ਇਕ ਵਿਚਾਰਵਾਨ ਸ਼ਖਸੀਅਤ (ਲੇਖ )

ਵਰਿੰਦਰ ਦੀਵਾਨਾ    

Email: sharmavarinderpal@yahoo.in
Address:
United States
ਵਰਿੰਦਰ ਦੀਵਾਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੂਸੀ ਸਾਹਿਤਕਾਰ ਆਬੂਤਾਲਿਬ ਨੇ ਬਿਲਕੁਲ ਠੀਕ ਕਿਹਾ ਹੈ ਕਿ "ਜੇ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੂੰਡੇਗਾ"। ਇਸ ਵਿਚ ਕੋਈ ਸ਼ੱਕ ਨਹੀਂ,ਇਸਦਾ ਪ੍ਰਮਾਣ ਅਜੋਕੇ ਨੌਜਵਾਨਾਂ ਦੀ ਸਥਿਤੀ ਤੋਂ ਸਪੱਸ਼ਟ ਹੋ ਜਾਂਦਾ ਹੈ। ਉਹ ਨਸ਼ਿਆਂ, ਅਸਲੀਲਤਾ, ਅਖੌਤੀ ਸੱਭਿਆਚਾਰ ਦੀ ਦਲਦਲ ਵਿਚ ਧਸ ਰਹੇ ਹਨ। ਨੌਜਵਾਨਾਂ ਵਿਚ ਸਥਿਤ ਇਤਿਹਾਸ ਅਧਿਐਨ ਦੀ ਰੁਚੀ ਘਟ ਰਹੀ ਹੈ। ਭਗਤ ਸਿੰਘ ਹੁਰਾਂ ਅਨੁਸਾਰ ਪੰਜਾਬ ਬੌਧਿਕ, ਰਾਜਨੀਤਿਕ ਤੌਰ ਤੇ ਪਹਿਲਾਂ ਤੋਂ ਹੀ ਪਛੜਿਆ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਤੋਂ ਸਿੱਖ ਕੇ ਵਧੀਆ ਪੜ੍ਹਾਈ ਖੋਜ ਭਰਪੂਰ ਕੰਮ ਦੇ ਨਵੇਂ ਵਿਚਾਰ ਪੈਦਾ ਕਰਨੇ ਚਾਹੀਦੇ ਹਨ।
ਮੈਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੇ ਪੋਸਟਰੇਟਸ ਅਤੇ ਦਸਤਾਵੇਜ਼ਾਂ ਨਾਲ ਸਬੰਧਿਤ ਆਰਟ ਗੈਲਰੀ ਦੇਖੀ, ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ ਵੱਲੋਂ " ਨੌਜਵਾਨਾਂ ਦੇ ਨਾਂ ਸੁਨੇਹਾ" ਦਸਤਾਵੇਜ਼ ਦੇਖਣ ਨੂੰ ਮਿਲਿਆ।ਜਿਸ ਵਿਚ ਉਨ੍ਹਾਂ ਨੇ ਭਗਤ ਸਿੰਘ ਦਾ ਹਰ ਵੇਲੇ ਆਪਣੀ ਜੇਬ ਵਿਚ ਕਰਤਾਰ ਸਿੰਘ ਸਰਾਭਾ ਦੀ ਫੋਟੋ ਅਤੇ ਕਿਤਾਬਾਂ ਰੱਖਣ ਦਾ ਜ਼ਿਕਰ ਕੀਤਾ। ਮਾਤਾ ਜੀ ਵੱਲੋਂ ਕਿਤਾਬਾਂ ਨਾਲ ਪੜ੍ਹਨ ਦੀ ਗੱਲ ਕਹਿਣ ਤੇ ਭਗਤ ਸਿੰਘ ਨੇ ਕਿਹਾ ਕਿ ਕਿਤਾਬਾਂ ਉਨ੍ਹਾਂ ਸ਼ਹੀਦਾਂ, ਦੇਸ਼ ਭਗਤਾਂ ਬਾਰੇ ਹਨ, ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜ੍ਹ ਰਹੇ ਹਨ। ਇਨ੍ਹਾਂ ਚੋਂ ਕੁਝ ਕਿਤਾਬਾਂ ਇਟਲੀ, ਰੂਸ ਅਤੇ ਆਇਰਲੈਂਡ ਦੇ ਦੇਸ਼ ਭਗਤਾਂ ਬਾਰੇ ਸਨ। ਇਸ ਤੋਂ ਭਗਤ ਸਿੰਘ ਦੀ ਕਿਤਾਬਾਂ ਪ੍ਰਤੀ ਰੁਚੀ ਦਾ ਪਤਾ ਚੱਲਦਾ ਹੈ।
ਪ੍ਰੋ. ਚਮਨ ਲਾਲ ਦੀ ਪੁਸਤਕ 'ਵਿਚਾਰਵਾਨ ਇਨਕਲਾਬੀ- ਸ਼ਹੀਦ ਭਗਤ ਸਿੰਘ' ਤੋਂ ਭਗਤ ਸਿੰਘ ਬਾਰੇ ਬਹੁਤ ਕੁਝ ਸਾਫ ਪਤਾ ਲੱਗਦਾ ਹੈ। ਉਸ ਚੋਂ ਕੁਝ ਤੱਥ ਇਹ ਹਨ।
ਭਗਤ ਸਿੰਘ ਨੇ ੧੬-੧੭ ਸਾਲਾਂ ਦੀ ਉਮਰ ਵਿਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਘਰ ਵਿਚ ਪੰਜਾਬੀ ਅਤੇ ਸਕੂਲ ਵਿਚ ਉਰਦੂ,ਸੰਸਕ੍ਰਿਤ ਅਤੇ ਹਿੰਦੀ ਦਾ ਗਿਆਨ ਹਾਸਿਲ ਕੀਤਾ। ਅੰਗਰੇਜ਼ੀ ਦਾ ਗਿਆਨ ਨੈਸ਼ਨਲ ਕਾਲਜ ਲਾਹੌਰ ਅਤੇ ਸਵੈ-ਅਧਿਐਨ ਰਾਹੀਂ ਪ੍ਰਾਪਤ ਕੀਤਾ। ਅੰਗਰੇਜ਼ੀ ਦਾ ਗਿਆਨ ਹਾਸਿਲ ਕਰਨ ਪਿੱਛੇ ਭਗਤ ਸਿੰਘ ਦੇ ਦ੍ਰਿੜ ਇਰਾਦੇ ਦਾ ਪੂਰਾ ਯੋਗਦਾਨ ਸੀ। ਭਗਤ ਸਿੰਘ ਨੇ ਅੰਗਰੇਜ਼ੀ ਤੇ ਮੁਹਾਰਤ ਹਾਸਿਲ ਕਰਨ ਲਈ ਆਪਣੀ ਜੇਬ ਵਿਚ ਪਾਕੇਟ ਡਿਕਸ਼ਨਰੀ ਰੱਖਣੀ ਸ਼ੁਰੂ ਕਰ ਦਿੱਤੀ । ਜਿਹੜੇ ਸ਼ਬਦ ਦਾ ਨਾ ਪਤਾ ਹੁੰਦਾ ਝੱਟ ਡਿਕਸ਼ਨਰੀ ਚੋਂ ਦੇਖ ਲੈਂਦੇ ਸਨ। ਇਸ ਤੋਂ ਬਾਅਦ ਅੰਗਰੇਜ਼ੀ ਤੇ ਐਸੀ ਮੁਹਾਰਤ ਬਣੀ ਕਿ ਸੰਸਾਰ ਪ੍ਰਸਿੱਧ ਅੰਗਰੇਜ਼ੀ ਪੁਸਤਕਾਂ ਉਨ੍ਹਾਂ ਨੇ ਪੜ੍ਹ ਲਈਆਂ। ਅਸੈਂਬਲੀ ਬੰਬ ਧਮਾਕੇ ਸਮੇਂ ਸੁੱਟਿਆ ਪਰਚਾ ਵੀ ਭਗਤ ਸਿੰਘ ਦੁਆਰਾ ਹੀ ਅੰਗਰੇਜ਼ੀ ਵਿਚ ਲਿਖਿਆ ਸੀ। ਪੰਜਾਬੀ ਭਾਸ਼ਾ ਅਤੇ ਬਿਪੀ ਦੀ ਸਮੱਸਿਆ ਵਿਸ਼ੇ 'ਤੇ ਹਿੰਦੀ ਵਿਚ ਲੇਖ ਲਿਖ ਕੇ ਹਿੰਦੀ ਸਾਹਿਤ ਸੰਮੇਲਨ ਦਾ ਪੰਜਾਹ ਰੁਪਏ ਦਾ ਇਨਾਮ ਹਾਸਿਲ ਕੀਤਾ।
