ਗ਼ੈਰਤ ਅਤੇ ਸਨਮਾਨ ਦਾ ਪ੍ਰਤੀਕ - ਦਸਤਾਰ (ਲੇਖ )

ਅਮਰਜੀਤ ਕੌਰ ਹਿਰਦੇ   

Email: hirdey2009@gmail.com
Cell: +91 94649 58236
Address: ਡੀ 506, ਆਈਵਰੀ ਟਾਵਰ ਸੈਕਟਰ 70, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ
India
ਅਮਰਜੀਤ ਕੌਰ ਹਿਰਦੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜੌਕੇ ਫਿਰਕਾਪ੍ਰਸਤੀ ਦੌਰ ਵਿਚ ਦਸਤਾਰ ਨੂੰ ਸਿਰਫ਼ ਸਿੱਖਾਂ ਦੀ ਹੀ ਵਿਰਾਸਤ ਸਮਝਿਆ ਜਾਣ ਲੱਗ ਪਿਆ ਹੈ। ਜਦੋਂ ਕਿ ਪੁਰਾਤਨ ਸਮੇਂ ਭਾਰਤ ਦੇ ਹੋਰ ਵੀ ਬਹੁਤ ਸਾਰੇ ਕਬੀਲੇ ਆਪਣੇ-ਆਪਣੇ ਸੱਭਿਆਚਾਰ ਅਨੁਸਾਰ ਪੱਗੜੀ ਸਜਾਇਆ ਕਰਦੇ ਸਨ। ਅਜੇ ਵੀ ਵੱਖ-ਵੱਖ ਸਮੂਦਾਇਆਂ ਦੇ ਕਈ ਬਜ਼ੁਰਗ ਅਜਿਹੇ ਮਿਲ ਜਾਂਦੇ ਹਨ ਜੋ ਸਿਰ ਤੇ ਪਗੜੀ ਸਜਾਉਂਦੇ ਹਨ। ਖਾਸ ਕਰਕੇ ਇਹ ਗਰਮ ਦੇਸ਼ਾਂ ਦਾ ਪਹਿਰਾਵਾ ਮੰਨਿਆ ਗਿਆ ਹੈ। ਸੁਹੱਪਣ ਵਧਾਉਣ ਦੇ ਨਾਲ-ਨਾਲ ਇਹ ਸਿਰ ਨੂੰ ਗਰਮੀ-ਸਰਦੀ ਤੋਂ ਬਚਾਉਂਦੀ ਹੈ। ਭਾਂਵੇਂ ਕਿ ਪੱਗੜੀ ਦਾ ਸਰੂਪ ਤੇ ਅਕਾਰ ਸਾਰੇ ਕਬੀਲਿਆਂ ਦਾ ਅਲੱਗ-ਅਲੱਗ ਹੋਇਆ ਕਰਦਾ ਸੀ। ਹਿੰਦੂ ਵਿਆਹ ਕਾਰਜ਼ਾਂ ਵਿਚ ਅਜੇ ਵੀ ਪੁਰਾਣੇ ਬਜ਼ੁਰਗ ਗ਼ੁਲਾਬੀ ਰੰਗ ਦੀ ਤੁਰਲੇ ਵਾਲੀ ਪੱਗੜੀ ਬੰਨ੍ਹਦੇ ਹਨ। ਇਸ ਤੋਂ ਇਲਾਵਾ ਲਾੜਿਆਂ ਦੇ ਸਿਰ ਤੇ ਵੀ ਪਹਿਲਾਂ ਪੱਗ ਬੰਨ੍ਹੀ ਜਾਂਦੀ ਹੈ ਤੇ ਫਿਰ ਉਸਦੇ ਉਪਰ ਸਿਹਰਾ ਟਿਕਦਾ ਹੈ। ਅੱਜ ਵੀ ਕਈ ਮੁਸਲਮਾਨ ਲੋਕ ਵੀ ਦਸਤਾਰ ਸਜਾਉਂਦੇ ਹਨ। ਪੂਰੇ ਹਿੰਦੁਸਤਾਨ ਦੇ ਰਾਜੇ-ਮਹਾਰਾਜੇ ਤੇ ਜਾਗੀਰਦਾਰ ਰਜਵਾੜੇ ਵੀ ਦਸਤਾਰ ਸਜਾਇਆ ਕਰਦੇ ਸਨ। ਕਿਸੇ ਸਮੇਂ ਇਸਨੂੰ ਸ਼ਾਹੀ ਪਹਿਰਾਵਾ ਮੰਨਿਆਂ ਜਾਂਦਾ ਸੀ। 
ਫਿਰ ਇਕ ਸਮਾਂ ਐਸਾ ਆਇਆ ਕਿ ਜਦੋਂ ਮੁਗ਼ਲ ਹਕੂਮਤ ਵੱਲੋਂ ਆਮ ਜਨਤਾ ਤੇ ਦਸਤਾਰ ਬੰਨ੍ਹਣ ਤੇ ਪਾਬੰਦੀ ਲਗਾ ਦਿੱਤੀ ਗਈ। ਕਹਿੰਦੇ ਹਨ ਕਿ ਰਾਜ-ਗੱਦੀ ਸੰਭਾਲਣ ਤੋਂ ਬਾਅਦ ਇਕ ਵਾਰ ਔਰੰਗਜ਼ੇਬ ਆਪਣੇ ਸ਼ਾਹੀ ਠਾਠ-ਬਾਠ ਨਾ ਜਾ ਰਿਹਾ ਸੀ ਤਾਂ ਉਸਦੇ ਬਚਪਨ ਦੇ ਇਕ ਹਿੰਦੂ ਦੋਸਤ ਨੇ ਉਸਨੂੰ ਗਲਵੱਕੜੀ ਵਿਚ ਲੈ ਲਿਆ। ਉਦੋਂ ਤੱਕ ਔਰੰਗਜ਼ੇਬ ਪੱਕਾ ਮੁਤੱਸਬੀ ਬਣ ਚੁੱਕਾ ਸੀ। ਉਸ ਹਿੰਦੂ ਦੋਸਤ ਨੇ ਆਪਣਾ ਬਚਪਨ ਦਾ ਨਾਂ ਦੱਸ ਕੇ ਆਪਣੀ ਜਾਣ-ਪਹਿਚਾਣ ਕਰਾਈ ਕਹਿੰਦੇ ਹਨ ਕਿ ਪਹਿਲਾਂ ਤਾਂ ਔਰੰਗਜ਼ੇਬ ਬਚਪਨ ਦੀਆਂ ਯਾਦਾਂ ਤੋਂ ਬੜਾ ਖ਼ੁਸ਼ ਹੋਇਆ ਪਰ ਅਗਲੇ ਹੀ ਪਲ ਉਸਨੂੰ ਯਾਦ ਆਇਆ ਕਿ ਇਹ ਤਾਂ ਹਿੰਦੂ ਹੈ। ਉਸਦੇ ਖ਼ੁਰਾਫ਼ਾਤੀ ਦਿਮਾਗ ਨੇ ਵੱਖ-ਵੱਖ ਵਰਣਾਂ ਦੀ ਪਹਿਚਾਣ ਵਾਸਤੇ ਮੰਤਰੀਆਂ ਨੂੰ ਤਰਕੀਬ ਸੋਚਣ ਲਈ ਹੁਕਮ ਕੀਤਾ। ਉਸ ਸਮੇਂ ਤੋਂ ਹੀ ਹਿੰਦੂਆਂ ਲਈ ਮੁੰਡਨ ਜ਼ਰੂਰੀ ਕਰ ਦਿੱਤਾ ਗਿਆ ਜੋ ਕਿ ਅੱਜ ਤੱਕ ਬਾ-ਦਸਤੂਰ ਜ਼ਾਰੀ ਹੈ ਜੋ ਕਿ ਗ਼ੁਲਾਮੀ ਦੀ ਨਿਸ਼ਾਨੀ ਹੈ ਪਰ, ਇਹ ਰੀਤ ਦਾ ਰੂਪ ਲੈ ਚੁੱਕਾ ਹਿੰਦੂ ਸੰਸਕਾਰ ਹੈ। ਸਿਵਾਏ ਮੁਸਲਮਾਨਾਂ ਤੋਂ ਹਿੰਦੁਸਤਾਨ ਦੇ ਹੋਰ ਤਬਕਿਆਂ ਲਈ ਸ਼ਾਹੀ ਦਸਤਾਰ ਦੀ ਮਨਾਹੀ ਕਰ ਦਿੱਤੀ ਗਈ। ਪਰ, ਉਸ ਤੋਂ ਬਾਅਦ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ-ਪੀਰੀ ਦੀ ਤਲਵਾਰ ਪਹਿਨਣ ਦੇ ਨਾਲ ਹੀ ਸ਼ਾਹੀ ਦਸਤਾਰ ਵੀ ਸਜਾਈ ਅਤੇ ਸਿੱਖਾਂ ਨੂੰ ਵੀ ਸ਼ਾਹੀ ਦਸਤਾਰਾਂ ਬੰਨ੍ਹਣ ਦੇ ਹੁਕਮ ਕੀਤੇ। ਇਸ ਤੋਂ ਪਹਿਲਾਂ ਗੋਲ ਪੱਗੜੀ ਹੀ ਬੰਨ੍ਹੀ ਜਾਇਆ ਕਰਦੀ ਸੀ। ਪਹਿਲੇ ਪੰਜ ਗੁਰੂ ਸਾਹਿਬਾਨ ਦੇ ਸਿਰਾਂ ਤੇ ਗੋਲ ਪਗੜੀ ਹੀ ਸਜੀ ਹੋਈ ਮਿਲਦੀ ਹੈ। ਛੇਂਵੇ ਗੁਰੂ ਸਾਹਿਬ ਵੱਲੋਂ ਹਿੰਦੁਸਤਾਨ ਦੀ ਲੋਕਾਈ ਲਈ ਬਖਸ਼ਿਆ ਹੋਇਆ ਇਹ ਇਕ ਵਿਲੱਖਣ ਤੇ ਨਾਯਾਬ ਤੋਹਫ਼ਾ ਸਰਦਾਰੀ ਦੀ ਨਿਸ਼ਾਨੀ ਭਾਵ ਸਿੱਖਾਂ ਦੇ ਸਿਰ ਸਜਿਆ ਹੋਇਆ ਤਾਜ ਹੈ। ਸਰਦਾਰ ਜਾਂ ਕਿ ਇਕ ਸਿੱਖ ਦੀ ਪਹਿਚਾਣ ਹੀ ਪੱਗ ਹੈ। ਸਰਦਾਰ ਜਾਂ ਕਿ ਸਿਰਦਾਰ ਸ਼ਬਦ ਦੇ ਅੱਖਰੀ ਅਰਥ ਸਿਰ ਵਾਲਾ ਹੈ। ਇਸੇ ਲਈ ਪੁਰਾਣੇ ਸਮੇਂ ਵਿਚ ਸਿੱਖ ਦਾ ਪੁੱਤਰ ਹੋਣ ਦੇ ਬਾਵਜੂਦ ਵੀ ਜੇਕਰ ਕੋਈ ਪਤਿਤ ਹੋ ਜਾਂਦਾ ਸੀ ਤਾਂ ਉਸਨੂੰ ਸਰਦਾਰ ਨਹੀਂ ਸਗੋਂ ਸਿਰਗੁੰਮਾ ਕਿਹਾ ਜਾਂਦਾ ਸੀ ਤੇ ਇਹ ਲਕਬ ਸਰਦਾਰੀ ਦੀ ਸ਼ਾਨ ਦੇ ਖਿਲਾਫ਼ ਸਮਝਿਆ ਜਾਂਦਾ ਸੀ। ਸਿੱਖ ਦੇ ਘਰ ਪੈਦਾ ਹੋ ਕੇ ਸਰਦਾਰ ਕਹਾਉਣ ਤੋਂ ਵਾਂਝਾ ਹੋ ਜਾਣ ਲਈ ਤੇ ਕੋਈ ਵੀ ਇਹ ਸ਼ਰਮਿੰਦਗੀ ਲੈਣ ਲਈ ਤਿਆਰ ਨਹੀਂ ਸੀ ਹੁੰਦਾ। ਸਿੱਖਾਂ ਦੀ ਪੱਗ ਦੀ ਦਿੱਖ ਪੱਖੋਂ ਆਪਣੀ ਹੀ ਵੱਖਰੀ ਪਛਾਣ ਹੈ ਜੋ ਮਰਦ ਦੀ ਸਖਸ਼ੀਅਤ ਨੂੰ ਵਿਲੱਖਣ ਤੇ ਅਨੋਖਾ ਨਿਖਾਰ ਬਖਸ਼ਦੀ ਹੈ ਬਸ਼ਰਤੇ ਕਿ ਪੱਗ ਜਚਾ ਕੇ ਬੰਨ੍ਹੀ ਗਈ ਹੋਵੇ।
ਪਰ ਪਿਛਲੇ ਸਮੇਂ ਦੁਰਾਨ ਸਿੱਖ ਕੌਮ ਦੀ ਇਸ ਅਦੁੱਤੀ ਸ਼ਾਨ ਤੇ ਅਲੱਗ-ਅਲੱਗ ਤਰੀਕਿਆਂ ਨਾਲ ਸਾਂਹਵੇ-ਅਸਾਂਹਵੇ ਬੜੇ ਮਾਰੂ ਹਮਲੇ ਹੋਏ ਹਨ। ਚੌਧਰ ਦੇ ਭੁੱਖੇ ਲੋਕਾਂ ਵੱਲੋਂ ਆਪਸੀ ਖਿੱਚੋਤਾਣ ਅਤੇ ਲੜਾਈਆਂ ਵਿਚ ਗੁਰਦੁਆਰਿਆਂ ਤੇ ਰਾਜ-ਸਭਾਵਾਂ ਵਿਚ ਜਿਸ ਤਰ੍ਹਾਂ ਇਕ-ਦੂਜੇ ਦੀਆਂ ਪੱਗਾਂ ਨੂੰ ਉਛਾਲਿਆ ਗਿਆ ਹੈ ਇਸ ਤਰ੍ਹਾਂ ਨਾਲ ਸਿੱਖ ਦੇ ਉੱਚੇ ਕੱਦ-ਬੁੱਤ ਨੂੰ ਵੱਡੀ ਢਾਹ ਲੱਗੀ ਹੈ। ਸਿੱਖ ਆਗੂਆਂ ਦੇ ਨਿੱਜ-ਪ੍ਰਸਤੀ ਵਿਚ ਫਸੇ ਹੋਣ ਅਤੇ ਘਟੀਆ ਕਿਰਦਾਰਾਂ ਕਾਰਨ ਸਿੱਖਾਂ ਵਿਚ ਵੀ ਬੇ-ਵਿਸ਼ਵਾਸੀ ਤੇ ਬੇਚੈਨੀ ਦਾ ਮਾਹੌਲ ਹੈ। ਆਗੂ ਵਿਹੂਣੀ ਕੌਮ ਰਾਜਨੀਤਕ ਅਤੇ ਧਾਰਮਿਕ ਤੌਰ ਤੇ ਪਾਰਟੀਆਂ, ਡੇਰਿਆਂ, ਸੰਪਰਦਾਵਾਂ ਤੇ ਹੋਰ ਐਧਰ-ਓਧਰ ਵੰਡੀ ਜਾ ਚੁੱਕੀ ਹੈ। ਸਿੱਖਾਂ ਤੋਂ ਇਲਾਵਾ ਦੂਜੇ ਫਿਰਕਿਆਂ ਵਿਚ ਵੀ ਇਕ-ਸੁਰ ਬਹੁਤੀ ਨਹੀਂ ਰਹਿ ਗਈ। ਹਰ ਫਿਰਕੇ, ਹਰ ਵਰਗ ਵੱਲੋਂ ਮੁਜਾਹਰੇ ਤੇ ਧਰਨੇ ਹੋ ਰਹੇ ਹਨ। ਇਸ ਬਗਾਵਤ ਨੂੰ ਦਬਾਉਣ ਲਈ ਸਰਕਾਰਾਂ ਹੋਰ ਵੀ ਗ਼ਲਤ ਤਰੀਕਿਆਂ ਨਾਲ ਜਿਵੇਂ-ਕਿਵੇਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਜੋ ਕਿ ਖ਼ਾਸ ਕਰਕੇ ਸਿੱਖਾਂ ਲਈ ਬੜੇ ਅਪਮਾਨਜਨਕ ਤਰੀਕੇ ਹਨ। ਬਾਹਰ ਤਾਂ ਬਾਹਰ ਸਿੱਖਾਂ ਨੂੰ ਆਪਣੇ ਘਰ ਵਿਚ ਹੀ ਆਪਣੇ ਵੱਕਾਰ ਨੂੰ ਸਲਾਮਤ ਰੱਖਣ ਲਈ ਨਿਰੰਤਰ ਸੰਘਰਸ਼ਸ਼ੀਲ ਰਹਿਣਾ ਪੈ ਰਿਹਾ ਹੈ। ਸਿੱਖ ਕੌਮ ਪੱਗ ਦਾ ਸਤਿਕਾਰ ਪੰਜਾਬ ਵਿਚ ਹੀ ਬਹਾਲ ਨਹੀਂ ਰੱਖ ਪਾ ਰਹੀ ਤਾਂ ਫਿਰ ਇਸ ਦੀ ਅਹਿਮੀਅਤ ਨੂੰ ਬਾਹਰਲੇ ਲੋਕਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ। ਭਾਰਤ ਜਿਹੜਾ ਕਿ ਸ਼ਾਹੀ ਦਸਤਾਰ ਦਾ ਜਨਮ ਸਥਾਨ ਹੈ ਦੀ ਬੇਅੱਦਬੀ ਨੂੰ ਰੋਕਣ ਲਈ ਕੋਈ ਕਾਨੂੰਨ ਅਜੇ ਤੱਕ ਨਹੀਂ ਬਣ ਸਕਿਆ। ਕਾਨੂੰਨ-ਘਾੜੇ ਆਪ ਹੀ ਇਕ-ਦੂਜੇ ਦੀਆਂ ਪੱਗਾਂ ਉਛਾਲਣ ਤੇ ਉਤਾਰੂ ਹੋਏ ਰਹਿੰਦੇ ਹਨ। ਕੀ ਗੁਰਦੁਆਰੇ ਕੀ ਦੇਸ਼ ਦੀ ਪਾਰਲੀਮੈਂਟ ਕਿਤੇ ਵੀ ਪੱਗ ਸੁਰੱਖਿਅਤ ਨਹੀਂ। ਪੱਗ ਦੀ ਬੇਅਦਬੀ ਕਰਨ ਵਾਲੇ ਤੇ ਕੋਈ ਧਾਰਾ ਲਾਗੂ ਨਹੀਂ ਹੁੰਦੀ ਤੇ ਨਾ ਹੀ ਕੋਈ ਸਜਾ ਉਸ ਅਪਰਾਧੀ ਲਈ ਨਿਯਤ ਹੈ। ਉੱਥੇ ਹੀ ਬੈਲਜ਼ੀਅਮ ਵਰਗੇ ਦੇਸ ਵਿਚ ਇਕ ੩੮ ਸਾਲਾ ਗੋਰੇ ਵਿਅਕਤੀ ਨੂੰ ਇਕ ਸਰਦਾਰ ਦੀ ਪੱਗ ਨਾਲ ਛੇੜਖਾਨੀ ਕਰਨ ਕਰਕੇ ਅਦਾਲਤ ਵੱਲੋਂ ਇਕ ਸਾਲ ਕੈਦ ਦੀ ਸਜਾ ਅਤੇ ੧੧੦੦ ਯੂਰੋ ਦਾ ਜੁਰਮਾਨਾ ਹੋਇਆ ਹੈ। ਇਹ ਝਗੜਾ ੭ ਦਿਸੰਬਰ ੨੦੦੯ ਨੂੰ ਬੈਲਜ਼ੀਅਮ ਦੇ ਸ਼ਹਿਰ ਸ਼ੰਤਰੂਧਨ ਦੇ ਇਕ ਕੈਫ਼ੇ ਦੇ ਬਾਹਰ ਹੋਇਆ ਸੀ। ਜਦੋਂ ਉਸ ਗੋਰੇ ਨੇ ਉੱਥੇ ਖੜ੍ਹੇ ਸਰਦਾਰ ਦੀ ਪੱਗ ਨਾਲ ਛੇੜਖਾਨੀ ਕਰਨੀ ਸ਼ੁਰੂ ਕੀਤੀ ਤਾਂ ਲੜਾਈ ਵਧ ਕੇ ਅਦਾਲਤ ਵਿਚ ਜਾ ਪਹੁੰਚੀ। ਉਸ ਗੋਰੇ ਨੇ ਅਦਾਲਤ ਨੂੰ ਕਿਹਾ ਕਿ ਸ਼ਰਾਬੀ ਹੋਣ ਦੀ ਹਾਲਤ ਵਿਚ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕੀ ਕਰ ਰਿਹਾ ਹੈ ਜਦੋਂ ਕਿ ਉਹ ਜਾਤੀਵਾਦ ਦਾ ਭੇਦਭਾਵ ਨਹੀਂ ਮੰਨਦਾ ਪਰ ਅਦਾਲਤ ਨੇ ਉਸਦੀ ਇਸ ਦਲੀਲ ਨੂੰ ਨਾ-ਮਨਜ਼ੂਰ ਕੀਤਾ ਤੇ ਦੋ ਵਿਅਕਤੀਆਂ ਦੀ ਗਵਾਹੀ ਤੇ ਉਸ ਨੂੰ ਸਜਾ ਸੁਣਾਈ। ਜਦੋਂ ਕਿ ਭਾਰਤ ਵਰਗੇ ਦੇਸ ਵਿਚ ਸ਼ਰਾਬ ਪੀ ਕੇ ਅਪਰਾਧ ਕਰਨ ਵਾਲਾ ਸਾਡੀ ਮਰਦ ਅਜ਼ਾਰੇਦਾਰੀ ਦੀ ਨਿੱਜੀ ਹਮਦਰਦੀ ਦਾ ਪਾਤਰ ਬਣ ਜਾਂਦਾ ਹੈ ਤੇ ਬਾਲਤਾਕਾਰ ਤੇ ਕਤਲ ਵਰਗੇ ਦੂਹਰੇ-ਤੀਹਰੇ ਜ਼ੁਰਮਾਂ ਦੇ ਦੋਸ਼ੀ ਅਖੀਰ ਤੇ ਰਾਸ਼ਟਰਪਤੀ ਦੀ ਰਹਿਮ ਤੇ ਜਾ ਕੇ ਸਜਾ ਮੁਆਫੀ ਦੇ ਹੱਕਦਾਰ ਬਣ ਜਾਂਦੇ ਹਨ ਪਰ ਦੂਜੇ ਪਾਸੇ ਫਿਰ ਉਹੀ ਵਿਤਕਰਾ ਸਿੱਖਾਂ ਨਾਲ ਕਿ ਆਪਣੇ ਹੱਕਾਂ ਦੀ ਖਾਤਰ ਲੜਨ ਵਾਲੇ ਰਾਜਸੀ ਸਿੱਖ ਕੈਦੀ ਵਰ੍ਹਿਆਂ ਤੱਕ ਵੀ ਭਾਰਤ ਦੇਸ਼ ਦੀ ਰਹਿਮ ਦੀ ਲਿਸਟ ਵਿਚ ਨਹੀਂ ਆਉਂਦੇ।
ਇਕ ਹੋਰ ਘਟਨਾ ਦਾ ਵੀ ਜਿਕਰ ਕਰਨਾ ਮੈਂ ਇਸ ਲਈ ਜ਼ਰੂਰੀ ਸਮਝਦੀ ਹਾਂ ਤਾਂ ਕਿ ਸਾਡੀਆਂ ਸਰਕਾਰਾਂ ਨੂੰ ਪਰਾਏ ਦੇਸ਼ਾਂ ਦੀ ਉਦਾਹਰਨ ਦੇ ਕੇ ਕਾਨੂੰਨ ਬਣਾਉਣ ਲਈ ਸੋਚਣ ਲਈ ਮਜ਼ਬੂਰ ਕੀਤਾ ਜਾ ਸਕੇ ਅਤੇ ਆਮ ਸਿੱਖਾਂ ਨੂੰ ਪੱਗ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਸੁਚੇਤ ਕੀਤਾ ਜਾ ਸਕੇ। ਇਕ ੭੬ ਸਾਲਾ ਬਜ਼ੁਰਗ ਸਿੱਖ ਰਣਜੀਤ ਸਿੰਘ ਵੱਲੋਂ ਯੂਨਾਈਟਡ ਸਿੱਖਸ ਦੀ ਮੱਦਦ ਨਾਲ ਰਾਸ਼ਟਰ ਦੇ ਮਾਨਵੀ ਹੱਕਾਂ ਸੰਬੰਧੀ ਕੌਂਸਲ ਅੱਗੇ ਇਹ ਪਟੀਸ਼ਨ ਦਾਇਰ ਕੀਤੀ ਅਤੇ ੨੦੦੮ ਤੋਂ ਲੈ ਕੇ ਫਰਾਂਸ ਸਰਕਾਰ ਵਿਰੁੱਧ ਲੰਬੀ ਕਾਨੂੰਨੀ ਲੜਾਈ ਲੜਨ ਪਿੱਛੋਂ ਫ਼ੈਸਲਾ ਉਸਦੇ ਹੱਕ ਵਿਚ ਹੋਇਆ। ਉਹ ੨੦੦੫ ਤੋਂ ਬਿਮਾਰ ਰਹਿੰਦਾ ਸੀ ਪਰ ਫਰਾਂਸ ਸਰਕਾਰ ਵੱਲੋਂ ਉਸਨੂੰ ਇਸ ਕਰਕੇ ਜਨਤਕ ਸਿਹਤ ਸੰਭਾਲ ਸਹੂਲਤਾਂ ਜਾਂ ਕੋਈ ਹੋਰ ਸਮਾਜਿਕ ਲਾਭ ਨਹੀਂ ਦਿੱਤੇ ਜਾ ਰਹੇ ਸਨ ਕਿਉਂਕਿ ਆਵਾਸੀ ਸ਼ਨਾਖ਼ਤੀ ਕਾਰਡ ਬਨਵਾਉਣ ਲਈ ਉਸ ਕੋਲੋਂ ਬਿਨਾਂ ਪੱਗ ਵਾਲੀ ਤਸਵੀਰ ਦੀ ਮੰਗ ਕੀਤੀ ਗਈ ਸੀ ਜੋ ਕਿ ਉਸਨੇ ਦੇਣ ਤੋਂ ਨਾਂਹ ਕਰ ਦਿੱਤੀ ਸੀ ਉਸਦਾ ਕਹਿਣਾ ਇਹ ਸੀ ਕਿ ਉਸਨੂੰ ਹਰ ਵਾਰ ਸ਼ਨਾਖਤੀ ਪੜਤਾਲ ਸਮੇਂ ਪੱਗ ਉਤਾਰਨੀ ਪਿਆ ਕਰੇਗੀ ਜੋ ਕਿ ਉਸਦੇ ਮਾਨ-ਸਨਮਾਨ ਨੂੰ ਢਾਹ ਲਾਉਣ ਦੇ ਬਰਾਬਰ ਸੀ। ਯੂ.ਐਨ.ਐਚ.ਆਰ. ਸੀ ਦੇ ਅਨੁਸਾਰ ਇਹ ਉਸਦੀ ਧਾਰਮਿਕ ਅਜ਼ਾਦੀ ਵਿੱਚ ਫਰਾਂਸ ਸਰਕਾਰ ਦੀ ਦਖ਼ਲਅੰਦਾਜ਼ੀ ਹੈ। ਫਰਾਂਸ ਇਹ ਖ਼ੁਲਾਸਾ ਕਰਨ ਵਿਚ ਅਸਮਰਥ ਰਿਹਾ ਹੈ ਕਿ ਸਿੱਖ ਦੀ ਪੱਗ ਉਹਦੀ ਸ਼ਨਾਖ਼ਤ ਵਿਚ ਕਿਵੇਂ ਅੜਿੱਕਾ ਬਣਦੀ ਹੈ ਜਦੋਂ ਕਿ ਪਗੜੀਧਾਰੀ ਦਾ ਚਿਹਰਾ ਤਾਂ ਨਜ਼ਰ ਆਉਂਦਾ ਹੀ ਰਹਿੰਦਾ ਹੈ ਤੇ ਉਸਨੇ ਹਰ ਸਮੇਂ ਪੱਗ ਬੰਨ੍ਹ ਕੇ ਰੱਖਣੀ ਹੀ ਹੁੰਦੀ ਹੈ। ਇਸ ਕਰਕੇ ਇਹ ਕਾਰਵਾਈ ਸਿਵਲ ਤੇ ਸਿਆਸੀ ਹੱਕਾਂ ਬਾਰੇ ਇੰਟਰਨੈਸ਼ਨਲ ਕਨਵੈਨਸ਼ਨ (ਆਈ.ਸੀ.ਸੀ.ਪੀ.