ਡਾਕਾ (ਪਿਛਲ ਝਾਤ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਰਤ ਦੇ ਅਜ਼ਾਦ ਹੋਣ ਤੋਂ ਪਹਿਲਾਂ ਅਤੇ ਕੁਝ ਸਮਾਂ ਬਾਅਦ ਵਿਚ ਵੀ ਪੰਜਾਬ ਦੇ ਮਾਲਵਾ ਇਲਾਕੇ ਵਿਚ ਪਿੰਡਾਂ ਦੇ ਅਮੀਰ ਘਰੀਂ ਡਾਕੇ ਪੈਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸੁਣੀਂਦੀਆਂ ਸਨæ ਸੰਨ ਸੰਤਾਲੀ ਤਕ ਮਾਲਵੇ ਵਿਚ ਬਹੁਤ ਸਾਰੀਆਂ ਅਜ਼ਾਦ ਰਿਆਸਤਾਂ ਸਨ, ਜਿਨ੍ਹਾਂ ਨੂੰ ਬਾਅਦ ਵਿਚ ਮਿਲਾ ਕੇ ਪੈਪਸੂ ਰਾਜ ਬਣਾ ਦਿੱਤਾ ਗਿਆ ਸੀæ ਆਮ ਤੌਰ 'ਤੇ ਰਿਆਸਤਾਂ ਦੇ ਡਾਕੂ ਅੰਗ੍ਰੇਜ਼ੀ ਇਲਾਕੇ ਵਿਚ ਡਾਕਾ ਮਾਰ ਕੇ ਵਾਪਸ ਰਿਆਸਤ ਵਿਚ ਚਲੇ ਜਾਂਦੇ ਸਨ ਤੇ ਅੰਗ੍ਰੇਜ਼ੀ ਇਲਾਕੇ ਦੇ ਡਾਕੂ ਰਿਆਸਤ ਵਿਚ ਡਾਕਾ ਮਾਰ ਕੇ ਅੰਗ੍ਰੇਜ਼ੀ ਇਲਾਕੇ ਵਿਚ ਆ ਜਾਂਦੇ ਸਨæ ਇਸ ਤਰ੍ਹਾਂ ਪੁਲੀਸ ਡਾਕੂਆਂ ਨੂੰ ਛੇਤੀ ਕੀਤੇ ਹੱਥ ਨਹੀਂ ਸੀ ਪਾ ਸਕਦੀæ ਜਿੱਥੇ ਪਿੰਡਾਂ ਦੇ ਰੱਜੇ ਪੁੱਜੇ ਘਰਾਂ ਵਿਚ ਡਾਕੂਆਂ ਦੀ ਦਹਿਸ਼ਤ ਹੁੰਦੀ ਸੀ ਓਥੇ ਆਮ ਗਰੀਬਾਂ ਦੇ ਮਨਾਂ ਵਿਚ ਉਹਨਾਂ ਲਈ ਮਾਣ ਸਤਿਕਾਰ ਦੀ ਭਾਵਨਾ ਹੁੰਦੀ ਸੀæ ਕਈ ਡਾਕੂਆਂ ਨਾਲ ਸੂਰਮਤਾਈ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਸਨæ
   ਪੰਜਾਬੀ ਕਿਸਾਨੀ ਦੀ ਬਦਲਾ ਲੈਣ ਦੀ ਮਾਨਸਿਕਤਾ ਕਾਰਨ ਕਈ ਤਾਂ ਆਪਣੇ ਨਾਲ ਜਾਂ ਆਪਣੇ ਪ੍ਰਵਾਰ ਦੇ ਕਿਸੇ ਮੈਂਬਰ ਨਾਲ ਹੋਏ ਧੱਕੇ ਵਰੁੱਧ ਕੋਈ ਕਾਰਾ ਕਰਕੇ ਡਾਕੂ ਬਣੇ ਤੇ ਸੂਰਮੇ ਅਖਵਾਏæ æ ਸੁੱਚੇ ਡਾਕੂ ਨੂੰ ਸੁੱਚਾ ਸੂਰਮਾ ਕਿਹਾ ਜਾਂਦਾ ਸੀ ਭਾਵੇਂ ਕਿ ਉਹ ਆਪਣੀ ਸਕੀ ਭਰਜਾਈ ਅਤੇ ਉਸ ਦੇ ਪ੍ਰੇਮੀ ਨੂੰ ਮਾਰ ਕੇ ਡਾਕੂਆਂ ਵਿਚ ਜਾ ਰਲਿਆ ਸੀ ਅਤੇ ਜਿਉਣਾ ਮੌੜ ਆਪਣੇ ਭਰਾ ਦੇ ਮੁਖਬਰ ਤੇ ਪੱਗਵੱਟ ਭਰਾ ਨੂੰ ਕਤਲ ਕਰ ਕੇ ਡਾਕੂ ਬਣਿਆ ਸੀæ ਇਹੋ ਜਿਹੇ ਡਾਕੂਆਂ ਦੇ ਕਿੱਸੇ ਛਪ ਕੇ ਲੋਕ ਦਿਲਾਂ ਵਿਚ ਘਰ ਕਰ ਗਏ ਹਨ ਤੇ ਗਵੱਈਏ ਉਹਨਾਂ ਦੀਆਂ ਵਾਰਾਂ ਗਾਉਂਦੇæ ਡਾਕੂਆਂ ਨਾਲ ਇਹੋ ਜਿਹੀਆਂ ਵੀ ਕਹਾਣੀਆਂ ਜੁੜੀਆਂ ਕਿ ਫਲਾਨੇ ਡਾਕੂ ਨੇ ਇਕ ਗਰੀਬ ਦੀ ਕੁੜੀ ਦਾ ਵਿਆਹ ਆਪਣੇ ਹੱਥੀਂ ਕੀਤਾæ ਧਿੰਵਕੇ ਡਾਕੂ ਨੇ ਇਕ ਸੇਠ ਦੇ ਘਰ ਡਾਕਾ ਮਾਰਿਆ ਤਾਂ ਉਸਦੀ ਕੁੜੀ ਨੇ ਉਸ ਨੂੰ ਵੀਰ ਕਹਿ ਦਿੱਤਾ ਤਾਂ ਉਸ ਨੇ ਸਾਰਾ ਲੁਟਿਆ ਮਾਲ ਵਾਪਸ ਕਰ ਦਿੱਤਾ ਤੇ ਸਾਰੀ ਉਮਰ ਉਸ ਨਾਲ ਭਰਾ ਬਣ ਕੇ ਵਰਤਦਾ ਰਿਹਾæ ਬਹੁਤੇ ਡਾਕੂਆਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਮੀਰਾਂ ਨੂੰ ਲੁੱਟ ਕੇ, ਲੁੱਟ ਦਾ ਮਾਲ, ਗਰੀਬਾਂ ਵਿਚ ਵੰਡ ਦਿੰਦੇ ਸਨæ ਕਈ ਨਾਮੀ ਡਾਕੂ ਆਪਣੇ ਪਿੰਡ ਅਤੇ ਆਪਣੇ ਆਲੇ ਦੁਆਲ਼ੇ ਦੇ ਪਿੰਡਾਂ ਵਿਚ ਡਾਕਾ ਨਹੀਂ ਸੀ ਪੈਣ ਦਿੰਦੇæ ਕਈ ਛੋਟੇ ਮੋਟੇ ਡਾਕੂ ਲੁਟੇਰੇ ਜਿਹੜੇ ਪਿੰਡਾਂ ਵਿਚ ਆਪਣੇ ਆਪ ਨੂੰ ਵੈਲੀ ਕੁਹਾਉਂਦੇ ਸਨ, ਨਾਮੀ ਡਾਕੂਆਂ ਦੇ ਨਾਮ ਉਪਰ ਆਪਣੇ ਇਲਾਕੇ ਤੇ ਆਪਣੇ ਪਿੰਡਾਂ ਵਿਚ ਹੀ ਲੁੱਟਾਂ ਖੋਹਾਂ ਕਰ ਜਾਂਦੇ ਸਨæ ਸਮੇਂ ਦੀ ਸਰਕਾਰ ਤਾਂ ਅਜ਼ਾਦੀ ਘੁਲਾਟੀਆਂ, ਖਾਸ ਕਰ ਬੱਬਰਾਂ ਨੂੰ ਬਦਨਾਮ ਕਰਨ ਲਈ ਡਾਕੂ ਹੀ ਕਹਿੰਦੀ ਸੀæ ਨਾਮੀ ਡਾਕੂਆਂ ਤੇ ਅਜ਼ਾਦੀ ਦੇ ਪਰਵਾਨਿਆਂ, ਜਿਹੜੇ ਭਗੌੜੇ ਹੋਏ ਹੁੰਦੇ ਸਨ, ਨਾਲ ਅੰਗ੍ਰੇਜ਼ ਸਰਕਾਰ ਵੱਲੋਂ ਇਕੋ ਜਿਹਾ ਹੀ ਸਲੂਕ ਕੀਤਾ ਜਾਂਦਾ ਸੀæ ਉਹਨਾਂ  ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਜਾਂਦੀਆਂ, ਪਿੰਡ ਵਿਚ ਪੁਲੀਸ ਚੌਕੀ ਬਿਠਾ ਦਿੱਤੀ ਜਾਂਦੀ ਅਤੇ ਉਸ ਦਾ ਖਰਚਾ ਪਿੰਡ ਵਾਲਿਆਂ 'ਤੇ ਪਾ ਦਿੱਤਾ ਜਾਂਦਾ, ਜਿਸ ਨੂੰ ਤਵਾਨ ਕਿਹਾ ਜਾਂਦਾ ਸੀæ
    ਮਾਝੇ, ਦੁਆਬੇ ਤੇ ਬਾਰ ਦੇ ਇਲਾਕੇ ਵਿਚ ਵੀ ਡਾਕੂ ਤਾਂ ਸਨ ਪਰ ਉਹਨਾਂ ਬਾਰੇ ਸਤਿਲੁਜ ਤੋਂ ਪਾਰ ਕੋਈ ਘੱਟ ਹੀ ਜਾਣਦਾ ਸੀæ ਹਾਂ! ਬਾਰ ਇਲਾਕੇ ਦਾ ਜੱਗਾ ਡਾਕੂ ਲੋਕ ਮਨਾਂ ਦਾ ਨਾਇਕ ਬਣ ਗਿਆ ਸੀ, ਜਿਸ ਨੇ ਅੰਗ੍ਰੇਜ਼ ਸਰਕਾਰ ਦੀ ਪੁਲੀਸ ਨੂੰ ਭਾਜੜਾਂ ਪਾਈਆਂ ਹੋਈਆਂ ਸਨæ ਉਸ ਦੇ ਨਾਮ ਉੱਪਰ ਅਨੇਕ ਲੋਕ ਬੋਲੀਆਂ ਬਣ ਗਈਆਂ ਸਨæ ਜਿਵੇਂ; 'ਜੱਗਾ ਜੱਟ ਨਈਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ' ਜਾਂ 'ਜੱਗੇ ਮਾਰਿਆ ਲਾਇਲਪੁਰ ਡਾਕਾ, ਤਾਰਾਂ ਖੜਕ ਗਈਆਂ' 
   ਮਾਲਵੇ ਦੇ ਖਿੱਤੇ ਵਿਚੋਂ ਡਾਕੂਆਂ ਦੇ ਇਹ ਨਾਮ ਆਮ ਹੀ ਛੋਟੇ ਹੁੰਦਿਆਂ ਦੇ ਕੰਨੀ ਪੈਂਦੇ ਸਨæ ਜਿਉਣਾ ਮੌੜ, ਕੁੰਢਾ ਗਾਜੀਆਣਾ, ਜੰਗੀਰ ਜਲਾਲ ਵਾਲਾ, ਕਰਤਾਰਾ ਛੀਨੀਵਾਲ,  ਅਰਜਣ ਦੌਧਰੀਆ, ਲਾਲ ਮਧੇ ਵਾਲਾ, ਦਲੀਪ ਬਹਿਬਲ, ਦਲੀਪ ਮਾੜੀ ਮੁਸਤਫਾ, ਸਿਵੀਆਂ ਦਾ ਬੌਰੀਆ ਅਤੇ ਸੇਖੇ ਵਾਲਾ ਪੀਰਾ ਮਜ਼੍ਹਬੀ ਆਦਿæ
