ਬੀ ਜੀ ਮੁਸਕਰਾ ਪਏ (ਕਹਾਣੀ)

ਹਰਪ੍ਰੀਤ ਸੇਖਾ    

Email: hsekha@hotmail.com
Address:
British Columbia Canada
ਹਰਪ੍ਰੀਤ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇ ਜਸਵਿੰਦਰ ਦੀ ਗੱਲ ਮੰਨ ਲੈਂਦੀ ਤਾਂ ਅਜੇਹੀ ਦੁਬਿਧਾ ‘ਚ ਨਾ ਫਸਦੀ। ਉਦੋਂ ਇਰਾਦਾ ਵੀ ਤਾਂ ਪੱਕਾ ਸੀ। ਪਰ ਮੈਨੂੰ ਪਾਪਾ ਦੀ ਗੱਲ ਠੀਕ ਲੱਗੀ ਸੀ।  ਜਸਵਿੰਦਰ ਦਾ ਹਾਲੇ ਹੁਣੇ ਫੋਨ ਆ ਕੇ ਹਟਿਆ ਹੈ। ਨਾ ਸੁੱਖ ਨਾ ਸਾਂਦ। ਸਿੱਧਾ ਪੁੱਛਦਾ ਹੈ , “ਹਾਲੇ ਭੂਆ ਨੂੰ ਫੋਨ ਕੀਤਾ ਹੈ ਕਿ ਨਹੀਂ?”
 “ਨਹੀਂ।” ਸੁਣ ਉਸਦੀ ਆਵਾਜ਼ ਖਰ੍ਹਵੀ ਹੋ ਜਾਂਦੀ ਹੈ, “ਲੱਗਦਾ ਹੈ ਤੇਰਾ ਹੈਥੇ ਹੀ ਜੀਅ ਲੱਗ ਗਿਐ।”
 “ਪਾਪਾ ਹੋਰੀਂ ਕਹਿੰਦੇ ਆ ਕੇ ਮਹੀਨਾ ਕੁ ਹੋਰ ਠਹਿਰ ਜਾਵਾਂ।”
 “ਪਰ ਭੂਆ ਨੂੰ ਫੋਨ ਕਰਕੇ ਤਰੀਕ ਤਾਂ ਪੱਕੀ ਕਰ ਲੈ। ਉਸ ਛੁੱਟੀ ਬੁੱਕ ਕਰਾਉਣੀ ਐ। ਉਹ ਆਪ ਆਊ। ਖੜ੍ਹੇ ਪੈਰ ਕਹਿੰਦੇ ਟਿਕਟ ਵੀ ਮਹਿੰਗੀ ਮਿਲਦੀ ਐ। ਤੂੰ ਅੱਜ ਹੀ ਫੋਨ ਕਰ।”
“ਕਰ ਲੈਨੀ ਆਂ,” ਮੈਂ ਮਰੀ ਜਿਹੀ ਆਵਾਜ਼ ‘ਚ ਕਹਿੰਦੀ ਹਾਂ। ਉਹ ਫੋਨ ਰੱਖ ਦਿੰਦਾ ਹੈ। ਉਸਦੀ ਆਵਾਜ਼ ਮੈਨੂੰ ਚੁਭਦੀ ਹੈ। ਉਹਦੇ ਭਾਣੇ ਮੈਂ ਐਸ਼ ‘ਚ ਮਸਤ ਹਾਂ। ਉਸ ਨੂੰ ਕੀ ਪਤਾ ਕਿ ਮੈਂ ਕਿਸ ਅਹਿਸਾਸ ਥੱਲੇ ਦੱਬੀ ਜਾ ਰਹੀ ਹਾਂ। ‘ਇਸ ਤਰ੍ਹਾਂ ਕਿਵੇਂ ਦੋਸ਼ ਲਾ ਦਿਆਂ’| ਜਸਵਿੰਦਰ ਦੀ ਕਹੀ ਗੱਲ ਫਿਰ ਯਾਦ ਆ ਜਾਂਦੀ ਹੈ, ‘ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ’|  ਚੱਲ ਜਦ ਟਾਈਮ ਆਇਆ ਦੇਖੀ ਜਾਵੇਗੀ। ਧਿਆਨ ਹੋਰ ਪਾਸੇ ਲਾਉਣ ਲਈ ਟੀ.ਵੀ. ਆਨ ਕਰ ਲੈਂਦੀ ਹਾਂ। ਇੰਗਲਿਸ਼ ਦੀ ਸਮਝ ਨਹੀਂ ਪੈਂਦੀ। ਵੇਖਦੀ ਹਾਂ ਜੇ ਕੋਈ ਮੂਵੀ ਪਈ ਹੋਵੇ। ਵਿਆਹ ਵਾਲੀ ਮੂਵੀ ਪਈ ਹੈ। ‘ਇਸਦਾ ਕੀ ਵੇਖਣਾ’ ਸੋਚ ਉਸ ਨੂੰ ਹੱਥ ਨਹੀਂ ਪਾਉਂਦੀ। ਵਿਹਲੀ ਰਹਿ ਕੇ ਸਾਰੀ ਦਿਹਾੜੀ ਗੁਜ਼ਾਰਨੀ ਔਖੀ ਲੱਗਦੀ ਹੈ। ਬਚਪਨ ਤੋਂ ਹੀ ਚੁੱਕ-ਧਰ ਕਰਕੇ ਘਰ ਨੂੰ ਸਜਾਉਣ ਦਾ ਸ਼ੌਕ ਹੈ ਪਰ ਇਹ ਕਰਨ ਦੀ ਵੀ ਇੱਛਾ ਨਹੀਂ ਹੈ। ਘੜੀ ਵੱਲ ਵੇਖਦੀ ਹਾਂ। ਦਸ ਵੱਜਣ ਵਾਲੇ ਹਨ।  ਹੁਣੇ ਦਸ ਵਜੇ ਗੁਰਮੀਤ ਦਾ ਫੋਨ ਆ ਜਾਵੇਗਾ। ਫਿਰ ਇੱਕ ਵਜੇ ਲੰਚ ਬਰੇਕ ਵੇਲੇ ਫੋਨ ਕਰੇਗਾ। ਮੈਂ ਕਿੰਨੀ ਵਾਰ ਕਿਹਾ ਹੈ ਕਿ ਮੇਰਾ ਐਨਾ ਫਿਕਰ ਨਾ ਕਰਿਆ ਕਰੇ, ਮੈਂ ਕੋਈ ਬੱਚੀ ਹਾਂ। ਜਿੰਨਾਂ ਜਿ਼ਆਦਾ ਉਹ ਮੇਰਾ ਖਿਆਲ ਰੱਖਦਾ ਹੈ, ਮੇਰੀ ਦੁਬਿਧਾ ਉਨੀਂ ਹੀ ਵਧਦੀ ਜਾਂਦੀ ਹੈ। ਲਗਦਾ ਹੈ ਜਿਵੇਂ ਮੇਰੇ ਅੰਦਰ---ਨਹੀਂ, ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਇਹ ਮੇਰੀ ਖੁਦਗ਼ਰਜੀ ਹੋਵੇਗੀ। ਜਸਵਿੰਦਰ ਨੇ ਕਿੰਨੀ ਕੁਰਬਾਨੀ ਕੀਤੀ ਹੈ। ਕੁਰਬਾਨੀ? ਮੇਰੇ ਅੰਦਰ ਪ੍ਰਸ਼ਨ ਉੱਠਦਾ ਹੈ। ਮੈਂ ਕੀ ਊਲ–ਜਲੂਲ ਸੋਚਣ ਲੱਗ ਪਈ ਹਾਂ। ਘੜੀ ਵੱਲ ਵੇਖਦੀ ਹਾਂ, ਦਸ ਵੱਜ ਕੇ ਦੋ ਮਿੰਟ ਹੋ ਗਏ ਹਨ। ਅੱਜ ਫੋਨ ਕਿਉਂ ਨਹੀਂ ਖੜਕਿਆ। ਪਰ ਮੈਂ ਕਿਉਂ ਉਡੀਕ ਕਰ ਰਹੀ ਹਾਂ? ਕਦੋਂ ਉਡੀਕ ਕਰਦੀ ਹਾਂ, ਇਹ ਤਾਂ ਉਂਝ ਹੀ ਦਿਮਾਗ ‘ਚ ਆ ਗਿਐ। ਸਗੋਂ ਫੋਨ ਨਾ ਹੀ ਆਵੇ। ਲਿਵਿੰਗ ਰੂਮ ਦੀ ਖਿੜਕੀ ਰਾਹੀਂ ਬਾਹਰ ਵੇਖਦੀ ਹਾਂ। ਕਿੰਨੀ ਚਮਕਦਾਰ ਧੁੱਪ ਹੈ! ਮੰਮੀ-ਡੈਡੀ ਐਨੀ ਧੁੱਪ ‘ਚ ਸੜਦੇ ਹੋਣਗੇ। ਘੜੀ ਵੱਲ ਫੇਰ ਨਜ਼ਰ ਮਾਰਦੀ ਹਾਂ। ਦਸ ਵੱਜ ਕੇ ਪੰਜ ਮਿੰਟ ਹੋ ਚੱਲੇ ਹਨ। ਫੋਨ ਦੀ ਰਿੰਗ ਹੁੰਦੀ ਹੈ, ਮੈਂ ਝਪਟ ਕੇ ਫੋਨ ਚੁੱਕ ਲੈਂਦੀ ਹਾਂ। ਚੁੰਮਣ ਦੀ ਆਵਾਜ਼ ਆਉਂਦੀ ਹੈ। 
“ਹਾਂ ਜੀ, ਪੀ ਲਈ ਚਾਹ ?” ਮੈਂ ਪੁੱਛਦੀ ਹਾਂ। 
“ਚਾਹ ਵੀ ਪੀ ਲਵਾਂਗਾ ਬਾਅਦ ‘ਚ, ਉਹਦੀ ਐਨੀ ਜ਼ਰੂਰਤ ਨਹੀਂ ਜਿੰਨੀ ਤੇਰੀ ਮਿੱਠੀ ਆਵਾਜ਼ ਸੁਨਣ ਦੀ।”
ਮੈਂ ਕਹਿਣਾ ਚਾਹੁੰਦੀ ਹਾਂ ਕਿ ਫਿਰ ਪੰਜ ਮਿੰਟ ਲੇਟ ਫੋਨ ਕਿਉਂ ਕੀਤਾ। ਪਰ ਮੂੰਹੋਂ ਨਿਕਲਦਾ ਹੈ, “ਅੱਛਾ।”
“ਹੋਰ ਜੀਅ ਲੱਗਿਆ ਹੋਇਐ? ਬੋਰ ਤਾਂ ਨਹੀਂ ਹੋ ਰਹੀ ?”
“ਨਹੀਂ ਠੀਕ ਹਾਂ,” ਮੈਂ ਹੌਲੀ ਜਿਹੀ ਆਵਾਜ਼ ‘ਚ ਆਖਦੀ ਹਾਂ। 
“ਕਿਵੇਂ ਤੇਰੀ ਆਵਾਜ਼ ਢਿੱਲੀ ਜਿਹੀ ਐ ਕਿਤੇ ਸਿਰ ਤਾਂ ਨਹੀਂ ਦੁੱਖਦਾ?”
“ਨਹੀਂ ਬੱਸ ਵਿਹਲੀ ਕਰਕੇ ਬੋਰ ਹੋ ਗਈ ਸੀ।”
“ਆਈ ਨੋ , ਵਿਹਲੇ ਦਿਹਾੜੀ ਕੱਢਣੀ ਔਖੀ ਐ। ਮੇਰਾ ਵੱਸ ਚੱਲੇ ਤਾਂ ਤੈਨੂੰ ਕਦੇ ਇੱਕਲੀ ਨਾ ਛੱਡਾਂ ਬੋਰ ਹੋਣ ਲਈ।”
“ਚੰਗਾ ਤੁਸੀਂ ਚਾਹ ਪੀ ਲਓ ਥੋਡੀ ਬਰੇਕ ਖਤਮ ਹੋਣ ਵਾਲੀ ਹੈ।”
“ਚਲ ਚੰਗਾ ਬਾਅਏ, ਆਈ ਲਵ ਯੂ,” ਚੁੰਮਣ ਦੇ ਕੇ ਉਸ ਫੋਨ ਰੱਖ ਦਿੱਤਾ। 
 ‘ਸਿਰ ਦੁਖਣ’ ਦਾ ਬਹਾਨਾ ਮੈਂ ਐਨੇ ਵਾਰ ਕਰ ਚੁੱਕੀ ਹਾਂ ਕਿ ਹੁਣ ਉਸਨੂੰ ਫਿਕਰ ਹੋ ਗਿਆ ਹੈ।  ਪਰਸੋਂ ਕਹਿੰਦਾ,“ ਤੇਰਾ ਐਨਾ ਸਿਰ ਦੁਖਦੈ, ਕਿਤੇ ਕੁਝ ਹੋਰ ਹੀ ਨਾ ਹੋਵੇ। ਚੱਲ ਡਾਕਟਰ ਦੇ ਚੱਲੀਏ।” ਮੈਂ ਮਸਾਂ ਮਨਾਇਆ ਕਿ ਡਾਕਟਰ ਦੀ ਲੋੜ ਨਹੀਂ। 
 ਸਕੂਲ ‘ਚ ਹਾਲੇ ਮਹੀਨਾ ਪਿਆ ਹੈ। ਕਹਿੰਦੇ ਸਤੰਬਰ ‘ਚ ਕਲਾਸਾਂ ਸ਼ੁਰੂ ਹੋਣਗੀਆਂ।  ਜੇ ਹੁਣ ਹੁੰਦੀਆਂ ਘੱਟੋ-ਘੱਟ ਦਿਹਾੜੀ ਤਾਂ ਸੁਖਾਲੀ ਨਿਕਲ ਜਾਇਆ ਕਰਦੀ। ਮਹੀਨੇ ਦਾ ਮੈਨੂੰ ਕੀ ਭਾਅ ਉਦੋਂ ਹੋਣ ਭਾਵੇਂ ਨਾ ਹੋਣ। ਮੇਰੇ ਅੰਦਰ ਇੱਕ ਚੀਸ ਜਿਹੀ ਉੱਠੀ ਹੈ। ਕੰਮ ‘ਤੇ ਵੀ ਨਹੀਂ ਜਾਣ ਦਿੰਦਾ। ਮੈਂ ਕਿੰਨੇ ਤਰਲੇ ਨਾਲ ਕਿਹਾ ਸੀ , “ਮੇਰੀ ਵਿਹਲੀ ਦੀ ਦਿਹਾੜੀ ਨਹੀਂ ਨਿਕਲਦੀ ਕੋਈ ਕੰਮ ਹੀ ਲੱਭ ਦਿਓ।”
“ਪਹਿਲਾਂ ਪੜ੍ਹ ਲੈ ਫੇਰ ਸਾਰੀ ਉਮਰ ਕੰਮ ਹੀ ਕਰਨਾ ਹੈ,” ਉਸ ਕਿਹਾ।
“ਜਦੋਂ ਸਕੂਲ ਟਾਈਮ ਆਊ ਦੇਖੀ ਜਾਊ। ਉੱਨੀਂ ਦੇਰ ਤਾਂ ਕੰਮ ਕਰਾਂ,” ਮੈਂ ਫਿਰ ਤਰਲਾ ਲਿਆ।
