ਬਰਾਬਰਤਾ (ਕਹਾਣੀ)

ਅਨਮੋਲ ਕੌਰ   

Email: iqbal_it@telus.net
Address:
Canada
ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਜਦੋਂ ਮੈ ਰੇਡੀਉ ਤੇ ਪ੍ਰੋਗਰਾਮ ਕਰ ਕੇ ਘਰ ਆਈ ਤਾਂ  ਫੋਨ ਦੀ ਰਿੰਗ ਵਜ ਰਹੀ ਸੀ। ਫੋਨ ਚੁੱਕਦੇ ਹੀ ਮੈ ਹੈਲੋ ਕਿਹਾ।
             " ਔਰਤ ਦਿਵਸ ਮਨਾਉਣ ਵਾਲਿਉ ਮੇਰੀਆਂ ਵੀ ਵਧਾਂਈਆਂ ਕਬੂਲ ਕਰ ਲਉ।" ਇਹ ਗੱਲ ਫੋਨ ਉੱਪਰ ਕੋਈ ਜ਼ਨਾਨੀ ਕਹਿ ਰਹੀ ਸੀ।
             " ਵਧਾਂਈਆਂ ਤਾਂ ਕਬੂਲ ਹੋ ਗਈਆਂ।" ਮੈ ਪੁੱਛਿਆ , " ਤੁਸੀ ਕੋਣ ਬੋਲ ਰਹੇ ਹੋ?"
             " ਬੀਬਾ, ਤੂੰ ਮੈਨੂੰ ਨਹੀ ਜਾਣਦੀ।" ਉਸ ਨੇ ਕਿਹਾ, " ਮੈ ਤਾਂ ਤੁਹਾਡਾ ਪ੍ਰੋਗਰਾਮ ਸੁਣ ਕੇ ਹੀ ਫੋਨ ਕੀਤਾ ਆ।"
             " ਤਹਾਨੂੰ ਪ੍ਰੋਗਰਾਮ ਕਿਵੇ ਲੱਗਾ?" ਮੈ ਉਤਾਵਲੀ ਹੁੰਦੀ ਨੇ ਪੁੱਛਿਆ, " ਤੁਸੀ ਪ੍ਰੋਗਰਾਮ ਦੇ ਦੌਰਾਨ ਹੀ ਫੋਨ ਕਰ ਲੈਣਾ ਸੀ।"
             " ਬਥੇਰੀ ਵਾਰ ਘੁੰਮਾਇਆ, ਪਰ ਤੁਹਾਡੀਆਂ ਤਾਂ ਲਾਇਨਾ ਹੀ ਬਿਜੀ ਆਉਣ, ਜੇ ਮਿਲਿਆ ਤਾਂ ਤੂੰ ਉਥੋਂ ਤੁਰ ਪਈ ਸੀ, ਆ ਤੇਰਾ ਨੰਬਰ ਤਾਂ ਰੇਡਿਉ ਵਾਲਿਆਂ ਤੋਂ ਹੀ ਲਿਆ।"
             ਮੈ ਅੰਦਾਜ਼ਾ ਲਾਇਆ ਕਿ ਇਸ ਔਰਤ ਨੂੰ ਪ੍ਰੋਗਰਾਮ ਵਧੀਆ ਲੱਗਾ ਹੋਵੇਗਾ, ਜੋ ਖਾਸ ਕਰਕੇ ਔਰਤ ਦਿਵਸ ਕਰਕੇ ਹੀ ਪ੍ਰਸਾਰਿਤ ਕੀਤਾ ਸੀ।
             " ਤੁਸੀ ਪ੍ਰੋਗਰਾਮ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ।" ਮੈ ਖੁਸ਼ ਹੁੰਦੀ ਨੇ ਕਿਹਾ, " ਅਸੀ ਅਗਾਂਹ ਵੀ ਇਸ ਤਰਾਂ ਦੇ ਪ੍ਰੋਗਰਾਮ ਪੇਸ਼ ਕਰਿਆਂ ਕਰਾਂਗੇ।"
             " ਅਗਾਂਹ ਜੋ ਮਰਜ਼ੀ ਕਰਦੇ ਰਹੋ, ਪਰ ਅੱਜ ਵਰਗਾ ਇਕ ਪਾਸੜ ਪ੍ਰੋਗਰਾਮ ਮੁੜ ਨਾ ਕਰਿਉ।"
ਉਸ ਨੇ ਜਦੋਂ ਇਹ ਕਿਹਾ ਮੇਰੇ ਤਾਂ ਜਿਵੇ ਸੱਤ ਘੜਿਆ ਦਾ ਪਾਣੀ ਪੈ ਗਿਆ ਹੋਵੇ। ਮੈ ਹੈਰਾਨ ਹੋਈ ਸੋਚ ਰਹੀ ਸੀ ਕਿ ਦੂਰ ਦੂਰ ਤੋਂ ਰੇਡੀਉ ਤੇ ਫੋਨ ਆਏ ਸਨ ਕਿ ਉਹਨਾਂ ਸਾਰਿਆ ਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੈ। ਜਿਹੜੀਆਂ ਸ਼ਖਸ਼ੀਅਤਾਂ ਨੇ ਇਸ ਵਿਚ ਭਾਗ ਲਿਆ ਉਹ ਸਾਰੀਆਂ ਹੀ ਉੱਚਕੋਟੀ ਦੀਆਂ ਹਸਤੀਆਂ ਸਨ।ਫਿਰ ਵੀ ਪਤਾ ਨਹੀ ਇੰਨੀ ਮਿਹਨਤ ਦੇ ਬਾਵਜੂਦ ਕੀ ਕਮੀ ਰਹਿ ਗਈ। ਜਿਸ ਕਰਕੇ ਇਹ ਬੀਬੀ ਪ੍ਰੋਗਰਾਮ ਦੇ ਖਿਲਾਫ ਹੋ ਗਈ। ਇਸ ਦਾ ਕਾਰਨ ਲੱਭਣ ਲਈ ਮੈ ਆਪਣਾ ਧਿਆਨ ਫੋਨ ਤੇ ਬੋਲ ਰਹੀ ਔਰਤ ਵੱਲ ਕਰਦਿਆਂ ਪੁੱਛਿਆ, " ਤੁਸੀ ਆਪਣਾ ਨਾਮ ਤਾਂ ਦੱਸੋ, ਕ੍ਰਿਪਾ ਕਰਕੇ ਇਹ ਵੀ ਦੱਸੋ ਕਿ ਬੋਲ ਕਿੱਥੋਂ ਰਹੇ ਹੋ?"
             " ਬੋਲ ਤਾਂ ਮੈ ਤੇਰੇ ਸ਼ਹਿਰ ਵਿਚੋਂ ਹੀ ਰਹੀ ਆਂ, ਤੇਰੀ ਮਾਂ ਦੇ ਹਾਣ ਦੀ ਹੋਵਾਂਗੀ।"
             ਭਾਂਵੇ ਉਸ ਨੇ ਤਸੱਲੀਬਖਸ਼ ਜ਼ਵਾਬ ਨਹੀ ਸੀ ਦਿੱਤੇ ਫਿਰ ਵੀ ਮੈ ਪੁੱਛਿਆ, " ਤੁਸੀ ਪ੍ਰੋਗਰਾਮ ਦੀ ਕਿਹੜੀ ਗੱਲ ਪਸੰਦ ਨਹੀ ਕੀਤੀ?"
             " ਮੈਨੂੰ ਇੱਕਲੀ ਨੂੰ ਹੀ ਨਹੀ, ਮੇਰੀਆਂ ਸਹੇਲੀਆਂ ਨੂੰ  ਵੀ ਇਹ ਪ੍ਰੋਗਰਾਮ ਚੰਗਾ ਨਹੀ ਲੱਗਾ।"
             " ਕਿਸ ਕਾਰਨ ਕਰਕੇ?"
             " ਦੱਸ ਤਾਂ ਦੇਂਦੀ ਹਾਂ, ਪਰ ਗੱਲ ਲੰਮੀ  ਹੋ ਜਾਣੀ ਆਂ, ਤੂੰ ਦੱਸ ਤੇਰੇ ਕੋਲ ਹੁਣ ਟੈਮ ਹੈਗਾ ਜਾਂ ਮੈ ਫਿਰ ਫੋਨ ਕਰਾਂ।"
             ਭਾਂਵੇ ਮੇਰੇ ਕੋਲ  ਉਸ ਵੇਲੇ ਸਮੇਂ ਦੀ ਕਮੀ ਸੀ ਫਿਰ ਵੀ ਮੈ ਕਹਿ ਦਿੱਤਾ, " ਟਾਈਮ ਦੀ ਕੋਈ ਗੱਲ ਨਹੀ, ਤੁਸੀ ਦੱਸੋ ਕਿਸ ਕਰਕੇ ਖਪਾ ਹੋ?"
             " ਤੁਸੀ ਜਿੰਨੀਆਂ ਵੀ ਜ਼ਨਾਨੀਆਂ ਰੇਡੀਉ ਤੇ ਬੋਲ ਰਹੀਆਂ ਸਨ, ਸਾਰੀਆਂ ਵਾਰ ਵਾਰ ਇਹ ਹੀ ਕਹਿ ਰਹੀਆਂ ਸਨ ਕਿ ਔਰਤ ਨੂੰ ਪੂਰੀ ਅਜ਼ਾਦੀ ਮਿਲਣੀ ਚਾਹੀਦੀ ਆ, ਉਹ ਕਿਸੇ ਗੱਲ ਤੋਂ ਵੀ ਪਿੱਛੇ ਨਹੀ ਰਹਿਣੀ ਚਾਹੀਦੀ।"
             " ਇਹਨਾਂ ਗੱਲਾਂ ਵਿਚ ਕੁੱਝ ਗੱਲਤ ਤਾਂ ਹੈ ਨਹੀ।" ਮੈ ਵਿਚੋਂ ਹੀ ਬੋਲੀ, " ਇਹੋ ਜਿਹੀਆਂ ਗੱਲਾਂ ਤਾਂ ਔਰਤ ਦਿਵਸ ਕਰਕੇ ਥਾਂ ਥਾਂ ਤੇ ਚੱਲ ਰਹੀਆਂ ਨੇ।"
             " ਜਦੋਂ ਅਸੀ ਪਿੰਡ ਵਿਚ ਰਹਿੰਦੇ ਸਾਂ, aਦੋਂ ਤਾਂ ਇਹ ਦਿਨ ਕੋਈ ਨਾ ਸੀ ਮਨਾਉਂਦਾ।" ਉਸ ਨੇ ਕਿਹਾ, " ਬਾਹਰ ਆ ਕੇ ਨਵੀਆਂ ਨਵੀਆਂ ਗੱਲਾਂ ਸੁਨਣ ਲੱਗੇ ਆਂ।"
             ਉਸ ਦੀਆਂ ਗੱਲਾਂ ਸੁਣ ਕੇ ਇਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਫੋਨ ਰੱਖ ਦੇਵਾਂ, ਜੋ ਗੱਲ ਮੈ ਉਸ ਤੋਂ ਪੁੱਛ ਰਹੀ ਹਾਂ ਉਹ ਦੱਸ ਨਹੀ ਰਹੀ, ਪਰ ਗੱਲ ਅੱਗੇ ਤੋਰਨ ਲਈ ਮੈ ਫਿਰ ਕਹਿ ਦਿੱਤਾ, " ਇਸ ਦਿਵਸ ਦੀ ਸ਼ਰੂਆਤ ਤਾਂ ੧੯੦੦ਵੇ ਦੇ ਮੁੰਢ ਵਿਚ ਹੀ ਹੋ ਗਈ ਸੀ।੧੯੧੧ ਵਿਚ ਪਹਿਲੀ ਵਾਰ ਇਹ ਦਿਵਸ ਸਵਿਟਜ਼ਰਲੈਂਡ, ਆਸਟਰੀਆ, ਡੈਨਮਾਰਕ ਅਤੇ ਜਰਮਨੀ ਵਿਚ ਮਨਾਇਆ ਸੀ।"
             " ਇਹ ਦਿਨ  ਸਿਰਫ ਦੇਸ਼ਾ ਵਿਚ ਹੀ ਮਨਾਇਆ ਜਾਂਦਾ ਹੈ ਜਾਂ ਫਿਰ ਘਰਾਂ ਵਿਚ ਵੀ?" ਉਸ ਨੇ ਪੁੱਛਿਆ, " ਸਾਡੇ ਵੇਲੇ ਤਾਂ ਹਯਾ, ਸ਼ਰਮ ਤੇ ਲੱਜਾ ਨੂੰ ਜ਼ਨਾਨੀ ਦਾ ਗਹਿਣਾ ਮੰਨਿਆ ਜਾਂਦਾ ਸੀ।"
             ਉਸ ਦੇ ਪਹਿਲੇ ਸਵਾਲ ਦੀ ਤਾਂ ਮੈਨੂੰ ਆਪ ਸਮਝ ਨਾ ਲੱਗੀ। ਦੂਜੇ ਦਾ ਉੱਤਰ ਦਿੰਦੇ ਕਿਹਾ, " ਅਸੀ ਤਾਂ ਹੁਣ ਵੀ ਇਹ ਗੱਲ ਮੰਨਦੇ ਹਾਂ।" ਮੈ ਉਸ ਨੂੰ ਆਪਣਾ ਵਿਚਾਰ ਦੱਸਿਆ, " ਇਹਨਾ ਗੱਲਾਂ ਤੋਂ ਬਗੈਰ ਤਾਂ ਇਸਤਰੀ ਕਦੇ ਵੀ ਮਾਣ ਪਰਾਪਤ ਨਹੀ ਕਰ ਸਕਦੀ। ਵੈਸੇ ਔਰਤ ਦਿਵਸ ਹਯਾ, ਸ਼ਰਮ ਜਾਂ ਲੱਜਾ ਨੂੰ ਤਾਂ ਕੁੱਝ ਨਹੀ ਕਹਿੰਦਾ।"
             " ਫਿਰ ਤੁਸੀ ਇਸ ਬਾਰੇ ਰੇਡੀਉ ਤੇ ਕੋਈ ਗੱਲ ਕਿਉਂ ਨਾ ਕੀਤੀ?"
             ਉਸ ਦੀ ਇਸ ਗੱਲ ਦਾ ਜ਼ਵਾਬ ਵੀ ਮੇਰੇ ਕੋਲ ਨਹੀ ਸੀ, ਕਿਉਂਕਿ ਸੱਚਮੁੱਚ ਹੀ ਅਸੀ ਇਹਨਾਂ ਗੱਲਾ ਦਾ ਜਿਕਰ ਆਪਣੇ ਪ੍ਰੋਗਰਾਮ ਵਿਚ ਨਹੀ ਸੀ ਕੀਤਾ। ਉਸ ਨੂੰ  ਟਾਲਣ ਦੇ ਬਹਾਨੇ ਨਾਲ ਕਿਹਾ, " ਇਸ ਬਾਰੇ ਵੀ ਅਸੀ ਪ੍ਰੋਗਰਾਮ ਕਰਾਂਗੇ।"
             " ਇਕ ਜ਼ਨਾਨੀ ਜਿਹੜੀ ਉੱਚੀ ਉੱਚੀ ਕਹਿ ਰਹੀ ਸੀ ਕਿ ਜੇ ਜ਼ਨਾਨੀ ਨੂੰ ਹੱਕ ਸਹਿਜੇ ਨਹੀ ਮਿਲਦੇ ਤਾਂ ਲੜ ਕੇ ਲੈ ਲੈਣੇ ਚਾਹੀਦੇ ਆ।" ਮਾਤਾ ਜੀ ਰੋਹਬ ਨਾਲ ਪੁੱਛ ਰਹੇ ਸਨ , " ਉਹ ਕੌਣ ਸੀ?"
