ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ (ਲੇਖ )

ਸ਼ੰਕਰ ਮਹਿਰਾ   

Email: mehrashankar777@gmail.com
Cell: +91 98884 05411
Address:
India
ਸ਼ੰਕਰ ਮਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੁਝਾਰਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ, ਆਦਿ ਕਾਲ ਤੋਂ ਹੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਮੁੱਢ ਕਦੀਮ ਤੋਂ ਹੀ ਮਨੁੱਖ ਦੇ ਮੁਢਲੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਹੋਇਆ ਕਰਦੇ ਸਨ। ਸਾਡੇ ਘਰਾਂ ਵਿੱਚ ਟੀਵੀ, ਰੇਡੀਓ ਵੀ ਨਹੀਂ ਹੁੰਦੇ ਸਨ। ਵੱਡਿਆਂ ਲਈ ਮਨੋਰੰਜਨ ਦਾ ਸਾਧਨ ਸੱਥਾਂ ਵਿੱਚ ਬੈਠਕੇ ਤਾਸ਼  ਖੇਡਣਾ ਜਾਂ ਕਿੱਸੇ ਪੜ੍ਹਨੇ ਤੇ ਸੁਣਨੇ ਹੁੰਦੇ ਸਨ। ਬੱਚਿਆਂ ਲਈ ਮਾਂ,ਦਾਦੀ ਜਾਂ ਨਾਨੀ ਦੀਆਂ ਬਾਤਾਂ ਹੁੰਦੀਆਂ ਸਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ।  ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਸੌਣ ਲੱਗੇ ਬੱਚੇ ਆਪਣੀ ਦਾਦੀ ਜਾਂ ਘਰ ਦੇ ਕਿਸੇ ਵੱਡੇ-ਵਡੇਰੇ ਤੋਂ ਕਹਾਣੀਆਂ, ਬਾਤਾਂ ਸੁਣਦੇ। ਉਨ੍ਹਾਂ ਦੁਆਰਾ ਪਾਈਆਂ ਬੁਝਾਰਤਾਂ ਦੇ ਉੱਤਰ ਸੋਚ-ਸੋਚ ਕੇ ਦਿੰਦੇ। ਬੱਚੇ ਰੋਜ਼ ਨਵੀਂ ਬਾਤ ਸੁਣਨ ਅਤੇ ਬੁੱਝਣ ਲਈ ਉਤਾਵਲੇ ਰਹਿੰਦੇ। ਉਹ ਉਡੀਕ ਕਰਦੇ ਕਿ ਕਦੋਂ ਰਾਤ ਆਵੇਗੀ ਅਤੇ ਅਸੀਂ ਨਵੀਆਂ-ਨਵੀਆਂ ਬਾਤਾਂ ਅਤੇ ਕਹਾਣੀਆਂ ਸੁਣਾਂਗੇ।  ਮਨੋਰੰਜਨ ਵੀ ਹੋ ਜਾਂਦਾ ਸੀ ਅਤੇ ਕੋਈ ਨਾ ਕੋਈ ਵੀ ਸਿੱਖਿਆ ਮਿਲਦੀ ਸੀ। ਸਭ ਤੋਂ ਵੱਡੀ ਗੱਲ ਸਾਡਾ ਬਜ਼ੁਰਗਾਂ ਨਾਲ ਮੋਹ ਬਣਿਆ ਰਹਿੰਦਾ ਸੀ। ਸਭ ਤੋਂ ਛੋਟਾ ਬੱਚਾ ਦਾਦੀ ਦੀ ਗੋਦ ਵਿੱਚ ਬੈਠ ਜਾਂਦਾ । ਇਹ ਉਸਦਾ ਹੱਕ ਹੁੰਦਾ ਸੀ। ਬਾਕੀ ਉਸਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ । ਫਿਰ ਦਾਦੀ ਬਾਤਾਂ ਸ਼ੁਰੂ ਕਰਦੀ। ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ । ਅਨਪੜ੍ਹ ਦਾਦੀ ਕੋਲ ਬਾਤਾਂ ਦਾ ਭੰਡਾਰ ਹੁੰਦਾ ਸੀ।