ਆਰ) ਦੀ ਧਾਰਾ ੧੮ ਦੀ ਉਲੰਘਣਾ ਬਣਦੀ ਹੈ। ਜੋ ਕਿ ਫਰਾਂਸ ਵਿਚ ੪ ਫਰਵਰੀ ੧੯੮੧ ਤੋਂ ਲਾਗੂ ਹੋਈ ਸੀ। ਜਦੋਂ ਕਿ ਅਜੇ ਤੱਕ ਨਾ ਤਾਂ ਸਾਡੀ ਭਾਰਤ ਸਰਕਾਰ ਹੀ ਅਜਿਹੇ ਫਿਰਕੂ ਜਾਨੂੰਨੀਆਂ ਪ੍ਰਤੀ ਕੋਈ ਕਾਰਵਾਈ ਕਰ ਸਕੀ ਹੈ ਤੇ ਜੇਕਰ ਸਾਡੀ ਪੰਥ ਦੀ ਅਖੌਤੀ ਮੁੱਦਈ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਬਸ ਹੱਦ ਇਹ ਹੈ ਕਿ ਆਪਸ ਵਿਚ ਵੀ ਇਕ-ਦੂਜੇ ਦੀਆਂ ਪੱਗਾਂ ਉਛਾਲਦੇ ਸ਼ਰਮ ਨਹੀਂ ਕਰਦੇ ਤੇ ਬੇਰੁਜ਼ਗਾਰ ਮੁੰਡੇ-ਕੁੜੀਆਂ ਦੀਆਂ ਸ਼ਰੇ-ਆਮ ਬਜ਼ਾਰਾਂ ਵਿਚ ਗੁੱਤਾਂ ਪੁੱਟੀਆਂ ਜਾਂਦੀਆਂ ਹਨ ਤੇ ਚੁੰਨੀਆਂ-ਪੱਗਾਂ ਪੈਰਾਂ ਵਿਚ ਰੋਲੀਆਂ ਜਾਂਦੀਆਂ ਹਨ। ਪੰਜਾਬ ਦੇ ਜੰਗਲ ਰਾਜ ਵਿਚ ਸਰਕਾਰਾਂ ਨੂੰ ਪੁੱਛਣ ਵਾਲਾ ਹੁਣ ਕੋਈ ਵੀ ਨਹੀਂ ਹੈ। ਪੰਜਾਬ ਵਿਚ ਤਾਂ ਰਜਵਾੜਾਸ਼ਾਹੀ ਰਾਜ ਲਾਗੂ ਹੋ ਹੀ ਚੁੱਕਾ ਹੈ। ਭਾਰਤ ਸਰਕਾਰ ਨੂੰ ਵੀ ਦਸਤਾਰ ਦੇ ਸਨਮਾਨ ਦੀ ਬਹਾਲੀ ਲਈ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਕਿ ਫਿਰਕੂ ਭਾਵਨਾ ਨਾਲ ਦਸਤਾਰ ਦੀ ਬੇਅੱਦਬੀ ਕਰਨ ਵਾਲੇ ਪ੍ਰਤੀ ਸਖਤ ਰੁਖ਼ ਅਪਨਾਉਂਦਿਆਂ ਉਸਨੂੰ ਕਰੜੀ ਕਾਨੂੰਨੀ ਸਜਾ ਦਿੱਤੀ ਜਾ ਸਕੇ। ਉਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਮਿਡਲ ਸਕੂਲ ਤੋਂ ਹੀ ਸਕੂਲੀ ਵਰਦੀ ਦੇ ਨਾਲ ਹੀ ਸਰਦਾਰ ਮੁੰਡਿਆਂ ਲਈ ਪੱਗ ਬੰਨ੍ਹਣੀ ਜ਼ਰੂਰੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਪੱਗ ਪ੍ਰਤੀ ਰੁਚੀ ਪੈਦਾ ਕੀਤੀ ਜਾ ਸਕੇ।
ਅਮਰੀਕਾ ਵਰਗਾ ਸਰਬ-ਸ਼ਕਤੀਮਾਨ ਦੇਸ਼ ਬੋਲਣ ਅਤੇ ਧਾਰਮਿਕ ਅਜ਼ਾਦੀ ਦਾ ਮੁੱਦਈ ਅਖਵਾਉਂਦਾ ਦੇਸ਼ ਹੈ ਜਿੱਥੇ ਕਿ ਅੱਜ ਤੱਕ ਸਿੱਖਾਂ ਦੀ ਦਸਤਾਰ ਦੇ ਮਾਮਲੇ ਬਾਰੇ ਕਦੇ ਕੋਈ ਇਤਰਾਜ਼-ਯੋਗ ਚੀਜ਼ ਨਿਕਲਣ ਦੀ ਘਟਨਾ ਨਹੀਂ ਵਾਪਰੀ। ਪਰ ਉੱਥੇ ਵੀ ਸਿੱਖਾਂ ਦੀਆਂ ਪੱਗਾ ਉਤਰਵਾ ਕੇ ਹੀ ਤਲਾਸ਼ੀ ਲਈ ਜਾਂਦੀ ਹੈ। ਫਰਕ ਸਿਰਫ਼ ਏਨਾ ਹੈ ਕਿ ਇਜ਼ਾਜਤ ਲੈਣ ਦੀ ਰਸਮ ਪੂਰੀ ਕਰ ਲਈ ਜਾਂਦੀ ਹੈ ਜੋ ਕਿ ਤਲਾਸ਼ੀ ਦੇਣ ਵਾਲੇ ਬੰਦੇ ਕੋਲ ਸਿਵਾਏ ਹਾਂ ਕਹਿਣ ਦੇ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ। ਕੀ ਜੇਕਰ ਉਹ ਨਾਂਹ ਕਰ ਦੇਵੇ ਤਾਂ ਤਲਾਸ਼ੀ ਨਹੀਂ ਲਈ ਜਾਵੇਗੀ। ਇਸ ਨਾਲੋਂ ਚੰਗਾ ਤਰੀਕਾ ਤਾਂ ਇਹ ਹੋਵੇਗਾ ਕਿ ਏਅਰ-ਪੋਰਟਾਂ ਤੇ ਸਿੱਖਾਂ ਦੀਆਂ ਪੱਗਾਂ ਲੁਹਾ ਕੇ ਤਲਾਸ਼ੀ ਲੈਣ ਨਾਲੋਂ ਜੇਕਰ ਜ਼ਰੂਰੀ ਹੋਵੇ ਤਾਂ ਸਿੱਖਾਂ ਨੂੰ ਸਕਰੀਨ ਟੈਸਟ ਵਿੱਚੋਂ ਦੀ ਲੰਘਾ ਕੇ ਦੇਖਿਆ ਜਾ ਸਕਦਾ ਹੈ। ਜੇਕਰ ਆਧੁਨਿਕ ਟੈਕਨਾਲੋਜੀ ਇਨਸਾਨ ਦਿਮਾਗ ਤੱਕ ਨੂੰ ਪੜ੍ਹਨ ਦੇ ਸਮਰੱਥ ਹੋ ਚੁੱਕੀ ਹੈ ਤਾਂ ਕੀ ਪੱਗ ਦੀ ਤਲਾਸ਼ੀ ਕਰਨ ਵਿਚ ਟੈਕਨਾਲੋਜੀ ਸਹਾਈ ਕਿਉਂ ਨਹੀਂ ਹੁੰਦੀ ਜਾਂ ਕਿ ਰੱਖਿਆ ਏਜੰਸੀਆਂ ਉਸ ਉਪਰ ਵਿਸ਼ਵਾਸ ਕਿਉਂ ਨਹੀਂ ਕਰਦੀਆਂ? 
