ਲੜੀਵਾਰ

 •    ਕੌਰਵ ਸਭਾ (ਕਿਸ਼ਤ-1) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-2) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-3) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-4) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-5) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-6) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-7) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-8) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-9) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-10) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-11) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-14) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-12) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-13) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-15) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-16) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-17) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-18) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-19) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਕਿਸ਼ਤ-20) / ਮਿੱਤਰ ਸੈਨ ਮੀਤ (ਨਾਵਲ )
 •    ਕੌਰਵ ਸਭਾ (ਆਖਰੀ ਕਿਸ਼ਤ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -1 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -2 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -3 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -4 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 5 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 6 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -7 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -8 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 9 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 10 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 11 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 12 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 13 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -16 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ -17 / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 14 (ਨਾਵਲ ) / ਮਿੱਤਰ ਸੈਨ ਮੀਤ (ਨਾਵਲ )
 •    ਤਫ਼ਤੀਸ਼ - 15 / ਮਿੱਤਰ ਸੈਨ ਮੀਤ (ਨਾਵਲ )
 • ਕੌਰਵ ਸਭਾ (ਕਿਸ਼ਤ-3) (ਨਾਵਲ )

  ਮਿੱਤਰ ਸੈਨ ਮੀਤ   

  Email: mittersainmeet@hotmail.com
  Phone: +91 161 2407444
  Cell: +91 98556 31777
  Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
  India
  ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  4
  ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਸਥਿਤੀ ਦੀ ਗੰਭੀਰਤਾ ਨੂੰ ਭਾਂਪ ਚੁੱਕਾ ਸੀ ।
  ਦਿਨ ਦੇ ਗਿਆਰਾਂ ਵੱਜ ਚੁੱਕੇ ਸਨ । ਹਾਲੇ ਤਕ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਤਕ ਨਹੀਂ ਸੀ ਦਿੱਤੀ ਗਈ ।
  ਮਰੀਜ਼ਾਂ ਦੇ ਵਾਰਿਸ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਸਨ । ਉਨ੍ਹਾਂ ਵਿਚੋਂ ਇਕ ਵਕੀਲ ਸੀ ਅਤੇ ਇਕ ਡਾਕਟਰ । ਉਹ ਡਾਕਟਰਾਂ ਦੀ ਅਣਗਹਿਲੀ 'ਤੇ ਕਿੰਤੂ ਪ੍ਰੰਤੂ ਕਰ ਰਹੇ ਸਨ ।ਕਿਸੇ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ । ਪੱਤਰਕਾਰ ਗੇੜੇ ਮਾਰ ਰਹੇ ਸਨ। ਕੁਝ ਮਜ਼ਰੂਬਾਂ ਦੀਆਂ ਫੋਟੋ ਉਤਾਰ ਕੇ ਲੈ ਗਏ ਸਨ । ਬਾਕੀ ਦੇ ਡਾਕਟਰਾਂ ਤੋਂ ਜਾਨਣਾ ਚਾਹੁੰਦੇ ਸਨ ਕਿ ਮਜ਼ਰੂਬਾਂ ਦੀ ਹਾਲਤ ਕਿਹੋ ਜਿਹੀ ਹੈ ? ਖ਼ਤਰੇ ਵਿਚ ਹਨ ਜਾਂ ਖ਼ਤਰੇ ਤੋਂ ਬਾਹਰ ? ਭਾਈਚਾਰੇ ਦੇ ਨਾਤੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੂੰ ਸੁਚੇਤ ਕਰ ਦਿੱਤਾ ਸੀ । ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਸੀ । ਸ਼ਹਿਰ ਵਿਚ ਇਸ ਵਾਰਦਾਤ ਕਾਰਨ ਗੁੱਸਾ ਅਤੇ ਘਬਰਾਹਟ ਫੈਲ ਰਹੀ ਸੀ । ਗ੍ਰਹਿ-ਮੰਤਰੀ ਸ਼ਹਿਰ ਦਾ ਦੌਰਾ ਕਰਨ ਆ ਰਿਹਾ ਸੀ । ਉਹ ਮਜ਼ਰੂਬਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਆਏਗਾ । ਡਾਕਟਰਾਂ ਨੂੰ ਹਾਲਾਤ ਅਨੁਸਾਰ ਢਲ ਜਾਣਾ ਚਾਹੀਦਾ ਸੀ ।
  ਆਪਣਾ ਫਰਜ਼ ਸਮਝ ਕੇ ਐਮਰਜੈਂਸੀ ਡਾਕਟਰ ਨੇ ਫ਼ੋਨ ਕਰ-ਕਰ ਸਾਰੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ ਸੀ । ਐਕਸਰੇ ਵਾਲੇ ਡਾਕਟਰ ਅਤੇ ਲੇਡੀ ਡਾਕਟਰ ਸ਼ਰਨਜੀਤ ਨੂੰ ਉਸਨੇ ਤਾੜਿਆ ਵੀ ਸੀ । ਨਜ਼ਲਾ ਉਨ੍ਹਾਂ 'ਤੇ ਝੜ ਸਕਦਾ ਸੀ ।
  ਠੇਕੇਦਾਰ ਆਪਣੀ ਰਿਪੋਰਟ ਦੇ ਚੁੱਕਾ ਸੀ । ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਸੀ । ਮੁਫ਼ਤ ਵਿਚ ਮੁਆਇਨੇ ਕਰਨੇ ਪੈਣੇ ਸਨ । ਡਾ. ਨਸੀਬ ਮਿੱਤਲ ਨੂੰ ਕੋਈ ਪਰਵਾਹ ਨਹੀਂ ਸੀ । ਉਹ ਸ਼ਹਾਦਤ ਦੇਣ ਅਦਾਲਤ ਗਿਆ ਸੀ । ਅਦਾਲਤ ਨਾਲ ਸਹਿਯੋਗ ਕਰਨਾ ਹਰ
  ਸ਼ਹਿਰੀ ਦਾ ਪਹਿਲਾ ਫਰਜ਼ ਸੀ । ਉਸਨੇ ਅਦਾਲਤ ਕੋਲੋਂ ਆਪਣੇ ਹਾਜ਼ਰ ਹੋਣ ਬਾਰੇ ਸਰਟੀਫਿਕੇਟ ਲੈ ਲਿਆ ਸੀ । ਹੁਣ ਉਸਨੂੰ ਮੰਤਰੀ ਦਾ ਕੋਈ ਡਰ ਨਹੀਂ ਸੀ । ਉਸਨੇ ਆਪਣੇ ਫਾਰਮਾਸਿਸਟ ਨੂੰ ਆਖ ਦਿੱਤਾ ਸੀ । ਉਹ ਮਰੀਜ਼ਾਂ ਨੂੰ ਕੱਲ੍ਹ ਦਾ ਟਾਈਮ ਦੇ ਦੇਵੇ ।
  ਡਾ. ਸ਼ਰਨਜੀਤ ਕੋਲ ਅਜਿਹਾ ਕੋਈ ਬਹਾਨਾ ਨਹੀਂ ਸੀ । ਇਸ ਲਈ ਉਸਨੇ ਆਪਣੀ ਨਰਸ ਨੂੰ ਤਿਆਰ ਰਹਿਣ ਦਾ ਸੁਨੇਹਾ ਭੇਜ ਦਿੱਤਾ ਸੀ । ਆਉਂਦਿਆਂ ਹੀ ਉਸਨੇ ਪਹਿਲਾਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਕਰਨਾ ਸੀ । ਬਾਕੀ ਮਰੀਜ਼ਾਂ ਨੂੰ ਫੇਰ ਦੇਖਣਾ ਸੀ ।
  ਰਾਮ ਨਾਥ ਜਦੋਂ ਜਨਾਨਾ ਵਾਰਡ ਵਿਚ ਪੁੱਜਾ, ਉਸ ਸਮੇਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਹੋ ਰਿਹਾ ਸੀ ।
  ਉਸਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਹੋ ਚੁੱਕੀ ਸੀ । ਫਟੇ ਅਤੇ ਖ਼ੂਨ ਨਾਲ ਲਿਬੜੇ ਕੱਪੜੇ ਕਬਜ਼ੇ ਵਿੱਚ ਲਏ ਜਾ ਚੁੱਕੇ ਸਨ। ਨਰਸ ਉਨ੍ਹਾਂ ਨੂੰ ਸਫ਼ੈਦ ਥੈਲੀ ਵਿਚ ਪਾ ਕੇ ਉਨ੍ਹਾਂ ਦਾ ਪਾਰਸਲ ਬਣਾ ਰਹੀ ਸੀ ।
  ਸੰਗੀਤਾ ਆਪਣੀ ਨਣਦ ਸੀਮਾ ਨੂੰ ਨੀਲਮ ਕੋਲ ਬੈਠਾ ਕੇ ਨੇਹਾ ਕੋਲ ਆ ਗਈ ਸੀ। ਸੰਗੀਤਾ ਅਤੇ ਪਲਵੀ ਡਾਕਟਰ ਦੀ ਡਾਕਟਰੀ ਮੁਆਇਨੇ ਵਿਚ ਸਹਾਇਤਾ ਕਰ ਰਹੀਆਂ ਸਨ। ਨੇਹਾ ਨਿਢਾਲ ਪਈ ਸੀ । ਲਗਦਾ ਸੀ ਹਾਲੇ ਉਸ ਨੂੰ ਹੋਸ਼ ਨਹੀਂ ਸੀ ਆਈ ।
  ਰਾਮ ਨਾਥ ਨੂੰ ਵਾਰਡ ਵਿਚ ਆਇਆ ਦੇਖ ਕੇ ਸੰਗੀਤਾ ਵੇਦ ਦੀ ਹਾਲਤ ਜਾਨਣ ਲਈ ਉਸ ਕੋਲ ਆ ਗਈ ।
  ਰਾਮ ਨਾਥ ਸੰਗੀਤਾ ਨੂੰ ਇਕ ਪਾਸੇ ਲੈ ਗਿਆ । ਸੰਗੀਤਾ ਨੇ ਨੇਹਾ ਦਾ ਮੁਆਇਨਾ ਹੁੰਦਾ ਦੇਖਿਆ ਸੀ । ਉਸ ਨਾਲ ਕੀ ਬੀਤੀ ਸੀ ? ਰਾਮ ਨਾਥ ਵਿਸਥਾਰ ਨਾਲ ਜਾਨਣਾ ਚਾਹੁੰਦਾ ਸੀ । ਇਹ ਜਾਣਕਾਰੀ ਉਸਨੂੰ ਪਰਚਾ ਦਰਜ ਕਰਾਉਣ ਲਈ ਚਾਹੀਦੀ ਸੀ ।
  ਕੁੜੀ ਦਾ ਭੈੜਾ ਹਾਲ ਸੀ । ਜਾਪਦਾ ਸੀ ਬਲਾਤਕਾਰੀ ਹੱਟਾ-ਕੱਟਾ ਸੀ । ਕੁੜੀ ਨੂੰ ਭੇੜੀਏ ਵਾਂਗ ਪਿਆ ਸੀ । ਨਾਜ਼ੁਕ ਕੁੜੀ ਦਾ ਅੰਗ-ਅੰਗ ਚੂੰਡਿਆ ਪਿਆ ਸੀ । ਕੁੜੀ ਨੂੰ ਸੰਭਲਣ ਲਈ ਕਈ ਦਿਨ ਲੱਗਣੇ ਸਨ ।
  ਨੇਹਾ ਗਹਿਰੇ ਸਦਮੇ ਵਿਚ ਸੀ । ਥੋੜ੍ਹੀ ਜਿਹੀ ਹੋਸ਼ ਪਰਤਦੇ ਹੀ ਖੂਹ-ਖਾਤਾ ਗੰਦਾ ਕਰਨ ਲਈ ਆਖਣ ਲਗਦੀ ਸੀ ।
  "ਉਹ ਕੁਝ ਵਾਰਦਾਤ ਬਾਰੇ ਦੱਸ ਸਕਦੀ ਹੈ?"