ਬੁਝਾਰਤਾਂ ਕਿਸ ਨੇ ਬਣਾਈਆਂ ਅਤੇ ਕਦੋਂ ਬਣਾਈਆਂ ਇਹ ਦੱਸਣਾ ਬੜਾ ਔਖਾ ਹੈ। ਇਹ ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਸਾਡੇ ਤਕ ਪੀੜ੍ਹੀ-ਦਰ-ਪੀੜ੍ਹੀ ਪੁੱਜੀਆਂ ਹਨ। ਬੁਝਾਰਤ ਦੀ ਸਿਰਜਣਾ ਅਜਿਹੇ ਰਹੱਸਮਈ ਢੰਗ ਨਾਲ ਕੀਤੀ ਜਾਂਦੀ ਹੈ ਕਿ ਬੁਝਾਰਤ ਇੱਕ ਅਜਿਹਾ ਗੁੰਝਲ ਭਰਪੂਰ ਪ੍ਰਸ਼ਨ ਬਣ ਜਾਂਦੀ ਹੈ ਜਿਸ ਦਾ ਉੱਤਰ ਸੰਕੇਤਕ ਰੂਪ ਵਿੱਚ ਉਸੇ ਵਿੱਚ ਲੁਪਤ ਹੁੰਦਾ ਹੈ। ਬੁਝਾਰਤਾਂ ਪਾਉਣ ਵਾਲਾ ਇੱਕ ਸੁਹਜ ਭਰਿਆ ਤੇ ਰਹੱਸਮਈ ਵਾਤਾਵਰਨ ਪੈਦਾ ਕਰ ਦਿੰਦਾ ਹੈ ਕਿ ਸਰੋਤੇ ਉਸ ਦਾ ਉੱਤਰ ਖੋਜਣ ਲਈ ਉਤਸੁਕ ਹੋ ਜਾਂਦੇ ਹਨ। ਪੰਜਾਬ ਦੇ ਲੋਕ ਬੁਝਾਰਤਾਂ ਪਾ ਕੇ ਅਤੇ ਬੁੱਝ ਕੇ ਸਦਾ ਹੀ ਆਨੰਦ ਮਾਨਦੇ ਰਹੇ ਹਨ। ਜਿਵੇਂ:


ਅਸਮਾਨੋਂ ਡਿੱਗਿਆ ਬੱਕਰਾ,
ਉਹ ਦੇ ਮੂੰਹ ’ਚੋਂ ਨਿਕਲੀ ਲਾਰ।
ਢਿੱਡ ਪਾੜ ਕੇ ਦੇਖਿਆ,
ਉਹਦੀ ਛਾਤੀ ਉੱਤੇ ਵਾਲ।( ਅੰਬ )

 

ਦੋ ਕਬੂਤਰ ਕੋਲੋਂ ਕੋਲੀ , ਖਭ ਓਹਨਾ ਦੇ ਕਾਲੇ

ਨਾ ਕੁੱਝ ਖਾਂਦੇ ਨਾ ਕੁੱਝ ਪੀਂਦੇ , ਰੱਬ ਓਹਨਾ ਨੂੰ ਪਾਲੇ ( ਅੱਖਾਂ )

 

ਕੌਲ ਫੁੱਲ ਕੌਲ ਫੁੱਲ , ਫੁੱਲ ਦਾ ਹਜਾਰ ਮੁੱਲ

ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ , ਕਿਸੇ ਕੋਲ ਹੈ ਨੀ ਵਿਚਾਰਾ( ਨਿਗ੍ਹਾ, ਮਾਂ-ਬਾਪ )

 

ਪੰਜਾਬੀ ਬੁਝਾਰਤਾਂ ਦੀ ਸਿਫ਼ਤ ਹੈ ਕਿ ਇਹ ਸੰਜਮ ਅਤੇ ਸਰਲ ਬਿਆਨ ਰਾਹੀਂ ਕੁੱਜੇ ’ਚ ਸਮੁੰਦਰ ਬੰਦ ਕਰ ਦਿੰਦੀਆਂ ਹਨ। ਮਨੁੱਖੀ ਬੁੱਧੀ ਦੁਆਰਾ ਕਲ਼ਪੀਆਂ ਇਹ ਬੁਝਾਰਤਾਂ ਮੂੰਹੋਂ-ਮੂੰਹੀਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਤੁਰੀਆਂ ਆਉਂਦੀਆਂ ਹਨ। ਦੇਖੋ ਕੁੱਝ ਉਦਾਹਰਨਾਂ:

