ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 • ਪਰਾਈ ਆਸ (ਲੇਖ )

  ਗੁਰਸ਼ਰਨ ਸਿੰਘ ਕੁਮਾਰ   

  Email: gursharan1183@yahoo.in
  Cell: +91 94631 89432
  Address: 1183, ਫੇਜ਼-10
  ਮੁਹਾਲੀ India
  ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥

  ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥

  ਪੰਜਾਬੀ ਵਿਚ ਕਹਾਵਤ ਹੈ---ਮੰਗਵਾਂ ਗਹਿਣਾ ਪਾਇਆ, ਆਪਣਾ ਰੂਪ ਗੁਵਾਇਆ। ਇਸੇ ਤਰਾਂ੍ਹ ਪਰਾਈ ਆਸ ਰੱਖਣ ਵਾਲੇ ਮਨੁੱਖ ਕਦੇ ਵੀ ਧੋਖਾ ਖਾ ਸਕਦੇ ਹਨ। ਉਨਾਂ੍ਹ ਦੇ ਦੋਸਤ ਮਿੱਤਰ ਕਦੇ ਵੀ ਉਨਾਂ੍ਹ ਦਾ ਸਾਥ ਛੱਡ ਸਕਦੇ ਹਨ। ਹਮੇਸ਼ਾਂ ਆਪਣੇ ਬਾਹੂ ਬੱਲ ਅਤੇ ਆਤਮਿਕ ਸ਼ਕਤੀ ਤੇ ਹੀ ਯਕੀਨ ਰੱਖੋ। ਆਪਣੀ ਸ਼ਕਤੀ ਤੁਹਾਨੂੰ ਕਦੀ ਧੋਖਾ ਨਹੀਂ ਦੇਵੇਗੀ। ਉਹ ਲੋਕ ਬਹੁਤ ਸੁਖੀ ਰਹਿੰਦੇ ਹਨ ਜੋ ਕਦੀ ਪਰਾਈ ਆਸ ਨਹੀਂ ਰੱਖਦੇ।
  ਅਸੀਂ ਕਈ ਵਾਰ ਆਪਣੇ ਛੋਟੇ ਛੋਟੇ ਨਿੱਜੀ ਕੰਮਾਂ ਲਈ ਵੀ ਦੂਸਰਿਆਂ ਤੇ ਨਿਰਭਰ ਰਹਿਣ ਲੱਗ ਪੈਂਦੇ ਹਾਂ। ਜਿਵੇਂ ਆਪਣੇ ਸਥਾਨ ਤੇ ਬੈਠੇ ਬਿਠਾਏ ਹੀ ਪਰਿਵਾਰ ਦੇ ਦੂਸਰੇ ਜੀਅ ਨੂੰ ਕਹਿੰਦੇ ਹਾਂ ----ਮੈਨੂੰ ਪਾਣੀ ਦਾ ਇਕ ਗਲਾਸ ਦਈਂ-----ਐਹ ਮੇਰੇ ਜੂਠੇ ਬਰਤਨ ਜਰਾ ਰਸੋਈ ਵਿਚ ਰੱਖ ਆ---ਜਰਾ ਮੇਰਾ ਪੱਖਾ ਚਲਾ ਦੇ-----ਪੱਖਾ ਹੌਲੀ ਕਰ ਦੇ-----ਜਰਾ ਮੇਰੀ ਲਾਈਟ ਜਗਾ ਦੇ----ਲਾਈਟ ਬੰਦ ਕਰ ਦੇ-----ਉਹ ਜਰਾ ਮੇਰੀ ਐਨਕ ਫੜਾਈਂ----ਬਾਹਰੋਂ ਜਰਾ ਮੇਰਾ ਤੌਲੀਆ ਲਿਆ ਦਈਂ ਆਦਿ। ਇਹ ਗੱਲਾਂ ਬਹੁਤੀਆਂ ਚੰਗੀਆਂ ਨਹੀਂ। ਸਾਨੂੰ ਆਪਣੇ ਇਸ ਤਰਾਂ੍ਹ ਦੇ ਛੋਟੇ ਛੋਟੇ ਕੰਮ ਆਪ ਕਰਨੇ ਚਾਹੀਦੇ ਹਨ। ਦੂਸਰੇ ਨੂੰ ਇਹ ਕੰਮ ਕਹਿਣੇ ਚੰਗਾ ਨਹੀਂ ਲੱਗਦਾ। ਇਸ ਨਾਲ ਅਸੀਂ ਆਲਸੀ ਬਣਦੇ ਹਾਂ। ਦੁਸਰਿਆਂ ਤੇ ਨਿਰਭਰ ਰਹਿਣ ਦੀ ਸਾਡੀ ਆਦਤ ਬਣ ਜਾਂਦੀ ਹੈ।