ਇਕ ਐਸਾ ਸਾਹਿਤਕਾਰ ਚਾਹੀਦਾ (ਕਵਿਤਾ)

ਕੁਲਦੀਪ ਸਿੰਘ ਢੀਂਡਸਾ   

Email: kdhindsa_punjabisahitsabha@yahoo.com
Phone: +1 510 676 4440
Address: ਬੇ ਏਰੀਆ
ਕੈਲੇਫੋਰਨੀਆਂ United States
ਕੁਲਦੀਪ ਸਿੰਘ ਢੀਂਡਸਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਕੜ ਤੋ ਜੋ ਰਹਿਤ ਹੋਵੇ
ਰਚਦਾ ਨਿੱਗਰ ਸਾਹਿਤ ਹੋਵੇ
ਭਾਵੇਂ ਹੋਵੇ ਵੱਡਾ ਅਫਸਰ 
ਚਾਹੇ ਕੋਈ ਮਤਾਹਿਤ ਹੋਵੇ

ਤਿਆਗ ਦੀ ਜੋ ਮੂਰਤ ਹੋਵੇ 
ਚੰਗੀ ਸੀਰਤ ਸੂਰਤ ਵੀ ਹੋਵੇ
ਬਦਲਣ ਲਈ ਜ਼ਮਾਨਾ ਜਿਹੜਾ
ਅੰਦਰੋ ਅੰਦਰੀ ਪੀੜਤ ਹੋਵੇ

ਨਿਮਰਤਾ ਦਾ ਪੂੰਜ ਉਹ ਹੋਵੇ
ਮਾਨਵਤਾ ਦਾ ਕੁੰਭ ਉਹ ਹੋਵੇ
ਜਾਤ ਪਾਤ ਤੋ ਹੋਵੇ ਨਿਰਾਲਮ
ਬਗਲੇ ਵਰਗੀ ਚੂੰਜ ਨਾ ਹੋਵੇ

ਚੰਗਾ ਸਾਹਿਤ ਉਹ ਪੜ੍ਹਦਾ ਹੋਵੇ
ਮਾੜੇ ਦੀ ਹਾਮੀ ਭਰਦਾ ਹੋਵੇ
ਵਿਕਾਉ ਜਿਸਦੀ ਕਲਮ ਨਾ ਹੋਵੇ 
ਸ਼ੋਹਰਤ ਲਈ ਨਾ ਲੜਦਾ ਹੋਵੇ

ਕਿਰਤ ਸੱਚੀ ਉਹ ਕਰਦਾ ਹੋਵੇ
ਦੂਜਿਆਂ ਦੀ ਗੱਲ ਜ਼ਰਦਾ ਹੋਵੇ
ਜ਼ੁਲਮ ਵਿਰੁੱਧ ਉਹ ਖੜ੍ਹਦਾ ਹੋਵੇ
ਨਾ ਸੱਚ ਲਿਖਣ ਤੋ ਡਰਦਾ ਹੋਵੇ

ਲਿਖੇ ਸਹਿਤ ਦੀ ਵੰਨਗੀ ਕੋਈ 
ਪਰ ਅੱਖਰ ਸੋਹਣੇ ਜੜਦਾ ਹੋਵੇ
ਸਾਹਮਣੇ ਰੱਖ ਦਾਰੂ ਦੀ ਬੋਤਲ
ਮਹਿਬੂਬਾ ਨਾ ਫੜਦਾ ਹੋਵੇ

ਮਾਂ ਬੋਲੀ ਦਾ ਸਪੂਤ ਉਹ ਹੋਵੇ
ਮਾੜੀ ਕੋਈ ਕਰਤੂਤ ਨਾ ਹੋਵੇ
ਨਵੀਆਂ ਰਾਹਾਂ ਦਾ ਹੋਵੇ ਪਾਂਧੀ 
ਯਾਰਾਂ ਲਈ ਸਹਿਤੂਤ ਉਹ ਹੋਵੇ

ਗਾਲਿਬ ਦਾ ਕੋਈ ਚੇਲਾ ਹੋਵੇ 
ਸਾਹਿਤ ਚੋਰੀ ਨਾ ਕਰਦਾ ਹੋਵੇ
ਲਾ ਕੇ ਉੱਚੀਆਂ ਲੰਮੀਆਂ ਹੇਕਾਂ
ਲੈ ਆਪਣਾ ਨਾਂ ਨਾ ਪੜ੍ਹਦਾ ਹੋਵੇ

ਰਚਨਾ ਉਸ ਦੀ ਵਿਲੱਖਣ ਹੋਵੇ
ਜੀਭ ਉਹਦੀ ਸੁਲੱਖਣ ਹੋਵੇ
ਮਾਲਵੇ ਭਾਵੇ ਮਾਝੇ ਦਾ ਹੋਵੇ 
ਚਾਹੇ ਦੁਆਬੇ ਦਾ ਮੱਖਣ ਹੋਵੇ 

ਕਿਸੇ ਲਈ ਉਹ ਗੈਰ ਨਾ ਹੋਵੇ
ਨਾਲ ਕਿਸੇ ਉਹਦਾ ਵੈਰ ਨਾ ਹੇਵੇ
ਹਰ ਕੋਈ ਉਸ ਨੂੰ ਸਮਝੇ ਆਪਣਾ
ਸਭਦੀ ਮੰਗਦਾ ਖੈਰ ਉਹ ਹੋਵੇ

ਸਾਹਿਤਕਾਰਾਂ ਦਾ ਤਾਜ ਉਹ ਹੋਵੇ
ਨਸ਼ਿਆਂ ਦਾ ਮੁਹਤਾਜ ਨਾ ਹੋਵੇ
ਜਦੋ ਛੇੜੇ ਕੋਈ ਰਾਗ ਇਲਾਹੀ
ਕਾਇਨਾਤ ਕਰਦਾ ਆਬਾਦ ਉਹ ਹੋਵੇ

ਐਸਾ ਕੋਈ ਫ਼ਨਕਾਰ ਉਹ ਹੋਵੇ
ਮਾੜਾ ਉਸ ਦਾ ਕਿਰਦਾਰ ਨਾ ਹੋਵੇ
ਮਹਿਫ਼ਲ ਵਿੱਚ ਜੋ ਵੰਡੇ ਮਹਿਕਾਂ
ਐਸਾ ਕੋਈ ਸਾਹਿਤਕਾਰ ਉਹ ਹੋਵੇ