 

ਇੱਕ ਨਾਰ ਕਰਤਾਰੋ , ਉਹ ਰਾਹੇ ਰਾਹੇ ਜਾਵੇ ,

ਸਿੱਧਿਆ ਨਾਲ ਸਿੱਧੀ ਚੱਲੇ , ਪੁਠਿਆ ਨੂੰ ਸਵਾਰੇ ( ਕੰਘੀ )

 

ਸੌਂ ਭਾਦੋਂ ਇੱਕ ਰੁੱਤ , ਦੋ ਬੁੜ੍ਹੀਆਂ ਦੀ ਇੱਕ ਗੁੱਤ ( ਪੀਂਘ )

 

ਚਿੱਟਾ ਹਾਂ ਪਰ ਦੁੱਧ ਨਹੀਂ ,

ਗੱਜਦਾ ਹਾਂ ਪਰ ਰੱਬ ਨਹੀਂ ,

ਵਲ ਖਾਂਦਾ ਹਾਂ ਪਰ ਸੱਪ ਨਹੀਂ ( ਪਾਣੀ )

 

ਹੱਥ ਨਹੀਂ ਸਿਰ ਮੂੰਹ ਨਹੀਂ, ਨਾਂ ਲੱਤਾਂ ਨਾਂ ਬਾਹਾਂ ਜਿਉ ਜਿਉਂ ਹੇਠਾਂ ਪੱਟਕੋ, ਤਿਉਂ ਤਿਉਂ ਚੜ੍ਹਦੀ ਤਾਹਾਂ        (ਗੇਂਦ)

 

ਇੱਕ ਨਾਰ ਆਪਣੇ ਆਪੂੰ ਬੈਠੀ ,

ਬੈਠੀ ਫੁੱਲਾਂ ਦੀ ਸੇਜ ਖਲਾਰ

ਆਇਆ ਉਸਦਾ ਘਰਵਾਲਾ

ਗਈ ਉਡਾਰੀ ਮਾਰ ( ਦਿਨ-ਰਾਤ )

 

ਪਾਰੋਂ ਆਏ ਦੋ ਅੰਗਰੇਜ

ਇੱਕ ਮਿੱਠਾ, ਇੱਕ ਤੇਜ ( ਸੂਰਜ-ਚੰਦ )

 

ਕੇਵਲ ਬੱਚੇ ਹੀ ਬਾਤਾਂ ਪਾਉਣ ਅਤੇ ਬੁੱਝਣ ਦੀ ਖ਼ੁਸ਼ੀ ਹਾਸਲ ਨਹੀਂ ਕਰਦੇ, ਬਲਕਿ ਸਿਆਣੇ ਵੀ ਇਨ੍ਹਾਂ ਵਿੱਚ ਦਿਲਚਸਪੀ ਲੈਂਦੇ ਹਨ। ਇਹ ਨਿਆਣਿਆਂ ਸਿਆਣੀਆਂ ਦੇ ਬੁੱਧੀ ਸੰਗਰਾਮ ਦਾ ਸਾਂਝਾ ਕੇਂਦਰ ਰਹੀਆਂ ਹਨ ਜਿਸ ਵਿੱਚ ਵੱਡੇ-ਵੱਡੇ ਸਿਆਣਿਆਂ ਨੂੰ ਵੀ ਮਿੱਠੀਆਂ ਹਾਰਾਂ ਸਹਿਣੀਆਂ ਪੈਂਦੀਆਂ ਸਨ। ਬੁਝਾਰਤਾਂ ਪਾ ਕੇ ਅਤੇ ਬੁੱਝ ਕੇ ਜਿੱਥੇ ਮਨੋਰੰਜਨ ਹੁੰਦਾ, ਉਥੇ ਬੁੱਝਣ ਵਾਲੇ ਦੀ ਬੁੱਧੀ ਪਰਖ ਹੋ ਜਾਂਦੀ। ਜਿਵੇਂ:

 

ਪਹਿਲਾ ਮੈਂ ਜੰਮਿਆ , ਫੇਰ ਜੰਮੀ ਮੇਰੀ ਮਾਈ

ਖਿੱਚ ਖਿੱਚ ਕੇ ਪਿਓ ਜਮਾਇਆ ਪਿੱਛੋਂ ਆਈ ਤਾਈਂ । ( ਦੁੱਧ, ਦਹੀਂ, ਲੱਸੀ ਤੇ ਮੱਖਣ )

