ਸਤਲੁਜ ਤੋਂ ਨਿਆਗਰਾ ਤੱਕ - ਭਾਗ 8 (ਸਫ਼ਰਨਾਮਾ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਲਫ ਸ਼ਹਿਰ
 
ਉਂਟਾਰੀੳ ਸੂਬੇ ਦਾ ਗੁਲਫ ਨਾਮ ਦਾ ਸ਼ਹਿਰ ਮੇਰੇ ਦਿਮਾਗ ਵਿਚ ਪੱਕੀ ਲਕੀਰ ਵਾਂਗ ਵਸਿਆ ਹੋਇਆ ਹੈ।ਇਸ ਦਾ ਕਾਰਣ ਇਹ ਹੈ ਕਿ ਮੈਂ ਬਚਪਨ ਤੋਂ ਹੀ ਇਹ ਨਾਮ ਸੁਣਦਾ ਆ ਰਿਹਾ ਹਾਂ।ਮੇਰੀ ਵਡੀ ਭੂਆ ਦਾ ਲੜਕਾ ਅਮਰਜੀਤ ਫਰਮਾਹ ਸਭ ਤੋਂ ਪਹਿਲਾਂ ਕਨੇਡਾ ਪਹੁੰਚਿਆ ਸੀ ਤੇ ਉਹ ਉਦੋਂ ਦਾ ਹੀ ਗੁਲਫ ਦਾ ਵਸਨੀਕ ਹੈ।ਮੇਰੀ ਤਮੰਨਾ ਸੀ ਗੁਲਫ ਦੇਖਣ ਦੀ।ਅਮਰਜੀਤ ਤਾਂ ਗੁਲਫ ਨੂੰ ਪਿੰਡ ਹੀ ਕਹਿੰਦਾ ਹੈ।ਜਦੋਂ ਦਾ ਅਮਰਜੀਤ ਨੂੰ ਸਾਡੇ ਕਨੇਡਾ ਪਹੁੰਚਣ ਬਾਰੇ ਪਤਾ ਲਗਿਆ ਸੀ ਉਸਨੂੰ ਚਾਅ ਚੜ੍ਹਿਆ ਹੋਇਆ ਸੀ।ਜਦੋਂ ਅਸੀਂ ਅਮਰੀਕਾ ਸਾਂ ਤਾਂ ਉਹ ਫੋਨ ਕਰ ਕੇ ਪੁਛ ਲੈਂਦਾ ਕਿ ਕਨੇਡਾ ਦਾ ਵੀਜਾ ਮਿਲਿਆ ਕਿ ਨਹੀਂ।ਉਸ ਨੇ ਇਥੋਂ ਤਕ ਵੀ ਕਹਿ ਦਿੱਤਾ ਕਿ ਜੇ ਰਬ ਨਾ ਕਰੇ ਵੀਜਾ ਨਾ ਵੀ ਮਿਲਿਆ ਤਾਂ ਅਸੀਂ ਤੁਹਾਨੂੰ ਮਿਲਣ ਲਈ ਅਮਰੀਕਾ ਆਵਾਂਗੇ।ਮੈਂ ਉਨ੍ਹਾਂ ਦੀ ਦਿਲੋਂ ਇੱਜ਼ਤ ਕਰਦਾ ਹਾਂ ਪਰ ਇਹ ਗੱਲ ਸੁਣ ਕੇ ਮੇਰੇ ਮਨ ਵਿਚ ਉਨ੍ਹਾਂ ਦੀ ਇੱਜ਼ਤ ਹੋਰ ਵੀ ਵਧ ਗਈ।ਜਦ ਅਸੀਂ ਕਨੇਡਾ ਪਹੁੰਚੇ ਤਾਂ ਸਭ ਤੋਂ ਪਹਿਲਾਂ ਅਮਰਜੀਤ ਤੇ ਉਸਦੀ ਪਤਨੀ ਹਰਜਿੰਦਰ ਹੀ ਸਾਨੂੰ ਮਿਲਣ ਲਈ ਆਏ।ਉਹ ਚਾਹੁੰਦੇ ਸਨ ਕਿ ਅੱਧਾ ਸਮਾਂ ਅਸੀਂ ਉਨ੍ਹਾਂ ਕੋਲ ਬਿਤਾਈਏ।ਉਹ ਸਾਨੂੰ ਕਨੇਡਾ ਘੁੰਮਾਉਣਾ ਚਾਹੁੰਦੇ ਸਨ।ਪਰ ਮੈਂ ਉਨ੍ਹਾਂ ਤੋਂ ਖਿਮਾ ਮੰਗੀ ਕਿ ਅਸੀਂ ਆਪਣੀ ਬੇਟੀ ਕੋਲ ਹੀ ਰਹਾਂਗੇ।ਉਹ ਇਸ ਗੱਲ ਦਾ ਵਾਅਦਾ ਲੈ ਕੇ ਗਏ ਕਿ ਅਸੀਂ ਅਗਲੇ ਦਿਨ ਹੀ ਉਨ੍ਹਾਂ ਕੋਲ ਆਵਾਂਗੇ।
Photo
ਅਮਰਜੀਤ ਅਤੇ ਲੇਖਕ ਵੀਰਾਨ ਪਈ ਫੈਕਟਰੀ ਸਾਹਮਣੇ
ਅਮਰਜੀਤ 1972 ਵਿਚ ਵਿਆਹ ਕਰਵਾ ਕੇ ਕਨੇਡਾ ਪਹੁੰਚਿਆ ਸੀ।ਪੜ੍ਹਾਈ ਵਿਚ ਕਾਫੀ ਹੁਸ਼ਿਆਰ ਹੁੰਦਾ ਸੀ।ਗੁਰੂ ਤੇਗ ਬਹਾਦਰ ਕਾਲਜ ਰੋਡੇ ਤੋਂ ਇਲੈਕਟ੍ਰਿਕ ਇੰਨਜੀਨੀਅਰਿੰਗ ਕਰਨ ਮਗਰੋਂ ਬਿਜਲੀ ਬੋਰਡ ਵਿਚ ਜੇ.ਈ. ਲਗ ਗਿਆ।ਨੌਕਰੀ ਤਾਂ ਉਸ ਨੇ ਥੋੜ੍ਹਾ ਚਿਰ ਹੀ ਕੀਤੀ ਸੀ।ਕਨੇਡਾ ਆ ਕੇ ਉਸ ਨੇ ਆਪਣਾ ਸਾਰਾ ਪਰਿਵਾਰ ਯਾਨੀ ਮਾਂ ਬਾਪ ਅਤੇ ਅਣਵਿਆਹੇ ਇਕ ਭੈਣ ਤੇ ਇਕ ਭਰਾ ਵੀ ਸੱਦ ਲਏ।ਅੱਜ ਕਲ੍ਹ ਉਹ ਰੀਅਲ ਅਸਟੇਟ ਦਾ ਕੰਮ ਕਰਦਾ ਹੈ।ਅਸੀਂ ਰਾਤ ਨੂੰ ਅੱਠ ਵਜੇ ਉਨ੍ਹਾਂ ਦੇ ਘਰ ਪਹੁੰਚੇ।ਇਸ ਦਾ ਕਾਰਣ ਸੇਵਕੀ ਸ਼ਾਮ ਨੂੰ ਪੰਜ ਵਜੇ ਕੰਮ ਤੋਂ ਮੁੜਦਾ ਸੀ ਤੇ ਫਿਰ ਤਿਆਰ ਹੁੰਦਿਆਂ ਵੀ ਸਮਾਂ ਲਗ ਜਾਂਦਾ।ਅਮਰਜੀਤ ਸਾਨੂੰ ਆਪਣਾ ਪਿੰਡ ਦਿਖਾਉਣਾ ਚਾਹੁੰਦਾ ਸੀ ਪਰ ਰਾਤ ਦੇ ਵੇਲੇ ਕੀ ਦੇਖਿਆ ਜਾਂਦਾ।ਐਨੇ ਥੋੜ੍ਹੇ ਸਮੇਂ ਵਿਚ ਤਾਂ ਉਨ੍ਹਾਂ ਦਾ ਘਰ ਹੀ ਦੇਖਿਆ ਜਾ ਸਕਦਾ ਸੀ।ਡਿਨਰ ਤੇ ਅਮਰਜੀਤ ਦੀ ਭੈਣ ਭੋਲੀ ਅਤੇ ਉਸਦਾ ਪਤੀ ਜਗਦੇਵ ਵੀ ਆਏ ਹੋਏ ਸਨ।ਉਹ ਵੀ ਗੁਲਫ ਹੀ ਰਹਿੰਦੇ ਹਨ।ਇਸ ਤੋਂ ਬਿਨਾਂ ਜੀਤ ਵੀ ਗੁਲਫ ਹੀ ਰਹਿੰਦੀ ਹੈ।ਦੋ ਕੁ ਦਿਨ ਬਾਅਦ ਅਸੀਂ ਉਨ੍ਹਾਂ ਦੇ ਘਰ ਰਾਤ ਦਾ ਖਾਣਾ ਖਾਣ ਜਾਣਾ ਸੀ।ਇਸ ਲਈ ਅਮਰਜੀਤ ਨੇ ਕਿਹਾ ਕਿ ਉਸ ਦਿਨ ਉਹ ਸਾਨੂੰ ਸਵੇਰੇ ਲੈ ਕੇ ਜਾਣਗੇ ਅਤੇ ਸੇਵਕੀ ਤੇ ਰੋਜੀ ਸ਼ਾਮ ਨੂੰ ਆ ਜਾਣਗੇ ਅਤੇ ਵਾਪਸੀ ਅਸੀਂ ਉਨ੍ਹਾਂ ਨਾਲ ਕਰ ਲਵਾਂਗੇ।ਅਸੀਂ ਇਸ ਗੱਲ ਨਾਲ ਸਹਿਮਤ ਹੋ ਗਏ।
