ਕਿਊਬਾ ਵਿਚ ਸੱਤ ਦਿਨ - ਭਾਗ 2 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੀਜ਼ੋਰਟ ਤੇ ਪਹੁੰਚਣ ਲਈ ਦੋ ਘੰਟੇ ਦਾ ਬੱਸ ਵਿਚ ਸਫਰ

ਕਿਊਬਾ ਦੀ ਕਾਮਾਗੂਈ ਏਅਰਪੋਰਟ ਤੇ ਬੈਲਟ ਤੇ ਆ ਰਿਹਾ ਆਪੋ ਆਪਣਾ ਸਾਮਾਨ ਲੈ ਕੇ ਜਦ ਅਸੀਂ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਸਾਂ ਤਾਂ ਏਅਰਪੋਰਟ ਦੇ ਅਧਿਕਾਰੀ ਫਿਰ ਸਾਨੂੰ ਚੈੱਕ ਕਰ ਰਹੇ ਸਨ। ਇਸ ਮੌਕੇ ਤੇ ਚੈਕਿੰਗ ਵਾਲੀ ਕੋਈ ਤੁਕ ਤਾਂ ਬਣਦੀ ਨਹੀਂ ਸੀ ਪਰ ਤਕੜੇ ਦਾ ਸੱਤੀਂ ਵੀਹੀਂ ਸੌ ਵਾਲੀ ਗੱਲ  ਸੀ। ਏਅਰਪੋਰਟ ਦੇ ਅੰਦਰ ਇਕ ਸਾਧਾਰਨ ਜਿਹਾ ਵਾਸ਼ਰੂਮ ਸੀ ਜਿਸ ਦੇ ਬਾਹਰ ਪੀਣ ਵਾਲੇ ਪਾਣੀ ਦੀ ਟੂਟੀ ਸੀ। ਪਿਆਸ ਲੱਗਣ ਕਾਰਨ ਪਾਣੀ ਪੀਣ ਨੂੰ ਜੀ ਕਰਦਾ ਸੀ ਪਰ ਦਰਸ਼ਨ ਨੇ ਮੈਨੂੰ ਟੂਟੀ ਦਾ ਸਿੱਧਾ ਪਾਣੀ ਪੀਣੋਂ ਹਟਕ ਦਿਤਾ। ਮੇਰੇ ਹੈਂਡ ਬੈਗ ਵਿਚ ਜੋ ਪਾਣੀ ਦੀ ਬੋਤਲ ਸੀ, ਉਹ ਟਰਾਂਟੋ ਏਅਪੋਰਟ ਤੇ ਸਿਕਿਓਰਟੀ ਚੈੱਕ ਅਪ ਵਾਲਿਆਂ ਨੇ ਲੰਘਣ ਨਹੀਂ ਦਿਤੀ ਸੀ। ਬਾਹਰ ਨਿਕਲੇ ਤਾਂ ਕੁਝ ਬੱਸਾਂ ਬੀਚ ਤੇ ਜਾਣ ਲਈ ਤਿਆਰ ਖੜ੍ਹੀਆਂ ਸਨ। ਸਾਨੂੰ ਤਿੰਨ ਨੰਬਰ ਬੱਸ ਵਿਚ ਵਿਚ ਸਵਾਰ ਹੋਣ ਲਈ ਕਿਹਾ ਗਿਆ ਅਤੇ ਬੱਸ ਦੇ ਅਮਲੇ ਨੇ ਸਾਡਾ ਸਾਮਾਨ ਬੱਸ ਥਲੇ ਟਿਕਾ ਦਿਤਾ। ਬੱਸਾਂ ਖੂਬਸੂਰਤ ਤੇ ਆਰਮਦਾਇਕ ਸਨ। ਇਕ ਬੱਸ ਵਿਚ ੩੦ ਕੁ ਮੁਸਾਫਰਾਂ ਦੀ ਥਾਂ ਸੀ। ਮੈਂ ਤੇ ਪ੍ਰਿੰ: ਪਾਖਰ ਸਿੰਘ ਜੋ ਕੈਨੇਡਾ ਦੀ ਧਰਤੀ ਤੇ ਪੈਰ ਟਿਕਾ ਕੇ ਜੋ ਹੁਣ ਬੜੇ ਟਕਿਦੇ ਮੂਡ ਵਿਚ ਸਨ, ਨੇ ਬੱਸ ਵਿਚ ਦੋ ਸੀਟਾਂ ਮੱਲ ਲਈਆਂ। ਪਰਵਾਰ ਦੇ ਬਾਕੀ ਜੀ ਵੀ ਆਪੋ ਆਪਣੀਆਂ ਮਨ ਪਸੰਦ ਸੀਟਾਂ ਤੇ ਬੈਠ ਗਏ। ਉਹਨਾਂ ਨੇ ਬਾਹਰ ਦੀ ਤੇਜ਼ ਧੁੱਪ ਤੋਂ ਬਚਣ ਲਈ ਅਖਾਂ ਤੇ ਸਨ ਗਲਾਸਜ਼ ਲਗਾ ਲਏਸਨ। ਬੀਅਰ ਤੇ ਪਾਣੀ ਵੇਚਣ ਵਾਲੇ ਏਅਰਪੋਰਟ ਦੇ ਅੰਦਰ ਵੀ ਮਹਿੰਗੇ ਭਾਅ ਭਾਵ ਪੰਜ ਡਾਲਰਜ਼ ਦੀਆਂ ਦੋ ਬੀਅਰ ਜਾਂ ਪਾਣੀ ਦੀਆਂ ਦੋ ਬੋਤਲਾਂ ਵੇਚ ਰਹੇ ਸਨ ਅਤੇ ਪੰਜਾਬ ਦੀਆਂ ਬੱਸਾਂ ਵਾਂਗ ਬੱਸ ਵਿਚ ਚੜ੍ਹ ਕੇ ਮੁਸਾਫਰਾਂ ਨੂੰ ਮਹਿੰਗੇ ਭਾਅ ਬੀਅਰ ਤੇ ਪਾਣੀ ਵੇਚਣ ਭਾਵ ਪੰਜ ਡਾਲਰ ਵਿਚ ਦੇ ੨ ਬੋਤਲਾਂ ਵੇਚਣ ਦੇ ਹੋਕੇ ਦੇ ਰਹੇ ਸਨ। ਬਹੁਤ ਘੱਟ ਕਿਸੇ ਨੇ ਉਹਨਾਂ ਕੋਲੋਂ ਪਾਣੀ ਜਾਂ ਬੀਅਰ ਖਰੀਦੀ ਕਿਉਂਕਿ ਬੱਸ ਵਾਲਿਆਂ ਨੇ ਕੁਝ ਚਿਰ ਬਾਅਦ ਇਕ ਇਕ ਪਾਣੀ ਦੀ ਬੋਤਲ ਸਭ ਸੈਲਾਨੀਆਂ ਨੂੰ ਦੇ ਦਿਤੀ। ਮੁਸਾਫਰਾਂ ਦੀ ਪੂਰੀ ਤਰ੍ਹਾਂ ਗਿਣਤੀ ਕਰ ਕੇ ਜਦ ਬੱਸ ਚਲੀ ਤਾਂ ਇਕ ਸਵਾਗਤ ਕਰਤਾ ਅਮਲੇ ਦੀ ਇਕ ਲੇਡੀ ਨੇ ਯਾਤਰੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਊਬਾ ਦੇ ਜਿਸ ਸਾਂਤਾ ਲੂਸੀਆ ਬੀਚ ਤੇ ਅਸਾਂ ਜਾਣਾ ਸੀ, ਬਾਰੇ ਅੰਗਰੇਜ਼ੀ ਵਿਚ ਜਾਣਕਾਰੀ ਦੇਣੀ ਸ਼ੁਰੂ ਕਰ ਦਿਤੀ। ਉਸ ਦੀ ਅੰਗਰੇਜ਼ੀ ਬੜੀ ਸਪਸ਼ਟ ਸੀ ਜਦ ਕਿ ਏਅਰਪੋਰਟ ਤੇ ਜਿਨ੍ਹਾਂ ਜਿਨ੍ਹਾਂ ਅਧਿਕਾਰੀਆਂ ਨਾਲ ਵਾਹ ਪਿਆ ਸੀ, ਉਹਨਾਂ ਦੀ ਅੰਗਰੇਜ਼ੀ ਮਾੜੀ, ਵਿਹਾਰ ਰੁੱਖਾ ਤੇ ਸੱæਕੀ ਚਿਹਰੇ ਪਥਰਾਂ ਵਰਗੇ ਸਖਤ ਸਨ। ਸਪੈਨਿਸ਼ ਸਾਨੂੰ ਆਉਂਦੀ ਨਹੀਂ ਸੀ ਤੇ ਅੰਗਰੇਜ਼æੀ ਉਹ ਠੀਕ ਤਰ੍ਹਾਂ ਬੋਲਦੇ ਨਹੀਂ ਸਨ। ਅੰਨ੍ਹੇ ਨੂੰ ਬੋਲਾ ਘਸੀਟਣ ਵਰਗੀ ਗੱਲ ਸੀ।

ਸਵਾਗਤ ਕਰਤਾ ਲੇਡੀ ਨੇ ਜਦ ਬੀਚ ਬਾਰੇ ਜਾਣਕਾਰੀ ਦਿੰਦਿਆਂ ਜਦ ਵਾਸ਼ਰੂਮਜ਼ ਦਾ ਜ਼ਿਕਰ ਕੀਤਾ ਤੇ ਦਸਿਆ ਹੋਟਲ ਦੇ ਹਰ ਕਮਰੇ ਵਿਚ ਵਧੀਆ ਵਾਸ਼ਰੂਮ ਹਨ। ਬਾਹਰ ਵੀ ਕਈ ਥਾਵਾਂ ਤੇ ਵਾਸ਼ਰੂਮਜ਼ ਬਣੇ ਹੋਏ ਹਨ ਅਤੇ ਇਹ ਵੀ ਕਹਿ ਦਿਤਾ ਕਿ ਲੋੜ ਪੈਣ ਤੇ ਥਰਡ ਵਰਲਡ ਕੰਟਰੀਜ਼ ਵਾਂਗ ਤੁਸੀਂ ਬਾਹਰ ਖੇਤਾਂ ਵਿਚ ਵੀ ਜਾ ਸਕਦੇ ਹੋ ਤਾਂ ਸਾਰੇ ਹੱਸਣ ਲੱਗ ਪਏ। ਕਿਊਬਾ ਆਏ ਮੁਸਾਫਰਾਂ ਨੂੰ ਉਹਦਾ ਲੈਕਚਰ ਕਾਫੀ ਜਾਣਕਾਰੀ ਦੇਣ ਵਾਲਾ ਸੀ ਅਤੇ ਕਿਸੇ ਗੈਰ ਕਾਨੂੰਨੀ ਚੱਕਰ ਤੋਂ ਬਚਣ ਬਾਰੇ ਵੀ ਚਿਤਾਵਨੀ ਸੀ ਕਿਉਂਕਿ ਕਿਊਬਾ ਦੀ ਪੋਲੀਸ ਸਿਰਫ ਸਖਤ ਹੀ ਨਹੀਂ ਸੀ, ਸਗੋਂ ਪੰਜਾਬ ਦੀ ਪੋਲੀਸ ਵਾਂਗ ਬਹੁਤ ਕੁਰਪਟ ਸੀ ਤੇ ਕਿਸੇ ਅਵਗਿਆ ਦੇ ਚਕਰ ਵਿਚ ਫਸ ਜਾਣ ਭਾਵ ਉਹਨਾਂ ਦੇ ਅੜਿਕੇ ਆ ਜਾਣ ਨਾਲ ਛੁਟਕਾਰਾ ਪਾਉਣ ਲਈ ਮੋਟੀ ਰਕਮ ਲੈ ਕੇ ਹੀ ਪੋਲੀਸ ਛਡਦੀ ਸੀ। ਇਸ ਇਸ਼ਾਰੇ ਨੇ ਸਾਨੂੰ ਕਾਫੀ ਚੌਕੰਨਾ ਕਰ ਦਿਤਾ ਸੀ ਜਾਂ ਜੇ ਇਹ ਕਹਿ ਲਿਆ ਜਾਵੇ ਕਿ ਅਸੀਂ ਅੰਦਰੋਂ ਡਰ ਗਏ ਸਾਂ ਤੇ ਇਸ ਵਿਚ ਅਤਿਕਥਨੀ ਵੀ ਨਹੀਂ ਸੀ।

ਬੱਸ ਚੱਲੀ ਤਾਂ ਮੈਂ ਬੱਸ ਵਿਚੋਂ ਹਰ ਚੀਜ਼ ਨੂੰ ਬੜੇ ਗਹੁ ਅਤੇ ਧਿਆਨ ਅਤੇ ਨੀਝ ਲਾ ਕੇ ਵੇਖ ਰਿਹਾ ਸਾਂ ਕਿ ਇਹ ਨਵਾਂ ਤੇ ਪਹਿਲੀ ਵਾਰ ਵੇਖੇ ਜਾਣ ਵਾਲਾ ਦੇਸ਼, ਧਰਤੀ ਅਤੇ ਲੋਕ ਕਿਹੋ ਜਿਹੇ ਸਨ। ਰਸਤੇ ਵਿਚ ਸੜਕ ਦੇ ਆਰ ਪਾਰ ਕਿਧਰੇ ਕਿਧਰੇ ਘਰ ਸਨ ਜਿਨ੍ਹਾਂ ਦੇ ਬਾਹਰ ਕੁਕੜੀਆਂ, ਬਕਰੀਆਂ ਤੇ ਘੋੜੇ ਵੇਖਣ ਨੂੰ ਮਿਲਦੇ ਸਨ। ਸੜਕਾਂ ਕੰਢੇ ਦੂਰ ਦੂਰ ਵਡੇ ਛੋਟੇ ਝਾੜੀਆਂ ਸਨ ਜਾਂ ਝਾੜੀਦਾਰ ਦਰਖਤ ਸਨ। ਇਸ ਤੋਂ ਇਲਾਵਾ ਢਾਕ ਦੇ ਪਤਿਆਂ ਵਰਗੇ ਛੋਟੇ ਅਤੇ ਵਡੇ ਰੁੱਖ ਵੀ ਸਨ। ਜਿਥੋਂ ਤਕ ਨਜ਼ਰ ਜਾਂਦੀ ਸੀ, ਉਜਾੜ ਬੀਆਬਾਨ ਵਿਚ ਉਗਿਆ ਓਥੋਂ ਦਾ ਘਾਹ ਜਾਂ ਝਾੜੀਆਂ ਦਿਸਦੀਆਂ ਸਨ। ਕਿਧਰੇ ਕਿਧਰੇ ਛੋਟੇ ਪਿੰਡ ਆਉਂਦੇ ਸਨ ਜੋ ਪਕੇ ਸਨ। ਵਿਚ ਵਿਚ ਪੰਜ ਪੰਜ, ਸੱਤ ਸੱਤ ਮੰਜਲ਼ੀਆਂ ਹਾਈਰਾਈਜ਼ ਬਿਲਡਿੰਗਜ਼ ਤੇ ਕੁਝ ਫੈਕਟਰੀਆਂ ਦਿਸਦੀਆਂ ਸਨ। ਕਈ ਘਰ ਅਜਿਹੇ ਵੀ ਵੇਖੇ ਜਿਨ੍ਹਾਂ ਉਤੇ ਛੱਤ ਨਹੀਂ ਸੀ ਜਾਂ ਛੱਤ ਪੈਣ ਤੇ ਆ ਕੇ ਪੈਸੇ ਮੁਕ ਗਏ ਸਨ। ਕਿਧਰੇ ਕਿਧਰੇ ਟਰੈਕਟਰ ਵੀ ਵੇਖਣ ਨੂੰ ਮਿਲਦੇ ਸਨ ਪਰ ਕਈ ਕਈ ਬੱਸ ਅਡਿਆਂ ਤੇ ਬੱਸ ਦੀ ਉਡੀਕ ਵਿਚ ਖੜ੍ਹੇ ਕੁੜੀਆਂ ਮੁੰਡੇ ਤੇ ਲੋਕ ਵੇਖੇ ਜਿਨ੍ਹਾਂ ਦੇ ਕੱਦ ਬਹੁਤੇ ਲੰਮੇ ਨਹੀਂ ਸਨ ਅਤੇ ਰੰਗ ਕਣਕਵੰਨਾ ਸੀ। ਕਈਆਂ ਨੇ ਸਨਗਲਾਸਜ਼ ਲਗਾਏ ਹੋਏ ਸਨ ਅਤੇ ਸ਼ਾਟਸ ਪਾਏ ਹੋਏ ਸਨ। ਕੁੜੀਆਂ ਦਾ ਲਿਬਾਸ ਵੀ ਇਸੇ ਤਰ੍ਹਾਂ ਦਾ ਸੀ ਤੇ ਕੋਈ ਸਮਾਜਕ ਜਾਂ ਕਾਨੂੰਨੀ ਰੋਕ ਟੋਕ ਤੋਂ ਜਵਾਨ ਕੁੜੀਆਂ ਮੁੰਡੇ ਆਜ਼ਾਦ ਲਗ ਰਹੇ ਸਨ। ਕਿਤੇ ਕਿਤੇ ਖੁਲ੍ਹੇ ਮੈਦਾਨ ਜਿਥੇ ਕੁਝ ਪਸੂ ਚਰਦੇ ਨਜ਼ਰੀਂ ਆਉਂਂਦੇ ਸਨ। ਇਸ ਤਰ੍ਹਾਂ ਦੇ ਖੁਲ੍ਹੇ ਖੇਤ ਬਚਪਨ ਵਿਚ ਬਾਰ ਦੇ ਮੁਰਬਿਆਂ ਵਿਚ ਵੇਖੇ ਸਨ। ਸੜਕ ਸਾਫ ਸੀ ਤੇ ਨਾਲ ਨਾਲ ਰੇਲਵੇ ਲਾਈਨ ਜਾ ਰਹੀ ਸੀ ਪਰ ਉਸ ਤੇ ਨਾ ਜਾਂਦਿਆਂ ਅਤੇ ਨਾ ਆਉਂਦਿਆਂ ਕੋਈ ਗੱਡੀ ਵੇਖੀ। ਹਾਂ ਸੜਕ ਦੇ ਨਾਲ ਜ਼ਮੀਨ ਪੁਟ ਕੇ ਕਾਫੀ ਵਡੀ ਪਾਈਪ ਵਿਛਾਈ ਜਾ ਰਹੀ ਸੀ ਜੋ ਲਗਦਾ ਸੀ ਪਾਣੀ ਵਾਸਤੇ ਹੀ ਹੋਵੇਗੀ। ਮੇਰਾ ਧਿਆਨ ਖੇਤੀ ਬਾੜੀ ਵੱਲ ਜਾ ਰਿਹਾ ਸੀ ਪਰ ਕੁਝ ਘਰਾਂ ਕੋਲ ਪਪੀਤੇ, ਕੇਲੇ, ਕੋਕੋਨਟ, ਟਮਾਟਰ ਤੇ ਕੁਝ ਸਬਜ਼ੀਆਂ ਹੀ ਨਜ਼ਰ ਆਉਂਦੀਆਂ ਸਨ ਜਿਨ੍ਹਾਂ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਕਿ ਮੁਲਕ ਗਰੀਬ ਹੈ ਪਰ ਸੜਕਾਂ ਸਾਫ ਸਨ ਅਤੇ ਕਿਸੇ ਕਿਸਮ ਦੀ ਕੋਈ ਗੰਦਗੀ ਵਿਖਾਈ ਨਹੀਂ ਦੇ ਰਹੀ ਸੀ। ਨਾ ਹੀ ਕਿਧਰੇ ਪਸੂਆਂ, ਗਾਈਆਂ, ਮਝਾਂ ਜਾਂ ਬਕਰੀਆਂ ਦੇ ਵਗ ਸੜਕ ਤੇ ਖੜ੍ਹੇ ਦਿਸਦੇ ਸਨ।