  ਰਾਮ ਨਾਥ ਦਾ ਧਿਆਨ ਇਕੋ ਨੁਕਤੇ 'ਤੇ ਅਟਕਿਆ ਹੋਇਆ ਸੀ ।
  "ਲੋਕ ਠੀਕ ਆਖਦੇ ਹਨ। ਵਕੀਲਾਂ ਦੇ ਸੀਨੇ ਵਿਚ ਦਿਲ ਨਹੀਂ ਹੁੰਦਾ । ਉਹ ਸ਼ਰਮ ਦੀ ਮਾਰੀ ਆਤਮ-ਹੱਧਤਿਆ ਕਰਨ ਨੂੰ ਫਿਰਦੀ ਹੈ । ਤੁਸੀਂ ਉਸ ਤੋਂ ਵਾਰਦਾਤ ਦੇ ਵੇਰਵੇ ਪੁੱਛਦੇ ਹੋ? ਗੱਲ ਛੇੜ ਕੇ ਉਸ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਨਾ ਛਿੜਕ ਦੇਣਾ । ਮੇਰੀ ਫੁੱਲਾਂ ਵਰਗੀ ਬੇਟੀ ਨੂੰ ਬਖਸ਼ੋ !"
  ਸੰਗੀਤਾ ਰਾਮ ਨਾਥ ਦੇ ਮੋਢੇ 'ਤੇ ਸਿਰ ਰੱਖ ਕੇ ਅੱਥਰੂਆਂ ਰਾਹੀਂ ਮਨ ਦੀ ਭੜਾਸ ਕੱਢਣ ਲੱਗੀ ।
  "ਪਰਚਾ ਦਰਜ ਕਰਾਉਣਾ ਜ਼ਰੂਰੀ ਹੈ । ਹੁਣ ਮੈਂ ਪਰਚੇ ਵਿਚ ਦੱਸ ਕੀ ਲਿਖਾਵਾਂ?"
  ਸੰਗੀਤਾ ਨੂੰ ਰੋਂਦੇ ਦੇਖ ਕੇ ਰਾਮ ਨਾਥ ਦਾ ਮਨ ਭਰ ਆਇਆ । ਪਰ ਉਸਨੇ ਆਪਣੇ ਹੰਝੂ ਅੱਖਾਂ ਵਿਚ ਰੋਕੀ ਰੱਧਖੇ । ਕੁਝ ਦੇਰ ਖਾਮੋਸ਼ ਰਹਿ ਕੇ ਮਨ ਨੂੰ ਢਾਰਸ ਦਿੱਤੀ ਅਤੇ ਜਦੋਂ ਸੰਗੀਤਾ ਸੰਭਲੀ, ਉਸਨੇ ਆਪਣੀ ਚਿੰਤਾ ਉਸ ਨਾਲ ਸਾਂਝੀ ਕੀਤੀ ।
  "ਭੱਠ ਵਿਚ ਪਏ ਤੁਹਾਡਾ ਕੇਸ ! ਪਤਾ ਨਹੀਂ ਕਿਹੋ ਜਿਹੇ ਖੂੰਖਾਰ ਮੁਲਜ਼ਮ ਹੋਣਗੇ? ਕੌਣ ਦਿਊ ਉਨ੍ਹਾਂ ਵਿਰੁੱਧ ਗਵਾਹੀ ? ਤੁਸੀਂ ਇਨ੍ਹਾਂ ਨੂੰ ਸੰਭਾਲੋ ।"
  "ਦੇਖਦੇ ਹਾਂ ।"
  "ਇਕ ਗੱਲ ਹੋਰ ਸੁਣੋ । ਕਿਧਰੇ ਪਰਚੇ ਵਿਚ ਨੇਹਾ ਨਾਲ ਹੋਏ ਬਲਾਤਕਾਰ ਦਾ ਜ਼ਿਕਰ ਨਾ ਕਰ ਦੇਣਾ । ਜੇ ਬਲਾਤਕਾਰ ਦੀ ਕਹਾਣੀ ਪਾ ਦਿੱਤੀ ਕੁੜੀ ਦਾ ਭਵਿੱਖ ਤਬਾਹ ਹੋ ਜਾਏਗਾ ।"
  ਇਕ ਔਰਤ ਦਾ ਦਰਦ ਇਕ ਔਰਤ ਸਮਝ ਸਕਦੀ ਸੀ । ਇਹ ਸਮਝ ਉਹ ਰਾਮ ਨਾਥ ਨੂੰ ਦੇਣਾ ਚਾਹੁੰਦੀ ਸੀ ।
  ਰਾਮ ਨਾਥ ਨੂੰ ਪਹਿਲੀ ਵਾਰ ਆਪਣੇ ਪੱਥਰ-ਦਿਲ ਹੋਣ ਦਾ ਅਹਿਸਾਸ ਹੋਇਆ ।
  ਸਬੂਤਾਂ ਦੇ ਚੱਕਰ ਨੇ ਉਸ ਦੀ ਸੰਵੇਦਨਸ਼ੀਲਤਾ ਅਤੇ ਦੂਰਦਰਸ਼ਤਾ ਨੂੰ ਨਿਗਲ ਲਿਆ ਸੀ । ਉਸਨੂੰ ਅਫ਼ਸੋਸ ਹੋਇਆ । ਉਸ ਨੂੰ ਇਹ ਗੱਲ ਖ਼ੁਦ ਨੂੰ ਕਿਉਂ ਨਹੀਂ ਸੁੱਝੀ ? ਇਕ ਵਕੀਲ ਹੋਣ ਦੇ ਨਾਤੇ ਉਸਨੂੰ ਬਲਾਤਕਾਰ ਦੇ ਭਵਿੱਖਮੁਖੀ ਪ੍ਰਭਾਵਾਂ ਦਾ ਪਤਾ ਹੋਣਾ ਚਾਹੀਦਾ ਸੀ ।
  ਹਾਲੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਸੀ ਵਿਗੜਿਆ । ਪਰਚੇ ਵਿਚ ਉਹ ਬਲਾਤਕਾਰ ਦਾ ਉੱਕਾ ਜ਼ਿਕਰ ਨਹੀਂ ਕਰੇਗਾ । ਉਸ ਨੂੰ ਬਲਾਤਕਾਰ ਦੇ ਸਬੂਤ ਹੁਣ ਤੋਂ ਮਿਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ । ਡਾ. ਸ਼ਰਨਜੀਤ ਇੰਜਰੀ ਰਿਪੋਰਟ ਤਿਆਰ ਕਰ ਰਹੀ ਸੀ । ਰਾਮ ਨਾਥ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਸੀ । ਉਸਨੂੰ ਬੇਨਤੀ ਕਰਨੀ ਚਾਹੀਦੀ ਸੀ । ਉਹ ਬਲਾਤਕਾਰ ਵਾਲੇ ਤੱਥ ਨੂੰ ਉੱਕਾ ਛੁਪਾ ਲਏ । ਕੇਵਲ ਸੱਟਾਂ ਦਾ ਜ਼ਿਕਰ ਕਰੇ । ਰਾਮ ਨਾਥ ਨੂੰ ਆਸ ਸੀ ਕਿ ਔਰਤ ਹੋਣ ਦੇ ਨਾਤੇ ਡਾਕਟਰ ਨੇਹਾ ਦੀਆਂ ਮਜਬੂਰੀਆਂ
  ਨੂੰ ਸਮਝੇਗੀ । ਫੇਰ ਜਦੋਂ ਮੁਦਈ ਧਿਰ ਨੂੰ ਇਸ ਜੁਰਮ ਨੂੰ ਛਿਪਾਉਣ ਵਿਚ ਕੋਈ ਇਤਰਾਜ ਨਹੀਂ ਸੀ ਤਾਂ ਡਾਕਟਰ ਨੂੰ ਕੀ ਉਜਰ ਹੋ ਸਕਦਾ ਸੀ । ਇਹ ਮੰਗ ਜੇ ਮੁਲਜ਼ਮ ਕਰਦੇ ਫੇਰ ਹੋਰ ਗੱਲ ਸੀ ।
  "ਤੁਸੀਂ ਕਮਾਲ ਕਰਦੇ ਹੋ ਵਕੀਲ ਸਾਹਿਬ ! ਇੱਡੀ ਵੱਡੀ ਗੱਲ ਨੂੰ ਮੈਂ ਕਿਵੇਂ ਛੁਪਾ ਲਵਾਂ ? ਮੈਂ ਨੌਕਰੀ ਕਰਨੀ ਹੈ । ਕਿਸੇ ਨੇ ਇਸਦਾ ਮੈਡੀਕਲ ਕਿਧਰੋਂ ਹੋਰ ਕਰਾਉਣ ਦੀ ਦਰਖ਼ਾਸਤ ਦੇ ਦਿੱਤੀ ਮੇਰਾ ਕੀ ਬਣੂ?"
  "ਹੋਰ ਕਿਸੇ ਨੂੰ ਡਾਕਟਰੀ ਕਰਾਉਣ ਵਿਚ ਕੀ ਦਿਲਚਸਪੀ ਹੈ? ਮੁਲਜ਼ਮ ਦਾ ਪਤਾ ਨਹੀਂ ਕੌਣ ਹਨ ? ਮੈਂ ਲੜਕੀ ਦਾ ਮਾਮਾ ਹਾਂ । ਵਕੀਲ ਹਾਂ । ਉਸਦੇ ਬੁਰੇ ਭਲੇ ਦਾ ਮੈਨੂੰ ਅਹਿਸਾਸ ਹੈ । ਇਸਦੇ ਮਾਂ-ਬਾਪ ਮਰਨ ਕਿਨਾਰੇ ਹਨ । ਬੱਚੀ ਦੇ ਭਵਿੱਖ ਦਾ ਸਵਾਲ ਹੈ । ਮੈਂ ਜੋ ਆਖੋ, ਲਿਖ ਕੇ ਦੇਣ ਨੂੰ ਤਿਆਰ ਹਾਂ ।"
  ਰਾਮ ਨਾਥ ਨੇ ਉਹ ਸਭ ਤਰਲੇ ਲਏ, ਜੋ ਇਕ ਔਰਤ ਦਾ ਦਿਲ ਪਸੀਜਣ ਲਈ ਲਏ ਜਾ ਸਕਦੇ ਸਨ । ਪਰ ਉਹ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਸੀ । ਰਾਮ ਨਾਥ ਦੀਆਂ ਅੱਖਾਂ ਵਿਚ ਭਰੇ ਹੰਝੂ ਉਸਨੂੰ ਖਾਰੇ ਪਾਣੀ ਤੋਂ ਵੱਧ ਕੁਝ ਨਹੀਂ ਸਨ ਲੱਗ ਰਹੇ ।
  ਰਾਮ ਨਾਥ ਨੇ ਹੋਰ ਮਿੰਨਤ ਕੀਤੀ ਤਾਂ ਉਹ ਵੱਢ ਖਾਣਿਆਂ ਵਾਂਗ ਪਈ ।
  "ਪਲੀਜ਼ ! ਮੇਰਾ ਟਾਇਮ ਖਰਾਬ ਨਾ ਕਰੋ। ਮੈਨੂੰ ਆਪਣਾ ਕੰਮ ਕਰਨ ਦਿਉ ।" ਦਾਲ ਨਾ ਗਲਦੀ ਦੇਖਕੇ ਰਾਮ ਨਾਥ ਉਸ ਦੇ ਦਫ਼ਤਰੋਂ ਬਾਹਰ ਆ ਗਿਆ ।
  "ਅੰਕਲ ਤੁਸੀਂ ਉਸ ਠੇਕੇਦਾਰ ਨੂੰ ਮਿਲੋ । ਦੇਖਣਾ ਉਹ ਕੰਮ ਕਰਵਾ ਦੇਵੇਗਾ ।" ਪਲਵੀ ਨੂੰ ਠੇਕੇਦਾਰ ਭੁੱਲਾ ਨਹੀਂ ਸੀ । ਉਸਨੇ ਰਾਮ ਨਾਥ ਨੂੰ ਉਸਦੀ ਯਾਦ ਦਿਵਾਈ ।
  ਰਾਮ ਨਾਥ ਨੂੰ ਇਕ ਵਾਰ ਫੇਰ ਆਪਣੀ ਅਕਲ 'ਤੇ ਗੁੱਸਾ ਆਇਆ । ਅੱਜ ਜਿਵੇਂ ਉਸ ਅੰਦਰਲਾ ਚੁਸਤ ਵਕੀਲ ਮਰ ਚੁੱਕਾ ਸੀ । ਉਸਨੂੰ ਨਵੇਂ ਵਿਚਾਰ ਕਿਥੋਂ ਸੁਝਣੇ ਸਨ ।
  ਉਸਦੀ ਪਕੜ ਵਿੱਚ ਸਾਧਾਰਨ ਵਿਚਾਰ ਨਹੀਂ ਸਨ ਆ ਰਹੇ । ਸ਼ਾਇਦ ਇਸ ਦਾ ਕਾਰਨ ਸਿਰ 'ਤੇ ਪਈ ਭੀੜ ਸੀ ।
  ਠੇਕੇਦਾਰ ਨੇ ਪਹਿਲਾਂ ਨਖਰਾ ਕੀਤਾ । ਸਵੇਰ ਦਾ ਉਹ ਮਿੰਨਤਾਂ ਕਰ ਰਿਹਾ ਸੀ, ਕਿਸੇ ਨੇ ਉਸਦੀ ਗੱਲ ਨਹੀਂ ਸੁਣੀ ।
  ਫੇਰ ਉਹ ਮੰਨ ਗਿਆ। ਸਾਧਾਰਨ ਕੇਸਾਂ ਵਿਚ ਡਾਕਟਰ ਦੀ ਫ਼ੀਸ ਪੰਜ ਹਜ਼ਾਰ ਰੁਪਏ ਸੀ । ਇਥੇ ਕੋਈ ਦੂਸਰੀ ਧਿਰ ਨਹੀਂ ਸੀ । ਫੇਰ ਕੁੜੀ ਦੀ ਇੱਜ਼ਤ ਦਾ ਮਾਮਲਾ ਸੀ । ਇਸ ਲਈ ਉਸਨੇ ਗੱਲ ਚਾਰ ਹਜ਼ਾਰ ਤੋਂ ਸ਼ੁਰੂ ਕਰ ਕੇ ਦੋ 'ਤੇ ਨਬੇੜ ਦਿੱਤੀ ।
  ਰਾਮ ਨਾਥ ਨੇ ਸ਼ੁਕਰ ਕੀਤਾ । ਕੁੜੀ ਜੱਗ ਵੱਸਦੀ ਰਹਿ ਗਈ । ਇਕ ਸਮੱਸਿਆ ਹੱਲ ਹੋਈ ਤਾਂ ਦੂਜੀ ਅੱਗੇ ਆ ਖੜੀ ।
  ਕੁਝ ਘੰਟਿਆਂ ਬਾਅਦ ਨੇਹਾ ਨੂੰ ਹੋਸ਼ ਆ ਜਾਣੀ ਸੀ । ਫੇਰ ਉਸਨੂੰ ਛੁੱਟੀ ਹੋ ਜਾਣੀ ਸੀ । ਛੁੱਟੀ ਕਰਵਾ ਕੇ ਉਸਨੂੰ ਕਿੱਧਥੇ ਲਿਜਾਇਆ ਜਾਵੇ?
