ਹਾਂ -- ਮੈਂ ਪਾਗਲ ਹਾਂ (ਕਹਾਣੀ)

ਨਿਰਮਲ ਸਤਪਾਲ    

Email: nirmal.1956@yahoo.com
Cell: +91 95010 44955
Address: ਨੂਰਪੁਰ ਬੇਟ
ਲੁਧਿਆਣਾ India
ਨਿਰਮਲ ਸਤਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਂ! ਦੇਖ ਮੈਂ ਕੀ ਲੈ ਕੇ ਆਇਆ ਹਾਂ ਮਾਂ!ਇਕ ਜਿਉਂਦਾ ਜਾਗਦਾ ਖਿਡਾਉਣਾ ਮਾਂ।ਦੇਖ ਤਾਂ ਸਹੀ।ਕਿੰਨਾ ਸੋਹਣਾ ਖਿਡਾਉਣਾ ਏ ਮਾਂ।ਇਹ ਸ਼ਬਦ ਸਨ ਇਕ ਮਾਸੂਮ ਜਿਹੇ ਦਸ ਸਾਲਾਂ ਦੇ ਬੱਚੇ ਰਾਜੂ ਦੇ, ਜੋ ਆਪਣੇ ਦੋਸਤਾਂ ਦੇ ਨਾਲ ਦੌੜਦਾ ਹੋਇਆ ਘਰ ਆਇਆ ਸੀ ਤੇ ਦੌੜਣ ਕਰਕੇ ਸਾਹੋ-ਸਾਹ ਹੋਇਆ ਪਿਆ ਸੀ।ਉਸਦੇ ਦੋਸਤਾਂ ਦਾ ਵੀ ਕੁੱਝ ਅਜਿਹਾ ਹੀ ਹਾਲ ਸੀ।ਭਾਂਡੇ ਮਾਂਜਦੀ ਰਾਜੂ ਦੀ ਗਰੀਬੀ ਦੀ ਮਾਰੀ ਮਾਂ ਸ਼ੀਲਾ ਨੇ ਮੂੰਹ ਘੁੰਮਾ ਕੇ ਘਰ ਦੇ ਦਰਵਾਜ਼ੇ ਵੱਲ੍ਹ ਦੇਖਿਆ ਤੇ ਹੈਰਾਨ ਜਿਹੀ ਹੋ ਕੇ ਪੁੱਛਣ ਲੱਗੀ, ਵੇ ਪੁੱਤ ਕੀ ਲੱਭ ਗਿਆ ਤੈਨੂੰ ਜੋ ਸਾਹ ਚੜ੍ਹਾਈ ਫ਼ਿਰਦੈਂ।ਰਾਜੂ ਨੇ ਕਿਹਾ ਕਿ ਮਾਂ ਦੇਖ ਤਾਂ ਸਹੀ, ਮੇਰੇ ਹੱਥ ਵਿਚ ਕੀ ਹੈ।ਨਿੱਕੀ ਜਹੀ ਬੱਚੀ, ਜੋ ਸਾਨੂੰ ਨਹਿਰ ਵਿੱਚ ਨਹਾਉਂਦੇ ਹੋਏ ਮਿਲੀ ਹੈ।ਸ਼ੀਲਾ ਹੈਰਾਨ ਹੋਈ ਕਦੇ ਰਾਜੂ ਅਤੇ ਉਸਦੇ ਦੋਸਤਾਂ ਨੂੰ ਦੇਖ ਰਹੀ ਸੀ ਤੇ ਕਦੇ ਰਾਜੂ ਦੇ ਹੱਥ ਵਿਚ ਫੜੇ ਹੋਏ ਇਕ ਕਾਲੇ ਰੰਗ ਦੇ ਵੱਡੇ ਸਾਰੇ ਲਿਫ਼ਾਫੇ ਨੂੰ।