ਦਸਵੇਂ ਦਾ ਲੇਖਾ ਜੋਖਾ, ਸਾਲ 2011 ਲਈ ਪ੍ਰਣ (ਕਾਵਿ ਵਿਅੰਗ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਾਂਦਾ ਜਾਂਦਾ ਇਹ ਸਦੀ ਦਾ ਸਾਲ ਦਸਵਾਂ ਕਰਾ ਗਿਆ ਅਮਰੀਕਾ ਦੀ ਚੋਣ ਮੀਆ
ਜਿਤਣ ਵਾਲੇ ਨੇ ਧੌਣ ਅੱਕੜਾਈ ਫਿਰਦੇ ਹਾਰੇ ਹੋਇਆਂ ਨੇ ਕੀਤੀ ਨੀਵੀਂ ਧੌਣ ਮੀਆਂ
ਸਮਾਂ ਹੁੰਦਾ  ਸਮਰਥ ਹੈ ਸਾਰਿਆਂ ਤੋਂ ਸਮਾਂ ਬਦਲੇ ਤਾਂ ਬਦਲ ਤਕਦੀਰ ਜਾਂਦੀ
ਡੈਮੋਕਰੈਟਾਂ ਤੋਂ ਸਮੇਂ ਨੇ ਖੋਹੀ ਤਾਕਤ ਰੀਪੱਬਲਕਨ ਆ ਗਏ ਹੁਕਮ ਚੜਾਉਣ ਮੀਆਂ
ਟੀ ਪਾਰਟੀ ਨੇ ਚਕ੍ਰਵਿਯੂਹ ਰਚਿਆ ਉਬਾਮਾ ਘਿਰ ਗਿਆ ਬਿਚ ਵਿਰੋਧੀਆਂ ਦੇ
ਕਟ ਗੁਜਰਿਆ ਸੰਕਟ ਜੇ ਮਰਦ ਬਣਕੇ ਸੂਝ  ਬੂਝ   ਦੀ  ਹੋਣੀ ਪਛਾਣ ਮੀਆਂ
ਆਟਾ ਦਾਲ ਮਹਿੰਗਾ ਤੇ ਘੀ ਦੁਧ ਮਹਿੰਗਾ ਕੀਮਤ ਪਿਆਜ ਦੀ ਲਾਈ ਅਸਮਾਨ ਟਾਕੀ
ਭੁਖ ਨੰਗ  ਅਜ ਸਾਰੇ ਪ੍ਰਧਾਨ ਹੋਈ ਲੋਕੀਂ ਥਾਲੀਆਂ ਪਏ ਖੜਕਾਉਣ ਮੀਆਂ
ਪੰਡ  ਬੰਨਿ ਕੇ ਘੋਟਮ ਘੁਟਾਲਿਆਂ ਦੀ ਜਾਂਦਾ ਜਾਂਦਾ ਦਸਵਾਂ ਪਿਛੇ ਛਡ ਚਲਿਆ
ਹਜ਼ਾਰਾਂ ਲੱਖਾਂ ਦੀ ਗੱਲ ਹੁਣ ਪਈ ਫਿਕੀ ਅਰਬਾਂ ਖਰਬਾਂ ਦੇ ਹੋਏ ਭੁਗਤਾਣ ਮੀਆਂ
ਮਛੀ ਮੰਡੀ ਜਿਨਾ ਰੌਲਾ ਵਿਚ ਸੰਸੱਦ ਰੋਲੇ ਰੱਪੇ ਵਿਚ ਹੀ ਸੈਸ਼ਨ ਲੰਘ ਜਾਂਦਾ
ਭਲੇ ਮਾਣਸ ਦੀ ਭੁਰੀ ਤੇ ਕਠ ਲੱਗਦਾ ਮਨਮੋਹਨ ਸਿੰਘ ਦਾ ਹੈ ਇਮਤਹਾਨ ਮੀਆਂ
ਗਿਣਿਆ ਜਾਊ ਇਹ ਅੱਗਨੀ ਦਾ ਸਾਲ ਦਸਵਾ ਠਾਹ ਠਾਹ ਦੀ ਹੋਈ ਭਰਮਾਰ ਸਾਰੇ
ਫੌਜਾਂ ਵਾਲੇ ਨੇ ਫੌਜਾਂ ਦੀ ਧੌਂਸ ਦਿੰਦੇ  ਦੂਜੇ  ਥਾਂ੍ਹ ਥਾਂ੍ਹ ਤੇ ਬੰਬ ਚਲਾਉਣ ਮੀਆਂ
ਪਤਾ ਨਹੀਂ ਕਦ ਇਹਨਾਂ ਨੂੰ ਸਮਝ ਆਊ ਇਕ ਦੂਜੇ ਤੇ ਦੋਸ਼ ਪਏ ਲਾਈ ਜਾਂਦੇ