  ਰਾਮ ਨਾਥ ਅਤੇ ਸੰਗੀਤਾ ਨੇ ਆਪਣੇ-ਆਪਣੇ ਦਿਮਾਗ਼ਾਂ ਦੇ ਘੋੜੇ ਦੌੜਾਏ । ਦੋਹਾਂ ਦੇ ਘੋੜੇ ਪੱਚੀ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿਚ ਦੌੜ-ਦੌੜ ਹੰਭ ਗਏ। ਉਨ੍ਹਾਂ ਨੂੰ ਇਕ ਘਰ ਵੀ ਅਜਿਹਾ ਨਹੀਂ ਸੀ ਲੱਭਾ ਜਿੱਥੇ ਕੁੜੀ ਨੂੰ ਕੁਝ ਦਿਨਾਂ ਲਈ ਠਹਿਰਾਇਆ ਜਾ ਸਕੇ ।
  ਇਕ ਵਾਰ ਫੇਰ ਪਲਵੀ ਉਨ੍ਹਾਂ ਲਈ ਸੋਨ ਪਰੀ ਬਣਕੇ ਬਹੁੜੀ । ਇਹ ਸਮੱਸਿਆ ਉਹ ਪਹਿਲਾਂ ਹੀ ਭਾਂਪੀ ਖੜ੍ਹੀ ਸੀ ।
  ਨੇਹਾ ਨੂੰ ਲੈਣ ਉਸਦੇ ਮਾਂ-ਬਾਪ ਹਸਪਤਾਲ ਆ ਰਹੇ ਸਨ । ਪੂਰੀ ਤਰ੍ਹਾਂ ਠੀਕ ਹੋ ਜਾਣ ਤਕ ਨੇਹਾ ਉਨ੍ਹਾਂ ਦੇ ਘਰ ਰਹੇਗੀ ।
  ਘਰੋਂ ਫੇਰ ਪੁਲਿਸ ਦਾ ਸੁਨੇਗਾ ਆਇਆ । ਪੁਲਿਸ ਹੋਰ ਇੰਤਜ਼ਾਰ ਨਹੀਂ ਸੀ ਕਰ ਸਕਦੀ ।
  ਹੁਣ ਦੇਰ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ ।
  ਰਾਮ ਨਾਥ ਨੇ ਸੰਗੀਤਾਂ ਨੂੰ ਹਦਾਇਤ ਕੀਤੀ । ਛੁੱਟੀ ਹੋਣ ਤਕ ਉਹ ਹਸਪਤਾਲ ਰਹੇ। ਫੇਰ ਦਯਾਨੰਦ ਹਸਪਤਾਲ ਪੁੱਜ ਜਾਵੇ ।
  ਖੁਦ ਉਹ ਪਰਚਾ ਦਰਜ ਕਰਾਉਣ ਘਰ ਜਾ ਰਿਹਾ ਸੀ ।


  5

  ਵਾਰਦਾਤ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਸੀ । ਪਰਿਵਾਰਾਂ ਦੇ ਚਾਰਾਂ ਜੀਆਂ ਦੇ ਵਾਕਫਕਾਰਾਂ ਦਾ ਆਪਣਾ-ਆਪਣਾ ਘੇਰਾ ਸੀ । ਜਿਸ ਨੂੰ ਜਿਉਂ ਹੀ ਪਤਾ ਚੱਲਦਾ ਉਹ ਹੱਥਲਾ ਕੰਮ ਵਿਚੇ ਛੱਡ ਕੇ ਉਨ੍ਹਾਂ ਦੀ ਕੋਠੀ ਵੱਲ ਦੌੜ ਪੈਂਦਾ ।
  ਹਸਪਤਾਲੋਂ ਵਿਹਲਾ ਹੋ ਕੇ ਰਾਮ ਨਾਥ ਦੇ ਘਰ ਮੁੜਨ ਤਕ ਕੋਠੀ ਅੱਗੇ ਬਹੁਤ ਵੱਡੀ ਭੀੜ ਜੁੜ ਚੁੱਕੀ ਸੀ ।
  ਮੌਕਾ ਮੁਲਾਹਜ਼ਾ ਕਰਨ ਦੀ ਕਾਰਵਾਈ ਪੁਲਿਸ ਮੁਕੰਮਲ ਕਰ ਚੁੱਕੀ ਸੀ । ਵਾਰਦਾਤ ਬਹੁਤ ਸੁਲਝੇ ਢੰਗ ਨਾਲ ਕੀਤੀ ਗਈ ਸੀ । ਦੋਸ਼ੀਆਂ ਨੇ ਬਹੁਤੇ ਸਬਤ ਪਿੱਛੇ ਨਹੀਂ ਸਨ ਛੱਡੇ । ਮੌਕੇ ਤੋਂ ਇਕ ਰਾਡ ਜਿਸ ਨਾਲ ਸੱਟਾਂ ਮਾਰੀਆਂ ਗਈਆਂ ਸਨ ਅਤੇ ਇਕ ਬੈਗ,
  ਜਿਸ ਵਿਚ ਦੋਸ਼ੀ ਪੇਚਕਸ, ਚਾਬੀਆਂ ਪਾ ਕੇ ਲਿਆਏ ਸਨ, ਮਿਲਿਆ ਸੀ । ਹੱਥਾਂ ਪੈਰਾਂ ਦੇ ਨਿਸ਼ਾਨ ਬਹੁਤ ਧੁੰਦਲੇ ਸਨ । ਹੋਰ ਸਬੂਤ ਇਕੱਠੇ ਕਰਨ ਲਈ ਹੋਰ ਮਾਹਿਰਾਂ ਨੇ ਆਉਣਾ ਸੀ । ਇਸ ਲਈ ਕੋਠੀ ਦੇ ਮੁੱਖ ਹਿੱਧਸੇ ਨੂੰ, ਜਿਸ ਸਥਿਤੀ ਵਿਚ ਉਹ ਸੀ, ਉਸੇ ਵਿਚ ਰੱਖ ਕੇ, ਸਰਬ-ਮੋਹਰ ਕਰ ਦਿੱਤਾ ਗਿਆ ਸੀ ।
  ਪੱਤਰਕਾਰ ਪੁਲਿਸ ਦੀ ਚੁੱਪ 'ਤੇ ਖਿਝੇ ਹੋਏ ਸਨ । ਪੁਲਿਸ ਪਤਾ ਨਹੀਂ ਕਿਉਂ ਮੂੰਹ ਨਹੀਂ ਸੀ ਖੋਲ੍ਹਦੀ । ਉਹ ਆਪਣੇ ਸੂਤਰਾਂ ਰਾਹੀਂ ਲੀਰ-ਲੀਰ ਜੋੜ ਕੇ ਪਜਾਮਾ ਸਿਉਣ ਦਾ ਯਤਨ ਕਰ ਰਹੇ ਸਨ । ਪੁਲਿਸ ਉਨ੍ਹਾਂ ਨੂੰ ਲੋਕਾਂ ਦੀਆਂ ਇੰਟਰਵਿਊ ਲੈਣ ਤੋਂ ਕਈ ਵਾਰ
  ਰੋਕ ਚੁੱਕੀ ਸੀ । ਗੁਆਂਢੀਆਂ ਨੂੰ ਕੁਝ ਪਤਾ ਨਹੀਂ ਸੀ । ਗਲਤ ਤੱਥ ਛਾਪ ਕੇ ਕੇਸ ਦਾ ਭੱਠਾ ਨਾ ਬਿਠਾ ਦੇਣਾ । ਜਿੰਨਾ ਚਿਰ ਪੁਲਿਸ, ਪ੍ਰੈਸ-ਨੋਟ ਜਾਰੀ ਨਹੀਂ ਕਰਦੀ, ਓਨਾ ਚਿਰ ਉਹ ਸਬਰ ਦਾ ਘੁੱਟ ਭਰੀ ਰੱਖਣ ।
  ਰਾਮ ਨਾਥ ਦੇ ਕੋਠੀ ਪੁੱਜਦਿਆਂ ਹੀ ਸਾਰੀ ਪੁਲਿਸ ਉਸ ਦੁਆਲੇ ਹੋ ਗਈ । ਵੇਦ ਦੇ ਰਿਸ਼ਤੇਦਾਰਾਂ ਨੇ ਸਾਰੀ ਜ਼ਿੰਮੇਵਾਰੀ ਉਸੇ ਉਪਰ ਸੁੱਟੀ ਸੀ । ਉਹ ਵਕੀਲ ਸੀ । ਇਕ ਵਕੀਲ ਤੋਂ ਵੱਧ ਹੋਰ ਕਿਸੇ ਨੂੰ ਕੀ ਪਤਾ ਹੋ ਸਕਦਾ ਹੈ ਕਿ ਪਰਚਾ ਕਿਵੇਂ ਦਰਜ ਕਰਾਉਣਾ ਹੈ? ਉਹ ਜੋ ਕਰੇਗਾ, ਸਭ ਨੂੰ ਮਨਜ਼ੂਰ ਹੋਏਗਾ । ਰਾਮ ਨਾਥ ਪਰਚੇ ਦੀ ਅਹਿਮੀਅਤ ਨੂੰ ਜਾਣਦਾ ਸੀ । ਸਾਰੇ ਮੁਕੱਦਮੇ ਦਾ ਆਧਾਰ
  ਇਸੇ ਪਰਚੇ ਨੇ ਬਨਣਾ ਸੀ । ਪਰਚਾ ਸਹੀ ਘਟਨਾ 'ਤੇ ਆਧਾਰਤ ਹੋਣਾ ਚਾਹੀਦਾ ਸੀ ।
  ਰਾਮ ਨਾਥ ਨੂੰ ਹੋਈ ਵਾਰਦਾਤ ਬਾਰੇ ਕੱਖ ਨਹੀਂ ਸੀ ਪਤਾ । ਦੋਸ਼ੀ ਦੋ ਸਨ, ਚਾਰ, ਦਸ ਜਾਂ ਬਾਰਾਂ? ਉਹ ਛੋਟੀ ਉਮਰ ਦੇ ਸਨ, ਅੱਧਖੜ ਜਾਂ ਵਡੇਰੀ ਉਮਰ ਦੇ? ਉਹ ਕੰਧ ਟੱਪ ਕੇ ਅੰਦਰ ਆਏ ਸਨ ਜਾਂ ਬੈੱਲ ਖੜਕਾ ਕੇ? ਉਨ੍ਹਾਂ ਕੋਲ ਚਾਕੂ ਸਨ, ਰਾਡ ਸਨ, ਛੁਰੇ ਸਨ ਜਾਂ ਸੋਟੀਆਂ? ਉਨ੍ਹਾਂ ਨੇ ਕਿਹੋ ਜਿਹੇ ਕਪੜੇ ਪਾਏ ਹੋਏ ਸਨ? ਪਾਏ ਸਨ ਜਾਂ ਨੰਗੇ ਧੜ ਸਨ? ਉਹ ਕੇਸਾਧਾਰੀ ਸਨ, ਮੋਨੇ ਜਾਂ ਮੌਲਵੀ-ਕੱਟ । ਪਹਿਲਾਂ ਹਮਲਾ ਕਿਸ ਉਪਰ ਹੋਇਆ?
