾ ਪੜ੍ਹਾਉਣ ਦਾ ਤਰੀਕਾ ਸੀ।ਅੱਜ ਪੜ੍ਹਾਉਣ ਸਮੇਂ ਪਤਾ ਲੱਗਦਾ ਹੈ ਕਿ ਇੰਨਾ ਕੁੱਝ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਅਤੇ ਕਿੰਨਾ ਸਮਾਂ ਦੇਣਾ ਪੈਂਦਾ ਹੈ।ਉਹ ਕਦੇ ਵਿਹਲੇ ਨਹੀਂ ਸੀ ਬੈਠਦੇ।ਉਨ੍ਹਾਂ ਨੂੰ ਜਦੋਂ ਦੇਖਣਾ ਤਾਂ ਉਹ ਜਾਂ ਤਾਂ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕਰ ਰਹੇ ਹੁੰਦੇ ਜਾਂ ਸਕੂਲ ਦਾ ਕੋਈ ਹੋਰ ਕੰਮ।ਉਸ ਸਮੇਂ ਗਿਆਰ੍ਹਵੀਂ-ਬਾਰ੍ਹਵੀਂ ਨੂੰ ਪਹਿਲੇ ਪੰਜ ਪੀਰੀਅਡਾਂ ਤੋਂ ਬਾਅਦ ਸਾਰੀ ਛੁੱਟੀ ਹੋ ਜਾਂਦੀ ਸੀ ਪਰ ਮੇਰੇ ਇਸ ਅਧਿਆਪਕਾਂ ਨੇ ਸਾਨੂੰ ਸਕੂਲ ਦੇ ਬਾਕੀ ਰਹਿੰਦੇ ਸਮੇਂ ਵਿੱਚ ਵੀ ਪੜ੍ਹਾਉਣਾ।ਜਦੋਂ ਸਾਡੇ ਗਿਆਰ੍ਹਵੀਂ ਦੇ ਪੱਕੇ ਪੇਪਰ ਹੋਣੇ ਸੀ ਤਾਂ ਅਖੀਰਲੇ ਦਿਨ ਸਾਡਾ ਇੱਕ ਅਧਿਆਪਕ ਸਾਡੀ ਜਮਾਤ ਦੀ ਭਵਿੱਖਬਾਣੀ ਕਰ ਰਿਹਾ ਸੀ ਕਿ ਕਿਸ ਨੇ ਪਹਿਲੇ,ਦੂਜੇ ਅਤੇ ਤੀਜੇ ਦਰਜੇ 'ਤੇ ਆਉਣਾ ਹੈ।ਸਾਡੇ ਉਸ ਅਧਿਆਪਕ ਨੇ ਆਪਣੀ ਭਵਿਖਬਾਣੀ ਵਿੱਚ ਤਿੰਨੇ ਦਰਜੇ ਕੁੜੀਆਂ ਨੂੰ ਦੇ ਦਿੱਤੇ। ਮੁੰਡਿਆਂ ਵਿੱਚੋਂ ਕਿਸੇ ਸ਼ਰਾਰਤੀ ਮੁੰਡੇ ਨੇ ਚੌੜ ਕਰਦੇ ਹੋਏ ਪੁੱਛਿਆ ਕਿ ਮੁੰਡਿਆਂ ਵੱਲੋਂ ਵੀ ਦੱਸ ਦਿਓ ਜੀ ਕਿ 'ਕੌਣ' ਕਿਹੜਾ ਦਰਜਾ ਪ੍ਰਾਪਤ ਕਰੇਗਾ।ਸਾਡੇ ਉਸ ਅਧਿਆਪਕ ਜੀ ਨੇ ਹੱਸ ਕੇ ਕਿਹਾ ਕਿ ਇੱਧਰੋਂ ਤਾਂ ਪਿੱਛਿਓਂ ਈ ਕੋਈ ਫਸਟ,ਸੈਂਕਿੰਡ ਅਤੇ ਥ੍ਰਡ ਆਵੇਗਾ।ਸਾਰੀ ਜਮਾਤ ਵਿੱਚ ਹਾਸਾ ਛਿੜ ਗਿਆ ਅਤੇ ਸਾਡੇ ਪੜ੍ਹਨ ਵਾਲਿਆਂ ਦੇ ਮੂੰਹ 'ਤੇ ਨਮੋਸ਼ੀ।