ਅਮਰਜੀਤ ਦਾ ਘਰ ਬਹੁਤ ਹੀ ਖੁਬਸੂਰਤ ਹੈ।ਚਾਹ ਪੀਣ ਤੋਂ ਬਾਅਦ ਉਹ ਸਾਨੂੰ ਤਹਿਖਾਨੇ ਵਿਚ ਲੈ ਗਿਆ।ਇਥੇ ਉਸ ਨੇ ਕਾਫੀ ਆਧੁਨਿਕ ਤਰੀਕੇ ਨਾਲ ਬਾਰ ਬਣਾਈ ਹੋਈ ਹੈ।ਉਸ ਦੀ ਬਾਰ ਵਿਚ ਹਰ ਦੇਸ ਦੀ ਸ਼ਰਾਬ ਪਈ ਹੈ।ਉਹ ਬਾਰ ਵੱਲ ਇਸ਼ਾਰਾ ਕਰ ਕੇ ਪੁਛਣ ਲਗਿਆ, ਕੀ ਪੀਉਗੇ? ਮੈਂ ਕਿਹਾ ਨਹੀਂ ਨਹੀਂ ਕੁਛ ਨੀਂ।ਉਸ ਨੇ ਇਕ ਬੋਤਲ ਕਢ ਕੇ ਸਾਹਮਣੇ ਰਖ ਦਿੱਤੀ ਤੇ ਬੋਲਿਆ, ਇਧਰ ਰਿਵਾਜ਼ ਹੈ ਕਿ ਮਹਿਮਾਨ ਦੀ ਪਸੰਦ ਪਹਿਲਾਂ ਪੁਛੀ ਜਾਂਦੀ ਹੈ।ਤੂੰ ਕਿਹਾ ਕੁਛ ਨਹੀਂ ਇਸ ਲਈ ਹਾਜ਼ਰ ਹੈ ਕੁਛ ਨਹੀਂ।ਮੈਂ ਬੋਤਲ ਤੇ ਨਜ਼ਰ ਮਾਰੀ ਤਾਂ ਉਸ ਦੇ ਲੇਬਲ ਉਪਰ ਪੰਜਾਬੀ ਅੱਖਰਾਂ ਵਿਚ ਲਿਖਿਆ ਸੀ ‘ਕੁਸ਼ ਨਹੀਂ’।ਮੈਨੂੰ ਹੈਰਾਨ ਦੇਖ ਕੇ ਉਸ ਨੇ ਦਸਿਆ ਕਿ ਇੰਗਲੈਂਡ ਵਿਚ ਇਕ ਪੰਜਾਬੀ ਦੀ ਡਿਸਟਲਰੀ ਹੈ ਜਿਥੇ ਇਹ ਸ਼ਰਾਬ ਬਣਦੀ ਹੈ।ਬੋਤਲ ਉਤੇ ਇਕ ਫਿਕਰਾ ਬਰੀਕ ਅੱਖਰਾਂ ਵਿਚ ਲਿਖਿਆ ਹੋਰ ਦਿਖਾਇਆ ਕਿ ‘ਜੇ ਤੁਹਾਡੀ ਘਰ ਵਾਲੀ ਪੁੱਛੇ ਕਿ ਅੱਜ ਕੀ ਪੀਤਾ ਤਾਂ ਕਹਿ ਦਿਉ ‘ਕੁਛ ਨੀਂ’। ਤੁਸੀਂ ਝੂਠ ਨਹੀਂ ਬੋਲਿਆ।ਉਸ ਨੇ ਮਾਸੀ ਅਤੇ ਬਿੱਲੋ ਨਾਂ ਦੀਆਂ ਦੋ ਬੋਤਲਾਂ ਹੋਰ ਵੀ ਦਿਖਾਈਆਂ।ਅਸੀਂ ਡਿਨਰ ਕਰ ਕੇ ਵਾਪਸ ਆ ਗਏ।
Photo
ਲੇਖਕ, ਅਮਰਜੀਤ ਅਤੇ ਪਰਿਵਾਰਿਕ ਮੈਂਬਰ ਮੈਅਖਾਨੇ ਵਿੱਚ
ਜਿਸ ਦਿਨ ਅਸੀਂ ਭੋਲੀ ਦੇ ਘਰ ਜਾਣਾ ਸੀ ਉਸ ਦਿਨ ਸਵੇਰੇ ਗਿਆਰਾਂ ਵਜੇ ਹਰਜਿੰਦਰ ਭਾਬੀ ਅਤੇ ਸੇਵਕੀ ਦੀ ਛੋਟੀ ਭੈਣ ਜੀਤ ਸਾਨੂੰ ਲੈਣ ਆ ਗਈਆਂ।ਅਸੀਂ ਦੋ ਕੁ ਵਜੇ ਗੁਲਫ ਪਹੁੰਚ ਗਏ।ਗੁਲਫ ਦਸ ਕਿਲੋਮੀਟਰ ਦੇ ਰਕਬੇ ਵਿਚ ਫੈਲਿਆ ਹੋਇਆ ਅੱਸੀ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ।ਅਮਰਜੀਤ ਤੇ ਜਗਦੇਵ ਵੀ ਘਰ ਹੀ ਸਨ।ਚਾਹ ਪੀਣ ਤੋਂ ਮਗਰੋਂ ਅਸੀਂ ਸ਼ਹਿਰ ਦੇਖਣ ਨਿਕਲ ਪਏ।ਅਠੱਤੀ ਸਾਲ ਤੋਂ ਇਥੇ ਰਹਿ ਰਹੇ ਅਮਰਜੀਤ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ।ਭਾਵੇਂ ਉਹ ਇਸਨੂੰ ਪਿੰਡ ਹੀ ਕਹਿੰਦਾ ਹੈ ਪਰ ਇਥੇ ਵੀ ਵਡੇ ਮਾਲਜ਼ ਅਤੇ ਸ਼ਾਪਿੰਗ ਸੈਂਟਰ ਹਨ।ਜਗਦੇਵ ਕਾਫੀ ਹਸਮੁਖ ਸੁਭਾਅ ਦਾ ਹੈ।ਅਮਰਜੀਤ ਨਾਲ ਉਸਦੀ ਰਿਸ਼ਤੇਦਾਰੀ ਨਾਲੋਂ ਵਧ ਕੇ ਮਨ ਦੀ ਨੇੜਤਾ ਹੈ।ਸਭ ਤੋਂ ਪਹਿਲਾਂ ਅਸੀਂ ਗੁਲਫ ਯੁਨੀਵਰਸਿਟੀ ਦਾ ਚੱਕਰ ਲਗਾਇਆ।ਇਸ ਯੁਨੀਵਰਸਿਟੀ ਵਿਚ ਬਾਹਰਲੇ ਮੁਲਕਾਂ ਤੋਂ ਵੀ ਵਿਦਿਆਰਥੀ ਪੜ੍ਹਨ ਆਉਂਦੇ ਹਨ।ਯੁਨੀਵਰਸਿਟੀ ਦਾ ਵਾਤਾਵਰਣ ਬੜਾ ਹੀ ਸ਼ਾਂਤ ਸੀ।ਗੁਲਫ ਪਿੰਡ ਹੋਣ ਦੇ ਬਾਵਜੂਦ ਵੀ ਘਰਾਂ ਦੇ ਕਿਰਾਏ ਵਡੇ ਸ਼ਹਿਰਾਂ ਜਿੰਨੇ ਹੀ ਹਨ।ਇਸਦਾ ਕਾਰਣ ਇਥੇ ਯੁਨੀਵਰਸਿਟੀ ਦਾ ਹੋਣਾ ਹੈ।ਵਿਦਿਆਰਥੀ ਰਲ ਕੇ ਕਮਰੇ ਕਿਰਾਏ ਤੇ ਲੈ ਲੈਂਦੇ ਹਨ।
