ਦਰਜ਼ੀਆਂ ਦਾ ਧਰਨਾ (ਵਿਅੰਗ )

ਹਰਪ੍ਰੀਤ ਸਿੰਘ ਮਾਣਕਮਾਜਰਾ    

Email: harpreetsingh1410@gmail.com
Cell: +91 99142 33604
Address: ਮਾਣਕ ਮਾਜਰਾ
India
ਹਰਪ੍ਰੀਤ ਸਿੰਘ ਮਾਣਕਮਾਜਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਰਜ਼ੀ ਯੁਨੀਅਨ ਜ਼ਿੰਦਾਬਾਦ- ਜ਼ਿੰਦਾਬਾਦ, ਪਟਿਆਲਾ ਸ਼ਾਹੀ ਸੂਟ ਸਿਊਂਕੇ ਰਹਾਂਗੇ- ਸਿਊਂਕੇ ਰਹਾਂਗੇ,ਤੁਹਾਡੀਆ ਜੀਨਾਂ ਹਾਏ- ਹਾਏ! ਵਲਾਂ ਵਾਲੀ ਸਲਵਾਰ ਸਿਊਂਕੇ ਰਹਾਂਗੇ- ਸਿਊਂਕੇ ਰਹਾਂਗੇ, ਤੁਹਾਡੀਆਂ ਜੀਨਾਂ ਹਾਏ- ਹਾਏ!ਚੁੰਨੀਆਂ ਨੂੰ ਪੀਕੋ ਕਰਕੇ ਰਹਾਂਗੇ ਕਰਕੇ ਰਹਾਂਗੇ, ਤੁਹਾਡੇ ਸੈਂਪੂ ਵਾਲੇ ਵਾਲ ਹਾਏ-ਹਾਏ!"
     ਰਸਤੇ ਵਿਚ ਲਗਦੇ ਨਾਹਰੇ ਸੁਣਕੇ ਮੈਂ ਦਹਲ ਗਿਆ, ਮੈਨੂੰ ਡਰ ਲੱਗਿਆ ਕਿ ਸ਼ਾਇਦ ਇਹ ਧਰਨਾ ਸਾਨੂੰ ਅੱਗੇ ਨਹੀਂ ਜਾਣ ਦੇਵੇਗਾ ਅਤੇ ਸਾਡੇ ਫਾਰਮ ਹੱਥਾਂ ਵਿਚ ਹੀ ਰਹਿ ਜਾਣਗੇ। ਮੇਰੇ ਨਾਲ  ਗਏ ਸਾਡੇ ਕੰਪਿਊਟਰ ਵਾਲੇ ਅਧਿਆਪਕ ਨੇ ਕਿਹਾ,"ਬਾਈ ਜੀ ਘਾਬਰ ਨਾ ਫਾਰਮ ਜਮ੍ਹਾਂ ਕਰਵਾਕੇ ਛੱਡੂੰ।" ਮੈਂ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ,"ਸਰ ਜੀ ਛੱਡੋ,ਕਾਹਨੂੰ  ਫੜ ਮਾਰਦੇ ਹੋ,ਇੰਨੀ ਭੀੜ ਵਿਚੋਂ ਆਪਾਂ ਕਿਵੇਂ ਅੱਗੇ ਲੰਘ ਜਾ ਗਏ।" "ਬਾਈ ਜੀ ਮੈਨੇ ਬੜੇ ਬੜੇ ਧਰਨਿਆਂ ਵਿਚ ਹਾਜ਼ਰੀ ਦਿੱਤੀ ਏ,ਨਾਲੇ ਇਹ ਦਰਜ਼ੀਆਂ ਦਾ ਧਰਨਾ ਕੀ ਐ, ਇਨ੍ਹਾਂ ਨੇ ਘੰਟੇ ਨੂੰ ਪੱਤਰ ਜਿਆ ਦੇ ਕੇ ਭੱਜ ਜਾਣਾ ਏ, ਇਨ੍ਹਾਂ ਦੀ ਲਾਈ ਹੋਈ ਸਿਊਣ ਨੂੰ ਜਦ ਮਰਜ਼ੀ ਉਧੇੜ ਦੇ।" ਮੈਂ ਕਿਹਾ ,"ਚਲੋ ਦੇਖਦੇ ਆਂ ਪਰ ਸਰ ਮੈਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਧਰਨਾ ਮੰਤਰੀਆਂ ਦੀਆਂ ਕੋਠੀਆਂ ਦੇ ਅੱਗੇ ਲਗਦਾ ਹੈ, ਇਹ ਤਾਂ ਕਾਲਜ ਅੱਗੇ ਲਾਈ ਬੈਠੇ ਨੇ।" "ਲੈ ਤੈਨੂੰ ਕੀ ਪਤਾ ਖਬਰੈ ਕਿਸੇ ਮੁੰਡੇ ਨੇ ਪੈਂਟ ਦੀ ਕਰੀਜ ਨਾ ਪਾਉਣ ਕਰਕੇ ਕਿਸੇ ਦਰਜੀ ਦੇ ਥੱਪੜ  ਮਾਰ ਦਿਤਾ ਹੋਵੇ" ਮੈਨੂੰ ਸਰ ਨੇ ਕਿਹਾ।
ਜਦੋਂ ਅਸੀਂ ਦੋਵੇਂ ਗੱਡੀ ਵਿਚੋਂ ਬਾਹਰ ਨਿਕਲ ਕੇ ਗਏ ਤਾਂ ਮੈਂ ਦੇਖਿਆ ਕਿ ਸਾਡੇ ਪਿੰਡ ਦਾ ਭੋਲੂ ਦਰਜੀ ਵੀ ਉਥੇ ਨਾਹਰੇ ਲਗਾ ਹਾ ਸੀ।ਉਸਨੇ ਮੈਨੂੰ ਵੇਖ ਲਿਆ ਅਤੇ ਮੇਰੇ ਕੋਲ ਆਇਆ ਤਾਂ ਮੈਂ ਉਸਨੂੰ ਇਸ ਧਰਨੇ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ,"ਮਾਸਟਰ ਜੀ ਲੋਕ ਸਾਥੋਂ ਕੱਪੜੇ ਸਿਲਾਉਣ ਤੋਂ ਹਟ ਗਏ ਹਨ ਅਤੇ ਜੀਨਾ ਪਾਉਣ ਲੱਗ ਪਏ ਹਨ,ਚਲੋ ਮੁੰਡੇ ਤਾਂ ਹਟੇ ਹੀ ਨਾਲ ਕੁੜੀਆਂ ਵੀ ਹਟ ਗਈਆਂ ਹਨ।ਸਾਡੇ ਬੱਚੇ ਭੁਖੇ ਮਰ ਰਹੇ ਨੇ।".... "ਤੁਸੀਂ ਫਿਰ ਕਾਲਜ ਅੱਗੇ ਹੀ ਧਰਨਾ ਕਿਉਂ ਲਾਇਆ ਹੋਇਆ",ਮੈਂ ਉਸਨੂੰ ਪੁਛਿਆ। ਉਸਨੇ ਮੇਰੀ ਗੱਲ ਦਾ ਜਵਾਬ ਦਿੰਦਿਆ ਕਿਹਾ ," ਕੀ ਕਰੀਏ ਜੀ ਕਾਲਜ ਦੇ ਮੁੰਡੇ-ਕੁੜੀਆਂ ਜੀਨਾਂ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ।"
       "ਲਗਦੈ ਕਾਲਜ ਦੇ ਅਧਿਕਾਰੀ ਆ ਗਏ ਨੇ, ਚੰਗਾ ਮਾਸਟਰ ਜੀ ਇਨ੍ਹਾ ਨੂੰ ਪੱੱੱਤਰ-ਪੁਤਰ ਜਿਆ ਦੇ ਆਈਏ", ਇਹ ਕਹਿੰਦਾ ਹੋਇਆ ਭੋਲੂ ਸਾਡੇ ਕੋਲੋਂ ਚਲੇ ਗਿਆ।ਸਾਡੇ ਨਜਦੀਕ ਹੀ ਦੋ ਦਰਜ਼ੀ ਗੱਲਾਂ ਕਰ ਰਹੇ ਸੀ," ਯਾਰ ਤੈਂ ਸੱਚ ਨੀ ਮੰਨਣਾ ਆਹ ਭੈਣਜੀ ਮੈਂਤੋ ਪਟਿਆਲਾ ਸ਼ਾਹੀ ਸੂਟ ਸਿਲਾਇਆ ਕਰਦੀ ਸੀ, ਕਿਹੜੀ ? ਆਹ ਜੀਨ ਆਲ਼ੀ, ਆਹ ਵਿਚਕਾਰਲੀ ?