ਗੁਰੁ ਨਾਨਕੁ ਜਿਨ ਸੁਣਿਆ ਪੇਖਿਆ (ਲੇਖ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੰਬਰ, ੧੪੬੯ ਈਸਵੀ ਵਿੱਚ ( ਮਿਤੀ ਅਸੀਂ ਕੋਈ ਪੱਕੀ ਨਹੀਂ ਕਰ ਸਕੇ), ਜਦੋਂ ਗੁਰੁ ਨਾਨਕ ਨੇ ਪਿਤਾ ਕਲਿਆਣ ਦਾਸ ਪਟਵਾਰੀ ਦੇ ਘਰ, ਮਾਤਾ ਤ੍ਰਿਪਤਾ ਦੀ ਕੁੱਖੋਂ ਅਵਤਾਰ ਧਾਰਿਆ ਤਾਂ ਉਸ ਨਿਰੰਕਾਰੀ ਜੋਤ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਦਾਈ ਦੌਲਤਾਂ ਸੀ। ਕਮਰੇ ਵਿੱਚ ਚਾਨਣ ਕਰਨ ਲਈ ਦੀਵਾ ਬਾਲਿਆ ਹੋਇਆ ਸੀ। ਪਰ ਦੌਲਤਾਂ ਦੇ ਦੱਸਣ ਮੁਤਾਬਕ, ਬਾਲਕ ਨਾਨਕ ਦੇ ਜਨਮ ਲੈਂਦੇ ਸਾਰ, ਕਮਰੇ 'ਚ ਕਈ ਗੁਣਾ ਚਾਨਣ ਵੱਧ ਗਿਆ। ਦਾਈ ਦੌਲਤਾਂ ਦੇ ਹੱਥਾਂ ਵਿੱਚ ਅੱਜ ਤੱਕ ਜਿੰਨੇ ਵੀ ਬਾਲ ਜੰਮੇ ਸਨ, ਸਾਰੇ ਜਨਮ ਸਮੇਂ ਰੋਂਦੇ ਸਨ- ਪਰ ਇਹ ਬਾਲਕ ਅਜੀਬ ਸੀ ਜੋ ਜਨਮ ਸਮੇਂ ਮੁਸਕਰਾ ਰਿਹਾ ਸੀ। ਇਹਨਾਂ ਦੋਹਾਂ ਘਟਨਾਵਾਂ ਦਾ ਉਸ ਦੇ ਮਨ ਤੇ ਇੰਨਾ ਅਸਰ ਹੋਇਆ ਕਿ- ਬੱਚੇ ਦੇ ਜਨਮ ਦੀ ਮੰਗ ਕੇ ਵਧਾਈ ਲੈਣ ਵਾਲੀ ਦੌਲਤਾਂ ਨੇ, ਮੋਹਰਾਂ ਦਾ ਭਰਿਆ ਹੋਇਆ ਥਾਲ ਠੁਕਰਾ ਕੇ ਕਿਹਾ-'ਮੈਂ ਰੱਜੀ! ਮੈਂ ਰੱਜੀ ਕਾਲੂ! ਇਹ ਕੋਈ ਸਧਾਰਨ ਬਾਲਕ ਨਹੀਂ- ਮੈਂ ਤਾਂ ਇਸਦੇ ਦਰਸ਼ਨ ਕਰਕੇ ਹੀ ਤ੍ਰਿਪਤ ਹੋ ਗਈ!'
ਭਾਈ ਗੁਰਦਾਸ ਜੀ ਵੀ ਲਿਖਦੇ ਹਨ-
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ (ਅੰਗ ੧੩੯੫)
ਗੁਰੁ ਨਾਨਕ ਦੇਵ ਜੀ ਦੇ ਜੀਵਨ ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਉਹਨਾਂ ਬਚਪਨ ਤੋਂ ਹੀ ਕਰਮ ਕਾਂਡਾਂ ਤੇ ਜਾਤ ਪਾਤ ਦਾ ਖੰਡਨ ਸ਼ੁਰੂ ਕਰ ਦਿੱਤਾ। ਆਪਣੇ ਤੋਂ ੯ ਸਾਲ ਵੱਡੇ ਮਰਦਾਨੇ (ਮਰਾਸੀ ਜਾਤ) ਨਾਲ ਦੋਸਤੀ ਪਾਉਣੀ ਤੇ ਅਖੀਰ ਤੱਕ ਤੋੜ ਨਿਭਾਉਣੀ- ਉਹਨਾਂ ਦਾ ਜਾਤ ਪਾਤ ਨੂੰ ਇੱਕ ਵੰਗਾਰ ਸੀ। ਪਾਂਧੇ ਕੋਲ ਪੜ੍ਹਨ ਵੇਲੇ ਪੱਟੀ ਤੇ 'ਇੱਕ ਓਅੰਕਾਰ' ਲਿਖ ਕੇ ਉਸ ਦੇ ਅਰਥ ਪੁੱਛਣ ਕਾਰਨ- ਉਹਨਾਂ ਪਾਂਧੇ ਨੂੰ ਵੀ ਸੋਚੀਂ ਪਾ ਦਿੱਤਾ। ਦਸ ਸਾਲ ਦੀ ਉਮਰ ਵਿੱਚ ਭਰੀ ਸਭਾ 'ਚ ਜਨੇਊ ਪਾਉਣ ਤੋਂ ਇਨਕਾਰ ਕਰਨਾ ਤੇ ਕਹਿਣਾ-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਇਹ ਜਨੇਉ ਜੀਅ ਕਾ ਹਈ ਤ ਪਾਡੇ ਘੱਤੁ॥(ਅੰਗ ੪੭੧)
