ਜ਼ਿੰਦਗੀ ਦਾ ਸਫਰ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਕੀ ਹੈ? ਇਨਸਾਨ ਦੇ ਜਨਮ ਤੋਂ ਹੀ ਇਹ ਪ੍ਰਸ਼ਨ ਪੈਦਾ ਹੋ ਗਿਆ ਸੀ। ਅਸੀ ਕਿਥੋਂ ਆਏ ਹਾਂ? ਕਿੱਥੇ ਜਾਣਾ ਹੈ? ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿਚ ਚੱਕਰ ਲਾਉਂਦੇ ਰਹਿੰਦੇ ਹਨ।ਜੇ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖਤਮ ਹੁੰਦੀ ਹੈ ਭਾਵ ਸਾਡੇ ਜਨਮ ਅਤੇ ਮੌਤ ਦਾ ਵਕਫਾ ਹੀ ਸਾਡੀ ਜ਼ਿੰਦਗੀ ਹੈ। ਇਹ ਹੀ ਸਾਡੀ ਜ਼ਿੰਦਗੀ ਦਾ ਸਫਰ ਹੈ।

ਜਿੰਦਗੀ ਇਕ ਸੰਘਰਸ਼ ਹੈ। ਜਿੰਦਗੀ ਇਕ ਇਮਤਿਹਾਨ ਹੈ। ਜ਼ਿੰਦਗੀ ਇਕ ਪਹੇਲੀ ਹੈ। ਜ਼ਿੰਦਗੀ ਇਕ ਖਾ-ਬ ਹੈ। ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਇਸ ਤਰਾਂ ਹਰ ਇਕ ਨੇ ਜ਼ਿੰਦਗੀ ਨੂੰ ਆਪਣੇ ਅਪਣੇ ਦ੍ਰਿਸ਼ਟੀਕੌਣ ਤੋਂ ਦੇਖਿਆਂ ਹੈ ਅਤੇ ਆਪਣਾ ਨਾਮ ਦਿੱਤਾ ਹੈ। ਕਈਆਂ ਲਈ ਚਲਦੇ ਰਹਿਣਾ ਹੀ ਜ਼ਿੰਦਗੀ ਹੈ ਅਤੇ ਕੁਝ ਹੋਰ ਲਈ ਜ਼ਿੰਦਗੀ ਨਿਰਾ ਦੁੱਖਾਂ ਦਾ ਘਰ ਹੈ। ਵੱਡੇ ਵੱਡੇ ਮਹਾਂਪੁਰਸ਼ਾਂ, ਗੰਭੀਰ ਚਿੰਤਕਾਂ ਨੇ ਅਤੇ ਇਥੋ ਤੱਕ ਕਿ ਹਾਸ ਵਿਅੰਗ ਦੇ ਲੋਕਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦ ਤੱਕ ਇਸ ਧਰਤੀ ਤੇ ਮਨੁਖਾ ਜੀਵਨ ਹੈ ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿਚ ਚੱਕਰ ਲਾਉਂਦਾ ਰਹੇਗਾ।

ਕਈ ਲੋਕਾਂ ਲਈ ਇਹ ਜੱਗ ਮਿੱਠਾ ਅਤੇ ਅਗਲਾ ਕਿਸ ਡਿੱਠਾ ਵਾਲੀ ਗੱਲ ਹੈ। ਉਨਾਂ ਲਈ ਖਾਓ ਪੀਓ ਅਤੇ ਜੀਓ ਭਾਵ ਐਸ਼ ਕਰੋ ਦਾ ਸਿਧਾਂਤ ਹੈ। ਉਨਾਂ ਨੂੰ ਕਿਸੇ ਚੰਗੇ ਮਾੜੇ ਦੀ