“ਮਹੀਨੇ ਪਿੱਛੇ ਕੀ ਕੰਮ ਲੱਭਾਂਗੇ। ਕੰਮ ਦਾ ਤੂੰ ਫਿਕਰ ਨਾ ਕਰ ਮੈਂ ਬਥੇਰਾ ਕਰ ਲਿਆ ਕਰੂੰ। ਤੂੰ ਬੱਸ ਡਟ ਕੇ ਪੜੀਂ। ਮੇਰੀ ਇੱਛਾ ਸੀ ਪੜ੍ਹਨ ਦੀ ਪਰ ਮੈਂ ਕੰਮਾਂ ‘ਚ ਉਲਝ ਗਿਆ। ਤੂੰ ਮਹੀਨਾ ਆਰਾਮ ਕਰ ਲੈ। ਫੇਰ ਤੈਨੂੰ ਵਿਹਲ ਕਿੱਥੇ ਮਿਲਣੀ ਐਂ,” ਉਸ ਦੀਆਂ ਉਂਗਲਾਂ ਮੇਰੇ ਕੇਸਾਂ ‘ਚ ਖੇਲ੍ਹ ਰਹੀਆਂ ਸਨ। ਮੇਰਾ ਦਿਲ ਕੀਤਾ ਕਿ ਆਖ ਦੇਵਾਂ, ‘ਨੀਂਦ ਆਉਂਦੀ ਹੈ’ ਪਰ ਮੈਂ ਇਸ ਤਰ੍ਹਾਂ ਨਾ ਆਖ ਸਕੀ ਤੇ ਜਿ਼ਦ ਕਰਕੇ  ਉਸਨੂੰ ਮੰਮੀ-ਡੈਡੀ ਨਾਲ ਬੇਰੀ ਤੋੜਨ ਜਾਣ ਲਈ ਮਨਾ ਲਿਆ। ਪਰ ਉਹ ਸਿਰਫ ਇੱਕ ਦਿਨ ਵਾਸਤੇ ਰਾਜ਼ੀ ਹੋਇਆ। 
 ਡੈਡੀ ਕਹਿੰਦੇ, “ਫਾਰਮ ਤਾਂ ਭਾਈ ਬੁੱਢੇ–ਠੇਰੇ ਜਾਂ ਅਨਪੜ੍ਹ ਲੋਕਾਂ ਵਾਸਤੇ ਐ, ਜਿੰਨਾਂ ਨੂੰ ਹੋਰ ਥਾਂ ਕੰਮ ਨਹੀਂ ਮਿਲਦੇ।” ਪਰ ਮੈਂ ਚਲੀ ਗਈ। ਸ਼ਾਮ ਤੱਕ ਥੱਕ ਕੇ ਚੂਰ ਹੋ ਗਈ। ਇੰਨਾਂ ਕੰਮ ਕਦੇ ਕੀਤਾ ਨਹੀਂ ਸੀ। ਪਰ ਮੇਰਾ ਅੰਦਰਲਾ ਖੁਸ਼ ਸੀ। ਮਾਨਸਿਕ ਤਸੱਲੀ ਹੋਈ ਕਿ ਘੱਟੋ-ਘੱਟ ਰੋਟੀ ਜੋਗੇ ਤਾਂ ਕਮਾ ਕੇ ਦਿੱਤੇ ਹਨ। ਨਹੀਂ ਤਾਂ ਜਦ ਵੀ ਖਿਆਲ ਆ ਜਾਂਦਾ ਕਿ ਮੈਂ ਇਨ੍ਹਾਂ ਤੋਂ ਕਿਸ ਖੁਨਾਮੀ ਦਾ ਬਦਲਾ ਲੈ ਰਹੀ ਹਾਂ ਤਾਂ ਮੇਰੇ ਅੰਦਰ ਗੁਨਾਹ ਦਾ ਅਹਿਸਾਸ ਜਾਗ ਪੈਂਦਾ ਹੈ। ਉਸ ਰਾਤ ਅਗਲੇ ਦਿਨ ਫਿਰ ਫਾਰਮ ‘ਚ ਜਾਣ ਦੀ ਜਿ਼ੱਦ ਕੀਤੀ ਪਰ ਗੁਰਮੀਤ ਨੇ ਦ੍ਰਿੜ੍ਹ ਆਵਾਜ਼ ‘ਚ ਆਖ ਦਿੱਤਾ, ‘ਨਹੀਂ,ਹੋਰ ਨਹੀਂ।” ਮੰਮੀ ਨੇ ਵੀ ਵਕਾਲਤ ਕੀਤੀ, “ ਚੱਲ ਜਾ ਲੈਣਦੇ, ਵੇਖ ਚੇਹਰਾ ਕਿਵੇਂ ਖਿੜਿਐ ਨਹੀਂ ਤਾਂ ਮੁਰਝਾਈ ਜਿਹੀ ਰਹਿੰਦੀ ਐ।” ਪਰ ਗੁਰਮੀਤ ਟੱਸ ਤੋਂ ਮੱਸ ਨਾ ਹੋਇਆ। ਮੈਨੂੰ ਮੰਮੀ ‘ਤੇ ਪਿਆਰ ਆਇਆ। ਪਿਆਰ ਮੈਨੂੰ ਦਿਨੇ ਵੀ ਆਇਆ ਸੀ ਜਦ ਧੁੱਪ ‘ਚ ਆਪ ਦੋਨੋ ਬੇਰੀ ਤੋੜਦੇ ਰਹੇ ਪਰ ਮੈਨੂੰ ਵਾਰ-ਵਾਰ ਆਖਦੇ, “ਥੱਕ ਜਾਵੇਂਗੀ, ਜਾਹ ਆਰਾਮ ਕਰ ਲੈ।” ਪਰ ਮੈਂ ਉਨ੍ਹਾਂ ਦੇ ਨਾਲ ਹੀ ਲੱਗੀ ਰਹੀ। ਸ਼ਾਮ ਪਈ ਤੋਂ ਮੈਂ ਆਖ ਹੀ ਦਿੱਤਾ, “ਐਨੀ ਔਖੀ ਕਮਾਈ ਕਰਦੇ ਹੋ, ਤੁਸੀਂ ਐਥੇ ਤੇ ਅਸੀਂ ੳੁੱਥੇ ਸੋਚਦੇ ਸੀ ਜਿਵੇਂ ਕਨੇਡਾ ‘ਚ ਦਰੱਖਤਾਂ ਨੂੰ ਡਾਲਰ ਲੱਗਦੇ ਹੋਣ।”
 ਹਾਂ ਉਸ ਦਿਨ ਤੋਂ ਬਾਅਦ ਇੱਕ ਗੱਲ ਜ਼ਰੂਰ ਹੋਈ ਕਿ ਮੈਂ ਸਵੇਰੇ ਉੱਠ ਕੇ ਮੰਮੀ-ਡੈਡੀ ਅਤੇ ਗੁਰਮੀਤ ਵਾਸਤੇ ਬਰੇਕਫਾਸਟ ਤੇ ਨਾਲ ਲਿਜਾਣ ਲਈ ਲੰਚ ਤਿਆਰ ਕਰਨ ਲੱਗ ਪਈ। ਪਹਿਲਾਂ ਮੈਂ ਦੇਰ ਤੱਕ ਪਈ ਰਹਿੰਦੀ ਸੀ। ਮੇਰੇ ਸੁੱਤਿਆਂ ਹੀ ਸਾਰੇ ਕੰਮ ‘ਤੇ ਚਲੇ ਜਾਂਦੇ। ਸੁੱਤੀ ਵੀ ਕਦੋਂ ਹੁੰਦੀ, ਘੇਸਲ ਮਾਰ ਕੇ ਪਈ ਰਹਿੰਦੀ। ਸੋਚਦੀ ਹੁੰਦੀ ਕਿ ਗੁਰਮੀਤ ਖਿਝੇਗਾ, ਫੇਰ ਸ਼ਾਇਦ ਮਾਰੇ ਕੁੱਟੇ ਵੀ। ਮੇਰਾ ਕੰਮ ਆਸਾਨ ਹੋ ਜਾਵੇਗਾ। ਜਸਵਿੰਦਰ ਦੀ ਭੂਆ ਨੇ ਦੱਸਿਆ ਸੀ ਇਹ ਗੁਰ ਮੈਨੂੰ। ਗੁਰਮੀਤ ਨੂੰ ਗੁੱਸਾ ਦਿਵਾਉਣ ਲਈ ਸਿਰ ਵਾਹ ਕੇ ਮੈਂ ਕੇਸ ਕੰਘੇ ‘ਚ ਛੱਡ ਦੇਣੇ, ਉਹ ਖਿਝ ਤਾਂ ਜਾਂਦਾ ਪਰ ਆਖਦਾ ਕੁਝ ਨਾ। ਸਾਰੀ ਦਿਹਾੜੀ ਬਿਸਤਰਾ ਇੱਕਠਾ ਹੀ ਨਾ ਕਰਨਾ, ਕੰਮ ਤੋਂ ਮੁੜੇ ਨੂੰ ਚਾਹ ਵੀ ਨਾ ਪੁੱਛਣੀ ਸਗੋਂ ਸਿਰ ਲਪੇਟ ਕੇ ਪੈ ਜਾਣਾਂ। ਉਹ ਕੰਮ ਤੋਂ ਆਕੇ ਦੋ ਪਿਆਲੀਆਂ ਚਾਹ ਦੀਆਂ ਬਣਾ ਕੇ ਬੈਡਰੂਮ ‘ਚ ਲੈ ਆਉਂਦਾ। ਆਪਣੇ ਵਾਲੀ ਪਿਆਲੀ ‘ਚੋਂ ਪਹਿਲਾਂ ਮੇਰੇ ਕੋਲੋਂ ਘੁੱਟ ਭਰਵਾਉਂਦਾ ਆਖਦਾ, “ਮਿੱਠੀ ਕਰਦੇ।” ਮੈਨੂੰ ਨਮੋਸ਼ੀ ਜਿਹੀ ਹੁੰਦੀ। ਫੇਰ ਮੈਂ ਉਸਨੂੰ ਕੰਮ ਤੋਂ ਮੁੜੇ ਨੂੰ ਚਾਹ ਬਣਾ ਦਿੰਦੀ। ਭੂਆ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਇਹ ਜੁਗਤਾਂ ਗੁਰਮੀਤ ‘ਤੇ ਨਹੀਂ ਚੱਲਣ ਵਾਲੀਆਂ। ਉਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਐ। ਭੂਆ ਕਹਿੰਦੀ, “ਤੂੰ ਜ਼ਰੂਰ ਕੁੱਟ ਖਾਣੀ ਐ। ਕਿਸੇ ਨੂੰ ਕੀ ਪਤੈ ਕਿ ਕੁੱਟਦਾ–ਮਾਰਦਾ ਹੈ ਵੀ ਕਿ ਨਹੀਂ। ਆਪਾਂ ਤਾਂ ਆਖ ਦੇਣੈ।” ਉਸ ਦਿਨ ਤੋਂ ਬਾਅਦ ਭੂਆ ਨੂੰ ਫੋਨ ਕਰਨ ਦਾ ਵੀ ਖਿਆਲ ਨਹੀਂ ਆਇਆ। ਚੱਲ ਅੱਜ ਕਰੂੰਗੀ। ਰਾਜ਼ੀ-ਖੁਸ਼ੀ ਪੁੱਛ ਲਵਾਂਗੀ। ਆਖ ਦੇਵਾਂਗੀ ਕਿ ਮਹੀਨਾ ਕੁ ਹੋਰ ਠਹਿਰ ਜਾਈਏ, ਪਾਪਾ ਨੇ ਕੱਲ੍ਹ ਫਿਰ ਫੋਨ ‘ਤੇ ਕਿਹਾ ਸੀ ਕਿ ਜਸਵਿੰਦਰ ਨੂੰ ਫੋਨ ਕਰਕੇ  ਆਖ ਦੇਵੇ ਧੀਰਜ ਰੱਖਣ ਲਈ। ਟਾਈਮ ਵੇਖਦੀ ਹਾਂ ਹਾਲੇ ਸਾਢੇ ਗਿਆਰਾਂ ਵੱਜੇ ਹਨ। ਟਰਾਂਟੋ ਹੋਣਗੇ ਢਾਈ ਵੱਜੇ। ਹਾਲੇ ਥੋੜਾ ਸਦੇਹਾਂ ਹੈ। ਭੂਆ ਕਹਿੰਦੀ ਸੀ ਕਿ ਟਰਾਂਟੋ ਦੇ ਛੇ ਕੁ ਵਜੇ ਫੋਨ ਕਰਿਆ ਕਰਾਂ। ਇੱਕ ਵਜੇ ਫਿਰ ਗੁਰਮੀਤ ਦਾ ਫੋਨ ਆ ਜਾਣਾ ਹੈ। ਉਸਨੇ ਫਿਰ ਮੇਰੇ ਵਿਚਾਰਾਂ ‘ਤੇ ਹਾਵੀ ਹੋ ਜਾਣਾ ਹੈ। ਇਹ ਮੈਨੂੰ ਕੀ ਹੋਈ ਜਾਂਦਾ ਹੈ। ਮੈਂ ਉੱਠ ਕੇ ਬੈੱਡਰੂਮ ‘ਚ ਜਾਂਦੀ ਹਾਂ। ਪੈਰ ਅਟੈਚੀ ਨਾਲ ਟਕਰਾ ਜਾਂਦਾ ਹੈ। ਇਹ ਅਟੈਚੀ ਵੀ ਵਿਚਾਲੇ ਅੜਿਆ ਪਿਆ ਹੈ। ਉਸ ਦਿਨ ਗੁਰਮੀਤ ਦਾ ਪੈਰ ਇਸ ਵਿੱਚ ਵੱਜਿਆ ਸੀ। ਕਹਿੰਦਾ, “ਇਹ ਅਟੈਚੀ ਤੇਰੇ ਕੱਪੜੇ ਆਪਣੇ ‘ਚ ਕੈਦ ਕਰੀ ਬੈਠਾ ਹੈ ਤੇ ਮੇਰੇ ਕੱਪੜੇ ਤੇਰੇ ਕੱਪੜਿਆਂ ਦੀ ਛੋਹ ਲਈ ਤਰਸੀ ਜਾਂਦੇ ਹਨ।” ਪਰ ਮੈਂ ਆਮ ਪਾਉਣ ਲਈ ਚਾਰ ਕੁ ਸੂਟ ਬਾਹਰ ਰੱਖੇ ਹੋਏ ਹਨ। ਸੋਚਦੀ ਹਾਂ ਕਿ ਕਿਉਂ ਖਿਲਾਰਾ ਪਾਵਾਂ, ਮਹੀਨੇ ਤੱਕ ਫੇਰ ਸਾਂਭਣੇ ਪੈਣਗੇ। ਇੱਕ ਜੀਅ ਕਰਦਾ ਹੈ ਕਿ ਅਟੈਚੀ ਖਾਲੀ ਕਰਾਂ ਐਵੇਂ ਪੈਰਾਂ ‘ਚ ਵੱਜਦਾ ਹੈ, ਜਦੋਂ ਮਹੀਨਾ ਆਊ ਦੇਖੀ ਜਾਊ। ਚੱਲ ਐਹ ਛੋਟਾ ਬੈਗ ਤਾਂ ਕਰਾਂ ਇੱਕ ਪਾਸੇ, ਜਿਸ ਦਿਨ ਦੇ ਵਿਕਟੋਰੀਆ ਤੋਂ ਮੁੜੇ ਹਾਂ ਉਸੇ ਤਰ੍ਹਾਂ ਹੀ ਪਿਆ ਹੈ। ਮੈਂ ਆਪਣੀ ਪੈਂਟ-ਸ਼ਰਟ ਬਾਹਰ ਕੱਢਦੀ ਹਾਂ। ਇਹ ਗੁਰਮੀਤ ਨੇ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਲਿਆ ਰੱਖੀ ਸੀ, ਨਾਲ ਇੱਕ ਨਾਇਟੀ। ਪਰ ਮੈਂ ਇਹ ਕੱਪੜੇ ਹਾਲੇ ਤੱਕ ਤਨ ਨੂੰ ਨਹੀਂ ਛੁਹਾਏ। ਗੁਰਮੀਤ ਦੇ ਕੱਪੜੇ ਕੱਢਕੇ ਹੈਂਗਰਾਂ ‘ਤੇ ਟੰਗ ਦਿੰਦੀ ਹਾਂ। ਆਪਣੀ ਪੈਂਟ-ਸ਼ਰਟ ‘ਤੇ ਨਾਇਟੀ ਵੀ ਉਸਦੇ ਕੱਪੜਿਆਂ ਦੇ ਨਾਲ ਹੀ ਟੰਗ ਦਿੰਦੀ ਹਾਂ। ਫਿਰ ਲਾਹ ਕੇ ਗੁੱਛਾ-ਮੁੱਛਾ ਕਰਕੇ ਕਲੌਜਿ਼ਟ ਦੇ ਕੋਨੇ ‘ਚ ਪਏ ਦੂਸਰੇ ਅਟੈਚੀ ਉੱਪਰ ਸੁੱਟ ਦਿੰਦੀ ਹਾਂ। ਫਿਰ ਚੁੱਕ ਕੇ ਗੁਰਮੀਤ ਦੇ ਕੱਪੜਿਆਂ ਤੋਂ ਅਲੱਗ ਹੈਂਗਰਾਂ ਉੱਪਰ ਟੰਗ ਦਿੰਦੀ ਹਾਂ।  ਬੈਗ ਵਿੱਚੋਂ ਇੱਕ ਡਾਇਰੀ ਨਿਕਲਦੀ ਹੈ। ਮੈਂ ਵੇਖਣ ਲੱਗਦੀ ਹਾਂ। ਪੰਜਾਬੀ ‘ਚ ਕਾਫੀ ਸਫ਼ੇ ਲਿਖੇ ਹੋਏ ਹਨ। ਉਸ ਰਾਤ ਵੀ ਉਹ ਲਿਖਦਾ ਰਿਹਾ ਸੀ। 