ਭਗਤ ਸਿੰਘ ਭਾਵੇਂ ਸਾਹਿਤ ਦਾ ਅਧਿਐਨ ਕਰਦੇ ਹੋਣ ਜਾਂ ਦਰਸ਼ਨ ਦਾ, ਆਰਥਿਕ ਮਸਲਿਆਂ ਦਾ ਜਾਂ ਰਾਜਨੀਤਿਕ ਤਬਦੀਲੀਆਂ ਦਾ ਇਹ ਅਧਿਐਨ ਉਨ੍ਹਾਂ ਲਈ ਮਹਿਜ਼ ਸਮਾਂ ਬਿਤਾਉਣਾ ਨਹੀਂ ਸੀ, ਸਗੋਂ ਪੜ੍ਹਨ ਲਈ ਬਿਤਾਏ ਇਕ-ਇਕ ਪਲ ਅਤੇ ਪੜ੍ਹੇ ਹੋਏ ਇਕ-ਇਕ ਅੱਖਰ ਨੂੰ ਉਹ ਸਾਰਥਕ ਰੂਪ ਦੇਣਾ ਚਾਹੁੰਦੇ ਸਨ।
ਜੈਦੇਵ ਕਪੂਰ ਨੇ ਆਪਣੇ ਲੇਖ ਵਿਚ ਕਿਹਾ ਕਿ ਟਾਲਸਟਾਏ ਦਾ ਨਾਵਲ 'ਪੁਨਰ ਉਥਾਨ' ਪੜ੍ਹ ਕੇ ਉਹ ਏਨਾ ਦੁਖੀ ਹੋਇਆ ਕਿ ਉਸ ਨੇ ਆਪਣੀ ਜ਼ਮੀਨ ਮਜ਼ਦੂਰਾਂ ਵਿਚ ਵੰਡਣ ਲਈ ਆਖਿਆ। ਉਨ੍ਹਾਂ ਦਾ ਅਧਿਐਨ ਐਨਾ ਵਿਸ਼ਾਲ ਸੀ ਕਿ ਕਾਲਜ ਦੇ ਅਧਿਆਪਕ ਵੀ ਉਨ੍ਹਾਂ ਦੀਆਂ ਤਰਕਮਈ ਦਲੀਲਾਂ ਮੂਹਰੇ ਲਾਜਵਾਬ ਹੋ ਜਾਂਦੇ ਸਨ। ਕਾਲਜ ਅਧਿਆਪਕ ਵੀ ਰਾਸ਼ਟਰੀ ਅਮਦੋਲਨ ਨਾਲ ਜੁੜੇ ਹੋਏ ਸਨ। ਕਿਉਂਕਿ ਕਾਂਗਰਸ ਨੇ ੧੯੨੧ ਦੇ ਅਸਹਿਯੋਗ ਅੰਦੋਲਨ ਵਿਚ ਅੰਗਰੇਜ਼ੀ ਅਦਾਲਤਾਂ, ਸਕੂਲਾਂ-ਕਾਲਜਾਂ ਦਾ ਵਿਰੋਧ ਕਰਕੇ ਆਪਣੇ ਨੈਸ਼ਨਲ ਕਾਲਜ ਲਾਹੌਰ ਆਦਿ ਖੋਲ੍ਹੇ। ਸੋ ਇਨ੍ਹਾਂ ਕਾਲਜਾਂ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਭਗਤੀ ਤੇ ਰਾਸ਼ਟਰੀ ਅੰਦੋਲਨ ਲਈ ਤਿਆਰ ਕਰਨਾ ਸੀ। ਭਗਤ ਸਿੰਘ ਕਾਲਜ ਦੇ ਡਰਾਮਾ ਕਲੱਬ ਦੇ ਮੈਂਬਰ ਵੀ ਸਨ। ਪੜ੍ਹਨ ਦਾ ਭਗਤ ਸਿੰਘ ਨੂੰ ਬੇਹੱਦ ਸ਼ੌਂਕ ਸੀ। ਉਨ੍ਹਾਂ ਦੇ ਅਧਿਐਨ ਦੇ ਵਿਸ਼ੇ ਰਾਜਨੀਤੀਕ ਆਰਥਿਕਤਾ ਤੋਂ ਲੈ ਕੇ ਸਾਹਿਤ ਸੱਭਿਆਚਾਰ ਤੱਕ ਵਿਆਪਕ ਸਨ। ਉਨ੍ਹਾਂ ਦੀਆਂ ਮਨਪਸੰਦ ਪੁਸਤਕਾਂ ਵਿਚ ਡਾੱਨ ਬ੍ਰੀਸ ਦੀ ਮਾਈ ਫਾਈਟ ਫਾਰ ਆਇਰਸ਼ ਫਰੀਡਮ'ਸੀ। ਇਸ ਪੁਸਤਕ ਦਾ ਭਗਤ ਸਿੰਘ ਨੇ ਹਿੰਦੀ ਵਿਚ ਅਨੁਵਾਦ ਵੀ ਕੀਤਾ। ਜਿਹੜਾ ਪ੍ਰਤਾਪ ਛਾਪਾ ਖਾਨਾ  ਕਾਨ੍ਹਪੁਰ ਤੋਂ ਇਕ ਆਨਾ ਕੀਮਤ ਤੇ ਛਪਿਆ। ਗੈਰੀ ਬਾਲਡੀ ਤੇ ਮੈਜ਼ਿਨ ਦੀਆਂ ਸਵੈ-ਜੀਵਨੀਆਂ ਉਨ੍ਹਾਂ ਨੂੰ ਖਿੱਚਦੀਆਂ ਸਨ ਤੇ ਰੂਸੀ ਨੌਜਵਾਨ ਕ੍ਰਾਂਤੀਕਾਰੀ ਵੇਗ ਫਿਗਨਸ ਦੀ ਰਚਨਾ ਵੀ ਉਨ੍ਹਾਂ ਦੀ ਮਨਪਸੰਦ ਸੀ। ਰੂਸੀ ਕ੍ਰਾਂਤੀਕਾਰੀ ਅਤੇ ਸਮਾਜਵਾਦ ਸਬੰਧੀ ਅਧਿਐਨ 'ਚ ਭਗਵਤੀ ਚਰਨ ਵੋਹਰਾ (ਜੋ ੨੮ ਮਈ ੧੯੩੦ ਨੂੰ ਲਾਹੌਰ 'ਚ ਰਾਵੀ ਦੇ ਕਿਨਾਰੇ ਬੰਬ ਨਰੀਖਣ ਕਰਦਿਆਂ ਸ਼ਹੀਦ ਹੋ ਗਏ ਸਨ) ਭਗਤ ਸਿੰਘ ਤੋਂ ਅੱਗੇ ਸਨ। ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਨੌਜਵਾਨ ਭਾਰਤ ਸਭਾ ਦੇ ਰੂਹ ਤੇ ਦਿਮਾਗ ਮੰਨੇ ਜਾਂਦੇ ਸਨ।
੧੯੨੪ ਵਿਚ ਬਲਵੰਤ ਸਿੰਘ ਨਾਂ ਨਾਲ ਭਗਤ ਸਿੰਘ ਦੇ ਦੋ ਲੇਖ ਕਲਕੱਤਾ ਤੋਂ ਪ੍ਰਕਾਸ਼ਿਤ ਮੱਤਵਾਲਾ 'ਚ ਛਪੇ ਸਨ। ਇਹ ਲੇਖ ਸਨ 'ਵਿਸ਼ਵ ਪ੍ਰੇਮ' ਅਤੇ ਯੁਵਕ। 'ਵਿਸ਼ਵ ਪ੍ਰੇਮ' ਦੀਆਂ ਦੋ-ਤਿੰਨ ਸਤਰਾਂ ਵੇਖੋ- "ਜਦੋਂ ਕਾਲਾ-ਗੋਰਾ, ਸੱਭਿਆ-ਅਸੱਭਿਆ, ਸ਼ਾਸ਼ਕ-ਸ਼ਾਸ਼ਿਤ, ਅਮੀਰ-ਗਰੀਬ, ਛੂਤ-ਅਛੂਤ ਸ਼ਬਦਾਂ ਦੀ ਵਰਤੋਂ ਹੁੰਦੀ ਰਹੇਗੀ, ਤਦ ਤੱਕ ਵਿਸ਼ਵ ਭਾਈਚਾਰਾ ਅਤੇ ਵਿਸ਼ਵ ਪ੍ਰੇਮ ਕਿੱਥੇ ਹੈ ? ਇਹ ਉਪਦੇਸ਼ ਸੁਤੰਤਰ ਜਾਤੀਆਂ ਹੀ ਕਰ ਸਕਦੀਆਂ ਹਨ, ਭਾਰਤ ਵਰਗੀ ਗੁਲਾਮ ਜਾਤੀ ਇਸਦਾ ਨਾਮ ਨਹੀਂ ਲੈ ਸਕਦੀ"।
