ਖੜਾਂ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਸ ਸੰਸਾਰ ਵਿਚ ਇਨਸਾਫ ਨਾਂ ਦੀ ਤਾਂ ਕੋਈ ਸ਼ੈ ਹੀ ਨਹੀਂ, ਤਕੜੇ  ਦਾ ਸਦਾ ਸਤੀਂ ਵੀਹੀਂ ਸੌ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ। ਸਾਨੂੰ ਇਨਸਾਫ ਚਾਹੀਦਾ।
ਨਾਇਨਸਾਫੀ ਨਹੀਂ ਜਰਾਂਗੇ…ਨਹੀਂ ਜਰਾਂਗੇ । ਨਾ ਇਨਸਾਫੀ ਨਹੀਂ ਜਰਾਂਗੇ …. ਨਹੀਂ ਜਰਾਂਗੇ।
ਦੇਖੋ ਝੱਲ ਨਾ ਖਿਲਾਰੋ, ਦਸੋ ਤਾਂ ਸਹੀ ਤੁਹਾਡੇ ਨਾਲ ਕੀ ਨਾਇਨਸਾਫੀ ਹੋਈ ਆ।
ਹਕ ਮੰਗਣ ਵਾਲਿਆਂ ਨੂਂ ਹਮੇਸ਼ਾ ਝੱਲੇ ਆਖ ਕੇ ਚੁਪ ਕਰਾ ਦਿਤਾ ਜਾਂਦਾ। ਹੁਣ ਅਸੀਂ ਚੁਪ ਨਹੀਂ ਰਹਾਂਗੇ….ਨਹੀਂ ਰਹਾਂਗੇ।
ਸ਼ੋਰ ਸ਼ਰਾਬਾ ਤਾਂ ਕੋਈ ਹਲ ਨਹੀਂ, ਹਮੇਸ਼ਾ ਬਾਦਲੀਲ ਗੱਲ ਬਾਤ ਹੀ  ਨਬੇੜੇ ਕਰਦੀ ਆ।
ਚਲ ਇਦਾਂ ਹੀ ਸਹੀ  ਤੇਰੀ ਗੱਲ ਮੰਨ ਲੈਂਦੇ ਹਾਂ। ਲੈ ਸੁਣ , ਤੇਰੇ ਕੰਮ ਦੀ ਚਰਚਾ ਸਾਰਾ ਸੰਸਾਰ ਕਰੇ ਅਤੇ ਤੇਰੀ ਰੀਸੇ ਅਸੀਂ ਜੇ ਚਰਚਾ ਦਾ ਵਿਸ਼ਾ ਬਣਨਾ ਚਾਹਿਆ ਤਾਂ ਕਿਸੇ ਨੇ ਬਾਤ ਵੀ ਨਹੀਂ ਪੁਛੀ ਕੀ ਤੂੰ ਇਸ ਨੂੰ ਇਨਸਾਫ ਕਹੇਂਗਾ।
ਬੁਝਾਰਤਾਂ ਨਾ ਪਾਓ ਸਾਫ ਸਾਫ ਗੱਲ ਕਰੋ।
ਇਦਾਂ ਗੱਲਾਂ ਕਰਦਾ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ , ਨਾਲੇ ਚੋਰ ਨਾਲੇ ਚਤਰ। ਤੇਰੇ ਨਾਲ ਗੱਲ ਕਰਨ ਦਾ ਤਾਂ ਹੁਣ ਕੋਈ ਫਾਇਦਾ ਹੀ ਨਹੀਂ। ਆਪਣਾ ਫੈਸਲਾ ਤਾਂ ਹੁਣ ਕੋਈ ਤੀਜੀ ਧਿਰ ਹੀ ਕਰੂ।
ਦੇਖੋ ਹਰ ਪ੍ਰਿਵਾਰ ਵਿਚ ਸ਼ਿਕਵੇ ਸ਼ਕਾਇਤਾਂ ਦਾ ਹੋਣਾ ਤਾਂ ਸੁਭਾਵਕ ਹੀ ਹੈ ਆਪਸ ਵਿਚ ਬੈਹ ਕੇ ਗੱਲ ਨਬੇੜ ਲੈਣ ਵਿਚ ਸਿਆਣਪ ਹੈ, ਜੇ ਫੇਰ ਵੀ ਤੁਹਾਡੀ ਤਸੱਲੀ ਨਾਂ ਹੋਊ ਤਾਂ ਜਿਦਾਂ ਆਖੋਂ ਗੇ ਕਰ ਲਵਾਂ ਗੇ। ਹੁਣ ਤੁਸੀਂ ਆਪਣੀ ਗੱਲ ਕਰੋ ਮੈਂ ਸੁਣਦਾਂ।
ਅਸੀਂ ਹੁਣ ਤੇਰੀਆਂ ਗਲਾਂ ਵਿਚ ਨਹੀਂ ਆਉਣਾ , ਸਾਡਾ ਫੈਸਲਾ ਤਾਂ ਹੁਣ ਕੋਈ ਤੀਜੀ ਧਿਰ ਹੀ ਕਰੂ।
ਚੰਗਾ ਜੇ ਤੁਹਾਡੀ ਤਸੱਲੀ ਕਿਸੇ ਤੀਜੇ ਕੋਲੋਂ ਹੋ ਸਕਦੀ ਹੈ ਤਾਂ ਉਹ ਸਾਹਮਣੇ ਪਾਰਕ  ਵਿਚ ਕੁਝ ਬੰਦੇ ਬੈਠੇ ਹਨ ਉਹਨਾਂ ਅਗੇ ਆਪਣਾ ਮੁਕੱਦਮਾਂ ਰਖ ਦਿੰਦੇ ਹਾਂ। ਇਸਤੇ ਸਭ ਦੀ ਸਹਿਮਤੀ ਹੋ ਗਈ।