   ਪੀਰੇ ਮਜ਼੍ਹਬੀ ਬਾਰੇ ਸੁਣਦੇ ਸੀ ਕਿ ਉਹ ਬਹੁਤ ਹੀ ਖੂਨਖਾਰ ਡਾਕੂ ਹੈ ਤੇ ਦੂਰ ਦੂਰ ਤਕ ਡਾਕੇ ਮਾਰਦਾ ਹੈæ ਮਜ਼੍ਹਬੀਆਂ ਦਾ ਵਿਹੜਾ ਸਾਡੇ ਅਗਵਾੜ ਦੇ ਨਾਲ ਹੋਣ ਕਰਕੇ ਉਸਦੀ ਮਾਂ ਨੂੰ ਵੀਹੀ ਵਿਚੋਂ ਦੀ ਲੰਘਦਿਆਂ ਆਮ ਹੀ ਦੇਖੀਦਾ ਸੀæ ਉਸਦੀ ਹਾਲਤ ਵੀ ਆਮ ਮਜ਼੍ਹਬਣਾਂ ਦੀ ਹਾਲਤ ਨਾਲੋਂ ਕੋਈ ਵੱਖਰੀ ਨਹੀਂ ਸੀæ ਉਹ ਇਕ ਨਿੱਕੇ ਜਿਹੇ ਛੱਪਰ ਨੁਮਾ ਘਰ ਵਿਚ ਰਹਿੰਦੀ ਸੀ ਅਤੇ ਉਸ ਨੂੰ ਪਾਟੇ ਪੁਰਾਣੇ ਕਪੜਿਆਂ ਵਿਚ ਹੀ ਦੇਖੀਦਾ ਸੀæ ਪੀਰਾ ਮਜ਼੍ਹਬੀ ਪਿੰਡ ਵਿਚ ਘੱਟ ਹੀ ਦਿਸਦਾ ਸੀæ ਇਕ ਵਾਰ ਸਿਆਲਾਂ ਦੇ ਦਿਨਾਂ ਵਿਚ ਮੈਂ ਦੇਖਿਆ ਕਿ ਦਰਮਿਆਨਾ ਕੱਦ, ਰੰਗ ਬਹੁਤ ਕਾਲ਼ਾ, ਅੱਖਾਂ ਲਾਲ, ਚਾਦਰਾ, ਪੱਗ ਤੇ ਕੁੜਤਾ ਚਿੱਟਾ ਤੇ ਡਰਾਉਣੀ ਜਿਹੀ ਸ਼ਕਲ ਵਾਲਾ ਇਕ ਓਪਰਾ ਜਿਹਾ ਆਦਮੀ, ਸੱਥ ਵਿਚ ਬੈਠੇ ਬੰਦਿਆਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਹੈæ ਮੈਨੂੰ ਨਿੱਕੇ ਹੁੰਦਿਆਂ ਹੀ ਸੱਥ ਵਿਚ ਜਾ ਕੇ ਗੱਲਾਂ ਸੁਣਨ ਦਾ ਕੰਨ ਰਸ ਪਿਆ ਹੋਇਆ ਸੀæ ਮੈਂ ਵੀ ਉੱਥੇ ਖੜ੍ਹ ਗਿਆ ਪਰ ਜਦੋਂ ਪਤਾ ਲੱਗਾ ਕਿ ਇਹ ਪੀਰਾ ਮਜ਼੍ਹਬੀ ਹੈ ਤਾਂ ਮੈਂ ਡਰਦਾ ਮਾਰਾ ਭੱਜ ਕੇ ਘਰ ਚਲਾ ਗਿਆæ ਉਸ ਤੋਂ ਮਗਰੋਂ ਵੀ ਇਕ ਦੋ ਵਾਰ ਉਸ ਨੂੰ ਵੀਹੀ 'ਚ ਆਉਂਦਿਆਂ ਦੇਖ ਕੇ ਮੈਂ ਝਟ ਘਰ ਵੱਲ ਭੱਜ ਜਾਂਦਾ ਸੀæ ਮੈਂ ਨਿੱਕਾ ਹੁੰਦਾ ਹੀ ਡਾਕੂਆਂ ਤੋਂ ਬਹੁਤ ਡਰਦਾ ਸੀæ ਪਰ ਇਕ ਵਾਰ ਤਾਂ ਡਾਕੂਆਂ ਨੂੰ ਡਾਕਾ ਮਾਰਦੇ ਵੀ ਦੇਖਣਾ ਪੈ ਗਿਆæ
   ਬਹੁਤ ਛੋਟੀ ਉਮਰ ਸੀ ਉਸ ਸਮੇਂ ਮੇਰੀæ ਉਹਨਾਂ ਸਮਿਆਂ ਵਿਚ ਸਾਡੇ ਪਿੰਡ ਵਿਚ ਦੋ ਦੁਕਾਨਾਂ ਹੀ ਬਹੁਤੀਆਂ ਮਸ਼ਹੂਰ ਸਨ ਇਕ ਧੂਤੇ ਮਾ੍ਹਜਨ ਦੀ ਅਤੇ ਦੂਜੀ ਹਰਦਵਾਰੀ ਲਾਲ ਸੇਠ ਦੀæ ਹਰਦਵਾਰੀ ਦੇ ਦੋ ਭਰਾ ਮੋਹਣ ਲਾਲ ਤੇ ਗੰਗਾ ਰਾਮ, ਕੋਟ ਕਪੂਰੇ ਵਪਾਰ ਕਰਦੇ ਸਨ ਅਤੇ ਕਦੀ ਕਦਾਈਂ ਪਿੰਡ ਵੀ ਗੇੜਾ ਮਾਰਦੇ ਰਹਿੰਦੇ ਸਨæ ਇਹ ਅਫਵਾਹ ਆਮ ਸੀ ਕਿ ਸੇਠਾਂ ਕੋਲ ਧੰਨ ਬਹੁਤ ਹੈæ ਕਈ ਤਾਂ ਇੱਥੋਂ ਤਾਈਂ ਵੀ ਕਹਿੰਦੇ ਸੀ ਕਿ ਉਹਨਾਂ ਦੇ ਘਰ ਵਿਚ ਮਲਕਾ ਦੇ ਰਪੱਈਆਂ ਦੀਆਂ ਗਾਗਰਾਂ ਦੱਬ ਕੇ ਰੱਖੀਆਂ ਹੋਈਆਂ ਹਨæ ਸੇਠਾਂ ਦੇ ਘਰ ਦੀ ਪਿੱਠ ਸਾਡੇ ਘਰ ਦੇ ਨਾਲ ਲਗਦੀ ਸੀæ
   ਇਕ ਵਾਰ, ਗਰਮੀਆਂ ਦੇ ਦਿਨਾਂ ਵਿਚ ਹਰਦਵਾਰੀ ਲਾਲ ਦੇ ਘਰੋਂ ਚੀਕਾਂ ਦੀ ਅਵਾਜ਼ ਆਈæ ਸਾਡੀ ਸਾਰਿਆਂ ਦੀ ਜਾਗ ਖੁਲ੍ਹ ਗਈæ ਮੇਰਾ ਬਾਪ ਆਪਣੇ ਮੰਜੇ ਤੋਂ ਉਠਣ ਲੱਗਾ ਤਾਂ ਹਰਦਵਾਰੀ ਲਾਲ ਦੇ ਕੋਠੇ ਉੱਪਰ ਖੜ੍ਹਾ ਬੰਦਾ ਬੋਲਿਆ, "ਚੁੱਪ ਕਰਕੇ ਪਿਆ ਰਹਿ ਸਰਦਾਰਾ, ਨਹੀਂ ਤਾਂ ਹੋਰ ਨਾ ਕਿਤੇ ਜਾਹ ਜਾਂਦੀ ਹੋ ਜੇ|"
   ਉਸਦੇ ਹੱਥ ਵਿਚ ਬੰਦੂਕ ਦੇਖ ਕੇ ਮੇਰਾ ਬਾਪ ਮੁੜ ਮੰਜੇ ਉੱਪਰ ਲੇਟ ਗਿਆ ਜਿਵੇਂ ਘੂਕ ਸੁੱਤਾ ਪਿਆ ਹੋਵੇæ ਹਰਦਵਾਰੀ ਲਾਲ ਦੀ ਪਤਨੀ, ਦਵਾਰਕੀ ਦੇਵੀ, ਪਤਾ ਨਹੀਂ ਕਿਹੜੇ ਢੰਗ ਨਾਲ ਘਰ ਵਿਚੋਂ ਬਾਹਰ ਨਿਕਲ ਗਈ ਸੀ ਤੇ ਉਹ ਲੋਕਾਂ ਨੂੰ ਉਠ ਕੇ ਡਾਕੂਆਂ ਦਾ ਮੁਕਾਬਲਾ ਕਰਨ ਲਈ ਵੰਗਾਰਦੀ ਹੋਈ ਕਹਿ ਰਹੀ ਸੀ ਕਿ ਉਹਨਾਂ ਕੋਲ ਕੋਈ ਹੱਥਿਆਰ ਨਹੀਂ ਹੈ ਤੇ ਉਹ ਡੰਡਿਆਂ ਨਾਲ ਹੀ ਲੁੱਟਣ ਆ ਗਏ ਹਨæ ਜਿਉਂ ਹੀ ਦਵਾਰਕੀ ਦੇਵੀ ਦੀ ਅਵਾਜ਼ ਕੋਠੇ ਉੱਪਰ ਖੜ੍ਹੇ ਡਾਕੂ ਦੇ ਕੰਨੀਂ ਪਈ, ਉਸ ਨੇ ਆਪਣੀ ਬੰਦੂਕ ਤੋਂ ਇਕ ਫਾਇਰ ਕਰ ਦਿੱਤਾæ ਕਿੱਲਿਆਂ ਨਾਲ ਬੱਝੇ ਦੋਵੇਂ ਬਲਦ ਉਠ ਕੇ ਖੜ੍ਹੇ ਹੋ ਗਏæ ਵਿਹੜੇ ਵਿਚ ਪਏ ਘਰ ਦੇ ਸਾਰੇ ਜੀਅ ਇਕ ਦਮ ਛਾਪਲ ਗਏ, ਕੋਈ ਵੀ ਉੱਚੀ ਸਾਹ ਨਹੀਂ ਸੀ ਲੈ ਰਿਹਾæ ਮੇਰੀ ਵੱਡੀ ਭੈਣ ਨੇ ਮੈਨੂੰ ਆਪਣੀ ਬੁੱਕਲ਼ ਵਿਚ ਲੈ ਕੇ ਉੱਪਰ ਚਾਦਰ ਦੇ ਦਿੱਤੀæ ਮੈਂ ਚਾਦਰ 'ਚੋਂ ਮੂੰਹ ਬਾਹਰ ਕੱਢ ਕੇ ਹਰਦਵਾਰੀ ਲਾਲ ਕੇ ਕੋਠੇ ਵੱਲ ਦੇਖਿਆ ਤਾਂ ਓਥੇ ਇਕ ਕਾਲਾ ਪਰਛਾਵਾਂ, ਹੱਥ ਵਿਚ ਬੰਦੂਕ ਫੜੀ, ਇਧਰ ਉਧਰ ਫਿਰ ਰਿਹਾ ਸੀæ ਜਿਹੜੇ ਲੋਕ ਕੋਠਿਆਂ ਉੱਪਰ ਪਏ ਸਨ, ਉਹ ਵੀ ਚੁੱਪ ਕਰਕੇ ਪਏ ਰਹੇ ਕੋਈ ਵੀ ਨਾ ਕੁਸਕਿਆæ ਪਿਛਵਾੜੇ ਘਰ ਵਿਚੋਂ ਹਰਦਵਾਰੀ ਲਾਲ ਦੀਆਂ ਚੀਕਾਂ ਲਗਾਤਾਰ ਸੁਣਾਈ ਦੇ ਰਹੀਆਂ ਸਨæ ਨਾਲ ਨਾਲ ਉਹ ਡਾਕੂਆਂ ਨੂੰ ਕੁਝ ਕਹਿ ਵੀ ਰਿਹਾ ਸੀ ਜਿਹੜਾ ਸਮਝ ਵਿਚ ਨਹੀਂ ਸੀ ਆ ਰਿਹਾæ
   ਫਿਰ ਧਰਮਸ਼ਾਲਾ ਵਾਲੇ ਪਾਸਿਉਂ ਇਕ ਫਾਇਰ ਹੋਇਆ ਤੇ ਉਸ ਦੇ ਜਵਾਬ ਵਿਚ ਉਸੇ ਸਮੇਂ ਹੀ ਡਾਕੂਆਂ ਵੱਲੋਂ ਇਕੱਠੇ ਤਿੰਨ ਫਾਇਰ ਹੋ ਗਏæ ਫਿਰ ਤਾਂ ਜਿਵੇਂ ਸਾਰਾ ਪਿੰਡ ਹੀ ਸੁੱਸਰੀ ਵਾਂਗ ਸੌਂ ਗਿਆ ਤੇ ਦਵਾਰਕੀ ਦੇਵੀ ਵੀ ਪਤਾ ਨਹੀਂ ਕਿਸ ਘਰ ਜਾ ਛੁਪੀ ਸੀæ ਉਸ ਦੀ ਅਵਾਜ਼ ਵੀ ਬੰਦ ਹੋ ਗਈ ਸੀæ ਪਿੰਡ ਵਿਚੋਂ ਗੋਲ਼ੀ ਚੱਲਣ ਦਾ ਇਹ ਅਸਰ ਜਰੂਰ ਹੋਇਆ ਕਿ ਡਾਕੂ ਛੇਤੀ ਹੀ ਹਰਦਵਾਰੀ ਲਾਲ ਦੇ ਘਰੋਂ ਚਲੇ ਗਏæ
   ਅਗਲੇ ਦਿਨ ਪੁਲੀਸ ਨੇ ਪਿੰਡ ਵਿਚ ਆ ਡੇਰਾ ਲਾਇਆ ਸੀ ਤੇ ਆਲੇ ਦੁਅਲੇ ਦੇ ਬਦਮਾਸ਼ਾਂ ਨੂੰ ਪਿੰਡ ਦੀ ਧਰਮਸ਼ਾਲਾ ਵਿਚ ਲਿਆ ਕੇ ਕੁਟਾਪਾ ਚਾੜ੍ਹਿਆ ਜਾ ਰਿਹਾ ਸੀæ ਪਤਾ ਨਹੀਂ ਪੁਲੀਸ ਵਾਲਿਆਂ ਨੂੰ ਇਸ ਡਾਕੇ ਬਾਰੇ ਕੋਈ ਸੂਹ ਮਿਲੀ ਜਾਂ ਨਹੀਂ ਪਰ ਪਿੰਡ ਦੀ ਸੱਥ ਵਿਚ ਭਾਂਤ ਸੁਭਾਂਤੀਆਂ ਗੱਲਾਂ ਹੋ ਰਹੀਆਂ ਸਨæ ਕੋਈ ਕਹਿ ਰਿਹਾ ਸੀ, "ਪੀਰੇ ਨੇ ਹਰਦੁਆਰੀ ਦੀ ਦੁਕਾਨ ਤੋਂ ਸੌਦਾ ਲਿਆ ਸੀ ਤੇ ਉਹਨੇ ਉਹਦੇ ਕੋਲੋਂ ਪੈਸੇ ਮੰਗ ਲਏ ਸੀ, ਤਾਹੀਂ ਇਹ ਡਾਕਾ ਪਿਐ|"
"ਪੀਰਾ ਨਾਲ ਸੀæ ਦੁਆਰਕੀ ਨੇ ਉਹਨੂੰ ਪਛਾਂਣ ਲਿਆ ਸੀ ਪਰ ਡਰਦੀ ਨੇ ਪੁਲਿਸ ਕੋਲ ਉਹਦਾ ਨਾਂ ਨਈ ਲਿਆ|" ਇਕ ਨੇ ਆਪਣੇ ਕੋਲੋਂ ਹੀ ਗੱਲ ਬਣਾ ਕੇ ਸੁਣਾ ਦਿੱਤੀæ
"ਇਹ ਝੂਠ ਐæ ਪੀਰਾ ਆਵਦੇ ਪਿੰਡ ਵਿਚ ਨਾ ਆਪ ਡਾਕਾ ਮਾਰ ਸਕਦੈ ਤੇ ਨਾ ਮਰਵਾ ਸਕਦੈæ ਉਹ ਕੋਈ ਐਰਾ ਗੈਰਾ ਡਾਕੂ ਲੁਟੇਰਾ ਨਈਂæ ਅੱਜ ਤਾਈਂ ਕਿਤੇ ਆਪਣੇ ਨੇੜੇ ਤੇੜੇ ਕਦੇ ਕੋਈ ਡਾਕਾ ਪਿਆ ਸੁਣਿਐ? ਉਹ ਆਪ ਕਿਤੇ ਦੂਰ ਨਿਕਲਿਆ ਹੋਊ ਜਿਹੜਾ ਆਪਣੇ ਪਿੰਡ ਵਿਚ ਇਹ ਡਾਕਾ ਪਿਆ|" ਵਿਚੋਂ ਹੀ ਕੋਈ ਪੀਰੇ ਦਾ ਖੈਰਖਾਹ ਬੋਲ ਪਿਆæ
"ਇਹ ਡਾਕਾ ਤਾਂ ਸਿਵੀਆਂ ਆਲੇ ਬੌਰੀਏ ਨੇ ਮਾਰਿਆ ਹੋਊ|"
"ਬਈ ਹੋਰ ਗੱਲਾਂ ਦੀਆਂ ਗੱਲਾਂ, ਸ਼ਾਹਣੀ ਹੌਸਲੇ ਵਾਲੀ ਸੀ, ਜਿਹੜੀ ਡਾਕੂਆਂ ਦੇ ਘੇਰੇ ਵਿਚੋਂ ਧੁੱਸ ਦੇ ਕੇ ਬਾਹਰ ਨਿਕਲ ਗਈ ਤੇ ਉਹਨਾਂ ਦੇ ਹੱਥ ਨਈਂ ਆਈ|"
"ਉਹਦੇ ਪਿੰਡ ਵਿਚ ਰੌਲ਼ਾ ਪਾਉਣ ਕਰਕੇ ਤਾਂ ਬਚਾਅ ਹੋ ਗਿਆ ਨਹੀਂ ਤਾਂ ਹਰਦੁਆਰੀ ਨੂੰ ਉਹਨਾਂ ਕੁੱਟ ਕੁੱਟ ਕੇ ਮੁੰਜ ਬਣਾ ਦੇਣਾ ਸੀ|"
"ਉਹਨੇ ਤਾਂ ਦੋ ਛਿੱਤਰ ਨਹੀਂ ਝੱਲੇ, ਝਟ ਸਾਰਾ ਧੰਨ ਕੱਢ ਕੇ ਫੜਾ ਦਿੱਤਾ|"
"ਸੇਠ ਏਥੇ ਪੈਸੇ ਨਈਂ ਰਖਦਾæ ਕੋਟ ਆਪਣੇ ਭਰਾਵਾਂ ਕੋਲ ਘੱਲ ਦਿੰਦੈæ ਪਿਛਲੇ ਦਿਨੀਂ ਇਹਦਾ ਭਰਾ ਮੋਹਣਾ ਆਇਆ ਸੀ, ਉਹ ਸਾਰੀ ਨਕਦੀ ਲੈ ਗਿਆ ਸੀæ ਡਾਕੂਆਂ ਹੱਥ ਤਾਂ ਸੌ ਰਪੱਈਆ ਵੀ ਨਹੀਂ ਲੱਗਾ ਹੋਣਾ|"
"ਕਿੰਨੇ ਲੋਕ ਸੀ ਜਿਹੜੇ ਕੋਠਿਆਂ 'ਤੇ ਪਏ ਸੀ, ਕੋਈ ਨਈਂ ਕੁਸਕਿਆæ ਹੋਰ ਤਾਂ ਹੋਰ ਫੈਰ ਸੁਣ ਕੇ ਨੰਜੀ ਨੇ ਆਪਣੇ ਉੱਤੇ ਮੰਜੀ ਮੂਧੀ ਮਾਰ ਲਈ ਸੀ|"
   ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਰਹੀਆਂæ ਨਾ ਡਾਕੂਆਂ ਦੀ ਕੋਈ ਸੂਹ ਮਿਲੀ ਤੇ ਨਾ ਹੀ ਕਿਸੇ ਨੂੰ ਡਾਕੇ ਵਿਚ ਹੋਏ ਅਸਲ ਨੁਕਸਾਨ ਦਾ ਪਤਾ ਲੱਗ ਸਕਿਆæ ਹਰਦਵਾਰੀ ਲਾਲ ਜਿਵੇਂ ਗੁੰਮ ਸੁੰਮ ਹੀ ਹੋ ਗਿਆ ਸੀæ ਉਹ ਕਿਸੇ ਨਾਲ ਵੀ ਗੱਲ ਨਹੀਂ ਸੀ ਕਰਦਾæ ਦਵਾਰਕੀ ਦੇਵੀ ਵੀ 'ਹਾਂ' 'ਹੂੰ' ਵਿਚ ਹੀ ਜਵਾਬ ਦਿੰਦੀ ਸੀæ ਉਹਨਾਂ ਕਿਸੇ ਨੂੰ ਵੀ ਨਹੀਂ ਸੀ ਦੱਿਸਆ ਕਿ ਡਾਕੂ ਕੀ ਕੁਝ ਲੁੱਟ ਕੇ ਲੈ ਗਏ ਸੀæਕੁਝ ਸਮੇਂ ਬਾਅਦ ਉਹ ਪਿੰਡ ਛੱਡ ਕੇ ਚਲੇ ਗਏ ਤੇ ਕੋਟ ਕਪੂਰੇ ਜਾ ਡੇਰਾ ਲਾਇਆæ ਉਸ ਦੁਕਾਨ ਵਿਚ ਪਿੰਡ ਸੈਦੋ ਕਿਆਂ ਤੋਂ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਬੈਠੇ ਸਨ ਅਤੇ ਦੁਕਾਨ ਪਹਿਲਾਂ ਵਾਂਗ ਹੀ ਚਲਦੀ ਰਹੀæ 
  
