ਅਨੋਖਾ ਮੁਕੱਦਮਾ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੁਕੱਦਮਾ ਦੇਹ ਸ਼ਿਵਾ ਵਰ ਮੁਹੇ ਇਹੇ ਤੇ ਸਿਆਸਤ
 ਆਦਰਨੀਆ ਜੱਜ ; ਸਮਾਂ।
 ਜਿਊਰੀ; ਜਾਗਰੂਕ ਪਾਠਕ।
  ਸ਼ਿਕਾਇਤ ਕਰਤਾ ( ਮੁਦੱਈ) ; ਆਪਣੇ ਆਪਨੂੰ ਜਾਗਰੂਕ ਆਖਣ ਵਾਲੇ ਵਿਦਵਾਨ, ਕੁਝ ਲੇਖਕ , ਕੁਝ ਕਥਾਕਾਰ,  ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਨੂੰ ਸਮੱਰਪਤ  ਅਖਵਾਉਣ ਵਾਲੀਆਂ ਕੁਝ ਵੈਬ ਸਾਈਟਾਂ।
ਮੁਦਾਇਲਾ; ਦੇਹ ਸ਼ਿਵਾ ਬਰ ਮੁਹੇ ਇਹੇ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮਨਣ ਵਾਲੀ ਖਾਮੋਸ਼ ਅਕਸਰੀਅਤ।
ਇਸ ਮੁਕੱਦਮੇ ਦਾ ਸਬੰਧ  ਸਮੁੱਚੇ ਸਿਖ ਪੰਥ ਨਾਲ ਹੋਣ  ਕਰਕੇ ਸਮੁੱਚੇ ਸੰਸਾਰ ਵਿਚ ਵਸਦਾ ਸਿਖ ਜਗਤ ਬੈਹਸ ਸੁਨਣ ਲਈ ਤਤਪਰ। 
ਅਵਾਜ਼ ਪੈਂਦੀ ਹੈ; ਦੇਹ ਸ਼ਿਵਾ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਾ ਮਨਣ ਵਾਲੇ ਬਨਾਮ ਮਨਣ ਵਾਲੇ ਸ਼੍ਰਧਾਵਾਨ ਹਾਜ਼ਰ ਹੋਂਣ।
(ਦਸ ਤੋਂ ਪੰਦਰਾਂ ਦੀ ਗਿਣਤੀ ਵਿਚ ਵੱਖਰੇ ਵੱਖਰੇ ਗਰੁਪਾਂ ਵਿਚ ਵੰਡਿਆ ਇਕੱਠ ਛੋਟੇ ਛੋਟੇ ਧੜਿਆਂ ਵਿਚ ਵੰਡੇ ਸਿਖ ਪੰਥ ਦੀ ਤਸਵੀਰ ਪੇਸ਼ ਕਰਦਾ  ਹੈ।)
ਕਾਇਦੇ ਕਾਨੂੰਨਾਂ ਦੀ ਜਾਣਕਾਰੀ ਦਿੰਦਆਂ ਅਦਾਲਤ ਕਲਰਕ  ਆਖਦਾ ਹੈ; ਇਸ ਮੁਕੱਦਮੇ ਦੀ ਸੁਣਵਾਈ ਆਦਰਨੀਆ ਜੱਜ ‘ਸਮਾਂ’ ਕਰੇਗਾ, ਸਮਾਂ ਕਦੇ ਖਲੌਂਦਾ ਨਹੀਂ ਇਸ ਲਈ ਮੁਦਈ ਅਤੇ ਮੁਦਾਇਲਾ ਨੂੰ ਆਦਰਨੀਆ ਜੱਜ ‘ਸਮੇ’ ਨਾਲ ਕਦਮ ਮਿਲਾ ਕੇ ਚੱਲਣਾ ਪਵੇਗਾ।
  ਆਦਰਨੀਆਂ ਜੱਜ ਸਹਿਬ ਨੂੰ ਸੰਸਾਰ ਦੀ ਹਰ ਘਟਨਾ ਦੀ ਅਸਲੀਅਤ ਦੀ ਖਬਰ ਹੈ ਇਸ ਲਈ ਮੈਂ ਸਭ ਨੂੰ ਆਗਾਹ ਕਰ ਦੇਣਾ ਚਾਹੁੰਦਾ ਹਾਂ ਕਿ  ਖਿਆਲੀ ਬੇਹਸ ਵਿਚ ਨਾ ਪਿਆ ਜਾਵੇ। ਮੁਕੱਦਮੇ ਵਿਚ ਜਿਊਰੀ ਦੀ ਡਿਊਟੀ ਜਾਗਰੂਕ ਪਾਠਕਾਂ ਦੀ ਹੈ ।
ਮੁਦਈ ਧਿਰ ਦੇ ਬਿਆਨਾ ਨਾਲ ਮੁਕੱਦਮਾਂ ਸ਼ੁਰੂ ਕੀਤਾ ਜਾਂਦਾ ਹੈ। ਬਿਆਨ ਦਾਖਲ ਕਰਾਏ ਜਾਣ।
( ਕੱਦ ਦਰਮਿਆਨਾ, ਹਲਕੀ ਮੋਤੀਆ ਰੰਗ ਦੀ ਦਸਤਾਰ, ਪਰਕਾਸ਼ ਦਾਹੜਾ,  ਵਿਚ ਕੁਝ ਚਾਂਦੀ ਦੀਆ ਤਾਰਾਂ, ਗਲ ਵਿਚ ਸੋਨ ਤਗਮਾ, ਉਮਰ ਕੋਈ ਪੰਜਾਹ ਦੇ ਗੇੜ ਵਿਚ, ਆਪਣਾ ਨਾਮ ਸ਼ਮਸ਼ੇਰ ਸਿੰਘ ਦਸਕੇ ਬਿਆਨ ਦਰਜ ਕਰਾਉਣ ਲਈ ਖੜਾ ਹੁੰਦਾ ਹੈ।)
“ ਕਿਸ ਸੰਸਥਾ ਨਾਲ ਸਬੰਧ ਹੈ ?” ਕਲਰਕ ਪੁੱਛਦਾ ਹੈ।
 “ ਸੰਸਾਰ ਸਿਖ ਸੰਸਥਾ ਨਾਲ ਹਜ਼ੂਰ।“
“ਬਹੁਤ ਅਛਾ!.... ਸੰਸਾਰ ਵਿਚ ਫੈਲੀ  ਸੰਸਥਾਂ ਦੇ ਮੈਂਬਰਾਂ ਦੀ ਗਿਣਤੀ ਤਾਂ ਲਖਾਂ ਵਿਚ ਹੋਵੇਗੀ?” ਕਲਰਕ ਨੇ ਜਾਨਣ ਦੀ ਇੱਛਾ ਪ੍ਰਗਟ ਕੀਤੀ।
ਸ਼ਮਸ਼ੇਰ ਸਿੰਘ (ਕੁਝ ਝਿੱਜਕਦਿਆ ਹੋਇਆਂ ) “ ਜੀ, ਗਿਣਤੀ ਦਾ ਤਾਂ  ਮੈਨੂੰ ਪੂਰਾ ਗਿਆਨ ਨਹੀਂ ਪਰ ਸੰਸਾਰ ਦੇ ਕੁਝ  ਦੇਸ਼ਾਂ ਵਿਚ ਸਾਡੇ ਮੈਂਬਰ ਜ਼ਰੂਰ  ਹਨ।“
 ਹੋਰ ਜਾਣਕਾਰੀ ਲਈ ਅਦਾਲਤੀ ਕਲਰਕ ਪੁੱਛਦਾ ਹੈ।“ਕੀ ਇਹ ਸੋਨ ਤਗਮਾਂ ਤੁਹਾਡੀ ਅੱਛੀ ਕਾਰਗੁਜ਼ਾਰੀ ਦੇਖਿਦਆਂ ਸੰਸਾਰ ਸਿਖ ਸੰਸਥਾ ਵਲੌ ਦਿਤਾ ਗਿਆ ਹੈ?”