ਉਸਨੇ ਆਪਣੇ ਹੱਥ ਧੋਤੇ ਤੇ ਰਾਜੂ ਦੇ ਹੱਥੋਂ ਉਹ ਲਿਫ਼ਾਫਾ ਨੁਮਾ ਪੈਕਟ ਜਿਵੇਂ ਹੀ ਫੜਿਆ ਤਾਂ ਤ੍ਰਬਕ ਗਈ ਕਿਉਂਕਿ ਉਸ ਪੈਕਟ ਵਿਚ ਸੱਚ-ਮੁੱਚ ਹੀ ਕੋਈ ਜਿਉਂਦੀ ਜਾਗਦੀ ਚੀਜ਼ ਸੀ।ਉਸਨੇ ਜਲਦੀ ਨਾਲ ਉਹ ਪੈਕਟ ਖੋਲਿਆ ਤਾਂ ਕੀ ਦੇਖਦੀ ਹੈ ਕਿ ਉਸ ਵਿਚ ਇਕ ਨਵ-ਜੰਮੀ ਬੱਚੀ ਸੀ,ਜੋ ਬੇਹੋਸ਼ ਸੀ।
            ਸ਼ੀਲਾ ਪੱਥਰ ਬਣੀ ਉਸ ਬੱਚੀ ਨੂੰ ਲਗਾਤਾਰ ਦੇਖ ਰਹੀ ਸੀ।ਰਾਜੂ ਨੇ ਮਾਂ ਨੂੰ ਹਲੂਣਿਆ ਤੇ ਬਹੁਤ ਹੀ ਮਾਸੂਮੀਅਤ ਨਾਲ ਮਾਂ ਵੱਲ੍ਹ ਦੇਖਦਾ ਹੋਇਆ ਪੁੱਛਣ ਲੱਗਾ, ਕੀ ਹੋਇਆ ਮਾਂ।ਤੂੰ ਕੁੱਝ ਬੋਲਦੀ ਕਿਉਂ ਨਹੀਂ।ਸ਼ੀਲਾ ਜਿਵੇਂ ਨੀਂਦ ਵਿਚੋਂ ਜਾਗੀ ਹੋਵੇ,ਆਖਣ ਲੱਗੀ, 'ਵੇ ਪੁੱਤ ਨਹਿਰ ਵਿਚੋਂ? ਨਹਿਰ ਵਿਚ ਭਲਾ ਇਹ ਕਿਥੋਂ ਆਈ।ਰਾਜੂ ਅਤੇ ਉਸਦੇ ਦੋਸਤ ਇੱਕੋ ਸਾਹੇ ਬੋਲੇ ਕਿ ਅਸੀਂ ਤਾਂ ਨਹਿਰ ਵਿਚ ਡੁਬਕੀਆਂ ਲਾਉਂਦੇ ਹੋਏ ਨਹਾ ਰਹੇ ਸੀ।ਜਦੋਂ ਨਹਾਉਂਦੇ ਹੋਏ ਪੁਲ ਦੇ ਨੇੜੇ ਪੁੱਜੇ ਤਾਂ ਕੀ ਦੇਖਦੇ ਹਾਂ ਕਿ ਆਹ ਵੱਡਾ ਸਾਰਾ ਲਿਫ਼ਾਫਾ ਜੋ ਰਾਜੂ ਦੇ ਹੱਥ ਵਿਚ ਸੀ ,ਇਹ ਕਿਸੇ ਨੇ ਜਦੋਂ ਨਹਿਰ ਵਿਚ ਸੁੱਟਿਆ ਤਾਂ ਬਹੁਤ ਜ਼ੋਰ ਦੀ ਆਵਾਜ਼ ਆਈ ਤੇ ਸਾਡਾ ਸਾਰਿਆਂ ਦਾ ਧਿਆਨ ਪੁਲ ਵੱਲ੍ਹ ਗਿਆ।ਅਸੀਂ ਕੀ ਦੇਖਦੇ ਹਾਂ ਕਿ ਉੱਥੇ ਇਕ ਵੱਡੀ ਸਾਰੀ ਕਾਲੇ ਰੰਗ ਦੀ ਕਾਰ ਖੜੀ ਸੀ ਤੇ ਕੁੱਝ ਲੋਕ ਉਸ ਸਵਾਰ ਹੋ ਰਹੇ ਸੀ।ਸ਼ਾਇਦ ਉਨ੍ਹਾਂ ਨੇ ਹੀ ਇਹ ਲਿਫ਼ਾਫਾ ਨਹਿਰ ਵਿਚ ਸੁੱਟਿਆ ਹੋਵੇ।