ਅਮਲੀ ਦਾ ਵਿਆਹ (ਵਿਅੰਗ )

ਤਰਲੋਚਨ ਸਿੰਘ    

Email: sonydhimaan@ymail.com
Cell: +91 98551 13071, 90419 55606
Address:
ਸ਼ਹੀਦ ਭਗਤ ਸਿੰਘ ਨਗਰ India
ਤਰਲੋਚਨ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕ ਵਾਰ ਇਕ ਅਮਲੀ ਨੇ, ਪਿੰਡ ਵਿੱਚ ਹੋਕਾ ਲਾ ਦਿੱਤਾ,
ਮੰਗਦਾ ਹਾਂ ਮੈਂ ਇਕੋ ਵਹੁਟੀ ਨਾਲੇ ਪੇਪਰ ਵਿੱਚ ਕਢਾ ਦਿੱਤਾ।
ਹੁਲੀਆ ਦੱਸਿਆ ਪਹਿਲਾਂ ਆਪਣਾ, ਦੱਸਿਆ ਕਾਰੋਬਾਰ ਜੀ,
ਨਾਲੇ ਦੱਸਿਆ ਵਹੁਟੀ ਕੈਸੀ, ਚਾਹੀਏ ਹਮਕੋ ਸਰਦਾਰ ਜੀ।
ਪੰਜ ਫੁੱਟ ਦਾ ਕੱਦ ਹੈ ਮੇਰਾ, ਉਮਰ ਹੈ ਚਾਲੀ ਵਰਿਆਂ ਜੀ,
ਲਗਦਾ ਹਾਂ ਮੈਂ ਸੋਲਾਂ ਸਾਲਾ, ਸਿਰ, ਪੱਗ ਪੋਚਮੀ ਧਰਿਆਂ ਜੀ।
ਸਿਹਤ ਮੇਰੀ ਹੈ ਕਾਂਨੇ ਵਰਗੀ, ਬਣੀ ਹੈ ਵਰਜਿਸ਼ ਕਰਕੇ ਜੀ,
ਰੰਗ ਹੈ ਮੇਰਾ ਬਛੜੇ ਵਰਗਾ, ਨਹਾਉਦਾ ਹਾਂ ਮਹੀਨਾ ਛੱਡ ਕੇ ਜੀ।
ਬੇਬੇ ਬਾਪੂ ਇਕੱਲੇ ਘਰ ਵਿੱਚ, ਹੋਰ ਨਾ ਕੋਈ ਮੈਂਬਰ ਜੀ,
ਇਕੋ ਛੋਟੀ ਝੋਟੀ ਨਾਲੇ, ਇਕ ਹੈ ਵੱਡਾ ਡੰਗਰ ਜੀ।
ਘਰ ਹੈ ਸਾਡਾ ਮਿੱਟੀ ਲਿੱਪਿਆ, ਚਾਰ ਫੁੱਟ ਵਿੱਚ ਬਣਿਆ ਜੀ
ਪੱਤੇ ਵਾਲੀ ਹਾਂ ਬੀੜੀ ਪੀਂਦੇ, ਜਰਦਾ ਖਾਂਦੇਂ ਛਣਿਆਂ ਜੀ।
ਜੰਗਲ ਦੀ ਥਾਂ ਸਾਡੇ ਹੈਨੀਂ, ਖੇਤਾਂ ਦੇ ਵਿੱਚ ਜਾਂਦੇ ਹਾ
ਨਹਾਉਣ ਲਈ ਹੈ ਪਿੰਡ ਦਾ ਛੱਪੜ, ਭੁੰਜੇ ਆਸਣ ਲਾaਦੇ ਹਾਂ।
ਰੰਮ ਨਾਲ ਹੈ ਪਿਆਸ ਬੁਝਦੀ, ਢਿੱਡ, ਭੁੱਕੀ ਨਾਲ ਹੈ ਭਰਦਾ ਜੀ,
ਦੋ ਘੰਟੇ ਜੇ ਨਾ ਮਿਲੇ ਤਾਂ, ਦਿਲ, ਮਰਜੂੰ ਮਰਜੂੰ ਕਰਦਾ ਜੀ।
ਕੰਮ ਹੈ ਸਾਡਾ ਸੱਥ ਵਿੱਚ ਬਹਿਣਾਂ, ਹੋਰ ਨਾ ਕੋਈ ਕਿੱਤਾ ਜੀ 
