ਕਵਿਤਾਵਾਂ

 •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
 •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
 •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ (ਕਵਿਤਾ)
 •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
 •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
 •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
 •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
 •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
 • ਸਭ ਰੰਗ

 •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
 •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
 •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
 •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
 •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
 •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
 •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
 • ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ (ਲੇਖ )

  ਇਕਬਾਲ ਸੋਮੀਆਂ (ਡਾ.)   

  Email: iqbalsomian@gmail.com
  Cell: +91 95012 05169
  Address:
  India
  ਇਕਬਾਲ ਸੋਮੀਆਂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹਰੇਕ ਕੌਮ ਦਾ ਆਪਣਾ ਵਿਰਸਾ ਹੁੰਦਾ ਹੈ। ਦੁਨੀਆ ਦਾ ਕੋਈ ਵੀ ਅਜਿਹਾ ਸਮੁਦਾਇ ਜਾਂ ਕੌਮ ਨਹੀਂ ਜਿਸਦਾ ਆਪਣਾ ਕੋਈ ਵਿਰਸਾ ਨਾ ਹੋਵੇ। ਵਿਰਸਾ ਲੋਕਾਂ ਦੀ ਜਿੰਦ-ਜਾਨ ਹੁੰਦਾ ਹੈ। ਵਿਰਸੇ ਵਿਚ ਲੋਕਾਂ ਦਾ ਸਭਿਆਚਾਰ ਤੇ ਲੋਕਧਾਰਾ ਸ਼ਾਮਿਲ ਹੁੰਦੇ ਹਨ। ਜਦ ਵੀ ਕਿਸੇ ਕੌਮ ਦੇ ਵਿਰਸੇ ਨੂੰ ਕੋਈ ਖ਼ਤਰਾ ਪੈਦਾ ਹੋਇਆ ਹੈ ਤਾਂ ਇਸ ਦੇ ਵਾਰਿਸਾਂ ਨੇ ਇਸ ਦੀ ਖ਼ਾਤਰ ਆਪਣੇ ਜਾਨ-ਮਾਲ ਤੇ ਇਥੋਂ ਤੱਕ ਕਿ ਸਾਰੇ ਦਾ ਸਾਰਾ ਪਰਿਵਾਰ ਵੀ ਵਾਰਿਆ ਹੈ। ਇਹ ਵਿਰਸੇ ਦੇ ਵਾਰਿਸ ਮੂਲ ਰੂਪ ਵਿਚ ਆਮ ਲੋਕ ਹੀ ਹੁੰਦੇ ਹਨ ਜਿਨ੍ਹਾਂ ਵਿਚ ਗੁਰੂ, ਯੋਧੇ, ਸ਼ਹੀਦ, ਲੋਕ ਜਥੇਬੰਦੀਆਂ ਦੇ ਕ੍ਰਾਂਤੀਕਾਰੀ ਆਗੂ, ਸਮਾਜਿਕ ਕਾਰਕੁੰਨ ਆਦਿ ਸ਼ਾਮਲ ਹੁੰਦੇ ਹਨ। ਇਹ ਆਪਣੇ ਵਿਰਸੇ ਦੇ ਵਿਭਿੰਨ ਤੱਤਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਧਰਮ-ਕਰਮ ਨੂੰ ਨਿਭਾਉਂਦੇ ਹਨ ਤੇ ਇਹਨਾਂ ਲਈ ਧਰਮ ਕੱਟੜਤਾ ਤੋਂ ਰਹਿਤ ਕੇਵਲ ਤੇ ਕੇਵਲ ਮਾਨਵਤਾ ਪ੍ਰਸਾਰ ਦਾ ਮਾਧਿਅਮ ਰੂਪ ਹੈ ਤੇ ਇਹਨਾਂ ਦਾ ਕਰਮ ਕੇਵਲ ਲੋਕ-ਪੱਖੀ ਕਾਰਜਾਂ ਤੋਂ ਹੀ ਪ੍ਰੇਰਿਤ ਹੈ ਤੇ ਲੋਕ-ਮੁਕਤੀ ਇਹਨਾਂ ਦੇ ਧਰਮ-ਕਰਮ ਦਾ ਮੁੱਖ ਉਦੇਸ਼ ਹੁੰਦਾ ਹੈ। ਇਹ ਮਹਾਨ ਲੋਕ ਆਪਣੇ ਵਿਰਸੇ ਦੇ ਅਗਾਂਹਵਧੂ ਪਾਸਾਰਾਂ ਨੂੰ ਆਪਣੀ ਬੁੱਕਲ ਵਿਚ ਸਮੋਈ ਰੱਖਦੇ ਹਨ ਤੇ ਆਪਣੀ ਕਿਸਮ ਦੇ ਪਿਛਾਖੜ੍ਹੂ ਵਰਤਾਰਿਆਂ ਨੂੰ ਵੰਗਾਰ ਪਾਉਂਦੇ ਆਏ ਹਨ। 