ਉਨ੍ਹਾਂ ਵਿਚੋਂ ਕਿਸੇ ਇਕ ਔਰਤ ਨੇ, ਜਿਸਨੇ ਮੂੰਹ ਢਕਿਆ ਹੋਇਆ ਸੀ,ਇਕ ਵਾਰ ਪਿੱਛੇ ਮੁੜ ਕੇ ਦੇਖਿਆ ਤੇ ਕਾਰ ਵਿਚ ਜਾ ਬੈਠੀ।ਉਹ ਕਾਰ ਪਹਿਲਾਂ ਹੀ ਸਟਾਰਟ ਸੀ ਤੇ ਉਸਦੇ ਬੈਠਣ ਸਾਰ ਤੇਜ਼ ਰਫ਼ਤਾਰ ਨਾਲ ਅੱਖੋਂ ਉਹਲੇ ਹੋ ਗਈ।
           ਅਸੀ ਸੋਚਿਆ ਕਿ ਜ਼ਰੂਰ ਹੀ ਉਸ ਪੈਕਟ ਵਿੱਚੋਂ ਅੱਜ ਢਿੱਡ ਭਰ ਕੇ ਖਾਣ ਦਾ ਸਾਮਾਨ ਮਿਲੇਗਾ।ਅਸੀਂ ਇਕ ਦੂਜੇ ਤੋਂ ਵੱਧ ਤੇਜ਼ੀ ਨਾਲ ਤੈਰਦੇ ਹੋਏ ਉਸ ਲਿਫ਼ਾਫੇ ਨੂੰ ਫੜਣ ਲਈ ਅੱਗੇ ਵਧ ਰਹੇ ਸੀ।ਜਦੋਂ ਇਹ ਸਾਡੇ ਹੱਥ ਲੱਗਾ ਤਾਂ ਅਸੀਂ ਇਸਨੂੰ ਲੈ ਕੇ ਨਹਿਰ ਤੋਂ ਬਾਹਰ ਆਉਣ ਲਈ ਕਾਹਲੇ ਸੀ।ਖਾਣ-ਪੀਣ ਦੀ ਚੀਜ਼ ਦੇ ਲਾਲਚ ਵਿਚ ਸਾਡੀ ਭੁੱਖ ਵੀ ਚਮਕਣ ਲੱਗੀ।ਖ਼ੈਰ ਅਸੀਂ ਜਦੋਂ ਇਸ ਨੂੰ ਲੈ ਕੇ ਇਕ ਪਾਸੇ ਜਿਹੇ ਬੈਠ ਗਏ ਤਾਂ ਇਸਨੂੰ ਖੋਲਣ ਲਈ ਉਤਾਵਲੇ ਹੋਏ ਇਕ ਦੂਜੇ ਨਾਲ ਲੜਣ ਲੱਗੇ। ਹਰ ਕੋਈ ਕਹਿ ਰਿਹਾ ਸੀ ਪੈਕਟ ਪਹਿਲਾਂ ਮੈਂ ਦੇਖਿਆ ਹੈ, ਜੋ ਕੁਝ ਵੀ ਇਸ ਵਿਚ ਹੋਇਆ ਉਸ ਦਾ ਵੱਧ ਹਿੱਸਾ ਮੈਂ ਲਵਾਂਗਾ।ਖ਼ੈਰ ਅਸੀਂ ਜਿਵੇਂ ਹੀ ਅਸੀਂ ਪੈਕਟ ਖੌਲਿਆ ਤਾਂ ਡਰ ਕੇ ਪਿੱਛੇ ਹਟ ਗਏ।ਜਿਸ ਨੁੰ ਅਸੀਂ ਖਾਣ-ਪੀਣ ਦਾ ਸਾਮਾਨ ਸਮਝ ਰਹੇ ਸੀ, ਉਹ ਤਾਂ ਇਕ ਨਵ-ਜੰਮੀ ਬੱਚੀ ਸੀ, ਜਿਸਦੇ ਮੂੰਹ ਵਿਚ ਕਪੜਾ ਦਿੱਤਾ ਹੋਇਆ ਸੀ ਤੇ ਉਹ ਬੇਹੋਸ਼ ਸੀ। ਹੁਣ ਅਸੀਂ ਸਾਰੇ ਹੀ  ਇਸਨੂੰ ਦੇਖ ਕੇ ਡਰ ਜਿਹੇ ਗਏ ਤੇ ਇਕ ਦੂਜੇ ਵੱਲ੍ਹ ਇਹ ਲਿਫ਼ਾਫਾ ਖਿਸਕਾਉਣ ਲੱਗੇ, ਜਿਵੇਂ ਕਿ ਇਸ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋਈਏ।
         ਅਸੀਂ ਡੋਰ-ਭੌਰ ਹੋਏ ਇਕ ਦੂਜੇ ਵੱਲ੍ਹ ਦੇਖਦੇ ਹੋਏ ਸਲਾਹਾਂ ਕਰਨ ਲੱਗੇ ਕਿ ਚਲੋ ਇਸਨੂੰ ਨਹਿਰ ਵਿਚ ਹੀ ਸੁੱਟ ਦਈਏ ਤੇ ਇਸ ਮੁਸੀਬਤ ਨੂੰ ਗਲੋਂ ਲਾਹੀਏ।ਇਸ ਨੁੰ ਘਰ ਵੀ ਕਿਵੇਂ ਲੈ ਕੇ ਜਾ ਸਕਦੇ ਹਾਂ।ਸਾਡੇ ਮਾਪੇ ਸਾਨੂੰ ਹੀ ਕੋਸਣਗੇ।ਅਸੀਂ ਇਸਨੂੰ ਦੁਬਾਰਾ ਲਪੇਟਿਆ ਤੇ ਕਾਲੇ ਰੰਗ ਦੇ ਇਸੇ ਹੀ ਲਿਫ਼ਾਫੇ ਵਿਚ ਪਾ ਕੇ ਨਹਿਰ ਵੱਲ੍ਹ ਨੂੰ ਭੱਜਣ ਲਗ ਪਏ।ਜਦੋਂ ਅਸੀਂ ਥੋੜੀ ਹੀ ਦੂਰ ਗਏ ਸੀ ਤਾਂ ਰਾਜੂ ਨੇ ਸਾਨੂੰ ਆਵਾਜ਼ ਮਾਰ ਕੇ ਰੁਕਣ ਲਈ ਕਿਹਾ।ਅਸੀਂ ਉਸਦੀ ਆਵਾਜ਼ ਸੁਣ ਕੇ ਰੁਕੇ ਤਾਂ ਰਾਜੂ ਕਹਿਣ ਲੱਗਾ ਕਿ ਇਹ ਲਿਫ਼ਾਫਾ ਮੈਂ ਹੀ ਪਹਿਲਾਂ ਦੇਖਿਆ ਸੀ ਤੇ ਮੈਂ ਹੀ ਇਸਨੂੰ ਫ਼ੜਿਆ ਸੀ, ਇਸ ਲਈ ਨਹਿਰ ਵਿਚ ਮੈਂ ਹੀ ਇਸਨੂੰ ਦੁਬਾਰਾ ਸੁੱਟਾਂਗਾ। ਸਾਨੂੰ ਇਸ ਗੱਲ ਦਾ ਕੀ ਇਤਰਾਜ਼ ਹੋ ਸਕਦਾ ਸੀ, ਨਹਿਰ ਵਿਚ ਹੀ ਤਾਂ ਸੁੱਟਣਾ ਸੀ।ਅਸੀਂ ਸਾਰਿਆਂ ਨੇ ਹੀ ਰਾਜੂ ਦੀ ਗੱਲ ਮੰਨ ਲਈ ਤੇ ਇਹ ਲਿਫ਼ਾਫਾ ਰਾਜੂ ਨੂੰ ਦੇ ਦਿੱਤਾ।
