ਸਤਲੁਜ ਤੋਂ ਨਿਆਗਰਾ ਤੱਕ - ਭਾਗ 6 (ਸਫ਼ਰਨਾਮਾ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਾਈਟ ਹਾਊਸ
 
ਅਗਲੇ ਦਿਨ ਅਸੀਂ ਵਾਸ਼ਿੰਗਟਨ ਘੁੰਮਣ ਲਈ ਨਿਕਲੇ।ਇਥੇ ਵਾਈਟ ਹਾਊਸ ਤੋਂ ਬਿਨਾਂ ਦਰਜਨ ਭਰ ਮਿਊਜੀਅਮ ਵੀ ਦੇਖਣ ਵਾਲੇ ਹਨ।ਇਕ ਦਿਨ ਵਿਚ ਸਾਰੇ ਦੇਖਣੇ ਮੁਸ਼ਕਿਲ ਸਨ।ਸੱਤੀ ਦਾ ਵਿਚਾਰ ਸੀ ਕਿ ਇਕ ਰਾਤ ਹੋਰ ਰੁਕਿਆ ਜੲਵੇ ਪਰ ਅਸੀਂ ਪਹਿਲਾਂ ਬਣਾਏ ਹੋਏ ਪ੍ਰੋਗਰਾਮ ਅਨੁਸਾਰ ਚੱਲਣਾ ਹੀ ਠੀਕ ਸਮਝਿਆ।ਜਿਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤ ਵਿਚ ਈਸਟ ਇੰਡੀਆ ਕੰਪਨੀ ਬਣਾ ਕੇ ਹੌਲੀ ਹੌਲੀ ਆਪਣਾ ਸਾਮਰਾਜ ਸਥਾਪਤ ਕਰ ਲਿਆ ਸੀ ਬਿਲਕੁਲ ਉਸੇ ਤਰਜ਼ ਤੇ ਇਥੇ ਵੀ ਅੰਗਰੇਜ਼ਾਂ ਨੇ ਪਹਿਲਾਂ ਵਪਾਰਕ ਕੰਪਨੀਆਂ ਸਥਾਪਤ ਕੀਤੀਆਂ ਤੇ ਫੇਰ ਇਥੋਂ ਦੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ।ਜਾਰਜ ਵਾਸ਼ਿੰਗਟਨ ਦੀ ਅਗਵਾਈ ਵਿਚ ਲੜੀ ਗਈ ਲੜਾਈ ਵਿਚ ਅਮਰੀਕਾ ਨੂੰ ਅਜ਼ਾਦੀ ਮਿਲੀ।ਜਾਰਜ ਵਾਸ਼ਿੰਗਟਨ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਬਣਿਆਂ।ਉਸ ਨੇ ਲੜਾਈ ਵਿਚ ਮਾਰੇ ਗਏ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਰੱਖਣ ਲਈ ਮੀਨਾਰ ਬਣਾਉਣ ਦੀ ਸੋਚੀ।ਵਾਸ਼ਿੰਗਟਨ ਦੇ ਨਾਂ ਤੇ ਇਕ ਨਵਾਂ ਸ਼ਹਿਰ ਰਾਜਧਾਨੀ ਵਜੋਂ ਉਸਾਰਨ ਦਾ ਫੈਸਲਾ ਹੋਇਆ।ਇਸ ਤਰ੍ਹਾਂ ਵਾਸ਼ਿੰਗਟਨ ਡੀ.ਸੀ. ਹੋਂਦ ਵਿਚ ਆਇਆ।ਵਾਸ਼ਿੰਗਟਨ ਨਾਂ ਦੀ ਇਕ ਸਟੇਟ ਵੀ ਹੈ।ਇਸ ਲਈ ਇਸ ਨੂੰ ਵਾਸ਼ਿੰਗਟਨ ਡਿਸਟ੍ਰਿਕਟ ਆਫ ਕੋਲੰਬੀਆ ਕਿਹਾ ਜਾਂਦਾ ਹੈ।ਆਮ ਤੌਰ ਤੇ ਇਸ ਸ਼ਹਿਰ ਨੂੰ ਛੋਟੇ ਨਾਂ ਡੀ.ਸੀ. ਨਾਲ ਹੀ ਜਾਣਿਆਂ ਜਾਂਦਾ ਹੈ।ਮੈਨੂੰ ਵੀ ਇਸ ਗੱਲ ਦਾ ਗਿਆਨ ਉਸ ਦਿਨ ਹੀ ਹੋਇਆ।ਇਹ ਸ਼ਹਿਰ ਸ਼ਾਂਤ ਵਗਦੀ ਪੋਟੋਮੈਕ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ।ਨਦੀ ਉਪਰ ਪੁਲ ਬਣੇ ਹਨ ਤਾਂ ਹੇਠਾਂ ਸੁਰੰਗਾਂ ਵੀ।

Photo
ਲੇਖਕ ਆਪਣੇ ਪਰਿਵਾਰ ਨਾਲ ਵਾਈਟ ਹਾਊਸ ਸਾਹਮਣੇ
ਅਮਰੀਕਾ ਵਿਚ ਸ਼ਨਿਚਰ ਅਤੇ ਐਤਵਾਰ ਦੀ ਛੁਟੀ ਹੁੰਦੀ ਹੈ।ਜੇ ਕਿਸੇ ਹਫਤੇ ਸ਼ੁਕਰਵਾਰ ਜਾਂ ਸੋਮਵਾਰ ਦੀ ਛੁੱਟੀ ਆ ਜਾਵੇ ਤਾਂ ਉਸ ਨੂੰ ਲੌਂਗ ਵੀਕ ਐਂਡ ਕਿਹਾ ਜਾਂਦਾ ਹੈ।ਇਨ੍ਹਾਂ ਛੁੱਟੀਆਂ ਦੀ ਬੜੇ ਚਾਅ ਨਾਲ ਉਡੀਕ ਕੀਤੀ ਜਾਂਦੀ ਹੈ।ਅਸੀਂ ਵਾਈਟ ਹਾਊਸ ਦੇ ਸਾਹਮਣੇ ਪਹੁੰਚੇ ਤਾਂ ਛੁੱਟੀਆਂ ਕਾਰਣ ਲੋਕਾਂ ਦੀ ਕਾਫੀ ਭੀੜ ਸੀ।ਰਾਸ਼ਟਰਪਤੀ ਭਵਨ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ।