ਮੋਰਾਂ ਦਾ ਮਹਾਰਾਜਾ (ਕਹਾਣੀ)

ਬਲਰਾਜ ਸਿੱਧੂ   

Email: balrajssidhu@yahoo.co.uk
Address:
United Kingdom
ਬਲਰਾਜ ਸਿੱਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ।ਰਾਵੀ ਕੰਢੇ ਵਸੇ ਲਾਹੌਰ ਦੀ ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ ਪ੍ਰਤੀਤ ਹੁੰਦੇ ਹਨ।ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ।ਉਸਨੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ। ਹਾਂ ਅੱਖ ਦਾ ਕੋਹਜ ਉਸ ਨੂੰ ਬਹੁਤ ਪ੍ਰਭਾਵਿਤ ਅਤੇ ਪੀੜਤ ਨਿਰਸੰਦੇਅ ਕਰਦਾ ਹੈ।

ਤਿੰਨੋਂ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ ’ਤੇ ਬੈਠ ਕੇ ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ ਨਜ਼ਰ ਉਸ ਕੰਜਰੀ ’ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਦਾ ਹੈ, “ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?”
 “ਮਹਾਰਾਜ, ਇਹ ਮੋਰਾਂ ਕੰਚਨੀ ਹੈ। ਇਹਦੇ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।” ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ ਹੈ।
 ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, “ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!”
 “ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?”
 ਕਾਣੀ ਅੱਖ ਵਾਲਾ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਲਖਨਊ ਦੇ ਨਵਾਬਾਂ ਦੀ ਇਕ ਮਹਿਫਿਲ ਵਿਚ ਉਸਨੇ ਕਿਸੇ ਖੂਬਸੂਰਤ ਕਮਸਿਨ ਜਿਹੀ ਲੜਕੀ ਦੇ ਨਾਚ ਤੋਂ ਪ੍ਰਸੰਨ ਹੋ ਕੇ ਪੈਸਿਆਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਜੇ ਉਸ ਵਕਤ ਉਸ ਨੇ ਜੰਗ ਦੀ ਤਿਆਰੀ ਨਾ ਕਰਨੀ ਹੁੰਦੀ ਤਾਂ ਉਸ ਬਾਲੜੀ ਨਾਚੀ ਨੂੰ ਉਸੇ ਵਕਤ ਚੁੱਕ ਲਿਆਉਣਾ ਸੀ, “ਉਹ… ਹਾਂ… ਹਾਂ… ਚੇਤਾ ਆਇਆ… ਕੀ ਇਹ ਉਹੀ ਹੈ?”
 “ਹਾਂ ਹਜ਼ੂਰ… ਹੁਣ ਤਾਂ ਖਾਸੀ ਨਿੱਖਰ ਆਈ ਹੈ।” ਨਾਲ ਦਾ ਖੁਲ੍ਹੇ ਵਾਲਾਂ ਵਾਲਾ ਕਾਣੀ ਅੱਖ ਵਾਲੇ ਵੱਲ ਟੇਢਾ ਜਿਹਾ ਝਾਕ ਕੇ ਬੋਲਦਾ ਹੈ।
 ਕਾਣੀ ਅੱਖ ਵਾਲਾ ਘੋੜ ਸਵਾਰ ਆਪਣੇ ਲੱਕ ਨਾਲ ਬੰਨ੍ਹੀ ਸਿੱਕਿਆਂ ਦੀ ਥੈਲੀ ਖੋਲ੍ਹਦਾ ਹੈ ਤੇ ਆਪਣੇ ਉਸੇ ਸਾਥੀ ਵੱਲ ਵਗਾਹ ਕੇ ਮਾਰਦਾ ਹੈ। ਉਸ ਦਾ ਸਾਥੀ ਜਿਉਂ ਹੀ ਥੈਲੀ ਬੋਚਦਾ ਹੈ ਤਾਂ ਕਾਣੀ ਅੱਖ ਵਾਲਾ ਘੋੜ ਸਵਾਰ ਹੁਕਮ ਕਰਦਾ ਹੈ, “ਗੁਲਾਬ ਸਿੰਘ, ਚੱਕ ਲਿਆਉ, ਅੱਜ ਤੋਂ ਇਹ ਸਿਰਫ ਲਾਹੌਰ ਦਰਬਾਰ ਵਿਚ ਹੀ ਮੁਜ਼ਰਾ ਕਰੇਗੀ।”
 ਉਸਦੇ ਦੋਨੋਂ ਸਾਥੀ ਮੁਸਕੜੀਏ ਹੱਸਦੇ ਹਨ ਤੇ ਤੀਜਾ ਸੂਫੀਆਨਾ ਬਾਣੇ ਵਾਲਾ ਸਾਥੀ ਬੋਲਦਾ ਹੈ, “ਮਹਾਰਾਜ ਜਿਹੜੀ ਹਫਤਾ ਪਹਿਲਾਂ ਚੰਬੇ ਤੋਂ ਲਕਸ਼ਮੀ ਦੇਵੀ ਚੱਕ ਕੇ ਲਿਆਂਦੀ ਸੀ, ਉਸਦਾ ਕੀ ਬਣੇਗਾ?”
 “ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।” ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।
 ਫਕੀਰ ਅਜ਼ਾਜ਼-ਉੱਦ-ਦੀਨ ਟਿੱਚਰੀ ਲਹਿਜ਼ੇ ਵਿਚ ਬੋਲਦਾ ਹੈ, “ਮਹਾਰਾਜ, ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਗੇ। ਇਹ ਕੰਮ ਹੋ ਜਾਏਗਾ।ਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ।”
 “ਨਹੀਂ ਅੱਜ ਹੋਰ ਕੁਝ ਨਹੀਂ ਕਰਨਾ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲਦ ਮਹਾਂ ਸਿੰਘ ਦਾ ਹੁਕਮ ਐ। ਇਹਨੂੰ ਹੁਣੇ ਚੱਕ ਕੇ ਲਿਆਉ। ਮੈਂ ਘੋੜੇ ’ਤੇ ਆਪਣੇ ਨਾਲ ਬਿਠਾ ਕੇ ਲਿਜਾਣੀ ਹੈ। ਅੱਜ ਦੀ ਰਾਤ ਦੇ ਸਾਰੇ ਕੰਮ ਖਾਰਜ।” ਐਨਾ ਕਹਿੰਦਿਆਂ ਮਹਾਰਾਜੇ ਨੇ ਹੱਥ ਵਿਚ ਫੜੀ ਸੁਰਾਹੀ ਫੇਰ ਮੂੰਹ ਨੂੰ ਲਾ ਲਈ। ਉਸ ਵਿਚ ਸ਼ਰਾਬ ਦਾ ਇਕ ਵੀ ਤੁਬਕਾ ਨਹੀਂ ਹੈ। ਅਜਿਹਾ ਦੇਖਦਿਆਂ ਡੋਗਰੇ ਗੁਲਾਬ ਸਿੰਘ ਨੇ ਆਪਣੀ ਸੁਰਾਹੀ ਮਹਾਰਾਜੇ ਦੇ ਹਵਾਲੇ ਕਰ ਦਿੱਤੀ। ਮਹਾਰਾਜਾ ਇਕੋ ਸਾਹ ਘੁੱਟਾਂ-ਬਾਟੀ ਸ਼ਰਾਬ ਦੀ ਅੱਧੀ ਸੁਰਾਹੀ ਖਾਲੀ ਕਰ ਦਿੰਦਾ ਹੈ ਤੇ ਗੁਲਾਬ ਸਿੰਘ ਵੱਲ ਤੱਕਦਾ ਹੈ।
 “ਮਹਾਰਾਜ, ਤੁਸੀਂ ਮਹੱਲ ਚੱਲੋ, ਦਾਤਾਰ ਕੌਰ (ਰਾਣੀ ਰਾਜ ਕੌਰ ਜਿਸਦਾ ਨਾਂ ਮਹਾਰਾਜੇ ਨੇ ਬਦਲ ਦਿੱਤਾ ਸੀ ਕਿਉਂਕਿ ਰਾਜ ਕੌਰ ਉਸਦੀ ਮਾਤਾ ਦਾ ਵੀ ਨਾਮ ਸੀ) ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਇਸ ਨੂੰ ਅੱਧੀ ਰਾਤੋਂ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਰਾਹੀਂ ਲਿਆ ਕੇ ਤੁਹਾਨੂੰ ਪੇਸ਼ ਕਰਦਾ ਹਾਂ।”
 “ਹਾਂ ਇਹ ਠੀਕ ਰਹੇਗਾ। ਇਸ ਨਾਲ ਲਾਹੌਰ ਸਰਕਾਰ ਦੀ ਬਦਨਾਮੀ ਵੀ ਨਹੀਂ ਹੋਵੇਗੀ।” ਫਕੀਰ ਅਜ਼ਾਜ਼-ਉੱਦ-ਦੀਨ ਹਾਮੀ ਭਰਦਾ ਹੈ।
 ਬਨੇਰੇ ’ਤੇ ਖੜ੍ਹੀ ਮੋਰਾਂ ਦੀ ਅਚਾਨਕ ਨਜ਼ਰ ਰਣਜੀਤ ਸਿੰਘ ਨਾਲ ਮਿਲਦੀ ਹੈ ਤੇ ਉਸਦੀ ਅੱਖ ਵਿਚ ਅੱਖਾਂ ਪਾ ਕੇ ਸਿਰ ਨੂੰ ਇਕ ਪਾਸੇ ਵੱਲ ਝਟਕਾ ਮਾਰਦੀ ਹੋਈ ਉਸਨੂੰ ਉੱਪਰ ਆਉਣ ਦਾ ਇਸ਼ਾਰਾ ਕਰਦੀ ਹੈ।ਫਿਰ ਹਸਦੀ ਹੋਈ ਅੰਦਰ ਭੱਜ ਜਾਂਦੀ ਹੈ।
 “ਹਾਏ! ਮੈਂ ਮਰਜਾਂ। ਅਫਗਾਨੀ ਨੇਜੇ ਆਂਗੂ ਖੁੱਭ ਗਈ।” ਰਣਜੀਤ ਸਿੰਘ ਕਾਲਜੇ ’ਤੇ ਹੱਥ ਰੱਖ ਕੇ ਦੰਦ ਪੀਂਹਦਾ ਹੋਇਆ ਬੋਲਦਾ ਹੈ।
 ਉਥੋਂ ਉਹ ਚੱਲਣ ਹੀ ਲੱਗਦੇ ਹਨ ਕਿ ਗੌਸ ਖਾਨ ਆ ਜਾਂਦਾ ਹੈ, “ਸਿੰਘ ਸਾਹਿਬ, ਮੈਂ ਦਾਣਾ ਮੰਡੀਓ ਆ ਰਿਹਾ ਹਾਂ। ਵਪਾਰੀਆਂ ਨੇ ਅਨਾਜ਼ ਦੀ ਕਿੱਲਤ ਹੋਣ ਦੀ ਵਜ੍ਹਾ ਕਾਰਨ ਦਾਮ ਕਾਫੀ ਵਧਾ ਦਿੱਤੇ ਹਨ। ਸਾਰੀ ਪਰਜਾ ਮਹਿੰਗਿਆਈ ਕਾਰਨ ਕੁਰਲਾ ਰਹੀ ਹੈ।”
 “ਠੀਕ ਹੈ, ਕੱਲ੍ਹ ਤੋਂ ਸ਼ਾਹੀ ਅਨਾਜ਼ ਦੇ ਭੰਡਾਰਿਆਂ ਦੇ ਮੂੰਹ ਖੋਲ੍ਹ ਕੇ ਸਾਰਾ ਅਨਾਜ਼ ਗਰੀਬਾਂ ਵਿਚ ਤਕਸੀਮ ਕਰ ਦੇਵੋ। ਵਪਾਰੀਆਂ ਦੀ ਅਕਲ ਆਪੇ ਟਿਕਾਣੇ ਆ ਜਾਵੇਗੀ।” ਮਹਾਰਾਜਾ ਰਣਜੀਤ ਸਿੰਘ ਮੌਕੇ ’ਤੇ ਆਪਣਾ ਫੈਸਲਾ ਸੁਣਾ ਦਿੰਦਾ ਹੈ।
 ਚਾਰੋ ਘੋੜਸਵਾਰ ਹਨੇਰੇ ਨੂੰ ਚੀਰਦੇ ਹੋਏ ਸ਼ਾਹੀ ਕਿਲ੍ਹੇ ਵੱਲ ਰਵਾਨਾ ਹੋ ਜਾਂਦੇ ਹਨ।…
 ਰਾਤ ਜਿਉਂ ਜਿਉਂ ਵੱਧਦੀ ਜਾਂਦੀ ਹੈ, ਤਿਉਂ ਤਿਉਂ ਰਣਜੀਤ ਸਿੰਘ ਦੀ ਬੇਤਾਬੀ ਵਿਚ ਵੀ ਇਜ਼ਾਫਾ ਹੁੰਦਾ ਜਾਂਦਾ ਹੈ। ਉਸਨੂੰ ਇਕ ਤੋੜ… ਇਕ ਅੱਚਵੀ ਜਿਹੀ ਲੱਗੀ ਹੋਈ ਹੈ।ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਉਸਦੇ ਹਰਮ ਵਿਚ ਇਕ ਤੋਂ ਵਧੀਕ ਸੁੰਦਰ ਨਾਰੀਆਂ ਹਨ।ਸੁਨੱਖੀ ਜਨਾਨੀ ਦੇਖ ਕੇ ਮਹਾਰਾਜਾ ਅਕਸਰ ਹੱਲਕ ਜਾਇਆ ਕਰਦਾ ਹੈ ਤੇ ਆਪਣੀ ਮਨਪਸੰਦ ਔਰਤ ਨੂੰ ਝੱਟ ਆਪਣੇ ਹਰਮ ਦੀ ਸ਼ਾਨ ਬਣਾ ਲੈਂਦਾ ਹੈ। ਇਸ ਮਕਸਦ ਦੀ ਪੂਰਤੀ ਲਈ ਪਹਿਲਾਂ ਉਹ ਆਪਣੀ ਦੌਲਤ ਦਾ ਸਹਾਰਾ ਲੈਂਦਾ ਹੈ। ਜੇ ਦੌਲਤ ਨਾਲ ਗੱਲ ਨਾ ਬਣੇ ਤਾਂ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ।
 ਅੱਜ ਦਾਤਾਰ ਕੌਰ ਅਤੇ ਮਹਿਤਾਬ ਕੌਰ ਦਾ ਹੁਸਨ ਮਹਾਰਾਜੇ ਨੂੰ ਫਿੱਕਾ ਫਿੱਕਾ ਪ੍ਰਤੀਤ ਹੁੰਦਾ ਹੈ। ਉਸਦੀ ਅੱਖ ਮੂਹਰੇ ਤਾਂ ਬਲੌਰੀ ਅੱਖਾਂ ਵਾਲੀ, ਗੋਰੀ ਨਿਛੋਹ, ਛਾਂਟਵੇ ਸ਼ਰੀਰ ਦੀ ਤੇ ਆਪਣੀ ਉਮਰੋਂ ਦੱਸ-ਗਿਆਰਾਂ ਵਰ੍ਹੇ ਛੋਟੀ ਮੋਰਾਂ ਕੰਚਨੀ ਮੰਡਰਾ ਰਹੀ ਹੈ।ਬਹਿਬਲ ਅਤੇ ਬੇਚੈਨ ਹੋਇਆ ਮਹਾਰਾਜਾ ਹੋਰ ਵੀ ਵਿਆਕੁਲ ਹੋ ਜਾਂਦਾ ਹੈ।…
 
ਰਾਤ ਅੱਧੀ ਲੰਘ ਚੁੱਕੀ ਹੈ। ਪਿਛਲੇ ਇਕ ਘੰਟੇ ਵਿਚ ਮਹਾਰਾਜਾ ਘੱਟੋ ਘੱਟ ਪੰਜਾਹ ਵਾਰੀ ਆਪਣੇ ਵਸਤਰਾਂ ਉੱਤੇ ਇਤਰ ਦਾ ਛਿੜਕਾ ਕਰ ਹਟਿਆ ਹੈ।ਬੇਜ਼ਾਰੀ ਵਿਚ ਕਮਰੇ ਦੇ ਇਕ ਸਿਰੇ ਤੋਂ ਦੂਜੇ ਵੱਲ ਚੱਕਰ ਕੱਟਦਿਆਂ, ਅਚਾਨਕ ਮਹਾਰਾਜੇ ਦੀ ਨਿਗਾਹ ਉਸਦੇ ਆਪਣੇ ਹੱਥਾਂ ਦੀਆਂ ਤਲੀਆਂ ’ਤੇ ਪੈਂਦੀ ਹੈ। ਹਰਦਮ ਤਲਵਾਰ ਦੇ ਮੁੱਠੇ ’ਤੇ ਰਹਿਣ ਨਾਲ ਉਸਦੇ ਹੱਥ ਸਖਤ ਹੋ ਗਏ ਹਨ। ਬਿਆਈਆਂ ਪਾਟਨ ਲੱਗ ਗਈਆਂ ਹਨ। ਕੇਵਲ ਛੇ ਵਰ੍ਹਿਆਂ ਦਾ ਤਾਂ ਸੀ ਉਹ ਉਦੋਂ ਜਦੋਂ ਤੋਂ ਮਿਆਨ ਵਿਚੋਂ ਕਿਰਪਾਨਾਂ ਧੁਣ ਲੱਗ ਪਿਆ ਸੀ। ਮਹਾਰਾਜੇ ਨੇ ਚਮੇਲੀ ਦਾ ਤੇਲ ਹੱਥਾਂ ਨੂੰ ਲਾਇਆ ਤੇ ਜਸਤ ਲੈ ਕੇ ਬਿਆਈਆਂ ਭਰਨ ਲੱਗ ਪਿਆ। ਅਜਿਹਾ ਕਰਦਿਆਂ ਉਹ ਵਿਚ ਵਿਚ ਦੀ ਕੰਗਣੀ ਵਾਲੇ ਪਿਆਲਿਆਂ ਵਿਚ ਭਰ ਕੇ ਵਿਦੇਸ਼ੀ ਸ਼ਰਾਬ ਵੀ ਡੀਕ ਲਾ ਕੇ ਪੀ ਲੈਂਦਾ, ਜੋ ਉਸਨੂੰ ਕੰਪਨੀ ਦੇ ਇਕ ਫਰੰਗੀ ਜਰਨੈਲ ਵੈਨਟਿਊਰਾ(ਜੋ ਬਾਅਦ ਵਿਚ ਮਹਾਰਾਜਾ ਪਾਸ ਭਰਤੀ ਹੋਇਆ) ਨੇ ਫਰਾਂਸ ਤੋਂ ਤੋਹਫੇ ਵਜੋਂ ਲਿਆ ਕੇ ਦਿੱਤੀ ਹੈ।
 ਮੋਰਾਂ ਨੂੰ ਉਡੀਕਦਾ ਮਹਾਰਾਜਾ ਜਾਮ ਦਰ ਜਾਮ ਪੀਂਦਾ ਗਿਆ… ਰਾਤ ਸੰਘਣੀ ਹੁੰਦੀ ਗਈ… ਮਹਾਰਾਜਾ ਮਦਹੋਸ਼ ਹੋ ਕੇ ਜ਼ਰਨਿਗਾਰ ਕੁਰਸੀ ’ਤੇ ਹੀ ਸੌਂ ਗਿਆ…।
 ਸੁਬ੍ਹਾ ਦਾ ਸੂਰਜ ਨਿਕਲ ਆਇਆ ਹੈ। ਪਰ ਮੋਰਾਂ ਨਹੀਂ ਆਈ।ਉਸ ਨੇ ਲਾਹੌਰ ਤਖਤ ਦੀ ਗੁਲਾਮੀ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ।
 ਬਾਅਦ ਦੁਪਹਿਰ ਜਦੋਂ ਰਣਜੀਤ ਸਿੰਘ ਨੂੰ ਹੋਸ਼ ਆਉਂਦੀ ਹੈ ਤਾਂ ਉਹ ‘ਮੋਰਾਂ… ਮੋਰਾਂ…’ ਦੀਆਂ ਅਵਾਜ਼ਾਂ ਮਾਰਨ ਲੱਗ ਪੈਂਦਾ ਹੈ। ਉਸ ਦੀਆਂ ਹਾਕਾਂ ਸੁਣ ਕੇ ਸਭ ਅਹਿਲਕਾਰ ਇਕੱਠੇ ਹੋ ਜਾਂਦੇ ਹਨ ਤੇ ਉਹ ਮਹਾਰਾਜੇ ਨੂੰ ਮੋਰਾਂ ਦੇ ਇਨਕਾਰ ਤੋਂ ਜਾਣੂ ਕਰਵਾਉਂਦੇ ਹਨ। ਇਹ ਸੁਣ ਕੇ ਮਹਾਰਾਜਾ ਰੋਹ ਵਿਚ ਆ ਜਾਂਦਾ ਹੈ। ਉਸਦਾ ਚਿਰਹਾ ਭੱਖ ਕੇ ਲਾਲ ਹੋ ਜਾਂਦਾ ਹੈ, “ਤੁਸੀਂ ਉਸਨੂੰ ਦੱਸਿਆ ਨਹੀਂ ਕਿ ਲਾਹੌਰ ਸਰਕਾਰ ਨੇ ਯਾਦ ਕੀਤੈ?… ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਬੁਲਾਇਆ ਹੈ? ਇਸ ਨਾਫਰਮਾਨੀ ਦਾ ਨਤੀਜਾ ਜਾਣਦੀ ਹੈ ਉਹ?”
 “ਹਾਂ, ਮਾਹਰਾਜ ਉਸਨੂੰ ਸਰਕਾਰ ਦੀ ਤਾਕਤ ਦਾ ਪੂਰਾ ਪੂਰਾ ਇਲਮ ਹੈ।” ਸਾਖੇ ਖਾਨ ਬੋਲਿਆ।
 “ਨਹੀਂ! ਉਸਨੂੰ ਮੇਰੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਅੰਦਾਜ਼ਾ ਹੁੰਦਾ ਤਾਂ ਸਿਰ ਦੇ ਬਲ ਭੱਜੀ ਆਉਂਦੀ। ਉਹਨੇ ਅਜੇ ਮੇਰੇ ਹੱਥ ਨਹੀਂ ਦੇਖੇ। ਮੈਂ ਸਣੇ ਪੰਜਾਬ ਸਾਰਾ ਲਾਹੌਰ ਫੂਕ’ਦੂੰ। ਮੈਨੂੰ ਮੋਰਾਂ ਚਾਹੀਦੀ ਹੈ, ਮੋਰਾਂ। ਲੱਗੀ ਸਮਝ?” ਆਵੇਸ਼ ਵਿਚ ਆ ਕੇ ਮਹਾਰਾਜਾ ਰਣਜੀਤ ਸਿੰਘ ਆਪਣੀ ਸਵਰਨ ਕੁਰਸੀ ਦੇ ਮੁੱਠੇ ’ਤੇ ਮੁੱਕੀਆਂ ਮਾਰਨ ਲੱਗ ਪਿਆ।
 ਦਰਬਾਰ ਵਿਚ ਸਭ ਤੋਂ ਪਿਛੇ ਖੜ੍ਹਾ ਗੁਲਾਬ ਸਿੰਘ ਅੱਗੇ ਆਉਂਦਾ ਹੋਇਆ ਬੋਲਿਆ, “ਮਹਾਰਾਜ ਧੀਰਜ ਰੱਖੋ। ਕੁਝ ਸਮਾਂ ਦਿਉ। ਕੰਮ ਹੋ ਜਾਵੇਗਾ।”
 “ਇਹ ਵਕਤ ਹੀ ਤਾਂ ਹੁੰਦਾ ਹੈ ਜਿਸਦੀ ਮੇਰੇ ਕੋਲ ਘਾਟ ਰਹਿੰਦੀ ਹੈ ਤੇ ਮੈਨੂੰ ਹਰ ਅਹਿਮ ਕੰਮ ਕਰਨ ਲਈ ਸਮਾਂ ਕੱਢਣਾ ਪੈਂਦੈ।… ਇਹਦੀ ਮਾਂ ਨੂੰ… ਇਕ ਕੰਜਰੀ ਦੀ ਐਨੀ ਜ਼ੁਰਅਤ ਲਾਹੌਰ ਸਰਕਾਰ ਦੀ ਹੁਕਮ ਅਦੁਲੀ ਕਰੇ।… ਘੋੜੇ ਤੇ ਲਸ਼ਕਰ ਤਿਆਰ ਕਰੋ! ਮੈਂ ਹੁਣੇ ਚੁੱਕ ਕੇ ਲਿਆਉਂਦਾ ਹਾਂ! ਉਹ ਵੀ ਕੀ ਯਾਦ ਰੱਖੂ ਸ਼ੁਕਰਚੱਕੀਆ ਮਿਸਲ ਦੇ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ… ਬੁਰਰਰੱਰਾ…।”
 ਮਿਸਰ ਲਾਲ ਸਿੰਘ ਮੌਕਾ ਸਾਂਭਣ ਲਈ ਨੀਮ-ਸ਼ਰਾਬੀ ਮਹਾਰਾਜੇ ਨੂੰ ਅੱਗੇ ਵਧਕੇ ਇਕ ਹੋਰ ਜ਼ਾਮ ਫੜ੍ਹਾਉਂਦਾ ਹੈ। ਮਹਾਰਾਜਾ ਇਕੋ ਸਾਹ ਸ਼ਰਾਬ ਖਿੱਚ ਜਾਂਦਾ ਹੈ। ਸੱਜ਼ਰੇ ਜ਼ਾਮ ਨਾਲ ਰਲ੍ਹ ਕੇ ਰਾਤ ਵਾਲੀ ਸ਼ਰਾਬ ਫਿਰ ਜ਼ੋਰ ਮਾਰਦੀ ਹੈ ਤੇ ਮਹਾਰਾਜਾ ਫਿਰ ਬੇਸੁੱਧ ਹੋ ਜਾਂਦਾ ਹੈ।
 ਮਦਹੋਸ਼ੀ ਦੀ ਹਾਲਾਤ ਵਿਚ ਵੀ ਮਹਾਰਾਜਾ “ਮੋਰਾਂ… ਮੋਰਾਂ… ਮੋਰਾਂ।” ਦੇ ਨਾਮ ਦਾ ਰਟਨ ਕਰਦਾ ਰਹਿੰਦਾ ਹੈ।ਕੁਝ ਪਲਾਂ ਬਾਅਦ ਜਦ ਮਹਾਰਾਜੇ ਦੇ ਹੋਸ਼ ਮੁੜ ਪਰਤਦੇ ਹਨ ਤਾਂ ਉਹ ਦਹਾੜ ਕੇ ਆਪਣੇ ਜਰਨੈਲਾਂ ਨੂੰ ਪੈਂਦਾ ਹੈ, “ਮੇਰੇ ਮੂੰਹ ਨੂੰ ਫੁੱਲ ਲੱਗੇ ਹੋਏ ਨੇ… ਖੜ੍ਹੇ ਕੀ ਦੇਖਦੇ ਓ? ਨਹੀਂ ਨਲੂਏ ਨੂੰ ਸੱਦਾਂ ਫੇਰ?... ਨਹੀਂ! ਨਲੂਏ ਨੇ ਮੰਨਣਾ ਨ੍ਹੀਂ ਏਸ ਕੰਮ ਲਈ… ਜਾਉ ਮੋਰਾਂ ਕੰਚਨੀ ਹੁਣੇ ਮੇਰੀ ਬੁੱਕਲ ਵਿਚ ਬੈਠੀ ਹੋਣੀ ਚਾਹੀਦੀ ਹੈ, ਨਹੀਂ ਸਾਰਿਆਂ ਨੂੰ ਤੋਪ ਨਾਲ ਬੰਨ੍ਹ ਕੇ ਉਡਾ’ਦੂੰ।”
 ਏਨਾ ਸੁਣ ਕੇ ਸਭ ਅਹਿਲਕਾਰ ਡਰ ਜਾਂਦੇ ਹਨ। ਕਿਉਂਕਿ ਉਹ ਇਹ ਸਚਾਈ ਭਲੀਭਾਂਤ ਜਾਣਦੇ ਹਨ ਕਿ ਜਦੋਂ ਮਹਾਰਾਜਾ ਸੋਫੀ ਹੁੰਦਾ ਹੈ ਤਾਂ ਦੁਨੀਆਂ ਵਿਚ ਉਸ ਨਾਲੋਂ ਚੰਗਾ ਬੰਦਾ ਕੋਈ ਨਹੀਂ, ਲੇਕਿਨ ਜਦੋਂ ਸ਼ਰਾਬੀ ਹੁੰਦਾ ਹੈ ਤਾਂ ਉਸ ਨਾਲੋਂ ਗੰਦਾ ਬੰਦਾ ਵੀ ਕੋਈ ਨਹੀਂ ਹੈ।
 
ਠਠੰਬਰੇ ਖੜ੍ਹੇ ਖਾਦਿਮਾਂ ਨੂੰ ਦੇਖ ਕੇ ਮਹਾਰਾਜਾ ਗਰਜ਼ਦਾ ਹੈ, “ਮਹੂਰਤ ਕੱਢਵਾਵਾਂ ਕਿ ਨਗਾਰੇ ਵਜਾਵਾਂ?... ਫਿਰ ਜਾਉਗੇ। ਜਾਉ ਭੱਜ ਜਾਉ, ਹੁਣੇ ਮੋਰਾਂ ਕੰਚਨੀ ਚਾਹੀਦੀ ਹੈ… ਹਾਏ ਮੋ…ਰਾਂ!” ਦਰਬਾਰ ਦੀਆਂ ਕੰਧਾਂ ਅਤੇ ਛੱਤਾਂ ਨੂੰ ਪਾੜਦੀ ਮਹਾਰਾਜੇ ਦੀ ਅਵਾਜ਼ ਕਿਲ੍ਹੇ ਤੋਂ ਬਾਹਰ ਤੱਕ ਗੂੰਝਦੀ ਹੈ।
 ਮਹਾਰਾਜੇ ਦੀ ਲਲਕਾਰ ਸੁਣ ਕੇ ਅਹਿਲਕਾਰ ਹੋਰ ਵੀ ਭੈਭੀਤ ਹੋ ਜਾਂਦੇ ਹਨ। ਘੋੜਸਵਾਰੀ, ਸ਼ਿਕਾਰ, ਜਨਾਨੀਬਾਜ਼ੀ ਅਤੇ ਸ਼ਰਾਬਨੋਸ਼ੀ ਮਹਾਰਾਜੇ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਰਹੀਆਂ ਹਨ। ਮਨਇੱਛਤ ਹੁਸੀਨਾ ਹਾਸਿਲ ਕਰਨ ਲਈ ਤਾਂ ਉਹ ਜੰਗ ਲੜਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ ਕਿਸੇ ਔਰਤ ਨੂੰ ਲੈ ਕੇ ਇਸ ਤਰ੍ਹਾਂ ਪਾਗਲ ਹੋਇਆ ਹੋਵੇ। ਸਭਾ ਵਿਚ ਉਪਸਥਿਤ ਚਤਰ ਸਿੰਘ, ਦੀਵਾਨ ਦੀਨਾ ਨਾਥ, ਡੋਗਰਾ ਸੁਚੇਤ ਸਿੰਘ ਅਤੇ ਰਣਜੋਧ ਸਿੰਘ ਮਜੀਠੀਆ ਵਰਗੇ ਸਮਝਦਾਰ ਅਹੁਦੇਦਾਰਾਂ ਨੂੰ ਇਹ ਕੋਈ ਭਵਿਖ ਵਿਚ ਆਉਣ ਵਾਲੇ ਸੰਕਟ ਦਾ ਸੂਚਕ ਲੱਗਾ। ਇਸ ਦੀ ਸਭ ਤੋਂ ਵੱਧ ਚਿੰਤਾ ਮਹਾਰਾਜੇ ਦੇ ਵਫਾਦਾਰ ਜਰਨੈਲਾਂ ਨੂੰ ਤੋੜ ਤੋੜ ਖਾਣ ਲੱਗੀ। ਸਿਵਾਏ ਧਿਆਨ ਸਿੰਘ ਅਤੇ ਉਸਦੇ ਭਰਾ ਗੁਲਾਬ ਸਿੰਘ ਦੇ। ਮਹਾਰਾਜੇ ਦੀ ਮੋਰਾਂ ਨੂੰ ਲੈ ਕੇ ਅਜਿਹੀ ਹਾਲਤ ਦੇਖਦਿਆਂ ਡੋਗਰੇ ਭਰਾਵਾਂ ਦੇ ਚਿਹਰੇ ਉੱਤੇ ਮੁਸਕੁਰਾਹਟ ਆ ਗਈ। ਧਿਆਨ ਸਿੰਘ ਨੇ ਮੌਕੇ ਨੂੰ ਬੋਚਦਿਆਂ ਪੈਂਦੀ ਸੱਟੇ ਮਹਾਰਾਜੇ ਦੇ ਮੂਹਰੇ ਮੇਜ਼ ’ਤੇ ਪਈ ਸੂਰਾਹੀ ਵਿਚੋਂ ਇਕ ਹੋਰ ਜਾਮ ਭਰਿਆ ਤੇ ਮਹਾਰਾਜੇ ਨੂੰ ਪੇਸ਼ ਕਰਦਾ ਹੋਇਆ ਬੋਲਿਆ, “ਮਹਾਰਾਜ, ਛੋਟਾ ਮੂੰਹ ਵੱਡੀ ਗੱਲ। ਜੇ ਹੁਕਮ ਕਰੋਂ ਤਾਂ ਮੈਂ ਮੋਰਾਂ ਨਾਲ ਗੱਲ ਕਰਕੇ ਦੇਖਾਂ? ਮੈਂ ਹਜ਼ੂਰ ਦੀਆਂ ਸਿਫਤਾਂ ਦੇ ਐਸੇ ਪੁੱਲ ਬੰਨ੍ਹਗਾ ਕਿ ਮੁਗਲੀਆ ਤੋਪ ਦੇ ਗੋਲੇ ਵਾਂਗੂ ਸਿੱਧੀ ਤੁਹਾਡੇ ਚਰਨਾਂ ਵਿਚ ਆ ਕੇ ਡਿੱਗੇਗੀ।”
 “ਹਾਂ। ਹਾਂ। ਧਿਆਨ ਸਿੰਘ ਇਸ ਕੰਮ ਲਈ ਤੂੰ ਹੀ ਮੈਨੂੰ ਸਭ ਤੋਂ ਕਾਬਲ ਲੱਗਦੈਂ। ਤੂੰ ਇਸ ਕੰਮ ਵਿਚ ਮਾਹਿਰ ਹੈਂ। ਤੂੰ ਮੇਰੇ ਹਰਮ ਦਾ ਸਹੀ ਖਿਆਲ ਰਖਦਾ ਹੈ। ਮੈਂ ਤੈਨੂੰ ਮਨੋਰੰਜ਼ਨ ਮੰਤਰੀ ਹੀ ਨਾ ਬਣਾ ਦੇਵਾਂ? ਫਟਾਫਟ ਕਰ ਮੇਰੀ ਮੋਰਾਂ ਬਿਨਾ ਜਾਨ ਨਿਕਲਦੀ ਜਾਂਦੀ ਹੈ। ਇਸ ਕੰਮ ਲਈ ਸਾਰੇ ਸ਼ਾਹੀ ਖਜ਼ਾਨੇ ਦੇ ਮੂੰਹ ਖੁੱਲ੍ਹੇ ਨੇ। ਸ਼ਾਹੀ ਫੌਜਾਂ ਤੇਰੇ ਇਕ ਇਸ਼ਾਰੇ ’ਤੇ ਸਭ ਨਹਿਸਤੋ-ਨਾਬੂਦ ਕਰਦੇਣਗੀਆਂ। ਜੋ ਚਾਹੀਦਾ ਲੈ। ਪਰ ਅੱਜ ਰਾਤ ਨੂੰ ਮੋਰਾਂ ਮੇਰੀਆਂ ਬਾਹਾਂ ਵਿਚ ਹੋਵੇ। ਨਹੀਂ ਸਵੇਰੇ ਨੂੰ ਕਿਲ੍ਹੇ ਦੀ ਬੁਰਜ਼ੀ ਵਿਚ ਲਿਜਾ ਕੇ ਤੇਰਾ ਸਿਰ ਕਲਮ ਕਰ’ਦੂੰ ਤੇ ਸ਼ਾਹਾਲਾਮੀ ਦਰਵਾਜ਼ੇ ’ਤੇ ਗਿਰਝਾਂ ਦੇ ਖਾਣ ਲਈ ਟੰਗ ’ਦੂੰ। ਖਾਨੇ ਵੜ’ਗੀ ਨਾ?”