ਕੋਈ ਪ੍ਰਵਾਹ ਨਹੀਂ। ਉਹ ਦਿਮਾਗ ਤੇ ਬੌਝ੍ਹ ਨਹੀਂ ਪਾਉਂਦੇ। ਪਰ ਇਹ ਕੁਝ ਸਵਾਰਥੀ ਲੋਕਾਂ ਦਾ ਹੀ ਕੰਮ ਹੈ।

ਅੱਜ ਸਾਇੰਸ ਦਾ ਜਮਾਨਾ ਹੈ। ਸਾਇੰਸ ਨੇ ਕੁਦਰਤ ਦੇ ਕਈ ਭੇਦ ਉਜਾਗਰ ਕੀਤੇ ਹਨ। ਕਈ ਕਰਿਸ਼ਮੇ ਦਿਖਾਏ ਹਨ। ਮਨੁੱਖ ਦੇ ਸੁੱਖਾਂ ਦੇ ਬਹੁਤ ਸਾਧਨ ਪੈਦਾ ਕੀਤੇ ਹਨ। ਮੈਡੀਕਲ ਸਾਇੰਸ ਨੇ ਮਨੁੱਖੀ ਸਰੀਰ ਦੀ ਪੂਰੀ ਚੀੜ ਫਾੜ ਕਰਕੇ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਕੱਢੇ ਹਨ।ਸਾਇੰਸ ਪ੍ਰਤੱਖ ਨੂੰ ਮੰਨਦੀ ਹੈ। ਲਾਰਿਆਂ ਨੂੰ ਨਹੀਂ ਮੰਨਦੀ। ਤਰਕਸ਼ੀਲ ਵੀ ਇਸੇ ਸਿਧਾਂਤ ਦੇ ਪੈਰੋਕਾਰ ਹਨ। ਉਹ ਜਨਮ ਮਰਨ ਦੀ ਥਿਉਰੀ ਨਹੀਂ ਮੰਨਦੇ। ਆਤਮਾ ਪ੍ਰਮਾਤਮਾ ਦਿਖਾਈ ਨਹੀਂ ਦਿੰਦੇ ਇਸੇ ਲਈ ਉਹ ਇਸੇ ਜਨਮ ਨੂੰ ਹੀ ਮੰਨਦੇ ਹਨ। ਉਹ ਨਰਕ ਸਵਰਗ ਵਿਚ ਵਿਸ਼ਵਾਸ ਨਹੀਂ ਰੱਖਦੇ।

ਅਸੀ ਸੋਚਣਾ ਹੈ ਕਿ ਸਾਨੂੰ ਜ਼ਿੰਦਗੀ ਮਿਲੀ ਹੈ ਤਾਂ ਕਿਉਂ ਮਿਲੀ ਹੈ? ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਅਸੀ ਸਮੁੰਦਰ ਦੀਆਂ ਲਹਿਰਾਂ ਵਿਚ ਆਪਣੇ ਆਪ ਨੂੰ ਢਿਲੇ ਛੱਡ ਕਿ ਜ਼ਿੰਦਗੀ ਨੂੰ ਖਤਮ ਨਹੀਂ ਕਰਨਾ। ਅਸੀ ਤੁਫਾਨਾ ਦੇ ਮੁੰਹ ਮੋੜਣੇ ਹਨ ਤੇ ਕਿਨਾਰੇ ਤੇ ਪਹੁੰਚਣਾ ਹੈ। ਅਸੀ ਪਹਾੜਾਂ ਨੂੰ ਕੱਟਣਾ ਹੈ ਅਤੇ ਮੰਜਿਲ ਤੇ ਪਹੁੰਚਣਾ ਹੈ।  ਮੰਜਿਲ ਤੇ ਅਸੀ ਤਾਂ ਹੀ ਪਹੁੰਚਾਂਗੇ ਜੇ ਸਾਨੂੰ ਪਤਾ ਹੋਵੇ ਕਿ ਸਾਡੀ ਮੰਜਿਲ ਕਿਹੜੀ ਹੈ। ਸੋ ਆਪਣੀ ਮੰਜਿਲ ਜਰੂਰ ਮਿਥੋ।