ਹਾਂ ਆਹ ਜਿਹੜੀ ਝਾਟੇ ਜਿਹੇ ਖੋਲੀ ਫਿਰਦੀ ਐ।"…"ਕੀ ਦੱਸਾਂ ਮਿਹਰ ਸਿਆਂ ਆ ਚੁੰਨੀ ਦੇ ਪੰਦਰ੍ਹਾਂ-ਵੀਹ ਰੁਪਏ ਬਣ ਜਾਂਦੇ ਸੀ ਪੀਕੋ ਕਰਾਈ ਦੇ ਬਸ ਜਦੋਂ ਦੀਆਂ ਆਹ ਕੁੜੀਆਂ ਨੇ ਚੁੰਨੀ ਲੈਣੀ ਛੱਡੀ ਐ ਬਸ ਉਹ ਵੀ ਮਰ ਗਏ।"
                                  "ਸ਼ਾਂਤ ਹੋ ਜਾਓ ਸ਼ਾਂਤ, ਸਾਡੇ ਕਾਲਜ ਦੀ ਪ੍ਰਿੰਸੀਪਲ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ ਪਰ ਸਾਨੂੰ ਪਹਿਲਾ ਮਸਲਾ ਦੱਸੋ ਕਿ ਤੁਸੀਂ ਸਾਡੇ ਕਾਲਜ ਅੱਗੇ ਧਰਨਾ ਕਿਉਂ ਲਾਇਆ", ਕਾਲਜ ਦੇ ਅਧਿਕਾਰੀਆਂ ਨੇ ਪੁੱਛਿਆ।"ਅਸੀਂ ਧਰਨਾ ਇਸ ਕਰਕੇ ਲਾਇਐ ਕਿਉਂਕਿ ਤੁਹਾਡੇ ਕਾਲਜ ਦੇ ਵਿਦਿਆਰਥੀ ਸਾਡੇ ਸਿਲਾਈ ਕੀਤੇ ਕੱਪੜੇ ਨਹੀਂ ਪਾਉਂਦੇ , ਜੀਨਾਂ- ਜੂਨਾਂ ਪਾਉਣ ਲੱਗ ਪਏ ਨੇ ਅਤੇ ਸਾਨੂੰ ਵਿਹਲੇ ਕਰ ਦਿੱਤਾ ਹੈ", ਦਰਜ਼ੀਆਂ ਦੇ ਅਧਿਕਾਰੀ ਨੇ ਕਿਹਾ।
                 ਇੰਨੇ ਨੂੰ ਅੰਦਰੋਂ ਕਾਲਜ ਦੀ ਪ੍ਰਿੰਸੀਪਲ ਆਉਂਦੀ ਹੈ ਜਿਸ ਨਾਲ ਕਈ ਇਸਤਰੀ ਅਧਿਆਪਕਾਵਾਂ ਸਨ,ਜਿਨ੍ਹਾਂ ਸਾਰੀਆਂ ਨੇ ਜੀਨਾਂ ਨਾਲ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਪਰ ਆਟੇ ਵਿਚ ਲੂਣ ਦੇ ਸਮਾਨ ਇਕ ਨੇ ਸਲਵਾਰ ਕਮੀਜ਼ ਵੀ ਪਾਈ ਹੋਈ ਐ।....."ਤੁਹਾਨੂੰ ਕੀ ਪ੍ਰੋਬਲਮ ਹੈ, ਕਿਉਂ ਕਾਲਜ ਦੀ ਪੜ੍ਹਾਈ ਵਿਚ ਵਿਘਨ ਪਾ ਰਹੇ ਓ?" ਕਾਲਜ ਦੀ ਪ੍ਰਿੰਸੀਪਲ ਨੇ ਪੁਛਿਆ।.."