ਸਭ ਰੰਗ

 •    ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਮਰਦ ਅਗੰਮੜਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਾਦ-ਮੁਰਾਦੇ ਵਿਆਹ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗ਼ਜ਼ਲ ਬਾਗ ਦਾ ਮਾਲੀ - ਹਰਭਜਨ ਧਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਮੇਰੀ ਮਾਂ ਨਹੀਓਂ ਲੱਭਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗੁਰੂ ਅਰਜਨ ਵਿਟਹੁ ਕੁਰਬਾਨੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਮੇਂ ਦਾ ਸਦ-ਉਪਯੋਗ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਰੁੱਤਾਂ ਦੀ ਰਾਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਕਾਲੇ ਦਿਨ - 1984 ਤੋਂ ਬਾਅਦ ਸਿੱਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗੁਰਭਜਨ ਗਿੱਲ ਦੀ 'ਗੁਲਨਾਰ' / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਹਲੂਣਾ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਚੁੱਪ ਦੇ ਖ਼ਿਲਾਫ਼ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਬਦਕਾਰ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸੰਤ ਹਰਚੰਦ ਸਿੰਘ ਲੌਗੋਵਾਲ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ / ਦਲਵੀਰ ਸਿੰਘ ਲੁਧਿਆਣਵੀ (ਲੇਖ )
 • ਗੁਰੂ ਅਰਜਨ ਵਿਟਹੁ ਕੁਰਬਾਨੀ (ਲੇਖ )

  ਦਲਵੀਰ ਸਿੰਘ ਲੁਧਿਆਣਵੀ   

  Email: dalvirsinghludhianvi@yahoo.com
  Cell: +91 94170 01983
  Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
  ਲੁਧਿਆਣਾ India 141013
  ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਹੁਰਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤੀ ਗਈ  ਸ਼ਹਾਦਤ ਨੂੰ 'ਗੁਰੂ ਅਰਜਨ ਵਿਟਹੁ ਕੁਰਬਾਨੀ' ਦਾ ਨਾਂ ਦਿੱਤਾ ਹੈ। ਗਾਰਡਨ ਦੇ ਲਫ਼ਜ਼ਾਂ ਵਿੱਚ "ਸਿੱਖਾਂ ਦੇ ਪੁਰਅਮਨ ਜਜ਼ਬਿਆਂ ਨੂੰ ਇਸ ਸ਼ਹਾਦਤ ਨੇ ਜੋਬਨ ਤੇ ਪਹੁੰਚਾ ਦਿੱਤਾ'। ਲਤੀਫ ਇਸ ਬਾਰੇ ਲਿਖਦਾ ਹੈ ਕਿ 'ਇਸ ਸ਼ਹਾਦਤ ਨੇ ਸਿੱਖਾਂ ਉੱਤੇ ਡੂੰਘਾ ਅਸਰ ਪਾਇਆ ਤੇ ਉਹਨਾਂ ਦੇ ਧਾਰਮਿਕ ਜਜ਼ਬੇ ਭੜਕਾ ਦਿੱਤੇ'। ਮੇਜਰ ਜਨਰਲ ਸਕਾਟ ਆਪਣੀ ਪੁਸਤਕ 'ਦੀ ਸਿਖਸ' ਵਿੱਚ ਲਿਖਦਾ ਹੈ ਕਿ 'ਸੋ ਇੱਕ ਵਾਹਿਗੁਰੂ ਦੇ ਪੁਜਾਰੀਆਂ ਨੂੰ ਧਾਰਮਿਕ ਗ੍ਰੰਥ, ਕਂੇਦਰੀ ਧਾਰਮਿਕ ਅਸਥਾਨ ਮਰਯਾਦਾ ਦਿੱਤੀ ਗਈ ਤੇ ਹੁਣ (ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚੋਂ) ਸ਼ਹੀਦ ਹੋਣ ਅਤੇ ਦੁਸ਼ਮਣ ਦਾ ਟਾਕਰਾ ਕਰਨ ਦਾ ਜਜ਼ਬਾ ਵੀ ਮਿਲਿਆ'।
  ਕਿਸੇ ਮਹਾਨ ਵਿਦਵਾਨ ਨੇ ਸ਼ਹਾਦਤ ਬਾਰੇ ਬੜੇ ਹੀ ਸੁੰਦਰ ਸ਼ਬਦਾਂ ਵਿਚ ਲਿਖਿਆ ਹੈ ਕਿ ਸ਼ਹਾਦਤ ਅੱਤਿਆਚਾਰ ਵਿਰੁੱਧ ਸੱਤਿਆਚਾਰ ਹੈ, ਤਸ਼ੱਦਤ ਖਿਲਾਫ਼ ਸਹਿਣ-ਸ਼ੀਲਤਾ ਦੀ ਵਿਜੈ ਹੈ । ਸ਼ਹੀਦੀ ਮਜ਼ਬੂਰੀ ਨਹੀਂ, ਸਿਦਕ ਸਬੂਰੀ ਹੈ। ਇਹ ਨਿਰਭੈ ਸ਼ਕਤੀ ਹੀ ਨਹੀਂ, ਨਿਰਵੈਰ ਬਿਰਤੀ ਵੀ ਹੈ। ਸ਼ਹਾਦਤ ਦੀ ਮਹਾਨ ਪ੍ਰੰਪਰਾ ਸਿੱਖ ਇਤਿਹਾਸ ਨਾਲ ਮੁੱਢ ਤੋਂ ਹੀ ਜੁੜੀ ਹੈ । ਸਿੱਖੀ ਦੇ ਮਹਿਲ ਵਿੱਚ ਦਾਖਲ ਹੋਣ ਲਈ ਸੀਸ ਤਲੀ 'ਤੇ ਰੱਖਣਾ ਪੈਂਦਾ ਹੈ । ਸਾਹਿਬ  ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮਹਿਲ ਦੀ ਨੀਂਹ ਰੱਖਣ ਲੱਗਿਆਂ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ ਸੀ । ਆਹੰਕਾਰ ਅਤੇ ਲੋਕ-ਲੱਜਾ ਰੂਪੀ ਆਪਣਾ ਸਿਰ ਤਲੀ 'ਤੇ ਰੱਖ ਕੇ ਇਸ ਗਲੀ 'ਚ ਪ੍ਰਵੇਸ਼ ਕਰਨਾ ਹੀ ਨਹੀਂ, ਸਗੋਂ ਆਪਣਾ ਤਨ-ਮਨ-ਧਨ ਸਤਿਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ । ਸਤਿਗੁਰੂ ਜੀ ਫੁਰਮਾਉਂਦੇ ਹਨ :
  ਜਉ ਤਉ ਪ੍ਰੇਮ  ਖੇਲਣ  ਕਾ  ਚਾਉ ॥
  ਸਿਰੁ ਧਰਿ ਤਲੀ ਗਲੀ ਮੇਰੀ ਆਉ ॥
  ਇਤੁ    ਮਾਰਗਿ   ਪੈਰੁ   ਧਰੀਜੈ ॥  
  ਸਿਰੁ   ਦੀਜੈ   ਕਾਣਿ  ਨ   ਕੀਜੈ ॥ ੨੦ ॥ 
  - ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ: ੧੪੧੨)

  ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਅਨੁਭਵੀ ਕਲਾਵਾਨ, ਪਵਿੱਤਰਤਾ ਦੇ ਸੋਮੇ, ਸ਼ਹੀਦਾਂ ਦੇ ਸਿਰਤਾਜ, ਉੱਚ-ਕੋਟੀ ਦੇ ਸੰਪਾਦਕ, ਮਹਾਨ ਉਸਰੱਈਏ, ਗਹਿਰ-ਗੰਭੀਰ ਚਿੰਤਕ, ਮੰਨੇ-ਪ੍ਰਮੰਨੇ ਬ੍ਰਹਮ ਗਿਆਨੀ, ਸੰਗੀਤ-ਪ੍ਰੇਮੀ, ਮਹਾਂ-ਕਵੀ, ਭਾਸ਼ਾ-ਵਿਗਿਆਨੀ, ਬਹੁ-ਪੱਖੀ ਵਿਦਵਾਨ ਅਤੇ ਨਿਮਰਤਾ ਦੇ ਪੁੰਜ ਹੋਏ ਹਨ। ਆਪ ਜੀ ਦਾ ਨਾਂਅ ਸਿੱਖ ਇਤਿਹਾਸ ਵਿੱਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿੱਚ ਚੜ੍ਹਦੇ ਸੂਰਜ ਵਾਂਗ ਹਮੇਸ਼ਾ ਹੀ ਚਮਕਦਾ ਰਹੇਗਾ ।
  ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ੧੫ ਅਪ੍ਰੈਲ, ੧੫੬੩ ਨੂੰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਸ੍ਰੀ ਗੋਇੰਦਵਾਲ ਸਾਹਿਬ (ਅੰਮ੍ਰਿਤਸਰ) ਵਿਖੇ ਅਵਤਾਰ ਧਾਰਿਆ । ਆਪ ਜੀ ਦੀ ਧਰਮ ਪਤਨੀ (ਮਹਿਲਾ) ਦਾ ਨਾਂਅ ਮਾਤਾ ਗੰਗਾ ਸੀ, ਜੋ ਧਾਰਮਿਕ ਖ਼ਿਆਲਾਂ ਦੀ ਮਾਲਕਣ ਸੀ। ਹੋਣਹਾਰ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦੇ ਗ੍ਰਹਿ ਵਿਖੇ ਜਨਮ ਲਿਆ। ਵੱਡੇ ਭਰਾ ਪ੍ਰਿਥੀ ਚੰਦ (ਪਿਰਥੀਏ) ਨੇ ਗੁਰਗੱਦੀ ਆਪਣੇ ਘਰ ਵਿੱਚ ਲਿਆਉਣ ਲਈ ਬਾਲ ਹਰਿਗੋਬਿੰਦ ਸਾਹਿਬ 'ਤੇ ਕਈ ਮਾਰੂ ਹਮਲੇ ਕਰਵਾਏ, ਪਰ ਬੇਅਰਥ ਗਏ। 