 ਹੁਣ ਤੱਕ ਸਿੱਖ ਪੰਥ ਵੱਲੋਂ ਜੋ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਹਨ ਜਾਂ ਨਗਰ ਕੀਰਤਨ ਕੱਢੇ ਜਾਂਦੇ ਹਨ ਜਿੰਨ੍ਹਾਂ ਵਿਚ ਕਿ ਅੱਸੀ ਫੀਸਦੀ ਮੁੰਡੇ ਪਤਿਤ ਹੁੰਦੇ ਹਨ। ਅਜਿਹੇ ਸਿਰ-ਗੁੰਮੇ ਸਿਰ ਅਤੇ ਗਲਾਂ ਵਿਚ ਕੇਸਰੀ ਪਰਨੇ ਪਾ ਕੇ ਕੀ ਉਹ ਸਿੱਖ ਕੌਮ ਦੀ ਅਜੋਕੀ ਸਥਿਤੀ ਦਾ ਸੱਚੀ-ਮੁੱਚੀ ਜਲੂਸ ਨਹੀਂ ਕੱਢ ਰਹੇ ਹੁੰਦੇ? ਸਿਵਾਏ ਪੈਟਰੌਲ ਫੂਕ ਕੇ ਵਾਤਾਵਰਣ ਦੂਸ਼ਿਤ ਕਰਨ ਤੋਂ ਇਲਾਵਾ ਉਹ ਹੋਰ ਕਿਹੜਾ ਕੋਈ ਸਾਰਥਕ ਸੁਨੇਹਾ ਦੇ ਰਹੇ ਹੁੰਦੇ ਹਨ? ਕੀ ਉਹਨਾਂ ਦੇ ਇਸ ਸਰੂਪ ਨਾਲ ਪੂਰੀ ਦੁਨੀਆਂ ਨੂੰ ਸਿੱਖੀ ਸਰੂਪ ਪ੍ਰਤੀ ਗ਼ਲਤ ਸੰਦੇਸ਼ ਨਹੀਂ ਪਹੁੰਚਦਾ? ਕੀ ਜਦੋਂ ਤੋਂ ਲੈ ਕੇ ਜਲੂਸ ਜਿਸਨੂੰ ਅਸੀਂ ਬਹੁਤੀ ਸ਼ਰਧਾ ਤੇ ਆਪਣੇ ਪੜ੍ਹੇ-ਲਿਖੇ ਹੋਣ ਦਾ ਸਬੂਤ ਦਿੰਦੇ ਹੋਏ ਹੁਣ ਨਗਰ ਕੀਰਤਨ ਕਹਿਣਾ ਸ਼ੁਰੂ ਕਰ ਦਿੱਤਾ ਹੈ ਉਸ ਤੋਂ ਬਾਅਦ ਕੋਈ ਚੰਗੇ ਨਤੀਜੇ ਸਾਡੇ ਸਾਹਮਣੇ ਆਏ ਹਨ। ਸਗੋਂ ਅਜੋਕੀ ਸਥਿਤੀ ਵਧੇਰੇ ਨਿਘਾਰ ਵੱਲ ਵਧੀ ਹੈ ਤੇ ਸਿਰਗੁੰਮਿਆਂ ਦੀ ਗਿਣਤੀ ਦਾ ਤਾਂ ਹਿਸਾਬ ਹੀ ਕੋਈ ਨਹੀਂ ਰਹਿ ਗਿਆ। ਸਿੱਖ ਕੌਮ ਦਾ ਸਰਮਾਇਆ ਤਾਂ ਸਿਰਫ ਨੌਜਵਾਨ ਹੀ ਹਨ ਉਹਨਾਂ ਵਿਚ ਕੋਈ ਤਬਦੀਲੀ ਨਜ਼ਰ ਆਈ ਨਹੀਂ ਲੱਗਦੀ। ਸਗੋਂ ਪਤਿਤਪੁਣੇ ਦੀ ਹਨ੍ਹੇਰੀ ਪਿੰਡਾਂ ਵਿਚੋਂ ਹੁੰਦੀ ਹੋਈ ਸ਼ਹਿਰੀ ਮੁੰਡਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀ ਹੈ। ਪਿਛਲੀਆਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਦੀ ਗਣਨਾ ਅਨੁਸਾਰ ੮੫% ਸਿੱਖ ਵੋਟਾਂ ਸ਼ਹਿਰੀ ਅਤੇ ਸਿਰਫ਼ ੧੫% ਪੇਂਡੂ ਬਣੀਆਂ ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਸ ਤਰ੍ਹਾਂ ਬਿਪਰਵਾਦ ਦੇ ਗਲਬੇ ਹੇਠ ਸਿੱਖੀ ਉਸ ਤਰ੍ਹਾਂ ਨਹੀਂ ਵਧ-ਫੁਲ ਸਕੀ ਜਿਸ ਤਰ੍ਹਾਂ ਇਸਦਾ ਵਿਕਾਸ ਹੋਣਾ ਚਾਹੀਦਾ ਸੀ। ਉਸੇ ਤਰ੍ਹਾਂ ਹੀ ਪਤਿਤਪੁਣਾ ਵਧਣ ਦਾ ਕਾਰਨ ਵੀ ਇਹ ਹੈ ਕਿ ਸਾਡੇ ਸਮਾਜ ਤੇ ਜੱਟਵਾਦ ਦੇ ਭਾਰੂ ਗਲਬੇ ਨੇ ਸੱਭ ਤੋਂ ਵੱਧ ਸਿੱਖੀ ਨੂੰ ਢਾਹ ਲਾਈ ਹੈ। ਜੇਕਰ ਮਾਲਵੇ ਦੇ ਜੱਟ(ਜਿੰਨ੍ਹਾਂ ਨੂੰ ਹਿੰਦੁਸਤਾਨੀ ਵੀ ਕਿਹਾ ਜਾਂਦਾ ਹੈ) ਭਾਵ ਜਿਹੜੇ ਪਾਕਿਸਤਾਨ ਵਿਚੋਂ ਨਹੀਂ ਉੱਜੜ ਕੇ ਆਏ) ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕ ਤਾਂ ਸ਼ੁਰੂ ਤੋਂ ਹੀ ਸਿਰ ਤੋਂ ਮੋਨੇ ਤੇ ਦਾਹੜੀ ਕਈਆਂ ਦੀ ਪੂਰੀ ਰੱਖੀ ਹੁੰਦੀ ਪਰ ਬਹੁਤਿਆਂ ਦੀ ਇਸ ਤਰ੍ਹਾਂ ਮੁੰਨੀ ਹੁੰਦੀ ਜਿਵੇ ਕੰਬਾਇਨ ਨਾਲ ਕਣਕ-ਝੋਨਾ ਵੱਢਣ ਤੋਂ ਬਾਅਦ ਪਿੱਛੇ ਨਾੜ ਰਹਿ ਜਾਂਦੀ ਹੈ। ਇਹਨਾਂ ਲੋਕਾਂ ਦੀ ਅਗਲੀ ਪੀੜ੍ਹੀ ਨੇ ਇਹ ਦੋਗਲਾਪਨ ਵੀ ਛੱਡ ਦਿੱਤਾ ਉਹ ਹੁਣ ਪੂਰੇ ਬੋਦਿਆਂ ਨੂੰ ਜੈੱਲ ਲਾ ਕੇ ਰੱਖਦੇ ਹਨ ਤੇ ਦਾਹੜੀ ਅਸਲੋਂ ਸਫਾ-ਚੱਟ। ਜਦੋਂ ਪੰਜਾਬੀ ਭਈਆਂ ਨੂੰ ਦੇਖੀ ਦਾ ਹੈ ਤਾਂ ਮਨ ਇਹ ਸੋਚ ਕੇ ਉਦਾਸ ਹੋ ਜਾਂਦਾ ਹੈ ਕਿ ਜੇਕਰ ਅੱਜ ਸਰਦਾਰੀ ਦੀ ਪਹਿਚਾਣ ਪੱਗੜੀ ਭਈਆਵਾਦ ਦੀ ਹਨ੍ਹੇਰੀ ਵਿਚ ਇਸ ਤਰ੍ਹਾਂ ਲੀਰੋ-ਲੀਰ ਹੋਈ ਪਈ ਹੈ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬੀ ਕਿਤੇ ਇਸ ਧਰੋਹਰ ਨੂੰ ਅਸਲੋਂ ਹੀ ਨਾ ਗਵਾ ਬੈਠਣ। ਪਰ ਫੇਸਬੁੱਕ ਦੇ ਜ਼ਰੀਏ ਨਜ਼ਰਸਾਨੀ ਕਰਦਿਆਂ ਕਦੀ-ਕਦੀ ਇਕ ਐਸਾ ਕਾਫ਼ਲਾ ਮਾਲਵੇ ਵਿਚ ਰੰਗ-ਬਰੰਗੀਆਂ ਦਸਤਾਰਾਂ ਦੇ ਹੜ੍ਹ ਦੇ ਰੂਪ ਵਿਚ ਨਜ਼ਰ ਆ ਜਾਂਦਾ ਹੈ ਕਿ ਲੱਗਦਾ ਹੈ ਕਿ ਜ਼ਰੂਰ ਹੀ ਇਹ ਮਾਲਵੇ ਦੇ ਅੱਜ ਨਜ਼ਰ ਆਉਂਦੇ ਸਰਕੜੇ ਨੂੰ ਆਪਣੇ ਨਾਲ ਵਹਾ ਕੇ ਲੈ ਜਾਵੇਗਾ। 
ਜੇਕਰ ਇਸ ਮਾਮਲੇ ਵਿਚ ਸਾਡੇ ਅਜੋਕੀ ਅਖੌਤੀ ਗੀਤਕਾਰ ਅਤੇ ਗਾਇਕ ਬਿਰਾਦਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੈਸੇ ਅਤੇ ਸ਼ੋਹਰਤ ਦੀ ਦੌੜ ਵਿਚ ਇਸ ਕਦਰ ਅੰਨ੍ਹੇ ਹੋ ਕੇ ਲੱਗੇ ਹੋਏ ਹਨ ਕਿ ਸਾਡੀ ਵਿਰਾਸਤ ਅਤੇ ਸੱਭਿਆਚਾਰ ਨੂੰ ਮਿੱਟੀ ਵਿਚ ਰੋਲ ਰਹੇ ਹਨ। ਜਿੱਥੇ ਅੱਗੇ ਕਿਤੇ ਦਸਤਾਰਾਂ ਅਬਲਾਵਾਂ ਦੀਆਂ ਇੱਜਤਾਂ ਦੀ ਰਾਖੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਸਨ ਉਸੇ ਸੱਭਿਆਚਾਰ ਦੇ ਮੁਦੱਈ ਗਾਇਕ ਸਿਰ ਤੇ ਸ਼ਾਹੀ ਦਸਤਾਰ ਸਜਾ ਕੇ ਅਜਿਹੇ ਗੀਤ ਗਾਉਂਦੇ ਹਨ ਕਿ ਸੁਣਨ ਵਾਲੇ ਦੇ ਖੂਨ ਖੌਲਣ ਲੱਗ ਪੈਂਦਾ ਹੈ। "ਜ਼ਰਾ ਬਚ ਕੇ ਰਹੀਂ ਨੀ ਚੁੰਨੀ ਵਾਲੀਏ ਨੀ ਪੱਗ ਵਾਲਾ ਆ ਗਿਆ। ਇੱਜ਼ਤਾਂ ਬਚਾਉਣ ਵਾਲੇ ਹੀ ਹੁਣ ਬਚਣ ਦੀਆ ਧਮਕੀਆਂ ਦੇ ਰਹੇ ਹਨ। ਇਵੇਂ ਦਾ ਹੀ ਇਕ ਹੋਰ ਗੀਤ "ਆ ਗੇ ਪੱਗਾਂ ਪੋਚਵੀਆਂ ਵਾਲੇ, ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲੀਏ"। ਭਲਾ ਕੀ ਫ਼ਰਕ ਹੈ ਦੋਨਾਂ ਗੀਤਾਂ ਵਿਚ ਪਰ ਸ਼ਬਦਾਂ ਦੇ ਥੋੜ੍ਹੇ-ਬਹੁਤੇ ਹੇਰ-ਫੇਰ ਨਾਲ ਧੜਾ-ਧੜ ਗੀਤ ਮਾਰਕੀਟ ਵਿਚ ਆਈ ਜਾ ਰਹੇ ਹਨ। ਅਜ ਦਾ ਨੌਜਾਵਾਨ ਜੋ ਕਿ ਕਿਰਤ ਨੂੰ ਛੱਡ ਕੇ ਬਸ ਨੱਚਣ-ਗਾਉਣ ਵੱਲ ਹੀ ਕੇਂਦਰਿਤ ਹੋ ਕੇ ਰਹਿ ਗਿਆ ਹੈ। ਬਿਨਾਂ ਸੋਚੇ-ਸਮਝੇ ਹੱਥੋ-ਹੱਥ ਇਹਨਾਂ ਗੀਤਾਂ ਨੂੰ ਸਵੀਕਾਰ ਕਰੀ ਜਾ ਰਿਹਾ ਹੈ। ਬਹੁਤੇ ਗਾਇਕ ਪੇਂਡੂ ਮਿੱਟੀ ਵਿੱਚੋਂ ਹੀ ਪੈਦਾ ਹੋ ਕੇ ਪਿੰਡ ਦੇ ਸੱਭਿਆਚਾਰ ਤੇ ਹੀ ਚੋਟ ਮਾਰਨੋ ਨਾ ਤਾਂ ਗੁਰੇਜ਼ ਕਰਦੇ ਹਨ ਤੇ ਨਾ ਹੀ ਆਪਣੀ ਔਕਾਤ ਹੀ ਵੇਖਦੇ ਹਨ "ਛੱਡ ਪੱਗ-ਪੁੱਗ ਬੰਨ੍ਹਣੀ ਛੱਡ ਕੁੜਤੇ-ਪਜਾਮੇ, ਐਂਵੇਂ ਪੇਂਡੂ ਜਿਹਾ ਬਣ ਕੇ ਨਾ ਆਇਆ ਕਰ"।
ਭਾਂਵੇ ਕਿ ਸਿੱਖ ਵਿਦਿਵਾਨਾਂ ਲਈ ਸਿੱਖ ਇਤਿਹਾਸ ਦੀ ਸੇਵਾ ਕਰਨਾ ਸੀਸ ਤਲੀ ਤੇ ਧਰਨ ਦੇ ਤੁਲ ਹੈ। ਸੱਚ ਲਿਖਣ ਦੇ ਬਦਲੇ ਉਹਨਾਂ ਨੂੰ ਸਮਾਜਿਕ ਮੌਤ ਮਿਲਦੀ ਹੈ। ਜਿੰਨ੍ਹਾਂ ਕਲ਼ਮਕਾਰਾਂ ਨੇ ਇਤਿਹਾਸ ਨੂੰ ਮਿਥਿਹਾਸ ਵਿਚ ਬਦਲਣ ਦੀ ਹਿਮਾਕਤ ਕੀਤੀ ਹੈ ਅਜਿਹੇ ਵਿਕਣ ਵਾਲੇ ਤਾਂ ਸਿੱਖੀ ਦੇ ਪੱਕੇ ਗੱਦਾਰ ਹੋਇਆ ਕਰਦੇ ਹਨ। ਜਿੰਨ੍ਹਾਂ ਦੀ ਔਕਾਤ ਹੁਣ ਹੌਲੀ-ਹੌਲੀ ਦੁਨੀਆਂ ਸਾਂਹਵੇਂ ਨਸ਼ਰ ਹੋ ਕੇ ਰਹਿਣੀ ਚਾਹੀਦੀ ਹੈ। ਇਸ ਲਈ ਹੁਣ ਸਿੱਖਾਂ ਨੂੰ ਖ਼ੁਦ ਆਪਣੇ ਇਤਿਹਾਸ ਨੂੰ ਪੜ੍ਹਨਾ ਤੇ ਖੋਜਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਸਰਦਾਰੀ ਤੇ ਸ਼ਾਹੀ ਦਸਤਾਰ ਦੀ ਪ੍ਰਾਪਤੀ ਬਦਲੇ ਦਸ਼ਮੇਸ਼ ਪਿਤਾ ਜੀ ਦਾ ਕੌਮ ਸਿਰ ਬੜਾ ਭਾਰੀ ਕਰਜਾ ਹੈ ਜਿਸਨੂੰ ਹੁਣ ਕੌਮ ਵਿਸਾਰ ਚੁੱਕੀ ਹੈ। ਦਿਨ-ਬ-ਦਿਨ ਉਹ ਕਰਜ਼ਾ ਤਾਂ ਦੂਣਾ-ਚੌਣਾ ਹੋਈ ਜਾ ਰਿਹਾ ਹੈ। ਗੁਰੂ ਦਾ ਸਜਾਇਆ ਹੋਇਆ ਬਾਗ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਜਿਸ ਵਿਚ ਰੰਗ-ਬਿਰੰਗੇ ਫੁੱਲ ਹੁਣ ਮੁਰਝਾ ਗਏ ਲੱਗਦੇ ਹਨ। ਮਤਲਬ ਕਿ ਦਸਤਾਰਾਂ ਨਹੀਂ ਸਗੋਂ ਚਾਰੋਂ-ਤਰਫ ਸਰਕੜਾ ਉੱਗਿਆ ਹੋਇਆ ਨਜ਼ਰ ਆ ਰਿਹਾ ਹੈ। ਦਸਮ ਪਾਤਿਸ਼ਾਹ ਦਾ ਉਹ ਕਰਜਾ ਉਤਾਰਨ ਲਈ ਸਾਡੇ ਵਿਦਿਵਾਨਾਂ ਨੂੰ ਸਿਰਤੋੜ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ। ਜੇਕਰ ਕਿਸੇ ਦਾ ਜਬਰੀ ਧਰਮ ਤਬਦੀਲ ਕਰਨ ਵਾਲੇ ਭਗਵਾਨ ਨਹੀਂ ਸ਼ੈਤਾਨ ਹੁੰਦੇ ਹਨ। ਭਗਵਾਨ ਰੂਪ ਤਾਂ ਬੂੰਦਾਂ ਨੂੰ ਸਮੁੰਦਰ ਵਿਚ ਸਮਾ ਜਾਣ ਲਈ ਅਵਾਜ਼ਾਂ ਮਾਰਦਾ ਹੈ। "ਮਨਿ ਮਰੈ ਧਾਤਿ ਮਰ ਜਾਏ ਐਸਾ ਮਾਨੁਖ ਆਤਮੁ ਹਿਤਾਵੈ"॥  ਕੀ ਇਹ ਕਾਰਵਾਈਆਂ ਸ਼ੈਤਾਨੀ ਕਾਰਵਾਈਆਂ ਨਹੀਂ ਹਨ ਜੋ ਕਿ ਚਲਾਕੀ ਨਾਲ ਧਰਮ ਪ੍ਰੀਵਰਤਨ ਕਰਾਉਣ ਦਾ ਅਪਰਾਧ ਕਰ ਰਹੀਆਂ ਹਨ। ਹੁਣ ਸਾਨੂੰ ਇਸ ਅਜੋਕੇ ਤਾਣੇ-ਬਾਣੇ ਨੂੰ ਸਮਝਣਾ ਪਵੇਗਾ ਕਿ ਭਾਂਵੇਂ ਅੱਜ ਕਿਸੇ ਦਾ ਧਰਮ ਤਬਦੀਲ ਕਰਨ ਲਈ ਸਿੱਧੇ ਔਰੰਗਜੇਬੀ ਫੁਰਮਾਨ ਤਾਂ ਲਾਗੂ ਨਹੀਂ ਕੀਤੇ ਜਾਂਦੇ ਪਰ ਚਾਣਿਕਿਆ ਨੀਤੀਵਾਨ ਸ਼ੈਤਾਨੀ ਬਿਰਤੀ ਵਾਲੇ ਮਾਨੁੱਖ ਵੱਲੋਂ ਕਾਨੂੰਨੀ ਸ਼ਕਤੀ ਨਾਲ ਜਾਂ ਕਿ ਅਜਿਹੇ ਮਾਹੌਲ ਬਣਾ ਕੇ ਚਲਾਕੀ ਨਾਲ ਸਿੱਖ ਕੌਮ ਦੀ ਆਉਣ ਵਾਲੀ ਵਿਰਾਸਤ ਨੂੰ ਸਿੱਖੀ ਤੋਂ ਦੂਰ ਕਰਨ ਲਈ ਜਾਲ ਵਿਛਾਏ ਜਾ ਰਹੇ ਹਨ ਜਿੰਨ੍ਹਾਂ ਨੂੰ ਨੌਜਵਾਨੀ ਦਾ ਬੇਮੁਹਾਰਾ ਜੋਸ਼ ਨਹੀਂ ਸਮਝ ਸਕਦਾ। ਉਸ ਲਈ ਸਾਡੇ ਸੂਝਵਾਨ ਪਰੌਢ ਵਿਦਿਵਾਨ ਚਿੰਤਕਾਂ, ਸਾਮਾਜਿਕ ਆਗੂਆਂ ਵੱਡਿਆਂ ਤੇ ਮਾਪਿਆਂ ਨੂੰ ਨੌਜਵਾਨਾਂ ਨੂੰ ਸੇਧ ਦੇਣੀ ਪਵੇਗੀ ਤਾਂ ਜੋ ਸਰਦਾਰੀ ਦੀ ਡਿੱਗਦੀ ਸਾਖ ਅਤੇ ਪੱਗ ਦੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ ਤੇ ਇਸਦੇ ਮਾਨ-ਸਨਮਾਨ ਨੂੰ ਬਹਾਲ ਕਰਵਾਇਆ ਜਾ ਸਕੇ।