  ਕਮਲ ਦਾ ਕਤਲ ਕਰਨ ਵਾਲਾ ਕੌਣ ਸੀ? ਨੇਹਾ ਨਾਲ ਬਲਾਤਕਾਰ ਕਿਸ ਨੇ ਕੀਤਾ?
  ਇਕ ਨੇ ਕੀਤਾ ਜਾਂ ਵੱਧ ਨੇ? ਨੀਲਮ ਅਤੇ ਵੇਦ ਨੂੰ ਸੱਟਾਂ ਕਿਸ-ਕਿਸ ਨੇ ਮਾਰੀਆਂ?
  ਇਨ੍ਹਾਂ ਵਿਚੋਂ ਇਕ ਵੀ ਸਵਾਲ ਦਾ ਜਵਾਬ ਰਾਮ ਨਾਥ ਕੋਲ ਨਹੀਂ ਸੀ । ਕੋਰੀ ਕਲਪਨਾ ਦੇ ਆਧਾਰ 'ਤੇ ਪਰਚਾ ਦਰਜ ਕਰਾਉਣਾ ਘਾਤਕ ਸਿੱਧ ਹੋ ਸਕਦਾ ਸੀ । ਕਦੇ ਨਾ ਕਦੇ ਦੋਸ਼ੀਆਂ ਨੇ ਫੜੇ ਜਾਣਾ ਸੀ । ਉਨ੍ਹਾਂ ਨੇ ਹੋਈ ਵਾਰਦਾਤ ਦਾ ਵੇਰਵਾ ਆਪਣੇ ਵਕੀਲਾਂ
  ਨੂੰ ਦੱਸ ਦੇਣਾ ਸੀ । ਮੁਦਈ ਧਿਰ ਅਤੇ ਸਫ਼ਾਈ ਧਿਰ ਦੇ ਕਥਨਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੋਣਾ ਸੀ । ਦੋਹਾਂ ਕਥਨਾਂ ਵਿਚ ਤਾਲਮੇਲ ਬੈਠਾਉਣਾ ਅਸੰਭਵ ਹੋਣਾ ਸੀ । ਨਤੀਜਨ ਦੋਸ਼ੀਆਂ ਨੂੰ ਸ਼ੱਕ ਦਾ ਫ਼ਾਇਦਾ ਹੋਣਾ ਸੀ ।
  ਰਾਮ ਨਾਥ ਨੂੰ ਕੁਝ ਨਹੀਂ ਸੀ ਸੁੱਝ ਰਿਹਾ । ਭੱਜ-ਨੱਠ, ਮਾਨਸਿਕ ਤਨਾਅ ਅਤੇ ਭੁੱਖ ਪਿਆਸ ਕਾਰਨ ਉਹ ਦਿਮਾਗ਼ੀ ਅਤੇ ਜਿਸਮਾਨੀ ਦੋਹਾਂ ਤਰ੍ਹਾਂ ਨਾਲ ਥੱਕ ਚੁੱਕਾ ਸੀ । ਅਜਿਹੇ ਮੌਕਿਆਂ 'ਤੇ ਉਹ ਵੱਧ ਪੱਤੀ ਵਾਲੀ ਚਾਹ ਪੀ ਕੇ ਤਾਜ਼ਾ ਦਮ ਹੋਇਆ ਕਰਦਾ ਸੀ । ਇਨ੍ਹਾਂ ਹਾਲਾਤਾਂ ਵਿਚ ਚਾਹ ਨਸੀਬ ਨਹੀਂ ਸੀ ਹੋ ਰਹੀ ।
  ਥਾਣੇਦਾਰ ਰਾਮ ਨਾਥ ਦੀ ਮਜਬੂਰੀ ਨੂੰ ਭਾਂਪ ਗਿਆ । ਰਾਏ ਮਸ਼ਵਰੇ ਲਈ ਉਹ ਰਾਮ ਨਾਥ ਨੂੰ ਇਕ ਪਾਸੇ ਲੈ ਗਿਆ ।
  "ਘਰ ਵਿੱਚ ਇਕ ਨੌਕਰ ਵੀ ਹੈ?" ਥਾਣੇਦਾਰ ਨੇ ਰਾਮ ਨਾਥ ਤੋਂ ਪੁੱਧਛਿਆ ।
  ਰਾਮ ਨਾਥ ਥਾਣੇਦਾਰ ਦਾ ਮਤਲਬ ਸਮਝ ਗਿਆ ।
  ਹੁਣ ਘਰੇਲੂ ਨੌਕਰ ਪਹਿਲਾਂ ਵਰਗੇ ਨਹੀਂ ਸਨ ਰਹੇ । ਪਿਛਲੇ ਇਕ ਸਾਲ ਵਿਚ ਮਾਇਆ ਨਗਰ ਵਿਚ ਲਗਾਤਾਰ ਕਈ ਘਟਨਾਵਾਂ ਘਟੀਆਂ ਸਨ, ਜਿਨ੍ਹਾਂ ਵਿਚ ਘਰੇਲੂ ਨੌਕਰਾਂ ਦਾ ਹੱਥ ਸੀ । ਥਾਣੇਦਾਰ ਨੇ ਆਪਣੀ ਗੱਲ ਸਮਝਾਉਣ ਲਈ ਇਕ ਤਾਜ਼ੀ ਉਦਾਹਰਣ
  ਦਿੱਤੀ ।
  ਪਿਛਲੇ ਹਫ਼ਤੇ ਇਕ ਬੈਂਕ ਮੈਨੇਜਰ ਦੇ ਨੌਕਰ ਨੇ ਰਾਤ ਦੇ ਖਾਣੇ ਵਿੱਚ ਬੇਹੋਸ਼ੀ ਵਾਲੀ ਦਵਾਈ ਮਿਲਾ ਦਿੱਤੀ । ਜਦੋਂ ਸਾਰਾ ਟੱਬਰ ਗੂੜ੍ਹੀ ਨੀਂਦ ਸੌਂ ਗਿਆ, ਨੌਕਰ ਨੇ ਕੋਠੀ ਦਾ ਗੇਟ ਸਾਥੀਆਂ ਲਈ ਖੋਲ੍ਹ ਦਿੱਤਾ । ਬੜੇ ਅਰਾਮ ਨਾਲ ਉਨ੍ਹਾਂ ਨੇ ਘਰ ਦਾ ਨਿੱਕ-ਸੁੱਕ ਚੁਕਿਆ ਅਤੇ ਫਰਾਰ ਹੋ ਗਏ । ਅੱਜ ਤੱਕ ਨਾ ਨੌਕਰ ਦੀ ਉੱਘ-ਸੁੱਘ ਮਿਲੀ ਸੀ, ਨਾ ਉਸਦੇ ਸਾਥੀਆਂ ਦੀ ।
  ਪਰ ਵੇਦ ਹੋਰਾਂ ਦਾ ਨੌਕਰ ਅਜਿਹਾ ਨਹੀਂ ਸੀ । ਸੱਤ ਸਾਲ ਦੇ ਨੂੰ ਉਸਦਾ ਚਾਚ ਉਸਨੂੰ ਪੰਜਾਬ ਲੈ ਆਇਆ ਸੀ । ਦੋ ਸਾਲ ਉਸਨੇ ਕਿਸੇ ਹੋਰ ਦੀ ਕੋਠੀ ਕੰਮ ਕੀਤਾ ।
  ਪੰਜ ਸਾਲ ਤੋਂ ਉਹ ਵੇਦ ਕੋਲ ਸੀ । ਨਾ ਕਦੇ ਉਹ ਪਿੰਡ ਜਾਂਦਾ ਸੀ, ਨਾ ਕੋਈ ਉਸਨੂੰ ਮਿਲਣ ਆਉਂਦਾ ਸੀ । ਸਾਲ ਬਾਅਦ ਉਸਦਾ ਚਾਚਾ ਆਉਂਦਾ ਸੀ । ਤਨਖ਼ਾਹ ਫੜ ਕੇ ਲੈ ਜਾਂਦਾ ਸੀ । ਵੇਦ ਨੇ ਨੌਕਰ ਨੂੰ ਪੁੱਤਰ ਵਾਂਗ ਰੱਧਖਿਆ ਹੋਇਆ ਸੀ ।
  ਰਾਮ ਨਾਥ ਉਸ 'ਤੇ ਅਜਿਹੀ ਵਾਰਦਾਤ ਦਾ ਸ਼ੱਕ ਨਹੀਂ ਸੀ ਕਰ ਸਕਦਾ ।
  ਨੌਕਰ ਦੀ ਪਰਿਵਾਰ ਨਾਲ ਨੇੜਤਾ ਥਾਣੇਦਾਰ ਦੇ ਸ਼ੱਕ ਨੂੰ ਹੋਰ ਪੱਕਾ ਕਰਨ ਲੱਗੀ ।
  ਪੈਸਾ ਧੇਲਾ ਕਿੱਥੇ ਹੈ? ਨੌਕਰ ਨੂੰ ਸਭ ਪਤਾ ਸੀ। ਹਾਲਾਤ ਬਦਲਦੇ ਦੇਰ ਨਹੀਂ ਲਗਦੀ ।
  ਬੰਦਾ ਕਦੋਂ ਭੈੜੀ ਸੁਹਬਤ ਵਿਚ ਪੈ ਜਾਵੇ ਕੁਝ ਨਹੀਂ ਆਖਿਆ ਜਾ ਸਕਦਾ । ਟੀ.ਵੀ. ਅਤੇ ਫ਼ਿਲਮਾਂ ਚੋਰੀ-ਡਾਕੇ ਅਤੇ ਬਲਾਤਕਾਰ ਹੀ ਤਾਂ ਸਿਖਾਉਂਦੀਆਂ ਹਨ । ਵਿਹਲੇ ਨੌਕਰ ਸਾਰਾ ਦਿਨ ਟੀ.ਵੀ. ਅੱਗੇ ਬੈਠੇ ਰਹਿੰਦੇ ਹਨ । ਕਦੇ ਕਿਸੇ ਫ਼ਿਲਮ ਤੋਂ ਜਲਦੀ ਅਮੀਰ
  ਬਣਨ ਦੀ ਪ੍ਰੇਰਨਾ ਮਿਲ ਗਈ ਹੋਵੇ? ਇਸ ਬਾਰੇ ਕੁਝ ਨਹੀਂ ਸੀ ਆਖਿਆ ਜਾ ਸਕਦਾ ।
  ਰਾਮੂ ਨੂੰ ਟੀ.ਵੀ. ਦਾ ਸ਼ੌਕ ਸੀ । ਥਾਣੇਦਾਰ ਦੀ ਇਹ ਗੱਲ ਸੱਚੀ ਸੀ । ਦੋ ਮਹੀਨੇ ਪਹਿਲਾਂ ਹੀ ਵੇਦ ਨੇ ਆਪਣੇ ਦਫ਼ਤਰ ਦਾ ਟੀ.ਵੀ. ਬਦਲਿਆ ਸੀ । ਦਫ਼ਤਰ ਵਾਲਾ ਟੀ.ਵੀ. ਪੁਰਾਣੇ ਮਾਡਲ ਦਾ ਸੀ । ਵੇਚਣ ਦੀ ਗੱਲ ਚੱਲੀ ਤਾਂ ਕੋਈ ਦੋ ਹਜ਼ਾਰ ਤੋਂ ਵੱਧ ਦੇਣ ਨੂੰ ਤਿਆਰ ਨਾ ਹੋਇਆ । ਮਿੱਟੀ ਦੇ ਭਾਅ ਸੁੱਟਣ ਨਾਲੋਂ ਵੇਦ ਨੇ ਟੀ.ਵੀ. ਘਰ ਲਿਆ ਕੇ ਨੌਕਰ ਦੇ ਕਮਰੇ ਵਿੱਚ ਲਗਵਾ ਦਿੱਤਾ । ਨਾਲੇ ਨੌਕਰ ਦਾ ਮਨ ਪਰਚਿਆ ਰਹੂ, ਨਾਲ ਬੱਧਚਿਆਂ ਵਿਚ ਬੈਠ ਕੇ ਟੀ.ਵੀ. ਦੇਖਣ ਦੀ ਲੱਤ ਜਾਂਦੀ ਰਹੂ ।
  "ਨੌਕਰ ਹੈ ਕਿੱਧਥੇ?" ਰਾਮੂ ਦੇ ਹੱਕ 'ਚ ਜਾਂ ਵਿਰੁੱਧ ਬੋਲਣ ਤੋਂ ਪਹਿਲਾਂ ਰਾਮ ਨਾਥ ਨੇ ਮੁਖ ਅਫ਼ਸਰ ਤੋਂ ਨੌਕਰ ਬਾਰੇ ਪੁੱਧਛਿਆ ।