           ਥੋੜੀ ਦੂਰ ਜਾ ਕੇ ਰਾਜੂ ਨਹਿਰ ਵੱਲ੍ਹ ਜਾਣ ਦੀ ਬਜਾਏ ਘਰ ਵੱਲ ਜਾਣ ਲੱਗਾ ਤਾਂ ਅਸੀਂ ਇਸ ਨੁੰ ਪਿੱਛੋਂ ਆਵਾਜ਼ ਮਾਰੀ ਤੇ ਪੁੱਛਿਆ ਕਿ ਰਾਜੂ ਇਸ ਨੂੰ ਲੈ ਕੇ ਕਿੱਥੇ ਜਾ ਰਿਹੈਂ? ਨਹਿਰ ਤਾਂ ਪਿੱਛੇ ਰਹਿ ਗਈ।ਇਸ ਨੇ ਪਿੱਛੇ ਵੱਲ੍ਹ ਮੁੜ ਕੇ ਦੇਖਿਆ ਤੇ ਹੋਰ ਤੇਜ਼ੀ ਨਾਲ ਭੱਜਣ ਲਗ ਪਿਆ। ਅਸੀਂ ਵੀ ਇਸਦੇ ਪਿੱਛੇ ਪਿੱਛੇ ਭੱਜਦੇ ਹੋਏ ਇੱਥੇ ਤੁਹਾਡੇ ਘਰ ਤੱਕ ਆਂਟੀ ਜੀ ਪਹੁੰਚ ਗਏ ਹਾਂ।ਪਤਾ ਨਹੀਂ ਰਾਜੂ ਕੀ ਚਾਹੁੰਦਾ ਹੈ ਆਂਟੀ ਜੀ।ਇਹ ਇਸ ਕੁੜੀ ਨੂੰ ਆਪਣੇ ਘਰ ਲੈ ਆਇਆ ਹੈ।ਪਾਗਲ ਹੋ ਗਿਆ ਹੈ ਆਂਟੀ ਤੁਹਾਡਾ ਪੁੱਤਰ।ਰਾਜੂ ਜੋ ਕਾਫ਼ੀ ਦੇਰ ਤੋਂ ਚੁੱਪ ਅਤੇ ਡੁੰਨ-ਵੱਟਾ ਬਣੀ ਖੜਾ ਸੀ।ਉਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਹਾਂ, ਪਾਗਲ ਹੋ ਗਿਆ ਹਾਂ ਮੈਂ, ਜਿਸਨੇ ਇਕ ਨੰਨ੍ਹੀ ਜਾਨ ਤੇ ਤਰਸ ਖਾਧਾ ਤੇ ਇਸਨੂੰ ਮੌਤ ਦੇ ਮੂੰਹ ਵਿਚੋਂ ਕੱਢ ਕੇ ਲਿਆਇਆ ਹਾਂ।ਪਾਗਲ ਹੀ ਤਾਂ ਹਾਂ।ਜੇ ਸਾਰੇ ਮੇਰੇ ਵਾਂਗ ਹੀ ਪਾਗਲ ਹੋ ਜਾਣ ਤਾਂ ਹੋਰ ਵੀ ਚੰਗਾ ਹੈ।
            ਕਿਸੇ ਦੀ ਜਾਨ ਬਚਾਉਣਾ ਜੇ ਪਾਗਲ-ਪਨ ਹੈ ਤਾਂ ਠੀਕ ਹੈ,ਮੈਂ ਪਾਗਲ ਹੀ ਚੰਗਾ ਹਾਂ ਮਾਂ।ਮੇਰੀ ਕੋਈ ਭੈਣ ਨਹੀਂ ਹੈ ਨਾ ਮਾਂ।ਰੱਬ ਨੇ ਮੇਰੀ ਸੁੰਨੀ ਬਾਂਹ ਤੇ ਤਰਸ ਖਾਧਾ ਹੈ ਮਾਂ।ਕੱਲ ਨੂੰ ਰੱਖੜੀ ਹੈ ਨਾ ਮਾਂ।ਕਿੰਨਾ ਖੁਸ਼-ਕਿਸ਼ਮਤ ਹਾਂ ਮੈਂ।ਰੱਬ ਨੇ ਮੇਰੀ ਪੁਕਾਰ ਸੁਣ ਲਈ ਹੈ ਮਾਂ।ਮੈਂ ਤੈਨੂੰ ਹਰ ਸਾਲ ਆਖਦਾ ਸੀ ਕਿ ਮੇਰੀ ਵੀ ਕੋਈ ਭੈਣ ਹੋਵੇ ਮਾਂ।