ਜਦੋਂ ਘਰ ਨੂੰ ਆਉਣ ਲੱਗੇ ਤਾਂ ਮੈਡਮ ਸੁਰੇਸ਼ ਜੀ ਨੇ ਮੈਨੂੰ ਅਵਾਜ਼ ਮਾਰੀ।ਜਦੋਂ ਮੈਂ ਕੋਲ ਗਿਆ ਤਾਂ ਉਨ੍ਹਾਂ ਨੇ ਕਿਹਾ, ''ਤੈਨੂੰ ਪਤੈ,ਤੈਂ ਇਸ ਵਾਰ ਫਸਟ ਆਉਣੈ।" ਮੈਂ ਸੁਣਦੇ ਸਾਰ ਹੀ ਬਿਨਾਂ ਕੁੱਝ ਸੋਚੇ ਸਮਝੇ ਹੀ ਹਾਂ ਕਰਦੇ ਹੋਏ ਕਿਹਾ ਕਿ ਹਾਂ ਜੀ ਮੈਂ ਪੱਕਾ ਫਸਟ ਆਵਾਂਗਾ।ਘਰ ਆ ਕੇ ਮੈਨੂੰ ਆਪਣੇ-ਆਪ 'ਚ ਮਹਿਸੂਸ ਹੋਇਆ ਕਿ ਵਾਅਦਾ ਕਰਨਾ ਕਿੰਨਾ ਸੌਖਾ ਅਤੇ ਨਿਭਾਉਣਾ ਕਿੰਨਾ ਔਖਾ ਹੁੰਦਾ ਹੈ।ਪਰਮਾਤਮਾ ਦਾ ਨਾਂ ਲੈ ਇੰਨੀ ਮਿਹਨਤ ਨਾਲ਼ ਪੜ੍ਹਿਆ ਕਿ ਮੈਂ ੩੧ ਮਾਰਚ ਨੂੰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਲਿਆ।ਵਾਅਦਾ ਖ਼ਿਲਾਫ਼ੀ ਹੋ ਜਾਣ ਦੇ ਡਰ ਕਾਰਨ ਮੈਂ ਨਤੀਜਾ ਸਕੂਲ ਦੇ ਬਾਹਰ ਖੜ੍ਹ ਕੇ ਹੀ ਸੁਣਿਆ।ਮੇਰੇ ਸਾਥੀ ਮੈਨੂੰ ਬਾਹਰੋਂ ਲੈ ਕੇ ਗਏ।ਅੱਖਾਂ ਹੰਝੂਆਂ ਨਾਲ ਭਰੀਆਂ ਵਹਿ ਰਹੀਆਂ ਸੀ।ਸੱਚ-ਮੁੱਚ ਹੀ ਅਧਿਆਪਕ ਦੇ ਬੋਲਾਂ ਵਿੱਚ ਬਹੁਤ ਸ਼ਕਤੀ ਹੁੰਦੀ ਹੈ।ਮੇਰੇ ਇਹ ਅਧਿਆਪਕ ਅੱਜ-ਕੱਲ੍ਹ ਮੰਡੀ ਗੋਬਿੰਦਗੜ੍ਹ ਵਿਖੇ ਕੁੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਸੇ ਜੋਸ਼ ਨਾਲ਼ ਪੜ੍ਹਾ ਰਹੇ ਹਨ।
      ਮੇਰੇ ਦੂਜੇ ਅਧਿਆਪਕ ਸ਼੍ਰੀਮਤੀ ਸਰਿਤਾ ਸਿੰਗਲਾ ਜੀ ਹਨ।ਅਸਲ ਵਿੱਚ ਮੈਂ ਇਨ੍ਹਾਂ ਕੋਲ ਪੜ੍ਹਿਆ ਨਹੀ ਹੋਇਆ ਸਗੋਂ ਮੈਂ ਇਨ੍ਹਾਂ ਨਾਲ਼ ਪੜ੍ਹਉਣਾ ਸ਼ੁਰੂ ਕੀਤਾ ਸੀ।