             " ਉਹ ਡਾਕਟਰ ਰੇਸ਼ਮੀ ਸਨ।" ਮੈ ਦੱਸਿਆ, " ਉਹਨਾਂ ਨੇ ਔਰਤ ਦੀ ਅਜ਼ਾਦੀ ਬਾਰੇ ਕਿਤਾਬ ਵੀ ਲਿਖੀ ਹੈ।"
             " ਤੁਸੀ ਸਾਰਿਆ ਨੇ ਕਿਹਾ, " ਔਰਤ ਨਾਲ ਜ਼ਬਰਦਸਤੀ ਹੁੰਦੀ ਆ, ਔਰਤ ਤੇ ਹਮਲੇ ਹੁੰਦੇ ਆ, ਆਦਮੀ ਔਰਤ ਜਾਤ ਨੂੰ ਬਰਾਬਰ ਨਹੀ ਸਮਝਦੇ।" ਮਾਤਾ ਨੇ ਬਹਿਂਸ ਦੇ ਮੂਡ ਵਿਚ ਕਿਹਾ, " ਜ਼ਨਾਨੀਆਂ ਨੇ ਬੜੀਆਂ ਮੱਲਾਂ ਮਾਰੀਆਂ ਆ, ਤੀਮੀਆਂ ਬੜੀਆਂ ਬਹਾਦਰ ਨੇ।"
             " ਇਹਦੇ ਵਿਚ ਕੁੱਝ ਝੂੱਠ ਤਾਂ ਹੈ ਨਹੀ।"  ਮੈ ਕਿਹਾ, " ਅਸੀ ਅੋਰਤਾਂ ਹੋ ਕੇ ਵੀ ਔਰਤ ਦੀਆਂ ਸਿਫਤਾਂ ਨਹੀ ਕਰ ਸਕਦੀਆਂ।"
             " ਤੁਸੀ ਤਾਂ ਉਹ ਗੱਲ ਕੀਤੀ ਕਿ ਆਪੇ ਮੈ ਰੱਝੀ-ਪੁਝੀ ਤੇ ਆਪੇ ਮੇਰੇ ਬੱਚੇ ਜਿਊਣ, ਤੁਸੀ ਤੀਮੀ ਦੀਆਂ  ਸਿਫਤਾਂ ਕਰ ਕਰ ਕੇ ਫਿਰ ਹੱਕ ਮੰਗਣ ਡਹਿ ਪਈਆਂ। "
             " ਅਸੀ ਗੱਲਤ ਕੀ ਕੀਤਾ?" ਮੈ ਗੁੱਸੇ ਵਿਚ ਪੁੱਛਿਆ, " ਤੁਹਾਡਾ ਕੀ ਮਤਲਵ ਔਰਤ ਨੂੰ ਨਿੰਦੀਏ ਅਤੇ ਆਪਣੇ ਹੱਕ ਭੁੱਲ ਜਾਈਏ।"
             " ਦੇਖ ਬੀਬੀ, ਤੱਤੀ ਨਾ ਹੋ।"  ਪਹਿਲਾਂ ਫਰਜ਼ ਨਿਭਾਉਣੇ ਸਿਖੋ ਫਿਰ ਹੱਕ ਵੀ ਲੈ ਲਿਉ।" ਉਸ ਨੇ ਇਕੋ ਸਾਹ ਵਿਚ ਕਿਹਾ, "ਜੇ ਤੂੰ ਪੜ੍ਹੀ ਲਿਖੀ ਆਂ ਤੇ ਘੱਟ ਮੈ ਵੀ ਨਹੀ, ਮੈ ਪਿਛਲੀਆਂ ਪੰਜ ਜਮਾਤਾਂ ਪੜ੍ਹੀ ਹੋਈ ਹਾਂ, ਜਿਹੜੀਆਂ ਅੱਜਕਲ ਚੌਦਵੀ ਦੇ ਬਰਾਬਰ ਆ, ਹੁਣ ਵੀ ਹਰ ਵੀਕੇ ਪੰਜਾਬੀ ਪਰਚਾ ਪੜ੍ਹਦੀ ਆਂ।"
             " ਫਿਰ ਤਾਂ ਤੁਸੀ ਇਹ ਵੀ ਪੜ੍ਹ ਲਿਆ ਹੋਵੇਗਾ ਕਿ ਹੁਣ ਤਾਂ ਭਾਰਤ ਵਿਚ ਵੀ ਅੋਰਤਾਂ ਲਈ ੩੩ ਫੀਸਦੀ ਰਾਖਵਾਂਕਰਨ ਦਾ ਬਿਲ ਪਾਸ ਹੋ ਗਿਆ ਹੈ।"
             " ਜਿਹੜੀਆਂ ਕੱਲਬਾਂ ਅਤੇ ਟੈਲੀਵਿਯਨਾ ਵਿਚ ਅੱਧਨੰਗੀਆਂ ਹੋ ਕੇ ਨੱਚਦੀਆਂ ਆ, ਉਹਨਾਂ ਨੂੰ ਇਹ ਬਿਲ ਨੱਚਣ ਤੋਂ ਹਟਾ ਦੇਵੇਗਾ?"
             ਮਾਤਾ ਜੀ ਦੇ ਇਸ ਸਵਾਲ ਨਾਲ ਤਾਂ ਮੇਰਾ ਸੱਚ-ਮੁੱਚ ਹੀ ਸਿਰ ਦੁੱਖਣ ਲੱਗ ਪਿਆ।ਫੋਨ ਕਟਾਂ ਜਾਂ ਗੱਲ ਕਰਾਂ ਪਤਾ ਨਾ ਲੱਗੇ, ਮੇਰਾ ਹਾਲ ਸੱਪ ਦੇ ਮੂੰਹ ਵਿਚ ਕੌੜਕਿਰਲੀ ਵਾਲਾ ਹੋ ਗਿਆ। ਗੱਲ ਮਕਾਉਣ ਦੇ ਢੰਗ ਨਾਲ ਮੈ ਕਿਹਾ, " ਜੇ ਤੁਸੀ ਪ੍ਰੋਗਰਾਮ ਬਾਰੇ ਗੱਲ ਕਰਨੀ ਹੈ ਤਾਂ ਕਰੋ, ਬਾਕੀ ਗੱਲਾਂ ਨਾਲ ਮੇਰਾ ਕੋਈ ਮਤਲਵ ਨਹੀ।"
             " ਮੈ ਤਾਂ ਇਹ ਹੀ ਕਹਿਣਾ ਸੀ ਜਦੋਂ ਰੇਡਿਉ ਤੇ ਬਹਿ ਕੇ ਕਹਿੰਦੀਆਂ ਰਹਿੰਦੀਆ ਹੋ ਕਿ ਤੀਮੀ ਨੂੰ ਅਜ਼ਾਦੀ ਲੈਣ ਲਈ ਪ੍ਰੂਰੀ ਵਾਹ ਲਾ ਦੇਣੀ ਚਾਹੀਦੀ ਆ, ਉੱਥੇ ਕਦੀ ਕਦੀ ਜ਼ਨਾਨੀਆਂ ਨੂੰ ਇਹ ਵੀ ਦੱਸ ਦਿਆ ਕਰੋ ਉਹਨਾਂ ਦੀ ਪ੍ਰੀਵਾਰ ਲਈ ਕੀ ਜ਼ਿੰਮੇਵਾਰੀ ਬਣਦੀ ਆ।"
