ਕਿਊਬਾ ਵਿਚ ਸੱਤ ਦਿਨ - ਭਾਗ 5 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਿਕਸ਼ੇ ਤੇ ਚੜ੍ਹ ਕੇ ਰੀਜ਼ੋਰਟ ਤੋਂ ਬਾਹਰ ਦਾ ਕਿਊਬਾ ਵੇਖਣਾ

ਪਰਵਾਰ ਨਾਲ ਇਕ ਦਿਨ ਰੀਜ਼ੋਰਟ ਤੋਂ ਪੰਜ ਸੱਤ ਮੀਲ ਬਾਹਰ ਕੋਕੋ ਬੀਚ ਤੇ ਜਾ ਕੇ ਮਾਣੀ ਖੁਲ੍ਹ ਨਾਲ ਕਮਿਊਨਿਸਟ ਮੁਲਕ ਕਿਊਬਾ ਵਿਚ ਰੀਜ਼ੋਰਟ ਦੇ ਬਾਹਰ ਘੁੰਮਨ ਦਾ ਡਰ ਤੇ ਝਾਕਾ ਕਿਸੇ ਹੱਦ ਤਕ ਲਹਿ ਗਿਆ ਸੀ। ਪਰਵਾਰ ਦੇ ਬਾਕੀ ਜੀਅ ਤਾਂ ਕਿਸੇ ਹੋਰ ਥਾਂ ਚਲੇ ਗਏ ਜਿਥੇ ਉਹਨਾਂ ਨੇ ਸਮੁੰਦਰ ਦੇ ਪਾਣੀ ਵਿਚ ਕੁਝ ਥਲੇ ਜਾ ਕੇ ਨਜ਼ਾਰੇ ਲੈਣੇ ਤੇ ਫੋਟੋਗਰਾਫੀ ਕਰਨਾ ਸੀ। ਫਰੀ ਦਾਰੂ ਦੇ ਚੱਕਰਾਂ ਵਿਚ ਫਸੇ ਹੋਣ ਕਰ ਕੇ ਅਸੀਂ ਉਹਨਾਂ ਦੇ ਨਾਲ ਨਾ ਗਏ ਜਿਸ ਦਾ ਬਾਅਦ ਵਿਚ ਮੈਨੂੰ ਬੜਾ ਅਫਸੋਸ ਹੋਇਆ। ਮੇਰੇ ਮਨ ਵਿਚ ਤਾਂ ਇਸ ਨਵੇਂ ਦੇਸ਼ ਕਿਊਬਾ ਨੂੰ ਤੇ ਏਥੇ ਵਸਦੇ ਲੋਕਾਂ ਦੇ ਜਨ ਜੀਵਨ ਨੂੰ ਵਧ ਤੋਂ ਵਧ ਸਮਝਣ ਦੀ ਬੜੀ ਉਤਸੁਕਤਾ ਸੀ। ਮੈਂ ਇਹ ਗੱਲਾਂ ਘੋਖਣਾ ਚਹੁੰਦਾ ਸਾਂ ਕਿ ਇਸ ਦੇਸ਼ ਬਾਰੇ ਦਸਿਆ ਗਿਆ ਸੀ ਕਿ ਇਥੇ ਇੰਡੀਆ ਵਾਂਗ ਬਹੁਤ ਕੁਰਪਸ਼ਨ ਹੈ। ਮੁਲਕ ਗਰੀਬ ਹੈ ਅਤੇ ਲੋਕ ਬਹੁਤ ਗਰੀਬ ਹਨ। ਜੀਵਨ ਔਖਾ ਹੈ। ਪੁਲਸ ਦੇ ਕਾਬੂ ਆਇਆ ਬੰਦਾ ਵਡੀ ਰਿਸ਼ਵਤ ਦਿਤੇ ਬਿਨਾਂ ਬਾਹਰ ਨਹੀਂ ਆ ਸਕਦਾ। ਹੁਣ ਤਕ ਤਾਂ ਰੀਜ਼ੋਰਟ ਦੀ ਆਕਰਸ਼ਤਕਤਾ, ਕੋਕੋਨਟ ਦੇ ਖੂਬਸੂਰਤ ਦਰਖਤ, ਪੂਲ ਵਿਚ ਅਧਨੰਗੇ ਨਹਾਂਦੇ ਲੋਕਾਂ ਦੇ ਚਮਲਦੇ ਬਦਨ, ਫਰੀ ਦਾਰੂ ਦੇ ਵਗਦੇ ਦਰਿਆ, ਸਮੁੰਦਰ ਦਾ ਰੇਤਲਾ ਕੰਢਾ ਜਿਥੇ ਲੰਮੀਆਂ ਕੁਰਸੀਆਂ ਤੇ ਲੋਕ ਆਪਣੇ ਵਧ ਤੋਂ ਵਧ ਨੰਗੇ ਜਿਸਮ ਤੇ ਤੇਲ ਮਲ ਕੇ ਧੁੱਪ ਸੇਕਦੇ ਅਤੇ ਸਮੁੰਦਰ ਉਤੋਂ ਦੀ ਹੋ ਕੇ ਆ ਰਹੀ ਹਵਾ ਦਾ ਅਨੰਦ ਮਾਣਦੇ ਵੇਖੇ ਸਨ। ਜਾਂ ਫਿਰ ਸਮੁੰਦਰ ਕੰਢੇ ਗਰੀਬ ਕੁੜੀਆਂ ਮੁੰਡੇ ਵੇਖੇ ਸਨ ਜੋ ਸੈਲਾਨੀਆਂ ਨੂੰ ਓਥੋਂ ਦੀ ਲਕੜੀ ਦਾ ਬਣੀਆਂ ਕੁਝ ਨਾ ਕੁਝ ਚੀਜ਼ਾਂ ਆਦਿ ਵੇਚ ਕੇ ਚਾਰ ਪੈਸੇ ਬਨਾਉਣ ਦੇ ਚੱਕਰਾਂ ਵਿਚ ਤੁਰੇ ਫਿਰਦੇ ਸਨ। ਇਹ ਨਿਕੀਆਂ ਨਿਕੀਆਂ ਕੁੜੀਆਂ ਕੁਝ ਮਨ ਚਲੇ ਸੈਲਾਨੀਆਂ ਨਾਲ ਜਿਸਮਾਨੀ ਖੁਲ੍ਹ ਲੈਣ ਦੇ ਸੌਦੇ ਵੀ ਕਰ ਰਹੀਆਂ ਸਨ ਜਿਸ ਲਈ ਉਹ ਸੈਲਾਨੀਆਂ ਨੂੰ ਰੀਜ਼ੋਰਟ ਦੀ ਹੱਦ ਤੋਂ ਕੁਝ ਪਰ੍ਹਾਂ ਆਉਣ ਦੇ ਇਸ਼ਾਰੇ ਕਰਦੀਆਂ ਸਨ। ਵੇਖਣ ਨੂੰ ਭਾਵੇਂ ਉਹ ਗਰੀਬ ਲਗਦੀਆਂ ਸਨ ਪਰ ਦਿਨ ਰਾਤ ਸੈਲਾਨੀਆਂ ਨਾਲ ਵਾਹ ਰਖਣ ਤੇ ਬੜੀਆਂ ਚਾਲਾਕ ਤੇ ਹੁਸ਼ਿਆਰ ਵੀ ਸਨ। ਲੁਟ ਹੋਣ ਲਈ ਆਏ ਕਈ ਸੈਲਾਨੀ ਇਹਨਾਂ ਕੋਲੋਂ ਲੁੱਟੇ ਵੀ ਜਾਂਦੇ ਸਨ। ਅਗਲੇ ਦਿਨ ਅਸੀਂ ਸਾਰਾ ਦਿਨ ਸਮੁੰਦਰ ਕੰਢੇ ਘੁੰਮਦੇ ਰਹੇ ਜਾਂ ਬੀਅਰ ਪੀਂਦੇ ਅਤੇ ਬੀਚ ਤੇ ਪਈਆਂ ਲੰਮੀਆਂ ਕੁਰਸੀਆਂ ਤੇ ਲੇਟ ਕੇ ਸਮੁੰਦਰ ਦੇ ਖੁਲ੍ਹੇ ਤਲ ਉਤੋਂ ਦੀ ਹੋ ਕੇ ਆ ਰਹੀ ਹਵਾ ਦਾ ਅਨੰਦ ਲੈਂਦੇ ਰਹੇ। ਪ੍ਰਿੰ: ਪਾਖਰ ਸਿੰਘ ਦੀ ਤਬੀਅਤ ਠੀਕ ਨਹੀਂ ਲਗ ਰਹੀ ਸੀ। ਨਾ ਉਹ ਬਰੇਕਫਾਸਟ ਕਰ ਰਹੇ ਸਨ, ਨਾ ਲੰਚ ਤੇ ਨਾ ਡਿਨਰ। ਉਹਨਾਂ ਦਾ ਜ਼ਿਆਦਾ ਰੁਝਾਣ ਫਰੀ ਦੀ ਦਾਰੂ ਪੀਣ ਵੱਲ ਸੀ। ਜਦ ਵੀ ਦਾਅ ਲਗਦਾ, ਬਾਹਰ ਜਾ ਕੇ ਹਾੜਾ ਲਾ ਆਉਂਦੇ ਜਾਂ ਮੈਨੂੰ ਲਿਆਣ ਲਈ ਕਹਿ ਦਿੰਦੇ। ਮੈਨੂੰ ਉਹਨਾਂ ਦੇ ਘਰ ਵਾਲਿਆਂ ਵੱਲੋਂ ਸਖਤ ਹਦਾਇਤ ਸੀ ਕਿ ਇਹਨਾਂ ਨੂੰ ਜ਼ਿਆਦਾ ਪੀਣ ਨਹੀਂ ਦੇਣੀ ਅਤੇ ਇਹ ਗੱਲ ਮੇਰੇ ਵੱਸੋਂ ਬਾਹਰ ਹੁੰਦੀ ਜਾ ਰਹੀ ਸੀ। ਮੈਂ ਖੁਦ ਵੀ ਪੀਣੀ ਛਡ ਦਿਤੀ ਅਤੇ ਇਹਨਾਂ ਤੇ ਵੀ ਸਖਤੀ ਕਰਨੀ ਸ਼ੁਰੂ ਕਰ ਦਿਤੀ। ਬਹੁਤ ਜ਼ਿਦ ਕਰਨ ਤੇ ਮੈਂ ਘੱਟ ਤੋਂ ਘੱਟ ਦਾਰੂ ਲੈ ਕੇ ਆਉਂਦਾ ਕਿਉਂਕਿ ਬੀਮਾਰ ਹੋਣ ਦੀ ਹਾਲਤ ਵਿਚ ਹਸਪਤਾਲ ਜਾਣਾ ਰਿਸਕ ਵਾਲੀ ਗੱਲ ਸੀ। ਸ਼ਾਮ ਨੂੰ ਨਾਚ ਗਾਣੇ ਦਾ ਪਰੋਗਰਾਮ ਅਤੇ ਥੇਟਰ ਜੋ ਲੰਚ ਰੂਮ ਅਤੇ ਪੂਲ ਦੇ ਲਾਗੇ ਹੀ ਸੀ, ਓਸ ਦਾ ਅਨੰਦ ਲੈਣ ਲਈ ਅਸੀਂ ਇਕ ਵਾਰ ਵੀ ਨਾ ਜਾ ਸਕੇ। ਰੀਜ਼ੋਰਟ ਤੇ ਇਹ ਸਾਡਾ ਪੰਜਵਾਂ ਦਿਨ ਸੀ ਅਤੇ ਪ੍ਰਿੰਸੀਪਲ ਸਾਹਿਬ ਦੀ ਵਿਗੜਦੀ ਸਿਹਤ ਮੈਨੂੰ ਚਿੰਤਤ ਕਰ ਰਹੀ ਸੀ। ਉਹਨਾਂ ਦੀ ਸਾਂਭ ਸੰਭਾਲ ਜ਼ਿੰਮੇਵਾਰੀ ਚੁਕ ਕੇ ਮੈਂ ਆਪਣੀ ਵੇਕੇਸ਼ਨ ਜ਼ਰੂਰ ਖਰਾਬ ਕਰ ਲਈ ਸੀ ਪਰ ਮੇਰੇ ਮਨ ਵਿਚ ਉਹਨਾਂ ਪ੍ਰਤੀ ਲੰਮੇ ਸਮੇਂ ਤੋਂ ਬਣਿਆ ਬਹੁਤ ਜ਼ਿਆਦਾ ਪਿਆਰ, ਸਤਿਕਾਰ ਅਤੇ ਮਾਣ ਇੱਜ਼ਤ ਬਣੀ ਹੋਈ ਸੀ। ਪ੍ਰਿੰਸੀਪਲ ਪਾਖਰ ਸਿੰਘ ਵਿਚੋਂ ਮੈਨੂੰ ਅਕਸਰ ਸ਼ੇਖ ਫਰੀਦ, ਭਗਤ ਕਬੀਰ, ਗੁਰੂ ਰਵਿਦਾਸ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਦਾ ਝਲਕਾਰਾ ਦਿਸਦਾ ਸੀ। ਉਹਨਾਂ ਦੇ ਮਨ ਨੂੰ ਸਮਝਣਾ ਬੜਾ ਔਖਾ ਸੀ। ਉਹਨਾਂ ਦਾ ਅੰਦਰਲਾ ਮਨ ਹੋਰ ਤੇ ਬਾਹਰਲਾ ਮਨ ਹੋਰ ਸੀ। ਓਸ ਦੀ ਥਾਹ ਪਾਉਣੀ ਸਾਧਾਰਨ ਲੋਕਾਂ ਦੇ ਵੱਸ ਤੋਂ ਬਾਹਰ ਸੀ। ਬੜੇ ਵਿਦਵਾਨ ਅਤੇ ਕਈ ਕਿਤਾਬਾਂ ਦੇ ਲੇਖਕ ਹੋਣ ਕਾਰਨ ਮੈਂ ਉਹਨਾਂ ਦਾ ਬਹੁਤ ਆਸ਼ਕ ਸਾਂ। ਸ਼ਰਾਬ ਪੀਣ ਨੂੰ ਮੈਂ ਬਹੁਤ ਮਾਮੂਲੀ ਗੱਲ ਸਮਝਦਾ ਸਾਂ ਪਰ ਉਹਨਾਂ ਦੀ ਸਿਹਤ ਦੇ ਫਿਕਰ ਨੇ ਮੈਨੂੰ ਕੁਝ ਚਿੰਤਤ ਕਰ ਦਿਤਾ ਤੇ ਮੈਂ ਉਹਨਾਂ ਨੂੰ ਰੀਜ਼ੋਰਟ ਦੇ ਹਸਪਤਾਲ ਲਿਜਾਣ ਦਾ ਫੈਸਲਾ ਕਰ ਲਿਆ। ਹਸਪਤਾਲ ਰੀਜ਼ੋਰਟ ਦੀ ਇਕ ਨੁਕਰੇ ਸੀ। ਜਦ ਅਸੀਂ ਓਥੇ ਗਏ ਤਾਂ ਛੋਟੇ ਛੋਟੇ ਚਾਰ ਪੰਜ ਕਮਰਿਆਂ ਦੀ ਇਮਾਰਤ ਵਿਚ ਇਕ ਕਮਰਾ ਵਾਲ ਕੱਟਣ ਵਾਲੀ ਭਾਵ ਸਲੋਨ ਵਾਲੀ ਔਰਤ, ਦੂਜਾ ਡਾਕਟਰ ਦਾ, ਤੀਜਾ ਡਿਸਪੈਂਸਰੀ, ਚੌਥਾ ਮਾਲਸ਼ ਕਰਨ ਵਾਲੇ ਦਾ ਅਤੇ ਇਕ ਨਿੱਕਾ ਜਿਹਾ ਜਿਮ ਸੀ। ਨਿੱਕੇ ਜਹੇ ਬਰਾਂਡੇ ਵਿਚ ਇੰਤਜ਼ਾਰ ਕਰਨ ਲਈ ਸੋਫੇ ਤੇ ਕੁਰਸੀਆਂ ਸਨ। ਪਕੇ ਰੰਗ ਦੀ ਨਰਸ ਦਸਿਆ ਕਿ ਡਾਕਟਰ ਨੇ ਚਾਰ ਵਜੇ ਤੋਂ ਬਾਅਦ ਆਉਣਾ ਸੀ। ਮਾਲਸ਼ ਵਾਲੇ ਨੂੰ ਮਸਾਜ ਦਾ ਰੇਟ ਪੁਛਿਆ ਤਾਂ ਕਹਿਣ ਲੱਗਾ ਕਿ ਸੇਲ ਕਾਰਨ ਅਧੇ ਘੰਟੇ ਦੀ ਮਾਲਸ਼ ਦਾ ਸਰਕਾਰੀ ਹਾਫ ਰੇਟ ਭਾਵ ਦਸ ਡਾਲਰ ਹੈ ਅਤੇ ਦੋ ਕਿਊਬਾ ਕਨਵਰਟੇਬਲ ਪੀਸੋ ਟਿੱਪ ਦੇਣਾ ਪਵੇਗਾ। ਮੈਂ ਸਰਵਾਈਕਲ ਤੋਂ ਪੀੜਤ ਆਪਣੀ ਗਰਦਨ, ਮੋਢੇ ਅਤੇ ਬੈਕ ਦੀ ਮਾਲਸ਼ ਕਰਵਾਉਣ ਲਈ ਕਿਹਾ ਤਾਂ ਮਾਲਸ਼ ਕਰਨ ਵਾਲੇ ਨੇ ਕਿਹਾ ਕਿ ਪਹਿਲਾਂ ਅਪਾਇੰਟਮੈਂਟ ਬਨਵਾਣੀ ਪੈਂਦੀ ਹੈ ਅਤੇ ਉਸ ਨੇ ਮੇਰਾ ਨਾਂ ਪਤਾ ਲਿਖ ਕੇ ਅਗਲੇ ਦੋ ਦਿਨ ਮਾਲਸ਼ ਕਰਵਾਉਣ ਦੀ ਮੇਰੀ ਬੁਕਿੰਗ ਕਰ ਦਿਤੀ। ਭਾਵੇਂ ਮੇਰੀ ਗਰਦਨ, ਮੋਢਿਆਂ ਅਤੇ ਬੈਕਪੇਨ ਦੀ ਪੀੜ ਨੂੰ ਕੁਝ ਸਮੇਂ ਲਈ ਹੀ ਰਾਹਤ ਮਿਲੀ ਪਰ ਇਸ ਦਾ ਮੈਨੂੰ ਬਹੁਤ ਅਨੰਦ ਆਇਆ ਤੇ ਮੇਰੀ ਬਾਡੀ ਨੇ ਕੁਝ ਰੀਲੈਕਸ ਵੀ ਕੀਤਾ।
ਸ਼ਾਮ ਨੂੰ ਡਾਕਟਰ ਡਾਇਨਾ ਨੇ ਪ੍ਰਿੰਸੀਪਲ ਸਾਹਿਬ ਨੂੰ ਚੈੱਕ ਕੀਤਾ। ਉਹਨਾਂ ਦਾ ਬਲੱਡ ਪ੍ਰੈਸ਼ਰ 120/60 ਸੀ ਜਦ ਕਿ ਮੇਰਾ ਉਹਨਾਂ ਦੇ ਫਿਕਰ ਅਤੇ ਜ਼ਿੰਮੇਵਾਰੀ ਕਾਰਨ 180/80 ਸੀ। ਮੈਂ ਕਈ ਰਾਤਾਂ ਤੋਂ ਪੂਰੀ ਤਰ੍ਹਾਂ ਸੁੱਤਾ ਵੀ ਨਹੀਂ ਸਾਂ। ਥਕਾਵਟ ਬਹੁਤ ਮਹਿਸੂਸ ਹੋ ਰਹੀ ਸੀ। ਨਰਸ ਨੇ ਮੈਨੂੰ ਬੀ-1, ਬੀ-6, ਬੀ-12 ਦਾ ਟੀਕਾ ਲਾ ਦਿਤਾ। ਦਸ ਪੀਸੋ ਦਾ ਟੀਕਾ ਅਤੇ ਦੋ ਪੀਸੋ ਟਿੱਪ। ਡਾਕਟਰ ਨੇ ਦਸਿਆ ਕਿ ਪਾਖਰ ਸਿੰਘ ਨੂੰ ਮਿਅਦੇ ਦੀ ਪਰਾਬਲਮ ਹੈ ਅਤੇ ਬਾਕੀ ਸਭ ਕੁਝ ਠੀਕ ਸੀ। ਡਰਿੰਕ ਘੱਟ ਕਰਨ ਅਤੇ ਕੁਝ ਖਾਂਦੇ ਰਹਿਣ ਦੀ ਸਲਾਹ ਵੀ ਦਿਤੀ। ਡਾਕਟਰ ਨੇ ਕਿਹਾ ਕਿ ਜੇ ਇਨਸ਼ੋਰੰਸ ਤੋਂ ਕਲੇਮ ਕਰਨ ਲਈ ਰਸੀਦ ਲੈਣੀ ਹੈ ਤਾਂ 50 ਕਿਊਬਾ ਕਨਵਰਟੇਬਲ ਪੀਸੋ ਦੇਣੇ ਪੈਣਗੇ। ਜੇ ਰਸੀਦ ਨਹੀਂ ਲੈਣੀ ਤਾਂ 30 ਕਊਬਾ ਕਨਵਰਟੇਬਲ ਪੀਸੋ ਦੇ ਦਿਓ ਜੋ ਦੇਣੇ ਅਸੀਂ ਠੀਕ ਸਮਝੇ ਕਿਉਂਕਿ ਇਨਸ਼ੋਰੰਸ ਤੋਂ ਪੈਸੇ ਕਲੇਮ ਕਰਨੇ ਕਿਹੜਾ ਸੌਖਾ ਕੰਮ ਸੀ। ਡਾਕਟਰ ਡਾਇਨਾ ਅਤੇ ਨਰਸ ਨੇ ਸਾਡੇ ਨਾਲ ਬਹੁਤ ਖੁਸ਼ ਹੋ ਕੇ ਫੋਟੋਜ਼ ਲੁਹਾਈਆਂ ਅਤੇ ਮੇਰੇ ਹਥ ਵਿਚ ਅਦੀਦਾਸ ਬੈਗ ਵੇਖ ਕੇ ਡਾਕਟਰ ਨੇ ਬੈਗ ਮੰਗ ਲਿਆ। ਮੈਂ ਬੈਗ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਮੈਨੂੰ ਖੁਦ ਇਸ ਦੀ ਲੋੜ ਹੈ ਪਰ ਜਾਣ ਤੋਂ ਪਹਿਲਾਂ ਉਸ ਨੂੰ ਬਹੁਤ ਸਾਰੇ ਕਪੜੇ  ਦੇਣ ਦਾ ਵਾਅਦਾ ਕਰ ਲਿਆ ਕਿਉਂਜੋ ਮੇਰੀ ਬੇਟੀ ਕਈ ਸੂਟਕੇਸ ਭਰ ਕੇ ਵੰਡਣ ਲਈ ਲਿਆਈ ਸੀ। 29 ਦਸੰਬਰ ਦੀ ਸਵੇਰ ਨੂੰ 6 ਵਜੇ ਅਸੀਂ ਸਾਂਤਾ ਲੂਸੀਆ ਰੀਜ਼ੋਰਟ ਤੋਂ ਕਾਮਾਗੂਈ ਏਅਰਪੋਰਟ ਨੂੰ ਚੱਲਣਾ ਸੀ। 28 ਦੀ ਡੂੰਘੀ ਹੁੰਦੀ ਸ਼ਾਮ ਨੂੰ ਮੈਂ ਤੇ ਮੇਰੀ ਬੇਟੀ ਡਾ: ਡਾਇਨਾ ਨੂੰ ਕਾਫੀ ਕਪੜੇ ਦੇ ਆਏ ਤੇ ਉਹ ਬੜੀ ਖੁਸ਼ ਹੋਈ। ਬਾਅਦ ਵਿਚ ਮੈਂ ਮਹਿਸੂਸ ਕੀਤਾ ਕਿ ਇਸ ਡਾਕਟਰ ਦੀ ਤਨਖਾਹ ਭਾਵੇਂ ਮਹੀਨੇ ਦੇ 20 ਕਿਊਬਾ ਕਨਵਰਟੇਬਲ ਪੀਸੋ ਸਨ ਪਰ ਇਹ ਤਾਂ ਰੋਜ਼ ਦੇ ਉਤੋਂ ਸੈਂਕੜੇ ਕਊਬਾ ਕਨਵਰਟੇਬਲ ਪੀਸੋ ਬਣਾ ਲੈਂਦੀ ਸੀ ਅਤੇ ਇਹ ਕੋਈ ਗਰੀਬ ਨਹੀਂ ਸੀ। ਇਹ ਕਪੜੇ ਤਾਂ ਸਾਨੂੰ ਰੀਜ਼ੋਰਟ ਤੋਂ ਬਾਹਰ ਜਾ ਕੇ ਪਿੰਡਾਂ ਦੇ ਗਰੀਬਾਂ ਨੂੰ ਵੰਡਣੇ ਚਾਹੀਦੇ ਸਨ। ਰੀਜ਼ਰਟ ਵਿਚ ਕੰਮ ਕਰਨ ਵਾਲੀਆਂ ਬਾਰਟੈਂਡਰ ਔਰਤਾਂ, ਖਾਣਾ ਸਰਵ ਕਰਨ ਵਾਲਾ ਸਟਾਫ, ਕਲੀਨਿੰਗ ਲੇਡੀਜ਼ ਆਦਿ ਤਾਂ ਸਾਰੇ ਹੀ ਟਿੱਪਸ ਮਨੀ ਨਾਲ ਕਾਫੀ ਕਊਬਾ ਕਨਵਰਟੇਬਲ ਪੀਸੋ ਇਕਠੇ ਕਰ ਲੈਂਦੇ ਸਨ। ਸ਼ਾਇਦ ਏਸੇ ਦਾ ਨਾਂ ਹੀ ਕਿਊਬਾ ਦੀ ਕੁਰਪਸ਼ਨ ਸੀ ਜਿਸ ਨੂੰ ਅਸੀਂ ਸਮਝ ਨਹੀਂ ਰਹੇ ਸਾਂ।


ਸ਼ਾਮ ਢਲਣ ਤੋਂ ਪਹਿਲਾਂ ਪਹਿਲਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਰੀਜ਼ੋਰਟ ਤੋਂ ਬਾਹਰ ਬੱਸਾਂ ਦੇ ਅਡੇ ਤੇ ਲੈ ਆਇਆ। ਏਥੇ ਤਾਂਗੇ ਅਤੇ ਰਿਕਸ਼ੇ ਖੜ੍ਹੇ ਸਨ। ਅਸੀਂ ਇਕ ਰਿਕਸ਼ੇ ਵਾਲੇ ਨੌਜਵਾਨ ਮੁੰਡੇ ਨੂੰ ਅੰਗਰੇਜ਼ੀ ਵਿਚ ਕਿਹਾ ਕਿ ਸਾਨੂੰ ਕੋਕੋ ਬੀਚ ਵਾਲੇ ਪਾਸੇ ਨਹੀਂ, ਦੂਜੇ ਪਾਸੇ ਲੈ ਚੱਲ। ਉਸ ਨੂੰ ਸਾਡੀ ਅੰਗਰੇਜ਼ੀ ਸਮਝ ਨਹੀਂ ਆ ਰਹੀ ਸੀ ਤੇ ਸਪੈਨਿਸ਼ ਸਾਨੂੰ ਆਉਂਦੀ ਨਹੀਂ ਸੀ। ਜਦ ਅਸੀਂ ਉਸ ਨੂੰ ਪੁਛਿਆ ਕਿ ਕਿੰਨੇ ਪੈਸੇ ਲਵੇਂਗਾ ਤਾਂ ਓਸ ਨੇ ਕੋਈ ਜਵਾਬ ਨਾ ਦਿਤਾ। ਮੈਂ ਓਸ ਨੂੰ ਆਪਣੀ ਘੜੀ ਵਿਖਾ ਕੇ ਕਿਹਾ ਕਿ ਇਸ ਵੇਲੇ 4 ਵਜੇ ਹਨ। 6 ਵਜੇ ਤਕ ਭਾਵ ਦੋ ਘੰਟੇ ਤੇਰੇ ਰਿਕਸ਼ੇ ਤੇ ਸੈਰ ਕਰਾਂਗੇ ਅਤੇ ਦੱਸ ਕਿੰਨੇ ਪੀਸੋ। ਉਹ ਕੋਈ ਜਵਾਬ ਨਾ ਦੇ ਸਕਿਆ। ਮੈਂ ਜੇਬ ਵਿਚੋਂ ਦੋ ਕਊਬਾ ਕਨਵਰਟੇਬਲ ਪੀਸੋ ਕਢ ਕੇ ਵਿਖਾਏ ਤੇ ਕਿਹਾ ਓæ ਕੇæ ਹੈ ਤਾਂ ਓਸ ਹਾਂ ਵਿਚ ਸਿਰ ਹਿਲਾ ਦਿਤਾ। ਮੈਂ ਥੋੜ੍ਹਾ ਉਚੀ ਸਮਝਾਂਦਿਆਂ ਉਸ ਨੂੰ ਕਿਹਾ ਕਿ 2 ਕਿਊਬਾ ਕਨਵਰਟੇਬਲ ਪੀਸੋ ਕਿਊਬਾ ਦੀ ਨੈਸ਼ਨਲ ਮਨੀ ਦੇ 50 ਪੀਸੋ ਬਣਦੇ ਹਨ। ਵੀਹ ਬਾਈ ਸਾਲ ਦਾ ਮੁੰਡਾ ਖੂਬਸੂਰਤ ਤੇ ਨੌਜਵਾਨ ਸੀ ਅਤੇ ਉਹਦੇ ਕਪੜਿਆਂ ਤੋਂ ਗਰੀਬ ਹੋਣ ਵਾਲੀ ਕੋਈ ਨਿਸ਼ਾਨੀ ਨਹੀਂ ਝਲਕਦੀ ਸੀ। ਸਿਰ ਤੇ ਓਸ ਕੈਪ ਵੀ ਪਾਈ ਹੋਈ ਸੀ ਜਿਸ ਬਾਰੇ ਮੈਂ ਬਾਅਦ ਵਿਚ ਸੋਚਿਆ ਕਿ ਸ਼ਾਇਦ ਇਹ ਤਾਂਗੇ ਰਿਕਸ਼ੇ ਵਾਲਿਆਂ ਦੀ ਡਰੈਸ ਕੋਡ ਵਿਚ ਸ਼ਾਮਲ ਸੀ। ਕਿਉਂਕਿ ਇਕ ਦਿਨ ਪਹਿਲਾਂ ਜਿਸ ਤਾਂਗੇ ਵਿਚ ਸਵਾਰ ਹੋ ਕੇ ਅਸੀਂ ਕੋਕੋ ਬੀਚ ਗਏ ਸਾਂ, ਓਸ ਤਾਂਗੇ ਵਾਲੇ ਨੇ ਵੀ ਇਕ ਹੈਟ ਪਾਇਆ ਹੋਇਆ ਸੀ ਜੋ ਉਸ ਨੇ ਸਾਰਾ ਦਿਨ ਸਿਰ ਤੋਂ ਨਹੀਂ ਉਤਾਰਿਆ ਸੀ। ਮੁੰਡੇ ਨੇ ਖੂਨਬਸੂਰਤ ਸੜਕ ਤੇ ਰਿਕਸ਼ਾ ਤੋਰ ਲਿਆ। ਰਸਤਾ ਪਧਰਾ ਸੀ ਜਿਸ ਕਾਰਨ ਉਹਦਾ ਜ਼ਿਆਦਾ ਜ਼ੋਰ ਨਹੀਂ ਲਗ ਰਿਹਾ ਸੀ। ਸਵਾਰੀਆਂ ਵਾਲੀਆਂ ਖੂਬਸੂਰਤ ਬੱਸਾਂ ਆ ਜਾ ਰਹੀਆਂ ਸਨ ਅਤੇ ਮੁਸਾਫਰ ਉੱਤਰ ਚੜ੍ਹ ਰਹੇ ਸਨ। ਇਕ ਕਾਫੀ ਵਡਾ ਗੈਸ ਸਟੇਸ਼ਨ ਸੀ ਜਿਸ ਤੇ ਇਕੋ ਸਮੇਂ ਕਈ ਕਾਰਾਂ ਗੈਸ ਪਵਾ ਸਕਦੀਆਂ ਸਨ। ਮੈਂ ਬੱਸ ਤੇ ਗੈਸ ਸਟੇਸ਼ਨ ਦੀ ਫੋਟੋ ਖਿਚੀ ਅਤੇ ਅਸੀਂ ਹੋਰ ਅਗੇ ਚਲੇ ਗਏ। ਰਸਤੇ ਵਿਚ ਛੋਟੇ ਛੋਟੇ ਪਕੇ ਘਰਾਂ ਵਾਲੇ ਪਿੰਡ ਸਨ ਜਿਨ੍ਹਾਂ ਦੇ ਬਾਹਰ ਕੁਕੜੀਆਂ ਚੁਗ ਰਹੀਆਂ ਸਨ ਅਤੇ ਕੁਝ ਘਰਾਂ ਅੰਦਰ ਬਕਰੀਆਂ ਬਝੀਆਂ ਹੋਈਆਂ ਸਨ। ਕੁਝ ਲੇਡੀਜ਼ ਘਰਾਂ ਦੇ ਬਾਹਰ ਜਿਥੇ ਟਾਵੇਂ ਟਾਵੇਂ ਫੁੱਲਾਂ ਜਾਂ ਕੁਝ ਸਬਜ਼ੀਆਂ ਉਗੀਆਂ ਹੋਈਆਂ ਸਨ, ਵਿਚ ਕੰਮ ਕਰ ਰਹੀਆਂ ਸਨ। ਅਸੀਂ ਰਿਕਸ਼ੇ ਨੂੰ ਹੋਰ ਅਗੇ ਲੈ ਗਏ ਤੇ ਸਮੁੰਦਰ ਕੰਢੇ ਜਾ ਰਹੀ ਇਸ ਸੜਕ ਦੇ ਕੰਢੇ ਥੋੜ੍ਹੀ ਥੋੜ੍ਹੀ ਵਿਥ ਤੇ ਛੋਟੇ ਛੋਟੇ ਪਿੰਡ ਸਨ। ਕਿਸੇ ਕਿਸੇ ਘਰ ਅਗੇ ਕਾਰ ਵੀ ਖੜ੍ਹੀ ਦਿਸ ਪੈਂਦੀ ਸੀ। ਕੁਝ ਘਰ ਖੂਬਸੂਰਤ ਬਗੀਚੇ ਵਾਲੇ ਤੇ ਕੁਝ ਬਗੈਰ ਛੱਤਾਂ ਦੇ ਸਨ ਜਿਸ ਦਾ ਭਾਵ ਇਹੀ ਲਿਆ ਜਾ ਸਕਦਾ ਸੀ ਕਿ ਬਗੈਰ ਛੱਤਾਂ ਵਾਲੇ ਘਰ ਗਰੀਬਾਂ ਦੇ ਹੋਣਗੇ। ਕੁਝ ਦੂਰ ਹੋਰ ਅਗੇ ਗਏ ਤਾਂ ਇਕ ਹੋਟਲ ਵੇਖਿਆ ਜਿਸ ਵਿਚ ਕੁਰਸੀਆਂ ਲਗੀਆਂ ਹੋਈਆਂ ਸਨ ਪਰ ਬੰਦਾ ਕੋਈ ਨਹੀਂ ਸੀ। ਕੁਝ ਦੇਰ ਬੈਠਣ ਦੇ ਬਹਾਨੇ ਅਸੀਂ ਦੋ ਬੀਅਰਾਂ ਦਾ ਆਰਡਰ ਕੀਤਾ ਤਾਂ ਜਵਾਬ ਮਿਲਿਆ ਕਿ ਖਤਮ ਹੋ ਚੁਕੀਆਂ ਹਨ, ਲਾਗੇ ਹੀ ਇਕ ਹੋਰ ਕੁੜੀ ਸ਼ਰਾਬ ਵੇਚ ਰਹੀ ਸੀ। ਉਸ ਨੇ ਸਾਨੂੰ ਦੋ ਬੀਅਰ ਦੀਆਂ ਬੋਤਲਾਂ ਪਹਿਲਾਂ ਦੋ ਕਊਬਾ ਕਨਵਰਟੇਬਲ ਪੀਸੋ ਲੈ ਕੇ ਦੇ ਦਿਤੀਆਂ। ਓਥੇ ਵੀ ਬੜੀ ਬੇਰੌਣਕੀ ਸੀ ਅਤੇ ਕੋਈ ਭੀੜ ਭੜਕਾ ਨਹੀਂ ਸੀ ਜਾਂ ਰਾਤ ਪੈਣ ਵਾਲੀ ਹੋਣ ਕਰ ਕੇ ਚੁਪ ਚਾਪ ਛਾ ਰਹੀ ਸੀ।
ਮੈਂ ਅਧੀ ਕੁ ਬੀਅਰ ਪੀ ਕੇ ਬਾਕੀ ਦੀ ਨੌਜਵਾਨ ਰਿਕਸ਼ਾ ਚਲਾਉਣ ਵਾਲੇ ਮੁੰਡੇ ਨੂੰ ਦੇ ਦਿਤੀ ਜੋ ਉਹਨੇ ਬਗੈਰ ਕਿਸੇ ਝਿਜਕ ਦੇ ਪੀ ਲਈ। ਮੈਂ ਉਸ ਨੂੰ ਹੋਰ ਬੀਅਰ ਮੱਲ ਲੈ ਕੇ ਦੇਣ ਲਈ ਕਿਹਾ ਪਰ ਉਸ ਨੇ ਨਾਂਹ ਕਰ ਦਿਤੀ। ਹੁਣ ਦਿਨ ਡੁਬਣ ਵੱਲ ਵਧ ਰਿਹਾ ਸੀ। ਅਸੀਂ ਵਾਪਸ ਜਾਣ ਦਾ ਮਨ ਬਣਾ ਲਿਆ। ਭਾਸ਼ਾ ਦੇ ਆਦਾਨ ਪਰਦਾਨ ਬਗੈਰ ਜਦ ਕਿਸੇ ਨਾਲ ਕੋਈ ਗੱਲ ਹੀ ਨਹੀਂ ਹੋ ਸਕਦੀ ਸੀ ਤਾਂ ਲੋਕਾਂ ਦੇ ਮਨ ਕਿਵੇਂ ਪੜ੍ਹੇ ਜਾ ਸਕਦੇ ਸਨ। ਵਾਪਸ ਪਰਤਦਿਆਂ ਇਕ ਘਰ ਦੇ ਪਿਛਵਾੜੇ ਵਿਚ ਕੁਝ  ਮੁਰਗੀਆਂ, ਚੂਚੇ ਅਤੇ ਲਾਲ ਅਤੇ ਕਾਲੇ ਮੁਰਗੇ ਤੁਰ ਫਿਰ ਰਹੇ ਸਨ ਅਤੇ ਇਕ ਨੌਜਵਾਨ ਕਿਊਬਨ ਲੇਡੀ ਪਿਛਵਾੜੇ ਖੜ੍ਹੀ ਸੀ। ਕੁਕੜ ਵੇਖ ਕੇ ਅਸਾਂ ਮਨ ਬਣਾ ਇਆ ਕਿ ਇਸ ਨੂੰ ਪੁਛੀਏ ਕਿ ਇਸਨੇ ਕੋਈ ਕੁਕੜ ਚਾਂ ਬਿਨ ਬਾਂਗਾ ਮੁਰਗਾ ਵੇਚਣਾ ਹੈ ਅਤੇ ਕੀ ਇਹ ਬਣਾ ਕੇ ਵੀ ਸਾਨੂੰ ਖਵਾ ਸਕਦੀ ਹੈ। ਹੈਰਾਨੀ ਹੋਈ ਜਦ ਉਹ ਅੰਗਰੇਜ਼ੀ ਵਿਚ ਸਾਡੇ ਨਾਲ ਗੱਲਾਂ ਕਰਨ ਲੱਗੀ। ਓਸ ਕਿਹਾ ਕਿ ਨਹੀਂ ਓਸ ਨੇ ਕੁਕੜ ਨਹੀਂ ਵੇਚਣਾ ਅਤੇ ਜੇ ਅਸੀਂ ਕੁੜੀਆਂ ਦੀ ਭਾਲ ਵਿਚ ਸਾਂ ਤੇ ਓਸ ਨੇ ਇਸ਼ਾਰਾ ਕਰ ਕੇ ਕਿਹਾ ਕਿ ਓਧਰ ਚਲੇ ਜਾਓ ਅਤੇ ਰਿਕਸ਼ੇ ਵਾਲੇ ਨੂੰ ਵੀ ਸਮਝਾ ਦਿਤਾ। ਏਨੇ ਨੂੰ ਉਹਦਾ ਘਰ ਵਾਲਾ ਕਾਰ ਲੈ ਕੇ ਆ ਗਿਆ ਅਤੇ ਸਾਡੇ ਕੋਲ ਖਲੋ ਕੇ ਸਾਡੀਆਂ ਗੱਲਾਂ ਸੁਣਨ ਲੱਗਾ ਪਰ ਕਿਸੇ ਵੀ ਕਿਸਮ ਦਾ ਕੋਈ ਪ੍ਰਭਾਵ ਨਾ ਦਿਤਾ। ਲਗਦਾ ਸੀ ਕਿ ਉਹ ਕੁੜੀ ਸੈਲਾਨੀਆਂ ਨਾਲ ਖੁਲ੍ਹੀਆਂ ਗੱਲਾਂ ਕਰਨ ਦੀ ਆਦੀ ਸੀ। ਅਸੀਂ ਹੁਣ ਰੀਜ਼ੋਰਟ ਨੂੰ ਵਾਪਸ ਆ ਰਹੇ ਸਾਂ ਜੋ ਓਥੋਂ ਤਿੰਨ ਚਾਰ ਮੀਲ ਦੂਰ ਸੀ। ਰਸਤੇ ਵਿਚ ਸੜਕ ਦੇ ਇਕ ਕੰਢੇ ਸਮੁੰਦਰ ਤੇ ਦੂਜੇ ਪਾਸੇ ਹਰੇ ਭਰੇ ਮੈਦਾਨ ਸਨ ਤੇ ਪਾਣੀ ਦੇ ਵਡੇ ਵਡੇ ਛਪੜ ਵੀ ਦਿਸ ਰਹੇ ਸਨ ਜਿਨ੍ਹਾਂ ਵਿਚ ਚਿਟੇ ਬਗਲੇ ਕਲੋਲਾਂ ਕਰ ਰਹੇ ਸਨ। ਜਦ ਅਸੀਂ ਵਾਪਸ ਰੀਜ਼ੋਰਟ ਤੇ ਪਹੁੰਚੇ ਤਾਂ ਮਨ ਬੜਾ ਖੁਸ਼ ਸੀ ਕਿ ਅਸੀਂ ਕਿਊਬਾ ਵਿਚ ਇੰਡੀਆਂ ਵਾਂਗ ਰਿਕਸ਼ੇ ਤੇ ਚੜ੍ਹ ਕੇ ਸਮੁੰਦਰ ਦੇ ਕਿਨਾਰੇ ਤੇ ਬਣੇ ਹੋਏ ਕੁਝ ਪਿੰਡ ਵੇਖੇ ਸਨ ਅਤੇ ਕੁਝ ਨਾ ਕੁਝ ਨਵੀਂ ਜਾਣਕਾਰੀ ਸਾਡੇ ਪੱਲੇ ਪਈ ਸੀ। ਰਿਕਸ਼ੇ ਵਾਲੇ ਮੁੰਡੇ ਨੂੰ ਜਦ ਦੋ ਪੀਸੋ ਦਿਤੇ ਜੋ ਉਹਨਾਂ ਦੀ ਨੈਸ਼ਨਲ ਮਨੀ ਵਿਚ 50 ਪੀਸੋ ਬਣਦੇ ਸਨ ਤਾਂ ਉਹ ਖੁਸ਼ ਲਗ ਰਿਹਾ ਸੀ ਜਦ ਕਿ ਮੈਂ ਬਾਅਦ ਵਿਚ ਮਹਿਸੂਸ ਕੀਤਾ ਕਿ ਇਸ ਨੂੰ ਜ਼ਿਆਦਾ ਪੈਸੇ ਦੇਣੇ ਚਾਹੀਦੇ ਸਨ ਜੋ ਸਾਡੇ ਵਰਗੇ ਬੁਢਿਆਂ ਨੂੰ ਦੋ ਘੰਟੇ ਸੜਕਾਂ ਤੇ ਖਿਚੀ ਫਿਰਦਾ ਰਿਹਾ ਸੀ। ਜੋ ਕਪੜਾ ਅਸੀਂ ਰੀਜ਼ੋਰਟ ਵਿਚ ਵੰਡਿਆ ਸੀ, ਇਸ ਤਰ੍ਹਾਂ ਦੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਵੰਡਿਆ ਜਾਣਾ ਚਾਹੀਦਾ ਸੀ। ਬਾਰ ਤੋਂ ਥੋੜ੍ਹੀ ਥੋੜ੍ਹੀ ਦਾਰੂ ਪੀ ਕੇ ਅਸੀਂ ਬੈਂਕ ਮੈਨੇਜਰ ਮੁੰਡੇ ਜੋਸੇ ਕੋਲ ਚਲੇ ਗਏ ਤੇ ਉਹਨੂੰ ਕਿਹਾ ਕਿ ਸਾਨੂੰ ਕਿਊਬਾ ਦੀ ਨੈਸ਼ਨਲ ਮਨੀ ਅਤੇ ਕਿਊਬਾ ਦਾ ਕਨਵਰਟੇਬਲ ਪੀਸੋ ਜੋ ਲਗ ਭਗ ਕੈਨੇਡੀਅਨ ਡਾਲਰ ਦੇ ਕਰੀਬ ਸੀ, ਦਾ ਫਰਕ ਸਮਝਾਵੇ। ਮੈਂ ਜੋਸੇ ਨੂੰ ਕਿਹਾ ਕਿ ਸਾਡੇ ਕੋਲ ਕਨਵਰਟੇਬਲ ਪੀਸੋ ਤਾਂ ਹਨ ਜਿਸ ਦੇ ਇਕ ਪੀਸੋ ਦੇ 25 ਪੀਸੋ ਬਣਦੇ ਹਨ ਪਰ ਅਸੀਂ ਨੈਸ਼ਨਲ ਮਨੀ ਵੇਖਣਾ ਚਹੁੰਦੇ ਹਾਂ। ਉਹ ਕਹਿਣ ਲੱਗਾ ਕਿ ਸਵੇਰੇ ਉਹ ਸਾਡੇ ਲਈ ਇਕ ਡਾਲਰ ਦੀ 25 ਪੀਸੋ ਨੈਸ਼ਨਲ ਮਨੀ ਲੈ ਆਵੇਗਾ ਜੋ ਤੁਸੀਂ ਏਥੇ ਚਲਾ ਤਾਂ ਨਹੀਂ ਸਕੋਗੇ ਪਰ ਆਪਣੀ ਯਾਦਾਸ਼ਤ ਲਈ ਨਾਲ ਕੈਨੇਡਾ ਲੈ ਜਾਣਾ। ਅਸੀਂ ਉਹਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਏ। ਪ੍ਰਿੰਸੀਪਲ ਸਾਹਿਬ ਨੇ ਤਿੰਨ ਸਕਾਚ ਦੇ ਗਲਾਸ ਲਿਆਂਦੇ ਅਤੇ ਅਸੀਂ ਤਿੰਨਾਂ ਨੇ ਪੀ ਲਏ। ਦਾਰੂ ਦਾ ਗਲਾਸ ਪੀ ਕੇ ਜੋਸੇ ਖੁਸ਼ ਹੋ ਗਿਆ। ਮੈਂ ਜੋਸੇ ਨੂੰ ਕਿਹਾ ਕਿ ਅਸੀਂ ਸਵੇਰੇ ਤੇਰੇ ਲਈ ਪੈਂਟਾਂ ਆਦਿ ਲੈ ਕੇ ਆਵਾਂਗੇ ਤੇ ਉਹ ਹੋਰ ਵੀ ਖੁਸ਼ ਹੋ ਗਿਆ। ਅਤੇ ਅਸੀਂ ਆਪਣੇ ਕਮਰੇ ਵਿਚ ਆ ਗਏ। ਡਿਨਰ ਕਰਨ ਤੋਂ ਪਹਿਲਾਂ ਕੁਝ ਚਿਰ ਆਰਾਮ ਕਰਨਾ ਚਹੁੰਦੇ ਸਨ। ਇਸ ਰਾਤ ਤੋਂ ਬਾਅਦ ਰੀਜ਼ੋਰਟ ਵਿਚ ਸਾਡੀ ਇਕ ਰਾਤ ਹੋਰ ਰਹਿ ਗਈ ਸੀ। ਜਾਂ ਸਮਝ ਲਵੋ ਕਿ ਜੋ ਅਗਲਾ ਦਿਨ ਚੜ੍ਹਨਾ ਸੀ, ਰੀਜ਼ੋਰਟ ਵਿਚ ਉਹ ਸਾਡਾ ਆਖਰੀ ਦਿਨ ਹੋਣਾ ਸੀ। ਪ੍ਰਿੰ: ਸਾਹਿਬ ਤਾਂ ਆਂਦੇ ਹੀ ਮੰਜੇ ਤੇ ਡਿਗ ਪਏ ਤੇ ਸੌਂ ਗਏ ਤੇ ਮੈਂ ਸੋਚਾਂ ਦੇ ਸਮੁੰਦਰ ਵਿਚ ਗੋਤੇ ਖਾਣ ਲੱਗਾ ਕਿ ਮੈਨੂੰ ਨੀਂਦ ਕਿਉਂ ਨਹੀਂ ਆਉਂਦੀ। ਇਹ ਨੀਂਦ ਪੀ ਕੇ ਵੀ ਨਹੀਂ ਆਉਂਦੀ ਸੀ ਅਤੇ ਨਾ ਬਿਨ ਪੀਤਿਆਂ ਵੀ ਨਹੀਂ। ਇਥੋਂ ਤਕ ਕਿ ਕਈ ਵਾਰ ਨੀਂਦ ਦੀ ਗੋਲੀ ਵੀ ਅਸਰ ਕਰਨੋ ਹਟ ਗਈ ਸੀ। ਮੈਂ ਬਹੁਤ ਪਾਠ ਵੀ ਕਰਦਾ ਹਾਂ ਕਿ ਮਨ ਸ਼ਾਂਤ ਹੋ ਜਾਵੇ ਤੇ ਨੀਂਦ ਆ ਜਾਵੇ। ਪ੍ਰਿੰਸੀਪਲ ਸਾਹਿਬ ਘੁਰਾੜੇ ਮਾਰ ਰਹੇ ਸਨ ਤੇ ਮੈਂ ਜਾਗ ਰਿਹਾ ਸਾਂ।
ਪ੍ਰਿੰ: ਸਾਹਿਬ ਤਾਂ ਸੌਂ ਗਏ ਸਨ ਅਤੇ ਕੁਝ ਘੰਟੇ ਸੌਂ ਕੇ ਇਹਨਾਂ ਆਪਣੀ ਨੀਂਦ ਪੂਰੀ ਕਰ ਲੈਣੀ ਸੀ। ਮੈਂ ਕੁਝ ਚਿਰ ਲੇਟਿਆ ਰਿਹਾ ਤੇ ਫਿਰ ਬਾਹਰ ਨਿਕਲ ਕੇ ਸਮੁੰਦਰ ਦੇ ਕੰਢੇ ਘੁੰਮਨ ਚਲਾ ਗਿਆ। ਹਨੇਰਾ ਹੋ ਚੁਕਾ ਸੀ ਤੇ ਹੁਣ ਏਥੇ ਕੋਈ ਟਾਵਾਂ ਟਾਵਾਂ ਸੈਲਾਨੀ ਹੀ ਦਿਸ ਰਿਹਾ ਸੀ। ਕੁਝ ਦੇਰ ਮੈਂ ਇਕ ਲੰਮੀ ਕੁਰਸੀ ਤੇ ਲੇਟ ਕੇ ਸਮੁੰਦਰ ਦੀਆਂ ਛੱਲਾਂ ਦਾ ਸ਼ੋਰ ਸੁਣਦਾ ਰਿਹਾ। ਕੁਝ ਬੇਚੈਨੀ ਘਟੀ ਤਾਂ ਫਿਰ ਉਠ ਕੇ ਪੂਲ ਤੇ ਆ ਕੇ ਲੇਟ ਗਿਆ। ਏਥੇ ਰੋਸ਼ਨੀਆਂ ਦਾ ਕੋਈ ਅੰਤ ਨਹੀਂ ਸੀ। ਹੁਣ ਪੂਲ ਤੇ ਕੋਈ ਨਹਾ ਨਹੀਂ ਰਿਹਾ ਸੀ। ਕੋਈ ਕੋਈ ਸੈਲਾਨੀ ਬੀਅਰ, ਵਾਈਨ ਜਾਂ ਡਰਿੰਕ ਲੈ ਰਿਹਾ ਸੀ। ਪੂਲ ਦੇ ਵਿਚ ਇਕ ਪਾਸੇ ਬਾਰ ਸੀ ਤੇ ਪੂਲ ਤੋਂ ਸਮੁੰਦਰ ਵਾਲੇ ਪਾਸੇ ਵੀ ਬਾਰ ਸੀ ਜਿਥੇ ਕੁਝ ਖਾਣ ਨੂੰ ਵੀ ਮਿਲ ਜਾਂਦਾ ਸੀ। ਓਥੇ ਜਾ ਕੇ ਮੈਂ ਇਕ ਬੀਅਰ ਪੀਤੀ ਪਰ ਮਨ ਟਿਕ ਨਹੀਂ ਰਿਹਾ ਸੀ। ਅੰਦਰੋਂ ਡਰ ਸੀ ਕਿ ਪ੍ਰਿੰਸੀਪਲ ਪਾਖਰ ਸਿੰਘ ਹੁਰੀਂ ਕਿਤੇ ਕਮਰੇ ਵਿਚੋਂ ਬਾਹਰ ਜਾ ਕੇ ਫਿਰ ਪੀਣੀ ਸ਼ੁਰੂ ਨਾ ਕਰ ਦੇਣ। ਇਸ ਡਰ ਨੂੰ ਖਤਮ ਕਰਨ ਲਈ ਮੈਂ ਕਮਰੇ ਵੱਲ ਹੋ ਤੁਰਿਆ ਜੋ ਹਨੇਰਾ ਹੋਣ ਕਰ ਕੇ ਲਭ ਨਹੀਂ ਰਿਹਾ ਸੀ। ਹੋਟਲ ਦੇ ਸਾਰੇ ਕਮਰੇ ਇਕੋ ਜਹੇ ਸਨ ਅਤੇ ਪਛਾਣ ਸਿਰਫ ਨੰਬਰਾਂ ਤੋਂ ਆਉਂਦੀ ਸੀ। ਇਕ ਰਾਤ ਤਾਂ ਜਦ ਮੈਂ ਤੇ ਪ੍ਰਿੰ: ਪਾਖਰ ਸਿੰਘ ਜ਼ਿਆਦਾ ਪੀ ਗਏ ਸਾਂ ਤਾਂ ਆਪਣਾ ਕਮਰਾ ਭੁੱਲ ਕੇ ਕਾਫੀ ਚਿਰ ਗਵਾਚੇ ਰਹੇ ਸਾਂ। ਜਦ ਮੈਂ ਕਮਰੇ ਵਿਚ ਆਇਆ ਤਾਂ ਪਾਖਰ ਸਿੰਘ ਜੀ ਘੂਕ ਸੌਂ ਰਹੇ ਸਨ। ਮਨ ਨੂੰ ਬੜੀ ਤਸੱਲੀ ਹੋਈ ਤੇ ਮੈਂ ਸੋਚਿਆ ਕਿ ਬੱਸ ਅਜ ਦੀ ਰਾਤ ਤੋਂ ਬਾਅਦ ਇਕ ਦਿਨ ਤੇ ਇਕ ਰਾਤ ਹੋਰ ਰਹਿ ਗਈ ਸੀ। ਫਿਰ ਤਾਂ ਏਅਰਪੋਰਟ ਤੇ ਪਹੁੰਚ ਜਹਾਜ਼ ਵਿਚ ਚੜ੍ਹ ਕੇ ਟਰਾਂਟੋ ਜਾ ਉਤਰਨਾ ਸੀ ਅਤੇ ਪ੍ਰਿੰਸੀਪਲ ਪਾਖਰ ਸਿੰਘ ਹੁਰਾਂ ਨੂੰ ਉਹਨਾਂ ਦੇ ਪਰਵਾਰ ਦੇ ਹਵਾਲੇ ਕਰ ਕੇ ਲਈ ਜਿੰæਮੇਵਾਰੀ ਤੋਂ ਮੁਕਤ ਹੋ ਜਾਣਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਕਿ ਡਿਨਰ ਕਰਨ ਵਾਸਤੇ ਜਾਣਾ ਹੈ ਜਾਂ ਨਹੀਂ ਪਰ ਉਹਨਾਂ ਸੁਤਿਆਂ ਹੀ ਜਵਾਬ ਦੇ ਦਿਤਾ ਕਿ ਮੈਂ ਰੋਟੀ ਨਹੀਂ ਖਾਣੀ। ਕੁਝ ਦੇਰ ਬਾਅਦ ਮੈਂ ਡਿਨਰ ਕਰਨ ਤੋਂ ਪਹਿਲਾਂ ਬਾਰ ਦੇ ਬਾਹਰ ਪਈਆਂ ਕੁਰਸੀਆਂ ਤੇ ਬੈਠ ਕੇ ਹੌਲੀ ਹੌਲੀ ਦਾਰੂ ਦੇ ਘੁਟ ਭਰਨ ਲੱਗਾ। ਕੋਈ ਕਿਸੇ ਨੂੰ ਬੁਲਾ ਨਹੀਂ ਰਿਹਾ ਸੀ। ਸਿਰਫ ਉਹ ਲੋਕ ਹੀ ਇਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਜੋ ਇਕਠੇ ਆਏ ਸਨ ਤੇ ਇਕ ਦੂਜੇ ਨੂੰ ਜਾਣਦੇ ਸਨ। ਕੁਝ ਦੇਰ ਬਾਅਦ ਸਰਾ ਸਾਹਿਬ ਵੀ ਦਾਰੂ ਲੈ ਕੇ ਮੇਰੇ ਲਾਗੇ ਆ ਕੇ ਬੈਠ ਗਏ ਅਤੇ ਮੇਰੀ ਵੀ ਉਹਨਾਂ ਨਾਲ ਕੰਪਨੀ ਹੋ ਗਈ। ਜਦ ਸਾਡੇ ਗਲਾਸ ਖਾਲੀ ਹੋ ਜਾਂਦੇ ਤਾਂ ਸਰਾ ਸਾਹਿਬ ਆਪਣੇ ਤੇ ਮੇਰੇ ਲਈ ਗਲਾਸ ਭਰਵਾ ਕੇ ਲੈ ਆਉਂਦੇ। ਸਿਵਾਏ ਵਿਆਹ ਸ਼ਾਦੀਆਂ ਜਾ ਪਾਰਟੀਆਂ ਦੇ ਮੈਂ ਜ਼ਿੰਦਗੀ ਵਿਚ ਇਸ ਤਰ੍ਹਾਂ ਫਰੀ ਵਰਤਾਈ ਜਾਂਦੀ ਮਨ ਮਰਜ਼ੀ ਦੀ ਸ਼ਰਾਬ ਪਹਿਲੀ ਵਾਰ ਵੇਖੀ ਸੀ। ਪਰ ਇਹ ਸ਼ਰਾਬ ਥੋੜ੍ਹਾ ਹੁਲਾਰਾ ਦੇ ਕੇ ਲਹਿ ਜਾਂਦੀ ਸੀ ਅਤੇ ਇਸਦਾ ਸਵਾਦ ਵੀ ਵਖਰਾ ਸੀ। ਜ਼ਿਆਦਾ ਸੈਲਾਨੀ ਲੋਕ ਕਿਊਬਾ ਦੀ ਵੇਕੇਸ਼ਨ ਤੇ ਜਾ ਕੇ ਵੋਦਕਾ ਅਤੇ ਰਮ ਹੀ ਪੀਂਦੇ ਵੇਖੇ ਗਏ।

samsun escort canakkale escort erzurum escort Isparta escort cesme escort duzce escort kusadasi escort osmaniye escort