ਤਲਾਸ਼ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਰੇ       ਦਿਸ਼ਾਵਾਂ   ਮੈਨੂੰ ਮਿੱਠੀਆਂ  ਲੱਗਣ
ਕਿਸ ਦਿਸ਼ਾ  ਤੂੰ  ਵਸਦਾ ।
ਮਾਹੀ ਮੇਰਾ ਵੀ ਰਬ ਦੇ ਵਰਗਾ  ,
ਅਪਣਾ ਪਤਾ  ਨਹੀਂ  ਦਸਦਾ ।
 
ਨੀਲ ਗਗਨ ਵਿਚ ਨਜ਼ਰ ਦੌੜਾਵਾਂ ,
ਕਿਸ ਸੀਮਾਂ  ਤਕ ਦੇਖਾਂ ।
ਹਰ ਤਾਰਾ ਕੋਈ  ਭੇਦ  ਛੁਪਾਵੇ ,
ਮੇਰੇ ਹਾਲ ਤੇ  ਹਸਦਾ ।
 
ਰੁੱਤਾਂ  ਦੀਆਂ  ਖੁਸ਼ਬੋਆਂ  ਵਿੱਚੋਂ ,
ਤੇਰੀ ਮਿਲਣੀਂ ਸੁੰਘਾਂ  ।
ਜਿਸ ਰੁੱਤ ਵਲ ਹੀ ਬਾਹਾਂ ਪਸਾਰਾਂ ,
ਉਸ ਰੁੱਤੋਂ ਹੀ ਤੂੰ  ਨਸਦਾ ।
 
ਫੁੱਲ  ਦਾ ਬੂੱਟਾ  ਵਹਿੜੇ  ਲਾਵਾਂ ,
ਪਾਲਾਂ ਪੋਸਾਂ ਲਾਡ ਲ੍ਡਾਵਾਂ ।
ਫੁਲ ਤਾਂ  ਮੇਰੇ ਸਜਨਾਂ  ਵਰਗਾ ,
ਦਿਲ  ਦੇਖ ਦੇਖ ਨਾਂ  ਰਜਦਾ ।
 
ਅਜ ਦਾ ਵੇੱਲਾ  ਕੱਲ ਦਾ ਵੇਲਾ ,
ਕਿਹੜਾ  ਭਾਗਾਂ  ਭਰਿਆ ।
ਡਰ  'ਤੇ ਸ਼ਕ  ਦੀ ਦਲ ਦਲ ਕਿੰਝ  ਦੀ ,
ਮਨ ਜਾਕੇ  ਝੱਟ    ਫਸਦਾ ।
 
ਮਿੱਠੇ ਪਾਣੀ  ,  ਮਿਲਕੇ    ਸਾਗਰ ,
ਹੋ ਜਾਂਦੇ  ਨੇ  ਖਾਰੇ ।
ਜਿੰਦਗੀ  ਦੀ ਇਹ ਕੌੜੀ ਗਾਥਾ  ,
ਕੋਈ ਵੀ ਕਰ ਕੀ ਸਕਦਾ  ।