ਲੋਕ ਬਾਹਰੋਂ ਹੀ ਇਸਦਾ ਨਜ਼ਾਰਾ ਲੈ ਰਹੇ ਸਨ।ਪੁਲਿਸ ਦੀਆਂ ਦੋ ਤਿੰਨ ਗੱਡੀਆਂ ਖੜ੍ਹੀਆਂ ਸਨ ਤੇ ਆਕਾਸ਼ ਵਿਚ ਇਕ ਹੈਲੀਕਾਪਟਰ ਨਿਗਰਾਨੀ ਲਈ ਘੁੰਮ ਰਿਹਾ ਸੀ।ਉਸ ਦਿਨ ਚੈਰੀ ਫੈਸਟੀਵਲ ਮਨਾਇਆ ਜਾ ਰਿਹਾ ਸੀ।ਰਾਤ ਵੇਲੇ ਆਤਸ਼ਬਾਜ਼ੀ ਹੋਣੀ ਸੀ ਜਿਸ ਦੀ ਭਵਨ ਦੇ ਸਾਹਮਣੇ ਗਰਾਊਂਡ ਵਿਚ ਤਿਆਰੀ ਚੱਲ ਰਹੀ ਸੀ।ਜਦੋਂ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਦਰਖਤਾਂ ਤੇ ਕਈ ਰੰਗਾਂ ਦੇ ਫੁੱਲ ਲਗਦੇ ਹਨ।ਇਕ ਦੋ ਦਿਨਾਂ ਵਿਚ ਇਹ ਫੁੱਲ ਝੜ ਜਾਂਦੇ ਹਨ ਤੇ ਹੇਠੋਂ ਹਰੇ ਪੱਤੇ ਨਿਕਲ ਆਉਂਦੇ ਹਨ।ਇਨ੍ਹਾਂ ਦਿਨਾਂ ਵਿਚ ਹੀ ਇਹ ਤਿਉਹਾਰ ਮਨਾਇਆ ਜਾਂਦਾ ਹੈ।ਅਸੀਂ ਵਾਈਟ ਹਾਊਸ ਨੂੰ ਦੂਰ ਤੋਂ ਹੀ ਦੇਖਿਆ ਤੇ ਸਾਹਮਣੇ ਬਣੀ ਮੀਨਾਰ ਵਾਲੇ ਗਰਾਊਂਡ ਵਿਚ ਆ ਗਏ।ਇਸ ਵਿਚ ਸੈਂਕੜੇ ਹੀ ਦਰਖਤ ਫੁੱਲਾਂ ਨਾਲ ਲੱਦੇ ਪਏ ਸਨ।ਜਦੋਂ ਹਵਾ ਦਾ ਬੁੱਲਾ ਆਉਂਦਾ ਜਾਂ ਕੋਈ ਦਰਖਤ ਹਿਲਾਉਂਦਾ ਤਾਂ ਫੁੱਲ ਮੀਂਹ ਵਾਂਗ ਝੜਣ ਲਗਦੇ।ਇਹ ਅਦੁੱਤੀ ਨਜ਼ਾਰਾ ਸਿਰਫ ਇਥੇ ਹੀ ਦੇਖਿਆ ਜਾ ਸਕਦਾ ਹੈ।ਅਸੀਂ ਇਕ ਘੰਟਾ ਇਥੇ ਬਿਤਾ ਕੇ ਅੱਗੇ ਵਧੇ।

Photo
ਸਤਿੰਦਰ ਅਤੇ ਜਸਲੀਨ ਚੈਰੀ ਦੇ ਦਰਖਤਾਂ ਥੱਲੇ
ਵਾਸ਼ਿੰਗਟਨ ਡੀ. ਸੀ. ਵਿਚ ਦੇਖਣ ਯੋਗ ਥਾਵਾਂ ਨਾਲੋ ਨਾਲ ਹੀ ਹਨ।ਸਾਰੀਆਂ ਸੜਕਾਂ ਇਕ ਦੂਜੀ ਨੂੰ ਕਟਦੀਆ ਹਨ।ਮੀਨਾਰ ਦੇ ਦੂਜੇ ਪਾਸੇ ਅਮਰੀਕਾ ਦਾ ਸੰਸਦ ਭਵਨ ਹੈ।ਕਲ੍ਹ ਦੇਖੇ ਅਕੇਰੀਅਮ ਤੋਂ ਸਾਨੂੰ ਅਹਿਸਾਸ ਸੀ ਕਿ ਅਸੀਂ ਇਕ ਤੋਂ ਵੱਧ ਅਜਾਇਬ ਘਰ ਨਹੀਂ ਦੇਖ ਸਕਾਂਗੇ।ਅਜਾਇਬ ਘਰ ਐਨੇ ਵਡੇ ਹਨ ਕਿ ਤੁਰਦਿਆਂ ਤੁਰਦਿਆਂ ਆਦਮੀ ਨਿਢਾਲ ਹੋ ਜਾਂਦਾ ਹੈ।ਇਥੇ ਅਸੀਂ ਦੇਖਿਆ ਕਿ ਲੋਕ ਇਕ ਨਵੀਂ ਕਿਸਮ ਦੀ ਸਵਾਰੀ ਕਰ ਰਹੇ ਸਨ।ਇਕ ਫੁੱਟ ਕੁ ਚੌੜੀ ਟੀਨ ਦੇ ਆਸੇ ਪਾਸੇ ਦੋ ਪਹੀਏ ਲੱਗੇ ਸਨ।ਟੀਨ ਹੇਠ ਫਿੱਟ ਕੀਤੀ ਬੈਟਰੀ ਨਾਲ ਇਹ ਪਹੀਏ ਘੁੰਮੀਂ ਜਾਂਦੇ ਸਨ ਤੇ ਸਵਾਰ ਆਰਾਮ ਨਾਲ ਖੜ੍ਹਾ ਅੱਗੇ ਵਧੀ ਜਾਂਦਾ ਸੀ।ਮੈਂ ਤੇ ਸੱਤੀ ਨੇ ਸਾਰੇ ਅਜਾਇਬ ਘਰਾਂ ਵਿਚੋਂ ਪਹਿਲਾਂ ਪੁਲਾੜ ਨਾਲ ਸੰਬੰਧਿਤ ਅਜਾਇਬ ਘਰ ਦੇਖਣ ਨੂੰ ਤਰਜੀਹ ਦਿੱਤੀ।ਅਸੀਂ ਹੌਲੀ ਹੌਲੀ ਤੁਰਦੇ ਹੋਏ ਇਸ ਅਜਾਇਬ ਘਰ ਜਾ ਪਹੁੰਚੇ।
 Photo
ਵਾਯੂ ਅਤੇ ਪੁਲਾੜ ਅਜਾਇਬ ਘਰ
 