ਬੇ ਗੁਨਾਹ ਪਏ ਲੋਕੀਂ ਨੇ ਨਿਤ ਮਰਦੇ  ਦੋਵੇਂ ਖੂੰਨ ਦੀ ਹੁਲੱਰੀ ਉਡੌਣ ਮੀਆਂ
ਆਉਣਾਂ ਗਿਆਰਵਾਂ ਸਾਲ ਹੁਣ ਸਦੀ ਦਾ ਹੈ ਆਓ ਰਲ ਕੇ ਮਤਾ ਪਕਾ ਲਈਏ
ਅਮਨ ਸ਼ਾਨਤੀ ਦਾ ਹੋ ਜਾਏ ਬੋਲ ਬਾਲਾ ਰੁਮਕੇ ਮਿੰਨੀ੍ਹ ਜਿਹੀ ਪੁਰੇ ਦੀ ਪੌਣ ਮੀਆਂ
ਫਰਜ਼ ਸੱਮਝਕੇ ਹਾਕਮ ਵਰਗ ਆਪਣਾ ਤਨੋ ਮਨੋ ਉਹ ਸੇਵਾ ਲਈ ਆਏ ਅੱਗੇ
ਭਰਿਸ਼ਟਾਚਾਰ 'ਤੇ ਰਿਸ਼ਵਤ ਨੂੰ ਠੱਲ਼ ਪੈ ਜਾਏ ਲੋਕੀ ਖੂਸ਼ੀ ਦੇ ਜਸ਼ਨ ਮਨਾਉਣ ਮੀਆਂ
ਆ ਜਾਏ ਮੱਤ ਜੇ ਕਟੜ ਵਾਦੀਆਂ ਨੂੰ ਅੱਗਨ-ਬਾਣ ਜੋ ਜੇਹਬਾ ਨਾਲ ਦਾਗਦੇ ਨੇ
ਧਰਮੀ ਬਣਨਾ ਤਾਂ ਧਰਮ ਦੀ ਜਾਚ ਸਿਖਣ ਦਇਵਾਨ ਹੀ ਧਰਮ ਕਮਾਉਣ ਮੀਆ
ਪਾ ਕੇ ਧਰਮ ਮਰਿਆਦਾ ਦਾ ਨਿਤ ਰੌਲਾ ਪਟੀ ਪੁੱਠੀ  ਜੋ ਨਿਤ ਪੜਾ੍ਹ ਰਹੇ ਨੇ
ਖੇਡਣ ਗੁਡੀਆਂ ਪਟੋਲਿਆਂ ਸੰਗ ਹਾਲੇ ਜੋਰਾ ਜੱਰਵੀ ਹੀ ਆਗੂ ਸਦਾਉਣ ਮੀਆਂ 
ਮੈਂ ਮੈ ਸਾਵਨ ਦੇ ਡਡੂਆਂ ਵਾਂਗ ਹੋ ਰਹੀ ਖੁੰਬਾਂ ਵਾਂਗ ਨਿੱਤ ਸਾਧਾ ਦੇ ਬਣਨ ਡੇਰੇ
ਦੇਈਂ ਸਮਝ ਦੀ ਗੁੜ੍ਹਤੀ ਲੋਕਾਈ ਤਾਈਂ ਨਾਂ ਸਾਧਾਂ ਦੇ ਭਰਮ ਵਿਚ ਆਉਣ ਮੀਆਂ
ਕੁਨਬਾ ਪਰਵਰ ਨੂੰ ਬਣਨ ਨਾ ਦੇਈਂ ਆਗੂ ਸੌੜੀ ਸੋਚ ਨਾਲ ਬੇੜੇ ਨੂੰ ਡੋਬਦੇ ਨੇ
ਬੇੜੇ ਆਪਣੇ ਦੇ ਖੁਦ ਪਤਵਾਰ ਬਣਿਆਂ ਗੁਰ੍ਰੂੂ ਪੀਰ ਵੀ ਗਲ ਨਾਲ ਲਾਉਣ ਮੀਆਂ
ਕੌਮਾਂ ਨੱਢੀਆਂ ਨਾਲ ਜੇ ਚੱਲਣਾ ਏਂ ਦਾਇਰਾ ਸੋਚ ਦਾ ਪਊ ਵਿਸ਼ਾਲ ਕਰਨਾ
ਪੱਛੜੇ ਹੋਇਆਂ ਤੇ ਧੂੜ ਦੀ ਤਹਿ ਜਮੇਂ ਮਿਟ ਜਾਂਦੀ ਹੈ ਅਸਲ ਪਹਿਚਾਣ ਮੀਆਂ
ਐਵੇਂ ਬੀਤੇ ਤੇ ਘੱਗ ਪਛਤਾਵਣਾ ਕੀ ਨਵੇਂ ਸਾਲ ਦੀ ਸੋਹਣੀ ਤਸਵੀਰ ਉਣੀਏ
ਆਪ ਜੀਵੀਏ'ਤੇ ਜੀਣ ਦੇਈਏ ਦੂਜਿਆਂ ਨੂੰ ਤਾਂ ਹੀ ਵਗੂਗੀ ਠੰਢੀ ਠੰਢੀ ਪੌਣ ਮੀਆਂ