ਉਥੋਂ ਚੱਲ ਕੇ ਅਸੀਂ ਘੜੀ ਪਾਰਕ ਪਹੁੰਚ ਗਏ।ਇਸ ਪਾਰਕ ਵਿਚ ਜ਼ਮੀਨ ਤੇ ਇਕ ਘੜੀ ਬਣੀ ਹੋਈ ਹੈ ਜਿਸ ਦੇ ਹਿੰਦਸੇ ਫੁੱਲਾਂ ਦੇ ਹੁੰਦੇ ਹਨ।ਪਤਝੜ ਦਾ ਮੌਸਮ ਹੋਣ ਕਾਰਣ ਅਜੇ ਇਥੇ ਵੀਰਾਨੀ ਹੀ ਸੀ।ਘੜੀ ਦੀਆਂ ਸੂਈਆਂ ਤਾਂ ਸਨ ਪਰ ਹਿੰਦਸੇ ਨਹੀਂ ਸਨ।ਅਮਰਜੀਤ ਨੇ ਦਸਿਆ ਕਿ ਮਈ ਜੂਨ ਵਿਚ ਇਸਦੀ ਖੁਬਸੂਰਤੀ ਦੇਖਣ ਵਾਲੀ ਹੁੰਦੀ ਹੈ।ਵੀਕਐਂਡ ਤੇ ਲੋਕੀਂ ਇਥੇ ਪਾਰਟੀਆਂ ਕਰਦੇ ਹਨ।ਨੌਜਵਾਨ ਜੋੜਿਆਂ ਲਈ ਤਾਂ ਇਹ ਸਵਰਗ ਹੈ।ਇਸੇ ਪਾਰਕ ਵਿਚ ਗੁਲਫ ਸ਼ਹਿਰ ਵਸਾਉਣ ਵਾਲੇ ਆਦਮੀ ਜੌਹਨ ਗਾਲਟ ਦੇ ਘਰ ਦਾ ਮਾਡਲ ਵੀ ਬਣਾਇਆ ਹੋਇਆ ਹੈ।ਸੰਨ 1827 ਵਿਚ ਬਣਾਏ ਪਹਿਲੇ ਘਰ ਦੀ ਹੂਬਹੂ ਨਕਲ ਹੈ ਇਹ ਮਾਡਲ।ਉਥੋਂ ਚੱਲ ਕੇ ਅਸੀਂ ਗੁਰਦਵਾਰੇ ਹੁੰਦੇ ਹੋਏ ਉਸ ਫੈਕਟਰੀ ਵਿਚ ਪਹੁੰਚੇ ਜਿਥੇ ਜਗਦੇਵ ਹੋਰੀਂ ਕੰਮ ਕਰਦੇ ਸਨ।ਉਸ ਨੇ ਦਸਿਆ ਕਿ ਉਹ ਜਦੋਂ ਦੇ ਇਥੇ ਆਏ ਹਨ ਇਸੇ ਫੈਕਟਰੀ ਵਿਚ ਕੰਮ ਕੀਤਾ ਹੈ।ਪੱਚੀ ਸਾਲ ਲਗਾਤਾਰ ਇਕੋ ਫੈਕਟਰੀ ਵਿਚ ਕੰਮ ਕਰਨਾ ਤੇ ਫਿਰ ਇਸਦਾ ਬੰਦ ਹੋ ਜਾਣਾ ਉਸ ਨੂੰ ਵਿਚਲਿਤ ਕਰ ਰਿਹਾ ਸੀ।ਇਸ ਦਾ ਦੁਖ ਉਸ ਦੇ ਚਿਹਰੇ ਤੇ ਸਾਫ ਨਜ਼ਰ ਆ ਰਿਹਾ ਸੀ।W.C.Wood Ltd ਨਾਂ ਦੀ ਇਹ ਫੈਕਟਰੀ ਕਈ ਏਕੜਾਂ ਵਿਚ ਫੈਲੀ ਹੋਈ ਸੀ।ਇਕ ਰੇਲਵੇ ਲਾਈਨ ਇਸ ਦੇ ਅੰਦਰ ਤਕ ਜਾਂਦੀ ਹੈ।ਇਥੇ ਫਰਿਜਾਂ ਤੇ ਏ.ਸੀ. ਬਣਦੇ ਸਨ।ਸ਼ਹਿਰ ਦਾ ਅੱਧਿਉਂ ਵੱਧ ਦਾਰੋਮਦਾਰ ਇਸੇ ਨਾਲ ਜੁੜਿਆ ਹੋਇਆ ਸੀ ਪਰ ਕੌਮਾਂਤਰੀ ਆਰਥਿਕ ਮੰਦੀ ਨੇ ਇਸ ਦੀਆਂ ਚੂਲਾਂ ਹਿਲਾ ਕੇ ਰਖ ਦਿੱਤੀਆਂ।ਕੋਈ ਵੇਲਾ ਸੀ ਜਦੋਂ ਇਥੇ ਚੌਵੀ ਘੰਟੇ ਰੌਣਕਾਂ ਰਹਿੰਦੀਆਂ ਸਨ ਤੇ ਹੁਣ ਇਥੇ ਉੱਲੂ ਬੋਲ ਰਹੇ ਸਨ।ਮੈਨੂੰ ਫੈਕਟਰੀ ਵਿਚ ਘੁਮਦਿਆਂ ‘ਵਕਤ’ ਫਿਲਮ ਦੇ ਉਹ ਸੀਨ ਯਾਦ ਆ ਰਹੇ ਸਨ ਜਦੋਂ ਕੁਦਰਤੀ ਕਹਿਰ ਨੇ ਇਕ ਸ਼ਹਿਰ ਨੂੰ ਉਜਾੜ ਦਿੱਤਾ ਸੀ।ਮੇਰੇ ਜ਼ਿਹਨ ਵਿਚ ਇਸ ਫਿਲਮ ਦਾ ਗੀਤ ਗੂੰਜ ਰਿਹਾ ਸੀ, ‘ਵਕਤ ਸੇ ਦਿਨ ਔਰ ਰਾਤ, ਵਕਤ ਕੀ ਹਰ ਸ਼ੈ ਗੁਲਾਮ, ਆਦਮੀ ਕੋ ਚਾਹੀਏ ਵਕਤ ਸੇ ਡਰ ਕਰ ਰਹੇ’।ਫੈਕਟਰੀ ਦੇ ਬੰਦ ਹੋਣ ਨਾਲ ਇਥੇ ਜਾਇਦਾਦ ਦੇ ਰੇਟ ਵੀ ਕਾਫੀ ਘਟ ਗਏ।ਅਮਰਜੀਤ ਨੇ ਪੈਟਰੋਲ ਪੰਪ ਦੇ ਨਾਲ ਲਗਦਾ ਉਹ ਕਮਰਾ ਵੀ ਦਿਖਾਇਆ ਜਿਥੇ ਆ ਕੇ ਉਸ ਨੇ ਸਭ ਤੋਂ ਪਹਿਲਾਂ ਰਿਹਾਇਸ਼ ਕੀਤੀ ਸੀ।
 
Photo
ਗਲਫ ਸ਼ਹਿਰ ਦੇ ਪਹਿਲੇ ਘਰ ਦਾ ਮਾਡਲ
 
ਰਾਤ ਦੇ ਨੌਂ ਵਜੇ ਅਸੀਂ ਘਰ ਪਹੁੰਚੇ ਤਾਂ ਭੋਲੀ ਸਾਨੂੰ ਉਡੀਕ ਰਹੀ ਸੀ।ਉਸ ਨੇ ਖਾਣੇ ਵਿਚ ਕਾਫੀ ਕੁਝ ਬਣਾਇਆ ਹੋਇਆ ਸੀ।ਗੋਲ ਗੱਪੇ, ਚਾਟ ਤੋਂ ਲੈ ਕੇ ਚਿਕਨ ਤਕ ਅਣਗਿਣਤ ਚੀਜ਼ਾਂ ਸਨ। ਸੇਵਕੀ ਤੇ ਰੋਜੀ ਵੀ ਪਹੁੰਚ ਚੁੱਕੇ ਸਨ।ਜਗਦੇਵ ਦਾ ਘਰ ਵੀ ਕਾਫੀ ਆਲੀਸ਼ਾਨ ਤੇ ਖੁਲ੍ਹਾ ਡੁਲ੍ਹਾ ਹੈ।ਉਸ ਨੇ ਦਸਿਆ ਕਿ ਇਹ ਘਰ ਉਸ ਨੇ ਆਪਣੇ ਹੱਥੀਂ ਤਿਆਰ ਕੀਤਾ ਹੈ।ਉਸ ਦੇ ਦੋ ਬੇਟੇ ਹਨ।ਉਸ ਨੇ ਕਾਰਨਸ ਉਪਰ ਰੱਖੀ ਫੋਟੋ ਵੱਲ ਇਸ਼ਾਰਾ ਕਰਦਿਆਂ ਕਿਹਾ, ਸਾਡੀਆਂ ਨੂੰਹਾਂ ਵੀ ਦੇਖ ਲਵੋ।ਉਸ ਦੀ ਇਹ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ।ਉਸ ਦੇ ਬੇਟੇ ਤਾਂ ਅਜੇ ਕਵਾਰੇ ਸਨ।ਮੇਰੇ ਪੁਛਣ ਤੇ ਉਸ ਨੇ ਦਸਿਆ ਕਿ ਇਧਰ ਇਸ ਤਰ੍ਹਾਂ ਹੀ ਚਲਦਾ ਹੈ।