             " ਉਹ ਤਾਂ ਤਕਰੀਬਨ ਸਾਰੀਆਂ ਹੀ ਜਾਣਦੀਆਂ ਹੁੰਦੀਆਂ ਹਨ।" ਮੈ ਕਿਹਾ, " ਪਰਿਵਾਰ ਨੂੰ ਤਾਂ ਸਭ ਪਹਿਲ ਦੇਂਦੀਆਂ ਹੋਣਗੀਆ।"
             " ਹਾਂ, ਸਵਾਹ ਪਹਿਲ ਦੇਂਦੀਆਂ।" ਮਾਤਾ ਜੀ ਨੇ ਇਕਦਮ ਕਿਹਾ, " ਹੁਣ ਤਾਂ ਕਹਿੰਦੀਆਂ ਸਾਡਾ ਕੈਰਅਰ ਪਹਿਲਾਂ ਆ।"
             ਇਸ ਗੱਲ ਨਾਲ ਮੈਨੂ ਮਾਤਾ ਜੀ ਦੇ ਖਿਆਲ ਦੀ ਸਮਝ ਆਉਣ ਲੱਗ ਪਈ। ਉਹ ਜ਼ਰੂਰ ਕਿਸੇ ਇਸਤਰੀ ਨੂੰ ਜਾਣਦੇ ਹੋਣਗੇ ਜੋ ਆਪਣੇ ਕੈਰੀਅਰ ਨੂੰ ਪ੍ਰੀਵਾਰ ਨਾਲੋ ਜ਼ਿਆਦਾ ਮਹੱਤਵ ਦੇ ਰਹੀ ਹੋਵੇਗੀ। ਇਸ ਦੀ ਹੋਰ ਵੀ ਡੂੰਘਾਈ ਲੱਭਣ ਲਈ ਮੈ ਕਿਹਾ, " ਦੇਖੋ, ਮਾਤਾ ਜੀ, ਦਰਅਸਲ ਐਸੀਆਂ ਅੋਰਤਾ ਵੀ ਹੋ ਚੁੱਕੀਆਂ ਨੇ ਜਿਹਨਾਂ ਨੇ ਆਪਣੇ ਕੈਰੀਅਰ ਦੇ ਨਾਲ ਨਾਲ ਪ੍ਰੀਵਾਰ ਨੂੰ ਵੀ ਖੁਸ਼ਹਾਲ ਕੀਤਾ ਅਤੇ ਹੁਣ ਵੀ ਕਈ ਇਸ ਤਰਾਂ ਕਰ ਰਹੀਆਂ ਨੇ।"
             " ਧੀਏ, ਜ਼ਰੂਰ ਹੋਣਗੀਆਂ ਇਸ ਤਰਾਂ ਦੀਆਂ ਜੋ ਪੱਬਾ ਭਾਰ ਹੋਈਆਂ ਦੋਨੋ ਜ਼ਿੰਮੇਵਾਰੀਆਂ ਨਿਭਾ ਰਹੀਆਂ ਆ, ਪਰ ਔਰਤ ਦੀ ਅਜ਼ਾਦੀ ਜੋ ਸਾਡੇ ਘਰ ਕੰਮ ਕਰ ਰਹੀ ਆ, ਉਹ ਮੈਨੂੰ ਭੋਰਾ ਚੰਗੀ ਨਹੀ ਲੱਗਦੀ।"
             ਮੈਨੂੰ ਲੱਗਾ ਕਿ ਉਸ ਨੂੰ ਮੇਰਾ ਮਾਤਾ ਜੀ ਕਹਿਣਾ ਚੰਗਾ ਲੱਗਾ, ਕਿਉਂਕਿ ਉਸ ਨੇ ਮੈਨੂੰ ਧੀਏ ਕਹਿ ਕੇ ਸੰਬੋਧਣ ਕੀਤਾ ਸੀ ਅਤੇ ਇਹ ਵੀ ਗੱਲ ਸਾਫ ਹੋ ਗਈ ਸੀ ਕਿ ਮਾਤਾ ਜੀ ਦੇ ਘਰ ਕੋਈ ਪ੍ਰੋਬਲਮ ਹੈ ਜ਼ਰੂਰ । ਜਿਸ ਬਾਰੇ ਉਹ ਗੱਲ ਕਰਨੀ ਚਾਹੁੰਦੇ ਹਨ। ਮੈ ਵੀ ਗੱਲ ਸਿੱਧੀ ਉਹਨਾਂ ਦੇ ਘਰ ਵੱਲ ਨੂੰ ਲਿਜ਼ਾਦਿਆਂ ਪੁੱਛਿਆ, " ਔਰਤ ਦੀ ਅਜ਼ਾਦੀ ਨੇ ਤੁਹਾਡੇ ਘਰ ਕੀ ਨੁਕਸਾਨ ਕਰ ਦਿੱਤਾ?"
             " ਸਾਡੇ ਇੱਕਲੇ ਘਰ ਦਾ ਨੁਕਸਾਨ ਨਹੀ ਹੋ ਰਿਹਾ, ਸਗੋਂ ਹੋਰ ਵੀ ਕਈਆਂ ਦੇ ਘਰ ਇਸ ਨਵੀ ਅਜ਼ਾਦੀ ਨੇ ਰੰਗ ਦਿਖਾਲਣੇ ਸ਼ੁਰੂ ਕਰ ਦਿੱਤੇ ਆ।"
             ਮਾਤਾ ਫਿਰ ਮੈਨੂੰ ਭੰਬਲਭੂਸੇ ਵਿਚ ਪਾਉਣ ਵਾਲੀਆਂ ਗੱਲਾਂ ਕਰਨ ਲੱਗ ਪਈ। ਮਸੀ ਅੱਗੇ ਮੈ ਉਹਨਾਂ ਨੂੰ ਅਸਲੀ ਮੁੱਦੇ ਤੇ ਲੈ ਕੇ ਆਈ ਸਾਂ। ਰੇਡਿਉ ਤੇ ਲੋਕਾਂ ਨਾਲ ਇੰਟਰਵਿਊ ਕਰਦਿਆ ਮੈਨੂੰ ਜੋ ਤਜ਼ਰਬਾ ਹਾਸਲ ਹੋਇਆ ਸੀ। ਉਹ ਇੱਥੇ ਵਰਤਦਿਆਂ ਸੱਪਸ਼ਟ ਹੀ ਪੁੱਛ ਲਿਆ, " ਮਾਤਾ ਜੀ, ਤੁਹਾਡੀ ਨੂੰਹ ਆ, ਜਿਸ ਦੀ ਅਜ਼ਾਦੀ ਤਹਾਨੂੰ ਪਸੰਦ ਨਹੀ ਹੈ।"
             " ਹਾਂ ਕਾਹਨੂੰ, ਨੂੰਹ ਮੇਰੀ ਦੀ ਤਾਂ ਕੋਈ ਰੀਸ ਨਹੀ ਕਰ ਸਕਦਾ। ਉਸ ਨੂੰ ਤਾਂ ਅਸਲੀ ਅਜ਼ਾਦੀ ਦੀ ਸਮਝ ਆ, ਉਸ ਨੇ ਤਾਂ ਖਾਨਦਾਨੀ ਧੀ ਵਾਂਗ ਮਾਣ-ਮਰਿਆਦਾ ਨੂੰ ਨਿਭਾਇਆ। ਆਪ ਵੀ ਇਹ ਅਜ਼ਾਦੀ ਚੰਗੀ ਤਰਾਂ ਹੰਢਾਈ ਤੇ ਸਾਨੂੰ ਵੀ ਇਹਦੀ ਜਾਂਚ ਦਿੱਤੀ।"
             "ਫਿਰ ਤੁਸੀ ਕਿਸ ਦੀ ਗੱਲ ਕਰ ਰਿਹੇ ਹੋ?"
             " ਮੈ ਤਾਂ ਅੱਜਕਲ ਦੀ ਪਨੀਰੀ ਬਾਰੇ ਗੱਲ ਕਰ ਰਹੀ ਹਾਂ. ਜੋ ਸਭ ਰਸਮ- ਰਿਵਾਜ਼ ਛਿੱਕੇ ਢੰਗ ਕੇ ਖੂਹ ਵਿਚ ਸੁੱਟ ਰਹੇ ਆ।" ਮਾਤਾ ਜੀ ਨੇ ਲੰਮਾ ਸਾਹ ਖਿੱਚਦਿਆਂ ਕਿਹਾ, " ਉਦਾ ਤਾਂ ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਆ।"
             " ਜਿਸ ਝੱਗੇ ਨੂੰ ਕੰਡੇ ਲੱਗੇ ਹੋਣ ਉਹ ਚੁੱਕ ਹੀ ਦੇਣਾ ਚਾਹੀਦਾ ਹੈ।" ਮੈ ਗੱਲ ਕਢਵਾਉਣ ਦੇ ਮਤਲਵ ਨਾਲ ਕਿਹਾ, " ਨਹੀ ਤਾਂ ਕੰਡੇ ਚੁੱਭ ਚੁੱਭ ਕੇ ਢਿੱਡ ਜ਼ਖਮੀ ਕਰ ਦੇਣਗੇ।"
             " ਲੈ ਫਿਰ ਸੁਣ, ਮੇਰੀ ਪੋਤਨੂੰਹ ਆ, ਜਦੋਂ ਦੀ ਵਿਆਹੀ ਆਈ, ਇਹ ਹੀ ਰੱਟ ਲਾਈ ਰੱਖਦੀ ਆ ਕਿ ਮੈ ਆਪਣੇ ਹਸਬੈਂਡ ਦੇ ਬਰਾਬਰ ਰਹਿਣਾ, ਰਹਿੰਦੀ ਵੀ ਹੈ।"
             " ਇਹਦੇ ਵਿਚ ਤਾਂ ਉਹ ਕੁੱਝ ਗੱਲਤ ਨਹੀ ਕਹਿੰਦੀ।"
             " ਸਬਰ ਕਰ, ਮੈ ਸਭ ਕੁੱਝ ਤੈਨੂੰ ਦੱਸਦੀ ਆਂ, ਫਿਰ ਤੂੰ ਆਪ ਹੀ ਉਸ ਦਾ ਹੱਲ ਦੱਸ ਦੇਵੀ, ਬੇਸ਼ੱਕ ਆਪਣੇ ਰੇਡੀਉ ਥਾਨੀ। ਉਦਾ ਤਾਂ ਉਹ ਘਰ ਦਾ ਕੰਮ ਬਹੁਤ ਘੱਟ ਕਰਦੀ ਆ, ਜੇ ਕਿਤੇ ਭਾਡੇ ਧੋਣ ਲਗ ਜਾਵੇ ਤਾਂ ਨਾਲ ਹੀ ਮੇਰੇ ਪੋਤੇ ਨੂੰ  ਏਦਾ ਹਾਕਾਂ ਮਾਰੂਗੀ ' ਹੈਰੀ, ਹਨੀ, ਆ ਜਾ ਮੇਰੇ ਨਾਲ ਭਾਡੇ ਸਾਫ ਕਰਾ, ਤੇ ਹੈਰੀ ਵੀ ਸ਼ਹੇ ਵਾਂਗ ਭਜਾ ਆਵੇਗਾ, ਰਾਣੀ ਭਾਡਿਆਂ ਨੂੰ ਸਾਬਨ ਲਾਏਗੀ ਤੇ ਉਹ ਧੋਵੇਗਾ।"
             " ਚਲੋ, ਇਹ ਤਾਂ ਵਧੀਆਂ ਹੈ, ਉਹ ਦੋਨੋ ਮਿਲ ਕੇ ਕੰਮ ਕਰਦੇ ਨੇ।" ਮੈ ਵਿਚੋਂ ਹੀ  ਕਿਹਾ, " ਹੁਣ ਦੀ ਪੀੜ੍ਹੀ ਇਸ ਤਰਾਂ ਹੀ ਕੰਮ ਕਰਦੀ ਹੈ, ਪਰ ਲੱਗਦਾ ਹੈ ਤਹਾਨੂੰ ਇਹ ਗੱਲ ਚੰਗੀ ਨਹੀ ਲੱਗਦੀ ਕਿ ਤੁਹਾਡਾ ਪੋਤਾ ਉਸ ਦੇ ਨਾਲ ਕੰੰਮ ਕਰਾਵੇ।"
             " ਕੁੜੀਏ, ਤੂੰ ਮੇਰੀ ਗੱਲ ਸਮਝਣ ਵਿਚ ਕਹਾਲੀ ਕਰਦੀ ਆ।" ਮਾਤਾ ਜੀ ਫਿਰ ਖਿਝ ਕੇ ਬੋਲੇ, " ਇਸ ਤਰਾਂ ਰੱਲ ਕੇ ਕੰਮ ਕਰਨ ਤੋਂ ਮੈ ਕਾਹਨੂੰ ਖਿਝਣਾ, ਜਦੋਂ ਮਿਲ ਕੇ ਆਪਹੁਦਰੀਆਂ ਕਰਦੇ ਤਾਂ ਮੇਰੇ ਅੱਗ ਲੱਗਦੀ ਆ।"
             " ਤੁਹਾਨੂੰ ਉਹਨਾਂ ਦਾ ਆਪਸ ਵਿਚ ਖੁੱਲ੍ਹ ਕੇ ਰਹਿਣਾ ਪਸੰਦ ਨਹੀ।" ਮੈ ਅੰਦਾਜ਼ਾ ਲਾਇਆ, " ਕਿਉਂਕਿ ਤੁਹਾਡੇ ਸਮੇਂ ਪਤੀ ਪਤਨੀ ਨੂੰ ਇਸ ਤਰਾਂ ਦੀ ਖੁੱਲ੍ਹ ਨਹੀ ਸੀ। ਤੁਹਾਡੇ ਤੋਂ ਹੁਣ ਉੁਹਨਾਂ ਦੀ ਖੁੱਲ਼੍ਹ ਬਰਦਾਸ਼ਤ ਨਹੀ ਹੁੰਦੀ।"
             ਮੇਰੀ ਇਸ ਗੱਲ ਨੇ ਮਾਤਾ ਜੀ ਦਾ ਪਾਰਾ ਸੱਤਵੇ ਅਸਮਾਨ ਤੇ ਚੜ੍ਹਾ ਦਿੱਤਾ ਅਤੇ ਗੁੱਸੇ ਵਿਚ ਬੋਲੇ, " ਮੈ ਤੈਨੂੰ ਆਮਣੇ-ਸਾਹਮਣੇ ਮਿਲਣਾ ਚਾਹੁੰਦੀ ਹਾਂ, ਜੇ ਤੇਰਾ ਆਉਣ ਵਾਲਾ ਵੀਕਐਂਡ ਵਿਹਲਾ ਆ ਤਾਂ ਤੂੰ ਸਾਨੂੰ ਸਿਨੀਅਰ ਸੈਂਟਰ ਵਿਚ ਮਿਲ।"
             " ਹਾਂ ਜੀ, ਅਗਲੇ ਐਤਵਾਰ ਨੂੰ ਮੈ ਵਿਹਲੀ ਹੀ ਹਾਂ।" ਨਾ ਚਾਹੁੰਦੀ ਹੋਈ ਨੇ ਮੈ ਕਹਿ ਦਿੱਤਾ, " ਸੀਨੀਅਰ ਸੈਂਟਰ ਵਿਚ ਹੋਰ ਕੌਣ ਤੁਹਾਡੇ ਨਾਲ ਹੋਵੇਗਾ?"
             " ਦੋ ਚਾਰ ਮੇਰੀਆਂ ਸਹੇਲੀਆਂ ਹੋਣਗੀਆ, ਹੋਰ ਕਿਤੇ ਪੰਚਾਇਤ ਹੋਣੀ ਆ, ਉਹ ਵੀ ਤੇਰਾ ਪ੍ਰੋਗਰਾਮ ਸੁਣਦੀਆਂ ਰਹਿੰਦੀਆ ਆ।" ਮਾਤਾ ਬਿਨਾ ਸਾਹ ਲਏ ਕਹਿ ਰਹੀ ਸੀ, " ਉਹਨਾਂ ਵੀ ਤੇਰੇ ਇਸ ਇਸਤਰੀ ਦਿਵਸ ਬਾਰੇ ਗੱਲ ਕਰਨੀ ਆ। ਤੂੰ ਫਿਰ ਦਸ ਕੁ ਵਜੇ ਨਾਲ ਆ ਜਾਂਵੀ।"
                           " ਅੱਛਾ, ਚਲੋ ਮੈ ਆ ਜਾਵਾਂਗੀ।" ਇਹ ਕਹਿ ਕੇ ਮੈ ਫੋਨ ਰੱਖ ਦਿੱਤਾ।
             ਐਤਵਾਰ ਆਉਣ ਵਿਚ ਦੋ ਦਿਨ ਪਏ ਸਨ, ਪਰ ਮੇਰਾ ਮਨ ਹੁਣ ਤੋਂ ਹੀ ਸੋਚ ਰਿਹਾ ਸੀ ਕਿ ਕਿਤੇ ਬੀਬੀਆਂ ਰੱਲ ਕੇ ਮੇਰੀ ਐਸੀ ਦੀ ਤੈਸੀ ਨਾ ਕਰ ਦੇਣ।ਫਿਰ ਵੀ ਮੇਰੇ ਦਿਲ ਵਿਚ ਇਕ ਉਤਸੁਕਤਾ ਸੀ ਕਿ ਅੱਗੇ ਤਾਂ ਮਸ਼ਹੂਰ ਲੋਕਾਂ ਨਾਲ ਹੀ ਮੁਲਾਕਾਤਾਂ ਕਰੀਦੀਆਂ ਹਨ। ਇਹਨਾ ਸਿਆਣੀਆਂ ਨੂੰ ਮਿਲ ਕੇ ਸ਼ਾਇਦ ਕੋਈ ਨਵਾ ਤਜ਼ਰਬਾ ਹਾਸਲ ਹੋਵੇ ਜਾਂ ਰੇਡਿਉ ਲਈ ਕੋਈ ਨਵਾ ਪ੍ਰੋਗਰਾਮ ਹੀ ਮਿਲ ਜਾਵੇ।