  ਪੰਜਾਬੀ ਵਿਰਸਾ ਲੋਕ-ਆਗੂਆਂ ਨਾਲ ਲਬਰੇਜ਼ ਵਿਰਸਾ ਹੈ। ਗੁਰੂ ਨਾਨਕ ਪੰਜਾਬੀ ਵਿਰਸੇ ਦਾ ਧੁਰਾ ਬਣ ਚੁੱਕਿਆ ਹੈ। ਇਸ ਲਈ ਪੰਜਾਬੀ ਵਿਰਸਾ ਉਸ ਦੀ ਚਰਚਾ ਬਿਨਾ ਅੱਧੇ ਤੋਂ ਵੀ ਅੱਧਾ ਹੈ। ਇਸ ਤਰ੍ਹਾਂ ਦਸ ਗੁਰੂਆਂ ਦੇ ਵਿਚਾਰ ਵੀ ਪੰਜਾਬੀ ਵਿਰਸੇ ਦਾ ਆਧਾਰ ਹਨ। ਸਮੁੱਚ ਵਜੋਂ ਵੇਖਿਆ ਜਾਵੇ ਤਾਂ ਪੰਜਾਬੀ ਵਿਰਸੇ ਵਿਚ ਹੱਥੀਂ ਕਿਰਤ ਕਰਨ ਵਾਲ਼ੇ ਸੱਚੇ-ਸੁੱਚੇ ਬੰਦੇ ਨੂੰ ਉੱਚ ਸਥਾਨ ਪ੍ਰਾਪਤ ਹੈ ਤੇ ਵਿਹਲੜਾਂ-ਬੋਕਾਂ ਲਈ ਕੋਈ ਥਾਂ ਨਹੀਂ। ਪੰਜਾਬੀ ਵਿਰਸਾ ‘ਪਰਾਇਆ ਹੱਕ’ ਖਾਣ ਵਾਲ਼ੇ ਸੱਜਣ ਵਰਗੇ ਠੱਗਾਂ ਤੇ ਮਲਿਕ ਭਾਗੋਆਂ ਦੀ ਨਿਸਬਤ ਕਿਰਤੀ ਭਾਈ ਲਾਲੋ ਦਾ ਹਿਮਾਇਤੀ ਹੈ।  ਇਸ ਵਿਚ ‘ਬਾਰੀ ਬਰਸੀ ਖੱਟਣ’ ਗਏ ਦੀ ਖ਼ੈਰ-ਸੁੱਖ ਮੰਗੀ ਜਾਂਦੀ ਹੈ। ‘ਸਰਬੱਤ ਦਾ ਭਲਾ’ ਇਸਦਾ ਕੇਂਦਰੀ ਸੂਤਰ ਹੈ। ‘ਸੱਚਾ ਆਚਾਰ’ ਪੰਜਾਬੀ ਵਿਰਸੇ ਦੇ ਵਾਰਿਸਾਂ ਦਾ ਮੂਲ ਵਿਹਾਰ ਹੈ। ਡੰਮ ਗੁਰੂਆਂ ਤੇ ਭੇਖਾਂ ਦਾ ਇਸ ਵਿਰਸੇ ਵਿਚ ਕੋਈ ਥਾਂ ਨਹੀਂ ਤੇ ਤਰਕ ਦੀ ਕਸਵੱਟੀ ਲਈ ਸੱਚ ਦਾ ਸੂਤ੍ਰ ਲਾਜ਼ਮੀ ਹੈ। ਪੰਜਾਬੀ ਵਿਰਸੇ ਵਿਚ ‘ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ’ ਤੇ ਜ਼ਬਰ ਕਰਨਾ ਮਹਾਪਾਪ ਹੈ। ਇਸ ਵਿਰਸੇ ਵਿਚ ਲੋਕਾਂ ਲਈ ਜਾਨ ਵਾਰਨ ਵਾਲ਼ੇ ਵਡੇਰੇ ਗੁਰੂ ਅਰਜਨ ਦੇਵ ਤੋਂ ਲੈ ਕੇ ਬੰਦੇ ਬਹਾਦਰ, ਭਗਤ ਸਿੰਘ, ਗਦਰੀਆਂ ਤੇ ਦੁੱਲੇ ਵਰਗੇ ਅਣਖੀਲੇ ਚੋਬਰਾਂ ਦਾ ਲੰਮਾ ਇਤਿਹਾਸ ਸਮਾਇਆ ਪਿਆ ਹੈ। ਨਾਰੀ ਧੰਨ ਹੈ ਤੇ ਇਸ ਵਿਰਸੇ ਦੇ ਵਾਰਿਸ ਨੀਚਾਂ ਦੇ ਆੜੀ ਹਨ। ਪੜ੍ਹਨਾ-ਵਿਚਾਰਨਾ ਇਸ ਵਿਰਸੇ ਵਿਚ ਅਹਿਮ ਹੈ ਗੁਰੂ/ ਅਧਿਆਪਕ ਦਾ ਰੁਤਬਾ ਉੱਚਾ ਹੈ, ਸੱਚ ਲਿਖਣ ਵਾਲ਼ਾ ਲਿਖਾਰੀ ਧੰਨ ਹੈ ਤੇ ਵਿਦਿਆ ਵਿਚਾਰਨਯੋਗ ਤੇ ਪਰਉਪਰਕਾਰੀ ਹੈ। ਬਾਬੇ ਨਾਨਕ, ਫ਼ਰੀਦ, ਬੁਲ੍ਹੇ ਆਦਿ ਨਾਇਕਾਂ ਦਾ ਪੰਜਾਬੀ ਮਾਂ-ਬੋਲੀ ਨਾਲ ਪਿਆਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਝਲਕਦਾ ਹੈ। ਮਾਂ-ਬੋਲੀ ਪੰਜਾਬੀ ਵਿਚ ਲਿਖੇ ਗਏ ਵੱਡ-ਆਕਾਰੀ ਗ੍ਰੰਥ, ਕੋਸ਼ ਤੇ ਪੋਥੀਆਂ ਮਾਂ-ਬੋਲੀ ਨਾਲ ਇਸ ਦੇ ਵਾਰਿਸਾਂ ਦੇ ਅਥਾਹ ਪ੍ਰੇਮ ਦਾ ਪ੍ਰਤੀਕ ਹਨ।  