ਚੰਨ ਬੱਦਲਾਂ ਦੇ ਉਹਲੇ- ਕਿਸ਼ਤ 2 (ਨਾਵਲ )

ਸੇਵਾ ਸਿੰਘ ਸੋਢੀ   

Email: sewasinghsodhi@yahoo.de
Address: 21745 Hemmoor Haupt Str.43
Hemmoor Germany
ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਮੀ ਦੀਪੀ ਦੀ ਸਿਰਫ ਸਹੇਲੀ ਹੀ ਨਹੀ ਸਗੋ ਉਸਦੇ ਤਾਏ ਦੀ ਧੀ ਵੀ ਸੀ, ਦੀਪੀ ਦੀ ਮਾਂ ਤੇ ਪੰਮੀ ਦੀ ਮਾਂ ਆਪਸ ਵਿੱਚ ਮਾਮੇ ਭੂਆ ਦੀਆਂ ਧੀਆ ਸਨ, ਦੀਪੀ ਦੀ ਮਾਂ ਪੰਮੀ ਦੀ ਮਾਂ ਦਾ ਰਿਸ਼ਤਾ ਲੈ ਕੇ ਆਈ ਸੀ, ਐਸੀ ਕੋਈ ਗੱਲ ਨਹੀ ਸੀ ਜਿਹੜੀ ਦੀਪੀ ਦੇ ਦਿਲ ਵਿੱਚ ਹੋਵੇ ਤੇ ਉਹ ਪੰਮੀ ਨੂੰ ਨਾ ਦੱਸੇ, ਪਰ ਇਹ ਦੇਬੀ ਵਾਲਾ ਮਾਮਲਾ ਉਹਦੇ ਲਈ ਬਿਲਕੁਲ ਨਵਾ ਵੀ ਸੀ ਅਤੇ ਗੰਭੀਰ ਵੀ, ਉਹਨੂੰ ਦੀਪੀ ਤੇ ਗੁੱਸਾ ਵੀ ਆ ਰਿਹਾ ਸੀ ਤੇ ਤਰਸ ਵੀ, ਖੁਦ ਇੱਕ ਜਿੰਮੇਵਾਰ ਧੀ ਹੋਣ ਦੇ ਨਾਤੇ ਉਹ ਦੀਪੀ ਦੇ ਜਜਬਾਤ ਅਤੇ ਮਜਬੂਰੀ ਦੋਵੇ ਸਮਝ ਰਹੀ ਸੀ। ਜੇ ਦੇਬੀ ਕਿਤੇ ਦੂਰ ਦੁਰਾਡੇ ਦਾ ਹੁੰਦਾ ਤਾਂ ਕਿਸੇ ਨਾ ਕਿਸੇ ਨੂੰ ਵਿੱਚ ਪਾ ਕੇ ਕੁੱਝ ਕੀਤਾ ਜਾ ਸਕਦਾ ਸੀ, ਪਰ ਹੁਣ ਪਿੰਡ ਦਾ ਮੁੰਡਾ ਭਾਵੇ ਕਿੰਨਾ ਵੀ ਯੋਗ ਕਿਓ ਨਾਂ ਹੋਵੇ, ਸਮਾਜ ਨਹੀ ਮੰਨਦਾ ਅਤੇ ਸਮਾਜ ਨਾਲ ਪੰਗਾ ਲੈਣਾ ਕੋਈ ਬਾਹਲੀ ਸਿਆਂਣਪ ਨਹੀ, ਪੰਮੀ ਤੋ ਇਹ ਲੁਕਿਆ ਨਹੀ ਸੀ ਕਿ ਜਦੋ ਕਿਸੇ ਚੁਗਲ ਨੂੰ ਪਤਾ ਲੱਗ ਗਿਆ ਪਿੰਡ ਵਿੱਚ ਖੁਸ਼ੀਆ ਦੀ ਥਾਂ ਸੋਗ ਪੈ ਜਾਣਾ, ਉਹ ਕੁੱਝ ਕਰਨਾ ਚਾਹੁੰਦੀ ਸੀ, ਪਰ ਕੀ ? ਸੋਚਦੇ ਸੋਚਦੇ ਉਸ ਨੂੰ ਲੱਗਿਆ ਕਿ ਕੋਈ ਗੱਲ ਤਾਂ ਸਾਫ ਹੋਈ ਨਹੀ, ਦੋਵੇ ਕੀ ਚਾਹੁੰਦੇ ਆ  ਪਤਾ ਨਹੀ, ਪਹਿਲਾ ਮਸਲਾ ਸਾਫ ਤਾਂ ਕਰ ਲਿਆ ਜਾਵੇ ਅਤੇ ਇਸ ਲਈ ਦੇਬੀ ਨੂੰ ਮਿਲਣਾ ਜਰੂਰੀ ਹੈ, ਪਰ ਕਿਵੇ ?
ਜਿੱਥੇ ਚਾਹ ਹੋਵੇ ਉਥੇ ਰਾਹ ਬਣਦੇ ਦੇਰ ਨੀ ਲਗਦੀ, ਉਹਦੇ ਮਨ ਵਿੱਚ ਇੱਕ ਖਿਆਲ ਆਇਆ ਤੇ ਅਪਣੀ ਹੀ ਚੁਸਤੀ ਤੇ ਉਹ ਖੁਸ਼ ਹੋ ਗਈ ਤੇ ਨਾਲ ਹੀ ਸਵੈਟਰ ਬੁਣਦੀ ਮਾ ਦੇ ਕੋਲ ਜਾ ਕੇ ਕਹਿਣ ਲੱਗੀ … ।।
"ਬੇਬੇ ਭੂਆ ਤੇਰੇ ਨਾਲ ਬੜੀ ਨਰਾਜ ਆ"।
"ਕਿਓ ਧੀਏ ਕੀ ਗੱਲ ਹੋ ਗੀ"। ਮਾਂ ਲਈ ਇਹ ਅਜੀਬ ਗੱਲ ਸੀ।
"ਉਹ ਕਹਿੰਦੀ ਸੀ ਬਈ ਸਾਰਾ ਪਿੰਡ ਮੇਰੇ ਭਤੀਜੇ ਦੇ ਆਉਣ ਤੇ ਮੇਰੇ ਘਰ ਆਇਆ, ਤੇਰੀ ਮਾਂ ਨੀ ਆਈ"। ਪੰਮੀ ਨੂੰ ਲਗਦਾ ਸੀ ਕਿ ਉਸਦਾ ਤੀਰ ਨਿਸ਼ਾਨੇ ਤੇ ਲੱਗੇਗਾ।
"ਹਾਂ ਪੁੱਤ ਉਹਦਾ ਗੁੱਸਾ ਜੈਜ ਆ, ਜਾਣਾ ਤੇ ਮੈ ਸੀ ਪਰ ਕਈਆਂ ਦਿਨਾ ਦੇ ਗੋਡੇ ਫਿਰ ਦੁਖਣ ਡਹੇ ਆ, ਮੰਜਾ ਈ ਨੀ ਛੱਡ ਹੁੰਦਾ"। 
ਬੇਬੇ ਨੇ ਅਪਣੀ ਮੁਸ਼ਕਲ ਦੱਸੀ।
"ਮੈ ਤਾਂ ਹੀ ਤਾ ਕਹਿੰਦੀ ਆ ਬੇਬੇ, ਨਾਲੇ ਭੂਆ ਨੂੰ ਮਿਲ ਆਇਆ ਕਰ ਨਾਲੇ ਤੇਰੀ ਸੈਰ ਹੋ ਜਾਇਆ ਕਰੂ"।ਪੰਮੀ ਨੇ ਬਣਾਈ ਸਕੀਮ ਅਧੀਨ ਕਿਹਾ।
"ਗੱਲ ਤੇਰੀ ਠੀਕ ਆ ਕੁੜੀਏ, ਦੇਖਦੇ ਆਂ ਕੱਲ ਨੂੰ ਹਿੰਮਤ ਪੈ ਗਈ ਤਾ"। 
ਬੇਬੇ ਰਾਜੀ ਸੀ।
"ਓਹੋ ਬੇਬੇ ਸਿਆਂਣੇ ਕਹਿੰਦੇ ਅੱਜ ਦਾ ਕੰਮ ਕੱਲ ਤੇ ਨੀ ਛੱਡੀਦਾ, ਜੇ ਅੱਜ ਆਲਸ ਕੀਤੀ ਤਾਂ ਕੱਲ ਨੂੰ ਹਿੰਮਤ ਕਿੱਥੋ ਆ ਜੂ ?" ਪੰਮੀ ਲਈ ਕੱਲ ਬਹੁਤ ਦੂਰ ਸੀ, ਉਹ ਦੇਬੀ ਨਾਲ ਛੇਤੀ ਇੱਕ ਪਾਸਾ ਕੀਤਾ ਚਾਹੁੰਦੀ ਸੀ।

"ਝੱਲੀਏ ਹੁਣ ਤਾ ਸ਼ਾਮਾ ਪੈ ਗਈਆ"। 
ਬੇਬੇ ਦੀ ਅੱਜ ਜਾਣ ਦੀ ਕੋਈ ਸਲਾਹ ਨਹੀ ਸੀ।
"ਲੈ ਆਪਾਂ ਕਿਹੜਾ ਦੂਰ ਜਾਣਾ, ਨਾਲੇ ਕੱਲ ਨੂੰ ਉਨਾ ਖਬਰੇ ਸ਼ਹਿਰ ਜਾਣਾ ਆ"।
ਪੰਮੀ ਕੋਰਾ ਝੂਠ ਬੋਲ ਗਈ।
"ਅੱਛਾ ? ਚੱਲ ਅੱਜ ਕੀ ਤੇ ਕੱਲ ਕੀ, ਕੰਮ ਨਿਬੜਿਆ ਈ ਚੰਗਾ"।
ਭਾਰਾ ਸਰੀਰ ਬੇਬੇ ਤੋ ਮਸਾ ਚੁੱਕ ਹੁੰਦਾ ਸੀ, ਪੰਮੀ ਦੀ ਖੁਸ਼ੀ ਦਾ ਅੰਤ ਨਹੀ ਸੀ, ਦੋਵੇ ਮਾਵਾਂ ਧੀਆਂ ਦੇਬੀ ਦੇ ਘਰ ਵੱਲ ਹੋ ਤੁਰੀਆਂ, ਪੰਮੀ ਛੇਤੀ ਪਹੁੰਚਣਾ ਚਾਹੁੰਦੀ ਸੀ ਪਰ ਬੇਬੇ ਦੇ ਪੈਰ ਮਰਜੀ ਨਾਲ ਹੀ ਉਠਦੇ ਸਨ ਉਹਨੂੰ ਅੱਜ ਬੇਬੇ ਦੇ ਮੁਟਾਪੇ ਬੜਾ ਗੁੱਸਾ ਆ ਰਿਹਾ ਸੀ।
"ਬੇਬੇ ਇਹ ਦੇਬੀ ਵੀਰ ਮੈਨੂੰ ਤਾ ਬੜਾ ਸਿਆਣਾ ਲੱਗਿਆ"। 
ਪੰਮੀ ਨੇ ਵੀਰ ਸ਼ਬਦ ਤੇ ਜੋਰ ਦੇ ਕੇ ਕਿਹਾ, ਉਹ ਜਾਣਦੀ ਸੀ ਕਿ ਜਵਾਂਨ ਕੁੜੀਆਂ ਤੇ ਮੁੰਡਿਆ ਤੇ ਬਯੁਰਗ ਬਾਹਲਾ ਇਤਬਾਰ ਨਹੀ ਕਰਦੇ ਅਤੇ ਉਹਦੇ ਲਈ ਇਹ ਜਰੂਰੀ ਸੀ ਕਿ ਉਹਦੇ ਘਰਦੇ ਅਤੇ ਭੂਆ ਉਸਤੇ ਇਤਬਾਰ ਕਰੇ, ਭਾਵੇ ਪੰਮੀ ਇਤਬਾਰਯੋਗ ਹੈ ਵੀ ਸੀ ਪਰ ਅਪਣੇ ਅੰਦਰਲੀ ਚੰਗਿਆਈ ਨੂੰ ਕਿਵੇ ਸਾਬਿਤ ਕੀਤਾ ਜਾਵੇ।
"ਫੇ ਤਾ ਧੀਏ ਠੀਕ ਆ, ਇਹਦੇ ਪਿਓ ਦੇ ਲੱਛਣ ਤਾਂ ਕੁੱਝ ਬਾਹਲੇ ਚੰਗੇ ਨੀ ਸੀ ਪਰ ਕਹਿੰਦੇ ਧਰੂ ਵੀ ਕਿਸੇ ਰਾਖਸ਼ ਦੇ ਘਰ ਜੰਮਿਆ ਸੀ"। 
ਬੇਬੇ ਦੇਬੀ ਦੇ ਪਿਓ ਦੇ ਐਬਾਂ ਤੋ ਚੰਗੀ ਤਰਾਂ ਵਾਕਿਫ ਸੀ,ਦੇਬੀ ਦਾ ਘਰ ਆ ਗਿਆ, ਭੂਆ ਰੋਟੀ ਦੇ ਆਹਰ ਵਿੱਚ ਲੱਗੀ ਹੋਈ ਸੀ, ਦੇਬੀ ਇੱਕ ਕਮਰੇ ਨੂੰ ਸਾਫ ਕਰਕੇ ਅਪਣੇ ਰਹਿਣ ਯੋਗ ਬਣਾਉਣ ਦੀ ਕੋਸ਼ਿਸ਼ ਵਿੱਚ ਸੀ।
"ਭੈਣ ਘਰੇ ਈ ਆ ?" ਬੇਬੇ ਨੇ ਖੁੱਲੇ ਗੇਟ ਰਾਹੀ ਅੰਦਰ ਆ ਕੇ ਕਿਹਾ, ਭੂਆ ਨੇ ਦੇਖਿਆ ਤੇ ਖੁਸ਼ ਹੁੰਦੀ ਬੋਲੀ "ਆ ਜਾ ਭੈਣੇ, ਤੈਨੂੰ ਰਾਹ ਲੱਭ ਈ ਗਿਆ"।
"ਮੈਂ ਤਾ ਕੱਲ ਈ ਆਉਣਾ ਸੀ ਪਰ ਆਹ ਮੇਰੇ ਗੋਡੇ ਨੀ ਤੁਰਦੇ, ਵਧਾਈਆ ਤੈਨੂੰ ਭੈਣੇ, ਰੱਬ ਨੇ ਤੇਰੇ ਘਰ ਵੀ ਰੌਣਕ ਮੋੜ ਲਿਆਂਦੀ"। ਬੇਬੇ ਨੇ ਲੇਟ ਆਉਣ ਦੀ ਮਾਫੀ ਵੀ ਮੰਗ ਲਈ ਤੇ ਵਧਾਈ ਵੀ ਦੇ ਦਿੱਤੀ, ਪੰਮੀ ਮਨ ਹੀ ਮਨ ਅਰਦਾਸ ਕਰ ਰਹੀ ਸੀ ਕਿ ਕਿਤੇ ਭਾਡਾ ਨਾ ਫੁੱਟਜੇ, ਫੇਰ ਕੀ ਜਵਾਬ ਦੇਊ ?
"ਭੂਆ ਵੀਰ ਜੀ ਨਜਰ ਨੀ ਆਉਦੇ ?" ।
ਪੰਮੀ ਨੇ ਗੱਲਾ ਦਾ ਰੁੱਖ ਮੋੜਨ ਲਈ ਕਿਹਾ, ਇਨੇ ਨੂੰ ਬਾਹਰ ਗੱਲਾਂ ਦੀ ਅਵਾਜ ਸੁਣ ਕੇ ਦੇਬੀ ਵੀ ਵਿਹੜੇ ਵੱਲ ਆ ਨਿਕਲਿਆ ਅਤੇ ਪੰਮੀ ਨੂੰ ਦੇਖ ਕੇ ਮਨ ਹੀ ਖੁਸ਼ ਤੇ ਹੈਰਾਂਨ ਵੀ ਹੋਇਆ।
"ਪੈਰੀ ਪੈਨਾ ਮਾਤਾ ਜੀ"। 
ਦੇਬੀ ਦਾ ਯਕੀਨ ਸੀ ਕਿ ਇਹ ਪੰਮੀ ਦੀ ਮਦਰ ਹੋਵੇਗੀ।
"ਯੁੱਗ ਯੁੱਗ ਜੀਵੇ ਪੁੱਤ, ਜਵਾਨੀਆਂ ਮਾਣੇ"। ਬੇਬੇ ਨੇ ਸਿਰ ਪਲੋਸਦਿਆ ਕਿਹਾ

"ਭੈਣ ਤੇਰੇ ਭਤੀਜੇ ਵੱਲ ਦੇਖ ਕੇ ਤਾਂ ਭੁੱਖ ਲਹਿੰਦੀ ਆ"। 
ਬੇਬੇ ਨੂੰ ਦੇਬੀ ਬਹੁਤ ਪਸੰਦ ਆਇਆ।
"ਆ ਭੈਣ ਬੈਠ"। 
ਭੂਆ ਬੇਬੇ ਨੂੰ ਗੇਟ ਦੇ ਨੇੜੇ ਡੱਠੇ ਮੰਜੇ ਵੱਲ ਲੈ ਤੁਰੀ।
"ਮਾਤਾ ਜੀ ਕੀ ਪੀਓਗੇ ?" ਦੇਬੀ ਨੇ ਪੁੱਛਿਆ
"ਵੇ ਪੁੱਤ ਆ ਬਹਿ ਮੇਰੇ ਕੋਲ, ਕੋਈ ਆਵਦੇ ਦੇਸ ਦੀ ਸੁਣਾ, ਪੀਣ ਨੂੰ ਛੱਡ ਪਰੇ"।
ਬੇਬੇ ਦੇਬੀ ਨਾਲ ਗੱਲਾ ਕਰਨੀਆਂ ਚਾਹੁੰਦੀ ਸੀ।
"ਦੇਸ਼ ਦੀ ਵੀ ਸੁਣਾਵਾਗਾ ਮਾਤਾ ਜੀ, ਪਹਿਲਾ ਤੁਹਾਨੂੰ ਕੁੱਝ ਪਿਆ ਲਵਾ, ਭੂਆ ਮੈ ਮਹਿਮਾਨਾ ਲਈ ਚਾਹ ਬਣਾ ਲਿਆਵਾਂ"। 
ਭੂਆ ਕਹਿਣਾ ਚਾਹੁੰਦੀ ਸੀ ਕਿ ਮੈ ਜਾਂਨੀ ਆ ਪਰ ਦੇਬੀ ਨੇ ਮੁਸਕਰਾ ਕੇ ਬੈਠੇ ਰਹਿਣ ਲਈ ਕਿਹਾ ਤੇ ਰਸੋਈ ਵੱਲ ਤੁਰ ਪਿਆ।
"ਲੈ ਵੀਰ ਕਹਿੰਦਾ ਮਹਿਮਾਨ, ਅਸੀ ਤਾ ਘਰਦੇ ਮੈਬਰ ਆ, ਮੈਂ ਵੀਰ ਦੀ ਮਦਦ ਕਰਦੀ ਆਂ"। 
ਤੇ ਕਹਿ ਕੇ ਪੰਮੀ ਉਠ ਪਈ, ਤੇ ਸਵਾਲੀਆ ਨਜਰਾਂ ਨਾਲ ਦੋਵਾਂ ਵੱਲ ਦੇਖਿਆ ਉਸ ਨੂੰ ਪਤਾ ਸੀ ਕਿ ਇਸਤੋ ਵਧੀਆ ਮੌਕਾ ਫਿਰ ਨੀ ਮਿਲਣਾ।
"ਜਾ ਧੀਏ ਉਹਨੂੰ ਤਾ ਰਸੋਈ ਵਿੱਚ ਖੰਡ ਨੀ ਲੱਭਣੀ, ਨਾਂ ਉਹਤੋ ਸਟੋਪ ਬਲਣਾ, ਚਾਹ ਇਹਨੇ ਕੀ ਬਣਾਉਣੀ ਆ ਤੇ ਏਨੀ ਦੇਰ ਅਸੀ ਦੁਖ ਸੁਖ ਕਰ ਲਈਏ"। 
ਭੂਆ ਨੇ ਪੰਮੀ ਨੂੰ ਕਿਹਾ, ਓਹ ਖੁਸ਼ ਕੀਤਾ ਈ ਭੂਆ, ਇਵੇ ਸੋਚਦੀ ਪੰਮੀ ਰਸੋਈ ਵੱਲ ਤੁਰ ਗਈ, ਦੇਬੀ ਚਾਹ ਦਾ ਸਮਾਂਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਰਮਨ ਵਿੱਚ ਰਹਿ ਕੇ ਉਸ ਨੇ ਬਹੁਤ ਸਾਰੇ ਕੰਮ ਸਿਖੇ ਸਨ ਜਿਨਾ ਵਿੱਚ ਖਾਣਾ ਆਦਿ ਪਕਾਉਣਾ ਵੀ ਸ਼ਾਮਿਲ ਸੀ, ਪਰ ਹਾਲੇ ਉਹ ਭੂਆ ਦੀ ਰਸੋਈ ਤੋ ਵਾਕਿਫ ਨਹੀ ਸੀ।
"ਵੀਰ ਜੀ ਤੁਹਾਡੇ ਕੋਲੋ ਚਾਹ ਨੀ ਬਣਨੀ, ਮੈਂ ਬਣਾਉਦੀ ਆਂ"।
ਪੰਮੀ ਨੇ ਕਿਹਾ।
"ਮਹਿਮਾਨ ਖੁਦ ਚਾਹ ਬਣਾਉਦੇ ਮੈ ਕਦੇ ਨੀ ਦੇਖੇ"। 
ਦੇਬੀ ਨੇ ਕਿਹਾ।
"ਆ ਕੀ ਮਹਿਮਾਨ ਮਹਿਮਾਨ ਲਾਈ ਆ, ਵੀਰ ਤੇਰੇ ਤੋ ਵੱਧ ਮੈ ਇਸ ਘਰ ਨੂੰ ਜਾਣਦੀ ਆਂ, ਜਦੋ ਭੂਆ ਬਿਮਾਰ ਹੁੰਦੀ ਤਾ ਇਥੇ ਰੋਟੀ ਮੈ ਈ ਪਕਾ ਕੇ ਜਾਨੀ ਆ"। 
ਪੰਮੀ ਉਸਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਜੇ ਇਸ ਘਰ ਵਿੱਚ ਕੋਈ ਮਹਿਮਾਨ ਹੈ ਤਾ ਉਹ ਖੁਦ ਦੇਬੀ।
"ਓ ਕੇ, ਜਿਵੇ ਤੁਹਾਨੂੰ ਚੰਗਾ ਲੱਗਦਾ"। 
ਦੇਬੀ ਨੇ ਕਿਹਾ।