 ਐਨੀ ਧਮਕੀ ਸੁਣਦਿਆਂ ਸਾਰ ਧਿਆਨ ਸਿੰਘ ਦਾ ਸੰਘ ਸੁੱਕਣ ਲੱਗ ਪਿਆ। ਕੁਝ ਪਲ ਪਹਿਲਾਂ ਜ਼ਿਹਨ ਵਿਚ ਬਣਾਈ ਯੋਜਨਾ ਉਸਨੂੰ ਇਕਦਮ ਵਿਸਰ ਗਈ। ਉਸਨੂੰ ਸਿਰਫ ਕਿਲ੍ਹੇ ਦੀ ਬੁਲੰਦ ਬੁਰਜ਼ੀ, ਰਣਜੀਤ ਸਿੰਘ ਦੀ ਹੀਰਿਆਂ ਨਾਲ ਜੜੀ ਮਿਆਨ ਵਾਲੀ ਕਿਰਪਾਨ ਅਤੇ ਆਪਣਾ ਗਲਾ ਦਿਖਾਈ ਦੇਣ ਲੱਗਾ। ਅੱਖਾਂ ਮੂਹਰੇ ਭੰਭੂ ਤਾਰੇ ਨੱਚਣ ਲੱਗੇ। ਚਿਹਰਾ ਜ਼ਰਦਰੂ ਹੋ ਗਿਆ। ਉਸਦਾ ਸਿਰ ਚਕਰਾਉਣ ਲੱਗਾ। ਉਸਨੂੰ ਆਪਣੀ ਬੋਲਣ ਲਈ ਕੀਤੀ ਪਹਿਲ ਕਦਮੀ ਉੱਤੇ ਪਛਤਾਵਾਂ ਹੋਣ ਲੱਗਾ। ਉਹ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਾ… ਬਾਕੀ ਜਰਨੈਲਾਂ ਵਾਂਗ ਉਹ ਵੀ ਤਾਂ ਨੀਵੀਂ ਪਾ ਕੇ ਚੁੱਪ ਖੜ੍ਹਾ ਰਹਿ ਸਕਦਾ ਸੀ… ਕੀ ਜ਼ਰੂਰਤ ਸੀ ਉਸਨੂੰ ਭੂੰਡਾਂ ਦੀ ਖੱਖਰ ਨੂੰ ਛੇੜਨ ਦੀ? ਧਿਆਨ ਸਿੰਘ ਦਾ ਚਿੱਤ ਕਰੇ ਉਹ ਆਪਣੇ ਮੂੰਹ ’ਤੇ ਆਪ ਚੁਪੇੜਾਂ ਮਾਰੇ। ਉਸਦੇ ਪਿਛੇ ਖੜ੍ਹੇ ਉਸਦੇ ਭਰਾ ਗੁਲਾਬ ਸਿੰਘ ਨੇ ਉਸਦੇ ਮੋਡੇ ’ਤੇ ਹੱਥ ਰੱਖ ਕੇ ਘੁੱਟਿਆ ਤਾਂ ਧਿਆਨ ਸਿੰਘ ਨੂੰ ਕੁਝ ਹੌਂਸਲਾ ਜਿਹਾ ਹੋਇਆ।
 
“ਮੇਰਾ ਖਿਆਲ ਹੈ ਮਹਾਰਾਜ ਨੂੰ ਹੁਣ ਅਰਾਮ ਦੀ ਜ਼ਰੂਰਤ ਹੈ। ਮਹਾਰਾਜ…।” ਰਣਜੀਤ ਸਿੰਘ ਦੇ ਨਿੱਜੀ ਅੰਗਰੱਖਿਅਕਾਂ ਨੇ ਉਸ ਨੂੰ ਬਾਹਾਂ ਦਾ ਸਹਾਰਾ ਦੇ ਕੇ ਤੋਰਿਆ ਤੇ ਲੜਖੜਾਉਂਦੇ ਹੋਏ ਰਣਜੀਤ ਸਿੰਘ ਨੂੰ ਅਰਾਮਗਾਹ ਵਿਚ ਲਿਟਾ ਆਏ।
 ਘੋੜੀ ’ਤੇ ਸਵਾਰ ਹੋ ਕੇ ਧਿਆਨ ਸਿੰਘ ਕਿਲ੍ਹੇ ਤੋਂ ਬਾਹਰ ਇੰਝ ਮੂੰਹ ਲਟਕਾਈ ਨਿਕਲਿਆ ਕਿ ਜਿਵੇਂ ਹੁਣੇ ਹੁਣੇ ਕੁੜੀ ਦੱਬ ਕੇ ਆਇਆ ਹੁੰਦਾ ਹੈ। ਉਸ ਦੇ ਅੰਦਰ ਚੱਲਦੇ ਦਵੰਦ ਯੁੱਧ ਬਾਰੇ ਜਿਵੇਂ ਉਸਦੀ ਕਾਲੀ ਕਾਬਲੀ ਘੋੜੀ ਵੀ ਜਾਣੂ ਹੋ ਗਈ ਹੁੰਦੀ ਹੈ, ਇਸ ਲਈ ਉਸਦੀ ਚਾਲ ਵੀ ਬਹੁਤ ਧੀਮੀ ਹੋ ਗਈ ਹੈ।
 ਕਿਲ੍ਹੇ ਤੋਂ ਬਾਹਰ ਆ ਕੇ ਧਿਆਨ ਸਿੰਘ ਨੇ ਸੁਰੱਖਿਆ ਬੁਰਜ਼ੀ ਵੱਲ ਦੇਖਿਆ ਤੇ ਫਿਰ ਆਪਣੀ ਗਰਦਨ ਨੂੰ ਹੱਥ ਲਾ ਕੇ ਉਸ ਦੇ ਸਹੀ ਸਲਾਮਤ ਹੋਣ ਦਾ ਯਕੀਨ ਆਪਣੇ ਆਪ ਨੂੰ ਦੁਆਇਆ। ਧਿਆਨ ਸਿੰਘ ਨੂੰ ਆਪਣੀ ਜਾਨ ਕੁੜੱਕੀ ਵਿਚ ਫਸੀ ਮਹਿਸੂਸ ਹੋਈ। ਇਕ ਪਲ ਲਈ ਉਸਦੇ ਮਨ ਵਿਚ ਵਿਚਾਰ ਆਇਆ ਕਿ ਉਹ ਰਣਜੀਤ ਸਿੰਘ ਦੀ ਰਿਆਸਤ ਤੋਂ ਦੂਰ ਚਲਾ ਜਾਵੇ, “ਪਰ ਕਿਥੇ? ਦੂਰ ਜੰਮੂ ਆਪਣੇ ਪਿੰਡ ਡਿਓਲੀ! ਨਹੀਂ ਮੈਸੂਰ… ਹੈਦਰਾਬਾਦ ਦੇ ਨਿਜ਼ਾਮ ਬਹਾਦਰ ਨੇ ਜ਼ਰੂਰ ਉਸਨੂੰ ਆਪਣੇ ਖੰਭਾਂ ਹੇਠ ਲੁਕਾ ਲੈਣਗੇ… ਨਹੀਂ ਉਹ ਸ਼ੇਰ-ਏ-ਪੰਜਾਬ ਨਾਲ ਦੁਸ਼ਮਣੀ ਕਿਉਂ ਮੁੱਲ ਲੈਣਗੇ? ਉਨ੍ਹਾਂ ਨੂੰ ਰਣਜੀਤ ਸਿੰਘ ਦੀ ਤਾਕਤ ਦਾ ਅੰਦਾਜ਼ਾ ਹੈ!... ਫਰੰਗੀ ਸਰਕਾਰ ਤਾਂ ਮੈਨੂੰ ਜ਼ਰੂਰ ਪਨਾਹ ਦੇ ਦੇਵੇਗੀ।… ਨਹੀਂ ਈਸਟ ਇੰਡੀਆ ਕੰਪਨੀ ਤਾਂ ਮੇਰੇ ਰਾਹੀਂ ਖੁਦ ਰਣਜੀਤ ਸਿੰਘ ਨਾਲ ਸਮਝੌਤੇ ਅਤੇ ਸੰਧੀਆਂ ਕਰਨ ਨੂੰ ਫਿਰਦੀ ਹੈ। ਰਣਜੀਤ ਸਿੰਘ ਤਾਂ ਸ਼ਾਇਦ ਬਖਸ਼ ਦੇਵੇ ਕੰਪਨੀ ਹਰਗਿਜ਼ ਮੈਨੂੰ ਮੁਆਫ ਨਹੀਂ ਕਰੇਗੀ। ਨਾਲੇ ਫਿਰ ਪੰਜਾਬ ਉੱਤੇ ਰਾਜ ਕਰਨ ਦੀ ਮੇਰੀ ਇੱਛਾ ਮਿੱਟੀ ਵਿਚ ਮਿਲ ਜਾਵੇਗੀ…।” ਇੰਝ ਆਪਣੇ ਹੀ ਸੁਆਲਾਂ ਦਾ ਜੁਆਬ ਦਿੰਦਾ ਹੋਇਆ ਧਿਆਨ ਸਿੰਘ ਕਿਲ੍ਹੇ ਤੋਂ ਕਾਫੀ ਦੂਰ ਆ ਗਿਆ।
 ਕਿਲ੍ਹੇ ਦੇ ਬਾਹਰੋਂ ਧਿਆਨ ਸਿੰਘ ਨੇ ਪਿਛੇ ਮੁੜ ਕੇ ਕਿਲ੍ਹੇ ਵੱਲ ਦੇਖਿਆ। ਕਿਲ੍ਹੇ ਦੀਆਂ ਕੰਧਾਂ ਦੇ ਮਗੋਰਿਆਂ ਵਿਚੋਂ ਝਾਕਦੀਆਂ ਤੋਪਾਂ ਦੇਖ ਕੇ ਉਹ ਹੋਰ ਵੀ ਭੈਭੀਤ ਹੋ ਗਿਆ। ਧਿਆਨ ਸਿੰਘ ਤੋਪਖਾਨੇ ਦੀਆਂ ਤੋਪਾਂ ਦੀ ਗਿਣਤੀ 288 ਬਾਖੂਬ ਜਾਣਦਾ ਹੈ। ਉਸਨੂੰ ਜਾਪਿਆ ਜਿਵੇਂ ਸਾਰੀਆਂ ਤੋਪਾਂ ਦੇ ਮੂਹਰੇ ਬੰਨ੍ਹ ਕੇ ਉਸ ਨੂੰ ਉਡਾਇਆ ਜਾ ਰਿਹਾ ਹੈ। ਐਨੇ ਨੂੰ ਬਾਦਸ਼ਾਹੀ ਮਸਜਿਦ ਨਮਾਜ਼ ਪੜ੍ਹਣ ਜਾ ਰਿਹਾ ਮਜ਼ਹਰ ਅਲੀ  ਤੇਜ਼ ਘੋੜਾ ਦੌੜਾਉਂਦਾ ਹੋਇਆ ਧਿਆਨ ਸਿੰਘ ਦੇ ਕੋਲ ਦੀ ਲੰਘਦਾ ਹੋਇਆ ਬੋਲਿਆ, “ਦਿਆਨ ਸਿੰਘ, ਅੱਲਾ ਕਰੇ ਤੁਸੀਂ ਆਪਣੇ ਮਨਸੂਬੇ ਵਿਚ ਕਾਮਯਾਬੀ ਹਾਸਿਲ ਕਰੋਂ।”
 “ਇੰਨਸ਼ਾ ਅੱਲਾ! ਮੈਨੂੰ ਆਪਣੀ ਨਮਾਜ਼ ਵਿਚ ਯਾਦ ਰੱਖਣਾ।” ਧਿਆਨ ਸਿੰਘ ਦੀ ਨਿਆਣੇ ਦੇ ਰੋਣ ਵਰਗੀ ਅਵਾਜ਼ ਨਿਕਲੀ। ਉਸਨੂੰ ਲੱਗਾ ਕਿ ਮਜ਼ਹਰ ਅਲੀ ਉਸਨੂੰ ਸ਼ੁਭ ਕਾਮਨਾ ਨਹੀਂ ਬਲਕਿ ਧਮਕੀ ਦੇ ਕੇ ਗਿਆ ਹੋਵੇ। ਧਿਆਨ ਸਿੰਘ ਨੇ ਘੋੜੇ ਨੂੰ ਅੱਡੀ ਮਾਰੀ ਤੇ ਹੀਰਾ ਮੰਡੀ ਵੱਲ ਸਿੱਧਾ ਹੋ ਗਿਆ।…
 ਮੂੰਹ ਹਨੇਰਾ ਹੁੰਦਿਆਂ ਮਹਾਰਾਜੇ ਨੂੰ ਸ਼ਰਾਬ ਦੀ ਤਲਬ ਹੋਈ। ਉਸ ਨੇ ਆਪਣੀਆਂ ਦਾਸੀਆਂ ਅਤੇ ਰਾਣੀਆਂ ਨੂੰ ਤਿਆਰ ਹੋ ਕੇ ਜਨਾਨਖਾਨੇ ਦੇ ਲੀਲਾ ਗ੍ਰਹਿ ਵਿਚ ਸੱਦ ਲਿਆ।
 ਮਹਾਰਾਜਾ ਆਪਣੀਆਂ ਦਾਸੀਆਂ ਅਤੇ ਰਾਣੀਆਂ ਦੇ ਝੁਰਮਟ ਵਿਚਕਾਰ ਬੈਠਾ ਸ਼ਰਾਬ ਪੀ ਰਿਹਾ ਹੈ। ਮਹਾਰਾਜੇ ਨੇ ਮਹਿਤਾਬ ਕੌਰ ਨੂੰ ਅਜੇ ਕਲਾਵੇ ਵਿਚ ਲੈਣ ਲਈ ਬਾਂਹ ਉਲਾਰੀ ਹੀ ਹੁੰਦੀ ਹੈ ਕਿ ਧਿਆਨ ਸਿੰਘ ਮਹਾਰਾਜੇ ਦੇ ਕੋਲ ਸਿੱਧਾ ਜਨਾਨਖਾਨੇ ਵਿਚ ਆ ਗਿਆ। ਪਹਿਰੇਦਾਰਾਂ ਨੂੰ ਇਹ ਵਿਸ਼ੇਸ਼ ਹਦਾਇਤ ਹੈ ਕਿ ਧਿਆਨ ਸਿੰਘ ਕਦੇ ਵੀ ਬਿਨਾ ਇਜ਼ਾਜਤ ਮਹਾਰਾਜੇ ਨੂੰ ਮਿਲ ਸਕਦਾ ਹੈ। ਮਹਾਰਾਜਾ ਉਸ ਉੱਤੇ ਅੰਨ੍ਹਾ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮਹਾਰਾਜੇ ਲਈ ਅਯਾਸ਼ੀ ਦੇ ਸਾਰੇ ਇੰਤਜ਼ਾਮ ਧਿਆਨ ਸਿੰਘ ਹੱਥ ਹੀ ਹੁੰਦੇ ਹਨ।ਧਿਆਨ ਸਿੰਘ ਤੋਂ ਸਿਵਾਏ ਹੋਰ ਕਿਸੇ ਨੂੰ ਵੀ ਇਉਂ ਜਨਾਨਖਾਨੇ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ।ਮਹਾਰਾਜੇ ਨੂੰ ਦੂਸਰੇ ਅਹਿਲਕਾਰਾਂ ਨੇ ਕਈ ਵਾਰ ਧਿਆਨ ਸਿੰਘ ਦੇ ਮਹਾਰਾਜੇ ਦੀਆਂ ਦਾਸੀਆਂ ਨਾਲ ਸ਼ਰੀਰਕ ਸੰਬਧਾਂ ਦੇ ਸੰਕੇਤ ਵੀ ਕੀਤੇ ਹਨ। ਲੇਕਿਨ ਮਹਾਰਾਜਾ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, “ਖਬਰਦਾਰ! ਜੇ ਕਿਸੇ ਨੇ ਮੈਨੂੰ ਧਿਆਨ ਸਿੰਘ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਭਾਵੇਂ ਇਕ ਅੱਖ ਐ, ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ। ਮੈਂ ਨੈਣਜ਼ਲਾ ਹਾਂ।(ਜਿਸਨੂੰ ਅੱਖਾਂ ਮੀਚ ਕੇ ਵੀ ਦਿਖਾਈ ਦਿੰਦਾ ਹੋਵੇ।)”
 ਏਨੀ ਤਾੜਨਾ ਸੁਣ ਕੇ ਕਰਮਚਾਰੀ ਖਾਮੋਸ਼ ਹੋ ਜਾਂਦੇ ਹਨ।ਮਹਾਰਾਜੇ ਨੇ ਧਿਆਨ ਸਿੰਘ ਨੂੰ ਭਾਰੀ ਜਾਗੀਰਾਂ ਬਖਸ਼ਣ ਦਾ ਵਾਅਦਾ ਵੀ ਕੀਤਾ ਹੋਇਆ ਹੈ।
 ਧਿਆਨ ਸਿੰਘ ਜਿਉਂ ਹੀ ‘ਫਤਿਹ’ ਬੁਲਾਉਂਦਾ ਹੈ ਤਾਂ ਸਭ ਇਸਤਰੀਆਂ ਮਹਾਰਾਜੇ ਅਤੇ ਧਿਆਨ ਸਿੰਘ ਨੂੰ ਇਕੱਲਿਆਂ ਛੱਡ ਕੇ ਦੂਸਰੇ ਕਮਰੇ ਵਿਚ ਚਲੀਆਂ ਜਾਂਦੀਆਂ ਹਨ।
 “ਹਾਂ ਕੀ ਸਮਾਚਾਰ ਹੈ?” ਮਹਾਰਾਜਾ ਹਿਰਖ ਨਾਲ ਬੋਲਿਆ।
 ਧਿਆਨ ਸਿੰਘ ਜਕਦਾ ਜਕਦਾ ਜੁਆਬੀ ਹੁੰਦਾ ਹੈ, “ਮਹਾਰਾਜ ਕੰਮ ਤਾਂ ਹੋ ਗਿਐ… ਪਰ…।”
 “ਹਾਂ…?” ਮਹਾਰਾਜਾ ਉਤਾਵਲਾ ਹੋ ਉੱਠਦਾ ਹੈ।
 “ਪਰ…!!!”
 ਮਹਾਰਾਜਾ ਪਲੰਘ ਤੋਂ ਉੱਠ ਕੇ ਖੜ੍ਹਾ ਹੋ ਗਿਆ, “ਕੀ ਪਰ ਪਰ ਲਾ ਰੱਖੀ ਹੈ। ਤੂੰ ਪਰਾਂ ਨੂੰ ਕੱਟ ਤੇ ਮੁੱਦੇ ’ਤੇ ਆ।”
 “ਮੋਰਾਂ ਤੁਹਾਡੇ ਹਰਮ ਵਿਚ ਆਉਣ ਲਈ ਰਾਜ਼ੀ ਨਹੀਂ ਹੋਈ। ਉਹ ਕਹਿੰਦੀ ਹੈ ਕਿ ਉਹ ਸੌਂਕਣਾਂ ਬਰਦਾਸ਼ਤ ਨਹੀਂ ਕਰ ਸਕਦੀ। ਮਹਾਰਾਜੇ ਨੇ ਮੁਜ਼ਰੇ ਦਾ ਲੁਤਫ ਲੈਣਾ ਹੈ ਤਾਂ ਦੂਜੇ ਰਜਵਾੜਿਆਂ ਅਤੇ ਰਈਸਾਂ ਵਾਂਗ ਉਸਦੇ ਕੋਠੇ ’ਤੇ ਤਸ਼ਰੀਫ ਲਿਆਵੇ।”
 “ਹੈਂ! ਉਹਦੀ ਇਹ ਮਜਾਲ? ਉਹਦੀ … ।” ਮਹਾਰਾਜੇ ਦਾ ਚਿਹਰਾ ਗੁੱਸੇ ਨਾਲ ਭਖ ਕੇ ਲਾਲ ਹੋ ਗਿਆ।
 “ਜਾਣ ਨੂੰ ਤਾਂ ਮਹਾਰਾਜ ਤੁਸੀਂ ਉਸਦੇ ਕੋਠੇ ’ਤੇ ਵੀ ਜਾ ਸਕਦੇ ਹੋ। ਅੱਗੇ ਕਿਹੜਾ ਭੇਸ ਬਦਲ ਕੇ ਕੋਠਿਆਂ ’ਤੇ ਨਹੀਂ ਜਾਂਦੇ…।”
 ਮਹਾਰਾਜੇ ਨੇ ਧਿਆਨ ਸਿੰਘ ਨੂੰ ਵਿਚੋਂ ਟੋਕਿਆ, “ਨਹੀਂ ਬੇਇਜ਼ਤੀ ਆ ਇਹਦੇ ’ਚ ਮੇਰੀ… ਉਹਨੂੰ ਮੇਰੇ ਕੋਲੇ ਹੀ ਆਉਣਾ ਪਊਗਾ… ਸਿੱਧੀ ਤਰ੍ਹਾਂ ਬੰਦੀ ਬਣ ਕੇ ਪਿਆਰ ਨਾਲ ਆ ਜਾਵੇ। ਨਹੀਂ ਹਿੱਕ ਦੇ ਜ਼ੋਰ ਨਾਲ ਲੈ ਕੇ ਆਊਂ!”  
 ਧਿਆਨ ਸਿੰਘ ਆਪਣੇ ਖੁਸ਼ਕ ਬੁੱਲ੍ਹਾਂ ’ਤੇ ਜੀਭ ਫੇਰਦਾ ਹੋਇਆ ਬੋਲਿਆ, “ਮੈਨੂੰ ਪਤਾ ਸੀ ਸਰਕਾਰ ਇਹੀ ਕਹੇਗੀ। ਇਸ ਗੱਲ ਦਾ ਖਿਆਲ ਰੱਖਦਿਆਂ ਹੋਇਆਂ ਮੈਂ ਸਭ ਬੰਦੋਬਸਤ ਕਰ ਦਿੱਤਾ ਹੈ। ਸੱਪ ਵੀ ਮਰ’ਜੂ ਤੇ ਸੋਟੀ ਵੀ ਨਹੀਂ ਟੁੱਟਣੀ।”
 “ਕੀ ਮਤਲਬ ਐ ਤੇਰਾ? ਬੁੱਝਾਰਤਾਂ ਜਿਹੀਆਂ ਨਾ ਪਾ।”
 “ਇੰਤਜ਼ਾਮ ਕਰ ਆਇਆ ਹਾਂ, ਮਹਾਰਾਜ। ਲਾਹੌਰ ਦੇ ਬਾਹਰ ਇਕ ਹਵੇਲੀ ਹੈ, ਅਜੇ ਪਿਛਲੇ ਹਫਤੇ ਹੀ ਆਪਾਂ ਕੁਰਕ ਕੀਤੀ ਹੈ। ਵਾਰਿਸ ਸ਼ਾਹ ਲੋਕਾਇਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਜਿਹੜੀ ਗੱਲ ਪਰਦੇ ਨਾਲ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਮੈਂ ਮੋਰਾਂ ਨੂੰ ਉਥੇ ਹਵੇਲੀ ਵਿਚ ਛੱਡ ਆਇਆ ਹਾਂ ਤੇ ਉਥੇ ਉਹ ਸਰਕਾਰ ਦੀ ਖਿਦਮਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਕੰਮ ’ਤੇ ਕੁਝ ਖਰਚ ਹੋਇਆ ਹੈ… ਜੇ ਸਰਕਾਰ ਖਜਾਨਚੀ ਨੂੰ ਕਹਿ ਕੇ …।” ਧਿਆਨ ਸਿੰਘ ਬੋਲਦਾ ਬੋਲਦਾ ਚੁੱਪ ਕਰਕੇ ਆਪਣੇ ਕੰਨ ਖੁਰਕਣ ਲੱਗ ਪਿਆ।
 ਰਣਜੀਤ ਸਿੰਘ ਨੇ ਆਪਣੇ ਗਲ ਵਿਚੋਂ ਇਕ ਬਹੁਮੁੱਲੀ ਮਾਲਾ ਉਤਾਰ ਕੇ ਧਿਆਨ ਸਿੰਘ ਨੂੰ ਫੜ੍ਹਾ ਦਿੱਤੀ, “ਖਰਚੇ ਦੀ ਪਰਵਾਹ ਨਾ ਕਰ। ਮੈਂ ਦੀਵਾਨ ਨੂੰ ਕਹਿ’ਦੂੰ। ਤੈਨੂੰ ਮੂੰਹੋਂ ਮੰਗੇ ਇਨਾਮ ਮਿਲਣਗੇ। ਮੈਂ ਜਲਦ ਹੀ ਤੈਨੂੰ ਰਾਜੇ ਦੀ ਉਪਾਧੀ ਨਾਲ ਨਿਵਾਜ਼ਾਂਗਾ। ਚੱਲ ਚੱਲੀਏ।”
 ਰਣਜੀਤ ਸਿੰਘ ਨੂੰ ਨਾਲ ਲੈ ਕੇ ਧਿਆਨ ਸਿੰਘ ਲਾਹੌਰ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਬਗਵਾਨਪੁਰ ਦੇ ਪਿਛਲੇ ਪਾਸੇ ਵਾਲੀ ਪਹਾੜੀ ਵੱਲ ਚੱਲ ਪਿਆ। ਮਹਾਰਾਜੇ ਦੇ ਅੰਗਰੱਖਿਅਕ ਅਤੇ ਦਸ ਬਾਰਾਂ ਸੈਨਕਾਂ ਦਾ ਕਾਫਲਾ ਵੀ ਉਹਨਾਂ ਦੀ ਸੁਰੱਖਿਆ ਲਈ ਨਾਲ ਹੈ।
 ਉਹਨਾਂ ਦੇ ਪਿਛੇ ਇਕ ਬੱਘੀ ਵਿਚ ਕੁਝ ਗੋਲੀਆਂ ਵੀ ਹਨ, ਜੋ ਧਿਆਨ ਸਿੰਘ ਦੇ ਕਹਿਣ ’ਤੇ ਮਹਾਰਾਜੇ ਨੇ ਖਿਦਮਤਦਾਰੀ ਕਰਨ ਲਈ ਲੈ ਆਂਦੀਆਂ ਹਨ।
 ਹਵੇਲੀ ਪਹੁੰਚ ਕੇ ਮਹਾਰਾਜੇ ਦੇ ਸਿਪਾਹੀਆਂ ਨੇ ਹਵੇਲੀ ਦੇ ਇਰਦ-ਗਿਰਦ ਘੇਰਾ ਪਾ ਕੇ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੂੰ ਬਾਹਰ ਇੰਤਜ਼ਾਰ ਕਰਨ ਲਈ ਆਖ ਕੇ ਗੋਲੀਆਂ ਨਾਲ ਕੇਵਲ ਧਿਆਨ ਸਿੰਘ ਨੇ ਹੀ ਹਵੇਲੀ ਅੰਦਰ ਪ੍ਰਵੇਸ਼ ਕੀਤਾ।
 ਧਿਆਨ ਸਿੰਘ ਦੇ ਅਜਿਹਾ ਕਰਨ ਨਾਲ ਮਹਾਰਾਜੇ ਦੀ ਬੇਚੈਨੀ ਹੋਰ ਵੱਧ ਗਈ ਤੇ ਉਸਨੂੰ ਧਿਆਨ ਸਿੰਘ ਉੱਤੇ ਗੁੱਸਾ ਆਉਣ ਲੱਗਾ। ਉਹ ਮਨ ਹੀ ਮਨ ਧਿਆਨ ਸਿੰਘ ਨੂੰ ਗਾਲ੍ਹਾਂ ਕੱਢਣ ਲੱਗਾ, “ਇਹ ਸਾਲੇ ਡੋਗਰੇ ਆਪਣੇ ਆਪ ਨੂੰ ਚਾਣਕੀਯ ਦੀ ਔਲਾਦ ਹੀ ਸਮਝਦੇ ਨੇ… ਭੁੱਲ ਗਏ ਇਹਨਾਂ ਨੂੰ ਉਹ ਦਿਨ ਜਦੋਂ ਮੇਰੇ ਅੜਦਲ ਵਿਚ ਤਿੰਨ ਰੁਪਈਆਂ ’ਤੇ ਨੌਕਰੀ ਕਰਨ ਲੱਗੇ ਸੀ। ਇਹ ਤਾਂ ਮੈਂ ਹੀ ਮਿਹਰਬਾਨ ਹੋ ਜਾਂਦਾ ਹਾਂ, ਵਰਨਾ…।”
 ਰਣਜੀਤ ਸਿੰਘ ਇਉਂ ਧਿਆਨ ਸਿੰਘ ਨੂੰ ਆਪਣੇ ਚਿੱਤ ਵਿਚ ਕੋਸ ਹੀ ਰਿਹਾ ਹੁੰਦਾ ਹੈ ਕਿ ਐਨੇ ਨੂੰ ਹਵੇਲੀ ਦੇ ਬੂਹੇ ਉੱਤੇ ਆ ਕੇ ਧਿਆਨ ਸਿੰਘ ਨੇ ਅੰਦਰ ਆਉਣ ਲਈ ਇਸ਼ਾਰਾ ਕੀਤਾ। ਰਣਜੀਤ ਸਿੰਘ ਘੋੜੇ ਤੋਂ ਉਤਰ ਕੇ ਹਵੇਲੀ ਵੱਲ ਕਮਾਨ ਚੋਂ ਨਿਕਲੇ ਤੀਰ ਵਾਂਗ ਭੱਜਿਆ।
 ਵਿਸ਼ਾਲ ਹਵੇਲੀ ਦੇ ਮਹਿਮਾਨ ਕਮਰੇ ਵਿਚ ਦਾਸੀਆਂ ਨੇ ਮਹਾਰਾਜੇ ਨੂੰ ਪਲੰਘ ਉੱਤੇ ਬਿਠਾਇਆ। ਉਸ ਉੱਤੇ ਫੁੱਲਾਂ ਅਤੇ ਰੂਹਕਿਓੜੀ ਦੀ ਬਰਖਾ ਕੀਤੀ। ਮਹਾਰਾਜੇ ਨੇ ਸਭ ਗੋਲੀਆਂ ਦੀਆਂ ਸ਼ਕਲਾਂ ਨੂੰ ਗਹੁ ਨਾਲ ਤੱਕਿਆ। ਉਸ ਨੂੰ ਕਿਸੇ ਵਿਚੋਂ ਵੀ ਮੋਰਾਂ ਦਾ ਚਿਹਰਾ ਦਿਖਾਈ ਨਾ ਦਿੱਤਾ। ਮਹਾਰਾਜੇ ਨੇ ਕਮਰੇ ਵਿਚ ਚਾਰ-ਚੁਫੇਰੇ ਨਜ਼ਰ ਦੌੜਾਈ। ਉਸਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਦਿਸਿਆ। ਮਹਾਰਾਜਾ ਅਜੇ ਕੁਝ ਬੋਲਣ ਹੀ ਲੱਗਿਆ ਹੁੰਦਾ ਹੈ ਕਿ ਕਮਰੇ ਵਿਚ ਇਕ ਹੋਰ ਮੁਟਿਆਰ ਦਾਖਲ ਹੋਈ। ਮਹਾਰਾਜੇ ਨੂੰ ਲੱਗਿਆ ਕਿ ਜਿਵੇਂ ਕਮਰੇ ਵਿਚ ਚਾਨਣ ਹੀ ਚਾਨਣ ਹੋ ਗਿਆ ਹੁੰਦਾ ਹੈ। ਨੂਰ-ਓ-ਨੂਰ! ੰਹਾਰਾਜੇ ਦੇ ਮੂੰਹੋਂ ਆਪ ਮੂਹਾਰੇ ਨਿਕਲ ਗਿਆ, “ਮੋਰਾਂ! ਮੇਰੀ ਜਾਨ!!!”
 ਮੋਰਾਂ ਨੇ ਸੱਜੇ ਹੱਥ ਦੀਆਂ ਸਾਰੀਆਂ ਜੁੜੀਆਂ ਉਂਗਲਾਂ ਨੂੰ ਆਪਣੇ ਮੱਥੇ ਵੱਲ ਲਿਜਾਂਦਿਆਂ ‘ਤਸਲੀਮਾਤ’ ਅਰਜ਼ ਕੀਤੀ।
 ਉਤੇਜਨਾ ਦੇ ਵਹਿਣਾਂ ਵਿਚ ਵਹਿ ਰਹੇ ਮਹਾਰਾਜੇ ਤੋਂ ਉਸ ਦਾ ਕੋਈ ਜੁਆਬ ਨਾ ਦੇ ਹੋਇਆ।ਮਹਾਰਾਜੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੋਰਾਂ ਉਸਦੇ ਕੋਲ ਹੈ। ਇਹ ਸਭ ਕੁਝ ਉਸਨੂੰ ਸੁਫਨੇ ਦੀ ਭਾਂਤੀ ਜਾਪਦਾ ਹੈ। ਮਹਾਰਾਜਾ ਸਾਰਾ ਕੁੱਲ ਆਲਮ ਭੁੱਲ ਗਿਆ ਹੈ।
 “ਤਖਲੀਆ!”(ਇਕਾਂਤ) ਆਖ ਕੇ ਮੋਰਾਂ ਨੇ ਗੋਲੀਆਂ ਨੂੰ ਕਮਰੇ ਵਿਚੋਂ ਬਾਹਰ ਭੇਜ ਦਿੱਤਾ। ਮਹਾਰਾਜੇ ਦੇ ਕੋਲ ਪਲੰਘ ਉੱਤੇ ਬੈਠ ਕੇ ਮੋਰਾਂ ਨੇ ਉਸਨੂੰ ਪਾਨ ਪਰੋਸ ਕੇ ਦਿੱਤਾ। ਫਿਰ ਉਹਨਾਂ ਵਿਚਕਾਰ ਦੋ ਚਾਰ ਰਸਮੀ ਜਿਹੀਆਂ ਖੈਰ-ਓ-ਖਬਰ ਪੁੱਛਣ ਵਰਗੀਆਂ ਗੱਲਾਂ ਹੋਈਆਂ। ਮਹਾਰਾਜੇ ਨੇ ਮੋਰਾਂ ਦੇ ਹੁਸਨ ਦੀਆਂ ਜਿਹੜੀਆਂ ਤਾਰੀਫਾਂ ਕੀਤੀਆਂ ਉਸ ਤੋਂ ਮੋਰਾਂ ਨੇ ਸਹਿਜੇ ਹੀ ਅੰਦਾਜ਼ਾ ਲਾ ਲਿਆ ਕੇ ਮਹਾਰਾਜਾ ਉਸ ਉੱਤੇ ਬੁਰੀ ਤਰ੍ਹਾਂ ਡੁੱਲਿਆ ਪਿਆ ਹੈ। ਮਹਾਰਾਜੇ ਨੂੰ ਬਚਦਾ ਖੁਚਦਾ ਡੰਗਣ ਦੇ ਮਕਸਦ ਨਾਲ ਮੋਰਾਂ ਉੱਠ ਕੇ ਖੜ੍ਹੀ ਹੋ ਗਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰਦੀ ਹੋਈ ਬੋਲੀ, “ਜਹਾਂ ਪਨਾਹ, ਦੀ ਇਜ਼ਾਜਤ ਹੋਵੇ ਤਾਂ ਮੈਂ ਸਾਜੀਦਿਆਂ ਨੂੰ ਬੁਲਾ ਕੇ ਆਪਣੇ ਲੱਕ ਦੇ ਝਟਕੇ ਵਿਖਾਵਾਂ?”
