ਦਾਨੀ ਸੱਜਣਾਂ ਦੇ ਨਾਂ (ਮਿੰਨੀ ਕਹਾਣੀ)

ਬਲਵਿੰਦਰ ਸਿੰਘ ਭੁੱਲਰ   

Email: bhullarbti@gmail.com
Cell: +91 98882 75913
Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ India
ਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸਪੈਕਟਰ ਭਰਤੀ ਹੋਇਆ ਮਨਿੰਦਰਪਾਲ ਗੁਣੀ ਹੁਣ ਐੱਸ ਪੀ ਦੇ ਅਹੁਦੇ ਤੇ ਪਹੁੰਚ ਗਿਆ ਸੀ, ਸੁਰੂ ਤੋਂ ਹੀ ਉਹ ਰਿਸਵਤਖੋਰ ਅਫ਼ਸਰ ਮੰਨਿਆਂ ਜਾਂਦਾ ਸੀ। ਰਿਸਵਤ ਲਏ ਵਗੈਰ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਮਿਲ ਜਾਣ ਤੇ ਉਹ ਨਿਆਂ ਇਨਸਾਫ ਨੂੰ ਅੱਖੋਂ ਪਰੋਖੇ ਕਰਦਿਆਂ ਤੁਰੰਤ ਫੈਸਲਾ ਕਰ ਦਿੰਦਾ, ਕਿਸੇ ਨੂੰ ਝੂਠੇ ਕੇਸ ਵਿੱਚ ਫਸਾਉਣਾ ਹੁੰਦਾ ਜਾਂ ਸੱਚੇ ਕੇਸ ਚੋਂ ਕਿਸੇ ਨੂੰ ਕੱਢਣਾ ਹੁੰਦਾ। ਜਿਉਂ ਜਿਉਂ ਉਸਦਾ ਅਹੁਦਾ ਵਧਦਾ ਗਿਆ, ਉਸੇ ਹਿਸਾਬ ਨਾਲ ਉਸਦੀ ਰਿਸਵਤ ਦੀ ਰੇਸ਼ੋ ਵਧਦੀ ਗਈ ਜਿਸਨੂੰ ਉਹ ਕੰਮ ਕਰਨ ਬਦਲੇ 'ਦਾਨ ਦਕਸਣਾ' ਕਹਿ ਕੇ ਹਾਸਲ ਕਰਦਾ।
ਸੇਵਾਮੁਕਤੀ ਵਿੱਚ ਉਸਦੇ ਦੋ ਕੁ ਸਾਲ ਰਹਿੰਦੇ ਸਨ, ਉਸਨੇ ਸ਼ਹਿਰ ਦੇ ਅਤੀ ਅਮੀਰ ਇਲਾਕੇ ਵਿੱਚ ਪੰਜ ਸੌ ਗਜ ਦਾ ਪਲਾਟ ਲੈ ਕੇ ਇਕ ਮਹਿਲਨੁਮਾ ਸ਼ਾਨਦਾਰ ਕੋਠੀ ਉਸਾਰ ਲਈ। ਇਸ ਨਵੀਂ ਇਮਾਰਤ ਵਿੱਚ ਪ੍ਰਵੇਸ ਕਰਨ ਲਈ ਉਸਨੇ ਪੂਰੀ ਸਰਧਾ ਨਾਲ ਸਹਿਜ ਪਾਠ ਕਰਵਾਇਆ। ਇਸ ਮੌਕੇ ਉਸਨੇ ਆਪਣੇ ਰਿਸਤੇਦਾਰਾਂ ਤੋਂ ਇਲਾਵਾ ਮਿੱਤਰ ਦੋਸਤ ਤੇ ਮਹਿਕਮੇ ਦੇ ਅਫ਼ਸਰਾਂ ਕਰਮਚਾਰੀਆਂ ਨੂੰ ਵੀ ਸੱਦਾ ਦਿੱਤਾ।