“ਜੀ!......ਚੰਗੀ ਪਿਰਤ ਹੈ । ਹਜ਼ਾਰਾਂ ਦਿ ਗਿਣਤੀ ਵਿਚ ਜੁੜੇ ਇਕੱਠ ਸਮੇਂ  ਪਾਰਟੀ ਵਲੋਂ ਸਨਮਾਨੇ ਜਾਣਾ ਮਾਣ ਵਾਲੀ ਗੱਲ ਹੈ। ਇਸ ਨਾਲ ਹੋਰ ਲੋਕਾਂ ਨੂੰ ਵਧੀਆ ਕਾਰਗੁਜ਼ਾਰੀ ਦਿਖਾਲਣ ਲਈ ਉਤਸ਼ਾਹ ਮਿਲਦਾ ਹੈ ।“
 ਇਕ ਪਾਸਿਓਂ ਆਵਾਜ਼ ਆਉਂਦੀ ਹੈ; ਚਾਰ ਪੰਜ ਹਜ਼ਾਰ ਨਹੀਂ, ਇਹਨਾਂ ਸਮਾਗਮਾ ਵਿਚ ਗਿਣਤੀ ਦਸ ਪੰਦਰਾਂ ਹੁੰਦੀ ਹੈ। ਗੁਰਦਵਾਰਿਆਂ ਤੋ ਦਿਤੇ ਜਾਂਦੇ ਸਰੋਪਿਆਂ ਵਾਂਗ ਅੱਜ ਕਲ ਗੋਲਡ ਮੈਡਲ ਵੀ ਵਰਤਾਏ ਜਾ ਰਹੇ ਨੇ ।
ਇਕ ਹੋਰ ਆਵਾਜ਼; ਕਿਸੇ ਕੋਲੋਂ ਤੂੰ ਵੀ ਲੈ ਲੈਂਦਾ, ਹੱਥ ਨਾ ਉਪੜੇ ਥੂਹ ਕੌੜੀ।
 ਦੁਪਾਸਿਉਂ ਕੁਸ਼ਬਦਾਂ ਦੀਆਂ ਮਿਸਲਾਂ ਸ਼ੁਰੂ ਹੋਣ ਹੀ ਲੱਗੀਆਂ ਸਨ ਕਿ ਕੋਰਟ ਕਲਰਲ ਨੇ ਤਾੜਨਾ ਕਰਦੇ ਹੋਏ ਆਖਿਆ, “ ਇਹ ਗੁਰਦਵਾਰਾ ਨਹੀਂ ਕਿ ਜੋ ਮਰਜ਼ੀ ਬੋਲੀ ਜਾਉ ਇਹ ਅਦਾਲਤ ਹੈ। ਅਦਾਲਤ ਦੀ ਕਾਰਵਾਈ ਵਿਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।“
ਹਾਂ ਦਸੋ ਤੁਹਾਡੀ ਕੀ ਸ਼ਕਾਇਤ ਹੈ ।“ ਹਜ਼ੂਰ ਅੱਜ ਕਲ ਗੁਰਦਵਾਰਿਆਂ ਅਤੇ ਇਤਹਾਸਕ ਧਾਰਮਕ ਸਥਾਨਾਂ ਤੇ  ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਉਲੰਘਣਾ ਹੋ ਰਹੀ ਹੈ ।.”
“ਉਹ ਕਿਸ ਤਰਾਂ?
“ਹਜ਼ੂਰ ਦਸਮ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿਤਾ ਸੀ ; ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗਰੰਥ।......ਪੰਥ ਨੂੰ ਗੁਰੂ ਗਰੰਥ ਦੇ ਲੜ ਲਾਇਆ ਸੀ ਅਤੇ ਗੁਰੂ ਗਰੰਥ ਸਾਹਿਬ ਵਿਚ ਸਾਫ ਸ਼ਬਦਾ ਵਿਚ ਕਿਹਾ ਗਿਆ ਹੈ ਕਿ ( ਸਤਗੁਰ ਬਾਝੋਂ ਹੋਰ ਕੱਚੀ ਹੈ ਬਾਣੀ।) .......  ਗੁਰੂ ਘਰਾਂ ਵਿਚ ਅਰਦਾਸ ਉਪਰੰਤ ਇਹ ਦੋਹਾਂ “ਆਗ਼ਿਆ ਭਈ ਅਕਾਲ ਕੀ ਤਭੇ ਚਲਾਇਉ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗਰੰਥ “ ਵੀ ਪੜਦੇ ਹਨ ਅਤੇ ਕਚੀ ਬਾਣੀ ਦਾ ਕੀਰਤਨ ਕਰਕੇ ਹੁਕਮ ਦੀ ਅਵਿਗਿਆ ਵੀ ਕਰਦੇ ਹਨ । ਬਾਰ ਬਾਰ ਬੇਨਤੀ ਕਰਨ ਤੇ ਵੀ “ਦੇਹ ਸ਼ਿਵਾ ਵਰ ਮੁਹੇ ਇਹੇ” ਸ਼ਬਦ ਪੜ੍ਹ ਕੇ ਸਿਖ ਪੰਥ ਵਿਚ ਦੇਵੀ ਪੂਜਾ ਪਰਚੱਲਤ ਕਰ ਰਹੇ ਹਨ।“
“ਕੁਝ ਹੋਰ ਆਖਣਾ ਚਾਹੋ ਗੇ?.”
“ਨਹੀਂ ਹਜ਼ੂਰ ਇਨਾ ਹੀ ਆਖਣਾ ਸੀ।“
“ਕੀ ਮੁਦਾਇਲਾ ਇਹਨਾਂ ਅਲਜ਼ਾਮਾਂ ਨੂੰ ਨਿਕਾਰਨ ਲਈ ਕੁਝ ਕਹਿਣਾ ਚਾਹੁੰਦਾ ਹੈ?” 