ਕਈ ਲੋਕ ਕਹਿੰਦੇ ਹਨ –'ਇਕੱਲੇ ਆਏ ਹਾਂ, ਇਕੱਲੇ ਹੀ ਜਾਣਾ ਹੈ।' ਇਥੋਂ ਤੱਕ ਤਾਂ ਠੀਕ ਹੈ ਪਰ ਅਸੀ ਇਹ ਸੋਚ ਕਿ ਆਪਣਾ ਜੀਵਨ ਵਿਅਰਥ ਨਹੀਂ ਗੁਆਉਣਾ। ਸਾਡਾ ਜੀਵਨ ਕੇਵਲ ਆਪਣੇ ਤੱਕ ਹੀ ਸੀਮਤ ਨਹੀਂ। ਇਹ ਵੀ ਹਲਕੀ ਬੁਧੀ ਵਾਲੇ ਲੋਕਾਂ ਦੀ ਕਾਢ ਹੈ। ਬੇਸ਼ੱਕ ਅਸੀ ਇਸ ਦੁਨੀਆਂ ਵਿਚ ਇਕੱਲੇ ਆਏ ਹਾਂ ਅਤੇ ਇੱਕਲੇ ਹੀ ਜਾਣਾ ਹੈ ਪਰ ਅਸੀ ਇਥੇ ਰਹਿਣਾ ਇੱਕਲੇ ਨਹੀਂ, ਮਿਲ ਜੁਲ ਕਿ ਰਹਿਣਾ ਹੈ। ਜ਼ਿੰਦਗੀ ਦੇ ਪੈਂਡੇ ਉਭੜ ਖਾਬੜ ਹਨ। ਅਸੀ ਉਭੜ ਖਾਬੜ ਜਮੀਨ ਨੂੰ ਪੱਧਰਾ ਕਰਨਾ ਹੈ। ਰਸਤੇ ਵਿਚ ਕੰਡੇ ਹਨ, ਗੰਦਗੀ ਹੈ। ਅਸੀ ਇਨਾਂ ਨੂੰ ਸਾਫ ਕਰਕੇ ਫੁੱਲ ਵਿਛਾਉਣੇ ਹਨ। ਖੁਸ਼ਬੁਆਂ ਖਲੇਰਨੀਆਂ ਹਨ। ਇਸ ਧਰਤੀ ਨੂੰ ਸੁੰਦਰ ਬਣਾਉਣਾ ਹੈ।  ਇੱਥੇ ਹੀ ਸਵਰਗ ਵਸਾਉਣਾ ਹੈ।