 

ਦੋ ਇੰਚ ਦੀ ਇੱਕ ਬੰਦੂਕ , ਰਹਿੰਦੀ ਹਰ ਦਮ ਵਿੱਚ ਸੰਦੂਕ

ਜੇ ਚਲਾਵੇ ਸਿਆਣਾ ਬੰਦਾ , ਲੱਖਾਂ ਦਾ ਸਵਾਰੇ ਧੰਧਾ

ਜੇ ਛੱਡ ਜਾਵੇ ਮੂਰਖ ਦੇ ਆਡੇ , ਵਸਦਾ ਘਰ ਕਦੇ ਨਾ ਛੱਡੇ । ( ਮਾਚਿਸ ਦੀ ਡੱਬੀ )

 

ਪੇਕੇ ਸੀ ਮਈ ਲਾਡ ਲਡਿੱਕੀ

ਸਹੁਰੇ ਆ ਕੇ ਪੈ ਗਈ ਫਿੱਕੀ

ਜੀਹਦੇ ਨਾਲ ਲਈਆਂ ਮੈਂ ਲਾਵਾਂ

ਓਹਦੇ ਹੁਣ ਪਸੰਦ ਨਾ ਆਵਾਂ

ਓਹਨੇ ਕੀਤਾ ਹੋਰ ਵਿਆਹ ,

ਮੈਨੂੰ ਦਿੱਤਾ ਮਗਰੋਂ ਲਾਹ । ( ਜੁੱਤੀਆਂ ਦਾ ਜੋੜਾ )

 

ਮਿੱਟੀ ਦਾ ਘੋੜਾ ਲੋਹੇ ਦੀ ਲਗਾਮ

ਉੱਤੇ ਬੈਠਾ ਗੁਦ-ਗੁਦਾ ਪਠਾਣ ( ਚੁੱਲ੍ਹਾ, ਤਵਾ ਤੇ  ਰੋਟੀ )

 

ਪੰਜਾਬੀ ਵਿੱਚ ਅਨੇਕਾਂ ਬੁਝਾਰਤਾਂ ਮਿਲਦੀਆਂ ਹਨ। ਕੁਦਰਤ, ਫ਼ਸਲਾਂ, ਬਨਸਪਤੀ, ਜੀਵ-ਜੰਤੂਆਂ, ਘਰੇਲੂ ਵਸਤਾਂ, ਵੱਖ-ਵੱਖ ਧੰਦਿਆਂ ਆਦਿ ਅਨੇਕਾਂ ਵਿਸ਼ਿਆਂ ਬਾਰੇ ਬੜੀਆਂ ਪਿਆਰੀਆਂ ਅਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ। ਜਿਵੇਂ:

 

ਸਰਕ ਸਰਕ ਕੇ ਤੁਰਦਾ , ਪਰ ਸੱਪ ਨਹੀਂ

ਡੰਡੇ ਨਾਲ ਚੱਲਦਾ, ਪਰ ਬਲਦ ਨਹੀਂ

ਲੱਖਾਂ ਫਲ ਨੇ ਲਗਦੇ , ਪਰ ਵੇਲ ਨਹੀਂ

ਬਾਤ ਅਸਾਡੀ ਬੁੱਝਣੀ, ਯਾਰੋ ਖੇਲ ਨਹੀਂ । ( ਘੁਮਿਆਰ ਦਾ ਚੱਕ )

 

ਫਿੱਟੇ ਮੂੰਹ ਵੱਡੀ ਦਾ ਜਿਹਨੇ ਵੱਖ ਕਰਾਇਆ

ਸ਼ਾਬਾਸ਼ੇ ਉਸ ਛੋਟੀ ਦਾ , ਜਿਸ ਵਿੱਛੜਿਆਂ ਤਾਈਂ ਮਿਲਾਇਆ । ( ਕੈਂਚੀ ਅਤੇ ਸੂਈ )

 