  ਨੀਲੀ ਦਸਤਾਰ ਸਜਾਈ, ਪਰਕਾਸ਼ ਦਾਹੜਾ, ਕਾਲੇ ਵਾਲਾਂ ਤੋਂ ਵਧ ਚਾਂਦੀ ਦੀਆਂ ਰਿਸ਼ਮਾ,ਸੱਠਵਿਆ ਦੇ ਗੇੜ ਦੀ ਉਮਰ ਵਿਚ ਵਿਚਰ ਰਿਹਾ ਇਕ ਪੁਰਸ਼ ਖੜ੍ਹਾ ਹੁੰਦਾ ਹੈ।
“ਕੀ ਨਾਮ ਹੈ ?”
“ਜੀ, ਗੁਰਬੰਤ ਸਿੰਘ।“
 “ਕੀ ਕਰਦੇ ਹੋ ? “
“ ਜੀ, ਕਥਾ ਦਵਾਰਾ ਸੰਗਤਾਂ ਦੀ ਸੇਵਾ ਕਰਦਾ ਹਾਂ।“
“ਸ਼ਕਾਇਤ ਦੇ ਜਵਾਬ ਵਿਚ ਕੀ ਕਹਿਣਾ ਚਾਹੁੰਦੇ ਹੋ?”
“ਹਜ਼ੂਰ, ਜਿਸ ਸ਼ਬਦ ਦਾ ਇਹ ਜ਼ਿਕਰ ਕਰਦੇ ਨੇ, ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸ਼ਬਦ  ਹੈ।“
“.ਉਹ ਕਿਸਤਰਾਂ?”
“ਹਜ਼ੂਰ ਉਸ ਦੇ ਇਕ ਇਕ ਸ਼ਬਦ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਜੀਵਨ ਢਾਲਿਆ ਹੈ। ਗੂਰੂ ਮਹਾਰਾਜ......”
 ਵਿਚੋਂ ਹੀ ਟੋਕਦਿਆਂ ਸ਼ਮਸ਼ੇਰ ਸਿੰਘ ਨੇ ਦਲੀਲ ਦਿੰਦਾ ਹੈ “ਗੁਰੂ ਗੋਬਿੰਦ ਸਿੰਘ ਤਾਂ ਦੇਵੀ ਪੂਜਕ ਨਹੀਂ ਸਨ ਪਰ ਇਸ ਸ਼ਬਦ ਦੀ ਤਾਂ ਸ਼ੁਰੂਆਤ ਹੀ ਸ਼ਿਵਾ ( ਸ਼ਿਵ ਜੀ ਦੀ ਪਤਨੀ ) ਤੋਂ ਵਰ ਮੰਗਣ ਨਾਲ ਹੁੰਦੀ ਹੈ।“
ਕੋਰਟ ਨੇ ਸ਼ਮਸੇਰ ਸਿੰਘ ਨੂੰ ਤਾੜਨਾ ਕਰਦੇ ਹੋਏ ਕਿਹਾ, ” ਮੁਦਾਇਲਾ ਪੱਖ ਨੂੰ ਵੀ ਆਪਣਾ ਪੱਖ ਰਖਣ ਦਾ ਪੂਰਾ ਅਧਿਕਾਰ ਹੈ । ਅੱਗੇ ਤੋਂ ਵਿਚੋਂ ਟੋਕ ਕੇ ਵਿਘਨ ਨਾ ਪਾਇਆ ਜਾਵੇ। “
“ਆਪਣੀ ਗੱਲ ਪੂਰੀ ਕਰੋ” ਅਦਾਲਤ ਨੇ ਗੁਰਬੰਤ ਸਿੰਘ ਨੂੰ ਆਖਿਆ।
“ਹਜ਼ੂਰ, ਮੈਂ ਕਹਿ ਰਿਹਾ ਸੀ ਕਿ ਸਾਰੇ ਗੁਰੂ ਸਾਹਿਬਾਨ ਕਹਿਣੀ ਕਰਨੀ ਦੇ ਸੂਰੇ ਸਨ। ਜੋ ਕੁਝ ਵੀ......”
ਆਦਤਨ ਸ਼ਮਸ਼ੇਰ ਨੇ ਫੇਰ ਵਿਚੋਂ ਹੀ ਟੋਕਦਿਆ ਕਿਹਾ, “ ਪਰ ਇਹ ਸ਼ਬਦ ਤਾਂ ਮਾਰਤੰਡੇ ਪ੍ਰਾਨ ਵਿਚ ਦਰਜ ਹੈ।“
ਸ਼ਮਸ਼ੇਰ ਸਿੰਘ ਨੂੰ ਦੁਬਾਰਾ ਤਾੜਨਾ ਕਰਦਿਆਂ ਅਦਾਲਤ ਨੇ ਕਿਹਾ, “ਤੁਸੀਂ ਆਪਣਾ ਮੁਕੱਦਮਾ ਖੁਦ ਕਮਜ਼ੋਰ ਕਰ ਰਹੇ ਹੋ। ਇਕ ਦਫਾ ਪਹਿਲਾਂ ਤੁਹਾਨੂੰ ਦੱਸਿਆ ਜਾ ਚੁੱਕਾ ਹੈ ਕਿ ਤੁਹਾਡੇ ਵਾਂਗ ਆਪਣਾ ਪੱਖ ਰੱਖਣ ਦਾ ਹੱਕ  ਇਹਨਾ ਪਾਸ ਵੀ ਹੈ।“
“ ਆਪਣੀ ਗੱਲ ਪੂਰੀ ਕਰੋ” ਅਦਾਲਤ ਨੇ ਗੁਰਬੰਤ ਸਿੰਘ ਨੂੰ ਕਿਹਾ।
“ਹਜ਼ੂਰ, ਮੈਂ ਕਹਿ ਰਿਹਾ ਸੀ ਕਿ ਜੋ ਕੁਝ ਵੀ ਗੁਰੂ ਸਾਹਿਬਾਨ ਨੇ ਕਿਹਾ ਆਪਣੇ ਪਿੰਡੇ ਤੇ ਹੰਡਾਇਆ।.... ਹਜ਼ੂਰ,ਮਾਰਤੰਡੇ ਪ੍ਰਾਨ ਵਿਚ ਦਰਜ ਕਰਨ ਨਾਲ ਸ਼ਬਦ ਦਾ ਭਾਵ ਨਹੀਂ ਬਦਲ ਜਾਂਦਾ.... ਨਾ ਹੀ  ਭਿਟਿਆ ਜਾਂਦਾ ਹੈ।“
ਇਕ ਪਾਸਿਉਂ ਹੋਰ ਆਵਾਜ਼ ਆਉਂਦੀ ਹੈ, “ ਅਦਾਲਤ  ਦਾ ਸਮਾਂ ਬਰਬਾਦ ਕਰਨ ਦੀ ਬਜਾਏ ਗੱਲਬਾਤ ਨੂੰ ਵਿਸ਼ੇ ਤੇ ਹੀ ਕੇਂਦਰਤ ਰੱਖਿਆ ਜਾਵੇ । ਗੱਲ ਸ਼ਿਵਾ, ਸ਼ਿਵ ਜੀ ਦੀ ਪੱਤਨੀ ਦੀ ਕਰ ਰਹੇ ਹਾਂ ਇਧਰ ਉਧਰ ਦੀਆਂ ਛਡ ਕੇ ਗੱਲ ਬਾਤ ਨੂੰ ਸ਼ਿਵਾ ਤੇ ਕੇਂਦਰਤ ਰਖਿਆ ਜਾਵੇ।“
ਅਦਾਲਤ ਨੇ ਵਾਰਨੰਗ ਦਿੰਦਿਆ ਕਿਹਾ, “ ਬਾਰ ਬਾਰ ਬੇ ਜਾ ਦਖਲ ਅੰਦਾਜ਼ੀ  ਕਰਕੇ ਅਦਾਲਤ ਦੀ ਤੋਹੀਨ ਨਾ ਕਰੋ ਬਖਸ਼ੇ ਨਹੀਂ ਜਾਉਗੇ ਸਮੇਂ ਦੀ ਲਫੇੜ ਬੁਹਤ ਡਾਹਡੀ ਹੁੰਦੀ ਹੈ।“