  ਗੁਰੂ ਜੀ ਨੂੰ ਕਲਮ ਤੇ ਸੰਗੀਤ ਦੀ ਦਾਤ ਵਿਰਸੇ ਵਿੱਚ ਪ੍ਰਾਪਤ ਹੋਈ ਸੀ। ਆਪ ਜੀ ਇੱਕ ਮਹਾਨ ਅਧਿਆਤਮਿਕ ਚਿੰਤਕ ਵੀ ਸਨ। ਸ੍ਰੀ 'ਗੁਰੂ ਗ੍ਰੰਥ ਸਾਹਿਬ' (ਬੀੜ ਸਾਹਿਬ) ਵਿੱਚ ਦਰਜ ਬਾਣੀ, ਜੋ ਤੀਹ ਰਾਗਾਂ ਵਿੱਚ ਹੈ, ਦੀ ਰਚਨਾ ਕਰਨ ਵਾਲੇ ਗੁਰੂ ਜੀ ਦੇ ਪਿਤਾ ਜੀ ਸਨ । ਸੇਵਾ, ਸਿਮਰਨ ਅਤੇ ਨਿਮਰਤਾ ਦੀ ਮੂਰਤ ਸ੍ਰੀ ਗੁਰੂ ਅਮਰਦਾਸ ਜੀ, ਜੋ ਆਪ ਜੀ ਦੇ ਨਾਨਾ ਜੀ ਲੱਗਦੇ ਸਨ, ਨੇ ਗੁਰੂ ਜੀ ਨੂੰ 'ਦੋਹਿਤਾ ਬਾਣੀ ਕਾ ਬੋਹਿਥਾ' ਦਾ ਆਸ਼ੀਰਵਾਦ ਦਿੱਤਾ ਸੀ । ਡਾ. ਗੁਰਦੇਵ ਸਿੰਘ ਪੰਦੋਹਲ 'ਰੰਗ ਬਰੰਗੀਆਂ' ਪੁਸਤਕ ਵਿੱਚ ਦੱਸਦੇ ਹਨ ਕਿ ਇਸ ਆਸ਼ੀਰਵਾਦ ਸਦਕਾ ਹੀ ਆਪ ਜੀ ਦੀ ਬਾਣੀ ਦੇ ੨੨੧੮ ਪਦੇ ਤੇ ਸਲੋਕ 'ਗੁਰੂ ਗ੍ਰੰਥ ਸਾਹਿਬ' ਵਿੱਚ ਦਰਜ ਹਨ ਅਤੇ ਇਸ ਮਹਾਨ ਧਾਰਮਿਕ ਗ੍ਰੰਥ ਦੀ ਸੰਪਾਦਨਾ ਵੀ ਆਪ ਜੀ ਨੇ ਕੀਤੀ ।
  ਗੁਰੂ ਸਾਹਿਬ ਕਈ ਭਾਸ਼ਾਵਾਂ ਦੇ ਗਿਆਤਾ ਸਨ, ਜਿਸ ਤਰ੍ਹਾਂ ਕਿ ਹਿੰਦੀ, ਪੰਜਾਬੀ, ਫ਼ਾਰਸੀ, ਸੰਸਕ੍ਰਿਤ, ਬ੍ਰਜ, ਮੁਲਤਾਨੀ, ਕੇਂਦਰੀ ਪੰਜਾਬੀ, ਪੰਜਾਬੀ ਦੀਆਂ ਉਪ-ਬੋਲੀਆਂ, ਆਦਿ। ਆਪ ਜੀ ਦੀ ਅਣਥੱਕ ਮਿਹਨਤ, ਤਿਆਗ, ਨਿਸ਼ਕਾਮ ਸੇਵਾ, ਅਧਿਆਤਮਿਕ ਰੁਚੀ, ਆਦਿ ਨੂੰ ਦੇਖਦੇ ਹੋਏ ੧ ਸਤੰਬਰ, ੧੫੮੧ ਨੂੰ ਗੁਰਿਆਈ ਗੱਦੀ ਸੌਂਪੀ ਗਈ। ਪਰ, ਪਿਰਥੀਆ ਖਾਰ ਖਾਣ ਲੱਗਾ।
  ਜਦੋਂ ਬਾਦਸ਼ਾਹ ਅਕਬਰ ਸੰਨ ੧੬੦੦ ਈ: ਵਿੱਚ ਪੰਜਾਬ ਆਏ ਤਾਂ ਗੁਰੂ-ਦੋਖੀਆਂ ਨੇ ਇਹ ਸ਼ਕਾਇਤ ਕੀਤੀ ਕਿ ਗੁਰੂ ਸਾਹਿਬ ਨੇ ਧਰਮ-ਪੁਸਤਕ ਤਿਆਰ ਕੀਤੀ ਹੈ, ਜਿਸ ਵਿੱਚ ਇਸਲਾਮ ਬਾਰੇ ਨਿੰਦਾ ਤੇ ਬੇਅਦਬੀ ਭਰੇ ਸ਼ਬਦ ਸੰਚਿਤ ਹਨ । ਪਰ, ਬਾਦਸ਼ਾਹ ਅਕਬਰ ਨੇ ਜਦੋਂ ਸ਼ਬਦ ਸੁਣੇ ਤਾਂ ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ;  ੫੧ ਮੋਹਰਾਂ ਰੱਖ ਕੇ ਮੱਥਾ ਟੇਕਿਆ । 
  ਬਾਦਸ਼ਾਹ ਅਕਬਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਨੂਰ-ਉਦ-ਦੀਨ ਜਹਾਂਗੀਰ (੧੬੦੫-੧੬੨੭) ਤਖ਼ਤ-ਨਸ਼ੀਨ ਹੋਇਆ ਤਾਂ ਮੁਗਲੀਆਂ ਸਰਕਾਰ ਦੀ ਨੀਤ ਤੇ ਨੀਤੀ ਬਦਲਣੀ ਸ਼ੁਰੂ ਹੋ ਗਈ । ਬਾਦਸ਼ਾਹ ਨੂੰ ਸਤਿਗੁਰਾਂ ਵਿਰੁੱਧ ਉਕਸਾਇਆ ਗਿਆ। ਨਤੀਜੇ ਵਜੋਂ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਰਬ-ਸਾਂਝੀ ਧਰਮਸਾਲ ਨੂੰ 'ਝੂਠ ਦੀ ਦੁਕਾਨ' ਕਿਹਾ।