"ਵੀਰੇ ਵਕਤ ਬਹੁਤ ਥੌੜਾ ਤੇ ਗੱਲਾ ਜਿਆਦਾ ਹਨ, ਮੈਂ ਬਹੁਤ ਸ਼ਪਸ਼ਟਵਾਦੀ ਆਂ, ਗੱਲ ਘੁਮਾ ਕੇ ਨਹੀ ਕਰਨਾ ਚਾਹੁੰਦੀ, ਤੁਹਾਨੂੰ ਕੁੱਝ ਪੁੱਛਣ ਆਈ ਆ"। 
ਪੰਮੀ ਵਕਤ ਜਾਇਆ ਨਹੀ ਸੀ ਕਰਨਾ ਚਾਹੁੰਦੀ, ਉਸ ਨੇ ਚਾਹ ਵੀ ਸਟੋਪ ਤੇ ਰੱਖ ਦਿੱਤੀ ਸੀ ਅਤੇ ਭਾਂਡਿਆ ਦਾ ਖੜਾਕ ਥੋੜਾ ਜਿਆਦਾ ਕਰ ਰਹੀ ਸੀ ਕਿ ਭੂਆ ਨੂੰ ਲੱਗੇ ਰਸੋਈ ਵਿੱਚ ਕੰਮ ਹੋ ਰਿਹਾ।
"ਸ਼ਪਸ਼ਟਵਾਦੀ ਮਨੁੱਖ ਮੇਰੇ ਮਨਪਸੰਦ ਹਨ, ਪੁੱਛੋ ਕੀ ਪੁੱਛਣਾ"।
ਦੇਬੀ ਨੂੰ ਕੁੱਝ ਖੁੜਕ ਗਈ ਸੀ।
"ਇਹ ਮੇਰੇ ਦੀਦੀ ਦੀਪੀ ਤੇ ਤੁਹਾਡੇ ਵਿਚਕਾਰ ਕੋਈ ਖਾਸ ਗੱਲ ?"।
ਪੰਮੀ ਦਾ ਚਿਹਰਾ ਪੂਰਾ ਸਵਾਲੀਆਂ ਨਿਸ਼ਾਨ ਬਣ ਗਿਆ ਸੀ।
"ਭੈਣ ਮੇਰੀਏ ਜੇ ਕੁੱਝ ਖਾਸ ਨਾਂ ਹੁੰਦਾ ਤਾ ਮੈ ਸ਼ਾਇਦ ਜਰਮਨ ਦੀ ਚਮਕ ਵਿੱਚ ਗਵਾਚ ਗਿਆ ਹੁੰਦਾ"। ਦੇਬੀ ਕੋਈ ਓਹਲਾ ਨੀ ਸੀ ਰੱਖਣਾ ਚਾਹੁੰਦਾ।
"ਪਰ ਵੀਰੇ ਤੁਹਾਨੂੰ ਪਤਾ ਕਿ ਅਸੀ ਇੱਕ ਪਿੰਡ ਦੇ ਆ ਤੇ ਤੁਹਾਡੇ ਰਾਹ ਵਿੱਚ ਕਿੰਨੇ ਰੋੜੇ 
ਆਉਣਗੇ ?" । ਪੰਮੀ ਨੇ ਖਤਰਿਆ ਦਾ ਅਹਿਸਾਸ ਕਰਵਾਇਆ।
"ਮੇਰਾ ਪਰੇਮ ਦੀਪੀ ਪ੍ਰਤੀ ਐਸਾ ਪਰੇਮ ਨਹੀ ਜੋ ਕਿਸੇ ਕਾਰਨ ਖਤਮ ਹੋ ਜਾਵੇ, ਮੇਰਾ ਉਸ ਨਾਲ ਮੇਲ ਨਾ ਵੀ ਹੋ ਪਾਇਆ ਤਾ ਫਿਰ ਵੀ ਇਨਾ ਕਾਫੀ ਹੋਵੇਗਾ ਕਿ ਉਹਦੇ ਦਰਸ਼ਨ ਹੁੰਦੇ ਰਹਿਣ, ਪੰਜਾਬੀ ਸਮਾਜ ਦੀ ਹਰ ਤੰਦਰੁਸਤ ਤੇ ਤੇ ਹਰ ਬੀਮਾਰ ਰਸਮ ਨੂੰ ਮੈ ਪੂਰੀ ਤਰਾਂ ਜਾਣਦਾ ਹਾਂ, ਪੰਜਾਬ ਵਿੱਚ ਨਾਂ ਰਹਿ ਕੇ ਵੀ ਕਿਤਾਬਾਂ ਰਾਹੀ ਪੰਜਾਬ ਨੂੰ ਬਹੁਤ ਜਾਣਿਆ"। 
ਦੇਬੀ ਕਿਸੇ ਵਹਿਮ ਵਿੱਚ ਨਹੀ ਸੀ ਜਿਊਦਾ।
"ਹੋ ਸਕਦਾ ਹੈ ਕਿ ਤੁਸੀ ਹਰ ਤੂਫਾਨ ਦਾ ਮੁਕਾਬਲਾ ਕਰ ਲਓ, ਪਰ ਮੇਰੀ ਭੈਣ ਕੋਲੋ ਸ਼ਾਇਦ ਇਹ ਨਾ ਹੋ ਸਕੇ, ਉਹਦੀ ਜੱਗ ਹਸਾਈ ਸਾਡੇ ਸਾਰਿਆ ਲਈ ਬਰਦਾਸ਼ਤ ਤੋ ਬਾਹਰ ਹੋਵੇਗੀ"। 
ਚਾਹ ਵਿੱਚ ਦੁੱਧ ਪਾਉਦੀ ਪੰਮੀ ਨੇ ਕਿਹਾ।
"ਭੂਆ ਕਿਤੇ ਲੈਚੀਆ ਵੀ ਪਈਆਂ ?" ।
ਬੂਹੇ ਵਿੱਚ ਹੋ ਕੇ ਪੰਮੀ ਨੇ ਦੂਰੋ ਈ ਪੁੱਛਿਆ, ਉਹ ਦੇਖ ਕੇ ਜਰਾ ਬੇਫਿਕਰੀ ਹੋ ਗਈ ਕਿ ਦੋਵੇ ਗੱਲਾਂ ਵਿਚ ਮਸਤ ਸਨ।
"ਪੁੱਤ ਹਾਅ ਪਰਛੱਤੀ ਤੇ ਚਿੱਟੇ ਡੱਬੇ ਚ ਹੋਣੀਆ"। 
ਭੂਆ ਨੇ ਦੱਸਿਆ।
"ਠੀਕ ਆ ਭੂਆ ਜੀ"। 
ਕਹਿ ਪੰਮੀ ਫਿਰ ਅੰਦਰ ਆ ਗਈ।
"ਮੈ ਐਸਾ ਕੁੱਝ ਵੀ ਨਹੀ ਕਰਾਗਾ ਅਤੇ ਨਾ ਹੀ ਹੋਣ ਦੇਵਾਗਾ ਜਿਸ ਕਾਰਨ ਦੇਵੀ ਦੀ ਚੁੰਨੀ ਤੇ ਦਾਗ ਲੱਗੇ"। 
ਦੇਬੀ ਨੂੰ ਅਪਣੇ ਆਪ ਤੇ ਪੂਰਾ ਭਰੋਸਾ ਸੀ।

"ਗੱਲ ਤੁਹਾਡੀ ਨਹੀ ਵੀਰ ਜੀ, ਗੱਲ ਪਰੇਮ ਦੇ ਵੈਰੀਆਂ ਦੀ ਆ, ਤੇ ਪਰੇਮ ਦੇ ਵੈਰੀ ਭਾਰਤ ਵਿੱਚ ਇੱਕ ਅਰਬ ਦੇ ਨੇੜੇ ਆ"। 
ਪੰਮੀ ਭਾਵੇ ਦਲੇਰ ਸੀ ਪਰ ਸਮਾਜ ਦੀ ਕਠੋਰਤਾ ਤੋ ਵਾਕਿਫ ਸੀ।
"ਇਕ ਅਰਬ ਵੈਰੀਆਂ ਤੋ ਉਪਰ ਇੱਕ ਹੋਰ ਹੈ, ਮੇਰਾ ਰਾਖਾ, ਕਲਗੀਆਂ ਵਾਲਾ, ਉਹ ਕਹਿੰਦਾ "ਸ਼ੁੱਭ ਕਰਮਨ ਤੇ ਕਬਹੂੰ ਨਾ ਟਰੋ, ਤੇ ਪਰੇਮ ਤੋ ਸ਼ੁੱਭ ਹੋਰ ਕੀ ਹੋ ਸਕਦਾ ?" ।
ਦੇਬੀ ਦੀ ਗੁਰੂ ਤੇ ਡੋਰੀ ਸੀ।
"ਮੇਰੀ ਦੀਦੀ ਦੇ ਧੰਨਭਾਗ ਜੋ ਤੁਹਾਡੇ ਵਰਗਾ ਪਰੇਮ ਕਰਨ ਵਾਲਾ ਮਿਲਿਆ, ਮੇਰੀਆ ਸ਼ੁੱਭ ਇਛਾਵਾਂ ਤੁਹਾਡੇ ਨਾਲ, ਮੈ ਜੋ ਕਰ ਸਕਦੀ ਹੋਈ ਕਰਾਂਗੀ"। 
ਪੰਮੀ ਨੇ ਚਾਹ ਗਿਲਾਸਾਂ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ।
"ਇੱਕ ਵਾਰ ਰੱਬ ਨੂੰ ਨੇੜਿਓ ਦੇਖ ਲੈਣ ਦਾ ਕੋਈ ਬੰਦੋਬਸਤ ਕਰ ਦੇਵੇ ਤਾਂ ਸਾਰੀ ਉਮਰ ਲਈ ਤੇਰਾ ਗੁਲਾਮ ਮੇਰੀ ਚੰਗੀ ਭੈਣ"। 
ਦੇਬੀ ਨੇ ਦਿਲ ਦੀ ਦੱਸੀ।
"ਕੁਝ ਤਾ ਕਰਨਾ ਹੀ ਪਉ, ਪਰ ਪਤਾ ਨਹੀ ਕੀ ਚੱਕਰ ਚਲਾਵਾਂ, ਸੋਚਣਾ ਪਵੇਗਾ, ਅੱਗ ਤੇ ਤੁਰਨਾ ਆ ਤੇ ਪੈਰ ਵੀ ਨੀ ਸੜਨ ਦੇਣੇ"। ਪੰਮੀ ਨੇ ਕਿਹਾ, ਪੰਮੀ ਨੂੰ ਪਤਾ ਸੀ ਕਿ ਦੋਨਾ ਦੀ ਮੁਲਾਕਾਤ ਕਿੰਨੀ ਰਿਸਕੀ ਹੋ ਸਕਦੀ ਆ, ਹੁਣ ਹੋਰ ਦੇਰ ਕਰਨੀ ਉਸਨੇ ਠੀਕ ਨਾਂ ਸਮਝੀ ਅਤੇ ਕਹਿਣ ਲੱਗੀ "ਵੀਰ ਜੀ ਦਿਲ ਨਾਂ ਛੱਡਣਾ, ਰੱਬ ਭਲੀ ਕਰੇਗਾ, ਆਓ ਹੁਣ"। 
ਤੇ ਚਾਹ ਦੀ ਟਰੇਅ ਚੱਕ ਕੇ ਬਾਹਰ ਨੂੰ ਤੁਰ ਪਈ, ਦੇਬੀ ਨੇ ਕੱਲ ਦੇ ਬਚੇ ਲੱਡੂ ਪਲੇਟ ਵਿੱਚ ਪਾ ਲਏ।
"ਲਓ ਮਾਤਾ ਜੀ ਮੂੰਹ ਮਿੱਠਾ ਕਰੋ"। 
ਦੇਬੀ ਨੇ ਪਲੇਟ ਮੋਹਰੇ ਕਰ ਦਿੱਤੀ।
"ਲੈ ਪੁੱਤ ਸੁਣਾ ਅਪਣੇ ਦੇਸ਼ ਦੀ ਕਿਹੋ ਜਿਹਾ ?"।
ਪੰਮੀ ਦੀ ਬੇਬੇ ਕੁੱਝ ਨਵਾ ਸੁਣਨ ਦੀ ਇਛੁਕ ਸੀ।
"ਮਾਤਾ ਜੀ, ਦੇਸ਼ ਤਾ ਬਾਹਲਾ ਈ ਸੋਹਣਾ, ਸਾਫ ਸੁਥਰਾ, ਔਰਤਾਂ ਬੰਦਿਆ ਦੇ ਬਰਾਬਰ ਹਰ ਕੰਮ ਕਰਦੀਆਂ, ਦੁਨੀਆਂ ਦੀ ਹਰ ਸ਼ੈਅ ਖਾਣ ਪੀਣ ਨੂੰ ਮਿਲਦੀ ਆ ਪਰ ਕੁੱਝ ਐਸੀਆ ਜਰੂਰੀ ਚੀਜਾਂ ਜੋ ਉਥੇ ਨਹੀ ਮਿਲਦੀਆਂ"।
ਦੇਬੀ ਨੇ ਕਿਹਾ।
"ਪੁੱਤ ਉਹ ਕੀ ਜੋ ਉਥੇ ਨੀ ਮਿਲਦਾ ?"। ਭੂਆ ਨੇ ਪੁੱਛਿਆ।
"ਉਥੇ ਭੂਆ ਨਹੀ ਮਿਲਦੀ, ਮਾਤਾ ਜੀ ਵਰਗਾ ਕੋਈ ਮਿਲਣ ਨਹੀ ਆਉਦਾ, ਪੰਮੀ ਵਰਗੀ ਭੈਂਣ ਨੀ ਮਿਲਦੀ ਤੇ ਦਿਲ ਦੀ ਗੱਲ ਸਮਝਣ ਵਾਲਾ ਕੋਈ ਸੱਜਣ ਨੀ ਮਿਲਦਾ"। 
ਪੰਮੀ ਤੋ ਬਿਨਾ ਭਾਵੇ ਸਾਰੀ ਗੱਲ ਦੀ ਸਮਝ ਬਯੁਰਗ ਔਰਤਾਂ ਨੂੰ ਨਹੀ ਸੀ ਆਈ ਪਰ ਫਿਰ ਵੀ ਉਨਾ ਨੂੰ ਦੇਬੀ ਦਾ ਜਵਾਬ ਬਹੁਤ ਚੰਗਾ ਲੱਗਿਆ।

"ਆਵਦਾ ਦੇਸ ਤਾਂ ਫਿਰ ਆਵਦਾ ਈ ਹੋਇਆ ਪੁੱਤ"। 
ਪੰਮੀ ਦੀ ਮਾਂ ਨੇ ਕਿਹਾ।
"ਨਿੱਕੀ ਜਿਹੀ ਕੁਲਦੀਪ ਵੀ ਹੁਣ ਤਾ ਮੁਟਿਆਰ ਹੋ ਗਈ ਹੋਣੀ ਆ, ਕਿਹੋ ਜਿਹੀ ਆ ?" ।
ਪੰਮੀ ਨੇ ਪੁੱਛਿਆ।
"ਸੱਚ ਪੁੱਛੇ ਤਾਂ ਤੇਰੇ ਜਿੰਨੀ ਉਚੀ, ਤੇਰੇ ਜਿੰਨੀ ਸਿਆਣੀ ਤੇ ਸੋਹਣੀ ਵੀ ਤੇਰੇ ਜਿੰਨੀ"। 
ਦੇਬੀ ਪੰਮੀ ਦੀ ਕੁੱਝ ਸਿਫਤ ਕਰਨੀ ਚਾਹੁਦਾ ਸੀ, ਹਾਲੇ ਤੱਕ ਕਿਸੇ ਬਿਗਾਨੇ ਗੱਭਰੂ ਨੇ ਪੰਮੀ ਨੂੰ ਐਸੇ ਮਿੱਠੇ ਸ਼ਬਦ ਨਹੀ ਸੀ ਕਹੇ, ਸ਼ਰਮ ਦੀ ਲਾਲੀ ਕੁੜੀ ਦੇ ਚਿਹਰੇ ਤੇ ਆ ਬਿਰਾਜੀ, ਉਸ ਨੂੰ ਦੇਬੀ ਹੋਰ ਚੰਗਾ ਲੱਗਿਆ, ਉਹ ਸੋਚਣ ਲੱਗ ਪਈ, ਕਾਸ਼ ਸਾਰੇ ਪੰਜਾਬੀ ਮੁੰਡੇ ਦੇਬੀ ਵਰਗੇ ਹੁੰਦੇ ਤਾ ਸਵਰਗ ਬਣ ਜਾਦਾ ਇਹ ਦੇਸ਼, ਕਾਫੀ ਦੇਰ ਉਹ ਗੱਲਾ ਕਰਦੇ ਰਹੇ, ਹੁਣ ਹਨੇਰਾ ਪਸਰ ਚੁੱਕਾ ਸੀ, ਮੁੰਡਿਆ ਦੀ ਢਾਣੀ ਹਾਲੇ ਬਹੁੜੀ ਨਹੀ ਸੀ, ਦੇਬੀ ਦੀ ਸਕੀਮ ਕਾਮਯਾਬ ਹੋ ਗਈ ਜਾਪਦੀ ਸੀ।
"ਬੇਬੇ ਅੱਜ ਘਰ ਜਾਣਾ ਕਿ ਸਾਰੀ ਰਾਤ ਵੀਰ ਕੋਲੋ ਗੱਲਾਂ ਸੁਣਨੀਆਂ"। 
ਪੰਮੀ ਨੇ ਘਰ ਦਾ ਚੇਤਾ ਕਰਵਾਇਆ।
"ਲੈ ਪੁੱਤ ਮੈ ਤਾ ਗੱਲੀ ਕੀ ਪਈ ਸਾਰੀ ਸੁੱਧ ਬੁੱਧ ਭੁੱਲ ਜਾਨੀ ਆ, ਚੱਲ ਨਿੱਕੀ ਕੱਲੀ ਰੋਟੀ ਪਾਣੀ ਕਰਨ ਡਹੀ ਹੋਣੀ ਆ"। 
ਬੇਬੇ ਨੂੰ ਪੰਮੀ ਤੋ ਛੋਟੀ ਦਾ ਫਿਕਰ ਆ ਪਿਆ।
"ਚਲੋ ਮਾਤਾ ਜੀ ਮੈ ਤੁਹਾਨੂੰ ਛੱਡ ਕੇ ਆਉਨਾ"। ਉਹ ਪਰੇਮ ਦੂਤ ਪੰਮੀ ਦੀ ਨੇੜਤਾ ਥੋੜੀ ਦੇਰ ਹੋਰ ਮਾਨਣੀ ਚਾਹੁੰਦਾ ਸੀ, ਭੂਆ ਦੇ ਗਲੇ ਮਿਲ ਪੰਮੀ ਦੀ ਮਾਂ ਤੇ ਪੰਮੀ ਨਾਲ ਦੇਬੀ ਪਿੰਡ ਵੱਲ ਨੂੰ ਹੋ ਤੁਰਿਆ, ਰਾਹ ਵਿੱਚ ਬੇਬੇ ਜਰਮਨ ਦੀਆ ਗੱਲਾਂ ਪੁੱਛਦੀ ਰਹੀ, ਪਿੰਡ ਦੀ ਜੂਹ ਅੰਦਰ ਕਰ ਕੇ ਦੇਬੀ ਨੇ ਕਿਹਾ।
"ਚੰਗਾ ਮਾਤਾ ਜੀ ਹੁਣ ਮੈਂ ਮੁੜਦਾ"।
"ਵੇ ਪੁੱਤ ਘਰੋ ਹੋ ਕੇ ਜਾਈ"। 
ਮਾਤਾ ਉਸ ਨੂੰ ਏਦਾਂ ਮੋੜਨਾ ਨਹੀ ਸੀ ਚਾਹੁੰਦੀ।
"ਮਾਤਾ ਜੀ ਘਰ ਜਰੂਰ ਆਵਾਗਾ, ਭੂਆ ਨੂੰ ਨਾਲ ਲੈ ਕੇ"। 
ਤੇ ਨਾਲ ਹੀ ਉਹ ਮਾਤਾ ਦੇ ਪੈਰਾ ਵੱਲ ਝੁਕ ਗਿਆ, ਮਾਤਾ ਨੇ ਸਿਰ ਪਲੋਸਿਆ, ਪੰਮੀ ਵੱਲ ਕੁਰਬਾਨ ਜਾਣ ਵਾਲੀਆ ਨਜਰਾ ਨਾਲ ਦੇਖਦਾ ਉਹ ਘਰ ਨੂੰ ਮੁੜ ਗਿਆ, ਮਾਵਾ ਧੀਆਂ ਘਰ ਵੱਲ ਹੋ ਤੁਰੀਆ, ਦੀਪੀ ਦਾ ਘਰ ਉਨਾ ਤੋ ਦੋ ਘਰ ਛੱਡ ਕੇ ਸੀ।
"ਬੇਬੇ ਮੈਂ ਦੀਪੀ ਕੋਲ ਇੱਕ ਕਿਤਾਬ ਭੁੱਲ ਗਈ ਸੀ ਮੈ ਹੁਣੇ ਆਈ, ਤੁਸੀ ਘਰ ਨੂੰ ਚੱਲ ।" 
ਉਹ ਦੀਪੀ ਨੂੰ ਛੇਤੀ ਤੋ ਛੇਤੀ ਖੁਸ਼ਖਬਰੀ ਦੱਸਣੀ ਚਾਹੁੰਦੀ ਸੀ, ਕਿਤਾਬਾ ਦੀ ਅਦਲਾ ਬਦਲੀ ਸੁਨੇਹੇ ਦੇਣ ਦਾ ਸਾਧਨ ਹੁੰਦਾ ਸੀ, ਕਈ ਵਾਰ ਪਰੇਮ ਪੱਤਰ ਵੀ ਕਿਸੇ ਕਾਪੀ ਕਿਤਾਬ ਵਿੱਚ ਮਿਲ ਜਾਦਾ ਸੀ।
"ਤਾਈ ਜੀ ਦੀਪੀ"। ਦੀਪੀ ਦੇ ਘਰ ਆ ਕੇ ਪੰਮੀ ਨੇ ਚੌਕੇ ਬੈਠੀ ਦੀਪੀ ਦੀ ਮਾਂ ਨੂੰ ਪੁੱਛਿਆ।
"ਪੁੱਤ ਅੰਦਰ ਕੂਲਰ ਮੋਹਰੇ ਪਈ ਆ ਕਹਿੰਦੀ ਸਿਰ ਦਰਦ ਆ"। 
ਮਾਂ ਨੇ ਦੱਸਿਆ, ਠੇਕੇਦਾਰ ਅਤੇ ਦਲੀਪ ਹਾਲੇ ਘਰ ਨਹੀ ਸੀ, ਉਹ ਦੋਵੇ ਰਾਤ ਦੇਰ ਨਾਲ ਹੀ ਆਉਦੇ ਸਨ, ਪੰਮੀ ਅੰਦਰ ਚਲੇ ਗਈ, ਦੀਪੀ ਦੇ ਸਿਰ ਤੇ ਦੁਪੱਟਾ ਇਵੇ ਬੰਨਿਆ ਹੋਇਆ ਸੀ ਜਿਵੇ ਸਿਰ ਦਰਦ ਹੁੰਦਾ ਹੋਵੇ।

"ਸਿਰ ਦਰਦ ਹੁੰਦਾ ਕਿ ਦਿਲ ਦਰਦ ?"। ਪੰਮੀ ਨੇ ਮਸ਼ਕਰੀ ਕੀਤੀ।
"ਤੈਨੂੰ ਕੀ, ਕੁੱਝ ਵੀ ਹੁੰਦਾ ਹੋਵੇ, ਮੈ ਕਦੋ ਦੀ ਉਡੀਕ ਰਹੀ ਆ, ਹੁਣ ਆ ਮਰੀ ਆ"।
ਦੀਪੀ ਉਸਤੇ ਨਰਾਜ ਸੀ।
"ਭਲਾ ਬੁੱਝ ਤਾਂ ਕਿੱਥੇ ਗਈ ਸੀ ?" ।
ਪੰਮੀ ਥੋੜਾ ਸਵਾਦ ਲੈਣਾ ਚਾਹੁੰਦੀ ਸੀ।
"ਕਿੱਥੇ ਗਈ ਦਾ ਕੀ ਮਤਲਬ, ਘਰੋ ਆਈ ਹੋਰ ਤੂੰ ਏਨੀ ਛੇਤੀ ਸ਼ਿਮਲਾ ਘੁੰਮ ਆਈ ਆਂ"।
ਦੀਪੀ ਨੂੰ ਸਮਝ ਨਹੀ ਪਈ।
"ਸ਼ਿਮਲੇ ਜਿੰਨਾ ਠੰਡਾ ਤਾ ਨਹੀ ਸੀ, ਪਰ ਦਿਲ ਵਿੱਚ ਠੰਡਕ ਜਰੂਰ ਪੈ ਗਈ, ਰਾਝੇ ਵਾਂਗ ਵੰਝਲੀ ਤਾ ਨਹੀ ਸੀ ਵਜਾਉਦਾ ਪਰ ਬੋਲ ਉਸ ਦੇ ਵੀ ਬਹੁਤ ਮਿੱਠੇ ਸਨ, ਮਿਰਜੇ ਵਾਂਗ ਕਮਾਨ ਮੋਢੇ ਤੇ ਨਹੀ ਸੀ ਲਟਕਾਈ ਫਿਰਦਾ ਪਰ ਲਗਦਾ ਲੋੜ ਪੈਂਣ ਤੇ ਸੀਨੇ ਤੇ ਗੋਲੀ ਖਾ ਸਕਦਾ, ਦੁਪਿਹਰ ਵਾਂਗ ਦੁੱਧ ਵਿੱਚ ਸੋਢਾ ਤਾ ਨਹੀ ਸੀ ਪਿਲਾਇਆ ਪਰ ਚਾਹ ਵੀ ਕੋਈ ਘੱਟ ਸਵਾਦ ਨਹੀ ਸੀ" । 
ਪੰਮੀ ਨੇ ਅਪਣਾ ਮੂੰਹ ਇਵੇ ਬਣਾ ਲਿਆ ਜਿਵੇ ਕੋਈ ਜੰਗ ਜਿੱਤ ਕੇ ਆਈ ਹੋਵੇ।
"ਮੇਰੇ ਸਿਰ ਦੀ ਸੌਹ ?"। ਦੀਪੀ ਨੇ ਉਹਦਾ ਹੱਥ ਫੜ ਸਿਰ ਤੇ ਰੱਖ ਲਿਆ।
"ਬੱਚਾ ਸੰਤਾ ਦੀ ਸੇਵਾ ਕਰਿਆ ਕਰੋ, ਮੁਰਾਦਾਂ ਝਟਾਪੱਟ ਪੂਰੀਆ ਹੋਣਗੀਆ"। 
ਪੰਮੀ ਹੋਰ ਮਸਤ ਗਈ।
"ਵੈਰਨੇ ਤੰਗ ਨਾਂ ਕਰ, ਕੋਈ ਗੱਲ ਹੋਈ, ਕੁੱਝ ਕਿਹਾ ਉਸਨੇ ?" ।
ਦੀਪੀ ਨੂੰ ਯਕੀਨ ਨਹੀ ਸੀ ਕਿ ਇਨੀ ਜਲਦੀ ਪੰਮੀ ਨੇ ਕੀ ਚੱਕਰ ਚਲਾ ਲਿਆ ਹੋਵੇਗਾ।
"ਤੰਗ ਕਿਓ ਨਾਂ ਕਰਾ, ਕੋਹਿਨੂਰ ਤੋ ਮਹਿੰਗੀਆ ਗੱਲਾਂ ਮੁਫਤੋ ਮੁਫਤੀ ਕਿਵੇ ਦੱਸ ਦਿਆ" । 
ਪੰਮੀ ਹੋਰ ਚਾਮਲ ਗਈ।
"ਦੇਖ, ਨਜਾਇਜ ਫਾਇਦਾ ਨਾ ਉਠਾ, ਜੇ ਛੇਤੀ ਜੁਬਾਨ ਨਾ ਖੋਲੀ ਤਾਂ ਭੁੱਖ ਹੜਤਾਲ ਤੇ ਬੈਠ ਜਾਊ …" । 
ਦੀਪੀ ਦਾ ਦਿਲ ਕਾਹਲਾ ਪਿਆ ਹੋਇਆ ਸੀ, ਪੰਮੀ ਨੇ ਹੋਰ ਤੰਗ ਕਰਨਾ ਠੀਕ ਨਾ ਸਮਝਿਆ।
"ਜੋਗੀ ਤਾਂ ਕੰਨੀ ਮੁੰਦਰਾ ਪਾਈ ਬੈਠਾ"। 
ਪੰਮੀ ਨੇ ਕਿਹਾ।
"ਅੱਛਾ ? ਮੈਨੂੰ ਹਰ ਗੱਲ ਦੱਸ, ਜੋ ਜੋ ਉਸ ਨੇ ਬੋਲਿਆ ਬਿਲਕੁਲ ਉਵੇ ਈ …"। 
ਦੀਪੀ ਦੇ ਹੱਥ ਵਿੱਚ ਪਹਿਲੀ ਛੋਹ ਦਾ ਆਨੰਦ ਹਾਲੇ ਵੀ ਬਰਕਰਾਰ ਸੀ, ਪੰਮੀ ਨੇ ਸਾਰਾ ਕੁੱਝ ਦੱਸ ਦਿੱਤਾ, ਜਿਵੇ ਜਿਵੇ ਪੰਮੀ ਦੱਸ ਰਹੀ ਸੀ ਉਵੇ ਉਵੇ ਦੀਪੀ ਦਾ ਚਿਹਰਾ ਫੁੱਲ ਵਾਂਗ ਖਿੜਦਾ ਜਾਦਾ ਸੀ, ਜਦੋ ਉਸ ਨੇ ਦੱਸਿਆ ਕਿ ਕਹਿੰਦਾ, "ਰੱਬ ਨਾਲ ਮੇਲ ਕਰਾ ਦੇਵੇ ਤਾ ਸਾਰੀ ਉਮਰ ਦੀ ਗੁਲਾਮੀ ਕਰੂੰ" ਇਹ ਸੁਣ ਕੇ ਦੀਪੀ ਦੀਆ ਅੱਖਾ ਵਿਚੋ ਹੰਝੂਆ ਦਾ ਜੋੜਾ ਅਲਵਿਦਾ ਕਹਿ ਗਿਆ।

