ਬਾਬਾ ਜੀ ਕਰੋ ਕਿਰਪਾ (ਕਾਵਿ ਵਿਅੰਗ )

ਚਰਨਜੀਤ ਪਨੂੰ    

Email: pannucs@yahoo.com
Phone: +1 408 365 8182
Address:
California United States
ਚਰਨਜੀਤ ਪਨੂੰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਰੋ ਕਿਰਪਾ ਤੇ ਮਿਹਰ ਦੀ ਨਜ਼ਰ ਰੱਖੋ, ਮੇਰੇ ਹਿਰਦੇ ਠੰਡ ਵਰਤਾਓ ਬਾਬਾ।
ਤਿਲਕ ਲਗਾਓ, ਜਨੇਊ ਪੁਆਓ ਬੇਸ਼ੱਕ, ਮੇਰੇ ਸਿਰ ਤੇ ਮੁਕਟ ਸਜਾਓ ਬਾਬਾ।
ਉਂਗਲ ਕਰੇ ਨਾ ਜਨਤਾ ਮੇਰੇ ਔਗੁਣਾਂ ਨੂੰ, ਐਸਾ ਅੱਖਾਂ 'ਚ ਸੁਰਮਾ ਪਾਓ ਬਾਬਾ।
ਹਵਨ ਕਰਾਊਂ ਸਵਾ ਮਣ ਰੋਟ ਚੜ੍ਹਾਊਂ, ਪੰਜ ਸਾਲ ਮੇਰੀ ਗੱਦੀ ਬਚਾਓ ਬਾਬਾ।
 
ਪੰਜ ਪੀਰ ਹਨ ਮੇਰੀ ਮੁੱਠੀ ਵਿੱਚ ਪਹਿਲਾਂ, ਮੇਰੀ ਪਿੱਠ ਤੇ ਤੂੰ ਥਾਪੜਾ ਲਾ ਦਾਤਾ।
ਗੱਦੀ ਘਰ  ਰਹੇ ਨਾ ਚਲੀ ਜਾਏ ਪਾਸੇ, ਮੇਰੇ ਵਾਰਿਸ ਨੂੰ ਹੀ ਤਿਲਕ ਲਗਾ ਦਾਤਾ।
ਚੂੰ ਕਰੇ ਨਾ, ਕੁਸਕ ਸਕੇ ਨਾ ਸ਼ਰੀਕ ਕੋਈ, ਮੂੰਹੀਂ ਉਨ੍ਹਾਂ ਦੇ ਘੁੰਙਣੀਆਂ ਪਾ ਦਾਤਾ।
ਮਰਦੇ ਰਹਿਣ ਹੱਕਦਾਰ ਆਪੇ ਲੜ ਲੜ ਕੇ, ਤੱਕਲ਼ਾ ਸੇਹ ਦਾ ਐਸਾ ਗਡਾ ਦਾਤਾ।
 
ਰੋਟੀ ਦਾਲ ਵਾਇਦਾ ਨਹੀਂ ਵਫ਼ਾ ਹੋਇਆ, ਲੋਕ ਸ਼ਕਤੀ ਦੀ ਯਾਦ ਭੁਲਾ ਦਾਤਾ।
ਨੀਂਹ ਪੱਥਰ ਬੜੇ ਲਗਾਏ ਚੌਰਾਹਿਆਂ ਅੰਦਰ, ਵਜਾ ਬੀਨ ਤੇ ਧੂਫ਼ ਧੁਖਾ ਦਾਤਾ।
ਚਿਮਟੇ ਛਣਕਾਉਣੇ ਬੜੇ ਮੈਂ ਜਾਣਦਾ ਹਾਂ, ਵਿਕਾਸ ਨਾਮ ਤੇ ਡਮਰੂ ਵਜਾ ਦਾਤਾ।
ਚਰਾਗ਼ ਅਲਾਦੀਨ ਹੱਥੋਂ ਨਾ ਖਿਸਕ ਜਾਏ, ਜਾਦੂ ਛੜੀ ਨਾਲ ਇਹਨੂੰ ਜਗਾ ਦਾਤਾ।
 
ਪੁੱਤ ਮਾਵਾਂ ਦੇ ਮਰਦੇ ਰਹਿਣ ਬੇਸ਼ਕ, ਧੰਨਵਾਦ ਬਹੁਤ ਖੱਲੜ ਮਚਾਇਆ ਏ ਤੂੰ।
ਹੱਕ ਪੀੜ੍ਹੀ ਦਾ ਕਿਸੇ ਲਈ ਮੰਗਦਾ ਨਹੀਂ, ਹੱਥ ਉਸ ਦੇ ਸਿਰ ਟਿਕਾਇਆ ਏ ਤੂੰ।
ਤੀਲੀ ਸੁਲਗਦੀ ਭੀੜ ਦੇ ਵਿੱਚ ਸੁੱਟੀ, ਅਮਨ ਸਮਾਜ ਦਾ ਦਾਅ ਤੇ ਲਾਇਆ ਏ ਤੂੰ।
ਜਾਰੀ ਰੱਖੀ ਜਾਹ ਤੂੰ ਆਪਣੇ ਕਾਰਨਾਮੇ, ਦਸ਼ਮੇਸ਼ ਗੁਰੁ ਨੂੰ ਯਾਦ ਕਰਾਇਆ ਏ ਤੂੰ।
 
ਤਲਵਾਰਾਂ ਧਮਕੀਆਂ ਤਾਂ ਗੋਂਗਲੂ ਝਾੜਦੇ ਨੇ, ਤੂੰ ਆਪਣਾ ਸੰਖ ਵਜਾਈ ਜਾਹ ਬਾਬਾ।
ਵਾਲ ਵਿੰਗਾ ਤੇਰਾ ਨਹੀਂ ਹੋਣ ਦੇਣਾ, ਮਿੱਠਾ ਕੌੜਾ ਭਾਵੇਂ ਜ਼ਹਿਰ ਛਕਾਈ ਜਾਹ ਬਾਬਾ।
ਤੇਰੇ ਮੁਕੱਦਮੇ ਨਜਿੱਠ ਲਵਾਂਗਾ ਮੈਂ ਆਪੇ, ਤੂੰ ਆਪਣਾ ਮਿਸ਼ਨ ਭਜਾਈ ਜਾਹ ਬਾਬਾ।
ਯਾਦ ਰੱਖੀਂ 'ਪੰਨੂ' ਨੂੰ ਨਾ ਭੁੱਲ ਜਾਈਂ, ਵੋਟ ਮਸ਼ੀਨ ਤੇ ਝੁਰਲੂ ਵਗਾਈ ਜਾਹ ਬਾਬਾ।