ਇਹ ਗਲਾਂ ਦੇਖਣ ਸੁਣਨ ਵਿਚ ਬਹੁਤ ਚੰਗੀਆਂ ਲਗਦੀਆਂ ਹਨ ਪਰ ਇਨਾਂ ਤੇ ਅਮਲ ਕਰਨਾ ਮੁਸ਼ਕਲ ਹੈ। ਇਸ ਸਮੇ ਸਮਾਜ ਵਿਚ ਕੂੜ ਕੁਸੱਤ ਦਾ ਬੋਲਬਾਲਾ ਹੈ ਭਰਿਸ਼ਟਾਚਾਰ ਪੂਰੀ ਤਰਾਂ ਫੈਲਿਆ ਹੋਇਆ ਹੈ। ਸ਼ਰੀਫ ਆਦਮੀ ਦੀ ਜ਼ਿੰਦਗੀ ਬਹੁਤ ਮੁਸ਼ਕਲ ਵਿਚ ਹੈ। ਪਰ ਅਸੀ ਹਿੰਮਤ ਨਹੀਂ ਹਾਰਨੀ। ਇਕੱਠੇ ਹੋ ਕਿ ਲੜਣਾ ਹੈ। ਗਲਤ ਕੀਮਤਾਂ ਖਿਲਾਫ ਜੰਗ ਜਾਰੀ ਰੱਖਣੀ ਹੈ। ਲੜਦੇ ਲੜਦੇ ਮਰਨਾ ਵੀ ਬਹਾਦੁਰੀ ਹੈ। ਜੇ ਅਸੀ ਧਿਆਨ ਨਾਲ ਦੇਖੀਏ, ਆਪਣੇ ਆਲੇ ਦੁਆਲੇ ਨਜਰ ਮਾਰੀਏ ਤਾਂ ਹਾਲੀ ਵੀ ਕੁਝ ਇਨਸਾਨ ਐਸੇ ਮਿਲ ਜਾਣਗੇ ਜਿਨਾਂ ਦੇ ਕੁਝ ਅਸੂਲ ਹਨ। ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਨ। ਦੁਸਰੇ ਦਾ ਦਿਲ ਨਹੀਂ ਦੁਖਾਉਂਦੇ। ਕੁਰੱਪਸ਼ਨ ਨਹੀਂ ਕਰਦੇ। ਜੇ ਉਹ ਅਜਿਹਾ ਉੱਚਾ ਆਚਰਣ ਰੱਖ ਸਕਦੇ ਹਨ ਤਾਂ ਅਸੀ ਕਿਉਂ ਨਹੀਂ ਰੱਖ ਸਕਦੇ? ਹਾਲੀ ਧਰਤੀ ਤੋਂ ਨੇਕੀ ਦਾ ਬੀਜ ਨਾਸ ਨਹੀਂ ਹੋਇਆ। ਜਦ ਅਜਿਹਾ ਹੋਵੇਗਾ ਤਾਂ ਪਰਲੋ ਆ ਜਾਵੇਗੀ। ਇਸ ਲਈ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਸੁਚੱਜੀ ਅਤੇ ਸੁਖਾਵੀਂ ਬਣੇ।

ਜ਼ਿੰਦਗੀ ਵਿਚ ਸਭ ਤੋਂ ਪਹਿਲਾਂ ਆਪਣਾ ਨਿਸ਼ਾਨਾ ਮਿਥੋ। ਤੁਸੀ ਕਿਹੋ ਜਿਹਾ ਬਣਨਾ ਚਾਹੁੰਦੇ ਹੋ? ਬੇਸ਼ੱਕ ਆਪਣੀ ਸਮਰਥਾ ਅਨੁਸਾਰ ਉੱਚੇ ਤੋਂ ਉੱਚਾ ਸੁਪਨਾ ਦੇਖੋ, ਵੱਡੀ ਤੋਂ ਵੱਡੀ ਛਾਲ ਮਾਰੋ। ਪਰ ਉੱਚੇ ਨਿਸ਼ਾਨੇ ਲਈ ਯਤਨ ਵੀ ਉੱਚੇ ਹੀ ਹੋਣੇ ਚਾਹੀਦੇ ਹਨ। ਇਸ ਤਰਾਂ ਤੁਸੀ ਜਿਹੋ ਜਿਹਾ ਚਾਹੋਗੇ ਬਣ ਜਾਵੋਗੇ। ਵਕਤ ਜਰੂਰ ਲਗੇਗਾ। ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ ਪਰ ਤੁਹਡਾ ਦਿਲ ਨਹੀ ਹਾਰਨਾ ਚਾਹੀਦਾ। ਮੰਜ਼ਿਲ ਵਲ ਯਤਨ ਜਾਰੀ ਰਹਿਣੇ ਚਾਹੀਦੇ ਹਨ। ਹਿੰਮਤ ਕਰੋ। ਜੇ ਸਮਾਜ ਵਿਚੋਂ ਬੁਰਾਈ ਮਿਟਾਉਣੀ ਹੈ ਤਾਂ ਸਾਨੂੰ ਖੁਦ ਯੋਗਦਾਨ ਪਾਉਣਾ ਪਵੇਗਾ। ਸਮਾਜ ਵਿਚ ਤਬਦੀਲੀ ਇਕ ਦਮ ਨਹੀਂ ਆਉਂਦੀ। ਸਮਾ ਲਗਦਾ ਹੈ ਅਤੇ ਰਸਤੇ
ਵਿਚ ਰੁਕਾਵਟਾਂ ਵੀ ਆਉਂਦੀਆਂ ਹਨ। ਕਈ ਵਾਰੀ ਲੋਕ ਮਜਾਕ ਵੀ ਉਡਾਉਂਦੇ ਹਨ। ਚੰਗੀ ਤਬਦੀਲੀ ਲਈ ਤੁਹਾਡੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਮਨੱਖ ਆਪਣੀ ਸ਼ਖਸੀਅਤ ਆਪ ਬਣਾਉਂਦਾ ਹੈ। ਭਾਵ ਅਸੀ ਆਪਣੀ ਕਿਸਮਤ ਆਪ ਬਣਾਉਂਦੇ ਹਾਂ। ਸਾਡੇ ਚੰਗੇ ਮਾੜੇ ਕੰਮਾ ਦਾ ਫਲ ਸਾਨੂੰ ਇਥੇ ਹੀ ਮਿਲਣਾ ਹੈ। ਅਸੀ ਜੈਸਾ ਬੀਜਾਂਗੇ ਵੈਸਾ ਹੀ ਕੱਟਾਂਗੇ। ਜੇ ਮਿੱਠੇ ਫਲ ਖਾਣੇ ਹਨ ਤਾਂ ਸਾਨੂੰ ਉਹ ਹੀ ਬੀਜਣੇ ਪੈਣਗੇ।