ਅਮਰੀਕਨ ਸੰਸਦ ਭਵਨ ‘ਕੈਪੀਟਲ ਹਿੱਲ’ ਦੇ ਸਾਹਮਣੇ ਸਥਿਤ ਤਿੰਨ ਮੰਜ਼ਿਲਾ ਇਮਾਰਤ ਵਿਚ ਇਹ ਅਜਾਇਬ ਘਰ ਹੈ ਜਿਸ ਨੂੰ ਏਅਰ ਐਂਡ ਸਪੇਸ ਮਿਊਜੀਅਮ ਕਿਹਾ ਜਾਂਦਾ ਹੈ।ਅੰਦਰ ਜਾਣ ਲਈ ਕਾਫੀ ਲੰਬੀ ਕਤਾਰ ਲੱਗੀ ਹੋਈ ਸੀ।ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਮਗਰੋਂ ਹੀ ਅੰਦਰ ਜਾਣ ਦੀ ਇਜਾਜਤ ਸੀ।ਜਿਥੋਂ ਅਸੀਂ ਹਾਲ ਦੇ ਅੰਦਰ ਵੜੇ ਤਾਂ ਸਾਹਮਣੇ ਹੀ ਸਾਨੂੰ ਇਕ ਜਹਾਜ਼ ਲਟਕਦਾ ਨਜ਼ਰ ਆਇਆ।ਇਥੇ ਹਰ ਥਾਂ ਤੇ ਜਾਣਕਾਰੀ ਲਿਖ ਕੇ ਲਾਈ ਹੋਈ ਹੈ।ਇਹ ਉਹ ਜਹਾਜ਼ ਸੀ ਜਿਸ ਨੂੰ ਰਾਈਟ ਭਰਾਵਾਂ ਨੇ ਪਹਿਲੀ ਵਾਰ ਆਕਾਸ਼ ਵਿਚ ਉਡਾਇਆ ਸੀ।ਜਹਾਜ਼ ਵਿਚ ਇਕ ਪੁਤਲਾ ਬਿਠਾਇਆ ਹੋਇਆ ਸੀ ਜੋ ਸਚਮੁਚ ਦਾ ਆਦਮੀ ਹੀ ਲਗਦਾ ਸੀ।
Photo
ਲੇਖਕ ਅਤੇ ਪਤਨੀ (ਸਤਵਿੰਦਰ) ਅਮਰੀਕਨ ਸੰਸਦ ਭਵਨ ‘ਕੈਪੀਟਲ ਹਿੱਲ’ ਦੇ ਸਾਹਮਣੇ
ਜਿਵੇਂ ਜਿਵੇਂ ਅੱਗੇ ਵਧਦੇ ਗਏ ਜਹਾਜ਼ਾ ਤੇ ਰਾਕਟਾਂ ਨਾਲ ਸੰਬੰਧਿਤ ਇਤਿਹਾਸ ਅੱਖਾਂ ਸਾਹਮਣੇ ਸਾਕਾਰ ਹੁੰਦਾ ਗਿਆ।ਛੱਤਾਂ ਨਾਲ ਜਹਾਜ਼ ਲਟਕ ਰਹੇ ਸਨ।ਕਈ ਥਾਵਾਂ ਤੇ ਟੀ. ਵੀ. ਸਕਰੀਨਾਂ ਲੱਗੀਆ ਸਨ ਜਿਨ੍ਹਾਂ ਨੂੰ ਛੁਹ ਕੇ ਚਲਾਇਆ ਜਾਂਦਾ ਤਾਂ ਉਸ ਉਪਰ ਉਥੇ ਰੱਖੀ ਚੀਜ਼ ਦਾ ਇਤਿਹਾਸ ਚੱਲਣ ਲਗਦਾ।ਇਥੇ ਉਹ ਜਹਾਜ਼ ਵੀ ਪਿਆ ਸੀ ਜੋ ਡਾਕ ਮਹਿਕਮਾ ਵਰਤਦਾ ਸੀ ਅਤੇ ਲੰਡਨ ਤੋਂ ਨਿਊਯਾਰਕ ਤਕ ਇਸ ਵਿਚ ਚਿੱਠੀਆਂ ਜਾਂਦੀਆਂ ਸਨ।ਅਜਿਹਾ ਹੀ ਇਕ ਪੁਰਾਣਾ ਟੈਲੀਪ੍ਰਿੰਟਰ ਵੀ ਪ੍ਰਦਰਸ਼ਿਤ ਕੀਤਾ ਹੋਇਆ ਹੈ।ਹਾਲ ਦੇ ਇਕ ਪਾਸੇ ਅਮਰੀਕਨ ਰਾਕਟ ਪਿਆ ਹੈ ਜਿਸਨੂੰ ਪਹਿਲੀ ਵਾਰ ਪੁਲਾੜ ਵਿਚ ਭੇਜਿਆ ਗਿਆ ਸੀ।ਇਸ ਦਾ ਨਾਂ ਅਪੋਲੋ ਹੈ।ਇਸ ਦੇ ਨਾਲ ਹੀ ਇਕ ਰਾਕਟ ਹੋਰ ਪਿਆ ਹੈ ਜਿਸ ਵਿਚ ਦੋ ਯਾਤਰੂ ਵੀ ਗਏ ਸਨ।ਇਨ੍ਹਾਂ ਵਿਚ ਪੁਲਾੜ ਯਾਤਰੀਆਂ ਦੇ ਮਾਡਲ ਬਣਾ ਕੇ ਰੱਖੇ ਗਏ ਹਨ ਜੋ ਬਿਲਕੁਲ ਸਜੀਵ ਲਗਦੇ ਹਨ।ਉਸ ਤੋਂ ਅੱਗੇ ਇਕ ਐਂਟੀਨਾਂ ਤੇ ਕੈਮਰੇ ਰੱਖੇ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਚੰਨ ਤੇ ਭੇਜਿਆ ਗਿਆ ਸੀ।ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਇਹ ਸੋਚ ਕੇ ਹੀ ਦਿਮਾਗ ਅਚੰਭਿਤ ਹੋ ਜਾਂਦਾ ਹੈ।

ਦੂਜੇ ਹਾਲ ਵਿਚ ਜਹਾਜ਼ਾਂ ਦੇ ਕਈ ਕੰਧ ਚਿੱਤਰ ਲੱਗੇ ਹੋਏ ਹਨ।ਇਥੇ ਉਨ੍ਹਾਂ ਦੀ ਵਰਕਸ਼ਾਪ ਦਾ ਦ੍ਰਿਸ਼ ਵੀ ਹੈ।ਇਥੇ ਵਡੀ ਸਕਰੀਨ ਤੇ ਰਾਈਟ ਭਰਾਵਾਂ ਵੱਲੋਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਬਣਾਏ ਜਹਾਜ਼ ਦਾ ਇਤਿਹਾਸ ਨਜ਼ਰ ਆਉਂਦਾ ਹੈ।ਪੁਲਾੜ ਨਾਲ ਸੰਬੰਧਿਤ ਇਕ ਹੋਰ ਭਾਗ ਹੈ ਜਿਸ ਵਿਚ ਧਰਤੀ ਚੰਨ ਅਤੇ ਹੋਰ ਗ੍ਰਹਿਆਂ ਦੀਆਂ ਫੋਟੋ ਲੱਗੀਆਂ ਹਨ।ਇਨ੍ਹਾਂ ਚਿੱਤਰਾਂ ਵਿਚ ਇਨ੍ਹਾਂ ਗ੍ਰਹਿਆਂ ਦੇ ਭੇਤ ਸਮਝਾਉਣ ਦਾ ਯਤਨ ਕੀਤਾ ਗਿਆ ਹੈ।ਧਰਤੀ ਬਹੁਤ ਵਡੇ ਬ੍ਰਹਿਮੰਡ ਦਾ ਇਕ ਛੋਟਾ ਜਿਹਾ ਹਿੱਸਾ ਹੈ।ਧਰਤੀ ਤੋਂ ਬਿਨਾਂ ਹੋਰ ਵੀ ਲੱਖਾਂ ਹੀ ਗ੍ਰਹਿ ਹਨ।ਧਰਤੀ ਤੇ ਤਿੰਨ ਹਿੱਸੇ ਪਾਣੀ ਅਤੇ ਕੇਵਲ ਇਕ ਹਿੱਸਾ ਹੀ ਖੁਸ਼ਕੀ ਹੈ।