"ਕੋਈ ਕਿਸੇ ਨੂੰ ਏਨਾ ਪਰੇਮ ਵੀ ਕਰ ਸਕਦਾ ਤੇ ਉਹ ਵੀ ਮੈਨੂੰ, ਰੱਬਾ ਤੇਰਾ ਧੰਨਵਾਦ"।
ਦੀਪੀ ਦੀ ਝੋਲੀ ਵਿੱਚ ਖੁਸ਼ੀਆ ਸਾਂਭੀਆ ਨਹੀ ਸੀ ਜਾ ਰਹੀਆਂ।
"ਸੁਣਿਆ ਰਾਝਾ ਤਖਤ ਹਜਾਰਾ ਛੱਡ ਆਇਆ ਸੀ, ਉਹ ਤੇਰੇ ਲਈ ਜਰਮਨ ਛੱਡ ਆਇਆ"। 
ਪੰਮੀ ਨੂੰ ਦੇਬੀ ਦੇ ਪਰੇਮ ਵਿੱਚ ਕੋਈ ਸ਼ੱਕ ਨਹੀ ਸੀ ਰਹਿ ਗਈ,ਦੀਪੀ ਨੇ ਪੰਮੀ ਨੂੰ ਬਾਹਾਂ ਵਿੱਚ ਘੁੱਟ ਲਿਆ, ਉਹ ਪੰਮੀ ਦਾ ਕਿਵੇ ਵੀ ਧੰਨਵਾਦ ਨਹੀ ਸੀ ਕਰ ਸਕਦੀ।
"ਤੂੰ ਹੁਣ ਸੁਪਨੇ ਵਿੱਚ ਪਾ ਜੱਫੀਆ ਜਿਨੂੰ ਪਾਉਣੀਆ, ਮੈ ਚੱਲੀ, ਨਹੀ ਬੇਬੇ ਗੁੱਤ ਪੱਟ ਦੂ"। 
ਉਨੂੰ ਪਤਾ ਸੀ ਕਿ ਘਰੋ ਕੋਈ ਨਾ ਕੋਈ ਆਇਆ ਕਿ ਆਇਆ, ਦੀਪੀ ਦੇ ਅੱਗੇ ਪੇਪਰ ਵੇਟ ਤੋ ਲੈ ਕੇ ਦੁੱਧ ਸੋਢੇ ਤੱਕ ਦਾ ਦਰਿਸ਼ ਫਿਲਮ ਦੀ ਤਰਾ ਲੰਘ ਗਿਆ, ਤੇ ਪਤਾ ਨਹੀ ਕਦੋ ਉਹ ਸੁਪਨਿਆ ਦੀ ਦੁਨੀਆਂ ਵਿੱਚ ਗਵਾਚ ਗਈ, ਮਾਂ ਰੋਟੀ ਲੈ ਕੇ ਆਈ ਤੇ ਸੁੱਤੀ ਨੂੰ ਦੇਖ ਕੇ ਬੋਲੀ … 
"ਰੋਟੀ ਖਾਦੇ ਬਿਨਾ ਈ ਸੌਂ ਗੀ ਕੰਵਲੀ"। ਮਾਂ ਨੇ ਚਾਦਰ ਠੀਕ ਕਰ ਕੇ ਉਤੇ ਦੇ ਦਿੱਤੀ ਤੇ ਉਠਾਉਣਾ ਠੀਕ ਨਾ ਸਮਝਿਆ, ਸੁੱਤੀ ਪਈ ਦੇ ਚਿਹਰੇ ਤੇ ਆਈ ਮੁਸਕਰਾਹਟ ਦਾ ਭੇਦ ਮਾ ਨੂੰ ਨਹੀ ਪਤਾ ਲੱਗਾ, ਲਗਦਾ ਸੀ ਕਿ ਹੁਣ ਉਹ ਕੱਲੀ ਦੇਬੀ ਦੇ ਹੱਥੋ ਦੁੱਧ ਸੋਢਾ ਪੀ ਰਹੀ ਹੋਣੀ ਆਂ।

ਕਾਂਡ 6
 
ਗਰਮੀ ਦੀ ਰੁੱਤ, ਤਾਰਿਆਂ ਦੀ ਛਾਂ ਹੇਠ ਦੇਬੀ ਵਿਹੜੇ ਵਿੱਚ ਕੂਲਰ ਅੱਗੇ ਪਿਆ ਸੀ, ਭੂਆ ਸੌਂ ਚੁੱਕੀ ਸੀ, ਨਿਰਮਲ ਹਾਲੇ ਵਾਪਿਸ ਨਹੀ ਸੀ ਆਇਆ, ਦੇਬੀ ਅਕਾਸ਼ ਵੱਲ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਜਿੰਨੀ ਅਸਾਨੀ ਨਾਲ ਉਹ ਗੱਲਾ ਕਰ ਰਿਹਾ ਹਕੀਕਤ ਵਿੱਚ ਸਭ ਕੁੱਝ ਓਨਾ ਹੀ ਮੁਸ਼ਕਿਲ ਹੈ, ਭਾਵੇ ਕਿ ਬਚਪਨ ਤੋ ਹੀ ਮੁਸ਼ਕਲਾਂ ਨਾਲ ਉਸਦਾ ਵਾਹ ਸੀ ਪਰ ਪੰਜਾਬ ਦੇ ਤੌਰ ਤਰੀਕੇ ਅਪਣੀ ਥਾਂ ਕਿਸੇ ਚੱਕਰਵਿਊ ਤੋ ਘੱਟ ਨਹੀ ਸਨ,ਇਹ ਪਹਿਲਾ ਮੌਕਾ ਸੀ ਕਿ ਬਿੰਦਰ ਤੇ ਕੁਲਦੀਪ ਨੂੰ ਉਹ ਕੱਲਿਆ ਛੱਡ ਆਇਆ ਸੀ, ਦੋਵਾਂ ਭੈਣ ਭਰਾਵਾਂ ਵਿੱਚ ਆਤਮ ਵਿਸ਼ਵਾਸ਼ ਉਸ ਨੇ ਭਰ ਰੱਖਿਆ ਸੀ, ਇਸ ਗੱਲ ਵਿੱਚ ਉਸ ਨੂੰ ਕੋਈ ਸ਼ੱਕ ਨਹੀ ਸੀ ਕਿ ਉਹ ਦੋਵੇ ਅਪਣੀ ਮੰਜਿਲ ਪਾ ਜਾਣਗੇ, ਜੋ ਮਦਦ ਉਨਾ ਦੀ ਉਹ ਕਰ ਸਕਦਾ ਸੀ ਕਰ ਚੁੱਕਿਆ ਸੀ, ਆਉਣ ਲੱਗਿਆ ਦੋਵਾਂ ਨੂੰ ਉਸ ਨੇ ਕਿਹਾ ਸੀ … 
         "ਐਸਾ ਕੁੱਝ ਨਹੀ ਜੋ ਮੈ ਹੁਣ ਤੱਕ ਤੁਹਾਡੇ ਕੋਲੋ ਲੁਕੋਇਆ ਹੋਵੇ, ਮੇਰੇ ਸਹਾਰੇ ਨੂੰ ਤੱਕ ਕੇ ਕਮਜੋਰ ਨਹੀ ਹੋਣਾ, ਅਪਣੀ ਤਾਕਤ ਅਪਣੇ ਲਈ ਖੁਦ ਵਰਤਣੀ ਹੈ ਅਤੇ ਹਰ ਪੱਖ ਤੋ ਮਜਬੂਤ ਹੋਣਾ ਹੈ, ਕਿਸੇ ਅੱਗੇ ਹੱਥ ਨਹੀ ਅੱਡਣਾ, ਜਦੋ ਉਦਾਸੀ ਘੇਰ ਲਵੇ ਉਦੋ ਸਿਰਫ ਪਰਮਾਤਮਾ ਸਹਾਰਾ ਹੈ, ਬੰਦਿਆ ਦੇ ਸਹਾਰੇ ਰੇਤ ਦੀ ਕੰਧ ਹਨ ਇਨਾ ਤੇ ਟੇਕ ਨਹੀ ਰੱਖਣੀ"। 
ਦੋਵਾ ਭੈਣ ਭਰਾਵਾ ਨੂੰ ਆਖਰੀ ਵਾਰ ਘੁੱਟ ਕੇ ਉਹ ਇਮੀਗਰੇਸ਼ਨ ਕਾਉਟਰ ਵੱਲ ਤੁਰ ਪਿਆ ਸੀ।
ਹੁਣ ਪੰਜਾਬ ਵਿੱਚ ਆਏ ਨੂੰ ਹਾਲੇ ਦੋ ਦਿਨ ਹੋਏ ਸਨ, ਉਹ ਸਿਰਫ ਮਜਨੂੰ ਹੀ ਬਣਿਆ ਨਹੀ ਸੀ ਰਹਿਣਾ ਚਾਹੁੰਦਾ, ਮਾਨਸਿਕ ਕਮਜੋਰੀ ਨੂੰ ਉਸ ਨੇ ਕਦੇ ਨੇੜੇ ਨਹੀ ਸੀ ਆਉਣ ਦਿੱਤਾ, ਹੀਰ ਭਾਵੇ ਖੇੜਿਆ ਦੇ ਚਲੀ ਜਾਵੇ ਪਰ ਰਹੇਗੀ ਉਹ ਉਸਦੀ ਹੀ ਅਤੇ ਇਹ ਅਹਿਸਾਸ ਵੀ ਕਾਫੀ ਸੀ ਦੇਬੀ ਵਾਸਤੇ, ਹੁਣ ਤੱਕ ਕੀਤੀ ਅਪਣੀ ਬੱਚਤ ਵਿੱਚੋ ਕੁੱਝ ਪੈਸੇ ਦੋਵੇ ਭੈਣ ਭਰਾਵਾਂ ਲਈ ਛੱਡ ਕੇ ਬਾਕੀ ਉਹ ਅਪਣੇ ਨਾਲ ਲੈ ਆਇਆ ਸੀ, ਨਿਰਮਲ ਹਾਲੇ ਪੁਰਾਣੇ ਟਰੈਕਟਰ ਨਾਲ ਵਾਹੀ ਕਰ ਰਿਹਾ ਸੀ, 

ਦੇਬੀ ਅਪਣੇ ਖੇਤਾ ਵਿੱਚ ਇਨਕਲਾਬ ਲਿਆਉਣਾ ਚਾਹੁੰਦਾ ਸੀ, ਇਹ ਇੱਕ ਵੱਡਾ ਇਮਤਿਹਾਨ ਹੋਵੇਗਾ ਪਰ ਹਰ ਹਾਲਤ ਪਾਸ ਹੋਣਾ ਹੈ, ਦੇਬੀ ਦਾ ਯਕੀਨ ਸੀ ਕਿ ਕੁੱਝ ਵੀ ਅਸੰਭਵ ਨਹੀ, ਇਰਾਦੇ ਨੇਕ ਹੋਣ, ਗੁਰੂ ਦਾ ਸਾਥ ਹੋਵੇ ਤੇ ਹਿੰਮਤ ਕੋਲ ਹੋਵੇ, ਹਰ ਮੋਰਚਾ ਫਤਿਹ ਕੀਤਾ ਜਾ ਸਕਦਾ ਆ, ਉਹ ਸੋਚ ਰਿਹਾ ਸੀ ਖੇਤਾਂ ਵਿੱਚ ਇਨਕਲਾਬ ਲਿਆਉਣ ਲਈ ਨਵੀ ਮਸ਼ੀਨਰੀ ਦੀ ਲੋੜ ਆ, ਨਵੇ ਤੇ ਸ਼ੁੱਧ ਬੀਜ, ਦੋ ਤੋ ਵੱਧ ਫਸਲਾਂ ਅਤੇ ਸਹਾਇਕ ਧੰਦੇ ਆਦਿ ਇਨਾ ਦਾ ਹੋਣਾ ਜਰੂਰੀ ਹੈ, ਜਰਮਨ ਰਹਿੰਦੇ ਹੋਏ ਮੈਗਜੀਨਾਂ ਰਾਹੀ ਉਹ ਭਾਰਤੀ ਖੇਤੀਬਾੜੀ ਦੀਆ ਮੁਸ਼ਕਲਾਂ ਨੂੰ ਬਹੁਤ ਵਾਰੀ ਵਿਚਾਰ ਚੁੱਕਿਆ ਸੀ, ਉਸ ਦੇ ਹਰ ਕਦਮ ਨੂੰ ਉਹ ਪਹਿਲਾ ਹੀ ਤੈਅ ਕਰ ਚੁੱਕਿਆ ਸੀ ਅਤੇ ਕੱਲ ਸੁਭਾ ਤੋ ਐਕਸ਼ਨ ਦੀ ਪੂਰੀ ਤਿਆਰੀ ਵਿੱਚ ਸੀ, ਪਿੰਡ ਦੇ ਲੋਕਾ ਦੇ ਆਪਸੀ ਵਿਰੋਧ, ਤਰੱਕੀ ਦੀ ਧੀਮੀ ਰਫਤਾਰ, ਬੇਲੋੜੀਆ ਰਸਮਾ ਦੇ ਬੋਝ ਬਹੁਤ ਸਾਰੇ ਮਸਲੇ ਸਨ ਜਿਨਾ ਨੂੰ ਸੁਲਝਾਉਣ ਦੇ ਕਈ ਪਲੈਨ ਬਣਾਈ ਬੈਠਾ ਸੀ, ਕੱਲ ਦੇ ਦਿਨ ਦੇ ਕਰਨ ਵਾਲੇ ਕੰਮਾ ਦੀ ਲਿਸਟ ਮਨ ਹੀ ਮਨ ਬਣਾ ਕੇ ਰੱਬ ਅੱਗੇ ਅਰਦਾਸ ਕਰ ਕੇ ਉਸ ਨੇ ਅੱਖਾ ਮੀਟ ਲਈਆਂ।

"ਵੇ ਪੁੱਤ ਉਠ, ਦਿਨ ਚੜ ਆਇਆ"। 
ਭੂਆ ਦੀ ਅਵਾਜ ਸੁਣ ਕੇ ਦੇਬੀ ਉਠਿਆ, ਆਸਾ ਪਾਸਾ ਦੇਖਿਆ, ਵਾਕਿਆ ਹੀ ਸੂਰਜ ਚੜ ਆਇਆ ਸੀ, ਉਹ ਬਹੁਤ ਮਿੱਠੀ ਨੀਦੇ ਸੁੱਤਾ ਸੀ, ਨਾਲੇ ਜਰਮਨ ਤੋ ਪੰਜਾਬ ਦੇ ਸਫਰ ਦੀ ਥਕਾਨ ਅਤੇ ਸਮੇ ਦੀ ਤਬਦੀਲੀ ਆਦਿ, ਸਰੀਰਕ ਸਿਸਟਮ ਪੂਰੀ ਤਰਾਂ ਰੁਟੀਨ ਵਿੱਚ ਨਹੀ ਸੀ ਆਇਆ।
"ਭੂਆ ਚੰਗਾ ਕੀਤਾ, ਜਗਾ ਦਿੱਤਾ ਨਹੀ ਤਾਂ ਮੈ ਹਾਲੇ ਸੁੱਤਾ ਹੀ ਰਹਿਣਾ ਸੀ"।
ਦੇਬੀ ਨੇ ਕਿਹਾ।
"ਫੇਰ ਕੀ ਹੋਇਆ ਪੁੱਤ, ਤੂੰ ਕਿਹੜਾ ਨੌਕਰੀ ਤੇ ਜਾਣਾ"।
ਭੂਆ ਲਈ ਉਹ ਮਹਿਮਾਨ ਹੀ ਸੀ।
"ਭੂਆ ਪਰੌਠੀਆ ਦੋ ਬਣਾ ਕੇ ਆਪ ਵੀ ਤਿਆਰ ਹੋ ਜਾ ਆਪਾਂ ਸ਼ਹਿਰ ਜਾਣਾ"।
ਦੇਬੀ ਨੇ ਕਿਹਾ।
"ਪੁੱਤ ਤੂੰ ਚਲੇ ਜਾ ਨਾਲ ਨਿਰਮਲ ਨੂੰ ਲੈ ਜਾ, ਮੈਂ ਸ਼ਹਿਰ ਕੀ ਕਰਨਾਂ"।
ਭੂਆ ਘਰੋ ਨਹੀ ਸੀ ਨਿਕਲਦੀ ਹੁੰਦੀ।
"ਇਹ ਤਾ ਭੂਆ ਸ਼ਹਿਰ ਜਾ ਕੇ ਦੱਸੂੰ ਕਿ ਕੀ ਕਰਨਾ, ਆਪਾਂ ਅੱਠ ਵਾਲੀ ਬੱਸ ਫੜਨੀ ਆ"। 
ਸੱਜਣਾ ਦੇ ਦਰਸ਼ਨ ਕਰਨ ਦਾ ਮੌਕਾ ਉਹ ਹੱਥੋ ਨਹੀ ਸੀ ਜਾਣ ਦੇਣਾ ਚਾਹੁੰਦਾ, ਨਿਰਮਲ ਰਾਤ ਨੂੰ ਪਤਾ ਨਹੀ ਕਦੋ ਆਇਆ ਸੀ ਤੇ ਹਾਲੇ ਕੋਠੇ ਤੇ ਡਾਹੇ ਮੰਜੇ ਤੇ ਸੁੱਤਾ ਪਿਆ ਸੀ, ਦੇਬੀ ਨੇ ਉਪਰ ਜਾ ਕੇ ਉਸ ਨੂੰ ਜਗਾਇਆ ਅਤੇ ਤਿਆਰ ਹੋਣ ਲਈ ਕਿਹਾ, ਤੇ ਆਪ ਬਾਥਰੂਮ ਵਿੱਚ ਵੜ ਗਿਆ, ਜਰਮਨ ਵਿੱਚ ਰਹਿ ਕੇ ਉਹ ਸਮੇ ਦੀ ਕੀਮਤ ਨੂੰ ਜਾਣ ਚੁੱਕਾ ਸੀ, ਭੂਆ ਕਿਸੇ ਹੋਰ ਦਾ ਕਿਹਾ ਨਹੀ ਸੀ ਮੰਨਦੀ ਪਰ ਭਤੀਜੇ ਦੀ ਮੋੜਨਾ ਨਹੀ ਸੀ ਚਾਹੁੰਦੀ, ਸੋ ਚੁੱਪ ਚਾਪ ਉਹ ਵੀ ਤਿਆਰ ਹੋਣ ਲੱਗ ਪਈ, ਪੌਣੇ ਕੁ ਘੰਟੇ ਵਿੱਚ ਉਹ ਇੱਕ ਇਕ ਪਰੌਠੀ ਖਾ ਕੇ ਚਾਹ ਪੀ ਕੇ ਅੱਡੇ ਵੱਲ ਨੂੰ ਤੁਰ ਪਏ, 