ਬੱਚੇ ਆਪਣਾ ਜੀਵਨ ਸਾਥੀ ਪਸੰਦ ਕਰਦੇ ਹਨ ਤੇ ਮਾਂ ਬਾਪ ਨੂੰ ਦੱਸ ਦਿੰਦੇ ਹਨ।ਕੋਈ ਮਾਂ ਬਾਪ ਆਪਣੀ ਮਰਜ਼ੀ ਬੱਚਿਆਂ ਤੇ ਠੋਸ ਨਹੀਂ ਸਕਦਾ।ਅਸੀਂ ਫੋਟੋ ਦੇਖੀ, ਦੋਵੇਂ ਕੁੜੀਆਂ ਕਾਫੀ ਖੁਬਸੂਰਤ ਹਨ।ਜਗਦੇਵ ਤੇ ਭੋਲੀ ਖੁਸ਼ ਸਨ ਕਿ ਉਨ੍ਹਾਂ ਦੇ ਬੱਚਿਆਂ ਨੇ ਇੰਡੀਅਨ ਕੁੜੀਆਂ ਪਸੰਦ ਕੀਤੀਆਂ।ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿਤੇ ਕਾਲੀਆਂ ਜਾਂ ਗੋਰੀਆਂ ਨਾ ਘਰ ਲੈ ਆਉਣ।ਜਗਦੇਵ ਨੇ ਦਸਿਆ ਕਿ ਕੁੜੀਆਂ ਕਈ ਵਾਰ ਦੋ ਚਾਰ ਦਿਨ ਸਾਡੇ ਕੋਲ ਰਹਿ ਜਾਂਦੀਆਂ ਹਨ।ਏਨਾ ਹੀ ਗਨੀਮਤ ਹੈ।ਵਿਆਹ ਤੋਂ ਮਗਰੋਂ ਤਾਂ ਇਨ੍ਹਾਂ ਨੇ ਆਪਣਾ ਵਖਰਾ ਘਰ ਲੈ ਲੈਣਾ ਹੈ।ਹੁਣ ਜਦੋਂ ਕਹਿਣਗੇ ਇਨ੍ਹਾਂ ਦਾ ਵਿਆਹ ਕਰ ਦਿਆਂਗੇ।
Photo
ਭੋਲੀ ਗੋਲ ਗੱਪੇ ਤਿਆਰ ਕਰਦੀ ਹੋਈ
ਭੋਲੀ ਨੇ ਖਾਣਾ ਸਰਵਿਸ ਟੇਬਲ ਜੋ ਕਿ ਰਸੋਈ ਦੇ ਵਿਚ ਹੀ ਬਣੀ ਹੁੰਦੀ ਹੈ ਤੇ ਲਗਾ ਦਿੱਤਾ।ਸਾਰਿਆਂ ਨੇ ਆਪਣੀ ਲੋੜ ਮੁਤਾਬਿਕ ਖਾਣਾ ਖਾ ਲਿਆ ਤੇ ਅਸੀਂ ਰਾਤ ਦੇ ਇਕ ਵਜੇ ਘਰ ਪਹੁੰਚੇ।
 
ਦਸੰਬਰ 2009 ਤੋਂ ਪਹਿਲਾਂ ਦੁਨੀਆਂ ਦੀ ਸਭ ਤੋਂ ਉਚੀ ਇਮਾਰਤ ਰਹੀ ਸੀ.ਐਨ. ਟਾਵਰ ਦੇਖਣ ਦਾ ਸਾਡਾ ਪ੍ਰੋਗਰਾਮ ਐਤਵਾਰ ਦਾ ਸੀ।ਉਸ ਦਿਨ ਗੁਰਮੇਲ ਵੀ ਘਰ ਹੀ ਸੀ।ਜਦੋਂ ਘਰੋਂ ਤੁਰੇ ਤਾਂ ਹਲਕੀ ਬਾਰਸ਼ ਹੋ ਰਹੀ ਸੀ।ਡਾਊਨ ਟਾਊਨ ਤਕ ਪਹੁੰਚਦਿਆਂ ਮੌਸਮ ਸਾਫ ਹੋ ਗਿਆ।ਡਾਊਨ ਟਾਊਨ ਟਰਾਂਟੋ ਦਾ ਅਤਿ ਭੀੜ ਭੜੱਕੇ ਵਾਲਾ ਇਲਾਕਾ ਹੈ ਜਿਵੇਂ ਲੁਧਿਆਣੇ ਦਾ ਚੌੜਾ ਬਾਜ਼ਾਰ ਜਾਂ ਚੰਡੀਗੜ੍ਹ ਦਾ ਸਤਾਰਾਂ ਸੈਕਟਰ।ਇਸੇ ਡਾਊਨ ਟਾਊਨ ਇਲਾਕੇ ਵਿਚ ਸਥਿਤ ਹੈ ਸੀ. ਐਨ. ਟਾਵਰ।ਪਹਿਲਾਂ ਇਹ ਟਾਵਰ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਸੀ ਪਰ ਜਨਵਰੀ 2010 ਵਿਚ ਦੁਬਈ ਦੇ ਖਲੀਫਾ ਟਾਵਰ ਦੇ ਬਣਨ ਨਾਲ ਇਹ ਦੂਜੇ ਨੰਬਰ ਤੇ ਆ ਗਿਆ।ਇਸ ਟਾਵਰ ਦੀ ਉਚਾਈ ਪੰਜ ਸੌ ਪੰਜਾਹ ਮੀਟਰ ਹੈ।ਤਿੰਨ ਸੌ ਮੀਟਰ ਤੇ ਇਕ ਰੈਸਟੋਰੈਂਟ ਬਣਿਆਂ ਹੋਇਆ ਹੈ ਜਿਥੋਂ ਪੂਰਾ ਟਰਾਂਟੋ ਸ਼ਹਿਰ ਦਿਸਦਾ ਹੈ।ਇਸ ਟਾਵਰ ਨੂੰ ਦੇਖ ਕੇ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਮਨੁਖੀ ਦਿਮਾਗ ਵੀ ਇਕ ਅਜੂਬਾ ਹੀ ਹੈ ਜੋ ਨਵੀਆਂ ਨਵੀਆਂ ਘਾੜਤਾਂ ਘੜਦਾ ਹੈ।ਇਸ ਟਾਵਰ ਦੇ ਸਿਖਰ ਤੇ ਐਂਟੀਨੇ ਲਗਾਏ ਹੋਏ ਹਨ ਜਿਥੋਂ ਟੈਲੀਵਿਯਨ ਅਤੇ ਰੇਡੀਉ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ।ਟਾਵਰ ਦੀ ਹੇਠਲੀ ਮੰਜ਼ਿਲ ਤੇ ਕਈ ਸਟੋਰ ਅਤੇ ਸ਼ਾਪਿੰਗ ਦੀਆਂ ਦੁਕਾਨਾਂ ਹਨ।ਇਥੇ ਹੀ ਬੱਚਿਆਂ ਲਈ ਖੇਡਾਂ ਲੱਗੀਆਂ ਹੋਈਆਂ ਹਨ।ਜਿਸ ਮਸ਼ੀਨ ਤੇ ਖੇਡਣਾ ਹੈ ਉਸ ਵਿਚ ਸਿੱਕਾ ਪਾਉ ਅਤੇ ਤਿੰਨ ਮਿੰਟ ਲਈ ਉਹ ਮਸ਼ੀਨ ਚਾਲੂ ਹੋ ਜਾਂਦੀ ਹੈ।ਇਥੇ ਹੀ ਟਾਵਰ ਤੇ ਚੜ੍ਹਨ ਲਈ ਪਾਰਦਰਸ਼ੀ ਲਿਫਟਾਂ ਲੱਗੀਆਂ ਹਨ।ਟਾਵਰ ਦੇ ਉਪਰ ਜਾਣ ਲਈ ਵੀਹ ਡਾਲਰ ਦੀ ਟਿਕਟ ਹੈ।