  "ਉਹ ਪੁਲਿਸ ਦੀ ਨਜ਼ਰ ਹੇਠ ਹੈ । ਪਰ ਉਸਦਾ ਵਰਤਾਰਾ ਅਜੀਬ ਹੈ ।" ਮੁੱਖ ਅਫ਼ਸਰ ਰਾਮੂ ਕੋਲੋਂ ਘਟਨਾ ਸੰਬੰਧੀ ਮਿਲੇ ਵੇਰਵਿਆਂ ਬਾਰੇ ਰਾਮ ਨਾਥ ਨੂੰ ਦੱਸਣ ਲੱਗਾ ।
  ਪੁਲਿਸ ਦੇ ਪੁੱਜਣ ਤੱਕ ਉਹ ਆਪਣੇ ਕਮਰੇ ਵਿਚ ਘੂਕ ਸੁੱਤਾ ਹੋਇਆ ਸੀ । ਉਸਦਾ ਟੀ.ਵੀ. ਚੱਲ ਰਿਹਾ ਸੀ ।
  ਘਰ ਵਿਚ ਇਡੀ ਵਾਰਦਾਤ ਹੋ ਗਈ ਸੀ । ਘਰ ਦੇ ਸਾਰੇ ਮੈਂਬਰਾਂ ਦੀ ਮੁਲਜ਼ਮਾਂ ਨਾਲ ਹੱਧਥੋਪਾਈ ਹੋਈ ਸੀ । ਚੀਕ-ਚਿਹਾੜਾ ਪਿਆ ਹੋਣਾ ਹੈ । ਸਮਾਨ ਦੀ ਟੁੱਟ-ਭੱਜ ਹੋਈ ਸੀ ।
  ਬਹੁਤ ਸਾਰਾ ਸਮਾਨ ਬਾਹਰ ਗਿਆ ਸੀ । ਘਰ ਦੇ ਨੌਕਰ ਨੂੰ ਕੋਈ ਉੱਘ-ਸੁੱਘ ਨਹੀਂ ਲੱਗੀ ।
  ਪੁਲਿਸ ਦੇ ਪੁੱਛਣ ਤੇ ਉਸਨੇ ਗੱਲ ਟਾਲ ਦਿੱਤੀ ਸੀ । ਰਾਤ ਦੇਰ ਤਕ ਉਹ ਘਰ ਦਾ ਕੰਮ ਕਰਦਾ ਰਿਹਾ ਸੀ । ਟੀ.ਵੀ. ਉਪਰ ਅਮਿਤਾਬ ਬਚਨ ਦੀ ਫ਼ਿਲਮ ਆਉਣ ਲੱਗੀ ।
  ਦੇਰ ਤਕ ਉਹ ਫ਼ਿਲਮ ਦੇਖਦਾ ਰਿਹਾ । ਫ਼ਿਲਮ ਦੇਖਦੇ-ਦੇਖਦੇ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ । ਉਹ ਪੁਲਿਸ ਦੇ ਜਗਾਉਣ ਤੇ ਜਾਗਿਆ ਸੀ ।
  ਮੁੱਢਲੀ ਪੁੱਛ-ਪੜਤਾਲ 'ਤੇ ਨੌਕਰ ਨੇ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੱਤਾ । ਕਰੜੀ ਪੁੱਛ-ਪੜਤਾਲ ਦੀ ਲੋੜ ਸੀ । ਹਾਲੇ ਸਮਾਂ ਸਖ਼ਤੀ ਕਰਨ ਦਾ ਨਹੀਂ ਸੀ । ਪਰ ਖੁਲ੍ਹੀ ਛੁੱਟੀ ਵੀ ਨਹੀਂ ਸੀ ਦਿੱਤੀ ਜਾ ਸਕਦੀ । ਉਸਨੂੰ ਪੁਚਕਾਰ ਕੇ ਰੱਖਣਾ ਸੀ ਅਤੇ ਭੱਜ ਜਾਣ ਦਾ ਮੌਕਾ ਨਹੀਂ ਸੀ ਦੇਣਾ ।
  ਇਕ ਹੌਲਦਾਰ ਨੌਕਰ ਉਪਰ ਨਜ਼ਰ ਰੱਖ ਰਿਹਾ ਸੀ । ਉਸਨੂੰ ਉਸਦੀ ਬਰਾਦਰੀ ਦਾ ਕੌਣ-ਕੌਣ ਮਿਲਦਾ ਹੈ? ਮਿਲਦਾ ਹੈ ਤਾ ਕੀ ਗੱਲ ਕਰਦਾ ਹੈ? ਉਹ ਡਰਿਆ ਹੋਇਆ ਹੈ ਜਾਂ ਸਧਾਰਨ ਸਥਿਤੀ ਵਿਚ ਹੈ? ਤਫਤੀਸ਼ ਦੇ ਕਿਸੇ ਰਾਹ ਪੈਣ ਤਕ ਪੁਲਿਸ ਦੀ ਅੱਖ
  ਉਸ ਉਪਰ ਰਹਿਣੀ ਸੀ । ਪੁਲਿਸ ਨੂੰ ਰਾਮ ਨਾਥ ਦੇ ਸਹਿਯੋਗ ਦੀ ਜ਼ਰੂਰਤ ਸੀ ।
  ਰਾਮ ਨਾਥ ਨੂੰ ਨੌਕਰ ਨਾਲ ਕੋਈ ਹਮਦਰਦੀ ਨਹੀਂ ਸੀ । ਪਰ ਉਹ ਘਰ ਦੇ ਮੈਂਬਰਾਂ ਵਾਂਗ ਸੀ । ਪੱਕੇ ਸਬੂਤਾਂ ਬਿਨਾਂ ਉਸਦੇ ਕੁਟਾਪਾ ਨਾ ਚਾੜ੍ਹਿਆ ਜਾਵੇ । ਉਸਦੀ ਇਹੋ ਬੇਨਤੀ ਸੀ ।
  ਇਸ ਮਸਲੇ ਨੂੰ ਫੇਰ ਨਜਿੱਠ ਲਿਆ ਜਾਏਗਾ । ਹਾਲੇ ਸਮੱਧਸਿਆ ਇਹ ਸੀ ਕਿ ਪਰਚਾ ਕਿਸ ਦੇ ਖਿਲਾਫ ਅਤੇ ਕਿਸ ਦੇ ਬਿਆਨ 'ਤੇ ਦਰਜ ਕੀਤਾ ਜਾਵੇ?
  ਜੇ ਨੌਕਰ 'ਤੇ ਸ਼ੱਕ ਨਾ ਹੁੰਦਾ ਤਾਂ ਪਰਚਾ ਉਸਦੇ ਬਿਆਨ ਦੇ ਆਧਾਰ 'ਤੇ ਦਰਜ ਹੋ ਸਕਦਾ ਸੀ । ਉਸਨੂੰ ਚਸ਼ਮਦੀਦ ਗਵਾਹ ਬਣਾਇਆ ਜਾ ਸਕਦਾ ਸੀ ।
  ਪਰ ਥਾਣੇਦਾਰ ਇਸ ਨਾਲ ਸਹਿਮਤ ਨਹੀਂ ਸੀ । ਨੌਕਰ ਦੇ ਹੱਥ ਮੁਕੱਦਮੇ ਦੀ ਵਾਗਡੋਰ ਨਹੀਂ ਸੀ ਫੜਾਈ ਜਾ ਸਕਦੀ । ਕੀ ਪਤਾ ਹੈ ਕਾਤਲ ਕੌਣ ਨਿਕਲ ਆਵੇ? ਅਜਿਹੇ ਗਵਾਹ ਨੇ ਕੌਡੀਆਂ ਦੇ ਭਾਅ ਵਿਕ ਜਾਣਾ ਸੀ ।
  ਘੱਟੋ-ਘੱਟ ਪਰਚਾ ਕਟਾਉਣ ਵਾਲਾ ਗਵਾਹ ਘਰ ਦਾ ਹੋਣਾ ਚਾਹੀਦਾ ਹੈ ।
  ਫੇਰ ਪਰਚਾ ਕੇਵਲ ਨੇਹਾ ਦੇ ਬਿਆਨ ਦੇ ਆਧਾਰ 'ਤੇ ਦਰਜ ਹੋ ਸਕਦਾ ਸੀ । ਡਾਕਟਰ ਨੇ ਵੀ ਉਸਨੂੰ ਬਿਆਨ ਦੇਣ ਦੇ ਯੋਗ ਕਹਿ ਦਿੱਤਾ ਸੀ ।
  ਥਾਣੇਦਾਰ ਅਤੇ ਵਕੀਲ ਇਕੋ ਸਿੱਟੇ 'ਤੇ ਪੁੱਜੇ । ਨੇਹਾ ਦੇ ਬਿਆਨ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੱਤਾ ਜਾਵੇ । ਦਸਤਖ਼ਤਾਂ ਨੂੰ ਕੌਣ ਪੁੱਛਦਾ ਹੈ? ਉਸਦੇ ਦਸਤਖ਼ਤ ਰਾਮ ਨਾਥ ਝਰੀਟ ਦੇਵੇ । ਥਾਣੇਦਾਰ ਤਸਦੀਕ ਕਰ ਦੇਵੇਗਾ । ਸੱਪ ਵੀ ਮਰ ਜਾਏਗਾ ਅਤੇ ਲਾਠੀ ਵੀ ਨਹੀਂ ਟੁੱਧਟੇਗੀ । ਨੇਹਾ ਨੂੰ ਤਕਲੀਫ਼ ਦੇਣ ਦੀ ਜ਼ਰੂਰਤ ਨਹੀਂ ਪਏਗੀ । ਪਰਚਾ ਵੀ ਦਰਜ ਹੋ ਜਾਏਗਾ ।
  ਹੁਣ ਮਸਲਾ ਇਹ ਸੀ ਕਿ ਪਰਚਾ ਕਿਸ ਦੇ ਖ਼ਿਲਾਫ਼ ਦਰਜ ਕਰਵਾਇਆ ਜਾਵੇ ।
  ਮੁੱਖ ਅਫ਼ਸਰ ਦੀ ਤਫ਼ਤੀਸ਼ ਆਖਦੀ ਸੀ ਕਿ ਵਾਰਦਾਤ ਕਾਲੇ ਕੱਧਛਿਆਂ ਵਾਲੇ ਗਰੋਹ ਨੇ ਕੀਤੀ ਸੀ । ਰਾਮ ਨਾਥ ਨੂੰ ਕਿਸੇ ਹੋਰ 'ਤੇ ਸ਼ੱਕ ਹੋਵੇ ਉਸ ਬਾਰੇ ਸੋਚ-ਵਿਚਾਰ ਹੋ ਸਕਦੀ ਸੀ ।
  ਜੇ ਮਾਇਆ ਦੇਵੀ ਵੱਲੋਂ ਮੁੰਡਿਆਂ ਦੇ ਦੱਧਸੇ ਗਏ ਮਨਸੂਬਿਆਂ ਨੂੰ ਮਜ਼ਰੂਬਾਂ ਦੇ ਲੱਗੀਆਂ ਸੱਟਾਂ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਵਾਰਦਾਤ ਕਰਾਉਣ ਵਾਲੇ ਬੰਦਿਆਂ ਦੀ ਪਹਿਚਾਣ ਸਪੱਸ਼ਟ ਸੀ । ਸਾਜ਼ਸ਼ੀਆਂ ਨੇ ਅਸਲ ਮੁਲਜ਼ਮਾਂ ਦੇ ਨਾਂ ਆਪੇ ਦੱਸ ਦੇਣੇ ਸਨ ।
  ਰਾਮ ਨਾਥ ਨੇ ਦੋਹਾਂ ਪਰਿਵਾਰਾਂ ਵਿਚਕਾਰ ਚੱਲਦੇ ਝਗੜੇ ਅਤੇ ਪੰਕਜ ਹੋਰਾਂ ਵੱਲੋਂ ਮਿਲਦੀਆਂ ਧਮਕੀਆਂ ਦਾ ਵੇਰਵਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ ।