 “ਓ ਰਹਿਣ ਦੇ ਨੱਚਣ ਨੂੰ ਮੋਰਾਂ! ਅੱਜ ਤੂੰ ਧਰਤੀ ਉੱਤੇ ਨਹੀਂ ਮੇਰੇ ਦਿਲ ’ਤੇ ਨੱਚੇਂਗੀ। ਤੇਰੇ ਰੂਪ ਦੀ ਧਮਕ ਸਿੱਧੀ ਕਲੇਜੇ ’ਚ ਵੱਜਦੀ ਆ।ਸਹਾਰ ਨ੍ਹੀਂ ਹੁੰਦਾ ਮੈਥੋਂ।” ਮਹਾਰਾਜਾ ਉੱਠਿਆ ਤੇ ਉਸਨੇ ਮੋਰਾਂ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਲਿਆ।  ਮਹਾਰਾਜੇ ਨੂੰ ਇਕ ਅਸਹਿ ਅਤੇ ਅਕਹਿ ਖੁਸ਼ੀ ਹੁੰਦੀ ਹੈ। ਅਜਿਹੀ ਮੁਸੱਰਤ ਮਹਾਰਾਜੇ ਨੂੰ ਇਸ ਤੋਂ ਪਹਿਲਾਂ ਉਦੋਂ ਹੋਈ ਸੀ। ਜਦੋਂ ਉਸਨੇ ਲਾਹੌਰ ਕਿਲ੍ਹੇ ’ਤੇ ਆਪਣੀ ਜਿੱਤ ਦਾ ਨਿਸ਼ਾਨ ਕੇਸਰੀ ਝੰਡਾ ਝੁਲਾਇਆ ਸੀ।
 ਅਗਲੇ ਦਿਨ ਦੁਪਹਿਰ ਤੱਕ ਮੋਰਾਂ ਤੇ ਮਹਾਰਾਜਾ ਕਸ਼ਮੀਰੀ ਰਜਾਈ ਵਿਚ ਲੇਟੇ ਰਹੇ। ਭੁੱਖ ਲੱਗਣ ’ਤੇ ਮਹਾਰਾਜੇ ਨੇ ਉੱਠ ਕੇ ਕਪੜੇ ਪਾਏ ਤੇ ਮੋਰਾਂ ਵੀ ਆਪਣੇ ਵਸਤਰ ਧਾਰਨ ਕਰਕੇ ਹਮਾਮ ਵੱਲ ਚਲੀ ਗਈ। ਮਹਾਰਾਜੇ ਨੇ ਸ਼ਾਹੀ ਬਾਵਰਚੀਆਂ ਨੂੰ ਖਾਣਾ ਮੰਗਵਾਉਣ ਦਾ ਸੁਨੇਹਾ ਭੇਜ ਕੇ ਲੰਡੂ ਜਿਹਾ ਪੈਗ ਪਾਇਆ। ਸ਼ਰਾਬ ਪੀਦਿਆਂ ਮਹਾਰਾਜੇ ਦੀ ਨਿਗਾਹ ਬਿਸਤਰੇ ਉੱਤੇ ਰਾਤ ਦੇ ਮਿੱਧੇ ਪਏ ਫੁੱਲਾਂ ਉੱਤੇ ਪਈ। ਸ਼ਰਾਬ ਦਾ ਅੱਧਾ ਪਿਆਲਾ ਵਿਚੇ ਛੱਡ ਕੇ ਉਹ ਇਸ਼ਨਾਨ ਕਰ ਰਹੀ ਮੋਰਾਂ ਕੋਲ ਗਿਆ ਤੇ ਕਪੜੇ ਉਤਾਰ ਕੇ ਉਸ ਨਾਲ ਨਹਾਉਣ ਲੱਗ ਪਿਆ।
 ਨਹਾਉਣ ਉਪਰੰਤ ਮੋਰਾਂ ਅਤੇ ਮਹਾਰਾਜੇ ਨੂੰ ਗੋਲੀਆਂ ਨੇ ਕੱਪੜੇ ਪਹਿਨਾ ਕੇ ਤਿਆਰ ਕੀਤਾ। ਮੋਰਾਂ ਦਾ ਰਾਣੀਆਂ ਵਾਂਗ ਹਾਰ-ਸ਼ਿੰਗਾਰ ਕੀਤਾ ਗਿਆ।
 ਖਾਣਾ ਖਾਂਦਿਆਂ ਮਹਾਰਾਜੇ ਤੇ ਮੋਰਾਂ ਨੇ ਇਕੱਠਿਆਂ ਸ਼ਰਾਬ ਪੀਤੀ। ਦਾਸੀਆਂ ਮਹਾਰਾਜੇ ਨਾਲ ਚੋਲ-ਮੋਲ ਕਰਦੀਆਂ ਰਹੀਆਂ।ਭੋਜਨ ਦੀ ਸਮਾਪਤੀ ਉਪਰੰਤ ਮਹਾਰਾਜੇ ਨੇ ਮੋਰਾਂ ਨਾਲ ਅਰਾਮ ਫੁਰਮਾਉਣ ਦੀ ਤਾਕੀਦ ਕਰਕੇ ਅਰਾਮਗਾਹ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
 ਮੁੜ ਦਰਵਾਜ਼ਾ ਰਾਤ ਦੇ ਭੋਜਨ ਸਮੇਂ ਖੁੱਲ੍ਹਿਆ ਤੇ ਖਾਣੇ ਬਾਅਦ ਮਹਾਰਾਜੇ ਤੇ ਮੋਰਾਂ ਨੇ ਫਿਰ ਦਰ ਮੁੜ ਬੰਦ ਕਰ ਲਿਆ।…
 ਇੰਝ ਪੂਰਾ ਇਕ ਮਹੀਨਾ ਦਰਵਾਜ਼ਾ ਕੇਵਲ ਖਾਣਾ ਅਤੇ ਸ਼ਰਾਬ ਜਾਂ ਕੋਈ ਜ਼ਰੂਰੀ ਵਸਤੂ ਲੈਣ ਲਈ ਖੁੱਲ੍ਹਦਾ ਅਤੇ ਫਿਰ ਬੰਦ ਹੋ ਜਾਂਦਾ ਰਿਹਾ। ਮਹਾਰਾਜੇ ਨੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਮਨਾਹੀ ਦੀ ਤਾਕੀਦ ਕਰ ਦਿੱਤੀ ਹੈ। ਕੇਵਲ ਹਰ ਤਿੰਨ ਦਿਨ ਬਾਅਦ ਸਿਰਫ ਫਕੀਰ ਅਜ਼ਾਜ-ਉੱਦ-ਦੀਨ ਮਹਾਰਾਜੇ ਨੂੰ ਮਿਲ ਕੇ ਜਾਂਦਾ ਹੈ। ਉਹ ਵੀ ਮਹਾਰਾਜੇ ਨੂੰ ਕੋਈ ਦਵਾਈ (ਮਰਦਾਨਾ ਤਾਕਤ ਦੀ ਔਸ਼ਧੀ) ਦੇ ਕੇ ਚਲਾ ਜਾਂਦਾ, ਜਿਸ ਨੂੰ ਮਹਾਰਾਜਾ ਸ਼ਰਾਬ ਵਿਚ ਘੋਲ ਕੇ ਪੀਂਦਾ ਹੈ।
 ਪੂਰੇ ਇਕ ਮਹੀਨੇ ਬਾਅਦ ਮਹਾਰਾਜਾ ਮੋਰਾਂ ਤੋਂ ਵਿਦਾਇਗੀ ਲੈ ਕੇ ਸ਼ਾਹੀ ਕੰਮ ਨਿਪਟਾਉਣ ਅਤੇ ਰਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਲ੍ਹੇ ਵਿਚ ਗਿਆ। ਲੇਕਿਨ ਉਥੇ ਉਸਦਾ ਬਹੁਤਾ ਮਨ ਨਾ ਲੱਗਾ। ਰਾਤ ਨੂੰ ਦਾਸੀਆਂ ਅਤੇ ਰਾਣੀਆਂ ਨਾਲ ਵੀ ਉਹਦਾ ਬਹੁਤਾ ਦਿਲ ਨਾ ਪ੍ਰਚਦਾ। ਇਕ ਹਫਤੇ ਵਿਚ ਸਭ ਜ਼ਰੂਰੀ ਕੰਮ ਨਿਪਟਾ ਕੇ ਮਹਾਰਾਜਾ ਫਿਰ ਮੋਰਾਂ ਕੋਲ ਹਵੇਲੀ ਵਿਚ ਚਲਾ ਗਿਆ ਤੇ ਉਸ ਨੇ ਦੋ ਮਹੀਨੇ ਹਵੇਲੀ ਚੋਂ ਬਾਹਰ ਪੈਰ ਨਹੀਂ ਰੱਖਿਆ। ਮਹਾਰਾਜੇ ਨੂੰ ਆਪਣੀ ਸਲਤਨਤ ਦੇ ਕੰਮਾਂ-ਕਾਰਾਂ ਬਾਰੇ ਕੋਈ ਬਹੁਤੀ ਚਿੰਤਾ ਵੀ ਨਹੀਂ ਹੋਈ ਕਿਉਂਕਿ ਹਰ ਕੰਮ ਲਈ ਉਸ ਨੇ ਭਰੋਸੇਯੋਗ ਅਤੇ ਕਾਬਲ ਵਿਅਕਤੀ ਆਹੁਦੇਦਾਰ ਥਾਪੇ ਹੋਏ ਹਨ।ਮਹਾਰਾਜਾ ਮੋਰਾਂ ਨਾਲ ਰੰਗ-ਰਲੀਆ ਮਾਣਦਾ ਅਤੇ ਸ਼ਰਾਬ ਪੀਂਦਾ ਰਿਹਾ।…
 ਇਸ ਪ੍ਰਕਾਰ ਮਹਾਰਾਜਾ ਮਹੀਨੇ ਦੋ ਮਹੀਨੇ ਬਾਅਦ ਹਫਤੇ ਕੁ ਲਈ ਹਵੇਲੀਓ ਬਾਹਰ ਜਾਂਦਾ ਤੇ ਫਿਰ ਵਾਪਿਸ ਮੋਰਾਂ ਕੋਲ ਆ ਜਾਂਦਾ… ਮਹਾਰਾਜਾ ਦਿਨ ਰਾਤ ਹਵੇਲੀ ਵਿਚ ਗੁਜ਼ਾਰਦਾ ਮਹੀਨਾ ਮਹੀਨਾ ਸ਼ਰਾਬ ਦੇ ਦੌਰ ਚਲਦੇ… ਸਾਰਾ ਸਾਰਾ ਦਿਨ ਮੋਰਾਂ ਦਾ ਨਾਚ ਹੁੰਦਾ… ਰਾਤ ਨੂੰ ਮੋਰਾਂ ਮਹਾਰਾਜੇ ਨਾਲ ਸੇਜ ’ਤੇ ਗੁੱਥਮ-ਗੁੱਥਾ ਹੁੰਦੇ।… ਸਮਾਂ ਮਹਾਰਾਜੇ ਦੇ ਸ਼ਾਸ਼ਨ ਵਾਂਗ ਆਪਣੀ ਚਾਲ ਚੱਲਦਾ ਗਿਆ।
 ਮਹਾਰਾਜੇ ਦੇ ਮੋਰਾਂ ਪ੍ਰਤੀ ਸਨੇਹ ਅਤੇ ਪ੍ਰਸ਼ਾਸ਼ਨ ਬਾਰੇ ਲਾਹਪ੍ਰਵਾਹੀ ਵੱਲ ਅਹੁਦੇਦਾਰਾਂ ਨੇ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਜਾਂ ਕਹਿ ਲਉ ਉਹ ਇਸ ਦੇ ਆਦੀ ਹੋ ਗਏ ਹਨ। ਇਹ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਇਹ ਮਹਾਰਾਜੇ ਦਾ ਦਸਤੂਰ ਹੀ ਹੈ ਕਿ ਜਦੋਂ ਵੀ ਕੋਈ ਨਵੀਂ ਇਸਤਰੀ ਪ੍ਰਾਪਤ ਹੁੰਦੀ ਹੈ ਤਾਂ ਪਹਿਲੇ ਕੁਝ ਮਹੀਨੇ ਤਾਂ ਉਹ ਉਸ ਨਾਲ ਦਿਨ ਰਾਤ ਚਿਚੜੀ ਵਾਂਗ ਚਿਭੜਿਆ ਰਹਿੰਦਾ ਹੈ। ਫਿਰ ਆਹੀਸਤਾ ਆਹੀਸਤਾ ਮਹਾਰਾਜੇ ਦਾ ਆਕਰਸ਼ਨ ਉਸ ਵੱਲੋਂ ਘੱਟ ਜਾਂਦਾ। ਇਹ ਆਕਰਸ਼ਨ ਘੱਟਣ ਦੇ ਸਿਰਫ ਦੋ ਕਾਰਨ ਹੁੰਦੇ ਹਨ । ਇਕ ਤਾਂ ਮਹਾਰਾਜੇ ਦਾ ਚੰਚਲ ਮਨ ਕਿਸੇ ਹੋਰ ਉੱਤੇ ਆ ਜਾਂਦਾ ਹੈ ਜਾਂ ਦੂਜਾ ਉਹ ਕਿਸੇ ਯੁੱਧ ’ਤੇ ਚਲਾ ਜਾਂਦਾ ਹੈ। ਜੰਗ ਜਿੱਤ ਕੇ ਪਰਤਣ ਉਪਰੰਤ ਮਹਾਰਾਜੇ ਨੂੰ ਕਈ ਕਈ ਦਿਨ ਆਪਣੀ ਵਿਜਯ ਦਾ ਸਰੂਰ ਰਹਿੰਦਾ ਹੈ। ਉਹ ਕਈ ਕਈ ਦਿਨ ਇਸਦਾ ਜਸ਼ਨ ਮਨਾਉਦਾ ਹੈ। ਅਜਿਹੇ ਮੌਕੇ ਮਹਾਰਾਜਾ ਆਪਣੇ ਸੈਨਾਪਤੀ ਤੋਂ ਹਰ ਦੂਜੇ ਤੀਜੇ ਦਿਨ ਨਵੇਂ ਨਵੇਂ ਨਕਸ਼ੇ ਬਣਾਵਾ ਕੇ ਆਪਣੇ ਅਧਿਕਾਰ ਖੇਤਰ ਨੂੰ ਨਿਰਖਦਾ ਰਹਿੰਦਾ ਹੈ। ਹਾਂ, ਜੇ ਕੋਈ ਇਸਤਰੀ ਮਹਾਰਾਜੇ ਦੇ ਦਿਲ ਨੂੰ ਜ਼ਿਆਦਾ ਟੁੰਬ ਜਾਂਦੀ ਹੈ ਜਾਂ ਉਹ ਇਸਤਰੀ ਕਿਸੇ ਤਕੜੇ ਖਾਨਦਾਨ ਨਾਲ ਸਬੰਧ ਰੱਖਦੀ ਹੁੰਦੀ ਹੈ ਤਾਂ ਮਹਾਰਾਜਾ ਉਸ ਨਾਲ ਬਕਾਇਦਾ ਉਸਦੇ ਧਰਮ ਦੀਆਂ ਰਵਾਇਤਾਂ ਮੁਤਾਬਿਕ ਵਿਆਹ ਵੀ ਕਰਵਾਉਂਦਾ ਹੈ। ਆਪ ਸਿੱਖ ਹੋਣ ਦੇ ਬਾਵਜੂਦ ਵੀ ਉਸ ਨੇ ਹਿੰਦੂ ਰਾਣੀਆਂ ਨਾਲ ਹਿੰਦੂ ਤੇ ਮੁਸਲਮਾਨ ਦਾਸੀਆਂ ਨਾਲ ਇਸਲਾਮੀ ਰੀਤਾਂ ਮੁਤਾਬਕ ਨਿਕਾਹ ਪੜ੍ਹਾਏ ਹਨ। ਅਨੇਕਾਂ ਦਾਸੀਆਂ ਉੱਤੇ ਉਸਨੇ ਚਾਦਰ ਪਾਉਣ ਦੀ ਰਸਮ ਪੁਗਾਈ ਹੈ। ਇਹ ਗੱਲ ਵੱਖਰੀ ਹੈ ਕਿ ਕਈਆਂ ਨੂੰ ਪਟਰਾਣੀ ਦੀ ਪਦਵੀ ਮਿਲੀ ਤੇ ਕਈ ਮਹਿਜ਼ ਉਸਦੀਆਂ ਰਖੇਲਾਂ ਬਣ ਕੇ ਉਸਦੇ ਹਰਮ ਦੀ ਸ਼ੋਭਾ ਤੇ ਗਿਣਤੀ ਵਿਚ ਵਾਧਾ ਕਰਨ ਤੱਕ ਹੀ ਸੀਮਿਤ ਰਹੀਆਂ ਹਨ। ਪਟਰਾਣੀਆਂ ਦਾ ਅਹੁਦਾ ਵੀ ਮਹਾਰਾਜੇ ਦੀ ਕਿਸੇ ਰਾਣੀ ਕੋਲ ਬਹੁਤੀ ਦੇਰ ਨਹੀਂ ਰਹਿੰਦਾ ਹੈ। ਕਿਉਂਕਿ ਮਹਾਰਾਜਾ ਹਰ ਦੂਜੇ ਤੀਜੇ ਸਾਲ ਨਵਾਂ ਵਿਆਹ ਰਚਾ ਲੈਂਦਾ ਹੈ। ਇਉਂ ਪੁਰਾਣੀ ਤੋਂ ਖੋਹ ਕੇ ਸੱਜਰੀ ਰਾਣੀ ਨੂੰ ਪਟਰਾਣੀ ਜਾਂ ਮਹਾਰਾਣੀ ਦੀ ਪਦਵੀ ਬਖਸ਼ ਦਿੱਤੀ ਜਾਂਦੀ ਹੈ।

ਮੋਰਾਂ ਦੀ ਆਮਦ ਨਾਲ ਭਾਵੇਂ ਮਹਾਰਾਜੇ ਦੀ ਦੂਸਰੀਆਂ ਰਾਣੀਆਂ ਵਿਚੋਂ ਦਿਲਚਸਪੀ ਘੱਟ ਗਈ ਹੈ। ਇਸ ਲਈ ਮੋਰਾਂ ਤੋਂ ਦੂਸਰੀਆਂ ਰਾਣੀਆਂ ਨੂੰ ਸ਼ਿਕਾਇਤ ਤਾਂ ਜ਼ਰੂਰ ਹੈ, ਪਰੰਤੂ ਉਸ ਤੋਂ ਜਲਣ ਕਿਸੇ ਨੂੰ ਨਹੀਂ ਹੈ। ਕਿਉਂਕਿ ਮਹਾਰਾਜੇ ਨੇ ਮੋਰਾਂ ਨੂੰ ਨਾ ਤਾਂ ਰਾਜ ਮਹਿਲ ਵਿਚ ਲਿਆਂਦਾ ਅਤੇ ਨਾ ਹੀ ਉਸਨੂੰ ਹਰਮ ਦਾ ਹਿੱਸਾ ਬਣਾਇਆ ਹੈ। ਨਾਲੇ ਫਿਰ ਉਹ ਸੋਚਦੀਆਂ ਹਨ ਕਿ ਮੋਰਾਂ ਕੰਚਨੀ ਤਾਂ ਇਕ ਵੇਸਵਾ ਹੈ, ਗੰਦਾ ਖੂਨ। ਇਕ ਕੰਜਰੀ ਦੀ ਔਲਾਦ, ਕਦ ਤੱਕ ਮਹਾਰਾਜੇ ਕੋਲ ਟਿਕ ਸਕੇਗੀ?
 ਦੋ ਤਿੰਨ ਸਾਲ ਪਲਕ ਝਪਕਦਿਆਂ ਬੀਤ ਗਏ। ਸਮਾਂ ਕਿਵੇਂ ਟਪੂਸੀਆਂ ਮਾਰ ਲੰਘਿਆ ਗਿਆ। ਇਸਦਾ ਕਿਸੇ ਨੂੰ ਕੋਈ ਇਲਮ ਜਾਂ ਅਹਿਸਾਸ ਨਾ ਹੋਇਆ।
 ਅਸਗਤ ਦਾ ਮਹੀਨਾ ਹੋਣ ਕਰਕੇ ਨਾ ਗਰਮੀ ਅਤੇ ਨਾ ਹੀ ਸਰਦੀ ਹੈ। ਮੋਰਾਂ ਦਾ ਮਨ ਸੈਰ ਕਰਨ ਨੂੰ ਕੀਤਾ। ਮਹਾਰਾਜੇ ਨੇ ਫੌਰਨ ਲਖੀਆ ਹਾਥੀ (ਇਸ ਦਾ ਸ਼ਿੰਗਾਰ ਅਤੇ ਦੁਸ਼ਾਲਿਆਂ ਦੀ ਕੀਮਤ 1.5 ਲੱਖ ਸੀ) ਮੰਗਵਾਇਆ ਤੇ ਆਪਣੇ ਨਾਲ ਛੱਤਰ ਹੇਠ ਬੈਠਾ ਕੇ ਲਾਹੌਰ ਦੀ ਸੈਰ ਕਰਵਾਉਣ ਤੁਰ ਪਿਆ। ਮਕਾਨਾਂ ਨੂੰ ਸਜਰੀਆਂ ਕੀਤੀਆਂ ਕਲੀਆਂ ਤੇ ਦੁਕਾਨਾਂ ਨੂੰ ਉਚੇਚਾ ਸਜਾਇਆ ਦੇਖ ਕੇ ਮੋਰਾਂ ਨੇ ਮਹਾਰਾਜੇ ਤੋਂ ਇਸਦਾ ਕਾਰਨ ਪੁੱਛਿਆ। ਮਹਾਰਾਜਾ ਇਉਂ ਜੋਸ਼ ਵਿਚ ਆ ਕੇ ਬੋਲਣ ਲੱਗਾ ਜਿਵੇਂ ਉਹ ਪਹਿਲਾਂ ਹੀ ਦੱਸਣ ਲਈ ਕਾਹਲਾ ਹੁੰਦਾ ਹੈ, “ਹੁਣ ਤੋਂ ਕੁਝ ਦਿਨਾਂ ਬਾਅਦ ਅਗਲੇ ਮਹੀਨੇ ਨਵੰਬਰ ਵਿਚ ਮੇਰੀ ਸਾਲਗਿਰਾ ਹੈ। ਅੱਜ ਤੋਂ ਤਕਰੀਬਨ 31 ਸਾਲ ਪਹਿਲਾਂ ਮੇਰਾ ਜਨਮ ਆਪਣੇ ਨਾਨਕੇ ਘਰ ਬੱਡਰੱਖਾਂ ਵਿਖੇ ਹੋਇਆ ਸੀ। ਜਾਣਦੀ ਏ ਜਦੋਂ ਮੇਰੀ ਮਾਤਾ ਪੈਦਾ ਹੋਈ ਸੀ ਤਾਂ ਫੂਲਵੰਸ਼ੀ ਰਾਜੇ ਸੁਖਚੈਨ ਦਾ ਸਪੁੱਤਰ ਯਾਨੀ ਮੇਰੇ ਨਾਨੇ ਗਜਪਤਿ ਸਿੰਘ ਨੇ ਸਨਾਤਨੀ ਪ੍ਰਥਾ ਮੁਤਾਬਕ ਮੇਰੀ ਮਾਤਾ ਨੂੰ ਜੀਉਂਦਿਆਂ ਧਰਤੀ ਵਿਚ ਦੱਭ ਦਿੱਤਾ ਸੀ। ਇਕ ਮਹਾਂਪੁਰਸ਼ ਬਾਬਾ ਗੁੱਦੜ ਜੀ ਨੇ ਮੇਰੀ ਮਾਤਾ ਨੂੰ ਮੱਠ ਵਿਚੋਂ ਕੱਢਵਾਇਆ ਤੇ ਮੇਰੇ ਨਾਨੇ ਨੂੰ ਝਾੜਾਂ ਪਾਉਂਦਿਆਂ ਦੱਸਿਆ ਸੀ ਕਿ ਇਸ ਲੜਕੀ ਦੀ ਕੁੱਖੋਂ ਇਕ ਮਹਾਬਲੀ ਪੈਦਾ ਹੋਵੇਗਾ। ਬਾਬਾ ਜੀ ਦੀ ਉਹ ਭਵਿੱਖਬਾਣੀ ਸੱਚ ਸਾਬਤ ਹੋ ਗਈ ਹੈ। ਮੇਰੇ ਜਨਮ ਦਿਹਾੜੇ ਦਾ ਸਾਰੇ ਲਾਹੌਰ ਨੂੰ ਚਾਅ ਚਾੜ੍ਹ ਜਾਂਦਾ ਹੈ। ਮੇਰੀ ਪਰਜਾ ਸੁੱਖ ਦੀ ਨੀਂਦ ਸਾਉਂਦੀ ਤੇ ਢੋਲੇ ਮਾਹੀਏ ਗਾਉਂਦੀ ਹੈ। ਲੋਕ ਮੇਰੇ ਰਾਜ ਨੂੰ ਇੰਦਰ ਤੇ ਬਿਕਰਮਾ ਦਿੱਤਯ ਦੇ ਰਾਜ ਤੋਂ ਸਰਵਉੱਤਮ ਗਰਦਾਨਦੇ ਹਨ। ਮੈਂ ਸਿੱਖ ਰਾਜ ਸਥਾਪਤ ਕੀਤਾ ਹੈ, ਪਰ ਮੁਗਲਾਂ ਵਾਂਗ ਤੁਅਸਬੀ ਨਹੀਂ ਬਣਿਆ। ਮੈਂ ਜ਼ਬਰੀ ਕਿਸੇ ਦਾ ਧਰਮ ਪ੍ਰਵਿਤਰਨ ਨਹੀਂ ਕਰਵਾਇਆ। ਸਭ ਧਰਮਾਂ ਲਈ ਮੇਰੇ ਦਿਲ ਵਿਚ ਪੂਰੀ ਸ਼ਰਧਾ ਹੈ। ਆਪਣੇ ਜਨਮ ਦਿਨ ਦੇ ਪਵਿੱਤਰ ਮੌਕੇ ਮੈਂ ਮੰਦਰ ਵਿਚ ਜਾ ਕੇ ਹਵਨ ਕਰਵਾਉਂਦਾ ਹਾਂ, ਮੱਥੇ ’ਤੇ ਚੰਦਨ ਨਾਲ ਰਲੇ ਕੇਸਰ ਦਾ ਤਿਲਕ ਲਾਉਂਦਾ ਹਾਂ। ਪੀਰਾਂ ਦੀ ਦਰਗਾਹ ’ਤੇ ਚਾਦਰ ਚੜ੍ਹਾ ਕੇ ਆਉਂਦਾ ਹਾਂ।ਦਰਬਾਰ ਸਾਹਿਬ ਖੁਸ਼ੀ ਨਮਿਤ ਖੋਲ੍ਹੇ ਗਏ ਅਖੰਠ ਪਾਠ ਦੇ ਭੋਗ ਦੀ ਅਰਦਾਸ ਵਿਚ ਸ਼ਾਮਿਲ ਹੁੰਦਾ ਹਾਂ। ਉਸ ਤੋਂ ਉਪਰੰਤ ਮੈਂ ਗਰੀਬਾਂ ਨੂੰ ਪੈਸੇ ਧੇਲੇ ਅਤੇ ਕੱਪੜੇ ਆਦਿਕ ਚੀਜ਼ਾਂ ਦਾਨ ਕਰਿਆ ਕਰਦਾ ਹਾਂ। ਪਿਛਲੇ ਵਰ੍ਹੇ ਜਾਗੀਰਾਂ ਤੋਂ ਇਲਾਵਾ ਮੈਂ ਬਾਰ੍ਹਾਂ ਲੱਖ ਦਾਨ ’ਤੇ ਖਰਚੇ। ਇਸ ਮੁਬਾਰਕ ਦਿਨ ਕੈਦੀਆਂ ਦੀ ਸਜ਼ਾਵਾਂ ਬਖਸ਼ ਦਿੰਦਾ ਜਾਂ ਘੱਟ ਕਰ ਦਿੰਦਾ ਹਾਂ।…”
 ਵੇਗ ਵਿਚ ਆਇਆ ਮਹਾਰਾਜਾ ਚੁੱਪ ਕਰਨ ਦਾ ਨਾਮ ਨਾ ਲੈਂਦਾ ਜੇ ਕਿਧਰੇ ਮੋਰਾਂ ਵਿਚੋਂ ਨਾ ਟੋਕਦੀ, “ਅੱਛਾ ਮਹਾਰਾਜ, ਧੂਮਧਾਮ ਨਾਲ ਜਨਮ ਦਿਨ ਤਾਂ ਤੁਸੀਂ ਪਹਿਲਾਂ ਵੀ ਮਨਾਉਂਦੇ ਆਏ ਹੋ। ਪਰ ਇਸ ਵਾਰ ਤੁਹਾਡੀ ਸਾਲਗਿਰਾ ਦੇ ਜ਼ਸ਼ਨ ਵੱਖਰੇ ਹੀ ਹੋਣਗੇ। ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ!”
 “ਉਹ ਕਿਵੇਂ?” ਮਹਾਰਾਜੇ ਨੇ ਉਤਸੁਕਤਾ ਦਾ ਇਜ਼ਹਾਰ ਕੀਤਾ।
 “ਇਸ ਵਾਰ ਮੋਰਾਂ ਕੰਚਨੀ ਤੁਹਾਡੀ ਸਾਲਗਿਰਾ ਦੀ ਰੋਜ਼ ਪੂਰੀ ਰਾਤ ਐਸਾ ਨਾਚ ਨੱਚੇਗੀ ਕੀ ਤਵਾਰੀਖ ਦੇ ਪੰਨੇ ਵੀ ਉਸਨੂੰ ਕਦੇ ਭੁੱਲ ਨਹੀਂ ਸਕਣਗੇ। ਤੁਹਾਡੇ ਕੰਨਾਂ ਨੂੰ ਮੇਰੇ ਘੂੰਗਰੂਆਂ ਦੀ ਛਨਕਾਹਟ ਵਿਚ ਬਸ਼ੀਰਾ ਬਿੱਲੋ (ਉਸ ਸਮੇਂ ਦੀ ਪ੍ਰਸਿੱਧ ਗਵਿਤਰੀ) ਦੀ ਆਵਾਜ਼ ਫਿੱਕੀ ਤੇ ਬੇਸੁਰੀ ਲੱਗੇਗੀ।”
 ਮਹਾਰਾਜੇ ਦੇ ਜਨਮ ਦਿਹਾੜੇ ’ਤੇ ਦਸਤੂਰਨ ਕੀਤੇ ਜਾਣ ਵਾਲੇ ਸਾਰੇ ਕਾਰਜ ਪਹਿਲਾਂ ਵਾਂਗ ਹੀ ਹੋਏ। ਅਲਬੱਤਾ ਇਕ ਗੱਲ ਵੱਖਰੀ ਹੋਈ ਕਿ ਇਸ ਵਾਰ ਸਭ ਰਸਮਾਂ ਵਿਚ ਮੋਰਾਂ ਨੇ ਮਹਾਰਾਜੇ ਨਾਲ ਸ਼ਿਰਕਤ ਕੀਤੀ। ਅੱਜ ਤੱਕ ਇਹ ਸੁਭਾਗ ਮਹਾਰਾਜੇ ਦੀ ਕਿਸੇ ਰਾਣੀ ਨੂੰ ਵੀ ਪ੍ਰਾਪਤ ਨਹੀਂ ਹੋਇਆ ਹੈ।ਪਹਿਲਾਂ ਮਹਾਰਾਜਾ ਆਪ ਹੱਥੀਂ ਦਾਨ ਕਰਿਆ ਕਰਦਾ ਸੀ। ਅਲਬੱਤਾ, ਇਸ ਵਾਰ ਅਲੌਕਿਕ ਘਟਨਾ ਘਟੀ ਕਿ ਮਹਾਰਾਜੇ ਨੇ ਆਪਣੀ ਬਜਾਏ ਸਾਰਾ ਦਾਨ ਪੁੰਨ ਮੋਰਾਂ ਦੇ ਦਸਤ-ਏ-ਮੁਬਾਰਕ ਤੋਂ ਕਰਵਾਇਆ। ਹਰ ਥਾਂ ਮੋਰਾਂ ਮਹਾਰਾਜੇ ਦੇ ਪਿਛੇ ਲੈਲਾ ਘੋੜੇ ’ਤੇ ਬੈਠ ਕੇ ਉਸ ਨਾਲ ਜਾਂਦੀ ਰਹੀ। ਮਹਾਰਾਜੇ ਨੇ ਕੁਮੈਤੀ ਰੰਗਾ 16 ਮੁੱਠੀ ਇਹ ਘੋੜਾ ਪਿਸ਼ਾਵਰ ਦੇ ਹਾਕਿਮ ਸੁਲਤਾਨ ਮੁਹੰਮਦ ਬਾਰਕਜ਼ਈ ਤੋਂ ਬੜੀ ਜਦੋ-ਜਹਿਦ ਉਪਰੰਤ ਧੱਕੇ ਨਾਲ ਪ੍ਰਾਪਤ ਕੀਤਾ ਸੀ। ਇਸ ਦੇ ਸਾਜ ਰਤਨਾਂ ਅਤੇ ਯਾਕੂਬਾਂ ਨਾਲ ਜੜਾਏ ਹਨ ਤੇ ਮਹਾਰਾਜੇ ਦੇ ਸਿਵਾਏ ਕਿਸੇ ਹੋਰ ਨੂੰ ਇਸ ਦੀ ਸਵਾਰੀ ਕਰਨ ਦੀ ਆਗਿਆ ਨਹੀਂ ਹੈ।
 ਇਸ ਖਬਰ ਬਾਰੇ ਪਤਾ ਲੱਗਣ ’ਤੇ ਸਾਰੇ ਸ਼ਾਹੀ ਮਹਿਲ ਵਿਚ ਹੱਲਚਲ ਮੱਚ ਗਈ।ਸਭ ਨੂੰ ਮਹਾਰਾਜੇ ਦੇ ਇਸ ਕਾਰੇ ਦਾ ਦੁੱਖ ਹੋਇਆ। ਰਾਣੀ ਦਾਤਾਰ ਕੌਰ ਨੂੰ ਤਾਂ ਸੱਤੀਂ ਕੱਪੜੀ ਅੱਗ ਲੱਗ ਗਈ। ਜਦੋਂ ਸਾਲਗੀਰਾਂ ਦੇ ਅਗਲੇ ਦਿਨ ਮਹਾਰਾਜਾ ਮਹਿਲ ਵਿਚ ਪਰਤਿਆ ਤਾਂ ਦਾਤਾਰ ਕੌਰ ਮਹਾਰਾਜੇ ਨੂੰ ਟੁੱਟ ਕੇ ਪੈ ਗਈ। ਪੰਜ ਸੱਤ ਮਿੰਟ ਮਹਾਰਾਜਾ ਦਾਤਾਰ ਕੌਰ ਦੀਆਂ ਗੱਲਾਂ ਸੁਣਦਾ ਰਿਹਾ, ਪਰ ਫਿਰ ਉਸ ਤੋਂ ਬਰਦਾਸ਼ਤ ਨਾ ਕਰ ਹੋਇਆ ਤੇ ਉਸਨੇ ਪੁੱਠੇ ਹੱਥ ਦੀ ਵੱਟ ਕੇ ਇਕ ਚੁਪੇੜ ਮਾਰੀ। ਜਿਸ ਨਾਲ ਦਾਤਾਰ ਕੌਰ ਕਈ ਗਜ਼ ਦੂਰ ਜਾ ਡਿੱਗੀ। ਕਰੋਧ ਵਿਚ ਆ ਕੇ ਮਹਾਰਾਜੇ ਨੇ ਰਾਣੀ ਦਾਤਾਰ ਕੌਰ ਨੂੰ ਮਹਿਲ ਵਿਚੋਂ ਕੱਢ ਦਿੱਤਾ ਤੇ ਸ਼ੇਖੂਪੁਰੇ ਭੇਜ ਕੇ ਗੁਜ਼ਾਰੇ ਲਈ ਜਗੀਰ ਬਖਸ਼ ਦਿੱਤੀ।
 ਇਸ ਘਟਨਾ ਤੋਂ ਬਾਅਦ ਮਹਾਰਾਜਾ ਮੋਰਾਂ ਨੂੰ ਹੋਰ ਵੀ ਜ਼ਿਆਦਾ ਚਾਹੁਣ ਲੱਗ ਪਿਆ। ਮਹਾਰਾਜੇ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਗਰਮੀ ਵਿਚ ਵਧੇਰੇ ਸਮਾਂ ਉਹ ਸ਼ਿਕਾਰ ਖੇਡਣ ਅਤੇ ਝੀਲਾਂ ਕੰਡੇ ਗੁਜ਼ਾਰਨਾ ਪਸੰਦ ਕਰਦਾ ਹੈ। ਮੋਰਾਂ ਮਹਾਰਾਜੇ ਦੇ ਪਿਛੇ ਘੋੜੇ ’ਤੇ ਬੈਠ ਕੇ ਨਾਲ ਸ਼ਿਕਾਰ ਖੇਡਣ ਵੀ ਜਾਣ ਲੱਗ ਪਈ ਹੈ। ਕਈ ਵਾਰੀ ਤਾਂ ਮਹਾਰਾਜਾ ਮੋਰਾਂ ਨਾਲ ਘੋੜ ਦੌੜ ਦਾ ਮੁਕਾਬਲਾ ਵੀ ਕਰਦਾ ਹੈ। ਰਫਤਾ-ਰਫਤਾ ਮਹਾਰਾਜੇ ਦੇ ਤਕਰੀਬਨ ਸਾਰੇ ਕੰਮਾਂ ਵਿਚ ਮੋਰਾਂ ਹੱਥ ਵਟਾਉਣ ਲੱਗ ਪਈ ਹੈ।ਮਹਾਰਾਜੇ ਨੂੰ ਮੋਰਾਂ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਹੈ। ਮੋਰਾਂ ਫਰੰਗੀ ਔਰਤਾਂ ਵਾਂਗ ਖੁੱਲ੍ਹੇ ਸੁਭਾਅ ਅਤੇ ਮਹਾਰਾਜੇ ਵਾਂਗ ਤੇਜ਼ ਦਿਮਾਗ ਹੈ। ਪਠਾਣੀਆਂ ਵਾਂਗ ਦਲੇਰ ਅਤੇ ਅਰਬਣਾਂ ਵਰਗੀ ਸੁਨੱਖੀ ਤਾਂ ਹੈ ਹੀ। ਮਹਾਰਾਜਾ ਸ਼ਾਹੀ ਕਿਲ੍ਹੇ ਵਿਚ ਘੱਟ ਵੱਧ ਹੀ ਵੜ੍ਹਦਾ ਹੈ। 
ਮੋਰਾਂ ਦੀ ਮਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਦੀ ਤੀਮਾਰਦਾਰੀ ਲਈ ਮੋਰਾਂ ਨੇ ਮਹਾਰਾਜੇ ਤੋਂ ਕੁਝ ਦਿਨ ਲਈ ਹੀਰਾ ਮੰਡੀ ਵਿਚ ਜਾਣ ਦੀ ਆਗਿਆ ਮੰਗੀ। ਮਹਾਰਾਜੇ ਨੇ ਕੋਈ ਇਤਰਾਜ਼ ਨਾ ਕੀਤਾ, ਕਿਉਂਕਿ ਖੁਦ ਉਸ ਨੇ ਵੀ ਆਪਣੀਆਂ ਦੂਰਾਡੇ ਦੀਆਂ ਰਿਆਸਤਾਂ ਦਾ ਜਾਇਜ਼ਾ ਲੈਣ ਕੁਝ ਦਿਨਾਂ ਲਈ ਬਾਹਰ ਜਾਣ ਦਾ ਮਨਸੂਬਾ ਬਣਾਇਆ ਹੋਇਆ ਹੈ।
