ਆ ਜਾ ਸੰਘੇ ਖ਼ਾਲਸਾ ਦੀ ਸੈਰ ਕਰਾਵਾਂ (ਲੇਖ )

ਰਾਮ ਮੂਰਤੀ (ਡਾ.)   

Address:
United States
ਰਾਮ ਮੂਰਤੀ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਵੜਦਿਆਂ ਹੀ ਰੇਲਵੇ ਲਾਈਨ ਦੇ ਆਰ-ਪਾਰ ਇੰਟਰਲੌਕ ਟਾਇਲ ਲੱਗੀ ਹੋਵੇ, ਝੂਮਦੇ ਰੁੱਖਾਂ ਦੀ ਹਰਿਆਵਲ ਦੂਰੋਂ ਭਾ ਮਾਰਦੀ ਦਿਸੇ, ਚਿੱਕੜ ਅਤੇ ਗਾਰੇ ਦਾ ਨਾਂ-ਨਿਸ਼ਾਨ ਨਾ ਹੋਵੇ ਤੇ ਪਿੰਡ ਦੀਆਂ ਗਲੀਆਂ ਜਰਨੈਲੀ ਸੜਕਾਂ ਵਾਂਗ ਚਮਕ ਰਹੀਆਂ ਹੋਣ, ਉੱਚੀਆਂ-ਉੱਚੀਆਂ ਗੋਹੇ-ਕੂੜੇ ਦੀਆਂ ਰੂੜੀਆਂ ਤੁਹਾਡਾ ਸੁਆਗਤ ਨਾ ਕਰ ਰਹੀਆਂ ਹੋਣ, ਇਕ ਉੱਚੀ ਸਾਰੀ ਵੱਡੀ ਟੈਂਕੀ ਪਿੰਡ ਨੂੰ ਡੂੰਘਾ ਤੇ ਸਾਫ਼ ਪਾਣੀ ਮੁਹੱਈਆ ਕਰਵਾ ਰਹੀ ਹੋਵੇ, ਚਿੱਕੜ ਨਾਲ ਭਰੀ ਨਾਲ਼ੀ ਦੇਖਣ ਨੂੰ ਨਾ ਮਿਲੇ ਤੇ ਸੀਵਰੇਜ ਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਹੋਵੇ, ਪਿੰਡ ਦਾ ਸਰਕਾਰੀ ਪ੍ਰਮਾਇਰੀ ਸਕੂਲ ਮਾਡਲ ਸਕੂਲਾਂ ਦੇ ਬਰਾਬਰ ਦਾ ਹੋਵੇ ਤੇ ਉੱਥੇ ਅਧਿਆਪਕ ਲੋੜ ਮੁਤਾਬਕ ਪੂਰੇ ਹੋਣ, ਲੋਕ ਸਫ਼ਾਈ ਪਸੰਦ ਹੋਣ ਤੇ ਰਲ-ਮਿਲ ਕੇ ਪਿੰਡ ਦੀ ਹੋਰ ਬੇਹਤਰੀ ਲਈ ਇਕਜੁੱਟ ਹੰਭਲਾ ਮਾਰ ਰਹੇ ਹੋਣ, ਸਾਲ ਪਿੱਛੋਂ ਨਾਟਕ ਮੇਲਾ ਅਤੇ ਖੇਡ-ਮੇਲਾ ਕਰਵਾਇਆ ਜਾਂਦਾ ਹੋਵੇ, ਫ਼ਸਟ-ਸੈਕੰਡ ਆਉਣ ਵਾਲੇ ਇਲਾਕੇ ਭਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹੋਣ, ਸਾਹਿਤ ਦੇ ਰਸਾਲੇ ਅਤੇ ਕਿਤਾਬਾਂ ਛਪਵਾ ਕੇ ਵੰਡੀਆਂ ਜਾਂਦੀਆਂ ਹੋਣ, ਉਸ ਪਿੰਡ ਬਾਰੇ ਤੁਸੀਂ ਜ਼ਰੂਰ ਪੁੱਛੋਗੇ ਕਿ ਇਹ ਪਿੰਡ ਕਿਹੜੇ ਮੁਲਕ 'ਚ ਪੈਂਦਾ ਬਈ? ਇੰਗਲੈਂਡ, ਫਰਾਂਸ ਕਿ ਅਮਰੀਕਾ ਵਿਚ? ਤਾਂ ਮੇਰਾ ਉੱਤਰ ਹੋਵੇਗਾ, ''ਨÂ੍ਹੀਂ ਭੋਲਿਓ! ਇਹ ਪਿੰਡ ਮੇਰੇ ਪੰਜਾਬ ਦਾ ਈ ਇਕ ਪਿੰਡ ਐ।''
ਫਿਰ ਤੁਸੀਂ ਕਹੋਗੇ, ''ਅੱਛਾ ਅੱਛਾ! ਸੀਚੇਵਾਲ ਦੀ ਗੱਲ ਕਰਦੈਂ?' ਨਈਂ ਬਈ ਨÂ੍ਹੀਂ ਮੈਂ ਸੀਚੇਵਾਲ ਦੀ ਗੱਲ ਨÂ੍ਹੀਂ ਕਰਦਾ। ਮੈਂ ਗੱਲ ਕਰਦਾਂ ਪਿੰਡ ਸੰਘੇ ਖ਼ਾਲਸਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੀ।
ਸੰਘੇ ਖ਼ਾਲਸਾ ਪਿੰਡ ਨਕੋਦਰ ਤੋਂ ਨੂਰਮਹਿਲ ਰੋਡ 'ਤੇ ਸੱਜੇ ਬੰਨ੍ਹੇ ਦੀ ਲਗਪਗ ਡੇਢ ਕਿਲੋਮੀਟਰ ਦੀ ਵਿੱਥ ਉੱਪਰ ਪੂਰਬ ਵਾਲੇ ਪਾਸੇ ਵਸਿਆ ਇਕ ਖੂਬਸੂਰਤ ਪਿੰਡ ਹੈ ਜਿੱਥੇ ਬੜੇ ਜ਼ਹੀਨ ਤੇ ਖੂਬਸੂਰਤ ਪੜ੍ਹੇ-ਲਿਖੇ ਸਿਆਣੇ ਤੇ ਸੂਝਵਾਨ ਲੋਕ ਵਸਦੇ ਹਨ। ਇਸ ਪਿੰਡ ਦੇ ਐਨ.ਆਰ.ਆਈ. ਵੀਰਾਂ ਨੇ ਰਲ਼ ਕੇ ਇਕ 'ਸੰਘੇ ਖ਼ਾਲਸਾ ਵੈਲਫ਼ੇਅਰ ਓਵਰਸੀਜ਼ ਕਮੇਟੀ (ਰਜਿ:)' ਬਣਾਈ ਹੋਈ ਹੈ। ਸਰਵ ਸ੍ਰੀ ਨਿਰਮਲ ਸਿੰਘ ਸੰਘਾ, ਸੰਤੋਖ ਸਿੰਘ ਸੰਘਾ, ਰਤਨ ਸਿੰਘ ਸੰਘਾ, ਸਵਰਗੀ ਸਤਨਾਮ ਸਿੰਘ ਰੰਧਾਵਾ ਤੇ ਉਸ ਦਾ ਪਰਿਵਾਰ, ਸਵਰਗੀ ਓਮਪਾਲ ਤੇ ਉਸ ਦਾ ਪਰਿਵਾਰ, ਪਿੰਡ ਦੀ ਮੌਜੂਦਾ ਪੰਚਾਇਤ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਇਸ ਕਮੇਟੀ ਦੇ ਸਤਿਕਾਰਤ ਮੈਂਬਰ ਹਨ ਜਿਨ੍ਹਾਂ ਨੇ ਪਿੰਡ ਦੇ ਕਾਇਆ ਕਲਪ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਪਿੰਡ 'ਚ ਸਰਕਾਰੀ ਸਕੂਲ ਲਈ ਕੋਈ ਢੁੱਕਵੀਂ ਥਾਂ ਨਹੀਂ ਸੀ ਤਾਂ ਇਨ੍ਹਾਂ ਨੇ ਕੈਨੇਡਾ ਰਹਿੰਦੇ ਇਕ ਸਤਿਕਾਰਤ ਬਜ਼ੁਰਗ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਆਪਣਾ ਜੱਦੀ ਘਰ ਸਕੂਲ ਲਈ ਛੱਡ ਦੇਵੇਗਾ ਅਤੇ ਉਸ ਨੇ ਅਜਿਹਾ ਕੀਤਾ। ਅੱਜ ਉਸ ਦੇ ਜੱਦੀ ਘਰ ਵਿਚ ਬਣੇ ਸਕੂਲ ਵਿਚ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਸਰਕਾਰੀ ਸਕੂਲ ਹੋਣ ਕਰਕੇ ਅਧਿਆਪਕਾਂ ਦੀ ਹਮੇਸ਼ਾ ਕਮੀ ਹੀ ਰਹਿੰਦੀ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਕਮੇਟੀ ਨੇ ਅਧਿਆਪਕ ਆਪਣੇ ਖਰਚ ਉੱਤੇ ਰੱਖ ਦਿੱਤੇ ਤਾਂ ਜੋ ਬੱਚਿਆਂ ਦੀ ਮੁੱਢਲੀ ਸਿੱਖਿਆ ਦਾ ਹਰਜਾ ਨਾ ਹੋਵੇ। ਇਸ ਸਬੰਧੀ ਮੇਰੇ ਵੱਡੇ ਭਰਾ ਜਿਹੇ ਸਤਿਕਾਰਯੋਗ ਮਿੱਤਰ ਸ੍ਰੀ ਨਿਰਮਲ ਸਿੰਘ ਸੰਘਾ ਅਕਸਰ ਕਹਿੰਦੇ ਹਨ ਕਿ ਜਿਸ ਮਕਾਨ ਦੀ ਨੀਂਹ ਕੱਚੀ ਰਹਿ ਜਾਏ ਉਸ ਉਪਰ ਮਜ਼ਬੂਤ ਇਮਾਰਤ ਨਹੀਂ ਉਸਰਦੀ, ਇਸ ਲਈ ਬੱਚਿਆਂ ਦੀ ਮੁੱਢਲੀ ਵਿੱਦਿਆ ਚੰਗੀ ਤੇ ਸਿਹਤਮੰਦ ਹੋਣੀ ਚਾਹੀਦੀ ਹੈ।
ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ (ਰਜਿ:) ਦੇ ਸਾਰੇ ਮੈਂਬਰਾਨ ਨੇ ਮੁੱਖ ਜ਼ਿੰਮੇਵਾਰੀ ਸ. ਨਿਰਮਲ ਸਿੰਘ ਸੰਘਾ ਹੁਰਾਂ ਦੇ ਮੋਢਿਆਂ ਉੱਪਰ ਸੁੱਟੀ ਹੋਈ ਹੈ। ਸਾਬਕਾ ਸਰਪੰਚ ਸ. ਰਤਨ ਸਿੰਘ ਤੇ ਸਵਰਗੀ ਸਤਨਾਮ ਸਿੰਘ ਰੰਧਾਵਾ ਦਾ ਸਾਰਾ ਪਰਿਵਾਰ ਸ. ਨਿਰਮਲ ਸਿੰਘ ਹੁਰਾਂ ਦੇ ਹਮੇਸ਼ਾ ਅੰਗ-ਸੰਗ ਰਹਿੰਦਾ ਹੈ ਅਤੇ ਪਿੰਡ ਦੇ ਕਾਇਆ-ਕਲਪ ਲਈ ਇਥੇ ਹਰ ਮਹੀਨੇ, ਹਰ ਸਾਲ ਕੋਈ ਨਾ ਕੋਈ ਨਵੀਂ ਯੋਜਨਾ ਬਣਦੀ ਹੀ ਰਹਿੰਦੀ ਹੈ।
ਸਕੂਲ ਤੋਂ ਬਾਅਦ ਇਸ ਕਮੇਟੀ ਨੇ ਜਿਸ ਵੱਡੇ ਪ੍ਰਾਜੈਕਟ ਨੂੰ ਹੱਥ ਪਾਇਆ ਉਹ ਸੀਵਰੇਜ ਪੁਆਉਣ ਦਾ ਸੀ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵੇਲੇ ਇਸ ਕਮੇਟੀ ਨੂੰ ਪਿੰਡ ਦੇ ਹੀ ਕੁਝ ਭੋਲੇ ਲੋਕਾਂ ਦਾ ਵਿਰੋਧ ਦੀ ਸਹਾਰਨਾ ਪਿਆ। ਮੈਂ ਸਮਝਦਾ ਹਾਂ ਇਹ ਵਿਰੋਧ ਹਰ ਕਮੇਟੀ ਨੂੰ ਸਹਾਰਨਾ ਪੈਂਦਾ ਹੈ/ਪਵੇਗਾ ਜਿਹੜੀ ਕਮੇਟੀ ਗਲੀਆਂ-ਨਾਲੀਆਂ ਲਈ ਹਰ ਪੰਜ ਸਾਲ ਬਾਅਦ ਆਉਂਦੀ ਗ੍ਰਾਂਟ ਨੂੰ ਪੱਕੇ ਤੌਰ 'ਤੇ ਬੰਦ ਕਰ ਦੇਣ ਦਾ ਪ੍ਰਬੰਧ ਕਰੇਗੀ ਕਿਉਂਕਿ ਗਲੀਆਂ ਨਾਲੀਆਂ ਦੀ ਗ੍ਰਾਂਟ ਨਾਲ ਤਾਂ ਹਰ ਵਾਰ ਕਈ ਅਹੁਦੇਦਾਰਾਂ ਵੱਲੋਂ ਹੱਥ ਰੰਗੇ ਜਾਂਦੇ ਹਨ ਅਤੇ ਇਹ ਸਰਕਾਰੀ ਪੈਸਾ ਖਾਣ ਦਾ ਇਕ ਚੰਗਾ ਸਾਧਨ ਹੈ। ਕੁਝ ਇਸ ਕਿਸਮ ਦਾ ਵਿਰੋਧ ਸੰਘੇ ਖ਼ਾਲਸਾ ਕਮੇਟੀ ਨੂੰ ਵੀ ਝੱਲਣਾ ਪਿਆ ਪਰ ਇਸ ਕਮੇਟੀ ਦੇ ਥਾਪੇ ਹੋਏ ਨਿਡੱਰ ਸਿਪਾਹੀ ਆਪਣੀ ਹਾਥੀ ਵਾਲੀ ਮਸਤ ਚਾਲੇ ਚਲਦੇ ਗਏ ਤੇ ਸੀਵਰੇਜ ਮੁਕੰਮਲ ਹੋ ਗਿਆ।
ਅੱਠ-ਦਸ ਫੁੱਟ ਡੂੰਘੇ ਛੱਪੜ ਵਿਚ ਭਰਤੀ ਪਾ ਕੇ ਉੇਥੇ ਇਕ ਪੱਧਰਾ ਮੈਦਾਨ ਬਣਾਇਆ ਗਿਆ ਜਿਸ ਵਿਚ ਵਾਟਰ ਵਰਕਸ ਅਤੇ ਉੱਚੀ ਪਾਣੀ ਦੀ ਟੈਂਕ ਬੜੀ ਸ਼ਾਨੋ-ਸ਼ੌਕਤ ਨਾਲ ਖੜੋਤੀ ਹੋਈ ਹੈ। ਪਿੰਡ ਦੀ ਨਵੀਂ ਉੱਠੀ ਨੌਜਵਾਨ ਪੀੜ੍ਹੀ ਨੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਉਠਾਇਆ ਹੋਇਆ ਹੈ। ਨਵੇਂ ਰੁੱਖ ਲੱਗ ਰਹੇ ਹਨ ਅਤੇ ਪਾਲ਼ੇ ਜਾ ਰਹੇ ਹਨ। ਵਾਤਾਵਰਣ ਦੀ ਸ਼ੁੱਧਤਾ ਦਾ ਇਨ੍ਹਾਂ ਸੱਜਣਾ ਨੂੰ ਏਨਾ ਖਿਆਲ ਹੈ ਕਿ ਇਹ ਅਜਿਹੀਆਂ ਸਾਹਿਤਕ ਲਿਖਤਾਂ ਨੂੰ ਵੀ ਪ੍ਰਮੋਟ ਕਰਦੇ ਰਹਿੰਦੇ ਹਨ ਜੋ ਵਾਤਾਵਰਣ ਨੂੰ ਬਚਾਉਣ ਦੀ ਦੁਹਾਈ ਦਿੰਦੀਆਂ ਹੋਣ। ਪਿੱਛੇ ਜਿਹੇ ਛਪੀ ਪੁਸਤਕ 'ਕਿੱਥੇ ਗਈ ਖ਼ੁਸ਼ਬੋ' ਜੋ ਵਾਤਾਵਰਣੀ ਸਰੋਕਾਰਾ ਨਾਲ ਜੁੜੀ ਹੋਈ ਹੈ ਇਨ੍ਹਾਂ ਸੱਜਣਾਂ ਦੀ ਸਹਾਇਤਾ ਨਾਲ ਛਪੀ। ਆਵਾਮ ਦੀ ਤਰਕਸ਼ੀਲ, ਵਿਸ਼ਲੇਸ਼ਣੀ ਤੇ ਵਿਗਿਆਨਕ ਸੋਚ ਨੂੰ ਪਰਿਪੱਕ ਕਰਨ ਲਈ ਛਪਦੇ ਹਰ ਅਖ਼ਬਾਰ, ਮੈਗਜ਼ੀਨ ਅਤੇ ਪੁਸਤਕ ਦੀ ਛਪਾਈ ਲਈ ਮਾਇਕ ਸਹਾਇਤਾ ਕਰਨ ਲਈ ਇਹ ਸੱਜਣ ਤਿਆਰ-ਬਰ-ਤਿਆਰ ਰਹਿੰਦੇ ਹਨ।
ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਇਸ ਕਮੇਟੀ ਨੇ ਇਕ ਫੰਡ ਤਿਆਰ ਸਥਾਪਤ ਕੀਤਾ ਹੈ ਜਿਸ ਵਿਚੋਂ ਹਰ ਵਰ੍ਹੇ ਉੱਚ ਸਿੱਖਿਆ ਦੀਆਂ ਚਾਹਵਾਨ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਪਿੰਡ ਦੇ ਕਈ ਲਾਚਾਰ ਤੇ ਗ਼ਰੀਬ ਪਰਿਵਾਰਾਂ ਦੇ ਬਿਮਾਰ ਬੱਚਿਆਂ ਦੇ ਇਲਾਜ ਲਈ ਇਹ ਕਮੇਟੀ ਲੱਖਾਂ ਰੁਪਏ ਖਰਚ ਕਰ ਦਿੰਦੀ ਹੈ। ਅਗਾਂਹ ਹੋਰ ਪੜ੍ਹਨ ਦੀਆਂ ਚਾਹਵਾਨ ਲੜਕੀਆਂ ਨੂੰ ਤਾਂ ਇਨ੍ਹਾਂ ਨੇ ਕੰਪਿਊਟਰ ਤੱਕ ਵੀ ਖਰੀਦ ਕੇ ਦੇ ਦਿੱਤੇ ਹਨ। ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਇਨ੍ਹਾਂ ਨੇ ਪਿੰਡ, ਇਲਾਕੇ ਆਦਿ ਦਾ ਕੋਈ ਦਾਇਰਾ ਨਹੀਂ ਰੱਖਿਆ। ਪੰਜਾਬ ਵਿਚ ਵਸਦੀ ਕੋਈ ਵੀ ਲੜਕੀ ਅਜਿਹੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ।
ਇਸ ਕਮੇਟੀ ਦੇ ਚੇਅਰਮੈਨ ਸ. ਨਿਰਮਲ ਸਿੰਘ ਸੰਘਾ ਬਜ਼ਾਤੇ ਖੁਦ ਇਕ ਨੇਕ, ਉੱਦਮੀ ਅਤੇ ਮਿਹਨਤੀ ਇਨਸਾਨ ਹਨ। ਉਹ ਹਮੇਸ਼ਾ ਹੀ ਆਪਣੇ ਲੋਕਾਂ ਦੀ ਜੂਨ ਸੁਧਾਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ। ਉਹ ਇਕ ਨਰਮ ਦਿਲ ਇਨਸਾਨ ਹਨ ਜੋ ਸਿੱਖਿਆ ਅਤੇ ਸਾਹਿਤ ਦੇ ਸਮਾਜਕ ਮਹੱਤਵ ਨੂੰ ਖ਼ੂਬ ਪਹਿਚਾਣਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਵਧੀਆ ਕਿਸਮ ਦੇ ਸ਼ਾਇਰ ਵੀ ਹਨ ਅਤੇ ਬੜੀ ਖੂਬਸੂਰਤ ਕਵਿਤਾ ਵੀ ਲਿਖਦੇ ਹਨ। ਨਾਂ ਚਮਕਾਉਣ ਤੇ ਗਲ਼ਾਂ 'ਚ ਹਾਰ ਪਵਾਉਣ ਵਰਗੀਆਂ ਇਲਾਮਤਾਂ ਤੋਂ ਉਹ ਕੋਹਾਂ ਦੂਰ ਹਨ। ਲੋਕ-ਸੇਵਾ ਹਿੱਤ ਲੱਗਣ ਵਾਲੇ ਕਮੇਟੀ ਦੇ ਇਕ ਇਕ ਪੈਸੇ ਦਾ ਹਿਸਾਬ ਰੱਖਦੇ ਹਨ ਤੇ ਉਨ੍ਹਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਕਮੇਟੀ ਦਾ ਇਕ ਇਕ ਪੈਸਾ ਥਾਂ ਸਿਰ ਤੇ ਲੋੜਵੰਦਾਂ ਤੱਕ ਸਿੱਧਾ ਪਹੁੰਚੇ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਉਨ੍ਹਾਂ ਤੋਂ ਕੋਈ ਅਯੋਗ ਤੇ ਗ਼ਲਤ ਕਿਸਮ ਦਾ ਬੰਦਾ ਝੂਠੇ ਰੋਣੇ ਰੋ ਕੇ ਲਾਭ ਨਾ ਉੱਠਾ ਜਾਵੇ। ਇਸ ਲਈ ਮਦਦ ਦੇ ਅਭਿਲਾਸ਼ੀ ਸਬੰਧੀ ਪਹਿਲਾਂ ਪੂਰੀ ਤਹਿਕੀਕਾਤ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਨੇ ਜਦੋਂ ਗ਼ਰੀਬ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਤਾਂ ਪਿੰਡ ਦੇ ਲੋਕ ਕਚਹਿਰੀਆਂ-ਦਫ਼ਤਰਾਂ ਵਿਚ ਸ਼ਗਨ ਲੈਣ ਲਈ ਖੱਜਲ ਖੁਆਰ ਹੋਣ ਲੱਗੇ। ਮਹੀਨਿਆਂ ਬੱਧੀ ਧੱਕੇ ਖਾ ਕੇ, ਸੈਂਕੜੇ ਰੁਪਏ ਖਰਚਣ ਤੋਂ ਬਾਅਦ ਜਾ ਕੇ ਕਿਤੇ ਸ਼ਗਨ ਸਕੀਮ ਦੀ ਰਕਮ ਮਿਲਦੀ।  ਪਰ ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ ਦਾ ਕਮਾਲ ਦੇਖੋ। ਇਨ੍ਹਾਂ ਨੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਰੋਕਣ ਲਈ ਆਪਣੀ ਸ਼ਗਨ ਸਕੀਮ ਚਲਾ ਦਿੱਤੀ। ਅੱਜ ਸੰਘੇ ਖਾਲਸਾ ਦੀ ਹਰ ਗ਼ਰੀਬ ਲੜਕੀ ਦੇ ਵਿਆਹ ਵਾਲੇ ਦਿਨ ਤੋਂ ਦਸ ਦਿਨ ਪਹਿਲਾਂ ਹੀ ਸ਼ਗਨ ਦੀ ਰਕਮ ਜੋ ਕਿ ਪੰਜ ਹਜ਼ਾਰ ਰੁਪਏ ਰੱਖੀ ਗਈ ਹੈ, ਲੜਕੀ ਦੇ ਘਰ ਪਹੁੰਚ ਜਾਂਦੀ ਹੈ।
ਕੁਝ ਚਿੰਤਕਾਂ ਦਾ ਵਿਚਾਰ ਹੈ ਕਿ ਪਿੰਡਾਂ ਵਿਚ ਸੀਵਰੇਜ ਪਾਉਣੇ, ਪਾਣੀਆਂ ਦੀ ਟੈਂਕੀਆਂ ਬਣਾਉਣੀਆਂ, ਸਕੂਲ ਬਣਾਉਣੇ ਆਦਿ ਕੰਮ ਤਾਂ ਸਰਕਾਰਾਂ ਦੇ ਹਨ। ਕੀ ਇਸ ਤਰ੍ਹਾਂ ਸਰਕਾਰਾਂ ਲੋਕ-ਸਰੋਕਾਰਾਂ ਵੱਲੋਂ ਹੋਰ ਅਵੇਸਲੀਆਂ ਨਹੀਂ ਹੋ ਜਾਣਗੀਆਂ? ਇਹ ਨੁਕਤਾ ਉਹ ਸੱਜਣ ਉਠਾਉਂਦੇ ਹਨ ਜਿਹੜੇ ਇਸ ਕਮੇਟੀ ਦੀ ਕਾਰਜ ਸ਼ੈਲੀ ਬਾਰੇ ਪੂਰਾ ਨਹੀਂ ਜਾਣਦੇ। ਅਸਲ ਵਿਚ ਇਸ ਕਮੇਟੀ ਦਾ ਕੰਮ ਕਰਨ ਦਾ ਢੰਗ ਨਿਰਾਲਾ ਹੈ। ਇਹ ਪਿੰਡ ਵਿਚ ਹੋਣ ਵਾਲੇ ਹਰ ਕੰਮ ਵਿਚ ਸਰਕਾਰਾਂ ਨੂੰ ਵੀ ਭੱਜ-ਦੌੜ ਕਰਕੇ ਖਿੱਚ ਲਿਆਉਂਦੇ ਹਨ। ਇਸ ਪਿੰਡ ਵਿਚ ਹੋਣ ਵਾਲੇ ਹਰ ਕੰਮ ਵਿਚ ਸਰਕਾਰੀ ਗ੍ਰਾਂਟਾਂ ਤੋਂ ਮਿਲਣ ਵਾਲਾ ਪੈਸਾ ਵੀ ਲੱਗਾ ਹੈ ਅਤੇ ਲੱਗ ਰਿਹਾ ਹੈ। ਸਾਡੀ ਭ੍ਰਿਸ਼ਟ ਕਿਸਮ ਦੀ ਸਰਕਾਰੀ ਮਸ਼ੀਨਰੀ ਵਿਚੋਂ ਪੈਸਾ ਕਢਵਾਉਣਾ ਸ਼ੇਰ ਦੇ ਮੂੰਹ 'ਚੋਂ ਮਾਸ ਖਿੱਚਣ ਬਰਾਬਰ ਹੈ। ਪਰ ਸ਼ਾਬਾਸ਼ੇ ਇਨ੍ਹਾਂ ਸੱਜਣਾਂ ਦੇ, ਇਹ ਸਰਕਾਰੀ ਦਫਤਰਾਂ ਦੇ ਗੇੜੇ ਮਾਰਦੇ ਨਾ ਤਾਂ ਥੱਕਦੇ ਹਨ ਅਤੇ ਨਾ ਹੀ ਅੱਕਦੇ ਹਨ। ਜਾਗਦੀ ਸੁਰਤ ਵਾਲੇ ਇਨ੍ਹਾਂ ਨਿਰਸੁਆਰਥ ਸੱਜਣਾਂ ਕੋਲੋਂ ਕੋਈ ਪੈਸਾ ਕਿਸ ਮੂੰਹ ਨਾਲ ਮੰਗੇ? ਇਨ੍ਹਾਂ ਦੀ ਸੇਵਾ ਭਾਵਨਾ ਵੱਲ ਵੇਖ ਕੇ ਸਰਕਾਰੀ ਅਫਸਰਾਂ ਨੂੰ ਗੱਦੀਦਾਰ ਕੁਰਸੀਆਂ ਛੱਡ ਕੇ ਪਿੰਡ ਸੰਘੇ ਖ਼ਾਲਸਾ ਦੇ ਸਰਵੇ ਕਰਨੇ ਪੈਂਦੇ ਹਨ। ਚਾਹੁੰਦੇ ਨਾ ਚਾਹੁੰਦੇ ਇਨ੍ਹਾਂ ਦਾ ਸਾਥ ਦੇਣ ਹੀ ਪੈਂਦਾ ਹੈ।
ਸਾਰੇ ਐਨ.ਆਰ.ਆਈ. ਵੀਰਾਂ ਨੂੰ ਪਿੰਡ ਸੰਘੇ ਖਾਲਸਾ ਦੇ ਇਨ੍ਹਾਂ ਸੁਹਿਰਦ ਸੱਜਣਾਂ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਜੇਕਰ ਐਨ.ਆਰ.ਆਈ. ਵੀਰ ਕੋਠੀਆਂ ਦੀ ਉਸਾਰੀ ਤੋਂ ਧਿਆਨ ਹਟਾ ਕੇ ਸਮਾਜਕ ਭਲੇ ਲਈ ਕਾਰਜਸ਼ੀਲ ਹੋਣ ਤਾਂ ਪੰਜਾਬ ਦਾ ਹਰ ਪਿੰਡ, ਪਿੰਡ ਸੰਘੇ ਖ਼ਾਲਸਾ ਬਣ ਸਕਦਾ ਹੈ। ਇਹ ਪਿੰਡ ਪੰਜਾਬ ਦਾ ਇਕ ਮਾਡਲ ਗ੍ਰਾਮ ਹੈ ਜੋ ਕਿਸੇ ਸਰਕਾਰ ਨੇ ਨਹੀਂ ਬਣਾਇਆ, ਲੋਕਾਂ ਖੁਦ ਬਣਾਇਆ ਹੈ।