'ਅਨਮੋਲ ਮਣਕਿਆਂ ਦੀ ਮਾਲਾ' ਰਿਲੀਜ਼ (ਖ਼ਬਰਸਾਰ)


ਲੁਧਿਆਣਾ -- ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵ-ਪ੍ਰਕਾਸ਼ਿਤ ਪੁਸਤਕ 'ਅਨਮੋਲ ਮਣਕਿਆਂ ਦੀ ਮਾਲਾ' ਝੁੱਗੀਆਂ ਵਿਚ ਰਹਿੰਦੇ ਬੱਚਿਆਂ ਨੇ ਰਿਲੀਜ਼ ਕੀਤੀ। ਬੱਚਿਆਂ ਨੇ ਇਸ ਕਾਰਜ ਨੂੰ ਬੜੇ ਉਤਸ਼ਾਹ ਨਾਲ ਕੀਤਾ।  ਇਹ ਬੱਚੇ ਪੱਖੋਵਾਲ ਰੋਡ ਉੱਤੇ ਰੇਲਵੇ ਲਾਈਨ ਦੇ ਨੇੜੇ ਬਣੀਆਂ ਝੁੱਗੀਆਂ ਵਿਚ ਰਹਿੰਦੇ ਹਨ। ਇਨ੍ਹਾਂ ਵਿਚੋਂ ਕਈ ਬੱਚੇ ਸਕੂਲ ਵਿਚ ਪੜ੍ਹਦੇ ਹਨ। 
ਇਸ ਪੁਸਤਕ ਵਿਚ 1350 ਅਨਮੋਲ ਵਚਨ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦਾ ਆਧਾਰ ਗੁਰਬਾਣੀ ਹੈ।  ਇਨ੍ਹਾਂ ਤੋਂ ਸੇਧ ਲੈ ਕੇ ਹਰ ਇਨਸਾਨ ਆਪਣੇ ਜੀਵਨ ਵਿਚ ਉੱਚੇ ਆਦਰਸ਼ ਸਥਾਪਿਤ ਕਰ ਸਕਦਾ ਹੈ।  ਡਾ. ਮਿਨਹਾਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਤੋਂ ਪੁਸਤਕ ਰਿਲੀਜ਼ ਕਰਵਾ ਕੇ ਉਸ ਨੂੰ ਬੜੀ ਪ੍ਰਸੰਨਤਾ ਹੋਈ।  ਇੰਝ ਕਰਕੇ ਅਸਲ ਵਿਚ ਉਸ ਨੇ ਸ੍ਰੀ ਗੁਰੂ ਨਾਨਕ  ਦੇਵ ਜੀ ਦੀ ਗੁਰਬਾਣੀ ਦੀ ਇਸ ਤੁਕ ਨੂੰ ਹੀ ਅਮਲ ਵਿਚ ਲਿਆਂਦਾ ਹੈ : ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ 
ਡਾ. ਸੁਰਜੀਤ ਪਾਤਰ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ ਹਨ, 'ਡਾ ਕੁਲਵਿੰਦਰ ਕੌਰ ਮਿਨਹਾਸ ਦੀ ਇਸ ਪੁਸਤਕ ਵਿਚ ਦਰਜ ਬਹੁਤ ਸਾਰੇ ਵਿਚਾਰ ਗੁਰਬਾਣੀ ਦੀ ਰਿੰਮ ਝਿੰਮ ਵਿਚ ਭਿੱਜੇ ਹੋਏ ਹਨ।  ਉਹ ਹਰ ਪਲ ਆਪਣੇ ਅੰਗ ਸੰਗ ਕਿਸੇ ਮੁਕੱਦਸ ਮੌਜੂਦਗੀ ਦਾ ਅਨੁਭਵ ਕਰਦੀ ਹੈ।  ਉਸ ਨੇ ਆਪਣਾ ਹਰ ਪਲ ਸ਼ਬਦਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਉਸ ਦੇ ਜਿਉਣ, ਬੋਲਣ, ਲਿਖਣ ਤੇ ਵਿਚਰਣ ਵਿਚ 'ਸਤਿ ਸੁਹਾਣੁ ਸਦਾ ਮਨਿ ਚਾਉ॥' ਜਿਹਾ ਪ੍ਰਭਾਵ ਹੈ'। 
ਪ੍ਰੋ: ਨਰਿੰਜਨ ਤਸਨੀਮ ਨੇ ਆਪਣੇ ਵਿਚਾਰ ਇਸ ਪ੍ਰਕਾਰ ਵਿਅਕਤ ਕੀਤੇ ਹਨ, 'ਡਾ. ਕੁਲਵਿੰਦਰ ਕੌਰ ਮਿਹਨਾਸ ਦੀ ਇਹ ਪੁਸਤਕ ਜਿਸ ਵਿਚ ਸੂਝਬੂਝ ਦੇ ਅਨਮੋਲ ਮਣਕੇ ਬੜੇ ਕਲਾਤਮਿਕ ਢੰਗ ਨਾਲ ਇਕ ਮਾਲਾ ਵਿਚ ਪਰੋਏ ਹਨ, ਇਸ ਦੌਰ ਵਿਚ ਮਨੁੱਖੀ ਮਨ ਦੇ ਵਸਵਸੇ ਅਤੇ ਸ਼ੰਕੇ ਦੂਰ ਕਰਨ ਦਾ ਚੰਗਾ ਉਪਰਾਲਾ ਪੇਸ਼ ਕਰਦੀ ਹੈ। ਉਹ ਮਨੁੱਖੀ ਜੀਵਨ ਨੂੰ ਹਨੇਰੇ ਵਿਚ ਲੋਅ ਬਖੇਰਦੇ ਜਗਨੂੰਆਂ ਵਾਂਗ ਸ਼ੁਧ ਵਿਚਾਰਾਂ ਰਾਹੀਂ ਨਰੋਆ ਅਤੇ ਸਾਰਥਕ ਬਣਾਉਣ ਵਿਚ ਯਕੀਨ ਰੱਖਦੀ ਹੈ'। 
ਇਸ ਅਵਸਰ 'ਤੇ ਪੁਸਤਕ ਦੀ ਇਕ ਕਾਪੀ ਡਾ ਮਿਨਹਾਸ ਨੇ ਬੱਚਿਆਂ ਨੂੰ ਭੇਟ ਕੀਤੀ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ।  ਉਨ੍ਹਾਂ ਨੂੰ ਲੱਡੂ ਵੀ ਵੰਡੇ ਗਏ। 

ਦਲਵੀਰ ਸਿੰਘ ਲੁਧਿਆਣਵੀ