ਜ਼ਰਾ ਸੋਚ ਕੇ ਦੇਖੀਏ ਕਿ ਉਸ ਵੇਲੇ ਪੰਡਤਾਂ, ਪਰੋਹਿਤਾਂ, ਪਰਿਵਾਰ ਤੇ ਰਿਸ਼ਤੇਦਾਰਾਂ ਦੇ ਮਨ ਤੇ ਕੀ ਬੀਤੀ ਹੋਵੇਗੀ? ਪਰ ਪੰਡਿਤ ਹਰਦਿਆਲ ਪਾਸ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਸਮਝ ਗਏ ਸਨ ਕਿ- ਇਹ ਕੋਈ ਅਸਾਧਾਰਨ ਬਾਲਕ ਹੈ। ਕਹਿਣ ਤੋਂ ਉਹਨਾਂ ਦਾ ਭਾਵ ਸੀ ਕਿ- ਵਿਖਾਵਾ ਮਾਤਰ ਧਰਮ ਦੇ ਚਿਨ੍ਹ ਪਾਉਣ ਨਾਲੋਂ, ਧਰਮ ਦੇ ਰਾਹ ਤੇ ਚਲਣਾ ਜ਼ਿਆਦਾ ਜ਼ਰੂਰੀ ਹੈ।
ਦਾਈ ਦੌਲਤਾਂ ਤੋਂ ਬਾਅਦ ਬਾਬੇ ਨਾਨਕ ਨੂੰ ਪਛਾਨਣ ਵਾਲੀ ਉਹਨਾਂ ਦੀ ਭੈਣ ਬੇਬੇ ਨਾਨਕੀ ਸੀ। ਬੇਬੇ ਨਾਨਕੀ ਗੁਰੁ ਨਾਨਕ ਤੋਂ ੫ ਸਾਲ ਵੱਡੀ ਸੀ। ਨਾਨਕੇ ਘਰ ਜਨਮ ਲੈਣ ਕਾਰਨ, ਉਸ ਦਾ ਨਾਮ ਨਾਨਕਿਆਂ ਨੇ ਨਾਨਕੀ ਹੀ ਰੱਖ ਦਿੱਤਾ। ਨਾਨਕ ਕੁੱਝ ਵੱਡੇ ਹੋਏ ਤਾਂ ਪਿਤਾ ਜੀ ਨੇ ਵਪਾਰ ਕਰਨ ਲਈ, ਵੀਹ ਰੁਪਈਏ ਦਿੱਤੇ ਤਾਂ ਉਸ ਦਾ ਸੱਚਾ ਸੌਦਾ- ਭੁੱਖਿਆਂ ਨੂੰ ਭੋਜਨ ਛਕਾ ਕੇ ਕੀਤਾ- ਭਾਵੇਂ ਇਸ ਲਈ ਉਹਨਾਂ ਨੂੰ ਪਿਤਾ ਜੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਉਥੇ ਵੀ ਭੈਣ ਨਾਨਕੀ ਵੀਰ ਨੂੰ ਬਚਾਉਂਦੀ ਤੇ ਪਿਤਾ ਨੂੰ ਸਮਝਾਉਂਦੀ ਹੈ। ਪਿਤਾ ਮਹਿਤਾ ਕਾਲੂ ਜੀ ਉਹਨਾਂ ਨੂੰ ਇੱਕ ਦੁਨਿਆਵੀ ਪੁੱਤਰ ਸਮਝ, ਕਾਮਯਾਬ ਵਪਾਰੀ ਬਨਾਉਣਾ ਚਾਹੁੰਦੇ ਸਨ। ਪਰ ਉਹ ਕੀ ਜਾਨਣ ਕਿ- ਨਾਨਕ ਤਾਂ ਨਿਰੰਕਾਰ ਦਾ ਰੂਪ ਧਾਰ ਕੇ, ਤਪਦੀ ਲੋਕਾਈ ਨੂੰ ਠਾਰਨ ਵਾਸਤੇ ਆਇਆ ਹੈ। ਇਹ ਬੇਬੇ ਨਾਨਕੀ ਜਾਣਦੀ ਸੀ।
ਤਲਵੰਡੀ ਦੇ ਮਾਲਕ ਰਾਇ ਬੁਲਾਰ ਨੇ ਵੀ ਉਹਨਾਂ ਨੂੰ ਰੱਬੀ ਰੂਪ ਕਰਕੇ ਪਛਾਣਿਆਂ। ਰਾਇ ਬੁਲਾਰ ਦੇ ਕੋਈ ਔਲਾਦ ਨਹੀਂ ਸੀ। ਉਹ ਨਾਨਕ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ। ਸਾਖੀਆਂ ਵਿੱਚ ਮਿਲਦਾ ਹੈ ਕਿ- ਰਾਇ ਬੁਲਾਰ ਦੀ ਬੇਨਤੀ ਤੇ ਗੁਰੁ ਨਾਨਕ ਨੇ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਤਾਂ ਪਿਛਲੀ ਉਮਰ ਵਿੱਚ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ। ਉਹਨਾਂ ਨਾਨਕ ਨੂੰ ਆਪਣਾ ਵੱਡਾ ਪੁੱਤਰ ਜਾਣ, ਰਾਇ ਭੋਇ ਦੀ ਤਲਵੰਡੀ ਦੀ ਆਪਣੀ ਪੰਦਰਾਂ ਸੌ ਏਕੜ ਜ਼ਮੀਨ ਚੋਂ ਅੱਧੀ ਗੁਰੁ ਨਾਨਕ ਦੇ ਨਾਮ ਕਰਵਾ ਦਿੱਤੀ ਸੀ- ਜੋ ਅੱਜ ਵੀ ਕਾਗਜ਼ਾਂ ਵਿੱਚ ੭੫੦ ਏਕੜ ਗੁਰੂ ਨਾਨਕ ਦੇ ਨਾਮ ਹੀ ਚੜ੍ਹੀ ਹੋਈ ਹੈ। ਉਹ ਕਹਿੰਦੇ ਸਨ ਕਿ- 'ਇਹ ਤਲਵੰਡੀ ਨਾਨਕ ਦੇ ਕਾਰਨ ਹੀ ਵੱਸਦੀ ਹੈ'।