ਪਰ ਤੂੰ ਕਦੇ ਵੀ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮਾਂ।ਅੱਜ ਮੇਰੀ ਫਰਿਆਦ ਮੇਰੇ ਰੱਬ ਨੇ ਸੁਣ ਲਈ ਹੈ ਮਾਂ।ਮੈਂ ਇਸ ਨੂੰ ਆਪਣੇ ਹੀ ਘਰ ਵਿਚ ਰੱਖਾਂਗਾ।ਇਸਨੂੰ ਆਪਣੀ ਝੋਲੀ ਵਿਚ ਪਾ ਲੈ ਮਾਂ।ਮੈਂ ਤੇਰੀ ਹਰ ਗੱਲ ਮੰਨ੍ਹਾਂਗਾ ਬੱਸ ਮੇਰੀ ਇਕ ਗੱਲ ਮੰਨ ਲੈ ਮਾਂ।ਇਹ ਕਹਿੰਦਾ ਹੋਇਆ ਰਾਜੂ ਮਾਂ ਦੇ ਪੈਰ ਫੜ ਕੇ ਗਿੜਗਿੜਾਉਣ ਲੱਗਾ।
          ਹੁਣ ਤਾਂ ਗਲੀ-ਮੁਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਸਨ।ਹਰ ਕੋਈ ਉਸ ਮਾਂ ਨੂੰ ਕੋਸ ਰਿਹਾ ਸੀ ਜਿਸਨੇ ਆਪਣੇ ਜਿਗਰ ਦੇ ਟੋਟੇ ਨੂੰ ਪਤਾ ਨਹੀਂ ਕਿਹੜੀ ਮਜਬੂਰੀ ਵਿਚ ਪਾਣੀ ਦੀ ਭੇਟ ਚੜ੍ਹਾ ਦਿੱਤਾ ਸੀ।ਦੂਜੇ ਪਾਸੇ ਹਰੇਕ ਦੀਆਂ ਨਜ਼ਰਾਂ ਰਾਜੂ ਅਤੇ ਉਸਦੀ ਮਾਂ ਸ਼ੀਲਾ ਤੇ ਟਿਕੀਆ ਹੋਈਆਂ ਸਨ।ਸ਼ੀਲਾ ਕਦੇ ਆਪਣੇ ਢਿੱਡੋਂ ਜਾਏ ਰਾਜੂ ਵੱਲ੍ਹ ਦੇਖਦੀ ਤੇ ਕਦੇ ਉਸ ਮਾਸੂਮ ਬੱਚੀ ਵੱਲ੍ਹ, ਜਿਸਨੇ ਅਜੇ ਦੁਨੀਆਂ ਵਿਚ ਆਕੇ ਅੱਖ ਵੀ ਨਹੀਂ ਸੀ ਖੋਲੀ ਤੇ ਬੇਦਰਦ ਜ਼ਮਾਨੇ ਨੇ ਉਸਨੂੰ ਮਰਨ ਲਈ ਪਾਣੀ ਦੀਆਂ ਲਹਿਰਾਂ ਦੇ ਹਵਾਲੇ ਕਰ ਦਿੱਤਾ ਸੀ।
    ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿਸਨੂੰ ਰੱਖੇ ਰੱਬ,ਉਸਨੂੰ ਮਾਰੇ ਕੌਣ।