ਇਸ ਉਪਰ ਭੁਗੋਲਿਕ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ।ਭੂਚਾਲ ਆਉਂਦੇ ਹਨ, ਸੁਨਾਮੀ ਆਉਂਦੀ ਹੈ।ਕਿਤੇ ਪਿੰਡਾਂ ਦੇ ਪਿੰਡ ਗਰਕ ਹੋ ਜਾਂਦੇ ਹਨ ਅਤੇ ਕਿਤੇ ਟਾਪੂ ਬਣ ਜਾਂਦੇ ਹਨ।ਆਦਮੀ ਜਿਥੇ ਰਹਿੰਦਾ ਹੈ ਉਸਦਾ ਉਨੀ ਕੁ ਧਰਤੀ ਨਾਲ ਹੀ ਮੋਹ ਹੁੰਦਾ ਹੈ।ਆਪਣਾ ਹੀ ਚੰਗਾ ਲਗਦਾ ਹੈ।ਇਥੇ ਘੁੰਮਦਿਆਂ ਮੈਨੂੰ ਉਹ ਦਿਨ ਯਾਦ ਆਏ ਜਦੋਂ ਭਾਰਤ ਦਾ ਪਹਿਲਾ ਪੁਲਾੜ ਯਾਤਰੀ ਰਕੇਸ਼ ਸ਼ਰਮਾ ਚੰਨ ਤੇ ਗਿਆ ਸੀ ਤਾਂ ਉਸਦੀ ਗੱਲ ਬਾਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਨਾਲ ਸਜੀਵ ਦਿਖਾਈ ਗਈ ਸੀ।ਇੰਦਰਾ ਗਾਂਧੀ ਨੇ ਉਸਨੂੰ ਸਵਾਲ ਕੀਤਾ ਕਿ ਉਪਰੋਂ ਭਾਰਤ ਕਿਹੋ ਜਿਹਾ ਲਗਦਾ ਹੈ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ‘ਸਾਰੇ ਜਹਾਂ ਸੇ ਅੱਛਾ’।
ਇਕ ਪਾਸੇ ਲੜਾਕੂ ਜਹਾਜ਼ ਖੜ੍ਹੇ ਹਨ।ਹਮਲਿਆਂ ਨਾਲ ਸੰਬੰਧਿਤ ਇਸ ਭਾਗ ਵਿਚ ਵਿਨਾਸ਼ਕਾਰੀ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆ ਹਨ।ਇਹ ਭਾਗ ਦੇਖਣ ਦਾ ਮਨ ਹੀ ਨਹੀਂ ਕੀਤਾ।ਸੋਚ ਰਿਹਾ ਸਾਂ ਕਿ ਲੜਾਈ ਮਨੁਖ ਨੂੰ ਕਿਉਂ ਚੰਗੀ ਲਗਦੀ ਹੈ।ਸਿਰਫ ਦੂਜੇ ਨੂੰ ਈਨ ਮਨਵਾਉਣ ਲਈ ਲੱਖਾਂ ਜ਼ਿੰਦਗੀਆਂ ਨੂੰ ਇਕ ਪਲ ਵਿਚ ਤਬਾਹ ਕਰ ਦਿੰਦਾ ਹੈ।ਇਹ ਅਜਾਇਬ ਘਰ ਅਮਰੀਕਾ ਵੱਲੋਂ ਕੀਤੀਆ ਖੋਜਾਂ ਅਤੇ ਪ੍ਰਾਪਤੀਆਂ ਦਾ ਇਕ ਅਨਮੋਲ ਖ਼ਜ਼ਾਨਾ ਹੈ।ਇਨ੍ਹਾਂ ਪੁਰਾਤਨ ਚੀਜ਼ਾਂ ਨੂੰ ਸੰਭਾਲ ਕੇ ਸਰਕਾਰ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਤੋਹਫਾ ਪ੍ਰਦਾਨ ਕੀਤਾ ਹੈ।
Photo
ਸਤਿੰਦਰ ਤੇ ਜਸਲੀਨ
 
ਪ੍ਰਭਾਵ
 
ਅਮਰੀਕਾ ਵਿਚ ਅਸੀਂ ਕੁਲ ਪੱਚੀ ਦਿਨ ਠਹਿਰੇ।ਇਨ੍ਹਾਂ ਦਿਨਾਂ ਵਿਚ ਅਸੀਂ ਕਾਫੀ ਘੁੰਮੇ ਫਿਰੇ।ਬਹੁਤ ਕੁਝ ਨਵਾਂ ਦੇਖਿਆ, ਵਡੇ ਵਡੇ ਸਟੋਰਾਂ ’ਚ ਗਏ।ਉਥੋਂ ਦੇ ਸਿਸਟਮ ਨੂੰ ਜਾਣਿਆਂ।ਪਹਿਲੇ ਚਾਰ ਦਿਨ ਤਾਂ ਮੀਂਹ ਕਾਰਣ ਕਿਸੇ ਆਦਮੀ ਦੀ ਸ਼ਕਲ ਹੀ ਨਹੀਂ ਦਿਸੀ।ਸੜਕਾਂ ਤੇ ਸਿਰਫ ਕਾਰਾਂ ਹੀ ਨਜ਼ਰ ਆਉਂਦੀਆ ਸਨ।ਇਸ ਤਰ੍ਹਾਂ ਜਾਪਦਾ ਸੀ ਜਿਵੇਂ ਅਸੀਂ ਆਦਮ ਦੀ ਸ਼ਕਲ ਦੇਖਣ ਨੂੰ ਤਰਸ ਜਾਵਾਂਗੇ।ਪਰ ਜਿਵੇਂ ਹੀ ਮੌਸਮ ਸਾਫ ਹੋਇਆ ਤਾਂ ਮਨੁਖ ਵੀ ਨਜ਼ਰ ਆਉਣ ਲੱਗੇ।ਅਮਰੀਕਾ ਵਿਚ ਵਿਅਕਤੀਗਤ ਆਜ਼ਾਦੀ ਨੂੰ ਬਹੁਤ ਸਤਿਕਾਰਿਆ ਜਾਂਦਾ ਹੈ।ਕੋਈ ਕਿਸੇ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਦਾ।ਆਂਢ ਗਵਾਂਢ ਵਿਚ ਕੌਣ ਵਸਦਾ ਹੈ ਇਸਦਾ ਵੀ ਪਤਾ ਨਹੀਂ।ਪੱਚੀ ਦਿਨਾਂ ਵਿਚ ਅਸੀਂ ਘਰ ਦੇ ਉਪਰ ਰਹਿਣ ਵਾਲੇ ਕਿਰਾਏਦਾਰਾਂ ਦੀ ਸ਼ਕਲ ਤਕ ਨਹੀਂ ਸੀ ਦੇਖੀ।ਪਰ ਜਦ ਵੀ ਕੋਈ ਰਾਹ ਜਾਂਦਿਆਂ ਮਿਲਦਾ ਹੈ ਤਾਂ ਉਹ ਹਾਇ ਹੈਲੋ ਜ਼ਰੂਰ ਕਰਦੇ ਹਨ।ਚੌਥੇ ਪੰਜਵੇਂ ਦਿਨ ਮੈਂ ਜਸਲੀਨ ਨੂੰ ਲੈ ਕੇ ਘੁੰਮਣ ਲਈ ਨਿਕਲਿਆ ਤਾਂ ਦੂਰੋਂ ਆਵਾਜ਼ ਆਈ ‘ਵਾਹਿਗੁਰੂ ਜੀ’।ਮੈਂ ਉਧਰ ਦੇਖਿਆ ਤਾਂ ਇਕ ਗੋਰਾ ਹੱਥ ਹਿਲਾਉਂਦਾ ਹੋਇਆ ਜਾ ਰਿਹਾ ਸੀ।ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦਾ ਉਹ ਦੂਰ ਚਲਾ ਗਿਆ ਸੀ।ਹਫਤੇ ਕੁ ਬਾਅਦ ਫਿਰ ਇਸ ਤਰ੍ਹਾਂ ਹੋਇਆ।ਮੈਂ ਬਾਹਰ ਧੁਪ ਵਿਚ ਖੜ੍ਹਾ ਸੀ।ਉਸ ਨੇ ਕਾਰ ਵਿਚ ਜਾਂਦਿਆਂ ਹੀ ਵਾਹਿਗੁਰੂ ਜੀ ਕਿਹਾ ਤੇ ਅੱਗੇ ਲੰਘ ਗਿਆ।ਮੇਰੀ ਉਸਨੂੰ ਮਿਲਣ ਦੀ ਇਛਾ ਹੋਈ।ਲਗਦਾ ਸੀ ਉਹ ਇਸੇ ਮੁਹੱਲੇ ਦਾ ਵਸਨੀਕ ਸੀ।ਫਿਰ ਮੈਂ ਧਿਆਨ ਰੱਖਣ ਲੱਗ ਪਿਆ ਕਿ ਉਹ ਜਦੋਂ ਵੀ ਮਿਲਿਆ ਉਸ ਨਾਲ ਗੱਲ ਕਰਾਂਗਾ।ਪਰ ਉਹ ਉਸ ਦਿਨ ਨਜ਼ਰ ਆਇਆ ਜਿਸ ਦਿਨ ਅਸੀਂ ਵਾਪਸੀ ਲਈ ਰਵਾਨਾ ਹੋਣ ਵੇਲੇ ਕਾਰ ਵਿਚ ਬੈਠੇ ਸੀ।ਉਸ ਨੇ ਪੀਲਾ ਪਟਕਾ ਸਿਰ ਤੇ ਲਪੇਟਿਆ ਹੋਇਆ ਸੀ ਤੇ ਸਾਈਕਲ ਤੇ ਚੜ੍ਹਿਆ ਹੋਇਆ ਹੀ ਵਾਹਿਗੁਰੂ ਜੀ ਕਹਿ ਕੇ ਅੱਗੇ ਲੰਘ ਗਿਆ।
ਅਮਰੀਕਾ ਵਿਚ ਪੈਦਲ ਚੱਲਣ ਵਾਲੇ ਨੂੰ ਤਰਜੀਹ ਦਿੱਤੀ ਜਾਂਦੀ ਹੈ।ਇਸਦਾ ਤਜਰਬਾ ਮੈਨੂੰ ਉਦੋਂ ਹੋਇਆ ਜਦੋਂ ਅਸੀਂ ਪਹਿਲੇ ਦਿਨ ਬਾਜ਼ਾਰ ਲਈ ਨਿਕਲੇ।ਸਭ ਤੋਂ ਪਹਿਲਾਂ ਮੈਂ ਘਰੋਂ ਨਿਕਲ ਕੇ ਸੜਕ ਕਿਨਾਰੇ ਆ ਗਿਆ।ਦੋਨਾਂ ਪਾਸਿਆਂ ਤੋਂ ਆ ਰਹੀਆਂ ਕਾਰਾਂ ਰੁਕ ਗਈਆਂ।ਮੈਂ ਇਹ ਸੋਚ ਕੇ ਖੜ੍ਹ ਗਿਆ ਕਿ ਕਾਰਾਂ ਨਿਕਲ ਜਾਣ ਤਾਂ ਹੀ ਸੜਕ ਪਾਰ ਕਰਾਂ, ਪਰ ਕਾਰਾਂ ਤੁਰਨ ਦਾ ਨਾਂ ਹੀ ਨਾ ਲੈਣ।ਪਿਛੋਂ ਆ ਰਹੀਆਂ ਕਾਰਾਂ ਵੀ ਰੁਕਦੀਆਂ ਜਾਣ।ਪਿਛੋਂ ਸੱਤੀ ਬਾਹਰ ਨਿਕਲਿਆ ਤਾਂ ਉਸ ਨੇ ਮੈਨੂੰ ਸੜਕ ਪਾਰ ਕਰਨ ਲਈ ਕਿਹਾ।ਉਸ ਨੇ ਦਸਿਆ ਕਿ ਜਦੋਂ ਤਕ ਪੈਦਲ ਚੱਲਣ ਵਾਲਾ ਆਦਮੀ ਸੜਕ ਪਾਰ ਨਹੀਂ ਕਰ ਲੈਂਦਾ ਉਦੋਂ ਤਕ ਲੋਕੀਂ ਆਪਣੇ ਵਾਹਨ ਰੋਕੀ ਰਖਦੇ ਹਨ।ਕੋਈ ਵੀ ਭੱਜ ਕੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ।ਜੇ ਪੰਜ ਮਿੰਟ ਸੱਤੀ ਬਾਹਰ ਨਾ ਨਿਕਲਦਾ ਤਾਂ ਪਤਾ ਨਹੀਂ ਕਿੰਨਾਂ ਕੁ ਜਾਮ ਲੱਗ ਜਾਂਦਾ।
ਇਕ ਦਿਨ ਅਸੀਂ ਸਬਜ਼ੀ ਮੰਡੀ ਗਏ।ਸਬਜ਼ੀ ਮੰਡੀ ਇਕ ਸਟੋਰ ਦਾ ਨਾਂ ਹੈ ਜਿਥੋਂ ਖਾਣ ਪੀਣ ਦਾ ਪੰਜਾਬੀ ਸਮਾਨ ਮਿਲ ਜਾਂਦਾ ਹੈ।ਅੰਦਰ ਗਏ ਤਾਂ ਸਪੀਕਰਾਂ ਵਿਚੋਂ ਸ਼ਬਦ ਗੂੰਜ ਰਹੇ ਸਨ।ਕਿਸੇ ਦੂਜੇ ਮੁਲਕ ਵਿਚ ਆਪਣੀ ਬੋਲੀ ਸੁਣੀਏ ਤਾਂ ਮਨ ਸਰਸ਼ਾਰ ਹੋ ਜਾਂਦਾ ਹੈ।ਸੱਤੀ ਨੇ ਦਸਿਆ ਕਿ ਇਹ ਸਟੋਰ ਇਕ ਪੰਜਾਬੀ ਦਾ ਹੈ।ਅਸੀਂ ਟਰਾਲੀ ਲੈ ਕੇ ਸਮਾਨ ਇਕੱਠਾ ਕੀਤਾ ਤੇ ਬਿਲ ਦੇਣ ਲਈ ਕਾਊਂਟਰ ਤੇ ਗਏ।ਕਾਊਂਟਰ ਤੇ ਇਕ ਸਰਦਾਰ ਜੀ ਬੈਠੇ ਸਨ।ਸੱਠ ਕੁ ਸਾਲ ਦੇ ਉਸ ਸਖਸ਼ ਨੂੰ ਸੱਤੀ ਨੇ ਮੇਰੇ ਬਾਰੇ ਦਸਿਆ ਤਾਂ ਉਹ ਬਗਲਗੀਰ ਹੋ ਕੇ ਮਿਲੇ।