ਇਸ ਡਾਕੇ ਤੋਂ ਬਿਨਾਂ ਬਚਪਨ ਵਿਚ ਮੈਂ ਇਕ ਹੋਰ ਡਾਕਾ ਪੈਂਦਾ ਵੀ ਦੇਖਿਆ ਸੀæ ਡਾਕੇ ਦਾ ਸ਼ਿਕਾਰ ਵੀ ਹਟਵਾਣੀਆਂ ਦੀਆਂ ਹੱਟੀਆਂ ਹੀ ਬਣੀਆਂ ਸਨæ ਪਰ ਉਹ ਡਾਕਾ ਇਕ ਵੱਖਰੀ ਕਿਸਮ ਦਾ ਡਾਕਾ ਸੀ, ਜਿਸ ਨੂੰ ਨਾਂ ਤਾਂ ਪਿੰਡ ਦੇ ਲੋਕ ਹੀ ਡਾਕਾ ਮੰਨਣ ਲਈ ਤਆਿਰ ਸਨ ਅਤੇ ਨਾ ਹੀ ਉਸ ਬਾਰੇ ਪੁਲੀਸ ਹੀ ਕੋਈ ਤਪਤੀਸ਼ ਕਰਨ ਆਈæ ਹਾਂ! ਪਿੰਡ ਵਿਚ ਜਰੂਰ ਕਈ ਦਿਨ ਚਰਚਾ ਹੁੰਦੀ ਰਹੀ ਸੀæ
   ਵਾਰਦਾਤ ਇਸ ਤਰ੍ਹਾਂ ਹੋਈ ਕਿ ਉਸ ਦਿਨ ਦੀਵਾਲੀ ਦਾ ਤਿਉਹਾਰ ਸੀ ਤੇ ਦਿਨ ਦੇ ਛੁਪਾ ਨਾਲ ਕਈ ਲੋਕ ਆਪਣੀਆਂ ਖਾਣ ਪੀਣ ਦੀਆਂ ਵਸਤਾਂ ਤੇ ਫੁੱਲਝੜੀਆਂ ਪਟਾਕੇ ਖਰੀਦ ਕੇ ਘਰਾਂ ਨੂੰ ਚਲੇ ਗਏ ਸਨ ਅਤੇ ਕੁਝ ਇਕ ਅਜੇ ਹੱਟੀਆਂ ਤੋਂ ਸੌਦਾ ਪੱਤਾ ਖਰੀਦ ਰਹੇ ਸਨæ ਬੱਚੇ ਗਲ਼ੀਆਂ ਵਿਚ ਭੂੰਡ ਪਟਾਕੇ ਤੇ ਫੁੱਲਝੜੀਆਂ ਚਲਾ ਰਹੇ ਸਨæ ਅਸੀਂ ਵੀ ਆਪਣੇ ਚਾਚੇ ਦੀ ਦੁਕਾਨ ਮੂਹਰੇ ਭੂੰਡ ਪਟਾਕੇ ਚਲਾ ਚਲਾ ਖੁਸ਼ ਹੋ ਰਹੇ ਸੀæ (ਭਰਾਵਾਂ ਨਾਲੋਂ ਅੱਡ ਹੋਣ ਮਗਰੋਂ ਚਾਚੇ ਨੇ ਖੇਤੀ ਦਾ ਕੰਮ ਛੱਡ ਕੇ ਪਰਚੂਨ ਦੀ ਹੱਟੀ ਪਾ ਲਈ ਹੋਈ ਸੀæ) ਅਸੀਂ ਦੂਰੋਂ ਰੌਲ਼ਾ ਪੈਂਦਾ ਸੁਣਿਆæ ਜਦੋਂ ਅਸੀਂ ਰੌਲ਼ੇ ਵਾਲੇ ਪਾਸੇ ਨੂੰ ਗਏ ਤਾਂ ਦੇਖਿਆ ਕਿ ਪੰਜ ਛੇ ਜਣਿਆਂ ਦਾ ਸ਼ਰਾਬੀ ਟੋਲਾ ਕਿਸੇ ਨੂੰ ਗਾਲ੍ਹਾਂ ਕਢਦਾ ਆ ਰਿਹਾ ਸੀ ਤੇ ਮੁੰਡੀਰ ਉਹਨਾਂ ਦੇ ਪਿੱਛੇ ਪਿੱਛੇ ਰੌਲ਼ਾ ਪਾਉਂਦੀ ਆ ਰਹੀ ਸੀæ ਇਸ ਟੋਲੇ ਦਾ ਅੱਗਵਾਨੂੰ ਇਸੇ ਪਿੰਡ ਦਾ ਪੁਲੀਸ ਮਹਿਕਮੇ ਵਿਚੋਂ ਡਿਸਮਿਸ ਹੋ ਕੇ ਆਇਆ ਇਕ ਸਿਪਾਹੀ ਸੀæ ਇਹ ਸਿਪਾਹੀ ਭਾਵੇਂ ਦੁਬਾਰਾ ਬਹਾਲ ਤਾਂ ਨਹੀ ਸੀ ਹੋ ਸਕਿਆ ਪਰ ਪੁਲੀਸ ਨਾਲ ਜਾਣ ਪਹਿਚਾਣ ਹੋਣ ਕਾਰਨ ਉਸ ਦਾ ਨਜਾਇਜ਼ ਲਾਭ ਜਰੂਰ ਉਠਾਉਣ ਲੱਗਾ ਸੀ ਅਤੇ ਆਮ ਲੋਕਾਂ ਉੱਪਰ ਫੋਕਾ ਰੋਅਬ ਵੀ ਦਿਖਾਉਂਦਾ ਸੀæ ਪਤਾ ਲੱਗਾ ਕਿ ਹੁਣ ਵੀ ਉਹ ਪਿੱਛੇ ਇਕ ਹੱਟਵਾਣੀਏ ਨੂੰ ਕੁੱਟ ਕੇ ਤੇ ਉਹਦੀ ਹੱਟੀ ਲੁੱਟ ਕੇ ਆ ਰਹੇ ਸਨæ ਕੁਰੱਖਤ ਸੁਭਾਅ ਤੇ ਭਾਰੇ ਸਰੀਰ ਦਾ ਹੋਣ ਕਰਕੇ ਲੋਕ ਪਿੱਠ ਪਿੱਛੇ ਉਹਨੂੰ 'ਗੜੂਚ' ਕਹਿੰਦੇ ਸਨæ ਜਦੋਂ ਉਹ ਚਾਚੇ ਦੀ ਦੁਕਾਨ ਕੋਲ ਆਏ ਤਾਂ ਗੜੂਚ ਦੇ ਇਕ ਸਾਥੀ ਨੇ ਕਿਹਾ, "ਓਏ, ਆਹ ਹੱਟੀ ਤਾਂ ਛੱਡ ਚੱਲੇ!"