  ਥਾਣੇਦਾਰ ਨੇ ਇਨ੍ਹਾਂ ਵੇਰਵਿਆਂ ਨੂੰ ਆਪਣੀ ਡੇਅਰੀ ਵਿਚ ਨੋਟ ਤਾਂ ਕੀਤਾ, ਪਰ ਅਜਿਹੇ ਮਾਮੂਲੀ ਝਗੜਿਆਂ ਉਪਰ ਕਤਲ ਵਰਗੀ ਵਾਰਦਾਤ ਉਸ ਦੇ ਮਨ ਨਾ ਲੱਗੀ ।
  ਸ਼ੱਕ ਦੇ ਆਧਾਰ 'ਤੇ ਭਾਈ ਭਤੀਜਿਆਂ ਨੂੰ ਘੜੀਸਣਾ ਵੀ ਉਸ ਨੂੰ ਠੀਕ ਨਹੀਂ ਸੀ ਲੱਗਾ ।
  ਕੋਈ ਸਬੂਤ ਮਿਲਣ 'ਤੇ ਉਨ੍ਹਾਂ ਨੂੰ ਪਿਛੋਂ ਮੁਲਜ਼ਮ ਬਣਾਇਆ ਜਾ ਸਕਦਾ ਸੀ । ਪਰਚੇ ਵਿਚ ਨਾਂ ਦੇਣੇ ਸਿਆਣਪ ਨਹੀਂ ਸੀ ।
  ਮੁੱਖ ਅਫ਼ਸਰ ਨੇ ਇਹ ਨੇਕ ਸਲਾਹ ਕਈ ਕਾਰਨਾਂ ਕਰਕੇ ਦਿੱਤੀ ਸੀ ।
  ਪਹਿਲਾ ਕਾਰਨ ਇਹ ਸੀ ਕਿ ਹੁਣ ਤਕ ਦੀ ਤਫਤੀਸ਼ ਤੋਂ ਜਾਪਦਾ ਸੀ ਇਹ ਸਾਧਾਰਨ ਚੋਰੀ ਡਕੈਤੀ ਦੀ ਘਟਨਾ ਸੀ । ਕਿਸੇ ਰੱਜੇ-ਪੁੱਜੇ ਪਰਿਵਾਰ ਵੱਲੋਂ ਅਜਿਹੀਆਂ ਘਟੀਆ ਸਾਜ਼ਿਸ਼ਾਂ ਨਹੀਂ ਘੜੀਆਂ ਜਾਂਦੀਆਂ । ਅਮੀਰ ਅਤੇ ਪਹੁੰਚ ਵਾਲੇ ਬੰਦਿਆਂ ਦਾ ਨਾਂ ਪਰਚੇ
  ਵਿਚ ਪਾ ਕੇ ਥਾਣੇਦਾਰ ਨੇ ਭਰਿੰਡਾਂ ਦੇ ਛੱਤੇ ਵਿਚ ਹੱਥ ਪਾ ਲੈਣਾ ਸੀ । ਉਸਨੂੰ ਡੰਗਾਂ ਤੋਂ ਸਿਵਾ ਕੁਝ ਨਹੀਂ ਸੀ ਲੱਭਣਾ ।
  ਦੂਸਰਾ ਕਾਰਨ ਨਮਕ-ਹਰਾਮੀ ਹੋਣ ਦਾ ਡਰ ਸੀ । ਪੰਕਜ ਦਾ ਮੈਨੇਜਰ ਹਾਲੇ ਹੁਣ ਉਸ ਨੂੰ ਦਸ ਹਜ਼ਰ ਰੁਪਏ ਦੇ ਕੇ ਗਿਆ ਸੀ । ਮੈਨੇਜਰ ਨੂੰ ਇਸ ਆਸ਼ੋ ਲਈ ਪੰਕਜ ਦਾ ਦਿੱਲੀਉਂ ਫ਼ੋਨ ਆਇਆ ਸੀ । ਭਰਾਵਾਂ ਦੇ ਝਗੜੇ ਕਚਹਿਰੀ ਤਕ ਸੀਮਤ ਸਨ । ਨੰਹੁਆਂ
  ਨਾਲੋਂ ਮਾਸ ਅਲੱਗ ਨਹੀਂ ਹੁੰਦੇ । ਥਾਣੇਦਾਰ ਪੂਰੀ ਤਨ-ਦੇਹੀ ਨਾਲ ਤਫ਼ਤੀਸ਼ ਕਰੇ । ਦੋਸ਼ੀ ਹਰ ਹਾਲ ਵਿਚ ਫੜੇ ਜਾਣ । ਪੰਕਜ ਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਸੀ । ਜਿਹੜੀ ਪਾਰਟੀ ਵਧੀਆ ਤਫ਼ਤੀਸ਼ ਕਰਾਉਣ ਲਈ ਥਾਣੇਦਾਰ ਨੂੰ ਦਸ ਹਜ਼ਾਰ ਰੁਪਏ ਦੇ ਰਹੀ ਸੀ, ਉਹ ਖ਼ੁਦ ਕਾਤਲ ਕਿਵੇਂ ਹੋ ਸਕਦੀ ਸੀ? ਥਾਣੇਦਾਰ ਤੋਂ ਇਹ ਸੱਚ ਨਿਗਲਿਆ ਨਹੀਂ ਸੀ ਜਾ ਰਿਹਾ ।
  ਤੀਸਰਾ ਅਤੇ ਅਹਿਮ ਕਾਰਨ ਇਹ ਸੀ ਕਿ ਰਾਮ ਨਾਥ ਦੇ ਇਸ ਇਸ਼ਾਰੇ ਕਾਰਨ ਪੁਲਿਸ ਨੂੰ ਪੰਕਜ ਹੋਰਾਂ ਨੂੰ ਧਮਕਾਉਣ ਦਾ ਮੌਕਾ ਮਿਲ ਜਾਣਾ ਸੀ । ਮੁਦਈ ਧਿਰ ਤੋਂ ਥਾਣੇਦਾਰ ਨੂੰ ਕੁਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆਉਂਦਾ। ਮੁਲਜ਼ਮਾਂ ਨੇ ਪਤਾ ਨਹੀਂ ਕਦੋਂ ਫੜੇ ਜਾਣਾ ਸੀ । ਮੁੱਖ ਅਫ਼ਸਰ ਦੀ ਜੇਬ ਪੰਕਜ ਕੋਲੋਂ ਗਰਮ ਹੋਣੀ ਸੀ ।
  ਰਾਮ ਨਾਥ ਨੂੰ ਥਾਣੇਦਾਰ ਦੀ ਰਾਏ ਨਾਲ ਸਹਿਮਤ ਹੋਣਾ ਪਿਆ । ਬਿਨਾਂ ਭੈਣ ਭਨੋਈਏ ਦੀ ਸਲਾਹ ਦੇ ਇਹ ਕਦਮ ਉਸ ਲਈ ਬਦਨਾਮੀ ਦਾ ਟਿੱਕਾ ਬਣ ਸਕਦਾ ਸੀ । ਹੋਰ ਵਿਚਾਰਨ ਵਾਲਾ ਕੁਝ ਨਹੀਂ ਸੀ । ਨੇਹਾ ਦਾ ਫਰਜ਼ੀ ਬਿਆਨ ਕਲਮਬੰਦ ਕੀਤਾ ਗਿਆ ।
  ਰਾਤ ਦੇ ਦੋ ਤਿੰਨ ਵਜੇ ਉਹ ਆਪਣੇ ਕਮਰੇ ਵਿਚ ਪੜ੍ਹ ਰਹੀ ਸੀ । ਕੋਠੀ ਦੀ ਬੈੱਲ ਖੜਕੀ । ਉਸਨੇ ਆਪਣੇ ਪਾਪਾ ਨੂੰ ਜਗਾਇਆ। ਪਾਪੇ ਦੇ ਨਾਲ ਹੀ ਮੰਮੀ ਜਾਗ ਪਈ ।
  ਪਾਪਾ ਗੇਟ 'ਤੇ ਗਏ । ਦੋ ਕਮਾਂਡੋ ਵਰਦੀ ਵਾਲੇ ਬੰਦੇ ਗੇਟ ਤੇ ਖੜ੍ਹੇ ਸਨ। ਪੁਲਿਸ ਵਾਲੇ ਸਮਝ ਕੇ ਵੇਦ ਨੇ ਗੇਟ ਖੋਲ੍ਹ ਦਿੱਤਾ । ਦੋਸ਼ੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ । ਮੂੰਹਾਂ 'ਤੇ ਕਾਲੇ ਮੜਾਸੇ ਬੰਨ੍ਹੇ ਸਨ । ਅੱਖਾਂ 'ਤੇ ਕਾਲੀਆਂ ਐਨਕਾਂ ਸਨ । ਉਨ੍ਹਾਂ ਨੇ ਆਖਿਆ, ਉਹ ਪੁਲਿਸ ਵਾਲੇ ਹਨ । ਉਨ੍ਹਾਂ ਦੀ ਕੋਠੀ ਵਿਚ ਇਕ ਚੋਰ ਛੁਪਿਆ ਹੈ । ਕੋਠੀ ਦੀ ਤਲਾਸ਼ੀ ਲੈਣੀ ਹੈ । ਇਸ ਬਹਾਨੇ ਉਹ ਕੋਠੀ ਅੰਦਰ ਆ ਗਏ । ਉਨ੍ਹਾਂ ਵਰਗੇ ਤਿੰਨ ਹੋਰ ਬੰਦੇ ਉਨ੍ਹਾਂ ਦੇ ਪਿੱਛੇ-ਪਿੱਛੇ ਕੋਠੀ ਅੰਦਰ ਆ ਗਏ। ਕੁਝ ਲਾਬੀ ਵਿਚ ਆ ਗਏ ਕੁਝ ਬਾਹਰ ਖੜ੍ਹ ਗਏ । ਲਾਬੀ ਵਿਚ ਆ ਕੇ ਉਹ ਵੇਦ ਤੋਂ ਨਗਦੀ ਅਤੇ ਗਹਿਣਾ ਮੰਗਣ ਲੱਗੇ । ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗੇ । ਇਸ ਸ਼ੋਰ-ਸ਼ਰਾਬੇ ਵਿਚ ਕਮਲ ਜਾਗ ਪਿਆ । ਉਹ ਲਾਬੀ ਵਿਚ ਆ ਗਿਆ। ਮੁਲਜ਼ਮਾਂ ਨਾਲ ਹੱਧਥੋਪਾਈ ਹੋ ਗਿਆ । ਹੁਮਦਿ ਲੜਾਈ ਦੇਖ ਕੇ ਬਾਹਰਲੇ ਦੋਸ਼ੀ ਅੰਦਰ ਆ ਗਏ । ਕਿਸੇ ਦੇ ਹੱਥ ਵਿਚ ਰਾਡ ਸੀ ਅਤੇ ਕਿਸੇ ਦੇ ਛੁਰਾ । ਹੱਧਥੋਪਾਈ ਵਿਚ ਉਨ੍ਹਾਂ ਦੇ ਮੂੰਹਾਂ ਉੱਤੋਂ ਕੱਪੜੇ ਲਹਿ ਗਏ । ਸਾਹਮਣੇ ਆਉਣ 'ਤੇ ਉਹ ਉਨ੍ਹਾਂ ਨੂੰ ਪਹਿਚਾਣ ਸਕਦੀ ਹੈ । ਇਕ ਨੇ ਕਮਲ ਦੇ ਢਿੱਡ ਵਿਚ ਛੁਰਾ ਮਾਰ ਦਿੱਤਾ । ਇਕ ਨੇ ਨੀਲਮ ਦੇ ਅਤੇ ਇਕ ਨੇ ਵੇਦ ਦੇ ਸੱਟਾਂ ਮਾਰ ਦਿੱਤੀਆਂ । ਨੇਹਾ ਨੂੰ ਧੂਹ ਕੇ ਉਨ੍ਹਾਂ ਨੇ ਕਮਰੇ ਵਿਚ ਬੰਦ ਕਰ ਦਿੱਤਾ । ਜਾਂਦੇ ਹੋਏ ਉਹ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ । ਘਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ । ਪਿੱਛੋਂ ਕੀ ਹੋਇਆ, ਉਸਨੂੰ ਕੁਝ ਪਤਾ ਨਹੀਂ ਸੀ ।