ਹਰ ਬਜ਼ੁਰਗ ਸਵਰਗ ਦਾ ਸੁਪਨਾ ਲੈ ਕੇ ਅਮਰੀਕਾ ਆਉਂਦਾ ਹੈ। ਕੁਝ ਦਿਨ ਤਾਂ ਹੋਲਰ ਹੋਲਰ ਵਿਚ ਬੀਤ ਜਾਂਦੇ ਹਨ ਪਰ ਜਦ ਧੀਆਂ ਪੁਤ ਕੰਮਾਂ ਤੇ ਚਲੇ ਜਾਂਦੇ ਹਨ ਬਾਲਵਾੜੀ ਸਕੂਲੇ ਤਾਂ ਬਜ਼ੁਰਗ ਇਕੱਲ ਦਾ ਸਲ ਭੋਗਦਾ ਹੋਇਆ ਸੋਚਣ ਲਈ ਮਜਬੂਰ ਹੋ ਜਾਂਦਾ ਹੈ । ਜੇ ਇਕੱਲ ਨੂੰ  ਹੀ ਸਵਰਗ  ਕਹਿੰਦੇ ਹਨ ਤਾਂ ਮੈਨੂੰ ਨਹੀਂ ਚਾਹੀਦਾ ਪਰ ਛੇਤੀ ਹੀ ਜਦ ਘਰਾਂ ਵਿਚਕਾਰਲੀ ਪਾਰਕ ਵਿਚ ਬਜ਼ੁਰਗਾਂ ਦੀ ਢਾਣੀ ਵਿਚ ਰਚ ਮਿਚ ਜਾਂਦਾ ਹੈ ਤਾਂ ਹਟੀ ਭਠੀ ਦਾ ਝਸ ਪੂਰਾ ਹੋਣ ਨਾਲ ਦਿਲ ਲਗ ਜਾਂਦਾ ਹੈ । ਪਾਰਕ ਵਿਚ ਅਠ ਦਸ ਬੰਦੇ ਤਾਂ ਰੋਜ਼ ਜੁੜ ਹੀ ਜਾਂਦੇ, ਕੋਈ ਆਵੇ ਨਾ ਆਵੇ ਵਰਿਆਮ ਸਿੰਘ ,ਰੁਲੀਆ ਰਾਮ ਅਤੇ ਅੱਲਾ ਦਿੱਤਾ ਤਾਂ ਨਿਤ ਨੇਮ ਨਾਲ ਆਉਂਦੇ। ਗੱਪਾਂ ਸ਼ੱਪਾਂ ਹਾਸਾ ਮਸ਼ਕੂਲਾ ਤਾਸ਼ ਅਤੇ ਅਖਵਾਰ ਦੀਆਂ ਖਬਰਾਂ ਦੀ ਚਰਚਾ ਛਿੜਦੀ ਤਾਂ ਬਸ ਪਤਾ ਹੀ ਨਾ ਲਗਦਾ ਕਦ ਸ਼ਾਮਾਂ ਪੈ  ਜਾਂਦੀਆਂ।
ਪਿਛਲੇ ਦੋ ਤਿਨ ਦਿਨ ਦੀ ਗੈਰਹਾਜ਼ਰੀ ਉਪਰੰਤ  ਰੁਲੀਆ ਰਾਮ ਨੇ ਹਾਜ਼ਰੀ ਲਵਾਈ ਤਾਂ ਵਰਿਆਮ ਸਿੰਘ ਨੇ ਮਸ਼ਕੂਲੇ ਵਿਚ ਆਖਿਆ “ ਰੁਲੀਆ ਰਾਮਾਂ ਸਟ ਚੋਟ ਤੋਂ ਬਚਿਆ ।“
 “ ਸਟ ਚੋਟ, ਕਾਹਦੀ ਸਟ ਚੋਟ ? “ 
ਰੁਲੀਆ ਰਾਮ ਦੇ ਬੋਲਾਂ ਵਿਚ ਤੱਲਖੀ ਨੂੰ ਭਾਂਪਦਿਆਂ  ਅੱਲਾ  ਦਿੱਤਾ ਬੋਲਿਆ “  ਤਿਨ ਦਿਨ ਤੋਂ ਤੇਰੀ ਗੈਰਹਾਜ਼ਰੀ  ਕਾਰਨ ਚਿੰਤਾ ਸੀ , ਤੇਰੇ ਨਾਲ ਹਮਦਰਦੀ ਕਰਕੇ ਵਰਿਆਮ ਸਿੰਘ ਹੋਰਾਂ ਤੈਨੂੰ ਪੁਛਿਆ , ਜੇ ਨਹੀਂ ਦਸਣਾ ਚਾਹੁੰਦਾ ਤਾਂ ਨਾ ਦਸ ।“
“ ਹਮਦਰਦੀ , ਕਿਸ ਗੱਲ ਦੀ ਹਮਦਰਦੀ ? ਖੈਰ ਤੁਹਾਡੀ ਹਮਦਰਦੀ ਦਾ ਧੰਨਵਾਦ।“  ਰੁਲੀਆ ਰਾਮ ਦੇ ਬੋਲਾਂ ਵਿਚ ਹਾਲੇ ਵੀ ਤੱਲਖੀ ਸੀ।
“ ਰੁਲੀਆ ਰਾਮਾਂ ਬੜੇ ਸਰਦਾਰਾਂ ਦੇ ਘਰ ਉਹਨਾਂ ਦੇ ਤਸਵੀਰਾਂ ਵਾਲੇ ਸੰਦੂਕ ਵਿਚ ਮੈਂ ਇਕ ਚਪੱਲ ਤੇਰੇ ਵਲ ਨੂੰ ਆਉਂਦੀ ਦੇਖੀ ਤਦੇ ਤੈਨੂੰ ਪੁਛਿਆ ।“ ਵਰਿਆਮ ਸਿੰਘ ਨੇ ਗੱਲ ਅਗੇ ਤੋਰੀ।
“ ਪਹਿਲਾਂ ਇਹ ਦਸ ਸਰਦਾਰਾਂ ਦੇ ਘਰ ਧਾਰਾਂ ਲੈਣ ਗਿਆ ਸੀ , ਵਰਿਆਮ ਸਿਆਂ , ਬੜੇ ਆਦਮੀ ਗੱਨੇ ਦੀ ਪੋਰੀ ਵਾਂਗ ਚੂਪ ਕੇ ਸੁਟ ਦਿੰਦੇ  ਹਨ, ਮੇਲ ਮਿਲਾਪ ਆਪਣੇ ਬਰਾਬਰ ਦਿਆਂ ਨਾਲ ਨਿਭਦਾ ਜੇ ਗੁਲਾਮੀ ਹੀ ਕਰਨੀ ਆ ਤਾਂ ਨਾਂ ਨਾਲ ਸਿੰਘ ਦਾ ਕਲਗਾ ਕਾਹਤੋਂ ਲਾਈ ਫਿਰਦਾਂ । ਚਾਰ ਸਾਲ ਹੋ ਗਏ ਅਮਰੀਕਾ ਆਏ ਨੂੰ ਟੈਲੀਵੀਜ਼ਨ ਨੂੰ  ਹਾਲੇ ਵੀ ਸੰਦੂਕ ਹੀ ਕਹੀ ਜਾਂਨਾ । ਕਦ…..”