 ਮੇਰੇ ਵੈਨਕੂਵਰ ਪਹੁੰਚਣ ਤੋਂ ਦੂਸਰੇ ਦਿਨ ਹੀ ਉਹ ਮੈਨੂੰ ਲੈ ਕੇ ਵਿਕਟੋਰੀਆ ਚੱਲ ਪਿਆ ਸੀ। ਕਹਿੰਦਾ, “ਆਪਣਾ ਹਨੀਮੂਨ ਹੁਣ ਸ਼ੁਰੂ ਹੋਇਐ। ਇੰਡੀਆ ਤਾਂ ਤੇਰੀ ਸੰਗ ਹੀ ਨਹੀਂ ਸੀ ਲੱਥੀ।” ਮੈਂ ਆਪਣੇ ਬੁੱਲ੍ਹਾਂ ‘ਤੇ ਮੱਲੋ-ਜੋਰੀ ਮੁਸਕਰਾਹਟ ਲਿਆਈ ਸੀ। ਫੈਰੀ ‘ਚ ਉੱਪਰਲੇ ਡੈੱਕ ‘ਤੇ ਜਾਕੇ ਉਸ ਮੈਨੂੰ ਆਪਣੇ ਨਾਲ ਘੁੱਟ ਲਿਆ। 
“ਮੈਨੂੰ ਨਹੀਂ ਚੰਗਾ ਲੱਗਦਾ ਇੰਝ ਸਾਰਿਆਂ ਸਾਹਮਣੇ,” ਮੈਂ ਕਿਹਾ। 
“ਆਪਾਂ ਪਤੀ-ਪਤਨੀ ਆਂ।”
“ਫੇਰ ਵੀ।” ਮੇਰੀ ਆਵਾਜ਼ ਠੰਡੀ ਸੀ। ਉਸ ਮੈਨੂੰ ਛੱਡ ਦਿੱਤਾ। ਮੈਂ ਡੈੱਕ ਦੀ ਰੇਲਿੰਗ ਨੂੰ ਹੱਥ ਪਾ ਪਿੱਛੇ ਵੱਲ ਜਾਂਦੀਆਂ ਛੱਲਾਂ ਵੇਖਣ ਲੱਗੀ ---ਛੱਲਾਂ ਵਿੱਚ ਜਸਵਿੰਦਰ ਦਾ ਝਾਉਲਾ ਪਿਆ -------
 ----“ਇੱਧਰ ਇੰਟਰਵਿਊ ‘ਤੇ ਆਇਆ ਸੀ। ਸੋਚਿਆ ਮਿਲਦੇ ਚੱਲੀਏ ਨਹੀਂ ਤਾਂ ਭਰਜਾਈ ਗੁੱਸਾ ਕਰੇਗੀ ਕਿ ਉਹਦੇ ਪੇਕਿਆਂ ਦੇ ਨੇੜਿਓਂ ਮੁੜ ਗਿਆ।” ਜਸਵਿੰਦਰ ਸਤਿ ਸ੍ਰੀ ਆਕਾਲ ਬਲਾਉਣ ਤੋਂ ਬਾਅਦ ਜ਼ਰੂਰ ਕਹਿੰਦਾ। ਪਤਾ ਨਹੀਂ ਉਸ ਨੂੰ ਇੱਧਰ ਹੀ ਕਿਓਂ ਇੰਟਰਵਿਊ ਆਉਂਦੀਆਂ। ਉਹ ਹਸਾ-ਹਸਾ ਕੇ ਸਾਡੀਆਂ ਵੱਖੀਆਂ ਦੁਖਣ ਲਾ ਦਿੰਦਾ। ਅਸੀਂ ਉਸਨੂੰ ਉਡੀਕਦੇ ਰਹਿੰਦੇ। ਉਹ ਤਾਇਆ ਜੀ ਦੀ ਲੜਕੀ ਦਾ ਦਿਉਰ ਹੈ। ਇੱਕ ਦਿਨ ਤਾਇਆ ਜੀ ਪਾਪਾ ਨੂੰ ਕਹਿੰਦੇ, “ਕਿਓਂ ਨਾ ਆਪਾਂ ਸੁਖਜੀਤ ਦਾ ਰਿਸ਼ਤਾ ਜਸਵਿੰਦਰ ਨਾਲ ਕਰ ਦੇਈਏ। ਬੀ.ਏ.,ਬੀ. ਐੱਡ ਕੀਤੀ ਹੋਈ ਐ ਨੌਕਰੀ ਮਿਲ ਹੀ ਜਾਊ। ਨਾਲੇ ਦੇਖੇ –ਭਾਲੇ ਬੰਦੇ ਐ।”
 ਪਾਪਾ ਕਹਿੰਦੇ, “ਦੇਖ ਲਵਾਂਗੇ ਹਾਲੇ ਸੁਖਜੀਤ ਦੀ ਬੀ.ਏ. ਤਾਂ ਪੂਰੀ ਹੋ ਲੈਣ ਦੇਈਏ।” ਮੈਂ ਵੀ ਸੁਣਿਆ ਤੇ ਮੇਰੇ ਛੋਟੇ ਵੀਰ ਟੀਟੂ ਨੇ ਵੀ ਸੁਣ ਲਿਆ। ਉਸ ਮੇਰੀ ਛੇੜ ਹੀ ਪਾ ਦਿੱਤੀ। ਫਿਰ ਮੈਨੂੰ ਜਸਵਿੰਦਰ ਦੀ ਹੋਰ ਵੀ ਉਡੀਕ ਰਹਿਣ ਲੱਗੀ।  ਜਦ ਦੂਸਰੇ ਭੈਣ-ਭਰਾ ਉਸਦੀਆਂ ਗੱਲਾਂ ਤੋਂ ਹੱਸ ਰਹੇ ਹੁੰਦੇ, ਮੈਂ ਮਾਣ ਮਹਿਸੂਸ ਕਰਦੀ। ਜਸਵਿੰਦਰ ਦੀ ਯਾਦ ਨੇ ਮੇਰੇ ਅੰਦਰ ਹਲਚਲ ਮਚਾ ਦਿੱਤੀ। ਮੇਰਾ ਹੱਥ ਅਚੇਤ ਹੀ ਗੁਰਮੀਤ ਦੇ ਹੱਥ ਉੱਪਰ ਟਿਕ ਗਿਆ। ਮੈਨੂੰ ਜਿਵੇਂ ਝਟਕਾ ਵੱਜਾ ਹੋਵੇ। ਮੈਂ ਉਸ ਵੱਲ ਵੇਖਿਆ। ਉਹ ਇੱਕ ਟੱਕ ਮੇਰੇ ਵੱਲ ਵੇਖ ਰਿਹਾ ਸੀ। “ਕੀ ਵੇਖ ਰਹੇ ਸੀ?” ਮੈਨੂੰ ਲੱਗਾ ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ। 
“ਕਿੰਨੇ ਮਹੀਨਿਆਂ ਬਾਅਦ ਮਿਲੀ ਐਂ, ਸੋਚਿਆ ਰੱਜ ਕੇ ਵੇਖ ਤਾਂ ਲਵਾਂ,” ਉਸ ਜਵਾਬ ਦਿੱਤਾ। 
 ਇਸੇ ਤਰ੍ਹਾਂ ਇਹ ਪਿਛਲੀ ਸ਼ਾਮ ਏਅਰਪੋਰਟ ‘ਤੇ ਫੁੱਲਾਂ ਦਾ ਗੁਲਦਸਤਾ ਫੜਾ ਮੇਰਾ ਮੱਥਾ ਚੁੰਮ ਕੇ ਇੱਕ ਟੱਕ ਮੇਰੇ ਵੱਲ ਵੇਖਦਾ ਰਿਹਾ ਸੀ। ਮੇਰੀਆਂ ਪਲਕਾਂ ਝੁਕ ਗਈਆਂ ਸਨ। ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਇਹ ਇਕੱਲਾ ਏਅਰਪੋਰਟ ਤੇ ਆਵੇਗਾ। ਜਦ ਮੈਂ ਮੰਮੀ-ਡੈਡੀ ਹੋਰਾਂ ਬਾਰੇ ਪੁੱਛਿਆ ਤਾਂ ਕਹਿੰਦਾ, “ਉਨ੍ਹਾਂ ਦੀ ਹਾਜ਼ਰੀ ‘ਚ ਮੈਂ ਤੈਨੂੰ ਸੰਵਾਰ ਕੇ ਮਿਲ ਨਹੀਂ ਸੀ ਸਕਦਾ, ਇਸ ਕਰਕੇ ਇਕੱਲਾ ਆਇਐਂ।” ਘਰ ਪਹੁੰਚਣ ਤੇ ਮੰਮੀ ਨੇ ਤੇਲ ਚੋਇਆ, ‘ਅਜ ਦਾ ਦਿਨ ਮੈਂ ਮਸਾਂ ਲਿਆ---’ ਉਸ ਗੀਤ ਦੀ ਹੇਕ ਕੱਢੀ। ਕਿੰਨੇ ਹੀ ਰਿਸ਼ਤੇਦਾਰ ਇਕੱਠੇ ਹੋਏ ਹੋਏ ਸਨ। ਵਿਆਹ ਵਰਗਾ ਮਾਹੌਲ ਬਣਾਈ ਬੈਠੇ ਸਨ। ਤਿੰਨ-ਚਾਰ ਜਣੇ ਦਸ ਕੁ ਮਿੰਟਾਂ ਬਾਅਦ ਉੱਠ ਕੇ ਜਾਣ ਲੱਗੇ ਇੱਕ ਗੁਰਮੀਤ ਨੂੰ ਕਹਿੰਦਾ, “ਸਪੈਸ਼ਲ ਪਾਰਟੀ ਤਾਂ ਤੈਥੋਂ ਕੰਮ ‘ਤੇ ਲਵਾਂਗੇ ਅੱਜ ਤਾਂ ਅਸੀਂ ਦਰਸ਼ਨ ਕਰਨ ਆਏ ਸੀ ਕਿ ਐਹੋ ਜੀ ਕਿਹੜੀ ਕੁੜੀ ਐ ਜੀਹਦੇ ਚਾਅ ‘ਚ ਤੂੰ ਉਡਿਆ ਫਿਰਦੈਂ।”
 
“ਇੰਡੀਆ ਦੀ ਯਾਦ ਆਉਂਦੀ ਹੋਣੀ ਏ। ਆਈ ਨੋ ਇਹ ਟਫ ਐ ਸਾਰਿਆਂ ਤੋਂ ਵਿੱਛੜਣਾ,” ਗੁਰਮੀਤ ਨੇ ਮੈਨੂੰ ਚੁੱਪ-ਚੁੱਪ ਵੇਖ ਕੇ ਕਿਹਾ।
 ‘ਮੇਰੀ ਇਸ ਨਾਲ ਕੀ ਦੁਸ਼ਮਣੀ ਹੈ,’ ਮੇਰੇ ਅੰਦਰ ਖਿਆਲ ਆਇਆ। ‘ਕਿੰਨਾ ਚੰਗਾ ਹੁੰਦਾ ਜੇ ਮੈਂ ਜਸਵਿੰਦਰ ਦੀ ਗੱਲ ਮੰਨ ਕੇ ਸਿੱਧਾ ਉਸਦੀ ਭੂਆ ਕੋਲ ਚਲੀ ਜਾਂਦੀ’। ਮੈਨੂੰ ਗਲਤੀ ਦਾ ਅਹਿਸਾਸ ਹੋਇਆ। ਫਿਰ ਪਾਪਾ ਸਾਹਮਣੇ ਆਣ ਖਲੋਤੇ। 
“ਕੌਫੀ ਲਿਆਵਾਂ?”ਗੁਰਮੀਤ ਨੇ ਪੁੱਛਿਆ। 
“ਚਲੋ ਮੈਂ ਵੀ ਤੁਹਾਡੇ ਨਾਲ ਚਲਦੀ ਹਾਂ।” ਕੌਫੀ ਲੈ ਕੇ ਅਸੀਂ ਫਿਰ ਬਾਹਰ ਆ ਗਏ। ਘੁੱਟ ਭਰ ਕੇ ਗੁਰਮੀਤ ਕਹਿੰਦਾ,“ਮੇਰੇ ਵਾਲੀ ਤਾਂ ਕੌੜੀ ਐ।” ਜਦ ਮੈਂ ਆਪਣੇ ਕੱਪ ‘ਚੋਂ ਘੁੱਟ ਭਰ ਲਈ ਤਾਂ ਕਹਿਣ ਲੱਗਾ,“ਲਿਆ ਆਪਣੇ ਵਾਲੀ ਦੇ ਮੈਨੂੰ।” ਮੇਰੇ ਵਾਲੇ ਕੱਪ ‘ਚੋਂ ਘੁੱਟ ਭਰਕੇ ਕਹਿੰਦਾ,“ਤੇਰੇ ਵਾਲੀ ਤਾਂ ਕਿੰਨੀ ਮਿੱਠੀ ਐ ਮੈਨੂੰ ਇਹ ਪੀ ਲੈਣਦੇ ਤੂੰ ਮੇਰੇ ਵਾਲੀ ਪੀ ਲੈ।” ਮੈਂ ਹਾਲੇ ਉਸ ਵਾਲੇ ਕੱਪ ‘ਚੋਂ ਘੁੱਟ ਭਰੀ ਹੀ ਸੀ ਉਸ ਝੱਟ ਪੁੱਛ ਲਿਆ, “ਕਿਵੇਂ ਐ ਕੌੜੀ ਕਿ ਮਿੱਠੀ?”