 ਰਣਜੀਤ ਸਿੰਘ ਕਸ਼ਮੀਰ ਤੋਂ ਪਰਤਦਾ ਹੈ ਤਾਂ ਮਹਿਲ ਵਿਚ ਮਹਾਰਾਜੇ ਦੀ ਜੀਵਨ-ਜਾਚ ਪਹਿਲਾਂ ਵਾਂਗ ਹੋ ਜਾਂਦੀ ਹੈ। ਸਵੇਰੇ ਪੰਜ ਵਜੇ ਉੱਠ ਕੇ ਮਹਾਰਾਜਾ ਇਸ਼ਨਾਨ ਕਰਕੇ ਤਿਆਰ ਹੋ ਜਾਂਦਾ। ਪੂਜਾ ਕਰਕੇ ਆਪਣੀ ਘੋੜੀ ’ਤੇ ਸਵਾਰ ਹੁੰਦਾ ਤੇ ਬਾਹਰ ਨਿਕਲ ਜਾਂਦਾ।ਪੈਦਲ ਸੈਨਾ, ਘੋੜ ਸਵਾਰ, ਫੌਜ-ਏ-ਖਾਸ ਅਤੇ ਤੋਪਖਾਨੇ ਦਾ ਖੁਦ ਮੁਆਇਨਾ ਕਰਦਾ। ਪੂਰੇ ਦੋ ਘੰਟੇ ਆਪਣੀ ਫੌਜ ਦਾ ਨਰਿਖਣ ਕਰਦਾ ਹੋਇਆ ਮਹਾਰਾਜਾ ਆਪਣੇ ਸਕੱਤਰ ਨੂੰ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਆਦੇਸ਼ ਵੀ ਦਿੰਦਾ ਰਹਿੰਦਾ। ਨੌ ਕੁ ਵਜੇ ਦੇ ਕਰੀਬ ਅਕਾਲ ਸੈਨਾ ਨੂੰ ਨਿਰਖਦਾ-ਪਰਖਦਾ ਘੋੜੇ ਉੱਤੇ ਬੈਠਾ ਹੀ ਸਵੇਰੇ ਦਾ ਨਾਸ਼ਤਾ ਕਰਦਾ। ਇਸ ਤੋਂ ਅੱਧੇ ਘੰਟੇ ਬਾਅਦ ਮਹਾਰਾਜਾ ‘ਸਰਕਾਰ ਖਾਲਸਾ’ ਸਜਾਉਂਦਾ। ਰਾਜ ਪ੍ਰਬੰਧ ਦਾ ਸਾਰਾ ਕਾਰ-ਵਿਹਾਰ ਮਹਾਰਾਜੇ ਨੂੰ ਦੱਸਿਆ ਜਾਂਦਾ। ਮਸੂਲ, ਮਾਮਲਿਆਂ, ਆਮਦਨ ਅਤੇ ਖਰਚ ਦਾ ਸਾਰਾ ਹਿਸਾਬ ਕਿਤਾਬ ਮਹਾਰਾਜਾ ਆਪ ਕਰਦਾ। ਇਸ ਤੋਂ ਇਲਾਵਾ ਰਿਆਸਤ ਦੇ ਬਾਕੀ ਮਸਲੇ ਨਜਿੱਠਦਾ। ਦੁਪਿਹਰ ਬਾਰਾਂ ਤੋਂ ਇਕ ਵਜੇ ਤੱਕ ਗੁਰਬਾਣੀ ਜਾਂ ਕੀਰਤਨ ਸਰਵਨ ਕਰਦਾ। ਉਸ ਉਪਰੰਤ ‘ਦਰਬਾਰ ਖਾਲਸਾ’ ਲੱਗ ਜਾਂਦਾ। ਰਿਆਸਤ ਦੇ ਘਰੇਲੂ ਮਸਲੇ ਅਤੇ ਫਰਿਆਦੀਆਂ ਦੀਆਂ ਬੇਨਤੀਆਂ ਜਾਂ ਛੋਟੇ ਮੋਟੇ ਗੁਆਡੀ ਰਾਜਾਂ ਨਾਲ ਝਗੜਿਆਂ ਅਤੇ ਸਮਸਿਆਵਾਂ ਦਾ ਨਿਪਟਾਰਾ ਇਸੇ ਦਰਬਾਰ ਵਿਚ ਕਰਦਾ। ਪੰਜ ਵਜੇ ਮਹਾਰਾਜਾ ਦਰਬਾਰ ਖਾਰਜ ਕਰਕੇ ਮਨੋਰੰਜਨ ਲਈ ਨਾਚ-ਗਾਣੇ ਦਾ ਆਨੰਦ ਮਾਣਦਾ। ਰਾਤ ਨੂੰ ਅੱਠ ਵਜੇ ਭੋਜਨ ਕਰਕੇ ਸ਼ਰਾਬ ਪੀਂਦਾ ਤੇ ਆਪਣੀਆਂ ਰਾਣੀਆਂ ਅਤੇ ਦਾਸੀਆਂ ਕੋਲ ਰੰਗ-ਰਲੀਆਂ ਮਾਣਦਾ ਸੌਂ ਜਾਂਦਾ।
 ਬਸ ਇਹੀ ਨਿੱਤ-ਚਰਿਆ ਹੈ ਮਾਹਾਰਾਜੇ ਦੀ ਕਈ ਸਾਲਾਂ ਤੋਂ।
 ਕੁਝ ਕੁ ਦਿਨਾਂ ਬਾਅਦ ਮਹਾਰਾਜੇ ਨੂੰ ਇਕ ਨ੍ਰਿਤਕੀ ਦਾ ਨ੍ਰਿਤ ਦੇਖਦਿਆਂ ਮੋਰਾਂ ਦਾ ਚੇਤਾ ਆਉਂਦਾ ਹੈ। ਉਹ ਮੋਰਾਂ ਨੂੰ ਬੁਲਾਉਣ ਦਾ ਸੱਦਾ ਦਿੰਦਾ ਹੈ ਤਾਂ ਮੋਰਾਂ ਆਪਣੀ ਮਾਂ ਦੀ ਬਿਮਾਰੀ ਦਾ ਕਾਰਨ ਦੱਸ ਕੇ ਮਹਾਰਾਜੇ ਕੋਲ ਨਾ ਆਉਣ ਦਾ ਬਹਾਨਾ ਮਾਰ ਦਿੰਦੀ ਹੈ। ਮਹਾਰਾਜਾ ਤੜਫ ਜਾਂਦਾ ਹੈ। ਉਹ ਆਪਣੇ ਫਰੰਗੀ ਸਿਪਾਹਸਿਲਾਰ ਫੋਰਡ ਅਤੇ ਅਸਤਬਲ ਦੇ ਜਰਨੈਲ ਡੋਗਰਾ ਸੁਚੇਤ ਸਿੰਘ ਤੋਂ ਮੋਰਾਂ ਦੀ ਰਿਹਾਸ਼ਿਗਾਹ ਨੂੰ ਜਾਂਦੀ ਇਕ ਸੁਰੰਗ ਪਟਾਵਾ ਲੈਂਦਾ ਹੈ ਤੇ ਰਾਤ ਨੂੰ ਜਾ ਮੋਰਾਂ ਨੂੰ ਮਿਲਦਾ ਹੈ।
 ਮਹਾਰਾਜਾ ਅਤੇ ਮੋਰਾਂ ਦਾ ਖੂਫੀਆ ਮਿਲਨ ਰੋਜ਼ ਸੁਰੰਗ ਰਾਹੀਂ ਹੋਣ ਲੱਗਦਾ ਹੈ।
 ਇਕ ਦਿਨ ਬੈਠੀ ਬੈਠੀ ਰਾਣੀ ਮਹਿਤਾਬ ਕੌਰ ਮੋਰਾਂ ਬਾਰੇ ਸੋਚਣ ਲੱਗ ਪੈਂਦੀ ਹੈ। ਮਹਿਤਾਬ ਕੌਰ ਨੇ ਮੋਰਾਂ ਨੂੰ ਮਹਾਰਾਜੇ ਨਾਲ ਮਿਲਣ ਦੇ ਸਮੇਂ ਦਾ ਲੇਖਾਂ ਜੋਖਾ ਕਰਿਆ ਤਾਂ ਮਹਿਤਾਬ ਕੌਰ ਦਾ ਹੈਰਤ ਨਾਲ ਮੂੰਹ ਅੱਡਿਆ ਰਹਿ ਗਿਆ।ਮੋਰਾਂ ਨੂੰ ਮਹਾਰਾਜੇ ਦੀ ਜ਼ਿੰਦਗੀ ਵਿਚ ਆਇਆ ਸੱਤ ਅੱਠ ਸਾਲ ਬੀਤ ਗਏ ਹਨ। ਇਹ ਐਨੇ ਸਾਲ ਕਿਵੇਂ ਗੁਜ਼ਰ ਗਏ? ਕਿਸੇ ਨੂੰ ਪਤਾ ਹੀ ਨਾ ਚੱਲਿਆ। ਖੁਦ ਮਹਾਰਾਜੇ ਨੂੰ ਇਸਦਾ ਅਭਾਸ ਤਾਂ ਹੋਣਾ ਹੀ ਕਿਥੋਂ ਹੈ।
 ਮਹਾਰਾਜੇ ਦੀ ਸਲਾਨਾ ਆਮਦਨ ਦਾ ਜਦੋਂ ਲੇਖਾ ਜੋਖਾ ਹੁੰਦਾ ਤਾਂ ਸਭ ਤੋਂ ਪਹਿਲਾਂ ਕੁਲ ਆਮਦਨ ਦਾ ਦਸਵਾਂ ਹਿੱਸਾ ਮਹਾਰਾਜਾ ਦਾਨ ਪੁੰਨ ’ਤੇ ਖਰਚਦਾ ਹੈ। ਬਾਕੀ 40% ਸਰਕਾਰੀ ਖਜ਼ਾਨੇ ਵਿਚ ਰਾਜ ਪ੍ਰਬੰਧ ਅਤੇ ਜੰਗੀ ਕਾਰਜਾਂ ਲਈ। ਉਸ ਦਾ ਬਚਦਾ 50% ਉਹ ਆਪਣੀ ਅਯਾਸ਼ੀ ਲਈ ਰਾਖਵਾਂ ਰੱਖਦਾ। ਇਸ ਰਕਮ ਦਾ ਵਧੇਰੇ ਹਿੱਸਾ ਉਹ ਸ਼ਿਕਾਰ, ਸ਼ਰਾਬ ਅਤੇ ਸ਼ਬਾਬ ਉੱਤੇ ਖਰਚਦਾ।
 ਮੋਰਾਂ ਨੂੰ ਮਹਾਰਾਜੇ ਕੋਲ ਆਉਣ ਤੋਂ ਬਾਅਦ ਜਦੋਂ ਵੀ ਕਿਸੇ ਨੇ ਦੇਖਿਆ ਹੈ ਤਾਂ ਹੀਰੇ ਜ਼ਵਾਹਰਾਤ ਅਤੇ ਸੋਨੇ ਨਾਲ ਲੱਧੀ ਦੇਖਿਆ ਹੈ।ਮੋਰਾਂ ਮਹਾਰਾਜਾ ਰਣਜੀਤ ਸਿੰਘ ’ਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ। ਮਹਾਰਾਜਾ ਮੋਰਾਂ ’ਤੇ ਬੂਰੀ ਤਰ੍ਹਾਂ ਫਿਦਾ ਹੈ…।
 ਬੜੇ ਅਰਸੇ ਬਾਅਦ ਅੱਜ ਇਹ ਹੋਇਆ ਹੈ ਕਿ ਮਹਾਰਾਜਾ ਦਰਬਾਰ ਲਾਉਣ ਉਪਰੰਤ ਰਾਜ ਮਹਿਲ ਦੇ ਜਨਾਨਖਾਨੇ ਵੱਲ ਆਇਆ ਹੈ ਤੇ ਦਾਸੀਆਂ ਨਾਲ ਬੈਠ ਕੇ ਸਤਰੰਜ਼ ਖੇਡਣ ਜਾ ਰਿਹਾ ਹੈ। ਮਹਾਰਾਜੇ ਦੇ ਸ਼ਤਰੰਜ ਖੇਡਣ ਦਾ ਢੰਗ ਵੀ ਨਿਰਾਲਾ ਹੈ। ਹਰਮ ਦੇ ਵਿਸ਼ਾਲ ਭਵਨ ਵਿਚ ਧਰਤੀ ਉੱਤੇ ਸ਼ਤਰੰਜ ਦਾ ਖਾਕਾ ਬਣਿਆ ਹੋਇਆ ਹੈ। ਮੋਹਰਿਆਂ ਦੀ ਥਾਂ ਉੱਤੇ ਦਾਸੀਆਂ ਅਤੇ ਮਹਾਰਾਜੇ ਦੀਆਂ ਰਾਣੀਆਂ ਖੜ੍ਹੀਆਂ ਹੁੰਦੀਆਂ ਹਨ। ਇਕ ਪਾਸੇ ਮਹਾਰਾਜਾ ਆਪਣੀਆਂ ਮਨ ਪਸੰਦ ਉਹ ਦਾਸੀਆਂ ਅਤੇ ਰਾਣੀਆਂ ਨੂੰ ਸਤਰੰਜ਼ ਵਿਚ ਖੜ੍ਹਾ ਲੈਂਦਾ ਹੈ, ਜਿਨ੍ਹਾਂ ਨਾਲ ਉਸ ਰਾਤ ਉਸਨੂੰ ਭੋਗ-ਵਿਲਾਸ ਦੀ ਇੱਛਾ ਹੁੰਦੀ ਹੈ ਤੇ ਦੂਜੇ ਪਾਸੇ ਉਹ ਰਾਣੀਆਂ ਜਾਂ ਦਾਸੀਆਂ ਖੜ੍ਹਦੀਆਂ ਹਨ, ਜੋ ਬਚ ਜਾਂਦੀਆਂ ਹਨ। ਉਸਦੇ ਵਿਰੁੱਧ ਉਹ ਰਾਣੀ ਖੇਡਦੀ ਹੈ, ਜੋ ਉਸ ਰਾਤ ਮਹਾਰਾਜੇ ਨਾਲ ਹਮਬਿਸਤਰੀ ਦੀ ਚਾਹਵਾਨ ਹੁੰਦੀ ਹੈ। ਮਹਾਰਾਜੇ ਵਾਲੇ ਪਾਸੇ ਉਹ ਰਾਣੀ ਜਾਂ ਦਾਸੀ ਰਾਜੇ ਵਾਲੇ ਖਾਨੇ ਵਿਚ ਖੜ੍ਹਦੀ ਹੈ, ਜਿਸ ਨਾਲ ਮਹਾਰਾਜਾ ਰਾਤ ਗੁਜ਼ਰਾਨ ਦਾ ਇਛੁੱਕ ਹੁੰਦਾ ਹੈ। ਜੇਕਰ ਮਹਾਰਾਜਾ ਜਿੱਤ ਜਾਵੇ ਤਾਂ ਆਪਣੇ ਪਾਸੇ ਵਾਲੀ ਰਾਣੀ ਨਾਲ ਰਾਸ ਰਚਾਉਂਦਾ ਹੈ। ਜੇ ਉਹ ਹਾਰ ਜਾਵੇ ਤਾਂ ਉਸ ਦੇ ਵਿਰੁੱਧ ਖੇਡਣ ਵਾਲੀ ਰਾਣੀ ਲਈ ਮਹਾਰਾਜੇ ਨੂੰ ਉਹ ਰਾਤ ਰਾਖਵੀਂ ਰੱਖਣੀ ਪੈਂਦੀ ਹੈ। ਮਹਾਰਾਜਾ ਚੌਪਟ ਵੀ ਇਸੇ ਪ੍ਰਕਾਰ ਖੇਡਦਾ ਹੈ। ਆਮ ਤੌਰ ’ਤੇ ਦਾਤਾਰ ਕੌਰ ਹੀ ਮਹਾਰਾਜੇ ਦੇ ਵਿਰੁੱਧ ਖੇਡਦੀ ਹੁੰਦੀ ਸੀ ਤੇ ਹਮੇਸ਼ਾਂ ਮਹਾਰਾਜੇ ਤੋਂ ਜਿੱਤ ਜਾਇਆ ਕਰਦੀ ਸੀ।
 ਲੇਕਿਨ ਅੱਜ ਮਹਾਰਾਜੇ ਦੇ ਵਿਰੁੱਧ ਖੇਡਣ ਵਾਲੀ ਰਾਣੀ ਕੋਈ ਨਹੀਂ ਹੈ।ਜਦ ਖਾਨਿਆਂ ਵਿਚ ਸਭ ਦਾਸੀਆਂ ਆਪੋ ਆਪਣੀ ਜਗ੍ਹਾ ਜਾ ਖੜ੍ਹਦੀਆਂ ਹਨ ਤਾਂ ਮਹਿਤਾਬ ਕੌਰ ਭੱਜ ਕੇ ਮਹਾਰਾਜੇ ਦੇ ਪਾਸੇ ਵਾਲੇ ਰਾਣੀ ਵਾਲੇ ਖਾਨੇ ਵਿਚ ਵੜ੍ਹ ਜਾਂਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਮਹਾਰਾਜਾ ਜਿੱਤ ਜਾਵੇਗਾ। ਮਹਾਰਾਜਾ ਮੁਸਕੁਰਾ ਕੇ ਮਹਿਤਾਬ ਕੌਰ ਵੱਲ ਦੇਖਦਾ ਹੈ। ਮਹਿਤਾਬ ਕੌਰ ਮੁਸਕੁੜੀਏਂ ਹੱਸਦੀ ਹੋਈ ਟਿੱਚਰ ਕਰਦੀ ਹੈ, “ਮਹਾਰਾਜ, ਅੱਜ ਕਿਸ ਦੇ ਵਿਰੱਧ ਖੇਡੋਗੇ? ਹੁਣ ਤਾਂ ਮਾਈ ਨਕੈਣ (ਦਾਤਾਰ ਕੌਰ) ਵੀ ਨਹੀਂ ਹੈ।”
 ਮਹਾਰਾਜਾ ਗੋਡੇ ’ਤੇ ਕੂਹਣੀ ਰੱਖ ਕੇ ਆਪਣੇ ਸੱਜੇ ਹੱਥ ਦੇ ਅੰਗੂਠੇ ਅਤੇ ਉਂਗਲਾਂ ਵਿਚਕਾਰ ਆਪਣਾ ਮੂੰਹ ਟਿਕਾ ਲੈਂਦਾ ਹੈ, “ਹੂੰ! ਉਹੀ ਸੋਚ ਰਿਹਾ ਹਾਂ!”
 ਮਹਾਰਾਜਾ ਮੋਰਾਂ ਬਾਰੇ ਸੋਚਣ ਲੱਗ ਜਾਂਦਾ ਹੈ, ਕਿਉਂਕਿ ਉਹ ਹਮੇਸ਼ਾਂ ਸ਼ਤਰੰਜ਼ ਵਿਚ ਮਹਾਰਾਜੇ ਤੋਂ ਜੇਤੂ ਰਹੀ ਹੈ। ਮਹਾਰਾਜੇ ਦਾ ਉੱਖੜਿਆ ਧਿਆਨ ਦੇਖ ਕੇ ਮਹਿਤਾਬ ਕੌਰ ਇਕ ਗੋਲੀ ਨੂੰ ਅੱਖ ਦਾ ਇਸ਼ਾਰਾ ਮਾਰ ਕੇ ਮਹਾਰਾਜੇ ਨੂੰ ਸ਼ਰਾਬ ਪਿਲਾਉਣ ਲਈ ਆਖਦੀ ਹੈ। ਮਹਾਰਾਜਾ ਸ਼ਤਰੰਜ਼ ਖੇਡਣ ਦਾ ਇਰਾਦਾ ਬਦਲ ਕੇ ਦਾਸੀਆਂ ਅਤੇ ਰਾਣੀਆਂ ਨਾਲ ਕਲੋਲਾਂ ਕਰਨ ਲੱਗ ਪੈਂਦਾ ਹੈ। ਜਦੋਂ ਮਹਾਰਾਜੇ ਦੀ ਅਵਾਜ਼ ਬਦਲਣ ਲੱਗਦੀ ਹੈ ਤੇ ਉਹ ਨੀਮ ਸ਼ਰਾਬੀ ਹੋਇਆ ਜਾਪਦਾ ਹੈ ਤਾਂ ਮਹਿਤਾਬ ਕੌਰ, ਜਸਵਾਲੀ ਰਾਣੀ ਰਾਮ ਦੇਵੀ ਦੀ ਮਦਦ ਨਾਲ ਮਹਾਰਾਜੇ ਨੂੰ ਆਪਣੇ ਕਮਰੇ ਵਿਚ ਲੈ ਜਾਂਦੀ ਹੈ। ਜਿਉਂ ਹੀ ਉਹ ਮਹਾਰਾਜੇ ਨੂੰ ਦਾਸੀਆਂ ਦੇ ਸਹਾਰੇ ਨਾਲ ਬਿਸਤਰੇ ’ਤੇ ਲਿਟਾਉਂਦੀ ਹੈ ਤਾਂ ਮਹਾਰਾਜਾ ਨਸ਼ੇ ਨਾਲ ਬੇਸੁਰਤ ਹੋ ਕੇ ਸੌਂ ਜਾਂਦਾ ਹੈ…।
 ਕੁਝ ਘੰਟਿਆਂ ਬਾਅਦ ਜਦੋਂ ਮਹਾਰਾਜਾ ਜਾਗਦਾ ਹੈ ਤਾਂ ਤੱਕਦਾ ਹੈ ਕਿ ਮਹਿਤਾਬ ਕੌਰ ਪਲੰਘ ਦੀ ਬਾਹੀ ਨਾਲ ਉਸ ਕੋਲ ਅਲਫ ਨੰਗੀ ਖੜ੍ਹੀ ਹੁੰਦੀ ਹੈ।  ਮਹਿਤਾਬ ਕੌਰ ਗਰੂਰ ਦਰਸਾਉਂਦੀ ਹੈ, “ਕੀ ਉਸ ਮੋਰਾਂ ਕੰਚਨੀ ਵਿਚ ਮੇਰੇ ਨਾਲੋਂ ਜ਼ਿਆਦਾ ਜ਼ੋਰ ਹੈ, ਜੋ ਉਹ ਦਿਨ ਰਾਤ ਤੁਹਾਨੂੰ ਨੱਪੀ ਰੱਖਦੀ ਹੈ?”
 ਮੋਰਾਂ ਦਾ ਨਾਂ ਸੁਣ ਕੇ ਮਹਾਰਾਜੇ ਦਾ ਨਸ਼ਾ ਉਤਰ ਜਾਂਦਾ ਹੈ।
 “ਤੁਸੀਂ ਸ਼ਾਹ ਜ਼ਮਾਨ ਦੁਰਾਨੀ ਨੂੰ ਲਲਕਾਰਦੇ ਹੋਏ ਕਿਹਾ ਸੀ, ਐ ਅਬਦਾਲੀ ਦੇ ਪੋਤੇ ਬਾਹਰ ਨਿਕਲ ਦੇਖ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ। ਮੇਰੇ ਨਾਲ ਦੋ ਹੱਥ ਕਰ। ਸਰਦਾਰ ਬਹਾਦਰ, ਜੇ ਤੁਸੀਂ ਚੜ੍ਹਤ ਸਿੰਘ ਦੇ ਪੋਤੇ ਹੋ ਤਾਂ ਮੈਂ ਵੀ ਜੈ ਸਿੰਘ ਕਨ੍ਹਈਆ ਦੀ ਪੋਤੀ ਹਾਂ। ਮੇਰੇ ਨਾਲ ਬਿਸਤਰ-ਯੁੱਧ ਕਰੋ।”
 ਮਹਿਤਾਬ ਕੌਰ ਦੀ ਚੁਣੌਤੀ ਸੁਣ ਕੇ ਰਣਜੀਤ ਸਿੰਘ ਜੋਸ਼ ਵਿਚ ਆ ਜਾਂਦਾ ਹੈ  
ਹਵਾ ਦੇ ਜ਼ੋਰਦਾਰ ਬੁੱਲ੍ਹੇ ਨਾਲ ਕਮਰੇ ਦੀ ਖਿੜਕੀ ਖੁੱਲ੍ਹਦੀ ਹੈ ਤੇ ਠੰਢੀ ਹਵਾ ਮੁੜਕੋ-ਮੁੜਕੀ ਹੋਈ ਮਹਿਤਾਬ ਕੌਰ ਅਤੇ ਮਹਾਰਾਜੇ ਦੇ ਪਸੀਨੇ ਨੂੰ ਸੁਕਾਉਣ ਦਾ ਯਤਨ ਕਰਦੀ ਹੈ… ਮਹਿਤਾਬ ਕੌਰ ਨਿਸੱਲ ਹੋਈ ਪਈ ਰਹਿੰਦੀ ਹੈ। ਮਹਾਰਾਜਾ ਉੱਠਦਾ ਹੈ ਤੇ ਕੱਪੜੇ ਪਹਿਨ ਕੇ ਬਾਹਰ ਜਾਣ ਲੱਗਦਾ ਹੈ।
 “ਕਿੱਥੇ ਚੱਲੇ ਹੋ ਅੱਧੀ ਰਾਤ ਨੂੰ?” ਮਹਿਤਾਬ ਕੌਰ ਆਪਣੇ ਅਣਕੱਜੇ ਸ਼ਰੀਰ ਉੱਤੇ ਚਾਦਰ ਤਾਣਦੀ ਹੈ।
 “ਕੁਸ਼ ਨ੍ਹੀਂ ਮੈਂ ਜ਼ਰਾ ਸੈਰ ਕਰਨ ਚੱਲਿਆ ਹਾਂ।”
 “ਮੈਨੂੰ ਪਤੈ, ਜ਼ਰੂਰ ਉਸ ਕੰਜਰੀ ਕੋਲ ਖੇਹ ਖਾਣ ਚੱਲੇ ਹੋ। ਉਸ ਵਿਚ ਅਜਿਹਾ ਕੀ ਹੈ ਜੋ ਮੇਰੇ ਵਿਚ ਨਹੀਂ?” ਮਹਿਤਾਬ ਕੌਰ ਫੂਕਾਰਦੀ ਹੈ।
 ਮਹਾਰਾਜਾ ਹਿਰਖ ਜਾਂਦਾ ਹੈ, “ਬਕਵਾਸ ਨਾ ਕਰ। ਤੇਰਾ ਕੰਮ ਹੋ ਗਿਆ ਹੈ। ਹੁਣ ਤੂੰ ਮੈਥੋਂ ਮਖਾਣੇ ਲੈਣੇ ਨੇ? ਮੈਂ ਜਿਥੇ ਮਰਜ਼ੀ ਜਾਵਾਂ। ਇਕ ਰਾਜੇ ਦੇ ਹੋਰ ਵੀ ਫਰਜ਼ ਹੁੰਦੇ ਹਨ। ਸਾਰੇ ਕੰਮ ਮੈਂ ਤੈਨੂੰ ਪੁੱਛ ਕੇ ਕਰਿਆ ਕਰਾਂ?”
 ਮਹਿਤਾਬ ਕੌਰ ਚੁੱਪ ਕਰ ਜਾਂਦੀ ਹੈ ਤੇ ਮਹਾਰਾਜੇ ਦੇ ਜਾਣ ਬਾਅਦ ਚਾਦਰ ਵਿਚ ਮੂੰਹ ਲਕੋਅ ਕੇ ਰੋਣ ਲੱਗ ਜਾਂਦੀ ਹੈ।…
 ਮਹਾਰਾਜਾ ਉਲਝਿਆ ਜਿਹਾ ਮਨ ਲੈ ਕੇ ਮੋਰਾਂ ਕੋਲ ਪਹੁੰਚਦਾ ਹੈ। ਮੋਰਾਂ ਨਾਲ ਵੀ ਉਹ ਕੁਝ ਦੇਰ ਬੇਰੁਖੀ ਨਾਲ ਪੇਸ਼ ਆਉਂਦਾ ਹੈ। ਮਹਾਰਾਜੇ ਦਾ ਮੂਡ ਖਰਾਬ ਹੋਇਆ ਦੇਖ ਕੇ ਮੋਰਾਂ ਉਸ ਤੋਂ ਕਾਰਨ ਪੁੱਛਦੀ ਹੈ। ਮਹਾਰਾਜਾ ਸਭ ਸੱਚ ਸੱਚ ਦੱਸ ਦਿੰਦਾ ਹੈ। ਮੋਰਾਂ ਮਹਿਤਾਬ ਕੌਰ ਦੀ ਸਿਰੀ ਨੱਪਣ ਦਾ ਆਪਣੇ ਜ਼ਿਹਨ ਵਿਚ ਕੋਈ ਹੱਲ ਸੋਚ ਹੀ ਰਹੀ ਹੁੰਦੀ ਹੈ ਕਿ ਮਹਾਰਾਜੇ ਦੀ ਸੱਜੀ ਅੱਖ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਸਦੀ ਖੱਬੀ ਅੱਖ ਖਰਾਬ ਹੋਣ ਕਾਰਨ ਨਿਗਾਹ ਦਾ ਸਾਰਾ ਜ਼ੋਰ ਇਸੇ ਅੱਖ ਨੂੰ ਝੱਲਣਾ ਪੈਂਦਾ ਹੈ। ਉਹ ਪੀੜ ਨਾਲ ਕਰਾਹ ਉੱਠਦਾ ਹੈ ਤੇ ਅੱਖ ਮਲ-ਮਲ ਕੇ ਲਾਲ ਕਰ ਲੈਂਦਾ ਹੈ। ਮੋਰਾਂ ਮਹਾਰਾਜੇ ਦੀਆਂ ਦੋਨੋਂ ਅੱਖਾਂ ਗੁਲਾਬ ਜਲ ਨਾਲ ਧੋਂਹਦੀ ਹੈ ਤੇ ਸੂਤੀ ਕੱਪੜੇ ਨੂੰ ਸਾਹ ਦੀਆਂ ਭਾਫਾਂ ਨਾਲ ਕੋਸਾ ਕਰਕੇ ਮਹਾਰਾਜੇ ਦੀ ਅੱਖ ’ਤੇ ਟਕੋਰਾਂ ਕਰਨ ਲੱਗ ਪੈਂਦੀ ਹੈ। ਕੁਝ ਹੀ ਪਲਾਂ ਬਾਅਦ ਮਹਾਰਾਜੇ ਨੂੰ ਕੁਝ ਰਾਹਤ ਮਹਿਸੂਸ ਹੋਣ ਲੱਗਦੀ ਹੈ। ਮਹਾਰਾਜਾ ਦਾਸੀਆਂ ਨੂੰ ਫਕੀਰ ਅਜ਼ਾਜ-ਉੱਦ-ਦੀਨ ਨੂੰ ਬੁਲਾਉਣ ਵਾਸਤੇ ਆਖਦਾ ਹੈ।
 ਮੋਰਾਂ ਮਹਾਰਾਜੇ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਕਰਦੀ ਹੈ, “ਮਹਾਰਾਜ, ਇਸ ਵਕਤ ਤੁਹਾਨੂੰ ਆਪਣੇ ਅਹਿਲਕਾਰ ਦੀ ਨਹੀਂ ਬਲਕਿ ਵੈਦ ਦੀ ਜ਼ਰੂਰਤ ਹੈ।”
 “ਇਸੇ ਲਈ ਤਾਂ ਮੈਂ ਫਕੀਰ ਨੂੰ ਸੱਦ ਰਿਹਾ ਹਾਂ। ਉਸਦੇ ਬਾਪ ਹਕੀਮ ਮੁਹ-ਉੱਦ-ਦੀਨ ਨੇ ਉਸਨੂੰ ਯੂਨਾਨੀ ਉਪਚਾਰ ਵਿਧੀਆਂ ਸਿਖਾਈਆਂ ਹਨ। ਉਹ ਚੰਗੀ ਤਰ੍ਹਾਂ ਜਾਣਦੈ ਮੇਰੀ ਅੱਖ ਦੀ ਬਿਮਾਰੀ ਨੂੰ।”
 ਮਹਾਰਾਜੇ ਦਾ ਸੁਨੇਹਾ ਮਿਲਦਿਆਂ ਸਾਰ ਫਕੀਰ ਅਜ਼ਾਜ-ਉੱਦ-ਦੀਨ ਇਕ ਥੈਲਾ ਲੈ ਕੇ ਮਹਾਰਾਜੇ ਕੋਲ ਹਵੇਲੀ ਆ ਪਹੁੰਚਦਾ ਹੈ। ਉਹ ਮਹਾਰਾਜੇ ਦੀ ਅੱਖ ਵਿਚ ਕੋਈ ਤਰਲ ਪਾਉਂਦਾ ਹੈ ਤੇ ਨਾਲ ਇਕ ਬੁਰਾਦੇ ਦੀ ਪੁੜੀ ਦਿੰਦਾ ਹੈ। ਮਹਾਰਾਜਾ ਪਾਣੀ ਦੀ ਬਜਾਏ ਸ਼ਰਾਬ ਵਿਚ ਘੋਲ ਕੇ ਉਸਨੂੰ ਪੀ ਲੈਂਦਾ ਹੈ ਤੇ ਫਕੀਰ ਨੂੰ ਚਲੇ ਜਾਣ ਲਈ ਆਖਦਾ ਹੈ। ਅਜ਼ਾਜ਼-ਉੱਦ-ਦੀਨ ਰੁਖਸਤ ਹੋ ਜਾਂਦਾ ਹੈ।
 ਫੌਰਨ ਮਹਾਰਾਜੇ ਦੇ ਅੱਖ ਦੀ ਪੀੜ ਮੱਧਮ ਪੈ ਜਾਂਦੀ ਹੈ। ਮਹਾਰਾਜਾ ਲੇਟਦਿਆਂ ਸਾਰ ਹੀ ਸੌਂ ਜਾਂਦਾ ਹੈ। ਮੋਰਾਂ ਸਾਰੀ ਰਾਤ ਮਹਾਰਾਜੇ ਦੇ ਸਿਰਹਾਣੇ ਕੋਲ ਬੈਠ ਕੇ ਉਸਨੂੰ ਪੱਖੀ ਝੱਲਦੀ ਰਹਿੰਦੀ ਹੈ।
 ਪ੍ਰਭਾਤ ਹੋਈ ’ਤੇ ਮਹਾਰਾਜੇ ਦੀ ਅੱਖ ਖੁੱਲ੍ਹਦੀ ਹੈ ਤੇ ਉਹ ਦੇਖਦਾ ਹੈ ਮੋਰਾਂ ਅਵਾਸੀ ਲੈਂਦੀ ਹੋਈ ਉਸ ਨੂੰ ਛੱਤ ਪੱਖਾ ਝੱਲ ਰਹੀ ਹੁੰਦੀ ਹੈ। ਮੋਰਾਂ ਦੀਆਂ ਅੱਖਾਂ ਵਿਚ ਨੀਂਦ ਰੜ੍ਹਕ ਰਹੀ ਹੁੰਦੀ ਹੈ। ਉਨੀਂਦਰੇ ਨਾਲ ਮੋਰਾਂ ਦੀਆਂ ਅੱਖਾਂ ਸੁੱਜੀਆਂ ਦੇਖ ਕੇ ਲੇਟਿਆ ਹੋਇਆ ਮਹਾਰਾਜਾ ਉੱਠ ਕੇ ਬੈਠ ਜਾਂਦਾ ਹੈ, “ਮੇਰੀ ਜਾਨ! ਕੀ ਗੱਲ ਤੂੰ ਸੁੱਤੀ ਨਹੀਂ ਰਾਤ ਨੂੰ?”
 “ਤੁਸੀਂ ਬਿਮਾਰ ਹੋਵੋਂ ਤੇ ਮੈਂ ਸੌਂ ਕਿਵੇਂ ਸਕਦੀ ਹਾਂ? ਤੁਹਾਨੂੰ ਕਿਸੇ ਵੇਲੇ ਵੀ ਮੇਰੀ ਲੋੜ ਪੈ ਸਕਦੀ ਸੀ। ਜੇ ਮੈਂ ਸੌਂ ਜਾਂਦੀ ਤਾਂ ਤੁਹਾਡਾ ਖਿਆਲ ਕੌਣ ਰੱਖਦਾ? ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਨੀਂਦ ਦਾ ਕਿ ਸੁੱਤੀ ਪਈ ਨੂੰ ਮੈਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ, ਭਾਵੇਂ ਕੋਈ ਸਿਰਹਾਣੇ ਖੜ੍ਹ ਕੇ ਨਗਾਰੇ ਵਜਾਈ ਚੱਲੇ।… ਮੇਰੀ ਛੱਡੋ ਤੁਸੀਂ ਆਪਣਾ ਸੁਣਾਉ। ਹੁਣ ਅੱਖ ਦਾ ਕੀ ਹਾਲ ਹੈ?”
 “ਹਾਂ, ਹੁਣ ਠੀਕ ਹੈ। ਪੀੜ ਤਾਂ ਬਿਲਕੁਲ ਨਹੀਂ ਹੁੰਦੀ। ਮੈਂ ਫਿਰ ਵੀ ਬਿਅੰਖੀ (ਮਹਾਰਾਜੇ ਦਾ ਇਤਾਲਵੀ ਡਾਕਟਰ) ਨੂੰ ਦਿਖਾ ਲਵਾਂਗਾ।”
 ਮੋਰਾਂ ਮਹਾਰਾਜੇ ਦੀਆਂ ਦੋਨਾਂ ਗੱਲ੍ਹਾਂ ਉੱਤੇ ਆਪਣੇ ਮਲਾਇਮ ਹੱਥਾਂ ਦੀਆਂ ਤਲੀਆਂ ਰੱਖ ਕੇ ਮਹਾਰਾਜੇ ਦੀ ਅੱਖ ਵਿਚ ਅੱਖਾਂ ਪਾ ਕੇ ਪਿਆਰ ਦਰਸਾਉਂਦੀ ਹੈ। ਮਹਾਰਾਜਾ ਮੋਰਾਂ ਦੇ ਦੋਨੋਂ ਗੁੱਟ ਫੜ੍ਹ ਕੇ ਉਸਦੀਆਂ ਤਲੀਆਂ ਨੂੰ ਚੁੰਮਦਾ ਹੈ।
 “ਹਾਏ ਅੱ…ਲਾ…ਅ!” ਮੋਰਾਂ ਮਹਾਰਾਜੇ ਦੇ ਹੱਥਾਂ ਵਿਚੋਂ ਆਪਣੇ ਹੱਥ ਝਟਕਾ ਮਾਰ ਕੇ ਛੁਡਾ ਲੈਂਦੀ ਹੈ ਤੇ ਪਲਕਾਂ ਝੁਕਾ ਕੇ ਸ਼ਰਮਾਉਣ ਦਾ ਢੌੰਂਗ ਕਰਦੀ ਹੈ, “ਮੈਂ ਮਰ’ਜਾਂ ਇਹ ਕੀ ਕਰਦੇ ਓ? ਮੇਰਾ ਫਰਜ਼ ਤੁਹਾਡੀ ਕਦਮਬੋਸ਼ੀ ਕਰਨਾ ਹੈ। ਮਹਾਰਾਜ ਤੁਸੀਂ ਵੀ ਬੜੇ ‘ਉਹ’ ਹੋ! ਕਦੇ ਕਦੇ ਮੈਨੂੰ ਮਰਨ ਵਰਗੀ ਕਰ ਦਿੰਦੇ ਹੋ।”
 “ਆਏ ਹਾਏ! ਮੋਰਾਂ ਮਰਨ ਤੇਰੇ ਦੁਸ਼ਮਣ। ਤੇਰੇ ’ਚ ਤਾਂ ਮੇਰੀ ਜਾਨ ਵਸਦੀ ਹੈ।”
 ਮੋਰਾਂ ਮਹਾਰਾਜੇ ਦੇ ਪੱਟਾਂ ਵਿਚ ਸਿਰ ਰੱਖ ਕੇ ਲੇਟ ਜਾਂਦੀ ਹੈ, “ਮਹਾਰਾਜ ਤੁਹਾਡੀ ਆਗੋਸ਼ ਵਿਚ ਆ ਕੇ ਕਿੰਨਾ ਸਕੂਨ ਮਿਲਦਾ ਹੈ, ਇਹ ਮੈਂ ਅਲਫਾਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ। ਮੈਂ ਆਪਣੇ ਆਪ ਨੂੰ ਬਹੁਤ ਮਹਿਫੂਜ਼ ਮਹਿਸੂਸ ਕਰਦੀ ਹਾਂ ਤੁਹਾਡੀਆਂ ਬਾਹਾਂ ਵਿਚ ਆ ਕੇ।”
 “ਤੈਨੂੰ ਦੇਖ ਕੇ ਵੀ ਮੋਰਾਂ ਜੱਨਤ ਦਾ ਦੀਦਾਰ ਹੋ ਜਾਂਦਾ ਹੈ।” ਮਹਾਰਾਜਾ ਮੋਰਾਂ ਦੇ ਨਹਿਲੇ ’ਤੇ ਦਹਿਲਾ ਮਾਰਦਾ ਹੋਇਆ ਆਪਣੇ ਖੱਬੇ ਹੱਥ ਨਾਲ ਮੋਰਾਂ ਦੇ ਵਾਲ ਦੁਲਾਰ ਨਾਲ ਪਿਛੇ ਵੱਲ ਨੂੰ ਵਾਹੁੰਦਾ ਹੈ ਤੇ ਫਿਰ ਸੱਜੇ ਹੱਥ ਦੀ ਉਂਗਲ ਨਾਲ ਸੱਪ ਦੀ ਪੈੜ ਵਰਗੀ ਲਕੀਰ ਮੋਰਾਂ ਦੇ ਮੱਥੇ ਤੋਂ ਖਿੱਚਦਾ ਹੋਇਆ, ਉਸ ਦੇ ਨੱਕ ਤੱਕ ਲੈ ਆਉਂਦਾ ਹੈ।ਨੱਕ ਤੋਂ ਹੁੰਦੀ ਹੋਈ ਮਹਾਰਾਜੇ ਦੀ ਉਂਗਲ ਮੋਰਾਂ ਦੇ ਖੱਬੇ ਰੁਖਸਾਰ ’ਤੇ ਪੰਜਾਬ ਦਾ ਨਕਸ਼ਾ ਉਲੀਕਦੀ ਹੋਈ ਮੋਰਾਂ ਦੀਆਂ ਬੁੱਲ੍ਹੀਆਂ ’ਤੇ ਗਸ਼ਤ ਕਰਨ ਲੱਗ ਜਾਂਦੀ ਹੈ। ਇਲਤ ਕਰਨ ਲਈ ਮੋਰਾਂ ਮਹਾਰਾਜੇ ਦੀ ਉਂਗਲ ਆਪਣੇ ਦੰਦਾਂ ਵਿਚ ਘੁੱਟ ਲੈਂਦੀ ਹੈ।ਫਿਰ ਦੋਨਾਂ ਹੱਥਾਂ ਨਾਲ ਫੜ੍ਹ ਕੇ ਆਪਣੇ ਮੂੰਹ ਵਿਚੋਂ ਉਂਗਲ ਕੱਢਦੀ ਹੋਈ ਪੁੱਛਦੀ ਹੈ, “ਬੋਲੋ ਖਾਹ ’ਜਾਂ?”
 “ਉਂਗਲ ਕੀ ਚੀਜ਼ ਐ? ਸਾਰੇ ਨੂੰ ਨਿਗਲ ਜਾ ਚਾਹੇ, ਤੈਨੂੰ ਇਨਕਾਰ ਕਰਦਾਂ ਮੈਂ?”  
 ਮੋਰਾਂ ਨਿਰਵਸਤਰ ਮਹਾਰਾਜੇ ਦੀ ਬਾਂਹ ਦਾ ਸਿਰਹਾਣਾ ਲਈ ਪਈ ਹੁੰਦੀ ਹੈ, ਨੀਂਦ ਨਾਲ ਉਸਦੀਆਂ ਅੱਖਾਂ ਮੀਚਦੀਆਂ ਜਾ ਰਹੀਆਂ ਹੁੰਦੀਆਂ ਹਨ ਤੇ ਉਹ ਉਹਨਾਂ ਨੂੰ ਖੋਲ੍ਹੀ ਰੱਖਣ ਲਈ ਸੰਘਰਸ਼ ਕਰਦੀ ਹੈ।ਮਹਾਰਾਜਾ ਛੱਤ ਨੂੰ ਟਿਕਟਿਕੀ ਲਾਈ ਨਿਹਾਰ ਰਿਹਾ ਹੁੰਦਾ ਹੈ। ਸਹੀ ਮੌਕਾ ਤਾੜ ਕੇ ਮੋਰਾਂ ਆਪਣਾ ਦਾਅ ਖੇਡਦੀ ਹੈ, “ਮਹਾਰਾਜ, ਕੀ ਸੋਚ ਰਹੇ ਹੋ? ਮਹਿਤਾਬ ਕੌਰ ਬਾਰੇ?”
 ਮਹਾਰਾਜਾ ਤ੍ਰਬਕ ਕੇ ਮੋਰਾਂ ਵੱਲ ਦੇਖਦਾ ਹੈ। ਅਸਲ ਵਿਚ ਸੋਚ ਤਾਂ ਉਹ ਕੁਝ ਵੀ ਨਹੀਂ ਰਿਹਾ ਹੁੰਦਾ, ਪਰੰਤੂ ਮਹਿਤਾਬ ਕੌਰ ਦਾ ਜ਼ਿਕਰ ਆਉਣ ’ਤੇ ਉਸਨੂੰ ਮਹਿਤਾਬ ਕੌਰ ਦਾ ਚੇਤਾ ਆ ਜਾਂਦਾ ਹੈ। ਉਸਦਾ ਸਾਰਾ ਮਜ਼ਾ ਕਿਰਕਰਾ ਤੇ ਮੂੰਹ ਬਕਬਕਾ ਜਿਹਾ ਹੋ ਜਾਂਦਾ ਹੈ। ਮਹਾਰਾਜਾ ਮੋਰਾਂ ਦੀ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਦਾ।ਮੋਰਾਂ ਕੁਝ ਪਲ ਮਹਾਰਾਜੇ ਦੇ ਮੂੰਹੋਂ ਫੁੱਟਣ ਦਾ ਇੰਤਜ਼ਾਰ ਕਰਕੇ ਆਪਣੀ ਗੱਲ ਵਿੱਢ ਲੈਂਦੀ ਹੈ, “ਮਹਾਰਾਜ, ਕਨੀਜ਼ ਨੂੰ ਜਾਨ ਬਖਸ਼ੀ ਕਰੋਂ ਤਾਂ ਦਿਲ ਦਾ ਇਕ ਭੇਤ ਤੁਹਾਡੇ ਨਾਲ ਸਾਂਝਾ ਕਰਾਂ?”
 “ਹਾਂ… ਹਾਂ… ਮੇਰੀ ਜਾਨ-ਏ-ਜਿਗਰ ਬੇਖੌਫ ਫਰਮਾਓ।” ਮਹਾਰਾਜਾ ਆਪਣੀ ਬਾਂਹ ਵਿਚ ਲਪੇਟ ਕੇ ਮੋਰਾਂ ਨੂੰ ਆਪਣੀ ਛਾਤੀ ਉੱਤੇ ਪਾ ਲੈਂਦਾ ਹੈ।
 ਮੋਰਾਂ ਜਾਣ-ਬੁੱਝ ਕੇ ਕੁਝ ਦੇਰ ਲਈ ਚੁੱਪ ਰਹਿੰਦੀ ਹੈ। ਇਸ ਨਾਲ ਮਹਾਰਾਜੇ ਦੀ ਉਤਸੁਕਤਾ ਹੋਰ ਵੱਧ ਜਾਂਦੀ ਹੈ, “ਡਰ ਨਾ ਮੋਰਾਂ। ਕਹਿ ਜੋ ਤੇਰੇ ਦਿਲ ਵਿਚ ਹੈ।”
 “ਮਹਾਰਾਜ ਮੇਰੀ ਕੀ ਔਕਾਤ ਸੀ। ਮੁਜ਼ਰੇ ਕਰਕੇ ਆਪਣਾ ਪੇਟ ਪਾਲ ਰਹੀ ਸੀ। ਮੇਰੀ ਮਾਂ ਵੀ ਨਾਚੀ ਸੀ। ਸ਼ਾਇਦ ਉਸ ਦੀ ਮਾਂ ਵੀ…। ਮੌਲਾ ਜਾਣੇ ਸਾਡਾ ਖਾਨਦਾਨ ਕਦੋਂ ਤੋਂ ਇਸ ਜਲਾਲਤ ਭਰੇ ਧੰਦੇ ਵਿਚ ਹੈ। ਤੁਸੀਂ ਜ਼ਰ੍ਹਾਅ-ਨਿਵਾਜ਼ੀ ਕੀਤੀ ਮੇਰੇ ’ਤੇ। ਤੁਹਾਡੇ ਵਰਗੇ ਪਾਰਸ ਨਾਲ ਖਹਿ ਕੇ ਮੈਂ ਲੋਹੇ ਤੋਂ ਸੋਨਾ ਬਣ ਗਈ ਹਾਂ। ਤੁਸੀਂ ਮੈਨੂੰ ਸੱਤੇ ਬਹਿਸ਼ਤਾਂ ਦੀਆਂ ਸ਼ੈਆਂ ਨਾਲ ਨਿਵਾਜਿਆ ਹੈ। ਮਹਾਰਾਣੀਆਂ ਵਰਗਾ ਮੇਰੇ ਨਾਲ ਸਲੂਕ ਕਰਦੇ ਹੋ ਮੇਰੇ ਨਾਲ।…” ਬੋਲਦੀ ਬੋਲਦੀ ਮੋਰਾਂ ਮਹਾਰਾਜੇ ਦਾ ਪ੍ਰਤੀਕ੍ਰਮ ਵਾਚਣ ਲਈ ਚੁੱਪ ਕਰ ਜਾਂਦੀ ਹੈ।
 ਮਹਾਰਾਜੇ ਦੀਆਂ ਅੱਖਾਂ ਨਮ ਹੋ ਗਈਆਂ ਦੇਖ ਕੇ ਮੋਰਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਮਹਾਰਾਜਾ ਭਾਵੁਕ ਹੋ ਗਿਆ ਹੈ। ਉਹ ਆਪਣਾ ਕਿੱਸਾ ਜਾਰੀ ਰੱਖਦੀ ਹੈ, “ਇਕ ਸੱਚੀ ਮੁਸਲਮਾਨਣੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਡੇ ਖਾਧੇ ਨਮਕ ਦੀ ਕੀਮਤ ਅਦਾ ਕਰਾਂ। ਨਹੀਂ ਤਾਂ ਪਰਵਰਦਿਗਾਰ ਮੈਨੂੰ ਦੋਜ਼ਖ ਦੀ ਅੱਗ ਵਿਚ ਸਿੱਟੇਗਾ।”
 “ਸਾਫ ਸਾਫ ਦੱਸ ਮੋਰਾਂ, ਮੈਂ ਤੇਰਾ ਮਤਲਬ ਨਹੀਂ ਸਮਝਿਆ?”
 “ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਕਦੇ ਸੋਚਿਆ ਹੈ ਕਿ ਮਹਿਤਾਬ ਕੌਰ ਨਾਲ ਤੁਹਾਡਾ ਵਿਆਹ ਕਿਉਂ ਹੋਇਆ ਹੈ?”
 “ਨਹੀਂ। ਕਿਉਂ?”
 “ਇਸ ਪਿਛੇ ਇਕ ਗਹਿਰੀ ਸਾਜਿਸ਼ ਛੁਪੀ ਹੋਈ ਹੈ, ਮਹਾਰਾਜ। ਕਨ੍ਹਈਆ ਮਿਸਲ ਵਾਲਿਆਂ ਤੋਂ ਸ਼ੁੱਕਰਚੱਕੀਆਂ ਦੀ ਚੜ੍ਹਤ ਬਰਦਾਸ਼ਤ ਨਹੀਂ ਸੀ ਹੁੰਦੀ। ਨਾਲੇ ਫੇਰ ਤੁਹਾਡਾ ਤੇ ਉਹਨਾਂ ਦਾ ਆਪਸੀ ਖਾਨਦਾਨੀ ਵੈਰ ਕਈ ਪੁਸ਼ਤਾਂ ਤੋਂ ਚੱਲਿਆ ਆ ਰਿਹਾ ਹੈ। ਤੁਹਾਡੇ ਖਾਨਦਾਨ ਨੂੰ ਤਬਾਹ ਕਰਨ ਦੇ ਮਕਸਦ ਨਾਲ ਕਨ੍ਹਈਆਂ ਮਿਸਲ ਵਾਲਿਆਂ ਨੇ ਮਹਿਤਾਬ ਕੌਰ ਦਾ ਰਿਸ਼ਤਾ ਤੁਹਾਡੇ ਨਾਲ ਗੰਢਿਆ ਹੈ ਤਾਂ ਜੋ ਉਹ ਤੁਹਾਡੇ ਅੰਦਰਲੇ ਭੇਤ ਲੈ ਕੇ ਤੁਹਾਡੇ ਵੰਸ਼ ਦਾ ਸਰਭਨਾਸ ਕਰ ਦੇਣ।”
 ਮੋਰਾਂ ਦੀ ਗੱਲ ਨੂੰ ਮਹਾਰਾਜਾ ਲਾਹਪ੍ਰਵਾਹੀ ਨਾਲ ਲੈਂਦਾ ਹੈ, “ਉਹ ਨਹੀਂ ਨਹੀਂ ਮੋਰਾਂ, ਤੈਨੂੰ ਗਲਤਫਹਿਮੀ ਹੈ। ਦਰਅਸਲ ਸਾਡੇ ਪਰਿਵਾਰ ਨੇ ਇਹ ਰਿਸ਼ਤਾ ਦੋਨੋਂ ਮਿਸਲਾਂ ਦੇ ਇਕ ਜੁੱਟ ਹੋ ਕੇ ਤਾਕਤਵਰ ਬਣਨ ਦੇ ਇਰਾਦੇ ਨਾਲ ਤਹਿ ਕੀਤਾ ਸੀ।”
 “ਪਰ ਮੈਂ ਤਾਂ ਸੁਣਿਆ ਹੈ ਅਨੇਕਾਂ ਵਾਰ ਕਨ੍ਹਈਆਂ ਅਤੇ ਸ਼ੁੱਕਰਚਕੀਆਂ ਦੀਆਂ ਝਪੜਪਾਂ ਹੋ ਚੁੱਕੀਆਂ ਹਨ।1784 ਈ: ਵਿਚ ਸ਼ੁਕਰਚੱਕੀਆਂ, ਭੰਗੀ ਅਤੇ ਰਾਮਗੜ੍ਹੀਆ ਮਿਸਲਾਂ ਨੇ ਰਾਜਾ ਸੰਸਾਰ ਚੰਦ ਕਟੋਚ ਦੀਆਂ ਫੌਜਾਂ ਨਾਲ ਮਿਲ ਕੇ ਪਿੰਡ ਅੱਚਲ, ਬਟਾਲੇ ਦੇ ਨੇੜੇ ਕਨ੍ਹਈਆ ਮਿਸਲ ਦੇ ਜੈ ਸਿੰਘ ਉੱਤੇ ਹੱਲਾ ਬੋਲ ਦਿੱਤਾ ਸੀ, ਜਿਸ ਦੇ ਪ੍ਰਾਣਮਸਰੂਪ ਜੈ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਯਾਨੀ ਮਹਿਤਾਬ ਕੌਰ ਦਾ ਬਾਪ ਤੁਹਾਡੇ ਵਾਲਿਦ ਮਹਾਂ ਸਿੰਘ ਹੱਥੋਂ ਮਾਰਿਆ ਗਿਆ ਸੀ?”
 “ਇਹ ਤਾਂ ਤੂੰ ਸਹੀ ਸੁਣਿਆ ਹੈ। ਪਰ ਸਾਡਾ ਸਾਕ ਤਾਂ ਉਸ ਤੋਂ ਪਹਿਲਾਂ ਹੋ ਗਿਆ ਸੀ। ਉਸ ਵਕਤ ਮੇਰੀ ਉਮਰ ਮਸਾਂ ਛੇ ਕੁ ਵਰ੍ਹੇ ਦੀ ਸੀ।”
 “ਇਹੀ ਤਾਂ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ। ਕੀ ਕਦੇ ਸੋਚਿਆ ਹੈ ਕਿ ਮਹਿਤਾਬ ਕੌਰ ਨੇ ਆਪਣੇ ਪਿਉ ਦੇ ਕਾਤਲ ਦੇ ਪੁੱਤ ਨਾਲ ਹੀ ਕਿਉਂ ਵਿਆਹ ਕਰਵਾਇਆ ਹੈ? ਤੁਸੀਂ ਨਹੀਂ ਜਾਣਦੇ ਤੁਹਾਡੀ ਸੱਸ ਸਦਾ ਕੌਰ ਬੜੀ ਸ਼ਾਤਰ ਜਨਾਨੀ ਹੈ। ਜਿਸ ਨੇ ਉਸਨੂੰ ਰੰਡੀ ਕੀਤਾ ਉਸਨੇ ਉਸੇ ਦੇ ਪੁੱਤ ਨੂੰ ਹੀ ਕਿਉਂ ਆਪਣੀ ਧੀ ਦਾ ਡੋਲਾ ਦਿੱਤਾ? ਪਤੀ ਗੁਰਬਖਸ਼ ਸਿੰਘ ਦੇ ਮਰਨ ਬਾਅਦ ਹਿਰਖ ਵਿਚ ਆ ਕੇ ਉਸਨੂੰ ਰਿਸ਼ਤਾ ਤੋੜ ਦੇਣਾ ਚਾਹੀਦਾ ਸੀ। ਜ਼ਰਾ ਸੋਚੋ ਮਹਾਰਾਜ ਤੁਸੀਂ ਉਸਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਰਦੇ? ਉਹਨਾਂ ਦੋਨਾਂ ਮਾਂਵਾਂ ਧੀਆਂ ਅੰਦਰੋਂ ਪ੍ਰਤੀਸ਼ੋਤ ਦੀ ਜਵਾਲਾ ਵਿਚ ਸੜ ਰਹੀਆਂ ਹਨ। ਉਹਨਾਂ ਅੰਦਰ ਬਦਲੇ ਦੀ ਭਾਵਨਾ ਹੈ। ਉਹ ਜ਼ਖਮੀ ਸੱਪਣੀਆਂ ਹਨ। ਉਹ ਤੁਹਾਨੂੰ ਤਬਾਹ ਕਰ ਕੇ ਆਪਣਾ ਇੰਤਕਾਮ ਲੈਣਾ ਚਾਹੁੰਦੀਆਂ ਹਨ। ਬੁੱਢਾ ਜੈ ਸਿੰਘ ਕੁਝ ਕਰ ਨਹੀਂ ਸੀ ਸਕਦਾ ਤੇ ਸਦਾ ਕੌਰ ਇਸਤਰੀ ਹੋਣ ਕਰਕੇ ਤੁਹਾਡੇ ਨਾਲ ਭਿੜ ਨਹੀਂ ਸੀ ਸਕਦੀ। ਫਿਰ ਬਦਲਾ ਕਿਵੇਂ ਲੈਂਦੇ? ਉਹਨਾਂ ਨੇ ਇਸ ਕੰਮ ਲਈ ਮਹਿਤਾਬ ਕੌਰ ਨੂੰ ਵਰਤਿਐ। ਸਿਆਣੇ ਕਹਿੰਦੇ ਹੁੰਦੇ ਨੇ ਮਹਿੰ ਨਾ ਲਈਏ ਮੰਡੀ ਦੀ ਤੇ ਧੀ ਨਾ ਲਈਏ ਰੰਡੀ ਦੀ। ਦੋਨੋਂ ਨਫੇ ਦੀ ਥਾਂ ਨੁਕਸਾਨ ਕਰਦੀਆਂ ਨੇ।”
 “ਮੋਰਨੀਏ! ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ।” ਮਹਾਰਾਜਾ ਗੰਭੀਰ ਸੋਚਾਂ ਵਿਚ ਡੁੱਬ ਜਾਂਦਾ ਹੈ।
 “ਜੇ ਤੁਸੀਂ ਚੜ੍ਹਤ ਸਿੰਘ ਦੇ ਪੋਤੇ ਹੋ ਤਾਂ ਮੈਂ ਵੀ ਜੈ ਸਿੰਘ ਕਨ੍ਹਈਆ ਦੀ ਪੋਤੀ ਹਾਂ…।” ਮਹਿਤਾਬ ਕੌਰ ਦਾ ਉਚਾਰਿਆ ਇਹ ਵਾਕ ਮੁੜ ਮੁੜ ਰਣਜੀਤ ਸਿੰਘ ਦੇ ਕੰਨਾਂ ਵਿਚ ਗੂੰਝਣ ਲੱਗ ਜਾਂਦਾ ਹੈ।ਮੋਰਾਂ ਦੀ ਸਿੱਟੀ ਚਿੰਗਾਰੀ ਕੁਝ ਹੀ ਪਲਾਂ ਵਿਚ ਭਾਂਬੜ ਬਣ ਜਾਂਦੀ ਹੈ। ਮਹਾਰਾਜਾ ਰੋਹ ਵਿਚ ਉੱਠ ਕੇ ਕਪੜੇ ਅੰਗੀਕਾਰ ਕਰਦਾ ਹੈ। ਮੋਰਾਂ ਫੁਰਤੀ ਨਾਲ ਉਸਦੇ ਡੌਲੇ ’ਤੇ ਕੋਹੀਨੂਰ ਹੀਰਾ ਬੰਨ੍ਹ ਦਿੰਦੀ ਹੈ ਤੇ ਮਹਾਰਾਜੇ ਦੀ ਕਲਗੀ ਜੜ੍ਹੀ ਪੱਗ ਲਿਆ ਕੇ ਉਸਨੂੰ ਦੇ ਦਿੰਦੀ ਹੈ। ਮਹਾਰਾਜਾ ਪੱਗ ਸਿਰ ’ਤੇ ਰੱਖ ਕੇ ਕਿਰਪਾਨ ਚੁੱਕ ਲੈਂਦਾ ਹੈ। ਮੋਰਾਂ ਉਸਨੂੰ ਰੋਕਣ ਦੀ ਬਜਾਏ “ਖੁਦਾ ਹਾਫਿਜ਼” ਆਖ ਕੇ ਰੁੱਖਸਤ ਕਰ ਦਿੰਦੀ ਹੈ।
 ਸੁਰੰਗ ਤੋਂ ਬਾਹਰ ਨਿਕਲਦੇ ਮਹਾਰਾਜੇ ਅਤੇ ਉਸਦੇ ਸਿਪਾਹੀਆਂ ਦੇ ਘੋੜਿਆਂ ਦੇ ਪੌੜਾਂ ਦੀਆਂ ਅਵਾਜ਼ਾਂ ਸੁਣ ਕੇ ਮੋਰਾਂ ਖਿੜਕੀ ਰਾਹੀਂ ਦੇਖਦੀ ਹੈ। ਜਦੋਂ ਮਹਾਰਾਜਾ ਉਸਦੀਆਂ ਅੱਖਾਂ ਤੋਂ ਉਜਲ ਹੋ ਜਾਂਦਾ ਹੈ ਤਾਂ ਮੋਰਾਂ ਬਿਨਾਂ ਮਤਲਬ ਤੋਂ ਇਕੱਲੀ ਹੀ ਉੱਚੀ ਉੱਚੀ ਕਮਲਿਆਂ ਵਾਂਗ ਹੱਸਦੀ ਹੈ। ਉਹ ਹੱਸਦੀ ਜਾਂਦੀ ਹੈ… ਹੱਸਦੀ ਜਾਂਦੀ ਹੈ… ਤੇ ਫੇਰ ਅਚਾਨਕ ਉਸਦਾ ਹਾਸਾ ਰੋਣ ਵਿਚ ਤਬਦੀਲ ਹੋ ਜਾਂਦਾ ਹੈ!!!…
 ਕਿਲ੍ਹੇ ਵਿਚ ਵੜ੍ਹਦਿਆਂ ਹੀ ਮਹਾਰਾਜਾ ਭੜਥੂ ਪਾ ਦਿੰਦਾ ਹੈ। ਉਹ ਮਹਿਤਾਬ ਕੌਰ ਨੂੰ ਗੁੱਤੋਂ ਫੜ੍ਹ ਕੇ ਘੜੀਸਦਾ ਹੋਇਆ ਮਹਿਲੋਂ ਬਾਹਰ ਸੁੱਟ ਦਿੰਦਾ ਹੈ ਤੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ, “ਲੈ ਜਾਓ, ਦੂਰ ਕਰ ਦਿਉ ਇਸਨੂੰ ਕਮਜਾਤ ਨੂੰ ਮੇਰੀਆਂ ਨਜ਼ਰਾਂ ਤੋਂ।”
 ਸਿਪਾਹੀ ਮਹਿਤਾਬ ਕੌਰ ਨੂੰ ਲੈ ਜਾਂਦੇ ਹਨ। ਕੁਝ ਦੇਰ ਮਗਰੋਂ ਗੁੱਸਾ ਸ਼ਾਂਤ ਹੋਣ ’ਤੇ ਮਹਾਰਾਜਾ ਮਹਾਂ ਮੰਤਰੀ ਨੂੰ ਬੁਲਾਉਂਦਾ ਹੈ ਤੇ ਆਪਣੀ ਸੱਸ ਸਦਾ ਕੌਰ ਦੀਆਂ ਜਾਗੀਰਾਂ ਜਬਤ ਕਰਨ ਦਾ ਫਰਮਾਨ ਦਿੰਦਾ ਹੈ। ਅਗਲੇ ਦਿਨ ਵਿਧਵਾ ਸਦਾ ਕੌਰ ਦੀ ਜ਼ਮੀਨ ਜਾਇਦਾਦ ਜ਼ਬਤ ਕਰ ਲਈ ਜਾਂਦੀ ਹੈ।
 ਇਸ ਤੋਂ ਉਪਰੰਤ ਜ਼ਿੱਦ ਵਿਚ ਆ ਕੇ ਮਹਾਰਾਜਾ ਰੋਜ਼ ਸ਼ਰੇਆਮ ਮੋਰਾਂ ਦੇ ਕੋਠੇ ’ਤੇ ਜਾਣ ਲੱਗ ਪਿਆ। ਬਾਜ਼ਰ ਵਿਚ ਮਹਾਰਾਜੇ ਦਾ ਹਾਥੀ ਖੜ੍ਹਾ ਦਿਸਦਾ ਤਾਂ ਲੋਕੀ ਸਮਝ ਜਾਂਦੇ ਕਿ ਮਹਾਰਾਜਾ ਮੋਰਾਂ ਨਾਲ ਰਾਸ-ਲੀਲਾ ਵਿਚ ਮਗਨ ਹੈ। ਮੋਰਾਂ ਮਹਾਰਾਜੇ ਦੇ ਦਿਲ-ਓ-ਦਿਮਾਗ ਉੱਤੇ ਬੂਰੀ ਤਰ੍ਹਾਂ ਛਾ ਚੁੱਕੀ ਹੈ।ਮਹਾਰਾਜਾ ਕਈ ਕਈ ਦਿਨ ਪਹਿਲਾਂ ਵਾਂਗ ਸ਼ਰਾਬ ਪੀ ਕੇ ਮੋਰਾਂ ਦੇ ਕੋਠੇ ’ਤੇ ਲਿਟਿਆ ਰਹਿੰਦਾ ਹੈ। ਜੇ ਕੋਈ ਅਹਿਲਕਾਰ ਜਾਂ ਕਰੀਬੀ ਉਸਨੂੰ ਸਮਝਾਉਂਣ ਦਾ ਯਤਨ ਕਰਦਾ ਹੈ ਤਾਂ ਉਹ ਭੜਕ ਜਾਂਦਾ ਹੈ।
 ਦੀਵਾਨ ਮੁਹਕਮ ਚੰਦ ਮਹਾਰਾਜੇ ਨੂੰ ਰਿਆਸਤ ਦੇ ਕੁਝ ਚੌਧਰੀਆਂ ਵੱਲੋਂ ‘ਰੱਖਿਆ ਕਰ’ ਅਦਾ ਨਾ ਕਰਨ ਦੀ ਸ਼ਿਕਾਇਤ ਕਰਦਾ ਹੈ ਤਾਂ ਮਹਾਰਾਜਾ ਆਪਣੇ ਫਰੰਗੀ ਜਰਨੈਲ ਗਾਰਡਨਰ ਅਤੇ ਦੇਸਾ ਸਿੰਘ ਮਜੀਠੀਆ ਉੱਤੇ ਇਸ ਮਸਲੇ ਨਾਲ ਨਜਿੱਠਣ ਦੀ ਜ਼ਿਮੇਵਾਰੀ ਸੁੱਟ ਕੇ ਆਪ ਮੋਰਾਂ ਨਾਲ ਐਸ਼ ਕਰਨ ਵਿਚ ਜੁੱਟ ਜਾਂਦਾ ਹੈ। ਗਾਰਡਨਰ ਮੂੰਹ ਭੜੱਕ ਹੋਣ ਕਰਕੇ ਮਹਾਰਾਜੇ ਨੂੰ ਆਖ ਦਿੰਦਾ ਹੈ, “ਮਹਾਰਾਜਾ ਜੀ, ਸਾਡੀ ਆਇਰਿਸ਼ ਲੋਕਾਂ ਦੀ ਫਿਤਰਤ ਤਾਂ ਨਹੀਂ ਹੈ ਕਿਸੇ ਦੇ ਮਾਮਲੇ ਦਖਲਅੰਦਾਜ਼ੀ ਕਰਨ ਦੀ, ਪਰ ਤੁਹਾਡਾ ਸ਼ੁਭ ਚਿੰਤਕ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਤੁਹਾਡੇ ਚੰਗੇ ਮਾੜੇ ਤੋਂ ਸੂਚਿਤ ਅਤੇ ਆਗਾਹ ਕਰਾਂ।”
 “ਬੇਝਿਜਕ ਬੋਲ ਗਾਰਡਨਰ।” ਮਹਾਰਾਜੇ ਨੇ ਹੱਥ ਉੱਚਾ ਚੁੱਕ ਕੇ ਜ਼ਾਮ ਹਵਾ ਵਿਚ ਉਛਾਲਿਆ।
 “ਮਹਾਰਾਜ ਤੁਸੀਂ ਵੇਸਵਾਂ ਦੇ ਕੋਠਿਆਂ ’ਤੇ ਬੈਠੇ ਫਬਦੇ ਨਹੀਂ। ਇਸ ਨਾਲ ਤੁਹਾਡੇ ਵਕਾਰ ਨੂੰ ਢਾਹ ਲੱਗਦੀ ਹੈ। ਤੁਸੀਂ ਰਾਜ ਮਹਿਲਾਂ ਜਾਂ ਖਾਸ ਨਿੱਜੀ ਰਿਹਾਇਸ਼ਗਾਹਾਂ ਉੱਤੇ ਅਯਾਸ਼ੀਆਂ ਕਰਦੇ ਚੰਗੇ ਲੱਗਦੇ ਹੋ।”
 ਗਾਰਡਨਰ ਦੀ ਕਹੀ ਗੱਲ ਮਹਾਰਾਜੇ ਦੇ ਦਿਲ ਨੂੰ ਲੱਗ ਜਾਂਦੀ ਹੈ।ਉਸਨੂੰ ਪਤਾ ਚਲਦਾ ਹੈ ਕਿ ਮੋਰਾਂ ਦੀ ਮਾਂ ਦੀ ਸਿਹਤ ਦਿਨੋਂ ਦਿਨ ਬਿਗੜਦੀ ਜਾ ਰਹੀ ਹੈ। ਮਹਾਰਾਜਾ ਕੁਝ ਆਹਲਾ ਹਕੀਮਾਂ ਤੋਂ ਇਲਾਵਾ ਆਪਣੇ ਇਕ ਇੰਗਲਿਸਤਾਨੀ ਡਾਕਟਰ ਹਾਰਵੀ ਨੂੰ ਮੋਰਾਂ ਦੀ ਮਾਂ ਦਾ ਇਲਾਜ ਕਰਨ ਲਾ ਦਿੰਦਾ ਹੈ।
 ਮੋਰਾਂ ਆਪਣੀ ਦੀ ਮਾਂ ਦੇ ਮਰਜ਼ ਨੂੰ ਦਿਨਾਂ ਵਿਚ ਮੋੜ ਪੈ ਜਾਂਦਾ ਹੈ। ਮਾਂ ਦੇ ਸਿਹਤਯਾਬ ਹੁੰਦਿਆਂ ਹੀ ਮਹਾਰਾਜਾ ਮੁੜ ਮੋਰਾਂ ਨੂੰ ਉਸੇ ਹਵੇਲੀ ਵਿਚ ਵਾਪਿਸ ਲੈ ਜਾਂਦਾ ਹੈ ਤੇ ਉਥੇ ਉਹ ਸਭ ਚੱਲਣ ਲੱਗਦਾ ਹੈ ਜੋ ਪਹਿਲਾਂ ਹੋਇਆ ਕਰਦਾ ਸੀ।
 ਮਹਾਰਾਜੇ ਦਾ ਮੋਰਾਂ ਨਾਲ ਮੋਹ ਘੱਟਣ ਦੀ ਵਜਾਏ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਮਹਾਰਾਜੇ ਦਾ ਜਦੋਂ ਦਿਲ ਕਰਦਾ ਉਹ ਮੋਰਾਂ ਕੋਲ ਚਲਾ ਜਾਂਦਾ। ਹੌਲੀ ਹੌਲੀ ਇਹ ਹਾਲਾਤ ਵੀ ਪੈਦਾ ਹੋ ਗਏ ਹਨ ਕਿ ਜੇ ਮਹਾਰਾਜੇ ਨੇ ਲਾਹੌਰ ਤੋਂ ਅੰਮ੍ਰਿਤਸਰ ਜਾਂ ਕਿਸੇ ਹੋਰ ਪਾਸੇ ਵੀ ਜਾਣਾ ਹੁੰਦਾ ਤਾਂ ਲਾਹੌਰੀ ਜਾਂ ਦਿੱਲੀ ਦਰਵਾਜ਼ੇ ਦੀ ਬਜਾਏ ਮਹਾਰਾਜੇ ਦਾ ਘੋੜਾ ਆਪ ਮੁਹਾਰੇ ਮੋਰਾਂ ਦੀ ਹਵੇਲੀ ਵੱਲ ਨੂੰ ਮੁੜ ਜਾਂਦਾ ਹੈ। ਫਿਰ ਮਹਾਰਾਜਾ ਵੀ ਘੋੜੇ ਨੂੰ ਵਰਜਦਾ ਨਹੀਂ ਤੇ ਆਪਣੇ ਸਭ ਕੰਮਕਾਰ ਵਿਚੇ ਛੱਡ ਕੇ ਮੋਰਾਂ ਨਾਲ ਜਾ ਬਗਲਗੀਰ ਹੁੰਦਾ ਹੈ। 
ਹੁਣ ਮਹੱਲ ਵੱਲ ਮਹਾਰਾਜੇ ਨੂੰ ਆਕਰਸ਼ਿਤ ਕਰਨ ਵਾਲਾ ਕੋਈ ਵਿਸ਼ੇਸ਼ ਸ਼ਖਸ ਨਹੀਂ ਹੈ। ਮੋਰਾਂ ਆਪਣੀਆਂ ਮਨ ਮਰਜ਼ੀਆਂ ਕਰਨ ਅਤੇ ਚੰਮ ਦੀਆਂ ਚਲਾਉਣ ਲੱਗ ਪੈਂਦੀ ਹੈ। ਮਹਾਰਾਜੇ ਨਾਲ ਸੈਰ, ਸ਼ਿਕਾਰ ਅਤੇ ਮਜ਼ਲਸਾਂ ਵਿਚ ਤਾਂ ਉਹ ਬੜ੍ਹੀ ਦੇਰ ਪਹਿਲਾਂ ਹੀ ਸ਼ਿਰਕਤ ਕਰਨ ਲੱਗ ਪਈ ਸੀ। ਪਰ ਹੁਣ ਮੋਰਾਂ ਨੇ ਮਹਾਰਾਜੇ ਦੇ ਪ੍ਰਸ਼ਾਸਨਿਕ ਕੰਮਾਂ ਵਿਚ ਵੀ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁਸੰਮਨ ਬੁਰਜ਼ ਦੀ ਵਜਾਏ ਦਰਬਾਰ ਮੋਰਾਂ ਦੀ ਹਵੇਲੀ ਵਿਚ ਲੱਗਣ ਲੱਗ ਪਏ ਹਨ। ਫਰਿਆਦੀ ਰਾਜ ਦਰਬਾਰ ਦੀ ਬਜਾਏ ਆਪਣੀਆਂ ਦਰਖਾਸਤਾਂ ਮੋਰਾਂ ਦੇ ਦਰਬਾਰ ਪਹੁੰਚਾਉਣ ਲੱਗੇ ਹਨ। ਇਥੋਂ ਤੱਕ ਕਿ ਕਈ ਵਾਰ ਤਾਂ ਮੁਕੱਦਮਿਆਂ ਦਾ ਫੈਸਲਾ ਵੀ ਮੋਰਾਂ ਖੁਦ ਆਪ ਸੁਣਾ ਦਿੰਦੀ ਤੇ ਮਹਾਰਾਜਾ ਕੋਈ ਉਜਰ ਨਹੀਂ ਕਰਦਾ।ਮੋਰਾਂ ਦੀ ਸ਼ਾਨ ਦੇ ਖਿਲਾਫ ਜੋ ਵੀ ਸਿਰ ਚੁੱਕਦਾ, ਮੋਰਾਂ ਆਪਣੀਆਂ ਚਾਲਾਂ ਨਾਲ ਉਸਨੂੰ ਕੁਚਲ ਦਿੰਦੀ ਹੈ। ਮੋਰਾਂ ਨੇ ਜਿਥੇ ਦਰਬਾਰ ਦੇ ਕਈ ਆਹੁਦੇਦਾਰਾਂ ਨੂੰ ਉੱਚੀਆਂ ਪਦਵੀਆਂ ਤੋਂ ਹਟਾ ਕੇ ਨੀਵੀਂਆਂ ਪਦਵੀਆਂ ’ਤੇ ਲਗਵਾਇਆ ਹੈ, ਉਥੇ ਕਈ ਵਿਅਕਤੀਆਂ ਨੂੰ ਕੰਗਾਲਾਂ ਤੋਂ ਅਮੀਰ ਵੀ ਕੀਤਾ ਹੈ। ਹੁਕਮ ਮਹਾਰਾਜਾ ਸੁਣਾਉਂਦਾ ਹੈ, ਪਰ ਉਸ ਵਿਚੋਂ ਬੋਲਦੀ ਮੋਰਾਂ ਹੁੰਦੀ ਹੈ।
 ਮੋਰਾਂ ਦੀ ਸਰਕਾਰੀ ਕੰਮਾਂ ਵਿਚ ਦਖਲਅੰਦਾਜ਼ੀ ਤੋਂ ਤੰਗ ਆ ਕੇ ਦਰਬਾਰ ਵਿਚ ਮੰਤਰੀਆਂ, ਜਰਨੈਲਾਂ ਅਤੇ ਅਹਿਮ ਅਹਿਲਕਾਰਾਂ ਨੇ ਇਕ ਸਭਾ ਬੁਲਾਈ ਤੇ ਫੈਸਲਾ ਕੀਤਾ ਕਿ ਮੋਰਾਂ ਨੂੰ ਮਨ ਆਈਆਂ ਕਰਨ ਤੋਂ ਰੋਕਿਆ ਜਾਵੇ। ਸਭ ਮੋਰਾਂ ਤੋਂ ਦੁੱਖੀ ਹੋ ਕੇ ਉਸ ਦੇ ਨੱਕ ਵਿਚ ਨਕੇਲ ਪਾਉਣਾ ਚਾਹੁੰਦੇ ਹਨ। ਸਭ ਨੇ ਇਹ ਫੈਸਲਾ ਕੀਤਾ ਕਿ ਮੋਰਾਂ ਦੇ ਪੰਜੇ ’ਚੋਂ ਮਹਾਰਾਜੇ ਨੂੰ ਕੱਢਿਆ ਜਾਵੇ। ਕੋਈ ਮੋਰਾਂ ਨੂੰ ਉਸਦੀ ਔਕਾਤ ਤੋਂ ਵਾਕਿਫ ਕਰਵਾਏ ਤੇ ਮਹਾਰਾਜੇ ਨੂੰ ਸਮਝਾਵੇ ਕਿ ਉਹ ਕੁਰਬਾਨੀਆਂ ਅਤੇ ਘਾਲਣਾਵਾਂ ਨਾਲ ਲਏ ਹੋਏ ਸਿੱਖ ਰਾਜ ਨੂੰ ਸਾਂਭਣ ਵੱਲ ਤਵੱਜੋ ਦੇਵੇ। ਪਰ ਬਿੱਲੇ ਦੇ ਗਲ ਟੱਲੀ ਬੰਨ੍ਹੇ ਕੌਣ? ਗੱਲ ਇਸ ਮੁੱਦੇ ਉੱਤੇ ਆ ਕੇ ਅੜ੍ਹ ਜਾਂਦੀ ਹੈ। ਰਾਜ ਕੌਰ ਅਤੇ ਮਹਿਤਾਬ ਕੌਰ ਨਾਲ ਹੋਏ ਮਾੜੇ ਹਸ਼ਰ ਬਾਰੇ ਸੋਚ ਕੇ ਸਭ ਚੁੱਪ ਕਰ ਜਾਂਦੇ ਹਨ।
 ਅਖੀਰ ਲੰਮੀ ਸੋਚ ਵਿਚਾਰ ਬਾਅਦ ਬਜ਼ੁਰਗ ਅਤੇ ਮੁਦੱਬਰ ਬਾਬਾ ਮੀਰ ਮੋਹਕਮ ਦੀਨ ਦੇ ਨਾਮ ਦੀ ਤਜਵੀਜ਼ ਹੁੰਦੀ ਹੈ।ਉਹ ਸਿਆਣਾ ਸਮਝਦਾਰ ਤਜ਼ਰਬੇਕਾਰ ਬਜ਼ੁਰਗ ਹੋਣ ਦਾ ਨਾਲ ਨਾਲ ਮਹਾਰਾਜੇ ਦਾ ਕਰੀਬੀ ਵੀ ਹੈ ਤੇ ਮਹਾਰਾਜੇ ਦੇ ਸਤਿਕਾਰ ਦਾ ਪਾਤਰ ਵੀ। ਬਾਬਾ ਮੀਰ ਮੋਹਕਮ ਦੀਨ ਖੁਦ ਵੀ ਇਸ ਮਸਲੇ ਬਾਰੇ ਚਿੰਤਤ ਰਹਿੰਦਾ ਹੈ। ਉਹ ਇਸ ਮੁਅਤਲੱਕ ਕੋਈ ਨਾ ਕੋਈ ਉਪਰਾਲਾ ਕਰਨ ਦੀ ਹਾਮੀ ਭਰ ਦਿੰਦਾ ਹੈ।
 ਮਹਾਰਾਜਾ ਲਾਹੌਰ ਤੋਂ ਬਾਹਰ ਗਿਆ ਹੁੰਦਾ ਹੈ। ਜਦੋਂ ਇਸ ਗੱਲ ਦੀ ਖਬਰ ਬਾਬਾ ਮੀਰ ਮੋਹਕਮ ਦੀਨ ਨੂੰ ਲੱਗਦੀ ਹੈ ਤਾਂ ਉਹ ਇਕੱਲੀ ਮੋਰਾਂ ਨੂੰ ਸਮਝਾਉਣ ਦੇ ਇਰਾਦੇ ਨਾਲ ਮੋਰਾਂ ਕੋਲ ਜਾਂਦਾ ਹੈ, ਕਿਤੂੰ ਮੋਰਾਂ ਉਸਦੀ ਇਕ ਨਹੀਂ ਸੁਣਦੀ। ਇਥੋਂ ਤੱਕ ਕੇ ਬਾਬਾ ਮੀਰ ਮੋਹਕਮ ਦੀਨ, ਮੋਰਾਂ ਦੇ ਪੈਰਾਂ ਵਿਚ ਪੱਗ ਰੱਖ ਦਿੰਦਾ ਹੈ। ਮੋਰਾਂ ਉਸਦੀ ਬੇਇਜ਼ਤੀ ਕਰਕੇ ਉਸਨੂੰ ਧੱਕੇ ਮਾਰ ਕੇ ਹਵੇਲੀਓ ਬਾਹਰ ਕੱਢ ਦਿੰਦੀ ਹੈ।
 ਬਾਬਾ ਮੋਹਕਮ ਦੀਨ ਨਮ ਅੱਖਾਂ ਅਤੇ ਭਰਿਆ ਮਨ ਲੈ ਕੇ ਅਜੇ ਹਵੇਲੀਉਂ ਨਿਕਲਿਆ ਹੀ ਹੁੰਦਾ ਹੈ ਕਿ ਉਧਰੋਂ ਮਹਾਰਾਜਾ ਆ ਜਾਂਦਾ ਹੈ। ਉਹ ਬਾਬਾ ਮੋਹਕਮ ਦੀਨ ਦੇ ਚਰਨ ਛੂਹ ਕੇ ਉਸ ਤੋਂ ਹਵੇਲੀ ਆਉਣ ਦਾ ਕਾਰਨ ਪੁੱਛਦਾ ਹੈ।
 “ਤੁਸੀਂ ਮੋਰਾਂ ਕੰਚਨੀ ਨੂੰ ਹੀ ਅੰਦਰ ਜਾ ਕੇ ਪੁੱਛ ਲਵੋ।” ਬਾਬਾ ਮੋਹਕਮ ਦੀਨ ਦੀ ਭਰੜਾਈ ਜਿਹੀ ਟੁੱਟੇ ਸ਼ੰਖ ਵਰਗੀ ਅਵਾਜ਼ ਨਿਕਲਦੀ ਹੈ।
 ਮਹਾਰਾਜਾ ਅੰਦਰ ਜਾ ਕੇ ਮੋਰਾਂ ਤੋਂ ਮਾਮਲੇ ਦੀ ਪੜਤਾਲ ਕਰਦਾ ਹੈ।
 “ਕੌਣ ਸੀ ਇਹ?” ਮੋਰਾਂ ਆਪਣਾ ਸੁਆਲ ਦਾਗ ਦਿੰਦੀ ਹੈ।
 ਮਹਾਰਾਜੇ ਨੇ ਮੋਰਾਂ ਦੇ ਮੋਢਿਆਂ ’ਤੇ ਆਪਣੇ ਹੱਥ ਰੱਖ ਦਿੱਤੇ, “ਇਹ ਮੇਰੇ ਦਰਬਾਰ ਦਾ ਕਰਮਚਾਰੀ ਹੈ, ਬਾਬਾ ਮੀਰ ਮੋਹਕਮ ਦੀਨ। 1799ਈ: ਵਿਚ ਜਦੋਂ ਮੈਂ ਲਾਹੌਰ ਫਤਿਹ ਕੀਤਾ ਸੀ ਤਾਂ ਲਾਹੌਰੀ ਦਰਵਾਜ਼ਾ ਖੋਲ੍ਹ ਕੇ ਮੇਰਾ ਇਸਤਕਲਬਾਲ ਕਰਨ ਵਾਲਾ ਇਹ ਪਹਿਲਾ ਵਿਅਕਤੀ ਸੀ ਤੇ ਇਸੇ ਦੀ ਮਦਦ ਨਾਲ ਮੈਂ ਜੰਗ ਜਿੱਤ ਸਕਿਆ ਸੀ। ਮੈਂ ਇਸਦੀ ਬਹੁਤ ਕਦਰ ਕਰਦਾ ਹਾਂ। ਇਸੇ ਲਈ 1801ਈ: ਵਿਚ ਭਰੇ ਦਰਬਾਰ ਵਿਚ ਜਦੋਂ ਮੈਨੂੰ ਮਹਾਰਾਜੇ ਦੀ ਪਦਵੀ ਨਸੀਬ ਹੋਈ ਤਾਂ ਮੈਂ ਉਸੇ ਵਕਤ ਮੀਰ ਮੋਹਕਮ ਦੀਨ ਨੂੰ ‘ਬਾਬਾ’ ਲਕਬ ਨਾਲ ਨਿਵਾਜਿਆ।”
 ਮੋਰਾਂ ਨੇ ਤੇਜ਼ੀ ਨਾਲ ਆਪਣੀ ਅਗਲੀ ਚਾਲ ਚੱਲ ਦਿੱਤੀ। ਹੱਥਾਂ ਦੀ ਕੈਂਚੀ ਮਾਰ ਕੇ ਮਹਾਰਾਜੇ ਦੇ ਹੱਥ ਆਪਣੇ ਮੋਢਿਆਂ ਤੋਂ ਹਟਾਉਂਦੀ ਹੋਈ ਉਹ ਮਹਾਰਾਜੇ ਤੋਂ ਦੂਰ ਚਲੀ ਜਾਂਦੀ ਹੈ, “ਤੁਅੱਜਬ ਹੈ ਬੜੇ ਗੁਸਤਾਖ ਅਤੇ ਨਾ ਸ਼ੁਕਰੇ ਕਰਮਚਾਰੀ ਪਾਲ ਰੱਖੇ ਨੇ ਤੁਸੀਂ ਦਰਬਾਰ ਵਿਚ? ਜ਼ਰਾ ਸੋਚੋ ਜੋ ਸ਼ਾਹ ਜ਼ਮਾਨ ਦੇ ਜਾਂਦਿਆਂ ਹੀ ਭੰਗੀਆਂ ਦਾ ਬਣ ਗਿਆ ਤੇ ਫੇਰ ਉਹ ਭੰਗੀਆਂ ਨਾਲ ਗਦਾਰੀ ਕਰ ਸਕਦੈ ਤਾਂ ਤੁਹਾਡਾ ਹਮੇਸ਼ਾਂ ਲਈ ਵਫਾਦਾਰ ਕਿਵੇਂ ਹੋ ਸਕਦੈ? ਜੋ ਨਮਕ-ਹਰਾਮੀ ਕਰਕੇ ਤੁਹਾਡੇ ਲਈ ਦਰਵਾਜ਼ੇ ਖੋਲ੍ਹ ਸਕਦਾ ਹੈ, ਕਿਸੇ ਹੋਰ ਲਈ ਵੀ ਖੋਲ੍ਹਣ ਲਗਿਆ ਢਿੱਲ ਨਹੀਂ ਕਰੇਗਾ।”
 “ਕੀ ਕਹਿਣਾ ਚਾਹੁੰਦੀ ਹੈਂ?” ਮਹਾਰਾਜਾ ਮੋਰਾਂ ਦੀ ਗੱਲ ਦੇ ਅਰਥ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
 “ਜਾਣਦੇ ਹੋ ਇਹ ਕੀ ਕਹਿ ਕੇ ਗਿਆ ਹੈ? ਉਸ ਨੇ ਮੇਰੀ ਬੜੀ ਤੋਹੀਨ ਕੀਤੀ ਹੈ। ਮੈਨੂੰ ਬਹੁਤ ਜ਼ਲੀਲ ਕਰ ਕੇ ਗਿਆ ਹੈ। ਕਹਿੰਦੈ ਮੋਰੀ ਦੀ ਇੱਟ ਚੁਬਾਰੇ ਨੂੰ ਨਹੀਂ ਲੱਗ ਸਕਦੀ। ਮੈਂ ਇਕ ਕੰਜਰੀ ਹਾਂ ਤੇ ਕੰਜਰੀ ਹੀ ਬਣ ਕੇ ਰਹਾਂ।ਮੈਨੂੰ ਤਾਂ ਇਸ ਹਵੇਲੀ ਵਿਚੋਂ ਅਜੇ ਵੀ ਕੰਜਰੀ… ਕੰਜਰੀ… ਕੰਜਰੀ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਕੀ ਮੈਂ ਇਨਸਾਨ ਨਹੀਂ? ਮੈਨੂੰ ਇੱਜ਼ਤ ਨਾਲ ਜਿਉਣ ਦਾ ਹੱਕ ਨਹੀਂ? ਮੈਨੂੰ ਕਹਿੰਦਾ ਕਿ ਮੈਂ ਤੁਹਾਨੂੰ ਛੱਡ ਕੇ ਦਿੱਲੀ ਦਰਬਾਰ ਵਿਚ ਮੁਜ਼ਰੇ ਕਰਾਂ। ਉਥੇ ਮੈਨੂੰ ਭਾਰੀ ਇਨਾਮ ਮਿਲਣਗੇ ਅਤੇ ਮਹਿਲਾਂ ਵਿਚ ਵਾਸਾ ਹੋਵੇਗਾ। ਮਹਾਰਾਜੇ ਨੇ ਤਾਂ ਤੈਨੂੰ ਇਸ ਖੰਡਰ ਵਿਚ ਕੈਦ ਕਰ ਰੱਖਿਆ ਹੈ। ਤੂੰ ਕੰਜਰੀ ਹੈਂ, ਇਸੇ ਲਈ ਤੈਨੂੰ ਮਹਿਲ ਵਿਚ ਨਹੀਂ ਲੈ ਕੇ ਗਿਆ। ਮਹਾਰਾਜਾ ਤਾਂ ਫਰੇਬੀ ਅਤੇ ਢੌਂਗੀ ਹੈ। ਤੈਨੂੰ ਪਿਆਰ ਕਰਦਾ ਹੁੰਦਾ ਤਾਂ ਹਰਮ ਵਿਚ ਲਿਜਾ ਕੇ ਰੱਖਦਾ। ਤੇ ਉਸ ਨੇ ਇਹ ਵੀ ਕਿਹਾ ਕਿ ਤੁਸੀਂ ਇਕ ਦਿਨ ਮੇਰੇ ਨਾਲ ਵੀ ਰਾਜ ਕੌਰ ਅਤੇ ਮਹਿਤਾਬ ਕੌਰ ਵਾਲਾ ਸਲੂਕ ਕਰੋਂਗੇ। ਮੈਨੂੰ ਕੰਜਰੀ ਕਿਹਾ ਉਹ ਤਾਂ ਮੈਂ ਬਰਦਾਸ਼ਤ ਕਰ ਲਿਆ। ਮਗਰ ਤੁਹਾਡੀ ਖੈਰਖੁਆਹ ਹੋਣ ਕਰਕੇ ਸ਼ਾਨ ਦੇ ਖਿਲਾਫ ਉਸ ਨੇ ਜੋ ਜ਼ਹਿਰ ਉਘਲੀ ਹੈ, ਮੈਂ ਉਹ ਤੁਹਾਨੂੰ ਦੱਸ ਨਹੀਂ ਸਕਦੀ। ਯਾ…ਅ… ਅੱਲਾ ਉਹ ਸਭ ਸੁਣਨ ਤੋਂ ਪਹਿਲਾਂ ਮੇਰੇ ਕੰਨ ਬੋਲ੍ਹੇ ਕਿਉਂ ਨਹੀਂ ਹੋ ਗਏ।” ਚਲਿੱਤਰ ਕਰਨ ਲਈ ਮੋਰਾਂ ਨੇ ਆਪਣੇ ਦੋਨੋਂ ਕੰਨਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਬੰਦ ਕਰ ਲਿਆ।
 ਮੋਰਾਂ ਦੀ ਅਦਾਕਾਰੀ ਕਮਾਲ ਕਰ ਗਈ। ਮਹਾਰਾਜਾ ਤੈਸ਼ ਵਿਚ ਆ ਗਿਆ ਤੇ ਗੁੱਸੇ ਨਾਲ ਉਸ ਨੇ ਪਹਿਰੇਦਾਰਾਂ ਨੂੰ ਬੁਲਾ ਕੇ ਕਿਹਾ ਕਿ ਉਹ ਫੌਰਨ ਬਾਬਾ ਮੀਰ ਮੋਹਕਮ ਦੀਨ ਨੂੰ ਗ੍ਰਿਫਤਾਰ ਕਰਕੇ ਲੈ ਆਉਣ।
 ਥੋੜ੍ਹੀ ਦੇਰ ਬਾਅਦ ਸਿਪਾਹੀਆਂ ਨੇ ਮੋਹਕਮ ਦੀਨ ਨੂੰ ਲਿਆ ਹਾਜ਼ਰ ਕੀਤਾ।
 ਮੋਹਕਮ ਦੀਨ ਹੱਥ ਬੰਨ੍ਹ ਕੇ ਨਿਮਰਤਾ ਨਾਲ ਮਹਾਰਾਜੇ ਨੂੰ ਕਹਿਣ ਲੱਗਾ, “ਮਹਾਰਾਜ, ਤੁਸੀਂ ਇਕ ਸੰਦੇਸ਼ ਭੇਜ ਦਿੰਦੇ। ਮੈਂ ਆਪੇ ਤੁਹਾਡੀ ਹਜ਼ੂਰੀ ਵਿਚ ਆ ਜਾਣਾ ਸੀ। ਇਹ ਐਨੇ ਸਿਪਾਹੀਆਂ ਨੂੰ ਭੇਜਣ ਦੀ ਕੀ ਲੋੜ ਸੀ?”
 “ਬਾਬਾ ਜੀ, ਇਹ ਮੈਂ ਕੀ ਸੁਣ ਰਿਹਾ ਹਾਂ? ਕੀ ਤੁਸੀਂ ਮੋਰਾਂ ਨੂੰ ਮੈਨੂੰ ਛੱਡ ਕੇ ਚਲੀ ਜਾਣ ਦਾ ਮਸ਼ਵਰਾ ਦਿੱਤਾ ਹੈ?”
 “ਉਹ…ਨਹੀਂ… ਮੈਂ… ਤਾਂ…।”
 ਬਾਬਾ ਮੀਰ ਮੋਹਕਮ ਦੀਨ ਨੂੰ ਸਫਾਈ ਦਿੰਦਾ ਤਾੜ ਕੇ ਮੋਰਾਂ ਨੇ ਟੋਕ ਦਿੱਤਾ, “ਤੁਹਾਨੂੰ ਮਹਾਰਾਜ ਨੇ ਜਿੰਨੀ ਗੱਲ ਪੁੱਛੀ ਹੈ, ਓਨਾ ਜੁਆਬ ਦਿਉ।”
 “ਬਾਬਾ ਜੀ, ਇਹ ਗੱਲ ਸਹੀ ਹੈ ਜਾਂ ਨਹੀਂ?” ਮਹਾਰਾਜਾ ਬੁੜ੍ਹਕਦਾ ਹੈ।
 ਮਹਾਰਾਜੇ ਦੇ ਸੁਭਾਅ ਤੋਂ ਵਾਕਿਫ ਹੋਣ ਕਰਕੇ ਬਾਬਾ ਮੀਰ ਮੋਹਕਮ ਦੀਨ ਠਠੰਬਰ ਜਾਂਦਾ ਹੈ, “ਹਾਂ ਹਜ਼ੂਰ ਦਰੁਸਤ ਹੈ।”
 ਐਨੀ ਗੱਲ ਸੁਣਦਿਆਂ ਮੋਰਾਂ ਦੇ ਭੜਕਾਏ ਹੋਏ ਮਹਾਰਾਜੇ ਨੂੰ ਰੋਹ ਆ ਜਾਂਦਾ ਹੈ ਤੇ ਉਹ ਅੱਗੇ ਵੱਧ ਕੇ ਬਾਬ ਮੀਰ ਮੋਹਕਮ ਦੀਨ ਦੇ ਥੱਪੜ ਮਾਰਦਾ ਹੈ।ਬਾਬਾ ਮੀਰ ਮੋਹਕਮ ਦੀਨ ਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਹੁੰਦੀ।
 “ਇਸ ਗੁਸਤਾਖੀ ਦੀ ਤੁਹਾਨੂੰ ਸਜ਼ਾ ਮਿਲੇਗੀ ਬਾਬਾ ਜੀ। ਤੁਹਾਡੀ ਹਿਮਾਕਤ ਕਿਵੇਂ ਹੋਈ ਇਹ ਗੱਲ ਕਹਿਣ ਦੀ? ਲਾਹੌਰ ਸਰਕਾਰ ਹੁਣੇ ਤੋਂ ਤੁਹਾਡੀ ਸਾਰੀ ਜਾਇਦਾਦ ਜ਼ਬਤ ਕਰਦੀ ਹੈ ਤੇ ਇਸ ਗਲਤੀ ਲਈ ਤੁਹਾਨੂੰ ਦਸ ਹਜ਼ਾਰ ਰੁਪਈਆਂ ਜ਼ੁਰਮਾਨਾ ਭਰਨਾ ਪਵੇਗਾ।”
 ਮਹਾਰਾਜਾ ਆਪਣਾ ਫੈਸਲਾ ਸੁਣਾ ਕੇ ਹਟਦਾ ਹੀ ਹੈ ਕਿ ਮੋਰਾਂ ਆਪਣਾ ਹੁਕਮ ਆਰੰਭ ਦਿੰਦੀ ਹੈ, “ਇਥੇ ਹੀ ਬਸ ਨਹੀਂ ਤੁਹਾਡੇ ਤੋਂ ਲਾਹੌਰ ਸਰਕਾਰ ਦਾ ਬਖਸ਼ਿਆ ‘ਬਾਬਾ’ ਲਕਬ ਖੋਹ ਲਿਆ ਜਾਂਦਾ ਹੈ ਤੇ ਅਨਿਸਚਿਤ ਕਾਲ ਲਈ ਕੈਦ ਕੀਤਾ ਜਾਂਦਾ ਹੈ।”
 “ਹਾਂ ਜਿਵੇਂ ਮੋਰਾਂ ਕੰਚਨੀ ਨੇ ਕਿਹਾ ਹੈ, ਉਸੇ ਤਰ੍ਹਾਂ ਹੋਵੇਗਾ।” ਮਹਾਰਾਜਾ ਮੋਰਾਂ ਨਾਲ ਇਕ ਸੁਰ ਹੁੰਦਾ ਹੈ।
 ਬਾਬੇ ਤੋਂ ਕੇਵਲ ਮੋਹਕਮ ਦੀਨ ਰਹਿ ਗਿਆ ਉਹ ਇਨਸਾਨ ਆਪਣੇ ਸਕੇ ਸਬੰਧੀਆਂ ਤੋਂ ਉਧਾਰ ਮੰਗ ਕੇ ਹਰਜ਼ਾਨਾ ਭਰਦਾ ਹੈ ਤੇ ਉਸਨੂੰ ਜੰਜ਼ੀਰਾਂ ਵਿਚ ਜਕੜ ਕੇ ਚਨਾਬ ਕੰਢੇ ਰਾਮ ਨਗਰ ਕਾਲ ਕੋਠੜੀ ਵਿਚ ਕੈਦ ਕਰ ਦਿੱਤਾ ਜਾਂਦਾ ਹੈ।
 ਇਸ ਘਟਨਾ ਉਪਰੰਤ ਸਾਰੇ ਲਾਹੌਰ ਵਿਚ ਮੋਰਾਂ ਦੀ ਦਹਿਸ਼ਤ ਉਵੇਂ ਫੈਲ ਜਾਂਦੀ ਹੈ, ਜਿਵੇਂ ਉਸਦੇ ਹੁਸਨ ਦੀ ਚਰਚਾ ਕਦੇ ਫੈਲਿਆ ਕਰਦੀ ਹੈ। ਸਾਰੀ ਖਲਕਤ ਨੂੰ ਇਹ ਇਲਮ ਹੋ ਜਾਂਦਾ ਹੈ ਕਿ ਮਹਾਰਾਜਾ ਮੋਰਾਂ ਦੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੀ ਕਠਪੁਤਲੀ ਬਣ ਕੇ ਰਹਿ ਗਿਆ ਹੈ।ਮੋਰਾਂ ਵਿਰੁੱਧ ਕੋਈ ਵੀ ਅਵਾਜ਼ ਬੁਲੰਦ ਕਰਨ ਦੀ ਜ਼ੁਰਅੱਤ ਨਹੀਂ ਕਰਦਾ ਹੈ।
 ਕੁਝ ਸਾਲ ਬਾਅਦ ਲੋਕ ਰਾਜ ਕੌਰ ਨਾਲ ਜੋ ਬੀਤੀ, ਮਹਿਤਾਬ ਕੌਰ ਨਾਲ ਹੋਏ ਸਲੂਕ ਅਤੇ ਮੋਹਕਮ ਦੀਨ ਦੀ ਬੇਪੱਤੀ ਨੂੰ ਵਿਸਾਰ ਗਏ।
 ਮੋਰਾਂ ਦੇ ਰੂਪ ਦੀ ਧਾਰ ਖੁੰਡੀ ਹੋਣ ਦੀ ਬਜਾਏ ਵਧੇਰੇ ਤੀਖੀ ਹੋਈ ਜਾ ਰਹੀ ਹੈ।ਦਿਨੋਂ ਦਿਨ ਮੋਰਾਂ ਦਾ ਦਬਦਬਾ ਮਹਾਰਾਜੇ ਉੱਤੇ ਵਧਦਾ ਜਾਂਦਾ ਹੈ। ਮਹਾਰਾਜ ਮੋਰਾਂ ਉੱਤੇ ਆਪਾ ਵਾਰਨ ’ਤੇ ਤੁਲਿਆ ਹੋਇਆ ਹੈ। ਮੋਰਾਂ ਮਹਾਰਾਜੇ ਉੱਤੇ ਕਾਬਜ਼ ਰਹਿਣ ਲਈ ਕੋਈ ਨਾ ਕੋਈ ਖੜਯੰਤਰ ਰਚਦੀ ਰਹਿੰਦੀ ਹੈ। ਮੋਰਾਂ ਕਈ ਵਾਰ ਤਾਂ ਅਜਿਹੀਆਂ ਕਰਤੂਤਾਂ ਵੀ ਕਰ ਜਾਂਦੀ ਹੈ ਕਿ ਧਰਤੀ ਹੇਠਲਾ ਧੌਲ ਵੀ ਕੰਬ ਜਾਂਦਾ ਹੈ।
 ਮਹਾਰਾਜਾ ਈਸਟ ਇੰਡੀਆ ਕੰਪਨੀ ਦੇ ਫਰੰਗੀ ਅਫਸਰਾਂ ਦੀ ਦਾਅਵਤ ਲਈ  ਸਤਜੁਲ ਤੋਂ ਚਾਰ ਹਫਤਿਆਂ ਬਾਅਦ ਲਾਹੌਰ ਪਰਤਦਾ ਹੈ। ਮੋਰਾਂ ਨੂੰ ਜਦੋਂ ਮਹਾਰਾਜੇ ਦੇ ਲਾਹੌਰ ਵਾਪਿਸ ਆਉਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਉਚੇਚਾ ਉਸ ਲਈ ਹਾਰ-ਸਿੰਗਰ ਕਰਦੀ ਹੈ ਤੇ ਮਹਾਰਾਜੇ ਦੇ ਆਉਂਦੇ ਨੂੰ ਆਪਣਾ ਹੁਸਨ ਸਾਣ ’ਤੇ ਲਾਈ ਬੈਠੀ ਹੁੰਦੀ ਹੈ। ਮਹਾਰਾਜ ਵੀ ਕਈ ਦਿਨਾਂ ਦਾ ਭਰਿਆ ਪਿਆ ਹੁੰਦਾ ਹੈ ਤੇ ਉਣਾ ਹੋਣ ਨੂੰ ਕਾਹਲਾ ਹੁੰਦਾ ਹੈ। ਮਹਾਰਾਜੇ ਦੇ ਘੋੜੇ ਦੇ ਹਵੇਲੀ ਵੜ੍ਹਦਿਆਂ ਹੀ ਮੋਰਾਂ ਆਪਣੇ ਗਹਿਣੀਆਂ ਵਾਲੀ ਪਟਾਰੀ ਖੋਲ੍ਹ ਕੇ ਕਿਸੇ ਵਿਸ਼ੇਸ਼ ਜੇਵਰ ਨੂੰ ਖੋਜਦੀ ਹੋਣ ਦਾ ਸੁਆਂਗ ਕਰਨ ਲੱਗ ਜਾਂਦੀ ਹੈ।
 ਮਹਾਰਾਜਾ ਮੋਰਾਂ ਦੇ ਪਿਛਿਓ ਆ ਕੇ ਉਸਦੇ ਪਤਲੇ ਜਿਹੇ ਲੱਕ ਦੁਆਲੇ ਬਾਹਾਂ ਪਾ ਕੇ ਉਸਨੂੰ ਘੁੱਟ ਲੈਂਦਾ ਹੈ।
 “ਹਾਂ ਮਹਾਰਾਜ ਕਸ ਕੇ ਆਪਣੇ ਨਾਲ ਲਾ ਲਉ।… ਮਾਂ ਕਸਮ ਬਹੁਤ ਮਜ਼ਾ ਆ ਰਿਹਾ ਹੈ… ਤੁਹਾਡੇ ਹਿਜ਼ਰ ਵਿਚ ਸੁੱਕ ਕੇ ਤਵੀਤ ਬਣੀ ਪਈ ਆਂ…।” ਮੋਰਾਂ ਦੀ ਨਸ਼ਿਆਈ ਜਿਹੀ ਅਵਾਜ਼ ਨਿਕਲਦੀ ਹੈ।
 ਮਧਰੇ ਕੱਦ ਤੇ ਘਸਮੈਲੇ ਰੰਗ ਦਾ ਮਹਾਰਾਜਾ ਜਰਕ ਮਾਰ ਕੇ ਆਪਣੇ ਤੋਂ ਗਿੱਠ ਲੰਬੀ ਗੋਰੀ ਮੋਰਾਂ ਦੇ ਬਦਨ ਨੂੰ ਆਪਣੇ ਜਿਸਮ ਨਾਲ ਘੁੱਟਦਾ ਹੋਇਆ ਉਸਦੇ ਪੈਰ ਜ਼ਮੀਨ ਤੋਂ ਚੁੱਕ ਦਿੰਦਾ ਹੈ। ਮਹਾਰਜੇ ਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸਤਲੁਜ ਤੋਂ ਦਰ੍ਹ-ਏ-ਖਹਿਬਰ ਤੱਕ ਦਾ ਸਾਰਾ ਇਲਾਕਾ ਉਸਨੇ ਆਪਣੀਆਂ ਬਾਹਾਂ ਵਿਚ ਸਮੇਟ ਲਿਆ ਹੋਵੇ।  
ਮੋਰਾਂ ਅੰਗੂਰਾਂ ਦੇ ਗੁੱਝੇ ਨਾਲੋਂ ਅੰਗੂਰ ਤੋੜ ਕੇ ਅੰਗੂਰ ਦਾ ਅੱਧਾ ਹਿੱਸਾ ਆਪਣੇ ਹੋਠਾਂ ਵਿਚ ਅੜਕਾਉਂਦੀ ਹੈ ਤੇ ਫਿਰ ਉਸੇ ਅੰਗੂਰ ਦਾ ਬਾਕੀ ਹਿੱਸਾ ਮਹਾਰਾਜੇ ਦੇ ਬੁੱਲ੍ਹਾਂ ਨਾਲ ਜਾ ਛੂਹਾਉਂਦੀ ਹੈ। ਇੰਝ ਕਦੇ ਤਾਂ ਮਹਾਰਾਜਾ ਅੰਗੂਰ ਬੋਚ ਲੈਂਦਾ ਹੈ, ਕਦੇ ਮੋਰਾਂ ਨਿਗਲ ਜਾਂਦੀ ਹੈ। ਕੁਝ ਦੇਰ ਇਹ ਖੇਡ ਖੇਡਣ ਬਾਅਦ ਮੋਰਾਂ ਮਹਾਰਾਜੇ ਨੂੰ ਸੁਆਲ ਕਰਦੀ ਹੈ, “ਮਹਾਰਾਜ, ਤੁਸੀਂ ਸੈਰ-ਓ-ਤਫਰੀਹ ਤੋਂ ਆਏ ਹੋ। ਮੇਰੇ ਲਈ ਕੀ ਤੋਹਫਾ ਲਿਆਂਦਾ ਹੈ?”
 “ਮੰਗ ਕੀ ਚਾਹੀਦੈ ਤੈਨੂੰ?”