  ਨੇਹਾ ਦੇ ਦਸਤਖ਼ਤ ਰਾਮ ਨਾਥ ਤੋਂ ਕਰਵਾ ਕੇ ਮੁੱਖ ਅਫ਼ਸਰ ਨੇ ਰਾਹਤ ਮਹਿਸੂਸ ਕੀਤੀ । ਬਲਾ ਟਲੀ ।
  ਪਰਚਾ ਦਰਜ ਹੁੰਦਿਆਂ ਹੀ ਇਕੱਠ ਖਿੰਡਣ ਲੱਗਾ ।
  ਦੋ ਸਿਪਾਹੀ ਕਮਲ ਦੀ ਲਾਸ਼ ਲੈ ਕੇ ਹਸਪਤਾਲ ਵੱਲ ਤੁਰ ਪਏ ।
  ਬਾਕੀ ਦੀ ਪੁਲਿਸ ਥਾਣੇ ਨੂੰ ਤੁਰ ਪਈ । ਬਹੁਤ ਲਿਖਤ-ਪੜ੍ਹਤ ਕਰਨ ਵਾਲੀ ਪਈ ਸੀ ।
  ਪੱਤਰਕਾਰ ਆਪਣੇ ਦਫ਼ਤਰਾਂ ਵੱਲ ਦੌੜੇ ।
  ਤਮਾਸ਼ਬੀਨ ਘਰਾਂ ਨੂੰ ਮੁੜ ਗਏ ।
  ਗਮਗ਼ੀਨ ਰਿਸ਼ਤੇਦਾਰਾਂ ਨੇ ਗਲੀ ਵਿਚ ਦਰੀਆਂ ਵਿਛਾ ਲਈਆਂ ।
  ਬੇਸਬਰੀ ਨਾਲ ਉਹ ਕਮਲ ਦੀ ਲਾਸ਼ ਦਾ ਇੰਤਜ਼ਾਰ ਕਰਨ ਲੱਗੇ ।
  ਕਦੋਂ ਉਹ ਵਾਪਸ ਆਏ, ਕਦੋਂ ਉਹ ਸਸਕਾਰ ਕਰਕੇ ਉਸਦੀ ਮਿੱਟੀ ਸਮੇਟਣ ।


  6
  ਸਰਦਾਰੀ ਲਾਲ ਅਤੇ ਸੰਗੀਤਾ ਤੋਂ ਇਲਾਵਾ ਮੰਗਤ ਰਾਏ ਵੀ ਕਮਲ ਦੇ ਸਸਕਾਰ ਵਿਚ ਸ਼ਾਮਲ ਹੋਣੋਂ ਰਹਿ ਗਿਆ ।
  ਉਹ ਵੇਦ ਅਤੇ ਨੀਲਮ ਦੀ ਦੇਖਭਾਲ ਲਈ ਦਯਾਨੰਦ ਹਸਪਤਾਲ ਫਸੇ ਬੈਠੇ ਸਨ ।
  ਦੋਵੇਂ ਮਰੀਜ਼ਾਂ ਦੀ ਜਾਨ ਖ਼ਤਰੇ ਵਿਚ ਸੀ । ਡਾਕਟਰ ਮਰੀਜ਼ਾਂ ਨੂੰ ਬਚਾਉਣ ਲਈ ਸਿਰਤੋੜ ਯਤਨ ਕਰ ਰਹੇ ਸਨ । ਪੈਰ-ਪੈਰ 'ਤੇ ਡਾਕਟਰਾਂ ਨੂੰ ਵਾਰਿਸਾਂ ਦੀ ਲੋੜ ਪੈ ਰਹੀ ਸੀ ।
  ਨੀਲਮ ਨਿਉਰੋ ਵਾਰਡ ਦੀ ਐਮਰਜੈਂਸੀ ਵਿਚ ਦਾਖ਼ਲ ਸੀ। ਸਰਦਾਰੀ ਲਾਲ, ਸੰਗੀਤਾ ਅਤੇ ਸੀਮਾ ਇਸ ਵਾਰਡ ਦੇ ਬਾਹਰ ਖੜ੍ਹੇ ਹਨ । ਉਹ ਨੀਲਮ ਦੇ ਡਾਕਟਰਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਸਨ ।
  ਇਹ ਵਾਰਡ ਹਸਪਤਾਲ ਦੀ ਪੰਜਵੀਂ ਮੰਜ਼ਲ ਉਪਰ ਸੀ ।
  ਵੇਦ ਹੱਡੀਆਂ ਵਾਲੇ ਵਾਰਡ ਦੀ ਐਮਰਜੈਂਸੀ ਵਿਚ ਸੀ । ਮੰਗਤ ਰਾਏ, ਉਸਦੀ ਪਤਨੀ ਸੁਜਾਤਾ ਅਤੇ ਸੰਗੀਤਾ ਦਾ ਭਰਾ ਪਵਨ ਇਸ ਵਾਰਡ ਅੱਗੇ ਖੜੋਤੇ ਸਨ ।
  ਇਹ ਵਾਰਡ ਹਸਪਤਾਲ ਦੀ ਪਹਿਲੀ ਮੰਜ਼ਿਲ ਉਪਰ ਸੀ ।
  ਡਾਕਟਰ ਦੇਵ ਦੋਹਾਂ ਵਾਰਡਾਂ ਵਿਚਕਾਰ ਚੱਕਰ ਲਾ ਰਿਹਾ ਸੀ । ਹਸਪਤਾਲ ਦੇ ਡਾਕਟਰ ਵਾਰਿਸਾਂ ਦੇ ਕੁਝ ਪੱਲੇ ਨਹੀਂ ਸਨ ਪਾ ਰਹੇ। ਐਮਰਜੈਂਸੀ ਵਿਚ ਜਾਣ ਦੀ ਡਾਕਟਰ ਨੂੰ ਵੀ ਇਜਾਜ਼ਤ ਨਹੀਂ ਸੀ । ਪਰ ਉਹ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਮਰੀਜ਼ਾਂ ਦੀ ਹਾਲਤ ਦਾ ਅੰਦਾਜ਼ਾ ਲਾ ਰਿਹਾ ਸੀ ।
  ਜਿਉਂ ਹੀ ਉਸਨੂੰ ਕੁਝ ਪਤਾ ਲਗਦਾ ਉਹ ਝੱਟ ਬਾਹਰ ਆ ਕੇ ਵਾਰਿਸਾਂ ਨੂੰ ਮਰੀਜ਼ਾਂ ਦੀ ਤਾਜ਼ਾ ਸਥਿਤੀ ਬਾਰੇ ਦੱਸਦਾ। ਨੀਲਮ ਦੇ ਦਿਮਾਗ਼ ਦੀ ਸੱਟ ਖ਼ਤਰਨਾਕ ਸੀ । ਉਸਦੇ ਦਿਮਾਗ਼ ਵਿਚ ਕੁਝ ਥਾਈਂ ਖ਼ੂਨ ਜੰਮ ਗਿਆ ਸੀ । ਉਹ 'ਕੋਮਾ' ਵਿਚ ਸੀ । ਦਿਮਾਗ਼ ਸਰੀਰ ਦੇ ਕਿਸੇ ਵੀ ਅੰਗ ਨੂੰ ਕੰਟਰੋਲ ਨਹੀਂ ਸੀ ਕਰ ਰਿਹਾ । ਬਲੱਡ-ਪ੍ਰੈਸ਼ਰ ਪ੍ਰੇਸ਼ਾਨ ਕਰ ਰਿਹਾ ਸੀ । ਕਦੇ ਚੜ੍ਹ ਜਾਂਦਾ ਸੀ ਅਤੇ ਕਦੇ ਗਿਰ ਜਾਂਦਾ ਸੀ । ਨਬਜ਼ ਧੀਮੀ ਚੱਲ ਰਹੀ ਸੀ ।
  ਦਿਲ ਦੀ ਹਾਲਤ ਵੀ ਸਥਿਰ ਨਹੀਂ ਸੀ । ਦਿਮਾਗ਼ ਦਾ ਫੌਰੀ ਅਪਰੇਸ਼ਨ ਹੋਣਾ ਚਾਹੀਦਾ ਸੀ । ਪਰ ਡਾਕਟਰ ਹਾਲੇ ਇਹ ਫੈਸਲਾ ਨਹੀਂ ਸੀ ਕਰ ਪਾ ਰਹੇ ਕਿ ਮਰੀਜ਼ ਅਪਰੇਸ਼ਨ ਕਰਾਉਣ ਦੇ ਯੋਗ ਸੀ ਜਾਂ ਨਹੀਂ । ਉਨ੍ਹਾਂ ਨੇ ਖ਼ੂਨ, ਸ਼ੂਗਰ, ਦਿਲ, ਗੁਰਦੇ ਅਤੇ ਪਿੱਤੇ ਦੇ ਟੈਸਟ ਲਏ ਸਨ। ਰਿਪੋਰਟਾਂ ਆਉਣ ਬਾਅਦ ਅੰਤਮ ਫੈਸਲਾ ਹੋਣਾ ਸੀ। ਕੁਲ ਮਿਲਾ ਕੇ ਸਥਿਤੀ ਚਿੰਤਾਜਨਕ ਸੀ ।
  ਵੇਦ ਦੀ ਹਾਲਤ ਨੀਲਮ ਨਾਲ ਮਿਲਦੀ-ਜੁਲਦੀ ਸੀ । ਉਸ ਦੀਆਂ ਲੱਤਾਂ ਅਤੇ ਬਾਹਾਂ ਦਾ ਉਹੋ ਹਾਲ ਸੀ ਜੋ ਨੀਲਮ ਦੇ ਦਿਮਾਗ਼ ਦਾ। ਜਬਾੜੇ ਦੀ ਟੁੱਟੀ ਹੱਡੀ ਸਭ ਤੋਂ ਵੱਧ ਸਮੱਧਸਿਆ ਖੜ੍ਹੀ ਕਰ ਰਹੀ ਸੀ । ਨਾ ਇਥੇ ਪਲੇਟ ਪੈਣੀ ਸੀ, ਨਾ ਪਲੱਸਤਰ ਹੋਣਾ ਸੀ ।
  ਨੱਕ ਅਤੇ ਮੂੰਹ ਰਾਹੀਂ ਤਾਰਾਂ ਪਾ ਕੇ ਹੱਡੀਆਂ ਨੂੰ ਕੱਧਸਿਆ ਜਾਣਾ ਸੀ । ਤਾਰਾਂ ਦਾ ਕਸਾ ਬਹੁਤ ਦਰਦਨਾਕ ਸੀ । ਜਿੰਨਾ ਚਿਰ ਤਾਰਾਂ ਨੇ ਰਹਿਣਾ ਸੀ ਓਨਾ ਚਿਰ ਉਸਨੂੰ ਬੇਹੋਸ਼ ਰੱਖਿਆ ਜਾਣਾ ਸੀ । ਸੱਟਾਂ ਦੇ ਦਰਦ ਕਾਰਨ ਅਤੇ ਇਲਾਜ ਵਿਚ ਹੋਈ ਦੇਰੀ ਕਾਰਨ ਮਰੀਜ਼ ਦੇ ਦਿਲ 'ਤੇ ਅਸਰ ਹੋਇਆ ਸੀ । ਦਿਲ ਦੀ ਧੜਕਣ ਤੇਜ਼ੀ ਨਾਲ ਵੱਧ ਘੱਟ ਰਹੀ ਸੀ । ਬਲੱਡਪ੍ਰੈਸ਼ਰ ਵਧ ਗਿਆ ਸੀ ਅਤੇ ਸ਼ੂਗਰ ਘਟ ਗਈ ਸੀ । ਲੱਤਾਂ ਦੀਆਂ ਹੱਡੀਆਂ ਦੇ ਇੰਨੇ ਟੁਕੜੇ ਹੋ ਗਏ ਸਨ ਕਿ ਉਨ੍ਹਾਂ ਨੂੰ ਜੋੜਨ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਸੀ । ਮਰੀਜ਼ ਦੀ ਜਾਨ ਬਚਾਉਣ ਲਈ ਕਿਸੇ ਟੰਗ ਦੇ ਕੱਟੇ ਜਾਣ ਤਕ ਦੀ ਨੌਬਤ ਆ ਸਕਦੀ ਸੀ । ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ ।