“ਮਿੱਠੀ,”ਮੈਂ ਐਵੇਂ ਹੀ ਆਖ ਦਿੱਤਾ। ਉਸ ਦੀਆਂ ਅੱਖਾਂ ਚਮਕ ਪਈਆਂ। ਫੇਰ ਅਸੀਂ ਰਾਹ ‘ਚ ਆਉਂਦੇ ਟਾਪੂਆਂ ਵੱਲ ਵੇਖਣ ਲੱਗੇ। ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ। ਮੈਂ ਉਸਦਾ ਸਾਥ ਦੇਣ ਲਈ ਹਾਂ ‘ਚ ਹਾਂ ਮਿਲਾਉਂਦੀ ਰਹੀ। ਮੈਨੂੰ ਉਹ ਬੱਚਿਆਂ ਵਰਗਾ ਲੱਗਾ। ਜਾਪਿਆ ਜਿਵੇਂ ਮੇਰੇ ਅੰਦਰ ਜੰਮੀ ਬਰਫ਼ ਨੂੰ ਕੁਝ ਸੇਕ ਪਹੁੰਚਿਆ ਹੋਵੇ। ਪਰ ਜਸਵਿੰਦਰ ਮੇਰੇ ਸਾਹਮਣੇ ਫਿਰ ਆਣ ਖਲੋਤਾ। ਮੈਂ ਡਰ ਗਈ ਕਿ ਅੰਦਰਲੀ ਬਰਫ਼ ਪਿਘਲ ਨਾ ਜਾਵੇ।  ਇਸ ਕਰਕੇ ਹੋਟਲ ‘ਚ ਪਹੁੰਚਣ ਸਾਰ ਜਦ ਗੁਰਮੀਤ ਨੇ ਕਿਹਾ, “ਚੱਲ ਨਹਾ ਲੈ, ਫ੍ਰੈਸ਼ ਹੋ ਜਾਵੇਂਗੀ, ਫਿਰ ਆਪਾਂ ਬਾਹਰ ਤੁਰ –ਫਿਰ ਆਵਾਂਗੇ।” ਮੈਂ ਬਹਾਨਾ ਮਾਰ ਦਿੱਤਾ, “ਮੈਨੂੰ ਤਾਂ ਚੱਕਰ ਆ ਰਹੇ ਹਨ, ਸਿਰ ਪਾਟਣ-ਪਾਟਣ ਕਰਦੈ। ਲੱਗਦੈ ਜਿਵੇਂ ਰਾਹ ਦੀ ਬੇਅਰਾਮੀ ਕਰਕੇ ਹੈ।”
“ਚੱਲ ਆਪਾਂ ਕਿਸੇ ਡਾਕਟਰ ਕੋਲ ਚਲਦੇ ਹਾਂ,” ਉਹ ਫਿਕਰਮੰਦ ਦਿਸਿਆ। 
“ਨਹੀਂ-ਨਹੀਂ ਸੌਣ ਨਾਲ ਠੀਕ ਹੋ ਜਾਊ।”
“ਲਿਆ ਮੈਂ ਤੇਰਾ ਸਿਰ ਘੁੱਟ ਦਿਆਂ,” ਉਸ ਪਿਆਰ ਜਿਹੇ ਨਾਲ ਮੇਰਾ ਸਿਰ ਆਪਣੇ ਹੱਥਾਂ ‘ਚ ਲੈ ਲਿਆ। ਮੈਂ ਕਹਿਣਾ ਚਾਹੁੰਦੀ ਸੀ, ‘ਵੈਰੀਆ ਤੈਥੋਂ ਦੂਰ ਭੱਜਣ ਲਈ ਤਾਂ ਮੈਂ ਬਹਾਨੇ ਬਣਾ ਰਹੀ ਹਾਂ ਤੇ ਤੂੰ ਨੇੜੇ ਹੋ ਹੋ ਬਹਿਨੈ’|  ਪਰ ਮੈਂ ਆਖਿਆ, “ਨਾ ਪਲੀਜ਼।”
 ਉਹ ਬੁਝ ਜਿਹਾ ਗਿਆ। ਫਿਰ ਕਹਿੰਦਾ, “ਚੱਲ ਕੁਝ ਖਾ ਆਈਏ ਫੇਰ ਆਕੇ ਸੌਂ ਜਾਵੀਂ।”
“ਨਹੀਂ ਨਹੀਂ ਮੈਨੂੰ ਭੁੱਖ ਨਹੀਂ, ਤੁਸੀਂ ਖਾ ਆਓ। ਮੈਂ ਸੇਬ ਖਾ ਲਵਾਂਗੀ।” ਮੈਂ ਨਾਲ ਲਿਆਂਦੇ ਲਿਫਾਫੇ ਵੱਲ ਇਸ਼ਾਰਾ ਕਰਕੇ ਕਿਹਾ। ਉਹ ਸੇਬ ਕੱਟ ਕੇ ਮੈਨੂੰ ਖਵਾਉਣ ਲੱਗਾ। ਉਸ ਆਪ ਦੋ ਕੇਲੇ ਖਾ ਲਏ। ਫੇਰ ਉਹ ਮੇਰੇ ਨਾਲ ਹੀ ਬੈੱਡ ਤੇ ਲੇਟ ਗਿਆ। ਉਸਦਾ ਹੱਥ ਮੇਰੇ ਸਰੀਰ ‘ਤੇ ਫਿਰਨ ਲੱਗਾ। ਜਸਵਿੰਦਰ ਦਾ ਚੇਹਰਾ ਅੱਖਾਂ ਮੂਹਰੇ ਆ ਗਿਆ। ਸਰੀਰ ‘ਤੇ ਗੁਰਮੀਤ ਦਾ ਫਿਰਦਾ ਹੱਥ ਲੱਗਾ ਜਿਵੇਂ ਨਾਗ ਮ੍ਹੇਲ ਰਿਹਾ ਹੋਵੇ। ਮੈਂ ਡਰ ਕੇ ਅੱਖਾਂ ਖੋਲ੍ਹ ਲਈਆਂ। ਗੁਰਮੀਤ ਮੇਰੀਆਂ ਅੱਖਾਂ ਸਾਹਮਣੇ ਸੀ। ਅੱਖਾਂ ਮੀਚਦੀ ਤਾਂ ਜਸਵਿੰਦਰ ਦਿਸਦਾ, ਖੋਹਲਦੀ ਤਾਂ ਗੁਰਮੀਤ ਦਾ ਭੋਲਾ ਚੇਹਰਾ ਸਾਹਮਣੇ ਹੁੰਦਾ। ਅੰਦਰ ਚੱਲ ਰਹੀ ਕਸ਼ਮਕਸ਼ ਦੀ ਪੀੜ ਅੱਖਾਂ ਰਾਹੀਂ ਵਹਿ ਤੁਰੀ। ਗੁਰਮੀਤ ਬੈੱਡ ਤੋਂ ਉੱਠ ਖਲੋਤਾ।  ਕਹਿੰਦਾ, “ਹੁਣ ਤੂੰ ਆਰਾਮ ਨਾਲ ਸੌਂ ਕੱਲ੍ਹ ਨੂੰ ਘੁੰਮ-ਫਿਰ ਲਵਾਂਗੇ।”
 ਉਹ ਕੁਝ ਲਿਖਣ ਲੱਗਾ ਅਤੇ ਮੈਂ ਜਸਵਿੰਦਰ ਬਾਰੇ ਸੋਚਣ ਲੱਗੀ। ਜਦ ਉਹ ਆ ਜਾਂਦਾ ਮੈਂ ਉੱਡੀ ਫਿਰਦੀ। ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦੀ ਕਿ ਜਿਸਨੂੰ ਚਾਹੁੰਦੀ ਹਾਂ, ਉਸ ਨਾਲ ਹੀ ਵਿਆਹ ਹੋਵੇਗਾ। ਪਰ ਇੱਕ ਦਿਨ ਉਹ ਕਹਿੰਦਾ, “ਆਪਣੇ ਕਰਮਾਂ ‘ਚ ਤਾਂ ਫੌਰਨ ਦੀ ਧਰਤੀ ਐ।”
“ਜੇ ਜਨਾਬ ਫੋਰਨ ਚਲੇ ਗਏ ਤਾਂ ਸਾਡਾ ਗਰੀਬਾਂ ਦਾ ਕੀ ਬਣੇਗਾ,” ਮੈਂ ਛੇੜਿਆ।
“ਅਸੀਂ ਆਪਣੀ ਗਰੀਬਣੀ ਨੂੰ ਵੀ ਨਾਲ ਲੈ ਜਾਵਾਂਗੇ।”
“ਗਰੀਬਣੀ ਨੂੰ ਕਿਵੇਂ ਲੈ ਜਾਓਂਗੇ ਜਨਾਬ। ਜੇ ਗਏ ਤਾਂ ਮੈਰਿਜ ਬੇਸ ਤੇ ਜਾਓਗੇ ਕਿ ਕੋਈ ਹੋਰ ਤਰੀਕਾ ਲੱਭਿਐ ਮੇਰੀ ਸਰਕਾਰ ਨੇ,” ਮੈਂ ਉਸੇ ਦੀ ਮਜ਼ਾਕ ਵਾਲੀ ਭਾਸ਼ਾ ‘ਚ ਕਿਹਾ।
“ਤਰੀਕੇ ਦੀ ਭਾਲ ਹਾਲੇ ਜਾਰੀ ਹੈ। ਮੈਰਿਜ ਬੇਸ ਮਿਲ ਗਿਆ ਛੱਡਣਾ ਉਹ ਵੀ ਨਹੀਂ। ਉੱਥੇ ਪਹੁੰਚਕੇ ਤੂੰ ਕੌਣ ਤੇ ਮੈਂ ਕੌਣ ਤੇ ਆਪਾਂ ਆਪਣੀ ਗਰੀਬਣੀ ਨੂੰ ਸੱਦ ਲੈਣਾ ਏ,” ਉਸ ਮੇਰੇ ਚੇਹਰੇ ਤੇ ਅੱਖਾਂ ਗੱਡ ਕੇ ਕਿਹਾ। 
 “ਕਿਸੇ ਦੀ ਜਿੰ਼ਦਗੀ ਨਾਲ ਖਿਲਵਾੜ ਕਰੋਂਗੇ?”
 “ਐਵਰੀ ਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ,” ਆਖ ਕੇ ਉਹ ਹੱਸਿਆ।
 ਫੇਰ ਮੈਨੂੰ ਪਤਾ ਲੱਗਾ ਕਿ ਉਹ ਜਰਮਨੀ ਜਾਣ ਦੀ ਸਕੀਮ ਬਣਾ ਰਿਹਾ ਹੈ। ਮੈਂ ਪੁੱਛਿਆ ਤਾਂ ਕਹਿੰਦਾ, “ਕੁਛ ਤਾਂ ਕਰਨਾ ਹੀ ਪਊ ,ਨਹੀਂ ਤਾਂ ਸਾਰੀ ਉਮਰ ਭੁੱਖ-ਨੰਗ ਨਾਲ ਘੁਲਦੇ ਮਰ ਜਾਵਾਂਗੇ। ਤੂੰ ਫਿਕਰ ਨਾ ਕਰ। ਜੇ ਸੂਤ ਆ ਗਿਆ ਤਾਂ ਤੈਨੂੰ ਉੱਥੇ ਹੀ ਸੱਦ ਲਊਂ ਜੇ ਨਾ ਆਇਆ ਕੁਛ ਕਮਾ ਕੇ ਤਾਂ ਲਿਆਵਾਂਗਾ ਹੀ। ਨਾਲੇ ਉਦੋਂ ਤੱਕ ਤੂੰ ਐਮ.ਏ.ਜਾਂ ਬੀ.ਐਡ ਕਰ ਲਵੇਂਗੀ।”
 “ਮੈਨੂੰ ਨਹੀਂ ਚੰਗੀ ਲੱਗੀ ਥੋਡੀ ਸਕੀਮ। ਘੱਟ ਖਾ ਲਵਾਂਗੇ। ਨਾਲੇ ਕਦੇ ਤਾਂ ਨੌਕਰੀ ਮਿਲੇਗੀ ਹੀ,” ਮੈਂ ਵਿਰੋਧ ਕੀਤਾ। 
ਪਰ ਉਹ ਕਹਿੰਦਾ,“ਮੈਂ ਆਪਣੇ ਚੰਗੇ ਫਿਊਚਰ ਬਾਰੇ ਸੋਚ ਕੇ ਹੀ ਕਰ ਰਿਹਾ ਹਾਂ।” ਤੇ ਉਹ ਚਲਿਆ ਗਿਆ। ਮਹੀਨੇ ਕੁ ਬਾਅਦ ਦਿੱਲੀ-ਬੰਬਈ ਦੇ ਚੱਕਰ ਲਾਕੇ ਮੁੜ ਆਇਆ। ਮੈਂ ਸ਼ੁਕਰ ਕੀਤਾ। ਉਹ ਬਹੁਤ ਮਾਯੂਸ ਸੀ। ਏਜੰਟ ਉਸ ਨੂੰ ਧੋਖਾ ਦੇ ਗਿਆ ਸੀ। 
 
ਮੈਂ ਪਾਸਾ ਪਲਟਿਆ। ਗੁਰਮੀਤ ਕੁਝ ਼ਿਲਖਣ ‘ਚ ਰੁਝਿਆ ਹੋਇਆ ਸੀ। ‘ਮੈਂ ਵੀ ਤਾਂ ਗੁਰਮੀਤ ਨਾਲ ਧੋਖਾ ਹੀ ਕਰ ਰਹੀ ਹਾਂ,’ ਮੈਨੂੰ ਖਿਆਲ ਆਇਆ। ਕਿੰਨੇ ਚਾਵਾਂ ਨਾਲ ਮੈਨੂੰ ਲੈਕੇ ਆਇਐ। ਹੋਟਲ ਦਾ ਖਰਚ ਵੱਖ। ਮੈਨੂੰ ਇਸ ਤਰ੍ਹਾਂ ਬਹਾਨਾ ਨਹੀਂ ਸੀ ਕਰਨਾ ਚਾਹੀਦਾ। ਪਰ ਮੈਂ ਕੀ ਕਰਦੀ। ਮੈਨੂੰ ਆਪਣਾ ਆਪ ਜਸਵਿੰਦਰ ਦਾ ਗੁਨਾਹਗਾਰ ਲੱਗਣ ਲੱਗ ਪਿਆ ਸੀ। ਤੇ ਹੁਣ ਗੁਰਮੀਤ ਦਾ। ਮੈਂ ਕਿੱਥੇ ਉਲਝ ਗਈ। ਮੇਰੇ ਸਿਰ ‘ਚ ਸੱਚ ਹੀ ਦਰਦ ਹੋਣ ਲੱਗਾ। ਜੀਅ ਕੀਤਾ ਕਿ ੳੁੱਚੀ-ਉੱਚੀ ਰੋਵਾਂ। ਪਰ ਗੁਰਮੀਤ ਕੁਝ ਲਿਖਣ ‘ਚ ਮਸਤ ਸੀ। 
 
ਮੇਰਾ ਧਿਆਨ ਹੱਥ ‘ਚ ਫੜੀ ਡਾਇਰੀ ਵੱਲ ਜਾਂਦਾ ਹੈ। ਖਾਲੀ ਹੋਇਆ ਛੋਟਾ ਬੈਗ ਕਲੌਜਿ਼ਟ ‘ਚ ਰੱਖਕੇ ਮੈਂ ਬੈਡ ‘ਤੇ ਲੇਟ ਜਾਂਦੀ ਹਾਂ ਅਤੇ ਡਾਇਰੀ ਦੇ ਵਰਕੇ ਫਰੋਲਣ ਲੱਗਦੀ ਹਾਂ। ‘ਹਨੀਮੂਨ’ ਸਿਰਲੇਖ ਵਾਲਾ ਸਫ਼ਾ ਪੜ੍ਹਨ ਲੱਗਦੀ ਹਾਂ। 
  ਸੋਚਿਆ ਵੀ ਨਹੀਂ ਸੀ ਕਿ ਹਨੀਮੂਨ ਵੇਲੇ ਵੀ ਮੈਂ ਡਾਇਰੀ ਲਿਖਾਂਗਾ। ਮੈਂ ਕਿੱਡੀ ਗਲਤੀ ਕਰ ਬੈਠਾ ਹਾਂ। ਇਹ ਵੀ ਨਹੀਂ ਸੋਚਿਆ ਕਿ ਜਹਾਜ਼ ਦੀ ਥਕਾਵਟ ਤੇ ਉਨੀਂਦਰੇ ਕਾਰਣ ਉਸਨੂੰ ਦੋ ਕੁ ਦਿਨ ਆਰਾਮ ਕਰ ਲੈਣ ਦੇਣਾ ਚਾਹੀਦਾ ਸੀ। ਪਰ ਕੀ ਕਰਾਂ? ਇੰਡੀਆ ਇਹਦੇ ਸ਼ਰਮਾਉਣ ‘ਚ ਹੀ ਟਾਈਮ ਲੰਘ ਗਿਆ। ਸੋਚਦਾ ਸੀ ਕਿ ਘਰ ‘ਚ ਵੀ ਮੰਮੀ–ਡੈਡੀ ਦੀ ਹੋਂਦ ਕਰਕੇ ਖੁੱਲ੍ਹੇਗੀ ਨਹੀਂ। ਮੈਂ ਉਸ ਨਾਲ ਵਿਛੋੜੇ ਸਮੇਂ ਦੇ ਵੇਖੇ ਸੁਪਨੇ ਛੇਤੀ ਪੂਰੇ ਕਰਨਾ ਚਾਹੁੰਦਾ ਸੀ। ਸੁੱਖੀ ਨੂੰ ਜਿਹੜੇ ਕੱਪੜਿਆਂ ‘ਚ ਸੁਪਨਿਆਂ ‘ਚ ਚਿਤਵਦਾ ਸੀ ਉਹ ਮੈਂ ਪਹਿਲਾਂ ਹੀ ਖ੍ਰੀਦ ਰੱਖੇ ਹਨ। ਸੋਚਿਆ ਸੀ, ਜਦ ਉਹ ਨਹਾਉਣ ਲੱਗੇਗੀ ਬੈਗ ‘ਚੋਂ ਕੱਪੜੇ ਕੱਢ ਕੇ ਉਸਨੂੰ ਕਹਾਂਗਾ ਕਿ ਆਹ ਪਾ। ਫੇਰ ਉਸ ਨਾਲ ਬਾਹਰ ਘੁੰਮਣ ਜਾਵਾਂਗਾ। ਚੰਨ ਚਾਨਣੀ ਰਾਤ ਝੀਲ ਕਿਨਾਰੇ ਇੱਕ-ਦੂਜੇ ਦਾ ਹੱਥ ਫੜ ਤੁਰਾਂਗੇ। ਫੇਰ ਮੈਂ ਸੁੱਖੀ ਦਾ ਚੇਹਰਾ ਆਪਣੇ ਹੱਥਾਂ ‘ਚ ਲੈ ਕੇ ਆਖਾਂਗਾ ,‘ਅਸਮਾਨ ਵਾਲੇ ਚੰਨ ਨਾਲੋਂ ਇਹ ਚੰਨ ਵਧੇਰੇ ਖੁਬਸੂਰਤ ਹੈ’---। 
 ਪੜ੍ਹ ਕੇ ਮੈਂ ਰੁਮਾਂਟਿਕ ਹੋਣ ਲੱਗਦੀ ਹਾਂ। ਝੱਲਾ ਹੈ ਇਹ। ਨਹੀਂ ਮੈਂ ਮੂਰਖ ਹਾਂ, ਜਿਸਨੇ ਵਿਚਾਰੇ ਦਾ ਸਾਰਾ ਪ੍ਰੋਗਰਾਮ ਹੀ ਚੌਪਟ ਕਰ ਦਿੱਤਾ। ਨਹੀਂ-ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਕਿੰਨੀ ਸਵਾਰਥੀ ਹੋ ਗਈ ਹਾਂ। ਮੈਂ ਅੱਗੇ ਪੜ੍ਹਨ ਲੱਗਦੀ ਹਾਂ। 
---ਪਰ ਸੁੱਖੀ ਦੀ ਤਬੀਅਤ ਖਰਾਬ ਹੈ। ਕੋਈ ਨੀ ਸਾਰੀ ਉਮਰ ਪਈ ਹੈ ਸੁਪਨੇ ਪੂਰੇ ਕਰਨ ਲਈ। ਵਿਚਾਰੀ ਕਿਵੇਂ ਪਈ ਹੈ ਗੁੱਛਾ-ਮੁੱਛਾ ਹੋਈ। ਜੀਅ ਕਰਦਾ ਹੈ ਕਿ ਆਪਣੀ ਗੋਦੀ ‘ਚ ਉਸਦਾ ਸਿਰ ਰੱਖਕੇ ਘੁੱਟਾਂ। ਪਰ ਉਸਦੀ ਨੀਂਦ ਖਰਾਬ ਹੋਵੇਗੀ। ਕਿੰਨੀ ਪਿਆਰੀ ਹੈ ਮੇਰੀ ਸੁੱਖੀ। ਇਸ ਦੀ ਹੋਂਦ ਦਾ ਅਹਿਸਾਸ ਹੀ ਮੈਨੂੰ ਨਸਿ਼ਆ ਰਿਹਾ ਹੈ। --- 
 
ਮੇਰੇ ਅੰਦਰੋਂ ਹਾਉਕਾ ਨਿਕਲਦਾ ਹੈ। ਸਾਹਮਣੀ ਕੰਧ ਉੱਪਰ ਲੱਗੀ ਮੇਰੀ ਤਸਵੀਰ ‘ਚ ਮੈਂ ਮੁਸਕਰਾ ਰਹੀ ਹਾਂ। ਜਿਵੇਂ ਮੈਂ ਆਪਣੇ ਆਪ ‘ਤੇ ਹੱਸ ਰਹੀ ਹੋਵਾਂ। ਇਹ ਤਸਵੀਰ ਪਾਪਾ ਨੇ ਵਿਆਹ ਤੋਂ ਪਹਿਲਾਂ ਭੇਜੀ ਸੀ, ਜਿਸਨੂੰ ਗੁਰਮੀਤ ਨੇ ਵੱਡੀ ਕਰਾ ਕੇ ਬੈੱਡ ਦੇ ਸਾਹਮਣੀ ਕੰਧ ਉੱਪਰ ਲਗਾ ਦਿੱਤਾ। ਇਸੇ ਆਕਾਰ ਦੀਆਂ ਮੇਰੀਆਂ ਹੋਰ ਵੀ ਤਸਵੀਰਾਂ ਲਾਈ ਬੈਠੈ। ਇੱਕ ਤਸਵੀਰ ਹੈ ਜਿਹੜੀ ਮੇਰੀ ਤੇ ਗੁਰਮੀਤ ਦੀ ਇਕੱਠਿਆਂ ਦੀ ਹੈ ਵਿਆਹ ਵੇਲੇ ਦੀ। ਮੈਂ ਤਸਵੀਰਾਂ ਤੋਂ ਨਿਗ੍ਹਾ ਹਟਾ ਡਾਇਰੀ ਦੇ ਸਫ਼ੇ ਪਲਟਦੀ ਹਾਂ। ‘ਵਿਆਹ ਲਈ ਹਾਂ’ ਸਿਰਲੇਖ ਵਾਲਾ ਸਫ਼ਾ ਪੜ੍ਹਨ ਲੱਗਦੀ ਹਾਂ।  
-- ਮੈਂ ਤਾਂ ਗੁਆਚ ਗਿਆ ਸੀ। ਪਹਿਲਾਂ ਮੈਂ ਲੱਗਦੀਆਂ ਆਰਾਂ ‘ਚ ਗੁਆਚਿਆ ਸੀ। ਕਨੇਡਾ ‘ਚ  ਮੰਮੀ-ਡੈਡੀ ਨਾਲ ਭੈਣ ਕੋਲ ਆਇਆ ਹੋਣ ਕਰਕੇ ਆਰਾਂ ਦਾ ਜਿਹੜਾ ਮਤਲਬ ਮੇੈਨੂੰ ਸਮਝ ਲੱਗਦਾ ਉਹ ਹੁੰਦਾ, ‘ਭੈਣ ਘਰ ਭਾਈ ਕੁੱਤਾ’|  ਇਨ੍ਹਾਂ ਆਰਾਂ ਤੋਂ ਬਚਣ ਲਈ ਮੈਂ ਛੇਤੀ ਘਰ ਬੰਨ੍ਹਣਾ ਚਾਹੁੰਦਾ ਸੀ। ਆਪਣੇ ਆਲੇ-ਦੁਆਲੇ ਦੇ ਹਾਣ ਦਾ ਹੋਣਾ ਚਾਹੁੰਦਾ ਸੀ। ਦਸ ਸਾਲ ਪਹਿਲਾਂ ਕਨੇਡਾ ਆਇਆਂ ਨਾਲ ਰਲਣ ਲਈ ਬਹੁਤ ਸਾਰੇ ਡਾਲਰਾਂ ਦੀ ਜ਼ਰੂਰਤ ਸੀ, ਜਿਹੜੇ ਕੰਮ ਕੀਤਿਆਂ ਹੀ ਕਮਾਏ ਜਾ ਸਕਦੇ ਸਨ। ਅਤੇ ਮੈਂ ਕੰਮਾਂ ‘ਚ ਗੁਆਚ ਗਿਆ। ਆਪਣੀ ਹੋਂਦ ਨੂੰ ਭੁਲਾ ਬੈਠਾ। ਇੱਕ ਮਸ਼ੀਨ ਬਣ ਗਿਆ। ਮਸ਼ੀਨਾਂ ‘ਚ ਦਿਲ ਥੋੜ੍ਹੋ ਧੜਕਦੇ ਹਨ। ਪਰ ਇੱਕ ਦਿਨ ਕੰਮਾਂ ਦੀ ਮਾਰੋ-ਮਾਰ ‘ਚ ਮੈਨੂੰ ਛੁੱਟੀ ਕਰਨੀ ਪੈ ਗਈ। ਮੈਂ ਸ਼ਾਪਿੰਗ ਸੈਂਟਰ ਚਲਾ ਗਿਆ। ਕੰਮ ‘ਤੇ ਪਾਉਣ ਲਈ ਕਵਰਆਲ ਖ੍ਰੀਦਣਾ ਸੀ। ਬਹੁਤ ਹੀ ਪਿਆਰੀ ਆਵਾਜ਼ ਕੰਨੀ ਪਈ,“ਹਾਏ ਗੁਰਮੀਤ।”
ਜਿੰਦਰ ਸੀ ਇਹ। ਚਾਰ-ਪੰਜ ਸਾਲ ਬਾਅਦ ਮਿਲੀ ਸੀ। ਮੈਂ ਕਨੇਡਾ ਆਇਆ ਹੀ ਸੀ, ਉਦੋਂ ਦੋ ਕੁ ਮਹੀਨੇ ਇੱਕ ਫੂਡ ਪੈਕਿੰਗ ਪਲਾਂਟ ‘ਚ ਕੰਮ ਕੀਤਾ ਸੀ ਉਥੇ ਇਹ ਜਿੰਦਰ ਕੰਮ ਕਰਦੀ ਸੀ। ਮੇਰੇ ਵਾਂਗ ਇੰਡੀਆ ਤੋਂ ਨਵੀਂ-ਨਵੀਂ ਆਈ ਸੀ। ਮੇਰੀ ਜਦੋਂ ਉਸ ਤੇ ਨਿਗ੍ਹਾ ਪੈਣੀ, ਬਹੁਤੇ ਵਾਰੀ ਉਸਦੀਆਂ ਮੋਟੀਆਂ–ਮੋਟੀਆਂ ਅੱਖਾਂ ਮੇਰੇ ਵੱਲ ਕੇਂਦ੍ਰਿਤ ਹੋਣੀਆਂ। ਮੇਰੇ ਨਾਲ ਅੱਖ ਮਿਲਦੇ ਹੀ ਉਸ ਪਲਕਾਂ ਝੁਕਾ ਲੈਣੀਆਂ। ਉਸਦੀ ਇਹ ਤੱਕਣੀ ਮੈਨੂੰ ਖੰਭ ਲਾ ਦਿੰਦੀ। ਆਪਣੇ ਸੰਕੋਚਵੇਂ ਸੁਭਾਅ ਕਰਕੇ ਮੈਂ ਉਸ ਵੱਲ ਕਦਮ ਨਾ ਵਧਾ ਸਕਿਆ। ਜਦ ਤੱਕ ਉਹ ਪਲਕਾਂ ਝੁਕਾਉਣ ਦੀ ਥਾਂ ਮੁਸਕਰਾਉਣ ਲੱਗੀ, ਮੈਨੂੰ ਹੋਰ ਥਾਂ ਕੰਮ ਮਿਲ ਗਿਆ। ਕੰਮ ਛੱਡਣ ਸਮੇਂ ਮੇਰੇ ਅੰਦਰ ਖੋਹ ਜਿਹੀ ਪਈ ਪਰ ਇਹ ਖੋਹ ਨਵੀਂ ਥਾਂ ‘ਤੇ ਘੰਟੇ ਦਾ ਇੱਕ ਡਾਲਰ ਵੱਧ ਮਿਲਣ ਦੀ ਖੁਸ਼ੀ ‘ਚ ਗੁਆਚ ਗਈ। 
 ਤੇ ਉਸ ਦਿਨ ਅਚਾਨਕ ਉਸਨੂੰ ਵੇਖ ਮੇਰਾ ਦਿਲ ਧੜਕਿਆ। 
 “ਕੀ ਹਾਲ ਹੈ”? ਉਸ ਪੁੱਛਿਆ। ਮੈਨੂੰ ਉਹ ਪਹਿਲਾਂ ਤੋਂ ਵੀ ਨਿੱਖਰੀ-ਨਿੱਖਰੀ ਲੱਗੀ। 
“ਬੱਸ ਠੀਕ ਐ। ਤੁਸੀਂ ਹਾਲੇ ਉਥੇ ਹੀ ਕੰਮ ਕਰਦੇ ਐਂ”?ਮੈਂ ਪੁਛਿਆ। 
“ਹੋਰ ਆਪਾਂ ਕਿੱਥੇ ਜਾਣੈ। ਤੁਸੀਂ ਮੁੜਕੇ ਗੇੜਾ ਹੀ ਨਹੀਂ ਮਾਰਿਆ,” ਉਸ ਮੇਰੀਆਂ ਅੱਖਾਂ ‘ਚ ਵੇਖਦੀ ਨੇ ਕਿਹਾ। ਮੈਨੂੰ ਲੱਗਾ ਜਿਵੇਂ ਉਹ ਆਖ ਰਹੀ ਹੋਵੇ, ‘ਵੈਰੀਆ ਲਾਕੇ ਮੁੜ ਸਾਰ ਵੀ ਨਹੀਂ ਲਈ’|  ਮੈਥੋਂ ਉਸਦੀ ਤੱਕਣੀ ਦੀ ਤਾਬ ਨਾ ਝੱਲੀ ਗਈ। ਮੈਂ ਅੱਖਾਂ ਨਿਵਾਕੇ ਮਰੀ ਜਿਹੀ ਆਵਾਜ਼ ‘ਚ ਕਿਹਾ, “ਟਾਈਮ ਹੀ ਨਹੀਂ ਮਿਲਿਆ, ਕੰਮਾਂ ‘ਚ ਹੀ ਬਿਜ਼ੀ ਹੋ ਗਿਆ। ਤਿੰਨ ਥਾਵਾਂ ‘ਤੇ ਕੰਮ ਕਰਦਾਂ।”
“ਕੰਮ ਜਿਉਣ ਵਾਸਤੇ ਕਰੀਦੈ, ਕੰਮ ਕਰਨ ਵਾਸਤੇ ਨਹੀਂ ਜੀਵੀਂਦਾ,” ਉਸ ਦਾਨੀ ਔਰਤ ਵਾਂਗ ਕਿਹਾ। ਮੇਰੀ ਨਿਗ੍ਹਾ ਉਸ ਵੱਲੋਂ ਫੜੇ ਸਟਰੋਲਰ ‘ਚ ਬੈਠੇ ਬੱਚੇ ‘ਤੇ ਪਈ। 
“ਕਿੰਨਾ ਪਿਆਰਾ ਬੱਚਾ ਹੈ। ਕੀ ਨਾਂ ਹੈ ?”ਮੈਂ ਬੱਚੇ ਨਾਲ ਲਾਡ ਕਰਦੇ ਨੇ ਪੁੱਛਿਆ। 
“ਗੈਰੀ, ਪੂਰਾ ਨਾਂ ਗੁਰਮੀਤ,” ਉਸ ਦੱਸਿਆ। ਮੇਰੇ ਅੰਦਰ ਇੱਕ ਤਰੰਗ ਜਿਹੀ ਉੱਠੀ। 
 ਉਸ ਦਿਨ ਮੇਰੇ ਦਿਮਾਗ ‘ਚ ਆਇਆ ਕਿ ਮੰਮੀ –ਡੈਡੀ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਹ ਬਹੁਤ ਦੇਰ ਤੋਂ ਮੇਰੇ ਮਗਰ ਪਏ ਹੋਏ ਸਨ ਕਿ ਵਿਆਹ ਕਰਾਵਾਂ।-- -
ਮੈਂ ਸਫ਼ਾ ਪਲਟਦੀ ਹਾਂ ਅਤੇ ‘ਵਿਆਹ ਦੀ ਤਿਆਰੀ’ ਵਾਲਾ ਸਫ਼ਾ ਪੜ੍ਹਨ ਲੱਗਦੀ ਹਾਂ। 
-- --ਜਦ ਮੈਂ ਵਿਆਹ ਲਈ ਹਾਂ ਕਿਹਾ ਮੰਮੀ ਦੀ ਅੱਡੀ ਧਰਤੀ ‘ਤੇ ਨਾ ਲੱਗੇ। ਮੇਰਾ ਵਿਚਾਰ ਸੀ ਕਿ ਕਨੇਡਾ ‘ਚ ਹੀ ਕੋਈ ਕੁੜੀ ਲੱਭ ਪਵੇ। 
 “ਐਧਰ ਦੀਆਂ ਜੰਮੀਆਂ-ਪਲੀਆਂ ਸਾਨੂੰ ਕਿੱਥੋਂ ਮੰਨੀਆਂ ਖਵਾ ਦੇਣਗੀਆਂ,” ਮੰਮੀ ਨੇ ਨਾਂਹ ‘ਚ ਸਿਰ ਫੇਰਿਆ। 
“ਐਧਰਲੀਆਂ ਜੰਮੀਆਂ-ਪਲੀਆਂ ਤਾਂ ਮੈਂ ਵੀ ਨਹੀਂ ਕਹਿੰਦਾ। ਕਲਚਰਲ ਡਿਫਰੈਂਸ ਐ। ਪਰ ਹੋ ਸਕਦੈ ਜਿਵੇਂ ਆਪਾਂ ਨੂੰ ਚਾਰ-ਪੰਜ ਸਾਲ ਹੋਏ ਐ, ਜੇ ਏਸ ਤਰ੍ਹਾਂ ਦਾ ਕੋਈ ਪ੍ਰੀਵਾਰ ਲੱਭ ਜਾਏ,” ਮੈਂ ਕਿਹਾ। 
“ਨਹੀਂ ਐਧਰ ਆਕੇ ਕੁੜੀਆਂ ‘ਤੇ ਝੱਟ ਅਸਰ ਹੋ ਜਾਂਦੈ। ਵਿਆਹ ਤਾਂ ਆਪਾਂ ਇੰਡੀਆ ਹੀ ਕਰਾਂਗੇ,” ਡੈਡੀ ਨੇ ਆਖਰੀ ਸੁਣਾ ਦਿੱਤੀ। 
“ਰਿਸ਼ਤੇਦਾਰਾਂ ਦੀਆਂ ਰੋਜ਼ ਚਿੱਠੀਆਂ ਆਉਂਦੀਐ ਇੰਡੀਆ ਤੋਂ। ਕੀਹਦਾ ਲਵੋਂਗੇ ਤੇ ਕੀਹਨੂੰ ਗੁੱਸੇ ਕਰੋਂਗੇ,” ਮੈਂ ਚਿੱਠੀਆਂ ਬਾਰੇ ਯਾਦ ਕਰਵਾਇਆ।
