ਗਜ਼ਲ (ਗ਼ਜ਼ਲ )

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਚੇ-ਖੁਚੇ ਨਾਲ  ਕਰੇ ਗੁਜ਼ਾਰਾ, ਸਭਦੇ ਖਾਣ ਤੋਂ ਮਗਰੋਂ ਮਾਂ
ਤੇਰੇ  ਜੈਸਾ  ਕੋਈ  ਨਾ ਮਿਲਿਆ, ਤੇਰੇ ਜਾਣ ਤੋਂ ਮਗਰੋਂ ਮਾਂ
 
ਉਠਦੀ ਬਹਿੰਦੀ ਤੁਰਦੀ ਫਿਰਦੀ, ਕੀੜੀ ਵਾਂਗਰ ਕਿਰਤ ਕਰੇ
ਰੱਬ  ਦਾ  ਨਾਂ  ਹਮੇਸ਼ਾਂ  ਲੈਂਦੀ,  ਮੰਜਾ ਡਾਹਣ ਤੋਂ ਮਗਰੋਂ ਮਾਂ
 
ਜਦ  ਕਦੇ ਵੀ  ਲਾਂਭੇ ਜਾਂਦੀ, ਸਾਨੂੰ  ਉਸਦੀ  ਯਾਦ ਸਤਾਂਦੀ
ਬਿਸਕੁਟ ਪੀਪਾ ਲੈ ਕੇ ਆਉਂਦੀ, ਪੇਕੇ  ਜਾਣ ਤੋਂ ਮਗਰੋਂ ਮਾਂ
 
ਤੜਕੇ  ਵੇਲੇ ਤੰਗ ਨਾ ਕਰਦੀ, ਗੂੜ੍ਹੀ ਨੀਂਦਰ  ਸੁੱਤਿਆਂ ਨੂੰ 
ਲੌਢੇ  ਵੇਲੇ ਸਦਾ ਜਗਾਉਂਦੀ, ਲੰਮੀਆਂ ਤਾਣ ਤੋਂ ਮਗਰੋਂ ਮਾਂ
 
ਸਾਲ  ਛਿਮਾਹੀ ਸਾਡੇ ਘਰ ਜਦ, ਮੰਜਾ ਪੀਹੜੀ ਟੁੱਟ ਜਾਂਦੇ
ਤਾਂ  ਫਿਰ ਉਸਨੂੰ ਤੋਪੇ ਲਾਉਂਦੀ, ਟੁੱਟੇ ਵਾਣ ਤੋਂ ਮਗਰੋਂ ਮਾਂ 
 
ਸ਼ਾਮ  ਦੇ  ਵੇਲੇ ਸੂਰਜ ਢਲਦੇ, ਦਾਲ ਨੂੰ ਤੜਕਾ ਲੱਗ ਜਾਂਦਾ
ਸਾਨੂੰ ਖਾਣ ਨੂੰ ‘ਵਾਜਾਂ ਲਾਉਂਦੀ, ਮੰਨੀਆਂ ਲਾਣ਼ ਤੋਂ ਮਗਰੋਂ ਮਾਂ
 
ਮੇਰੇ ਪਿੰਡ ਵਿਚ ਅਜੇ ਵੀ ਮਾਵਾਂ, ਪੁੱਤਾਂ ਮਗਰੇ ਨੱਸਦੀਆਂ ਨੇ
ਮੈਂਨੂੰ ਕੋਈ ਨੀ ਪੁੱਤ ਪੁੱਤ ਕਹਿੰਦਾ,  ਤੇਰੇ ਜਾਣ ਤੋਂ ਮਗਰੋਂ ਮਾਂ 
 
ਜਦ  ਕਦੇ ਵੀ ਬੈਠਾ ਹੋਵਾਂ, ਚੁੱਪ-ਚਪੀਤਾ   ਕੱਲ-ਮ-ਕੱਲਾ
ਅੱਖਾਂ ਦੇ ਵਿੱਚ ਲਟਕਣ ਹੰਝੂ, ਯਾਦ ਆ ਜਾਣ ਤੋਂ ਮਗਰੋਂ ਮਾਂ