ਸਰਕਾਰੀ ਹਾਈ ਸਕੂਲ ਨੂਰਪੁਰਾ ਵਿਖੇ ਪੜ੍ਹਾਉਣ ਸਮੇਂ ਇਹ ਸਕੂਲ ਦੇ ਇੰਚਾਰਜ ਸਨ।ਉਮਰ,ਗੁਣਾਂ ਅਤੇ ਤਜ਼ਰਬੇ ਵਿੱਚ ਇਹ ਸਾਥੋਂ ਬਹੁਤ ਵੱਡੇ ਸਨ।ਅਸੀਂ ਇੱਕ ਹੀ ਸਕੂਲ ਵਿੱਚ ਸਾਰਿਆਂ ਨੇ ਅੱਗੜ-ਪਿੱਛੜ ਜੁਆਇਨ ਕੀਤਾ।ਮੈਡਮ ਸਰਿਤਾ ਜੀ ਨੂੰ ਛੱਡ ਕੇ ਅਸੀਂ ਬਾਕੀ ਸਾਰੇ ਅਧਿਆਪਕ ਪੜ੍ਹਦੇ-ਪੜ੍ਹਦੇ ਹੀ ਨੌਕਰੀ ਵਿੱਚ ਆ ਗਏ ਸੀ।ਸਕੂਲ ਵਿੱਚ ਇਕੱਲਾ ਪੜ੍ਹਾਉਣਾ ਹੀ ਨਹੀਂ ਹੁੰਦਾ ਸਗੋਂ ਜਿਹੜੀ ਪੋਸਟ ਖਾਲੀ ਹੈ,ਉਸ ਦਾ ਕੰਮ ਵੀ ਆਪ ਹੀ ਕਰਨਾ ਪੈਂਦਾ ਹੈ,ਉਹ ਪੋਸਟ ਭਾਵੇਂ ਕਿਸੇ ਵੀ ਦਰਜੇ ਦੀ ਹੋਵੇ,ਇਹ ਗੱਲ ਬਾਖੂਬੀ ਅਸੀਂ ਮੈਡਮ ਸਰਿਤਾ ਜੀ ਤੋਂ ਸਿੱਖੀ।ਮੈਡਮ ਸਰਿਤਾ ਜੀ ਕੋਲ  ਡੀ.ਏ.ਵੀ. ਸਕੂਲ ਦੇ ਮੁੱਖ ਅਧਿਆਪਕਾ ਦੇ ਤੌਰ 'ਤੇ ਕੰਮ ਕਰਨ ਦਾ ਕਾਫ਼ੀ ਤਜ਼ਰਬਾ ਸੀ।ਉਨ੍ਹਾਂ ਨੇ ਜਦੋਂ ਵੀ ਕੋਈ ਗੱਲ ਕਰਨੀ ਤਾਂ ਇੱਕ ਗੱਲ ਜ਼ਰੂਰ ਕਹਿਣੀ ਕਿ ਸਾਡੇ ਡੀ.ਏ.ਵੀ.'ਚ ਤਾਂ ਐਂ ਹੁੰਦਾ ਸੀ।ਅਸੀਂ ਸਾਰਿਆਂ ਨੇ ਸੋਚਣਾ ਕਿ ਕਿੱਥੇ ਸਰਕਾਰੀ ਸਕੂਲ ਤੇ ਕਿੱਥੇ ਡੀ.ਏ.ਵੀ.।ਸਮਾਂ ਬੀਤਦਾ ਗਿਆ ਅਤੇ ਮੈਡਮ ਸਰਿਤਾ ਜੀ ਨੇ ਸਰਕਾਰੀ ਸਕੂਲ ਨੂੰ ਡੀ.ਏ.ਵੀ. ਵਰਗਾ ਬਣਾ ਕੇ ਰੱਖ ਦਿੱਤਾ।ਨੂਰਪੁਰਾ ਸਕੂਲ ਦੇਖਣ ਤੋਂ ਇੱਕ ਵਾਰ ਝਾਉਲ਼ਾ ਪੈਂਦਾ ਕਿ ਸ਼ਾਇਦ ਇਹ ਕੋਈ ਪ੍ਰਾਇਵੇਟ ਸਕੂਲ ਹੋਵੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟਾਈਆਂ,ਬੈਲਟਾਂ ਅਤੇ ਡਾਇਰੀਆਂ ਲਗਵਾ ਦਿੱਤੀਆਂ।