ਹਸਦਿਆ ਹੋਇਆਂ ਵਰਿਆਮ ਸਿੰਘ ਨੇ ਆਖਿਆ “ ਤੂੰ ਤਾਂ ਗੁਸਾ ਕਰ ਗਿਆ । ਰੁਲੀਆ ਰਾਮਾਂ ਗਲ ਵਿਚ ਪਾਏ ਹਾਰਾਂ ਵਿਚੋਂ  ਦੀ ਸਿਰਫ ਤੇਰੇ ਵਰਗੀਆਂ ਤਿਖੀਆਂ ਕਟੀਆਂ ਮੁਛਾਂ ਦੇਖ ਕੇ ਮੈਂਨੂੰ ਭੁਲੇਖਾ ਲਗ ਗਿਆ। ਖੈਰ ਸ਼ੁਕਰ ਆ ਉਹ ਚਪੱਲ ਤੇਰ ਵਲ ਨਹੀਂ ਸੀ ਮਾਰੀ।“
“ਤੂੰ ਉਸ ਚੱਪਲ ਦੀ ਗੱਲ ਕਰਦਾਂ ਜੋ ਐਹਮਦਾਬਾਦ ਵਿਚ ਚੋਣ ਰੈਲੀ ਸਮੇਂ ਇਕ ਸਿਰ ਫਿਰੇ ਨੇ ਅਡਵਾਨੀ ਜੀ ਵਲ ਮਾਰੀ ਸੀ “ ਰੁਲੀਆ ਰਾਮ ਨੇ ਜਾਨਣਾ ਚਾਹਿਆ
“ ਤੇਰਾ ਬਚਾ ਜੀਵੇ, ਬਸ ਉਸੇ ਚਪੱਲ ਬਾਰੇ ਗੱਲ ਕਰ ਰਹੇ ਹਾਂ। ਭਲਾ ਅਡਵਾਨੀ ਜੀ ਨਾਲ ਕੀ ਰੋਸਾ ਸੀ ਉਸ ਭਲੇਮਾਣਸ ਦਾ’।“ ਸ਼ਾਮ ਸਿੰਘ ਨੇ ਪੁਛਿਆ
“ ਗਊ ਹੱਤਿਆ ਬਾਰੇ ਰੋਸ ਕਰ ਰਿਹਾ ਸੀ “ ਰੁਲੀਆ ਰਾਮ ਦਾ ਸੰਖੇਪ ਉਤਰ ਸੁਣ ਸ਼ਾਮ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ “ ਓ ਅਛਾ , ਮੈਨੂੰ ਨਹੀਂ ਸੀ ਪਤਾ ਕਿ ਅਡਵਾਨੀ ਜੀ ਗਊ ਹੱਤਿਆ ਵੀ ਕਰਦੇ ਆ।“
“ ਗੱਲ ਤਾਂ ਉਸ ਸਹੀ ਕਹੀ ਆ, ਚੋਣਾ ਸਮੇਂ ਅਡਵਾਨੀ ਜੀ ਰੱਥ ਯਤਰਾ ਕਰਦੇ ਹੋਏ ਜਦ ਜੀਭ ਦੇ ਅਗਨਬਾਣ ਮਾਰਦੇ ਆ ਤਾਂ ਹਰ ਪਾਸੇ ਭਾਂਬੜ ਮਚ ਜਾਂਦਾ ਹੈ ਬਦੋਸ਼ੇ ਮਾਰੇ ਜਾਂਦੇ ਹਨ। ਭਲੇ ਸਮੇਂ ਤਾਂ ਕਿਤੇ ਸੁਪਨਾ ਹੀ ਹੋ ਗਏ ਹਨ ਸਾਰੀ ਦੁਨੀਆਂ ਵਿਚ ਅੱਗ ਵ੍ਹਰਦੀ ਆ, ਸਾਡੇ ਪਾਕਸਤਾਨ ਵਿਚ ਮੁਸਲਮਾਨ ਮੁਸਲਮਾਨ ਦਾ ਵੈਰੀ ਬਣਿਆ ਬੇਠਾ ਪਤਾ ਨਹੀਂ…।“
“ ਲੈ ਇਹਨੇ ਆਪਣਾ ਹੀ ਕੱਟਾ ਛਡ ਦਿਤਾ , ਗੱਲ ਤਾਂ ਪੂਰੀ ਹੋ ਲੇਣ ਦੇ। ਅਡਵਾਨੀ ਜੀ ਨੁੰ ਤਾਂ ਇਹ ਦੂਸਰਾ ਛਾਂਦਾ ਮਿਲਿਆ। “ ਅੱਲਾ ਦਿੱਤਾ ਦੀ ਗੱਲ ਵਿਚਾਲਿਓਂ ਟੋਕਦਾ ਨਾਮਾ ਬੋਲਿਆ ।
“ ਸੁਣਿਆ ਪਹਿਲਾ ਬੰਦਾ ਤਾਂ ਅਡਵਾਨੀ ਜੀ ਦੀ ਆਪਣੀ ਪਾਰਟੀ ਦਾ ਹੀ ਸੀ ”
ਸ਼ਾਮ ਸਿੰਘ ਨੇ ਆਪਣੀ ਜਾਣਕਾਰੀ ਦੇ ਅਧਾਰ ਤੇ ਆਖਿਆ।
“ ਉਸ ਖੜਾਂ ਸੁਟ ਦਾ ਰੋਸ ਤਾਂ ਸਾਰਾ ਪਾਰਟੀ ਫੰਡਾਂ ਵਿਚੋਂ ਹਿਸਾ ਨਾ ਮਿਲਣ ਕਾਰਨ ਸੀ। ਪਾਰਟੀ ਵਿਚ ਚੋਧਰ ਨਾ ਮਿਲਣ ਕਾਰਨ ਬਾਪੂ ਦੀ ਖੜਾਂ ਕੱਢ ਮਾਰੀ। ਜ਼ਾਤੀ ਮੰਤਵ ਲਈ ਇਹੋ ਜਿਹੀ ਘਿਨਾਉਣੀ ਹਰਕਤ ਜੁਰਮ ਹੇ। ਸਾਡੀ ਸੂਝ ਦਾ ਦਵਾਲਾ ਨਿਕਲਣ ਦੀ ਨਸ਼ਾਨੀ ਹੈ।“ ਰੁਲੀਆ ਰਾਮ ਨੇ ਟਿਪਣੀ ਕੀਤੀ।