             ਐਤਵਾਰ ਨੂੰ ਮੈ ਦੱਸ ਵਜ ਕੇ ਪੰਜ ਮਿੰਟ ਤੇ ਸੀਨੀਅਰ ਸੈਂਟਰ  ਪਹੁੰਚ ਗਈ। ਸਾਰੀਆਂ ਜ਼ਨਾਨੀਆਂ ਨਵੇ ਸੂਟ ਪਾ ਕੇ ਕੁਰਸੀਆਂ ਤੇ ਸਜੀਆਂ ਪਈਆਂ ਸਨ। ਮੈ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣਾ ਨਾਮ ਦੱਸ ਕੇ ਕੋਲ ਪਈਆਂ ਖਾਲੀ ਕੁਰਸੀਆਂ ਵਿਚੋਂ ਇਕ ਤੇ ਬੈਠ ਗਈ।ਉਹਨਾਂ ਵਿਚੋਂ ਇਕ ਜ਼ਨਾਨੀ ਜੋ ਸਲੀਕੇ ਤੋਂ ਪੜ੍ਹੀ ਲਿਖੀ ਲੱਗਦੀ ਅਤੇ  ਹੱਥ ਵਿਚ ਅਖਬਾਰ ਲਈ ਬੈਠੀ ਸੀ, ਬੋਲੀ, " ਚੰਗਾ ਕੀਤਾ ਜੋ ਤੁਸੀ ਭੈਣ ਜੀ ਦੇ ਕਹੇ ਉੱਤੇ ਸਾਨੂੰ ਮਿਲਣ ਆ ਗਏ।"
             " ਮੈ ਹੀ ਸਾਂ, ਜਿਹਨੇ ਤੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਸਨ।" ਉਸ ਦੇ ਨਾਲ ਬੈਠੀ ਭਾਰੀ ਜਿਹੀ ਬਜ਼ੁਰਗ ਇਸਤਰੀ ਨੇ ਕਿਹਾ, "ਮੈ ਤਾਂ ਸੋਚਦੀ ਸਾਂ ਖੋਰੇ ਤੂੰ ਆਵੇ ਹੀ ਨਾ।"
             "ਮੈਨੂੰ ਪਤਾ ਲੱਗਾ ਕਿ ਤੁਸੀ ਇਸਤਰੀ ਦਿਵਸ ਉੱਤੇ ਕੀਤੇ ਰੇਡਿਉ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਦੀਆ ਹੋ।" ਮੈ ਗੱਲ ਸ਼ੁਰੂ ਕਰਦਿਆਂ ਕਿਹਾ, " ਮਾਤਾ ਜੀ ਦੇ ਦੱਸਣ ਮੁਤਾਬਿਕ ਤਹਾਨੂੰ ਕੋਈ ਇਤਰਾਜ਼ਗੀ ਹੈ।"
             " ਪਰੋਗਰਾਮ ਤਾਂ ਠੀਕ ਹੀ ਸੀ।" ਅਖਬਾਰ ਵਾਲੀ ਆਂਟੀ ਨੇ ਕਿਹਾ, "ਕੁੱਝ  ਜ਼ਰੂਰੀ ਗੱਲਾਂ ਜੋ ਤੁਸੀ ਪ੍ਰੋਗਰਾਮ ਵਿਚ ਸ਼ਾਮਲ ਨਹੀ ਕੀਤੀਆਂ ਜਾਂ ਕੁੱਝ ਉਹ ਗੱਲਾਂ ਜੋ ਤੁਸੀ ਕੀਤੀਆਂ ਉਹਨਾਂ ਨੇ ਸਾਨੂੰ ਨਿਰਾਸ਼ ਕੀਤਾ।"
             " ਆਂਟੀ ਜੀ, ਤੁਸੀ ਦੱਸੋ? ਕਿਹੜੀਆਂ ਗੱਲਾਂ ਕਰਕੇ ਤਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ?" ਮੈ ਪੁੱਛਿਆ, "ਮਾਤਾ ਜੀ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਨਵੀ ਪੀੜ੍ਹੀ ਦੇ ਨਵੇ ਰਿਵਾਜ਼ ਤਹਾਨੂੰ ਸੀਨੀਅਰਜ਼ ਨੂੰ ਚੰਗੇ ਨਹੀ ਲੱਗਦੇ।"
             " ਉਹ ਤਾਂ ਹੈ ਹੀ।" ਹਰੇ ਸੂਟ ਵਾਲੀ ਜ਼ਨਾਨੀ ਬੋਲੀ, " ਤੁਸੀ ਰੇਡਿਉ ਤੇ ਬਹਿ ਕੇ ਜ਼ਨਾਨੀਆਂ ਨੂੰ ਵਿਗਾੜਦੀਆਂ ਹੋ।"
             " ਬਚਨ ਕੌਰੇ ਤੂੰ ਨਾ ਬੋਲ।" ਮਾਤਾ ਜੀ ਨੇ ਉਸ ਜ਼ਨਾਨੀ ਨੂੰ ਟੋਕਿਆ, "ਆਪੇ ਕਲਸੀ ਭੈਣ ਜੀ ਸਾਰੀ ਗੱਲ ਕਰੂਗੀ।"
             " ਤੁਹਾਡੇ ਪ੍ਰੋਗਰਾਮ ਵਿਚ ਇਕ ਲੇਖਿਕਾ ਕਹਿ ਰਹੀ ਸੀ ' ਜੇ ਮਰਦ ਦੋਸਤੀ ਰੱਖ ਸਕਦਾ ਹੈ ਤਾਂ ਔਰਤ ਕਿਉ ਨਹੀ।" ਕਲਸੀ ਆਂਟੀ ਨੇ ਦੱਸਿਆ, " ਉਸ ਦਾ ਇਹ ਕਹਿਣਾ ਅੋਰਤਾਂ ਨੂੰ ਮਰਦਾ ਨਾਲ ਦੋਸਤੀ ਕਾਈਮ ਕਰਨ ਲਈ ਉਤਸ਼ਾਹਿਤ ਕਰਦਾ ਹੈ।"
             " ਅੱਜਕਲ ਦੀਆਂ ਅੱਗੇ  ਕਿਹੜੀਆਂ ਘੱਟ ਆ।" ਇਕ ਹੋਰ ਬੋਲੀ, "ਅਗਲੀਆ ਕਹਿੰਦੀਆ ਸਾਡਾ ਬੋਏ ਫਰੈਂਡ ਆ।"
             " ਲੇਖਿਕਾ ਦਾ ਮਤਲਵ ਸੀ ਕਿ ਜੇ ਮਰਦ ਨੂੰ ਔਰਤ ਨਾਲ ਦੋਸਤੀ ਕਰਨ ਦੀ ਖੁੱਲ੍ਹ ਹੈ ਤਾਂ ਔਰਤ ਨੂੰ ਕਿਉਂ ਨਹੀ?" ਮੈ ਉਸ ਲੇਖਿਕਾ ਦਾ ਪੱਖ ਲੈਂਦੇ ਕਿਹਾ, " ਉਹ ਔਰਤ ਅਤੇ ਮਰਦ ਦੀ ਬਰਾਬਰਤਾ ਬਾਰੇ ਗੱਲ ਕਰ ਰਹੀ ਸੀ।"
             " ਮਰਦ ਆਪਣੀ ਜ਼ਨਾਨੀ ਹੁੰਦੇ- ਸੁੰਦੇ ਦੂਸਰੀ ਨੂੰ ਸਹੇਲੀ ਬਣਾ ਲਵੇ।" ਹਰੇ ਸੂਟ ਵਾਲੀ ਨੇ ਪੁੱਛਿਆ, " ਤੇਰੇ ਭਾਣੇ ਉਹ ਠੀਕ ਆ।"
             " ਮੇਰਾ ਮਤਲਵ ਹੈ ਕਿ ਗੱਲ ਦੋਸਤੀ ਤੱਕ ਹੀ ਰਹੇ, ਅਗਾਂਹ ਨਾ ਵਧੇ।"
             " ਇੱਥੇ ਵੀ ਤੁਸੀ ਗੱਲਤ ਹੋ।" ਕਲਸੀ ਆਂਟੀ ਨੇ ਇਕਦਮ ਕਿਹਾ, " ਪਰਾਏ ਮਰਦ ਨਾਲ ਦੋਸਤੀ ਪਾਉਣ ਨਾਲ ਗੱਲ ਆਪਣੇ ਆਪ ਹੀ ਅੱਗੇ ਵੱਧ ਜਾਂਦੀ ਹੈ, ਦੋਸਤੀ ਦੇ ਨਾਮ ਤੇ ਮਰਦ ਔਰਤ ਦਾ ਨਜ਼ਾਇਜ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ ਹੈ।"
