ਮਹਿੰਗੇ ਹਥਿਆਰ ਜਰੂਰੀ ਹਨ ਜਾਂ ਲੋਕਾਂ ਲਈ ਸਿਹਤ ਸਹੂਲਤਾਂ ? (ਲੇਖ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਰੋਨਾ ਵਾਇਰਸ ਨੇ ਅੱਜ ਸਾਰੀ ਦੁਨੀਆ ਨੂੰ ਸਿਰਫ਼ ਵਖਤ ਹੀ ਨਹੀਂ ਪਾਇਆ ਸਗੋਂ ਸਾਰਾ ਸਿਸਟਮ ਬੁਰੀ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆ ਭਰ ਦੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਮੁੱਚਾ ਵਿਸ਼ਵ ਇਸ ਮਹਾਂਮਾਰੀ ਦੇ ਚੁੰਗਲ ਵਿੱਚ ਫਸ ਚੁੱਕਾ ਹੈ। ਵੱਡੇ ਵੱਡੇ ਦੇਸ਼ਾਂ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਵੱਡੀ ਘਾਟ ਹੈ, ਇੱਥੋਂ ਤੱਕ ਕਿ ਆਮ ਬੈੱਡਾਂ ਦੀ ਵੀ ਬਹੁਤ ਕਮੀ ਹੈ। ਦੁਨੀਆ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ। ਕਿਉਂਕਿ ਡਾਕਟਰਾਂ ਦੇ ਹੱਥਾਂ ਵਿੱਚ ਮਰੀਜ਼ ਮਰ ਰਹੇ ਹਨ, ਪਰ ਉਹ ਕੁਝ ਵੀ ਕਰਨੋਂ ਅਸਮਰੱਥ ਹਨ। ਕਈ ਵਾਰ ਸੁਣਨ ਵਿੱਚ ਆਇਆ ਹੈ ਕਿ ਕਈ ਵਾਰ ਡਾਕਟਰ ਅਜਿਹੀ ਸਥਿਤੀ ਵਿੱਚ ਆ ਜਾਂਦੇ ਕਿ ਕਿਸ ਮਰੀਜ਼ ਨੂੰ ਬਚਾਉਣ ਲਈ ਵੈਂਟੀਲੇਟਰ ਦਿੱਤਾ ਜਾਵੇ ਤੇ ਕਿਸ ਨੂੰ ਮੌਤ ਦੇ ਮੂੰਹ ਵਿੱਚ ਜਾਣ ਦਿੱਤਾ ਜਾਵੇ। ਸੋ ਡਾਕਟਰ ਵਿਚਾਰੇ ਵੀ ਕੀ ਕਰਨ? ਕਿਉਂਕਿ ਡਾਕਟਰ ਸਿਰਫ਼ ਉਹੀ ਉਪਕਰਨ ਜਾਂ ਸਹੂਲਤਾਂ ਵਰਤ ਸਕਦੇ ਹਨ ਜੋ ਉਹਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾਣਗੀਆਂ। ਕੋਰੋਨਾ ਵਾਇਰਸ ਦੀ ਵੱਧਦੀ ਗਿਣਤੀ ਕਾਰਨ ਕਈ ਹੋਰ ਬਹੁਤ ਸਾਰੀਆਂ ਬੀਮਾਰੀਆਂ ਦੇ ਵੀ ਮਰੀਜ਼ ਇਲਾਜ ਖੁਣੋਂ ਮਰ ਰਹੇ ਹਨ। ਕਿਉਂਕਿ ਇਸ ਮਹਾਂਮਾਰੀ ਨੇ ਇੱਕ ਤਾਂ ਦਹਿਸ਼ਤ ਬਹੁਤ ਪਾ ਦਿੱਤੀ ਹੈ ਦੂਸਰਾ ਹੋਰ ਬੀਮਾਰੀ ਵਾਸਤੇ ਕਿਸੇ ਵੀ ਸੋਚਣ ਸਮਝਣ ਦਾ ਸਮਾਂ ਹੀ ਨਹੀਂ ਹੈ। ਹਰ ਪਾਸੇ ਕੋਰੋਨਾ ਕੋਰੋਨਾ ਹੀ ਹੋਈ ਪਈ ਹੈ।
                   ਉੱਪਰ ਦੱਸੇ ਅਨੁਸਾਰ ਸਿਹਤ ਸਹੂਲਤਾਂ ਦੀ ਘਾਟ ਦਾ ਬੜਾ ਵੱਡਾ ਸਵਾਲ ਪੈਦਾ ਹੋ ਗਿਆ ਹੈ। ਕਿਉਂਕਿ ਮਰੀਜ਼ ਹੀ ਇੰਨੀ ਤੇਜੀ ਨਾਲ ਆ ਰਹੇ ਕਿ ਹਸਪਤਾਲਾਂ ਦੀ ਸਮਰੱਥਾ ਤੋਂ ਕਿਤੇ ਵੱਧ ਗਿਣਤੀ ਹੈ। ਹੁਣ ਜੇਕਰ ਅਸੀਂ ਇਸ ਗਲ ਤੇ ਵਿਚਾਰ ਕਰੀਏ ਕਿ ਦੁਨੀਆ ਦੇ ਸਭ ਦੇਸ਼ਾਂ ਨੇ ਕਿੰਨਾ ਪੈਸਾ ਹੁਣ ਤੱਕ ਤਰ੍ਹਾਂ ਤਰ੍ਹਾਂ ਦੇ ਹਥਿਆਰਾਂ ਉੱਪਰ ਲਗਾਇਆ ਹੈ, ਜੇਕਰ ਉਸਦਾ 5% ਵੀ ਸਿਹਤ ਸਹੂਲਤਾਂ ਉੱਪਰ ਕੱਟ ਕੇ ਲਾਇਆ ਹੁੰਦਾ ਤਾਂ ਸ਼ਾਇਦ ਹਸਪਤਾਲਾਂ ਦੇ ਹਾਲਾਤ ਕੁਝ ਬਿਹਤਰ ਹੁੰਦੇ। ਬੇਸ਼ੱਕ ਬਹੁਤ ਸਾਰੇ ਦੇਸ਼ਾਂ ਦੀਆਂ ਸਿਹਤ ਸਹੂਲਤਾਂ ਬਹੁਤ ਵਧੀਆ ਦਰਜੇ ਦੀਆਂ ਹਨ, ਪਰ ਕਿਸੇ ਵੀ ਦੇਸ਼ ਨੇ ਕਿਸੇ ਆਫ਼ਤ ਜਾਂ ਮਹਾਂਮਾਰੀ ਲਈ ਕਿਸੇ ਤਰ੍ਹਾਂ ਦੇ ਵਿਸ਼ੇਸ਼ ਯਤਨ ਨਹੀਂ ਕੀਤੇ। ਅਮਰੀਕਾ ਵਰਗਾ ਸਭ ਤੋਂ ਵਿਕਸਤ ਦੇਸ਼ ਦੁਨੀਆ ਭਰ ਲਈ ਹਥਿਆਰ ਬਣਾ ਰਿਹਾ ਹੈ ਪਰ ਉੱਥੋਂ ਦਾ ਮੈਡੀਕਲ ਸਿਸਟਮ ਪੂਰੀ ਤਰ੍ਹਾਂ ਇਲਾਜ ਕਰਵਾਉਣ ਉੱਪਰ ਨਿਰਭਰ ਕਰਦਾ ਹੈ। ਹਰ ਤਰ੍ਹਾਂ ਦਾ ਇਲਾਜ, ਟੈਸਟ ਤੇ ਦਵਾਈਆਂ ਤੁਹਾਨੂੰ ਖੁਦ ਜਾਂ ਤੁਹਾਡੀ ਇੰਸ਼ੋਰੈਂਸ ਨੂੰ ਅਦਾ ਕਰਨਾ ਪੈਂਦਾ ਹੈ।
                ਭਾਂਵੇ ਕਿ ਯੂਰਪੀ ਮੁਲਕਾਂ ਨੇ ਆਪਣੀਆਂ ਸਰਹੱਦਾਂ ਨੂੰ ਆਪਸ ਵਿੱਚ ਸਾਂਝਾ ਕਰਕੇ ਸੁਰੱਖਿਆ ਦਾ ਖਰਚਾ ਬਹੁਤ ਹੱਦ ਤੱਕ ਘਟਾ ਲਿਆ ਹੈ ਅਤੇ ਆਪਣੇ ਦੇਸ਼ਾਂ ਵਿੱਚ ਬਹੁਤ ਸਾਰੇ ਸਮਾਜਿਕ ਕੰਮਾਂ ਨੂੰ ਪਹਿਲ ਦਿੱਤੀ ਹੈ। ਪਰ ਇਹਨਾਂ ਦੇਸ਼ਾਂ ਦਾ ਅੱਜ ਪੂਰੀ ਤਰ੍ਹਾਂ ਜਲੂਸ ਨਿੱਕਲ ਕੇ ਆਹਮਣੇ ਆ ਚੁੱਕਾ ਹੈ। ਵੱਡੇ ਵੱਡੇ ਆਰਥਿਕ ਥੰਮ ਬੁਰੀ ਤਰ੍ਹਾਂ ਗੋਡੇ ਟੇਕ ਚੁੱਕੇ ਹਨ। ਭਾਂਵੇ ਕਿ ਇਹਨਾਂ ਮੁਲਕਾਂ ਵਿੱਚ ਰੱਖਿਆ ਦੇ ਮੁਕਾਬਲੇ ਸਿਹਤ ਸਹੂਲਤਾਂ ਲਈ ਬੱਜਟ ਕਾਫ਼ੀ ਹੱਦ ਤੱਕ ਜਿਆਦਾ ਹਨ। ਫਿਰ ਵੀ ਹਸਪਤਾਲਾਂ ਵਿੱਚ ਸਥਿਤੀ ਬਹੁਤੀ ਸੰਤੁਸ਼ਟੀਜਨਕ ਨਹੀਂ ਹੈ। ਪਰ ਇਸਦੇ ਮੁਕਾਬਲੇ ਭਾਰਤ ਵਿੱਚ ਰੱਖਿਆ ਬੱਜਟ 471 ਹਜਾਰ ਕਰੋੜ ਅਤੇ ਸਿਹਤ ਸਹੂਲਤਾਂ ਲਈ 69000 ਕਰੋੜ ਰੁਪਏ ਹਨ। ਇਹ ਗੱਲ ਦਰਸਾਉਂਦੀ ਹੈ ਕਿ ਰੱਖਿਆ ਦੇ ਨਾਂ ਤੇ ਕਿੰਨੀ ਵੱਡੀ ਵੱਡੀ ਰਕਮ ਹਰ ਸਾਲ ਖਰਚ ਕੀਤੀ ਜਾ ਰਹੀ ਹੈ। ਜਿਸਨੂੰ ਸੰਭਵ ਤੌਰ 'ਤੇ ਘਟਾਇਆ ਜਾਵੇ ਅਤੇ ਲੋਕਾਂ ਲਈ ਸਿਹਤ ਸਹੂਲਤਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ।  
                  ਜੋ ਦੇਸ਼ ਅਜੇ ਵੀ ਫੌਜਾਂ, ਹਥਿਆਰਾਂ ਅਤੇ ਸੁਰੱਖਿਆ ਦੇ ਨਾਂ ਹੇਠ ਵੱਡੇ ਬੱਜਟ ਰਾਂਖਵੇਂ ਰੱਖ ਰਹੇ ਹਨ। ਉਹਨਾਂ ਮੁਲਕਾਂ ਵਿੱਚ ਲੋਕ ਬੇਸ਼ੱਕ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ। ਪਰ ਉੱਥੇ 60 ਤੋਂ 70 ਪ੍ਰਤੀਸ਼ਤ ਬਜਟ ਸਿਰਫ਼ ਫੌਜਾਂ ਲਈ ਹੀ ਹੈ। ਬੇਸ਼ੱਕ ਦੇਸ਼ ਦੀ ਸੁਰੱਖਿਆ ਬਹੁਤ ਜਰੂਰੀ ਹੈ ਪਰ ਕੀ ਦੇਸ਼ ਵਿੱਚ ਰਹਿਣ ਵਾਲੀ ਜਨਤਾ ਦੀ ਸੁਰੱਖਿਆ ਜਰੂਰੀ ਨਹੀਂ। ਜੇਕਰ ਦੇਸ਼ ਦੇ ਲੋਕ ਤੰਦਰੁਸਤ ਨਾ ਰਹਿਣਗੇ ਜਾਂ ਲੋਕ ਬਚਣਗੇ ਹੀ ਨਹੀਂ ਤਾਂ ਫਿਰ ਦੇਸ਼ ਕਿਵੇਂ ਬਚਿਆ ਰਹਿ ਸਕੇਗਾ। ਇਸਨੂੰ ਸਿਰਫ਼ ਭਾਰਤ ਨਾਲ ਹੀ ਲਾ ਕੇ ਨਾ ਦੇਖਿਆ ਜਾਵੇ, ਬਾਕੀ ਸਾਰੇ ਵਿਸ਼ਵ ਦਾ ਇਹੀ ਹਾਲ ਹਾਲ ਹੈ। ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਸਭ ਤੋਂ ਜਿਆਦਾ ਬੱਜਟ ਸੁਰੱਖਿਆ ਨਾਂ 'ਤੇ ਫੌਜ ਉੱਪਰ ਖਰਚਿਆ ਜਾਂਦਾ ਹੈ। ਕਿਉਂ ਨਹੀਂ ਕੁਝ ਅਜਿਹਾ ਸੋਚਿਆ ਸਮਝਿਆ ਜਾਂਦਾ ਜਿਸ ਨਾਲ ਲੰਮੀਆਂ ਸਰਹੱਦਾਂ ਉੱਪਰ ਫੌਜ ਦੀ ਲੋੜ ਹੀ ਨਾ ਪਵੇ। ਹਰ ਪਾਸੇ ਦੋਸਤੀ ਦਾ ਮਾਹੌਲ ਸਿਰਜ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਹੋਵੇ, ਇੱਕ ਮਜਬੂਤ ਰਾਸ਼ਟਰ ਹੋਵੇ ਜਿਸਦੇ ਲੋਕ ਹਰ ਤਰ੍ਹਾਂ ਨਿਸਚਿੰਤ ਹੋਣ। ਉਹਨਾਂ ਨੂੰ ਹਸਪਤਾਲਾਂ ਦੇ ਖਰਚੇ ਜਾਂ ਬੁਢਾਪੇ ਲਈ ਪੈਸੇ ਜੋੜਨ ਦੀ ਬਜਾਏ ਤਾਜ਼ਗੀ ਵਾਲੀ ਜ਼ਿੰਦਗੀ ਦਿੱਤੀ ਜਾਵੇ ਤਾਂ ਕੋਰੋਨਾ ਕੀ ਹਰ ਬੀਮਾਰੀ ਨਾਲ ਬੜੀ ਆਸਾਨੀ ਨਾਲ ਲੜਿਆ ਜਾ ਸਕਦਾ ਹੈ।  
