ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਏ ਨਰੈਂਣੇ ਨੇ ਦੁਬਈ ਜਾਣਾ ਸੀ ਕਈ ਦਿਨਾਂ ਤੋਂ ਉਹ ਆਪਣਾ ਵੀਜ਼ਾ ਆਉਣ ਦੇ ਇੰਤਜ਼ਾਰ ਵਿੱਚ ਸੀ ਤਾਇਆ ਕਦੇ-ਕਦੇ ਗਜ਼ਲਾਂ, ਸ਼ੇਅਰ ਲਿਖਣ ਵਿੱਚ ਵੀ ਦਿਲਚਸਪੀ ਤਾਂ ਰੱਖਦਾ ਸੀ ਪਰ ਰੱਖਦਾ ਘੱਟ ਵੱਧ ਹੀ ਸੀ ਅੱਜ ਉਹ ਪਹਿਲੀ ਵਾਰ ਸਾਹਿਤ ਸਭਾ ਦੀ ਮੀਟਿੰਗ ਵਿੱਚ ਜਾ ਕੇ ਆਇਆ ਸੀ ਮੀਟਿੰਗ ਖਤਮ ਹੋਣ ਉਪਰੰਤ ਬਾਕੀ ਬਾਜ਼ਾਰ ਦੇ ਕੰਮ ਕਰਦਿਆਂ ਉਸਨੂੰ ਕਾਫੀ ਹਨੇਰਾ ਹੋ ਗਿਆ ਸੀ ਠੰਡ ਦਾ ਮੌਸਮ ਹੋਣ ਕਾਰਨ ਤਾਏ ਨੇ ਬੱਸ ਚੜਨ ਤੋਂ ਪਹਿਲਾਂ ਹੀ ਸ਼ਹਿਰ ਦੇ ਠੇਕੇ ਤੋਂ ਇੱਕ ਅਧੀਆ ਲੈ ਠੰਡ ਨੂੰ ਦੂਰ ਕਰਦਿਆਂ ਦੋ ਕੁ ਲੰਡੂ ਜਿਹੇ ਪੈੱਗਾਂ ਨਾਲ ਹੀ ਅਧੀਆ ਖਾਲੀ ਕਰ ਦਿੱਤਾ ਤੇ ਆਖਰ ਰਾਤੀ 7 ਵਜੇ ਵਾਲੀ ਬਰਾੜ ਮਿੰਨੀ ਬੱਸ ਤੇ ਚੜ ਘਰ ਪਹੁੰਚ ਗਿਆ 
        ਘਰ ਆਉਣ ਸਾਰ ਤਾਈ ਨਿਹਾਲੀ ਨੇ ਤਾਏ ਨੂੰ ਪਾਣੀ ਦਾ ਗਿਲਾਸ ਫੜਾਉਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ, ‘ਨਰੈਂਣਿਆਂ ਅੱਜ ਵੀਜ਼ਾ ਪੱਕਾ ਈ ਆ ਗਿਐ ਐ’
      ਵੀਜ਼ੇ ਦਾ ਨਾਂਅ ਸੁਣਦੇ ਸਾਰ ਹੀ ਤਾਏ ਨੇ ਅਲਮਾਰੀ ਚੋਂ ਰੂੜੀ ਮਾਰਕਾ ਸ਼ਰਾਬ ਦੀ ਬੋਤਲ ਫਟਾਫਟ ਕੱਢੀ ਤੇ ਆਪਣੇ ਮੰਜੇ ਤੇ ਬੈਠ ਕੇ ਕਾਫੀ ਸਾਰੀ ਬੋਤਲ ਚੋਂ ਤਾਇਆ ਸੁੱਕੀ ਦਾਰੂ ਹੀ ਚਾੜ੍ਹ ਗਿਆ ਤੇ ਫੁੱਲ ਸ਼ਰਾਬੀ ਹੋ ਗਿਆ ਤਾਏ ਕੇ ਘਰ ਦੀ ਜਗ੍ਹਾ ਸਿਰਫ ਦੋ ਕੁ ਮਰਲੇ ਜਿਹੇ ਹੋਣ ਕਾਰਨ ਉਹ ਮੰਜੇ ਉਪਰ ਮੰਜਾ ਡਾਹ ਕੇ ਰਾਤੀਂ ਸੌਂਦੇ ਹੁੰਦੇ ਸੀ ਸ਼ਰਾਬੀ ਹਾਲਤ ਚ ਸੁੱਤਾ ਤਾਇਆ ਘੁਰਾੜੇ ਤੇ ਘੁਰੜਾ ਛੱਡਣ ਲੱਗ ਪਿਆ ਤੇ ਕੰਮ ਕਾਰ ਨਬੇੜਨ ਉਪਰੰਤ ਤਾਈ ਨਿਹਾਲੀ ਵੀ ਆਪਣੇ ਦੋਵੇਂ ਪੁੱਤਰਾਂ ਛਿੰਦੇ ਤੇ ਭਿੰਦੇ ਨੂੰ ਲੈ ਕੇ ਤਾਏ ਦੇ ਮੰਜੇ ਹੇਠਲੇ ਡੱਠੇ ਮੰਜੇ ਉਪਰ ਸੌਂ ਗਏ 
       ਕੁਝ ਟਾਇਮ ਬਾਅਦ ਸ਼ਰਾਬੀ ਤਾਇਆ ਸਾਹਿਤ ਸਭਾ ਦੇ ਦਿਨ ਵਾਲੇ ਗੁਜ਼ਰੇ ਪਲ ਨੂੰ ਲੈ ਕੇ ਬੜਬੜਾਉਣ ਲੱਗ ਪਿਆ ਤੇ ਸ਼ੇਅਰ ਪੁਕਾਰਨ ਲੱਗ ਪਿਆ… ‘ਅਖੇ ਚੰਦ ਆਉਂਦਾ-ਆਉਂਦਾ ਬੱਦਲ ਉਹਲੇ ਛਿਪ ਗਿਆ” ਜਦੋਂ ਤਾਏ ਨਰੈਂਣੇ ਨੇ ਲਗਾਤਾਰ ਤਿੰਨ-ਚਾਰ ਵਾਰ ਇਹ ਉੱਚੀ-ਉੱਚੀ ਸ਼ੇਅਰ ਦਾ ਮੁੱਖੜਾ ਬੋਲਿਆ ਤਾਂ ਨੀਂਦ ਖਰਾਬ ਹੁੰਦੀ ਦੇਖ ਤਾਈ ਵੀ ਚਿੜਚੜਾਉਂਦੀ ਹੋਈ ਬੋਲੀ, ‘ਵੇ ਜੈ ਖਾਣਿਆਂ ਦਿਆ ਰੱਬ ਤੇ ਫਿਰਦੇ ਚੰਦ ਨੇ ਆਖਰ ਬੱਦਲਾਂ ਉਹਲੇ ਹੀ ਲੁਕਣਾਂ ਸੀ, ਤੇਰੀ ਰਜ਼ਾਈ ਚ ਤਾਂ ਨਹੀ ਸੀ ਵੜਨਾ, ਜਿਵੇਂ ਤੂੰ ਰਜ਼ਾਈ ਚ ਛਿਪਿਆ ਪਿਐ ਉਵੇਂ ਚੰਦ…
      ਉਪਰੰਤ ਤਾਏ ਨੇ ਫਿਰ ਰਚਨਾਵਾਂ ਨੂੰ ਦਾਦ ਦਿੰਦਿਆਂ ਕਿਹਾ ਇੱਕ ਰੁਬਾਈ ਹੋਰ…ਇੱਕ ਰੁਬਾਈ ਹੋਰ…ਇੱਕ ਰੁਬਾਈ ਹੋਰ ਹੋ ਜਾਏ…, ਤਾਂ ਤਾਈ ਨੇ ਸੋਚਿਆ ਬਈ ਇਹਨੂੰ ਅੱਜ ਕੁਝ ਠੰਡ ਜ਼ਿਆਦਾ ਈ ਲੱਗਦੀ ਹੋਣੀਂ ਐ ਤਾਂ ਉਹ ਫਟਾਫਟ ਆਪਣੇ ਬਿਸਤਰੇ ਚੋਂ ਉੱਠੀ ਤੇ ਅੰਦਰੋਂ ਉਸਨੇ ਇੱਕ ਹੋਰ ਰਜਾਈ ਲਿਆ ਕੇ ਤਾਏ ਦੇ ਉਪਰ ਪਾ ਦਿੱਤੀ ਨਾਲੇ ਆਖੀ ਜਾਵੇ ਇਸ ਮੇਰੀ ਸੌਂਕਣ ਨੂੰ ਘੱਟ ਡੱਫਿਆ ਕਰ ਇਹ ਤਾਂ ਖੁਨ ਤੋਂ ਪਾਣੀ ਕਰ ਦਿੰਦੀ ਐ ਹੁਣ ਰਜਾਈ ਤੇ ਰਜਾਈ ਮੰਗੀ ਜਾਨੈਂ…
        ਉਪਰੰਤ ਥੋੜੇ ਚਿਰ ਬਾਅਦ ਤਾਇਆ ਫਿਰ ਰਚਨਾਵਾਂ ਨੂੰ ਦਾਦ ਦੇਣ ਲੱਗ ਪਿਆ, ਅਖੇ ਇੱਕ ਸ਼ੇਅਰ ਹੋਰ ਆਇਆ…ਇੱਕ ਸ਼ੇਅਰ ਹੋਰ… 
    ਜਿਉਂ ਹੀ ਤਾਏ ਨੇ ਸ਼ੇਅਰ-ਸ਼ੇਅਰ ਕੀਤਾ ਤਾਂ ਤਾਏ ਦੇ ਦੋਵੇਂ ਨਿਆਣੇਂ ਪੁੱਤ ਲੇਰਾਂ ਮਾਰਨ ਲੱਗ ਪਏ 
       ਉਧਰੋਂ ਤਾਇਆ ਉੱਚੀ-ਉੱਚੀ ਸ਼ੇਅਰ-ਸ਼ੇਅਰ ਆਖੀ ਜਾਵੇ ਉਧਰੋਂ ਮੁੰਡੇ ਲੇਰ ਤੇ ਲੇਰ ਮਾਰੀ ਜਾਣ ਉਹ ਸਮਝਣ ਕਿ ਕਿਤੇ ਉਹਨਾਂ ਦੇ ਘਰ ਸ਼ੇਰ ਆ ਵੜਿਐ ਅਖੀਰ ਤਾਈ ਨੇ ਦੋਵਾਂ ਨੂੰ ਚੁੱਕਿਆ ਤੇ ਪਸ਼ੂਆਂ ਵਾਲੇ ਢਾਰੇ ਵਿੱਚ ਪਏ ਨਰੈਂਣੇ ਦੇ ਬਾਪੂ ਨਾਲ ਪਾ ਆਈ, ਸਮਾਂ ਅੱਧੀ ਰਾਤ ਤੋਂ ਜ਼ਿਆਦਾ ਲੰਘ ਚੁੱਕਾ ਸੀ 
  ਏਨੇ ਨੂੰ ਤਾਏ ਦੀ ਸੁਰਤੀ ਸਾਹਿਤਕਾਰਾਂ ਨਾਲੋਂ ਟੁੱਟੀ ਅਤੇ ਉਹ ਆਏ ਵੀਜ਼ੇ ਦੇ ਚਾਅ ਦੇ ਸੁਪਨੇ ਲੈਂਦਾ ਹੋਇਆ ਜਹਾਜ਼ ਚੜ ਗਿਆ ਤੇ ਏਅਰ ਹੋਸਟ ਤੇ ਰੋਅਬ ਅਜਮਾਉਣ ਲੱਗਾ, ‘ਅਰੇ ਉਏ ਤੂੰ ਤਾਂ ਸਾਡੇ ਰਾਮੂ ਭਾਈਏ ਕੀ ਬੀਵੀ ਜੈਸੀ ਐ ਮੇਰੇ ਨਾਲ ਏਥੇ ਕਤਰ-ਬਤਰ ਕੀ ਬੋਲੀ ਜਾਨੀਂ ਐਂ. ਜ਼ਰਾ ਸੋਚ ਸਮਝ ਕੇ ਬੋਲ ਤੇਰੇ ਜੈਸੀ ਤਾਂ ਸਾਡੇ ਘਰ ਗੋਹਾ ਕੂੜਾ ਕਰਨ ਤੇ ਰੱਖੀ ਹੋਈ ਐ।
 ਏਅਰ ਹੋਸਟਲ:- ਪਲੀਜ਼ ਕਿਊਜ਼ ਮੀਂ. ਪਲੀਜ਼ ਕਿਊਜ਼ ਮੀਂ  
ਤਾਇਆ:- ਮੈਨੂੰ ਪੁਲੀਸ ਪਲੁਸ ਦਾ ਕੋਈ ਡਰ ਨਹੀਂ ਨਾਲੇ ਜਹਾਜ਼ ਚ ਕਿਹੜੇ ਤੇਰੇ ਪਿਉ ਨੇ ਥਾਣਾ ਬਣਿਆ ਜਿੱਥੋਂ ਪੁਲਿਸ ਭੱਜੀ ਆਊ 
   ਉਪਰੰਤ ਜਹਾਜ਼ ਦੇ ਸਫਰ ਦੇ ਸੁਫਨੇ ਚ ਖੁੱਬ੍ਹੇ ਹੋਏ ਤਾਏ ਨੂੰ ਪੇਸ਼ਾਬ ਕਰਨ ਦਾ ਜ਼ੋਰ ਪਿਆ, ਤਾਇਆ ਜਹਾਜ਼ ਦੇ ਪਿਛਲੇ ਪਾਸੇ ਪੇਸ਼ਾਬ ਘਰ ਉਰਫ ਆਪਣੇ ਮੰਜੇ ਦੀ ਪੈਂਦ ਵਾਲੇ ਪਾਸੇ ਪੇਸ਼ਾਬ ਕਰਨ ਲਈ ਖੜਾ ਹੋ ਗਿਆ। ਪੇਸ਼ਾਬ ਕਰਨ ਸਮੇਂ ਤਾਏ ਦੇ ਬਚਪਨ ਵਾਲੀ ਇੱਕ ਗੱਲ ਯਾਦ ਆ ਗਈ ਕਿ ਜਦੋਂ ਉਹ ਆਪਣੇ ਬਾਪੂ ਨਾਲ ਆਪਣੇ ਖੇਤੋਂ ਗੱਡੇ ਉਪਰ ਪਸ਼ੂਆਂ ਲਈ ਪੱਠੇ ਲੈ ਕੇ ਘਰ ਨੂੰ ਆ ਰਹੇ ਸਨ ਤੇ ਉਦੋਂ ਉਹਨੂੰ ਰਸਤੇ ਚ ਪੇਸ਼ਾਬ ਦਾ ਜ਼ੋਰ ਪੈ ਗਿਆ ਸੀ ਤਾਂ ਉਹ ਆਪਣੇ ਬਾਪੂ ਨੂੰ ਦੱਸੇ ਬਗੈਰ ਗੱਡੇ ਦੇ ਪਿਛਵਾੜੇ ਵੱਲ ਜਾ ਕੇ ਉਪਰ ਹੀ ਖੜ ਜਦੋਂ ਪੇਸ਼ਾਬ ਕਰਨ ਲੱਗਾ ਸੀ ਤਾਂ ਪਿਛਵਾੜੇ ਵੱਲ ਵੱਧ ਭਾਰ ਹੋ ਜਾਣ ਤੇ ਗੱਡਾ ਉੱਲਰ ਗਿਆ ਸੀ ਤੇ ਉਧਰੋਂ ਤਾਂ ਂ ਬਲਦ ਗੱਡੇ ਹੇਠੋਂ ਨਿਕਲ ਗਏ ਸਨ ਤੇ ਉਹ ਆਪ ਵੀ ਹੇਠਾਂ ਤੇ ਬਾਪੂ ਅਤੇ ਪੱਠੇ ਵੀ ਹੇਠਾਂ ਡਿੱਗ ਪਏ ਸਨ, ਅਜੇ ਉਹ ਮੰਜੇ ਦੀ ਪੈਂਦ ਤੇ ਖੜ ਕੇ ਪੁਰਾਣੀ ਯਾਦਦਸ਼ਤ ਨੂੰ ਤਾਜ਼ਾ ਕਰ ਹੀ ਰਿਹਾ ਸੀ ਕਿ ਏਨੇ ਨੂੰ ਘੁਲਾੜੀ ਚੋਂ ਨਿਕਲਦੇ ਗੰਨੇ ਦੇ ਜੂਸ ਦੀ ਧਾਰ ਵਾਂਗ ਉਸਦੇ ਪੇਸ਼ਾਬ ਦੀ ਧਾਰ ਵੀ ਹੇਠਲੇ ਮੰਜੇ ਤੇ ਸੌਂ ਰਹੀ ਤਾਈ ਨਿਹਾਲੀ ਦੇ ਐਨ ਨੱਕ ਤੇ ਜਾ ਪਈ 
   ‘ਬੂਹ ਜੈ ਵੱਢੀ ਦਿਆ… ਤੇਰੇ ਮਰਨ ਤੈਨੂੰ ਜੰਮਣ ਵਾਲੇ…’ ਐਨਾ ਆਖ ਬੁੜਬੁੜ ਕਰਦੀ ਹੋਈ ਨੀਂਦ ਚ ਮਧੋਲੀ ਹੋਈ ਤਾਈ ਨਿਹਾਲੀ ਨੇ ਇਕਦਮ ਆਪਣਾ ਮੰਜਾ ਜਿਉਂ ਹੀ ਘੜੀਸਣ ਦੀ ਕੋਸ਼ਿਸ਼ ਕੀਤੀ ਤਾਂ ਨਾਲੋ-ਨਾਲ ਹੀ ਉਪਰਲਾ ਤਾਏ ਦਾ ਮੰਜਾ ਵੀ ਖਿਸਕ ਗਿਆ ਤੇ ਤਾਇਆ ਧੜੰਮ ਦੇਣੇਂ ਹੇਠਾਂ ਡਿੱਗ ਪਿਆ…
   ‘ਸਹੁਰੇ ਦੀਏ ਯਬਲੀਏ, ਕਿਸੇ ਥਾਂ ਦੀਏ, ਕੀ ਹੋਇਆ ਐ ਅੱਜ ਤੈਨੂੰ… ਰੱਖਤਾ ਸੀ  ਜਾਨੋਂ ਮਾਰ ਕੇ… ਸੁੱਤੇ ਪਏ ਨੂੰ ਹੀ… ‘ਕਿਧਰ ਖਿੱਚਣ ਲੱਗ ਪਈ ਐਂ, ਅੱਜ ਕੋਈ ਤੈਨੂੰ ਡਰਾਉਣਾ ਸੁਫਨਾ ਤਾਂ ਨਹੀਂ ਕਿਤੇ ਆਇਆ”
ਤਾਈ ਦੇ ਪੈਰਾਂ ਚ ਪਏ ਤਾਏ ਨੇ ਤਾਈ ਤੇ ਰੋਅਬ ਜਿਹਾ ਝਾੜਦਿਆਂ ਕਿਹਾ ਤੇ ਨਾਲੋ-ਨਾਲ ਉਸਦਾ ਹੁਣ ਨਸ਼ਾ ਵੀ ਲੱਥ ਚੁੱਕਾ ਸੀ ਤੇ ਦਿਨ ਵੀ ਚੜਨ ਵਾਲਾ ਹੋ ਗਿਆ ਸੀ 
ਨਿਹਾਲੀ:- ਨਰੈਂਣਿਆ ਸੁਫਨਾ ਮੈਨੂੰ ਨਹੀਂ ਤੈਨੂੰ ਆਇਐ ਤੈਨੂੰ…ਪਹਿਲਾਂ ਤਾਂ ਸਾਰੀ ਰਾਤ ਤੂੰ ਕਦੇ ਰਜਾਈਆਂ ਮੰਗਦਾ ਰਿਹਾ ਕਦੇ ਸ਼ੇਰ-ਸ਼ੁਰ ਜਿਹੇ ਚੇਤੇ ਕਰਦਾ ਰਿਹਾ ਤੇ ਆਖੀਰ ਐਹ ਚੰਨ ਚੜਵਾ ਦਿੱਤਾ ਮੇਰੇ ਨੱਕ ਤੇ ਮੂਤ ਕੇ… ਨਿਹਾਲੀ ਨੇ ਆਪਣੇ ਚਿਹਰੇ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ, ‘ਥੋੜੀ ਡੱਫ ਲੈਂਦਾ ਇਸ ਚੰਦਰੀ ਨਾਲ ਕਿਹੜਾ ਢਿੱਡ ਭਰਨਾ ਹੁੰਦੈ 