  ਵਾਰਿਸਾਂ ਲਈ ਮਰੀਜ਼ਾਂ ਦੀ ਹਾਲਤ ਦੇ ਨਾਲ-ਨਾਲ ਅਪਰੇਸ਼ਨਾਂ ਉਪਰ ਹੋਣ ਵਾਲਾ ਖਰਚਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ।
  ਦੋਹਾਂ ਮਰੀਜ਼ਾਂ ਨੂੰ ਸਰਦਾਰੀ ਲਾਲ ਨੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ।
  ਇਕ ਮਰੀਜ਼ ਦੀ ਦਾਖ਼ਲਾ ਫ਼ੀਸ ਪੰਜ ਹਜ਼ਾਰ ਰੁਪਏ ਸੀ । ਦੋਹਾਂ ਉੱਪਰ ਦਸ ਹਜ਼ਾਰ ਲਗ ਗਿਆ ਸੀ । ਸਰਦਾਰੀ ਲਾਲ ਘਰੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਆਇਆ ਸੀ । ਬਾਕੀ ਬਚਦੇ ਚਾਲੀ ਹਜ਼ਾਰ ਨੀਲਮ ਦੀਆਂ ਦਵਾਈਆਂ, ਔਜ਼ਾਰਾਂ ਅਤੇ ਟੈਸਟਾਂ ਦੇ ਬਿੱਲਾਂ ਨੇ ਨਿਗਲ ਲਿਆ ਸੀ । ਉਸ ਕੋਲ ਮਸਾਂ ਦੋ-ਤਿੰਨ ਹਜ਼ਾਰ ਬਚਦਾ ਸੀ ।
  ਮੰਗਤ ਰਾਏ ਨੇ ਵੀਹ ਹਜ਼ਾਰ ਰੁਪਏ ਰਾਮ ਨਾਥ ਦੇ ਖਾਤੇ ਵਿਚੋਂ ਕਢਵਾਇਆ ਸੀ ।
  ਤੀਹ ਹਜ਼ਾਰ ਉਹ ਆਪਣੇ ਕੋਲੋਂ ਲੈ ਕੇ ਆਇਆ ਸੀ । ਤੁਰਦੇ ਸਮੇਂ ਉਸ ਨੂੰ ਨਹੀਂ ਸੀ ਪਤਾ ਕਿ ਪੈਸਾ ਇਸ ਤਰ੍ਹਾਂ ਪਾਣੀ ਵਾਂਗ ਵਹੇਗਾ । ਪਤਾ ਲੱਗ ਵੀ ਜਾਂਦਾ ਤਾਂ ਵੀ ਉਹ ਇਸ ਤੋਂ ਵੱਧ ਰਕਮ ਤਿਆਰ ਨਹੀਂ ਸੀ ਕਰ ਸਕਦਾ । ਇਧਰੋਂ ਉਧਰੋਂ ਰਕਮ ਫੜਨ 'ਤੇ ਸਮਾਂ ਲੱਗਣਾ ਸੀ ।
  ਮੰਗਤ ਰਾਏ ਪੰਦਰਾਂ ਕੁ ਹਜ਼ਾਰ ਐਮ. ਆਰ. ਆਈ., ਸਕੈਨ ਅਤੇ ਐਕਸਰੇ ਉਪਰ ਖ਼ਰਚ ਕਰ ਚੁੱਕਾ ਸੀ । ਪੰਜ ਕੁ ਹਜ਼ਾਰ ਦੀਆਂ ਦਵਾਈਆਂ ਅਤੇ ਗਰਮ ਪੱਟੀਆਂ ਆ ਚੁੱਕੀਆਂ ਸਨ। ਉਸ ਕੋਲ ਤੀਹ ਹਜ਼ਾਰ ਬਾਕੀ ਸੀ । ਇਸ ਰਕਮ ਦੀਆਂ ਪਲੇਟਾਂ ਆਉਣੀਆਂ ਸਨ । ਬਾਕੀ ਪੈਸਾ ਕਿਥੋਂ ਆਏਗਾ ? ਮੰਗਤ ਰਾਏ ਨੂੰ ਇਹ ਚਿੰਤਾ ਲੱਗੀ ਹੋਈ ਸੀ ।
  ਪੰਜ ਛੇ ਘੰਟੇ ਹਸਪਤਾਲ ਰਹਿ ਕੇ ਵਾਰਿਸਾਂ ਨੇ ਭਾਂਪ ਲਿਆ ਸੀ । ਫ਼ੀਸ ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਤੋਂ ਪਹਿਲਾਂ ਭਰਾਈ ਜਾਣੀ ਸੀ ।ਨੀਲਮ ਦੇ ਅਪਰੇਸ਼ਨ ਦੀ ਫ਼ੀਸ ਤੀਹ ਹਜ਼ਾਰ ਰੁਪਏ ਸੀ । ਵੀਹ ਹਜ਼ਾਰ ਦਵਾਈਆਂ ਅਤੇ ਟੀਕਿਆਂ 'ਤੇ ਲੱਗਣਾ ਸੀ ।
  ਵੇਦ ਦੇ ਅਪਰੇਸ਼ਨ ਦੀ ਫ਼ੀਸ ਵੀਹ ਹਜ਼ਾਰ ਰੁਪਏ ਸੀ । ਉਸ ਦੀਆਂ ਟੰਗਾਂ, ਬਾਹਾਂ ਵਿਚ ਚਾਰ ਪਲੇਟਾਂ ਪੈਣੀਆਂ ਸਨ । ਦੇਸੀ ਪਲੇਟਾਂ ਦੀ ਕੀਮਤ ਦਸ ਹਜ਼ਾਰ ਫੀ ਪਲੇਟ ਸੀ ।
  ਕੋਈ ਵਿਦੇਸ਼ੀ ਪਲੇਟ ਪਵਾਉਣੀ ਪਈ ਤਾਂ ਕੀਮਤ ਡੇਢੀ ਤੋਂ ਦੁਗਣੀ ਹੋ ਜਾਣੀ ਸੀ ।
  ਕੁੱਲ ਮਿਲਾ ਕੇ ਇਕ ਲੱਖ ਰੁਪਏ ਦੀ ਜ਼ਰੂਰਤ ਸੀ । ਇਧਰ ਵਾਰਿਸ ਰੁਪਏ ਇਕੱਠੇ ਕਰਨ ਦੀਆਂ ਯੋਜਨਾਵਾਂ ਸੋਚਣ ਲ ਗੇ । ਉਧਰ ਡਾਕਟਰ ਰਿਪੋਰਟਾਂ ਘੋਖਣ ਲੱਗੇ ।
  ਡਾਕਟਰਾਂ ਨੂੰ ਖੁਸ਼ੀ ਹੋਈ । ਛੇ ਘੰਟੇ ਦੀ ਸਖ਼ਤ ਮਿਹਨਤ ਬਾਅਦ ਉਹ ਮਰੀਜ਼ਾਂ ਦੇ ਸ਼ੂਗਰ ਅਤੇ ਬਲੱਡ-ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ ਸਨ ।
  ਡਾਕਟਰਾਂ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਮਰੀਜ਼ਾਂ ਦੇ ਵਾਰਿਸਾਂ ਨੂੰ ਲਾਊਡ ਸਪੀਕਰ ਤੇ ਅਵਾਜ਼ਾਂ ਪੈਣ ਲੱਗੀਆਂ । ਵਾਰਿਸ ਕਾਊਂਟਰ ਤੇ ਆ ਕੇ ਫ਼ੀਸ ਜਮ੍ਹਾਂ ਕਰਾਉਣ ਅਤੇ ਕਾਗ਼ਜ਼ਾਂ ਪੱਤਰਾਂ ਉਪਰ ਦਸਤਖ਼ਤ ਕਰਨ ।
  ਕਾਊਂਟਰ ਉੱਪਰ ਜਾਣ ਦੀ ਥਾਂ ਸਾਰੇ ਰਿਸ਼ਤੇਦਾਰ ਇਕ ਥਾਂ ਇਕੱਠੇ ਹੋ ਗਏ ।
  ਸਰਦਾਰੀ ਲਾਲ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ । ਉਹ ਜੋ ਰਕਮ ਲੈ ਕੇ ਆਇਆ ਸੀ ਉਹ ਖ਼ਰਚ ਹੋ ਚੁੱਕੀ ਸੀ । ਸਬੂਤ ਵਜੋਂ ਉਸ ਨੇ ਸੰਭਾਲ ਕੇ ਰੱਖੀਆਂ ਰਸੀਦਾਂ ਮੰਗਤ ਨੂੰ ਫੜਾ ਦਿੱਤੀਆਂ । ਮਾਇਆ ਨਗਰ ਵਿਚ ਉਸਦੀ ਕੋਈ ਜਾਣ-ਪਹਿਚਾਣ ਨਹੀਂ ਸੀ ।
  ਉਹ ਬੈਂਕ ਖੁਲ੍ਹਣ ਤੋਂ ਬਾਅਦ ਇੰਨੀ ਕੁ ਰਕਮ ਪਿੰਡੋਂ ਮੰਗਵਾ ਸਕਦਾ ਸੀ । ਹੋਰ ਲੋੜ ਪਈ ਤਾਂ ਉਸ ਨੂੰ ਕਿਧਰੋਂ ਉਧਾਰ ਮੰਗਣਾ ਪੈਣਾ ਸੀ ।
  ਮੰਗਤ ਰਾਏ ਨੇ ਵੀ ਆਪਣੀ ਜੇਬ ਵਿਚਲਾ ਤੀਹ ਹਜ਼ਾਰ ਰਿਸ਼ਤੇਦਾਰਾਂ ਅੱਗੇ ਰੱਖ ਦਿੱਤਾ । ਇਸ ਸਮੇਂ ਹੋਰ ਪੈਸੇ ਕਿਧਰੋਂ ਲੈ ਆਉਣ ਦਾ ਉਸ ਕੋਲ ਵੀ ਕੋਈ ਸਾਧਨ ਨਹੀਂ ਸੀ ।
  ਬਾਕੀ ਦੀ ਰਕਮ ਦਾ ਪ੍ਰਬੰਧ ਰਾਮ ਨਾਥ ਦੇ ਮਸ਼ਵਰੇ ਨਾਲ ਹੋ ਸਕਦਾ ਸੀ ।
  ਮਜਬੂਰੀ-ਵਸ ਉਹ ਰਾਮ ਨਾਥ ਦਾ ਇੰਤਜ਼ਾਰ ਕਰਨ ਲੱਗੇ ।
  .........ਚਲਦਾ......