ਆਮ ਆਦਮੀ (ਵਿਅੰਗ )

ਜਸਪ੍ਰੀਤ ਸਿੰਘ   

Email: jaspreetae18@gmail.com
Cell: +91 99159 33047
Address: #22666 ਏ ਗਲੀ ਨੰਬਰ 6
ਬਠਿੰਡਾ India
ਜਸਪ੍ਰੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਹਿੰਦੁਸਤਾਨ ਦਾ ਇੱਕ ਆਮ ਨਾਗਰਿਕ ਹਾਂ l ਹਾਂ, ਮੈ ਇੱਕ ਆਮ ਨਾਗਰਿਕ ਹਾਂ, ਵਿਸ਼ਵ ਦੇ ਸਭ ਤੋ ਵੱਡੇ ਲੋਕਤਾਂਤਰਿਕ ਦੇਸ਼ ਨਹੀ-ਨਹੀ ਮਹਾਨ ਦੇਸ਼ ਭਾਰਤ ; ਹਿੰਦੁਸਤਾਨ ਜਾ ਕਹਿ ਲਉ INDIA ਦਾ ਮੈਂ ਇੱਕ ਆਮ ਨਾਗਰਿਕ ਜਾ ਆਮ ਆਦਮੀ ਜਾ ਆਮ ਇਨਸਾਨ  l
ਮੈਂ ਆਮ ਆਦਮੀ ਓਹੋ ਕਰਮਚਾਰੀ ਹਾਂ, ਜੋ ਆਪਣੀ 5 ਅੰਕਾਂ ਵਾਲੀ ਤਨਖਾਹ ਲਈ ਰੋਜ਼ 9 ਤੋ 5 ਸਿਰ ਤੋੜ ਮਿਹਨਤ ਕਰਦਾ ਹੈ; ਕਦੇ ਆਪਣੇ ਕੰਮ ਤੋ ਭੱਜਦਾ ਵੀ ਹੈ l ਮੈ ਉਸ ਨੌਕਰਸ਼ਾਹੀ ਵਿੱਚ ਦੱਬੇ ਵਿਅਕਤੀ ਦਾ ਰੋਲ ਬਾਖੂਬੀ ਅਦਾ ਕਰਦਾ ਹਾਂ; ਜੋ ਉਸਦੇ ਉਪਰ ਬੈਠੇ ਅਫਸਰਾਂ ਵੱਲੋ ਹੀ ਕੀਤੀ ਜਾ ਰਹੀ ਉੱਪਰ ਦੀ ਕਮਾਈ ਕਾਰਨ ਹੋਈ ਬਦਨਾਮੀ ਨੂੰ ਝੇਲਦਾ ਹੈ l
ਮੈਂ ਇਕ ਓਹ ਸਰੋਤਾ ਅਤੇ ਪਾਠਕ ਹਾਂ ਜਿਸਦਾ ਮਨੋਰੰਜਨ ਸੁਬਾਹ ਦੇ ਅਖਬਾਰ ਅਤੇ ਸ਼ਾਮੀਂ ਸੱਤ ਵਜੇ ਆਲੀਆ ਖਬਰਾਂ ਤੇ ਪੂਰਾ ਹੋ ਜਾਂਦਾ ਹੈ l
 ਮੈਂ ਇੱਕ ਪਿਤਾ ਦਾ ਅਭਿਨੈ ਕਰਨ ਵਾਲਾ ਓਹੋ ਆਮ ਨਾਗਰਿਕ ਹਾਂ ਜਿਸਦੇ ਉਪਰ ਬੀਟੇਕ ਬੀਐਸਸੀ ਕਰਦੀ ਉਸਦੀ ਔਲਾਦ ਦੀ ਪੜਾਈ ਦਾ ਖਰਚਾ ਬੋਝ ਹੋਣ ਦੇ ਬਾਵਜੂਦ ਵੀ ਇੱਕ ਉਮੀਦ ਅਤੇ ਜਿੰਮੇਵਾਰੀ ਹੈ ਕਿ ਭਵਿਖ ਵਿਚ ਉਸਦੀ ਔਲਾਦ ਦੀ ਤਨਖਾਹ ਸ਼ਾਇਦ ਛੇ ਅੰਕਾਂ ਦੀ ਹੋਏਗੀ l
ਮੈ ਬਾਬਲ ਦੀ ਭੂਮਿਕਾ ਨਿਭਾਓਂਦਾ ਓਹੋ ਆਮ ਨਾਗਰਿਕ ਹਾਂ, ਜਿਸਨੇ ਆਪਣੀ ਧੀ ਨੂੰ ਮਾਰਿਆ ਨਹੀ ਪਰ ਸਮਾਜ ਦੀਆ ਵਹਿਸ਼ੀ ਨਿਗਾਹਾਂ ਤੋ ਬਚਾ ਸਕੇਗਾ ਜਾ ਨਹੀ ਇਹ ਖਦਸ਼ਾ ਉਸਨੂੰ ਹਰ ਵਕ਼ਤ ਸਤਾ ਰਿਹਾ ਹੈ l
ਮੈਂ ਹਿੰਦੁਸਤਾਨ ਦਾ ਆਮ ਨਾਗਰਿਕ ਓਹੋ ਮੇਜ਼ਬਾਨ ਹਾ ਜੋ ਆਪਣੀ ਧੀ ਦੇ ਵਿਆਹ ਉਪਰ ਸ਼ਰਾਬੀਆਂ ਦੇ ਰੌਲੇ ਤੋ ਲੈ ਕੇ ਦਾਜ ਦੀ ਗਿਣਤੀ ਤੱਕ ਚਿੰਤਤ ਰਹਿੰਦਾ ਹੈ l
ਮੈਂ ਆਮ ਨਾਗਰਿਕ ਓਹੋ ਵੋਟਰ ਹਾਂ ਜਿਸਨੇ ਆਪਣੀ ਵੋਟ ਵੇਚੀ ਨਹੀ ਪਰ ਉਸ ਨੂੰ ਵੋਟ ਭੁੱਗਤਾਓਣ ਦਾ ਵੀ ਕੋਈ ਮੁਨਾਫ਼ਾ ਨਜ਼ਰ ਨਹੀ ਆਉਂਦਾ l
ਮੈਂ ਭਾਰਤ ਦਾ ਆਮ ਨਾਗਰਿਕ ਓਹੋ ਵਿਅਕਤੀ ਹਾਂ ਜੋ ਸੈਰ ਦੇ ਬਹਾਨੇ ਆਪਣੇ ਮੋਟਰ ਸਾਈਕਲ ਦਾ ਤੇਲ ਬਚਾਓਂਦਾ ਹਾਂ l
ਮੈ ਆਜ਼ਾਦ ਭਾਰਤ ਦਾ ਓਹੋ ਇੱਕ ਆਮ ਨਾਗਰਿਕ ਹਾਂ ਜੋ ਪੂਰੀ ਤਰਹ ਆਜ਼ਾਦ ਹੈ ਪਰ ਫਿਰ ਵੀ ਜ਼ਾਤਾ ਧਰ੍ਮਾ ਅਤੇ ਅੰਧ ਵਿਸ਼ਵਾਸਾਂ ਦੀਆ ਜੰਜੀਰਾਂ ਨੇਂ ਜ਼ਕੜਿਆ ਹੋਇਆ ਹੈ l
ਮੈਂ ਓਹੋ ਸਮਰਥਕ ਹਾਂ ਜੋ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਦੇ ਬੁਲਾਵੇ 'ਤੇ ਰਾਮ ਲੀਲਾ ਮੈਦਾਨ ਵਿੱਚ ਪਹੁੰਚ ਤਾ ਜਾਂਦਾ ਹੈ; ਪਰ ਸ਼ਾਮ ਢਲਦਿਆ ਆਪਣੀ ਪਤਨੀ ਨੂੰ ਕਹਿੰਦਾ ਹੈ ,"ਹੋਣਾ ਇਸ ਨਾਲ ਕੁਝ ਵੀ ਨਹੀ l "