ਨਰੈਂਣਾ:- ਚੱਲ ਹੁਣ ਤਾਂ ਨਿਹਾਲੀਏ ਹੋਰ ਚਾਰ ਦਿਨ ਐ ਦੁਬਈ ਚਲਾ ਈ ਜਾਣਾ ਐ ਚੰਗਾ ਲਿਆ ਤੂੰ ਫਟਾਫਟ ਵੀਜ਼ਾ ਤਾਂ ਦਿਖਾ ਕੇਰਾਂ ਮੈਨੂੰ ਲਿਆ ਕੇ…ਖਸਿਆਨਾ ਜਿਹੇ ਲਹਿਜ਼ੇ ਵਿੱਚ ਤਾਏ ਨੇ ਤਾਈ ਨੂੰ ਕਿਹਾ…
ਨਿਹਾਲੀ:- ਪਰ ਨਰੈਂਣਿਆ ਤੂੰ ਮੈਨੂੰ ਵੀਜ਼ਾ ਕਦੋਂ ਫੜਾਇਆ ਸੀ ਜਿਹੜਾ ਹੁਣ ਮੈਥੋਂ ਮੰਗੀ ਜਾਨੈਂ… ਤਾਈ ਨੇ ਭਾਵੁਕ ਜਿਹੀ ਹੁੰਦੀ ਨੇ ਕਿਹਾ 
        ਉਏ ਕਮਲੀਏ ਤੂੰ ਆਪ ਤਾਂ ਮੈਨੂੰ ਰਾਂਤੀ ਬਾਹਰੋਂ ਆਏ ਨੂੰ ਦੱਸਿਆ ਸੀ ਕਿ ਬਈ ਵੀਜ਼ਾ ਆ ਗਿਐ ਐ ਤੇ ਏਸੇ ਚਾਅ ਚ ਤਾਂ ਮੈਂ ਕੁਝ ਜ਼ਿਆਦਾ ਈ ਪੀ ਲਈ ਸੀ… 
ਨਿਹਾਲੀ:- ਓ ਜਾਹ ਵੇ ਭੋਂਦੂ ਨਰੈਂਣਿਆਂ… ਮੈਂ ਤੈਨੂੰ ਇਹ ਥੋੜੋ ਕਿਹਾ ਸੀ ਕਿ ਬਈ ਤੇਰੇ ਦੁਬਈ ਜਾਣ ਦਾ ਵੀਜ਼ਾ ਆ ਗਿਐ… ਮੈਂ ਤਾਂ ਤੈਨੂੰ ਦੱਸਿਆ ਸੀ ਕਿ ਬਈ ਵੇਦ ਪੰਡਤ ਦਾ ਮੁੰਡਾ ਵਿਜੇ ਕੁਮਾਰ ਵੀਜਾ ਫੌਜ ਚੋਂ ਲਟਾਇਰ (ਰਿਟਾਇਰ) ਹੋ ਕੇ ਹੁਣ ਪੱਕਾ ਈ ਘਰ ਆ ਗਿਐ 
       ਓਏ ਨਿਹਾਲੀਏ ਧੱਤ ਤੇਰੇ ਦੀ… ਤਾਂ ਫਿਰ ਸੁਫਨਾ ਤੈਨੂੰ ਨਹੀਂ ਮੈਨੂੰ ਹੀ ਆਇਆ ਹੋਣੈਂ… ਕਿ ਜੇ ਕਿਤੇ ਅੱਜ ਉਸਦੇ ਭਾਰ ਕਾਰਨ ਜਹਾਜ਼ ਹੀ ਉਲਾਰ ਹੋ ਗਿਆ ਤਾਂ ਫੇਰ…