             "  ਜ਼ਰੂਰੀ ਨਹੀ, ਇੰਝ ਹੀ ਹੁੰਦਾ ਹੋਵੇ।" ਮੈ ਆਂਟੀ ਨੂੰ ਕੱੱਟਦੇ ਕਿਹਾ, " ਕਈ ਮਰਦ ਬਹੁਤ ਸਮਝਦਾਰ ਹੁੰਦੇ ਨੇ।"
             " ਬਹੁਤ ਘੱਟ।" ਆਂਟੀ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਂਦੀ ਬੋਲੀ, " ਲੇਖਕ ਖੁਸ਼ਵੰਤ ਸਿੰਘ ਨੇ ਬਹੁਤ ਜ਼ਨਾਨੀਆਂ ਨਾਲ ਦੋਸਤੀ ਕੀਤੀ, ਉਹ ਆਪ  ਹੀ ਇਹ ਗੱਲ ਕਹਿੰਦਾ ਹੈ ' ਮਰਦ ਬੁਨਿਆਦੀ ਤੌਰ ਤੇ ਔਰਤ ਦਾ ਪਿੱਛਾ ਕਰਨ ਵਾਲੇ ਸ਼ਿਕਾਰੀ ਹੁੰਦੇ ਹਨ ਅਤੇ ਅੋਰਤਾਂ ਨੂੰ ਆਪਣੇ ਬਚਾਉ ਲਈ ਕੁੱਝ ਪੱਕੇ ਨਿਯਮ ਬਣਾ ਲੈਣੇ ਚਾਹੀਦੇ ਨੇ'।"
             ਆਂਟੀ ਦੀ  ਇਸ ਗੱਲ ਨਾਲ ਮੈਨੂੰ ਚਾਣਿਕਿਆ ਦਾ ਮਰਦਾ ਨੂੰ ਦਿੱਤਾ ਮਸ਼ਵਰਾ ਵੀ ਚੇਤੇ ਆ ਗਿਆ ਕਿ ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਆਪਣੇ ਦੋਸਤ ਦੀ ਪਤਨੀ ਨਾਲ ਇੱਕਲਿਆਂ ਗੱਲਬਾਤ ਕਰਨੀ ਛੱਡ ਦਿਉ' ਪਰ ਇਸ ਮਸ਼ਵਰੇ ਦਾ  ਚੇਤਾ ਮੈ ਉਹਨਾਂ ਸਾਹਮਣੇ ਜਾਹਰ ਨਹੀ ਕੀਤਾ। ਗੱਲ ਨੂੰ ਹੋਰ ਪਾਸੇ ਪਾਉਣ ਲਈ ਕਿਹਾ, " ਮਾਤਾ ਜੀ, ਤੁਸੀ ਫੋਨ ਉੱਪਰ ਆਪਣੀ ਪੋਤਨੂੰਹ ਬਾਰੇ ਗੱਲ ਕਰ ਰਹੇ ਸੀ।"
             " ਮੇਰੀ ਇਕੱਲੀ ਪੋਤਨੂੰਹ ਦੀ ਗੱਲ ਨਹੀ।" ਮਾਤਾ ਜੀ ਨੇ ਦੱਸਿਆ, " ਸਾਡੇ ਵਿਚ ਹੋਰ ਵੀ ਬੀਬੀਆਂ ਬੈਠੀਆਂ ਹਨ ਜਿਹਨਾਂ ਦੀਆਂ ਧੀਆਂ ਦਾ ਵੀ ਉਹ ਹੀ ਹਾਲ ਆ।"
             " ਇਸ ਬਾਰੇ ਵੀ ਮੈ ਹੀ ਦੱਸ ਦੇਂਦੀ ਹਾਂ।" ਕਲਸੀ ਆਂਟੀ ਫਿਰ ਬੋਲੀ, " ਆਪਣੀਆ ਲੜਕੀਆ ਪਾਰਟੀਆ ਵਿਚ ਸ਼ਰਾਬ ਪੀਣ ਲੱਗ ਪਈਆ ਹਨ।"
             ਮੈ ਕਿਹਾ, " ਆਪਣੇ ਤਾਂ ਲੜਕੇ ਵੀ ਬਹੁਤ ਪੀਦੇਂ ਨੇ।"
             ਹਰੇ ਸੂਟ ਵਾਲੀ ਬੋਲੀ, " ਤੇਰਾ ਕੀ ਮਤਲਵ ਕੁੜੀਆਂ ਉਹਨਾਂ ਦੀ ਨਕਲ ਕਰਦੀਆਂ ਆ।"
             " ਤਾਏ ਦੀ ਧੀ ਚਲੀ ਮੈ ਕਿਉਂ ਰਹਾ ਇਕਲੀ।" ਮੈ ਕਿਹਾ, " ਨਕਲ ਵੀ ਤਾਂ ਫਿਰ ਹੋਈ ਹੀ ਜਾਂਦੀ ਹੈ।ਹੁਣ ਕੁੜੀਆਂ ਵੀ ਆਪਣੇ ਆਪ ਨੂੰ ਮੁੰਡਿਆਂ ਦੇ ਬਰਾਬਰ ਸਮਝਦੀਆ ਹਨ।"
             " ਸਾਡਾ ਮੁੰਡਾ ਪਾਰਟੀਆਂ ਵਿਚ ਜਾ ਕੇ ਜਦੋਂ ਸ਼ਰਾਬੀ ਹੋ ਜਾਂਦਾ ਸੀ।" ਮਾਤਾ ਜੀ ਨੇ ਦੱਸਿਆ, " ਸਾਡੀ ਨੂੰਹ ਵੈਨ ਚਲਾ ਕੇ ਸਹੀ ਸਲਾਮਤ ਸਾਰੇ ਪ੍ਰੀਵਾਰ ਨੂੰ ਘਰ ਪਹੁੰਚਾ ਦੇਂਦੀ ਸੀ, ਪਰ ਹੁਣ ਮੇਰਾ ਪੋਤਾ ਕੋਕ ਵਿਚ ਸ਼ਰਾਬ ਮਿਲਾ ਕੇ ਵਹੁਟੀ ਨੂੰ ਆਪਣੀ ਹੱਥੀ ਦਿੰਦਾਂ ਆ।"
             " ਭੈਣ ਗੁੱਸਾ ਨਾ ਕਰੀ।" ਹਰੇ ਸੂਟ ਵਾਲੀ ਆਪਣੀ ਆਦਤ ਅਨੁਸਾਰ ਫਿਰ ਬੋਲੀ, " ਜਦੋਂ ਇਦਾ ਦਿਆ ਦੇ ਤਲਾਕ ਹੋ ਕੇ ਘਰ ਪੱਟ ਹੁੰਦੇ ਆ, ਫਿਰ ਅੱਖਾਂ ਵਿਚ ਘਸੁੰਣ ਦੇ ਦੇ ਰੋਂਦੇ ਆ।"
             " ਸੱਚ ਦਾ ਗੁੱਸਾ ਕੀ ਕਰਨਾ ਨਾਲੇ ਜੋ ਬੀਜਣਾ, ਵੱਢਣਾ ਵੀ  ਉਹ ਹੀ ਪੈਣਾ।" ਮਾਤਾ ਜੀ ਨੇ ਜ਼ਵਾਬ ਦਿੱਤਾ, " ਮੈਨੂੰ ਤਾਂ ਇਹ ਫਿਕਰ ਆ ਜੇ ਪਾਰਟੀ ਵਿਚ ਦੋਨੋ ਸ਼ਰਾਬੀ ਹੋ ਜਾਇਆ ਕਰਨਗੇ ਤਾਂ ਨਿਆਣਿਆਂ ਨੂੰ ਲੈ ਕੇ ਘਰ ਕਿਦਾ ਆਇਆ ਕਰਨਗੇ।"
             " ਦੇਖਿਉ ਤੁਸੀ, ਬੱਚਿਆਂ ਨੇ ਵੀ ਉਹੀ ਕਰਨਾ ਜੋ ਆਪਣੇ ਮਾਪਿਆਂ ਨੂੰ ਕਰਦੇ ਦੇਖਣਾ।" ਪਰੇ ਬੈਠੀ ਇਕ ਹੋਰ ਜ਼ਨਾਨੀ ਵਿਚੋਂ ਹੀ ਬੋਲੀ, " ਜੈਸੀ ਕੋਕੋ, ਤੈਸੇ ਕੋਕੋ ਦੇ ਬੱਚੇ।"
             " ਜੇ ਮੁੰਡੇ ਨਸ਼ਾ ਜਾਂ ਹੋਰ ਗਲਤ ਕਰਦੇ ਹਨ  ਅਸੀ  ਤਾਂ ਉਹਨਾਂ ਦੇ ਵੀ ਖਿਲਾਫ ਹਾਂ।" ਕਰੀਮ ਦੁਪੱਟੇ ਵਾਲੀ ਬੋਲੀ, " ਪਰ ਪਿਉ ਨਾਲੋ ਜ਼ਿਆਦਾ ਪ੍ਰਭਾਵ ਮਾਂ ਦਾ ਬੱਚਿਆਂ ਤੇ ਪੈਂਦਾ ਹੈ।"
            
             " ਤੁਸੀ ਇਹਨਾਂ ਗੱਲਾਂ ਦਾ ਜਿਕਰ ਆਪਣੇ ਇਸਤਰੀ ਦਿਵਸ ਵਾਲੇ ਪ੍ਰੌਗਰਾਮ ਵਿਚ ਕਿਉਂ ਨਹੀ ਕੀਤਾ?" ਇਕ ਹੋਰ ਇਸਤਰੀ ਨੇ ਮੈਨੂੰ ਪੁੱਛਿਆ, " ਇਹੋ ਜਿਹੀ ਬਰਾਬਰਤਾ ਦੇ ਤੂੰ ਹੱਕ ਵਿਚ ਆਂ?"