ਹਾਜ਼ਰੀਨ ਵਿਚੋਂ ਚਿਟੇ ਕਪੜਿਆਂ ਵਿਚ ਸਜੇ ਹੋਏ ਇਕ ਪੁਰਸ਼ ਨੇ ਹੱਥ ਬੱਨਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਕੀਤੀ। ਸਫੇਦ ਪਰਕਾਸ਼ ਦਾਹੜਾ, ਚੇਹਰੇ ਤੇ ਰੌਣਕ, ਗੁਲਾਬੀ ਰੰਗ ਦੀ ਦਸਤਾਰ, ਉਸ ਦੀ ਦਿਖ ਨੂੰ ਪਰਭਾਵਸ਼ਾਲੀ ਬਣਾ ਰਹੀ ਸੀ। 
“ ਆਪਣੀ ਪਹਿਚਾਣ ਕਰਾਉ।“
“ਜੀ, ਮੇਰਾ ਨਾਮ ਹਰਬੰਸ ਲਾਲ ਹੈ।  ਗੁਰੂ ਗਰੰਥ ਸਾਹਿਬ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਸਰ ਕਰਨ ਦਾ ਯਤਨ ਕਰਦਾ ਹਾਂ।“
ਤਿਨ ਚਾਰ ਬੰਦੇ  ਖੜੇ ਹੋ ਕੇ ਸ਼ੋਰ ਪਾਉਣ ਲਗਦੇ ਹਨ; “ਸਾਡੇ ਧਰਮ ਵਿਚ ਸਿੱਧੀ ਦਖਲ ਅੰਦਾਜ਼ੀ....ਬ੍ਰਾਹਮਣ ਦੀ ਜ਼ਾਤ  ਸਿਖਾਂ ਵਿਚ ਘੁਸ ਪੇਠ ਕਰ ਰਹੀ ਹੈ... ਇਸ ਦੀ ਸਲਾਹ ਦੀ ਸਾਨੂੰ ਕੋਈ ਜ਼ਰੂਰਤ ਨਹੀਂ।“
“ਕਿਸ ਨੂੰ ਸੁਣਨਾ ਹੈ, ਕਿਸ ਨੂੰ ਨਹੀਂ , ਇਹ ਅਦਾਲਤ ਦੀ ਮਰਜ਼ੀ ਹੈ ,ਤੁਹਾਡੀ ਨਹੀਂ। ਸ਼ੋਰ ਮਚਾ ਕੇ ਅਦਾਲਤ ਦੀ ਤੋਹੀਨ ਕਰ ਰਹੇ ਹੋ। ਸਮਝ ਜਾਓ! ਸਮੇਂ ਦੀ ਲਫੇੜ ਅੱਗੇ ਵੱਡੇ ਵੱਡੇ ਖਿਬੀ ਖਾਨ ਵੀ ਗੋਡੇ ਟੇਕ ਦਿੰਦੇ ਹਨ। ਤੁਹਾਨੂੰ ਸੰਜਮ ਵਿਚ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ। ਸਮਾਂ ਕਰੋਧ ਵਿਚ ਆ ਗਿਆ ਤਾਂ ਕਈ ਪੀੜ੍ਹੀਆਂ  ਭੁਗਤੋ ਗੇ। ਅਗੇ ਤੌਂ ਜੱਜ ਸਾਹਿਬ ਦੀ ਇਜਾਜ਼ਤ ਤੋਂ ਬਗੈਰ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ। “ 
ਕੁਝ ਬੰਦੇ ਬੁੜ ਬੁੜ ਕਰਦੇ ਕੁਝ ਦੂਰ ਜਾ ਬੈਠੇ ਅਤੇ ਬਾਕੀ ਦੇ ਚੁਪ ਕਰ ਗਏ।
“ਦਸੋ ਹਰਬੰਸ ਲਾਲ ਜੀ, ਇਸ ਮੁਕੱਦਮੈ ਬਾਰੇ ਤੁਸੀ ਕੀ ਰਾਏ ਦੇਣਾ ਚਾਹੁੰਦੇ ਹੋ?”
“ਹਜ਼ੂਰ ,ਅਗਰ ਅਦਾਲਤ ਅਜਾਜ਼ਤ ਦੇਵੇ ਤਾਂ ਮੈਂ ਕੁਝ ਸਵਾਲ ਮੁਦੱਈ ਪੱਖ ਤੇ ਕਰਾਂ ਗਾ ਅਤੇ ਇਹਨਾਂ ਦੀ ਹਰ ਸ਼ੰਕਾ ਨਾਲੋ ਨਾਲ ਦੂਰ ਕਰਨ ਦਾ ਯਤਨ ਕਰਾਂਗਾ।“
“ਅਜਾਜ਼ਤ ਹੈ ।“
ਹਰਬੰਸ ਲਾਲ ਨੂੰ ਲੀਹੋਂ ਲਾਹੁਣ ਦਾ ਯਤਨ ਕਰਦਿਆਂ ਪਹਿਲਾ ਸਵਾਲ ਸ਼ਮਸ਼ੇਰ ਸਿੰਘ ਨੇ ਹੀ ਕਰ ਦਿਤਾ, “ ਹਰਬੰਸ ਲਾਲ ਜੀ ਆਪਣੀ ਜ਼ਾਤ  ਬਾਰੇ ਦਸੋ ਗੇ।“
“ਜੀ ਜ਼ਰੂਰ, ਸਮਸ਼ੇਰ ਸਿੰਘ ਜੀ ਜੇ ਮੈਂ ਗਲਤ ਹੋਮਾਂ ਤਾਂ  ਮੈਂਨੂੰ ਦਰੁਸਤ ਕਰ ਦਿਉ। ਕੀ ਸਿਖ ਪੰਥ ਵਿਚ ਜ਼ਾਤ ਪਾਤ ਲਈ ਕੋਈ ਥਾਂਹ ਹੈ। ਗੁਰੂ ਸਾਹਿਬਾਨ ਨੇ ਤਾਂ ਕੋਈ ਦੋ ਸੋ ਪੰਝੀ ਸਾਲ ਦਾ ਸਮਾਂ ਵਰਣ ਵੰਡ ਖਿਲਾਫ ਸੰਘਰਸ਼ ਕਰਦਿਆਂ ਬਤੀਤ ਕੀਤਾ।  ਸ਼ਹਾਦਤਾਂ ਵੀ ਦੇਣੀਆਂ ਪਈਆਂ। ਫੇਰ ਵੀ ਫਰਜ਼ ਸੱਮਝਦਾ ਹੋਇਆ ਤੁਹਾਡੇ ਸਵਾਲ ਦਾ ਉਤ੍ਰ ਦਿੰਦਾ ਹਾਂ। ਮੇਰਾ ਜਨਮ ਬ੍ਰਾਹਮਣ ਘਰਾਣੇ ਦਾ ਹੈ।“  
“ਸ਼ਮਸ਼ੇਰ ਸਿੰਘ ਜੀ ਹੁਣ ਮੈਂ  ਕੁਝ ਸਵਾਲ ਕਰਨ ਦੀ ਇਜਾਜ਼ਤ ਚਾਹਾਂਗਾ ਅਗੋਂ ਉਤਰ ਦੇਣਾ ਜਾ ਨਾ ਦੇਣਾ ਤੁਹਾਡੀ ਇਛਾ ਹੈ। “
“ਹਾਂ, ਕਰੌ।“ ਸ਼ਮਸ਼ੇਰ ਸਿੰਘ ਨੇ ਕੁਝ ਸੁਚੇਤ ਹੁੰਦੇ ਆਖਿਆ। 
ਸ਼ਮਸ਼ੇਰ ਸਿੰਘ ਜੀ, ਇਹ ਦੱਸੋ ਕਿ ਠਾਕਰਦਵਾਰੇ  ਵਿਚ ਕਿਸ ਦੀ ਪੂਜਾ ਹੁੰਦੀ ਹੈ ?”