  ਪ੍ਰੋ: ਕਰਤਾਰ ਸਿੰਘ ਐਮ.ਏ. ਆਪਣੀ ਪੁਸਤਕ 'ਸਿੱਖ ਇਤਿਹਾਸ' ਵਿੱਚ ਦੱਸਦੇ ਹਨ ਕਿ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਜੀ ਵੱਲ ਬੇਨਤੀ-ਪੱਤਰ ਭੇਜਿਆ ਕਿ ਆਪਣੇ ਬੇਟੇ ਲਈ ਚੰਦੂ ਦੀ ਬੇਟੀ ਦਾ ਸਾਕ ਨਾਂਹ ਲਿਆ ਜਾਵੇ ਕਿਉਂਕਿ ਉਸ ਨੇ ਆਪਣੇ ਘਰਾਣੇ ਨੂੰ 'ਚੁਬਾਰਾ' ਅਤੇ ਗੁਰੂ ਜੀ ਦੇ ਘਰਾਣੇ ਨੂੰ 'ਮੋਰੀ' ਕਹਿ ਕਿ ਗੁਰੂ-ਘਰ ਦੀ ਸਖ਼ਤ ਬੇਅਦਬੀ ਕੀਤੀ ਹੈ। ਚੰਦੂ ਜੋ ਲਾਹੌਰ ਦਾ ਵਸਨੀਕ ਤੇ ਦਿੱਲੀ ਦਰਬਾਰ ਵਿੱਚ ਅਹਿਲਕਾਰ ਸੀ ।
  ਅੰਤ ਸਾਜਸ਼ਾਂ ਦਾ ਪੱਲੜਾ ਭਾਰੀ ਹੋ ਗਿਆ। ਗੁਰੂ ਸਾਹਿਬ ਨੂੰ ਲਾਹੌਰ ਦੇ ਹਾਕਮ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ ਅਤੇ 'ਯਾਸਾ ਦੀ ਸਜ਼ਾ' ਸੁਣਾਈ ਗਈ।  'ਯਾਸਾ ਦੀ ਸਜ਼ਾ' ਉਹ ਜਟਿਲ ਸਜ਼ਾ ਹੈ, ਜਿਸ ਵਿੱਚ ਸਜ਼ਾ ਪਾਉਣ ਵਾਲੇ ਦਾ ਖ਼ੂਨ ਧਰਤੀ 'ਤੇ ਨਹੀਂ ਡੋਲ੍ਹਿਆ ਜਾਂਦਾ । ਚੰਗੇਜ਼ ਖਾਂ ਨੇ ਆਪਣੀ ਵਿਧਾਨ ਸਭਾ ਵਿੱਚ 'ਯਾਸਾ ਦਾ ਕਾਨੂੰਨ' ੧੨੧੯ ਈ: ਵਿੱਚ ਪਾਸ ਕੀਤਾ ਸੀ । 
  ਇੱਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ "ਭਾਵੇਂ ਕਈਆਂ ਨੂੰ ਜਿਊਂਦਿਆਂ ਹੀ ਰੂੰ ਵਿੱਚ ਲਪੇਟ ਕੇ ਅੱਗ ਲਗਾਈ ਗਈ, ਪਰ ਅਜੇ ਤੱਕ ਤਿੰਨ ਇਤਿਹਾਸਕ ਘਟਨਾਵਾਂ ਵਾਪਰੀਆਂ ਜਿਵੇਂ ਕਿ ਹਰਨਾਖਸ਼ ਦੀ ਸਭਾ, ਨਾਮਰੂਦ ਦੀ ਕਚਹਿਰੀ ਅਤੇ ਲਾਹੌਰ ਦਾ ਮੁਗਲ ਦਰਬਾਰ, ਜਿਨ੍ਹਾਂ ਵਿੱਚ ਅੱਗ ਨਾਲ ਸਜ਼ਾ ਦਿੱਤੀ ਗਈ । ਪਹਿਲੀ ਘਟਨਾ ਵਿੱਚ ਭਗਤ ਪ੍ਰਹਿਲਾਦ ਨੂੰ ਕਿਹਾ ਗਿਆ ਕਿ 'ਰਾਮ-ਨਾਮ' ਛੱਡ ਦੇ ਜਾਂ ਲਾਲ ਥੰਮ ਨਾਲ ਜੱਫੀ ਪਾ ਲੈ । ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਗਤ ਪ੍ਰਹਿਲਾਦ 'ਰਾਮ ਨਾਮ' ਨਾ ਛੱਡਦੇ ਹੋਏ ਜਦੋਂ ਲਾਲ ਥੰਮ ਵੱਲ ਵਧੇ, ਉਨ੍ਹਾਂ ਨੇ ਲਾਲ ਥੰਮ ਦੇ ਉੱਪਰ ਇੱਕ ਕੀੜੀ ਚਲਦੀ ਦੇਖੀ, ਥੰਮ ਨੂੰ ਜੱਫੀ ਪਾ ਲਈ, ਉਹ ਠੰਡਾ-ਠਾਰ ਸੀ । ਦੂਜੀ ਘਟਨਾ ਵਿੱਚ ਹਜ਼ਰਤ ਇਬਰਾਹੀਮ ਨੂੰ ਆਖਿਆ ਗਿਆ ਕਿ ਖ਼ੁਦਾ ਦੀ ਬੰਦਗੀ ਛੱਡ ਦੇ ਜਾਂ ਭਖਦੇ ਅੰਗਾਰਾ ਵਿਚੋਂ ਲੰਘੇ । ਜਦੋਂ ਉਸ ਨੇ ਭਖਦੇ ਅੰਗਾਰੇ 'ਤੇ ਪੈਰ ਧਰਿਆ ਤਾਂ ਉਹ ਗੁਲਾਬ ਦੇ ਫੁੱਲ ਬਣ ਗਏ । ਪਰ, ਤੀਜੀ ਘਟਨਾ ਵਿੱਚ ਅੱਗ ਠੰਡੀ ਨਹੀਂ ਸੀ ਹੋਈ, ਸਗੋਂ ਜ਼ਿਆਦਾ ਮੱਚੀ ਸੀ । ਗੁਰੂ ਜੀ ਇੱਥੇ ਇਹ ਸਿੱਖਿਆ ਦੇ ਗਏ ਕਿ ਆਪਣੇ ਮਕਸਦ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ, ਭਾਵੇਂ ਸਜ਼ਾ ਕਠੋਰ ਹੀ ਕਿਉਂ ਨਾ ਝੱਲਣੀ ਪਵੇ"। 
  ਚੰਦੂ ਨੇ ਆਪਣਾ ਬਦਲਾ ਲੈਣ ਲਈ ਗੁਰੂ ਜੀ ਨੂੰ ਪਹਿਲੇ ਦਿਨ ਅੰਨ-ਪਾਣੀ ਕੁਝ ਨਾ ਦਿੱਤਾ ਤੇ ਨਾ ਹੀ ਸੌਣ ਦਿੱਤਾ । ਦੂਜੇ ਦਿਨ ਉਬਲ਼ਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ ਤੇ ਕੋਮਲ ਸਰੀਰ 'ਤੇ ਤੱਤੀ ਰੇਤ ਪਾਈ ਗਈ । ਤੀਜੇ ਦਿਨ ਤੱਤੀ ਤਵੀ 'ਤੇ ਬਿਠਾਇਆ ਗਿਆ ਅਤੇ ਉੱਪਰ ਤੱਤੀ ਰੇਤ ਪਾਈ ਗਈ । ਪਰ, ਗੁਰੂ ਜੀ ਮੁੱਖੋਂ ਇਹ ਸ਼ਬਦ ਉਚਾਰ ਰਹੇ ਸਨ :
  ਤੇਰਾ   ਕੀਆ    ਮੀਠਾ   ਲਾਗੈ  ॥
   ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ 
  - ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ: ੩੯੪ )
  ਇਸ ਦ੍ਰਿਸ਼ ਨੂੰ ਦੇਖ ਕੇ ਸਾਈਂ ਮੀਆਂ ਮੀਰ ਜੀ, ਜਿਨਾਂ ਤੋਂ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਸੀ, ਗਹਿਰ-ਗੰਭੀਰ ਹੋ ਗਏ ਅਤੇ ਅੱਖਾਂ 'ਚੋਂ ਹੰਝੂ ਵਹਿ ਤੁਰੇ। ਉਹਨਾਂ ਆਖਿਆ, 'ਜੇ ਸੰਤ ਜੀ ਹੁਕਮ ਹੋਵੇ 'ਲਾਹੌਰ ਸ਼ਹਿਰ ਜਹਰ ਕਹਰ' ਦਾ ਅੰਤ ਕਰ ਦਿਆਂ', ਪਰ ਗੁਰੂ ਜੀ ਨੇ ਸ਼ਾਂਤ-ਚਿੱਤ ਭਾਣਾ ਮੰਨਣ ਦੀ ਤਾਕੀਦ ਕੀਤੀ । 