ਭਗਤ ਸਿੰਘ ਨੇ ੧੯੨੬ ਵਿਚ ਸ਼ੁਰੂ ਹੋਏ 'ਕਿਰਤੀ' ਮੈਗਜ਼ੀਨ ਲਈ ਨਿਯਮਿਤ ਰੂਪ ਵਿਚ ਲਿਖਣਾ ਸ਼ੁਰੂ ਕੀਤਾ। ੧੯੨੪ ਵਿਚ ਕੋਹਾਟ 'ਚ ਭਿਆਨਕ ਸੰਪਰਦਾਇਕ ਦੰਗੇ ਹੋਏ। ਉਹਦੇ ਸੰਦਰਭ ਵਿਚ ਭਗਤ ਸਿੰਘ ਨੇ ਜੂਨ ੧੯੨੮ ਦੇ 'ਕਿਰਤੀ' 'ਚ ਲੇਖ ਲਿਖਿਆ ਜਿਸਦੇ ਮੁੱਢਲੇ ਸ਼ਬਦ ਹੀ ਤਿੱਖੀ ਸ਼ਬਦਾਬਲੀ ਵਾਲੇ ਹਨ- 'ਭਾਰਤ ਦੀ ਸਥਿਤੀ ਇਸ ਵੇਲੇ ਬੜੀ ਤਰਸਯੋਗ ਹੈ, ਇਕ ਧਰਮ ਦੇ ਪੈਰੋਕਾਰ ਦੂਸਰੇ ਧਰਮ ਦੇ ਪੈਰੋਕਾਰਾਂ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਕਿਸੇ ਇਕ ਧਰਮ ਦਾ ਹੋਣਾ ਹੀ ਦੂਸਰੇ ਧਰਮ ਦਾ ਕੱਟੜ ਦੁਸ਼ਮਣ ਹੋਣਾ ਹੈ"। ਭਗਤ ਸਿੰਘ ਇਹਨਾਂ ਦੰਗਿਆਂ ਦਾ ਮੁੱਖ ਕਾਰਨ ਆਰਥਿਕਤਾ ਸਮਝਦੇ ਸਨ। ਨਾਲ ਹੀ ਇਨ੍ਹਾਂ ਨੂੰ ਰੋਕਣ ਲਈ 'ਵਰਗ ਚੇਤਨਾ' ਦੀ ਜ਼ਰੂਰਤ ਤੇ ਜ਼ੋਰ ਦਿੰਦੇ ਸਨ। ਭਗਤ ਸਿੰਘ ਨੇ ੧੯੧੪-੧੫ 'ਚ ਗਦਰ ਅੰਦੋਲਨ ਵਿਚ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰ ਦੇਣ ਦਾ ਜ਼ਿਕਰ ਕੀਤਾ ਹੈ, ਇਸ ਲਈ ਗਦਰ ਪਾਰਟੀ ਅੰਦੋਲਨ ਇਕ ਜੁੱਟ ਰਿਹਾ ਅਤੇ ਉਹਦੇ ਵਿਚ ਹਿੰਦੂ,ਸਿੱਖ ਅਤੇ ਮੁਸਲਮਾਨ ਸਾਰੇ ਫਾਂਸੀ ਤੇ ਚੜੇ।ਅਲਾਹਾਬਾਦ ਦੇ ਚਾਂਦ ਮੈਗਜ਼ੀਨ ਨਵੰਬਰ ੧੯੨੮ ਵਿਚ ਆਪਣਾ ਵਿਸ਼ੇਸ਼ ਫਾਂਸੀ ਅੰਕ ਛਾਪਿਆ। ਜਿਸ ਵਿਚ ਪੰਜਾਹ ਦੇ ਕਰੀਬ ਹਿੰਦੋਸਤਾਨੀਆਂ ਇਨਕਲਾਬੀਆਂ ਦੇ ਰੇਖਾ ਚਿਤਰ ਛਾਪੇ ਗਏ। ਇਹ ਰੇਖਾ ਚਿਤਰ ਸ਼ਿਵ ਵਰਮਾ ਅਤੇ ਭਗਤ ਸਿੰਘ ਨੇ ਲ਼ਿਖੇ ਸਨ। ਸੰਗ੍ਰਹਿ ਦੇ ਪਹਿਲੇ ਲੇਖ ਅਜ਼ਾਦੀ ਲਹਿਰ ਵਿਚ ਪੰਜਾਬ ਦਾ ਪਹਿਲਾ ਉਭਾਰ ਵਿਚ ਭਗਤ ਸਿੰਘ ਨੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਈ ਕਿਸਾਨ ਲਹਿਰ ਦੀ ਵਾਕਫੀਅਤ ਕਰਵਾਈ।