ਅਮਰੀਕਾ ਵਿਚ ਪੰਜਾਬੀਆਂ ਦੀ ਆਰਥਿਕ ਦਸ਼ਾ ਕਾਫੀ ਚੰਗੀ ਹੈ।ਜਿਹੜਾ ਵੀ ਸਖਸ਼ ਇਧਰੋਂ ਗਿਆ ਹੈ ਉਹ ਇਹ ਸੋਚ ਕੇ ਹੀ ਗਿਆ ਹੈ ਕਿ ਉਧਰ ਜਾ ਕੇ ਮਿਹਨਤ ਕਰਨੀ ਹੈ।ਫਿਰ ਉਸ ਨੂੰ ਜਿਹੜਾ ਵੀ ਕੰਮ ਮਿਲ ਜਾਵੇ ਉਹ ਜੀ ਲਾ ਕੇ ਕਰਦਾ ਹੈ।ਪਹਿਲਾਂ ਇਕ ਆਦਮੀ ਪੱਕਾ ਹੁੰਦਾ ਹੈ ਤਾਂ ਉਹ ਆਪਣਾ ਪਰਿਵਾਰ ਬੁਲਾ ਲੈਂਦਾ ਹੈ।ਸਾਰੇ ਪਰਿਵਾਰ ਦੀ ਮਿਹਨਤ ਨਾਲ ਚੰਗੀ ਕਮਾਈ ਹੋ ਜਾਂਦੀ ਹੈ।ਬਹੁਤ ਸਾਰੇ ਲੋਕਾਂ ਨੇ ਆਪਣੇ ਕਾਰੋਬਾਰ ਖੋਲ੍ਹੇ ਹੋਏ ਹਨ।ਪੰਜਾਬੀ ਹਰ ਖੇਤਰ ਵਿਚ ਛਾਏ ਹੋਏ ਹਨ।ਕੈਲੀਫੋਰਨੀਆਂ ਦੀ ਇਕ ਤਿਹਾਈ ਜ਼ਮੀਨ ਦੇ ਮਾਲਕ ਪੰਜਾਬੀ ਹਨ।ਜਦੋਂ ਕਦੇ ਨਸਲਵਾਦ ਬਾਰੇ ਪੜ੍ਹਨ ਨੂੰ ਮਿਲਦਾ ਹੈ ਤਾਂ ਮਨ ਕਾਫੀ ਦੁਖੀ ਹੁੰਦਾ ਹੈ।ਪਰ ਸਾਨੂੰ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਥੇ ਨਸਲਵਾਦੀ ਵੀ ਹੋਣਗੇ।ਹਰ ਅਮਰੀਕੀ ਨਾਗਰਿਕ ਦਾ ਪੂਰਾ ਸਤਿਕਾਰ ਹੈ ਭਾਵੇਂ ਉਹ ਕਿਸੇ ਵੀ ਦੇਸ ਦਾ ਹੋਵੇ।ਸੱਤੀ ਹੋਰੀਂ ਸਾਰਾ ਸਮਾਨ ਸਬਜ਼ੀ ਮੰਡੀ ਜਾਂ ਪਟੇਲ ਸਟੋਰ ਤੋਂ ਹੀ ਖਰੀਦਦੇ ਹਨ। ਉਧਰ ਦੇ ਹਿਸਾਬ ਨਾਲ ਸਮਾਨ ਕਾਫੀ ਸਸਤਾ ਹੈ।ਹਰ ਚੀਜ਼ ਬੰਦ ਲਿਫਾਫਾ ਮਿਲਦੀ ਹੈ।ਸਟੋਰਾਂ ਵਿਚੋਂ ਹੀ ਮੁਫਤ ਅਖਬਾਰਾਂ ਮਿਲ ਜਾਂਦੀਆਂ ਹਨ।ਵੀਰਵਾਰ ਦੀ ਸ਼ਾਮ ਨੂੰ ਕਾਫੀ ਵਡਾ ਬੰਡਲ ਸਟੋਰਾਂ ਵੱਲੋਂ ਭੇਜੀਆਂ ਮਸ਼ਹੂਰੀਆਂ ਦਾ ਆ ਜਾਂਦਾ ਹੈ ਜਿਸ ਤੇ ਹਰ ਚੀਜ਼ ਦੇ ਰੇਟ ਲਿਖੇ ਹੁੰਦੇ ਹਨ।ਪੂਰਾ ਹਫਤਾ ਉਹ ਚੀਜ਼ ਉਸੇ ਮੁੱਲ ਤੇ ਮਿਲਦੀ ਹੈ।ਅਮਰੀਕਾ ਵਿਚ ਪੈਟਰੋਲ ਦਾ ਰੇਟ ਤਿੰਨ ਡਾਲਰ ਪ੍ਰਤੀ ਗੈਲਨ ਦੇ ਕਰੀਬ ਸੀ।ਕਰੀਬ ਸੱਤਰ ਸੈਂਟ ਪ੍ਰਤੀ ਲਿਟਰ।ਜੇ ਪੰਜਾਬ ਵਿਚ ਸੱਤਰ ਪੈਸੇ ਲਿਟਰ ਤੇਲ ਮਿਲ ਜਾਵੇ ਤਾਂ ਸਮਝੋ ਇਕ ਲਗਜ਼ਰੀ ਕਾਰ ਵਿਚ ਲੁਧਿਆਣੇ ਤੋਂ ਦਿੱਲੀ ਤਕ ਵਾਪਸੀ ਸਫਰ ਦੇ ਸਿਰਫ ਪੰਜਾਹ ਰੁਪਏ ਹੀ ਖਰਚ ਹੋਣ।ਕਿੰਨੀ ਮੌਜ ਹੋ ਜਾਵੇ।
Photo
ਲੇਖਕ ਕਪੜੇ ਧੋਣ ਵਾਲੀਆਂ ਮਸ਼ੀਨਾਂ ਸਾਹਮਣੇਂ
ਇਕ ਦਿਨ ਕਮਲ ਕਪੜੇ ਧੋਣ ਲਈ ਗਈ ਤਾਂ ਅਸੀਂ ਵੀ ਨਾਲ ਚੱਲ ਪਏ।ਸਾਡੇ ਲਈ ਇਹ ਨਵੀਂ ਗੱਲ ਸੀ।ਮੈਨੂੰ ਯਾਦ ਆਏ ਆਪਣੇ ਬਚਪਨ ਦੇ ਦਿਨ ਜਦੋਂ ਪਿੰਡ ਵਿਚ ਸਾਡੀਆਂ ਭੂਆ ਚਾਚੀਆਂ ਸੂਏ ਤੇ ਕਪੜੇ ਧੋਣ ਜਾਂਦੀਆਂ ਸਨ ਤਾਂ ਅਸੀਂ ਥਾਪੀਆਂ ਚੁੱਕੀ ਉਨ੍ਹਾਂ ਦੇ ਨਾਲ ਜਾਂਦੇ ਸਾਂ।ਉਦੋਂ ਸਾਨੂੰ ਵਿਆਹ ਜਿੰਨਾਂ ਚਾਅ ਚੜ੍ਹਿਆ ਹੁੰਦਾ ਸੀ।