ਵਿਗੋਚਾ - ਅੰਕ 6 (ਨਾਵਲ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੜੀ ਜੋੜਨ ਲਈ ਪਿਛਲਾ ਅੰਕ ਦੇਖੋ

 ਜ਼ਿੰਦਗੀ ਦੇ ਉਤਰਾ ਚੜ੍ਹਾ
ਕੁਦਰਤ ਨੇ ਆਪਣੇ ਸੋਮਿਆਂ ਦੀ ਦੌਲਤ ਨਾਲ ਕੈਨੇਡਾ ਨੂੰ ਮਾਲਾ ਮਾਲ ਕੀਤਾ ਹੋਇਆ ਹੈ | ਜੰਗਲਾਂ ਦੀ ਲਕੜ, ਝੀਲਾਂ, ਦਰਿਆਵਾਂ ਤੇ ਸਾਗਰਾਂ ਦੀ ਮੱਛੀ ਦੀ ਵਰਤੋਂ ਤਾਂ ਆਦਿ ਵਾਸੀ ਕੈਨੇਡੀਅਨ ਪੁਰਾਤਨ ਸਮਿਆਂ ਤੋਂ ਹੀ ਕਰਦੇ ਆ ਰਹੇ ਸਨ | ਫੇਰ ਉਹਨਾਂ ਧਰਤੀ ਹੇਠ ਦੱਬੀਆਂ ਧਾਤਾਂ ਨੂੰ ਵੀ ਖਾਣਾਂ ਪੁੱਟ ਕੇ ਵਰਤੋਂ ਵਿਚ ਲੈ ਆਂਦਾ ਸੀ | ਯੋਰਪੀਅਨਾਂ ਦੇ ਉਤਰੀ ਅਮ੍ਰੀਕਾ ਉਪਰ ਕਾਬਜ਼ ਹੋ ਜਾਣ ਨਾਲ ਇਨ੍ਹਾਂ ਵਸੀਲਿਆਂ ਦੀ ਵਰਤੋਂ ਵਪਾਰਕ ਪੱਧਰ 'ਤੇ ਹੋਣ ਲੱਗੀ | ਜਿਉਂ ਜਿਉਂ ਵਪਾਰ ਤੇ ਅਵਾਜਾਈ ਦੇ ਸਾਧਨ ਵਧਦੇ ਗਏ, ਹੋਰਨਾਂ ਦੇਸੰਾਂ ਤੋਂ ਵੀ ਲੋਕ ਕੈਨੇਡਾ ਵੱਲ ਨੂੰ ਆਉਂਦੇ ਗਏ | ਉਨੀਵੀਂ ਸਦੀ ਦੇ ਅਖੀਰ ਵਿਚ ਭਾਰਤੀਆਂ ਨੂੰ ਵੀ ਕੈਨੇਡਾ ਦੀ ਧਰਤੀ ਨੇ ਖਿੱਚ ਲਿਆਂਦਾ | ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਉਹਨਾਂ ਦੀ ਅਬਾਦੀ ਕਈ ਹਜ਼ਾਰ ਹੋ ਗਈ ਪਰ ਦੂਜੇ ਦਹਾਕੇ ਵਿਚ ਹੀ ਉਹਨਾਂ ਦੀ ਵਸੋਂ ਘੱਟ ਹੋਣ ਲੱਗੀ | ਪਹਿਲੀ ਸੰਸਾਰ ਜੰਗ ਤੋਂ ਮਗਰੋਂ ਭਾਰਤੀਆਂ ਦਾ ਕੈਨੇਡਾ ਵਿਚ ਆਉਣਾ ਬੰਦ ਵਾਂਗ ਹੀ ਹੋ ਗਿਆ ਸੀ, ਜਿਸ ਦੇ ਅਨੇਕ ਕਾਰਨ ਸਨ | ਦੂਜੀ ਸੰਸਾਰ ਜੰਗ ਨੇ ਸੰਸਾਰ ਦਾ ਰਾਜਸੀ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ | ਅਤੇ ਕੈਨੇਡਾ ਵਿਚ ਭਾਰਤੀਆਂ, ਖਾਸ ਕਰਕੇ ਪੰਜਾਬੀਆਂ, ਦੀ ਗਿਣਤੀ ਫੇਰ ਵਧਣ ਲੱਗ ਪਈ ਸੀ, ਉਹ ਅਲਬਰਟਾ ਤੇ ਅੰਟਾਰੀਓ ਦੇ ਸੂਬਿਆਂ ਵਿਚ ਵੀ ਜਾ ਵਸੇ ਸਨ | ਕੁਦਰਤੀ ਸਾਧਨਾਂ ਨੂੰ ਹੋਰ ਵਧੇਰੇ ਵਰਤੋਂ ਵਿਚ ਲਿਆਂਦਾ ਜਾਣ ਲੱਗਾ ਸੀ | ਨਵੀਂ ਤਕਨੀਕ ਨਾਲ ਨਵੇਂ ਨਵੇਂ ਕਾਰਖਾਨੇ ਤੇ ਮਿੱਲਾਂ ਉਸਰ ਰਹੀਆਂ ਸਨ ਪਰ ਮਜ਼ਦੂਰਾਂ ਦੀ ਘਾਟ ਪੂਰੀ ਨਹੀਂ ਸੀ ਹੋ ਰਹੀ |
   ਲੇਬਰ ਪਾਰਟੀ ਦੀ ਸਰਕਾਰ ਬਣਨ 'ਤੇ ਕੈਨੇਡਾ ਦੇ ਪਰੀਮੀਅਰ ਟਰੂਡੋ ਨੇ ਇਮੀਗ੍ਰੇਸੰਨ ਦੀ ਪਾਲਿਸੀ ਨੂੰ ਨਰਮ ਕੀਤਾ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀਆਂ ਨੇ ਇਧਰ ਨੂੰ ਵਹੀਰਾਂ ਘੱਤ ਲਈਆਂ | ਕਾਰਨ ਇਹ ਸੀ ਕਿ ਇਕ ਤਾਂ ਸੰਨ 65 ਦੀ ਭਾਰਤ ਪਾਕ ਜੰਗ ਨੇ ਭਾਰਤ ਦੀ ਆਰਥਿਕਤਾ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ, ਇਕ ਹੋਰ ਕਾਰਨ ਇਹ ਵੀ ਸੀ ਕਿ ਪੰਜਾਬੀ ਸੂਬਾ ਬਣ ਜਾਣ ਕਰਕੇ ਪੰਜਾਬੀਆਂ ਲਈ ਰੁਜ਼ਗਾਰ ਦੇ ਵਸੀਲੇ ਵੀ ਘੱਟ ਗਏ ਸਨ | ਬੇਰੁਜ਼ਗਾਰੀ ਵਿਚ ਬਹੁਤ ਵਾਧਾ ਹੋ ਗਿਆ ਸੀ | ਅਨੇਕਾਂ ਪੜ੍ਹੇ ਲਿਖੇ ਨੌਜਵਾਨ ਵਿਹਲੇ ਫਿਰਦੇ ਸਨ | ਉਹਨਾਂ ਨੂੰ ਤਾਂ ਮਸਾਂ ਹੀ ਇਹ ਮੌਕਾ ਹੱਥ ਆਇਆ ਸੀ | ਉਹ ਹਰ ਹਰਬਾ ਵਰਤ ਕੇ ਉਤਰੀ ਅਮ੍ਰੀਕਾ ਵੱਲ ਆਉਣ ਲੱਗੇ | ਕੈਨੇਡਾ ਵਿਚ ਰਹਿੰਦੇ ਭਾਰਤੀ ਵੀ ਆਪਣੇ ਸਾਕ ਸਬੰਧੀਆਂ ਨੂੰ ਮੰਗਵਾਉਣ ਲੱਗੇ | ਬੇਰਜ਼ਗਾਰਾਂ ਨੇ ਤਾਂ ਆਉਣਾ ਹੀ ਸੀ, ਰੀਸੋ ਰੀਸੀ, ਕਈ ਆਪਣੇ ਚੰਗੇ ਰੁਜ਼ਗਾਰ ਛੱਡ ਕੇ ਵੀ ਕੈਨੇਡਾ ਵਿਚ ਆ ਗਏ | 