“ ਵਡੇ ਭਾਈ ਅਡਵਾਨੀ ਵਲ ਸੁਟੀ ਖੜਾਂ ਜੁਰਮ ਅਤੇ ਬੁਸ਼ ਵਲ ਸੁਟਿਆ ਬੂਟ ਜਾਇਜ਼ ਕਿਵੇਂ ਹੋ ਸਕਦਾ ਹੈ। ਇਕ ਬਾਜ਼ਾਰ ਵਿਚ ਦੋ ਭਾ ਵਾਲੀ ਗੱਲ ਜਚੀ ਨਹੀਂ ਜਾਂ ਤਾਂ ਦੋਵੇਂ ਜੁਰਮ ਹਨ ਜਾਂ ਦੋਵੇਂ ਸਹੀ ਵਿਚ ਵਚਾਲੇ ਕੋਈ ਗੱਲ ਨਹੀਂ।“
ਜਦ ਸ਼ਾਮ ਸਿੰਘ ਨੇ ਗੱਲ ਬਾਤ ਤੇ ਸਵਾਲੀਆ ਚਿੰਨ ਲਗਾ ਦਿਤਾ ਤਾਂ ਰੁਲੀਆਂ ਰਾਮ ਨੇ ਗੱਲ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ। “ ਗੱਲ ਇਦਾਂ, ਇਰਾਕ ਵਿਚ ਜਦ ਬੂਟ ਨੇ ਬੁਸ਼ ਵਲ ਉਡਾਰੀ ਭਰੀ ਸੀ ਤਾਂ ਸਾਰੇ ਸੰਸਾਰ ਦੇ ਮੀਡੀਏ ਤੇ ਇਹ ਖਬਰ ਬਾਰ ਬਾਰ ਨਸ਼ਰ ਕੀਤੀ ਜਾਣ ਦਾ ਕਾਰਨ ਸੀ ਮਿਸਟਰ ਬੁਸ਼ ਵਲੋਂ ਅਪਨਾਈ ਧੱਕੜ ਨੀਤੀ ਦੇ ਖਿਲਾਫ ਜ਼ੈਦੀ ਵਲੋਂ ਅਪਨਾਇਆ ਰੋਸ ਢੰਗ ਜੋ ਬਿਲਕੁਲ ਨਵਾਂ ਸੀ। ਜ਼ੈਦੀ ਦਾ ਬੂਟ ਉਸ ਵੇਲੇ ਬੁਸ਼ ਦੇ ਵਡੇ ਵਡੇ ਬੰਬਾ ਤੇ ਭਾਰੂ ਹੋ ਗਿਆ ਸੀ। ਜ਼ੈਦੀ ਦੇ ਨਾਲ ਨਾਲ ਉਸ ਦੇ ਬੂਟ ਦੀ ਵੀ ਚਰਚਾ ਹੋ ਰਹੀ ਸੀ। ਲਕੜੀ ਨਾਲ ਲੋਹਾ ਵੀ ਤਰ ਗਿਆ ਸੀ। ਕੋਈ ਇਕ ਬੰਦਾ ਤਾਂ ਦਸੋ ਜਿਸਨੇ ਮਿਸਟਰ ਬੁਸ਼ ਲਈ ਹ੍ਹਾ ਦਾ ਨਾਹਰਾ ਮਾਰਿਆ ਹੋਵੇ। ਅਤੇ ਅਡਵਾਨੀ ਵਲ ਸੁਟੀ ਪੁਰਾਣੀ ਖੜਾਂ ਅਤੇ ਚਪੱਲ ਉਹਨਾਂ ਭੱਦਰ ਪੁਰਸ਼ਾਂ ਦੀ ਭੇਡ ਚਾਲ ਸੀ। ਆਪਣੀ ਕਿੜ ਕੱਢਣ ਲਈ ਵਰਤੀ ਚਪੱਲ ਦੀ ਚਰਚਾ ਕੀ ਹੋਣੀ ਸੀ ਵਿਚਾਰੀ ਖੜਾਂ ਅਤੇ ਚਪੱਲ ਨੇ ਖਾਹ ਮਖਾਹ ਵਾਧੂ ਦੇ ਹਡ ਤੁੜਵਾਏ। ਉਹਨਾਂ ਦੇ ਬਸ ਦੀ ਗੱਲ ਵੀ ਨਹੀਂ  ਜਿਹੋ ਜਿਹੇ ਆਗੂ ਹੋਣ ਪਰਜਾ ਉਹੋ ਜਿਹੀ ਹੋ ਹੀ ਜਾਂਦੀ ਹੈ ( ਯਥਾ ਰਾਜਾ ਤਥਾ ਪਰਜਾ)। ਸ਼ਰਮ ਆਉਂਦੀ ਹੈ ਜਦ ਪਾਰਲੀਮੈਂਟ ਵਿਚ ਦਲੀਲੋਂ ਘੁਥੇ ਆਗੂ ਚਪੱਲ ਦੀ ਵਰਤੋਂ ਕਰ ਰਹੇ ਹੁੰਦੇ ਹਨ। ਜ਼ੈਦੀ ਦੀ ਰੀਸੇ ਜਣਾ ਖਣਾ ਜੁਤੀ ਨੂੰ ਹੱਥ ਪਾਈ ਖੜਾ ਹੈ,ਜੇ ਕੋਈ ਮੋੜ ਨਾ ਪਿਆ ਤਾਂ ਆਉਂਣ ਵਾਲੇ ਸਮੇਂ ਵਿਚ ਪਤਾ ਨਹੀਂ ਕੀ ਹੋਊ ।