ਸੂਏ ਵਿਚ ਪਸੂ ਵੀ ਨਹਾ ਰਹੇ ਹੁੰਦੇ।ਮੁੰਡੇ ਖੁੰਡੇ ਪੁਲ ਤੇ ਚੜ੍ਹ ਕੇ ਛਾਲਾਂ ਮਾਰਦੇ।ਔਰਤਾਂ ਕਪੜੇ ਧੋਣ ਦੇ ਨਾਲ ਨਾਲ ਨਿੰਦਾ ਚੁਗਲੀ ਵੀ ਕਰੀ ਜਾਂਦੀਆਂ।ਬਹੁਤੀਆ ਆਪਣੀ ਵਡਿਆਈ ਤੇ ਦੂਜਿਆਂ ਦੀ ਬੁਰਾਈ ਕਰੀ ਜਾਂਦੀਆਂ।ਹੁਣ ਮੈਂ ਸੋਚ ਰਿਹਾ ਸੀ ਕਿ ਮੈਂ ਕੀ ਚੁੱਕ ਕੇ ਲਿਜਾਵਾਂ।ਮੈਂ ਤਾਂ ਸਿਰਫ ਕਾਰ ਵਿਚ ਹੀ ਬੈਠਣਾ ਸੀ।ਕਪੜੇ ਧੋਣ ਵਾਲੀ ਥਾਂ ਨੂੰ ਲਾਂਡਰੀ ਕਿਹਾ ਜਾਂਦਾ ਹੈ।ਉਥੇ ਵੱਖ ਵੱਖ ਆਕਾਰ ਦੀਆਂ ਕਈ ਮਸ਼ੀਨਾਂ ਲੱਗੀਆਂ ਹਨ।ਜਿੰਨੇ ਕੁ ਕਪੜੇ ਹਨ ਉਸੇ ਸਾਈਜ਼ ਦੀ ਮਸ਼ੀਨ ਵਿਚ ਕਪੜੇ ਪਾ ਦਿਉ।ਛੋਟੀ ਮਸ਼ੀਨ ਵਿਚ ਘੱਟ ਪੈਸੇ ਤੇ ਵਡੀ ਵਿਚ ਵੱਧ ਪੈਸੇ ਪੈਂਦੇ ਹਨ।ਜੇ ਤੁਸੀਂ ਕੋਈ ਹੋਰ ਕੰਮ ਕਰਨ ਜਾਣਾ ਹੈ ਤਾਂ ਕਰ ਆਵੋ, ਆਉਂਦਿਆਂ ਨੂੰ ਕਪੜੇ ਧੋ ਕੇ ਸੁੱਕੇ ਹੋਏ ਮਿਲਣਗੇ।ਪਾਣੀ ਬਿਜਲੀ ਤੇ ਗੈਸ ਦੀ ਸਪਲਾਈ ਨਿਰੰਤਰ ਮਿਲਦੀ ਹੈ।
ਜਿਸ ਤਰ੍ਹਾਂ ਬੈਂਕ ਦੀਆਂ ਏ.ਟੀ.ਐਮ. ਮਸ਼ੀਨਾਂ ਹੁੰਦੀਆਂ ਹਨ ਬਿਲਕੁਲ ਇਸੇ ਤਰਜ਼ ਤੇ ਉਧਰ ਦਾ ਡਾਕ ਸਿਸਟਮ ਹੈ।ਚੌਵੀ ਘੰਟਿਆਂ ਵਿਚ ਜਦ ਮਰਜ਼ੀ ਡਾਕਖਾਨੇ ਜਾਉ।ਭਾਰ ਤੋਲਣ ਵਾਲੀ ਮਸ਼ੀਨ ਤੇ ਆਪਣਾ ਸਮਾਨ ਰਖੋ।ਨਾਲ ਹੀ ਅਲੱਗ ਅਲੱਗ ਸਾਈਜ਼ ਦੇ ਬਰੀਕ ਗੱਤੇ ਦੇ ਲਿਫਾਫੇ ਪਏ ਹਨ।ਆਪਣੀ ਲੋੜ ਅਨੁਸਾਰ ਕੋਈ ਵੀ ਲਿਫਾਫਾ ਚੁਕ ਕੇ ਸਮਾਨ ਉਸ ਵਿਚ ਪੈਕ ਕਰ ਦਿਉ।ਸਕਰੀਨ ਤੇ ਪਿੰਨ ਕੋਡ ਅਤੇ ਪਤਾ ਜਿਸ ਥਾਂ ਤੇ ਸਮਾਨ ਭੇਜਣਾ ਹੈ ਭਰ ਦਿਉ।ਸਕਰੀਨ ਤੇ ਟਿਕਟਾਂ ਦਾ ਮੁੱਲ ਆ ਜਾਵੇਗਾ।ਆਪਣਾ ਕਰੈਡਿਟ ਕਾਰਡ ਮਸ਼ੀਨ ਵਿਚ ਪਾ ਕੇ ੳ.ਕੇ. ਕਰੋ ਤਾਂ ਇਕ ਰਸੀਦ ਛਪ ਕੇ ਬਾਹਰ ਆ ਜਾਵੇਗੀ।ਉਸਨੂੰ ਲਿਫਾਫੇ ਤੇ ਚਿਪਕਾ ਕੇ ਲੈਟਰ ਬਾਕਸ ਵਿਚ ਪਾ ਦਿਉ।
ਇਕ ਦਿਨ ਅਸੀਂ ਚੱਕੀ ਚੀਜ਼ ਘੁੰਮਣ ਲਈ ਗਏ।ਇਹ ਬੱਚਿਆਂ ਦੇ ਮਨੋਰੰਜਨ ਲਈ ਬਣਾਈ ਗਈ ਖੁਬਸੂਰਤ ਥਾਂ ਹੈ।ਇਸ ਵਿਚ ਬਚਿਆਂ ਦੇ ਖੇਡਣ ਲਈ ਗੇਮਾਂ ਬਣੀਆਂ ਹੋਈਆਂ ਹਨ।ਇਥੇ ਆ ਕੇ ਬੱਚੇ ਤਾਂ ਖੁਸ਼ ਹੁੰਦੇ ਹੀ ਹਨ ਨਾਲ ਵਡਿਆਂ ਦਾ ਵੀ ਮਨੋਰੰਜਨ ਹੁੰਦਾ ਹੈ।ਦੋ ਮੰਜ਼ਿਲਾ ਬਣੇ ਇਸ ਮਨੋਰੰਜਨ ਘਰ ਵਿਚ ਅਸੀਂ ਦੋ ਘੰਟੇ ਕਾਫੀ ਆਨੰਦ ਮਾਣਿਆਂ।ਵਾਪਸੀ ਤੇ ਅਸੀਂ ਸਬਵੇ ਰੈਸਟੋਰੈਂਟ ਤੇ ਸਬ ਖਾਧੇ।ਇਹ ਦੱਸਣ ਦੀ ਤਾਂ ਲੋੜ ਨਹੀਂ ਕਿ ਸਬ ਕੀ ਚੀਜ਼ ਹੈ ਕਿਉਂਕਿ ਇਹ ਹੁਣ ਪੰਜਾਬ ਵਿਚ ਵੀ ਆਮ ਮਿਲਦਾ ਹੈ।ਦੁਨੀਆਂ ਇਕ ਗਲੋਬਲ ਮੰਡੀ ਹੋਣ ਕਾਰਣ ਬਾਹਰਲੇ ਮੁਲਕਾਂ ਦੇ ਸਟੋਰ ਹੁਣ ਪੰਜਾਬ ਵਿਚ ਵੀ ਖੁਲ੍ਹ ਗਏ ਹਨ ਜਿਵੇਂ ਮੈਕਡੋਨਲ, ਪੀਜ਼ਾ ਹੱਟ, ਕੇ ਐਫ ਸੀ, ਸਬਵੇ ਤੇ ਕਈ ਹੋਰ।