“ਆਪਾਂ ਰਿਸ਼ਤੇਦਾਰੀ ‘ਚੋਂ ਕਿਸੇ ਦਾ ਵੀ ਨਹੀਂ ਲੈਂਦੇ। ਅਖਬਾਰ ‘ਚ ਕਢਾ ਦਿੰਨੇ ਆਂ,” ਡੈਡੀ ਨੇ ਕਿਹਾ।
“ਜਿਵੇਂ ਤੁਹਾਨੂੰ ਠੀਕ ਲੱਗਦੈ,” ਮੈਂ ਆਖ ਦਿੱਤਾ।
 ਇੰਡੀਆ ਪਹੁੰਚ ਸਭ ਤੋਂ ਪਹਿਲਾਂ ਸੁਖਜੀਤ ਨੂੰ ਹੀ ਵੇਖਣ ਦਾ ਫੈਸਲਾ ਹੋਇਆ। ਉਸਦੀ ਤਸਵੀਰ ਵੇਖ ਹੀ ਮੈਂ ਪੱਟਿਆ ਗਿਆ ਸੀ। ਤੇ ਜਦ ਉਸ ਨੂੰ ਵੇਖਿਆ ਉਸੇ ਦਾ ਹੋ ਕੇ ਰਹਿ ਗਿਆ। ਚਾਹ ਪੀਂਦਿਆਂ ਮੈਂ ਚੋਰ ਅੱਖ ਨਾਲ ਵੇਖਦਾ, ਮੈਨੂੰ ਲਗਦਾ ਜਿਵੇਂ ਉਹ ਜਿੰਦਰ ਵਾਂਗ ਮੇਰੇ ਵੱਲ ਵੇਖ ਰਹੀ ਹੋਵੇਗੀ ਪਰ ਸੁਖਜੀਤ ਦੀਆਂ ਪਲਕਾਂ ਨੀਵੀਆਂ ਹੀ ਹੁੰਦੀਆਂ –----
 
‘ਹੋਰ ਮੈਂ ਬਿੱਟ-ਬਿੱਟ ਝਾਕਦੀ। ਮੈਨੂੰ ਪਤੈ ਕਿੰਨੇ ਕਲੇਸ਼ ਬਾਅਦ ਉੱਥੇ ਬੈਠਣਾਂ ਪਿਆ ਸੀ’|   ਡਾਇਰੀ ਤੋਂ ਨਿਗ੍ਹਾ ਹਟਾ ਕੇ ਮੈਂ ਬੀਤੇ ‘ਚ ਗੁਆਚ ਗਈ। 
 ਘਰ ‘ਚ ਪੂਰਾ ਤਣਾਓ ਸੀ। ਮੇਰੀ ਅੜੀ ਸੀ ਕਿ ਜੇ ਵਿਆਹ ਕਰਾਉਣੈਂ ਤਾਂ ਜਸਵਿੰਦਰ ਨਾਲ ਹੀ, ਨਹੀਂ ਤਾਂ ਨਹੀਂ।
ਪਾਪਾ ਕਹਿੰਦੇ, “ਉਹ ਕੋਈ ਕੰਮ ਨੀ ਕਰਦਾ ਕਾਰ ਨੀ ਕਰਦਾ। ਅਸੀਂ ਤੇਰੇ ਭਲੇ ਖਾਤਿਰ ਹੀ ਕਰਦੇ ਹਾਂ।” 
“ਮੇਰਾ ਭਲਾ ਤਾਂ ਇਹੀ ਹੈ ਕਿ ਮੇਰਾ ਜਸਵਿੰਦਰ ਨਾਲ ਵਿਆਹ ਹੋ ਜਾਵੇ,”ਮੈਂ ਬੀਜੀ ਨੂੰ ਆਖ ਦਿੱਤਾ। 
“ਹਾਲੇ ਤਾਂ ਉਹ ਵੇਖਣ ਹੀ ਆ ਰਹੇ ਆ। ਚੁੱਪ ਕਰਕੇ ਬੈਠੀ ਰਹੀਂ। ਕੀ ਪਤੈ ਹਾਂ ਕਰਨਗੇ ਕਿ ਨਾਂਹ, ਤੂੰ ਐਵੇਂ ਕਲਪੀ ਜਾਨੀ ਐਂ,” ਬੀਜੀ ਨੇ ਸਮਝਾਇਆ। ਪਰ ਮੈਂ ਅੜੀ ਰਹੀ। 
“ਦੂਜੇ ਛੋਟਿਆਂ ਦਾ ਵੀ ਅੱਗਾ ਮਾਰਦੀ ਐ। ਲੋਕੀਂ ਲੱਖਾਂ ਰੁਪੈ ਲੈ ਕੇ  ਬਾਹਰਲਿਆਂ ਦੇ ਮਗਰ ਮਗਰ ਫਿਰਦੇ ਆ,” ਪਾਪਾ ਨੇ ਗੁੱਸੇ ‘ਚ ਕਿਹਾ। 
 ਫੇਰ ਜਸਵਿੰਦਰ ਆ ਗਿਆ। ਕਹਿੰਦਾ, “ਕੀ ਭੀੜਾਂ ਆਣ ਪਈਆਂ ਸੰਗਤਾਂ ‘ਤੇ?” ਮੇਰੇ ਨੇੜੇ ਬਹਿੰਦਾ ਬੋਲਿਆ, “ਮੈਨੂੰ ਸਾਰੀ ਗੱਲ ਦਾ ਪਤੈ। ਤੇਰੇ ਡੈਡੀ ਨਾਲ ਗੱਲ ਹੋ ਗਈ ਹੈ ਤੂੰ ਹਾਂ ਕਰਦੇ।”
“ਹੈਂ?” ਮੇਰਾ ਮੂੰਹ ਅੱਡਿਆ ਰਹਿ ਗਿਆ।
“ਆਹੋ, ਤੈਨੂੰ ਚੇਤੇ ਹੈ ਇੱਕ ਵਾਰ ਮੈਂ ਕਿਹਾ ਸੀ ਜੇ ਬਾਹਰੋਂ ਰਿਸ਼ਤਾ ਹੋਇਆ ਤਾਂ ਮੈਂ ਲੈ ਲੈਣੈ ਉੱਥੇ ਪਹੁੰਚ ਕੇ ਤੂੰ ਕੌਣ ਤੇ ਮੈਂ ਕੌਣ।” 
“ਮੈਥੋਂ ਨੀ ਹੋਣਾ ਇਹ,” ਮੈਂ ਆਖ ਦਿੱਤਾ। 
“ਜਦ ਮੈਨੂੰ ਕੋਈ ਇਤਰਾਜ਼ ਨਹੀਂ ਫੇਰ ਤੈਨੂੰ ਕੀ ਐ”?
“ਪਰ ਮੈਨੂੰ ਇਤਰਾਜ਼ ਹੈ,” ਆਖ ਕੇ ਮੈਂ ਮੂੰਹ ਦੂਜੇ ਪਾਸੇ ਕਰ ਲਿਆ। 
“ਠਰ੍ਹੰਮੇ ਨਾਲ ਸੋਚ। ਆਪਣੇ ਫਿਊਚਰ ਬਾਰੇ,ਹੋਣ ਵਾਲੇ ਬੱਚਿਆਂ ਬਾਰੇ ਸੋਚ। ਇੰਡੀਆ ‘ਚ ਕੋਈ ਫਿਊਚਰ ਨਹੀਂ ਹੈ। ਆਪਾਂ ਨੂੰ ਚਾਨਸ ਮਿਲਦੈ, ਇਹਨੂੰ ਅਜਾਂਈ ਨਹੀਂ ਜਾਣ ਦੇਣਾ।” ਉਹ ਹੋਰ ਵੀ ਦਲੀਲਾਂ ਦਿੰਦਾ ਰਿਹਾ। ਪਰ ਮੇਰਾ ਦਿਮਾਗ ਸੁੰਨ ਹੋ ਗਿਆ। ਤੇ ਜਦ ਇਹ ਮੈਨੂੰ ਵੇਖਣ ਆਏ ਮੈਂ ਸੁੰਨ-ਵੱਟਾ ਬਣ ਕੇ ਬੈਠੀ ਰਹੀ। ਮੈਂ ਅੱਖ ਪੁੱਟ ਕੇ ਵੀ ਨਾ ਵੇਖਿਆ। ਮੇਰੀ ਇੱਛਾ ਹੀ ਨਹੀਂ ਸੀ।
 
ਡਾਇਰੀ ਦਾ ਖਿਆਲ ਆਇਆ। ਮੈਂ ਫਿਰ ਪੜ੍ਹਨ ਲੱਗਦੀ ਹਾਂ। 
---ਸਾਰੇ ਚਾਹ ਪੀਂਦੇ ਰਹੇ। ਮੰਮੀ ਨੇ ਦੋ ਕੁ ਵਾਰ ਸੁਖਜੀਤ ਨੂੰ ਕਿਹਾ ਵੀ , “ਤੂੰ ਵੀ ਚਾਹ ਪੀ ਲੈ ਧੀਏ।”
“ਨਹੀਂ ਤੁਸੀਂ ਪੀਓ,” ਸੁਖਜੀਤ ਦੀ ਕੰਬਦੀ ਜਿਹੀ ਆਵਾਜ਼ ਆਈ। 
 ਸਾਡੇ ਇਕੱਲੇ ਹੁੰਦਿਆਂ ਹੀ ਮੰਮੀ ਬੋਲੀ, “ਕੁੜੀ ਸਾਊ ਲਗਦੀ ਐ। ਜਵਾਂ ਅੱਖ ਪੁੱਟ ਕੇ ਨਹੀਂ ਵੇਖਿਆ ਤੇ ਆਪਣੇ ਉੱਥੇ ਕੁੜੀਆਂ ਨੂੰ ਭੋਰਾ ਸੰਗ-ਸ਼ਰਮ ਨਹੀਂ ਹੁੰਦੀ,” ਮੰਮੀ ਦੀ ਆਵਾਜ਼ ‘ਚੋਂ ਖੁਸ਼ੀ ਪ੍ਰਤੱਖ ਦਿਸਦੀ ਸੀ। 
 ਸੁਖਜੀਤ ਦੁਬਾਰਾ ਸਾਡੇ ‘ਚ ਆਣ ਬੈਠੀ। ਸਾਰੇ ਕਮਰੇ ‘ਚੋਂ ਉੱਠਕੇ ਬਾਹਰ ਚਲੇ ਗਏ। ਮੈਂ ਤੇ ਸੁਖਜੀਤ ਕਮਰੇ ‘ਚ ਰਹਿ ਗਏ। ਮੈਨੂੰ ਕਰਨ ਲਈ ਕੋਈ ਗੱਲ ਨਹੀਂ ਸੀ ਅਹੁੜ ਰਹੀ ਤੇ ਉਹ ਵੀ ਗੁੰਮ-ਸੁੰਮ ਜਿਹੀ ਹੋਈ ਬੈਠੀ ਸੀ। ਅਖੀਰ ਮੈਂ ਚੁੱਪ ਦਾ ਪੱਥਰ ਤੋੜਨ ਲਈ ਸੱਟ ਮਾਰੀ, “ਕੀ ਕਰ ਰਹੇ ਹੋ ਅੱਜ-ਕੱਲ੍ਹ?”
“ਐਮ.ਏ.,” ਉਸਦੀ ਆਵਾਜ਼ ਮਰੀ ਜਿਹੀ ਸੀ। 
“ਜਦ ਮੈਂ ਕਨੇਡਾ ਗਿਆ ਸੀ ਇੱਧਰ ਬੀ.ਐਸ.ਸੀ. ਸੈਕਿੰਡ ਯੀਅਰ ‘ਚ ਸੀ। ਉੱਧਰ ਜਾ ਕੇ ਪੜ੍ਹਿਆ ਨਹੀਂ, ਕੰਮ ‘ਚ ਲੱਗ ਗਿਆ,” ਮੈਂ ਦੱਸਿਆ। ਉਸਨੇ ਮਾਮੂਲੀ ਜਿਹਾ ਹੁੰਗਾਰਾ ਭਰਿਆ। “ਤੁਹਾਨੂੰ ਸਭ ਕੁਝ ਠੀਕ ਲੱਗਦੈ, ਵਿਆਹ ‘ਤੇ ਕੋਈ ਇਤਰਾਜ਼ ਤਾਂ ਨਹੀਂ?”ਮੈਂ ਪੁੱਛਿਆ। 
ਉਸਦਾ ਮਾਮੂਲੀ ਜਿਹਾ ਨਾਂਹ ‘ਚ ਸਿਰ ਹਿੱਲਿਆ। 
“ਕੁਝ ਪੁੱਛੋਂਗੇ ਨਹੀਂ ਮੇਰੇ ਬਾਰੇ ?”
ਉਸਨੇ ਸਿਰ ਹੋਰ ਨਿਵਾਂ ਲਿਆ। ਮੈਨੂੰ ਉਸਤੇ ਬਹੁਤ ਪਿਆਰ ਆਇਆ। ਦਿਲ ਕੀਤਾ ਕਿ ਉਸਨੂੰ ਬਾਹਾਂ ‘ਚ ਭਰ ਲਵਾਂ। ਸੰਗਾਊ ਕੁੜੀਆਂ ਹਮੇਸ਼ਾ ਮੈਨੂੰ ਚੰਗੀਆ ਲਗਦੀਆਂ ਹਨ।
“ਆਓ ਸੰਗਤੇ ਪ੍ਰਸ਼ਾਦੇ ਛਕੀਏ,” ਆਖਦਾ ਇੱਕ ਸੁਨੱਖਾ ਜਿਹਾ ਮੁੰਡਾ ਅੰਦਰ ਆਇਆ। ਮੇਰੇ ਵੱਲ ਹੱਥ ਵਧਾਕੇ ਕਹਿੰਦਾ, “ਮੈਂ ਜਸਵਿੰਦਰ, ਸੁਖਜੀਤ ਦੀ ਮਾਸੀ ਦਾ ਪੁੱਤ ਤੇ ਤੁਸੀਂ ਗੁਰਮੀਤ ਸਿੰਘ ਕਨੇਡੀਅਨ। ਇਓਂ ਦੱਸ ਦੇਈਦੈ। ਅੰਤਰਜਾਮੀ ਹੁੰਨੇ ਆਂ,”ਆਖ ਕੇ ਉਹ ਹੱਸਿਆ। 
ਅਗਲੇ ਤੋਂ ਅਗਲੇ ਐਤਵਾਰ ਦਾ ਵਿਆਹ ਰੱਖ ਦਿੱਤਾ। ਮੇਰੇ ਕੋਲ ਛੁੱਟੀ ਸਿਰਫ਼ ਪੰਜ ਹਫਤੇ ਦੀ ਸੀ। 
ਅਗਲੇ ਸਫੇ਼ ‘ਤੇ ਸਿਰਲੇਖ ਸੀ ‘ਦੋ ਹਫ਼ਤੇ ਦਾ ਸੁਰਗ’ ਮੈਂ ਉਹ ਪੜ੍ਹਦੀ ਹਾਂ। 
 ------ਵਿਆਹ ਤੋਂ ਬਾਅਦ ਸੁਖਜੀਤ ਨਾਲ ਬਿਤਾਉਣ ਲਈ ਸਿਰਫ਼ ਦੋ ਹਫਤੇ ਸਨ। ਰਿਸ਼ਤੇਦਾਰੀਆਂ ਜਿ਼ਆਦਾ ਸਨ। ਸੁਖਜੀਤ ਵੱਲ ਦੀਆਂ ਰਿਸ਼ਤੇਦਾਰੀਆਂ ‘ਚ ਜਾਣ ਤੋਂ ਉਸਦੇ ਡੈਡੀ ਨੇ ਬਚਾ ਲਿਆ। ਕਹਿੰਦੇ, “ਤੁਸੀਂ ਆਪਣੇ ਓਧਰ ਦੇ ਰਿਸ਼ਤੇਦਾਰਾਂ ਨੂੰ ਨਰਾਜ਼ ਨਾ ਕਰਿਓ। ਏਧਰਲੀਆਂ ਦਾ ਕੋਈ ਨੀ ਵਿਆਹ ‘ਚ ਸਾਰੇ ਤੁਹਾਨੂੰ ਮਿਲ ਹੀ ਲਏ ਸਨ।”
 ਪਰ ਮੇਰਾ ਦਿਲ ਕਰਦਾ ਸੀ ਕਿ ਇਹ ਦੋ ਹਫਤੇ ਸੁਖਜੀਤ ਨਾਲ ਬਿਤਾਵਾਂ ਜਾਂ ਉਸਦੇ ਘਰਦਿਆਂ ਨਾਲ। ਸੁੱਖੀ ਦੀ ਛੋਟੀ ਭੈਣ ਤੇ ਭਰਾ ਦਾ ਜੀਜੂ-ਜੀਜੂ ਕਰਦੇ ਮੂੰਹ ਸੁੱਕਦਾ। ਜਦੋਂ ਵੀ ਮੌਕਾ ਮਿਲਦਾ ਮੈਥੋਂ ਕਨੇਡਾ ਦੀਆਂ ਗੱਲਾਂ ਪੁੱਛਣ ਲੱਗਦੇ। ਬੀਜੀ ਤਾਂ ਪੁੱਤ ਆਹ ਖਾਓ, ਬੇਟੇ ਇਹ ਖਾਓ ਕਰਦੇ ਰਹਿੰਦੇ। ਉਸਦੇ ਰੂਪ ‘ਚ ਮੈਂ ਇੱਕ ਹੋਰ ਮਾਂ ਪਾ ਲਈ। ਕਨੇਡਾ ‘ਚ ਜਿੱਥੇ ਮੈਂ ਸੱਖਣਾ-ਸੱਖਣਾ ਮਹਿਸੂਸ ਕਰਨ ਲੱਗ ਪਿਆ ਸੀ ਉੱਥੇ ਹੁਣ ਭਰਿਆ-ਭਰਿਆ ਮਹਿਸੂਸ ਕਰਦਾ। ਪਰ ਕਈ ਵਾਰ ਮੈਨੂੰ ਲੱਗਦਾ ਜਿਵੇਂ ਸੁੱਖੀ ਮੇਰੇ ਨਾਲ ਖੁੱਲ੍ਹ ਨਹੀ ਸੀ ਰਹੀ। ਇੱਕ ਰਾਤ ਮੈਂ ਉਸਤੋਂ ਪੁੱਛ ਲਿਆ। 
“ਸੁੱਖੀ।”
“ਹਾਂ ਜੀ।”
“ਜੀਤੂ।”
“ਹਾਂ ਜੀ।”
“ਦੱਸ ਤੈਨੂੰ ਕੀ ਕਿਹਾ ਕਰਾਂ ਸੁੱਖੀ ਕਿ ਜੀਤੂ?”