ਘਰ ਵਿੱਚ ਕੋਈ ਸਕੂਟਰ ਆਦਿ ਨਹੀ ਸੀ, ਕਿਸੇ ਨੂੰ ਲੋੜ ਵੀ ਨਹੀ ਸੀ, ਨਿਰਮਲ ਸਾਰੇ ਕੰਮ ਟਰੈਕਟਰ ਤੇ ਹੀ ਕਰਦਾ ਸੀ।
ਘਰੋ ਨਿਕਲ ਕੇ ਦੇਬੀ ਨੇ ਪਿੰਡ ਵੱਲ ਦੇਖਿਆ, ਸੱਜਣਾ ਦੀ ਚੁੰਨੀ ਵੀ ਹਵਾ ਵਿੱਚ ਲਹਿਰਾ ਰਹੀ ਸੀ, ਸੌ ਕੁ ਮੀਟਰ ਦੀ ਵਿੱਥ ਤੇ ਆਉਦੀਆਂ ਦੇਵੀਆ ਨੇ ਵੀ ਦੇਖ ਲਿਆ ਸੀ ਕਿ ਭੂਆ, ਦੇਬੀ ਤੇ ਨਿਰਮਲ ਘਰੋ ਤੁਰ ਪਏ ਹਨ, ਪਤਾ ਤਾਂ ਕਿਸੇ ਨੂੰ ਨਹੀ ਸੀ ਕਿ ਕਿੱਧਰ ਜਾ ਰਹੇ ਪਰ ਦੇਖਦੇ ਹੀ ਉਨਾ ਦੀ ਚਾਲ ਤੇਜ ਹੋ ਗਈ ਸੀ, ਉਧਰ ਦੇਬੀ ਬੜੇ ਅਰਾਂਮ ਨਾਲ ਤੁਰ ਰਿਹਾ ਸੀ, ਅੱਡੇ ਦੇ ਨੇੜੇ ਜਾ ਕੇ ਕੁੜੀਆਂ ਨਾਲ ਆ ਰਲੀਆਂ … 
"ਅੱਜ ਤਾ ਭੂਆ ਵੀ ਵਾਂਡੇ ਚੱਲੀ ਲਗਦੀ ਆ"। 
ਪੰਮੀ ਨੇੜੇ ਆਉਦੀ ਬੋਲੀ, ਦੇਬੀ ਤੇ ਦੀਪੀ ਦੀਆਂ ਅੱਖਾ ਮਿਲੀਆਂ, ਚਿਹਰੇ ਮੁਸਕਰਾਏ, ਹਵਾ ਵਿੱਚ ਮਹਿਕ ਜਿਹੀ ਖਿੱਲਰ ਗਈ, ਕੰਨਾਂ ਵਿਚ ਛਣਕਾਰ ਜਿਹੀ ਗੂੰਜ ਗਈ, ਟੋਲੀ ਦੀਆਂ ਕੁੜੀਆਂ ਦੇਖ ਕੇ ਮਨ ਹੀ ਮਨ ਪਰਸੰਨ ਹੋ ਰਹੀਆਂ ਸੀ, ਐਸੀ ਤੱਕਣੀ ਨਾਲ ਦੋ ਪਰੇਮੀ ਇੱਕ ਦੂਜੇ ਨੂੰ ਦੇਖਦੇ ਹੋਣ, ਐਸੇ ਮੌਕੇ ਘੱਟ ਹੀ ਮਿਲਦੇ ਨੇ ਪੰਜਾਬ ਵਿੱਚ, ਕਿਹਾ ਜਾਦਾ ਹੈ ਕਿ ਪਰੇਮ ਕਰੋ ਪਰ ਪਰੇਮ ਕਰਨਾਂ ਮਨਾਂ ਹੈ, ਹੱਸਣਾ ਮਨਾਂ ਹੈ, ਕਈ ਵਾਰ ਰੋਣਾ ਵੀ ਮਨਾ ਹੈ, ਹੰਝੂ ਅੱਖਾਂ ਵਿਚ ਮਚਲਦੇ ਰਹਿਣ ਪਰ ਬਾਹਰ ਆਉਣ ਲਈ ਇਜਾਜਤ ਚਾਹੀਦੀ ਆ, ਜੇ ਕੋਈ ਇਹ ਕਹਿ ਦੇਵੇ ਕਿ ਆਈ ਹੇਟ ਯੂ ਤਾਂ ਕੋਈ ਪਰਾਬਲਮ ਨਹੀ ਪਰ ਆਈ ਲਵ ਯੂ ਤੇ ਭੁਚਾਲ ਆ ਜਾਂਦੇ ਆ, ਕਤਲ ਤੱਕ ਹੋ ਜਾਂਦੇ ਆ।
"ਪੁੱਤ ਤੇਰਾ ਵੀਰ ਮੈਨੂੰ ਸ਼ਹਿਰ ਲਿਜਾਣਾ ਚਾਹੁੰਦਾ ਆ"। 
ਭੂਆ ਨੇ ਸਫਾਈ ਦਿੱਤੀ, ਸ਼ਹਿਰ ਜਾਣ ਦਾ ਨਾਮ ਸੁਣਕੇ ਦੀਪੀ ਨੂੰ ਚਾਅ ਚੜ ਗਿਆ, ਇਨੀ ਦੇਰ ਤਾਂ ਅੱਖਾ ਸਾਹਮਣੇ ਰਹੂੰ, ਪਰੇਮੀਆਂ ਦੀਆ ਕੋਈ ਬਹੁਤੀਆਂ ਮੰਗਾਂ ਤੇ ਹੁੰਦੀਆ ਨਹੀ, ਬੱਸ ਸੱਜਣਾ ਦੀ ਨੇੜਤਾ ਚਾਹੀਦੀ ਆ, ਕੋਈ ਕਰੋੜਾਂ ਨਾਲ ਵੀ ਨਹੀ ਰੱਜਦਾ ਤੇ ਕਿਸੇ ਨੂੰ ਦੀਦਾਰੇ ਹੀ ਜੰਨਤ ਦੀ ਸੈਰ ਕਰਵਾ ਦਿੰਦੇ ਹਨ, ਉਹ ਅੱਡੇ ਤੇ ਪਹੁੰਚ ਗਏ, ਹੋਰ ਵੀ ਕਾਫੀ ਲੋਕ ਖੜੇ ਸਨ, ਇੱਕ ਅਜਨਬੀ ਨੂੰ ਕੁੜੀਆਂ ਦੇ ਟੋਲੇ ਨਾਲ ਆਉਦੇ ਦੇਖ ਕੇ ਚੁਕੰਨੇ ਜਿਹੇ ਹੋ ਗਏ, ਏਹ ਭਲਾ ਕੌਣ ਹੋਇਆ ?
         ਅੱਡੇ ਤੇ ਖੜੇ ਆਸ਼ਕ ਵੀਰਾਂ ਦੀ ਉਤਸੁਕਤਾ ਕੁੱਝ ਜਿਆਦਾ ਸੀ, ਉਨਾ ਨੂੰ ਹਰ ਗੱਭਰੂ ਤੋ ਖਤਰਾ ਸੀ, ਬਹੁਤੇ ਲੋਕ ਦੇਬੀ ਹੁਣਾਂ ਦੇ ਪਰਵਾਰ ਨੂੰ ਭੁੱਲ ਹੀ ਚੁੱਕੇ ਸਨ, ਨਾਲੇ ਬਚਪਨ ਤੇ ਜਵਾਨੀ ਦਾ ਫਰਕ ਬਥੇਰਾ, ਬੱਸ ਆ ਗਈ, ਸਾਰੇ ਚੜਨ ਲਈ ਕਾਹਲੇ ਸਨ, ਦੇਬੀ ਜਰਾ ਪਿੱਛੇ ਖੜਾ ਸੀ, ਉਹਨੇ ਪਹਿਲਾ ਕੁੜੀਆਂ ਨੂੰ ਚੜਨ ਦਿੱਤਾ ਫੇਰ ਭੂਆ ਨੂੰ ਅਤੇ ਬਾਅਦ ਵਿੱਚ ਆਪ, ਦੀਪੀ ਦੀ ਇਛਾ ਸੀ ਕਿ ਉਹ ਕਿਤੇ ਨੇੜੇ ਜਿਹੇ ਬੈਠੇ ਪਰ ਦੇਬੀ ਨੂੰ ਪਤਾ ਸੀ ਕਿ ਬੱਸ ਦੇ ਸਫਰ ਵਿੱਚ ਕਿੰਨੀਆਂ ਨਜਰਾ ਉਹਦੇ ਤੇ ਟਿਕੀਆਂ ਹੋਣਗੀਆਂ, ਉਹ ਜਾਣ ਕੇ ਜਰਾ ਪਿੱਛੇ ਜਿਹੇ ਖੜਾ ਹੋ ਗਿਆ, ਬੱਸ ਪਿੱਛਿਓ ਹੀ ਫੁੱਲ ਸੀ, ਬਾਹਲੇ ਖੜੇ ਸਨ, ਦੇਬੀ ਨੇ ਇੱਕ ਨੋਜਵਾਂਨ ਦੀ ਰਿਕਵੈਸਟ ਕਰ ਕੇ ਭੂਆ ਨੂੰ ਬੈਠਣ ਦੀ ਥਾਂ ਲੈ ਦਿੱਤੀ, ਬੱਸ ਵਿੱਚ ਬੈਠੇ ਪਿਛਲੇ ਪਿੰਡਾਂ ਦੇ ਮੁੰਡੇ ਕੁੜੀਆਂ ਚੋਰੀ ਚੋਰੀ ਅਜਨਬੀ ਨੂੰ ਦੇਖ ਰਹੇ ਸਨ, ਦੀਪੀ ਅਤੇ ਦੇਬੀ ਦਾ ਥੋੜਾ ਜਿਹਾ ਫਾਸਲਾ ਸੀ, ਬੱਸ ਤੁਰ ਪਈ, ਪੰਜਾਬ ਦੀਆਂ ਛੜਕਾਂ ਤੇ ਢੀਚਕ ਢੀਚਕ ਕਰਦੀ ਤੇ ਖਰਾਬ ਸ਼ੜਕਾਂ ਤੇ ਡਿਕੇਡੋਲੇ ਖਾਂਦੀ ਬੱਸ ਵਿੱਚ ਸਫਰ ਕਰਨ ਦਾ ਉਸਦਾ ਪਹਿਲਾ ਮੌਕਾ ਸੀ, ਉਹ ਬਹੁਤ ਦਿਲਚਸਪੀ ਨਾਲ ਇਸ ਸਫਰ ਦਾ ਅਨੰਦ ਲੈ ਰਿਹਾ ਸੀ, ਓਧਰ ਹਰ ਹਿਚਕੋਲੇ ਦਾ ਫਾਇਦਾ ਉਠਾ ਕੇ ਦੀਪੀ ਹੋਲੀ ਹੌਲੀ ਪਿੱਛੇ ਨੂੰ ਖਿਸਕਦੀ ਆ ਰਹੀ ਸੀ ਅਤੇ ਨਾਲ ਦੀਆਂ ਉਸਦੇ ਦਿਲ ਦੀ ਬੁੱਝ ਕੇ ਇਸ ਤਰਾਂ ਸਾਥ ਦੇ ਰਹੀਆਂ ਸਨ ਕਿ ਕਿਸੇ ਨੂੰ ਪਤਾ ਨਾਂ ਲੱਗੇ, ਦੇਬੀ ਦੀ ਕੋਸ਼ਿਸ਼ ਸੀ ਕਿ ਉਹ ਦੀਪੀ ਵੱਲ ਨਾਂ ਦੇਖੇ, ਕਿਧਰੇ ਦੇਖਦਿਆ ਮੁਸਕਰਾਹਟ ਨਿਕਲ ਗਈ ਤੇ ਅੱਗੋ ਜਵਾਬ ਵਿੱਚ ਮੋਤੀਆਂ ਦੀ ਕਤਾਰ ਖਿੱਲਰ ਗਈ ਤੇ ਕਿਸੇ ਕੈਦੋ ਨੇ ਦੇਖ ਲਿਆ ਤਾ ਪਰੇਮ ਕਹਾਣੀ ਸ਼ੁਰੂ ਹੋਣ ਤੋ ਪਹਿਲਾ ਹੀ ਖਤਮ ਹੋ ਜਾਵੇਗੀ, ਬੱਸ ਅਗਲੇ ਸਟਾਪ ਤੇ ਰੁਕੀ, ਪਹਿਲਾ ਹੀ ਤੁੰਨੀ ਬੱਸ ਵਿੱਚ ਅੱਠ ਦਸ ਹੋਰ ਚੜ ਗਏ, ਚੰਗੀ ਕਿਸਮਤ ਨੂੰ ਘੁੱਦੇ ਹੁਣਾਂ ਦੀ ਢਾਣੀ ਵਿੱਚੋ ਅੱਜ ਕੋਈ ਵੀ ਨਹੀ ਸੀ, ਉਹ ਹਾਲੇ ਸੁੱਤੇ ਨੀ ਉਠੇ ਹੋਣੇ।
"ਚਲੋ ਅੱਗੇ ਹੋਵੋ ਭਾਈ, ਸਵਾਰੀਆਂ ਨੂੰ ਚੜਨ ਦੇਵੋ"। 
ਪਿੱਛਿਓ ਕੰਡਕਟਰ ਦੀ ਅਵਾਜ ਆਈ, ਦੇਬੀ ਨੇ ਸੋਚਿਆ ਅੱਗੇ ਨੂੰ ਕਿੱਥੇ ਹੋਈਏ, ਤੇ ਇੰਨੇ ਨੂੰ ਮੋਹਰਿਓ ਵੀ ਦੋ ਚਾਰ ਆ ਚੜੇ।
"ਪਿੱਛੇ ਨੂੰ ਹੋਵੋ ਭਾਈ"। 
ਕਿਸੇ ਸਵਾਰੀ ਨੇ ਜਗਾ ਬਣਾਉਦਿਆ ਕਿਹਾ, ਹਿਲਜੁਲ ਸ਼ੁਰੂ ਹੋ ਗਈ, ਫਾਸਲੇ ਘਟਣੇ ਸ਼ੁਰੂ ਹੋ ਗਏ, ਦੇਬੀ ਨੇ ਸਕੂਲ ਜਾਦੇ ਜਰਮਨ ਵਿੱਚ ਅਕਸਰ ਭੀੜ ਦੇਖੀ ਸੀ ਪਰ ਇਹ ਰਿਟਾਇਰ ਹੋਈ ਬੱਸ ਏਨਾ ਭਾਰ ਚੱਕ ਕੇ ਏਨੀ ਮਾੜੀ ਸ਼ੜਕ ਉਪਰ ਦੀ ਚਲ ਰਹੀ ਹੈ, ਕੌਣ ਕਹਿੰਦਾ ਮੇਡ ਇੰਨ ਇੰਡੀਆ ਮਾੜੀ ਕਵਾਲਟੀ ਹੈ ? ਜਰਮਨ ਦੀ ਅੱਧੀ ਪਲਾਸਟਿਕ ਦੀ ਬੱਸ ਇਥੇ ਦੋ ਦਿਨ ਨਾਂ ਕੱਢਦੀ, ਤੇ ਏਧਰ ਵਾਰੇ ਜਾਵਾਂ ਇਨਾ ਸਹੇਲੀਆਂ ਦੇ ਜਿਨਾ ਨੇ ਹੁਣ ਤੱਕ ਦੀਪੀ ਨੂੰ ਦੇਬੀ ਦੇ ਏਨਾਂ ਨੇੜੇ ਲੈ ਆਂਦਾ ਸੀ ਕਿ ਹੁਣ ਦੋਵਾਂ ਵਿੱਚ ਕੋਈ ਵਿੱਥ ਨਹੀ ਸੀ ਰਹਿ ਗਈ, ਦਿਲ ਤਾਂ ਪਹਿਲਾਂ ਹੀ ਮਿਲੇ ਹੋਏ ਸਨ, ਹੁਣ ਸਰੀਰ ਵੀ ਇਨਾ ਨੇੜੇ ਹੋ ਚੁੱਕੇ ਸਨ ਕਿ ਹੋਰ ਨੇੜੇ ਨਹੀ ਸੀ ਹੋਇਆ ਜਾ ਸਕਦਾ, ਪਹਿਲਾ ਸ਼ਪਰਸ, ਪੈਰਾਂ ਤੋ ਸਿਰ ਤੱਕ ਸਰੀਰ ਕੰਬ ਗਿਆ, ਪੰਜਾਬੀ ਬੱਸਾਂ ਵਿੱਚ ਐਸੇ ਮੌਕੇ ਅਕਸਰ ਆਉਦੇ ਹਨ, ਭੀੜ ਦਾ ਫਾਇਦਾ ਉਠਾ ਕੇ ਮੁਸ਼ਟੰਡੇ ਅਤੇ ਸ਼ਰੀਫ ਸਭ ਕੋਸ਼ਿਸ਼ ਕਰਦੇ ਹਨ ਕਿਸੇ ਬਿਗਾਨੀ ਔਰਤ ਦੇ ਸਰੀਰ ਨਾਲ ਥੌੜਾ ਜਿਹਾ ਟਕਰਾਉਣ ਦੀ ਅਤੇ ਸ਼ੋਅ ਇਹ ਕਰਨਾ ਜਿਵੇ ਰੱਖੜੀ ਬਨਾਉਣ ਬਾਰੇ ਸੋਚ ਰਹੇ ਹੋਣ, ਦੀਪੀ ਨਾਲ ਜਦੋ ਕਦੇ ਐਸਾ ਵਾਪਰਦਾ ਸੀ ਤਾ ਦਿਲ ਕਰਦਾ ਸੀ ਬੱਸ ਵਿਚੋ ਉਤਰ ਜਾਵੇ, ਪਰ ਅੱਜ ?
ਦਿਲ ਕਰਦਾ ਸੀ ਬੱਸ ਇਵੇ ਹੀ ਚਲਦੀ ਰਹੇ, ਨਾਂ ਮੰਜਿਲ ਆਵੇ, ਨਾਂ ਤੇਲ ਮੁੱਕੇ ਤੇ ਨਾਂ ਭੀੜ ਘਟੇ, ਹੋ ਸਕੇ ਤਾਂ ਚਾਰ ਸਵਾਰੀਆਂ ਹੋਰ ਚੜ ਆਉਣ, ਹੁਣ ਦੇਬੀ ਚਾਹ ਕੇ ਵੀ ਦੂਰ ਨਹੀ ਸੀ ਜਾ ਸਕਦਾ, ਦੂਰ ਜਾਣਾ ਵੀ ਕੌਣ ਚਾਹੁੰਦਾ ਸੀ, ਇਹ ਤਾ ਰੱਬ ਦੀ ਰਹਿਮਤ ਸੀ, ਕਿਸੇ ਨੂੰ ਕੋਈ ਦੋਸ਼ ਨਹੀ ਸੀ ਦਿੱਤਾ ਜਾ ਸਕਦਾ ਕਿ ਜੇ ਕੋਈ ਇਹ ਸੋਚੇ ਕਿ ਇੱਕ ਗੱਭਰੂ ਬਿਗਾਨੀ ਮੁਟਿਆਰ ਦੇ ਏਨਾ ਨੇੜੇ ਕਿਓ ਹੈ, ਸਹੇਲੀਆਂ ਦਾ ਘੇਰਾ ਸੁਰੱਖਿਆ ਕਵਚ ਬਣਿਆ ਪਿਆ ਸੀ।
ਹਰ ਹਿਚਕੋਲੇ ਨਾਲ ਦੀਪੀ ਜੋ ਪਹਿਲਾਂ ਹੀ ਦੇਬੀ ਦੇ ਨਾਲ ਚਿਪਕੀ ਸੀ ਹੋਰ ਦੂਰੀ ਘਟਾਉਣ ਦੀ ਕੋਸ਼ਿਸ਼ ਵਿੱਚ ਸੀ, ਉਸਦੀ ਸ਼ਰਮ ਅੱਜ ਕਿਧਰੇ ਖੰਭ ਲਾ ਕੇ ਉਡ ਗਈ ਸੀ, ਉਹ ਕੋਈ ਚੋਰੀ ਵੀ ਨਹੀ ਸੀ ਕਰ ਰਹੀ, ਕਿਸੇ ਦਾ ਦਿਲ ਵੀ ਨਹੀ ਸੀ ਦੁਖਾ ਰਹੀ, ਬੱਸ ਖੁਦ ਸਵਰਗ ਵਿੱਚ ਖੋਈ ਸੀ ਤੇ 

ਕਿਸੇ ਹੋਰ ਨੂੰ ਸਵਰਗ ਦੀ ਸੈਰ ਕਰਵਾ ਰਹੀ ਸੀ, ਕੀ ਕੀਮਤ ਦਿੱਤੀ ਜਾ ਸਕਦੀ ਹੈ ਇਸ ਸਮੇ ਦੀ ? ਐਸੇ ਹਵਾ ਦੇ ਠੰਡੇ ਬੁੱਲੇ ਉਹ ਵੀ ਵਗਦੀ ਅੱਗ ਵਿੱਚ ? ਕੁਦਰਤ ਤੂੰ ਧੰਨ ਹੈ।
ਦੇਬੀ ਦੀ ਪਿੱਠ ਦੀਪੀ ਵੱਲ ਸੀ, ਦੀਪੀ ਲਈ ਹੁਣ ਸੱਜਣਾ ਦਾ ਚਿਹਰਾ ਦੇਖਣਾ ਸੰਭਵ ਨਹੀ ਸੀ ਕਿ ਚੇਹਰੇ ਤੇ ਕੀ ਤੂਫਾਨ ਆ ਜਾ ਰਹੇ, ਅੱਖਾਂ ਮੀਟੀਆ ਜਾ ਰਹੀਆਂ ਸਨ, ਕਾਸ਼ ਕਿ ਇਹ ਭੀੜ ਨਾਂ ਹੁੰਦੀ, ਪਰ ਜੇ ਨਾਂ ਹੁੰਦੀ ਤਾਂ ਇਹ ਦੂਰੀ ਵੀ ਨਹੀ ਸੀ ਘਟਣੀ, ਦੀਪੀ ਬੱਸ ਵਿੱਚ ਚੜੇ ਹਰ ਮੁਸਾਫਰ ਦੀ ਧੰਨਵਾਦੀ ਸੀ, ਓਧਰ ਦੇਬੀ ਦੇ ਜੀਵਨ ਦਾ ਇਹ ਪਹਿਲਾ ਮੌਕਾ ਸੀ ਕਿ ਉਸ ਮਨੁੱਖ ਦੇ ਇਨਾ ਨੇੜੇ ਜਿਸਨੂੰ ਹਰ ਪਲ ਯਾਦ ਕੀਤਾ, ਦੀਪੀ ਦੇ ਇੱਕ ਸ਼ਪਰਸ਼ ਵਿੱਚ ਇਨਾ ਸੁਖ ਹੋਵੇਗਾ ਐਸਾ ਕਦੇ ਸੋਚਿਆ ਨਹੀ ਸੀ, ਉਸ ਨੂੰ ਲਗਦਾ ਸੀ ਕਿ ਰੱਬ ਉਸਨੂੰ ਉਸਦੀ ਔਕਾਤ ਤੋ ਵੱਧ ਦੇਈ ਜਾ ਰਿਹਾ, ਉਸਦਾ ਦਿਲ ਕਰਦਾ ਸੀ ਉਹ ਵੀ ਦੀਪੀ ਦੇ ਕਾਲਜ ਦਾਖਲਾ ਲੈ ਲਵੇ ਅਤੇ ਸਾਰੀ ਉਮਰ ਉਸਦਾ ਸਹਿਪਾਠੀ ਬਣਿਆ ਰਹੇ, ਇਹੋ ਹੀ ਬੱਸ ਹੋਵੇ ਤੇ ਸਫਰ ਲੰਬਾ ਹੋ ਜਾਵੇ।
      ਖੁਸ਼ੀ ਦੇ ਸਾਲ ਪਲਾਂ ਵਾਂਗ ਬੀਤਦੇ ਹਨ ਤੇ ਇਹ ਬੱਸ ਦਾ ਅੱਧਾ ਘੰਟਾ ਦੋਵਾ ਪਰੇਮੀਆਂ ਲਈ ਕਿੰਨੀ ਛੇਤੀ ਬੀਤਿਆ ਹੋਵੇਗਾ ਪਾਠਕ ਅੰਦਾਜਾ ਲਗਾ ਸਕਦੇ ਹਨ, ਤੇ ਉਹ ਪਾਠਕ ਜਿਨਾ ਨੇ ਪਰੇਮ ਕੀਤਾ ਹੋਵੇ ਉਹ ਇਸ ਵੇਲੇ ਅਪਣੇ ਸੱਜਣ ਨੂੰ ਇਨਾ ਕੁ ਨਜਦੀਕ ਮਹਿਸੂਸ ਕਰ ਰਹੇ ਹੋਣਗੇ ਜਿੰਨਾ ਕਿ ਉਸ ਵੇਲੇ ਦੀਪੀ ਤੇ ਦੇਬੀ ਮਹਿਸੂਸ ਕਰ ਰਹੇ ਹਨ।
"ਨਕੋਦਰ ਚੌਕ ਵਾਲੇ ਨੇੜੇ ਆ ਜੋ ਭਾਈ"। 
ਕੰਡਕਟਰ ਦੀ ਸੀਟੀ ਤੇ ਅਵਾਜ ਨੇ ਸੋਹਣਿਆ ਨੂੰ ਅਸਲੀਅਤ ਦੀ ਦੁਨੀਆਂ ਵਿੱਚ ਲੈ ਆਦਾ, ਦੇਬੀ ਨੂੰ ਸ਼ਹਿਰ ਦੀ ਕੋਈ ਵਾਕਫੀਅਤ ਨਹੀ ਸੀ, ਨਕੋਦਰ ਚੌਂਕ ਤੇ ਬੱਸ ਕਾਫੀ ਖਾਲੀ ਹੋ ਚੁੱਕੀ ਸੀ, ਸਵਾਰੀਆਂ ਹਾਲੇ ਵੀ ਖੜੀਆਂ ਸੀ ਪਰ ਜਗਾ ਕਾਫੀ ਬਣ ਗਈ, ਹੁਣ ਸਭ ਆਪੋ ਆਪਣੀ ਥਾਂ ਸੰਭਲ ਗਏ।
"ਹਾਏ, ਇਹ ਚੰਦਰੀ ਵਾਟ ਐਨੀ ਛੇਤੀ ਮੁੱਕ ਗਈ ?"।
ਦੀਪੀ ਨੂੰ ਨਕੋਦਰ ਚੌਕ ਅੱਜ ਚੰਗਾ ਨਹੀ ਸੀ ਲਗਦਾ, ਏਹ ਤਾਂ ਬਹੁਤ ਦੂਰ ਹੋਇਆ ਕਰਦਾ ਸੀ, ਅੱਜ ਐਨੀ ਜਲਦੀ ਕਿਵੇ ਆ ਗਿਆ ?।
"ਥੈਂਕਸ" ਦੇਬੀ ਤੋ ਦੂਰ ਹੋਣ ਲੱਗਿਆ ਉਸ ਨੇ ਮਲਕੜੇ ਜਿਹੇ ਕਿਹਾ, ਸਹੇਲੀਆਂ ਤੋ ਬਿਨਾ ਕੋਈ ਸੁਣ ਨਾਂ ਸਕਿਆ, ਹਾਂ ਕੋਈ ਦੇਖ ਰਿਹਾ ਹੋਵੇ ਕਿਹਾ ਨਹੀ ਜਾ ਸਕਦਾ, ਇਕ ਦੋ ਚੌਕ ਹੋਰ ਲੰਘ ਗਏ, ਬੱਸ ਅੱਡਾ ਨੇੜੇ ਹੀ ਸੀ, ਹੁਣ ਤੱਕ ਨਿਰਮਲ ਦੇਬੀ ਦੇ ਨੇੜੇ ਆ ਖੜਾ ਹੋਇਆ ਸੀ।
"ਬਾਈ ਇਥੇ ਤਾਂ ਏਨੀ ਭੀੜ ਆ ਜੇ ਕਿਸੇ ਦਾ ਨਿਆਣਾ ਗਵਾਚ ਜਾਵੇ ਤਾ ਨਕੋਦਰ ਚੌਂਕ ਤੋ ਪਹਿਲਾ ਲੱਭਣ ਨੀ ਲੱਗਾ।" 
ਨਿਰਮਲ ਨੇ ਦੇਬੀ ਨੂੰ ਉਹ ਕੁੱਝ ਦੱਸਣਾ ਚਾਹਿਆ ਜੋ ਦੇਬੀ ਦੇਖ ਹੀ ਰਿਹਾ ਸੀ, ਭੂਆ ਦੇ ਨਾਲ ਬੈਠਾ ਇੱਕ ਬੰਦਾ ਉਠ ਗਿਆ,
"ਪੁੱਤ ਆਜਾ ਬਹਿਜਾ"। 
ਭੂਆ ਨੂੰ ਦੇਬੀ ਦੇ ਖੜੇ ਰਹਿਣ ਦਾ ਅਫਸੋਸ ਸੀ, ਪਰ ਉਹ ਵਿਚਾਰੀ ਕੀ ਜਾਣੇ ਜੇ ਸਾਰੇ ਹਾਲਾਤ ਇੰਝ ਹੀ ਰਹਿਣ ਤਾ ਉਹ ਸਾਰੀ ਉਮਰ ਖੜਾ ਰਹਿਣ ਲਈ ਤਿਆਰ ਸੀ, ਹੁਣ ਤੱਕ ਕੁੜੀਆਂ ਵੀ ਬਹਿ ਚੁੱਕੀਆਂ ਸੀ, ਦੇਬੀ ਨੇ ਨੇੜੇ ਖੜੇ ਇੱਕ ਅੱਧਖੜ ਬੰਦੇ ਨੂੰ ਬੈਠ ਜਾਣ ਲਈ ਕਿਹਾ, ਦੇਖਣ ਵਾਲੇ 