ਮਨੋਰੰਜਨ ਦੇ ਸਾਧਨ ਲਈ ਇਥੇ ਮਲਟੀਪਲੈਕਸ ਵੀ ਹਨ ਅਤੇ ਘਰਾਂ ਵਿਚ ਆਮ ਤੌਰ ਤੇ ਵਡੇ ਬਾਹਠ ਇੰਚੀ ਐਲ ਸੀ ਡੀ ਟੈਲੀਵਿਯਨ ਹਨ।ਇਸ ਤੋਂ ਬਿਨਾਂ ਮਿਊਜ਼ਿਕ ਸਿਸਟਮ ਵੀ ਹਰ ਘਰ ਵਿਚ ਹੈ।ਇੰਟਰਨੈੱਟ ਤਾਂ ਅੱਜ ਦੀ ਪੀੜ੍ਹੀ ਦੀ ਜਾਨ ਹੈ।ਬੱਚਿਆਂ ਨੂੰ ਸਬਜ਼ੀਆ ਦੇ ਨਾਂ ਨਹੀਂ ਪਤਾ ਹੋਣਗੇ ਪਰ ਯਾਹੂ, ਟਵਿਟਰ ਫੇਸਬੁਕ ਫਲਿਕਰ ਆਦਿ ਸਭ ਨੂੰ ਪਤਾ ਹੈ।ਟੀ ਵੀ ਦੇ ਪ੍ਰੋਗਰਾਮ ਐਚ.ਡੀ ਕੁਆਲਟੀ ਦੇ ਹਨ ਜੋ ਕਾਫੀ ਸਾਫ ਚਲਦੇ ਹਨ।ਸਕਰੀਨਾਂ ਚੌੜੀਆਂ ਹਨ ਜਿਵੇਂ ਭਾਰਤ ਵਿਚ ਸੱਤਰ ਐਮ ਐਮ ਦੀ ਸਕਰੀਨ ਹੁੰਦੀ ਹੈ।ਕੇਬਲ ਤੇ ਆਪਣੀ ਪਸੰਦ ਦੇ ਚੈਨਲ ਲਏ ਜਾ ਸਕਦੇ ਹਨ।ਦੋ ਚੈਨਲ ਮੌਸਮ ਦੇ ਹਰ ਵੇਲੇ ਚਲਦੇ ਰਹਿੰਦੇ ਹਨ।ਪੰਜਾਬੀ ਦਾ ਇਕ ਚੈਨਲ ਜਸ ਪੰਜਾਬੀ ਕਾਫੀ ਹਰਮਨ ਪਿਆਰਾ ਹੈ।ਇਸ ਤੇ ਹਰ ਘੰਟੇ ਬਾਅਦ ਪੰਜਾਬ ਦੀਆਂ ਖਬਰਾਂ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ।ਇਸ ਤੋਂ ਬਿਨਾਂ ਧਾਰਮਿਕ ਪ੍ਰੋਗਰਾਮ ਤੇ ਗੀਤ ਸੰਗੀਤ ਵੀ ਚਲਦੇ ਰਹਿੰਦੇ ਹਨ।ਭਾਰਤੀ ਚੈਨਲਾਂ ਜਿਵੇਂ ਜ਼ੀ ਟੀਵੀ ਜਾਂ ਸੋਨੀ ਦੇ ਪ੍ਰੋਗਰਾਮ ਦੋ ਹਫਤੇ ਬਾਅਦ ਪ੍ਰਸਾਰਿਤ ਹੁੰਦੇ ਹਨ।
 
 
ਆਖਰ ਸਾਡੇ ਵਿਦਾ ਹੋਣ ਦਾ ਦਿਨ ਵੀ ਆ ਗਿਆ। ਸੱਤੀ ਚਾਹੁੰਦਾ ਸੀ ਕਿ ਉਹ ਸਾਨੂੰ ਨਿਆਗਰਾ ਫਾਲਜ਼ ਤਕ ਕਾਰ ਵਿਚ ਛਡ ਕੇ ਆਵੇ ਅਤੇ ਅੱਗੋਂ ਅਸੀਂ ਬਾਰਡਰ ਪਾਰ ਕਰ ਕੇ ਟਰਾਂਟੋ ਵਿਚ ਦਾਖਲ ਹੋ ਜਾਈਏ।ਦਿਲ ਤਾਂ ਸਾਡਾ ਵੀ ਚਾਹੁੰਦਾ ਸੀ ਕਿ ਅਸੀਂ ਉਨ੍ਹਾਂ ਨਾਲ ਅਮਰੀਕਾ ਵਾਲੇ ਪਾਸਿਉਂ ਫਾਲਜ਼ ਦੇਖੀਏ ਪਰ ਕਾਰ ਦਾ ਸਫਰ ਤਕਰੀਬਨ ਸੱਤ ਘੰਟੇ ਦਾ ਸੀ।ਐਨਾ ਚਿਰ ਜਸਲੀਨ ਨੂੰ ਬੰਨ੍ਹ ਕੇ ਬਿਠਾਉਂਦਿਆਂ ਸਾਡੇ ਦਿਲ ਨੂੰ ਕੁਝ ਹੁੰਦਾ ਸੀ।ਇਸ ਲਈ ਅਸੀਂ ਸਹਿਮਤ ਨਾ ਹੋਏ।
ਸਮਾਨ ਤਾਂ ਅਸੀਂ ਪਹਿਲਾਂ ਹੀ ਬੰਨ੍ਹ ਲਿਆ ਸੀ।ਸੱਤੀ ਸਾਨੂੰ ਨਿਊਯਾਰਕ ਤਕ ਛਡਣ ਲਈ ਗਿਆ।ਜਿਥੇ ਸਾਨੂੰ ਸੀਰਤ ਨੂੰ ਦੇਖਣ ਦੀ ਖੁਸ਼ੀ ਸੀ ਉਥੇ ਜਸਲੀਨ ਤੋਂ ਵਿਛੜਨ ਦੀ ਕਸਕ ਵੀ ਸੀ।ਸੱਤੀ ਨੇ ਜਿਵੇਂ ਸਾਨੂੰ ਫੁੱਲਾਂ ਵਾਂਗ ਰਖਿਆ ਸੀ ਇਹੀ ਸੋਚ ਕੇ ਮਨ ਭਰ ਰਿਹਾ ਸੀ।ਉਸ ਨੇ ਸਾਡੀ ਨਿੱਕੀ ਤੋਂ ਨਿੱਕੀ ਲੋੜ ਦਾ ਵੱਧ ਤੋਂ ਵੱਧ ਧਿਆਨ ਰਖਿਆ।ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੇ ਸ਼ਬਦਾਂ ਨਾਲ ਉਸਦਾ ਧੰਨਵਾਦ ਕਰਾਂ।ਉਸ ਦੀ ਚੰਗਿਆਈ ਅੱਗੇ ਤਾਂ ਧੰਨਵਾਦ ਸ਼ਬਦ ਹੀ ਛੋਟਾ ਜਾਪਦਾ ਸੀ।ਸਾਡਾ ਸਾਰਾ ਸਮਾਨ ਚੈਕਇਨ ਕਰਵਾ ਕੇ ਉਹ ਉਨਾ ਚਿਰ ਸਾਡੇ ਕੋਲ ਬੈਠਾ ਰਿਹਾ ਜਿੰਨਾ ਚਿਰ ਸਾਡੇ ਜਹਾਜ਼ ਅੰਦਰ ਜਾਣ ਦਾ ਸਮਾਂ ਨਹੀਂ ਹੋ ਗਿਆ।ਅਸੀਂ ਟਰਮੀਨਲ ਦੇ ਅੰਦਰ ਚਲੇ ਗਏ ਤਾਂ ਉਹ ਅਜੇ ਵੀ ਖੜ੍ਹਾ ਹੱਥ ਹਿਲਾ ਰਿਹਾ ਸੀ।

-----ਚਲਦਾ----