ਭੋਗ ਉਪਰੰਤ ਰਿਸਤੇਦਾਰਾਂ ਨੂੰ ਮਿਲ ਮਿਲਾ ਕੇ ਉਹ ਡਰਾਇਗ ਰੂਮ ਵਿੱਚ ਬੈਠੇ ਆਪਣੇ ਜੁੰਡੀ ਦੇ ਯਾਰਾਂ ਕੋਲ ਆ ਬੈਠਾ। ਨੌਕਰ ਨੇ ਵਿਸਕੀ ਠੰਢੇ ਤੇ ਨਮਕੀਨ ਦੀਆਂ ਪਲੇਟਾਂ ਮੇਜ ਤੇ ਲਿਆ ਰੱਖੀਆਂ। ਦੋ ਦੋ ਪੈੱਗ ਲਾ ਕੇ ਮਨਿੰਦਰਪਾਲ ਨੇ ਆਪਣੀ ਵਾਹਵਾ ਕਰਾਉਣ ਲਈ ਮਿੱਤਰਾਂ ਨੂੰ ਸਾਰੀ ਕੋਠੀ ਦਿਖਾਉਣ ਲਈ ਉਠਾਇਆ। ਕਮਰਿਆਂ, ਉਪਰਲੀ ਮੰਜ਼ਿਲ, ਰਸੋਈ ਅਤੇ ਬਗੀਚੀ ਆਦਿ ਦਾ ਗੇੜਾ ਲਾ ਕੇ ਉਹ ਮੁੜ ਡਰਾਇਗ ਰੂਮ ਵਿੱਚ ਆ ਬੈਠੇ।
''ਕਿਉਂ ਬਈ ਮਿੱਤਰੋ, ਚੰਗੀ ਬਣ ਗਈ ਕੋਠੀ, ਕੋਈ ਕਸਰ ਤਾਂ ਨਹੀਂ ਰਹਿ ਗਈ। ਜੇਕਰ ਕੋਈ ਕਸਰ ਹੈ ਤਾਂ ਦੱਸ ਦਿਓ, ਹੁਣ ਤਾਂ ਉਹ ਵੀ ਪੂਰੀ ਕਰ ਦੇਵਾਂਗੇ।'' ਮਨਿੰਦਰਪਾਲ ਨੇ ਦੋਸਤਾਂ ਕੋਲ ਪਾਡੀ ਮਾਰਦਿਆਂ ਸੁਝਾਅ ਮੰਗਿਆ।
''ਊਂ ਤਾਂ ਸਭ ਕੁਝ ਠੀਕ ਐ, ਪਰ ਇਕ ਘਾਟ ਦਿਖਾਈ ਦਿੰਦੀ ਐ।'' ਦਵਿੰਦਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ।  
''ਕਿਹੜੀ! ਦੱਸ'' ਮਨਿੰਦਰਪਾਲ ਨੇ ਪੁੱਛਿਆ।
''ਯਾਰ ਕਿਤੇ ਦਾਨੀ ਸੱਜਣਾਂ ਦੇ ਨਾਂ ਨੀ ਲਿਖੇ, ਇਕ ਥਮਲੇ ਤੇ ਉਹਨਾਂ ਦੇ ਨਾਂ ਵੀ ਲਿਖ ਦੇਣੇ ਸਨ।'' ਦਵਿੰਦਰ ਨੇ ਵਿਅੰਗ ਕਸ ਕੇ ਦੂਜੇ ਦੋਸਤਾਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਲਿਆ ਦਿੱਤੀ।
ਮਨਿੰਦਰਪਾਲ ਕੋਲ ਇਸ ਵਿਅੰਗ ਦਾ ਕੋਈ ਜਵਾਬ ਨਹੀਂ ਸੀ, ਬੇਸਰਮੀ ਦੀ ਹਾਲਤ ਵਿੱਚ ਉਹ ਸਿਰਫ ਇਹ ਹੀ ਕਹਿ ਸਕਿਆ, ''ਕੋਈ ਨੀ ਯਾਰ ਉਹ ਵੀ ਲਿਖ ਦਿਆਂਗੇ, ਤੁਸੀਂ ਪੈੱਗ ਲਾਓ।''