“ ਐਵੇਂ ਨਾ ਖਪੀ ਜਾ ਰੁਲੀਆ ਰਾਮਾਂ ਸਦੀਆਂ ਤੋਂ ਇਸ ਦੇਸ ਦੀ ਗੱਡੀ ਇਦਾਂ‘ਈ ਰੁੜ੍ਹੀ ਜਾਂਦੀ ਆ ਅਤੇ ਰੁੜ੍ਹੀ ਜਾਣੀ ਆਂ। ਸੋਚਣ ਵਾਲੀ ਗੱਲ ਆ ,ਚੀਨ ਦਾ ਪਰਧਾਨ ਮੰਤਰੀ ਵੀ ਤਾਂ ਇਕ ਵਡੇ ਦੇਸ਼ ਦਾ ਆਗੂ ਆ  “ 
“ ਇਸ  ਵਿਚ ਕੋਈ ਸ਼ਕ ਨਹੀਂ “
“ ਤੈਂ ਮੇਰੀ ਗੱਲ ਪੂਰੀ ਨਹੀਂ ਹੋਣ ਦਿਤੀ। ਕੀ ਚੀਨ ਦੇ ਪਰਧਾਨ ਮੰਤਰੀ ਤੇ ਬੂਟ ਸੁਟਣਾ  ਬੁਸ਼ ਵਰਗੀ ਘਟਣਾ ਨਹੀਂ ਸੀ “ ਵਰਿਆਮ ਸਿੰਘ ਨੇ  ਸਵਾਲ ਕੀਤਾ  
“ ਨਹੀਂ, ਉਸ ਤੇ ਬੂਟ ਸੁਟਣਾ ਸਹੀ ਨਹੀਂ ਸੀ “
“ ਭਲਾ ਕਿਊਂ? “
ਉਹ ਯੂਨੀਵਰਸਟੀ ਦੇ ਸਦੇ ਤੇ ਆਇਆ ਸੀ। ਉਸ ਦੀ ਹੈਸੀਅਤ ਇਕ ਪਰਾਹੁਣੇ ਦੀ ਸੀ। ਕਿਸੇ ਦੇ ਘਰ ਆਏ ਪਰਾਹੁਣੇ ਨਾਲ ਇਹੋ ਜਿਹਾ ਵਿਉਹਾਰ ਨਾ ਸਮਝੀ ਹੈ। ਘਰ ਵਾਲੇ ਦੀ ਬੇਇਜ਼ਤੀ ਕਰਨ ਬਰਾਬਰ ਹੈ। ਚੀਨ ਦੀ ਪਾਲਸੀ ਬਾਰੇ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਸੀ। ਬੂਟ ਸੁਟਣਾਂ ਤਾਂ ਜ਼ੈਦੀ ਦੀ ਰੀਸ ਕਰਕੇ ਫੋਕਟੀ ਦੇ ਨੰਬਰ ਬਣਾਉਣ ਵਾਲੀ ਗੱਲ ਸੀ ਨਾਲੇ ਅੱਧੇ ਦਿਲ ਨਾਲ ਕੀਤਾ ਕੋਈ ਵੀ ਕੰਮ ਕਦੇ ਸਰਾਹਿਆ ਨਹੀਂ ਜਾਂਦਾ। ਜ਼ੈਦੀ ਨੇ ਤਾਂ ਪੂਰੀ ਸਕਿਉਰਟੀ ਹੁੰਦਿਆਂ ਹੋਇਆਂ ਇਕ ਨਹੀਂ ਬਾਕਾਇਦਾ ਸਨੇਹੇ ਨਾਲ ਦੋਵੇਂ ਬੂਟ ਮਿਸਟਰ ਬੁਸ਼ ਵਲ ਭੇਜੇ ਸਨ, ਇਸ ਭੱਦਰ ਪੁਰਸ਼ ਨੇ ਤਾਂ ਇਕ ਨਾਲ ਹੀ ਸਾਰ ਲਿਆ ਫੇਰ ਇਕੋ ਜਿਹੇ ਕਿਦਾਂ ਹੋਏ ਘੋੜਾ ਘੋੜਾ ਹੀ ਹੁੰਦਾ ਹੈ ਖੋਤੇ ਨੂੰ ਘੋੜਾ ਨਹੀਂ ਕਿਹਾ ਜਾ ਸਕਦਾ। “ 
“ ਚਲ ਛਡ ਦੂਰ ਦੁਰਾਡੇ ਦੀਆਂ ਗੱਲਾਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ।
ਚੰਦਰਬਿਮ ( ਚਿਦੰਬਰਮ ) ਤਾਂ ਭਲਾ ਲੋਕ ਆ ਜਰਨੈਲ ਸਿੰਘ ਨੇ ਉਸ ਵਲ ਵੀ ਬੂਟ ਵਗਾਹ ਮਾਰਿਆ ਇਹ ਕਿਥੇ ਦੀ ਸ਼ਰਾਫਤ ਆ “ ਨਾਮੇਂ ਨੇ ਇਕ ਨਵਾਂ ਸਵਾਲ ਖੜ੍ਹਾ ਕਰ ਦਿਤਾ।
“ ਮੈਂ ਮੰਨਦਾ ਜਰਨੈਲ ਸਿੰਘ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਜ਼ੈਦੀ ਦੀ ਰੀਸ ਹੀ ਕੀਤੀ ਆ ਪਰ ਇਸ ਰੋਸ ਪਿਛੇ 25 ਸਾਲ ਦੇ ਲਮੇਂ ਸਮੇਂ ਤੋਂ ਇਨਸਾਫ ਨਾਲ ਹੋ ਰਹੀ ਛੇੜ ਛਾੜ ਹੈ। ਆਪਣੇ ਹੀ ਦੋ ਸਿਖ ਬਾਡੀਗਾਰਡਾਂ ਹਥੋਂ ਇੰਦਰਾ ਗਾਂਧੀ ਦੇ ਮਾਰੇ ਜਾਣ ਪਿਛੋਂ ਜੋ ਅਣਹੋਣੀ ਸਿਖ ਕੌਮ ਨਾਲ ਹੋਈ ਉਸ ਦਾ ਬਿਆਨ ਕਰਨ ਲਗਿਆਂ ਜ਼ਬਾਨ ਰੁਕ ਜਾਂਦੀ ਹੈ। ਕਾਂਗਰਸ ਸਰਕਾਰ ਦੇ ਨਕ ਥਲੇ ਖੂਨ ਕਾ ਬਦਲਾ ਖੂਨ ਸੇ ਲੇਂਗੇ ਦਾ ਨਾਹਰਾ ਬੁਲੰਦ ਹੋਇਆ , ਕਾਂਗਰਸੀ ਗੁੰਡਿਆਂ ਨੇ ਸਿਖਾਂ ਦੇ ਖੂਨ ਨਾਲ ਦਿਲੀ ਦੀਆਂ ਸੜਕਾਂ ਲਾਲ ਕਰ ਦਿਤੀਆਂ ਸਰਕਾਰ ਅਖਾਂ ਮੀਟ ਕੇ ਬੈਠੀ ਰਹੀ, ਉਪਰੋ ਰਾਜੀਵ ਗਾਂਧੀ ਦੇ ਬਿਆਨ ( ਜਬ ਏਕ ਬੜਾ ਪੇੜ ਗਿਰਤਾ ਹੈ ਤੋ ਜ਼ਮੀਨ ਕਾਂਪਤੀ ਹੈ ) ਨੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ। ਨਾਮਵਰ ਕਾਂਗਰਸੀ ਆਗੂ  ਜਿਹਨਾਂ ਨੇ ਉਸ ਕਾਤਲ ਹਜੂਮ ਦੀ ਅਗਵਾਈ ਕੀਤੀ ਸੀ ਉਹ ਅਦਾਲਤ ਦੇ ਕਟੈਹਰੇ ਵਿਚ ਖੜੇ ਹੋਣ ਦੀ ਥਾਂਹ ਅਜ ਤਕ ਸਰਕਾਰੀ ਕੁਰਸੀਆਂ ਦਾ ਅਨੰਦ ਮਾਣਦੇ ਰਹੇ। ਸੰਸਾਰ ਦੀਆਂ ਅਖਾਂ ਪੂੰਝਣ ਲਈ ਕਮਿਸ਼ਨ ਬਠਾਏ ਗਏ ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਅਜ ਜਦ ਸੀ.ਬੀ.ਆਈ ਨੇ ਜਗਦੀਸ਼ ਟਾਈਟਲਰ ਨੂੰ ਨਿਰਦੋਸ਼ ਕਰਾਰ ਦੇ ਦਿਤਾ ਤਾਂ ਸਿਖ ਕੌਮ ਲਈ ਹੋਰ ਸਬਰ ਕਰਨਾਂ  ਓਖਾ ਹੋ ਗਿਆ ਮੁਜ਼ਾਹਰੇ ਹੋਏ ਵੋਟਾਂ ਬਟੋਰਨ ਲਈ ਭਾਰਤੀ ਜੰਤਾ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਨੇ ਵੀ ਚੁਪੀ ਤੋੜੀ ਪਰ ਕੋਈ ਗੱਲ ਨਾ ਬਣੀ। ਟਾਈਟਲਰ ਬਾਰੇ ਪੁਛੇ ਗਏ ਸਵਾਲਾਂ ਬਾਰੇ ਜਦ ਚਿਦੰਬਰਮ ਨੇ ਟਾਲ ਮਟੌਲ ਕੀਤੀ ਤਾਂ ਜਰਨੈਲ ਸਿੰਘ ਹੋਰ ਸਬਰ ਨਾ ਕਰ ਸਕਿਆ, ਪਰੋਟੈਸਟ ਵਜੋਂ ਚਿਦੰਬਰਮ ਵਲ ਬੂਟ ਸੁਟਿਆ। ਦਰ ਅਸਲ ਉਹ ਬੂਟ ਕਾਂਗਰਸ ਦੀ ਪਾਲਿਸੀ ਦੇ ਖਿਲਾਫ ਸੁਟਿਆ ਗਿਆ ਸੀ ਨਾਇਨਸਾਫੀ ਦੇ ਖਿਲਾਫ ਸੁਟਿਆ ਗਿਆ ਸੀ। ਉਸ ਬੂਟ ਦਾ ਝਟਕੀ ਪਟਕੀ ਅਸਰ ਹੋਇਆ। ਜਗਦੀਸ਼ ਟਾਈਟਲਰ ਅਤੇ ਸਜਣ ਕੁਮਾਰ ਦੀਆਂ ਟਿਕਟਾਂ ਕਾਂਗਰਸ ਹਾਈਕਮਾਨ ਨੇ ਵਾਪਸ ਲੈ ਲਈਆਂ।“
