ਇਹ ਕੁੜੀਆਂ (ਕਵਿਤਾ)

ਕੇਵਲ ਕ੍ਰਿਸ਼ਨ ਸ਼ਰਮਾ    

Email: sharma.kewal27@gmail.com
Cell: +91 98157 80654
Address: ਪਿੰਡ ਲੰਡੇ
ਮੋਗਾ India
ਕੇਵਲ ਕ੍ਰਿਸ਼ਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਕੁਡ਼ੀਆਂ ਇਹ ਚਿਡ਼ੀਆਂ , ਇਹ ਚਿਡ਼ੀਆਂ ਇਹ ਕੁਡ਼ੀਆਂ ,
ਇਹ ਬਿਨ ਕਰਮਾਂ ਵਾਲ੍ਡ਼ੀਆਂ ਇਹ  ਬਿਨ ਖੰਬਾਂ ਵਾਲ੍ਡ਼ੀਆਂ |
ਇਹ ਸੁਹਰਿਆਂ ਵਾਲ੍ਡ਼ੀਆਂ , ਇਹ ਪੇਕਿਆਂ ਵਾਲ੍ਡ਼ੀਆਂ ,
ਪਰ ਅੱਜ ਤੱਕ ਨਾਂ ਕੋਈ ਆਪਣਾਂ ਟਿਕਾਣਾ
ਲਭ ਸਕੀਆਂ ਇਹ ਬਾਲਡ਼ੀਆਂ |
ਇਹ ਜਿਸ ਘਰ ਚ ਜੰਮੀ ਇਹ ਜਿਸ ਘਰ ਚ ਜਾਈ,
ਓਹਨਾਂ ਨੇਂ ਹੀ ਨਾਮ ਏਸ ਨੂੰ ਦਿੱਤਾ ਪਰਾਈ |
ਸਮਝ ਸਦਾ ਇਸ ਨੂੰ ਆਪਣੇਂ ਕੋਈ ਸਿਰ ਦਾ ਬੋਝ,
ਬਸ ਇਸ ਨੂੰ ਤੋਰਨ ਖਾਤਿਰ ਕੀਤੀ ਕਮਾਈ |
ਕਦੇ ਪੁੱਤਾਂ ਵਾਂਗ ਨਾਂ ਲਾਡ ਇਹਨਾਂ  ਨੂੰ ਲਡ਼ਾਏ,
ਕਦੇ ਨਾਂ ਦੇ ਦੇ ਲੋਰੀਆਂ ਸਵਾਲਡ਼ੀਆਂ |
ਇਹ ਕੁਡ਼ੀਆਂ ਇਹ ਚਿਡ਼ੀਆਂ ................
ਸੋਚਾਂ ਇਹੀ  ਸੋਚ ਇਹ  ਜਵਾਨ ਹੋਈ ,
ਕਿ ਅਗਲੇ ਘਰ ਜਾ ਕੇ ਤਾਂ ਮਿਲ ਜਾਏ ਢੋਈ |
ਆਪਣੀ ਜੋ ਕਹੇਗਾ ਤੇ ਆਪਣਾਂ ਹੀ ਰਹੇਗਾ ,
ਫਿਰ ਨਾਂ ਮੈਨੂੰ ਕਦੇ ਪਰਾਈ ਕਹੂ ਕੋਈ |
ਪਰ ਦਿਲ ਵਿਚ ਹੀ ਸਡ਼ ਜਾਣ  ਆਸਾਂ ਸੰਭਾਲਡ਼ੀਆਂ, 
ਇਹ ਕੁਡ਼ੀਆਂ ਇਹ ਚਿਡ਼ੀਆਂ ........................
ਪਤੀ ਚੰਗਾ ਮਿਲਿਆ ਤਾਂ ਸੱਸ ਮਾਂ ਨਾਂ ਬਣਦੀ,
ਤਦੇ ਬੈਠੀ ਸੋਚੇ ਮਾਂ ਮੈਨੂੰ ਹੀ ਨਾਂ ਜਣਦੀ |
ਉਮਰ ਮੇਰੀ ਏਦਾਂ ਬਸ ਲੰਘ ਜਾਣੀ ਹੁਣ ਤਾਂ ,
ਟੋਟੇ ਗੰਢ ਗੰਢ ਜਿੰਦ ਦੇ ਰਹੂੰ ਤਾਣਾ ਤਣਦੀ |
ਪਤਾ ਨਹੀਂ ਕਿਨੀਆਂ ਉਮਰਾਂ ਮੈਂ ਏਦਾਂ ਹੀ ਗਾਲਡ਼ੀਆਂ,
ਇਹ ਕੁਡ਼ੀਆਂ ਇਹ ਚਿਡ਼ੀਆਂ ...........
ਕੋਈ ਤਾਂ ਇਹਨਾਂ ਦੇ ਦਿਲ ਵਿਚ ਵਡ਼ ਕੇ ਦੇਖੇ ,
ਦੂਰ ਹੋ ਜਾਵਣ ਫਿਰ ਸਾਰੇ ਭੁਲੇਖੇ |
ਕੋਈ ਤਾਂ ਇਹਨਾਂ ਨੂੰ ਦੇਵੇ ਦੋ ਪਲ ਜਿੰਦਗੀ ਦੇ ,
ਲਾਉਣ ਆਪਣਾਂ ਜੋ ਜੀਵਨ ਸਦਾ ਦੂਜੇ ਲੇਖੇ |
ਨਾਂ ਏਧਰ ਨਾਂ ਓਧਰ ਇਹ ਸਦਾ ਹੀ ਵੀਚਾਲਡ਼ੀਆਂ |
ਇਹ ਕੁਡ਼ੀਆਂ ਇਹ ਚਿਡ਼ੀਆਂ ...............
ਇਹ ਰੁੱਖ ਬਚਾਓ ਤੇ ਧੀਆਂ ਬਚਾਓ ,
ਇਹ ਛਾਵਾਂ ਬਚਾਓ ਤੇ ਤੀਆਂ  ਬਚਾਓ |
ਇਹ ਨਾਅਰੇ ਬਣੇ ਸਿਰਫ ਜੋ ਸ਼ਾਨ ਦੀਵਾਰਾਂ ਦੀ ,
'ਕੇਵਲ ' ਇਹਨਾਂ ਤੇ ਕੋਈ ਗੋਰ ਵੀ ਫਰਮਾਓ |
ਕਦੋਂ ਅਸੀਂ ਵਰਤਾਂਗੇ ਅਕਲਾਂ ਸੰਭਾਲਡ਼ੀਆਂ |
ਇਹ ਕੁਡ਼ੀਆਂ ਇਹ ਚਿਡ਼ੀਆਂ ਇਹ ਚਿਡ਼ੀਆਂ ਇਹ ਕੁਡ਼ੀਆਂ ,
ਇਹ ਬਿਨ ਕਰਮਾਂ ਵਾਲ੍ਡ਼ੀਆਂ ਇਹ ਬਿਨ ਖੰਭਾਂ ਵਾਲ੍ਡ਼ੀਆਂ |