"ਚੁੱਪ ਕਰਕੇ ਤੁਰਿਆ ਆ|" ਗੜੂਚ ਨੇ ਦਬਕਾ ਮਾਰਿਆ ਤੇ ਉਹ ਟੋਲਾ ਚਾਚੇ ਦੀ ਦੁਕਾਨ ਤੋਂ ਅਗਾਂਹ ਲੰਘ ਗਿਆæ ਉਸ ਵੇਲ਼ੇ ਤਾਂ ਉਸ ਟੋਲੇ ਦੇ ਅਗਾਂਹ ਤੁਰ ਜਾਣ ਦੀ ਸਮਝ ਨਹੀਂ ਸੀ ਆਈ ਪਰ ਬਾਅਦ ਵਿਚ ਸਮਝ ਆਈ ਕਿ ਚਾਚੇ ਹੁਰੀਂ ਪਿੰਡ ਵਿਚ ਬਰਾਬਰ ਦੀ ਧਿਰ ਹੋਣ ਕਰਕੇ ਉਹ ਲੋਕ ਮੁਕਾਬਲਾ ਹੋਣ ਤੋਂ ਵੀ ਡਰਦੇ ਸਨ ਤੇ ਉਹਨਾਂ ਨੇ ਲਾਲਿਆਂ ਨੂੰ ਲੁੱਟਣ ਦਾ ਹੀ ਪਰੋਗ੍ਰਾਮ ਬਣਾਇਆ ਹੋਇਆ ਸੀ, ਜਿਨ੍ਹਾਂ ਦੀ ਕੋਈ ਧਿਰ ਨਹੀਂ ਸੀæ
  ਅਸੀਂ ਵੀ ਮੁੰਡੀਰ ਦੇ ਮਗਰ ਲੱਗ ਗਏæ ਮਜ਼੍ਹਬੀਆਂ ਦੀ ਖੂਹੀ ਕੋਲ ਬਾਬੂ ਰਾਮ ਦੀ ਹੱਟੀ ਸੀæ ਮਜ਼੍ਹਬੀਆਂ ਦੇ ਵਿਹੜੇ ਹੋਣ ਕਰਕੇ ਇਹ ਹੱਟੀ ਵੀ ਖੂਬ ਚਲਦੀ ਸੀæ ਉਸ ਸਮੇਂ ਵੀ ਕੁਝ ਗਾਹਕ ਸੌਦਾ ਖਰੀਦ ਰਹੇ ਸਨæ ਗੜੂਚ ਨੇ ਹੱਟੀ ਵਚ ਵੜਦਿਆਂ ਹੀ ਜਲੇਬੀਆਂ ਤੋਲ ਰਹੇ ਬਾਬੂ ਰਾਮ ਦੇ ਇਕ ਘਸੁੱਨ ਜੜ ਦਿੱਤਾ ਤੇ ਜਲੇਬੀਆਂ ਵਾਲੀ ਤੱਕੜੀ ਉਸ ਦੇ ਹੱਥੋਂ ਛੁੱਟ ਗਈæ ਉਹ ਹੱਕਾ ਬੱਕਾ ਹੋ ਉਤਾਂਹ ਝਾਕਿਆ ਤਾਂ ਉਹਨੇ ਉਸ ਦੇ ਮੂੰਹ ਉੱਪਰ ਇਕ ਘਸੁੱਨ ਹੋਰ ਮਾਰਿਆæ ਬਾਬੂ ਰਾਮ ਨੇ ਪਿਛਾਂਹ ਗੱਲੇ ਉੱਪਰ ਡਿਗਦਿਆਂ ਲੇਰ ਮਾਰੀ ਤੇ ਆਪਣੇ ਨਿੱਕੇ ਭਰਾ ਨੂੰ ਕਿਹਾ, "ਬਾਲਕੇ, ਚਾਚੇ ਨੂੰ ਸੱਦ ਕੇ ਲਿਆ|" ਚੌਦਾਂ ਪੰਦਰਾਂ ਸਾਲ ਦਾ ਬਾਲਕ ਰਾਮ ਤਾਂ ਡਰਦਾ ਮਾਰਾ ਪਹਿਲਾਂ ਹੀ ਹੱਟੀ ਵਿਚੋਂ ਭੱਜ ਗਿਆ ਸੀæ
"ਜਾਹ! ਸੱਦ ਕੇ ਲਿਆ ਚਾਚੇ ਨੂੰæ ਬਾਲਕਾ ਕੀ ਸੱਦ ਕੇ ਲਿਆਏਂਗਾ ਉਹਨੂੰ, ਅਸੀਂ ਉਹਦੇ ਕੋਲ ਆਪ ਚੱਲੇ ਆਂæ ਤੈਨੂੰ ਦਿਸਦਾ ਨਹੀਂ ਸੀ, ਮੈਂ ਕਿੰਨੇ ਚਿਰ ਦਾ ਖੜ੍ਹਾ ਤੇਰੇ ਮੂੰਹ ਵੱਲ ਦੇਖੀ ਜਾਂਦਾ ਸੀ ਤੇ ਤੂੰ ਜਲੇਬੀਆਂ ਤੋਲਣ ਵਿਚ ਹੀ ਲੱਗਾ ਹੋਇਆ ਸੀ, ਏਧਰ ਧਿਆਨ ਈ ਨਹੀਂ ਦਿੱਤਾ|"
   ਬਾਬੂ ਰਾਮ ਮਿੰਨਤਾਂ ਕਰ ਰਿਹਾ ਸੀ ਕਿ ਉਸ ਨੇ ਉਹਨਾਂ ਨੂੰ ਦੇਖਿਆ ਨਹੀਂ ਸੀæ ਉਹ ਉਹਦੇ ਘਸੁੱਨ ਮਾਰੀ ਜਾ ਰਿਹਾ ਸੀ ਤੇ ਦੂਜੇ ਹੱਟੀ ਵਿਚੋਂ ਸਮਾਨ ਲੁੱਟੀ ਜਾ ਰਹੇ ਸਨæ ਲੱਡੂ, ਜਲੇਬੀਆਂ, ਸ਼ਕਰ ਪਾਰੇ, ਰੰਗ ਬਿਰੰਗੇ ਖੰਡ ਦੇ ਖਿਡਾਉਣੇ ਤੇ ਹੋਰ ਨਿੱਕ ਸੁੱਕ ਹੱਟੀ ਵਿਚ ਹੀ ਖਿੱਲਰ ਗਿਆ ਸੀæ ਜਦੋਂ ਬਾਬੂ ਰਾਮ ਬੇਸੁਰਤ ਜਿਹਾ ਹੋ ਗਿਆ ਤਾਂ ਉਸ ਦਾ ਗੱਲਾ ਵੀ ਲੁੱਟ ਲਿਆ ਤੇ ਅਗਲੀ ਹੱਟੀ ਵੱਲ ਚੱਲ ਪਏæ