ਟਾਵਰ ਦੇ ਬਿਲਕੁਲ ਸਾਹਮਣੇ ਸਟੇਡੀਅਮ ਹੈ ਜਿਸ ਨੂੰ ਰੌਜਰਜ਼ ਬਿਲਡਿੰਗ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।ਇਥੇ ਕਈ ਵਡੇ ਫੰਕਸ਼ਨ ਜਾਂ ਟੂਰਨਾਮੈਂਟ ਹੁੰਦੇ ਰਹਿੰਦੇ ਹਨ।ਇਸਦੀ ਛੱਤ ਨੂੰ ਖੋਲ੍ਹਿਆ ਤੇ ਬੰਦ ਕੀਤਾ ਜਾ ਸਕਦਾ ਹੈ।ਇਥੇ ਮੌਸਮ ਦਾ ਕੋਈ ਭਰੋਸਾ ਨਹੀਂ।ਜੇ ਪ੍ਰੋਗਰਾਮ ਚਲਦਿਆਂ ਮੀਂਹ ਆ ਜਾਵੇ ਤਾਂ ਸਾਰੀ ਛੱਤ ਕੁਝ ਮਿੰਟਾਂ ਵਿਚ ਹੀ ਸਟੇਡੀਅਮ ਨੂੰ ਢਕ ਲੈਂਦੀ ਹੈ।ਟਾਵਰ ਦੇ ਨਾਲ ਹੀ ਰੇਲਵੇ ਸਟੇਸ਼ਨ ਹੈ ਜਿਥੋਂ ਅਮਰੀਕਾ ਲਈ ਰੇਲ ਗਡੀ ਚਲਦੀ ਹੈ।ਟਾਵਰ ਦੇ ਬਿਲਕੁਲ ਸਾਹਮਣੇ ਇਕ ਪੁਰਾਣੇ ਮਾਡਲ ਦਾ ਇੰਜਣ ਖੜ੍ਹਾ ਹੈ।ਇਹ ਕਦੇ ਰੇਲਵੇ ਟਰਮੀਨਸ ਹੋਇਆ ਕਰਦਾ ਸੀ।ਥੋੜ੍ਹੀ ਜਿਹੀ ਜਗ੍ਹਾ ਵਿਚ ਰੇਲਵੇ ਟਰੈਕ ਸੰਭਾਲੇ ਹੋਏ ਹਨ।ਸਟੇਸ਼ਨ ਦੀ ਪੁਰਾਣੀ ਇਮਾਰਤ ਵਿਚ ਬੀਅਰ ਫੈਕਟਰੀ ਹੈ।ਇਹ ਫੈਕਟਰੀ ਦੇਖਣ ਲਈ ਯਾਤਰੂ ਅੰਦਰ ਜਾ ਸਕਦੇ ਹਨ।ਫੈਕਟਰੀ ਦੇ ਅੰਦਰ ਵੜਦਿਆਂ ਹੀ ਸਵਾਗਤੀ ਕਾਊਂਟਰ ਹੈ ਜਿਥੇ ਪੀਣ ਵਾਲਿਆਂ ਨੂੰ ਇਕ ਗਲਾਸ ਬੀਅਰ ਦਾ ਮੁਫਤ ਦਿੱਤਾ ਜਾਂਦਾ ਹੈ।

ਬੀਅਰ ਫੈਕਟਰੀ ਵਿਚ ਸਤਵਿੰਦਰ
ਅਸੀਂ ਇਹ ਫੈਕਟਰੀ ਦੇਖਣ ਤੋਂ ਬਾਅਦ ਡਾਊਨ ਟਾਊਨ ਚਲੇ ਗਏ।ਕਿਹਾ ਜਾਂਦਾ ਹੈ ਕਿ ਕਨੇਡਾ ਦਾ ਸਭ ਤੋਂ ਪੁਰਾਣਾ ਇਲਾਕਾ ਇਹੀ ਹੈ।ਸੰਨ 1904 ਵਿਚ ਇਹ ਪੂਰਾ ਇਲਾਕਾ ਅੱਗ ਦੀ ਲਪੇਟ ਵਿਚ ਆ ਗਿਆ ਸੀ।ਕਹਿੰਦੇ ਹਨ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਵੀਹ ਕਿਲੋਮੀਟਰ ਤਕ ਨਜ਼ਰ ਆਉਂਦੀਆਂ ਸਨ।ਇਥੇ ਹੀ ਸਾਨੂੰ ਛੋਟੀਆਂ ਦੁਕਾਨਾਂ ਦੇਖਣ ਨੂੰ ਮਿਲੀਆਂ।ਇਮਾਰਤਾਂ ਕਾਫੀ ਪੁਰਾਣੀਆਂ ਹਨ।ਬਹੁਤ ਸਾਰੇ ਬੈਂਕਾਂ ਦੇ ਦਫਤਰ ਵੀ ਇਥੇ ਹੀ ਹਨ।ਇਥੇ ਕਈ ਖਾਣ ਪੀਣ ਦੇ ਸਮਾਨ ਦੀਆਂ ਰੇੜ੍ਹੀਆਂ ਖੜ੍ਹੀਆਂ ਸਨ ਪਰ ਸਫਾਈ ਦਾ ਇੰਤਜਾਮ ਇਥੇ ਵੀ ਪੂਰਾ ਸੀ।ਰੇਹੜੀ ਵਾਲਿਆਂ ਨੇ ਹੱਥਾਂ ਤੇ ਪਲਾਸਟਿਕ ਦੇ ਦਸਤਾਨੇ ਚੜ੍ਹਾਏ ਹੋਏ ਸਨ।ਇਹੀ ਇਲਾਕਾ ਹੈ ਜਿਥੋਂ ਸਿਖ ਭਾਈਚਾਰਾ ਨਗਰ ਕੀਰਤਨ ਸਜਾਉਂਦਾ ਹੈ।ਪੱਚੀ ਅਪ੍ਰੈਲ ਨੂੰ ਨਗਰ ਕੀਰਤਨ ਨਿਕਲਣਾ ਸੀ ਪਰ ਉਸੇ ਦਿਨ ਸਾਡੀ ਵਾਪਸੀ ਹੋਣ ਕਾਰਣ ਅਸੀਂ ਇਸ ਵਿਚ ਸ਼ਾਮਲ ਨਹੀਂ ਹੋ ਸਕੇ।

ਸੀ ਐਨ ਟਾਵਰ ਦੇ ਬਾਹਰ
 
ਫਲੀਹਾ ਮਾਰਕਿਟ
 
ਆਮ ਤੌਰ ਤੇ ਕਨੇਡਾ ਵਿਚ ਹਰ ਜਗ੍ਹਾ ਇਕੋ ਮੁੱਲ ਹੁੰਦਾ ਹੈ।ਪਰ ਇਕ ਜਗ੍ਹਾ ਅਜਿਹੀ ਵੀ ਹੈ ਜਿਥੇ ਸੌਦੇਬਾਜ਼ੀ ਹੁੰਦੀ ਹੈ।ਰੋਜੀ ਨੇ ਸਾਨੂੰ ਇਸ ਬਾਰੇ ਦਸਿਆ ਤਾਂ ਬੜੀ ਹੈਰਾਨੀ ਹੋਈ।ਅਸੀਂ ਇਹ ਆਪਣੇ ਅੱਖੀਂ ਵੇਖਣਾ ਚਾਹੁੰਦੇ ਸੀ।ਟਾਵਰ ਤੋਂ ਵਾਪਸ ਆਉਂਦਿਆਂ ਸੇਵਕੀ ਨੇ ਕਾਰ ਇਸ ਮਾਰਕਿਟ ਦੇ ਸਾਹਮਣੇ ਰੋਕੀ ਜਿਸ ਨੂੰ ਫਲੀਹਾ ਮਾਰਕਿਟ ਕਿਹਾ ਜਾਂਦਾ ਹੈ।ਇਸ ਵਿਚ ਜ਼ਿਆਦਾ ਦੁਕਾਨਾਂ ਭਾਰਤੀਆਂ ਦੀਆ ਹਨ।ਕੁਝ ਇਕ ਚੀਨਿਆਂ ਦੀਆਂ ਵੀ ਹਨ।ਮਾਰਕੀਟ ਕਾਫੀ ਵਡੀ ਹੈ ਜੋ ਹਫਤੇ ਵਿਚ ਦੋ ਦਿਨ ਸ਼ਨਿਚਰ ਅਤੇ ਐਤਵਾਰ ਨੂੰ ਹੀ ਖੁਲ੍ਹਦੀ ਹੈ।ਜ਼ਿਆਦਾ ਗਾਹਕ ਵੀ ਭਾਰਤੀ ਹੀ ਹੁੰਦੇ ਹਨ।ਕਲਕੱਤੇ ਵਿਚ ਵੀ ਇਸੇ ਤਰਜ ਦੀ ਮਾਰਕੀਟ ਮੰਗਲਾ ਹਾਟ ਹੈ।ਇਹ ਵੀ ਹਫਤੇ ਵਿਚ ਦੋ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਖੁਲ੍ਹਦੀ ਹੈ।ਇਹ ਹੌਜ਼ਰੀ ਅਤੇ ਰੈਡੀਮੇਡ ਗਾਰਮੈਂਟ ਦੀ ਮਾਰਕੀਟ ਹੈ।