ਤੇਰੇ ਆਉਣ ਤੇ (ਕਵਿਤਾ)

ਸੁਖਵਿੰਦਰ ਸੁਖੀ ਭੀਖੀ   

Cell: +91 98154 48958
Address: ਨੇੜੇ ਗੁਰੂ ਰਵਿਦਾਸ ਮੰਦਰ ਭੀਖੀ
ਮਾਨਸਾ India 151504
ਸੁਖਵਿੰਦਰ ਸੁਖੀ ਭੀਖੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੀ ਪਿਆਰੀ ਧੀ
ਤੇਰੀ ਆਮਦ 'ਤੇ
ਮੈਂ ਖੁਸ਼ੀ 'ਚ
ਫੁੱਲਿਆ ਨਹੀਂ ਸਮਾਉਂਦਾ
ਮੈਂ ਬਹੁਤ ਖੁਸ਼ ਹਾਂ
ਤੇਰੇ ਆਉਣ ਤੇ.......

ਜਿਵੇਂ ਸੂਰਜ ਦਾ ਚੜ੍ਹਨਾ
ਤਾਰਿਆਂ ਦਾ
ਟਿਮਟਮਉਣਾ
ਫੁੱਲਾਂ ਦਾ ਖਿੜਨਾ
ਪੰਛੀਆਂ ਦਾ ਚਹਿਕਣਾ
ਸਭ ਨੂੰ ਚੰਗਾ ਲੱਗਦੈ
ਮੈਨੂੰ ਤੇਰਾ ਆਉਣਾ
ਉਸੇ ਤਰਾਂ ਲੱਗਿਆ
ਤੇਰੀ ਪਹਿਲੀ ਕਿਲਕਾਰੀ ਨੇ
ਮੇਰੇ ਕੰਨਾਂ 'ਜ
ਵਿਸਮਾਦੀ ਸੰਗੀਤ
ਛੇੜ ਦਿੱਤਾ
ਮੇਰੇ ਵੱਲੋਂ
ਤੇਰਾ ਨਿੱਘਾ
ਸਵਾਗਤ ਹੈ,
ਖੁਸ਼ਆਮਦੀਦ !

ਮੇਰਾ ਵਾਅਦਾ
ਤੇਰੀਆਂ ਸਭ
ਖੁਸ਼ੀਆਂ,ਉਮੰਗਾਂ
ਚਾਵਾਂ,ਇੱਛਾਵਾਂ
ਨੂੰ ਬੂਰ ਪਾਵਾਂਗਾ,

ਤੈਨੂੰ ਪਿਆਰ, ਦੁਲਾਰ
ਮਮਤਾ ਦਾ ਨਿੱਘ ਮਿਲੇਗਾ,

ਤੇਰੀ ਹਰ ਮੰਗ, ਉਮੰਗ
ਖੁਵਾਇਸ਼ ਦਾ ਖਿਆਲ ਰੱਖਾਂਗਾ,

ਪੁੱਤ ਦੀ ਤਮੰਨਾ ਲਈ
ਮੈਂ ਵਹਿਸ਼ੀ ਦਰਿੰਦਾ ਬਣ
ਧੀ ਨੂੰ ਮਾਰਨਾ ਨਹੀਂ ਚਾਹੁੰਦਾ
ਬਾਪੂ ਦੀ ਦਾੜ੍ਹੀ ਹੱਥ ਪਾਉਣੇ
ਫੈਸੀਆਂ ਪੀਣੇ
ਨਸ਼ੇੜੀ ਪੁੱਤਾਂ ਤੋਂ
ਮੈਨੂੰ ਧੀ-ਪਿਆਰੀ ਏ !
ਮੈਂ ਕੁਰਾਹੇ ਪਏ
ਸਮਾਜ ਪਿੱਛੇ ਨਹੀਂ
ਜਾਣਾ ਚਾਹੁੰਦਾ
ਮੈਂ ਤੈਨੂੰ ਹੀ
ਪਾਲਾਗਾਂ, ਸਿੰਝਾਗਾ
ਉਗਾਵਾਂਗਾ
ਤੂੰ ਮੇਰੀ ਪਿਆਰੀ ਫਸਲ ਏ!
ਬਸ ਤੇਰੇ ਤੋਂ
ਇੱਕ ਉਮੀਦ
ਰੱਖਦਾ ਹਾਂ
ਮੇਰਾ ਉਚੱਾ ਸਿਰ
ਚੌੜੀ ਛਾਤੀ
ਮਟਕਵੀਂ ਚਾਲ
ਕਦੀ ਵੀ ਮੱਧਮ ਨਾ ਪਾਵੀਂ!
ਮੈਂ
ਆਪਣੇ ਚਿੱਟੇ ਕੱਪੜਿਆਂ 'ਤੇ
ਮੈਲ ਵੀ ਬਰਦਾਸ਼ਤ ਨਹੀਂ
ਕਰ ਸਕਦਾ
ਦਾਗ ਮੇਰੇ ਲਈ
ਅਸਹਿ 'ਤੇ ਅਕਹਿ
ਪੀੜਾਂ ਸਮਾਨ ਹੈ,
ਮੈਨੂੰ ਮੇਰੀ ਧੀ 'ਤੇ
ਪੂਰਾ ਮਾਣ ਹੈ........।