             ਉਹਨਾਂ ਅੋਰਤਾਂ ਦੇ ਵਿਚਕਾਰ ਮੈ ਆਪਣੇ ਆਪ ਨੂੰ ਘਿਰੀ ਹੋਈ ਮਹਿਸੂਸ ਕੀਤਾ।ਰੇਡੀਉ ਤੇ ਮੈ ਇੰਨਾ ਬੋਲ ਲੈਂਦੀ ਹਾਂ, ਪਰ ਇਸ ਸਮੇਂ ਮੈਨੂੰ ਪਤਾ ਨਾ ਲੱਗੇ ਕਿ ਮੈ ਕੀ ਬੋਲਾਂ?ਕਲਸੀ ਆਂਟੀ ਨੇ ਮੇਰੇ ਵੱਲ ਇੰਝ ਦੇਖਿਆ ਜਿਵੇ ਉਹ ਮੇਰੀ ਸਥੀਤੀ ਸਮਝਦੀ ਹੋਵੇ।
             " ਸੋ ਹੱਥ ਰੱਸਾ ਸਿਰੇ ਤੇ ਗੰਢ।" ਕਲਸੀ ਆਂਟੀ ਨੇ ਗੱਲ ਮੁਕਾਂਦਿਆ ਕਿਹਾ, " ਭੈਣਾ ਦਾ ਮਤਲਵ ਹੈ ਕਿ ਹੋਰ ਵੀ ਬਹੁਤ ਸਾਰੀਆਂ  ਮਰਦ ਦੀਆਂ ਚੰਗੀਆਂ ਗੱਲਾਂ ਹਨ, ਅੋਰਤਾਂ ਨੂੰ ਉਹ ਗੱਲਾਂ ਅਪਨਾਉਣ ਵਿਚ ਝਿਜਕ ਨਹੀ ਕਰਨੀ ਚਾਹੀਦੀ, ਪਰ ਮਰਦਾਂ ਦੀਆਂ ਗੱਲਤ ਆਦਤਾਂ ਦੀ ਨਕਲ ਕਰਨ ਨੂੰ ਬਰਾਬਰਤਾ ਜਾਂ ਅਜ਼ਾਦੀ ਨਾ ਸਮਝਨ।"

             ਕਲਸੀ ਆਂਟੀ ਦੀਆਂ ਗੱਲਾਂ ਨਾਲ ਸਹਿਮਤ ਹੁੰਦੀ ਮੈ ਮਾਤਾ ਜੀ ਦੇ ਖਪਣ ਦਾ ਕਾਰਨ ਸਮਝ ਗਈ ਸੀ।ਉਹਨਾਂ ਦੀ ਸੱਮਸਿਆ ਦਾ ਹੱਲ ਮੈ ਨਹੀ ਸੀ ਜਾਣਦੀ।ਇਹ ਵੀ ਸੱਚ ਸੀ ਕਿ ਅਜਿਹੀਆ ਗੱਲਾਂ ਦਾ ਜਿਕਰ ਮੈ ਕਦੇ ਵੀ ਆਪਣੇ ਪ੍ਰੋਗਰਾਮ ਵਿਚ ਨਹੀ ਸੀ ਕੀਤਾ। ਉਹਨਾਂ ਬਜ਼ੁਰਗ ਅੋਰਤਾਂ ਦੇ ਸਾਹਮਣੇ ਮੈ ਆਪਣੀ ਗੱਲਤੀ ਮੰਨਦਿਆ ਕਿਹਾ, " ਅੱਜ ਜਿਹੜੇ ਨੁਕਤੇ ਤੁਸੀ ਮੇਰੇ ਸਾਹਮਣੇ ਰੱਖੇ ਹਨ, ਉਹਨਾਂ ਬਾਰੇ ਇਕ ਸਪਸ਼ੈਲ ਪ੍ਰੋਗਰਾਮ ਰੇਡਿਉ ਤੇ ਕਰਾਂਗੀ ਅਤੇ ਕਲਸੀ ਆਂਟੀ ਨੂੰ ਉਸ ਪ੍ਰੋਗਰਾਮ ਵਿਚ ਬੁਲਾਵਾਂਗੀ।"
             ਰੇਡੀਉ ਤੇ ਤਾਂ ਅਸੀ ਸਾਰੀਆਂ ਹੀ ਆਉਣ ਨੂੰ ਤਿਆਰ ਹਾਂ।" ਹਰੇ ਸੂਟ ਵਾਲੀ ਨੇ ਇਕਦਮ ਕਿਹਾ, " ਤੂੰ ਇਕ ਵਾਰੀ ਸਾਨੂੰ  ਬੁਲਾ ਤਾਂ ਸਹੀ।"
             " ਚਲੋ ਠੀਕ ਹੈ। ਤੁਹਾਡੇ ਸਾਰੀਆਂ ਨਾਲ ਇਕ ਪ੍ਰੋਗਰਾਮ ਰੇਡਿਉ ਤੇ ਕੀਤਾ ਜਾਵੇਗਾ, ਤੁਸੀ ਆਪਣੇ ਵਿਚਾਰ ਸਰੋਤਿਆਂ ਦੇ ਸਾਹਮਣੇ ਰੱਖਣੇ।"
             ਮੇਰੀ ਇੰਨੀ ਗੱਲ ਕਹਿਣ ਤੇ ਸਾਰੀਆਂ ਖੁਸ਼ ਹੋ ਗਈਆਂ ਪਤਾ ਨਹੀ ਰੇਡਿਉ ਤੇ ਆਉਣ ਦੇ ਚਾਅ ਵਿਚ ਜਾਂ ਮੇਰਾ ਉਹਨਾਂ ਨਾਲ ਸਹਿਮਤ ਹੋ ਜਾਣ ਕਰਕੇ।
             ਜਾਣ ਲੱਗੀਆਂ ਸਾਰੀਆਂ ਮੈਨੂੰ ਜੱਫੀ ਪਾ ਕੇ ਮਿਲੀਆਂ। ਮੈ ਵੀ ਖੁਸ਼ ਸਾਂ ਕਿ ਮੈਨੂੰ ਰੇਡਿਉ ਤੇ ਪੇਸ਼ ਕਰਨ ਲਈ ਨਵਾ ਪ੍ਰੋਗਰਾਮ ਮਿਲ ਗਿਆ।