ਦੇਬੀ ਦੇ ਸਦਾਚਾਰ ਤੋ ਪਰਸੰਨ ਹੋਏ ਹੋਣਗੇ, ਦੇਬੀ ਨੇ ਦੀਪੀ ਵੱਲ ਦੇਖਿਆ, ਨਜਰ ਟਕਰਾਈ ਤੇ ਨਾਲ ਹੀ ਦੀਪੀ ਦੀਆਂ ਅੱਖਾਂ ਨੀਵੀਆਂ ਹੋ ਗਈਆ, ਚੇਹਰਾ ਲਾਲ, ਹੁਣ ਪੰਜਾਬਣ ਮੁਟਿਆਰ ਵਾਲੀ ਸ਼ਰਮ ਫਿਰ ਮੁੜ ਆਈ ਸੀ।
"ਵੀਰੇ ਤੁਸੀ ਜਾ ਕਿੱਥੇ ਰਹੇ ਓ ?"। ਪੰਮੀ ਨੇ ਦੇਬੀ ਨੂੰ ਪੁੱਛਿਆ।
"ਸਰਪਰਾਈਜ, ਸ਼ਾਮ ਨੂੰ ਘਰ ਜਾਦੇ ਘਰੋ ਹੋ ਕੇ ਜਾਈ ਤੇ ਅਪਣੀ ਅੱਖੀ ਦੇਖ ਲਈ"।
ਦੇਬੀ ਨੇ ਕੁੜੀ ਨੂੰ ਹੋਰ ਹੈਰਾਂਨ ਕਰ ਦਿੱਤਾ, ਬੱਸ ਅੱਡਾ ਆ ਗਿਆ, ਸਭ ਜਿੰਨੀ ਚਲਦੀ ਚੜਨ ਦੀ ਕੋਸ਼ਿਸ਼ ਕਰ ਰਹੇ ਸਨ ਉਨੀ ਹੀ ਜਲਦੀ ਬੱਸੋ ਉਤਰਨ ਦੀ ਕੋਸ਼ਿਸ਼ ਵਿੱਚ ਸਨ, ਜੇ ਬੱਸ ਦੀਆਂ ਕੰਧਾ ਤੇ ਛੱਤ ਨਾਂ ਹੋਵੇ ਤਾਂ ਕਈ ਸਵਾਰੀਆਂ ਦੇ ਉਪਰ ਦੀ ਟੱਪ ਜਾਂਣ।
"ਓ ਕੇ ਵੀਰ ਸ਼ਾਮ ਨੂੰ ਮਿਲਦੇ ਆਂ, ਚੰਗਾ ਭੂਆ"।ਕਹਿ ਕੇ ਕੁੜੀਆਂ ਖਾਲਸਾ ਕਾਲਜ ਵੱਲ ਨੂੰ ਤੁਰ ਪਈਆ।
"ਹਾਂ ਪੁੱਤ ਹੁਣ ਦੱਸ ਕਿੱਥੇ ਜਾਣਾਂ"। ਭੂਆ ਨੇ ਪੁੱਛਿਆ।
"ਭੂਆ ਤਿੰਨ ਕੰਮ ਹਨ, ਇੱਕ ਤੇਰੇ ਨਾਲ ਜਾ ਕੇ ਕਰਨ ਵਾਲਾ ਤੇ ਦੋ ਨਿਰਮਲ ਨਾਲ, ਪਹਿਲਾ ਤਾਂ ਬੈਕ ਜਾਣਾ, ਮੇਰੇ ਕੋਲ ਅਪਣੀ ਕਰੰਸੀ ਬਹੁਤ ਥੌੜੀ ਆ, ਬਾਕੀ ਉਸ ਤੋ ਬਾਅਦ"। 
ਦੇਬੀ ਨੇ ਪਹਿਲਾ ਕੰਮ ਦੱਸਿਆ, ਇੱਕ ਰਿਕਸ਼ਾ ਕਰਕੇ ਉਹ ਪਟਿਆਲਾ ਬੈਂਕ ਵੱਲ ਚੱਲ ਪਏ।
"ਬਾਈ ਏਥੇ ਮੋਟਰਸਾਈਕਲ ਕਿਹੜਾ ਵਧੀਆਂ ਆ"। ਦੇਬੀ ਨੇ ਨਿਰਮਲ ਨੂੰ ਪੁੱਛਿਆ।
"ਵੈਸੇ ਨਵਾਂ ਤਾਂ ਅੱਜ ਕੱਲ ਹੀਰੋ ਹਾਂਡਾ ਆ ਪਰ ਮੈਨੂੰ ਤਾ ਬਾਈ ਐਗਫਿਲਡ ਪਸੰਦ ਆ"।
ਨਿਰਮਲ ਨੇ ਆਪਣੀ ਪਸੰਦ ਦੱਸੀ, ਰਿਕਸ਼ਾਚਾਲਕ ਦਾ ਹਾਸਾ ਨਿਕਲ ਗਿਆ।
"ਮਾਫ ਕਰਨਾ ਸਰਦਾਰ ਜੀ ਤੁਹਾਡਾ ਮਤਲਬ ਇਨਫੀਲਡ ਤੋ ਹੁਣਾ ਜਿਨੂੰ ਬੁਲੇਟ ਵੀ ਕਹਿੰਦੇ ਆ"।
ਰਿਕਸ਼ਾ ਚਾਲਕ ਨੇ ਦੱਸਿਆ।
"ਅਸੀ ਰਹੇ ਚਿੱਟੇ ਅਣਪੜ, ਆਪਾ ਨੂੰ ਤਾ ਏਹੋ ਜਿਹੇ ਨਾਂ ਈ ਆਉਦੇ ਆ"। 
ਨਿਰਮਲ ਵਿਚਾਰਾ ਹੈ ਈ ਅਨਪੜ ਸੀ।
"ਅੱਛਾ ਮਿੱਤਰਾ ਕੋਈ ਹੋਰ ਵੀ ਮੋਟਰਸਾਈਕਲ ਹੈ ਜਿਹੜਾ ਇਸ ਬੁਲੇਟ ਤੋ ਵੀ ਵਧੀਆਂ ਹੈ ?" ਦੇਬੀ ਨੇ ਰਿਕਸ਼ੇ ਵਾਲੇ ਨੂੰ ਪੁੱਛਿਆ।
"ਭਾਜੀ, ਮੋਟਰਸਾਈਕਲ ਤਾ ਹੋਰ ਵੀ ਹੈਗੇ ਆ, ਪਰ ਜੋ ਟੌਹਰ ਬੁਲੇਟ ਦੀ ਆ ਉਹ ਹੋਰ ਕਿਸੇ ਦੀ ਨਹੀ, ਮਰਦਾਂ ਦਾ ਗਹਿਣਾ ਆ"।
ਰਿਕਸ਼ਾ ਚਾਲਕ ਨੇ ਦੱਸਿਆ, ਉਹ ਬੈਂਕ ਪਹੁੰਚ ਗਏ, ਦੇਬੀ ਨੇ ਕਰੰਸੀ ਚੇਂਜ ਕਰਵਾਈ ਤੇ ਉਸੇ ਰਿਕਸ਼ਾ ਚਾਲਕ ਨੂੰ ਲੈ ਕੇ ਰੈਣਕ ਬਜਾਰ ਵੱਲ ਚੱਲ ਪਏ, ਜਲੰਧਰ ਦਾ ਭੀੜ ਭੜੱਕਾ ਦੇਬੀ ਲਈ ਦਿਲਚਸਪ ਸੀ, ਰਿਕਸ਼ਾ ਚਾਲਕਾਂ ਦੀ ਡਰਾਇਵਰੀ ਦੇਖ ਕੇ ਉਸਨੂੰ ਮੰਨਣਾ ਪਿਆ ਕਿ ਇਹ ਡਰਾਈਵਰ ਹੀ ਨਹੀ ਸਗੋ ਕਲਾਕਾਰ ਵੀ ਆ, ਇਨੀ ਥੋੜੀ ਥਾਂ ਤੇ ਕੋਈ ਟੱਕਰ ਨਹੀ, ਉਹ ਚਾਰ ਚੁਫੇਰਾ ਦੇਖ ਕੇ ਹੈਰਾਂਨ ਹੋ ਰਿਹਾ ਸੀ, ਇੱਕ ਬਜਾਜ ਦੀ ਦੁਕਾਂਨ ਅੱਗੇ ਜਾ ਕੇ ਦੇਬੀ ਨੇ ਰਿਕਸ਼ੇ ਵਾਲੇ ਨੂੰ ਰੁਕਣ ਲਈ ਕਿਹਾ।