“ਜਿਹੜਾ ਤੁਹਾਨੂੰ ਚੰਗਾ ਲੱਗਦੈ।”
“ਨਹੀਂ ਤੈਨੂੰ ਕਿਹੜਾ ਚੰਗਾ ਲੱਗਦੈ?’
“ਦੋਨੋ ਹੀ।”
“ਸੁੱਖੀ।”
“ਹਾਂਜੀ।”
“ਚੌਕੜੀ ਮਾਰਕੇ ਬੈਠ ਮੈਂ ਤੇਰੀ ਬੁੱਕਲ ‘ਚ ਸਿਰ ਰੱਖਣੈ।” ਉਹ ਬੈੱਡ ਦੇ ਇੱਕ ਸਿਰੇ ਤੇ ਚੌਂਕੜੀ ਮਾਰ ਕੇ ਬੈਠ ਗਈ। ਮੈਂ ਉਸਦੀ ਬੁੱਕਲ ‘ਚ ਸਿਰ ਰੱਖ ਦਿੱਤਾ। 
“ਜੀਤੂ।”
“ਹਾਂਜੀ।”
“ਆਪਣੇ ਕੇਸ ਖੋਲ੍ਹ ਕੇ ਮੈਨੂੰ ਉਨ੍ਹਾਂ ਦੀ ਛਾਂ ਕਰ।”
ਕਮਰੇ ‘ਚ ਨਾਈਟ ਲਾਈਟ ਜਗ ਰਹੀ ਸੀ। ਉਸ ਕੇਸ ਖੋਲ੍ਹਕੇ ਅੱਗੇ ਵੱਲ ਸੁੱਟ ਦਿੱਤੇ।
“ਇਹ ਤਾਂ ਹਨੇਰਾ ਹੋ ਗਿਆ। ਮੈਨੂੰ ਤੇਰੀਆਂ ਪਿਆਰੀਆਂ-ਪਿਆਰੀਆਂ ਅੱਖਾਂ ਦਿਸਣੋਂ ਹਟ ਗਈਐਂ। ਤੂੰ ਇਓਂ ਕਰ ਕੇਸ ਬੰਨ ਲੈ।” ਉਸ ਕੇਸ ਬੰਨ ਲਏ। 
“ਸੁੱਖੀ।”
“ਹਾਂ ਜੀ।”
“ਤੂੰ ਉਵੇਂ-ਉਵੇਂ ਕਰੀ ਜਾਨੀ ਐਂ ਜਿਵੇਂ-ਜਿਵੇਂ ਮੈਂ ਕਹੀ ਜਾਨੈ। ਤੇਰੀ ਕੋਈ ਆਪਣੀ ਇੱਛਾ ਨਹੀਂ”?
“ਤੁਹਾਡੀ ਇੱਛਾ ਹੀ ਮੇਰੀ ਇੱਛਾ ਹੈ।”
“ਡਾਇਲਾਗ ਸੋਹਣੇ ਮਾਰ ਲੈਨੀ ਐਂ।”
“ਤੁਹਾਨੂੰ ਇਹ ਡਾਇਲਾਗ ਲੱਗਦੈ?”
“ਨਹੀਂ ਮੇਰਾ ਮਤਲਬ ਤੂੰ ਮੇਰੇ ਨਾਲ ਖੁੱਲ੍ਹਦੀ ਕਿਓਂ ਨਹੀਂ?”
“ਖੁੱਲ੍ਹਣ ਲਈ ਟਾਈਮ ਤਾਂ ਲੱਗਦਾ ਈ ਐ,” ਉਸ ਕਿਹਾ। 
 ਹਾਂ ਉਸ ਠੀਕ ਹੀ ਕਿਹਾ ਸੀ ਕਿ ‘ਟਾਈਮ ਤਾਂ ਲੱਗਦਾ ਹੀ ਹੈ। ਮੈਂ ਐਵੇਂ ਹੀ ਜਲਦੀ ਖੁੱਲ੍ਹਣ ਦੀ ਉਸਤੋਂ ਤਵੱਕੋ ਕਰ ਬੈਠਾ। ਸ਼ਰਮ ਵਾਲੀਆਂ ਕੁੜੀਆਂ ਐਨੀ ਜਲਦੀ ਥੋੜ੍ਹਾ ਘੁਲ-ਮਿਲ ਜਾਂਦੀਐਂ----
 
ਜਸਵਿੰਦਰ ਫਿਰ ਮੇਰੀਆਂ ਅੱਖਾਂ ਮੂਹਰੇ ਆਣ ਖਲੋਤਾ ਹੈ। ਉਸ ਕਿਹਾ ਸੀ , “ਸ਼ੱਕ ਨਾ ਹੋਣ ਦੇਵੀਂ ਭੋਰਾ ਵੀ। ਜਿਵੇਂ-ਜਿਵੇਂ ਕਹੀ ਜਾਵੇ ਕਰੀ ਜਾਵੀਂ।” ਤੇ ਮੈਂ ਆਪਣੇ ਵੱਲੋਂ ਐਕਟਿੰਗ ਕਰਨ ਦੀ ਪੂਰੀ ਵਾਹ ਲਾ ਰਹੀ ਸੀ। ਪਰ ਮੇਰਾ ਇਹ ਭੋਲਾ ਪੰਛੀ। ਇਹ ਮੈਨੂੰ ਕੀ ਹੋਈ ਜਾਂਦੈ। ਹੁਣ ਮੈਂ ਇਸਤੇ ਮੇਰ ਵੀ ਜਤਾਉਣ ਲੱਗ ਪਈ ਹਾਂ। ਐਕਟਿੰਗ ਕਰ-ਕਰ ਥੱਕ ਚੁੱਕੀ ਹਾਂ। ਹੋਰ ਨਹੀਂ ਹੋਣੀ ਐਕਟਿੰਗ ਮੈਥੋਂ। ਚਲ ਹੁਣ ਹੀ ਕਰਦੀ ਹਾਂ ਭੂਆ ਨੂੰ ਫੋਨ। ਘੜੀ ਵੱਲ ਵੇਖਦੀ ਹਾਂ। ਪੌਣੇ ਦੋ ਹੋ ਗਏ ਹਨ। ਕੀ ਗੱਲ ਹੋ ਗਈ ਅੱਜ ਗੁਰਮੀਤ ਦਾ ਫੋਨ ਕਿਉਂ ਨਹੀਂ ਆਇਆ। ਇਹ ਕਿਵੇਂ ਹੋ ਸਕਦੈ। ਮੈਂ ਕਾਲ-ਡਿਸਪਲੇ ਚੈਕ ਕਰਦੀ ਹਾਂ। ਉਸਦਾ ਫੋਨ ਆ ਚੁੱਕਾ ਸੀ। ਹਾਏ ਮੈਂ ਮਰਜਾਂ ਮੈਂ ਪੜ੍ਹਨ ਦੇ ਧਿਆਨ ‘ਚ ਫੋਨ ਦੀ ਰਿੰਗ ਵੀ ਨਹੀਂ ਸੁਣੀ। ਵਿਚਾਰਾ ਫਿਕਰ ਕਰਦਾ ਹੋਵੇਗਾ। ਮੈਂ ਫੋਨ ਚੁੱਕਕੇ ਕੋਲ ਰੱਖ ਲੈਦੀਂ ਹਾਂ ਅਤੇ ਫਿਰ ਡਾਇਰੀ ਪੜ੍ਹਨ ਲੱਗਦੀ ਹਾਂ।
---ਉਹ ਟਾਈਮ ਤਾਂ ਜਿਵੇਂ ਖੰਭ ਲਾਕੇ ਉੱਡ ਗਿਆ। ਕਨੇਡਾ ਮੁੜਨ ਵੇਲੇ ਮੇਰੀ ਵੱਢੀ ਰੂਹ ਨਹੀਂ ਸੀ ਕਰ ਰਹੀ ਮੁੜਨ ਲਈ। ਬੀਜੀ ਦੇ ਪੈਰੀਂ ਹੱਥ ਲਾ ਮੈਂ ਉਸਦੇ ਨਾਲ ਹੀ ਚਿੰਬੜ ਗਿਆ, “ਮੈਨੂੰ ਐਥੇ ਹੀ ਰੱਖ ਲੋ ਬੀਜੀ।” ਮੇਰੀ ਭੁੱਬ ਨਿਕਲ ਗਈ। ਬੀਜੀ ਦੀ ਜੱਫੀ ਪੀਢੀ ਹੋ ਗਈ। ਉਸਦੀ ਭੁੱਬ ਮੇਰੇ ਨਾਲੋਂ ਵੀ ਉੱਚੀ ਸੀ। ਸੁੱਖੀ ਦੀਆਂ ਅੱਖਾਂ ਵੀ ਤਰ-ਬਤਰ ਸਨ। ਜਹਾਜ਼ ‘ਚ ਬੈਠਿਆਂ ਸੁੱਖੀ ਦੀਆਂ ਅੱਖਾਂ ਮੇਰੇ ਅੰਗ-ਸੰਗ ਹੋ ਗਈਆਂ। --- 
 
ਮੇਰੀਆਂ ਅੱਖਾਂ ਭਰ ਆਈਆਂ ਹਨ। ਇਹ ਕੀ ਹੋਈ ਜਾਂਦੈ ਮੈਨੂੰ।
 ਉਦੋਂ ਏਅਰਪੋਰਟ ‘ਤੇ ਵੀ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਛਲਕ ਪਈਆਂ ਸਨ। ਪਰ ਪਿੰਡ ਪਹੁੰਚਦਿਆਂ ਜਸਵਿੰਦਰ ਆਇਆ ਬੈਠਾ ਸੀ। ਫਿਰ ਉਹ ਦੂਜੇ-ਤੀਜੇ ਦਿਨ ਹੀ ਆਇਆ ਰਹਿੰਦਾ। ਮੈਂ ਉਸ ਨਾਲ ਪਰਚੀ ਰਹਿੰਦੀ। ਪਰ ਜਦ ਮੈਂ ਜਹਾਜ਼ ਚੜ੍ਹਨਾਂ ਸੀ, ਮੇਰਾ ਦਿਲ ਕਰਦਾ ਸੀ ਕਿ ਮੈਂ ਜਸਵਿੰਦਰ ਦੇ ਗਲ ਚਿੰਬੜ ਕੇ ਕਹਾਂ , ‘ਮੈਨੂੰ ਰੱਖ ਲੈ ਇੱਥੇ ਹੀ’| ਉਸਨੂੰ ਤਾਂ ਨਾ ਆਖਿਆ ਗਿਆ ਪਰ ਬੀਜੀ ਦੇ ਗਲ ਲੱਗ ਜ਼ਰੂਰ ਆਖ ਦਿੱਤਾ। ਬੀਜੀ ਨੇ ਮੈਨੂੰ ਜੱਫੀ ‘ਚ ਘੁੱਟ ਲਿਆ ਅਤੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਆਵਾਜ਼ ‘ਚ ਕਹਿੰਦੇ, “ਕੁੜੀਆਂ ਨੇ ਇੱਕ ਦਿਨ ਆਪਣੇ ਘਰ ਜਾਣਾ ਈ ਹੁੰਦੈ। ਸਿਆਣੀ ਬਣੀਂ। ਸੋਚ-ਸਮਝ ਕੇ ਕੋਈ ਫੈਸਲਾ ਕਰੀਂ। ਗੁਰਮੀਤ ਹੀਰਾ ਐ।” ਮੈਂ ਬੀਜੀ ਦੀ ਜੱਫ਼ੀ ‘ਚੋਂ ਨਿਕਲ ਜਸਵਿੰਦਰ ਦੀ ਮਾਂ ਦੇ ਪੈਰੀਂ ਹੱਥ ਲਾਏ। ਉਸ ਮੈਨੂੰ ਸ਼ਗਨ ਦਿੱਤਾ, ਸਿਰ ਪਲੋਸ ਕੇ ਕਹਿੰਦੀ, “ਚੰਗਾ ਧੀਏ ਜਾਹ, ਮਰਦ ਬੱਚੀ ਬਣੀਂ। ਘਬਰਾਈਂ ਨਾ।” ਜਸਵਿੰਦਰ ਨੇ ਸਿਰਫ਼ ਇੰਨਾ ਹੀ ਕਿਹਾ, “ਗਰੀਬਮਾਰ ਨਾ ਕਰ ਦੇਈਂ ਕਿਤੇ।” ਉਹ ਪਹਿਲਾਂ ਬਹੁਤ ਵਾਰ ਆਖ ਚੁੱਕਾ ਸੀ ਕਿ ਏਅਰਪੋਰਟ ਤੋਂ ਸਿੱਧੀ ਉਸਦੀ ਭੂਆ ਦੇ ਘਰ ਜਾਵਾਂ। ਪਰ ਪਾਪਾ ਨਹੀਂ ਮੰਨੇ। ਕਹਿੰਦੇ, “ਇਸ ਤਰ੍ਹਾਂ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਵਾਂਗੇ। ਬਦਨਾਮੀ ਹੋਵੇਗੀ।” ਕਿਸੇ ਨੂੰ ਬਦਨਾਮੀ ਦਾ ਫਿਕਰ ਐ ਕਿਸੇ ਨੂੰ ਗਰੀਬਮਾਰ ਹੋਣ ਦਾ ਤੇ ਇਹ ਵਿਚਾਰਾ---ਮੈਂ ਡਾਇਰੀ ਦੇ ਸਫ਼ੇ ਪਲਟਦੀ ਹਾਂ ਅਤੇ ‘ਸੁੱਖੀ ਦੀ ਝਿੜਕ’ ਵਾਲਾ ਸਫ਼ਾ ਪੜ੍ਹਨ ਲੱਗਦੀ ਹਾਂ।
---ਮੇਰਾ ਜੀਅ ਕਰਦਾ ਕਿ ਮੈਂ ਵਾਪਸ ਇੰਡੀਆ ਚਲਾ ਜਾਵਾਂ। ਵਾਪਸ ਤਾਂ ਜਾ ਨਹੀਂ ਸੀ ਸਕਦਾ ਪਰ ਮੈਂ ਫੋਨ ਜ਼ਰੂਰ ਛੇਤੀ ਛੇਤੀ ਕਰ ਲੈਂਦਾ। ਸੁੱਖੀ ਇੱਕ ਦਿਨ ਕਹਿੰਦੀ ,“ਹੋਰ ਚੌਂਹ ਮਹੀਨਿਆਂ ਨੂੰ ਮੈਂ ਤੁਹਾਡੇ ਕੋਲ ਆ ਜਾਣੈ। ਐਵੇਂ ਫੋਨ ‘ਤੇ ਐਨੇ ਪੈਸੇ ਖਰਚਦੇ ਐਂ। ਨਾਲੇ ਪਿੱਛੋਂ ਸਾਰੇ ਭੈਣ ਭਰਾ ਮੈਨੂੰ ਛੇੜਦੇ ਐ।” ਸੁੱਖੀ ਦੀ ਇਹ ਝਿੜਕੀ ਮੈਨੂੰ ਚੰਗੀ–ਚੰਗੀ ਲੱਗੀ ‘ਕਿੰਨਾ ਫਿਕਰ ਐ ਇਹਨੂੰ ਹੁਣੇ ਤੋਂ ਹੀ ਘਰ ਦਾ-|  ਫੋਨ ਨੂੰ ਫਜ਼ੂਲ ਖਰਚ ਸਮਝਦੀ ਐ ਸੁੱਖੀ। ਕਿੰਨੀ ਸਮਝਦਾਰ ਐ --- 
