ਚਿੜੀ ਵਰਗੀ ਕੁੜੀ (ਕਵਿਤਾ)

ਰਵਿੰਦਰ ਰਵੀ   

Email: r.ravi@live.ca
Phone: +1250 635 4455
Address: 116 - 3530 Kalum Street, Terrace
B.C V8G 2P2 British Columbia Canada
ਰਵਿੰਦਰ ਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਿੜੀ ਵਰਗੀ ਇਕ ਕੁੜੀ,
ਮੇਰੀ ਜ਼ਿੰਦਗੀ ‘ਚ ਮੈਨੂੰ
ਬਹੁਤ ਪਛੜਕੇ ਮਿਲੀ!
 
ਉਸ ਅੰਦਰ ਅਥਾਹ ਊਰਜਾ ਸੀ -
ਕਦੇ ਏਸ ਡਾਲੀ, ਕਦੇ ਓਸ ਫੁੱਲ,
ਕਦੇ ਏਸ ਰੁੱਖ, ਕਦੇ ਓਸ ਮਮਟੀ,
.....ਨਿਰਛਲ.........ਨਿਰ-ਵਲ.....
ਉਸ ਲਈ ਇਹ ਮਾਹੌਲ ਤੰਗ ਸੀ!
ਉਹ ਇਕ ਅਪਰਿਭਾਸ਼ਤ ਉਮੰਗ ਸੀ!
 
ਉਸਦੀ ਨਜ਼ਰ ਸੌਂਹੇਂ, 
ਅਸਮਾਨ ਸੌੜਾ ਸੀ!
ਉਸ ਕੋਲ ਵਿਹਲ ਬਹੁਤ, 
ਮੇਰੇ ਕੋਲ ਸਮਾਂ ਥੋੜ੍ਹਾ ਸੀ!
 
ਉਸਦੀਆਂ ਸੱਤ-ਰੰਗੀਆਂ ਦੇ ਰੰਗ,
ਆਪਸ ਵਿਚ ਘੁਲਕੇ,
ਅਨੇਕ ਰੰਗਾਂ ਦੀ ਓੜ੍ਹਨੀ ਬਣ ਗਏ ਸਨ!
 
ਉਹ ਆਰ ਤੋਂ ਦਿਸਦਾ ਪਾਰ
ਤੇ ਪਾਰ ਤੋਂ ਅਗਾਂਹ ਵੱਸਦਾ,
ਪਿਆਰ ਸੀ!
 
ਉਸਦੀ ਮੁਸਕਰਾਹਟ ਵਿਚ,
ਚੁੱਪ ਦੀ ਭਾਸ਼ਾ ਦਾ ਵਾਸ ਸੀ!
ਏਨਿਆਂ ਅਰਥਾਂ ਦੀ ਸਾਕਾਰ ਮੂਰਤ,
ਉਹ ਕੁੜੀ ਕਿਉਂ ਉਦਾਸ ਸੀ???
 
ਏਸ ਉਮਰੇ ਜਦੋਂ ਮੇਰੇ ਸਭ ਰੰਗ,
ਇਕ ਦੂਜੇ ਵਿਚ ਡੁੱਲ੍ਹਕੇ,
ਕਾਲੇ ਰੰਗ ਵਿਚ ਬਦਲ ਰਹੇ ਹਨ -
ਮੇਰੇ ਅੰਦਰਲੇ ਸੂਰਜ ਦੇ ਨਾਲ ਹੀ,
ਮੇਰੇ ਸਭ ਅਸਮਾਨ ਢਲ ਰਹੇ ਹਨ
ਤੇ ਮੇਰਾ ਅਕਸ,
........ਫਿਰ ਕਦੇ ਨਾ ਪਰਤਣ ਲਈ,
 ਆਪਣੇ ਬੁੱਤ ਵਿਚ ਸਿਮਟ,
ਸ਼ੀਸ਼ੇ ਵਿਚ ਸਮਾ ਰਿਹਾ ਹੈ
ਛਿਣ, ਛਿਣ ਕਰ ਕੇ.......
.....ਤਾਂ ਮੈਂ.
ਚਿੜੀ ਵਰਗੀ,  

ਉਸ ਕੁੜੀ ਵਲ ਵੇਖਦਾ ਹਾਂ:
ਜ਼ਿੰਦਗੀ ਤੋਂ ਵੱਡੇ,
ਜ਼ਿੰਦਗੀ ਦੇ ਅਰਥ ਨਿਹਾਰਦਾਂ!!!
ਉੱਚੀਆਂ ਸੋਚਾਂ ‘ਚ ਡੁੱਬਿਆ,
ਲੋਚਦਾ ਹਾਂ:
 
 
ਨੀ ਚਿੜੀਏ! ਨੀ ਕੁੜੀਏ!
ਤੇਰੀ ਊਰਜਾ ਨੂੰ,
ਤੇਰੀ ਵੇਵ-ਲੈਂਗਥ ਜੇਡਾ ਪਿਆਰ ਮਿਲੇ,
ਤੇਰੇ ਰੰਗਾਂ ਵਿਚ,
ਤੇਰੇ ਹਾਣ ਦੀ ਗੁਲਜ਼ਾਰ ਖਿਲੇ!!!
 
ਇਹ ਮਨ ਦੇ ਹਾਣੀਆਂ ਦੀ ਰੁੱਤ ਹੈ!
 ਤੈਨੂੰ ਏਸ ਰੁੱਤ ਦਾ, 
ਹਰ ਸੰਭਵ ਸਰੋਕਾਰ ਮਿਲੇ!
 
ਏਥੇ ਕਿਤੇ ਹੀ ਤੇਰਾ ਅੰਬਰ ਹੈ –
ਹਰ ਪਿੰਜਰੇ ਤੋਂ ਮੁਨਕਰ –
ਤੇਰੇ ਖੰਭ ਹਨ,
ਖੰਭਾਂ ‘ਚ ਰੰਗ ਹਨ,
ਰੰਗਾਂ ‘ਚ ਆਕਾਸ਼ ਹੈ, ਉਡਾਣ ਹੈ!!!
 
ਅਲਵਿਦਾ!
 
ਇਨ੍ਹਾਂ ਰੰਗਾਂ, ਸੁਗੰਧਾਂ ਤੇ ਅੰਬਰਾਂ ਨੂੰ,
ਪਲਕਾਂ ‘ਚ ਸਮੇਟ -
ਜਿੱਥੋਂ ਤਕ ਨਜ਼ਰ ਜਾਂਦੀ ਹੈ, ਤੂੰ,
ਹਰ ਪਿਆਰ ਕਰਨ ਵਾਲੇ ਲਈ,
ਦੁਮੇਲ ਦੀ ਹਕੀਕਤ ਬਣੀ ਰਹੇਂ!!!
 
ਚਿੜੀ ਵਰਗੀ ਇਕ ਕੁੜੀ,
ਮੇਰੀ ਜ਼ਿੰਦਗੀ ‘ਚ ਮੈਨੂੰ
ਬਹੁਤ ਪਛੜਕੇ ਮਿਲੀ!!!