ਦੋ ਦਿਨ ਵਿਚ ਹੀ ਕਰੋੜਾਂ ਦੀ ਵਿਕਰੀ ਹੋ ਜਾਂਦੀ ਹੈ।ਉਸੇ ਤਰ੍ਹਾਂ ਇਸ ਮਾਰਕੀਟ ਵਿਚ ਵੀ ਭੀੜ ਸੀ।ਇਥੇ ਇਕ ਪਾਸੇ ਛੱਲੀਆਂ ਭੁੰਨੀਆਂ ਜਾ ਰਹੀਆਂ ਸਨ।ਇਕ ਦੁਕਾਨ ਵਿਚ ਗੰਨੇ ਦਾ ਰਸ ਨਿਕਲ ਰਿਹਾ ਸੀ।ਸਾਡੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਸੇਵਕੀ ਗੰਨੇ ਦਾ ਰਸ ਲੈ ਆਇਆ।ਪੰਜ ਡਾਲਰ ਦਾ ਗਿਲਾਸ ਭਾਵ ਸਵਾ ਦੋ ਸੌ ਰੁਪਏ ਦਾ ਸਾਨੂੰ ਬਹੁਤ ਹੀ ਮਹਿੰਗਾ ਜਾਪ ਰਿਹਾ ਸੀ।ਇਸ ਮਾਰਕੀਟ ਵਿਚੋਂ ਜੋ ਚਾਹੋ ਮਿਲ ਸਕਦਾ ਹੈ।ਪਰ ਹਰ ਦੁਕਾਨ ਵਿਚ ਲਿਖ ਕੇ ਲਾਇਆ ਹੋਇਆ ਹੈ ਕਿ ਕਿਸੇ ਚੀਜ਼ ਦੀ ਕੋਈ ਗਰੰਟੀ ਨਹੀਂ।
Photo
ਡਿਕਸੀ ਗੁਰਦਵਾਰੇ ਦੇ ਸਾਹਮਣੇ
ਇਥੋਂ ਚੱਲ ਕੇ ਅਸੀਂ ਗੁਰਦਵਾਰਾ ਸਾਹਿਬ ਪਹੁੰਚ ਗਏ।ਡਿਕਸੀ ਗੁਰਦਵਾਰਾ ਪਿਛਲੇ ਸਾਲਾਂ ਵਿਚ ਕਾਫੀ ਚਰਚਾ ਵਿਚ ਰਿਹਾ ਹੈ।ਮੇਰੀ ਇਛਾ ਇਸਨੂੰ ਦੇਖਣ ਦੀ ਸੀ।ਇਹ ਗੁਰਦਵਾਰਾ ਟਰਾਂਟੋ ਹਵਾਈ ਅੱਡੇ ਦੇ ਨੇੜੇ ਡਿਕਸੀ ਰੋਡ ਤੇ ਹੈ।ਗੁਰਦਵਾਰੇ ਦਾ ਨਾਂ ਤਾਂ ਉਨਟਾਰੀਉ ਖਾਲਸਾ ਦਰਬਾਰ ਹੈ ਪਰ ਸੜਕ ਦਾ ਨਾਂ ਡਿਕਸੀ ਹੋਣ ਕਾਰਣ ਇਸਦਾ ਨਾਂ ਹੀ ਡਿਕਸੀ ਗੁਰਦਵਾਰਾ ਪ੍ਰਚਲਿਤ ਹੋ ਗਿਆ।ਇਹ ਤੀਹ ਸਾਲ ਪੁਰਾਣਾ ਗੁਰਦਵਾਰਾ ਹੈ।ਕਨੇਡਾ ਵਿਚ ਹੋਰ ਵੀ ਬਹੁਤ ਸਾਰੇ ਗੁਰਦਵਾਰੇ ਹਨ।ਕਿਹਾ ਜਾਂਦਾ ਹੈ ਕਿ ਜਿਥੇ ਚਾਰ ਸਿੱਖ ਇਕਠੇ ਹੋ ਜਾਣ ਉਹ ਸਭ ਤੋਂ ਪਹਿਲਾਂ ਗੁਰਦਵਾਰੇ ਦੀ ਉਸਾਰੀ ਹੀ ਕਰਦੇ ਹਨ।ਅਸੀਂ ਗੁਰਦਵਾਰੇ ਪਹੁੰਚੇ ਤਾਂ ਐਤਵਾਰ ਹੋਣ ਕਾਰਣ ਕਾਫੀ ਸੰਗਤ ਇਕੱਠੀ ਹੋਈ ਸੀ।ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ।ਤਹਿਖਾਨੇ ਵਿਚ ਲੰਗਰ ਹਾਲ ਬਣਿਆਂ ਹੋਇਆ ਹੈ ਜਿਥੇ ਚਾਹ ਅਤੇ ਰੋਟੀ ਦੇ ਲੰਗਰ ਚੱਲ ਰਹੇ ਸਨ।ਸਵੇਰੇ ਹੀ ਦੂਜੇ ਗੁਰਦਵਾਰੇ ਵਿਚ ਦੋ ਧੜਿਆਂ ਵਿਚ ਲੜਾਈ ਹੋ ਗਈ ਸੀ।ਦੋ ਆਦਮੀ ਕ੍ਰਿਪਾਨਾਂ ਵੱਜਣ ਕਾਰਣ ਜ਼ਖਮੀ ਹੋ ਗਏ ਸਨ।ਇਥੇ ਵੀ ਇਸ ਗੱਲ ਦੀ ਚਰਚਾ ਹੋ ਰਹੀ ਸੀ।ਦਰਸ਼ਨ ਸਿੰਘ ਰਾਗੀ ਇਸ ਲੜਾਈ ਦੀ ਵਜ੍ਹਾ ਸੀ।ਇਕ ਧੜਾ ਉਸਦਾ ਕੀਰਤਨ ਕਰਵਾਉਣਾ ਚਾਹੁੰਦਾ ਸੀ ਜਦਕਿ ਦੂਜਾ ਧੜਾ ਕਹਿ ਰਿਹਾ ਸੀ ਰਾਗੀ ਅਕਾਲ ਤਖਤ ਦਾ ਤਨਖਾਹੀਆ ਹੈ ਇਸ ਲਈ ਉਸਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਵੇਗਾ।ਜਿਉਂ ਹੀ ਰਾਗੀ ਗੁਰਦਵਾਰੇ ਵਿਚ ਦਾਖਲ ਹੋਇਆ ਉਦੋਂ ਹੀ ਇਹ ਭਾਣਾ ਵਰਤ ਗਿਆ।ਸੁਣ ਕੇ ਮਨ ਬੜਾ ਦੁਖੀ ਹੋ ਰਿਹਾ ਸੀ।ਪਿਛਲੇ ਪੰਦਰਾਂ ਦਿਨਾਂ ਵਿਚ ਇਹੋ ਜਿਹੀਆਂ ਤਿੰਨ ਘਟਨਾਵਾਂ ਵਾਪਰ ਗਈਆਂ ਸਨ।ਹਰ ਕੋਈ ਚਿੰਤਾਤੁਰ ਸੀ ਕਿ ਹੁਣ ਸਰਕਾਰ ਨੂੰ ਕ੍ਰਿਪਾਨ ਤੇ ਪਾਬੰਦੀ ਲਾਉਣ ਦਾ ਮੌਕਾ ਮਿਲ ਜਾਵੇਗਾ।ਇਹੋ ਜਿਹੇ ਵਿਵਾਦਤ ਰਾਗੀਆਂ ਨੂੰ ਚਾਹੀਦਾ ਹੈ ਕਿ ਉਹ ਸਮਝਦਾਰੀ ਤੋਂ ਕੰਮ ਲੈਣ।ਇਕ ਵਾਰ ਦੀ ਲੱਗੀ ਚੰਗਿਆੜੀ ਦੀ ਅੱਗ ਬੁਝਣ ਨੂੰ ਦਹਾਕੇ ਲੱਗ ਜਾਂਦੇ ਹਨ।ਅਗਲੇ ਦਿਨਾਂ ਵਿਚ ਲੜਾਈ ਵਧਣ ਦਾ ਡਰ ਪੈਦਾ ਹੋ ਗਿਆ ਸੀ ਕਿਉਂਕਿ ਗੁਰਦਵਾਰੇ ਨੂੰ ਪੁਲਿਸ ਨੇ ਤਾਲੇ ਲਗਾ ਦਿੱਤੇ ਸਨ ਤੇ ਦੂਜੀ ਧਿਰ ਨੇ ਸਟੇਅ ਆਰਡਰ ਲੈ ਲਿਆ ਸੀ।ਅਗਲੇ ਦਿਨ ਦੂਜੀ ਧਿਰ ਨੇ ਕਬਜ਼ਾ ਲੈਣ ਜਾਣਾ ਸੀ ਜਿਸ ਕਾਰਣ ਫਿਰ ਲੜਾਈ ਦਾ ਖਤਰਾ ਸੀ।