ਅਸੀ ਕਿਸੇ ਦੂਸਰੇ ਨੂੰ ਦੁੱਖ ਦੇ ਕਿ ਜਾਂ ਨੁਕਸਾਨ ਪਹੁੰਚਾ ਕਿ ਜਿਆਦਾ ਵੱਡੇ ਨਹੀਂ ਬਣ ਸਕਦੇ। ਅਸੀ ਉਪਰ ਉਠਣਾ ਹੈ ਤਾਂ ਸਾਨੂੰ ਆਪਣੇ ਨਾਲ ਵਾਲਿਆਂ ਨੂੰ ਵੀ ਉੱਪਰ ਉੱਠਣ ਵਿਚ ਮਦਦ ਕਰਨੀ ਪਵੇਗੀ। ਆਪਣੀ ਆਤਮਾ ਦੀ ਅਵਾਜ ਸੁਣੋ। ਜੇ ਤੁਸੀ ਕੋਈ ਗਲਤ ਕੰਮ ਕਰਦੇ ਹੋ ਤਾਂ ਤੁਹਾਡੀ ਆਤਮਾ ਤੁਹਾਨੂੰ ਰੋਕਦੀ ਹੈ।  ਮਨ ਤੇ ਭਾਰ ਵਧਦਾ ਹੈ। ਸੋ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਮਨ ਅਤੇ ਆਤਮਾ ਨੂੰ ਕੋਈ ਫਾਲਤੂ ਭਾਰ ਚੁੱਕਣਾ ਪਵੇ। ਆਪਣਾ ਕੰਮ ਕਦੀ ਛੋਟਾ ਜਾਂ ਤੁੱਛ ਨਾ ਸਮਝੋ। ਤੁਹਾਡਾ ਹਰੇਕ ਕੰਮ ਨਰੋਏ ਸਮਾਜ ਦੀ ਉਸਾਰੀ ਦਾ ਇਕ ਹਿੱਸਾ ਹੋਣਾ ਚਾਹੀਦਾ ਹੈ।ਇਸ ਤਰਾਂ ਹੀ ਤੁਹਾਡੀ ਜ਼ਿੰਦਗੀ ਦਾ ਸਫਰ ਕਾਮਯਾਬ ਹੋਵੇਗਾ।