“ਇਸ ਵਿਚ ਕੋਈ ਲਕੋ ਨਹੀਂ, ਪੱਥਰ ਦੀ।“ ਸ਼ਮਸੇਰ ਸਿੰਘ ਦਾ ਉਤਰ ਸੀ । 
“ਸ਼ਾਤਰ ਬ੍ਰਾਹਮਣ ਨੇ ਉਸ ਪੱਥਰ ਨੂੰ ਕੀ ਨਾਮ ਦਿਤਾ ?”
“ ਆਪਣਾ ਤੋਰੀ ਫੁਲਕਾਂ ਚਲਾਉਣ ਲਈ ਸ਼ਾਤਰ ਬ੍ਰਾਹਮਣ ਊਸ ਨੂੰ ਠਾਕਰ  ਆਖਦਾ ਹੈ।“
“ ਬਿਲਕੁਲ ਸਹੀ। ਕੀ ਠਾਕਰ ਕਬੀਲਾ ਵੀ ਹੈ ? “ ਗੱਲ ਨੂੰ ਅੱਗੇ ਤੋਰਦਿਆਂ ਹਰਬੰਸ ਲਾਲ ਨੇ  ਪੁੱਛਿਆ ।
“ਹਾਂ ,ਹੈ। ਰਾਬਿੰਦਰ ਨਾਥ ਟੈਗੋਰ  ਵੀ ਠਾਕਰ ਸੀ।“ ਸ਼ਮਸ਼ੇਰ ਨੇ ਉਤਰ ਦਿਤਾ।
“ਇਸ ਦਾ ਮਤਲਬ ਇਹ ਹੋਇਆ ਕਿ ਠਾਕਰ ਸ਼ਬਦ ਸ਼ਕਤੀ ਲਈ ਵਰਤਿਆ ਗਿਆ ।“ਹਰਬੰਸ ਨਾਲ ਨੇ ਆਖਿਆ।
“ ਬਿਲਕੁਲ ਸਹੀ।“ ਸ਼ਮਸ਼ੇਰ ਸਿੰਘ ਨੇ ਹੁੰਘਾਰਾ ਦਿਤਾ
“ ਸ਼ਮਸ਼ੇਰ ਸਿੰਘ ਜੀ, ਸੁਆਮੀ ਸ਼ਬਦ ਬਾਰੇ ਵੀ ਕੁਝ ਚਾਨਣਾ ਪਾਉਗੇ?
“ ਇਕ ਫਿਰਕਾ ਵੀ ਆਪਣੇ ਆਪ ਨੂੰ ਸੁਆਮੀ ਅਖਵਾਉਂਦਾ ਹੈ। ਮਾਲਕ ਲਈ ਵੀ ਸੁਆਮੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਪਤਨੀ ਆਪਣੇ ਪਤੀ ਨੂੰ ਵੀ ਸੁਆਮੀ ਸ਼ਬਦ ਨਾਲ ਸੰਬੋਦਨ ਕਰਦੀ ਹੈ।“ 
“ਸ਼ਾਬਾਸ਼! ਤੁਹਾਡੀ ਜਾਣਕਾਰੀ ਦੀ ਦਾਦ ਦੇਣੀ ਪਵੇ ਗੀ।“ ਹਰਬੰਸ ਲਾਲ ਨੇ ਮੁਸਕਰਾਉਂਦਿਆਂ ਹੋਇਆ ਕਿਹਾ “ ਤਾਂ ਫੇਰ ਸੁਆਮੀ ਸ਼ਬਦ ਵੀ ਸ਼ਕਤੀ ਲਈ ਹੀ ਵਰਤਿਆ ਜਾਂਦਾ  ਹੈ।“ 
“ਹਾਂ, ਬਿਲਕੁਲ “
“ਹੁਣ ਦੱਸੋ ਕੀ ਗੁਰੂ ਗਰੰਥ ਸਾਹਿਬ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ਵਰਤੇ ਜਾਦੇ ਹਨ?
“ਹਾਂ, ਵਰਤੇ ਜਾਦੇ ਹਨ.... ਪਰ ਅਕਾਲ ਪੁਰਖ ਲਈ।“
“  ਸ਼ਾਬਾਸ਼, ਸ਼ਮਸ਼ੇਰ ਸਿੰਘ ਜੀ ਤੁਹਾਨੂੰ ਗੁਰਬਾਣੀ ਦਾ ਚੋਖਾ ਗਿਆਨ ਹੈ।“
“ਗੁਰੂ ਸਾਹਿਬਾਨ ਅਤੇ ਅਜ ਦੇ ਜਾਗਰੂਕ ਸਿਖਾਂ ਵਿਚ ਇਹੀ ਅੰਤਰ ਹੈ। ਗੁਰੂ ਸਾਹਿਬਾਨ ਕਿਤੇ ਵੀ ਕਿਸੇ ਐਬ ਨੂੰ ਰੋਕਣ ਲਈ ਕੰਧ ਬਣ ਕੇ ਨਹੀਂ ਖੜੋਏ ਬਲਕਿ ਲੋਕਾਂ ਦੀ ਸੋਚ ਬਦਲਨ ਲਈ ਲੋਕਾਂ ਵਲੋਂ ਵਰਤੇ ਜਾਂਦੇ ਸ਼ਬਦਾਂ ਦੀ ਵਰਤੋਂ ਕੀਤੀ।  ਜਿਸ ਤਰਾਂ ਗੁਰਬਾਣੀ ਵਿਚ ਠਾਕਰ ਅਤੇ ਸੁਆਮੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਕੀ ਤੁਹਾਨੂ ਨਹੀਂ ਲਗਦਾ ਕਿ ਸਾਹਬਿ ਕਮਾਲ ਗੁਰੂ ਗੋਬਿੰਦ ਸਿੰਘ  ਜੀ ਨੇ ਸ਼ਿਵਾ ਦਾ ਸ਼ਬਦ ਕਿਸੇ ਦੇਵੀ ਲਈ ਨਹੀਂ ਬਲਕਿ ਸਰਬ ਸ਼ਕਤੀਮਾਨ ਲਈ ਵਰਤਿਆ ਹੋਵੇ ?”