“ ਆਹ ਹੋਈ ਨਾ ਸ਼ੇਰਾਂ ਵਾਲੀ ਗੱਲ ਸਿਖ ਕੌਮ ਨੇ ਬੜੇ ਬੜੇ ਸੂਰਮੇਂ ਪੈਦਾ ਕੀਤੇ ਆ ਜਿਧਰ ਨੂਂ ਮੂੰਹ ਕਰ ਲੈਣ ਮੋਰਚਾ ਸਰ ਕਰ ਲੈਂਦੇ ਆ ਪਰ ਸਿਖ ਕੌਮ ਦੇ ਆਗੂ ਆਪਣੇ ਯੋਧਿਆਂ ਦੀ ਕਦਰ ਕਰਨ ਦੀ ਥ੍ਹਾਂ ਉਹਨਾਂ ਦੀ ਕੁਰਬਾਨੀ ਤੇ ਕਮਾਈ ਕਰਦੇ ਹਨ ।“ ਅੱਲਾ ਦਿੱਤਾ ਨੇ ਰਾਏ ਦਿਤੀ।
“ ਅਛਾ ਬਈ ਰੁਲੀਆ ਰਾਮਾਂ ਮਹਾਰਾਸ਼ਟਰ ਵਿਚ ਇਕ ਕਾਂਗਰਸੀ ਉਮੀਦਵਾਰ.. ਕੀ ਭਲਾ ਜਿਹਾ ਨਾਂ ਸੀ ਉਸਦਾ ..ਹਾਂ, ਨਵੀਨ ਜਿੰਦਲ ਤੇ ਵੀ ਚਪੱਲ ਸੁਟੀ ਗਈ ਸੁਣੀਂਦੀ ਆ.. ਉਸਤੇ ਕਾਹਦਾ ਰੋਸ ਹੋਊ ਭਲਾ ? “ ਸ਼ਾਮ ਸਿੰਘ ਨੇ ਜਾਨਣ ਦੀ ਕੌਸ਼ਸ਼ ਕੀਤੀ।
“ ਸ਼ਾਮ ਸਿਆਂ ਜਿਦਾਂ ਮੈ ਪਹਿਲਾਂ ਦਸ ਚੁਕਾਂ ਕਿ ਸਾਡੇ ਵਿਚ ਭੇਡਚਾਲ ਬਹੁਤ ਹੈ ਜ਼ੇਦੀ ਦੀ ਰੀਸੇ ਹਰ ਕੋਈ ਜੁੱਤੀ ਨੂੰ ਹਥ ਪਾਈ ਖੜਾ। ਇਹ ਛੂਤ ਦੀ ਬਮਾਰੀ ਦਾ ਅਸਰ ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਜੰਨ ਸੰਘ ਅਤੇ ਸ਼ਿਵ ਸੈਨਾ ਤੇ ਜ਼ਿਆਦਾ ਹੋਇਆ। ਇਕ ਕਹਾਵਤ ਯਾਦ ਆ ਗਈ ਮੂਰਖ ਲੋਗ ਜੇ ਭੈਂਸ ਦੁਧ ਨਾ ਦੇਵੇ ਤਾਂ ਕੱਟੇ ਦੀਆਂ ਲਤਾਂ ਭਨਣ ਤੁਰ ਪੈਂਦੇ ਹਨ ਬਸ ਇਹੋ ਹਾਲ ਇਸ ਮੂਰਖ ਲਾਣੇ ਦਾ ਹੈ।“ 
“ ਰੁਲੀਆ ਰਾਮਾਂ ਤੈਂ ਗੁਜਰਾਤ ਦੀ ਗੱਲ ਕੀਤੀ ਆ, ਸੁਣਿਆਂ ਐਹਮਦਾਬਾਦ ਵਿਚ ਇਕ ਚੋਣ ਰੈਲੀ ਸਮੇਂ ਪਰਧਾਨ ਮੰਤਰੀ ਮਨਮੋਹਣ ਸਿੰਘ ਵਲ ਵੀ ਕਿਸੇ ਨੇ ਬੂਟ ਸੁਟਿਆ।“ 
“ ਵਰਿਆਮ ਸਿਆਂ ਰੌਲ ਕੀ ਜਾਨਣ ਚੌਲਾਂ ਦਾ ਭਾ। ਮਸਾਂ ਮਸਾਂ ਪਹਿਲੀ ਵੇਰ ਦੇਸ਼ ਨੂੰ ਇਕ ਈਮਾਨਦਾਰ, ਸੂਝਵਾਨ, ਸ਼ਰੀਫ ਪਰਧਾਨ ਮੰਤਰੀ ਮਿਲਿਆ ਜਿਸਦੀ ਸਾਦਗੀ ਸੂਝ ਅਤੇ ਹਿੰਮਤ ਦੀ ਸੰਸਾਰ ਭਰ ਵਿਚ ਮਿਸਾਲ ਨਹੀਂ। ਉਸ  ਸਿਰ ਫਿਰੇ ਦੀ ਹਰਕਤ ਨੂੰ ਮੈਂ ਤਾਂ ਛੋਕਰਖੇਲ ਹੀ ਕਹਾਂ ਗਾ। ਮੈਨੂੰ ਤਾਂ ਇਸ ਪਿਛੇ ਬਦਲੇ ਦੀ ਭਾਵਨਾ ਲਗਦੀ ਆ ਕਿ ਜਰਨੈਲ ਸਿੰਘ ਇਕ ਸਿਖ ਨੇ ਚਿਦੰਬਰਮ ਇਕ ਹਿੰਦੂ ਤੇ ਬੂਟ ਸੁਟਿਆ ਤਾਂ ਵਾਰੀ ਦਾ ਵਟਾ ਲਾਹੁਣ ਲਈ ਉਸ ਹਿੰਦੂ ਛੋਕਰੇ ਨੇ ਸਰਦਾਰ ਮਨਮੋਹਣ ਸਿੰਘ ਵਲ ਬੂਟ ਸੁਟ ਦਿਤਾ।“
“ ਸੁਣਿਆ ਇਕ ਹੋਰ ਕਾਂਗਰਸੀ ਉਮੀਦਵਾਰ ਤੇ ਵੀ ਚਪਲ ਸੁਟੀ ਗਈ “ ਨਾਮੇਂ ਨੇ ਆਖਿਆ।