ਸੜਕਾਂ ਤੇ ਆਏ ਕਿਸੇ ਇੰਟਰ ਸੈਕਸ਼ਨ ਤੇ ਕੋਈ ਲਾਈਟਸ ਨਹੀਂ ਸਨ ਅਤੇ ਲਕੜ ਦੇ ਪੁਰਾਣੇ ਟੇਢੇ ਮੇਢੇ ਫਟਿਆਂ ਤੇ ਚਹੁੰ ਪਾਸੀਂ ਜਾਂਦੀਆਂ ਸੜਕਾਂ ਤੇ ਸਪੈਨਿਸ਼ ਵਿਚ ਨਾਂ ਲਿਖੇ ਹੋਏ ਸਨ। ਕਈ ਵੀ ਵਡਾ ਸ਼ਹਿਰ ਰਸਤੇ ਵਿਚ ਦਿਖਾਈ ਨਹੀਂ ਦੇ ਰਿਹਾ ਸੀ। ਪਿਛੋਂ ਮਤਾ ਲਗਾ ਕਿ ਕਾਮਾਗੂਈ ਜਿਸ ਦੀ ਏਅਰਪੋਰਟ ਤੇ ਅਸੀਂ ਉਤਰੇ ਸਾਂ, ਏਅਰਪੋਰਟ ਤੋਂ ਪਰ੍ਹਾਂ ਬਹੁਤ ਵਡਾ ਸ਼ਹਿਰ ਸੀ। ਹਾਂ ਬੱਸ ਵਿਚ ਡਰਾਈਵਰ ਸੀਟ ਦੇ ਅਗੇ ਮਗਰਮਛ ਵਰਗਾ ਬਹੁਤ ਲੰਮਾ ਕਿਊਬਾ ਦਾ ਨਕਸ਼ਾ ਬਣਿਆ ਹੋਇਆ ਸੀ ਜਿਸ ਨੂੰ ਵੇਖ ਕੇ ਪਤਾ ਲਗਦਾ ਸੀ ਕਿ ਸਮੁੰਦਰ ਦੇ ਵਿਚ ਇਹ ਦੇਸ਼ ਵਿਚ ਲੰਬਾਈ ਵਿਚ ਬਹੁਤ ਲੰਮਾ ਅਤੇ ਚੌੜਾਈ ਵਿਚ ਛੋਟਾ ਹੈ। ਬਾਅਦ ਵਿਚ ਮੈਂ ਪੜ੍ਹਿਆ ਕਿ ਕਿ ਕਿਊਬਾ ਦੇਸ਼ ਦੀ ਦਾ ਟੋਟਲ ਏਰੀਆ ੪੨, ੮੦੩ ਸੁਕੇਅਰ ਮੀਲ ਹੈ ਅਤੇ ੨੦੧੦ ਦੇ ਅੰਕੜਿਆਂ ਅਨੁਸਾਰ ਇਸ ਦੀ ਵਸੋਂ ੧੧,੪੭੭,੪੫੯ ਹੈ ਅਤੇ ਪੈਦਾਇਸ਼ ਦਰ ਸਿਰਫ ੦.੨% ਹੈ। ਔਸਤਨ ਉਮਰ ੭੭ ਸਾਲ ਦੇ ਕਰੀਬ ਹੈ। ਕਿਊਬਾ ਦੀ ਰਾਜਧਾਨੀ ਹਵਾਨਾ ਹੈ ਅਤੇ ਸ਼ਹਿਰ ੨,੬੮੬,੦੦੦ ਮੈਟਰੋ ਏਰੀਏ ਵਿਚ ਵਸਿਆ ਹੋਇਆ ਹੈ। ਇਹ ਹਵਾਨਾ ਦਾ ਸਭ ਤੋਂ ਵਡਾ ਸ਼ਹਿਰ ਹੈ ਜਿਸ ਦੀ ਆਬਾਦੀ ੨,੩੪੩,੭੦੦ ਹੈ। ਅਤੇ ਬਾਕੀ ਵਡੇ ਸ਼ਹਿਰਾਂ ਦੇ ਨਾਂ ਸਾਨੀਤਿਆਗ ਦਾ ਕਿਊਬਾ, ਕਾਮਾਗੂਈ, ਹੋਲਗੂਨ, ਗੁਆਂਤੋ ਨਾਮੋ ਅਤੇ ਸਾਂਤਾ ਕਲਾਰਾ ਹਨ। ਸਾਨੀਤਿਆਗੋ ਦਾ ਕਿਊਬਾ ਦੀ ਵੱਸੋਂ ੫ ਲਖ ੫੪ ਹਜ਼ਾਰ ਚਾਰ ਸੌ ਅਤੇ ਕਾਮਾਗੂਈ ਸ਼ਹਿਰ ਦੀ ਵੱਸੋਂ ੩ ਲਖ, ੫੪ ਹਜ਼ਾਰ, ੪੦੦ ਹੈ। ਮੁਲਕ ਵਿਚ ਕਮਿਉਨਿਸਟ ਹਕੂਮਤ ਹੈ ਕਰੰਸੀ ਦਾ ਨਾਂ ਕਿਊਬਨ ਪੈਸੋ ਹੈ ਅਤੇ ਲੋਕ ਸਪੈਨਿਸ਼ ਬੋਲਦੇ ਹਨ।

ਦੋ ਘੰਟੇ ਇਸ ਦਿਲਚਸਪੀ ਵਿਚ ਹੀ ਬੀਤ ਗਏ ਕਿ ਅਸੀਂ ਇਕ ਨਵੇਂ ਮੁਲਕ, ਨਵੀਂ ਧਰਤੀ ਅਤੇ ਨਵੇਂ ਲੋਕਾਂ ਨੂੰ ਵੇਖ ਰਹੇ ਸਾਂ ਅਤੇ ਇਹ ਵੀ ਵੇਖਿਆ ਕਿ ਸੜਕ ਦੇ ਆਸ ਪਾਸ ਕਈ ਥਾਈਂ ਝੀਲਾਂ ਵਰਗੇ ਛਪੜ ਸਨ ਜਿਨ੍ਹਾਂ ਵਿਚ ਪਾਣੀ ਸੀ ਅਤੇ ਚਿੱਟੇ ਤੇ ਲਾਲ ਬਗਲੇ ਦਿਸ ਰਹੇ ਸਨ। ਇਨ੍ਹਾਂ ਤੋਂ ਇਲਾਵਾ ਵਡੇ ਵਡੇ ਕਾਂ ਵੀ ਉਡਦੇ ਵੇਖੇ ਜਿਸ ਤਰ੍ਹਾਂ ਦੇ ਘੋਗੜ ਕਾਂ ਕਦੀ ਪੰਜਾਬ ਵਿਚ ਵੇਖੀਦੇ ਸਨ। ਜਦ ਮਨ ਕਾਮਾਗੂਈ ਦੀ ਏਅਰਪੋਰਟ ਤੇ ਅਧਿਕਾਰੀਆਂ ਵੱਲੋਂ ਪੱਗਾਂ ਲੁਹਾ ਕੇ ਸਿਕਿਓਰਟੀ ਕਰਨ ਦੀ ਹਿਮਾਕਤ ਵੱਲ ਚਲਾ ਜਾਂਦਾ ਤਾਂ ਇਸ ਵੇਕੇਸ਼ਨ ਦਾ ਸਵਾਦ ਕਿਰਕਰਾ ਹੋ ਜਾਂਦਾ। ਆਟਵਾ ਦੀ ਇਕ ਜੱਟ ਸਿੱਖ ਨਰਿੰਦਰ ਸਿੰਘ ਸਰਾ ਫੈਮਿਲੀ ਨੇ ਵੀ ਸਾਡੀਆਂ ਪੱਗਾਂ ਲੁਹਾਣ ਦਾ ਬਹੁਤ ਬੁਰਾ ਮਨਾਇਆ ਸੀ। ਬਠਿੰਡੇ ਲਾਗੇ ਦਾ ਸਰਾ ਸਰਦਾਰ ਨਰਿੰਦਰ ਸਿੰਘ ਆਟਵਾ ਦੇ ਸਰਕਾਰੀ ਮਹਿਕਮੇ ਪਬਲਕ ਵਰਕਸ ਵਿਚ ਚੀਫ ਇੰਜਿਨੀਅਰ ਸੀ ਤੇ ਉਹਦੀ ਵਾਈਫ ਅਤੇ ਦੋਵੇਂ ਕੁੜੀਆਂ ਵੀ ਇਸੇ ਤਰ੍ਹਾਂ ਦੀਆਂ ਚੰਗੀਆਂ ਜਾਬਜ਼ ਤੇ ਸਨ। ਰੀਜ਼ੋਰਟ ਤੇ ਜਾ ਕੇ ਸੱਤ ਦਿਨਾਂ ਦੀ ਵੇਕੇਸ਼ਨ ਵਿਚ ਸਾਡਾ ਸਭ ਦਾ ਪਰਵਾਰਕ ਸਾਥ ਵਡੀ ਸਾਂਝ ਵਿਚ ਬਦਲ ਗਿਆ ਸੀ।