ਰਾਇ ਬੁਲਾਰ ਨੇ ਹੀ ਬੇਬੇ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਵਿਖੇ ਜੈ ਰਾਮ ਜੀ ਨਾਲ ਕਰਵਾਇਆ ਜੋ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਪਾਸ ਮੋਦੀਖਾਨੇ ਦੇ ਇੰਚਾਰਜ ਸਨ। ਬੇਬੇ ਨਾਨਕੀ ਨੂੰ ਵਿਆਹ ਤੋਂ ਬਾਅਦ ਵੀ ਵੀਰ ਦਾ ਫਿਕਰ ਰਹਿੰਦਾ। ਰਾਇ ਬੁਲਾਰ ਦੀ ਸਲਾਹ ਤੇ ਮਹਿਤਾ ਕਾਲੂ ਜੀ ਨੇ ਪੁੱਤਰ ਨਾਨਕ ਨੂੰ, ਬੇਬੇ ਨਾਨਕੀ ਦੇ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇਥੇ ਭਾਈਆ ਜੈ ਰਾਮ ਜੀ ਨੇ ਉਹਨਾਂ ਨੂੰ, ਮੋਦੀਖਾਨੇ ਵਿੱਚ ਨੌਕਰੀ ਤੇ ਲਵਾ ਦਿੱਤਾ। ਗੁਰੁ ਨਾਨਕ ਦੇਵ ਜੀ ਦੀ ਸ਼ਾਦੀ ਬੀਬੀ ਸੁਲੱਖਣੀ ਨਾਲ ਹੋ ਚੁੱਕੀ ਸੀ। ਸੋ ਉਹ ਪਰਿਵਾਰ ਸਮੇਤ ਏਥੇ ਆ ਗਏ।
ਸੁਲਤਾਨਪੁਰ ਲੋਧੀ ਵਿਖੇ ਹੀ, ਗੁਰੁ ਨਾਨਕ ਨੇ ਵੇਈਂ ਨਦੀ ਵਿੱਚ ਚੁੱਭੀ ਮਾਰੀ ਤੇ ਤਿੰਨ ਦਿਨ ਬਾਹਰ ਨਹੀਂ ਆਏ। ਲੋਕ ਬੇਬੇ ਨਾਨਕੀ ਕੋਲ ਅਫਸੋਸ ਕਰਨ ਲੱਗੇ ਕਿ ਤੇਰਾ ਵੀਰ ਨਦੀ ਵਿੱਚ ਡੁੱਬ ਗਿਆ ਹੈ। ਪਰ ਨਾਨਕੀ ਨੇ ਪੱਕੇ ਯਕੀਨ ਨਾਲ ਕਿਹਾ ਕਿ-'ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ ਹੈ!' ਜਦੋਂ ਤਿੰਨ ਦਿਨਾਂ ਬਾਅਦ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਰੱਬੀ ਪੈਗਾਮ ਸੁਣਾਇਆ- "ਨਾ ਕੋ ਹਿੰਦੂ ਨਾ ਮੁਸਲਮਾਨ॥" ਤਾਂ ਮੁਸਲਮਾਨ ਹੈਰਾਨ ਹੋਏ ਕਿ ਤੇ ਕਿਹਾ ਕਿ- "ਜੇ ਤੁਸੀਂ ਹਿੰਦੂ ਮੁਸਲਮਾਨ ਵਿੱਚ ਫਰਕ ਨਹੀਂ ਸਮਝਦੇ ਤਾਂ ਸਾਡੇ ਨਾਲ ਚਲ ਕੇ ਮਸੀਤ ਵਿੱਚ ਨਮਾਜ਼ ਪੜ੍ਹੋ।" ਗੁਰੂ ਸਾਹਿਬ ਦੀ ਕਹਿਣੀ ਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ ਹੁੰਦਾ। ਸੋ ਉਹ ਬਿਨਾ ਝਿਜਕ ਉਹਨਾਂ ਦੇ ਨਾਲ ਤੁਰ ਪਏ। ਉਥੇ ਪਹੁੰਚ ਕੇ ਉਹ ਅੰਤਰ ਧਿਆਨ ਹੋ ਕੇ ਖੜੇ ਰਹੇ ਤੇ ਕਾਜ਼ੀ ਤੇ ਮੌਲਵੀ ਨਮਾਜ਼ ਪੜ੍ਹਦੇ ਰਹੇ। ਬਾਅਦ ਵਿੱਚ ਜਦੋਂ ਦੋਹਾਂ ਨੇ ਵਾਰੀ ਵਾਰੀ ਗੁਰੂ ਸਾਹਿਬ ਤੋਂ ਨਮਾਜ਼ ਨਾ ਪੜ੍ਹਨ ਦਾ ਕਾਰਨ ਪੁਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ- "ਜੇ ਤੁਸੀਂ ਨਮਾਜ਼ ਪੜ੍ਹਦੇ ਹੁੰਦੇ ਤਾਂ ਹੀ ਮੈਂ ਤੁਹਾਡੇ ਨਾਲ ਸ਼ਾਮਲ ਹੁੰਦਾ। ਪਰ ਤੁਹਾਡੇ ਵਿੱਚੋਂ ਇੱਕ ਤਾਂ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ ਤੇ ਦੂਜੇ ਦਾ ਧਿਆਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਵਛੇਰੀ ਵਿੱਚ ਸੀ।" ਸੋ ਇਸ ਤਰ੍ਹਾਂ ਉਹਨਾਂ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੂੰ, ਦਿਖਾਵੇ ਦੇ ਧਰਮ ਕਰਮ ਕਰਨ ਵਾਲਿਆਂ ਨੂੰ, ਮਨ ਕਰਕੇ ਨਾਮ ਜਪਣ ਦੀ ਪ੍ਰੇਰਣਾ ਦਿੱਤੀ।