ਪੰਜ ਜਾਣਿਆ ਗੱਠੜੀ ਚੁੱਕੀ , ਜਾ ਸੁੱਟੀ ਦਰਬਾਰ

ਕਾਲ ਕਲੀ ਵਿੱਚ ਦਿੱਤਾ ਧੱਕਾ , ਗਈ ਸਮੁੰਦਰੋਂ ਪਾਰ । (ਮੂੰਹ , ਬੁਰਕੀ , ਉਂਗਲਾਂ , ਜੀਭ )

 

ਬੁਝਾਰਤ ਇੱਕ ਅਜਿਹਾ ਪ੍ਰਸ਼ਨ -ਬੋਧਕ,ਸ਼ਬਦ-ਜੁੱਟ,ਵਾਕ ਜਾਂ ਤੁਕਾਂਤ ਹੈ। ਜੋ ਸਿਆਣਪ ਦਾ ਪ੍ਰਮਾਣ ਲੈਣ ਲਈ ਵਰਤਿਆ ਜਾਂਦਾ ਹੈ। ਸਾਰੀਆਂ ਬੁਝਾਰਤਾਂ ਹੀ ਪ੍ਰਸ਼ਨ ਬੋਧਕ ਹੁੰਦੀਆਂ ਹਨ, ਹਰ ਇੱਕ ਦਾ ਉੱਤਰ ਮੰਗਿਆ ਗਿਆ ਹੁੰਦਾ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਸਾਰੀਆਂ ਵਸਤਾਂ ਬੁਝਾਰਤਾਂ ਵਿੱਚ ਸ਼ਾਮਿਲ ਹਨ।  ਜਿਵੇਂ:

 

ਅੱਠ ਹੱਡ, ਥੱਬਾ ਆਂਦਰਾਂ ਦਾ ,

ਜਿਹੜਾ ਮੇਰੀ ਬਾਤ ਨਾ ਬੁਝੁ  

ਉਹ ਪੁੱਤਰ ਬਾਂਦਰਾਂ ਦਾ । ( ਮੰਜਾ )

 

ਤੁਰਦੀ ਹਾਂ ਪਰ ਪੈਰ ਨਹੀਂ

ਦੇਵਾਂ ਸਬ ਨੂੰ ਜਾਨ,

ਦੋ ਲਫ਼ਜ਼ਾਂ ਦੀ ਚੀਜ ਹਾਂ

ਬੁੱਝੋ ਮੇਰਾ ਨਾਮ । ( ਹਵਾ )

 

ਲਾਲ ਸੂਹੀ ਪੋਟਲੀ
ਮੈਂ ਵੇਖ ਵੇਖ ਖੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ । (ਲਾਲ ਮਿਰਚਾਂ)

 

ਇੱਕ ਖੂਹ ਵਿੱਚ ਨੌ ਦਸ ਪਰੀਆਂ
ਜਦ ਤਕ ਸਿਰ ਜੋੜੀ ਖੜੀਆਂ
 ਜਦੋਂ ਖੋਹਲਿਆ ਖੂਹ ਦਾ ਪਾਟ
 ਦਿਲ ਕਰਦੈ ਸਭ ਕਰਜਾਂ ਚਾਟ । (ਸੰਗਤਰੇ)

 

ਪੁਰਾਣੇ  ਸਮਿਆਂ ਵਿੱਚ ਇਕੱਠੇ ਰਹਿਣ ਕਰਕੇ ਬੱਚਿਆਂ ਦਾ ਦਾਦਾ-ਦਾਦੀ, ਨਾਨਾ-ਨਾਨੀ ਨਾਲ ਪਿਆਰ ਵੀ ਵਧਦਾ । ਅਸਲ ਨਾਲੋਂ ਸੂਦ ਜ਼ਿਆਦਾ ਪਿਆਰਾ ਹੁੰਦਾ ਹੈ। ਕਾਫ਼ੀ ਆਦਤਾਂ ਵਿੱਚ ਸਮਾਨਤਾ ਹੋਣ ਕਰਕੇ ਬਜ਼ੁਰਗ ਅਤੇ ਛੋਟੇ ਬੱਚੇ ਛੇਤੀ ਇੱਕ-ਦੂਜੇ ਦੇ ਪਿਆਰ ਵਿੱਚ ਗੜੁੱਚ ਹੋ ਜਾਂਦੇ। ਦੋਹਾਂ ਕੋਲ ਵਿਹਲਾ ਵਕਤ ਹੋਣ ਕਰਕੇ ਕਾਫ਼ੀ ਚਿਰ ਇਕੱਠੇ ਰਹਿਣਾ ਇਨ੍ਹਾਂ ਨੂੰ ਛੇਤੀ ਹੀ ਘਿਓ-ਖਿੱਚੜੀ ਬਣਾ ਦਿੰਦਾ ਅਤੇ ਫਿਰ ਸ਼ੁਰੂ ਹੋ ਜਾਂਦਾ ਬਾਤਾਂ ਅਤੇ ਕਹਾਣੀਆਂ ਸੁਣਨ-ਸੁਣਾਉਣ ਦਾ ਸਿਲਸਿਲਾ। ਬਜ਼ੁਰਗਾਂ ਕੋਲ ਬੋਲਣ ਨੂੰ ਕਾਫ਼ੀ ਕੁਝ ਹੋਣਾ ਅਤੇ ਬੱਚਿਆਂ ਕੋਲ ਲਫ਼ਜ਼ ਘੱਟ ਹੋਣ ਕਰਕੇ ਸੁਣਨ ਦਾ ਜ਼ਿਆਦਾ ਸ਼ੌਕ ਹੋਣ ਕਰਕੇ ਵੀ ਇਹ ਜੋੜੀਆਂ ਖ਼ੂਬ ਫੱਬਦੀਆਂ।