ਭੁੱਕੀ ਡੋਡੇ ਫੀਂਮ ਹਾਂ ਖਾਂਦੇ, ਹੋਰ ਨਸ਼ਾ ਨਾ ਕੋਈ ਕੀਤਾ ਜੀ।
ਕੁੜੀ ਬਾਰੇ ਜੇ ਦੱਸੀਏ ਤੁਹਾਨੂੰ, ਕੁੜੀ ਹੈ ਐਸੀ ਚਾਹੀਦੀ,
ਦੇ ਦੇਓ ਜਿਹੜਾ ਲੋੜਵੰਦ ਹੈ, ਨਹੀਂ ਸਾਨੂੰ ਲੋੜ ਪੜਾਈ ਦੀ।
ਰੰਗ ਹੋਵੇ ਭਾਵੇਂ ਭੂਰਾ ਚਿੱਟਾ, ਚੱਲੂ ਵੀ ਮੱਝ ਵਰਗਾ ਜੀ
ਕਾਲੀ ਗੋਰੀ ਤੋਂ ਕੀ ਲੈਣਾ , ਹੁਣ ਸਾਡਾ ਨਹੀਂ ਸਰਦਾ ਜੀ।
ਦਾਜ ਦੀ ਸਾਂਨੂੰ ਗਲ ਨਾਂ ਪੁਛੋ, ਸਾਂਨੂੰ ਕੁਝ ਨਹੀਂ ਚਾਹੀਦਾ,
ਦੋ ਕੂ ਬੋਰੀਆਂ ਭੁੱਕੀ ਦੇ ਦਿਉ, ਸਾਂਨੂੰ ਹੋਰ ਕੀ ਚਾਹੀਦਾ।
ਕਾਲੀ ਨਾਗਣੀ ਜਰੂਰ ਹੈ ਲੈਣੀ, ਇਕ ਡੱਬੀ ਵਿੱਚ ਛੋਟੀ ਜੀ,
ਸਵੇਰ ਸ਼ਾਂਮ ਨੂੰ ਖਾਵਾਂਗੇ ਅਸੀਂ ਇਹਦੇ ਨਾਲ ਤਾਂ ਰੋਟੀ ਜੀ।
ਬਾਪੂ ਨੂੰ ਵੀ ਲੋੜ ਹੈ ਰਹਿੰਦੀ ਰੋਜ ਚਾਰ ਪੈਗ ਲਾਵਣ ਦੀ,
ਚਾਰ ਪੇਟੀਆਂ ਨਾਲ ਘੱਲ ਦਿਉ, ਲੋੜ ਨਹੀਂ ਠੇਕੇ ਜਾਵਣ ਦੀ।
ਜਰਦੇ ਦਾ ਅਸੀਂ ਬੋਝ ਨਹੀਂ ਪਾਉਂਦੇ, ਜੀ ਕੀਤਾ ਦੇ ਦੇਣਾ ਜੀ,
ਰਿਸ਼ਤੇਦਾਰ ਕੀ ਕਹਿਣਗੇ ਤੁਹਾਨੂੰ,ਅਸੀਂ ਤਾਂ ਕੁਝ ਨਹੀਂ ਕਹਿਣਾ ਜੀ।
ਛੇਤੀ ਕਰ ਦਿਉ ਫੋਨ ਪਤੇ ਤੇ ਛੇਤੀ ਚਿੱਠੀ ਪਾ ਦਿਉ ਜੀ,
ਅਮਲੀ ਦਾ ਵੀ ਹੁਣ ਕਿਤੇ ਤਾਂ ਟੰਕਾ ਫਿੱਟ ਕਰਾ ਦਿਉ ਜੀ।
ਰਿਸ਼ਤਾ ਛੇਤੀ ਕਰ ਲਉ ਪੱਕਾ, ਅਮਲੀ ਵਰਗਾ ਨਹੀਂ ਲੱਭਣਾ ਜੀ,
ਪਹਿਲਾਂ ਆਉ ਪਹਿਲਾਂ ਪਾਉ, ਇਹ ਗੁਰ ਕਿਸੇ ਨਾ ਦਸਣਾ ਜੀ।
ਪਤਾ ਤੁਹਾਨੂੰ ਦਸ ਦਿੰਦਾ ਹਾਂ, ਲਿਖ ਲਉ ਕਾਪੀ ਚੱਕ ਕੇ ਜੀ,
ਛੇਤੀ ਕਰ ਲਉ, ਛੇਤੀ ਆ ਜਾਉ, ਘੋੜੀ ਨੂੰ ਹੱਕ-ਹੱਕ ਕੇ ਜੀ।
ਟੈਲੀਫੋਨ ਵੀ ਸਾਡੇ ਹੈ ਜੀ, ਰਾਹ ਪਤਾ ਪੁਛ ਸਕਦੇ ਹੋ
ਸੋਨੀ ਕੋਲੋਂ ਲੈ ਲਉ ਨੰਬਰ, ਉਸ ਤੋਂ ਵੀ ਪੁਛ ਸਕਦੇ ਹੋ।