ਸੰਤ-ਸਿਪਾਹੀਆਂ ਦੇ ਸੁਮੇਲ ਵਾਲ਼ੇ ਪੰਜਾਬੀ ਵਿਰਸੇ ਦੇ ਹੋਰ ਅਨੇਕਾਂ ਪੱਖ ਗਿਣਾਏ ਜਾ ਸਕਦੇ ਹਨ।
  ਜਿਹੜੇ ਧਾਰਮਿਕ, ਸਮਾਜਿਕ, ਰਾਜਸੀ ਜਾਂ ਸਭਿਆਚਾਰਕ ਆਗੂ ਕੇਵਲ ਪਿਛਾਖੜ੍ਹੂ ਤੇ ਸਮਾਜ ਵਿਚ ਵੰਡ-ਪਾਊ ਬ੍ਰਿਤੀ ਦਾ ਪ੍ਰਸਾਰ ਕਰਦੇ ਹਨ ਉਹ ਵਿਰਸੇ ਦੇ ਵਾਰਿਸ ਨਹੀਂ ਹੁੰਦੇ। ਭਾਰੂ ਧਿਰਾਂ ਹਮੇਸ਼ਾ ਤੋਂ ਹੀ ਵਿਰਸੇ ਨੂੰ ਆਪਣੇ ਸਵਾਰਥਾਂ ਅਨੁਸਾਰੀ ਪੇਸ਼ ਕਰਦੀਆਂ ਆਈਆਂ ਹਨ। ਇਹ ਧਿਰਾਂ ਆਮ ਲੋਕਾਂ ਵਿਚ ਕਿਸੇ ਕੌਮ ਦੇ ਵਿਰਸੇ ਦੇ ਨਾਇਕਾਂ ਨੂੰ ਆਪਣੇ ਪੱਖ ਵਿਚ ਸਾਬਤ ਕਰਨ ਲਈ ਇੰਨੇ ਗਹਿਰੇ ਯਤਨ ਕਰਦੀਆਂ ਹਨ ਕਿ ਭੋਲ਼ੇ-ਭਾਲ਼ੇ ਲੋਕਾਂ ਨੂੰ ਸਥਾਪਤੀ ਪੱਖੀ/ ਭਾਰੂ ਧਿਰਾਂ ਵੀ ਵਿਰਸੇ ਦੇ ਅਸਲੀ ਵਾਰਿਸ ਲੱਗਣ ਲੱਗ ਪੈਂਦੀਆਂ ਹਨ। ਇਸੇ ਚਾਲ ਅਧੀਨ ਭਾਰੂ ਧਿਰਾਂ ਵੱਲੋਂ ਆਪਣੇ ਆਗੂਆਂ ਨੂੰ ‘ਫ਼ਖ਼ਰ-ਏ-ਕੌਮ’, ‘ਲੋਹ-ਪੁਰਸ਼’, ‘ਮਹਾਤਮਾ’ ਆਦਿ ਵਰਗੀਆਂ ਉਪਾਧੀਆਂ ਵੀ ਦੇ ਦਿੱਤੀਆਂ ਜਾ ਸਕਦੀਆਂ ਹਨ। ਭਾਰੂ ਧਿਰਾਂ ਹਮੇਸ਼ਾ ਤੋਂ ਲੋਕ-ਆਗੂਆਂ ਨੂੰ ਵੀ ਵਰਤਦੀਆਂ ਤੇ ਲਲਚਾਉਂਦੀਆਂ ਆਈਆਂ ਹਨ। ਕੱਚੇ ਆਗੂ ਇਹਨਾਂ ਦੀਆਂ ਚਾਲਾਂ ਵਿਚ ਫਸ ਵੀ ਜਾਂਦੇ ਹਨ ਪਰ ਇਹਨਾ ਦੇ ਸਹਾਰੇ ਸਿਰਜੇ ਵਿਰਸੇ ਨੂੰ ਇਹ ਧਿਰਾਂ ਆਪਣੇ ਹਵਾਲੇ ਨਾਲ ਇਸ ਤਰ੍ਹਾਂ ਪ੍ਰਚਾਰਦੀਆਂ ਹਨ ਕਿ ਲੋਕਾਂ ਵਿਚ ਉਹ ਵੱਡਾ ਵੋਟ ਬੈਂਕ ਬਣਾਉਣ ਵਿਚ ਕਾਮਯਾਬ ਹੋ ਜਾਂਦੀਆਂ ਹਨ। ਇਸੇ ਮਕਸਦ ਤਹਿਤ ਲੋਕ ਆਗੂਆਂ ਦੇ ਬੁੱਤ ਸਥਾਪਿਤ ਕਰਨ ਤੋਂ ਇਲਾਵਾ ਭਵਨਾਂ, ਸੰਸਥਾਵਾਂ, ਜਲ-ਥਲ ਮਾਰਗਾਂ ਆਦਿ ਦੇ ਨਾਮ ਰੱਖ ਦਿੱਤੇ ਜਾਂਦੇ ਹਨ। ਕੌਮ/ ਬਿਰਾਦਰੀ ਨਾਲ ਸਬੰਧਿਤ ਭੋਲ਼ੇ-ਭਾਲ਼ੇ ਲੋਕ ਆਪਣੇ ਆਗੂਆਂ ਦੇ ਸਥਾਪਿਤ ਹੋਏ ਬੁੱਤਾਂ ਦੇ ਗਲ਼ ਵਿਚ ਮੰਤਰੀਆਂ ਦੁਆਰਾ ਪਾਏ ‘ਫੁੱਲਾਂ ਦੇ ਹਾਰਾਂ ਦੇ’ ‘ਦਰਸ਼ਨ’ ਕਰ-ਕਰ ‘ਨਿਹਾਲ’ ਹੋ ਜਾਂਦੇ ਹਨ ਤੇ ਉਹ ਭੋਲ਼ੇ ਲੋਕ ਆਪਣੀ ਕੌਮ/ ਬਿਰਾਦਰੀ ਨੂੰ ਵੀ ਭਾਰੂ ਧਿਰ ਨੂੰ ਸਮਰਪਿਤ ਕਰ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਭਾਰੂ ਧਿਰ ਦਾ ਮਕਸਦ ਪੂਰਾ ਹੋ ਜਾਂਦਾ ਹੈ ਤੇ ਉਸ ਲੋਕ ਆਗੂ ਦੇ ਵਿਚਾਰਾਂ ਦਾ ਵੀ ਆਪਣੇ ਅਨੁਸਾਰ ਪ੍ਰਚਾਰ-ਪ੍ਰਸਾਰ ਕੀਤਾ ਜਾਂਦਾ ਹੈ। ਇਹ ਇਕ ਕਿਸਮ ਦਾ ਭਾਰੂ ਧਿਰਾਂ ਦੁਆਰਾ ਨਿਮਨ ਧਿਰਾਂ ਉਪਰ ਕੀਤਾ ਜਾਂਦਾ ਸਭਿਆਚਾਰਕ ਹਮਲਾ ਹੈ ਜੋ ਉਸ ਕੌਮ/ ਬਿਰਾਦਰੀ ਦੇ ਵਿਰਸੇ ਦੇ ਵਾਰਿਸਾਂ ਨੂੰ, ਉਹਨਾਂ ਦੇ ਵਿਚਾਰਾਂ ਨੂੰ ਆਪਣੇ ਸਵਾਰਥ ਅਨੁਸਾਰ ਢਾਲ ਕੇ ਨਿਮਨ ਧਿਰ ਦੀ ਵੋਟ ਪੱਕੀ ਕੀਤੀ ਜਾਂਦੀ ਹੈ। 
  ਜਦ ਵੀ ਕਿਸੇ ਕੌਮ ਦੇ ਵਿਰਸੇ ਦੇ ਪ੍ਰਮੁੱਖ ਵਾਰਿਸ ਦਾ ਵਿਸ਼ੇਸ਼ ਪੁਰਬ (ਜਨਮ/ ਸ਼ਹੀਦੀ ਦਿਹਾੜਾ) ਹੁੰਦਾ ਹੈ ਤਾਂ ਭਾਰੂ ਧਿਰਾਂ ਉੇਹਨਾਂ ਲੋਕ-ਆਗੂਆਂ ਦਾ ਆਪਣੇ-ਆਪਣੇ ਮਤ ਅਨੁਸਾਰ ਪ੍ਰਚਾਰ-ਪ੍ਰਸਾਰ ਤੇ ਉਹਨਾਂ ਦੇ ਵਿਚਾਰਾਂ ਦਾ ਵਿਖਿਆਨ ਕਰਦੀਆਂ ਹਨ। ਹੁਣ ਲੋਕ-ਆਗੂ ਗੁਰੂ/ਪੀਰ ਨਾਨਕ ਦਾ 550ਵਾਂ ਜਨਮ ਵਰ੍ਹਾ ਦੇਸ਼-ਵਿਦੇਸ਼ ਤੇ ਵਿਸ਼ੇਸ਼ ਕਰਕੇ ਭਾਰਤੀ ਹਾਕਮ ਧਿਰਾਂ ਵੱਲੋਂ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਹਾਥੀਆਂ, ਊਠਾਂ, ਘੋੜਿਆਂ, ਵੱਡੀਆਂ ਗੱਡੀਆਂ ਰਾਹੀਂ ਦੂਰ-ਦੁਰੇਡੇ ਤੱਕ ਵੱਡੇ-ਵੱਡੇ ਨਗਰ-ਕੀਰਤਨ ਕੱਢੇ ਜਾ ਰਹੇ ਹਨ। ਕਰੋੜਾਂ ਰੁਪਏ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਯਾਤਰੂਆਂ ਲਈ ਵਿਸ਼ੇਸ਼ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਵੰਨ-ਸੁਵੰਨੇ ਲੰਗਰ ਲਗਾਏ ਜਾ ਰਹੇ ਹਨ। ਪਾਕਿਸਤਾਨ ਵਿਚ ਰਹਿ ਗਏ ਗੁਰੂ ਨਾਨਕ ਦੇ ਸਥਾਨਾਂ ਪ੍ਰਤਿ ਲੋਕਾਂ ਦੀ ਸ਼ਰਧਾਮਈ ਖਿੱਚ ਦਾ ਰਾਜਸੀਕਰਨ ਕੀਤਾ ਜਾ ਰਿਹਾ ਹੈ। ਪੁਰੋਹਿਤਵਾਦੀ ਦ੍ਰਿਸ਼ਟੀ ਗੁਰੂਆਂ ਨੂੰ ਅਵਤਾਰ ਦਰਸਾਉਂਦੀ ਰਹੀ ਹੈ ਜਿਵੇਂ ਗੁਰੂ ਨਾਨਕ ਨੂੰ ਵਿਸ਼ਨੂੰ ਦਾ ਅਵਤਾਰ ਦਰਸਾਇਆ ਜਾਂਦਾ ਹੈ। ਗੁਰਬਾਣੀ ਦੀ ਵਧੇਰੇ ਵਿਆਖਿਆਕਾਰੀ ਇਸੇ ਦ੍ਰਿਸ਼ਟੀ ਤੋਂ ਕੀਤੀ ਗਈ ਹੈ ਜਿਸ ਦਾ ਪ੍ਰਭਾਵ ਅੱਜ ਵੀ ਹੈ। ਚਮਤਕਾਰਾਂ ਦੀ ਮਨੌਤ ਕਾਰਨ ਪੰਜਾ ਸਾਹਿਬ ਤੇ ਮਨੀਕਰਨ ਵਰਗੇ ਸਥਾਨ ਹੋਂਦ ਸਥਾਪਿਤ ਕਰ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਨਾਲ ਹੇਮਕੁੰਟ ਦਾ ਸਬੰਧ ਜੋੜ ਕੇ ਅਸਚਰਜ ਸਥਾਨ ਵੀ ਸਥਾਪਿਤ ਕੀਤਾ ਜਾ ਚੁੱਕਿਆ ਹੈ ਤੇ ਇਸ ਤਰ੍ਹਾਂ ਅਨੇਕ ਨਿੱਤ ਨਵੇਂ ਮਤ ਪੁਰੋਹਿਤਵਾਦੀ ਪ੍ਰਥਾ ਵਾਲ਼ੇ ਹੀ ਸਥਾਪਿਤ ਕੀਤੇ ਜਾ ਰਹੇ ਹਨ। ਸਿੱਖ ਮਤ ਵਿਚ ਪੁਰੋਹਿਤਵਾਦ ਨੂੰ ਘੁਸੇੜਿਆ ਜਾ ਰਿਹਾ ਹੈ ਤੇ ਸਿੱਖ ਲੋਕ ਇਸਦਾ ਸ਼ਿਕਾਰ ਬਣਾਏ ਜਾ ਰਹੇ ਹਨ। ਬਹੁਤ ਸਾਰੇ ਪੁਰੋਹਿਤੀ ਅੰਧ-ਵਿਸ਼ਵਾਸ਼ ਸਿੱਖਾਂ ਵਿਚ ਵੀ ਪ੍ਰਚਲਿਤ ਕੀਤੇ ਜਾ ਰਹੇ ਹਨ। ਰਾਜਨੀਤੀ ਵਿਰਸੇ ਨਾਲ ਖੇਡਦੀ ਹੈ ਤੇ ਇਸ ਖੇਡ ਵਿਚ ਆਮ ਲੋਕ ਤਾਂ ਕਠਪੁਤਲੀ ਬਣ ਹੀ ਜਾਂਦੇ ਹਨ ਪਰ ਪੰਜਾਬੀ ਵਿਰਸੇ ਦੇ ਕਹਾਉਂਦੇ ਵਧੇਰੇ ਵੱਡੇ ਵਿਦਵਾਨ ਵੀ ਪੰਜਾਬੀ ਗਾਥਾਵਾਂ, ਬਾਣੀ/ਕਾਵਿ ਦੇ ਗੂੜ੍ਹ ਪ੍ਰਤੀਕਾਂ ਤੇ ਮਿੱਥਾਂ ਨੂੰ ਨਹੀਂ ਅਰਥਾ ਸਕੇ ਤੇ ਸ਼ਰਧਾ ਵੱਸ ਕਰਾਮਾਤਾਂ ਨੂੰ ਸਥਾਪਿਤ ਕਰਕੇ ਭਾਰੂ ਧਿਰਾਂ ਦੀ ਬੋਲੀ ਬੋਲਦੇ ਆ ਰਹੇ ਹਨ। ਇਸ ਤਰ੍ਹਾਂ ਭਾਰੂ ਧਿਰ ਦਾ ਵਿਰਸਾ ਹੀ ਨਿਮਨ ਧਿਰਾਂ/ਪ੍ਰਜਾ ਦਾ ਵਿਰਸਾ ਬਣਾਇਆ ਜਾ ਰਿਹਾ ਹੈ। ਦਿਨ, ਤਿਉਹਾਰ, ਰਹੁ-ਰੀਤਾਂ, ਸਾਹਿਤ ਤੇ ਕਲਾ ਆਦਿ ਦੇ ਤੱਤ ਇਸ ਸਭਿਆਚਾਰਕ ਰੂਪਾਂਤਰਣ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।
  ਇਹ ਸਪੱਸ਼ਟ ਹੈ ਕਿ ਸਰਮਾਏਦਾਰੀ ਦਾ ਕਿਸੇ ਕੌਮ ਜਾਂ ਬਿਰਾਦਰੀ ਦੇ ਧਰਮ ਜਾਂ ਵਿਰਸੇ ਨਾਲ ਕੋਈ ਦਿਲੀ ਸਬੰਧ ਨਹੀਂ ਹੁੰਦਾ ਤੇ ਮੁਨਾਫ਼ਾ ਉਸ ਦਾ ਮੁੱਖ ਉਦੇਸ਼ ਹੁੰਦਾ ਹੈ ਪਰ ਜਿਥੇ ਫ਼ਾਸ਼ੀਵਾਦ ਤੇ ਪੂੰਜੀਵਾਦ ਦੋਵੇਂ ਰਲ ਕੇ ਹਕੂਮਤ ਕਰ ਰਹੇ ਹੋਣ ਉਥੇ ਕਿਸੇ ਘੱਟ ਗਿਣਤੀ ਕੌਮ ਦੇ ਲੋਕਾਂ ਦੇ ਵਿਰਸੇ ਲਈ ਵੱਡਾ ਖ਼ਤਰਾ ਹੁੰਦਾ ਹੈ। ਇਸ ਸਥਿਤੀ ਵਿਚ ਹਾਕਮ ਧਿਰਾਂ ਵੱਲੋਂ ਮੁਨਾਫ਼ਾ ਕਮਾਉਣ ਦੇ ਨਾਲ-ਨਾਲ ਸਭਿਆਚਾਰਕ ਹਮਲਾ ਵੀ ਕੀਤਾ ਜਾਂਦਾ ਹੈ। ਇਹੀ ਭਾਰਤ ਮੁਲਕ ਦੀ ਮੌਜੂਦਾ ਸਥਿਤੀ ਹੈ। ਇਸੇ ਤਹਿਤ ਜਿੱਥੇ ਖਿੱਤਿਆਂ ਦੀ ਵੰਡ, ਖਣਿਜਾਂ ਦੀ ਵੰਡ, ਭਾਸ਼ਾ ਦਾ ਮਸਲਾ, ਵਿੱਦਿਅਕ ਨੀਤੀ, ਸੰਸਥਾਵਾਂ ਦੀ ਵੰਡ, ਸਾਹਿਤ ਤੇ ਕਲਾ, ਇਨਾਮ-ਸਨਮਾਨ, ਧਰਮ ਸਥਾਨ ਬਣਾਉਣ/ਢਾਹੁਣ, ਰਿਆਇਤਾਂ, ਮੀਡੀਆ ਦੇ ਹਮਲੇ ਤੇ ਸੰਵਿਧਾਨਕ ਸੋਧਾਂ ਤੇ ਕਾਨੂੰਨ ਬਣਾਉਣਾ ਆਦਿ ਨੀਤੀਗਤ ਹਮਲੇ ਸ਼ਾਮਿਲ ਹਨ ਉੱਥੇ ਲੋਕ-ਨਾਇਕਾਂ ਨੂੰ ਆਪਣੇ ਹਵਾਲੇ ਵਿਚ ਲੈਣ ਦੇ ਉਪਰਾਲੇ ਸ਼ਾਮਿਲ ਹਨ। ਸਵਾਰਥੀ ਸੱਤਾ ਨੂੰ ਲੋਕ-ਨਾਇਕਾਂ ਦੇ ਵਿਚਾਰਾਂ ਨਾਲ ਕੋਈ ਮਤਲਬ ਨਹੀਂ। ਇਸ ਦਾ ਵੱਡਾ ਸਬੂਤ ਇਹੀ ਹੈ ਕਿ ਜੇਕਰ ਅਸਲੀਅਤ ਵਿੱਚ ਹੀ ਮੰਤਰੀ ਲੋਕ ਲੋਕ-ਨਾਇਕਾਂ ਦੇ ਵਿਚਾਰਾਂ ਦੇ ਧਾਰਨੀ ਹੁੰਦੇ ਤਾਂ ਸਮਾਜ ਵਿਚ ਇੰਨੀ ਗ਼ੁਰਬਤ, ਬੇਈਮਾਨੀ, ਅਪਰਾਧ, ਅਨਿਆਂ, ਵਿਭਿੰਨ ਤਰ੍ਹਾਂ ਦਾ ਵਿਤਕਰਾ ਆਦਿ ਮੌਜੂਦ ਨਾ ਹੁੰਦਾ।
