ਅਕਾਦਮੀ ਦੀ ਕਾਰਕਾਰਨੀ ਮੀਟਿੰਗ 'ਚ ਅਹਿਮ ਫ਼ੈਸਲੇ (ਖ਼ਬਰਸਾਰ)


ਲੁਧਿਆਣਾ  -- ਪੰਜਾਬੀ ਸੱਭਿਆਚਾਰ ਅਕਾਦਮੀ ਦੀ ਕਾਰਜਕਾਰਨੀ ਮੀਟਿੰਗ ਡਾ. ਮਹਿੰਦਰ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਅਕਾਦਮੀ ਵੱਲੋਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਸਾਹਿਰ ਲੁਧਿਆਣਵੀ ਦੇ ਨਾਮ ਤੇ ਇਕ ਯਾਦਗਰ ਲੁਧਿਆਣਾ ਸ਼ਹਿਰ ਵਿਚ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਉਹ ਉਰਦੂ ਸ਼ਾਇਰੀ ਨੂੰ ਹੀ ਨਹੀਂ, ਬਲਕਿ ਹਿੰਦੀ ਫ਼ਿਲਮਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਵੀ ਪ੍ਰਫੁੱਲਤ ਕਰਦੇ ਰਹੇ ਨੇ। ਅੰਤਰ-ਰਾਸ਼ਟਰੀ ਔਰਤ ਦਿਵਸ ਤੇ ਔਰਤ ਪ੍ਰਤੀ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਹਾਲਾਤਾਂ ਨਾਲ ਨਿਪਟਣ ਦੇ ਲਈ ਉਸ ਨੂੰ ਆਪ ਹੀ ਹੰਭਲਾ ਮਾਰਨ ਦੀ ਲੋੜ ਹੈ। ਸਭਿਆਚਾਰ ਆਜ਼ਾਦੀ ਤੇ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ਵਿਚ ਔਰਤ ਦੀ ਆਜ਼ਾਦੀ ਪ੍ਰਤੀ ਗੱਲ-ਬਾਤ ਕੀਤੀ ਜਾਵੇਗੀ।  ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਡਾ. ਸ.ਨ. ਸੇਵਕ ਅਤੇ ਡਾ. ਕ.ਕ. ਮਿਨਹਾਸ ਨੇ ਹੀਰੋ ਆਫ ਇਨਵਰਨਮੈਂਟ ਨਾਂ ਦੀ ਪੁਸਤਕ ਲਿਖੀ ਹੈ, ਜਿਸ ਦੀ ਇਕ ਕਾਪੀ ਅਕਾਦਮੀ ਦੇ ਪ੍ਰਧਾਨ ਨੂੰ ਭੇਂਟ ਕੀਤੀ ਗਈ ਹੈ।

ਇਸ ਅਕਾਦਮੀ ਵੱਲੋਂ ਪ੍ਰਿੰ: ਪ੍ਰੇਮ ਸਿੰਘ ਬਜਾਜ ਦੇ ਕਾਰਜਾਂ ਅਤੇ ਰਚਨਾਂ ਬਾਰੇ ਇਕ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਬਾਰੇ ਚਰਚਾ ਕੀਤੀ ਜਾਵੇਗੀ।
ਗੁਰਸ਼ਰਨ ਸਿੰਘ ਨਰੂਲਾ ਦੀ ਪੁਸਤਕ 'ਤਿੱਤਲੀਆਂ ਦੇ ਰੰਗ' ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਡਾ. ਸ.ਨ.ਸੇਵਕ ਅਤੇ ਡਾ. ਪੰਧੇਰ ਇਸ ਬਾਰੇ ਪਰਚਾ ਪੇਸ਼ ਕਰਨਗੇ।
ਇਸ ਮੌਕੇ ਤੇ ਅਕਾਦਮੀ ਪ੍ਰਧਾਨ ਦੇ ਇਲਾਵਾ ਡਾ. ਸ.ਨ. ਸੇਵਕ, ਮਲਕੀਤ ਸਿੰਘ ਔਲੱਖ, ਡਾ ਗੁਲਜ਼ਾਰ ਪੰਧੇਰ, ਡਾ. ਕੁਲਵਿੰਦਰ ਕੌਰ ਮਿਨਹਾਸ, ਦਲਵੀਰ ਸਿੰਘ ਲੁਧਿਆਣਵੀ, ਸ. ਕਰਮਜੀਤ ਸਿੰਘ ਔਜਲਾ, ਰਘਬੀਰ ਸਿੰਘ ਸੰਧੂ, ਰਣਵੀਰ ਸਿੰਘ ਮੀਤ ਅਤੇ ਗੁਰਸ਼ਰਨ ਸਿੰਘ ਨਰੂਲਾ ਹਾਜ਼ਿਰ ਸਨ।