ਸ਼ਾਇਦ ਦੂਸਰੇ ਜੀਅ ਇਸਨੂੰ ਪਸੰਦ ਨਾ ਕਰਦੇ ਹੋਣ। ਬੇਸ਼ੱਕ ਉਮਰੋਂ ਛੋਟੇ ਹੋਣ ਕਰਕੇ ਉਹ ਸਾਨੂੰ ਕੁਝ ਨਾ ਕਹਿਣ ਪਰ ਹੌਲੀ ਹੌਲੀ ਉਹ ਸਾਡੇ ਅਦੇਸ਼ਾਂ ਨੂੰ ਅਣਗੋਲਿਆਂ ਕਰਨ ਲੱਗ ਪੈਂਦੇ ਹਨ। ਇਸ ਨਾਲ ਸਾਡੇ ਮਨ ਨੂੰ ਠੇਸ ਪਹੁੰਚਦੀ ਹੈ। ਚੰਗਾ ਇਹ ਹੀ ਹੈ ਕਿ ਦੂਸਰਿਆਂ ਤੇ ਨਿਰਭਰ ਰਹਿਣ ਦੀ ਆਦਤ ਨਾ ਹੀ ਪਾਈ ਜਾਵੇ ਅਤੇ ਸਾਰੇ ਅਜਿਹੇ ਆਪਣੇ ਛੋਟੇ ਛੋਟੇ ਕੰਮ ਆਪ ਹੀ ਕੀਤੇ ਜਾਣ। ਇਸ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਦੂਸਰਿਆਂ ਨੂੰ ਵੀ ਬੁਰਾ ਨਹੀਂ ਲੱਗਦਾ। ਆਪਣੀ ਹਰ ਇਕ ਚੀਜ ਥਾਂ ਟਿਕਾਣੇ ਰੱਖਣੀ ਚਾਹੀਦੀ ਹੈ ਤਾਂ ਕਿ ਜਰੂਰਤ ਵੇਲੇ ਸੌਖਿਆਂ ਹੀ ਮਿਲ ਜਾਵੇ ਅਤੇ ਘਰ ਵਿਚ ਬਹੁਤਾ ਰੌਲਾ ਰੱਪਾ ਹੀ ਨਾ ਪਵੇ।
  ਕਈ ਵਾਰ ਸਮੇਂ ਸਿਰ ਸਹੀ ਦਿਸ਼ਾ ਵਿਚ ਪੁੱਟਿਆ ਹੋਇਆ ਕਦਮ ਬੰਦੇ ਨੂੰ ਸਦਾ ਲਈ ਅਮਰ ਕਰ ਦਿੰਦਾ ਹੈ।ਸਾਨੂੰ ਨਿਰੰਤਰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਫਲ ਬਾਰੇ ਜਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਫਲ ਪ੍ਰਮਾਤਮਾ ਨੇ ਦੇਣਾ ਹੈ। ਜਦ ਸਾਡੇ ਕੰਮ ਵਿਚ ਪ੍ਰਪੱਕਤਾ ਆ ਜਾਵੇਗੀ ਤਾਂ ਸਾਨੂੰ ਫਲ ਮਿਲਨਾ ਹੀ ਮਿਲਨਾ ਹੈ। ਇਕ ਵਾਰੀ ਇੰਦਰ ਦੇਵਤਾ ਮਨੁੱਖਾਂ ਨਾਲ ਨਰਾਜ ਹੋ ਗਿਆ। ਉਸਨੇ ਕਿਹਾ—ਹੁਣ ਮੈਂ ਧਰਤੀ ਤੇ ਕਦੀ ਬਾਰਸ਼ ਹੀ ਨਹੀਂ ਕਰਨੀ। ਜਦ ਮਨੁੱਖਾਂ ਨੇ ਇੰਦਰ ਦੀ ਅਰਾਧਨਾ ਕੀਤੀ ਤਾਂ ਇੰਦਰ ਨੇ ਕਿਹਾ---ਹੁਣ ਬਾਰਸ਼ ਤਾਂ ਹੋਵੇਗੀ ਜਦ ਸ਼ਿਵ ਜੀ ਮਹਾਰਾਜ ਆਪਣਾ ਸੰਖ ਵਜਾਉਣਗੇ ਨਾਲ ਹੀ ਸ਼ਿਵ ਜੀ ਨੂੰ ਹਾਲੀ ਸੰਖ ਨਾ ਵਜਾਉਣ ਦਾ ਇਸ਼ਾਰਾ ਕਰ ਦਿੱਤਾ। ਬਾਰਸ਼ ਤੋਂ ਬਿਨਾ ਧਰਤੀ ਤੇ ਕਾਲ ਪੈ ਗਿਆ। ਲੋਕ ਭੁੱਖੇ ਮਰਨ ਲੱਗੇ। ਉਨਾਂ ਨੇ ਫਸਲਾਂ ਹੀ ਬੀਜਣੀਆਂ ਬੰਦ ਕਰ ਦਿੱਤੀਆਂ। ਜਦ ਬਾਰਸ਼ ਹੀ ਨਹੀਂ ਹੋਣੀ ਸੀ ਤਾਂ ਫਸਲ ਕਿਵੇਂ ਉਗਣੀ ਸੀ। ਇਕ ਦਿਨ ਸ਼ਿਵ ਜੀ ਨੇ ਸੋਚਿਆ ---ਚਲੋ ਮਾਤ ਲੋਕ ਵਿਚ ਜਾ ਕੇ ਵੇਖੀਏ ਕਿ ਮਨੁੱਖਾਂ ਦਾ ਕੀ ਹਾਲ ਹੈ। ਉਹ ਭੇਸ ਬਦਲ ਕੇ ਮਾਤ ਲੋਕ ਵਿਚ ਆ ਗਏ। ਸਾਰੇ ਪਾਸੇ ਕਾਲ ਨਾਲ ਲੋਕ ਭੁੱਖੇ ਮਰ ਰਹੇ ਸਨ। ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇਕ ਖੇਤ ਵਿਚ ਇਕ ਕਿਸਾਨ ਹਾਲੇ ਵੀ ਹੱਲ ਚਲਾ ਰਿਹਾ ਸੀ। ਸ਼ਿਵ ਜੀ ਨੂੰ ਉਸ ਦੀ ਮੁਰਖਤਾ ਤੇ ਬੇਹੱਦ ਹੈਰਾਨੀ ਹੋਈ। ਉਨਾਂ੍ਹ ਨੇ ਉਸ ਨੂੰ ਪੁੱਛਿਆ---ਕੀ ਤੈਨੂੰ ਨਹੀਂ ਪਤਾ ਕਿ ਜਦ ਤੱਕ ਬਾਰਸ਼ ਨਾ ਹੋਵੇ ਤਾਂ ਫਸਲ ਨਹੀਂ ਉੱਗ ਸਕਦੀ? ਉਸ ਕਿਸਾਨ ਨੇ ਕਿਹਾ---ਮੈਨੂੰ ਸਭ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਕਿ ਜਦ ਤੱਕ ਸ਼ਿਵ ਜੀ ਆਪਣਾ ਸੰਖ ਨਹੀਂ ਵਜਾਉਣਗੇ ਤਦ ਤੱਕ ਬਾਰਸ਼ ਨਹੀਂ ਹੋਵੇਗੀ। ਸ਼ਿਵ ਜੀ ਨੇ ਪੁੱਛਿਆ---ਫਿਰ ਤੂੰ ਐਵੇਂ ਖੇਤ ਵਿਚ ਹੱਲ ਕਿਉਂ ਚਲਾ ਰਿਹਾ ਹੈਂ? ਕਿਸਾਨ ਨੇ ਉੱਤਰ ਦਿੱਤਾ---ਮੈਂ ਹੱਲ ਤਾਂ ਇਸ ਲਈ ਚਲਾ ਰਿਹਾ ਹਾਂ ਕਿ ਮੈਂ ਪਰਾਈ ਆਸ ਨਹੀਂ ਰੱਖਦਾ ਕਿ ਕੋਈ ਬਾਹਰੋਂ ਆ ਕੇ ਮੇਰੇ ਘਰ ਦਾਣੇ ਪਾ ਜਾਵੇਗਾ। ਆਪਣਾ ਕੰਮ ਕਰਨਾ ਮੇਰਾ ਫਰਜ ਹੈ ਉਹ ਮੈਂ ਕਰ ਹੀ ਰਿਹਾ ਹਾਂ ਫਿਰ ਇਹ ਨਾ ਹੋਵੇ ਜਦ ਸ਼ਿਵ ਜੀ ਸੰਖ ਵਜਾਉਣ ਤਾਂ ਕਿਧਰੇ ਮੈਂ ਹੱਲ ਚਲਾਉਣਾ ਹੀ ਨਾ ਭੁੱਲ ਜਾਵਾਂ। ਉਸੇ ਸਮੇਂ ਸ਼ਿਵ ਜੀ ਨੂੰ ਵੀ ਵੀਚਾਰ ਅਇਆ---ਮੈਂ ਵੀ ਬੜੇ ਚਿਰ ਤੋਂ ਸੰਖ ਨਹੀਂ ਵਜਾਇਆ---ਕਿਧਰੇ ਮੈਂ ਵੀ ਸੰਖ ਵਜਾਉਣਾ ਹੀ ਨਾ ਭੁੱਲ ਜਾਵਾਂ। ਉਸੇ ਸਮੇਂ ਉਨ੍ਹਾਂ ਆਪਣਾ ਸੰਖ ਕੱਢ ਕੇ ਵਜਾਉਣਾ ਸ਼ੁਰੂ ਕਰ ਦਿੱਤਾ।ਇਸ ਦੇ ਨਾਲ ਹੀ ਅਸਮਾਨ ਤੋਂ ਛੱਮ ਛੱਮ ਬਾਰਸ਼ ਸ਼ੁਰੂ ਹੋ ਗਈ। ਉਸ ਕਿਸਾਨ ਦਾ ਖੇਤ ਤਿਆਰ ਸੀ ਇਸ ਲਈ ਉਸਦੇ ਖੇਤ ਵਿਚ ਸਭ ਤੋਂ ਜਿਆਦਾ ਫਸਲ ਹੋਈ। ਇਹ ਹੈ ਨਿਰੰਤਰ ਆਪਣਾ ਕੰਮ ਆਪ ਕਰਦੇ ਰਹਿਣ ਦਾ ਅਤੇ ਸਬਰ ਦਾ ਨਤੀਜਾ।
  ਕੁਦਰਤ ਵੀ ਹਮੇਸ਼ਾਂ ਉਨਾਂ੍ਹ ਲੋਕਾਂ ਦਾ ਹੀ ਸਾਥ ਦਿੰਦੀ ਹੈ ਜੋ ਆਪ ਹਿੰਮਤ ਕਰਕੇ ਅੱਗੇ ਵਧਦੇ ਹਨ। ਜ਼ਿੰਦਗੀ ਦੀ ਜੰਗ ਹਮੇਸ਼ਾਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਹੀ ਜਿੱਤੀ ਜਾਂਦੀ ਹੈ। ਬੁੱਝਦਿਲਾਂ ਦਾ ਤਾਂ ਰੱਬ ਵੀ ਕਦੇ ਸਾਥ ਨਹੀਂ ਦਿੰਦਾ। ਇਕ ਵਾਰੀ ਇਕ ਛੋਟੇ ਜਹੇ ਦੇਸ਼ ਤੇ ਗੁਵਾਂਢੀ ਮੁਲਕ ਨੇ ਹਮਲਾ ਕਰ ਦਿੱਤਾ। ਛੋਟੇ ਮੁਲਕ ਕੋਲ ਫੌਜ ਅਤੇ ਸਾਧਨ ਥੋੜ੍ਹੇ ਸਨ ਪਰ ਦਲੇਰੀ ਬਹੁਤ ਸੀ। ਕਈ ਦਿਨ ਜੰਗ ਚੱਲੀ ਪਰ ਸਿੱਟਾ ਕੁਝ ਨਾ ਨਿਕਲਿਆ। ਦੋਵੇਂ ਫੌਜਾਂ ਥੱਕ ਕੇ ਚੂਰ ਹੋ ਗਈਆਂ। ਹੋਰ ਨਹੀਂ ਸੀ ਲੜਿਆ ਜਾਂਦਾ। ਛੋਟੇ ਦੇਸ਼ ਦੇ ਫੌਜੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਸਾਨੂੰ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ। ਅਸੀਂ ਐਡੇ ਵੱਡੇ ਦੇਸ਼ ਤੋਂ ਕਦੀ ਵੀ ਨਹੀਂ ਜਿੱਤ ਸਕਦੇ। ਉਨਾਂ੍ਹ ਦੇ ਰਾਜੇ ਨੇ ਕਿਹਾ---ਚੰਗਾ ਅਸੀਂ ਪਰਮਾਤਮਾ ਕੋਲੋਂ ਪੁੱਛਦੇ ਹਾਂ। ਜੇ ਸਾਡੀ ਕਿਸਮਤ ਵਿਚ ਹਾਰ ਹੀ ਲਿਖੀ ਹੈ ਤਾਂ ਅਸੀਂ ਸਮਰਪਣ ਕਰ ਦਿਆਂਗੇ ਪਰ ਜੇ ਸਾਡੀ ਕਿਸਮਤ ਵਿਚ ਜਿੱਤ ਲਿਖੀ ਹੈ ਤਾਂ ਅਸੀਂ ਲੜਾਂਗੇ। ਅਗਲੇ ਦਿਨ ਉਹ ਮੰਦਰ ਗਏ। ਰਾਜੇ ਨੇ ਸਭ ਦੇ ਸਾਹਮਣੇ ਸਿੱਕਾ ਉਛਾਲਿਆ। ਸਿੱਕਾ ਜਿੱਤ ਦਾ ਆਇਆ। ਰਾਜਾ ਇਕ ਦਮ ਉੱਛਲ ਪਿਆ-----ਸਾਡੀ ਕਿਸਮਤ ਵਿਚ ਤਾਂ ਜਿੱਤ ਲਿਖੀ ਹੈ----ਫਿਰ ਅਸੀਂ ਦੁਸ਼ਮਣ ਤੋਂ ਕਿਉਂ ਹਾਰ ਮੰਨੀਏ? ਅਸੀਂ ਲੜਾਂਗੇ ਅਤੇ ਜਿੱਤਾਂਗੇ। ਇਸ ਨਾਲ ਉਸਦੇ ਸਾਰੇ ਸੈਨਿਕਾਂ ਵਿਚ ਇਕ ਨਵਾਂ ਜੋਸ਼ ਭਰ ਗਿਆ। ਉਹ ਅਗਲੇ ਦਿਨ ਦੂਗਣੇ ਜੋਸ਼ ਨਾਲ ਲੜੇ  ਅਤੇ ਜੰਗ ਜਿੱਤ ਗਏ। ਇਹ ਕੇਵਲ ਰਾਜਾ ਹੀ ਜਾਣਦਾ ਸੀ ਕਿ ਉਸਦੇ ਸਿੱਕੇ ਦੇ ਦੋਵੇਂ ਪਾਸੇ ਇਕੋ ਜਹੇ ਹੀ ਸਨ।

  ਆਪਣੇ ਸਰੀਰ ਦਵਾਰਾ ਨਾ ਕੇਵਲ ਆਪਣੇ ਰੋਜਾਨਾ ਦੇ ਕੰਮ ਪੂਰੇ ਕਰਨੇ ਚਾਹੀਦੇ ਹਨ ਸਗੋਂ ਲੋਕ ਸੇਵਾ ਵੀ ਕਰਨੀ ਚਾਹੀਦੀ ਹੈ। ਸੇਵਾ ਨਾਲ ਮਨ ਵਿਚ ਨਿਮਰਤਾ ਅਤੇ ਸ਼ਾਂਤੀ ਆਉਂਦੀ ਹੈ। ਕਾਮ, ਕ੍ਰੋਧ, ਲੋਭ, ਮੌਹ ਅਤੇ ਹੰਕਾਰ ਕਾਬੂ ਵਿਚ ਰਹਿੰਦੇ ਹਨ।ਇਸ ਲਈ ਗਰੀਬ ਗੁਰਬੇ, ਲੋੜਵੰਦ, ਮੁਥਾਜ, ਬੀਮਾਰ ਅਤੇ ਜਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ। ਸੇਵਾ ਨਿਰਸੁਆਰਥ ਹੋਣੀ ਚਾਹੀਦੀ ਹੈ। ਗੁਰਬਾਣੀ ਵਿਚ ਵੀ ਸੇਵਾ ਦਾ ਇਕ ਖਾਸ ਸਥਾਨ ਹੈ। ਜਿਵੇਂ:

  ਵਿਣ ਸੇਵਾ ਧ੍ਰਿਗੁ ਹਥ ਪੈਰ
  ਹੋਰ ਨਿਹਫਲ ਕਰਣੀ॥

  ਜਾਂ

  ਘਾਲਿ ਖਾਇ ਕਿਛੁ ਹਥਹੁ ਦੇਇ
  ਨਾਨਕ ਰਾਹੁ ਪਛਾਣਹਿ ਸੇਇ॥

  ਸੇਵਾ ਦੀ ਬਹੁਤ ਮਹੱਤਤਾ ਹੈ। ਜੇ ਅਸੀਂ ਆਪਣੇ ਛੋਟੇ ਛੋਟੇ ਕੰਮ ਹੀ ਹੋਰਨਾਂ ਤੋਂ ਕਰਵਾਉਣ ਲੱਗ ਪਏ ਤਾਂ ਫਿਰ ਦੂਜਿਆਂ ਦੀ ਸੇਵਾ ਕਿਵੇਂ ਕਰਾਂਗੇ?