Photo
ਰੋਜੀ, ਗੁਰਸੇਵਕ ਅਤੇ ਸਤਵਿੰਦਰ ਇਕ ਸਟੋਰ ਵਿਚ
 
ਬਿਰਧ ਆਸ਼ਰਮ
 
ਨਾਮ ਤਾਂ ਭੂਆ ਦਾ ਪ੍ਰੀਤਮ ਕੌਰ ਹੈ ਪਰ ਸਿਵਾਏ ਫੁਫੜ ਜੀ ਦੇ ਸਾਰੇ ਉਸ ਨੂੰ ਪੀਤੋ ਕਹਿ ਕੇ ਹੀ ਬੁਲਾਉਂਦੇ ਹਨ।ਅਸੀਂ ਵੀ ਉਸ ਨੂੰ ਇਕੱਲੀ ਭੂਆ ਹੀ ਨਹੀਂ ਸਗੋਂ ਪੀਤੋ ਭੂਆ ਹੀ ਕਹਿੰਦੇ ਹਾਂ।ਮੇਰੀਆਂ ਅੱਖਾਂ ਗਵਾਹ ਹਨ ਕਿ ਉਸ ਨੇ ਸਾਰੀ ਜ਼ਿੰਦਗੀ ਬਹੁਤ ਮਿਹਨਤ ਕੀਤੀ ਹੈ।ਕਿਸੇ ਬੱਚੇ ਨੂੰ ਬੁਲਾਉਣਾ ਹੋਵੇ ਤਾਂ ਉਹ ਬਿੱਲੋ ਨਾਂ ਨਾਲ ਹੀ ਸੰਬੋਧਿਤ ਹੁੰਦੀ ਹੈ।ਉਸ ਦੇ ਸਿਰ ਬੜੀਆਂ ਮੁਸ਼ਕਿਲਾਂ ਆਈਆਂ ਪਰ ਮੈਂ ਕਦੇ ਉਸਨੂੰ ਰੋਂਦਿਆਂ ਨਹੀਂ ਦੇਖਿਆ ਸਗੋਂ ਬੜੀ ਦ੍ਰਿੜਤਾ ਨਾਲ ਹਰ ਮੁਸੀਬਤ ਦਾ ਮੁਕਾਬਲਾ ਕੀਤਾ।ਫੁਫੜ ਦਾ ਨਾਂ ਸਤਨਾਮ ਸਿੰਘ ਹੈ ਪਰ ਸਾਰੇ ਉਸਨੂੰ ਸੱਤਾ ਹੀ ਆਖਦੇ ਹਨ।ਹਰ ਇਕ ਨੂੰ ਟਿੱਚਰ ਨਾਲ ਬੁਲਾਉਣਾ ਉਨ੍ਹਾਂ ਦਾ ਸੁਭਾਅ ਸੀ।ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ ਜਿਸ ਕਾਰਣ ਉਹ ਚੱਲਣ ਫਿਰਨ ਤੋਂ ਆਰੀ ਹਨ।ਕਿਸੇ ਦੀ ਪਹਿਚਾਣ ਵੀ ਨਹੀਂ ਆਉਂਦੀ।ਤਿੰਨ ਸਾਲ ਤੋਂ ਉਹ ਟਰਾਂਟੋ ਦੇ ਇਕ ਹਸਪਤਾਲ ਵਿਚ ਦਾਖਲ ਹਨ।ਸਾਡੀ ਤਮੰਨਾ ਸੀ ਉਨ੍ਹਾਂ ਨੂੰ ਦੇਖਣ ਦੀ।ਭੂਆ ਘਰ ਡਿਨਰ ਤੇ ਜਾਣ ਤੋਂ ਪਹਿਲਾਂ ਅਸੀਂ ਹਸਪਤਾਲ ਜਾਣ ਦਾ ਪ੍ਰੋਗਰਾਮ ਬਣਾ ਲਿਆ।ਭੂਆ ਜੀ ਸਵੇਰੇ ਘਰ ਦਾ ਕੰਮ ਨਿਬੇੜ ਕੇ ਦੁਪਹਿਰ ਨੂੰ ਹਸਪਤਾਲ ਜਾਂਦੇ ਹਨ ਤੇ ਸ਼ਾਮ ਦੇ ਸੱਤ ਵਜੇ ਤਕ ਫੁੱਫੜ ਜੀ ਦੀ ਦੇਖ ਭਾਲ ਕਰਦੇ ਹਨ।ਭਾਵੇਂ ਹਸਪਤਾਲ ਵੱਲੋਂ ਉਨ੍ਹਾਂ ਨੂੰ ਇਹ ਡਿਊਟੀ ਨਹੀਂ ਦਿੱਤੀ ਗਈ ਪਰ ਇਹ ਉਨ੍ਹਾਂ ਦੀ ਆਪਣੀ ਇਛਾ ਹੈ।ਸ਼ਾਮ ਵੇਲੇ ਭੂਆ ਜੀ ਉਨ੍ਹਾਂ ਦਾ ਪੁਤਰ ਅਤੇ ਨੂੰਹ ਸਾਨੂੰ ਲੈਣ ਆ ਗਏ।ਅਸੀਂ ਉਨ੍ਹਾਂ ਦੇ ਨਾਲ ਹੀ ਹਸਪਤਾਲ ਨੂੰ ਚੱਲ ਪਏ।
Photo
ਬਿਰਧ ਆਸ਼ਰਮ
ਹਸਪਤਾਲ ਇਕ ਆਲੀਸ਼ਾਨ ਇਮਾਰਤ ਵਿਚ ਹੈ।ਲਈਜ਼ਰ ਵਲਡ ਨਾਂ ਦਾ ਇਹ ਹਸਪਤਾਲ ਇਕ ਬਿਰਧ ਆਸ਼ਰਮ ਹੀ ਹੈ।ਹਿੰਦਰ ਨੇ ਕੋਡ ਲਾ ਕੇ ਦਰਵਾਜ਼ਾ ਖੋਲ੍ਹਿਆ।ਕਿਉਂਕਿ ਉਥੇ ਮੰਦਬੁਧੀ ਵਿਅਕਤੀ ਵੀ ਦਾਖਲ ਹਨ ਇਸ ਲਈ ਦਰਵਾਜ਼ਾ ਹਮੇਸ਼ਾ ਬੰਦ ਹੀ ਰਹਿੰਦਾ ਹੈ।ਸਿਰਫ ਜਾਣਕਾਰ ਹੀ ਖੋਲ੍ਹ ਸਕਦੇ ਹਨ।ਹਸਪਤਾਲ ਵਿਚ ਦਾਖਲ ਹੁੰਦਿਆਂ ਹੀ ਪਹਿਲਾਂ ਲੌਬੀ ਬਣੀ ਹੋਈ ਹੈ ਜਿਸ ਵਿਚ ਵਡਆਕਾਰੀ ਟੈਲੀਵਿਯਨ ਪਿਆ ਹੈ।ਇਥੇ ਮਰੀਜ਼ ਬੈਠੇ ਟੀ ਵੀ ਦੇਖ ਰਹੇ ਸਨ।ਹਸਪਤਾਲ ਅੰਦਰੋਂ ਇੰਨਾ ਸਾਫ ਸੀ ਜਿਵੇਂ ਪੰਜ ਤਾਰਾ ਹੋਟਲ ਹੋਵੇ।ਕਿਤੋਂ ਵੀ ਦਵਾਈ ਦੀ ਹਮਕ ਨਹੀਂ ਸੀ ਆ ਰਹੀ।ਲੌਬੀ ਤੋਂ ਅੱਗੇ ਗਏ ਤਾਂ ਕੁਝ ਲੋਕ ਪਾਗਲਾਨਾ ਹਰਕਤਾਂ ਵੀ ਕਰ ਰਹੇ ਸਨ।ਇਹ ਹਸਪਤਾਲ ਸਰਕਾਰੀ ਨਹੀਂ ਸਗੋਂ ਨਿੱਜੀ ਹੈ।ਸਰਕਾਰ ਵੱਲੋਂ ਇਸ ਨੂੰ ਗਰਾਂਟ ਮਿਲਦੀ ਹੈ।ਇਹੋ ਜਿਹੇ ਹੋਰ ਵੀ ਕਈ ਆਸ਼ਰਮ ਬਣੇ ਹੋਏ ਹਨ।ਕਈ ਬਿਰਧਾਂ ਨੇ ਇਥੇ ਕਮਰੇ ਵੀ ਲਏ ਹੋਏ ਹਨ ਜੋ ਇਥੇ ਰਹਿਣ ਦਾ ਕਿਰਾਇਆ ਦਿੰਦੇ ਹਨ।