ਵਿਦਿਆਰਥੀਆਂ ਦੇ ਜਮਾਤ ਕਮਰੇ ਵਿੱਚੋਂ ਬਾਹਰ ਜਾਣ ਲਈ ਪਾਸ ਸਿਸਟਮ ਸ਼ੁਰੂ ਕਰ ਦਿੱਤਾ ਗਿਆ।ਸਕੂਲ ਦੀ ਹਰ ਕੰਧ ਬਾਲਾ ਵਰਕ ਨਾਲ਼ ਭਰ ਦਿੱਤੀ ਗਈ।ਸਵੇਰ ਦੀ ਸਭਾ ਵਿੱਚ ਵਿਚਾਰ,ਪ੍ਰਸ਼ਨ,ਖ਼ਬਰਾਂ,ਕਵਿਤਾਵਾਂ ਅਤੇ ਪੀ.ਟੀ. ਨੂੰ ਲਾਜ਼ਮੀ ਬਣਾ ਦਿੱਤਾ ਗਿਆ।ਸਕੂਲ ਵਿੱਚ ਹਰ ਵਿਸ਼ੇਸ਼ ਦਿਹਾੜੇ 'ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ।ਦਾਖ਼ਲੇ ਦੇ ਦਿਨਾਂ ਵਿੱਚ ਲਾਗਲੇ ਪਿੰਡਾਂ ਵਿੱਚ ਘਰ-ਘਰ ਜਾਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਪਗ ੨੨੫ ਤੱਕ ਪਹੁੰਚਾ ਦਿੱਤੀ ਗਈ।ਵਿਦਿਆਰਥੀ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਰਾਜ ਪੱਧਰ ਤੱਕ ਭਾਗ ਲੈਣ ਲੱਗ ਪਏ।ਸਕੂਲ ਦੇ ਇੱਕ ਵਿਦਿਆਰਥੀ ਨੇ ਉੱਤਰੀ ਭਾਰਤ ਦੇ ਪੇਂਟਿੰਗ ਮੁਕਾਬਲੇ ਵਿੱਚ ਭਾਗ ਲਿਆ।ਪੜ੍ਹਾਈ 'ਤੇ ਵੀ ਪੂਰਾ ਜ਼ੋਰ ਦੇਣ ਕਾਰਨ ਵਿਦਿਆਰਥੀ ਚੰਗੇ ਅੰਕ ਹਾਸਲ ਕਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਲੈਣ ਵਿੱਚ ਕਾਮਯਾਬ ਹੋਣ ਲੱਗੇ।ਉਨ੍ਹਾਂ ਨੇ ਸਾਨੂੰ ਸਕੂਲ ਦਾ ਹਰ ਕੰਮ ਬੜੇ ਵਧੀਆ ਢੰਗ ਨਾਲ ਸਮਝਾਇਆ।ਮੇਰੇ ਇਸ ਅਧਿਆਪਕ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਇਹ ਸਕੂਲ ਇੰਚਾਰਜ ਹੁੰਦੇ ਹੋਏ ਕਦੇ ਹੈੱਡ ਦੀ ਕੁਰਸੀ 'ਤੇ ਨਹੀਂ ਸੀ ਬੈਠੇ।ਜੇ ਕੋਈ ਬਾਹਰੋਂ ਆਇਆ ਅਫ਼ਸਰ ਇਨ੍ਹਾਂ ਨੂੰ ਹੈੱਡ ਵਾਲੀ ਕੁਰਸੀ 'ਤੇ ਬੈਠਣ ਲਈ ਆਖਦਾ ਵੀ ਤਾਂ ਇਨ੍ਹਾਂ ਨੇ ਕਹਿਣਾ ਕਿ ਇਸ ਕੁਰਸੀ ਦੀ ਮਾਣ-ਮਰਿਆਦਾ ਬਹੁਤ ਵੱਡੀ ਹੈ।ਅਸੀਂ ਵੀ ਹੈਰਾਨ ਹੋਣਾ ਕਿ ਇਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਹੈੱਡ ਦੀ ਕੁਰਸੀ 'ਤੇ ਕਿਉਂ ਨਹੀਂ ਬੈਠਦੇ।ਉਸ ਸਮੇਂ ਦੇ ਡੀ.ਜੀ.ਐੱਸ.ਈ. ਸ਼੍ਰੀ ਅਸ਼ੋਕ ਜਿੰਦਲ ਜੀ ਨੇ ਸਾਡੇ ਸਕੂਲ ਦਾ ਦੌਰਾ ਕੀਤਾ।ਉਨ੍ਹਾਂ ਨੇ ਸਕੂਲ 'ਤੇ ਕੀਤੀ ਮਿਹਨਤ ਨੂੰ ਵੇਖ ਮੈਡਮ ਸਰਿਤਾ ਜੀ ਨੂੰ ਪ੍ਰਸੰਸਾ ਪੱਤਰ ਵੀ ਭੇਜਿਆ।ਅਧਿਆਪਨ ਦੇ ਸ਼ੁਰੂਆਤੀ ਦੌਰ ਵਿੱਚ ਸਕੂਲ ਦਾ ਦਫ਼ਤਰੀ ਕੰਮ ਮੈਡਮ ਸਰਿਤਾ ਜੀ ਨੇ ਸਾਨੂੰ ਬੜੇ ਵਧੀਆਂ ਢੰਗ ਨਾਲ਼ ਸਿਖਾਇਆ।ਮੈਂ ਆਪਣੇ ਅਧਿਆਪਨ ਜੀਵਨ ਵਿੱਚ ਇਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ,ਇਸ ਲਈ ਮੈਂ ਇਨ੍ਹਾਂ ਨੂੰ ਆਪਣਾ ਇੱਕ ਅਧਿਆਪਕ ਹੀ ਸਮਝਦਾ ਹਾਂ।ਮੇਰੇ ਇਹ ਅਧਿਆਪਕ ਅੱਜ-ਕੱਲ੍ਹ ਸਰਕਾਰੀ ਹਾਈ ਸਕੂਲ ਚਤਰਪੁਰਾ ਵਿਖੇ ਹੈੱਡ ਮਿਸਟ੍ਰੈੱਸ ਵਜੋਂ ਸੇਵਾ ਨਿਭਾਅ ਰਹੇ ਹਨ।
ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮੇਰੇ ਸਾਰੇ ਅਧਿਆਪਕਾਂ ਨੂੰ ਤੰਦਰੁਸਤ ਸਿਹਤ,ਖ਼ੁਸ਼ੀਆਂ ਅਤੇ ਤਰੱਕੀਆਂ ਬਖ਼ਸ਼ੇ।ਦੁਨੀਆਂ ਦੇ ਹਰ ਅਧਿਆਪਕ ਨੂੰ ਬੜੀ ਹੀ ਸ਼ਿਦਤ ਨਾਲ਼ ਆਪਣਾ ਕਾਰਜ ਕਰਨਾ ਚਾਹੀਦਾ ਹੈ।ਇਸ ਪਵਿੱਤਰ ਮੌਕੇ 'ਤੇ ਦੁਨੀਆਂ ਦੇ ਸਾਰੇ ਮਿਹਨਤੀ,ਇਮਾਨਦਾਰ ਅਤੇ ਸਿਰੜੀ ਅਧਿਆਪਕ ਨੂੰ ਲੱਖ-ਲੱਖ ਵਾਰੀ ਪ੍ਰਣਾਮ।