ਏਥੇ ਹੀ ਮੋਦੀਖਾਨੇ ਵਿੱਚ ਅਨਾਜ ਤੋਲਦਿਆਂ, ਤੇਰਾਂ ਦੀ ਗਿਣਤੀ ਤੇ ਪੁੱਜ ਜੇ 'ਤੇਰਾ, ਤੇਰਾ' ਕਰਦੇ ਹੋਏ ਲਿਵ ਪ੍ਰਮਾਤਮਾ ਨਾਲ ਜੁੜ ਗਈ। ਏਥੇ ਹੀ ਆਪ ਜੀ ਨੇ ਮਰਦਾਨੇ ਨੂੰ ੨੦ ਰੁਪਏ ਬੇਬੇ ਨਾਨਕੀ ਤੋਂ ਮੰਗ ਕੇ ਰਬਾਬ ਲੈਣ ਲਈ ਸਾਰੰਦੇ ਪਾਸ ਭੇਜਿਆ। ਫਿਰ ਆਪਣੇ ਬੱਚੇ ਤੇ ਬੀਬੀ ਸੁਲੱਖਣੀ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਨੂੰ ਸੌਂਪ, ਮਰਦਾਨੇ ਨੂੰ ਨਾਲ ਲੈ, ਲੋਕਾਈ ਨੂੰ ਤਾਰਨ ਲਈ ਚਾਰ ਉਦਾਸੀਆਂ ਲਈ ਨਿਕਲੇ। ਭਾਈ ਗੁਰਦਾਸ ਜੀ ਅਨੁਸਾਰ-
ਚੜ੍ਹਿਆ ਸੋਧਣਿ ਧਰਤਿ ਲੋਕਾਈ॥
ਗੁਰੂ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ, ਬਹੁਤ ਸਾਰੇ ਮੰਦਰਾਂ ਮਸਜਿਦਾਂ, ਮੱਠਾਂ, ਸਭਾਵਾਂ, ਸਿੱਧਾਂ, ਮੇਲਿਆਂ ਵਿੱਚ ਜਾ ਕੇ ਤਰਕ ਦੇ ਆਧਾਰ ਤੇ- ਆਪਣੇ ਦ੍ਰਿੜ ਵਿਚਾਰਾਂ ਰਾਹੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦਾ ਜਤਨ ਕੀਤਾ। ਉਹਨਾਂ, ਚੰਗੇ ਮਾੜੇ ਦਿਨਾਂ ਦੇ ਵਿਚਾਰ- ਮੱਸਿਆਂ, ਸੰਗਰਾਂਦ, ਪੁੰਨਿਆਂ, ਵਰਤ, ਰੋਜ਼ੇ, ਗ੍ਰਹਿ..ਆਦਿ ਦੇ ਵਹਿਮਾਂ ਨੂੰ ਮੂਲੋਂ ਹੀ ਨਕਾਰ ਕੇ, ਇੱਕ ਸਰਲ ਤੇ ਸੱਚੇ ਸੁੱਚੇ ਧਰਮ ਦੀ ਨੀਂਹ ਰੱਖੀ। ਜਿਸ ਵਿੱਚ ਚੰਦ- ਸੂਰਜ, ਪਛੂ- ਪੰਛੀ, ਭੇਖੀ ਸਾਧ- ਸੰਤ, ਪੱਥਰ ਦੀਆਂ ਮੂਰਤੀਆਂ ਆਦਿ ਦੀ ਪੂਜਾ ਅਤੇ ਜੰਤਰ ਮੰਤਰ ਤੇ ਗਿਣਤੀ ਮਿਣਤੀ ਦੇ ਰਸਮੀ ਪਾਠ ਕਰਨ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਇਸ ਧਰਮ ਤੇ ਤਿੰਨ ਸਰਲ ਨੁਕਤੇ ਲੋਕਾਈ ਨੂੰ ਦਿੱਤੇ- ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਸਾਹਿਬ ਦੇ ਇਸ ਸਿਧਾਂਤ ਦੀ ਮਿਸਾਲ, ਉਹਨਾਂ ਦੇ ਆਪਣੇ ਜੀਵਨ ਤੋਂ ਬਾਖ਼ੂਬੀ ਮਿਲਦੀ ਹੈ।
ਗੁਰੁ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਨਾ, ਸੁਨਣਾ, ਵੀਚਾਰ ਕਰਨਾ ਤੇ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਹੀ- 'ਸੁਣਿਆ ਪੇਖਿਆ' ਹੈ। ਉਹਨਾਂ ਨੇ ਆਪਣੇ ਜੀਵਨ ਵਿੱਚ ਗ੍ਰਹਿਸਤ ਵੀ ਹੰਢਾਇਆ ਸਾਨੂੰ ਦੱਸਣ ਲਈ ਕਿ- ਗ੍ਰਹਿਸਤ ਆਸ਼ਰਮ 'ਚ ਰਹਿ ਕੇ ਵੀ, ਭਗਤੀ ਹੋ ਸਕਦੀ ਹੈ। ਰੱਬ ਦੀ ਭਾਲ ਕਰਨ ਲਈ ਜੰਗਲਾਂ ਜਾਂ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ। 'ਸਿਧ ਗੋਸ਼ਟਿ' ਵਿੱਚ ਸਿੱਧਾਂ ਨਾਲ ਕੀਤੇ ਤਰਕ ਦਾ ਵੇਰਵਾ ਮਿਲਦਾ ਹੈ। ਜਿਹੜੇ ਸਿੱਧ, ਯੋਗ ਮੱਤ ਦੁਆਰਾ ਇਕਾਗਰਤਾ ਰਾਹੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਬੈਠੇ ਸਨ- ਉਹਨਾਂ ਨੂੰ ਵੀ ਗੁਰੁ ਸਾਹਿਬ ਨੇ ਸਮਝਾਇਆ ਕਿ ਇਸ ਤਰ੍ਹਾਂ ਤੁਸੀ ਪ੍ਰਭੂ ਨਾਲ ਅਭੇਦ ਹੋ ਕੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਨਹੀਂ ਪਾ ਸਕਦੇ। ਬਹੁਤ ਬਹਿਸਾਂ ਹੋਈਆਂ ਗੁਰੁ ਸਾਹਿਬ ਨਾਲ ਉਹਨਾਂ ਦੀਆਂ। ਉਹ ਗੁਰੁ ਸਾਹਿਬ ਨੂੰ ਪ੍ਰਭਾਵਤ ਕਰਕੇ ਆਪਣੇ ਮੱਤ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ। ਪਰ ਗੁਰੁ ਸਾਹਿਬ ਨੇ ਕਿਹਾ ਕਿ- ਇਕ ਪਾਸੇ ਤੁਸੀਂ ਗ੍ਰਹਿਸਤ ਛੱਡੀ ਬੈਠੇ ਹੋ ਤੇ ਦੂਜੇ ਪਾਸੇ ਗ੍ਰਹਿਸਥੀਆਂ ਦੇ ਘਰੀਂ ਖਾਣਾ ਮੰਗਣ ਜਾਂਦੇ ਹੋ? ੬੦ ਸਾਲ ਦੀ ਉਮਰ ਤੋਂ ਬਾਅਦ ਜਦੋਂ ਗੁਰੂ ਸਾਹਿਬ ਕਰਤਾਰਪੁਰ ਸਾਹਿਬ ਆ ਗਏ ਤਾਂ ਵੀ ਉਹਨਾਂ ਅਚੱਲ ਵਟਾਲੇ ਦੇ ਅਸਥਾਨ ਤੇ ਫਿਰ 'ਗੋਸ਼ਟਿ' ਕੀਤੀ। ਅਖੀਰ ਵਿੱਚ ਉਹਨਾਂ ਕਿਹਾ-
ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ॥ (ਭਾਈ ਗੁਰਦਾਸ)
ਆਪਣ ਹਥੀ ਅਪਣਾ ਆਪੇ ਹੀ ਕਾਜ ਸਵਾਰੀਐ॥ (ਅੰਗ ੪੭੩) ਤੇ ਅਮਲ ਕਰਦੇ ਹੋਏ ਆਪ ਜੀ ਨੇ ੬੦ ਤੋਂ ੭੦ ਸਾਲ ਦੀ ਉਮਰ ਤੱਕ, ਆਪ ਕਰਤਾਰਪੁਰ ਵਿਖੇ ਹਲ ਵਾਹਿਆ, ਅੰਨ ਉਗਾਇਆ, ਕਾਰ ਵਿਹਾਰ ਕਰਦਿਆਂ ਹੋਇਆਂ ਨਾਮ ਜਪਿਆ ਤੇ ਸਰਬ ਸਾਂਝੇ ਲੰਗਰ ਦੀ ਰਸਮ ਵੀ ਚਾਲੂ ਕੀਤੀ। ਮੋਦੀਖਾਨੇ ਵਿੱਚ ਨੌਕਰੀ ਕਰਦਿਆਂ ਹੋਇਆਂ, ਮੱਝੀਆਂ ਚਾਰਦਿਆਂ ਹੋਇਆਂ ਵੀ ਉਹਨਾਂ ਦੀ ਲਿਵ, ਪ੍ਰਮਾਤਮਾ ਨਾਲ ਜੁੜ ਜਾਂਦੀ। ਸੋ ਗੁਰੁ ਨਾਨਕ ਨੂੰ ਰੋਲ ਮਾਡਲ ਬਣਾ, ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ, ਸੁੱਚੀ ਕਿਰਤ ਕਰਦਿਆਂ ਹੋਇਆਂ, ਨਾਮ ਜਪ ਕੇ ਇਹ ਮਨੁੱਖਾ ਜਨਮ ਸਫਲ ਕਰ ਸਕਦੇ ਹਾਂ।
ਉਹਨਾਂ ਥਾਂ ਥਾਂ ਜਾ ਕੇ ਭੁੱਲੜਾਂ ਨੂੰ ਰਾਹੇ ਪਾਇਆ। ਮੱਕੇ ਜਾ ਕੇ, ਚਾਰੇ ਪਾਸੇ ਰੱਬ ਦੀ ਹੋਂਦ ਪ੍ਰਗਟ ਕਰਕੇ, ਧਰਮੀ ਲੋਕਾਂ ਦਾ ਇਹ ਵਹਿਮ ਕੱਢਿਆ। ਹੰਕਾਰੀਆਂ ਦੇ ਹੰਕਾਰ ਤੋੜਨ ਲਈ- ਕਿਤੇ ਉਹਨਾਂ ਨੂੰ ਪੰਜੇ ਨਾਲ ਪੱਥਰ ਰੋਕਣੇ ਪਏ, ਕਿਤੇ ਠੰਢੇ ਮਿੱਠੇ ਪਾਣੀ ਦੇ ਚਸ਼ਮੇ ਵਗਾaੁਣੇ ਪਏ। ਪਾਪੀਆਂ ਨੂੰ ਪਾਪ ਕਰਨ ਤੋਂ ਵਰਜਣ ਲਈ- ਕਿਸੇ ਸੱਜਣ ਨੂੰ ਬਾਣੀ ਰਾਹੀਂ ਉਪਦੇਸ਼ ਦਿੱਤਾ, ਕਿਸੇ ਕੌਡੇ ਨੂੰ ਤਾਰਿਆ, ਕਿਸੇ ਦੁਨੀ ਚੰਦ ਵਰਗੇ ਮਾਇਆਧਾਰੀ ਨੂੰ ਸੂਈ ਰਾਹੀਂ ਉਪਦੇਸ਼ ਦਿੱਤਾ। ਕੁਰੂਕਸ਼ੇਤਰ ਦੇ ਮੇਲੇ ਤੇ ਪਿੱਤਰਾਂ ਤੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ, ਉਲਟੇ ਪਾਸੇ ਆਪਣੇ ਕਰਤਾਰਪੁਰ ਵਿਖੇ ਖੇਤਾਂ ਵੱਲ ਪਾਣੀ ਸੁੱਟ ਕੇ ਸਮਝਾਇਆ ਕਿ- ਤੁਹਾਡੇ ਪਿੱਤਰਾਂ ਤੱਕ ਕੁੱਝ ਨਹੀਂ ਪਹੁੰਚਦਾ। ਇਸੇ ਤਰ੍ਹਾਂ ਸਰਾਧ ਕਰਨ ਦਾ ਵੀ ਖੰਡਨ ਕੀਤਾ। ਥਾਲ ਵਿੱਚ ਦੀਵੇ ਰੱਖ ਆਰਤੀ ਕਰਨ ਵਾਲਿਆਂ ਨੂੰ ਕਿਹਾ-
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੁਪ ਮਲਿਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ ॥ ਭਵਖੰਡਨਾ ਤੇਰੀ ਆਰਤੀ॥ (ਅੰਗ ੧੩)
ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਬੜਾ ਹੀ ਨਿਆਰਾ ਸੀ। ਉਹ ਆਪਣੇ ਤਰਕ ਸੰਗਤ ਵਿਚਾਰਾਂ ਨਾਲ, ਆਪਣੇ ਵਿਰੋਧੀਆਂ ਨੂੰ ਵੀ ਕਾਇਲ ਕਰ ਲੈਂਦੇ।
ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਸਮਾਜ ਸੁਧਾਰਕ ਸਨ ਜਿਹਨਾਂ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ।ਉਸੇ ਲਈ ਗੁਰੂ ਸਾਹਿਬ ਨੇ ਕਿਹਾ-
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥
ਗੁਰੂ ਸਾਹਿਬ ਨੇ, ਮਲਕ ਭਾਗੋ ਦੇ ਪੂੜੇ ਠੁਕਰਾ ਕੇ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰ ਕਰਕੇ, ਕਿਰਤ ਕਰਨ ਵਾਲੇ ਨੂੰ ਵਡਿਆਇਆ। ਉਹਨਾਂ ਬਾਲੇ ਮਰਦਾਨੇ ਨੂੰ ਸਾਥੀ ਬਣਾ ਕੇ ਜਾਤ ਪਾਤ ਦਾ ਖੰਡਨ ਕੀਤਾ। ਉਹਨਾਂ- "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥" ਦਾ ਸੰਦੇਸ਼ ਦਿੱਤਾ। ਉਹਨਾਂ ਅਨੁਸਾਰ- ਮਨੁੱਖ ਆਪਣੇ ਕਰਮਾਂ ਜਾਂ ਵਿਚਾਰਾਂ ਕਾਰਨ ਵੱਡਾ ਛੋਟਾ ਹੁੰਦਾ ਹੈ ਨਾ ਕਿ ਜਾਤ ਜਾਂ ਧਰਮ ਕਾਰਨ। ਉਹਨਾਂ ਬਾਹਰਲੇ ਭੇਖ ਪਹਿਰਾਵੇ ਤੇ ਧਰਮ ਦੇ ਨਾਂ ਤੇ ਜੀਵਾਂ ਦੀਆਂ ਬਲੀਆਂ ਦੇਣ ਦਾ ਵੀ ਖੰਡਨ ਕੀਤਾ। ਜਾਬਰ ਰਾਜਿਆਂ ਨੂੰ- "ਰਾਜੇ ਸ਼ੀਂਹ ਮੁਕਦਮ ਕੁਤੇ..॥" ਕਹਿਣ ਦੀ ਜੁਰਅਤ ਬਾਬੇ ਨਾਨਕ ਨੇ ਹੀ ਕੀਤੀ, ਜਿਹੜੀ ਉਸ ਸਮੇਂ ਹੋਰ ਕੋਈ ਨਹੀਂ ਸੀ ਕਰ ਸਕਦਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਵਿਲੱਖਣ ਤੇ ਵਿਗਿਆਨਕ ਧਰਮ ਦੀ ਨੀਂਹ ਰੱਖੀ। "ਧਰਤੀ ਇੱਕ ਬਲਦ ਦੇ ਸਿੰਗ ਤੇ ਖੜ੍ਹੀ ਹੈ" ਵਰਗੀਆਂ ਮਿੱਥਾਂ ਜੋ ਸਮੇਂ ਦੇ ਪਰੋਹਿਤਾਂ ਵਲੋਂ ਪਾਈਆਂ ਗਈਆਂ ਸਨ ਤੇ ਜੋ ਲੋਕ- ਮਨਾਂ ਵਿੱਚ ਘਰ ਕਰ ਚੁੱਕੀਆਂ ਸਨ- ਉਹਨਾਂ ਨੂੰ ਤੋੜਨ ਦਾ ਹੌਸਲਾ ਬਾਬਾ ਨਾਨਕ ਹੀ ਕਰ ਸਕਦਾ ਸੀ, ਕੋਈ ਹੋਰ ਨਹੀਂ। ਉਹਨਾਂ ਅਨੁਸਾਰ-