ਉਧਰ ਨਿੱਜੀ ਆਜ਼ਾਦੀ ਦੇ ਕਾਰਣ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ ਇਸ ਲਈ ਇਹੋ ਜਿਹੇ ਆਸ਼ਰਮ ਉਨ੍ਹਾਂ ਲਈ ਵਰਦਾਨ ਹਨ।ਅਸੀਂ ਫੁਫੜ ਜੀ ਦੇ ਕਮਰੇ ਵਿਚ ਦਾਖਲ ਹੋਏ ਤਾਂ ਇਕ ਨਰਸ ਉਨ੍ਹਾਂ ਨੂੰ ਦਵਾਈ ਪਿਲਾ ਰਹੀ ਸੀ।ਮੈਨੂੰ ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਯਾਦ ਆ ਰਿਹਾ ਸੀ ਜੋ ਉਨ੍ਹਾਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਦਾਨ ਦੇ ਸਹਾਰੇ ਹੀ ਚਲਾਇਆ ਸੀ।
ਅਸੀਂ ਫੁਫੜ ਜੀ ਦੇ ਸਾਹਮਣੇ ਬੈਠੇ ਸੀ ਪਰ ਉਨ੍ਹਾਂ ਨੂੰ ਸਾਡੀ ਪਹਿਚਾਨ ਨਹੀਂ ਸੀ।ਸਿਰਫ ਹਾਂ ਹੂੰ ਹੀ ਕਰਦੇ ਸਨ।ਕੁਦਰਤ ਵੀ ਕਿਹੜੇ ਖੇਲ ਖੇਲਦੀ ਹੈ।ਭੂਆ ਜੀ ਹੋਰੀਂ ਫੁਫੜ ਜੀ ਦੀ ਰਿਟਾਇਰਮੈਂਟ ਤੋਂ ਤੁਰੰਤ ਮਗਰੋਂ ਪੰਜਾਬ ਆਏ ਸਨ।ਫੁਫੜ ਜੀ ਨੇ ਕਨੇਡਾ ਜਾ ਕੇ ਪੂਰੀ ਮਿਹਨਤ ਕੀਤੀ।ਫਾਰਗ ਹੋਣ ਤੇ ਉਹ ਬਹੁਤ ਖੁਸ਼ ਸਨ।ਜਦ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਕਿਹਾ ਕਿ ਹੁਣ ਤੁਸੀਂ ਵਿਹਲੇ ਹੋ ਗਏ ਹੋ ਹੁਣ ਤੁਸੀਂ ਪੰਜਾਬ ਹੀ ਰਹੋ।ਅੱਗੋਂ ਉਹ ਮਸ਼ਕਰੀ ਨਾਲ ਕਹਿਣ ਲੱਗੇ, ‘ਸਾਡੀ ਤਾਂ ਜ਼ਿੰਦਗੀ ਹੀ ਹੁਣ ਸ਼ੁਰੂ ਹੋਈ ਐ।ਅੱਗੇ ਤਾਂ ਤੜਕੇ ਉਠੋ, ਕੰਮ ਤੇ ਜਾਉ ,ਘਰ ਆਉ ਰੋਟੀ ਖਾਉ ਤੇ ਸੌਂ ਜਾਉ।ਸ਼ਹਿਰ ਤਾਂ ਅਜੇ ਤਕ ਦੇਖਿਆ ਈ ਨੀਂ।ਬਸ ਹੁਣ ਪੈਨਸ਼ਨ ਆਇਆ ਕਰੂ ਵਿਹਲਿਆਂ ਨੂੰ, ਸਾਰਾ ਕਨੇਡਾ ਘੁੰਮਾਂਗੇ।ਪਰ ਤੇਰੀ ਭੂਆ ਨੇ ਨੀਂ ਦੇਖਣਾ ਕੁਛ।ਇਹ ਤਾਂ ਜੁਆਕ ਪਾਲਣ ਜੋਗੀ ਈ ਐ।ਕੋਈ ਨੀਂ ਦੇਖਦੇ ਆਂ ਜੇ ਕੋਈ ਗੋਰੀ ਮੰਨਗੀ ਤਾਂ……।’ਮੈਂ ਦੇਖ ਰਿਹਾ ਸੀ ਕਿ ਇਹ ਉਹੀ ਆਦਮੀ ਸੀ ਜਿਸ ਨੂੰ ਹੁਣ ਕੋਈ ਸੁਧ ਹੀ ਨਹੀਂ ਸੀ।ਪੈਨਸ਼ਨ ਦਾ ਇਕ ਚੈੱਕ ਲੈਣਾ ਵੀ ਨਸੀਬ ਨਹੀਂ ਹੋਇਆ।ਪੰਜਾਬ ਤੋਂ ਜਾਂਦਿਆਂ ਹੀ ਅਟੈਕ ਹੋ ਗਿਆ।ਹਰ ਮਹੀਨੇ ਆਉਣ ਵਾਲਾ ਚੈੱਕ ਸਿਧਾ ਹਸਪਤਾਲ ਹੀ ਜਾਂਦਾ ਹੈ।ਭੂਆ ਜੀ ਨੇ ਉਨ੍ਹਾਂ ਦਾ ਸਿਰ ਵਾਹਿਆ, ਮੂੰਹ ਸਾਫ ਕੀਤਾ ਤੇ ਘਰੋਂ ਲਿਆਂਦੀ ਚਾਹ ਪਿਆਈ।ਸਭ ਕੁਝ ਖਾ ਪੀ ਰਹੇ ਸਨ, ਸਿਹਤ ਵੀ ਠੀਕ ਸੀ।ਮੇਰਾ ਮਨ ਦ੍ਰਵਿਤ ਹੋ ਰਿਹਾ ਸੀ।ਆਖਰ ਸਜਾ ਕਿਸ ਨੂੰ ਅਤੇ ਕਿਉਂ ਮਿਲ ਰਹੀ ਸੀ।ਉਹ ਭੂਆ ਜਿਸਨੇ ਕਿਸੇ ਦਾ ਬੁਰਾ ਸੋਚਿਆ ਵੀ ਨਹੀਂ, ਕੀ ਇਹ ਸਜਾ ਉਸਨੂੰ ਸੀ ? ਤਿੰਨ ਸਾਲ ਹੋ ਗਏ ਰੋਜ਼ਾਨਾ ਹਸਪਤਾਲ ਜਾਣਾ ਤੇ ਦੇਖ ਭਾਲ ਕਰਨੀ।ਇਹ ਕੰਮ ਕੋਈ ਸਿਦਕਵਾਨ ਹੀ ਕਰ ਸਕਦਾ ਹੈ।ਸਤਵਿੰਦਰ ਫੁਫੜ ਜੀ ਨੂੰ ਬੁਲਾਉਣ ਦੀ ਕਾਫੀ ਕੋਸ਼ਿਸ਼ ਕਰਦੀ ਰਹੀ ਪਰ ਮੇਰੇ ਮੂੰਹੋਂ ਕੋਈ ਸ਼ਬਦ ਨਹੀਂ ਸੀ ਨਿਕਲ ਰਿਹਾ।ਮੈਂ ਇਕ ਟਕ ਉਨ੍ਹਾਂ ਵੱਲ ਦੇਖ ਰਿਹਾ ਸੀ।ਆਖਰ ਅਸੀਂ ਉਥੋਂ ਚੱਲ ਪਏ।ਫੁਫੜ ਜੀ ਅਜੇ ਵੀ ਵ੍ਹੀਲ ਚੇਅਰ ਤੇ ਬੈਠੇ ਸਾਨੂੰ ਨਿਹਾਰ ਰਹੇ ਸਨ।ਮੈਂ ਵਾਰ ਵਾਰ ਪਿਛੇ ਮੁੜ ਕੇ ਦੇਖ ਰਿਹਾ ਸੀ ਕਿ ਸ਼ਾਇਦ ਆਵਾਜ਼ ਆਵੇ……ਪ੍ਰੀਤਮ ਕੁਰੇ! …ਪਰ ਅਜਿਹਾ ਨਹੀਂ ਹੋਇਆ।
ਅਸੀਂ ਘਰ ਜਾ ਕੇ ਗੱਲਾਂ ਵੀ ਕੀਤੀਆਂ, ਰੋਟੀ ਵੀ ਖਾਧੀ।ਪਰ ਅੱਖਾਂ ਅੱਗੇ ਅਜੇ ਵੀ ਫੁਫੜ ਜੀ ਦੀ ਸ਼ਕਲ ਘੁੰਮ ਰਹੀ ਸੀ।
Photo
ਲੇਖਕ ਪੀਤੋ ਭੂਆ ਨਾਲ