ਅੱਜ ਰਾਜੂ ਨੇ ਫ਼ਰਿਸ਼ਤਾ ਬਣਕੇ ਇਕ ਮਾਸੂਮ ਬੱਚੀ ਦੀ ਜਾਨ ਹੀ ਨਹੀਂ ਸੀ ਬਚਾਈ ਸਗੋਂ ਮਾਂ ਅੱਗੇ ਲਿੱਲਕੜੀਆਂ ਕੱਢ ਰਿਹਾ ਸੀ ਕਿ ਮਾਂ ਰੱਬ ਦੀ ਦਿੱਤੀ ਅਮਾਨਤ ਨੂੰ ਸੰਭਾਲ ਲੈ ਮਾਂ।ਮੇਰੀ ਭੈਣ ਨੂੰ ਆਪਣੀ ਹਿੱਕ ਦਾ ਨਿੱਘ ਦੇ ਦੇ ਮਾਂ।ਸ਼ੀਲਾ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਮੋਹ ਦੇ ਹੰਝੂ ਵਹਿ ਤੁਰੇ ਹੋਣ।ਉਸਨੇ ਉਸ ਮਾਸੂਮ ਬੱਚੀ ਨੂੰ ਸੀਨੇ ਨਾਲ ਲਾਉਂਦੇ ਹੋਏ ਰਾਜੂ ਦੇ ਸਿਰ ਨੂੰ ਪਲੋਸਦੇ ਹੋਏ ਕਿਹਾ ਕਿ ਉੱਠ ਪੁੱਤ ਦਿਲ ਹੌਲਾ ਕਾਹਨੂੰ ਕਰਦੈਂ।ਇਸ ਘਰ ਵਿਚ ਇਕ ਧੀ ਦੀ ਕਮੀ ਸੀ ਉਹ ਵੀ ਅੱਜ ਮੇਰੇ ਪੁੱਤ ਨੇ ਪੂਰੀ ਕਰ ਦਿੱਤੀ ਹੈ।ਤੂੰ ਫ਼ਿਕਰ ਨਾ ਕਰ ਪੁੱਤ, ਰੁੱਖਾ-ਮਿੱਸਾ ਖਾ ਲਵਾਂਗੇ।ਪਰ ਪੈਸੇ ਵਾਲਿਆਂ ਵਾਂਗ ਸਾਡਾ ਖੂਨ ਅਜੇ ਚਿੱਟਾ ਨਹੀਂ ਹੋਇਆ ਮੇਰੇ ਬੱਚੇ।ਚਲ ਉੱਠ ਮੂੰਹ-ਹੱਥ ਧੋ ਤੇ ਮੈਂ ਤੇਰੀ ਭੈਣ ਲਈ ਸਵੇਰ ਦਾ ਬਚਿਆ ਦੁੱਧ ਕਰਾਂ ਤੇ ਫਿਰ ਬਾਜ਼ਾਰੋਂ ਕੱਲ੍ਹ ਲਈ ਮਿਠਾਈ ਤੇ ਰੱਖੜੀ ਲੈ ਆਈਏ ਤੇ ਆਪਣੀ ਧੀ ਤੇ ਤੇਰੀ ਪਿਆਰੀ ਭੈਣ ਲਈ ਦੁੱਧ ਦੀ ਸੋਹਣੀ ਜਿਹੀ ਬੋਤਲ ਵੀ।ਮੇਰੀ ਭਾਗਾਂ ਭਰੀ ਨੁੰ ਤੱਤੀ ਵਾ੍ਹ ਨਾ ਲੱਗੇ।ਇਹ ਕਹਿੰਦੇ ਹੋਏ ਸ਼ੀਲਾ ਨੇ ਆਪਣੇ ਦੋਹਾਂ ਬੱਚਿਆਂ ਨੂੰ ਕਲਾਵੇ ਵਿਚ ਲੈਂਦੇ ਹੋਏ ਮੱਥਾ ਚੁੰਮ ਲਿਆ।

samsun escort canakkale escort erzurum escort Isparta escort cesme escort duzce escort kusadasi escort osmaniye escort