 “ਲੈ ਇਉਂ ਥੋੜ੍ਹਾ ਹੁੰਦੈ। ਨਜ਼ਰਾਨਾ ਮੰਗ ਕੇ ਲਿਆ ਤਾਂ ਕੀ ਲਿਆ। ਸੁਆਦ ਤਾਂ ਫੇਰ ਹੀ ਹੈ ਜੇ ਬਿਨਾ ਮੰਗੇ ਅਗਲਾ ਆਪਣੇ ਆਪ ਦਵੇ। ਉਸਦਾ ਵੱਖਰਾ ਹੀ ਮਜ਼ਾ ਹੈ।ਇਸ਼ਕ ਤਾਂ ਮੁਗਲ ਕਰਨਾ ਜਾਣਦੇ ਨੇ। ਸ਼ਾਹਜਹਾਨ ਨੇ ਮੁਮਤਾਜ ਦੇ ਮਕਬਰੇ ਲਈ ਤਾਜ ਮਹੱਲ ਬਣਾ ਦਿੱਤਾ।” ਮੋਰਾਂ ਮਹਾਰਾਜੇ ਵੱਲ ਦੇਖ ਕੇ ਮੁਸਕੁਰਾਉਂਦੀ ਹੋਈ ਉਸਨੂੰ ਅੱਖ ਮਾਰਦੀ ਹੈ।
 ਮਹਾਰਜਾ ਚਾਮ੍ਹਲ ਜਾਂਦਾ ਹੈ, “ਤੂੰ ਗੱਲ ਤਾਂ ਕਰ ਲਾਹੌਰ ਦਾ ਨਾਂ ਬਦਲ ਕੇ ਤੇਰੇ ਨਾਮ ’ਤੇ ਮੋਰਾਂਵਲੀ ਰੱਖ ਦਿੰਦਾ ਹਾਂ।ਤੂੰ ਵੀ ਕੀ ਯਾਦ ਕਰੇਂਗੀ ਕਿਸੇ ਸਿੱਖ ਮਹਾਰਾਜੇ ਨਾਲ ਇਸ਼ਕ ਕੀਤਾ ਹੈ।”
 “ਲੈ ਜਾਣ ਦਿਓ ਮਹਾਰਾਜ ਗਪੌੜ ਨਹੀਂ ਮਾਰੀਦੇ ਹੁੰਦੇ।ਉਨੀ ਗੱਲ ਕਰੀਦੀ ਹੈ, ਜਿੰਨੀ ਬੰਦਾ ਕਰ ਸਕਦਾ ਹੋਵੇ। ਤੁਹਾਡੇ ਤੋਂ ਅੱਜ ਤੱਕ ਆਪਣੇ ਨਾਮ ਦਾ ਇਕ ਸਿੱਕਾ ਤੱਕ ਤਾਂ ਚਲਾ ਨਹੀਂ ਹੋਇਆ।” ਮੋਰਾਂ ਦੇ ਲਹਿਜ਼ੇ ਵਿਚ ਤਨਜ਼ ਪ੍ਰਤੱਖ ਦਿਖਾਈ ਦਿੰਦੀ ਹੈ।
 ਮੋਰਾਂ ਦਾ ਮਿਹਣਾ ਸੁਣ ਕੇ ਮਹਾਰਾਜ ਗੰਭੀਰ ਹੋ ਜਾਂਦਾ ਹੈ, “ਇਹ ਗੱਲ ਨਹੀਂ, ਮੋਰਾਂ। ਮੈਂ ਚਾਹਾਂ ਤਾਂ ਆਥਣ ਨੂੰ ਦੱਸ ਸਿੱਕੇ ਚਲਵਾ ਲਵਾਂ। ਸਿੱਕੇ ਦਾ ਕੀ ਏ? ਆਪਣੇ ਨਾਮ ਦਾ ਸਿੱਕਾ ਤਾਂ 1763 ਈ: ਵਿਚ ਜੀਂਦ ’ਤੇ ਕਬਜ਼ਾ ਕਰਕੇ ਮੇਰਾ ਨਾਨਾ ਵੀ ਚਲਾ ਚੁੱਕਾ ਹੈ। ਅਸਲ ਵਿਚ ਤੈਨੂੰ ਮੇਰੀ ਬੀਤੀ ਜ਼ਿੰਦਗੀ ਬਾਰੇ ਬਹੁਤਾ ਨਹੀਂ ਪਤਾ। ਜਦੋਂ ਮੈਂ ਪੈਦਾ ਹੋਇਆ ਸੀ ਤਾਂ ਉਸ ਵਕਤ ਮੇਰੇ ਨਾਨਕਿਆਂ ਨੇ ਮੇਰਾ ਨਾਮ ਬੁੱਧ ਸਿੰਘ ਰੱਖਿਆ ਸੀ। ਲੇਕਿਨ ਮੇਰੇ ਪੈਦਾ ਹੁੰਦਿਆਂ ਕਾਮਯਾਬੀਆਂ ਅਤੇ ਮੈਦਾਨ-ਏ-ਜੰਗ ਵਿਚ ਜਿੱਤਾਂ ਮੇਰੇ ਪਿਤਾ ਦੇ ਕਦਮ ਚੁੰਮਣ ਲੱਗੀਆਂ। ਜਦੋਂ ਮੇਰੇ ਜਨਮ ਦੀ ਖਬਰ ਮੇਰੇ ਬਾਪ ਨੂੰ ਲੱਗੀ ਉਦੋਂ ਉਹ ਚੱਠੇ ਸਰਦਾਰ ਪੀਰ ਮੁਹੰਮਦ ਤੋਂ ਰਸੂਲਗੜ੍ਹ ਜਿੱਤ ਕੇ ਆ ਰਿਹਾ ਸੀ। ਇਸ ਜਿੱਤ ਕਰਕੇ ਮੇਰੇ ਪਿਤਾ ਨੇ ਮੇਰਾ ਨਾਮ ਬਦਲ ਕੇ ਰਣਜੀਤ ਸਿੰਘ ਰੱਖ ਦਿੱਤਾ। ਮੈਂ ਕੇਵਲ ਦਸਾਂ ਸਾਲਾਂ ਦਾ ਸੀ, ਜਦੋਂ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਮੈਂ ਸ਼ੁੱਕਰਚੱਕੀਆ ਮਿਸਲ ਦਾ ਗੱਦੀਦਾਰ ਬਣਿਆਂ। ਬਾਬਾ ਸਾਹਿਬ ਸਿੰਘ ਬੇਦੀ ਨੇ ਮਿਸਲ ਦੀ ਜ਼ਿਮੇਵਾਰੀ ਮੈਨੂੰ ਸੌਂਪਦਿਆਂ ‘ਪੰਜਾਬ ਦਾ ਬਾਦਸ਼ਾਹ’ ਬਣਨ ਦਾ ਮੈਨੂੰ ਅਸ਼ੀਰਵਾਦ ਦਿੱਤਾ ਸੀ। ਮੈਂ ਆਪਣੇ ਪਿਤਾ ਦੇ ਅਹਿਲਕਾਰ ਦੀਵਾਨ ਲਖਪਤਿਰਾਏ ਅਤੇ ਦਲ ਸਿੰਘ ਦੀ ਨਿਗਾਰਨੀ ਵਿਚ ਮਿਸਲ ਦੀ ਸੇਵਾ ਕੀਤੀ ਹੈ। ਉਸ ਵੇਲੇ ਦੇ ਨਿਪੁੰਨ ਯੋਧਾ ਸ: ਅਮੀਰ ਸਿੰਘ ਤੋਂ ਮੈਂ ਸ਼ਸਤਰ ਵਿਦਿਆ ਸਿੱਖੀ ਹੈ। ਜਿਸਦੇ ਬਲਬੁੱਤੇ ਅੱਜ ਮੈਂ ਸ਼ੇਰ-ਏ-ਪੰਜਾਬ ਕਹਾਉਂਦਾ ਹਾਂ। ਨਿੱਕੇ ਹੁੰਦਿਆਂ ਤੋਂ ਹੀ ਮੈਨੂੰ ਧਾਰਮਿਕ ਸਿੱਖਿਆ ਦੇਣ ਲਈ ਮੇਰੀ ਮਾਤਾ ਰਾਜ ਕੌਰ ਨੇ ਭਾਈ ਫੇਰੂ ਸਿੰਘ ਗੁੱਜਰਾਂਵਾਲ ਦੀ ਧਰਮਸਾਲਾ ਦਾ ਗ੍ਰੰਥੀ ਮੁਕੱਰਰ ਕਰ ਦਿੱਤਾ ਸੀ। ਇਸੇ ਕਰਕੇ ਸਭ ਧਰਮਾਂ ਲਈ ਮੇਰੇ ਮਨ ਵਿਚ ਸਤਿਕਾਰ ਹੈ। ਜੇ ਮੈਂ ਚਨਿਓਟ ਦੇ ਕਾਰੀਗਰਾਂ ਤੋਂ ਪੰਜ ਲੱਖ ਰੁਪਈਆ ਖਰਚ ਕੇ ਦਰਬਾਰ ਸਾਹਿਬ ਨੂੰ ਸਵਰਨ ਮੰਦਰ ਵਿਚ ਤਬਦੀਲ ਕੀਤਾ ਹੈ ਤਾਂ ਮੈਂ ਵਿਸ਼ਵਾ ਨਾਥ ਮੰਦਰ, ਬਨਾਰਸ ਲਈ ਬਾਈ ਮਣ ਸੋਨਾ ਵੀ ਦਾਨ ਕੀਤਾ ਹੈ ਤੇ ਪੀਰ ਬਹਾਵਲ ਹੱਕ ਦੇ ਮਜ਼ਾਰ ਨੂੰ ਪੈਂਤੀ ਸੌ ਰੁ: ਸਲਾਨਾ ਜਾਗੀਰ ਲਾਈ ਹੋਈ ਹੈ। ਮੇਰੇ ਵਡੇਰੇ ਗੱਜਰਾਂਵਾਲਾ ਦੇ ਇਲਾਕੇ ਵਿਚ ਡੰਗਰ ਚਾਰਨ ਵਾਲੇ ਮਾਮੂਲੀ ਮਜ਼ਦੂਰ ਸਨ ਤੇ ਮੈਨੂੰ ਰੱਬ ਨੇ ਬਾਦਸ਼ਾਹਤ ਬਖਸ਼ੀ ਹੈ। ਅੱਜ ਮੇਰਾ ਰਾਜ ਸਤਲੁਜ ਤੋਂ ਪਿਸ਼ਾਵਰ ਅਤੇ ਤਿੱਬਤ ਦੀ ਹੱਦ ਤੋਂ ਸਿੰਧ ਤੱਕ ਫੈਲਿਆ ਹੈ। ਮੈਂ ਲਾਹੌਰ, ਪਿਸ਼ਾਵਰ, ਕਸ਼ਮੀਰ ਅਤੇ ਮੁਲਤਾਨ ਚਾਰ ਵਿਸ਼ਾਲ ਸੂਬੇ ਕਾਇਮ ਕੀਤੇ ਹਨ। ਵਾਹਿਗੁਰੂ ਨੇ ਚਾਹਿਆ ਤਾਂ ਇਕ ਦਿਨ ਉਹ ਵੀ ਆਵੇਗਾ ਜਦੋਂ ਲਾਲ ਕਿਲ੍ਹੇ ’ਤੇ ਸਰਕਾਰ-ਏ-ਖਾਲਸਾ ਦਾ ਕੇਸਰੀ ਨਿਸ਼ਾਂਨ ਝੂਲਦਾ ਹੋਵੇਗਾ। ਦਿੱਲੀ ਦੂਰ ਨਹੀਂ! ਇਹ ਸਭ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਹਨ। ਸਭ ਕੁਝ ਉਸੇ ਉਪਰ ਵਾਲੇ ਦਾ ਦਿੱਤਾ ਹੋਇਆ ਹੈ। ਫਿਰ ਮੈਂ ਉਸ ਨੂੰ ਕਿਵੇਂ ਭੁੱਲ ਜਾਵਾਂ? ਮੈਂ ਅੱਜ ਤੱਕ ਸਰਕਾਰੀ ਦਸਤਾਵੇਜ਼ਾਂ ’ਤੇ ਦਸਤਖਤ ਵੀ ‘ਸ਼੍ਰੀ ਅਕਾਲ ਸਹਾਏ-ਰਣਜੀਤ ਸਿੰਘ’ ਲਿਖ ਕੇ ਕਰਦਾ ਹਾਂ। ਮੈਂ ਮਹਾਰਾਜਾ ਸੁਣਨ ਦੀ ਬਜਾਏ ‘ਸਿੰਘ ਸਾਹਿਬ’ ਸੁਣਨਾ ਜ਼ਿਆਦਾ ਪਸੰਦ ਕਰਦਾ ਹਾਂ। ਮੈਂ ਗੁਰੂ ਦੇ ਭਾਣੇ ਨੂੰ ਮੰਨਣ ਵਾਲਾ ਮਨੁੱਖ ਹਾਂ। ਮੈਂ ਹਰ ਕੰਮ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕਰਦਾ ਹਾਂ। ਫਿਰ ਸਭ ਤਾਕਤਾਂ ਮੇਰੇ ਮੂਹਰੇ ਗੋਡੇ ਟੇਕ ਦਿੰਦੀਆਂ ਹਨ। ਲੋਹੇ ਨੂੰ ਹੱਥ ਲਾਵਾਂ ਸੋਨਾ ਬਣ ਜਾਂਦੈ।”
 “ਤੁਹਾਡੀ ਦਿਆਨਦਾਰੀ ਅਤੇ ਨੇਕੀ ਦਾ ਜੱਸ ਤਾਂ ਸਾਰੀ ਦੁਨੀਆਂ ਗਾਉਂਦੀ ਹੈ। ਮੈਂ ਸੁਣਿਆਂ ਹੈ।ਤੁਸੀਂ ਕਿਸੇ ਗਰੀਬ ਦੇ ਘਰ ਆਪਣੀ ਪਿੱਠ ਉੱਤੇ ਢੋਹ ਕੇ ਅਨਾਜ ਦੀ ਬੋਰੀ ਛੱਡ ਕੇ ਆਏ ਸੀ।”
 “ਕੋਈ ਦੋ ਸਿੱਖਾਂ ਨੂੰ ਇਕੱਠੇ ਕਰਕੇ ਦਿਖਾਵੇ! ਮੈਂ ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਨੂੰ ਇੱਕ ਜੁੱਟ ਕਰਕੇ ਇਕ ਕੇਂਦਰੀ ਸਲਤਨਤ ਬਣਾਈ ਹੈ। ਮੈਂ ਆਪਣੇ ਨਾਮ ਨਾਲੋਂ ਆਪਣੇ ਸਤਿਗੁਰੂ ਦੀ ਵਡਿਆਈ ਨੂੰ ਪਹਿਲ ਦਿੰਦਾ ਹਾਂ। ਇਸ ਲਈ ਅੰਮ੍ਰਿਤਸਰ ਵਿਚ ਕਿਲ੍ਹਾ ਗੋਬਿੰਦਗੜ, ਗੁਰੂ ਰਾਮ ਦਾਸ ਬਾਗ ਅਤੇ ਇਥੋਂ ਤੱਕ ਕੇ ਆਪਣੇ ਰਸਾਲੇ ਦਾ ਨਾਮ ਗੁਰੂ ਹਰਿ ਰਾਏ ਵੀ ਗੁਰੂ ਸਾਹਿਬਾਨਾਂ ਦੇ ਨਾਮ ’ਤੇ ਰੱਖਿਆ ਹੈ। ਇਸ ਲਈ ਮੈਂ ਜਦੋਂ ਆਪਣਾ ਸਿੱਕਾ ਚਲਾਇਆ ਤਾਂ ਉਸਨੂੰ ‘ਨਾਨਕਸ਼ਾਹੀ ਸਿੱਕੇ’ ਦਾ ਨਾਮ ਦਿੱਤਾ। ਉਸ ਦੇ ਇਕ ਪਾਸੇ ਗੁਰੂ ਨਾਨਕ, ਬਾਲਾ ਜੀ ਅਤੇ ਮਰਦਾਨਾ ਜੀ ਦੀ ਤਸਵੀਰ ਉੱਕਰੀ ਅਤੇ ਦੂਜੇ ਪਾਸੇ ਖੁਦਵਾਇਆ ਅਕਾਲ ਪੁਰਖ ਜੀ ਸਹਾਏ, ਦੇਗੋ, ਤੇਗੋ, ਫਤਿਹ, ਨੁਸਰਤ ਬੇਦਰੰਗ। ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ।”
 “ਪਰ ਤੁਸੀਂ ਦੂਸਰੇ ਹੁਕਮਰਾਨਾਂ ਵਾਲੇ ਵੀ ਸਾਰੇ ਸ਼ੌਂਕ ਪੂਰੇ ਕਰਦੇ ਹੋ। ਮੁਜ਼ਰੇ ਦੇਖਦੇ, ਸ਼ਰਾਬ ਪੀਂਦੇ ਅਤੇ ਤੁਹਾਡੀ ਅਯਾਸ਼ੀ ਦੇ ਡੰਕੇ ਤਾਂ ਇੰਗਲਿਸਤਾਨ ਤੱਕ ਵੱਜੇ ਹੋਏ ਨੇ।”
 “ਜੇ ਮੈਂ ਸਿੱਖ ਹਾਂ ਤਾਂ ਮੈਂ ਇਕ ਹੁਕਮਰਾਨ ਵੀ ਹਾਂ। ਮੈਂ ਉਹ ਕਰਦਾ ਹਾਂ ਜੋ ਇਕ ਨਿਪੁੰਨ ਸ਼ਾਸਕ ਨੂੰ ਕਰਨਾ ਚਾਹੀਦਾ ਹੈ। ਇਕ ਪ੍ਰੋੜ ਹੁਕਮਰਾਨ ਬਣਨ ਤੇ ਹਕੁਮਤ ਕਰਨ ਲਈ ਇਹ ਚੀਜ਼ਾਂ ਵੀ ਜ਼ਰੂਰੀ ਹਨ।”
 “ਇਸੇ ਲਈ ਤਾਂ ਮੈਂ ਅਰਜ਼ ਕੀਤੀ ਸੀ ਕਿ ਇਕ ਹੁਕਮਰਾਨ ਹੋਣ ਦੇ ਨਾਤੇ ਤੁਹਾਨੂੰ ਆਪਣੇ ਨਾਮ ਦਾ ਸਿੱਕਾ ਵੀ ਚਲਾਉਣਾ ਚਾਹੀਦਾ ਹੈ।”
 “ਨਹੀਂ ਅਜਿਹਾ ਮੈਂ ਹਰਗਿਜ਼ ਨਹੀਂ ਕਰਾਂਗਾ।”
 “ਚਲੋ ਆਪਣੇ ਨਾਮ ’ਤੇ ਨਹੀਂ ਤਾਂ ਮੇਰੇ ਨਾਮ ਦਾ ਸਿੱਕਾ ਚਲਾ ਦਿਉਂ। ਮੈਂ ਵੀਂ ਮੰਨ ਜਾਊਂਗੀ ਕਿ ਕਿਸੇ ਸਿੱਖ ਮਹਾਰਾਜੇ ਦੀ ਰਖੇਲ ਹਾਂ। ਅਗਰ ਤੁਸੀਂ ਅਜਿਹਾ ਕਰ ਦੇਵੋਂ ਤਾਂ ਕੁਰਾਨ ਦੀ ਕਸਮ ਹੈ, ਮੈਂ ਤਮਾਮ ਉਮਰ ਸ਼ੇਰ-ਏ-ਪੰਜਾਬ ਦੇ ਕਦਮਾਂ ਵਿਚ ਗੁਜ਼ਾਰ ਦੇਵਾਂਗੀ। ਦਿੱਲੀ ਗੁਰਦੁਆਰੇ ਤੋਂ ਆਏ ਗ੍ਰੰਥੀਆਂ ਦੇ ਪੈਰ ਤੁਸੀਂ ਆਪਣੀ ਦਾਹੜੀ ਨਾਲ ਸਾਫ ਕੀਤੇ ਸੀ। ਸਾਰੀ ਹਯਾਤੀ ਮੈਂ ਤੁਹਾਡੇ ਪੈਰ ਆਪਣੀ ਜੀਭ ਨਾਲ ਸਾਫ ਕਰਾਂਗੀ। ਇਸ ਗੱਲ ਦਾ ਮੈਂ ਤੁਹਾਨੂੰ ਕੌਲ ਦਿੰਦੀ ਹਾਂ। ਇਹ ਇਕ ਸੱਚੀ ਮੁਸਲਮਾਨਣੀ ਦਾ ਵਾਅਦਾ ਹੈ।”
 ਮੋਰਾਂ ਦੇ ਮੂੰਹੋਂ ਇਹ ਬਚਨ ਸੁਣ ਕੇ ਮਹਾਰਾਜਾ ਲਾਚੜ ਜਾਂਦਾ ਹੈ, ਤੇ ਮਹਾਰਾਜਾ ਤਾੜੀ ਮਾਰਦਾ ਹੈ, “ਇਕ ਕੀ ਤੇਰੇ ਨਾਮ ਦੇ ਦੋ ਸਿੱਕੇ ਚਲਾ ਦਿਊਂ।”
 ਤਾੜੀ ਸੁਣਦਿਆਂ ਖਿਦਮਤਗਾਰ ਆ ਹਾਜ਼ਰ ਹੁੰਦੇ ਹਨ।
 “ਸਿੱਕੇ ਦੀਆਂ ਢਾਲਾਂ ਦੇ ਸਾਰੇ ਕਾਰੀਗਰ ਤੇ ਲਾਹੌਰ ਦੇ ਸਾਰੇ ਸਰਾਫ ਜਿੰਨੀ ਜਲਦੀ ਹੋ ਸਕਦਾ ਹੈ ਮੇਰੇ ਕੋਲ ਪੇਸ਼ ਕਰੋ। ਜਿਹੜਾ ਸੁਨਿਆਰਾ ਨਹੀਂ ਆਉਂਦਾ ਉਸ ਨੂੰ ਗ੍ਰਿਫਤਾਰ ਕਰਕੇ ਮਸ਼ਕਾਂ ਬੰਨ੍ਹ ਲਿਆਉ। ਜਾਓ ਫੌਰਨ ਅਮਲ ਹੋਵੇ।”
 ਮਹਾਰਾਜੇ ਦੀ ਸੈਨਾ ਕੁਝ ਹੀ ਪਲਾਂ ਵਿਚ ਹਵੇਲੀ ਨੂੰ ਸੁਨਿਆਰਿਆਂ ਤੇ ਕਾਰੀਗਰਾਂ ਨਾਲ ਭਰ ਦਿੰਦੇ ਹਨ। ਸੁਰਾਫਾਂ ਦਾ ਮੁੱਖੀ ਸਭਨਾਂ ਦੀ ਤਰਫੋਂ ਮਹਾਰਾਜੇ ਨੂੰ ਫਤਿਹ ਬੁਲਾਉਂਦਾ ਹੈ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।”
 “ਵਾਹਿਗੁਰੂ ਜੀ ਕੀ ਫਤਿਹ!!!” ਮਹਾਰਾਜੇ ਦੀ ਗਰਜ਼ਵੀ ਅਵਾਜ਼ ਸੁਣ ਕੇ ਸਾਰੇ ਕਾਰੀਗਰ ਸਹਿਮ ਜਾਂਦੇ ਹਨ।
 “ਹੁਕਮ ਸਿੰਘ ਸਾਹਿਬ?” ਸੁਰਾਫਾਂ ਦਾ ਮੁੱਖੀਆ ਬੇਨਤੀ ਕਰਦਾ ਹੈ।
 “ਲਾਹੌਰ ਸਰਕਾਰ ਦੋ ਸਿੱਕੇ ਜਾਰੀ ਕਰ ਰਹੀ ਹੈ। ਇਕ ਸੋਨੇ ਦਾ ਤੇ ਇਕ ਚਾਂਦੀ ਦੀ। ਮੋਰਾਂ ਕੰਚਨੀ ਦੀ ਤਸਵੀਰ ਉਕਰੀ ਹੋਣੀ ਚਾਹੀਦੀ ਹੈ ਉਸ ਉੱਤੇ ਨਾਲੇ ਮੋਰ ਖੰਭ। ਲੱਗਿਆ ਪਤਾ? ਮੋਰਾਂ ਸ਼ਾਹੀ ਸਿੱਕਾ, ਕੰਚਨੀ ਸਿੱਕਾ। ਰਾਤੋਂ ਰਾਤ ਇਹ ਸਿੱਕੇ ਤਿਆਰ ਹੋ ਕੇ ਇਕ ਹਫਤੇ ਦੇ ਅੰਦਰ ਅੰਦਰ ਮੇਰੇ ਸਾਰੇ ਰਾਜ ਵਿਚ ਫੈਲ ਜਾਣੇ ਚਾਹੀਦੇ ਹਨ। ਜਾਉ ਕੱਲ੍ਹ ਸਵੇਰੇ ਨੂੰ ਮੈਂ ਸਿੱਕੇ ਦੇਖਣਾ ਚਾਹੁੰਦਾ ਹਾਂ।”
 “ਪਰ ਮਹਾਰਾਜ ਇਹ ਕਿਵੇਂ ਸੰਭਵ ਹੋ ਸਕਦਾ ਹੈ? ਇਕ ਰਾਤ ਵਿਚ ਐਨਾ ਵੱਡਾ ਕੰਮ ਕਿਵੇਂ ਹੋ ਸਕਦਾਂ ਹੈ?”
 “ਜੇ ਨਹੀਂ ਹੋ ਸਕਦਾ ਤਾਂ ਕੱਲ੍ਹ ਨੂੰ ਆਪਣੇ ਘਰਦਿਆਂ ਨੂੰ ਕਹਿ ਦੇਣਾ ਕੇ ਉਹ ਤੁਹਾਡੀ ਰੋਟੀ ਨਾ ਪਕਾਉਣ ਕਿਉਂਕਿ ਤੁਹਾਨੂੰ ਲਾਹੌਰ ਸਰਕਾਰ ਸਜ਼ਾ-ਏ-ਮੌਤ ਤਾਂ ਦੇ ਸਕਦੀ ਹੈ।”
 “ਮਹਾਰਾਜ ਰਹਿਮ ਕਰੋ… ਮਹਾਰਾਜ ਤਰਸ ਕਰੋ… ਮਹਾਰਾਜ ਸਾਡੀ ਮਜ਼ਬੂਰੀ ਸਮਝੋ… ਰਾਤੋ ਰਾਤ ਅਸੀਂ ਕੱਚਾ ਮਾਲ ਕਿਥੋਂ ਪੈਦਾ ਕਰਾਂਗੇ?”
 “ਸ਼ਾਹੀ ਖਜ਼ਾਨੇ ’ਚੋਂ ਸੋਨਾ ਚਾਂਦੀ ਜਿੰਨਾ ਚਾਹੀਦਾ ਹੈ ਲੈ ਲਵੋ। ਕਾਰੀਗਰ ਭਾਵੇਂ ਬਾਹਰੋਂ ਮੰਗਾਉਣੇ ਪੈਣ, ਮੰਗਵਾਉ। ਲਾਹੌਰ ਸਰਕਾਰ ਤੋਂ ਜੋ ਮਦਦ ਚਾਹੀਦੀ ਹੈ ਲਵੋ। ਸਿੱਕਾ ਹਰ ਕੀਮਤ ਉੱਤੇ ਚੱਲਣਾ ਚਾਹੀਦਾ ਹੈ। ਹੁਣ ਤੁਹਾਨੂੰ ਜਾਣ ਦੀ ਇਜ਼ਾਜਤ ਹੈ। ਜਾਓ ਤੇ ਹੁਕਮ ਬਜਾਓ।”
 ਸਭ ਕਾਰੀਗਰ ਅਤੇ ਸੁਨਿਆਰੇ ਪਿੰਜਰੇ ਦਾ ਬੂਹਾ ਖੋਲ੍ਹਣ ’ਤੇ ਉੱਡਦੇ ਪੰਛੀਆਂ ਵਾਂਗ ਹੇਵਲੀ ਵਿਚੋਂ ਨਿਕਲਦੇ ਹਨ। ਮਹਾਰਾਜੇ ਨੂੰ ਮੁਗਲ ਬਾਦਸ਼ਾਹਾਂ ਵਾਂਗ ਇਮਾਰਤਸਾਜ਼ੀ ਅਤੇ ਚਿੱਤਰ ਕਲਾ ਨਾਲ ਵੀ ਕਾਫੀ ਲਗਾਅ ਹੈ।…. ਮਹਾਰਾਜੇ ਨੇ ਕੁਝ ਕੁ ਮੁਹੰਮਦ ਬਖਸ਼ ਵਰਗੇ ਚੋਟੀ ਦੇ ਚਿੱਤਰਕਾਰਾਂ ਨੂੰ ਆਪਣੇ ਦਰਬਾਰੀ ਚਿੱਤਰਕਾਰ ਬਣਾਇਆ ਹੋਇਆ ਹੈ। ਜੋ ਮਹਾਰਾਜੇ ਅਤੇ ਉਸਦੀਆਂ ਰਾਣੀਆਂ ਦੇ ਚਿੱਤਰ ਬਣਾਇਆ ਕਰਦੇ ਹਨ। ਇਹਨਾਂ ਚਿੱਤਰਕਾਰਾਂ ਵਿਚੋਂ ਕਾਂਗੜੇ ਦਾ ਇਕ ਚਿੱਤਰਕਾਰ ਹਰੀ ਦੇਵ ਮਹਾਰਾਜੇ ਦਾ ਮਹਿਬੂਬ ਚਿੱਤਕਾਰ ਹੈ। ਹਰੀ ਦੇਵ ਨੇ ਮਹਾਰਾਜੇ ਅਤੇ ਮੋਰਾਂ ਦੇ ਅਨੇਕਾਂ ਚਿੱਤਰ ਬਾਣਏ ਹਨ। ਉਹਨਾਂ ਚਿੱਤਰਾਂ ਵਿਚੋਂ ਗਹਿਣਿਆਂ ਨਾਲ ਲੱਧੀ ਮੋਰਾਂ ਦੀ ਇਕ ਤਸਵੀਰ ਦੇਖ ਕੇ ਕੰਚਨੀ ਸਿੱਕੇ ਦਾ ਛਾਪਾ (ਡਾਈ) ਲਾਹੌਰ ਦੀਆਂ ਟਕਸਾਲਾਂ ’ਤੇ ਤਿਆਰ ਕੀਤਾ ਜਾਂਦਾ ਹੈ। ਸਵੇਰੇ ਨੂੰ ਚਾਂਦੀ ਅਤੇ ਸੋਨੇ ਦੇ ਦੋ ਸਿੱਕਿਆਂ ਦਾ ਨਮੂਨਾ ਮਹਾਰਾਜੇ ਨੂੰ ਮਨਜੂਰੀ ਵਾਸਤੇ ਭੇਜ ਦਿੱਤਾ ਜਾਂਦਾ ਹੈ। ਮੋਰਾਂ ਨੂੰ ਸਿੱਕੇ ਦਿਖਾਕੇ ਮਹਾਰਾਜਾ ਆਪਣੀ ਪ੍ਰਵਾਨਗੀ ਦੇ ਦਿੰਦਾ ਹੈ। ਹਫਤੇ ਵਿਚ ਹੀ ਸਿੱਕੇ ਵਰਤੋਂ ਵਿਚ ਆ ਜਾਂਦੇ ਹਨ।
 ਕੁਝ ਹੀ ਦਿਨਾਂ ਵਿਚ ਲਾਹੌਰ ਅਤੇ ਅੰਮ੍ਰਿਤਸਰ ਦੀਆਂ ਟਕਸਾਲਾਂ ਤੋਂ ਬਣ ਕੇ ਮੋਰਾਂਸ਼ਾਹੀ ਸਿੱਕੇ ਸਾਰੇ ਪੰਜਾਬ, ਕਸ਼ਮੀਰ ਅਤੇ ਪਿਸ਼ਾਵਰ ਤੱਕ ਖਿੱਲਰ ਜਾਂਦੇ ਹਨ। ਸਿੱਕਿਆਂ ਦੇ ਜਾਰੀ ਹੋਣ ਬਾਅਦ ਮੋਰਾਂ ਦਾ ਘੁਮੰਡ ਲਾਹੌਰ ਸਰਕਾਰ ਦੇ ਕੇਸਰੀ ਝੰਡੇ ਤੋਂ ਵੀ ਉੱਚਾ ਹੋ ਜਾਂਦਾ ਹੈ। ਮਹਾਰਾਜਾ ਆਪਣੀ ਰਿਆਸਤ ਦੇ ਬਾਰਾਂ ਨਗਰਾਂ ਦਾ ਨਾਮ ਬਦਲ ਕੇ ਮੋਰਾਂ ਦੇ ਨਾਮ ਉੱਤੇ ਰੱਖ ਦਿੰਦਾ ਹੈ।…ਫਿਰ ਮੋਰਾਂਸ਼ਾਹੀ ਗਜ਼…ਉਸ ਤੋਂ ਬਾਅਦ ਮੋਰਾਂ ਸ਼ਾਹੀ ਨਾਪਤੋਲ… ਮੋਰਾਂਸ਼ਾਹੀ ਬਰਤਨ… ਮੋਰਾਂ ਸ਼ਾਹੀ ਬਾਗ ਅਤੇ ਇਥੋਂ ਕੇ ਮੋਰਾਂਸ਼ਾਹੀ ਪਕਨਵਾਨ ਵੀ ਮਹਾਰਾਜਾ ਮੋਰਾਂ ਨੂੰ ਖੁਸ਼ ਕਰਨ ਲਈ ਆਪਣੀ ਰਿਆਸਤ ਵਿਚ ਪ੍ਰਚੱਲਤ ਕਰਵਾ ਦਿੰਦਾ ਹੈ।
 ਦਿਨੋਂ-ਦਿਨ ਮੋਰਾਂ ਦਾ ਗਰੂਰ ਉਪਰ ਵੱਲ ਨੂੰ ਜਾਂਦਾ ਹੈ ਤੇ ਮਹਾਰਾਜੇ ਦਾ ਚਰਿੱਤਰ ਹੇਠਾਂ ਡਿੱਗਣ ਲੱਗ ਜਾਂਦਾ ਹੈ।…
 ਮਹਾਰਾਜੇ ਦੇ ਸਭ ਸ਼ੁਭ ਚਿੰਤਕ ਆਪੋ ਆਪਣੇ ਤਰੀਕੇ ਨਾਲ ਰਣਜੀਤ ਸਿੰਘ ਨੂੰ ਵਰਜਦੇ ਤਾੜਦੇ ਅਤੇ ਚੌਕੰਨਾ ਕਰਦੇ ਰਹਿੰਦੇ ਹਨ, ਪਰ ਮੋਰਾਂ ਦੇ ਇਸਕ ਵਿਚ ਅੰਨ੍ਹਾ ਹੋਇਆ ਮਹਾਰਾਜਾ ਕਿਸੇ ਦੀ ਇਕ ਨਹੀਂ ਸੁਣਦਾ।
 ਉਧਰ ਡੋਗਰੇ ਭਰਾਵਾਂ ਨੇ ਮਹਾਰਾਜੇ ਦੀ ਖਿਦਮਤ ਕਰਦਿਆਂ ਹਰ ਸੰਭਵ ਯਤਨ ਅਤੇ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਹਨ ਕਿ ਮਹਾਰਾਜਾ ਉਹਨਾਂ ਨੂੰ ਵੱਡੀਆਂ ਵੱਡੀਆਂ ਪਦਵੀਆਂ ਦੇਵੇ, ਇਨਾਮਾਂ ਅਤੇ ਜਾਗੀਰਾਂ ਨਾਲ ਨਿਵਾਜ਼ੇ ਅਤੇ ਸਭ ਤੋਂ ਵੱਡੀ ਗੱਲ ਕਿ ਮਹਾਰਾਜਾ ਜੋ ਉਹਨਾਂ ਨਾਲ ਵਾਅਦਾ ਕਰਦਾ ਆਇਆ ਹੈ ‘ਰਾਜਾ’ ਪਦ ਬਖਸ਼ੇ। ਡੋਗਰਿਆਂ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਨਾ ਆਉਂਦੇ ਦੇਖ ਕੇ ਮਹਾਰਾਜੇ ਨਾਲ ਨਫਰਤ ਅਤੇ ਖੁਣ ਹੋ ਜਾਂਦੀ ਹੈ।ਜਦੋਂ ਉਹ ਇਕ ਅਹੁਦੇ ਤੇ ਆਪਣੀ ਕਾਬਲੀਅਤ ਦਿਖਾਉਂਣ ਲੱਗਦੇ ਤਾਂ ਮਹਾਰਾਜਾ ਉਹਨਾਂ ਨੂੰ ਕਿਸੇ ਹੋਰ ਮਹਿਕਮੇ ਵਿਚ ਬਦਲ ਦਿੰਦਾ। ਦਰਅਸਲ ਮਹਾਰਾਜ ਹਰੇਕ ਨਾਲ ਹੀ ਇਸੇ ਤਰ੍ਹਾਂ ਕਰਦਾ ਹੈ।ਉਹ ਕਿਸੇ ਇਕ ਕਰਮਚਾਰੀ ਨੂੰ ਬਹੁਤੀ ਦੇਰ ਇਕ ਕੰਮ ’ਤੇ ਨਹੀਂ ਰਹਿਣ ਦਿੰਦਾ।ਪਰ ਡੋਗਰਿਆਂ ਨੂੰ ਲੱਗਦਾ ਕਿ ਮਹਾਰਾਜਾ ਇਹ ਸਿਰਫ ਇਹਨਾਂ ਨਾਲ ਹੀ ਕਰਦਾ ਹੈ।
 ਡੋਗਰੇ ਵੀ ਰਾਜੇ ਬਣ ਕੇ ਮਹਾਰਾਜੇ ਵਾਂਗ ਅਯਾਸ਼ੀਆਂ ਕਰਨੀਆਂ ਲੋਚਦੇ ਹਨ।ਪ੍ਰਸਿੱਧ ਸੁਨਿਆਰੇ ਹਾਫਿਜ਼ ਮੁਹੰਮਦ ਮੁਲਤਾਨੀ ਦਾ ਬਣਾਇਆ ਸਵਰਨ ਲਾਹੌਰ ਤਖਤ, ਜਿਸ ਉੱਤੇ ਮਹਾਰਾਜਾ ਬਿਰਾਜ਼ਮਾਨ ਹੁੰਦਾ ਹੈ, ਹਮੇਸ਼ਾਂ ਡੋਗਰਿਆਂ ਦੀਆਂ ਅੱਖਾਂ ਮੁਹਰੇ ਘੁੰਮਦਾ ਰਹਿੰਦਾ ਹੈ।ਭਵਿੱਖ ਲਈ ਫਿਕਰਮੰਦ ਡੋਗਰੇ ਭਰਾਵਾਂ ਵਿਚ ਮਹਾਰਾਜੇ ਪ੍ਰਤੀ ਇਰਖਾ ਦੀ ਧੂਣੀ ਧੂਖਦੀ ਰਹਿੰਦੀ ਹੈ ਤੇ ਮਨੋਂ ਉਸ ਨਾਲ ਬਾਗੀ ਹੋ ਕੇ ਮਹਾਰਾਜੇ ਨੂੰ ਬਰਬਾਦ ਕਰਕੇ ਆਪ ਉਸਦੀ ਜਗ੍ਹਾ ਸਿਘਾਸਨ ਉੱਤੇ ਵੀਰਾਜਮਾਨ ਹੋਣ ਦੇ ਮਨਸੂਬੇ ਬਣਾਉਣ ਲੱਗ ਜਾਂਦੇ ਹਨ।
 ਧਿਆਨ ਸਿੰਘ ਆਖਦਾ ਹੈ, “ਇਹ ਵੀ ਕੋਈ ਜ਼ਿੰਦਗੀ ਹੈ ਕਿੰਨੀ ਦੇਰ ਮੈਂ ਡਿਉੜੀ ਦਾ ਪਹਿਰਾ ਦਿੰਦਾ ਰਿਹਾ ਹਾਂ ਤੇ ਇਹ ਤਾਂ ਮੇਰੀ ਕਿਸਮਤ ਹੀ ਹੈ ਕਿ ਦਾਸੀਆਂ ਅਤੇ ਰਾਣੀਆਂ ਦੀਆਂ ਚਾਪਲੂਸੀਆਂ ਕਰਕੇ ਕੁਝ ਮਰਤਬਾ ਹਾਸਿਲ ਕਰ ਸਕਿਆਂ ਹਾਂ…।”
 “ਤੂੰ ਤਾਂ ਫਿਰ ਵੀ ਚੰਗਾ ਰਹਿ ਗਿਆ ਹੈਂ ਮੇਰੇ ਵੱਲ ਦੇਖ ਮੈਂ ਤਾਂ ਅਜੇ ਤੱਕ, ਘੋੜ ਚੜ੍ਹੇ ਰਸਾਲੇ ਵਿਚ ਹੀ ਹਾਂ। ਘੋੜਿਆਂ ਦੀਆਂ ਕਾਠੀਆਂ ਨੇ ਮੇਰਾ ਤਾਂ ਪਿਛਲਾ ਪਾਸਾ ਹੀ ਘਸਾ ਦਿੱਤੈ।” ਗੁਲਾਬ ਸਿੰਘ ਆਪਣਾ ਦੁੱਖੜਾ ਰੋਂਦਾ ਹੈ।
 “ਕੋਈ ਗੱਲ ਨਹੀਂ ਵੀਰ ਹੁਣ ਤੀਰ ਨਿਸ਼ਾਨੇ ’ਤੇ ਨਹੀਂ। ਨਿਸ਼ਾਨੇ ਤੋਂ ਉੱਤੇ ਲਾਵਾਂਗੇ ਤਾਂ ਜੋ ਚੁੱਕ ਵੀ ਜਾਵੇ ਤਾਂ ਨਿਸ਼ਾਨੇ ਉੱਤੇ ਜਾ ਵੱਜੇ।”
 “ਕੀ ਮਤਲਬ?”
 “ਦੇਖਦਾ ਚੱਲ।” ਧਿਆਨ ਸਿੰਘ ਆਪਣੀਆਂ ਮੁੱਠੀਆਂ ਘੁੱਟ ਕੇ ਮੀਚ ਲੈਂਦਾ ਹੈ।
 ਧਿਆਨ ਸਿੰਘ ਆਪਣੀ ਸਕੀਮ ਅਨੁਸਾਰ ਸਿੱਖ ਪੰਥ ਦੀਆਂ ਅਹਿਮ ਸ਼ਖਸੀਅਤਾਂ ਨੂੰ ਭੜਕਾਉਣ ਲੱਗ ਪੈਂਦਾ ਹੈ, “ਮਹਾਰਾਜਾ, ਮੋਰਾਂ ਨਾਲ ਅੱਠ ਦੱਸ ਸਾਲ ਤੋਂ ਬਿਨਾ ਵਿਆਹ ਕਰਵਾਇਆ ਰਹਿ ਰਿਹੈ ਤੇ ਖਾਲਸਾ ਰਾਜ ਵਿਚ ਇਹ ਇਕ ਗੁਨਾਹ-ਏ-ਅਜ਼ੀਮ ਹੈ। ਲੋਕਾਂ ਦੀਆਂ ਧੀਆਂ ਭੈਣਾਂ ਉਤੇ ਬੁਰਾ ਅਸਰ ਪੈ ਰਿਹਾ ਹੈ। ਕੀ ਪਤੈ ਇਹ ਮੋਰਾਂ ਕੌਣ ਹੈ? ਹੋ ਸਕਦਾ ਹੈ ਅਫਗਾਨੀਆਂ ਦੀ ਗੁਪਤਚਰ ਹੋਵੇ? ਅਸੀਂ ਕਿੱਡੀ ਮੁਸ਼ਕਿਲ ਅਤੇ ਕੁਰਬਾਨੀਆਂ ਨਾਲ ਸਿੱਖ ਰਾਜ ਲਿਆ ਹੈ।ਸਾਨੂੰ ਉਸ ਨੂੰ ਸਾਂਭਣ ਬਾਰੇ ਸੋਚਣਾ ਚਾਹੀਦਾ ਹੈ। ਮਹਾਰਾਜੇ ਨੂੰ ਆਪਣੀ ਖਰਾਬ ਹੋ ਰਹੀ ਛਵੀ ਦਾ ਖਿਆਲ ਨਹੀਂ ਤਾਂ ਨਾ ਸਹੀ, ਉਸਨੂੰ ਸਿੱਖ ਪੰਥ ਦੀ ਹੋ ਰਹੀ ਬਦਨਾਮੀ ਦਾ ਖਿਆਲ ਰੱਖਣਾ ਚਾਹੀਦਾ ਹੈ।”
 “ਗੱਲ ਤਾਂ ਤੇਰੀ ਠੀਕ ਹੈ, ਪਰ ਕੀਤਾ ਕੀ ਜਾ ਸਕਦਾ ਹੈ? ਸਰਕਾਰ ਅੱਗੇ ਆਪਾਂ ਕੀ ਚੀਜ਼ ਹਾਂ?” ਅੱਗੋਂ ਧਰਮ ਦੇ ਠੇਕੇਦਾਰ ਇਹ ਆਖ ਕੇ ਟਾਲਣਾ ਚਾਹੁੰਦੇ ਹਨ ਤਾਂ ਗੁਲਾਬ ਸਿੰਘ ਆਪਣੀ ਤੂਈ ਲਾ ਦਿੰਦਾ ਹੈ।
 “ਲੈ ਹੱਦ ਹੋ ਗਈ, ਕੀਤਾ ਕਿਉਂ ਨਹੀਂ ਜਾ ਸਕਦੈ। ਮਹਾਰਾਜਾ ਸਿੱਖ ਸਿਧਾਤਾਂ ਉਪਰ ਵੀ ਬਣਦਾ ਸਰਦਾ ਪਹਿਰਾ ਦਿੰਦਾ ਹੈ। ਪੰਥਕ ਸੋਚ ਰੱਖਦਾ ਹੈ। ਜੇ ਪੰਜ ਸਿੰਘ ਸਾਹਿਬਾਨ ਅਕਾਲ ਤਖਤ ਤੋਂ ਫੁਰਮਾਨ ਜਾਰੀ ਕਰਨ ਤੇ ਮਹਾਰਾਜੇ ਉੱਤੇ ਮੁਕੱਦਮਾ ਚਲਾ ਕੇ ਉਸਨੂੰ ਵਰਜਣ। ਕਿਥੇ ਭੱਜੂ ਉਹ?”