ਭਗਤ ਸਿੰਘ ਦੀ ਇਨਕਲਾਬੀ ਲਹਿਰ ਅਤੇ ਪੰਜਾਬ ਵਿਚ ਸਿਆਸੀ ਜਾਗ੍ਰਤੀ ਨੂੰ ਸਮਝਣ ਲਈ ਭਗਤ ਸਿੰਘ ਦਾ ਛੋਟਾ ਅਤੇ ਕੁਝ ਅਧੂਰਾ ਜਾਪਦਾ ਲੇਖ ਸਮਝਣਾ ਜ਼ਰੂਰੀ ਹੈ। ਜੋ ਉਰਦੂ ਵੰਦੇ ਮਾਤਰਮ ਲਾਹੌਰ ਵਿਚ ੧੯੩੧ ਵਿਚ ਛਾਪਿਆ ਹੋਇਆ ਸੀ।
ਸ਼ਹੀਦ ਭਗਤ ਸਿੰਘ ਨੇ ਜ਼ੇਲ੍ਹ ਵਿਚੋਂ ਪੰਜਾਬ ਸਟੂਡੈਂਟ ਯੁਨੀਅਨ ਦੀ ਕਾਨਫਰੰਸ ਜੋ ੧੯-੨੦ ਅਕਤੂਬਰ ੧੯੨੯ ਨੂੰ ਲਾਹੌਰ ਵਿਚ ਹੋਈ ਵਿਦਿਆਰਥੀਆਂ ਦੇ ਨਾਂ ਸ਼ੰਦੇਸ਼ ਭੇਜਿਆ। ਜੋ ੨੨ ਅਕਤੂਬਰ ੧੯੨੯ ਦੇ ਟ੍ਰਿਬਿਊਨ ਲਾਹੌਰ ਵਿਚ ਪ੍ਰਕਾਸ਼ਿਤ ਹੋਇਆ। ੧੯ ਅਕਤੂਬਰ ੧੯੨੯ ਨੂੰ ਕਾਨਫਰੰਸ ਵਿਚ ਪੜ੍ਹ ਕੇ ਸੁਣਾਇਆ ਗਿਆ। ਜੋ ਇਸ ਪ੍ਰਕਾਰ ਸੀ- "ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸਤੋਂ ਵੀ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸ਼ੈਸ਼ਨ ਵਿਚ ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤੱਕੜੀ ਜੱਦੋ-ਜਹਿਦ ਦਾ ਅੇਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਵਰਗ ਦੇ ਸਿਰਾਂ ਤੇ ਮਣਾ-ਮੂੰਹੀ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਹੋਰ ਸਭ ਤੋਂ ਵੱਧ ਵਿਦਿਆਰਥੀ ਹੀ ਤਾਂ ਆਜ਼ਾਦੀ ਦੀ ਲੜ੍ਹਾਈ ਦੀਆਂ ਮੂਹਰਲੀਆਂ ਸਫਾਂ ਵਿਚ ਲੜ੍ਹਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਾਵਨ ਇਸ ਪਰੀਖਿਆ ਦੇ ਸਮੇਂ ਉਹੀ ਸੰਜੀਦਾ ਇਰਾਦਾ ਦਿਖਾਉਣ ਤੋਂ ਝਿਜਕਣਗੇ ?"