                   ਸਮੁੱਚੇ ਵਿਸ਼ਵ ਦੀਆਂ ਸਰਕਾਰਾਂ, ਸਯੁੰਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਖਾਸ ਲੋੜ ਹੈ। ਵਿਸ਼ਵ ਭਰ ਦੇ ਬੁੱਧੀਜੀਵੀ ਲੋਕਾਂ ਨੂੰ ਇੱਕ ਖਾਸ ਰੋਲ ਅਦਾ ਕਰਨ ਦੀ ਲੋੜ ਹੈ। ਟੀਵੀ, ਅਖਬਾਰਾਂ, ਕਿਤਾਬਾਂ ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਅਜਿਹੀ ਲਹਿਰ ਤੋਰਨ ਦੀ ਲੋੜ ਹੈ ਜਿਸ ਨਾਲ ਲੋਕਾਂ ਵਿੱਚ ਜਾਗਿਰਤੀ ਪੈਦਾ ਹੋਵੇ ਕਿ ਸਾਨੂੰ ਹਥਿਆਰਾਂ, ਟੈਂਕਾਂ, ਲੜਾਕੂ ਜਹਾਜਾਂ ਨਾਲੋਂ ਕਿਤੇ ਜਰੂਰੀ ਸਿਹਤ ਸਹੂਲਤਾਂ ਨੂੰ ਉੱਪਰ ਚੁੱਕਣਾ ਚਾਹੀਦਾ ਹੈ। ਦੁਨੀਆ ਭਰ ਦੇ ਸਮੂਹ ਦੇਸ਼ਾਂ ਦੇ ਆਗੂਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਜਾਵੇ ਕਿ ਸਾਨੂੰ ਆਲਮੀ ਜੰਗਾਂ ਤੋਂ ਉੱਪਰ ਆਲਮੀ ਆਫ਼ਤਾਂ ਦਾ ਸਾਹਮਣਾ ਕਰਨ ਬਾਰੇ ਸੋਚਣਾ ਚਾਹੀਦਾ ਹੈ। ਬੀਤੇ ਸਮੇਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਹੁਣ ਤੱਕ ਜੰਗਾਂ ਯੁੱਧਾਂ ਵਿੱਚ ਸਿਵਾਏ ਤਬਾਹੀ ਦੇ ਹੋਰ ਕੁਝ ਨਹੀਂ ਮਿਲਦਾ ਜਿਸ ਕਰਕੇ ਸਭ ਨੂੰ ਵਿਸ਼ਵ ਸ਼ਾਂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸ਼ਾਂਤੀ ਹੋਵੇਗੀ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਅਲਾਮਤਾਂ ਤੋਂ ਕੁਦਰਤੀ ਬਚਾਅ ਤਾਂ ਹੋਵੇਗਾ ਹੀ ਇਸਦੇ ਨਾਲ ਨਾਲ ਆਮ ਜਨਤਾ ਨੂੰ ਸਾਫ਼ ਸੁਥਰੀ ਤੇ ਤਾਜ਼ੀ ਹਵਾ ਵਿੱਚ ਸਾਹ ਲੈਣਾ ਵੀ ਸੌਖਾ ਹੋਵੇਗਾ। ਆਮ ਲੋਕ ਸਰਹੱਦਾਂ ਜਾਂ ਹਥਿਆਰਾਂ ਦੀ ਬਜਾਏ ਵਿਸ਼ਵ ਸ਼ਾਂਤੀ ਦੀ ਗੱਲ ਕਰਨਗੇ। ਜਿਸ ਵਿੱਚੋਂ ਬਹੁਤ ਸਾਰੇ ਸੁੱਖ ਤੇ ਆਨੰਦ ਮਿਲਣਗੇ।