 ਪਰ ਭੋਲਿਆ ਮੈਨੂੰ ਉਦੋਂ ਤੇਰੇ ਖਰਚ ਦਾ ਫਿਕਰ ਨਹੀਂ ਸੀ ਹੁੰਦਾ। ਮੈਂ ਤਾਂ ਬੱਸ ਐਕਟਿੰਗ ਕਰ ਰਹੀ ਸੀ ਤੇਰੀ ਪਤਨੀ ਹੋਣ ਦੀ। ਪਰ ਜਦ ਤੇਰਾ ਫੋਨ ਛੇਤੀ-ਛੇਤੀ ਆ ਜਾਂਦਾ, ਮਾਂ ਮੇਰੇ ਅੰਦਰਲੀ ਬਰਫ਼ ਪਿਘਲਾਉਣ ਦਾ ਯਤਨ ਕਰਦੀ ਆਖਦੀ, “ਵੇਖ ਕਿੰਨਾ ਪਿਆਰ ਕਰਦੈ ਤੈਨੂੰ।” ਪਰ ਜਸਵਿੰਦਰ ਦੀ ਮੌਜੂਦਗੀ ਮੇਰੇ ਅੰਦਰਲੀ ਬਰਫ਼ ਹੋਰ ਸਖਤ ਕਰ ਦਿੰਦੀ। ਮਾਂ ਫਿਰ ਆਖਦੀ, “ਤੇਰੀਆਂ ਅੱਖਾਂ ਅੱਗੇ ਤਾਂ ਕੱਚੀ ਉਮਰੇ ਇਸ਼ਕ ਦੀ ਪੱਟੀ ਬੰਨੀ ਹੋਈ ਐ, ਜਿਹੜੀ ਤੈਨੂੰ ਚੰਗੇ-ਬੁਰੇ ਦੀ ਪਛਾਣ ਨਹੀਂ ਕਰਨ ਦਿੰਦੀ। ਜਦੋਂ ਤੱਕ ਤੈਨੂੰ ਸਮਝ ਆਊ ਉਦੋਂ ਤੱਕ ਦੇਰ ਹੋ ਜਾਊ। ਫਿਰ ਰੋਈਂ ਅੱਖਾਂ ‘ਚ ਘਸੁੰਨ ਦੇ ਦੇ।” ਮਾਂ ਵੀ ਬੱਸ ਐਵੇਂ ਹੀ, ਮੈਂ ਤਾਂ ਜਸਵਿੰਦਰ ਨੂੰ ਪਿਆਰ ਕੀਤੈ ਤੇ ਮਾਂ ਸਮਝਦੀ ਐ ਕਿ ਕੱਚੀ ਉਮਰ ਦਾ –|  ਮਾਂ ਦੀ ਗੱਲ ਕਿਤੇ-?ਮੈਂ ਵੀ ਬੱਸ। ਪਹਿਲਾਂ ਇਹ ਪੜ੍ਹਾਂ। ‘ਸੁੱਖੀ ਦੇ ਆਉਣ ਦੀ ਪਾਰਟੀ’ ਵਾਲਾ ਸਫ਼ਾ ਪੜ੍ਹਨ ਲੱਗਦੀ ਹਾਂ। 
--- ਸਹਿਕਾਮੇ ਮੈਥੋਂ ਸੁੱਖੀ ਦੇ ਆਉਣ ਦੀ ਪਾਰਟੀ ਮੰਗਦੇ ਹਨ। ਪਾਰਟੀ ਤਾਂ ਉਨ੍ਹਾਂ ਨੂੰ ਦੇਵਾਂਗਾ ਹੀ ਪਰ ਉਹੋ ਜਿਹੀ ਨਹੀਂ ਜਿਸ ਤਰਾਂ ਦੀ ਉਹ ਚਾਹੁੰਦੇ ਹਨ। ਪੰਮੀ ਬਾਈ ਕਹਿੰਦਾ, “ਬੌਬ ਦੀ ਗਰਲ ਫਰੈਂਡ ਲੀਸਾ ਨੂੰ ਸੱਦਾਂਗੇ। ਪੀਟਰ ਨੂੰ ਕੀਤੀ ਸਟੈਗ ਪਾਰਟੀ ਵਰਗੀ ਲੈਣੀ ਆ ਪਾਰਟੀ।”
“ਸਟੈਗ ਪਾਰਟੀ ਤਾਂ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਮੁੰਡੇ ਨੂੰ ਉਸਦੇ ਦੋਸਤ ਕਰਦੇ ਹੁੰਦੇ ਐ ਤੇ ਤੁਸੀਂ ਸਾਰਾ ਕੁਝ ਉਲਟ ਭਾਲਦੇ ਐਂ,” ਮੈਂ ਕਿਹਾ। 
“ਉਲਟਾ-ਸਿੱਧਾ ਸਾਨੂੰ ਨੀ ਪਤਾ। ਪਾਰਟੀ ਚਾਹੀਦੀ ਐ ਸਾਨੂੰ ਤਾਂ। ਮੈਂ ਤਾਂ ਬੌਬ ਨਾਲ ਗੱਲ ਵੀ ਕਰ ਲਈ ਐ,” ਪੰਮੀ ਅੜਿਆ ਹੋਇਐ ----
 
ਇਹ ਸਟੈਗ ਪਾਰਟੀ ਕੀ ਹੋਈ ਮੇਰੇ ਅੰਦਰ ਪ੍ਰਸ਼ਨ ਉੱਠਦਾ ਹੈ। ਸ਼ਾਇਦ ਇਸ ਡਾਇਰੀ ‘ਚੋਂ ਹੀ ਪਤਾ ਲੱਗ ਜਾਵੇ। ਮੈਂ ਸਫੇ ਫਰੋਲਦੀ ਹਾਂ। ‘ਪੀਟਰ ਨੂੰ ਸਟੈਗ ਪਾਰਟੀ’ ਵਾਲਾ ਸਫਾ ਲੱਭ ਪੈਂਦਾ ਹੈ। 
-- ਪੀਟਰ ਨੂੰ ਸਟੈਗ ਪਾਰਟੀ ਕਰਨ ਲਈ ਸਾਰੇ ਸਹਿਕਾਮਿਆਂ ਨੇ ਡਾਲਰ ਇੱਕਠੇ ਕਰ ਲਏ। ਬੌਬ ਕਹਿੰਦਾ, “ਸਟਰਿੱਪਰ ਦਾ ਪ੍ਰਬੰਧ ਮੈਂ ਕਰੂੰ। ਇੱਕ ਨੰਬਰ।” ਇਹ ਬੌਬ ਸਾਡੀ ਕੰਪਨੀ ‘ਚ ਆਊਟ-ਸਾਈਡ ਸੇਲਜ਼ਮੈਨ ਹੈ। ਅਸਲ ਨਾਂ ਬਲਵਿੰਦਰ ਹੈ ਪਰ ਬੌਬ ਕਹਾ ਕੇ ਖੁਸ਼ ਹੁੰਦੈ। ਤੇ ਪਾਰਟੀ ਲਈ ਉਹ ਇੱਕ ਸਟਰਿੱਪਰ ਲੈ ਆਇਆ। ਬੀਅਰਾਂ ਖਾਲੀ ਹੋਣ ਲੱਗੀਆਂ। ਮਿਊਜ਼ਕ ਵੱਜਣ ਲੱਗਾ। ਸਟਰਿੱਪਰ ਨਿਰਵਸਤਰ ਡਾਂਸ ਕਰਨ ਲੱਗੀ। ਪੰਮੀ ਬਾਈ ਸਟਰਿੱਪਰ ‘ਤੇ ਲੱਟੂ ਹੋਇਆ ਬੀਅਰ ਤੇ ਬੀਅਰ ਚੜ੍ਹਾਈ ਗਿਆ। ਬੌਬ ਦੇ ਮੋਢੇ ‘ਤੇ ਹੱਥ ਮਾਰ ਸਟਰਿੱਪਰ ਵੱਲ ਇਸ਼ਾਰਾ ਕਰਕੇ ਕਹਿੰਦਾ , “ਇਹ ਮਾਲ ਕਿੱਥੋਂ ਪੱਟਿਐ, ਪੱਠਿਆ।”‘ਪੱਠਿਆ’ ਸ਼ਬਦ ਦੀ ਸ਼ਾਇਦ ਬੌਬ ਨੂੰ ਸਮਝ ਨਾ ਆਈ ਹੋਵੇ। ਉਹ ਕਨੇਡਾ ਦਾ ਹੀ ਜੰਮਪਲ ਹੈ। ਮੁਸਕਰਾ ਕੇ ਕਹਿੰਦਾ, “ਮੇਰੀ ਗਰਲਫ੍ਰੈਂਡ ਐ, ਲੀਸਾ।”
“ਤੇਰੀ ਗਰਲ ਫ੍ਰੈਂਡ ਦਾ ਸਰੀਰ ਇੱਕ ਨੰਬਰ ਐ,” ਪੰਮੀ ਬਾਈ ਨੇ ਝੂਮਕੇ ਕਿਹਾ। 
“ਥੈਂਕਯੂ,”ਬੌਬ  ਨੇ ਕਿਹਾ। 
“ਤੂੰ ਕਿਸਮਤ ਵਾਲਾ ਐਂ ਕਿ ਹਰ-ਰੋਜ਼ ਐਸੇ ਸਰੀਰ ਨਾਲ ਸਾਉਨੈਂ। ਕਾਸ਼ ਮੈਂ ਵੀ ਇਹੋ-ਜਿਹੇ ਸਰੀਰ ਨਾਲ ਸੌਂ ਸਕਦਾ,” ਪੰਮੀ  ਲੋਰ ‘ਚ ਕਹਿ ਗਿਆ। 
“ਤੂੰ ਇਹਦੇ ਨਾਲ ਸਾਉਣੈ?” ਬੌਬ ਨੇ ਲੀਸਾ ਵੱਲ ਹੱਥ ਕਰਕੇ ਕਿਹਾ। ਮੇਰਾ ਮੂੰਹ ਅੱਡਿਆ ਰਹਿ ਗਿਆ। 
“ਤੂੰ ਮਜ਼ਾਕ ਕਰਦੈਂ,” ਪੰਮੀ ਨੂੰ ਵੀ ਜਿਵੇਂ ਸੱਚ ਨਾ ਆਇਆ ਹੋਵੇ। 
“ਨਹੀਂ ਮੈਂ ਸੀਰੀਅਸ ਹਾਂ। ਤੈਨੂੰ ਕੁਝ ਡਾਲਰ ਖਰਚਣੇ ਪੈਣਗੇ,” ਬੌਬ ਨੇ ਕਿਹਾ। 
“ਤੂੰ ਸੀਰੀਅਸ ਨਹੀਂ ਲੱਗਦਾ। ਤੈਨੂੰ ਕੋਈ ਇਤਰਾਜ਼ ਨਹੀਂ?” ਮੈਂ ਹੈਰਾਨੀ ‘ਚ ਪੁੱਛਿਆ। 
“ਮੈਂ ਕਿਉਂ ਇਤਰਾਜ਼ ਕਰਾਂ। ਉਸ ਕੋਲ ਵਧੀਆ ਸਰੀਰ ਐ, ਉਸਦਾ ਫਾਇਦਾ ਲੈਣਾ ਚਾਹੀਦੈ। ਸੱਚ ਤਾਂ ਇਹ ਹੈ ਕਿ ਮੈਂ ਹੀ ਲੀਸਾ ਨੂੰ ਇਹ ਸਲਾਹ ਦਿੱਤੀ ਸੀ। ਤੇ ਹੁਣ ਮੈਂ ਮਰਸੀਡਜ਼ ਦਾ ਐਸ.ਯੂ.ਵੀ. ਚਲਾਉਂਦਾ ਹਾਂ, ਪੈਂਟ ਹਾਊਸ ‘ਚ ਰਹਿੰਨੈ,” ਬੌਬ ਨੇ ਚੌੜਾ ਹੋ ਕੇ ਦੱਸਿਆ। 
 ‘ਸਾਲਾ ਪਿੰਪ’ ਮੈਂ ਆਪਣੇ ਚਿੱਤ ‘ਚ ਕਿਹਾ ਅਤੇ ਪੰਮੀ ਨੂੰ ਧੂਹ ਕੇ ਪਰਾਂ ਲੈ ਗਿਆ ਪਰ ਪੰਮੀ------ 
 
ਮੇਰੇ ਕੋਲੋਂ ਹੋਰ ਨਹੀਂ ਪੜ੍ਹਿਆ ਜਾਂਦਾ। ਮੇਰਾ ਸਾਹ ਤੇਜ਼-ਤੇਜ਼ ਚੱਲਣ ਲੱਗਦਾ ਹੈ। ਡਾਇਰੀ ਮੈਂ ਪਾਸੇ ਰੱਖ ਦਿੰਦੀ ਹਾਂ। ਮੇਰੇ ਅੰਦਰ ਗੁਰਮੀਤ ਨਾਲ ਬਿਤਾਈ ਪਹਿਲੀ ਰਾਤ ਵਾਲਾ ਅਹਿਸਾਸ ਪੈਦਾ ਹੁੰਦਾ ਹੈ। ਉਸ ਰਾਤ ਮੈਂ ਧਾਹੀਂ ਰੋਈ ਸੀ। ਮੇਰੀਆਂ ਅੱਖਾਂ ਛਲਕ ਪੈਂਦੀਆਂ ਹਨ। ਮੇਰੀ ਨਿਗ੍ਹਾ ਵਿਆਹ ਵਾਲੀ ਤਸਵੀਰ ‘ਤੇ ਪੈਂਦੀ ਹੈ। ਧੁੰਦਲੀ ਦਿਸਦੀ ਤਸਵੀਰ ਫੈਲ ਕੇ ਕੰਧ ਆਕਾਰੀ ਬਣ ਜਾਂਦੀ ਹੈ। ਮੈਂ ਅੱਖਾਂ ਪੂੰਝਦੀ ਹਾਂ। ਤਸਵੀਰ ਸਾਫ ਹੋ ਜਾਂਦੀ ਹੈ। ਗੁਰਮੀਤ ਸੇਹਰੇ ਬੰਨੀ ਮੇਰੀ ਉਂਗਲ ‘ਚ ਮੁੰਦਰੀ ਪਾ ਰਿਹਾ ਹੈ । ਤਸਵੀਰ ‘ਚ ਮੇਰੇ ਪਹਿਨੇ ਹੋਏ ਸੂਟ ਨੂੰ ਵੇਖ ਮੈਨੂੰ ਯਾਦ ਆਉਂਦਾ ਹੈ। ਮੈਂ ਉੱਠ ਕੇ ਅਟੈਚੀ ਖੋਲ੍ਹਦੀ ਹਾਂ। ਉਸ ਵਿੱਚੋਂ ਕੱਪੜੇ ਕੱਢਕੇ ਹੈਂਗਰਾਂ ‘ਤੇ ਟੰਗਣ ਲੱਗਦੀ ਹਾਂ। ਅਟੈਚੀ ਵਿੱਚੋਂ ਵਿਆਹ ਵਾਲਾ ਸੂਟ ਵੀ ਨਿਕਲ ਆਉਂਦਾ ਹੈ। ਪੈਕਿੰਗ ਕਰਨ ਵੇਲੇ ਮੈਂ ਇਹ ਸੂਟ ਅਟੈਚੀ ‘ਚ ਨਹੀਂ ਸੀ ਰੱਖ ਰਹੀ ਪਰ ਬੀਜੀ ਨੇ ਮੱਲੋ-ਜੋਰੀ ਅਟੈਚੀ ‘ਚ ਪਾ ਦਿੱਤਾ ਸੀ। ਨਹਾ ਕੇ ਮੈਂ ਉਹ ਸੂਟ ਪਾ ਲੈਦੀਂ ਹਾਂ। ਮੈਨੂੰ ਲੱਗਦਾ ਹੈ ਜਿਵੇਂ ਬੀਜੀ ਮੁਸਕਰਾ ਰਹੇ ਹੋਣ।