ਉਸ ਸਮੇਂ ਜਨਤਾ ਦੇ ਦਿਲ ਵਿਚ ਭਗਤ ਸਿੰਘ ਦੀ ਜੋ ਥਾਂ ਬਣ ਗਈ ਸੀ ਉਸ ਨੂੰ ਹਿੰਦੋਸਤਾਨ ਵਿਚ ਸਭ ਤੋਂ ਚੰਗੀ ਤਰ੍ਹਾਂ ਕਾਂਗਰਸ ਪਾਰਟੀ ਦਾ ਇਤਿਹਾਸ ਲਿਖਣ ਵਾਲੇ ਆਗੂ ਪੱਟਾਭਿ ਸੀਤਰਮਾਈਆ ਨੇ ਬਿਆਨ ਕੀਤਾ ਹੈ। ਉਹਨਾਂ ਅਨੁਸਾਰ ਇਸ ਵੇਲੇ ਜਨਤਾ ਦੇ ਦਿਲ ਵਿਚ ਮਕਬੂਲੀਅਤ ਦੇ ਮਾਮਲੇ 'ਚ ਭਗਤ ਸਿੰਘ ਦੀ ਥਾਂ ਮਹਾਤਮਾ ਗਾਂਧੀ ਤੋਂ ਕਿਵੇਂ ਵੀ ਘੱਟ ਨਹੀਂ। ਬੜ੍ਹੇ ਮਾਣ ਦੀ ਗੱਲ ਹੈ ਕਿ ਭਗਤ ਸਿੰਘ ਦੀ ਫਾਂਸੀ ਤੋਂ ੭੭ ਵਰ੍ਹੇ ਬਾਅਦ ਹਿੰਦੋਸਤਾਨੀ ਲੋਕਾਂ ਦੀ ਨਿਗ੍ਹਾ ਵਿਚ ਸਭ ਤੋਂ ਵੱਧ ਮਕਬੂਲ ਕੌਮੀ ਹੀਰੋ ਭਗਤ ਸਿੰਘ ਹੀ ਹੈ। ਭਗਤ ਸਿੰਘ ਦੇ ਨਜ਼ਦੀਕੀ ਸਾਥੀ ਸ਼ਿਵ ਵਰਮਾ ਜੀ ਭਗਤ ਸਿੰਘ ਬਾਰੇ ਦੱਸਦੇ ਹਨ " ਭਗਤ ਸਿੰਘ ਅਸਲ ਵਿਚ ਕਿਤਾਬਾਂ ਨੂੰ ਪੜ੍ਹਦਾ ਹੀ ਨਹੀਂ ਸੀ ਸਗੋਂ ਗੁੜ੍ਹਦਾ ਵੀ ਸੀ। ਫਿਰ ਵੀ ਉਸਦੀ ਪਿਆਸ ਸਦਾ ਅਣਬੁਝੀ ਹੀ ਰਹਿੰਦੀ ਸੀ। ਭਗਤ ਸਿੰਘ ਪੁਸਤਕਾਂ ਦਾ ਅਧਿਐਨ ਕਰਦਾ, ਨੋਟਿਸ ਬਣਾਉਂਦਾ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾਂ ਕਰਦਾ ਅਤੇ ਇਸ ਪ੍ਰਕਿਰਿਆ ਵਿਚ ਆਪਣੀ ਸਮਝ ਵਿੱਤ ਜੋ-ਜੋ ਗਲਤੀਆਂ ਦਿਖਾਈ ਦਿੰਦੀਆਂ ਉਹਨਾਂ ਨੂੰ ਸੁਧਾਰਦਾ ਵੀ ਸੀ। ਨਤੀਜੇ ਵਜ਼ੋਂ ੧੯੨੮ ਦੇ ਸ਼ੁਰੂ ਵਿਚ ਉਨ੍ਹਾਂ ਅਰਾਜਕਤਾਵਾਦ ਨੂੰ ਛੱਡ ਕੇ ਸਮਾਜਵਾਦ ਨੂੰ ਛੱਡ ਕੇ ਨਿਸ਼ਾਨੇ ਵਜ਼ੋਂ ਸਵੀਕਾਰ ਕਰ ਲਿਆ"।
 ਆਪਣੇ ਆਖਰੀ ਸਮੇਂ ਭਗਤ ਸਿੰਘ ਫਾਂਸੀ ਦੇ ਤਖਤੇ ਤੋਂ ਕੁਝ ਪਲ ਪਹਿਲਾਂ ਵੀ ਲੈਨਿਨ ਦੀ ਇਕ ਕਿਤਾਬ ਪੜ੍ਹ ਰਿਹਾ ਸੀ। ਜਿਸਤੋਂ ਉਸਦੇ ਕਿਤਾਬਾਂ ਪ੍ਰਤੀ ਬੇਅੰਤ ਮੋਹ ਦਾ ਕਿਆਸ ਲੱਗਦਾ ਹੈ। ਜੋ ਕਿ ਆਪਣੇ ਆਖਰੀ ਦਮ ਤੱਕ ਕੁੱਝ ਇਤਿਹਾਸ ਤੋਂ ਸਿੱਖਣ ਲਈ ਯਤਨ ਕਰਦਾ ਰਿਹਾ। ਭਗਤ ਸਿੰਘ ਬਾਰੇ ਪ੍ਰਗਤੀਵਾਦੀ ਕਵੀ ਅਵਤਾਰ ਪਾਸ਼ ਕਹਿੰਦਾ ਹੈ "ਭਗਤ ਸਿੰਘ ਪੰਜਾਬ ਦਾ ਪਹਿਲਾ ਬੁੱਧੀਜੀਵੀ ਸੀ ਜਿਸਨੇ ਸਮਾਜ ਦੀ ਰੂਪ-ਰੇਖਾ ਸਬੰਧੀ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ। ਜਿਸਨੇ ਦੁੱਖਾਂ, ਸਮੱਸਿਆਵਾਂ ਦੀ ਅੰਤਿਮ ਸਤ੍ਹਾ ਦੀ ਡੂੰਘੀ ਤਹਿ ਵਿਚ ਲੁਕੇ ਜਮਾਤੀ ਅੰਤਰ ਵਿਰੋਧਾਂ ਨੂੰ ਦੇਖਿਆ। ਜਿਸਦੇ ਮਨ ਵਿਚ ਸਮਾਜਿਕ ਸੁਧਾਰਾਂ ਦਾ ਕੋਈ ਨਿਸਚਿਤ ਦ੍ਰਿਸ਼ਟੀਕੋਣ ਸੀ" ਇਸ ਤਰ੍ਹਾਂ ਭਗਤ ਸਿੰਘ ਸਿਰਫ ਕੇਂਦਰੀ ਅਸੈਂਬਲੀ ਵਿਚ ਬੰਬ ਸਿੱਟਣ ਵਾਲੇ ਜਾਂ ਸਾਂਡਰਸ ਨੂੰ ਮਾਰਨ ਵਾਲੇ ਕ੍ਰਾਂਤੀਕਾਰੀ ਅੱਤਵਾਦੀ ਨਹੀਂ ਸਨ। ਉਹ ਉਚ ਪੱਧਰ ਦੇ ਵਿਦਵਾਨ, ਬੂਧੀਜੀਵੀ ਅਤੇ ਵਿਵੇਕਪੂਰਨ ਸੱਭਿਆਚਾਰ ਦੇ ਨਿਰਮਾਣ ਦੇ ਮੌਲਿਕ ਸਮਾਜਵਾਦੀ ਚਿੰਤਕ ਸਨ।
ਭਗਤ ਸਿੰਘ ਦੇ ਚਿੰਤਨ ਅਤੇ ਵਿਚਾਰਾਂ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਦੇਖਣ ਦੀ ਲੋੜ੍ਹ ਹੈ ਕਿ ਅੱਜ-ਕੱਲ੍ਹ ਦੇ ਨੌਜਵਾਨ ਆਪਣੇ ਇਤਿਹਾਸ ਅਤੇ ਰਾਜਨੀਤਿਕ ਮਾਮਲਿਆਂ ਤੋਂ ਦੂਰ ਜਾ ਰਹੇ ਹਨ ਜਾਂ ਗੰਦੀ ਰਾਜਨੀਤੀ ਦਾ ਹਿੱਸਾ ਬਣ ਰਹੇ ਹਨ। ਪਰ ਉਨ੍ਹਾਂ ਦੇ ਸਿਰ ਭਗਤ ਸਿੰਘ ਵਰਗੇ ਵਿਚਾਰਵਾਨ, ਸੰਜੀਦਾ ਦਾਰਸ਼ਨਿਕ ਦੇ ਅਧੂਰੇ ਪਏ ਕੰਮਾਂ ਨੂੰ ਪੂਰਨ ਦਾ ਜਿੰਮਾ ਪਿਆ ਹੈ। ਭਗਤ ਸਿੰਘ ਨੇ ਕਿਹਾ ਸੀ ਕਿ " ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋਵੇਗੀ ਜੰਗ ਜਾਰੀ ਰਹੇਗੀ"। ਸੋ ਸੰਸਾਰ ਪੱਧਰ ਤੇ ਅਮੀਰੀ-ਗਰੀਬੀ ਦਾ ਪਾੜਾ ਘਟਾਉਣ ਲਈ ਭਗਤ ਸਿੰਘ ਵਾਂਗ ਇਕ ਵਧੀਆ ਪਾਠਕ, ਵਿਚਾਰਕ ਅਤੇ ਉਨ੍ਹਾਂ ਵਿਚਾਰਾਂ ਨੂੰ ਅਮਲੀ ਜਾਮ੍ਹਾਂ ਪਹਿਨਾਉਣ ਦਾ ਅਮਲੀ ਯਤਨ ਕਰੀਏ। ਇਹੀ ਭਗਤ ਸਿੰਘ ਪ੍ਰਤੀ ਨੌਜਵਾਨਾਂ ਦਾ ਆਪਣੇ ਮਹਿਬੂਬ ਨੇਤਾ ਦਾ ਸਤਿਕਾਰ ਹੋਵੇਗਾ।

samsun escort canakkale escort erzurum escort Isparta escort cesme escort duzce escort kusadasi escort osmaniye escort