   ਬਾਲਕ ਰਾਮ ਨੇ ਆਪਣੇ ਚਾਚੇ ਨੱਥੂ ਰਾਮ ਨੂੰ ਸਾਰੀ ਘਟਨਾ ਜਾ ਸੁਣਾਈ ਸੀ ਤੇ ਉਸ ਨੇ ਆਪਣੇ ਗੁਆਂਢੀ ਨੰਬਰਦਾਰ ਅਨੋਖ ਸਿੰਘ ਨੂੰ ਜਾ ਦੱਸਿਆ ਸੀæ ਨੰਬਰਦਾਰ ਨੇ ਝਟ ਆਪਣੇ ਬੰਦਿਆਂ ਨੂੰ ਅਗਵਾੜ ਦੀਆਂ ਹੱਟੀਆਂ ਦੀ ਰਾਖੀ ਲਈ ਘੱਲ ਦਿੱਤਾæ ਉਹ ਇਹ ਕਿਵੇਂ ਸਹਿਣ ਕਰ ਸਕਦਾ ਸੀ ਕਿ ਦੂਜੇ ਅਗਵਾੜ ਦੇ ਬੰਦੇ ਇਸ ਅਗਵਾੜ ਵਿਚ ਆ ਕੇ ਹੱਟੀਆਂ ਲੁੱਟ ਲੈਣæ ਉਹ ਡਾਂਗਾਂ ਸੋਟੀਆਂ ਲੈ ਕੇ ਹਰਦਵਾਰੀ ਲਾਲ ਵਾਲੀ ਹੱਟੀ ਮੂਹਰੇ ਆ ਖੜ੍ਹੇ ਹੋਏæ ਉਹਨਾਂ ਨੂੰ ਦੇਖ ਕੇ ਮੁੰਡੀਰ ਤਾਂ ਪਹਿਲਾਂ ਹੀ ਖਿਸਕ ਗਈ ਸੀæ ਹੱਟੀਆਂ ਲੁੱਟਣ ਵਾਲੇ ਸੂਰਮੇ ਵੀ ਹੱਟੀ ਵਾਲੇ ਪਾਸੇ ਨਾ ਜਾ ਕੇ ਸੱਥ ਵਿਚੋਂ ਦੀ ਸਿੱਧੇ ਸੂਏ ਵੱਲ ਨੂੰ ਚਲੇ ਗਏæ ਇਸ ਤਰ੍ਹਾਂ ਦੂਜੀਆਂ ਹੱਟੀਆਂ ਲੁੱਟ ਹੋਣੋ ਬਚ ਗਈਆਂ ਸਨæ ਉਂਜ ਵੀ ਦੂਜੇ ਹਟਵਾਣੀਏ ਆਪਣੀਆਂ ਹੱਟੀਆਂ ਬੰਦ ਕਰਕੇ ਗੁਆਂਢੀ ਘਰਾਂ ਵਿਚ ਜਾ ਬੈਠੇ ਸਨæ
   ਇਸ ਘਟਨਾ ਨੂੰ ਵਾਪਰਿਆਂ ਬੜਾ ਸਮਾ ਬੀਤ ਗਿਆ ਹੈæ ਹੱਟੀਆਂ ਨੂੰ ਲੁੱਟਣ ਵਾਲਾ ਉਹ ਡਿਸਮਿਸ ਸਿਪਾਹੀ ਬਾਅਦ ਵਿਚ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹਾ ਤੇ ਪਿੰਡ ਦੀ ਤਰੱਕੀ ਲਈ ਕਈ ਕੰਮ ਵੀ ਕੀਤੇæ ਸੰਨ 1962 ਵਿਚ ਜਦੋਂ ਪਿੰਡ ਹੜ੍ਹਾਂ ਕਾਰਨ ਡੁੱਬਣ ਦੇ ਕਿਨਾਰੇ ਹੋ ਗਿਆ ਸੀ ਤੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ ਸੀæ ਉਸ ਸਮੇਂ ਉਸ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਪਰ ਜਦੋਂ ਵੀ ਉਸ ਨਾਲ ਵਾਹ ਵਾਸਤਾ ਪੈਂਦਾ ਤਾਂ ਬਾਬੂ ਰਾਮ ਦੇ ਘਸੁੱਨ ਮਾਰਨ ਵਾਲਾ ਤੇ ਹੱਟੀ ਨੂੰ ਲੁੱਟਣ ਵਾਲਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਸੀæ
   ਹੁਣ ਵੀ ਜਦੋਂ ਕੁਝ ਸਕਤਿਆਂ ਵੱਲੋਂ ਸ਼ਹਿਰਾਂ ਵਿਚ ਦੁਕਾਨਾਂ ਤੇ ਵਿਉਪਾਰਕ ਅਦਾਰਿਆਂ ਕੋਲੋਂ ਹਫਤੇ ਤੇ ਮਹੀਨੇ ਉਗਰਾਹੇ ਜਾਂਦੇ ਹਨ ਤਾਂ ਖਿਆਲ ਆਉਂਦਾ ਹੈ ਕਿ ਪੁਰਾਣੇ ਸਮਿਆਂ ਵਿਚ ਉਹਨਾਂ ਸਕਤਿਆਂ ਨੂੰ ਤਾਂ ਡਾਕੂ ਲੁਟੇਰੇ ਕਿਹਾ ਜਾਂਦਾ ਸੀ, ਹੁਣ ਇਹਨਾਂ ਨੂੰ ਕਿਹੜਾ ਨਾਮ ਦਿੱਤਾ ਜਾਵੇ?