"ਆਓ ਭਾਈ ਸਾਹਿਬ, ਵੈਲਕੰਮ"। ਦੁਕਾਂਨਦਾਰ ਨੇ ਬਾਹਰਲੀ ਸਾਮੀ ਦੇਖਦੇ ਹੋਏ ਅਪਣੀ ਖੁਸ਼ੀ ਤੇ ਕੁਸ਼ਲਤਾ ਦਾ ਪਰਦਰਸ਼ਨ ਕੀਤਾ।
"ਭੂਆ ਜੀ, ਹੁਣ ਤੁਸੀ ਇਹ ਦੱਸੋ ਬਈ ਅਪਣੇ ਪਿੰਡ ਉਹ ਕਿੰਨੇ ਕੁ ਘਰ ਆ ਜਿਹਨਾਂ ਦਾ ਗੁਜਾਰਾ ਜਰਾ ਠੀਕ ਨਹੀ ?"। ਭੂਆ ਨੂੰ ਪਤਾ ਨਹੀ ਸੀ ਬਈ ਭਤੀਜੇ ਦੀ ਕੀ ਮਰਜੀ ਆ।
"ਪੁੱਤ ਛੇ ਘਰ ਕੰਮੀਆਂ ਦੇ ਤੇ ਇਨੇ ਕੁ ਈ ਅਪਣੀ ਬਰਾਦਰੀ ਦੇ ਹੋਣੇ ਆ, ਬਾਕੀ ਸਾਰੇ ਤਾ ਸਰਦੇ ਆ"। ਭੂਆ ਨੇ ਜਵਾਬ ਦਿੱਤਾ ।
"ਭੂਆ ਇਨਾ ਘਰਾ ਵਿੱਚ ਜਿੰਨੇ ਜੀਅ ਆ ਸਾਰਿਆ ਲਈ ਇੱਕ ਇਕ ਸੂਟ ਬਣਵਾ ਲੈ, ਦੇਖੀ ਕੰਜੂਸੀ ਨਾਂ ਕਰੀ ਤੇ ਨਿਰਮਲ ਵੀਰ ਦੇ ਪਰਵਾਰ ਲਈ ਦੋ ਦੋ ਸੂਟ, ਤੇ ਅਸੀ ਇੱਕ ਹੋਰ ਦੁਕਾਨ ਤੋ ਹੋ ਕੇ ਆਏ"। 
ਦੇਬੀ ਨੇ ਭੂਆ ਨੂੰ ਸਮਝਾ ਦਿੱਤਾ।
"ਭਾਈ ਸਾਹਿਬ ਰੈਡੀਮੇਡ ਦੀ ਕੋਈ ਚੰਗੀ ਜਿਹੀ ਦੁਕਾਨ ਬਾਰੇ ਦੱਸੋ"।
ਦੇਬੀ ਨੇ ਦੁਕਾਨਦਾਰ ਨੂੰ ਕਿਹਾ।
"ਬੰਟੀ ਪੁੱਤਰ, ਜਾ ਜੈਂਟਲਮੈਨ ਨੂੰ ਭਾਟੀਆ ਦੀ ਦੁਕਾਨੇ ਛੱਡ ਕੇ ਆ"। 
ਦੁਕਾਂਨਦਾਰ ਨੇ ਮੁੰਡੇ ਨੂੰ ਨਾਲ ਤੋਰ ਦਿੱਤਾ।
ਭਾਟੀਆ ਦੀ ਦੁਕਾਂਨ ਕੋਈ ਸੁਪਰ ਸਟੋਰ ਤਾਂ ਨਹੀ ਸੀ ਪਰ ਬਹੁਤ ਜਿਆਦਾ ਵਰਾਇਟੀ ਸੀ ਉਨਾ ਕੋਲ,
"ਭਾਈ ਸਾਹਿਬ ਮੈਨੂੰ ਕੁੱਝ ਲੇਡੀਜ ਸੂਟ ਚਾਹੀਦੇ ਆ, ਮੈਂ ਪਹਿਲੀ ਵਾਰ ਸੂਟ ਖਰੀਦ ਰਿਹਾ, ਅਪਣਾ ਕੋਈ ਤਜਰਬਾ ਨਹੀ, ਅੱਜ ਦੇ ਮਾਹੋਲ ਦੇ ਸੋਹਣੇ ਸੂਟ ਚਾਹੀਦੇ ਆ, ਅੱਠ ਪੀਸ"। 
ਦੇਬੀ ਨੇ ਦੁਕਾਂਨਦਾਰ ਨੂੰ ਅਪਣੀ ਪਰਾਬਲਮ ਦੱਸੀ, ਨੋ ਕੁੜੀਆਂ ਦੇ ਟੋਲੇ ਵਿੱਚੋ ਦੀਪੀ ਨੂੰ ਘਟਾ ਕੇ ਬਾਕੀ ਅੱਠਾਂ ਲਈ ਉਸ ਨੇ ਸੂਟ ਖਰੀਦ ਲe, ਦੇਬੀ ਵਾਪਿਸ ਬਜਾਜੀ ਦੀ ਦੁਕਾਂਨ ਤੇ ਆਇਆ ਤਾਂ ਭੂਆ ਹਾਲੇ ਕੱਪੜਿਆ ਦੇ ਢੇਰ ਵਿੱਚ ਉਲਝੀ ਹੋਈ ਸੀ,
"ਭੂਆ ਅਸੀ ਫਿਰ ਇੱਕ ਕੰਮ ਹੋਰ ਕਰ ਕੇ ਆਏ "। 
ਕਹਿ ਕੇ ਦੇਬੀ ਬੂਹਿਓ ਬਾਹਰ ਹੋ ਗਿਆ, ਉਹ ਉਸੇ ਰਿਕਸ਼ੇ ਚ ਬੈਠ ਗਏ।
"ਚੱਲ ਬਈ ਮਿੱਤਰਾ ਹੁਣ ਐਗਫਿਲਡ ਦੀ ਦੁਕਾਂਨ ਤੇ ਲੈ ਕੇ ਚੱਲ"। 
ਦੇਬੀ ਨੇ ਮਜਾਕ ਵਿੱਚ ਰਿਕਸ਼ੇ ਵਾਲੇ ਨੂੰ ਕਿਹਾ, ਰਿਕਸ਼ਾ ਚਾਲਕ ਤੇ ਨਿਰਮਲ ਦੋਵੇ ਹੱਸ ਪਏ।
"ਬਾਈ ਇਕੋ ਦਿਨ ਏਨਾਂ ਖਰਚ ਕਰੀ ਜਾਨਾ, ਕੋਈ ਬੈਂਕ ਲੁੱਟੀ ਆ''? 
ਨਿਰਮਲ ਨੂੰ ਲਗਦਾ ਸੀ ਦੇਬੀ ਜਿਆਦਾ ਖਰਚ ਕਰ ਰਿਹਾ।
"ਅੱਜ ਤੱਕ ਕਮਾਉਦਾ ਹੀ ਰਿਹਾ ਹਾਂ, ਖਰਚ ਕਦੇ ਕੀਤਾ ਈ ਨਹੀ ਤੇ ਜੇ ਰੁਪਏ ਖਰਚਣੇ ਨਹੀ ਤਾਂ ਕਮਾਉਣੇ ਕਿਸ ਲਈ ?" ਦੇਬੀ ਕੰਜੂਸ ਨਹੀ ਸੀ ਪਰ ਬੇਲੋੜਾ ਪੈਸਾ ਖਰਚਣ ਵਿੱਚ ਵਿਸ਼ਵਾਸ਼ ਨਹੀ ਸੀ ਰੱਖਦਾ, ਇਨਫੀਲਡ ਦੀ ਏਜੰਸੀ ਵਿੱਚ ਜਾ ਕੇ ਦੇਬੀ ਨੇ ਦੇਖਿਆ ਬੁਲੇਟ ਵਾਕਿਆ ਹੀ ਰੋਅਬਦਾਰ ਮੋਟਰਸਾਈਕਲ ਸੀ, ਕਾਲੇ ਰੰਗ ਦਾ ਮੋਟਰਸਾਈਕਲ ਪਸੰਦ ਕਰਦੇ ਦੇਬੀ ਨੂੰ ਕੁੱਝ ਮਿੰਟ ਹੀ ਲੱਗੇ, 
ਏਜੰਸੀ ਵਾਲਿਆ ਨੇ ਕਾਗਜੀ ਕਾਰਵਾਈ ਕਰਕੇ ਅਪਲਾਈਡ ਫਾਰ ਦੀ ਪਲੇਟ ਲਾ ਕੇ ਬਿੱਲ ਮੋਹਰੇ ਰੱਖ ਦਿੱਤਾ, ਪੇਮੇਂਟ ਕਰ ਕੇ ਦੇਬੀ ਨੇ ਚਾਬੀਆਂ ਫੜ ਲਈਆਂ।
"ਬਾਈ ਜੀ ਚਲਾਉਣਾ ਵੀ ਜਾਣਦੇ ਆਂ ?"। ਨਿਰਮਲ ਨੇ ਪੁੱਛਿਆ।
"ਚਲਾਉਣ ਦੀ ਜਾਚ ਆਪਾ ਹੁਣੇ ਸਿੱਖ ਲੈਂਦੇ ਆਂ"। ਦੇਬੀ ਨੇ ਸੇਲਜਮੈਂਨ ਪਾਸੋ ਗੇਅਰ ਆਦਿ ਕਿਵੇ ਪੈਣੇ ਆ ਅਤੇ ਹੋਰ ਲੋੜੀਦੀ ਜਾਣਕਾਰੀ ਲੈ ਲਈ, ਨਿਰਮਲ ਇਹ ਨਹੀ ਸੀ ਜਾਣਦਾ ਕਿ ਜਰਮਨ ਵਿੱਚ ਅਠਾਰਾਂ ਸਾਲ ਦਾ ਹੋਣ ਤੋ ਬਾਅਦ ਹਰ ਮਰਦ ਨੂੰ ਜਾਂ ਤਾਂ ਮਿਲਟਰੀ ਵਿੱਚ ਇੱਕ ਸਾਲ ਲਾਉਣਾ ਜਰੂਰੀ ਹੁੰਦਾ ਹੈ ਅਤੇ ਜਾਂ ਸੋਸ਼ਲ ਸਰਵਿਸ ਕਰਨੀ ਪੈਂਦੀ ਹੈ, ਦੇਬੀ ਨੇ ਸਾਲ ਮਿਲਟਰੀ ਵਿੱਚ ਲਾਇਆ ਸੀ ਅਤੇ ਉਥੇ ਹਰ ਤਰਾਂ ਦੇ ਵਾਹਨ ਚਲਾਏ, ਸ਼ਸਤਰਾਂ ਨੂੰ ਚਲਉਣ ਦੀ ਟਰੇਨਿੰਗ, ਕਰਾਟੇ ਆਦਿ ਵਰਗੇ ਸੈਲਫ ਡਿਫੈਨਸ ਦੇ ਤਰੀਕੇ ਅਤੇ ਹੋਰ ਕਈ ਕੁੱਝ ਸਿੱਖਿਆ ਸੀ।
           ਮੋਟਰਸਾਈਕਲ ਸਟਾਰਟ ਕੀਤਾ, ਨਿਰਮਲ ਨੂੰ ਪਿੱਛੇ ਬਿਠਾਇਆ ਅਤੇ ਸਾਵਧਾਨੀ ਨਾਲ ਹੋਲੀ ਜਿਹੇ ਤੋਰ ਲਿਆ, ਰਿਕਸ਼ਾ ਚਾਲਕ ਦੇ ਪੈਸੇ ਦੇ ਕੇ ਉਸ ਨੂੰ ਵਿਦਾ ਕਰ ਦਿੱਤਾ, ਦੇਬੀ ਨੂੰ ਛੇਤੀ ਹੀ ਗੇਅਰਾਂ ਦੀ ਸਮਝ ਆ ਗਈ, ਇੱਕ ਦੋ ਵਾਰ ਰਾਹ ਵਿੱਚ ਮੋਟਰਸਾਈਕਲ ਬੰਦ ਹੋਇਆ ਪਰ ਇਹ ਆਮ ਮਸਲਾ ਸੀ, ਇਕੋ ਮੁਸ਼ਕਿਲ ਸੀ ਜਿਹੜੀ ਦੇਬੀ ਨੇ ਸੋਚੀ ਨਹੀ ਸੀ, ਜਰਮਨ ਵਿੱਚ ਉਹ ਸੱਜੇ ਪਾਸੇ ਡਰਾਈਵ ਕਰਨੀ ਗਿੱਝਿਆ ਸੀ, ਨਿਰਮਲ ਉਹਨੂੰ ਖੱਬੇ ਖੱਬੇ ਕਹੀ ਜਾ ਰਿਹਾ ਸੀ, ਦੇਬੀ ਉਤੇਜਿਤ ਤਾਂ ਸੀ ਪਰ ਫਿਰ ਵੀ ਅਰਾਂਮ ਨਾਲ ਡਰਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਲੋਕ ਉਹਦੇ ਕੋਲ ਦੀ ਫੁਰਰ ਕਰਕੇ ਲੰਘਦੇ ਤਾ ਉਹ ਸੋਚਦਾ ਬਈ ਪਤਾ ਨਹੀ ਕਿਹੜੀ ਅੱਗ ਬੁਝਾਉਣ ਜਾ ਰਹੇ ਆ, ਚੌਕ ਵਿੱਚ ਉਸ ਨੂੰ ਮੁਸ਼ਕਿਲ ਆ ਰਹੀ ਸੀ, ਜਰਮਨ ਵਿੱਚ ਵੱਤੀਆ ਦੇ ਇਸ਼ਾਰੇ ਨਾਲ ਗਿੱਝਿਆ ਦੇਬੀ ਚੌਕ ਵਿੱਚ ਕੁੱਝ ਨਰਵਸ ਹੋ ਗਿਆ ਸੀ ਤੇ ਇੱਕ ਵਾਰ ਚੌਕ ਵਿੱਚ ਹੀ ਮੋਟਰਸਾਈਕਲ ਬੰਦ ਹੋ ਗਿਆ, ਲੋਕ ਹਾਰਨ ਤੇ ਹਾਰਨ, ਦੇਬੀ ਦੇ ਕੰਨਾ ਦੀ ਬਹਿਜਾ ਬਹਿਜਾ ਹੋ ਗਈ, ਉਸ ਨੇ ਰੇੜ ਕੇ ਮੋਟਰਸਾਈਕਲ ਪਾਸੇ ਕਰ ਲਿਆ, ਲੋਕ ਭੈੜਾ ਭੈੜਾ ਦੇਖਦੇ ਅੱਗੇ ਲੰਘੀ ਜਾ ਰਹੇ ਸਨ, ਜੋਤੀ ਚੌਕ ਦੇ ਭੀੜ ਭੜੱਕੇ ਰਾਹੀ ਨਿਕਲਦੇ ਉਹ ਬਜਾਜੀ ਦੀ ਦੁਕਾਨੇ ਆ ਗਏ, ਭੂਆ ਪੰਡ ਬੰਨੀ ਬੈਠੀ ਸੀ, ਦੁਕਾਂਨਦਾਰ ਨੇ ਉਹਨੂੰ ਦੋ ਵਾਰ ਚਾਹ ਪਿਆਈ ਅਤੇ ਨਾਲ ਸਮੋਸੇ ਵੀ ਖਵਾਏ,ਭੂਆ ਦੇਬੀ ਨੂੰ ਮੋਟਰਸਾਈਕਲ ਡਰਾਈਵ ਕਰਦੇ ਦੇਖ ਵਧੇਰੇ ਖੁਸ਼ ਹੋ ਗਈ।
"ਭੂਆ ਹੁਣ ਤੇਰੇ ਸੂਟ ਦੀ ਵਾਰੀ ਆ"।ਦੇਬੀ ਨੇ ਅਪਣੀ ਪਸੰਦ ਦੇ ਦੋ ਸੂਟ ਭੂਆ ਲਈ ਲੈ ਲਏ, ਭੂਆ ਦੀਆਂ ਅੱਖਾਂ ਫਿਰ ਭਰ ਆਈਆ।
"ਮੇਰੇ ਭਰਾਵਾਂ ਕਦੇ ਮੈਨੂੰ ਇਹ ਖੁਸ਼ੀ ਨਹੀ ਦਿੱਤੀ ਪੁੱਤ ਜੋ ਹੁਣ ਤੂੰ ਕਰ ਰਿਹਾ"।
ਭੂਆ ਦਿਲੋ ਅਸੀਸਾ ਦੇ ਰਹੀ ਸੀ ਭਤੀਜੇ ਨੂੰ।
"ਇਕ ਥਾਨ ਵਧੀਆ ਜਿਹੇ ਖੱਦਰ ਦਾ ਵੀ ਦੇ ਦਿਓ"। 
ਦੇਬੀ ਨੇ ਕਿਹਾ।
"ਖੱਦਰ ? ਭਾ ਜੀ ਉਹ ਕੀ ਕਰਨਾ ?" ।
ਦੁਕਾਂਨਦਾਰ ਨੂੰ ਖੱਦਰ ਦੀ ਗੱਲ ਸਮਝ ਨਾਂ ਆਈ ਤੇ ਉਹ ਨਾਂ ਚਾਹੁੰਦੇ ਵੀ ਪੁੱਛ ਬੈਠਾ।
"ਜਨਾਬ ਮੈ ਵੀ ਤੇ ਅਪਣਾ ਤਨ ਢਕਣਾ ਆ"।
ਦੇਬੀ ਨੇ ਮਹਾਤਮਾ ਗਾਂਧੀ ਦੇ ਖੱਦਰ ਦੀ ਤਾਕਤ ਬਾਰੇ ਪੜਿਆ ਹੋਇਆ ਸੀ ਅਤੇ ਨਾਲੇ ਗਰਮੀ ਦੇ ਮੌਸਮ ਵਿੱਚ ਖੱਦਰ ਦੇ ਅਪਣੇ ਫਾਇਦੇ ਸਨ।
"ਨਿਰਮਲ ਬਾਈ ਤੂੰ ਇਹ ਸਾਰਾ ਸਮਾਨ ਲੈ ਕੇ ਘਰ ਚੱਲ ਤੇ ਮੈਂ ਭੂਆ ਨਾਲ ਆਉਨਾਂ"। 
ਦੇਬੀ ਨੇ ਕਿਹਾ।
"ਨਾਂ ਪੁੱਤ ਮੈ ਨੀ ਕਦੇ ਮੋਟਰਸ਼ੇਕਲ ਤੇ ਬੈਠੀ, ਮੈਂ ਤਾ ਬੱਸੇ ਠੀਕ ਆਂ, ਤੂੰ ਨਿਰਮਲ ਨਾਲ ਜਾ"। 
ਭੂਆ ਮੋਟਰਸਾਈਕਲ ਤੇ ਬੈਠਣੋ ਡਰਦੀ ਸੀ।
"ਭੂਆ ਚਿੰਤਾ ਨਾਂ ਕਰ, ਤੂੰ ਮੈਨੂੰ ਘੁੱਟ ਕੇ ਫੜ ਲਈ, ਪਰ ਜਾਣਾ ਆਪਾ ਦੋਵਾ ਨੇ ਈ ਹੈਗਾ"। 
ਦੇਬੀ ਨੇ ਦੁਕਾਨ ਦਾ ਬਿੱਲ ਅਦਾ ਕੀਤਾ ਜੋ ਕੁੱਝ ਹਜਾਰਾਂ ਵਿਚ ਬਣਦਾ ਸੀ, ਨਾਂਹ ਨਾਂਹ ਕਰਦੀ ਭੂਆ ਨੂੰ ਦੋਵੇ ਪਾਸੇ ਲੱਤਾਂ ਕਰ ਕੇ ਬਿਠਾ ਲਿਆ ਤੇ ਅੱਡੇ ਵੱਲ ਨੂੰ ਵਾਪਿਸ ਤੋਰ ਲਿਆ, ਨਾਂ ਭੂਆ ਨੂੰ ਰਸਤੇ ਦਾ ਪਤਾ ਸੀ ਨਾਂ ਦੇਬੀ ਨੂੰ, ਪੁੱਛ ਪੁਛਾ ਕੇ ਉਹ ਨਕੋਦਰ ਚੌਕ ਤੱਕ ਪਹੁੰਚ ਗਿਆ, ਅੱਗੇ ਕਿਸੇ ਨੇ ਦੱਸਿਆ ਕਿ ਸ਼ੜਕ ਸਿੱਧੀ ਹੀ ਜਾਦੀ ਆ ਤੇ ਤਲਵੰਡੀ ਅੱਡੇ ਤੱਕ ਮੁੜਨ ਦੀ ਲੋੜ ਨਹੀ, ਪੰਜਾਬ ਦੀ ਸ਼ੜਕ ਤੇ ਪਹਿਲੀ ਵਾਰ ਮੋਟਰਸਾਈਕਲ ਦੀ ਡਰਾਈਵ ਨੇ ਉਸ ਨੂੰ ਬਹੁਤ ਐਕਸਾਈਟਡ ਕਰ ਰੱਖਿਆ ਸੀ, ਚਾਹੁੰਦਾ ਤਾਂ ਉਹ ਇਹ ਸੀ ਕਿ ਉਸ ਦੇ ਪਿੱਛੇ ਦੀਪੀ ਬੈਠੀ ਹੋਵੇ, ਚੂੜੇ ਵਾਲੀ ਬਾਹ ਲੱਕ ਦੁਆਲੇ ਪਾਈ ਹੋਵੇ, ਰੰਗਲਾ ਦੁਪੱਟਾ ਹਵਾ ਵਿੱਚ ਲਹਿਰਾਉਦਾ ਹੋਵੇ ਪਰ ਇਹ ਇਛਾ ਹਾਲੇ ਰੱਬ ਦੇ ਘਰ ਮਨਜੂਰੀ ਲਈ ਗਈ ਹੋਈ ਸੀ, ਹੋ ਸਕਦਾ ਸੀ ਕਿ ਮਨਜੂਰੀ ਮਿਲ ਜਾਂਦੀ ਜਾਂ ਹੋਰ ਲੱਖਾਂ ਗੱਭਰੂAਾਂ ਤੇ ਮੁਟਿਆਰਾਂ ਵਾਂਗੂੰ ਰੱਦੀ ਦੀ ਟੋਕਰੀ ਵਿਚ ਜਾ ਪੈਂਦੀ,ਨਿਰਮਲ ਦੇ ਘਰ ਪਹੁੰਚਣ ਤੋ ਪਹਿਲਾ ਹੀ ਉਹ ਘਰ ਪਹੁੰਚ ਗਏ, ਜਾਦੇ ਨੂੰ ਘੁੱਦਾ ਤੇ ਦੋ ਹੋਰ ਉਡੀਕ ਰਹੇ ਸੀ।
"ਓ ਬੱਲੇ ਬਾਈ ਦੇ, ਕੱਲ ਦੀ ਬੱਲੇ ਬੱਲੇ ਕਰਾ ਤੀ ਬਾਈ ਨੇ ਤੇ ਹੁਣ ਬੁਲੇਟ ਮੋਟਰਸਾਈਕਲ ? ਬਾਈ ਮੈ ਤਾ ਕੱਲ ਨੂੰ ਏਹਦੇ ਤੇ ਕਾਲਜ ਜਾਣਾ"। 
ਘੁੱਦਾ ਬੁਲੇਟ ਦੇਖ ਕੇ ਮੱਛਰ ਗਿਆ।
"ਚਲਾ ਜਾਈ, ਪਹਿਲਾ ਇਹ ਦੱਸ ਅਪਣੇ ਨੇੜੇ ਵਧੀਆ ਟੇਲਰਮਾਸਟਰ ਕਿਹੜਾ"। 
ਦੇਬੀ ਨੇ ਪੁੱਛਿਆ।
"ਟੇਲਰ ਤਾਂ ਵਧੀਆ ਸਾਰੇ ਨਕੋਦਰ ਆ"। 
ਘੁੱਦੇ ਨੇ ਦੱਸਿਆ।
"ਠੀਕ ਆ ਫਿਰ ਮੇਰਾ ਇੱਕ ਕੰਮ ਕਰ"। 
ਉਸਨੇ ਅਪਣੀ ਇੱਕ ਪੈਂਟ ਕਮੀਜ ਤੇ ਖੱਦਰ ਦਾ ਥਾਂਨ ਫੜਾ ਕੇ ਕਿਹਾ ਕਿ ਜਿੰਨੇ ਪੀਸ ਇਹਦੇ ਚੋ ਬਣਨ ਏਸ ਨਾਪ ਦੇ ਬਣਾ ਦੇਣ ।
"ਬਾਈ ਖੱਦਰ ਦੀ ਪੈਂਟ ਕਮੀਜ ? ਖੱਦਰ ਦਾ ਕੁੜਤਾ ਪਜਾਮਾ ਹੁੰਦਾ ਤੇ ਇਹ ਕੱਪੜੇ ਪਾ ਕੇ ਬੁਲੇਟ ਤੇ ਜਚਣਾ ਨਹੀ, ਕੋਈ ਟੋਹਰ ਦੇ ਕੱਪੜੇ ਖਰੀਦ ਕੇ ਲਿਆਵਾਗੇ, ਸਾਡੇ ਨਾਲ ਜਲੰਧਰ ਚੱਲੀ, ਹੀਰੋ ਬਣਾ ਦਿਆਗੇ"। 
ਘੁੱਦਾ ਉਹਦੇ ਨਾਲ ਨਾਲ ਅਪਣੀ ਟੋਹਰ ਵੀ ਬਣਾਉਣੀ ਚਾਹੁੰਦਾ ਸੀ।
"ਹੀਰੋ ਵੀ ਬਣ ਜਾਵਾਗੇ ਪਹਿਲਾ ਤੂੰ ਟੇਲਰ ਨੂੰ ਆਹ ਕੱਪੜੇ ਤਾਂ ਦੇ ਕੇ ਆ"। 
ਸੱਜਣਾਂ ਦੀ ਬੱਸ ਪਹਿਲਾ ਹੀ ਨਿਕਲ ਚੁੱਕੀ ਸੀ, ਹੁਣ ਦਰਸ਼ਨਾ ਦੀ ਉਮੀਦ ਨਹੀ ਸੀ, ਮਨ ਫਿਰ ਉਦਾਸ ਜਿਹਾ ਹੋ ਗਿਆ ਸੀ, ਹਾਲੇ ਸੱਜਣਾ ਨੂੰ ਦੇਖਿਆ ਕੁੱਝ ਘੰਟੇ ਬੀਤੇ ਸਨ ਪਰ ਹੁਣ ਪਿਆਸ ਹੋਰ ਵਧ ਗਈ ਸੀ, ਅਪਣੇ ਮਨ ਤੇ ਬਹੁਤ ਕੰਟਰੋਲ ਰੱਖਣ ਵਾਲਾ ਦੇਬੀ ਅਸ਼ਾਂਤ ਜਿਹਾ ਹੋਇਆ ਪਿਆ ਸੀ, ਬੱਸ ਵਾਲਾ ਸੀਨ ਵਾਰ ਵਾਰ ਉਹਦੇ ਅੱਗੇ ਘੁੰਮਦਾ ਸੀ ਤੇ ਉਹ ਆਨੰਦਿਤ ਤੇ ਉਦਾਸ ਦੋਵਾ ਅਵਸਥਾਵਾ ਵਿਚਕਾਰ ਘਿਰਿਆ ਹੋਇਆ ਸੀ।
"ਭੂਆ ਜੀ ਚੱਲੋ ਗੁਰਦਵਾਰੇ ਚੱਲੀਏ"। 
ਦੇਬੀ ਨੂੰ ਘਰ ਉਦਾਸ ਲੱਗਿਆ, ਉਹ ਅਪਣੀ ਗੱਲ ਮਨਵਾ ਸਕਦਾ ਸੀ, ਪਰ ਪਰੇਮ ਵਿੱਚ ਜਖਮੀ ਕੁੜੀਆ ਦਾ ਕੀ ਹਾਲ ਹੁੰਦਾ ਹੋਵੇਗਾ ਜਿਨਾ ਨੂੰ ਬਿਨਾ ਮਤਲਬ ਕੋਈ ਘਰੋ ਬਾਹਰ ਵੀ ਨੀ ਨਿਕਲਣ ਦਿੰਦਾ।
"ਪੁੱਤ ਠਹਿਰ ਕੇ ਚੱਲਾਗੇ ਜਦੋ ਭਾਈ ਰੈਰਾਸ ਪੜੂਗਾ, ਮੈ ਵੀ ਬੜੇ ਚਿਰ ਦੀ ਜਾ ਨੀ ਸਕੀ, ਸ਼ਾਮ ਦੀ ਰੋਟੀ ਦਾ ਕੋਈ ਆਹਰ ਵੀ ਕਰਲਾਂ"। 
ਭੂਆ ਨੇ ਕਿਹਾ, ਦੇਬੀ ਮਨ ਕਿਸੇ ਹੋਰ ਪਾਸੇ ਪਾਉਣ ਲਈ ਬਾਹਰ ਵੱਲ ਤੁਰ ਪਿਆ, ਅਸਮਾਨੋ ਅੱਗ ਵਰ ਰਹੀ ਸੀ, ਦਰਖਤਾਂ ਦਾ ਪੱਤਾ ਤੱਕ ਨਹੀ ਸੀ ਹਿਲਦਾ, ਜਰਮਨ ਵਿੱਚ ਹਰ ਵੇਲੇ ਵਗਦੀ ਠੰਡੀ ਹਵਾ ਜੋ ਕਦੇ ਉਸਨੂੰ ਚੰਗੀ ਨਹੀ ਸੀ ਲਗਦੀ ਅੱਜ ਉਸੇ ਹਵਾ ਲਈ ਉਹ ਤਰਸਿਆ ਪਿਆ ਸੀ, ਉਸ ਨੂੰ ਜਿੰਦਗੀ ਦੀ ਕੁੱਝ ਸਮਝ ਨਹੀ ਸੀ ਆ ਰਹੀ, ਜਰਮਨ ਵਿੱਚ ਦੀਪੀ ਨਹੀ ਸੀ, ਇਥੇ ਦੀਪੀ ਹੈ ਪਰ ਕੋਲ ਹੁੰਦੇ ਵੀ ਦੂਰ ਹੈ, ਦੀਪੀ ਉਸਦੀ ਹੈ ਅਤੇ ਉਹ ਦੀਪੀ ਦਾ, ਫਿਰ ਇਸ ਸਮਾਜ ਦੇ ਪੇਟ ਵਿੱਚ ਕੀ ਗੜਬੜ ਹੈ, ਨੁਕਸਾਂਨ ਕਿਸ ਦਾ ਹੈ ? ਜੇ ਦੇਬੀ ਕਿਤੇ ਦੂਰ ਰਹਿੰਦਾ ਹੁੰਦਾ ਤਾਂ ਕੋਈ ਰਿਸ਼ਤੇਦਾਰ ਦੱਸ ਪਾਉਦਾ ਤਾ ਦੀਪੀ ਦੇ ਘਰਦੇ ਝੱਟ ਵਿਆਹ ਨੂੰ ਮੰਨ ਜਾਂਦੇ, ਇਹ ਕੈਸਾ ਗੁਨਾਹ ਹੈ, ਜੋ ਕੀਤਾ ਵੀ ਨਹੀ ਪਰ ਸਜਾ ਮਿਲ ਰਹੀ, ਇਹ ਕਿਸ ਨੇ ਬਣਾਏ ਹਨ ਜਾਲਮ ਕਾਨੂੰਨ ? ਇਨਾ ਨੂੰ ਮੰਨਣਾ ਇਨਾ ਜਰੂਰੀ ਵੀ ਕਿਓ ਹੈ ? ਹਰ ਮਨੁੱਖ ਨੂੰ ਜੀਵਨ ਸਾਥੀ ਦੀ ਲੋੜ ਹੈ, ਜੇ ਹਰ ਮਨੁੱਖ ਨੂੰ ਉਸਦਾ ਮਨਪਸੰਦ ਮਿਲਦਾ ਹੈ ਤਾਂ ਕਿਓ ਸਭ ਦੀ ਛਾਤੀ ਤੇ ਸੱਪ ਲੇਟਦੇ ਆ ? ਐਸੇ ਹੀ ਸਵਾਲਾਂ ਵਿੱਚ ਉਲਝਿਆ ਉਹ ਵਾਪਿਸ ਘਰ ਆ ਗਿਆ, ਭੂਆ ਉਡੀਕ ਰਹੀ ਸੀ, 
"ਪੁੱਤ ਕੀ ਗੱਲ ਉਦਾਸ ਲਗਦਾ"। 
ਭੂਆ ਨੇ ਦੇਬੀ ਦੇ ਮੂੰਹ ਤੇ ਬਾਰਾਂ ਵੱਜੇ ਦੇਖ ਲਏ ਸਨ।
"ਹਾਂ, ਭੂਆ ਉਦਾਸ ਹਾਂ, ਇਸੇ ਲਈ ਰੱਬ ਦੀ ਯਾਦ ਆਈ, ਖੁਸ਼ੀ ਵੇਲੇ ਤਾਂ ਲਗਦਾ ਜਿਵੇ ਉਹ ਹੈ ਈ ਨਹੀ"।
ਦੇਬੀ ਬੇਲੋੜੇ ਝੂਠ ਬੋਲਣ ਦਾ ਆਦੀ ਨਹੀ ਸੀ।
"ਕਿਓ ਉਦਾਸ ਹੈਂ ਮੇਰਾ ਜਿਊਣ ਜੋਗਾ ?" ।
ਭੂਆ ਨੂੰ ਧੱਕਾ ਜਿਹਾ ਲੱਗਿਆ।
"ਭੂਆ ਇਹ ਮੈ ਦੱਸਣਾ ਨਹੀ, ਤੇ ਮੇਰੀ ਚੰਗੀ ਭੂਆ ਬਣ ਕੇ ਪੁੱਛੀ ਨਾ, ਵਕਤ ਆਉਣ ਤੇ ਮੈਂ ਖੁਦ ਦੱਸ ਦੇਵਾਂਗਾ"। 
ਦੇਬੀ ਇਸ ਟਾਪਿਕ ਨੂੰ ਬੰਦ ਕਰਨਾ ਚਾਹੁੰਦਾ ਸੀ, ਉਹ ਗੁਰਦਵਾਰੇ ਪਹੁੰਚ ਗਏ, ਗੁਰਦਵਾਰਾ ਕਾਹਦਾ ਸੀ, ਇੱਕ ਚਾਰ ਨੁਕਰਾ ਕੋਠਾ ਸੀ, ਚਾਰ ਦਰਵਾਜੇ ਸਨ ਪਰ ਵਰਤੇ ਦੋ ਹੀ ਸਕਦੇ ਸਨ, ਇੱਕ ਦਰਵਾਜਾ ਤਾਂ ਪੱਕਾ ਹੀ ਬੰਦ ਸੀ ਉਸ ਅੱਗੇ ਘਾਹ ਫੂਸ ਉਗਿਆ ਹੋਇਆ ਸੀ, ਦੂਜੇ ਦਰਵਾਜੇ ਦੀ ਹਾਲਤ ਇਹ ਸੀ ਕਿ ਜੇ ਉਸ ਨੂੰ ਜਿਆਦਾ ਵਾਰ ਖੋਲਿਆ ਤੇ ਬੰਦ ਕੀਤਾ ਜਾਦਾ ਤਾ ਉਹ ਚੁਗਾਠ ਵਿੱਚੋ ਨਿਕਲ ਕੇ ਬਾਹਰ ਡਿਗ ਸਕਦਾ ਸੀ, ਸਿਊਕ ਲੱਗੀ ਹੋਈ ਸੀ, ਚਾਰਦਿਵਾਰੀ ਕਿਤੇ ਸ਼ੁਰੂ ਕੀਤੀ ਗਈ ਸੀ ਪਰ ਪੂਰੀ ਨਹੀ ਕੀਤੀ ਗਈ, ਮੁੱਖ ਦਰਵਾਜੇ ਦੇ ਮੋਹਰੇ ਮੋਹਰੇ ਝਾੜੂ ਲਾਇਆ ਹੋਇਆ ਸੀ ਬਾਕੀ ਚਾਰ ਚੁਫੇਰੇ ਕੋਈ ਸਫਾਈ ਨਹੀ ਸੀ, ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਸੀ, ਗੁਰਦਵਾਰੇ ਵਿੱਚ ਇੱਕ ਸਪੀਕਰ ਹੈ ਤਾਂ ਸੀ ਪਰ ਉਹ ਸਿਰਫ ਪੁੰਨਿਆ ਸੰਗਰਾਂਦ ਤੇ ਹੀ ਵਰਤਿਆ ਜਾਦਾ ਸੀ, ਕੁੱਝ ਬਯੁਰਗ ਇੱਕ ਕੋਨੇ ਵਿੱਚ ਬੈਠੇ ਸਨ, ਪਰਸ਼ਾਦ ਦੇ ਲਾਲਚ ਵਿੱਚ ਚਾਰ ਪੰਜ ਨਿੱਕੇ ਕਿਆਣੇ ਵੀ ਸ਼ਰਧਾਲੂ ਬਣੇ ਬੈਠੇ ਸਨ, ਦੂਸਰੇ ਪਾਸੇ ਦੋ ਕੁ ਬਯੁਰਗ ਔਰਤਾਂ ਅਤੇ ਇੱਕ ਮੁਟਿਆਰ ਬੈਠੀ ਸੀ, ਉਹ ਵੀ ਮੱਥਾ ਟੇਕ ਕੇ ਬੈਠ ਗਏ, ਪਰ ਦੇਬੀ ਦਾ ਮਨ ਉਸਦੇ ਕੋਲ ਨਹੀ ਸੀ, ਕਦੇ ਦੀਪੀ ਦਾ ਚਿਹਰਾ ਖਿੜੇ ਫੁੱਲ ਵਾਂਗ ਉਸਦੀਆ ਅੱਖਾਂ ਅੱਗੇ ਫਿਰਦਾ, ਕਦੇ ਸ਼ਰਮ ਵਿੱਚ ਲਾਲ ਸੂਹਾ ਹੋਇਆ ਅਤੇ ਕਦੇ ਅੱਖਾਂ ਵਿੱਚ ਹੰਝੂ ਭਰੀ, ਉਹ ਇਕਾਗਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮਨ ਕਹਿ ਰਿਹਾ ਸੀ ਕਿ ਹੋਰ ਜਿੱਥੇ ਮਰਜੀ ਲੈ ਜਾ ਗੁਰਦਵਾਰੇ ਆਪਾਂ ਨੀ ਰਹਿੰਦੇ।
                             ਇਸ ਸਮੇ ਵਿੱਚ ਜਰਮਨ ਦੇ ਸਿਰਫ ਕੁੱਝ ਵੱਡੇ ਸ਼ਹਿਰਾ ਜਿਵੇ ਹੈਮਬਰਗ, ਕੋਲਨ, ਫ਼ਰੈਂਕਫਰਟ ਅਤੇ ਬੈਰਲਿਨ ਆਦਿ ਵਿੱਚ ਹੀ ਗੁਰਦਵਾਰੇ ਖੁੱਲੇ ਸਨ, ਆਮ ਪੰਜਾਬੀ ਗੁਰੂ ਘਰ ਤੋ ਟੁੱਟੇ ਹੋਏ ਸਨ, ਦੇਬੀ ਹੁਣੀ ਕਦੇ ਕਦੇ ਹੈਮਬਰਗ ਗੁਰਦਵਾਰੇ ਜਾ ਆਉਦੇ ਸਨ, ਸਕੂਲ ਵਿੱਚ ਸਿੱਖੀ ਪੰਜਾਬੀ ਦੇਬੀ ਭੁੱਲਿਆ ਨਹੀ ਸੀ, ਹੁਣ ਜਦੋ ਪੰਜਾਬ ਆਉਣ ਦਾ ਮਨ ਬਣਾਇਆ ਤਾਂ ਉਸਨੂੰ ਲੱਗਿਆ ਕਿ ਉਸਦਾ ਪੰਜਾਬੀ ਨੂੰ ਸਿਰਫ ਬੋਲਣਾ ਹੀ ਕਾਫੀ ਨਹੀ ਸਗੋ ਲਿਖਣਾ ਅਤੇ ਪੜਨਾ ਵੀ ਜਰੂਰੀ ਹੈ, ਸੱਜਣਾ ਨੂੰ ਕੋਈ ਪਰੇਮ ਪੱਤਰ ਲਿਖਣਾ ਹੋਵੇ ਜਾਂ ਪੜਨਾ ਹੋਵੇ ਤਾਂ ਕੀ ਉਸ ਲਈ ਟਰਾਂਸਲੇਟਰ ਸੱਦਣਾ ਪਵੇਗਾ ?
                                       ਜਰਮਨ ਅਉਣ ਤੋ ਹੁਣ ਤੱਕ ਉਹ ਭਾਸ਼ਾ ਨਾਲ ਸਦਾ ਸਬੰਧਿਤ ਰਿਹਾ ਸੀ, ਕਿਤਿਓ ਵੀ ਪੰਜਾਬੀ ਦਾ ਕੋਈ ਮੈਗਜੀਨ ਆਦਿ ਮਿਲ ਜਾਦਾ ਜਦ ਤੱਕ ਪੂਰਾ ਪੜ ਨਹੀ ਸੀ ਲੈਦਾ ਨੀਦ ਨਹੀ ਸੀ ਆਉਦੀ, ਜਦ ਵੀ ਨੇੜਿਓ ਕੋਈ ਪੰਜਾਬ ਜਾਦਾ ਉਹ ਹਰ ਕਿਸੇ ਕੋਲੋ ਕੋਈ ਨਾ ਕੋਈ ਕਿਤਾਬ ਮੰਗਵਾ ਲੈਦਾ, ਅੰਗਰੇਜੀ ਰਾਈਟਰ ਕਨਿੰਘਮ ਦੇ ਲਿਖੇ ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹ ਕਿਤਾਬਾਂ ਰਾਹੀ ਬਹੁਤ ਘੋਖ ਚੁੱਕਿਆ ਸੀ, ਥੋੜੀ ਬਹੁਤ ਗੁਰਮੁਖੀ ਉਸਨੇ ਗੁਟਕਾ ਸਾਹਿਬ ਤੋ ਸਿੱਖੀ ਸੀ ਤੇ ਮਨ ਵਿੱਚ ਇਛਾ ਸੀ ਕਿ ਜਦੋ ਪੰਜਾਬ ਰਹੇਗਾ ਤਾ ਸ਼ੁੱਧ ਗੁਰਮੁਖੀ ਵੀ ਸਿੱਖੇਗਾ, ਗੁਰੂ ਸਾਹਿਬਾਨਾ ਨੂੰ ਪੂਰੀ ਤਰਾਂ ਸਮਝਣ ਲਈ ਗੁਰਮੁਖੀ ਨੂੰ ਸਿੱਖਣਾ ਉਹ ਹੋਰ ਵੀ ਲਾਜਮੀ ਸਮਝਦਾ ਸੀ।
                                  ਦੇਬੀ ਦੇ ਨਾਨਕੇ ਵੀ ਸਨ, ਜੋ ਬਹੁਤ ਸਮਾਂ ਪਹਿਲਾ ਪਟਿਆਲੇ ਰਹਿੰਦੇ ਸਨ, ਦੇਬੀ ਦੇ ਪਿਓ ਦੀ ਅਪਣੇ ਸਹੁਰਿਆ ਨਾਲ ਕਦੇ ਨਹੀ ਸੀ ਬਣੀ, ਨਾਨਾਂ ਗੁਰਸਿੱਖ ਸੀ ਤੇ ਮੀਟ ਸ਼ਰਾਬ ਦਾ ਸੇਵਨ ਨਹੀ ਸੀ ਕਰਦਾ, ਦੇਬੀ ਦਾ ਪਿਓ ਸਰੂਪ ਸਿੰਘ ਸਹੁਰੇ ਜਾ ਕੇ ਸ਼ਰਾਬ ਦੀ ਮੰਗ ਕਰਦਾ, ਮੰਗ ਪੂਰੀ ਨਾ ਹੋਣ ਤੇ ਝਗੜਾ ਕਰਦਾ, ਸਰੂਪ ਸਿੰਘ ਬਹੁਤਾ ਪੜਿਆ ਲਿਖਿਆ ਨਹੀ ਸੀ, ਨਿਕੰਮਾ ਹੋਣ ਕਰਕੇ ਘਰਦਿਆ ਨੇ ਭਲੇ ਸਮੇ ਵਿੱਚ ਬਾਹਰ ਭੇਜ ਦਿੱਤਾ ਸੀ, ਦੇਬੀ ਦਾ ਤਾਇਆ ਉਸ ਤੋ ਵੀ ਪਹਿਲਾਂ ਕੇਨੇਡਾ ਚਲੇ ਗਿਆ ਸੀ, ਉਸਨੇ ਉਥੇ ਅਪਣਾ ਪਰੀਵਾਰ ਵਸਾ ਲਿਆ ਸੀ ਅਤੇ ਮੁੜ ਪੰਜਾਬ ਫੇਰਾ ਨਾਂ ਪਾਇਆ, ਦਾਦਾ ਦਾਦੀ æਵੀ ਕਨੇਡਾ ਚਲੇ ਗਏ ਸਨ, ਸਰੂਪ ਸਿੰਘ ਜਰਮਨ ਆ ਕੇ ਵੀ ਨਾਂ ਸੁਧਰਿਆ, ਜੋ ਕਮਾ ਲਿਆ ਉਹ ਖਾ ਲਿਆ, ਢੇਡ ਕੁ ਸਾਲ ਬਾਅਦ ਉਹ ਵਾਪਿਸ ਆ ਗਿਆ, ਅਸਲ ਵਿੱਚ ਉਸਨੂੰ ਡੀਪੋਰਟ ਕੀਤਾ ਗਿਆ ਸੀ ਪਰ ਉਸ ਨੇ ਆ ਕੇ ਦੱਸਿਆ ਕਿ ਦੋ ਕੁ ਮਹੀਨੇ ਤੱਕ ਉਹ ਵਾਪਿਸ ਚਲਿਆ ਜਾਵੇਗਾ, ਜਰਮਨ ਸੈਟਲ ਹੋਣ ਦੇ ਚੱਕਰ ਵਿੱਚ ਦੇਬੀ ਦੇ ਨਾਨੇ ਨੇ ਅਪਣੀ ਧੀ ਦਾ ਰਿਸ਼ਤਾ ਉਸ ਨਾਲ ਕਰ ਦਿੱਤਾ, ਸਰੂਪ ਸਿੰਘ ਦੀ ਪਰੈਸਨੈਲਿਟੀ ਬਹੁਤ ਸੀ ਅਤੇ ਗੱਲ ਬਾਤ ਤੇ ਦੇਖਣ ਤੋ ਲਗਦਾ ਨਹੀ ਸੀ ਕਿ ਉਹ ਇਨਾ ਨਿਕੰਮਾ ਹੋਵੇਗਾ, ਦੇਬੀ ਦੀ ਮਾਂ ਮੈਟਰਿਕ ਪਾਸ ਸੀ, ਬਹੁਤ ਸੂਝਵਾਂਨ ਅਤੇ ਹਿੰਮਤ ਵਾਲੀ ਔਰਤ, ਪਰ ਵਿਆਹੁਤਾ ਜੀਵਨ ਉਸਦਾ ਬਹੁਤ ਬੁਰਾ ਸੀ, ਘਰਵਾਲੇ ਨਾਲ ਹਫਤੇ ਕੁ ਬਾਅਦ ਹੀ ਸ਼ਰਾਬ ਕਾਰਨ ਅਣਬਣ ਸ਼ੁਰੂ ਹੋ ਗਈ, ਤਿੰਨ ਕੁ ਮਹੀਨੇ ਬਾਅਦ ਹੀ ਉਹ ਫਿਰ ਜਰਮਨ ਚਲੇ ਗਿਆ, ਜਰਮਨ ਜਾਂਣ ਲਈ ਪੈਸੇ ਆੜਤੀਏ ਤੋ ਲ਼ੈ ਗਿਆ ਜੋ ਬਾਅਦ ਵਿੱਚ ਦੇਬੀ ਦੇ ਨਾਨਕਿਆ ਨੂੰ ਵਾਪਿਸ ਕਰਨੇ ਪਏ, ਦੇਬੀ ਦੀ ਮਾਂ ਦੇ ਪੈਰ ਭਾਰੀ ਸਨ, ਦੇਬੀ ਦਾ ਜਨਮ ਪਿਓ ਦੀ ਗੈਰਹਾਜਰੀ ਵਿੱਚ ਹੋਇਆ, ਹੁਣ ਉਹ ਤਿੰਨ ਸਾਲ ਗੈਰਹਾਜਰ ਰਿਹਾ, ਕੋਈ ਚਿੱਠੀ ਪੱਤਰ ਨਹੀ ਤੇ ਇੱਕ ਦਿਨ ਅਚਾਂਨਕ ਉਹ ਆ ਗਿਆ, ਹੁਣ ਉਹ ਜਰਮਨ ਵਿੱਚ ਪੱਕਾ ਸੀ, ਇੱਕ ਗੋਰੀ ਨਾਲ ਵਿਆਹ ਕਰਵਾ ਲਿਆ ਸੀ, ਮੈਰਿਜ ਬਿਊਰੋ ਅੱਗੇ ਕਿਹੜੇ ਪੇਪਰ ਪੇਸ਼ ਕੀਤੇ ਹੋਣਗੇ ਇਹ ਸਰੂਪ ਸਿੰਘ ਹੀ ਜਾਣਦਾ ਸੀ।
                                 ਦੇਬੀ ਦੀ ਮਾਂ ਦਾ ਹੁਣ ਸਰੂਪ ਸਿੰਘ ਨਾਲ ਕੋਈ ਮੋਹ ਨਹੀ ਸੀ, ਉਹ ਦੇਬੀ ਲਈ ਜਿਊਦੀ ਸੀ, ਨਣਾਂਨ ਭਰਜਾਈ ਨੇ ਇੱਕ ਤਰਾਂ ਸਬਰ ਜਿਹਾ ਕਰ ਰੱਖਿਆ ਸੀ, ਦੇਬੀ ਦਾ ਪਿਓ ਢੇਡ ਕੁ ਮਹੀਨਾ ਰਹਿ ਕੇ ਫਿਰ ਮੁੜ ਗਿਆ, ਇਸ ਸਮੇ ਵਿੱਚ ਦੇਬੀ ਦੀ ਮਾਂ ਦੁਬਾਰਾ ਗਰਭਵਤੀ ਹੋ ਗਈ, ਕੁਲਦੀਪ ਅਤੇ ਬਿੰਦਰ ਦੋਵੇ ਜੌੜੇ ਸਨ, ਦੋਵਾਂ ਬੱਚੀਆ ਦੀ ਡਲਿਵਰੀ ਵੇਲੇ ਕੋਈ ਸਮੱਸਿਆ ਆ ਖੜੀ ਹੋ ਗਈ, ਦਾਈ ਨੇ ਬੱਚਿਆ ਦਾ ਜਣੇਪਾ ਤਾਂ ਕਰਵਾ ਦਿੱਤਾ ਪਰ ਦੇਬੀ ਦੀ ਮਾਂ ਦਮ ਤੋੜ ਗਈ, ਸਹੀ ਸਮੇ ਤੇ ਸਹੀ ਉਪਚਾਰ ਹੋ ਜਾਂਦਾ ਤਾਂ ਇਹ ਦੁਰਘਟਨਾ ਨਹੀ ਸੀ ਘਟਣੀ, ਦੇਬੀ ਦੇ ਨਾਨਕੇ ਆਏ ਤੇ ਸਸਕਾਰ ਕਰਕੇ ਅਪਣੇ ਦੋਹਤਿਆ ਤਾ ਦੋਹਤੀ ਨੂੰ ਨਾਲ ਲੈ ਜਾਣ ਦੀ ਮੰਗ ਕਰਨ ਲੱਗੇ, ਭੂਆ ਨੇ ਦੇਬੀ ਦੇ ਨਾਨੇ ਦੇ ਪੈਰ ਫੜ ਲਏ … 
"ਮਾਸੜ ਜੀ ਇਹ ਕਹਿਰ ਨਾਂ ਕਰੋ, ਮੈਂ ਇਨਾ ਦੀ ਮਾਂ ਬਣ ਕੇ ਜੀਆਂਗੀ, ਤੁਹਾਡੀ ਧੀ ਬਣ ਕੇ ਜੀਆਂਗੀ, ਮੈਨੂੰ ਮੇਰੇ ਖਾਂਨਦਾਨ ਦੀ ਨਿਸਾਨੀ ਤੋ ਵੱਖਰਾ ਨਾਂ ਕਰ।" 
ਭੂਆ ਦਾ ਪਰੇਮ ਦੇਖ ਕੇ ਨਾਨਕੇ ਦੋਵੇ ਦੋਹਤੇ ਤੇ ਨਵਜੰਮੀ ਦੋਹਤੀ ਭੂਆ ਦੇ ਹਵਾਲੇ ਕਰ ਕੇ ਤੁਰ ਗe, ਭੂਆ ਹੀ ਹੁਣ ਉਨਾ ਦੀ ਮਾਂ ਸੀ, ਦੇਬੀ ਦੇ ਪਿਓ ਨੂੰ ਤਾਰ ਭੇਜਣੀ ਸੀ ਪਰ ਉਹਦਾ ਕੋਈ ਅਤਾ ਪਤਾ ਨਹੀ ਸੀ, ਦੇਬੀ ਨੂੰ ਪਤਾ ਨਹੀ ਸੀ ਕਿ ਅਚਾਂਨਕ ਉਸਦੀ ਮਾਂ ਕਿੱਥੇ ਚਲੀ ਗਈ, ਕੋਈ ਚਾਰ ਕੁ ਸਾਲ ਬਾਅਦ ਦੇਬੀ ਦਾ ਪਿਓ ਇੱਕ ਵਾਰ ਫੇਰ ਮੁੜਿਆ, ਘਰ ਵਿੱਚ ਅਪਣੇ ਜੰਮੇ ਤਿੰਨ ਬੱਚੇ ਤੇ ਘਰਵਾਲੀ ਦੀ ਮੌਤ ਨੇ ਉਸਦੇ ਪੱਥਰ ਮਨ ਨੂੰ ਝਟਕਾ ਦਿੱਤਾ, ਉਹਦੀਆਂ ਅੱਖਾ ਵਿੱਚ ਅੱਥਰੂ ਆ ਗਏ … ।
"ਹੁਣ ਸਾਰਾ ਕੁੱਝ ਗਵਾ ਕੇ ਅੱਖਾ ਭਰਦਾ ਭਰਾਵਾ, ਤੇਰੀ ਘਰਵਾਲੀ ਦੇਵੀ ਸੀ, ਤੇਰੀ ਰਾਹ ਦੇਖਦੀ ਮਰ ਗਈ, ਤੇਰੇ ਨਿਆਂਣੇ ਤੇਰੇ ਹੁੰਦਿਆ ਵੀ ਯਤੀਮ ਹੋ ਗਏ"। 
ਭੂਆ ਦੀਆਂ ਅੱਖਾਂ ਵਹਿ ਤੁਰੀਆਂ ਸਨ।