ਹੌਲੀ-ਹੌਲੀ ਆਧੁਨਿਕੀਕਰਨ ਦੇ ਪ੍ਰਭਾਵ ਨੇ ਸੰਯੁਕਤ ਪਰਿਵਾਰਾਂ ਨੂੰ ਛੋਟੇ-ਛੋਟੇ ਪਰਿਵਾਰਾਂ ਵਿੱਚ ਹੀ ਨਹੀਂ ਵੰਡਿਆ, ਸਗੋਂ ਬੱਚਿਆਂ ਨੂੰ ਵਿਰਸੇ ਦੇ ਅਨਮੋਲ ਖ਼ਜ਼ਾਨੇ ਤੋਂ ਵਾਂਝੇ ਕਰ ਦਿੱਤਾ। ਹੁਣ ਕੋਈ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਕੋਠਿਆਂ ’ਤੇ ਜਾਂ ਵਿਹੜਿਆਂ ਵਿੱਚ ਨਹੀਂ ਸੌਂਦਾ। ਹੁਣ ਹਰ ਜੀਅ ਲਈ ਆਪਣਾ ਵੱਖਰਾ ਕਮਰਾ ਹੁੰਦਾ ਹੈ। ਅੱਜ ਦੇ ਬੱਚੇ ਇਨ੍ਹਾਂ ਸਾਰੀਆਂ ਖ਼ੂਬੀਆਂ ਤੋਂ ਵਾਂਝੇ ਹਨ। ਪੜ੍ਹਾਈ ਦਾ ਬੋਝ ਬੱਚਿਆਂ ਦੀ ਮੱਤ ਮਾਰ ਰਿਹਾ ਹੈ। ਬੱਚਿਆਂ ਕੋਲ ਸਮਾਂ ਹੀ ਨਹੀਂ। ਸਕੂਲ ਤੋਂ ਆ ਕੇ ਬੱਚਾ ਹੋਮਵਰਕ ਕਰਦਾ ਹੈ, ਫਿਰ ਟਿਊਸ਼ਨ ਪੜ੍ਹਨ ਜਾਂਦਾ ਹੈ। ਛੋਟੇ ਤੋਂ ਛੋਟੀ ਉਮਰ ਦਾ ਬੱਚਾ ਮੋਬਾਈਲ ਨੂੰ ਚਲਾ ਲੈਂਦਾ ਹੈ। ਅਗਾਂਹ ਵਧੂ ਜਮਾਨੇ ਨੇ ਸਾਡਾ ਵਿਰਸਾ ਸਾਥੋਂ ਖੋਹ ਲਿਆ ਹੈ। ਅੱਜ ਦੇ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਤੜ ਕੇ ਰਹਿ ਗਏ ਹਨ, ਐਸੇ ਮਨ ਪ੍ਰਚਾਵੇ ਦੇ ਸਾਧਨ ਆ ਗਏ ਹਨ, ਫੇਸਬੁੱਕ, ਵਟਸਅੱਪ ਤੇ ਟੈਲੀਵਿਜ਼ਨਾਂ ਤੇ ਲਗਾਤਾਰ ਚਲ ਰਹੇ ਸੀਰੀਅਲਾਂ ਨੇ ਉਨ੍ਹਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ਨੇ ਬੱਚਿਆਂ ਵਿੱਚੋਂ ਸਹਿਨਸ਼ੀਲਤਾ ਤੇ ਨਿਮਰਤਾ ਖਤਮ ਕਰ ਦਿੱਤੀ ਹੈ। ਸੰਯੁਕਤ ਪਰਿਵਾਰ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਏ ਹਨ।