ਸ਼ਮਸ਼ੇਰ ਸੀਘ ਸੋਚੀਂ ਪੈ ਜਾਂਦਾ ਹੈ ਤਾਂ ਇਕ ਹੋਰ ਪੁਰਸ਼ ਦਰੜੀ ਕਾਲੀ ਮਿਰਚ ਦੇ ਰੰਗ ਦਾ ਪਰਕਾਸ਼ ਦਾਹੜਾ ਚਿਟੀ ਦਸਤਾਰ ਸਜਾਈ   ਖੜਾ ਹੋ ਕੇ ਜਾਣ ਪਹਿਚਾਣ ਕਰਾਉਂਦਾ ਆਖਦਾ ਹੈ,” ਮੇਰਾ ਨਾਮ ਓਅੰਕਾਰ ਸਿੰਘ ਹੈ ਅਤੇ ਮੈਂ ਮਿਸ਼ਨਰੀ ਹਾਂ।“
ਉਅੰਕਾਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ “ਤੁਹਾਡੀ ਦਲੀਲ ਮਨਣ ਵਿਚ ਕੁਝ ਝਿਜਕ ਮਹਿਸੂਸ ਹੋ ਰਹੀ ਹੈ। ਇੱਥੇ ਸ਼ਿਵਾ ਤੋਂ ਵਰ ਮੰਗਿਆ ਜਾ ਰਿਹਾ ਹੈ  ਜਦ ਕਿ ਸਿਖ ਧਰਮ ਵਿਚ ਵਰ ਸਰਾਪ ਦੀ ਕੋਈ ਵਿਵਸਥਾ ਨਹੀਂ।
“ਕਾਬਲੇ ਗੋਰ ਸਵਾਲ ਹੈ ਮਿਸ਼ਨਰੀ ਜੀ ।“ਹਰਬੰਸ ਲਾਲ ਨੇ ਆਖਦਿਆਂ ਕੁਝ ਹੋਰ ਜਾਣ ਕਾਰੀ ਲਈ ਆਖਿਆ “ ਮਿਸ਼ਨਰੀ ਜੀ ਕਿ ਤੁਸੀਂ ਅਰਦਾਸ ਵਿਚ ਯਕੀਨ ਰੱਖਦੇ ਹੋ?”
“ਬਿਲਕੁਲ!..... ਅਰਦਾਸ ਤਾਂ ਸਿਖ ਫਲਸਫੇ ਦਾ ਜ਼ਰੂਰੀ ਅੰਗ ਹੈ। ਹਰ ਕੰਮ ਸ਼ੁਰੂ ਕਰਨ ਸਮੇਂ ਸਿਖ ਅਕਾਲਪੁਰਖ ਦੀ ਸਹਾਇਤਾ ਲਈ ਅਤੇ ਸੰਪੂਰਨ ਹੋਣ ਤੇ ਸ਼ੁਕਰਾਨੇ ਵਜੌ ਅਰਦਾਸ ਕਰਦਾ ਹੈ। “
“ ਮਿਸ਼ਨਰੀ ਜੀ, ਜੇ ਮੈਂ ਗਲਤ ਨਾ ਹੋਮਾਂ ਤਾਂ ਅਰਦਾਸ ਦਵਾਰਾ ਗੁਰੂ ਮਹਾਰਾਜ ਕੋਲੋਂ ਵਰ ਦੀ ਹੀ ਤਾਂ ਮੰਗ ਕੀਤੀ ਜਾਂਦੀ  ਹੈ । ਗੁਰੂ ਗੋਬਿੰਦ ਸਿੰਘ ਵੀ ਇਸ ਸ਼ਬਦ ਰਾਹੀਂ ਸਰਬ ਸ਼ਕਤੀ ਮਾਨ ਤੋਂ ਕੁਝ ਮੰਗਦੇ ਹਨ ਤਾਂ ਉਸ ਵਿਚ ਬੁਰਾ ਕੀ ਹੈ?”
“ਪੰਡਤ ਜੀ, ਸਾਨੂੰ ਗੱਧੀ ਗੇੜ‘ਚ ਨਾ ਪਾਉ ਗੱਲ ਆਪਾ ਗੁਰਬਾਣੀ ਦੀ ਕਰ ਰਹੇ ਹਾਂ, ਗੁਰੂ ਗਰੰਥ ਸਾਹਿਬ ਦੀ ਕਰ ਰਹੇ ਹਾਂ। ਗੁਰਬਾਣੀ ਵਿਚ ਮੰਗਾ ਦਾ ਜਾਂ ਵਰਾਂ ਦਾ ਕਿਤੇ ਜ਼ਿਕਰ ਨਹੀਂ।“
“ਮੁਆਫ ਕਰਨਾ ਮਿਸ਼ਨਰੀ ਜੀ, ਜ਼ਰਾ ਆਰਤੀ ਪੜ੍ਹ ਕੇ ਸੁਣਾ ਸਕਦੇ ਹੋ ਜੋ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਮੇਰੇ ਖਿਆਲ ਅਨੁਸਾਰ  ਆਰਤੀ ਵਿਚ ਤਾਂ  ਮੰਗਾਂ ਹੀ ਮੰਗਾ ਹਨ।“
ਇਕ ਸੱਜਣ,ਜਿਸਨੇ ਸੰਵਾਰ ਕੇ ਦਸਤਾਰ ਸਜਾਈ ਹੋਈ ਹੈ। ਫਿਕਸੋ ਦੀ ਵਰਤੋਂ ਕਾਰਨ ਮੁਛਾਂ ਨੂੰ ਥੋਹੜਾ ਜਿਹਾ ਮਰੋੜਾ ਅਤੇ ਦਾਹੜੀ ਦਾ ਇਕ  ਵਾਲ ਵੀ ਉਠਿਆ ਹੋਇਆ ਨਹੀਂ ਦਿਸਦਾ, ਚੇਹਰਾ ਪ੍ਰਭਾਵ ਸ਼ਾਲੀ ਹੈ ਨੇ ਆਖਿਆ,” ਮੈਂ ਵੀ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ।“
“ਹਾਂ ਜੀ, ਤੁਸੀਂ ਵੀ ਆਪਣੇ ਬਾਰੇ ਦਸ ਕੇ ਸਵਾਲ ਕਰ ਸਕਦੇ ਹੋ।“ ਕੋਰਟ ਕਲਰਕ ਨੇ ਆਖਿਆ।