" ਮੈ ਇਨਾ ਨੂੰ ਅਪਣੇ ਕੋਲ ਲੈ ਜਾਣਾਂ"। 
ਸਰੂਪ ਸਿੰਘ ਨੇ ਕਹਿ ਕੇ ਭੂਆ ਦੇ ਦੇਲ ਤੇ ਇੱਕ ਵਾਰ ਫਿਰ ਛੁਰੀ ਫੇਰ ਦਿੱਤੀ।
"ਵੇ ਮੈਂ ਮਸਾਂ ਇਨਾਂਦੇ ਨਾਨਕਿਆ ਤੋ ਮੰਗ ਕੇ ਲਏ, ਮੈਨੂੰ ਮਰੀ ਨੂੰ ਫੇਰ ਨਾਂ ਮਾਰੀ"। 
ਭੂਆ ਇਕੱਲੀ ਨਹੀ ਸੀ ਹੋਣਾ ਚਾਹੁੰਦੀ।
ਸਰੂਪ ਸਿੰਘ ਨੇ ਕੋਈ ਹੁੰਗਾਰਾ ਨਾਂ ਭਰਿਆ, ਸੋਚੀ ਪੈ ਗਿਆ, ਕੁੱਝ ਦਿਨਾ ਬਾਅਦ ਵਾਪਿਸ ਮੁੜ ਗਿਆ ਪਰ ਜਾਂਣ ਤੋ ਪਹਿਲਾਂ ਨਿਆਣਿਆ ਦੀਆਂ ਫੋਟੋ ਖਿੱਚ ਕੇ ਲੈ ਗਿਆ, ਦੇਬੀ ਹੁਣ ਛੇ ਸਾਲਾਂ ਤੋ ਉਪਰ ਸੀ ਤੇ ਪਿੰਡ ਦੇ ਸਕੂਲ ਵਿੱਚ ਪੜਦਾ ਸੀ, ਚਾਰ ਕਲਾਸਾਂ ਪਿੰਡ ਦੇ ਸਕੂਲ ਵਿੱਚ ਪਾਸ ਕੀਤੀਆਂ, ਪੜਨ ਨੂੰ ਹੁਸ਼ਿਆਰ ਤੇ ਖੇਡਾ ਦਾ ਸ਼ੌਕੀਨ ਸੀ ਦੇਬੀ, ਗੁਣਗੁਣਾਉਦਾ ਵੀ ਰਹਿੰਦਾ ਸੀ, ਪਿੰਡ ਦੇ ਵੱਡੇ ਮੁੰਡੇ ਕਬੱਡੀ ਖੇਡਿਆ ਕਰਦੇ ਸਨ ਤੇ ਉਹ ਵੀ ਨਿੱਕੇ ਨਿੱਕੇ ਮੁੰਡਿਆ ਨੂੰ ਲੈ ਕੇ ਕਬੱਡੀ ਖੇਡਦਾ, ਹੈ ਤਾਂ ਸੁੱਕੜ ਜਿਹਾ ਸੀ ਪਰ ਕਰੜਾ ਬਹੁਤ ਸੀ, ਜਿਨੂੰ ਫੜ ਲੈਦਾ ਉਹ ਫਿਰ ਨੰਬਰ ਦੇ ਕੇ ਹੀ ਮੁੜਦਾ ਸੀ, ਹੁਣ ਉਹ ਪੰਜਵੀ ਵਿੱਚ ਪੜਦਾ ਹੀ ਸੀ ਕਿ ਦੇਬੀ ਦਾ ਪਿਓ ਉਨਾ ਦੇ ਪਾਸਪੋਰਟ ਅਤੇ ਵੀਜੇ ਲੈ ਕੇ ਆ ਗਿਆ, ਭੂਆ ਦੇ ਭਾਅ ਦੀ ਪਰਲੋ ਆ ਗਈ, ਉਹਨੇ ਬਥੇਰੇ ਵਾਸਤੇ ਪਾਏ ਪਰ ਸਰੂਪ ਸਿੰਘ ਨਹੀ ਮੰਨਿਆ, ਜਰਮਨ ਵਿੱਚ ਜੋ ਵਿਆਹ ਉਸ ਨੇ ਕੀਤਾ ਹੋਇਆ ਸੀ ਉਸ ਪਤਨੀ ਨਾਲ ਉਸਦਾ ਕੋਈ ਬੱਚਾ ਨਹੀ ਸੀ, ਸਰੂਪ ਸਿੰਘ ਹੁਣ ਠੋਕਰਾਂ ਖਾ ਕੇ ਬਦਲ ਗਿਆ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ, ਜੇ ਨਹੀ ਸੀ ਬਦਲੀ ਤਾਂ ਉਸਦੀ ਸ਼ਰਾਬ ਪੀਣ ਦੀ ਆਦਤ, ਰੌਦੇ ਨਿਆਣਿਆ ਨੂੰ ਲੈ ਕੇ ਸਰੂਪ ਸਿੰਘ ਫਲਾਈਟ ਕਰ ਗਿਆ, ਇਹ ਬੱਚੇ ਉਸਨੇ ਗੋਰੀ ਨਾਲ ਮਿਲ ਕੇ ਗੋਦ ਲਏ ਸ਼ੋਅ ਕੀਤੇ ਸਨ, ਉਹ ਗੋਰੀ ਤਿੰਨਾ ਭੈਣ ਭਰਾਵਾਂ ਨੂੰ ਬਹੁਤ ਪਸੰਦ ਕਰਦੀ ਸੀ, ਸਰੂਪ ਸਿੰਘ ਨਸ਼ੇ ਤੋ ਬਿਨਾ ਰਹਿ ਨਹੀ ਸੀ ਸਕਦਾ, ਗੋਰੀ ਜਿਸ ਦਾ ਨਾਮ ਸਾਂਦਰਾ ਸੀ ਉਨਾ ਦੀ ਦੇਖਭਾਲ ਕਰਦੀ, ਪਰ ਲਗਦਾ ਸੀ ਜਿਵੇ ਦੇਬੀ ਹੁਣਾਂ ਦੀ ਕਿਸਮਤ ਵਿੱਚ ਇਸ ਮਾਂ ਦਾ ਵੀ ਪਿਆਰ ਨਹੀ ਸੀ, ਸਾਂਦਰਾ ਇੱਕ ਬੱਸ ਦੁਰਘਟਨਾ ਵਿੱਚ ਮੌਤ ਦਾ ਸ਼ਿਕਾਰ ਹੋ ਗਈ, ਸਰੂਪ ਸਿੰਘ ਦੀ ਅਰਜੀ ਤੇ ਤਿੰਨੇ ਭੈਂਣ ਭਰਾ ਹੁਣ ਸਰਕਾਰੀ ਡਿਪਾਰਟਮੈਂਟ ਦੀ ਦੇਖ ਰੇਖ ਹੇਠ ਪਲੇ, ਪੜੇ ਅਤੇ ਅੱਜ ਦੇ ਮੁਕਾਂਮ ਤੱਕ ਪਹੁੰਚੇ।
                  ਦੀਪੀ ਨਾਲ ਬੱਸ ਵਿੱਚ ਬਿਤਾਏ ਪਲ ਦੇਬੀ ਦਾ ਪਿੱਛਾ ਨਹੀ ਸੀ ਛੱਡ ਰਹੇ, ਉਸ ਨੇ ਫੇਰ ਮਨ ਹੀ ਮਨ ਅਰਦਾਸ ਕੀਤੀ ਅਤੇ ਮਨ ਦੀ ਇਕਾਗਰਤਾ ਲਈ ਕੋਸ਼ਿਸ਼ ਕਰਨ ਲੱਗਾ, ਗਰੰਥੀ ਜੀ ਹੁਣ ਅਰਦਾਸ ਕਰ ਰਹੇ ਸਨ, ਹਾਲੇ ਉਹ ਪ੍ਰਸਾਦਿ ਵਰਤਾ ਰਹੇ ਸਨ ਕਿ ਘੁੱਦਾ ਐਂਡ ਪਾਰਟੀ ਨੇ ਆ ਮੱਥਾ ਟੇਕਿਆ, ਟੇਲਰ ਨੂੰ ਕੱਪੜੇ ਫੜਾ ਕੇ ਉਹ ਘਰ ਗਏ ਸਨ, ਨਿਰਮਲ ਨੇ ਦੱਸਿਆ ਕਿ ਗੁਰਦਵਾਰੇ ਮਿਲਣਗੇ, ਪਾਠ ਤੋ ਬਾਅਦ ਬਾਹਰ ਆ ਕੇ ਭੂਆ ਨੇ ਬੜੇ ਮਾਣ ਨਾਲ ਅਪਣੇ ਭਤੀਜੇ ਦੀ ਜਾਂਣ ਪਹਿਚਾਂਣ ਕਰਵਾਈ, ਜਿਹੜਾ ਵੀ ਕੋਈ ਕੋਲ ਦੀ ਲੰਘਦਾ ਰੁਕ ਜਾਂਦਾ, ਕਾਫੀ ਰੌਣਕ ਹੋ ਗਈ ਸੀ ਗੁਰਦਵਾਰੇ ਦੇ ਵਿਹੜੇ ਵਿੱਚ।
"ਬਾਈ ਚੱਲ ਘਰ ਨੂੰ ਚੱਲੀਏ, ਬੀਬੀ ਕਹਿੰਦੀ ਸੀ ਦੇਬੀ ਨੂੰ ਜਰੂਰ ਲੈ ਕੇ ਆਈ"। 
ਘੁੱਦੇ ਨੇ ਕਿਹਾ।