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥(ਜਪੁਜੀ ਸਾਹਿਬ)
ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ- ਅੱਜ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ ਤਾਂ ਅਖਵਾਉਂਦੇ ਹਾਂ- ਪਰ ਕੀ ਅਸੀਂ ਉਹਨਾਂ ਦੀ 'ਧੁਰ ਕੀ ਬਾਣੀ' ਤੋਂ ਜਾਂ ਉਹਨਾਂ ਦੇ ਜੀਵਨ ਤੋਂ ਕੁੱਝ ਸਿਖਿਆ ਵੀ ਹੈ? ਚਾਰ ਉਦਾਸੀਆਂ ਸਮੇਂ ਗੁਰੂ ਸਾਹਿਬ ਚਾਰੇ ਦਿਸ਼ਾਵਾਂ ਵਿੱਚ- ਕਾਬਲ, ਕੰਧਾਰ, ਸਿੰਧ, ਅਫਗਾਨਿਸਤਾਨ, ਲੰਕਾ, ਚੀਨ, ਤਿੱਬਤ, ਨੇਪਾਲ, ਬਰਮਾ, ਬੰਗਾਲ, ਬਿਹਾਰ, ਜੰਮੂ ਕਸ਼ਮੀਰ..ਤੇ ਹੋਰ ਕਈ ਦੂਰ ਦੇਸ਼ਾਂ ਵਿੱਚ ਵੀ ਗਏ। ਜਿੱਥੇ ਵੀ ਉਹ ਗਏ- ਉਥੇ ਹੀ ਸੱਚ ਦੇ ਮਾਰਗ ਦਾ ਪ੍ਰਚਾਰ ਕੀਤਾ। ਅੱਜ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ। ਭਾਈ ਗੁਰਦਾਸ ਜੀ ਅਨੁਸਾਰ- "ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਹੋਆ॥" ਸੋ ਜਿੱਥੇ ਵੀ ਉਹ ਗਏ ਉਥੇ ਹੀ ਉਹਨਾਂ ਦੀ ਯਾਦ ਨਾਲ ਜੁੜੇ ਗੁਰਦੁਆਰੇ ਸੰਗਤ ਨੇ ਸਥਾਪਤ ਕੀਤੇ। ਪਰ ਅਫਸੋਸ! ਕਿ ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਤੇ ਲਾ ਦਿੱਤੀ, ਪਰ ਅਸੀਂ ਉਸੇ ਦਲਦਲ ਵਿੱਚ ਹੀ ਹੁਣ ਵੀ ਫਸੀ ਬੈਠੇ ਹਾਂ।
ਆਓ ਅੱਜ ਬਾਬੇ ਨਾਨਕ ਦਾ ੫੫੦ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਇਹ ਤਾਂ ਵਿਚਾਰੀਏ ਕਿ- ਕੀ ਅਸੀਂ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦਿੱਤਾ ਹੈ? ਆਪਾਂ ਤਾਂ ਥਾਂ ਥਾਂ ਮੱਥੇ ਟੇਕੀ ਜਾਂਦੇ ਹਾਂ, ਦੇਹਧਾਰੀ ਪਖੰਡੀਆਂ ਨੂੰ ਗੁਰੂ ਮੰਨੀ ਜਾਂਦੇ ਹਾਂ। ਮੜ੍ਹੀਆਂ ਮਸਾਣਾ ਨੂੰ ਵੀ ਪੂਜਦੇ ਹਾਂ.. ਧਾਗੇ ਤਵੀਤਾਂ ਨਾਲ ਮਨ ਭਰਮਾਉਂਦੇ ਹਾਂ। ਜੋਤਸ਼ੀਆਂ, ਬਾਬਿਆਂ ਤੋਂ ਪੁੱਛਾਂ ਲੈਣ ਵੀ ਜਾਂਦੇ ਹਾਂ। ਹੈਰਾਨ ਹੋਈਦਾ ਹੈ ਦੇਖ ਕੇ- ਕਿ ਇਹਨਾਂ ਵਿਕਸਿਤ ਮੁਲਕਾਂ ਵਿੱਚ ਵੀ ਅਖਬਾਰਾਂ ਜੋਤਸ਼ੀਆਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਪਈਆਂ ਹਨ। ਕਿਥੇ ਗਿਆ ਬਾਬੇ ਨਾਨਕ ਦਾ "ਇੱਕ ਓਅੰਕਾਰ" ਦਾ ਸੰਦੇਸ਼?