“ਮੇਰਾ ਨਾਮ ਬਲਜੀਤ ਸਿੰਘ ਹੈ ਅਤੇ ਮੈਂ ਧਾਰਮਕ ਸਕਾਲਰ ਹਾਂ। ਆਰਤੀ ਦੀ ਜੋ ਗੱਲ ਤੁਸਾਂ ਆਖੀ ਹੈ ਉਹ ਗੁਰੂ ਗਰੰਥ ਸਾਹਿਬ ਵਿਚ ਦਰਜ ਜ਼ਰੂਰ ਹੈ ਪਰ  ਉਸਨੂੰ ਗੁਰਬਾਣੀ ਦਾ ਰੁਤਬਾ ਨਹੀਂ ਦਿਤਾ ਜਾ ਸਕਦਾ..... ਉਹ ਤਾਂ ਭਗਤ ਬਾਣੀ ਹੈ।“
“ਬਲਜੀਤ ਸਿੰਘ ਜੀ ਕਲਗੀਧਰ ਪਿਤਾ ਜੀ ਨੇ ਗੁਰੂ ਮਾਨਿਉ ਗਰੰਥ ਦਾ ਆਦੇਸ਼ ਦੇਣ ਸਮੇਂ  ਸਮੁਚੀ ਬਾਣੀ ਨੂੰ ਗੁਰਬਾਣੀ ਮਨਣ ਲਈ ਕਿਹਾ ਸੀ ਜਾਂ ਕੁਝ ਹੋਰ ?ਜੇ ਇਸ ਬਾਰੇ ਕੁਝ ਚਾਨਣਾ ਪਾ ਸਕੋ ਤਾਂ ਧੰਨਵਾਦੀ ਹੋਵਾਂਗਾ। “
ਸੋਚੀਂ ਪਏ ਬਲਜੀਤ ਸਿੰਘ ਨੂੰ ਦੇਖ ਕੇ ਇਕ ਹੋਰ ਸਾਥੀ ਨੇ ਆਪਣੀ ਪਹਿਚਾਣ ਗਿਆਨ ਸਿੰਘ ਕਰਾਊਦਿਆਂ  ਆਖਿਆ “ਜੇ ਤੁਹਾਡੀ ਗੱਲ ਮਨ ਵੀ ਲਈ ਜਾਵੇ ਤਾਂ ਵੀ ਇਸ ਸ਼ਬਦ ਦੀ ਆਖਰੀ ਲਾਈਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਨਹੀਂ ਢੁਕਦੀ ,ਸ਼ਬਦ ਦੇ ਆਖਰੀ ਹਿਸੇ ਵਿਚ ਕਿਹਾ ਗਿਆ ਹੈ (ਜਬ ਆਵ ਕੀ ਔਧ ਨਿਧਾਨ ਬਨੇ ਅਤ ਹੀ ਰਣ ਮੇਂ ਤਬ ਜੂਝ ਮਰੂੰ।) ਗੁਰੂ ਗੋਬਿੰਦ ਸਿੰਘ ਜੀ ਨੇ ਰਣ ਵਿਚ ਜੂਝਦਿਆਂ ਹੋਇਆ ਸਰੀਰ ਨਹੀਂ ਤਿਆਗਿਆ ਇਸ ਲਈ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਹੋ ਹੀ ਨਹੀਂ ਸਕਦਾ।“
“ਗਿਆਨ ਸਿੰਘ ਜੀ, ਇਹ ਸੰਸਾਰ ਰਣ ਭੂਮੀ ਹੈ। ਪਹਿਲੇ ਸਵਾਸ ਤੋਂ ਲੈ ਕੇ ਆਖਰੀ ਸਵਾਸ ਤਕ  ਹਰ ਪ੍ਰਾਣੀ ਜੂਝਦਾ ਹੈ । ਇਕ ਮੌਤ ਜਿਸਮਾਨੀ ਹੁੰਦੀ ਹੈ ਅਤੇ ਇਕ ਮੌਤ ਇਖਲਾਕੀ ਹੁੰਦੀ ਹੈ। ਤੁਸੀਂ ਜਿਸਮਾਨੀ ਮੌਤ ਦੀ ਗੱਲ ਕੀਤੀ ਹੈ ਉਹ ਸਭ ਨੂੰ ਇਕ ਦਿਨ ਆਪਣੀ ਬੁੱਕਲ ਵਿਚ ਲੈ ਲੈਂਦੀ ਹੈ। ਦੂਸਰੀ ਮੌਤ ਇਖਲਾਕੀ ਹੈ ਜੀਵਨ ਕਾਲ ਵਿਚ ਕੋਈ  ਭਾਗਾਂ ਵਾਲਾ ਹੀ ਉਸ ਤੋਂ ਬੱਚ ਸਕਦਾ ਹੈ। ਗਿਆਨ ਸਿੰਘ ਜੀ ਤੁਸੀਂ ਸ਼ਾਇਦ ਮੈਨੂੰ ਨਾ ਜਾਣਦੇ ਹੋਮੋ ਪਰ ਮੈਂ ਤੁਹਾਡੇ ਸਾਰੇ ਪ੍ਰਿਵਾਰ ਨੂੰ ਚੰਗੀ ਤਰਾਂ ਜਾਣਦਾ ਹਾਂ ਤੁਸੀਂ ਪਰਦੇਸ ਆਉਣਾ ਚਾਹਿਆ ਮਾਪਿਆਂ ਨੇ ਇਕੱਲਾ ਪੁਤ ਹੋਣ ਦੇ ਬਾਵਜੂਦ ਤੁਹਾਨੂੰ  ਪਰਦੇਸ ਭੈਜ ਦਿਤਾ। ਕੁਝ ਸਮੇਂ ਬਾਅਦ ਤੁਸੀਂ ਆਪਣਾ ਸਿਖੀ ਸਰੂਪ ਤਿਆਗ ਦਿਤਾ। ਕੀ ਇਹ ਗੱਲ ਸਹੀ ਹੈ?
“ਹਾਂ, ਸਹੀ ਹੈ। ਪਰ ਇਸ ਗੱਲ ਦਾ ਸ਼ਬਦ ਨਾਲ ਕੀ ਤਅਲਕ?”
“ ਗਿਆਨ ਸਿੰਘ ਜੀ ਜ਼ਰਾ ਚਾਨਣਾ ਪਾਉਗੇ ਤੁਸੀਂ ਸਿਖੀ ਸਰੂਪ ਕਿਉਂ ਬਦਲਿਆ?”