"ਜਰੂਰ ਮਿੱਤਰਾ, ਮੈਂ ਵੀ ਸਾਰਿਆ ਨੂੰ ਮਿਲਣਾ ਚਾਹੁੰਨਾ, ਚੱਲੀਏ ਭੂਆ ?" ।
ਦੇਬੀ ਨਾਂ ਨੁਕਰ ਨਹੀ ਸੀ ਕਰਨੀ ਚਾਹੁੰਦਾ, ਉਹ ਇਸ ਗੱਲ ਦਾ ਧਾਰਨੀ ਨਹੀ ਸੀ ਕਿ ਪਹਿਲਾ ਦੋ ਚਾਰ ਵਾਰ ਨਾਂ ਨੁਕਰ ਕਰੇ ਤੇ ਫਿਰ ਕਿਤੇ ਜਾ ਕੇ ਹਾਂ ਕਰੇ, ਜੇ ਹਾਂ ਤਾ ਪਹਿਲੀ ਵਾਰੀ, ਜੇ ਨਾਂ ਤਾ ਉਹ ਵੀ ਪਹਿਲੀ ਵਾਰੀ, ਥੋੜੀ ਦੇਰ ਤੱਕ ਉਹ ਘੁੱਦੇ ਦੇ ਘਰ ਦਾਖਲ ਹੋ ਰਹੇ ਸਨ, ਘੁੱਦੇ ਦਾ ਪਰਵਾਰ ਰਾਤ ਦੀ ਰੋਟੀ ਖਾ ਰਿਹਾ ਸੀ ।
"ਬੀਬੀ ਦੇਬੀ ਵੀਰ"। 
ਘੁੱਦੇ ਦੀ ਛੋਟੀ ਭੈਂਣ ਪਰੀਤੀ ਦੀ ਖੁਸ਼ੀ ਨਾਲ ਕਿਲਕਾਰੀ ਨਿਕਲ ਗਈ, ਉਹ ਦੀਪੀ ਤੋ ਇੱਕ ਕਲਾਸ ਪਿੱਛੇ ਬੀ ਏ ਵੰਨ ਦੀ ਵਿਦਿਆਰਥਣ ਸੀ, ਹੁਣ ਤੱਕ ਹੋਏ ਪਰੇਮ ਪਰਦਰਸ਼ਨ ਦੀ ਸਾਰੀ ਖਬਰ ਸੀ ਉਸ ਨੂੰ।
"ਵੇ ਪੁੱਤ ਕੁਰਸੀ ਲਿਆ ਅੰਦਰ ।" 
ਬੀਬੀ ਨੇ ਘੁੱਦੇ ਨੂੰ ਕਿਹਾ।
"ਨਹੀ ਬੀਬੀ ਜੀ ਮੈਂ ਤੁਹਾਡੇ ਕੋਲ ਬੈਠਾਂਗਾ"।
ਬੀਬੀ ਦੇ ਪੈਰੀ ਹੱਥ ਲਾਉਦਿਆ ਉਹ ਪਵਾਂਦੀ ਬਹਿ ਗਿਆ।
"ਨਾਂ ਪੁੱਤ ਸੁੱਖੀ ਸਾਂਦੀ ਤੂੰ ਪਵਾਂਦੀ ਕਾਹਨੂੰ ਬਹਿ ਗਿਆ ?"।
ਬੀਬੀ ਇਸ ਖਾਸ ਪਰਾਹੁਣੇ ਨੂੰ ਪਵਾਂਦੀ ਨਹੀ ਬੈਠਣ ਦੇਣਾ ਚਾਹੁੰਦੀ ਸੀ।
"ਬੀਬੀ ਜੀ ਤੁਹਾਡੇ ਬਿਲਕੁਲ ਨੇੜੇ ਬੈਠ ਕੇ ਮੈਨੂੰ ਖੁਸ਼ੀ ਹੋਵੇਗੀ"।
ਦੇਬੀ ਬੀਬੀ ਨਾਲ ਜੁੜ ਕੇ ਬੈਠ ਗਿਆ।
"ਅੱਛਾ ਪੁੱਤ ਜਿਵੇ ਤੇਰੀ ਮਰਜੀ, ਦੱਸ ਕੀ ਖਾਣਾ ਤੇ ਕੀ ਪੀਣਾ"।
ਬੀਬੀ ਨੇ ਕੁਰਸੀ ਦੀ ਜਿਦ ਛੱਡ ਦਿੱਤੀ।
"ਜੋ ਤੁਸੀ ਖਾ ਰਹੇ ਹੋ ਉਹੀ ਮੈਂ ਖਾਵਾਗਾ"। 
ਦੇਬੀ ਨੇ ਨਿਮਰਤਾ ਦਿਖਾਈ।
"ਨਾਂ ਸ਼ੇਰਾ, ਪਹਿਲੀ ਵੇਰ ਘਰ ਆਇਆ, ਜਾ ਪੁੱਤ ਖੁੱਡੇ ਚੋ ਮੁਰਗਾ ਕੱਢ ਤੇ ਝਟਕਾਦੇ, ਨਾਲੇ ਸ਼ੀਸ਼ੀ ਲੈ ਆ"।
ਘੁੱਦੇ ਦਾ ਬਾਪੂ ਪਹਿਲੀ ਵਾਰ ਬੋਲਿਆ।
"ਬਾਪੂ ਮੈਨੂੰ ਤਾਂ ਇਹ ਰਾਧਾ ਸੁਆਮੀ ਲਗਦਾ, ਸ਼ੀਸ਼ੀ ਇਹ ਪੀਦਾ ਨੀ, ਮੁਰਗੇ ਦਾ ਪੁੱਛ ਲੈਨੇ ਆਂ, ਹਾਂ ਬਾਈ ਮੁਰਗਾ ਤਾਂ ਚੱਲੂ ?"।
ਘੁੱਦੇ ਨੇ ਸ਼ੱਕ ਕੱਢਣੀ ਚਾਹੀ।
"ਮੈਂ ਕੋਈ ਰਾਧਾ ਸੁਆਮੀ ਨਹੀ ਤੇ ਕਿਸੇ ਚੀਜ ਦੀ ਸੌਹ ਵੀ ਨੀ ਪਾਈ, ਮੈ ਵੈਸੇ ਹੀ ਮਾਸ ਸ਼ਰਾਬ ਨੂੰ ਪਸੰਦ ਨਹੀ ਕਰਦਾ"। 
ਦੇਬੀ ਨੇ ਸਫਾਈ ਦਿੱਤੀ।

"ਪੁੱਤ ਸ਼ਰਾਬ ਤਾਂ ਮੰਨਿਆ ਪਰ ਆਹ ਮੁਰਗਾ ਸ਼ੁਰਗਾ ਤਾਂ ਸਾਰੇ ਖਾ ਲੈਂਦੇ ਆ, ਤੇਰਾ ਪਿਓ ਤਾ ਕਿਸੇ ਚਲਦੀ ਫਿਰਦੀ ਚੀਜ ਨੂੰ ਨਹੀ ਸੀ ਬਖਸ਼ਦਾ"। 
ਸਰੂਪ ਸਿੰਘ ਦੇ ਘਰ ਇਹੋ ਜਿਹਾ ਬਰਾਹਮਣ ਪੈਦਾ ਹੋਵੇਗਾ ਇਹ ਗੱਲ ਬਾਪੂ ਨੂੰ ਪਚਦੀ ਨਹੀ ਸੀ, ਬਾਪੂ ਦੇਬੀ ਤੇ ਜੋਰ ਪਾ ਰਿਹਾ ਸੀ ਕਿ ਦੇਬੀ ਪੈਗ ਲਾਵੇ ਤੇ ਦੇਬੀ ਕੋਸ਼ਿਸ਼ ਕਰ ਰਿਹਾ ਸੀ ਕਿ ਬਾਪੂ ਸਮਝ ਜਾਵੇ ਕਿ ਉਹ ਕੋਈ ਸ਼ਰਮ ਦਾ ਮਾਰਿਆ ਨਹੀ ਸਗੋ ਬਿਲਕੁਲ ਸ਼ਰਾਬ ਨਹੀ ਸੀ ਪੀਦਾ, ਪੰਜ ਸੱਤ ਮਿੰਟ ਬਾਪੂ ਤੇ ਲਾਏ ਤਾ ਜਾ ਕੇ ਕਿਤੇ ਉਸ ਨੇ ਜਿਦ ਛੱਡੀ, ਹੁਣ ਦੇਬੀ ਕਹਿ ਰਿਹਾ ਸੀ … 
"ਬਾਪੂ ਜੀ ਭਾਪਾ ਜੀ ਨੇ ਸਾਡੇ ਹਿਸੇ ਦੇ ਸਾਰੇ ਮੁਰਗੇ ਖਾ ਲਏ ਤੇ ਪੈਗ ਵੀ ਪੀ ਲਏ, ਮੇਰੀ ਚੰਗੀ ਭੈਣ ਛੇਤੀ ਛੇਤੀ ਜੋ ਬਣਿਆ ਪਰੋਸ ਦੇ, ਪੇਟ ਵਿੱਚ ਚੂਹੇ ਸੌ ਮੀਟਰ ਦੀ ਰੇਸ ਲਾ ਰਹੇ ਆ"। 
ਦੇਬੀ ਨੇ ਬਾਪੂ ਦਾ ਜਵਾਬ ਦਿੱਤਾ ਅਤੇ ਨਾਲ ਹੀ ਪਰੀਤੀ ਨੂੰ ਰੋਟੀ ਪਾਉਣ ਲਈ ਕਿਹਾ, ਉਹ ਸ਼ਰਾਬ ਮੀਟ ਦੇ ਵਿਸ਼ੇ ਨੂੰ ਛੇਤੀ ਬਦਲਣਾ ਚਾਹੁੰਦਾ ਸੀ, ਇਸ ਨੋਕ ਝੋਕ ਵਿੱਚ ਕਿਸੇ ਨੂੰ ਪਤਾ ਨਹੀ ਲੱਗਾ ਪਰੀਤੀ ਕਦੋ ਹਰਨੀ ਵਾਂਗ ਚੁੰਗੀਆ ਭਰਦੀ ਦੀਪੀ ਦੇ ਘਰ ਗਈ ਤੇ ਉਹਦੇ ਕੰਨ ਵਿੱਚ ਖਾਸ ਮਹਿਮਾਨ ਦੀ ਆਮਦ ਬਾਰੇ ਦੱਸ ਕੇ ਉਲਟੇ ਪੈਰੀ ਵਾਪਿਸ ਆ ਗਈ, ਦੇਬੀ ਵੀਰ ਦੇ ਨੇੜੇ ਬੈਠਣ ਦੀ ਉਸ ਨੂੰ ਖੁਸ਼ੀ ਸੀ।
"ਲੈ ਵੀਰੇ ਜੇ ਸਾਡੇ ਨਾਲ ਖਾਣਾ ਆ ਤਾਂ ਚਟਣੀ ਤੇ ਮਾਂਹ ਛੋਲਿਆ ਦੀ ਦਾਲ ਹੀ ਮਿਲਣੀ ਆ"। ਪਰੀਤੀ ਨੇ ਥਾਲੀ ਪਰੋਸ ਕੇ ਦੇਬੀ ਅਤੇ ਭੂਆ ਨੂੰ ਫੜਾ ਦਿੱਤੀ, ਦੇਬੀ ਨੇ ਇੱਕ ਰੋਟੀ ਨਾਲ ਹੀ ਚਟਣੀ ਖਤਮ ਕਰ ਦਿੱਤੀ, … 
"ਪਰੀਤੋ, ਹੋਰ ਚਟਣੀ ਹੈਗੀ"। 
ਦੇਬੀ ਨੂੰ ਚਟਣੀ ਬਾਹਲੀ ਸਵਾਦ ਲੱਗੀ ਸੀ।
"ਹਾਂ ਵੀਰੇ ਥੋੜੀ ਜਿਹੀ ਹੋਰ ਹੈਗੀ, ਪਰ ਤੁਸੀ ਜਿੰਨੀ ਖਾਣੀ ਖਾਓ ਮੈ ਹੋਰ ਰਗੜ ਦਿਆਂਗੀ"। ਪਰੀਤੀ ਨੇ ਬਚਦੀ ਚਟਣੀ ਕੂੰਡੀ ਵਿਚੋ ਕੱਢ ਕੇ ਦੇਬੀ ਦੀ ਥਾਲੀ ਵਿੱਚ ਪਾ ਦਿੱਤੀ।
"ਪਰੀਤੋ ਐਨੀ ਸੁਆਦ ਚਟਣੀ, ਕੀ ਕੀ ਪਾਇਆ ਇਹਦੇ ਵਿੱਚ ?"।
ਦੇਬੀ ਕੋਈ ਫੂਕ ਨਹੀ ਸੀ ਛਕਾ ਰਿਹਾ, ਬਚਪਨ ਵਿੱਚ ਉਸਨੇ ਜਰੂਰ ਚਟਣੀ ਖਾਧੀ ਹੋਵੇਗੀ ਪਰ ਉਹ ਉਸ ਨੂੰ ਯਾਦ ਨਹੀ ਸੀ।
"ਵੀਰੇ ਕੋਈ ਖਾਸ ਨੀ, ਬੱਸ ਗੰਡੇ, ਖੰਡ, ਪੂਦਨਾ ਤੇ ਕੁੱਝ ਆਚਾਰ ਤੇ ਥੋੜਾ ਜਿਹਾ ਲੂਣ"।
ਪਰੀਤੀ ਲਈ ਚਟਣੀ ਕੋਈ ਖਾਸ ਚੀਜ ਨਹੀ ਸੀ।
"ਸਭ ਤੋ ਜਰੂਰੀ ਚੀਜ ਤਾਂ ਮੇਰੀ ਕਮਲੀ ਭੈਂਣ ਭੁੱਲ ਈ ਗਈ"। 
ਦੇਬੀ ਨੇ ਕਿਹਾ।
"ਉਹ ਕੀ ਵੀਰ ਜੀ ?" । ਪਰੀਤੀ ਨੇ ਕਿਹਾ।
"ਬਣਾਉਣ ਵਾਲੇ ਦਾ ਪਰੇਮ, ਪਰੇਮ ਤੋ ਬਿਨਾ ਬਣਾਈ ਕੋਈ ਵੀ ਚੀਜ ਖਾਣ ਵਾਲੇ ਦੀ ਰੂਹ ਖੁਸ਼ ਨਹੀ ਕਰਦੀ, ਸੱਚ ਜਾਣੀ ਪਰੀਤੋ ਇਨੀ ਸਵਾਦ ਚੀਜ ਮੈ ਅੱਜ ਤੱਕ ਨੀ ਖਾਧੀ, ਜਦੋ ਕੁਲਦੀਪ ਪੰਜਾਬ ਆਊ ਤਾਂ ਸਭ ਤੋ ਪਹਿਲਾ ਉਸਨੂੰ ਚਟਣੀ ਬਣਾਉਣੀ ਸਿਖਾਈ"। 
ਦੇਬੀ ਲਈ ਇਹ ਖਾਣਾ ਜੋ ਇੱਕ ਪਰਵਾਰ ਵਿੱਚ ਬੈਠ ਕੇ ਖਾਧਾ ਜਾ ਰਿਹਾ ਸੀ ਇਸਦਾ ਸਵਾਦ ਕੁੱਝ ਅਲੱਗ ਹੀ ਸੀ।

"ਪੁੱਤ ਸੁਣਿਆ ਬਾਹਰਲੇ ਦੇਸ਼ ਚ ਮੇਮਾਂ ਬਹੁਤ ਹੁੰਦੀਆਂ"। 
ਬਾਪੂ ਕੋਈ ਜਰਮਨ ਦੀ ਗੱਲ ਸੁਣਨੀ ਚਾਹੁੰਦਾ ਸੀ।
"ਬਾਪੂ ਜੀ ਬੱਸ ਚਾਰ ਚੁਫੇਰੇ ਮੇਮਾਂ ਈ ਮੇਮਾ ਫਿਰਦੀਆ"। 
ਦੇਬੀ ਬਾਪੂ ਦੇ ਸਵਾਲ ਤੇ ਹੱਸਣੋ ਨਾ ਰਹਿ ਸਕਿਆ।
"ਤੇ ਪੁੱਤ ਫਿਰ ਤੂੰ ਇੱਕ ਅੱਧੀ ਨਾਲ ਲੈ ਆਉਦਾ, ਅਸੀ ਵੀ ਮੇਮ ਦੇਖ ਲੈਦੇ"। 
ਬਾਪੂ ਹੋਰ ਵਧ ਗਿਆ।
"ਬਾਪੂ ਜੀ ਮੇਮਾਂ ਨਾਲ ਅਪਣੀ ਦਾਲ ਨੀ ਗਲਦੀ, ਮੈਂ ਤਾ ਸੋਚਦਾ ਸੀ ਕਿ ਤੁਹਾਡੀ ਨਜਰ ਵਿੱਚ ਏਥੇ ਕੋਈ ਕੁੜੀ ਹੋਣੀ ਆ ਤੇ ਮੇਰੇ ਵਿਚੋਲੇ ਬਣੋਗੇ"। 
ਦੇਬੀ ਨੇ ਨਹਿਲੇ ਤੇ ਦਹਿਲਾ ਮਾਰਿਆ।
"ਲੈ ਪੁੱਤ ਤੂੰ ਹਾਂ ਕਰਨ ਵਾਲਾ ਬਣ ਕੁੜੀਆਂ ਦੀ ਤਾ ਲੈਣ ਲਾ ਦਿਆਂਗੇ"। 
ਬੀਬੀ ਨੇ ਬਾਪੂ ਦੇ ਮੂੰਹ ਖੋਹਲਣ ਤੋ ਪਹਿਲਾ ਹੀ ਅੱਗਾ ਵਲ ਲਿਆ,ਕਾਫੀ ਦੇਰ ਉਹ ਏਧਰਲੀਆ ਓਧਰਲੀਆ ਮਾਰਦੇ ਰਹੇ, ਗਰਮੀ ਰੁੱਤੇ ਸਾਰੇ ਰੋਟੀ ਪਾਣੀ ਖਾ ਕੇ ਅਤੇ ਸਾਢੇ ਸੱਤ ਦੇ ਸਮਾਚਾਰ ਸੁਣ ਕੇ ਕੋਠਿਆਂ ਤੇ ਆ ਮੰਜੇ ਡਾਹੁਦੇ ਸਨ, ਘੁੱਦੇ ਦੇ ਨਜਦੀਕ ਘਰ ਮਨਦੀਪ ਦਾ ਸੀ, ਦੀਪੀ ਉਸਤੋ ਅਗਲੇ ਘਰ ਰਹਿੰਦੀ ਸੀ, ਇੱਕ ਦੂਜੇ ਦੇ ਘਰ ਸਭ ਦਾ ਆਉਣ ਜਾਂਣ ਸੀ, ਮਨਦੀਪ ਅਪਣੀ ਕੋਠੇ ਦੀ ਛੱਤ ਤੇ ਪਰਵਾਰ ਦੇ ਬਿਸਤਰੇ ਵਿਸ਼ਾ ਰਹੀ ਸੀ, ਦੀਪੀ ਵੀ ਮਾਂ ਤੋ ਪੁੱਛ ਮਨਦੀਪ ਦੇ ਮਕਾਨ ਤੇ ਆ ਗਈ ਸੀ … ।।
"ਦੇਬੀ ਵੀਰ ਜੀ ਸਤਿ ਸ਼ਿਰੀ ਅਕਾਲ"। 
ਛੱਤ ਤੋ ਅਵਾਜ ਆਈ, ਦੇਬੀ ਨੇ ਉਪਰ ਵੱਲ ਦੇਖਿਆ, ਕੋਠੇ ਤੇ ਹਨੇਰਾ ਸੀ ਅਤੇ ਵਿਹੜੇ ਵਿੱਚ ਚਾਂਨਣ, ਦੇਬੀ ਪਛਾਂਣ ਨਾ ਸਕਿਆ,
"ਇਹ ਮਿੱਠੀ ਅਵਾਜ ਕਿਹੜੀ ਭੈਣ ਦੀ ਆ ?" ।
ਦੇਬੀ ਨੇ ਉਪਰ ਵੱਲ ਨੂੰ ਦੇਖ ਕੇ ਕਿਹਾ।
"ਵੀਰੇ ਨਿੱਕੀ ਹੁੰਦੀ ਨੂੰ ਤੁਸੀ ਮਾਣੋ ਕਹਿੰਦੇ ਸੀ ਹੁਣ ਸਭ ਮਨਦੀਪ ਕਹਿੰਦੇ ਆ"। 
ਮਨਦੀਪ ਨੇ ਕਿਹਾ।
"ਜੇ ਮੈ ਤੈਨੂੰ ਹੁਣ ਵੀ ਮਾਣੋ ਕਹਾ ਤਾ ਫੇਰ ?"।
ਦੇਬੀ ਮਸਤੀ ਦੇ ਮੂਢ ਵਿੱਚ ਸੀ।
"ਤੁਸੀ ਜੋ ਚਾਹੋ ਕਹਿ ਲਓ"। 
ਮਨਦੀਪ ਨੇ ਛੁੱਟੀ ਦਿੱਤੀ।
"ਦੇਖ ਲਓ ਭਾਜੀ ਜੇ ਮੈ ਮਾਣੋ ਕਹਾ ਤਾ ਮੈਨੂੰ ਮਾਰਨ ਦੌੜਦੀ ਆ, ਤੇ ਤੁਸੀ ਜੋ ਮਰਜੀ ਕਹਿ ਲਓ।" 
ਇਹ ਮਨਦੀਪ ਦਾ ਛੋਟਾ ਭਰਾ ਸੀ ਜੋ ਕੋਠੇ ਤੇ ਬੈਠਾ ਸੀ।
"ਦੇਬੀ ਵੀਰ ਵੱਡਾ ਆ ਉਹ ਕਹਿ ਸਕਦੇ ਆ, ਤੂੰ ਨਹੀ"। 
ਮਨਦੀਪ ਨੇ ਛੋਟੇ ਨੂੰ ਦਬਕਿਆ। 
"ਮਾਣੋ ਥੱਲੇ ਆ ਜਾ"। 
ਦੇਬੀ ਨੇ ਕਿਹਾ।

"ਨਹੀ ਵੀਰ ਜੀ ਮੈਂ ਕੋਠੇ ਤੇ ਬੈਠ ਕੇ ਤੁਹਾਡੀਆਂ ਗੱਲਾਂ ਸੁਣਦੀ ਆਂ"। 
ਮਨਦੀਪ ਨੇ ਕਿਹਾ, ਦੇਬੀ ਨੂੰ ਘੁੱਦੇ ਦੇ ਘਰ ਆਇਆ ਦੇਖ ਕੇ ਆਂਢ ਗੁਆਂਢ ਵੀ ਆਉਣਾ ਸ਼ੁਰੂ ਹੋ ਗਿਆ, ਉਨਾ ਦੇ ਘਰ ਮੇਲਾ ਜਿਹਾ ਲੱਗ ਗਿਆ, ਬਹੁਤ ਦੇਰ ਉਹ ਸਾਰੇ ਖੱਪ ਕਰਦੇ ਰਹੇ, ਦੇਬੀ ਇਸ ਗੱਲ ਤੋ ਬੇਖਬਰ ਸੀ ਕਿ ਮਨਦੀਪ ਦੇ ਨੇੜੇ ਦੀਪੀ ਵੀ ਮੰਜੇ ਤੇ ਬੈਠੀ ਸੀ, ਦੇਬੀ ਉਪਰ ਸਾਫ ਨਹੀ ਸੀ ਦੇਖ ਸਕਦਾ ਪਰ ਉਪਰੋ ਦੀਪੀ ਨੂੰ ਸਭ ਸਾਫ ਨਜਰ ਆ ਰਿਹਾ ਸੀ ਤੇ ਸਭ ਕੁੱਝ ਸੁਣ ਵੀ ਰਿਹਾ ਸੀ, ਉਹ ਖੁਸ਼ ਸੀ ਕਿ ਪਿਛਲੇ ਸਮੇ ਵਿੱਚ ਸੱਜਣਾ ਦੇ ਇਨੀ ਵਾਰ ਦਰਸ਼ਨ ਹੋ ਰਹੇ ਸਨ, ਜੇ ਆਉਣ ਵਾਲਾ ਸਮਾਂ ਇੰਝ ਹੀ ਬੀਤੇ ਤਾਂ ਰੱਬ ਕੋਲੋ ਹੋਰ ਕੀ ਮੰਗਣਾਂ, ਨੌਂ ਵੱਜਣ ਵਾਲੇ ਸਨ, ਦੀਪੀ ਦੀ ਮਾਂ ਨੇ ਦੀਪੀ ਨੂੰ ਕੋਠੇ ਤੋ ਅਵਾਜ ਮਾਰ ਲਈ, ਮਜਬੂਰੀ ਸੀ ਜਾਣਾ ਪਿਆ,
"ਵੇ ਪੁੱਤ ਚੱਲੀਏ ਹੁਣ ਘਰ, ਅੱਧੀ ਰਾਤ ਹੋਣ ਨੂੰ ਆਈ ਆ"। ਭੂਆ ਲਈ ਨੋ ਵਜਣੇ ਅੱਧੀ ਰਾਤ ਹੀ ਸੀ, ਉਹ ਵਿਦਾ ਲੈ ਕੇ ਘਰ ਨੂੰ ਪਰਤ ਆਏ, ਦੇਬੀ ਦਾ ਮਨ ਹੁਣ ਖੁਦ ਨੂੰ ਇਕੱਲਾ ਮਹਿਸੂਸ ਨਹੀ ਸੀ ਕਰਦਾ।

-----------------------     ਬਾਕੀ ਅਗਲੇ ਅੰਕ ਵਿਚ    --------------