ਅਸੀਂ ਤਾਂ ਬਾਬੇ ਨਾਨਕ ਦਾ ਨਾਂ ਵਰਤਦੇ ਹਾਂ- ਦੁਕਾਨਾਂ ਲਈ, ਵਪਾਰ ਲਈ, ਕਾਰੋਬਾਰਾਂ ਲਈ.. ਤੇ ਉਸ ਵਿੱਚ ਕਰਦੇ ਹਾਂ ਕੂੜ੍ਹ ਦੀ ਕਮਾਈ। ਅਸੀਂ ਪੈਰ ਪੈਰ ਤੇ ਝੂਠ ਬੋਲਦੇ ਹਾਂ, ਮਾਇਆ ਇਕੱਠੀ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੀ ਵੇਲਦੇ ਹਾਂ। ਉਂਜ ਅਸੀਂ ਬਾਬੇ ਨਾਨਕ ਦੇ ਸਿੱਖ ਜਰੂਰ ਹਾਂ- ਪਰ ਅਸੀਂ ਉਸ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਹਾਂ ਕੂੜ ਦੀ ਕਮਾਈ ਵਿਚੋਂ ਦਾਨ ਪੁੰਨ, ਪਾਠ ਆਦਿ ਕਰਵਾ ਕੇ, ਖੁਲ੍ਹਾ ਲੰਗਰ ਲਾ ਕੇ, ਗੁਰੁ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਜਰੂਰ ਕਰਦੇ ਹਾਂ!
ਬਾਬੇ ਨਾਨਕ ਨੇ ਕਿਹਾ ਸੀ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥(ਅੰਗ ੧੫)
ਪਰ ਅਸੀਂ ਤਾਂ ਆਪਣੀ ਬਰਾਦਰੀ ਵਿੱਚ ਵੀ, ਆਪਣੇ ਤੋਂ ਨੀਵਿਆਂ ਨਾਲ ਨਹੀਂ ਵਰਤਦੇ। ਹੋਰ ਤਾਂ ਹੋਰ- ਅਸੀਂ ਤਾਂ ਗੁਰੁ ਘਰ ਵੀ ਜਾਤਾਂ ਪਾਤਾਂ ਦੇ ਨਾਮ ਤੇ ਵੱਖਰੇ ਬਣਾ ਲਏ। ਬਾਬੇ ਦੀ ਬਾਣੀ ਵੀ ਪੜ੍ਹ ਲੈਂਦੇ ਹਾਂ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ, ਪੰਡਤਾਂ ਵਲੋਂ ਦੱਸੇ ਓਹੜ ਪੋਹੜ ਵੀ ਕਰਦੇ ਰਹਿੰਦੇ ਹਾਂ।  
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਤੇ ਅਮਲ ਕਰਨ ਦੀ ਬਜਾਏ- ਅਸੀਂ ਤਾਂ ਜ਼ਹਿਰੀ ਗੈਸਾਂ ਛੱਡ ਛੱਡ ਕੇ- ਪੌਣ ਵੀ ਸ਼ੁਧ ਨਹੀਂ ਰਹਿਣ ਦਿੱਤੀ, ਪਾਣੀ ਵੀ ਗੰਧਲਾ ਕਰ ਛੱਡਿਆ ਤੇ ਧਰਤੀ ਦਾ ਹਾਲ ਤਾਂ ਨਾ ਹੀ ਪੁੱਛੋ ਜੀ।
ਸਾਡੇ ਬਾਬੇ ਨਾਨਕ ਨੇ ਔਰਤ ਨੂੰ -ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ ੪੭੩) ਕਹਿ ਕੇ ਉਸ ਵੇਲੇ ਵਡਿਆਇਆ- ਜਦ ਮਨੂੰ ਸਮ੍ਰਿਤੀ ਅਨੁਸਾਰ- "ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ, ਪਾਂਚਹਿ ਤਾੜਨ ਕੇ ਅਧਿਕਾਰੀ।" ਕਿਹਾ ਜਾਂਦਾ ਸੀ। ਪਰ ਅਸੀਂ ਤਾਂ ਉਸ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਬਾਬੇ ਨਾਨਕ ਨੇ ਆਪਣੇ ਵਿਰੋਧੀਆਂ ਨਾਲ ਵੀ 'ਗੋਸ਼ਟਿ' ਕੀਤੀ- ਉਹਨਾਂ ਦੀ ਸੁਣੀ ਤੇ ਆਪਣੀ ਸੁਣਾਈ। ਪਰ ਅਸੀਂ ਤਾਂ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ। ਹੋਰ ਤਾਂ ਹੋਰ- ਕਈ ਵਾਰੀ ਤਾਂ ਅਸੀਂ, ਚੌਧਰ ਤੇ ਗੋਲਕ ਪਿੱਛੇ, ਆਪਣੇ ਗੁਰੂ ਘਰਾਂ ਵਿੱਚ ਵੀ ਪੱਗਾਂ ਲੁਹਾ ਲੈਂਦੇ ਹਾਂ।
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥(ਅੰਗ ੬੧੨)
ਅਨੁਸਾਰ- ਆਓ ਅੱਜ ਗੁਰੁ ਨਾਨਕ ਨੂੰ ਸੁਣੀਏਂ, ਪੇਖੀਏ। ਗੁਰੁ ਨਾਨਕ ਕਿਤੇ ਗਏ ਨਹੀਂ- ਸ਼ਬਦ ਸਰੂਪ ਵਿੱਚ ਸਾਡੇ ਕੋਲ ਮੌਜ਼ੂਦ ਹਨ। ਲੋੜ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ, ਬਾਣੀ ਨਾਲ ਜੁੜਨ ਦੀ ਤੇ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ- ਤਾਂ ਕਿ ਇਸ ਅਨਮੋਲ ਮਨੁੱਖਾ ਜਨਮ ਨੂੰ ਸਫਲ ਕਰਕੇ- 'ਲੋਕ ਸੁਖੀਏ ਪ੍ਰਲੋਕ ਸੁਹੇਲੇ' ਹੋ ਜਾਈਏ!