ਦੇਖੋ ਜੀ ਸਾਨੂੰ ਕੋਈ ਪਰੌਬਲਮ ਪਰੂਬਲਮ ਨਹੀਂ, ਬਸ ਇਹੋ ਸਮੱਸਿਆ ਕਿ ਤੁਸੀਂ ਆਪਣੇ ਕਾਲਜ ਵਿਚ ਪੰਜਾਬੀ ਪਹਿਰਾਵੇ ਦਾ ਪ੍ਰਚਾਰ ਕਰੋ ਜਿਸ ਨਾਲ ਸਾਡੀ ਜ਼ਿੰਦਗੀ ਵਿਚ ਵੀ ਖੇੜਾ ਆਵੇ", ਦਰਜ਼ੀ ਯੁਨੀਅਨ ਦੇ ਪ੍ਰਧਾਨ ਨੇ ਕਿਹਾ।....."ਨਹੀਂ ਇਹ ਨਹੀਂ ਹੋ ਸਕਦਾ, ਜੇ ਅਸੀਂ ਸੰਸਾਰ ਵਿਚ ਪੈਰ ਜਮਾਉਣੇ ਨੇ ਤਾਂ ਸਾਨੂੰ ਸੰਸਾਰ ਦੇ ਨਾਲ ਚੱਲਣਾ ਪਵੇਗਾ",ਪ੍ਰਿੰਸੀਪਲ ਨੇ ਕਿਹਾ।.."ਬੀਬਾ ਤੂੰ ਸੰਸਾਰ ਨਾਲ ਸਵਾਹ ਚੱਲੇਂਗੀ,ਜਦੋਂ ਜੀਨ ਦੀਆਂ ਪੈਂਟਾਂ ਵਿਚ ਸਾਡਾ ਸਾਹ ਘੁਟਿਆ ਜਾਵੇਗਾ ਤਾਂ ਤੂੰ ਉਥੇ ਇਕੱਲੀ ਕੀ ਕਰੇਗੀ,ਕੀ ਤੈਨੂੰ ਸਾਡੇ ਜਵਾਕ ਮਾਰ ਕੇ ਸਾਂਤੀ ਮਿਲ ਜੂ ਨਾਲੇ ਤੁਹਾਡੇ ਵਿਦਿਆਰਥੀ ਸਾਡੀ ਹਾਥੀ ਦਰਜ਼ੀ ਵਾਲੀ ਕਹਾਣੀ ਪੜ੍ਹਕੇ ਹੀ ਇਥੇ ਪਹੁੰਚੇ ਹਨ", ਵਿਚੋਂ ਇਕ ਦਰਜ਼ੀ ਬੋਲਿਆ।...."ਕੋਈ ਨੀ ਤੁਹਾਡੀਆਂ ਮੰਗਾਂ 'ਤੇ ਵਿਚਾਰ ਕਰਾਂਗੇ,ਆਪਣਾ ਮੈਮੋਰੰਡਮ ਦੇ ਜਾਵੋ", ਕਾਲਜ ਦੀ ਪ੍ਰਿੰਸੀਪਲ ਨੇ ਅੱਗੇ ਹੋ ਕੇ ਕਿਹਾ।
                                                      ਦਰਜ਼ੀ ਯੂਨੀਅਨ ਦੇ ਨੁਮਾਇੰਦੇ ਅੱਗੇ ਆਉਂਦੇ ਹਨ ਅਤੇ ਮੈਮੋਰੰਡਮ ਦਿੰਦੇ ਹੋਏ ਪ੍ਰਿੰਸੀਪਲ  ਸਾਹਿਬਾ ਨੂੰ ਕਹਿੰਦੇ ਹਨ ,"ਜੀ ਇਸਨੂੰ ਸਾਡਾ ਮਰਨਡੰਮ ਹੀ ਸਮਝਿਓ।"...ਮੈਮੋਰੰਡਮ ਦੇਣ ਤੋਂ ਬਾਅਦ ਦਰਜੀ ਯੂਨੀਅਨ ਦਾ ਪ੍ਰਧਾਨ ਅੱਗੇ ਆਉਂਦਾ ਹੈ ਤੇ ਦਰਜੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ,"ਦਰਜ਼ੀ ਭਰਾਵੋ ਉਹ ਵੀ ਕੋਈ ਸਮਾਂ ਹੁੰਦਾ ਸੀ ਜਦੋਂ ਬੱਚੇ ਦੇ ਪੋਤੜਿਆਂ ਤੋਂ ਲੈ ਕੇ ਸਿਰ ਦੀ ਪੱਗ ਤੱਕ ਲੋਕ ਸਾਥੋਂ ਸਿਉਣ ਮਰਾਈ ਜਾਂਦੀ ਸੀ ਪਰ ਅੱਜ ਜਿਓਂ ਜਿਓਂ ਤਨ ਤੋਂ ਕੱਪੜ ਦਾ ਮਾਪ ਘੱਟਦਾ ਜਾ ਰਿਹਾ ਹੇ ,ਉਸੇ ਤਰ੍ਹਾਂ ਸਾਡੀ ਭੂਮਿਕਾ ਵੀ  ਖ਼ਤਮ ਹੁੰਦੀ ਜਾ ਰਹੀ ਹੈ ਅਤੇ ਸਾਡੇ ਬੱਚੇ ਭੁੱਖੇ ਮਰ ਰਹੇ ਹਨ।