ਰੀਜ਼ੋਰਟ ਤੇ ਜਦ ਬੱਸ ਆ ਕੇ ਰੁਕੀ ਤਾਂ ਰੀਜ਼ੋਰਟ ਦੇ ਲੋਕਲ ਕੁੜੀਆਂ ਮੁੰਡਿਆਂ ਨੇ ਗਾਂਦਿਆਂ ਤੇ ਤਾੜੀਆਂ ਮਾਰਦਿਆਂ ਸਾਡਾ ਸਭ ਦਾ ਸਵਾਗਤ ਕੀਤਾ ਅਤੇ ਸੈਲਾਨੀਆਂ ਨੂੰ ਸਵਾਦਿਸ਼ਟ ਜੂਸ ਦਾ ਇਕ ਇਕ ਗਲਾਸ ਪੇਸ਼ ਕੀਤਾ। ਹੋਟਲ ਦੇ ਅਮਲੇ ਨੇ ਬੱਸ ਵਿਚੋਂ ਸਾਡਾ ਸਾਮਾਨ ਲਾਹ ਕੇ ਸਾਡੇ ਹਵਾਲੇ ਕਰ ਦਿਤਾ ਤੇ ਚਾਰ ਸਿਤਾਰਾ ਹੋਟਲ ਦੇ ਅੰਦਰ ਜਾਣ ਲਈ ਸਾਡੀ ਰਜਿਸਟਰੇਸ਼ਨ ਹੋਣ ਲੱਗੀ। ਏਥੇ ਕਿਊ ਬਣਿਆ ਹੋਇਆ ਸੀ ਪਰ ਐਨੀ ਸਖਤੀ ਵਾਲਾ ਨਹੀਂ ਸੀ। ਜਦ ਸਾਡੀ ਵਾਰੀ ਆਈ ਤਾਂ ਸਵਾਗਤ ਕਰਤਾ ਲੇਡੀਜ਼ ਨੇ ਸਾਡੇ ਪਾਸਪੋਰਟ, ਸੱਤ ਦਿਨਾਂ ਦਾ ਵੀਜ਼ਾ, ਇਨਸ਼ੋਰੰਸ ਦੇ ਪੇਪਰ ਆਦਿ ਚੈੱਕ ਕਰ ਕੇ ਸਾਡੇ ਹਥਾਂ ਤੇ ਟੈਗਜ਼ ਬੰਨ੍ਹ ਦਿਤੇ ਤੇ ਸਖਤ ਹਦਾਇਤ ਕੀਤੀ ਕਿ ਇਹ ਟੇਗਜ਼ ਉਤਾਰਨੇ ਨਹੀਂ ਹਨ ਕਿਉਂਕਿ ਇਹ ਟੈਗਜ਼ ਹੀ ਮਾਨਤਾ ਦੇ ਤੌਰ ਤੇ ਇਸ ਹੋਟਲ ਵਿਚ ਹਰ ਤਰ੍ਹਾਂ ਦੀ ਫਰੀ ਸਹੂਲਤ ਲੈਣ ਦੀ ਵਡੀ ਨਿਸ਼ਾਨੀ ਹਨ। ਇਹ ਟੈਗਜ਼ ਓਸ ਤਰ੍ਹਾਂ ਦੇ ਸਨ ਜਿਸ ਤਰ੍ਹਾਂ ਦੇ ਕੈਨੇਡਾ ਦੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੇ ਹਥਾਂ ਉਤੇ ਪਾਏ ਜਾਂਦੇ ਹਨ। ਇਨ੍ਹਾਂ ਉਤੇ ਸਾਂਤਾ ਲੂਸੀਆ ਲਿਖਿਆ ਹੋਇਆ ਸੀ ਅਤੇ ਟੈਗ ਦਾ ਨੰਬਰ ਵੀ ਜਿਵੇਂ ਮੇਰੇ ਟੈਗ ਦਾ ਨੰਬਰ ੧੯੮੭੮੯ ਸੀ ਜਿਸ ਦਾ ਮਤਲਬ ਇਹ ਸੀ ਕਿ ਹੋਟਲ ਦੇ ਰੀਕਾਰਡ ਵਿਚ ਮੇਰਾ ਵੇਰਵਾ ਇਸ ਨੰਬਰ ਹੇਠਾਂ ਦਰਜ ਸੀ। ਹਸਪਤਾਲ ਦੇ ਅਮਲੇ ਨੇ ਸਾਡਾ ਸਭ ਦਾ ਸਾਮਾਨ ਸਾਨੂੰ ਅਲਾਟ ਹੋਏ ਕਮਰਿਆਂ ਵਿਚ ਪੁਚਾ ਦਿਤਾ ਅਤੇ ਸਾਨੂੰ ਦੋ ਦੋ ਇਲੈਕਟਰਿਕ ਚਾਬੀਆਂ ਦੇ ਦਿਤੀਆਂ ਜੋ ਬੂਹੇ ਦੇ ਹੈਂਡਲ ਕੋਲ ਕਰਦਿਆਂ ਹੀ ਹਰੀ ਲਾਈਟ ਹੋ ਜਾਂਦੀ ਸੀ ਅਤੇ ਦਰਵਾਜ਼ਾ ਖੁਲ੍ਹ ਜਾਂਦਾ ਸੀ। ਸਾਡਾ ਦੋਹਾਂ ਦਾ ਕਮਰਾ ਉਪਰਲੀ ਮੰਜਲ਼ ਤੇ ਸੀ ਤੇ ਪੌੜੀਆਂ ਚੜ੍ਹ ਕੇ ਉਪਰ ਜਾਣਾ ਪੈਂਦਾ ਸੀ। ਬਹੁਤ ਖੂਬਸੂਰਤ ਕੋਕੋਨਟ ਦੇ ਉਚੇ ਲੰਮੇ ਰੁੱਖਾਂ ਵਿਚ ਬਣੇ ਕਮਰੇ ਇਕ ਵਾਰ ਸਵਰਗ ਹੀ ਲਗ ਰਹੇ ਸਨ ਕਿਉਂਕਿ ਨਾਲ ਹੀ ਸਮੁੰਦਰ ਦਾ ਕੰਢਾ ਸੀ ਜਿਸ ਦੇ ਲਾਗੇ ਬਣੇ ਸਾਫ ਸੁਥਰੇ ਪਾਣੀ ਵਾਲੇ ਪੂਲ ਵਿਚ ਅਧ-ਨੰਗੇ ਮਰਦਾਂ, ਔਰਤਾਂ ਤੇ ਬੱਚੇ ਨਹਾ ਰਹੇ ਸਨ ਤੇ ਉਹਨਾਂ ਦੇ ਜਿਸਮ ਚਮਕਦੀ ਧੁਪ ਵਿਚ ਤਾਂਬੇ ਵਾਂਗ ਲਿਸ਼ਕ ਰਹੇ ਸਨ। ਕਈਆਂ ਨੇ ਪੂਲ ਕੰਢੇ ਪਈਆਂ ਲੰਮੀਆਂ ਕੁਰਸੀਆਂ ਤੇ ਲੇਟ ਕੇ ਆਪਣੇ ਆਪ ਨੂੰ ਸਮੁੰਦਰ ਤੋਂ ਆ ਰਹੀ ਅਧ ਨਮਕੀਨ ਹਵਾ ਦੇ ਬੁਲ੍ਹਿਆਂ ਦੇ ਹਵਾਲੇ ਕਰ ਦਿਤਾ ਸੀ। ਸਰੀਰ ਨੂੰ ਰੀਲੈਕਸ ਕਰਦੇ ਮੈਨੂੰ ਇਹ ਬੁਲ੍ਹੇ ਵੇਖ ਕੇ ਪੰਜਾਬੀ ਦਾ ਅਜ ਕੱਲ ਬਹੁਤ ਚਲਦਾ ਗੀਤ ਯਾਦ ਆ ਗਿਆ, ਬੜੇ ਚੇਤੇ ਆਉਂਦੇ ਨੇ ਹਵਾ ਦੇ ਬੁਲ੍ਹੇ-ਯਾਰ ਅਣਮੁੱਲੇ।

ਆਪੋ ਆਪਣਾ ਸਾਮਾਨ ਟਿਕਾ ਕੇ ਸਭ ਤੋਂ ਪਹਿਲਾ ਕੰਮ ਲੰਚ ਕਰਨ ਦਾ ਸੀ। ਇਹ ਤਾਂ ਸਾਨੂੰ ਦੱਸ ਦਿਤਾ ਗਿਆ ਸੀ ਕਿ ਹੋਟਲ ਵਿਚ ਸੱਤ ਦਿਨਾਂ ਦੀ ਠਹਿਰ ਵਿਚ ਏਥੇ ਸਭ ਕੁਝ ਫਰੀ ਸੀ ਭਾਵ ਕਿਸਮ ਕਿਸਮ ਦੀ ਕਿਊਬਾ ਦੀ ਦਾਰੂ, ਬੀਅਰ, ਵਾਈਨ, ਵਿਸਕੀ, ਸਕਾਚ, ਰਮ, ਜਿੰਨ ਅਤੇ ਅਨੇਕਾਂ ਕਿਸਮਾਂ ਦੀ ਹੋਰ ਸ਼ਰਾਬ। ਲੰਚ ਤਿੰਨ ਵਜੇ ਬੰਦ ਹੋ ਜਾਣਾ ਸੀ ਇਸ ਲਈ ਲੰਚ ਰੂਮ ਵਿਚ ਸਮੇਂ ਅੰਦਰ ਪੁਜਣਾ ਜ਼ਰੂਰੀ ਸੀ। ਪ੍ਰਿੰ: ਪਾਖਰ ਸਿੰਘ ਕਹਿਣ ਲੱਗੇ ਕਿ ਲੰਚ ਤੋਂ ਪਹਿਲਾਂ ਕੁਝ ਹੋ ਜਾਵੇ ਜਿਸ ਦਾ ਮਤਲਬ ਸੀ ਹਜ਼ਾਰ ਹਜ਼ਾਰ ਡਾਲਰ ਕਾਹਦਾ ਦਿਤਾ ਹੈ ਤੇ ਮੈਂ ਇਸ਼ਾਰੇ ਨਾਲ ਕਹਿ ਰਿਹਾ ਸਾਂ ਕਿ ਪ੍ਰਿੰ: ਸਾਹਿਬ ਜੇ ਸੋਨੇ ਦੀ ਤਲਵਾਰ ਹੋਵੇ ਤਾਂ ਢਿੱਡ ਵਿਚ ਥੋੜ੍ਹਾ ਮਾਰ ਲੈਣੀ ਹੈ। ਡਰਿੰਕ ਬਾਰ ਤੇ ਕਿਊਬਾ ਦੀਆਂ ਜਵਾਨ ਮੁਟਿਆਰਾਂ ਨੇ ਜਿਨ੍ਹਾਂ ਦੀਆਂ ਸ਼ਕਲਾਂ ਕੁਝ ਕੁਝ ਪੰਜਾਬਣਾਂ ਨਾਲ ਮਿਲਦੀਆਂ ਸਨ, ਸਾਨੂੰ ਮੁਸਕਰਾ ਕੇ ਪੁਛਿਆ ਕਿ ਕੀ ਪੀਓਗੇ।  ਮੈਂ ਪ੍ਰਿੰ: ਸਾਹਿਬ ਨੂੰ ਕਿਹਾ ਕਿ ਬੀਅਰ ਤੋਂ ਸ਼ਰੂ ਕਰਦੇ ਹਾਂ ਤੇ ਉਹਨਾਂ ਨੇ ਸਾਨੂੰ ਛੋਟੇ ਛੋਟੇ ਪਲਾਸਟਕ ਦੇ ਗਲਾਸ ਬੀਅਰ ਨਾਲ ਭਰ ਕੇ ਦੇ ਦਿਤੇ ਜਿਨ੍ਹਾਂ ਨੂੰ ਅਸੀਂ ਲਾਗੇ ਪਈਆਂ ਕੁਰਸੀਆਂ ਤੇ ਬੈਠ ਕੇ ਪੀ ਗਏ। ਹੋਰ ਵੀ ਬਹੁਤ ਸੈਲਾਨੀ ਆਪਣੀ ਮਨ ਮਰਜ਼ੀ ਦੀ ਦਾਰੂ ਪੀ ਰਹੇ ਸਨ। ਦੋ ਦੋ, ਤਿੰਨ ਤਿੰਨ ਤਿੰਨ ਬੀਅਰ ਦੇ ਗਲਾਸ ਪੀਣ ਤੋਂ ਬਾਅਦ ਮਹਿਸੂਸ ਹੋਇਆ ਕਿ ਜਿਵੇਂ ਪਾਣੀ ਪੀ ਰਹੇ ਹਾਂ ਅਤੇ ਬੀਅਰ ਵਿਚੋਂ ਨਸ਼ਾ ਕਢਿਆ ਹੋਇਆ ਹੈ। ਅਸੀਂ ਫਿਰ ਬਾਰ ਤੇ ਗਏ ਤੇ ਸਕਾਚ ਦੇ ਡਬਲ ਗਲਾਸ ਦੇਣ ਲਈ ਕਿਹਾ। ਉਹਨਾਂ ਨੂੰ ਸਾਡੇ ਵਲੋਂ ਮੰਗੀ ਸ਼ਰਾਬ ਦੀ ਸਮਝ ਨਹੀਂ ਆ ਰਹੀ ਸੀ। ਬਾਰਟੈਂਡਰ ਨੇ ੪੦% ਸਕਾਚ ਦੀ ਬੋਤਲ ਲਭ ਕੇ ਸਾਨੂੰ ਦੋ ਦੋ ਡਬਲ ਸ਼ਾਟ ਦੇ ਦਿਤੇ ਜਿਨ੍ਹਾਂ ਨੂੰ ਪੀਣ ਵਿਚ ਅਸੀਂ ਦੇ ਨਾ ਲਾਈ ਤੇ ਫਿਰ ਬਾਰਟੈਂਡਰ ਦੋ ਦੋ ਹੋਰ ਸ਼ਾਟ ਓਸੇ ਬਰੈਂਡ ਦੇ ਹੋਰ ਬਣਵਾ ਕੇ ਪੀ ਲਏ। ਹੁਣ ਕੁਝ ਕੁਝ ਸਰੂਰ ਆਉਣ ਲਗਾ ਸੀ ਤੇ ਮੈਂ ਪ੍ਰਿੰ: ਸਾਹਿਬ ਨੂੰ ਕਿਹਾ ਕਿ ਲੰਚ ਕਰ ਲਈਏ ਤਾਂ ਜੋ ਲੰਚ ਬੰਦ ਨਾ ਹੋ ਜਾਵੇ। ਪ੍ਰਿੰ: ਸਾਹਿਬ ਅਜੇ ਹੋਰ ਅਰਧ ਚੇਤਨ ਅਵਸਥਾ ਵਿਚ ਧੱਕੇ ਜਾਣ ਦੀ ਰੌਂ ਵਿਚ ਸਨ। ਮੈਨੂੰ ਬੇਟੀ ਮੀਨਾ ਦੇ ਚਿਤਾਵਨੀ ਭਰੇ ਕਹੇ ਸ਼ਬਦ ਯਾਦ ਆ ਰਹੇ ਸਨ ਕਿ ਅੰਕਲ ਡੈਡੀ ਨੂੰ ਤੁਹਾਡੀ ਜ਼ਿੰਮੇਵਾਰੀ ਤੇ ਭੇਜਿਆ ਜਾ ਰਿਹਾ ਹੈ ਤੇ ਇਹ ਜ਼ਿੰਮੇਵਾਰੀ ਭੁੱਲ ਨਾ ਜਾਣਾ। ਇਹਨਾਂ ਦੀ ਪੀਣ ਦੀ ਆਦਤ ਦੇਵਦਾਸ ਵਰਗੀ ਹੈ। ਮੈਂ ਵੇਖਿਆ ਕਿ ਬਾਰ ਵਿਚ ਸ਼ਰਾਬ ਵਰਤਾਣ ਵਾਲੀਆਂ ਕੁੜੀਆਂ ਨੂੰ ਸਭ ਟਿੱਪ ਦੇ ਰਹੇ ਸਨ ਅਤੇ ਅਸੀਂ ਅਜੇ ਤਕ ਆਪਣੀ ਕਰੰਸੀ ਚੇਂਜ ਨਹੀਂ ਸੀ ਕਰਵਾਈ। ਏਨਾ ਕੁ ਪਤਾ ਲਗਾ ਸੀ ਕਿ ਕੈਨੇਡੀਅਨ ਸੌ ਡਾਲਰ ਦੇ ੯੦ ਤੋਂ ਕੁਝ ਜ਼ਿਆਦਾ ਕਿਊਬਕ ਪੀਸੋ ਮਿਲਦੇ ਸਨ ਜਿਸ ਨੂੰ ਕਨਵਰਟੇਬਲ ਪੀਸੋ ਕਹਿੰਦੇ ਸਨ। ਭਾਵ ਸਾਡਾ ਡਾਲਰ ਉਹਨਾਂ ਨਾਲੋਂ ਘੱਟ ਸੀ ਜਦ ਕਿ ਕਿਊਬਾ ਦੀ ਨੈਸ਼ਨਲ ਮਨੀ ਵਿਚ ਜੋ ਰੀਜ਼ੋਰਟ ਵਿਚ ਚਲਦੀ ਨਹੀਂ ਸੀ, ਇਕ ਡਾਲਰ ਦੇ ੨੫ ਪੀਸੋ ਮਿਲਦੇ ਸਨ। ਉਹ ਸਿਰਫ ਕਿਊਬਾ ਦੇ ਸ਼ਹਿਰਾਂ ਵਿਚ ਹੀ ਚਲਦੇ ਸਨ। ਏਥੇ ਅਸਾਂ ਬਰਾਬਰ ਜਾਂ ਘੱਟ ਵਾਲੇ ਕਨਵਰਟੇਬਲ ਪੀਸੋ ਹੀ ਬੈਂਕ ਚੋਂ ਲੈ ਕੇ ਚਲਾਣੇ ਸਨ। ਜਦ ਲੰਚ ਕਰਨ ਗਏ ਤਾਂ ਓਥੇ ਖਾਣ ਲਈ ਐਨਾ ਕੁਝ ਸੀ ਕਿ ਇਹ ਫੈਸਲਾ ਕਰਨਾ ਹੀ ਬੜਾ ਮੁਸ਼ਕਲ ਸੀ ਕਿ ਕੀ ਖਾਧਾ ਜਾਵੇ ਤੇ ਕੀ ਨਾ। ਭਾਵੇਂ ਭੁੱਖ ਬਹੁਤ ਲੱਗੀ ਹੋਈ ਸੀ ਪਰ ਢਿਡ ਤਾਂ ਆਪਣਾ ਸੀ। ਲੋਕ ਆਪੋ ਆਪਣੀਆਂ ਪਲੇਟਾਂ ਫੜ ਕੇ ਲਾਈਨਜ਼ ਵਿਚ ਲਗੇ ਹੋਏ ਸਨ। ਇਕ ਲਾਈਨ ਜੋ ਜ਼ਿਆਦਾ ਲੰਮੀ ਸੀ, ਵਿਚ ਕੁੱਕ ਮਛੀ ਤਲ ਤਲ ਕੇ ਦੇ ਰਿਹਾ ਸੀ ਅਤੇ ਉਸ ਨੂੰ ਲੋਕ ਟਿੱਪ ਵੀ ਖੂਬ ਦੇ ਰਹੇ ਸਨ। ਅਸੀਂ ਵੀ ਓਸੇ ਲਾਈਨ ਵਿਚ ਲਗ ਗਏ ਅਤੇ ਵਾਰੀ ਆਉਣ ਤੇ ਓਸ ਪੁਛਿਆ ਕਿ ਕਿੰਨੇ ਪੀਸ ਤਾਂ ਅਸੀਂ ਕਿਹਾ ਕਿ ਤਿੰਨ ਤਿੰਨ ਪੀਸ ਫਿਸ਼ ਦੇ ਤਲ ਦਿਓ ਪਰ ਵੈੱਲ ਕੁੱਕ ਕਰਨੀ ਹੈ। ਉਹ ਕੁਝ ਮਿੰਟਾਂ ਵਿਚ ਹੀ ਤਵੇ ਤੇ ਉਪਰ ਥਲੇ ਕਰ ਕੇ ਫਿਸ਼ ਜੋ ਪਤਲੇ ਆਕਾਰ ਦੇ ਟੁਕੜਿਆਂ ਵਿਚ ਸੀ, ਪਲੇਟਾਂ ਵਿਚ ਰਖ ਦਿੰਦਾ ਸੀ ਤੇ ਲੋਕ ਖਾ ਰਹੇ ਸਨ ਜਿਸ ਦਾ ਮਤਲਬ ਉਹ ਕੱਚੀ ਨਹੀਂ ਸੀ। ਅਸੀਂ ਫਿਸ਼ ਤੇ ਹੋਰ ਖਾਣ ਦਾ ਸਾਮਾਨ ਪਲੇਟਾਂ ਵਿਚ ਪਾ ਕੇ ਟੇਬਲਾਂ ਤੇ ਆ ਗਏ ਜਿਥੇ ਨਿਮਕ ਤੇ ਕਾਲੀ ਮਿਰਚ ਪਈ ਸੀ ਪਰ ਲਾਲ ਮਿਰਚ ਨਹੀਂ। ਵੈਸੇ ਅਸੀਂ ਆਪਣਾ ਲੂਨ ਮਿਰਚ ਮਸਾਲਾ ਨਾਲ ਲੈ ਕੇ ਗਏ ਸਾਂ ਪਰ ਇਸ ਵਕਤ ਨਾਲ ਨਹੀਂ ਸਾਂ ਲਿਆਏ। ਕਈ ਪਰਕਾਰ ਦਾ ਫਰੂਟ, ਜੂਸ, ਕਾਫੀ, ਚਾਹ, ਪੀਜ਼ਾ, ਤਾਜ਼ਾ ਕਢਿਆ ਜਾ ਰਿਹਾ ਜੂਸ ਤੇ ਟਿੱਪ ਲੈਣ ਦੇ ਚਾਹਵਾਨ ਬਹਿਰੇ ਜਿਨ੍ਹਾਂ ਵਿਚ ਵਧੇਰੇ ਔਰਤਾਂ ਸਨ, ਸਾਡੇ ਅਗੇ ਪਿਛੇ ਫਿਰ ਰਹੇ ਸਨ ਕਿ ਇਹ ਸਾਨੂੰ ਟਿੱਪ ਦੇ ਕੇ ਜਾਣਗੇ। ਦਸਿਆ ਗਿਆ ਸੀ ਕਿ ਇਹਨਾਂ ਦੀਆਂ ਤਨਖਾਹਾਂ ਵੀਹ ਡਾਲਰ ਮਹੀਨੇ ਤੋਂ ਘੱਟ ਹਨ। ਡਾਕਟਰ ਅਤੇ ਬੈਂਕ ਮੈਨੇਜਰ ਦੀ ਤਨਖਾਹ ਵੀ ੨੦ ਡਾਲਰ ਮਹੀਨੇ ਤੋਂ ਘੱਟ ਸੀ। ਭਾਵ ਕਿਊਬਾ ਦੇ ਇਸ ਤਰ੍ਹਾਂ ਦੀਆਂ ਨੌਕਰੀਆਂ ਕਰਨ ਵਾਲਿਆਂ ਦੀ ਤਨਖਾਹਾਂ ਕਿਊਬੈਕ ਨੈਸ਼ਨਲ ਮਨੀ ਵਿਚ ੫੦੦ ਪੀਸੋ ਤੋਂ ਜ਼ਿਆਦਾ ਨਹੀਂ ਸਨ। ਪਰ ਏਥੇ ਰੀਜ਼ੋਰਟ ਵਿਚ ਤਾਂ ਕਈ ਮੁਲਾਜ਼ਮ ਰੋਜ਼ ਦੇ ੨੦ ਤੋਂ ੫੦ ਡਾਲਰ ਤਕ ਦੇ ਟਿੱਪ ਬਣਾ ਰਹੇ ਸਨ। ਇਹ ਕਿਵੇਂ ਗਰੀਬ ਸਨ? ਏਨੇ ਡਾਲਰ ਤਾਂ ਸਾਨੂੰ ਵੀ ਰੋਜ਼ ਦੇ ਨਹੀਂ ਬਣਦੇ ਸਨ। ਲੰਚ ਕਰ ਕੇ ਕਮਰੇ ਵਿਚੋਂ ਮੈਂ ਆਪਣਾ ਕੈਮਰਾ ਲਿਆ ਤੇ ਅਸੀੰਂ ਮਸਤੀ ਮਾਰਨ ਲਈ ਸਮੁੰਦਰ ਦੇ ਕੰਢੇ ਤੇ ਚਲੇ ਗਏ ਜਿਥੇ ਘੋੜੇ, ਕਿਸ਼ਤੀ ਅਤੇ ਟਰੈਕਟਰ ਖੜ੍ਹੇ ਸਨ। ਵੇਖਣ ਵਾਲਿਆਂ ਨੂੰ ਅਸੀਂ ਸ਼ਰਾਬੀ ਜਹੇ ਲਗ ਰਹੇ ਸਾਂ। ਲਾਗਲੇ ਪਿੰਡਾਂ ਦੀਆਂ ਗਰੀਬ ਕੁੜੀਆਂ ਮੁੰਡੇ ਨਿਕੀਆਂ ਨਿਕੀਆਂ ਲਕੜ ਦੀਆਂ ਬਣੀਆਂ ਚੀਜ਼ਾਂ ਤੇ ਹੈਟ ਸੈਲਾਨੀਆਂ ਨੂੰ ਵੇਚ ਰਹੇ ਸਨ ਤੇ ਉਚੇਚਾ ਕਰੈਬ ਜਾਂ ਬਕਰਾ ਬਣਾ ਕੇ ਲਿਆਉਣ ਤੋਂ ਇਲਾਵਾ ਵਿਆਗਰਾ ਦੀਆਂ ਗੋਲੀਆਂ ਵੀ ਵੇਚ ਰਹੇ ਸਨ। ਰੀਜ਼ੋਰਟ ਦੇ ਸਿਕਿਓਰਟੀ ਗਾਰਡ ਉਨ੍ਹਾਂ ਨੂੰ ਸੈਲਾਨੀਆਂ ਕੋਲੋਂ ਦੂਰ ਰਹਿਣ ਦੇ ਡਰਾਵੇ ਦੇ ਰਹੇ ਸਨ। ਉਸ ਸ਼ਾਮ ਨੂੰ ਅਸੀਂ ਦਾਰੂ ਹੋਰ ਰੱਜ ਕੇ ਪੀ ਲਈ ਤੇ ਬੜੀ ਮੁਸ਼ਕਲ ਨਾਲ ਆਪਣੇ ਦੂਜੀ ਮੰਜ਼ਲ ਵਾਲੇ ਕਮਰੇ ਵਿਚ ਪਹੁੰਚੇ। ਇਹ ਕਥਨ ਗਲਤ ਸੀ ਕਿ ਕਿਊਬਾ ਦੀ ਦਾਰੂ ਵਿਚ ਨਸ਼ਾ ਨਹੀਂ ਸੀ। ਹਾਂ ਇਹ ਨਸ਼ਾ ਲਹਿ ਜਲਦੀ ਜਾਂਦਾ ਸੀ ਅਤੇ ਇਥੋਂ ਦੀ ਦਾਰੂ ਦਾ ਨਜ਼ਾਰਾ ਕੈਨੇਡਾ ਦੀ ਦਾਰੂ ਵਾਲਾ ਨਹੀਂ ਸੀ। ਅਗਲੇ ਦਿਨ ਅਸੀਂ ਕਮਰਾ ਬਦਲ ਕੇ ਥਲੇ ਵਾਲੇ ਕਮਰੇ ਵਿਚ ਆ ਗਏ ਕਿ ਕਿਤੇ ਰਾਤ ਨੂੰ ਉਪਰ ਚੜ੍ਹਦੇ ਡਿਗ ਨਾ ਪਈਏ।