  ਕਈ ਲੋਕ ਕੰਮ ਕਰਨ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਹਨ ਪਰ ਹੱਥ ਪੈਰ ਹਿਲਾ ਕੇ ਆਪਣੀਆਂ ਸਕੀਮਾਂ ਨੂੰ ਕਦੀ ਅਮਲੀ ਰੂਪ ਨਹੀਂ ਦਿੰਦੇ। ਸੋਚ ਭਾਵੇਂ ਕਿੱਡੀ ਵੀ ਉੱਚੀ ਕਿਉਂ ਨਾ ਹੋਵੇ  ਜੇ ਉਸਨੂੰ ਅਮਲ ਵਿਚ ਨਾ ਲਿਆਉਂਦਾ ਜਾਵੇ ਤਾਂ ਉਸਦਾ ਕੋਈ ਫਾਇਦਾ ਨਹੀਂ।ਕਈ ਲੋਕ ਗੱਲਾਂ ਨਾਲ ਅਸਮਾਨ ਦੇ ਤਾਰੇ ਤੋੜ ਲਿਆਉਣ ਦੀਆਂ ਫੜਾਂ੍ਹ ਮਾਰਦੇ ਹਨ ਪਰ ਲੋੜ ਪੈਣ ਤੇ ਉਨਾਂ੍ਹ ਕੋਲੋਂ ਇਕ ਮੱਖੀ ਵੀ ਨਹੀਂ ਮਾਰੀ ਜਾਂਦੀ। ਕਈ ਨੌਜੁਆਨ ਸਿਹਤ ਬਣਾਉਣ ਲਈ ਰੋਜ ਯੋਗਾ ਕਰਦੇ ਹਨ ਜਾਂ ਜਿਮ ਤੇ ਜਾ ਕੇ ਪੈਸੇ ਦੇ ਕੇ ਐਕਸਰਸਾਈਜ ਕਰਦੇ ਹਨ ਪਰ ਘਰ ਦੇ ਕੰਮ ਲਈ ਦੋ ਕਦਮ ਵੀ ਤੁਰਨਾ ਪਵੇ ਤਾਂ ਉਨਾਂ ਕੋਲੋਂ ਕਾਰ ਜਾਂ ਮੋਟਰਸਾਈਕਲ ਤੋਂ ਬਿਨਾਂ ਬਾਹਰ ਕਦਮ ਵੀ ਨਹੀਂ ਰੱਖਿਆ ਜਾਂਦਾ।
  ਇਸੇ ਤਰਾਂ ਕਈ ਹੋਰ ਲੋਕ ਬੜੇ ਬੜੇ ਵੱਡੇ ਪਲਾਨ ਬਣਾਉਂਦੇ ਹਨ। ਦੂਜੇ ਨੂੰ ਦਸਦੇ ਹਨ ਕਿ ਉਨਾਂ੍ਹ ਦਾ ਦਿਮਾਗ ਬਹੁਤ ਤੇਜ ਹੈ। ਉਨਾਂ੍ਹ ਦੀ ਸਕੀਮ ਤੇ ਚਲ ਕੇ ਕਰੌੜਾਂ ਰੁਪਏ ਕਮਾਏ ਜਾ ਸਕਦੇ ਹਨ। ਕਿਸੇ ਹੱਦ ਤੱਕ ਉਨ੍ਹਾਂ ਦੀ ਸਕੀਮ ਵੀ ਠੀਕ ਹੀ ਹੁੰਦੀ ਹੈ ਪਰ ਉਹ ਖੁਦ ਇਸ ਤੇ ਅਮਲ ਕਰਨ ਦਾ ਹੌਸਲਾ ਨਹੀਂ ਕਰਦੇ। ਇਸ ਲਈ ਕੁਝ ਉਸਾਰੂ ਸਿੱਟਾ ਨਹੀਂ ਨਿਕਲਦਾ। ਮੇਰਾ ਇਕ ਦੋਸਤ ਬਹੁਤ ਸਾਲ ਬਾਹਰਲੇ ਮੁਲਕ ਵਿਚ ਲਾ ਕੇ ਆਇਆ। ਉਸਨੇ ਦੱਸਿਆ ਕੇ ਉਸ ਪਾਸ ਇਕ ਐਸਾ ਫਾਰਮੁਲਾ ਸੀ ਜਿਸ ਨਾਲ ਇਕ ਖਾਸ ਕੈਮੀਕਲ ਬਣਾ ਕੇ ਉਸਦੀ ਮਾਰਕੀਟੀਂਗ ਕਰਨ ਨਾਲ ਕਰੌੜਾਂ ਰੁਪਏ ਕਮਾਏ ਜਾ ਸਕਦੇ ਸਨ। ਸਾਲ ਕੁ ਬਾਅਦ ਜਦ ਮੈਂ ਉਸਨੂੰ ਪੁੱਛਿਆ ਕਿ ਉਸਦੇ ਕੈਮੀਕਲ ਦਾ ਕੀ ਬਣਿਆ ਤਾਂ ਉਸਨੇ ਉੱਤਰ ਦਿੱਤਾ—ਮੈ ਆਪਣੀ ਸਕੀਮ ਛੱਡ ਦਿੱਤੀ ਹੈ। ਜੇ ਉਸ ਦਾ ਕੰਮ ਕਰਨ ਦਾ ਦ੍ਰਿੜ ਇਰਾਦਾ ਹੁੰਦਾ ਤਾਂ ਉਹ ਆਪਣੀ ਸਕੀਮ ਨੂੰ ਅਮਲੀ ਜਾਮਾ ਪੁਵਾ ਕੇ ਦੁਨੀਆਂ ਨੂੰ ਕੁਝ ਕਰ ਕੇ ਦਿਖਾਉਂਦਾ ਅਤੇ ਧਨਵਾਨ ਬਣਨ ਤੇ ਲੋੜਵੰਦ ਵਿਅਕਤੀਆਂ ਦੇ ਜੀਵਨ ਦੇ ਸੁਧਾਰ ਵਿਚ ਹਿੱਸਾ ਪਾਉਂਦਾ।
  ਕਈ ਬੰਦੇ ਅਸਲ ਵਿਚ ਹੀ ਬਹੁਤ ਲਾਇਕ ਹੁੰਦੇ ਹਨ ਪਰ ਉਹ ਆਪਣੀ ਸੋਚ ਤੇ ਚੱਲਣ ਦਾ ਹੌਸਲਾ ਨਹੀਂ ਰੱਖਦੇ। ਜੇ ਕਿਸੇ ਕੰਮ ਨੂੰ ਪੱਕੇ ਪੈਰੀ ਸ਼ੁਰੂ ਨਾਂ ਕੀਤਾ ਜਾਵੇ ਤਾਂ ਉਸਦੀ ਸਫਲਤਾ ਖਤਰੇ ਵਿਚ ਪੈ ਜਾਂਦੀ ਹੈ। ਆਤਮ ਵਿਸ਼ਵਾਸ ਦੀ ਅਣਹੋਂਦ ਕਰਕੇ ਕਈ ਲੋਕ ਦੂਸਰੇ ਦੀਆਂ ਸਲਾਹਾਂ ਲੈਣ ਲੱਗ ਪੈਂਦੇ ਹਨ ਫਿਰ ਉਨ੍ਹਾਂ ਸਲਾਹਾਂ ਨੂੰ ਆਪ ਹੀ ਰੱਦ ਕਰਕੇ ਭੰਬਲਭੁਸਿਆਂ ਵਿਚ ਪਏ ਰਹਿੰਦੇ ਹਨ। ਉਹ ਆਪਣੇ ਕੰਮ ਵਿਚ ਕਦੀ ਅੱਗੇ ਨਹੀਂ ਵਧ ਸਕਦੇ। ਉਹ ਚਾਹੁੰਦੇ ਹਨ ਕੋਈ ਦੂਸਰਾ ਬੰਦਾ ਅੱਗੇ ਲੱਗ ਕੇ ਉਨ੍ਹਾਂ ਦਾ ਕੰਮ ਕਰਕੇ ਕਾਮਯਾਬੀ ਦਾ ਸਿਹਰਾ ਉਨ੍ਹਾਂ ਨੂੰ ਦੇ ਦੇਵੇ।ਅਜਿਹੇ ਲੋਕ ਪੱਕੀ ਪਕਾਈ ਖੀਰ ਤਾਂ ਖਾਣਾ ਚਾਹੁੰਦੇ ਹਨ ਪਰ ਇਸ ਲਈ ਤਰੱਦਦ ਕੁਝ ਵੀ ਨਹੀਂ ਕਰਨਾ ਚਾਹੁੰਦੇ। ਬੇਸ਼ੱਕ ਕਿਸੇ ਦੀ ਸਲਾਹ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਸਾਰੇ ਪ੍ਰੋਜੈਕਟ ਲਈ ਦੂਸਰਿਆਂ ਤੇ ਨਿਰਭਰ ਰਹਿਣਾ ਵੀ ਠੀਕ ਨਹੀਂ। ਸਾਨੂੰ ਆਪਣੀ ਮੰਜਿਲ ਆਪ ਹੀ ਮਿੱਥਣੀ ਪਵੇਗੀ। ਰਸਤੇ ਵੀ ਆਪ ਹੀ ਲੱਭਣੇ ਪੈਣਗੇ। ਉਨ੍ਹਾਂ ਰਸਤਿਆਂ ਤੇ ਆਪ ਹੀ ਪੱਕੇ ਪੈਰੀਂ ਚੱਲਣਾ ਪਵੇਗਾ। ਫਿਰ ਜੇ ਰਸਤੇ ਵਿਚ ਕੋਈ ਮੁਸ਼ਕਲ ਆਵੇਗੀ ਤਾਂ ਕੋਈ ਦੂਸਰਾ ਵੀ ਸਾਡੀ ਮੱਦਦ ਕਰ ਦੇਵੇਗਾ। ਇਕ ਦਿਨ ਅਸੀਂ ਆਪਣੀ ਮੰਜਿਲ ਤੇ ਜਰੂਰ ਪਹੁੰਚ ਜਾਵਾਂਗੇ।
  ਕਈ ਲੋਕਾਂ ਕੋਲ ਥੋੜ੍ਹਾ ਜਿਹਾ ਪੈਸਾ ਆ ਜਾਵੇ ਜਾਂ ਰਾਜ ਦਰਬਾਰੇ ਕੋਈ ਛੋਟਾ ਜਿਹਾ ਅੋਹਦਾ ਮਿਲ ਜਾਵੇ ਤਾਂ ਉਹ ਉਹ ਆਪਣੇ ਛੋਟੇ ਛੋਟੇ ਨਿੱਜੀ ਕੰਮ ਕਰਨ ਵਿਚ ਆਪਣੀ ਹੱਤਕ ਸਮਝਦੇ ਹਨ। ਦੂਸਰਿਆਂ ਤੇ ਰੌਅਬ ਪਾਉਣ ਲਈ ਇਹ ਛੋਟੀਆਂ ਛੋਟੀਆਂ ਵਗਾਰਾਂ ਹੋਰ ਲੋਕਾਂ ਨੂੰ ਪਾਈ ਰੱਖਦੇ ਹਨ। ਚਾਹੇ ਜਿਤਨਾ ਮਰਜੀ ਵੱਡਾ ਰੁਤਬਾ ਮਿਲ ਜਾਏ ਜਿੱਥੋਂ ਤੱਕ ਹੋ ਸੱਕੇ ਆਪਣੇ ਨਿੱਜੀ ਕੰਮ ਖੁਦ ਹੀ ਕਰਨੇ ਚਾਹੀਦੇ ਹਨ। ਇਸੇ ਲਈ ਕਹਿੰਦੇ ਹਨ---- ਰਾਣੀ ਆਪਣੇ ਪੈਰ ਆਪ ਧੌਂਦੀ ਕਦੀ ਜਮਾਦਾਰਨੀ ਨਹੀਂ ਬਣ ਜਾਂਦੀ। ਅਬਰਾਹਿਮ ਲਿੰਕਨ ਅਮ੍ਰੀਕਾ ਦਾ ਪ੍ਰੈਜੀਡੈਂਟ ਬਣ ਗਿਆ ਤਾਂ ਵੀ ਉਸ ਵਿਚ ਹਉਮੇ ਨਹੀਂ ਆਈ। ਉਹ ਬੇਅੰਤ ਰੁਝੇਵਿਆਂ ਦੇ ਹੁੰਦਿਆਂ ਅਤੇ ਅਨੇਕਾਂ ਨੌਕਰਾਂ ਚਾਕਰਾਂ ਅਤੇ ਹੋਰ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ ਵੀ ਆਪਣੇ ਨਿੱਜੀ ਕੰਮ ਆਪ ਹੀ ਕਰਦਾ ਸੀ। ਇਕ ਵਾਰੀ ਉਹ ਆਪਣੇ ਬੂਟ ਪਾਲਿਸ਼ ਕਰ ਰਿਹਾ ਸੀ। ਉਸੇ ਸਮੇਂ ਉਸਦਾ ਇਕ ਮਿੱਤਰ ਉਸਨੂੰ ਮਿਲਨ ਆਇਆ। ਲਿੰਕਨ ਨੂੰ ਬੂਟ ਪਾਲਿਸ਼ ਕਰਦੇ ਹੋਏ ਦੇਖ ਕੇ ਹੈਰਾਨ ਰਹਿ ਗਿਆ ਅਤੇ ਪੁੱਛਿਆ---ਕੀ ਤੁਸੀਂ ਆਪਣੇ ਬੂਟ ਆਪ ਪਾਲਿਸ਼ ਕਰਦੇ ਹੋ? ਇਸ ਤੇ ਲਿੰਕਨ ਨੇ ਹੱਸ ਕੇ ਉੱਤਰ ਦਿੱਤਾ---ਤੁਸੀਂ ਕਿਸ ਦੇ ਬੂਟ ਪਾਲਿਸ਼ ਕਰਦੇ ਹੋ? ਇਸੇ ਤਰ੍ਹਾਂ ਮੇਰਾ ਇਕ ਦੋਸਤ ਰਜਿੰਦਰ ਸਿੰਘ ਬਹੁਤ ਹੁਸ਼ਿਆਰ ਅਤੇ ਮੇਹਨਤੀ ਸੀ। ਆਪਣੀ ਮੇਹਨਤ ਸਦਕਾ ਉਹ ਆਈ ਏ ਐਸ ਅਫਸਰ ਬਣ ਗਿਆ। ਨੌਕਰ ਚਾਕਰ ਅਤੇ ਕਈ ਸਰਕਾਰੀ ਸੁੱਖ ਸਹੂਲਤਾਂ ਮਿਲ ਗਈਆਂ। ਇਕ ਦਿਨ ਉਸ ਦੀ ਵੱਡੀ ਭੈਣ ਉਸਦੇ ਘਰ ਆਈ ਤਾਂ ਸਵੇਰੇ ਸਵੇਰੇ ਦੇਖਿਆ ਕਿ ਰਜਿੰਦਰ ਸਿੰਘ ਸਾਰੇ ਪਰਿਵਾਰ ਦੇ ਬਿਸਤਰ ਆਪ ਤਹਿ ਕਰ ਕੇ ਰੱਖ ਰਿਹਾ ਸੀ। ਉਸਦੀ ਭੈਣ ਨੇ ਮਾਣ ਨਾਲ ਕਿਹਾ---ਰਜਿੰਦਰ ਹੁਣ ਤੂੰ ਐਡਾ ਵੱਡਾ ਅਫਸਰ ਬਣ ਗਿਆ ਹੈਂ, ਹੁਣ ਤੂੰ ਇਹ ਛੋਟੇ ਛੋਟੇ ਕੰਮ ਆਪ ਨਾ ਕਰਿਆ ਕਰ। ਇਸ ਤੇ ਰਜਿੰਦਰ ਨੇ ਹੱਸ ਕੇ ਕਿਹਾ---ਅਫਸਰ ਤਾਂ ਮੈਂ ਦਫਤਰ ਵਿਚ ਬਣਿਆਂ ਹਾਂ। ਘਰ ਵਿਚ ਤਾਂ ਮੈਂ ਤੁਹਾਡਾ ਛੋਟਾ ਭਰਾ ਰਜਿੰਦਰ ਹੀ ਹਾਂ। ਇਸ ਲਈ ਮੈਨੂੰ ਘਰ ਦੇ ਛੋਟੇ ਛੋਟੇ ਕੰਮ ਆਪ ਕਰਨ ਤੋਂ ਨਾ ਰੋਕੋ।ਸਾਨੂੰ ਸਾਰਿਆਂ ਨੂੰ ਇਸ ਤੋਂ ਸਬਕ ਲੈ ਕੇ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਬੇਸ਼ੱਕ ਅਸੀਂ ਕਿੱਡੇ ਵੱਡੇ ਅੋਹਦੇ ਤੇ ਕਿਉਂ ਨਾ ਪਹੁੰਚ ਜਾਈਏ ਫਿਰ ਵੀ ਆਪਣੇ ਨਿੱਜੀ ਕੰਮ ਆਪ ਹੀ ਕਰਦੇ ਰਹਿਣਾ ਚਾਹੀਦਾ ਹੈ।