“ ਉਹ ਵੀ ਸੁਣ ਲਾ ਜਿਦਾਂ ਅਜ ਕਲ ਜੁੱਤੀ ਸੁਟਣ ਦਾ ਰਵਾਜ ਪਿਆ ਨਾ ਇਸੇ ਤਰਾਂ ਕੁਝ ਸਾਲਾਂ ਤੋਂ ਇਕ ਹੋਰ ਰਵਾਜ ਵੀ ਬਣਿਆ ਹੋਇਆ, ਗਾਉਣ ਵਾਲੇ , ਫਿਲਮਾ ਵਿਚ ਕੰਮ ਕਰਨ ਵਾਲੇ ਨੱਚਣ ਵਾਲੇ ਪਾਰਲੀਮੈਂਟ  ਦੇ ਮੈਂਬਰ ਬਣਦੇ ਜਾ ਰਹੇ ਹਨ। ਤੈਨੂੰ ਪਤਾ ਸਿਆਸਤ ਦੇ ਮੰਚ ਤੇ ਗੱਲ ਕਰਨੀ ਫਿਲਮਾ ਵਿਚ ਗੱਲ ਕਰਨ ਨਾਲੋਂ ਵਖਰੀ ਹੇ। ਇਸ ਲਈ ਮੈਂ ਸਮਝਦਾ ਹਾਂ ਕਿ ਇਹਨਾ ਨਾਲ ਪਾਰਲੀਮੈਂਟ ਵਿਚ ਗੂੰਗੇ ਮੈਂਬੰਰਾਂ ਦਾ ਵਾਧਾ ਹੁੰਦਾ ਹੈ। ਨੱਚਣ ਵਾਲੇ ਵਲ ਬੂਟ ਸੁਟਣ ਵਾਲਾ ਸ਼ਾਇਦ ਕਹਿ ਰਿਹਾ ਹੋਵੇ ਕਿ ਨਚਾਰ ਤਾਂ ਪਾਰਲੀਮੈਂਟ ਵਿਚ ਅਗੇ ਹੀ ਬਹੁਤ ਹਨ ਸਾਨੂੰ ਤਾਂ ਇਕ ਸੁਘੜ ਸਿਆਸਤਦਾਨ ਦੀ ਲੋੜ ਆ।“ 
“ ਬੜੀ ਗੁੰਝਲਦਾਰ ਗੱਲ ਕੀਤੀ ਆ “ ਸ਼ਾਮ ਸਿੰਘ ਨੇ ਹਸਦਿਆਂ ਹੋਇਆਂ ਕਿਹਾ।
“ ਇਸ ਵਿਚ ਗੁੰਝਲ ਕਾਹਦੀ ਆ ਤੈਂ ਦੇਖਿਆ ਨਹੀਂ ਪਾਰਲੀਮੈਂਟ ਮੈਬੰਰ ਪਾਰਲੀਮੈਂਟ ਦੀ ਕਾਰਵਾਈ ਤਾਂ ਚਲਣ ਹੀ ਨਹੀਂ ਦਿੰਦੇ ਬਸ ਸੰਘ ਪਾੜ ਨਾਹਰੇ ਲਾਉਂਦੇ ਧਮਾਲ ਪਾਊਂਦੇ ਸਪੀਕਰ ਦੀ ਕੁਰਸੀ ਵਲ ਵਧਣ ਗੇ ਇਹ ਨਚਾਰਾਂ ਦਾ ਕੰਮ ਹੀ ਤਾਂ ਹੈ। ਬਚਾਰੇ ਸਪੀਕਰ ਨੇ ਤਾਂ ਇਹਨਾਂ ਨੂੰ ਇਕ ਦਿਨ ਸਰਾਪ ਹੀ ਦੇ ਦਿਤਾ ( ਰੱਬ ਕਰੇ ਤੁਸੀਂ ਸਾਰੇ ਚੋਣ ਹਾਰ ਜਾਮੋਂ )।“
ਸੁਣ ਲਿਆ ਤੀਜੀ ਧਿਰ ਕੀ ਆਖਦੀ ਆ। ਬੋਲੇ ਕੰਨਾ ਨੂੰ ਸੁਣਾਉਣ ਲਈ ਪਰੋਟੈਸਟ ਵਜੋਂ ਸੁਟਿਆ ਬੁਟ ਜਾਇਜ਼ ਹੈ। ਸੁਟਣ ਵਾਲੇ ਨਾਲ ਬੂਟ ਦੀ ਵੀ ਕਦਰ ਪੈ ਜਾਂਦੀ ਹੈ। ਆਪਣੀ ਜ਼ਾਤੀ ਕਿੜ ਕਢਣ ਲਈ ਸੁਟੀ ਚਪੱਲ ਸੁਟਣ ਵਾਲੇ ਦੀ ਮੂਰਖਤਾ ਹੈ ਅਤੇ ਚਪੱਲ ਦੀ ਬੇਇਜ਼ਤੀ ਹੈ।
ਲੈ ਗੱਲ ਨਿੱਖਰ ਗਈ ਸਾਡਾ ਹੁਣ ਤੇਰੇ ਨਾਲ ਕੋਈ ਝਗੜਾ ਨਹੀਂ। ਇਹ ਮੂਰਖ ਬੰਦਾ ਹੀ ਸਾਰੇ ਪੁਆੜੇ ਦੀ ਜੜ੍ਹ ਆ ਆਪਣੀ ਬੇਇਜ਼ਤੀ ਦੀ ਇਸ ਨੂੰ ਕੋਈ ਚਿੰਤਾ ਨਹੀਂ ਸਾਡੇ ਹਡ ਗੋਡੇ ਟੁਟਿਆਂ ਦਾ ਇਸ ਨੂੰ ਕੋਈ ਦਰਦ ਨਹੀਂ।
ਅਸੀਂ ਤਾਂ ਹਾਂ ਹੀ ਬੇਜ਼ੁਬਾਨ ਆਪਣੀ ਫਰਿਆਦ ਵੀ ਨਹੀਂ ਕਰ ਸਕਦੇ। ਜ਼ੁਬਾਨ ਹੁੰਦੇ ਹੋਏ ਜੋ ਬੇਜ਼ੁਬਾਨ ਬਣ ਜਾਣ ਉਹ ਤਾਂ ਫੇਰ ਤੁਰਦੇ ਫਿਰਦੇ ਮੁਰਦੇ ਬਣ ਕੇ ਰਹਿ ਜਾਂਦੇ ਹਨ।