“.ਸਿਖੀ ਸਰੂਪ ਵਿਚ ਪ੍ਰਦੇਸ ਵਿਚ ਵਿਚਰਨ ਸਮੇਂ ਕੁਝ ਅੜਚਨਾ ਪੇਸ਼ ਆ ਰਹੀਆਂ ਸਨ।“ ਗਿਆਨ ਸਿੰਘ ਦਾ ਸੰਖੇਪ ਉਤਰ ਸੀ।
“ਠੀਕ, ਤਾਂ ਤੁਸੀਂ ਅੱਤ ਹੀ ਰਣ ਮੇਂ ਤਬ ਜੂਝ ਮਰੂਂ ਦੀ ਥਾਂਹ ਈਨ ਮਨ ਕੈ ਅਸੂਲ ਤਿਆਗ ਦਿਤਾ। ਤੁਹਾਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ, ਜਦ ਤੁਹਾਡੇ ਮਾਤਾ ਪਿਤਾ ਪਾਸ ਇਹ ਖਬਰ ਪੁੱਜੀ ਤਾਂ ਉਹ ਦੋ ਮਹੀਨੇ ਲਈ ਅੰਦਰ ਵੜ ਗਏ। ਸਤਗੁਰਾਂ ਅਗੇ ਜੋਦੜੀਆਂ ਕੀਤੀਆਂ ਕਿ ਸਾਡਾ ਪੁੱਤ ਜਦ ਵਿ ਸਾਡੇ ਸਾਹਮਣੇ ਆਵੇ ਤਾਂ ਪਹਿਲੇ ਵਾਲੇ ਸਰੂਪ ਵਿਚ ਆਵੇ, ਨਹੀਂ ਤਾਂ ਅਸੀਂ ਸਬਰ ਕਰ ਲਵਾਂ ਗੇ।.... ਗਿਆਨ ਸਿੰਘ ਜੀ ਉਹਨਾਂ ਦੀਆਂ ਅਰਦਾਸਾਂ ਕਾਰਨ ਤੁਸੀ ਫੇਰ ਮੋੜਾ ਪਾ ਲਿਆ ਮੈਂ ਤੁਹਾਡੇ ਕਾਰੋਬਾਰ ਬਾਰੇ ਸਵਾਲ ਨਹੀੰ ਕਰਾਂਗਾ ਪਰ ਇਨਾ ਜ਼ਰੂਰ ਆਖਾਂਗਾ ਕਿ ਆਪਣੇ ਜੀਵਨ ਦੀ ਪੜਚੋਲ ਕਰਿਉ। ਹੋ ਸਕਦਾ ਹੈ ਤੁਹਾਡਾ ਕਾਰੋਬਾਰ ਇਕ ਅਮ੍ਰਿਤਧਾਰੀ ਸਿਖ ਦੇ ਜੀਵਨ ਦੇ ਅਨਕੂਲ ਨਾ ਹੋਵੇ। ਇਸ ਤੋਂ ਇਲਾਵਾ ਵੀ ਤੁਹਾਨੂੰ ਇਖਲਾਕੀ ਤੌਰ ਤੇ ਮਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਯਾਦ ਆ ਜਾਣਗੀਆਂ ।.....      ਧਿਆਨ ਮਾਰੋ ਜ਼ਰਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਹਰ ਪੱਲ ਜੂਝਦਾ ਨਜ਼ਰ ਆਵੇਗਾ ਬਾਲ ਵਰੇਸ ਵਿਚ ਹੀ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਜ਼ਿਮੇਵਾਰੀਆਂ ਦਾ ਬੋਝ ਇਨਾ ਪਿਆ ਕਿ ਡੋਲ ਸਕਦੇ ਸਨ। ਹਾਰ ਮਨ ਸਕਦੇ ਸਨ। ਪਰ ਨਹੀਂ , ਜੂਝਦੇ ਰਹੇ। ਪਹਾੜੀ ਰਾਜੇ ਅਤੇ ਮੁਗਲ ਫੌਜਾਂ ਸਿਧੀ ਲੜਾਈ ਲੜਨ ਦੀ ਬਜਾਏ ਮਕਰ ਫਰੇਬ ਦਾ ਸਹਾਰਾ ਲੈਣ ਲਗ ਪਏ। ਕੁਝ ਸਿੰਘ ਚਾਲ ਵਿਚ ਆ ਕੇ  ਬਦਾਵਾ ਦੇ ਗਏ। ਫੇਰ ਵੀ ਗੁਰੂ ਮਹਾਰਾਜ ਅਡੋਲ ਰਹੇ। ਕਿਲਾਹ ਛੱਡ ਦਿਤਾ । ਦੋ ਸਾਹਿਬ ਜ਼ਾਦੇ ਅਖਾਂ ਸਾਹਵੇਂ ਸ਼ਹੀਦ ਹੋ ਗਏ।  ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬ ਜ਼ਾਦੇ ਵਿਛੜ ਗਏ। ਗੁਰੂ ਜੀ  ਦੈ ਪਿਆਰੇ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ।  ਮਾਛੂਵਾੜੇ ਦੇ ਜੰਗਲ ਵਿਚ ਰਾਤਾਂ ਕਟੀਆਂ। ਸੀ ਨਹੀਂ ਉਚਾਰੀ। ਅਤ ਹੀ ਰਣ ਮੇਂ ਤਭ ਜੂਝ ਮਰੂੰ ਤੇ ਪਹਿਰਾ ਦਿਤਾ। ਅਤੇ ਆਖਰੀ ਦਮ ਤਕ ਜੂਝਦੇ ਰਹੇ। ਧੰਨ ਸੀ ਜੇਰਾ ਉਸ ਮਰਦ ਅਗੱਮੜੇ ਦਾ ਸਾਰਾ ਪ੍ਰਿਵਾਰ ਵਾਰ ਕੇ ਵੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਸ਼ਰਮਸਾਰ ਕਰਨ ਲਈ ਜ਼ਫਰ ਨਾਮਾ ਭੇਜਦਾ ਹੈ। ਚਾਹੋ ਤਾਂ ਹੋਰ ਵੀ ਮਸਾਲਾਂ ਦੇ ਸਕਦਾ ਹਾਂ।“
ਜਦ ਕਿਸੇ ਨੇ ਕੋਈ ਹੋਰ ਸਵਾਲ ਨਾ ਉਠਾਇਆ ਤਾਂ ਹਰਬੰਸ ਲਾਲ ਨੇ ਬਿਨੈ ਕੀਤੀ ਹਜ਼ੂਰ  ਇਸ ਸ਼ਬਦ ਬਾਰੇ ਮੈਂ ਜੋ ਕੁਝ ਕਹਿਣਾ ਸੀ ਕਹਿ ਚੁਕਿਆਂ ਹਾਂ।“
“ਇਸ ਮੁਕੱਦਮੇਂ ਦੀ ਫਾਇਲ ਜਿਊਰੀ ਸਪੁਰਦ ਕਰਨ ਦੇ ਨਾਲ ਹੀ ਜਿਊਰੀ ਨੂੰ ਸੁਝਾ ਦਿਤਾ ਜਾਂਦਾ ਹੈ  ਕਿ ਫੈਸਲੇ ਤੇ ਪੁਜਣ ਲਈ ਹਰਬੰਸ ਲਾਲ ਦੀਆਂ ਦਲੀ਼ਲਾਂ ਦੀ ਮੁਕੱਮਲ ਜਾਂਚ ਕਰ ਲਈ ਜਾਵੇ। ਜੱਜ ਸਾਹਿਬ ਨੇ ਅਦਾਲਤ ਬਰਖਾਸਤ ਕਰ ਦਿਤੀ।