ਮੈਂ ਆਮ ਨਾਗਰਿਕ ਢਾਬੇ ਤੇ ਖਾਣਾ ਖਾਣ ਆਇਆ ਓਹੋ ਗ੍ਰਾਹਕ ਹਾਂ ਜਿਸ ਲਈ ਸ਼ਾਹੀ ਪਨੀਰ ਦਾ ਮਤਲਬ ਸੱਚਿਓਂ ਸ਼ਾਹੀ ਹੈ l
ਮੈਂ ਆਮ ਨਾਗਰਿਕ ਇਕ ਓਹ ਇਨਸਾਨ ਹਾਂ; ਜਿਸ ਲਈ ਕਮਲ ਇੱਕ ਫੁੱਲ, ਹਾਥੀ ਰਾਜੇ ਦੀ ਸਵਾਰੀ ਅਤੇ ਹਥ ਪੰਜੇ ਦਾ ਮਤਲਬ ਸਿਰਫ ਪੰਜ ਦੀ ਗਿਣਤੀ ਹੈ l
ਮੈਂ ਆਮ ਨਾਗਰਿਕ ਮੌਕੇ-ਮੌਕੇ ਤੇ ਹੀ ਰੱਬ ਨੂੰ ਧਿਓਣ ਵਾਲਾ ਅਧਾ ਕੁ ਨਾਸਤਿਕ ਹਾਂ ਜਿਸ ਦੇ ਘਰ ਦੀਆ ਔਰਤਾ ਅਕਸਰ ਕਈ ਤਰਾ ਦੇ ਅੰਧ ਵਿਸ਼ਵਾਸ ਕਰਦੀਆ ਹਨ ਅਤੇ ਬਾਬਿਆ ਦੀਆਂ ਚੋਂਕੀਆ ਭਰਦੀਆ ਹਨ l
ਮੈਂ ਆਮ ਨਾਗਰਿਕ ਇਕ ਓਹ ਵਸਤੁ ਹਾਂ ਜਿਸ ਲਈ ਗਾਣੇ ਬਣਦੇ ਨੇ ਕਿ ਓਹ ਸਭ ਜਾਣ ਦਾ ਹੈ ਪਰ ਫਿਰ ਵੀ ਜੀਵਨਕਾਲ ਉਸਦਾ ਸਿਰਫ ਅਣਜਾਣਿਆ ਦੀ ਤਰਹ ਹੀ ਨਿਕਲਦਾ ਹੈ l
ਮੈਂ ਆਮ ਨਾਗਰਿਕ ਓਹ ਹਾਂ ਜਿਸ ਨੇ ਦੰਗਿਆ ਦੌਰਾਨ ਤਲਵਾਰ ਨਹੀ ਚੁੱਕੀ ਪਰ ਆਪਣੇ ਕਿਸੇ ਅਜੀਜ਼ ਨੂੰ ਗਵਾਇਆ ਜਰੂਰ ਹੈ l
ਮੈਂ ਆਮ ਨਾਗਰਿਕ ਓਹ ਸ਼ਰਾਬੀ ਹਾਂ ਜਿਸ ਲਈ ਸ਼ਰਾਬ ਦੀਆ ਘੁੱਟਾ ਨੀਂਦ ਦਾ ਸਾਧਨ ਨੇ ਅਤੇ ਉਸਦਾ ਪੁੱਤਰ ਇਸ ਨਰਕ ਵਿੱਚ ਨਾ ਧੱਕਿਆ ਜਾਵੇ ਇਹ ਖਦਸ਼ਾ ਉਸਨੂੰ ਸਦੀਵੀ ਲੱਗਾ ਹੋਇਆ ਹੈ  l
ਇੰਨਾ ਕੁ ਹੀ ਛੋਟੀਆ ਵੱਡੀਆ ਹਸਾਉਂਦੀਆ  ਦਿੱਲ ਦਹਿਲਾ ਉਂਦੀ ਆ ਆਦਿ ਭਾਂਤ ਭਾਂਤ ਦੇ ਹਾਵ ਭਾਵਾਂ ਨੂੰ ਚਿਹਰੇ ਤੇ ਲਿਉਂਦੀਆ ਸੰਕੇਤਕ ਗੱਲਾ ਤੋ ਬੰਦਾ ਹੈ ਮੇਰੇ ਵਰਗਾ ਹਿੰਦੁਸਤਾਨ ਦਾ ਇੱਕ ਆਮ ਇਨਸਾਨ . . .ਆਮ ਨਾਗਰਿਕ ਜਾ ਆਮ ਆਦਮੀ l