 ਡੋਗਰੇ ਭਰਾਵਾਂ ਦੀ ਮਿਹਨਤ ਰੰਗ ਲੈ ਆਉਂਦੀ ਹੈ ਤੇ ਮਹਾਰਾਜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰ ਲਿਆ ਜਾਂਦਾ ਹੈ।
 ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਫੁਰਮਾਨ ਦੀ ਖਬਰ ਮਹਾਰਾਜੇ ਦੀ ਬਜਾਏ ਗੁਪਤਚਰਾਂ ਰਾਹੀਂ ਮੋਰਾਂ ਨੂੰ ਪਹਿਲਾਂ ਲੱਗ ਜਾਂਦੀ ਹੈ। ਜਦੋਂ ਮਹਾਰਾਜਾ ਮੋਰਾਂ ਨਾਲ ਚੋਲ-ਮੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਣ ਬੁੱਝ ਕੇ ਬੇਰੁੱਖੀ ਦਾ ਢੌਂਗ ਕਰਦੀ ਹੈ। ਮਹਾਰਾਜਾ ਮੋਰਾਂ ਦੇ ਸੁਭਾਅ ਵਿਚ ਆਈ ਤਬਦੀਲੀ ਤਾੜ ਕੇ ਉਸ ਤੋਂ ਉਸਦੇ ਉਖੜੇਪਨ ਦਾ ਕਾਰਨ ਜਾਣਨਾ ਚਾਹੁੰਦਾ ਹੈ ਤਾਂ ਉਹ ਨਖਰਾ ਦਿਖਾਉਂਦੀ ਹੋਈ ਬੋਲਦੀ ਹੈ, “ਮਹਾਰਾਜ ਲੋਕੀ ਆਪਾਂ ਨੂੰ ਇਕੱਠਿਆਂ ਦੇਖ ਕੇ ਕਿਉਂ ਨਹੀਂ ਜਰਦੇ? ਆਪਣੇ ਪਿਆਰ ਦਾ ਕੋਈ ਨਾ ਕੋਈ ਵੈਰੀ ਨਿੱਤ ਨਵਾਂ ਪੈਦਾ ਹੋਇਆ ਰਹਿੰਦਾ ਹੈ।”
 “ਹੁਣ ਕਿਹੜਾ ਦੁਸ਼ਮਣ ਪੈਦਾ ਹੋ ਗਿਆ? ਦੱਸ ਮੈਂ ਉਸਦਾ ਸਿਰ ਧੜ ਨਾਲੋਂ ਅਲੱਗ ਕਰ ਦਿਊਂ?” ਮਹਾਰਾਜਾ ਆਪਣੀ ਕਿਰਪਾਨ ਨੂੰ ਮਿਆਨ ਵਿਚੋਂ ਗਿੱਠ ਕੁ ਬਾਹਰ ਕੱਢ ਲੈਂਦਾ ਹੈ।
 “ਅਟਾਰੀ ਦਾ ਸਰਦਾਰ। ਆਹ ਦੇਖੋ ਤੁਹਾਡੇ ਨਾਮ ਰੁੱਕਾ ਆਇਆ ਹੈ।”
 ਸ਼ਾਮ ਸਿੰਘ ਅਟਾਰੀ ਦਾ ਨਾਮ ਸੁਣਦਿਆਂ ਤੈਸ਼ ਵਿਚ ਆਇਆ ਮਹਾਰਾਜਾ ਢਿੱਲਾ ਪੈ ਕੇ ਕਿਰਪਾਨ ਵਾਪਿਸ ਮਿਆਨ ਵਿਚ ਵਾੜਦਾ ਹੋਇਆ ਰੁੱਕਾ ਫੜ੍ਹ ਲੈਂਦਾ ਹੈ।
 ਅਕਾਲੀ ਫੂਲਾ ਸਿੰਘ ਵੱਲੋਂ ਜਾਰੀ ਤਲਬਨਾਮੇ ਬਾਰੇ ਜਾਣ ਕੇ ਮਹਾਰਾਜਾ ਸੋਚਾਂ ਵਿਚ ਡੁੱਬ ਜਾਂਦਾ ਹੈ।
 “ਕੀ ਹੋਇਆ ਹੈ ਮਹਾਰਾਜ?” ਮੋਰਾਂ ਮਹਾਰਾਜੇ ਦੇ ਹਾਵ-ਭਾਵ ਪੜ੍ਹਣ ਦੇ ਯਤਨ ਕਰਦੀ ਹੈ।
 “ਮਾਮਲਾ ਸੰਗੀਨ ਹੈ ਇਹਦਾ ਮਤਲਬ। ਅਟਾਰੀ ਦਾ ਸਰਦਾਰ ਐਵੇਂ ਨਹੀਂ ਆਇਆ ਹੈ। ਮੋਰਾਂ ਮੈਨੂੰ ਪਰਸੋਂ ਅਕਾਲ ਬੁੰਗੇ ਵਿਖੇ ਪੇਸ਼ ਹੋਣਾ ਹੀ ਪਵੇਗਾ। ਮੈਂ ਪੰਥ ਤੋਂ ਮੁਨਕਰ ਨਹੀਂ ਹੋ ਸਕਦਾ।”
 “ਇਸ ਦਾ ਕੋਈ ਹੱਲ? ਤੁਸੀਂ ਮਹਾਰਾਜੇ ਹੋ।”
 ਮਹਾਰਾਜਾ ਆਪਣੀ ਬੇਵਸੀ ਦਾ ਇਜ਼ਹਾਰ ਕਰਦਾ ਹੈ, “ਕੁਝ ਨਹੀਂ ਹੋ ਸਕਦਾ।”
 “ਅੱਜ ਅਤੇ ਪਰਸੋਂ ਦਰਮਿਆਨ ਕੱਲ੍ਹ ਆਉਂਦਾ ਹੈ। ਇਕ ਦਿਨ ਤੇ ਪੂਰੀ ਇਕ ਰਾਤ। ਇਸ ਸਮੇਂ ਦਰਮਿਆਨ ਬਹੁਤ ਕੁਝ ਹੋ ਸਕਦਾ ਹੈ, ਮਹਾਰਾਜ।”
 ਮਹਾਰਾਜੇ ਨੂੰ ਮੋਰਾਂ ਦੀ ਰਮਜ਼ ਸਮਝ ਨਹੀਂ ਆਉਂਦੀ ਅਤੇ ਉਹ ਅੰਮ੍ਰਿਤਸਰ ਨੂੰ ਚਾਲੇ ਪਾਉਣ ਦੀ ਤਿਆਰੀ ਕਰਨ ਲਈ ਸ਼ਾਹੀ ਕਿਲ੍ਹੇ ਨੂੰ ਰਵਾਨਾ ਹੋ ਜਾਂਦਾ ਹੈ।
 ਮਹਾਰਾਜੇ ਦੇ ਰੁਖਸਤ ਹੁੰਦਿਆਂ ਹੀ ਮੋਰਾਂ ਕੁਝ ਜ਼ੇਵਰ ਅਤੇ ਸੋਨਾ ਲੈ ਕੇ ਆਪ ਵੀ ਅੰਮ੍ਰਿਤਸਰ ਨੂੰ ਖੁਫੀਆ ਸਫਰ ਸ਼ੁਰੂ ਕਰ ਦਿੰਦੀ ਹੈ ਤੇ ਮਹਾਰਾਜੇ ਤੋਂ ਪਹਿਲਾਂ ਆਪਣੀ ਭੈਣ ਮੋਮਲਾ ਕੋਲ ਪਹੁੰਚ ਜਾਂਦੀ ਹੈ, ਜੋ ਅਕਸਰ ਦਰਬਾਰ ਸਾਹਿਬ ਮੱਥਾ ਟੇਕਣ ਜਾਇਆ ਕਰਦੀ ਹੈ।
 ਉਧਰ ਰਣਜੀਤ ਸਿੰਘ ਇਕ ਛੋਟਾ ਜਿਹਾ ਲਸ਼ਕਰ ਲੈ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਜਾਂਦਾ ਹੈ।
 ਅੰਮ੍ਰਿਤਸਰ ਦੀ ਸਰਹੱਦ ਵਿਚ ਦਾਖਲ ਹੁੰਦਿਆਂ ਹੀ ਰਣਜੀਤ ਸਿੰਘ ਘੋੜੇ ਤੋਂ ਉਤਰਿਆ ਤੇ ਜੁੱਤੀ ਲਾਹ ਕੇ ਨੰਗੇ ਪੈਰੀਂ ਦਰਬਾਰ ਸਾਹਿਬ ਵੱਲ ਤੁਰ ਪੈਂਦਾ ਹੈ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਣ ਉਪਰੰਤ ਉਹ ਬੜੀ ਨਿਮਰਤਾ ਨਾਲ ਅਕਾਲ ਤੱਖਤ ਵਿਖੇ ਦੋਨੋਂ ਹੱਥ ਜੋੜ ਕੇ ਇਉਂ ਖੜ੍ਹਾ ਹੋ ਗਿਆ, ਜਿਵੇਂ ਉਹਦੇ ਕੋਲੋਂ ਜੰਗ ਵਿਚ ਦੰਦ ਖੱਟੇ ਕਰਵਾਉਣ ਬਾਅਦ ਦੁਸ਼ਮਣ ਫੌਜ ਦੇ ਸਿਪਾਹਸਲਾਰ ਖੜ੍ਹੇ ਹੁੰਦੇ ਹਨ।
 ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਮੁਕੱਦਮੇ ਦੀ ਕਾਰਵਾਈ ਦੀ ਆਰੰਭਤਾ ਕਰਦਿਆਂ ਮਹਾਰਾਜੇ ਨੂੰ ਸਵਾਲ ਕੀਤਾ ਜਾਂਦਾ ਹੈ, “ਕੀ ਤੁਸੀਂ ਮੋਰਾਂ ਨਾਲ ਆਪਣੇ ਨਜਾਇਜ਼ ਸ਼ਰੀਰਕ ਸੰਬੰਧਾਂ ਦਾ ਦੋਸ਼ ਮੰਨਦੇ ਹੋ?”
 “ਹਾਂ ਕਬੂਲਦਾ ਹਾਂ। ਇਹ ਤਾਂ ਸਾਰਾ ਜੱਗ ਜਾਣਦਾ ਹੈ।”
 “ਤੁਹਾਨੂੰ ਪਤਾ ਹੈ ਖਾਲਸਾ ਰਾਜ ਵਿਚ ਇਹ ਇਕ ਗੁਨਾਹ… ਇਕ ਪਾਪ ਹੈ।”
 “ਮੈਂ ਇਕ ਰਾਜਾ ਹਾਂ। ਮੈਂ ਸਿੱਖ ਪਰਿਵਾਰ ਵਿਚ ਜਨਮ ਲਿਆ ਹੈ ਤੇ ਇਸ ਲਈ ਮੇਰੇ ਸਥਾਪਿਤ ਕੀਤੇ ਰਾਜ ਨੂੰ ਸਿੱਖ ਰਾਜ ਕਿਹਾ ਜਾਂਦਾ ਹੈ। ਮੈਂ ਲੋਕਾਂ ਨੂੰ ਮੁਗਲਾਂ ਅਤੇ ਅਫਗਾਨੀਆਂ ਤੋਂ ਭੈਅ ਮੁਕਤ ਕਰਵਾਇਆ ਹੈ। ਮੈਂ ਆਪਣੇ ਆਪ ਨੂੰ ਕਦੇ ਰਾਜਾ ਨਹੀਂ ਸਮਝਿਆ ਤੇ ਲੋਕਾਂ ਦੀ ਸੇਵਾ ਆਮ ਇਨਸਾਨ ਬਣ ਕੇ ਕੀਤੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਸਿੱਖ ਸ਼ਾਸਕ ਦਾ ਰਾਜ ਕਹਿ ਲਵੋ। ਤੁਹਾਡਾ ਦਿਲ ਕਰੇ ਤੁਸੀਂ ਇਸ ਨੂੰ ਖਾਲਸਾ ਰਾਜ ਕਹਿ ਲਵੋ। ਮੇਰੇ ਰਾਜ ਦੀ ਸੁੱਖੀ ਹਿੰਦੂ ਪਰਜਾ ਮੇਰੇ ਰਾਜ ਨੂੰ ਰਾਮ ਰਾਜ ਆਖਦੀ ਹੈ। ਮੁਸਲਮਾਨ ਇਸ ਨੂੰ ਬਹਿਸ਼ਤੀ ਰਾਜ ਆਖਦੇ ਨੇ।”
 “ਤੁਸੀਂ ਆਪਣੇ ਰਾਜ ਨੂੰ ਕੀ ਆਖਦੇ ਹੋ?” ਸ਼ਾਮ ਸਿੰਘ ਅਟਾਰੀ ਪੁੱਛਦਾ ਹੈ।
 “ਮੈਂ ਇਸ ਨੂੰ ਨਿਆਏ ਪਾਲਕ ਰਾਜੇ ਦਾ ਮਨੁੱਖੀ ਰਾਜ ਆਖਦਾ ਹਾਂ। ਜਿਸ ਵਿਚ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦਾ ਜੀਵਨ ਬਤੀਤ ਕਰਨ ਦਾ ਅਧਿਕਾਰ ਹੈ। ਫਿਰ ਉਸ ਰਾਜ ਦੇ ਰਾਜੇ ਨੂੰ ਆਪਣੀ ਮਰਜ਼ੀ ਦੀ ਜ਼ਿੰਦਗੀ ਬਸਰ ਕਰਨ ਦਾ ਹੱਕ ਕਿਉਂ ਨਹੀਂ? ਮੈਂ ਇਸ ਰਾਜ ਨੂੰ ਬੜੀ ਤੇਜ਼ੀ ਨਾਲ ਪਹਾੜ ਦੀ ਚੋਟੀ ਵੱਲ ਲੈ ਕੇ ਵੱਧ ਰਿਹਾ ਹਾਂ। ਮੈਨੂੰ ਪਤਾ ਹੈ ਕਿ ਜਦੋਂ ਇਹ ਆਪਣੀ ਸਿਖਰ ਉੱਤੇ ਚਲਾ ਗਿਆ ਫਿਰ ਇਸ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਜਾਣੀ ਹੈ ਤੇ ਇਸ ਨੇ ਨਿਵਾਣਾਂ ਵੱਲ ਵੱਧਣਾ ਸ਼ੁਰੂ ਕਰ ਦੇਣਾ ਹੈ। ਤੁਸੀਂ ਉਹ ਕਰੋ ਜੋ ਤੁਹਾਡਾ ਨਿਆਏ ਹੈ।”
 ਅਕਾਲੀ ਫੂਲਾ ਸਿੰਘ ਸੁਆਲ ਕਰਦਾ ਹੈ, “ਕੀ ਤੁਹਾਨੂੰ ਆਪਣੇ ਚਰਿੱਤਰ ਵਿਚ ਆ ਰਹੀ ਗਿਰਾਵਟ ਬਾਰੇ ਕੋਈ ਇਲਮ ਨਹੀਂ ਹੈ?”
 “ਮੈਂ ਸਰਬ ਉੱਚ ਅਦਾਲਤ ਵਿਚ ਖੜ੍ਹਾ ਹਾਂ, ਇਸ ਲਈ ਜਿਰਹਾ ਨਹੀਂ ਕਰਾਂਗਾ। ਤੁਸੀਂ ਫੈਸਲਾ ਸੁਣਾਉ ਮੈਨੂੰ ਖਿੜੇ ਮੱਥੇ ਕਬੂਲ ਹੋਵੇਗਾ।” ਰਣਜੀਤ ਸਿੰਘ ਸਿਰ ਝੁਕਾ ਲੈਂਦਾ ਹੈ।
 “ਪੰਜ ਸਿੰਘ ਸਾਹਿਬਾਨਾਂ ਨੇ ਫੈਸਲਾ ਕੀਤਾ ਹੈ ਕਿ ਤੁਸੀਂ ਅੱਗੇ ਤੋਂ ਮੋਰਾਂ ਨਾਲ ਨਜਾਇਜ਼ ਰਿਸ਼ਤਾ ਖਤਮ ਕਰ ਦੇਵੋ। ਅੱਜ ਤੋਂ ਬਾਅਦ ਉਸ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੋਵੇਗਾ। ਹੁਣ ਤੱਕ ਕੀਤੇ ਗੁਨਾਹ ਲਈ ਤੁਹਾਨੂੰ ਨੰਗੀ ਪਿੱਠ ’ਤੇ ਸੌ ਕੋੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ।… ਸਜ਼ਾ ਮਨਜ਼ੂਰ?”
 “ਮਨਜ਼ੂਰ!” ਐਨਾ ਆਖ ਕੇ ਰਣਜੀਤ ਸਿੰਘ ਕਮਰਕਸੇ ਸਣੇ ਕਿਰਪਾਨ ਉਤਾਰ ਕੇ ਪਰ੍ਹਾਂ ਰੱਖਣ ਬਾਅਦ ਆਪਣਾ ਚੋਗਾ ਉਤਾਰਦਾ ਹੈ ਤੇ ਗੋਡਿਆਂ ਭਾਰ ਬੈਠ ਕੇ ਸੀਸ ਝੁਕਾਉਂਦਾ ਹੋਇਆ ਆਪਣੀ ਨੰਗੀ ਢੂਹੀ ਅਕਾਲੀ ਫੂਲਾ ਸਿੰਘ ਮੂਹਰੇ ਪੇਸ਼ ਕਰ ਦਿੰਦਾ ਹੈ। ਲਉ ਬੰਨ੍ਹ ਲਉ ਮੈਨੂੰ ਟਾਹਲੀ ਨਾਲ ’ਤੇ ਸਜ਼ਾ ਦਿਉ।”
 ਮੌਕੇ ’ਤੇ ਉਪਸਥਿਤ ਕਈ ਸਿੰਘ ਮਹਾਰਾਜੇ ਦੇ ਹੱਕ ਵਿਚ ਦਲੀਲਾਂ ਦੇਣ ਲੱਗ ਪੈਂਦੇ ਹਨ ਤੇ ਮਹਾਰਾਜੇ ਦੀ ਸਜ਼ਾ ਮੁਆਫੀ ਲਈ ਜ਼ੋਰ ਪਾਉਣ ਲੱਗ ਜਾਂਦੇ ਹਨ, “ਮਹਾਰਾਜੇ ਨੇ ਸਜ਼ਾ ਕਬੂਲ ਲਈ ਹੈ। ਇਹ ਮਹਾਰਾਜਾ ਹੈ ਸਾਨੂੰ ਇਸਦੀ ਪਦਵੀ ਦਾ ਖਿਆਲ ਰੱਖਣਾ ਚਾਹੀਦਾ ਹੈ। ਪ੍ਰਤੀਕ ਵਜੋਂ ਸਿਰਫ ਇਕ ਕੋੜੇ ਦੀ ਹੀ ਸਜ਼ਾ ਦਿੱਤੀ ਜਾਵੇ।”
 ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਇਕ ਦੂਜੇ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਦੇ ਹਨ ਕਿਉਂਕਿ ਇਹ ਉਹੀ ਸਿੰਘ ਹੁੰਦੇ ਜਿਨ੍ਹਾਂ ਨੇ ਮਹਾਰਾਜੇ ਨੂੰ ਅਕਾਲ ਤਖਤ ਵਿਖੇ ਬੁਲਾ ਕੇ ਤਨਖਾਹੀਆਂ ਕਰਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੁੰਦਾ ਹੈ। ਬਹੁ-ਗਿਣਤੀ ਦੇ ਫੈਸਲੇ ਉੱਤੇ ਫੁੱਲ ਚੜ੍ਹਾਉਂਦਿਆਂ ਅਕਾਲੀ ਫੂਲਾ ਸਿੰਘ ਆਖਦਾ ਹੈ, “ਤੁਸੀਂ ਸਜ਼ਾ ਕਬੂਲ ਕਰ ਲਿੱਤੀ ਤਾਂ ਸਮਝੋ ਪ੍ਰਾਪਤ ਕਰ ਲਿੱਤੀ। ਜਾਉ ਤੁਹਾਨੂੰ ਤਨਖਾਹ ਮੁਆਫ।”
 ਰਣਜੀਤ ਸਿੰਘ ਸ਼ੁਕਰਾਨੇ ਵਜੋਂ ਇਕ ਲੱਖ ਪੱਚੀ ਹਜ਼ਾਰ ਦੀ ਰਕਮ ਦੇਣ ਦਾ ਐਲਾਨ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਜਾਂਦਾ ਹੈ। ਬਾਹਰ ਆ ਕੇ ਘੋੜੇ ਉੱਤੇ ਸਵਾਰ ਹੋ ਕੇ ਮਹਾਰਾਜਾ ਆਪਣੀ ਫੌਜੀ ਟੁਕੜੀ ਨਾਲ ਲਾਹੌਰ ਵੱਲ ਕੂਚ ਕਰ ਜਾਂਦਾ ਹੈ।
 ਜਿਉਂ ਹੀ ਮਹਾਰਾਜਾ ਅੰਮ੍ਰਿਤਸਰ ਦੀ ਜੂਹ ਪਾਰ ਕਰਦਾ ਹੈ ਤਾਂ ਆਪਣੇ ਸਿਪਾਹੀਆਂ ਨੂੰ ਆਦੇਸ਼ ਦਿੰਦਾ ਹੈ, “ਤੁਸੀਂ ਕਿਲ੍ਹੇ ਨੂੰ ਚਲੇ ਜਾਣਾ। ਇਥੋਂ ਮੈਂ ਤੁਹਾਡੇ ਤੋਂ ਅੱਗੇ ਇਕੱਲਾ ਹੀ ਜਾਵਾਂਗਾ।”
 ਅੱਖ ਦੇ ਫੋਰ ਵਿਚ ਰਣਜੀਤ ਸਿੰਘ ਦੀ ਘੋੜੀ ਧੂੜ ਉਡਾਉਂਦੀ ਕਿਧਰੇ ਆਲੋਪ ਹੋ ਜਾਂਦੀ ਹੈ।…
 ਉਧਰ ਮੋਰਾਂ ਜੋ ਮਹਾਰਾਜੇ ਤੋਂ ਪਹਿਲਾਂ ਲਾਹੌਰ ਪਹੁੰਚ ਚੁੱਕੀ ਹੁੰਦੀ ਹੈ, ਆਪਣੀ ਹਵੇਲੀ ਵਿਚ ਮਾਯੂਸ ਆਪਣੇ ਭਵਿਖ ਦੀ ਚਿੰਤਾ ਵਿਚ ਡੁੱਬੀ ਹੰਦੀ ਹੈ। ਉਸਦੀਆਂ ਅੱਖਾਂ ਵਿਚੋਂ ਪਰਲ ਪਰਲ ਅੱਥਰੂਆਂ ਦੇ ਫੂਹਾਰੇ ਵਹਿ ਰਹੇ ਹੁੰਦੇ ਹਨ। ਕਦੇ ਉਹ ਹੰਝੂ ਪੂੰਝ ਕੇ ਆਕੜਦੀ ਹੋਈ ਖੁਦ ਨੂੰ ਦਿਲਜ਼ੋਈ ਦਿੰਦੀ ਹੈ, “ਕੁਝ ਨਹੀਂ ਹੋਵੇਗਾ। ਮੋਮਲਾ ਨੇ ਸਭ ਸਾਂਭ ਲਿਆ ਹੋਵੇਗਾ। ਉਸ ਨੂੰ ਸਭ ਜਾਣਦੇ ਹਨ!”
 ਮੁੜ ਅਗਲੇ ਹੀ ਪਲ ਉਹ ਫਿਰ ਡੋਲ ਜਾਂਦੀ ਹੈ ਤੇ ਰਣਜੀਤ ਸਿੰਘ ਦਾ ਦਿੱਤਾ ਹੋਇਆ ਹੀਰਾਂ ਕੱਢ ਕੇ ਗਹੁ ਨਾਲ ਦੇਖਦੀ ਹੈ। ਅਜੇ ਉਹ ਚੱਟਣ ਹੀ ਲੱਗਦੀ ਹੈ ਕਿ ਉਸ ਦੇ ਕਮਰੇ ਦਾ ਕੁੰਡਾ ਖੜ੍ਹਕਦਾ ਹੈ।
 ਮੋਰਾਂ ਦਰਵਾਜ਼ੇ ਕੋਲ ਜਾ ਕੇ ਸਹਿਮੀ ਜਿਹੀ ਅਵਾਜ਼ ਵਿਚ ਪੁੱਛਦੀ ਹੈ, “ਕੌਣ?”
 “ਮੋਰਾਂ ਮੈਂ!!!”
 ਮੋਰਾਂ ਬਿਨਾ ਦੇਰ ਲਾਇਆਂ ਫੱਟ ਦਰਵਾਜ਼ਾ ਖੋਲ੍ਹਦੀ ਹੈ।
 ਬਾਹਰ ਖੜ੍ਹੇ ਰਣਜੀਤ ਸਿੰਘ ਨੂੰ ਹੈਰਤ ਅਤੇ ਹੁਲਾਸ ਭਰਪੂਰ ਲਹਿਜ਼ੇ ਵਿਚ ਆਖਦੀ ਹੈ, “ਮਹਾਰਾਜ!” ਖੁਸ਼ੀ ਦੇ ਹੰਝੂਆਂ ਨਾਲ ਭਿੱਜੀ ਇਸ ਚੀਖ ਨਾਲ ਉਹ ਝਪਟ ਕੇ ਰਣਜੀਤ ਸਿੰਘ ਨੂੰ ਕਲਾਵੇ ਵਿਚ ਲੈ ਲੈਂਦੀ ਹੈ। 
-------------------------------------------------
 
ਅੰਤਿਕਾ: ਇਸ ਘਟਨਾ ਤੋਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਰਵਾਇਤਾਂ ਮੁਤਾਬਕ ਮੋਰਾਂ ਨਾਲ ਬਕਾਇਦਾ ਵਿਆਹ ਦੋ ਵਾਰ ਵਿਆਹ ਕਰਵਾਇਆ। ਇਕ ਇਸਲਾਮ ਮੱਤ ਅਨੁਸਾਰ ਤੇ ਦੂਜਾ ਸਿੱਖ ਧਰਮ ਮਰਿਆਦਾ ਅਨੁਸਾਰ। ਮੋਰਾਂ ਦੇ ਇਕ ਪੁੱਤਰੀ ਨੇ ਵੀ ਜਨਮ ਲਿਆ। ਕਈ ਵਰ੍ਹੇ ਮਹਾਰਾਜੇ ਦੀ ਹਵਸਪੂਰਤੀ ਕਰਦੀ ਰਹਿਣ ਵਾਲੀ ਮੋਰਾਂ ਨੂੰ ਰਾਣੀ ਗੁਲਬਾਨੋ ਨਾਲ ਸ਼ਾਦੀ ਰਚਾਉਣ ਬਾਅਦ ਰਣਜੀਤ ਸਿੰਘ ਨੇ ਪਠਾਣਕੋਟ ਵਿਖੇ ਭਾਰੀ ਜਗੀਰ ਬਖਸ਼ ਕੇ ਲਾਹੌਰ ਅਤੇ ਆਪਣੀਆਂ ਨਜ਼ਰਾਂ ਤੋਂ ਸਦਾ ਲਈ ਦੂਰ ਕਰ ਦਿੱਤਾ। ਪਠਾਨਕੋਟ ਦੇ ਕਿਲ੍ਹੇ ਵਿਚ ਮੋਰਾਂ ਆਪਣੇ ਅੰਤਿਮ ਸੁਆਸਾਂ ਤੱਕ ਰਹੀ। ਕਦੇ ਕਦਾਈਂ ਚਿੱਤ ਕਰਿਆਂ ਮਹਾਰਾਜਾ ਮੋਰਾਂ ਕੋਲ ਜਾ ਕੇ ਠਹਿਰਦਾ ਰਿਹਾ ਤੇ ਉਸਦਾ ਮੁਜ਼ਰਾ ਦੇਖਦਾ। ਮੋਰਾਂ ਦੇ ਲੜਕੀ ਦੇ ਅੱਗੋਂ ਲੜਕੀ ਪੈਦਾ ਹੋਈ, ਵਜ਼ੀਰ ਬੇਗਮ।ਮੋਰਾਂ ਦੀ ਦੋਹਤੀ ਵਜ਼ੀਰ ਬੇਗਮ ਦੇ ਅੱਗੋਂ ਲੜਕੀ ਪੈਦਾ ਹੋਈ, ਯਾਨੀ ਮੋਰਾਂ ਦੀ ਪੜਪੋਤੀ ਮੁਮਤਾਜ਼ ਬੇਗਮ ਓਰਫ ਮੁੰਮੋ ਜੋ ਇੰਦੌਰ ਦੇ ਮਹਾਰਾਜੇ ਤਕੋਜੀ ਰਾਓ  ਅਤੇ ਬੰਬਈ ਦੇ ਮੇਅਰ ਮਿਸਟਰ ਬਾਵਲਾ ਦੀ ਰਖੇਲ ਤੇ ਆਪਣੇ ਸਮੇਂ ਦੀ ਪ੍ਰਸਿਧ ਨਾਚੀ ਵਜੋਂ ਮਕਬੂਲ ਹੋਈ। ਮਹਾਰਾਜੇ ਨੇ ਮੋਰਾਂ ਦੇ ਨਾਮ ’ਤੇ ਅਨੇਕਾਂ ਹੋਰ ਵਸਤਾਂ ਦਾ ਨਾਮਕਰਨ ਵੀ ਕੀਤਾ।  
-------------------------------------------------
 
ਕੁਝ ਕਹਾਣੀ ਦੀ ਉਤਪਤੀ ਬਾਰੇ --ਜਦੋਂ ਸਾਡੇ ਇਤਿਹਾਸਕਾਰ ਅਤੇ ਲਿਖਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਨ ਤਾਂ ਉਹ ਆਪਣੀ ਗੱਲ ਮਹਾਰਾਜੇ ਦੇ ਸਿਰ ਉੱਤੇ ਛਾਇਆ ਕਰਦੇ ਆਹਲੀਸ਼ਾਨ ਛੱਤਰ ਤੋਂ ਸ਼ੁਰੂ ਕਰਦੇ ਹੋਏ, ਉਸਦੀ ਦਸਤਾਰ ਦੀ ਖੂਬਸੂਰਤੀ ਵਧਾਉਂਦੀ ਕੀਮਤੀ ਕਲਗੀ ’ਤੇ ਆ ਜਾਂਦੇ ਹਨ। ਉਸ ਤੋਂ ਉਪਰੰਤ ਉਹ ਮਹਾਰਾਜੇ ਦੇ ਚਿਹਰੇ ਉੱਤੇ ਆਉਂਦੇ ਹਨ ਤਾਂ ਉਸ ਦੀ ਅੱਖ ਦੇ ਕੋਹਜ਼ ਅਤੇ ਚੇਚਕ ਦੇ ਦਾਗਾਂ ਨੂੰ ਛੁਪਾਉਣ ਲਈ ਆਪਣੀ ਭਾਵੁਕਤਾ ਦਾ ਪੋਚਾ ਮਾਰਦੇ ਹੋਏ ਦਲੀਲਾਂ ਘੜ੍ਹਣ ਲੱਗ ਜਾਂਦੇ ਹਨ। ਉਹ ਮਹਾਰਾਜੇ ਦੀ ਨੇਕ ਦਿਲੀ ਦੀ ਤਾਂ ਗੱਲ ਕਰਦੇ ਹਨ, ਪਰ ਉਸ ਦੁਆਰਾ ਕੀਤੀਆਂ ਧੱਕੇਸ਼ਾਹੀ ਨੂੰ ਅਣਡਿੱਠ ਕਰਨ ਲਈ ਆਪਣੀਆਂ ਦੋਨੋਂ ਅੱਖਾਂ ਮੀਚ ਕੇ ਉੱਪਰ ਹੱਥ ਰੱਖ ਲੈਂਦੇ ਹਨ।ਫਿਰ ਉਸਦੀ ਪੱਗ ਅੰਦਰ ਝਾਕਦੇ ਹੋਏ ਮਹਾਰਾਜੇ ਦੀ ਰਾਜਨੀਤਕ ਸੂਝ, ਨਿਪੁੰਨਤਾ, ਦੂਰ ਅੰਦੇਸ਼ੀ ਅਤੇ ਚੁਸਤ ਦਿਮਾਗ ਦੀਆਂ ਸਿਫਤਾਂ ਦੇ ਪੁੱਲ ਚੀਨ ਦੀ ਕੰਧ ਤੋਂ ਵੀ ਕੱਦਾਵਰ ਉਸਾਰ ਦਿੰਦੇ ਹਨ।ਉਸ ਮਗਰੋਂ ਉਹ ਰਣਜੀਤ ਸਿੰਘ ਦੀਆਂ ਜਿੱਤਾਂ, ਪ੍ਰਾਪਤੀਆਂ ਅਤੇ ਉਸ ਦੇ ਅਧਿਕਾਰ ਅਧਿਨ ਕੀਤੇ ਵਿਸ਼ਾਲ ਰਿਆਸਤੀ ਇਲਾਕੇ ਦੀ ਵਡਿਆਈ ਕਰਦੇ ਹੋਏ ਉਸਦੀ ਹਿੱਕ ਦੇ ਜ਼ੋਰ ਦੀ ਉਪਮਾ ਕਰਦੇ ਹਨ।ਮਹਾਰਜੇ ਦੇ ਡੌਲਿਆਂ ਦੀ ਤਾਕਤ ਨੂੰ ਬਿਆਨਣ ਲਈ ਉਹ ਉਸ ਨਾਇਯਾਬ ਹੀਰੇ ਕੋਹਿਨੂਰ ਦਾ ਵਰਣਨ ਕਰਦੇ ਹਨ, ਜੋ ਜਿਵੇਂ ਉਸਨੇ ਪ੍ਰਾਪਤ ਕੀਤਾ ਸੀ ਤੇ ਉਵੇਂ ਹੀ ਉਸ ਕੋਲੋਂ ਖੁੱਸਿਆ।ਇਸ ਪਸ਼ਚਾਤ ਥੱਲੇ ਉਤਰਦੇ ਮਹਾਰਾਜੇ ਦੇ ਲੱਕ ਨਾਲ ਲਮਕਦੀ ਮਹਿੰਗੇ ਹੀਰਿਆਂ ਜੜ੍ਹੀ ਫੌਲਾਦੀ ਸ਼ਮਸ਼ੀਰ ਦੀ ਸਿਫਤ ਸ਼ੁਰੂ ਹੋ ਜਾਂਦੀ ਹੈ।ਇਸ ਵਿਵਰਣ ਪਿਛੋਂ ਸਾਡੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਦੀ ਕਲਮ ਮਹਾਰਾਜੇ ਦੇ ਕਮਰਕਸੇ ਉੱਤੇ ਹੀ ਦਮ ਤੋੜ ਦਿੰਦੀ ਹੈ।ਇਹੋ ਜਿਹੇ ਕਲਮਕਾਰਾਂ ਦੀ ਸਿਨਫਾਂ ਦਾ ਪਠਨ ਕਰਨ ਸਮੇਂ ਇਕ ਜ਼ਹੀਨ ਬੁੱਧੀ ਦੇ ਮਾਲਕ ਇਨਸਾਨ ਅਤੇ ਸਾਹਿਤ ਚਿੰਤਕ ਨੂੰ ਸਿਵਾਏ ਅੰਨ੍ਹੀਂ ਸ਼ਰਧਾ ਦੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।ਮਹਾਰਾਜੇ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਗੌਲੇ ਪੱਖ ਹਨ, ਜਿਨ੍ਹਾਂ ਵਿਚ ਉਸਦੀ ਮਰਦਾਨਗੀ ਅਤੇ ਚਰਿੱਤਰ ਦੀ ਸਹੀ ਤਸਵੀਰ ਝਲਕਦੀ ਹੈ। ਸਿੱਖ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਉੱਤੇ ਪਰਦਾ ਪਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਬਾਰੇ ਖਾਮੋਸ਼ੀ ਧਾਰ ਲਈ ਜਾਂਦੀ ਹੈ।ਇਹ ਇਤਿਹਾਸ ਨਾਲ ਸਰਾਸਰ ਬੇਇਨਸਾਫੀ ਹੈ! ਮੈਨੂੰ ਇਉਂ ਜਾਪਦਾ ਹੈ ਕਿ ਸਾਡੇ ਸੂਝਵਾਨ ਵਿਦਵਾਨਾਂ ਨੂੰ ਜ਼ਿੰਦਗੀ ਵਿਚ ਸੈਕਸ ਦੀ ਮਹੱਤਤਾ ਦਾ ਉੱਕਾ ਹੀ ਗਿਆਨ ਨਹੀਂ ਹੈ!!! ਮਹਾਰਜੇ ਨੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਔਰਤਾਂ ਹੰਢਾਈਆਂ। ਉਸਦੇ ਹਰਮ ਵਿਚ ਬੇਅੰਤ ਰਾਣੀਆਂ ਅਤੇ ਬੇਸ਼ੁਮਾਰ ਦਾਸੀਆਂ ਦਾ ਵਡਮੁੱਲਾ ਖਜ਼ਾਨਾ ਸੀ, ਜਿਨ੍ਹਾਂ ਮੁਤੱਲਕ ਵੇਰਵੇ ਪ੍ਰਾਪਤ ਹੁੰਦੇ ਹਨ। ਬਾਕੀ ਉਸਦੇ ‘ਵੱਨ ਨਾਇਟ ਸਟੈਂਡ’ ਭਾਵ ਗਾਹੇ-ਬਗਾਹੇ ਮਹਾਰਾਜੇ ਨੇ ਕਿੱਥੇ ਕਿੱਥੇ ਮੂੰਹ ਮਾਰਿਆ ਹੋਵੇਗਾ ਜਾਂ ਜਿਨ੍ਹਾਂ ਬਾਰੇ ਲਿਖਤੀ ਰੂਪ ਵਿਚ ਕੁਝ ਨਹੀਂ ਮਿਲਦਾ, ਖੌਰੇ ਉਸਦੀ ਸੂਚੀ ਕਿੰਨੀ ਕੁ ਲੰਮੀ ਹੋਵੇਗੀ! ਵੱਖ ਵੱਖ ਇਤਿਹਾਸਕਾਰਾਂ ਨੇ ਰਾਣੀਆਂ ਅਤੇ ਦਾਸੀਆਂ ਦੀ ਗਿਣਤੀ ਅਤੇ ਨਾਮਾਂ ਦੀ ਸੰਖਿਆ ਵੱਖੋ-ਵੱਖਰੀ ਦੱਸੀ ਹੈ ਮੇਰੇ ਖਿਆਲ ਮੁਤਾਬਕ ਜੇ ਮਹਾਰਜੇ ਦੇ ਜੀਵਨ ਵਿਚ ਇਹ ਪੱਖ ਸ਼ਾਮਿਲ ਨਾ ਹੁੰਦਾ ਤਾਂ ਸ਼ਾਇਦ ਉਸ ਨੂੰ ਇਤਿਹਾਸ ਵਿਚ ਉਹ ਮੁਕਾਮ ਹਾਸਿਲ ਨਾ ਹੁੰਦਾ, ਜੋ ਰੁਤਬਾ ਉਸਦਾ ਅੱਜ ਹੈ ਤੇ ਨਾ ਹੀ ਉਸਨੇ ਐਨਾ ਵਿਸ਼ਾਲ ਰਾਜ ਕਾਇਮ ਕਰ ਸਕਣਾ ਸੀ। ਵਰਣਨਯੋਗ ਹੈ ਕਿ ਉਸਨੇ ਹਮੇਸ਼ਾ ਤਾਕਤ ਵਧਾਉਣ ਅਤੇ ਜੰਗਾਂ ਜਿੱਤਣ ਲਈ ਇਸਤਰੀਆਂ ਦਾ ਇਸਤੇਮਾਲ ਕੀਤਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਅਤੇ ਸਿੱਖ ਇਤਿਹਾਸ ਦਾ ਅਨੀਖੜਵਾਂ ਅੰਗ ਹੈ ਤਾਂ ਮੋਰਾਂ ਉਸਦੇ ਸੰਗ ਹੈ।ਮੋਰਾਂ ਇਕ ਬਜ਼ਾਰੂ ਨਾਚੀ ਸੀ, ਜਿਸਨੇ ਤਮਾਮ ਹਿਯਾਤੀ ਮਹਾਰਾਜੇ ਨੂੰ ਆਪਣੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨਚਾਇਆ ਸੀ।ਮਹਾਰਾਜੇ ਦੇ ਲੱਕ ਤੋਂ ਉੱਪਰ ਦੀ ਸ਼ਕਤੀ ਦੀਆਂ ਬਹੁਤ ਤਾਰੀਫਾਂ ਹੋ ਚੁੱਕੀਆ ਹਨ।ਵਕਤ ਹੈ ਸ਼ੇਰ-ਏ-ਪੰਜਾਬ ਦੇ ਕਮਰਕਸੇ ਤੋਂ ਹੇਠਾਂ ਕੋਈ ਗੱਲ ਕਰੇ।ਪਰ ਕੌਣ? ਕੋਈ ਹਿੰਮਤ ਕਰੇ ਜਾਂ ਨਾ ਮੈਂ ਨਿਧੜਕ, ਬੇਖੌਫ ਅਤੇ ਬੇਬਾਕੀ ਨਾਲ ਉਸਦੀ ਬੈਲਟ ਤੋਂ ਹੇਠਾਂ ਦੀ ਤਾਕਤ ਨੂੰ ਬਿਆਨ ਕਰਦਿਆਂ ਮਹਾਰਾਜੇ ਦੇ ਮੋਰਾਂ ਨਾਲ ਖੌਲਦੇ ਇਸ਼ਕ ਉੱਤੇ ਝਾਤ ਪਾਉਂਦੀ ਇਹ ਕਹਾਣੀ ‘ਮੋਰਾਂ ਦਾ ਮਹਾਰਾਜਾ’ ਪੇਸ਼ ਕਰ ਰਿਹਾ ਹਾਂ।ਇਤਿਹਾਸ ਉੱਤੇ ਅਧਾਰਿਤ ਇਹ ਕਹਾਣੀ ਨਾ ਤਾਂ ਪੂਰਨ ਰੂਪ ਵਿਚ ਸਮੂਚੀ ਗਲਪ ਹੈ ਤੇ ਨਾ ਹੀ ਇਹ ਅਫਸਾਨਾ ਨਿਰੋਲ ਇਤਿਹਾਸ ਹੈ।ਆਪਣੀ ਕਥਾ ਨੂੰ ਦਿਲਚਸਪ ਬਣਾਉਣ ਲਈ ਜਿਥੇ ਮੈਨੂੰ ਮਹਿਸੂਸ ਹੋਇਆ ਲੋੜ ਅਨੁਸਾਰ ਮੈਂ ਤਬਦੀਲੀਆਂ ਕਰ ਲਈਆਂ ਹਨ। ਇਸ ਵਿਚ ਮੇਰੀ ਕਲਾ ਅਤੇ ਕਲਪਨਾ ਦੀ ਪ੍ਰਤੱਖ ਘੁਸਪੈਠ ਹੈ।ਬਲਵੀਰ ਕੰਵਲ ਜੀ ਦੀ ਖੋਜ ਨੂੰ ਨਤਮਸਤਕ ਹੁੰਦਿਆਂ, ਮੇਰੀ ਇਹ ਕਹਾਣੀ ਉਸਤਾਦ ਕਹਾਣੀਕਾਰ ਸ਼੍ਰੀ ਮਨਮੋਹਨ ਬਾਵਾ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਪਾਈਆਂ ਪੈੜਾਂ ਵਿਚ ਪੈਰ ਧਰ ਕੇ ਚੱਲਣ ਦਾ ਇਹ ਨਿਮਾਣਾ ਜਿਹਾ ਯਤਨ ਹੈ।- ਬਲਰਾਜ ਸਿੱਧੂ, ਯੂ.ਕੇ.