  ਗੁਰੂ ਜੀ ਦਾ ਸਰੀਰ ਛਾਲੇ-ਛਾਲੇ ਹੋ ਕੇ ਅਤੀ ਨਿਰਬਲ ਹੋ ਗਿਆ ਅਤੇ ਅੰਤ ਵਿੱਚ ਰਾਵੀ ਦੇ ਠੰਡੇ ਪਾਣੀ ਵਿੱਚ ਸੁਟਵਾ ਦਿੱਤਾ । ਇਉਂ ਸ਼ਾਂਤੀ ਦੇ ਪੁੰਜ ਕਰਤਾਰ ਦੇ ਭਾਣੇ ਅੰਦਰ ਜ਼ੁਲਮ ਅਤੇ ਜਬਰ ਵਿਰੁੱਧ ਇੱਕ ਜਜ਼ਬਾ ਪੈਦਾ ਕਰਕੇ ੩੦ ਮਈ, ੧੬੦੬ ਨੂੰ ੪੩ ਸਾਲ, ਇੱਕ ਮਹੀਨਾ, ੧੫ ਦਿਨ ਦੀ ਉਮਰ ਭੋਗ ਕੇ ਜੋਤੀ-ਜੋਤ ਸਮਾ ਗਏ। ਗੁਰੂ ਜੀ ਇਹੋ ਜਿਹੇ ਕੰਮ ਕਰ ਗਏ, ਜੋ ਹੋਰ ਕੋਈ ਨਹੀਂ ਕਰ ਸਕਦਾ। ਸ਼ਹੀਦ ਹੋ ਕੇ ਵੀ ਜ਼ਿੰਦਾ ਹਨ ਅਤੇ ਗੁਰੂ ਜੀ ਦੀ ਜਗਮਗਾਉਂਦੀ ਰੋਸ਼ਨੀ ਹਮੇਸ਼ਾ ਹੀ ਸੰਸਾਰ ਨੂੰ ਰੋਸ਼ਨ ਕਰਦੀ ਰਹੇਗੀ ।
  ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ ॥
  ਜੋਤੀ  ਜੋਤਿ  ਰਲੀ   ਸੰਪੂਰਨ   ਥੀਆ  ਰਾਮ ॥੪॥ ੨॥ 
  - ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ: ੮੪੬ ) 
  ਸ਼ਹੀਦ ਦੀ ਸ਼ਹਾਦਤ ਕਦੀ ਅੰਞਾਈਂ ਨਹੀਂ ਜਾਂਦੀ । ਇਸ ਨੇ ਪੰਜਾਬ ਦੀ ਧਰਤੀ 'ਤੇ ਨਾ ਮਿਟਣ ਵਾਲਾ ਅਸਰ ਛੱਡਿਆ ਅਤੇ ਇਤਿਹਾਸ ਵਿੱਚ ਕਈ ਨਵੇਂ ਕਾਂਡਾਂ ਦਾ ਵਾਧਾ ਕੀਤਾ। ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਜ਼ਾਲਮ ਦਾ ਮਨ ਸ਼ਾਂਤ ਹੀ ਨਹੀਂ ਕੀਤਾ, ਸਗੋਂ ਆਪਣੇ ਨਰੋਏ ਖ਼ੂਨ ਦਾ ਟੀਕਾ ਲਗਾ ਕੇ ਮੁਰਦਾ ਕੌਮ ਦੀਆਂ ਰਗਾਂ ਵਿੱਚ ਨਵੀਂ ਜਾਨ ਪਾ ਦਿੱਤੀ। ਗੁਰੂ ਜੀ ਦਾ ਸੁਨਹਿਰੀ ਫ਼ੁਰਮਾਣ ਹੈ, 'ਜਦ ਤੀਕ ਤੁਸੀਂ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਨਹੀਂ ਹੋ ਜਾਂਦੇ, ਫ਼ਤਹਿ ਹਾਸਿਲ ਨਹੀਂ ਹੋ ਸਕਦੀ'। 
  ਅੱਜ ਲੋੜ ਹੈ, ਸਮਾਜਿਕ ਕਦਰਾਂ-ਕੀਮਤਾਂ ਅਤੇ ਨੈਤਕਿ ਸਿੱਖਿਆ ਦੀ, ਜੋ ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ ਹੋਈਆਂ ਹਨ। ਆਓ, 'ਗੁਰੂ ਗ੍ਰੰਥ ਸਾਹਿਬ' ਦੇ ਲੜ ਲੱਗੀਏ, ਇੱਕ ਨਿੱਗਰ ਸਮਾਜ ਦੀ ਸਥਾਪਨਾ ਕਰੀਏ।