ਪਿਆਰੇ ਦੋਸਤੋ ਭਾਵੇਂ ਦੁਨੀਆਂ ਵਾਲੇ ਦੱਸਣ ਜਾਂ ਨਾ ਦੱਸਣ ਪਰ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਘੁਟਵੇਂ ਕੱਪੜੇ ਇਨ੍ਹਾਂ ਦੇ ਬੇੜ੍ਹ ਜ਼ਰੂਰ ਪਾਉਂਦੇ ਹਨ।ਅਸੀਂ ਅੱਜ ਇਥੇ ਪ੍ਰਣ ਕਰਨਾ ਹੈ ਕਿ ਲੋਕਾਂ ਨੂੰ ਇਨ੍ਹਾਂ ਬੇੜ੍ਹਾਂ ਤੋਂ ਜ਼ਰੂਰ ਬਚਾਉਣਾ ਹੈ।ਅਸੀਂ ਅਖ਼ਬਾਰ ਵਾਲੇ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਆਉਂਦੇ ਦਿਨਾਂ ਵਿਚ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸਾਰੇ ਕਾਲਜਾਂ ਅਤੇ ਯੁਨੀਵਰਸਿਟੀਆਂ ਅੱਗੇ ਧਰਨੇ ਲਾਏ ਜਾਣਗੇ। ਦੋਸਤੋਂ ਮੈਨੂੰ ਆਸ ਹੈ ਕਿ ਤੁਸੀਂ ਇਸੇ ਤਰ੍ਹਾਂ ਯੂਨੀਅਨ ਦਾ ਸਾਥ ਦਿੰਦੇ ਰਹੋਗੇ,ਧੰਨਵਾਦ।"
                                                        ਇੰਨੇ ਨੂੰ ਧਰਨਾ ਖ਼ਤਮ ਹੋ ਗਿਆ ਅਤੇ ਅਸੀਂ ਵੀ ਪਟਿਆਲੇ ਨੂੰ ਚਲ ਪਏ।ਦਰਜੀਆਂ ਦੇ ਇਸ ਦੁੱਖ ਨੂੰ ਵੇਖਕੇ ਮੈਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਦੀਆਂ ਦੋ ਤੁਕਾਂ ਯਾਦ ਆ ਗਈਆਂ "ਸਾਡੇ ਪੋਤੜਿਆਂ ਵਿਚ ਬਿਰਹਾ ਰੱਖਿਆ ਸਾਡੀਆਂ ਮਾਵਾਂ..।"ਪਰ ਨਾਲ ਇਹ ਵੀ ਅਫ਼ਸੋਸ ਹੋ ਰਿਹਾ ਸੀ ਕਿ ਸ਼ਾਇਦ ਕੱਲ ਇਹ ਕਵਿਤਾ ਵੀ ਬੇਅਰਥ ਨਾ ਹੋ ਜਾਵੇ ਕਿਉਂਕਿ ਲੋਕਾਂ ਦੇ ਮਨ੍ਹਾਂ ਵਿਚੋਂ 'ਪੋਤੜਾ' ਸ਼ਬਦ ਪੱਛਮ ਦੀ ਅਰੇਜ਼ਰ ਨੇ ਮਿਟਾ ਹੀ ਦੇਣਾ ਹੈ।