ਇਹ ਕੈਸੀ ਰਫਤਾਰ ਏ (ਕਵਿਤਾ)

ਪੱਪੂ ਰਾਜਿਆਣਾ    

Email: amankori@ymail.com
Cell: +91 99880 51159
Address:
ਮੋਗਾ India
ਪੱਪੂ ਰਾਜਿਆਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਚ ਬਜਾਰੀ ਲੁੱਟਾਂ ਖੋਹਾਂ 
ਹੋ ਗਈ ਏ ਗੱਲ ਆਮ ਜੇਹੀ 
ਸੱਚਾ ਸੌਦਾ ਕੌਣ ਕਰੇ
ਹਰ ਸ਼ੈਅ ਇਥੇ ਬਦਨਾਮ ਜੇਹੀ 
ਪੈਸੇ ਪਿਛੇ ਹਰ ਕੋਈ ਕਰਦਾ 
ਝੂਠ ਦਾ ਕਾਰੋਬਾਰ ਏ 
ਇਹ ਕੈਸੀ ਰਫਤਾਰ ਏ ਲੋਕੋ  
ਇਹ ਕੈਸੀ ਰਫਤਾਰ ਏ 
 
ਭੈਣ ਭਰਾ , ਸਭ ਰਿਸ਼ਤੇ ਨਾਤੇ 
ਨਾਮ ਦੇ ਰਹਿ  ਗਏ ਨੇ 
ਮਾਫ ਕਰੋ ਬੱਸ ਨਹੀ ਨਿਭਣੀ 
ਸ਼ਰੇਆਮ ਹੀ ਕਹਿ ਗਏ ਨੇ 
ਜਿਗਰੀ ਯਾਰਾਂ ਦੇ ਵਿਚ ਯਾਰੋ ਦੂਰੀ ਬਣ ਗਈ ਏ 
ਇਹੀ ਪੈਸਾ ਕਦੇ ਮਿਲਾਉਂਦਾ ਵਿਛੜੇ ਵੀਰਾਂ ਨੂ 
ਅੱਜ ਪੈਸੇ ਪਿਛੇ ਵਿਛੜ ਜਾਣਾ 
ਮਜਬੂਰੀ ਬਣ ਗਈ ਏ 
ਨੌਕਰ ਬਣ ਕੇ ਰਹਿ ਗਈ ਦੁਨੀਆ
ਪੈਸਾ ਹੀ ਸਰਦਾਰ ਏ 
ਇਹ ਕੈਸੀ ਰਫਤਾਰ ਏ ਲੋਕੋ  
ਇਹ ਕੈਸੀ ਰਫਤਾਰ ਏ 
 
ਗਲੀ ਮੁਹੱਲੇ ,ਮੋੜ-ਮੋੜ ਤੇ
ਕੀੜੀਆਂ ਵਾਂਗੂ ਫਿਰਦੇ ਨੇ
ਕਿਧਰੋਂ ਆਏ ਕਿਧਰ ਨੂ ਚੱਲੇ 
ਖਬਰੇ ਕੀ ਪਏ ਕਰਦੇ ਨੇ
ਚੀਕ ਚਿਹਾੜਾ ,ਰੌਲਾ ਰੱਪਾ 
ਹਰ ਥਾਂ ਮਾਰੋ ਮਾਰ ਏ 
ਇਹ ਕੈਸੀ ਰਫਤਾਰ ਏ ਲੋਕੋ  
ਇਹ ਕੈਸੀ ਰਫਤਾਰ ਏ 
 
ਭੁੱਲ ਗਏ ਹਨ ਅਸੀਂ ਨਚਣਾ -ਟਪਣਾ
ਹਸਣੇ ਹਾਸੇ ਭੁੱਲ ਗਏ  ਹਾਂ
ਤਾਣਾ-ਬਾਣਾ ਉਲਝ ਗਿਆ  
ਸਭ ਰੰਗ ਤਮਾਸ਼ੇ ਭੁੱਲ ਗਏ ਹਾਂ 
ਨਫਰਤ ਦਾ ਮੁੱਲ ਦੂਣਾ ਤੀਣਾ
ਕੌਡੀਆਂ ਦੇ ਭਾਅ ਪਿਆਰ ਏ
ਇਹ ਕੈਸੀ ਰਫਤਾਰ ਏ ਲੋਕੋ  
ਇਹ ਕੈਸੀ ਰਫਤਾਰ ਏ 
 
ਹਰ ਚਿਹਰੇ ਤੇ ਕਈ ਮੁਖੌਟੇ 
ਕਿਸ ਕਿਸ ਦੀ ਪਹਚਾਨ ਕਰਾਂ
ਸਾਧੂ ਫਿਰਦੇ ਜਾਂ ਫਿਰ ਡਾਕੂ 
ਕਿਸਦਾ ਮੈ ਸਨਮਾਨ ਕਰਾਂ 
ਆਪਨੇ ਚੇਹਰੇ ਦਾ ਚਿਕੜ
ਸਭ ਇਕ ਦੂਜੇ ਤੇ ਸੁਟਦੇ ਨੇ
ਹਥ ਵਿਚ ਫੁੱਲ ਬਗਲ ਵਿਚ ਚਾਕੂ
ਹਰ ਹਾਲ ਵਿਚ ਲੁਟਦੇ ਨੇ 
ਵਕਤ ਦੇ ਮਾਰੇ ਪੱਪੂ ਨੇ ਵੀ 
ਬਦਲ ਲਿਆ ਕਿਰਦਾਰ ਏ
ਇਹ ਕੈਸੀ ਰਫਤਾਰ ਏ ਲੋਕੋ  
ਇਹ ਕੈਸੀ ਰਫਤਾਰ ਏ