ਇਸੇ ਲਈ ਕਹਿੰਦੇ ਹਨ---ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ। ਜਿਹੜੇ ਲੋਕ ਆਪਣੇ ਛੋਟੇ ਛੋਟੇ ਨਿੱਜੀ ਕੰਮਾ ਲਈ ਦੂਸਰੇ ਦਾ ਆਸਰਾ ਤੱਕਦੇ ਹਨ ਉਹ ਆਲਸੀ ਬਣ ਜਾਂਦੇ ਹਨ। ਉਹ ਸਰੀਰਕ ਤੋਰ ਤੇ ਵੀ ਤੰਦਰੁਸਤ ਨਹੀਂ ਰਹਿੰਦੇ। ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਘਾਟ ਆ ਜਾਂਦੀ ਹੈ। ਉਹ ਜ਼ਿੰਦਗੀ ਵਿਚ ਕੋਈ ਮਾਰਕਾ ਨਹੀਂ ਮਾਰ ਸਕਦੇ। ਯਾਦ ਰੱਖੋ ਕਿ ਮਹਾਨ ਪ੍ਰਾਪਤੀਆਂ ਦੇ ਰਸਤੇ ਕਠਿਨ ਜਰੂਰ ਹੁੰਦੇ ਹਨ ਪਰ ਅਸੰਭਵ ਨਹੀਂ।

  ਪਰਾਈ ਆਸ ਕਰੇ ਨਿਰਾਸ। ਕਦੀ ਪਰਾਈ ਆਸ ਨਾ ਰੱਖੋ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣਾ ਸਿੱਖੋ। ਪਰਾਈਆਂ ਵੈਸਾਖੀਆਂ ਦੇ ਸਹਾਰੇ ਕਦੀ ਲੰਬਾ ਸਫਰ ਤਹਿ ਨਹੀਂ ਕੀਤਾ ਜਾ ਸਕਦਾ। ਨਕਲ ਮਾਰ ਕੇ ਬੱਚਾ ਪਾਸ ਤਾਂ ਹੋ ਸਕਦਾ ਹੈ ਪਰ ਹੁਸ਼ਿਆਰ ਨਹੀਂ ਹੋ ਸਕਦਾ। ਜ਼ਿੰਦਗੀ ਦੇ ਵਿਸ਼ਾਲ ਇਮਤਿਹਾਨ ਵਿਚ ਉਹ ਮਾਰ ਖਾ ਜਾਵੇਗਾ ਕਿਉਂਕਿ ਖੌਟੇ ਸਿੱਕਿਆਂ ਨਾਲ ਜਿਆਦਾ ਦੇਰ ਜ਼ਿੰਦਗੀ ਬਸਰ ਨਹੀਂ ਕੀਤੀ ਜਾ ਸਕਦੀ। ਜੇ ਕੰਮ ਕਰਨ ਦੀ ਇੱਛਾ ਅਤੇ ਦਲੇਰੀ ਹੋਵੇ ਤਾਂ ਰਸਤੇ ਆਪੇ ਹੀ ਬਣ ਜਾਂਦੇ ਹਨ। ਪਰਬਤ ਸਿਰ ਝੁਕਾਉਂਦੇ ਹਨ ਅਤੇ ਸਾਗਰ ਰਸਤਾ ਦਿੰਦੇ ਹਨ। ਸਫਲਤਾ ਲਈ ਤੁਹਾਨੂੰ ਆਪ ਹਿੰਮਤ ਅਤੇ ਮੇਹਨਤ ਕਰਨੀ ਪਵੇਗੀ। ਕੋਈ ਦੂਸਰਾ ਤੁਹਾਨੂੰ ਚੁੱਕ ਕੇ ਸਫਲਤਾ ਦੀ ਟੀਸੀ ਤੇ ਨਹੀਂ ਬਿਠਾ ਦੇਵੇਗਾ। ਤੁਹਾਡਾ ਕੰਮ ਹੀ ਤੁਹਾਡੇ ਭਵਿੱਖ ਨੂੰ ਨਿਸਚੱਤ ਕਰਦਾ ਹੈ। ਪਰਾਈ ਆਸ ਛੱਡੋ ਅਤੇ ਆਪਣਾ ਸਫਰ ਆਪ ਸ਼ੁਰੂ ਕਰੋ। ਜਿਉਂ ਜਿਉਂ ਤੁਸੀਂ ਹਿੰਮਤ ਕਰਕੇ ਕਦਮ ਅੱਗੇ ਵਧਾਉਂਦੇ ਜਾਵੋਗੇ ਤੁਹਾਡੀ ਮੰਜਿਲ ਤੁਹਾਡੇ ਨਜਦੀਕ ਆਉਂਦੀ ਜਾਵੇਗੀ। ਇਕ ਦਿਨ ਤੁਸੀਂ ਸਫਲਤਾ ਦੀ ਟੀਸੀ ਤੇ ਪਹੁੰਚ ਜਾਵੋਗੇ।