  ਗੁਰੂ ਨਾਨਕ ਨੂੰ ਮੰਨਣ ਵਾਲਿਆਂ ਦੇ ਦਰਜਨਾਂ ਵਰਗ ਸਮਾਜ ਵਿੱਚ ਮੌਜੂਦ ਹਨ। ਸਿੱਖ ਲੋਕ ਗੁਰੂ ਨਾਨਕ ਨੂੰ ਆਪਣਾ ਗੁਰੂ ਦੱਸਦੇ ਹਨ, ਹਿੰਦੂ ਆਪਣਾ ਗੁਰੂ ਤੇ ਮੁਸਲਿਮ ਆਪਣਾ ਪੀਰ ਕਹਿੰਦੇ ਹਨ, ਇਨਕਲਾਬੀ ਉਸ ਨੂੰ ਤਰਕਸ਼ੀਲ ਤੇ ਕ੍ਰਾਂਤੀਕਾਰੀ ਆਖਦੇ ਹਨ, ਸ਼ਰਧਾਲੂ ਸਿੱਖ ਉਸ ਨੂੰ ਅਧਿਆਤਮਕ ਆਗੂ ਤੇ ਰੱਬੀ ਦੂਤ ਸਵੀਕਾਰਦੇ ਹਨ, ਦਾਰਸ਼ਨਿਕਾਂ ਨੂੰ ਉਹ ਫ਼ਿਲਾਸਫ਼ਰ ਲੱਗਦਾ ਹੈ ਤੇ ਕਈਆਂ ਨੂੰ ਉਹ ਕੋਈ ਦੇਵਤਾ ਮਹਿਸੂਸ ਹੁੰਦਾ ਹੈ, ਕੋਈ ਉਸ ਨੂੰ ਗ੍ਰੰਥ ਵਿਚੋਂ ਪ੍ਰਗਟ ਕਰਦਾ ਹੈ, ਕੋਈ ਉਸਦੀ ਬਾਣੀ ਦਾ ਰਟਣ ਕਰਨ ਤੱਕ ਸੀਮਤ ਹੈ, ਕੋਈ ਉਸ ਵਾਂਗ ਬਣਨਾ ਚਾਹੁੰਦਾ ਹੈ। ਅਸਲ ਵਿਚ ਹਰ ਕੋਈ ਉਸ ਨੂੰ ਆਪਣੇ ਵਿਚਾਰ ਦੀ ਲੋੜ ਅਨੁਸਾਰ ਢਾਲ ਲੈਂਦਾ ਹੈ। ਸਮੁੱਚ ਵਜੋਂ ਵੇਖਿਆ ਜਾਵੇ ਤਾਂ ਗੁਰੂ ਨਾਨਕ ਇਕ ਲੋਕ-ਨਾਇਕ ਹੈ ਜੋ ਲੋਕਾਂ ਦੇ ਦੁੱਖਾਂ ਤੋਂ ਬੰਦ-ਖਲਾਸੀ ਲਈ ਦੂਰ-ਦੁਰੇਡੇ ਭਾਉਂਦਾ ਰਿਹਾ। ਅਜਿਹੇ ਲੋਕ-ਨਾਇਕਾਂ ਨੂੰ ਯਾਦ ਕਰਨ ਦੇ ਹੱਕਦਾਰ ਕੇਵਲ ਉਹੀ ਹੋ ਸਕਦੇ ਹਨ ਜੋ ਉਹਨਾਂ ਦੇ ਵਿਚਾਰਾਂ ਉਪਰ ਅਮਲ ਕਰਦੇ ਹਨ ਪਰ ਹਾਲ ਇਹ ਹੈ ਕਿ ਬਾਬੇ ਨਾਨਕ ਵਰਗੇ ਲੋਕ ਨਾਇਕ ਜਿਨ੍ਹਾਂ ਵਿਚਾਰਾਂ ਦਾ ਵਿਰੋਧ ਕਰਦੇ ਰਹੇ ਉਹਨਾਂ ਵਿਚਾਰਾਂ ਦੇ ਧਾਰਨੀਆਂ ਨੂੰ ਹੀ ਨਿੱਕੇ-ਵੱਡੇ ਸਮਾਗਮਾਂ ਦੀ ਸ਼ਾਨ ਬਣਾਇਆ ਜਾ ਰਿਹਾ ਹੈ। ਲੋੜ ਹੈ ਕਿ ਅਸੀਂ ਗੁਰੂ ਨਾਨਕ ਵਰਗੇ ਮਹਾਨ ਲੋਕ-ਨਾਇਕਾਂ ਦੇ ਵਿਚਾਰਾਂ ਉਪਰ ਅਮਲ ਕਰੀਏ ਨਾ ਕਿ ਉਹਨਾਂ ਦੇ ਦਿਹਾੜੇ ‘ਮਨਾਉਣ’ ਦੇ ਨਾਂ ਹੇਠ ਲਾਲੋ ਵਰਗੇ ਕਿਰਤੀਆਂ ਦੇ ਹੱਥਾਂ ਦੁਆਰਾ ਕਮਾਇਆ ਅਰਬਾਂ ਰੁਪਇਆ ਵਿਖਾਵੇ ਦੇ ਸਮਾਗਮਾਂ ਵਿੱਚ ਉਡਾਈ ਜਾਈਏ।