ਪਰਿਵਾਰਕ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਪੱਛਮੀ ਸੱਭਿਆਚਾਰ ਦਾ  ਬੋਲਬਾਲਾ ਹੈ। ਬੱਚੇ ਆਪਣੇ ਸੱਭਿਆਚਾਰ, ਵਿਰਸੇ, ਮਾਂ ਬੋਲੀ ਦੇ ਖ਼ਜ਼ਾਨੇ-ਕਿੱਸੇ, ਕਹਾਣੀਆਂ, ਬਾਤਾਂ ਤੋਂ ਦੂਰ ਜਾ ਰਹੇ ਹਨ। ਵਿਗਿਆਨ ਦੇ ਸਾਧਨ ਜਿਵੇਂ ਟੀ.ਵੀ., ਕੰਪਿਊਟਰ, ਮੋਬਾਈਲ ਅਤੇ ਕੇਬਲ ਕਲਚਰ ਨੇ ਸਮੂਹਿਕ ਤੌਰ ’ਤੇ ਮਾਣੇ ਜਾਣ ਵਾਲੇ ਮਨੋਰੰਜਨ ਦੇ ਸਾਧਨ ਕਿਸੇ ਹੱਦ ਤਕ ਸਮਾਪਤ ਕਰ ਦਿੱਤੇ ਹਨ, ਜਿਸ ਕਾਰਨ ਬੁਝਾਰਤਾਂ ਪਾਉਣ ਅਤੇ ਬੁੱਝਣ ਦੀ ਪਰੰਪਰਾ ਵੀ ਖ਼ਤਮ ਹੋ ਰਹੀ ਹੈ।

ਅੱਜ ਦਾਦੀ ਤੇ ਨਾਨੀ ਦੋਵੇਂ ਹੀ ਉਦਾਸ ਹਨ। ਘਰ ਵਿੱਚ ਬੱਚੇ ਹਨ, ਪਰ ਉਨ੍ਹਾਂ ਦੀ ਗੋਦ ਵਿੱਚ ਕੋਈ ਨਹੀਂ ਬੈਠਦਾ। ਮਾਂ ਬਾਪ ਪੈਸੇ ਦੀ ਦੌੜ ਵਿੱਚ ਅੰਨ੍ਹੇਵਾਹ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕੋਲ ਬੱਚਿਆਂ ਲਈ ਸਮਾਂ ਹੀ ਨਹੀਂ। ਇਹ ਸਾਡੇ ਸਮਾਜ ਦਾ ਦੁਖਾਂਤ ਹੈ। ਲੋੜ ਹੈ ਮਾਂ ਬਾਪ ਬੱਚਿਆਂ ਨੂੰ ਸਮਾਂ ਦੇਣ। ਬੱਚਿਆਂ ਸਾਹਮਣੇ ਆਪਣੇ ਮਾਂ ਬਾਪ ਦੀ ਇੱਜ਼ਤ ਕਰਨ, ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣ। ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਦਾਦੀ ਦੀਆਂ ਬਾਤਾਂ ਮੁੜ ਘਰਾਂ ਵਿੱਚ ਆ ਸਕਦੀਆਂ ਹਨ।

ਪੰਜਾਬੀਆਂ ਦੀ ਮਹਾਨ ਵਿਰਾਸਤ ਇਨ੍ਹਾਂ ਬੁਝਾਰਤਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ ਕਿਉਂਕਿ ਜੋ ਕੌਮਾਂ ਆਪਣੀ ਬੋਲੀ, ਵਿਰਸਾ ਨਹੀਂ ਸਾਂਭਦੀਆਂ ਉਹ ਤਬਾਹ ਹੋ ਜਾਂਦੀਆਂ ਹਨ।