ਗਿੰਨੀ ਸਿਮਤ੍ਰੀ ਗ੍ਰੰਥ-ਸੰਖੇਪ ਜਾਣ ਪਹਿਚਾਣ (ਪੁਸਤਕ ਪੜਚੋਲ )

ਨੀਲਮ ਸੈਣੀ    

Email: neelamabhi@yahoo.com
Phone: +1 510 502 0551
Address:
Bay Area California United States
ਨੀਲਮ ਸੈਣੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਅੱਜ ਵੀ ਪੂਰੀ ਤਰ੍ਹਾਂ ਯਾਦ ਹੈ, 1998 ਵਿਚ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆਂ ਵਲੋਂ ਸਟੇਟ ਯੁੂਨੀਵਰਸਿਟੀ ਸੈਨਹੋਜ਼ੇ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਕਰਵਾਏ ਜਾ ਰਹੇ ਕਵੀ ਦਰਬਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੁਰਜੀਤ ਕੌਰ, ਸੁਰਜੀਤ ਸਖ਼ੀ ਅਤੇ ਮੈਂ ਤੀਜੀ ਕਤਾਰ ਵਿਚ ਬੈਠੀਆਂ ਸਾਂ ਤਾਂ ਕਿਸੇ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ।  ਮੈਂ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦੇ ਉਸ ਵਲ ਤੱਕਿਆ।  ਉਹ ਹੱਥ ਜੋੜੀ ਖੜ੍ਹਾ ਬੋਲਿਆ, “ ਮੈਂ ਆਪਣੀ ਬੇਟੀ ਗਿੰਨੀ ਦੀ ਯਾਦ ਵਿਚ ਕੁੱਝ ਛਾਪਣਾ ਚਾਹੁੰਦਾ ਹਾਂ, ਤੁਸੀਂ ਸਾਰੇ ਹੀ ਮੈਨੂੰ ਕੁੱਝ ਨਾ ਕੁੱਝ ਲਿਖ ਕੇ ਦਿਓ। ” ਉਸਦੇ ਦਰਦ ਭਿੱਜੇ ਬੋਲਾਂ ਵਿਚ ਇਕ ਤੜਫ਼ ਸੀ। ਉਸਦਾ ਮੁਰਝਾਇਆ ਹੋਇਆ ਚਿਹਰਾ ਘੋਰ ਉਦਾਸੀ ਦੇ ਆਲਮ ਵਿਚ ਡੁੱਬਾ ਹੋਇਆ ਤੱਕ ਮੈਂ ਅਵਾਕ ਰਹਿ ਗਈ ਸੀ ਕਿਓੁਂਕਿ ਮੈਂ ਉਸ ਬਾਰੇ ਕੁਝ ਵੀ ਨਹੀਂ ਸੀ ਜਾਣਦੀ।  ਸੁਰਜੀਤ ਅਤੇ ਸੁਰਜੀਤ ਸਖੀ ਨੇ ਕੁਝ ਲਿਖਣ ਦੀ ਹਾਮੀ ਭਰੀ ਤਾਂ ਉਹ ਮੈਨੂੰ ਸੰਬੋਧਿਤ ਹੋਇਆ, “ ਤੁਸੀਂ ਵੀ ਜ਼ਰੂਰ ਕੁਝ ਲਿਖਣਾ।” “ ਨੀਲਮ ਜ਼ਰੂਰ ਕੁਝ ਲਿਖੇਗੀ, ਪਰਵਾਨਾ ਜੀ!” ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਸੁਰਜੀਤ ਨੇ ਜਵਾਬ ਦੇ ਦਿੱਤਾ ਸੀ। ਸਮਾਗਮ ਸ਼ੁਰੂ ਹੋ ਗਿਆ।  ਬਾਅਦ ਵਿਚ ਸੁਰਜੀਤ ਨੇ ਮੈਨੂੰ ਪਰਵਾਨਾ ਜੀ ਦੀ ਬਾਰਾਂ ਸਾਲ ਦੀ ਬੇਟੀ ਦੀ 29 ਮਈ 1997  ਨੂੰ ਕਾਰ ਹਾਦਸੇ ਵਿਚ ਹੋਈ ਬੇਵਕਤ ਅਤੇ ਦਰਦਨਾਕ ਮੌਤ ਬਾਰੇ ਦੱਸਿਆ।  ਘਰ ਵਾਪਸ ਆਉਣ ਤੱਕ ਮੇਰੀਆਂ ਅੱਖਾਂ ਸਾਹਮਣੇ ਪਰਵਾਨਾ ਜੀ ਦਾਸੋਗ ਗੱ੍ਰਸਥ ਚਿਹਰਾ ਘੁੰਮਦਾ ਰਿਹਾ ਅਤੇ ਮੇਰੀ ਕਲਮ ਗਿੰਨੀ ਦਾ ਰੂਪ ਧਾਰ ਕੁਰਲਾ ਉੱਠੀ:
ਤੱਕ ਕੇ ਤੇਰੇ ਹੰਝੂ ਬਾਬਲ , ਮੇਰੀ ਰੂਹ ਅੰਬਰਾਂ ਵਿਚ ਰੋਵੇ।
ਬਾਪ ਦੇ ਜੇਕਰ ਕੰਡਾ ਚੁੱਭੇ, ਦੁੱਖ ਇਹ ਧੀ ਨੂੰ ਹੋਵੇ।
ਮੈਂ ਕਵਿਤਾ ਪਰਵਾਨਾ ਜੀ ਨੂੰ ਭੇਜ ਦਿੱਤੀ। ਆਪਣੀ ਅਣਥੱਕ ਮਿਹਨਤ ਤੋਂ ਬਾਅਦ ਉਨ੍ਹਾਂ 2004 ਵਿਚ ਗਿੰਨੀ ਦੀ ਯਾਦ ਵਿਚ ਇਕ ਪੁਸਤਕ ਸੰਪਾਦਿਤ ਕਰ ਉਸ ਨੂੰ ‘ ਗਿੰਨੀ ਸਿਮਤ੍ਰੀ ਗ੍ਰੰਥ’ ਦਾ ਨਾਂ ਦਿੱਤਾ ਅਤੇ ਉਨ੍ਹਾਂ ਬੱਚਿਆਂ ਨੂੰ ਸਮਰਪਣ ਕੀਤੀ ਜੋ ਜੀਵਨ ਦੀ ਰਾਹ ਤੇ ਖ਼ੁਸ਼ੀ-ਖ਼ੁਸ਼ੀ ਮਿਲਜੁਲ ਕੇ ਚੱਲਣ ਲਈ ਵਚਨਬੱਧ ਹੋਣ।ਇਸ ਪੁਸਤਕ ਵਿਚ ਪਰਵਾਨਾ ਜੀ ਨੇ ਗਿੰਨੀ ਦੀ ਹੱਥ ਲਿਖਤ , ਯਾਦਗਾਰੀ ਤਸਵੀਰਾਂ, ਗਿੰਨੀ ਦੇ ਸਹਿਪਾਠੀਆਂ ਅਤੇ ਸਹੇਲੀਆਂ ਦੀਆਂ ਦਰਦ ਭਰੀਆਂ, ਗਿੰਨੀ ਦੀ ਛੋਟੀ ਉਮਰੇ ਵੱਡੀ ਸ਼ਖ਼ਸੀਅਤ ਦਿਖਾਉਂਦੀਆਂ ਚਿੱਠੀਆਂ ਤੋਂ ਇਲਾਵਾ 40 ਦੇ ਕਰੀਬ ਸਾਹਿਤਕਾਰਾਂ ਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ ਕਿ ਹਰ ਸਾਹਿਤਕਾਰ ਨੇ ਪਰਵਾਨਾ ਜੀ ਦੇ ਇਸ ਦੁੱਖ਼ ਨੂੰ ਆਪਣਾ ਦੁੱਖ਼ ਸਮਝ ਕੇ ਮਹਿਸੂਸ ਕਰਨ ਅਤੇ ਬਿਆਨਣ ਵਿਚ ਕੋਈ ਕਸਰ ਨਹੀਂ ਛੱਡੀ।  ਇਸਦੇ ਨਾਲ ਹੀ  ਮੈਂ ਇਸ ਪੁਸਤਕ ਨੁੂੰ ਪੜ੍ਹਦੇ ਪੜ੍ਹਦੇ ਮੌਤ ਜਿਹੀ ਸਚਾਈ ਨੂੰ ਬਹੁਤ ਨੇੜੇ ਹੋ ਕੇ ਮਹਿਸੂਸ ਕੀਤੀ ਜਾ ਸਕਦੀ ਹੈ।ਮੋਹਨ ਦੀਵਾਨਾ ਜੀ ਨੇ ਇਸ ਦਰਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ;

ਮੇਰੀਏ ਨੀ ਬੱਚੀਏ, ਦਿਲਾਂ ਦੀਏ ਸੱਚੀਏ,
ਟੁਰ ਗਈਓਂ ਕਿਹੜੇ ਪ੍ਰਦੇਸ,
ਬਾਪੂ ਤੇਰਾ ਵਾਜਾਂ ਮਾਰਦਾ
ਪੂਰੀ ਹੋਈ ਤੇਰੀ ਅਜੇ ਨਾ ਵਰੇਸ।
ਸ਼ਿਰੋਮਣੀ ਕਵੀ ਆਜ਼ਾਦ ਜਲੰਧਰੀ ਜੀ ਵਲੋਂ ਮੌਤ ਬਾਰੇ ਲਿਖੀ ਪੈਂਤੀ ਅੱਖਰੀ, ਮੌਤ ਦਾ ਅਰਥਾਂ ਨੂੰ ਵਿਸਥਾਰ ਵਿਚ ਵਰਣਨ ਕਰਦੇ ਹੋਏ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਵੀ ਦਿੰਦੀ ਹੈ;
ੳ-ਉੱਠ ਮੁਸਾਫ਼ਿਰਾ, ਮੰਜ਼ਿਲ ਤੇਰੀ ਦੂਰ।
ਤੂੰ ਸੁੱਤਾ ਏਂ ਗਾਫ਼ਿਲਾ, ਲੱਦ ਗਏ ਕਈ ਪੂਰ।
ਤਾਰਾ ਸਾਗਰ ਜੀ ਨੇ ‘  ਕੂੰਜ ਉਡਾਰੀ’ ਮਾਰ ਗਈ ਸਿਰਲੇਖ ਹੇਠ ਗਿੰਨੀ ਦੀ ਖੇਡਣ ਵਾਲੀ ਰੁੱਤੇ ਦੁਨੀਆਂ ਛੱਡ ਕੇ ਤੁਰ ਜਾਣ ਦੇ ਦੁੱਖ਼ ਵਿਚ ਇਸ ਤਰ੍ਹਾਂ ਵਿਰਲਾਪ ਕੀਤਾ ਹੈ;
ਮਾਂ ਆਖੇ ਸੁਣ ਨੀ ਧੀਏ, ਬਿਨ ਧੀਆਂ ਦੇਵੇ ਕੌਣ ਦਿਲਾਸਾ।
ਹੰਝੂ ਸਾਡੇ ਪੱਲੇ ਪਾ ਗਈ, ਖੋਹ ਕੇ ਲੈ ਗਈ ਸਾਡਾ ਹਾਸਾ।
ਭੁੱਬਾਂ ਮਾਰ ਕੇ ਸਾਗਰ ਰੋਇਆ, ਰੋਏ ਜੰਡ ਕਰੀਰ ਕੁੜੇ।
ਦੋਸ਼ ਕਿਸੇ ਨੂੰ ਕੀ ਦੇਈਏ, ਲਿਖਿਆ ਵਿਚ ਤਕਦੀਰ ਕੁੜੇ।
ਇਸ ਤੋਂ ਇਲਾਵਾ ਮਰਹੂਮ ਗਿਆਨੀ ਜੰਗ ਸਿੰਘ ਜੀ , ਮਰਹੂਮ ਮਾਸਟਰ ਕਰਨੈਲ ਸਿੰਘ ਜੀ. ਮਨਜੀਤ ਕੌਰ ਸੇਖੋਂ, ਡਾ. ਗੁਰੂਮੇਲ ਸਿੱਧੂ, ਅਮਰਜੀਤ ਕੌਰ ਪੰਨੂ, ਪ੍ਰੋ. ਹਰਭਜਨ ਸਿੰਘ, ਹਰਜਿੰਦਰ ਕੰਗ, ਸੁਰਜੀਤ ਸਖੀ, ਸੁਰਜੀਤ ਕੌਰ, ਸ. ਈਸ਼ਰ ਸਿੰਘ ਮੋਮਨ, ਤੇਜਿੰਦਰ ਸਿੰਘ ਥਿੰਦ, ਡਾ. ਵੇਦ ਪ੍ਰਕਾਸ਼ ਵਟੁਕ, ਗੁਰਚਰਨ ਸਿੰਘ ਜ਼ਖ਼ਮੀ, ਅਸਰਫ਼ ਗਿੱਲ, ਹਰਬੰਸ ਸਿੰਘ ਜਗਿਆਸੂ, ਮਹਿੰਦਰ ਸਿੰਘ ਘੱਗ, ਕਮਲ ਬੰਗਾ, ਤੇਜਿੰਦਰ ਥਿੰਦ, ਇਕਬਾਲ ਸਿੰਘ ਮੰਜਪੁਰੀ, ਕਮਲ ਦਲਜੀਤ ਸਿੰਘ,  ਨਰਿੰਦਰ ਕੌਰ ਸਿਆਟਲ, ਪ੍ਰੀਤਮ ਚਾਵਲਾ, ਸਿਆਟਲ, ਪ੍ਰੋ. ਸੁਰਜੀਤ ਸਿੰਘ ਨਨੂਆ, ਜੱਸ ਫ਼ਿਜ਼ਾ, ਹਿੰਮਤ ਸਿੰਘ ਹਿੰਮਤ, ਹਰਭਜਨ ਸਿੰਘ ਢਿੱਲੋਂ, ਪ੍ਰੋ. ਗੁਰਬਖ਼ਸ਼ ਸਿੰਘ ਸੱਚਦੇਵ ਆਦਿ ਸਾਹਿਤਕਾਰਾਂ ਨੇ ਇਸ ਦਰਦ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ।
ਅੱਜ ਦੇ ਯੁੱਗ ਵਿਚ ਕਦਰਾਂ ਕੀਮਤਾਂ ਖੰਭ ਲਾ ਕੇ ਉਡ ਰਹੀਆਂ ਹਨ ਪਰੰਤੂ ਇਸ ਪੁਸਤਕ ਵਿਚਲੇ ਸਾਰ ਹੀ ਸਾਹਿਤਕਾਰਾਂ ਦਾ ਨਜ਼ਰੀਆ ਮਾਨਵਵਾਦੀ ਅਤੇ ਕਦਰਾਂ ਕੀਮਤਾਂ ਦੇ ਮਾਪ-ਦੰਡ ਤੇ ਪੂਰਾ ਉਤਰਦਾ ਹੈ।
ਧੀਆਂ ਲੋਕ ਲੋੜਦੇ ਨਹੀਂ। ਭਰੂਣ ਹੱਤਿਆ ਦੇ ਇਸ ਯੁੱਗ ਵਿਚ ਪਰਵਾਨਾ ਜੀ ਨੂੰ ਆਪਣੀ ਬੇਟੀ ਦੀਆਂ ਯਾਦਾਂ ਗਲ਼ ਨਾਲ ਲਾਈ ਸਿਵੇ ਵਾਂਗ ਧੁਖਦੇ ਮੈਂ ਅੱਜ ਤੱਕ ਅੱਖੀਂ ਵੇਖਦੀ ਹਾਂ।ਇਸ ਲਈ ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪਰਮਿੰਦਰ ਸਿੰਘ ਪਰਵਾਨਾ ਵਲੋਂ ਆਪਣੀ  ਮਰਹੂਮ ਬੇਟੀ ਗਿੰਨੀ ਦੀ ਯਾਦ ਵਿਚ ਸੰਪਾਦਿਤ ਇਹ ਨਿਵੇਕਲੀ ਪੁਸਤਕ ਲਟ ਲਟ ਜਗਦੀ ਚਾਨਣ ਜੋਤ ਹੋਣ ਦੇ ਨਾਲ ਨਾਲ ਆਪਣੇ ਆਪ ਵਿਚ ਇਕ ਮਿਸਾਲ ਹੈ।ਇੱਥੇ ਮੈਂ ਇਹ ਕਹਿਣ ਤੋਂ ਸੰਕੋਚ ਨਹੀਂ ਕਰਾਂਗੀ ਕਿ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਇਸ ਸੱਚ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਇਹ ਪੁਸਤਕ ਅੱਜ ਤੱਕ ਅਣਗੌਲੀ ਰਹੀ ਹੈ।