   ਨਸੀਬ ਸਿੰਘ ਦਾ ਵੱਡਾ ਮੁੰਡਾ,ਜਲੌਰ ਦਾ ਚਚੇਰਾ ਭਰਾ, ਤੇਜਿੰਦਰ ਸਿੰਘ ਤੇਜੀ ਵੀ ਮੰਡੀ ਬੋਰਡ ਵਿਚੋਂ ਆਪਣੀ ਇੰਸਪੈਕਟਰ ਦੀ ਨੌਕਰੀ ਛੱਡ ਕੇ ਜਲੌਰ ਹੁਰਾਂ ਕੋਲ ਕੈਨੇਡਾ ਆ ਗਿਆ | ਭਾਵੇਂ ਕਿ ਜਲੌਰ ਨੇ ਛੋਟੇ ਮੁੰਡੇ ਸੱਤੀ, ਜਿਹੜਾ ਅਜੇ ਕਾਲਜ ਵਿਚ ਪੜ੍ਹਦਾ ਸੀ, ਨੂੰ ਆਉਣ ਲਈ ਲਿਖਿਆ ਸੀ | ਉਸ ਦੇ ਆਉਣ ਕਾਰਨ ਪਰਿਵਾਰ ਨੂੰ ਇਸ ਨਿੱਕੀ ਜਿਹੀ ਬੇਸਮਿੰਟ ਵਿਚ ਰਹਿਣਾ ਔਖਾ ਸੀ, ਇਸ ਕਰਕੇ ਜਲੌਰ ਨੇ ਸੁਖਦੇਵ ਹੁਰਾਂ ਵਾਲੀ ਬੇਸਮਿੰਟ ਛੱਡ ਕੇ ਸੁਖਦੇਵ ਦੇ ਘਰ ਦੇ ਨੇੜੇ ਘਰ ਖਰੀਦ ਲਿਆ |
   ਤੇਜੀ ਨੇ ਮੰਡੀ ਬੋਰਡ ਦੀ ਨੌਕਰੀ ਭਾਵੇਂ ਦੋ ਸਾਲ ਹੀ ਕੀਤੀ ਸੀ ਪਰ ਉਹ ਅਫਸਰੀ ਸੰਾਨ ਵਿਚ ਵਿਹਲੇ ਰਹਿ ਕੇ ਖੁੱਲ੍ਹਾ ਖਰਚ ਕਰਨਾ ਗਿੱਝ ਗਿਆ ਸੀ | ਉਹ ਹੱਥੀਂ ਕੰਮ ਕਰਨਾ ਨਹੀਂ ਸੀ ਚਾਹੁੰਦਾ | ਜਲੌਰ ਨੇ ਉਸ ਨੂੰ ਇਕ ਲੱਕੜ ਮਿੱਲ ਵਿਚ ਕੰਮ 'ਤੇ ਲੁਆ ਦਿੱਤਾ ਪਰ ਉਹ ਉੱਥੇ ਇਕ ਹਫਤਾ ਵੀ ਕੰਮ ਨਾ ਕਰ ਸਕਿਆ ਤੇ ਆ ਕੇ ਜਲੌਰ ਨੂੰ ਕਹਿ ਦਿੱਤਾ, "ਬਾਈ ਜੀ, ਇਹ ਕੰਮ ਬਹੁਤ ਔਖੈ, ਮੇਰੇ ਕੋਲੋਂ ਨਹੀਂ ਹੋ ਸਕਣਾ | ਕੋਈ ਹੋਰ ਕਿਤੇ ਸੌਖਾ ਜਿਹਾ ਕੰਮ ਭਾਲ ਦਿਓ | ਹੋ ਸਕੇ ਤਾਂ ਕਿਸੇ ਫਰਮ ਵਿਚ ਕਲਰਕ ਹੀ ਲੁਆ ਦਿਓ |"
"ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਵਿਜ਼ਟਰ ਵੀਜ਼ੇ 'ਤੇ ਇੱਥੇ ਆਇਆਂ | ਬੜੀ ਮੁਸੰਕਲ ਨਾਲ ਤੈਨੂੰ ਵਰਕ ਪਰਮਟ ਦੁਆਇਆ | ਕੁਰਸੀ 'ਤੇ ਬੈਠ ਕੇ ਕਰਨ ਵਾਲੀਆਂ ਨੌਕਰੀਆਂ ਸੌਖੀਆਂ ਨਹੀਂ ਮਿਲ ਜਾਣੀਆਂ | ਪਹਿਲਾਂ ਤੈਨੂੰ ਆਪਣੀ ਇੰਗਲਿਸੰ ਨੂੰ ਇੰਪਰੂਵ ਕਰਨਾ ਪੈਣਾ ਤੇ ਫੇਰ ਕੋਈ ਕੋਰਸ ਕਰਕੇ ਹੀ ਚੰਗੀ ਨੌਕਰੀ ਮਿਲਨੀ ਆ | ਹੁਣ ਤਾਂ ਇਹੋ ਜਿਹੇ ਹੀ ਕੰਮ ਕਰਨੇ ਪੈਣੇ ਆ |" ਜਲੌਰ ਨੇ ਉਸ ਨੂੰ ਸਮਝਾਇਆ |
   ਜਲੌਰ ਦੇ ਕਹਿਣ 'ਤੇ ਉਹ ਕੰਮ ਕਰਨ ਚਲਾ ਤਾਂ ਗਿਆ ਪਰ ਤੀਸਰੇ ਦਿਨ ਬੁਖਾਰ ਦਾ ਬਹਾਨਾ ਕਰਕੇ ਘਰ ਰਹਿ ਪਿਆ ਤੇ ਚਾਰ ਦਿਨ ਕੰਮ 'ਤੇ ਹੀ ਨਾ ਗਿਆ | ਜਦੋਂ ਕੰਮ 'ਤੇ ਗਿਆ ਤਾਂ ਮਿੱਲ ਵਾਲਿਆਂ ਉਸ ਨੂੰ ਜਵਾਬ ਦੇ ਦਿੱਤਾ | ਫੇਰ ਜਲੌਰ ਨੇ ਉਸ ਨੂੰ ਇਕ ਕੈਬਨਿਟ ਫੈਕਟਰੀ ਵਿਚ ਲੁਆ ਦਿੱਤਾ | ਉੱਥੇ ਵੀ ਦੋ ਹਫਤਿਆਂ ਮਗਰੋਂ ਕੰਮ ਛੱਡ ਦਿੱਤਾ | ਕਹਿੰਦਾ, "ਬਾਸ ਰੋਅਬ ਬਹੁਤ ਪਾਉਂਦੈ | ਅਜੇ ਤਾਈਂ ਹੈਲਪਰ ਦੇ ਤੌਰ 'ਤੇ ਹੀ ਕੰਮ ਕਰਾਈ ਜਾਂਦੈ, ਕਿਸੇ ਪੱਕੇ ਕੰਮ 'ਤੇ ਨਹੀਂ ਲਾਉਂਦਾ | ਵਾਸੰਰੂਮ ਜਾਣ 'ਤੇ ਵੀ ਟੋਕ ਟਕਾਈ ਕਰਦਾ ਰਹਿੰਦੈ |"
"ਤੇਜੀ, ਮੈਂ ਸਮਝਦਾਂ, ਤੇਰੀ ਕੰਮ ਕਰਨ ਦੀ ਨੀਤ ਹੀ ਨਹੀਂ | ਤੂੰ ਦੇਖ ਹੀ ਰਿਹਾਂ ਕਿ ਹੋਰ ਕਿੰਨੇ ਹੀ ਤੇਰੇ ਵਰਗੇ,  ਤੇਰੇ ਨਾਲ ਦੇ ਮੁੰਡੇ, ਕਿਵੇਂ ਦਿਨ ਰਾਤ ਕੰਮ ਕਰੀ ਜਾਂਦੇ ਆ ਤੇ ਇਕ ਇਕ ਕਮਰੇ ਵਿਚ ਦਸ ਦਸ ਰਹੀ ਜਾਂਦੇ ਆ | ਜਿੰਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ, ਉਹ ਵੀ ਚੋਰੀ ਕੰਮ ਕਰੀ ਜਾਂਦੇ ਆ | ਜੇ ਤੂੰ ਇਥੇ ਰਹਿਣਾ ਹੈ ਤਾਂ ਜਿਹੋ ਜਿਹਾ ਵੀ ਕੰਮ ਮਿਲੇ ਉਹ ਕਰਨਾ ਪੈਣਾ |" ਜਲੌਰ ਨੇ ਗੁੱਸੇ ਨਾਲ ਕਿਹਾ |
   ਜਲੌਰ ਨੇ ਬੀ ਜੀ ਕੋਲ ਵੀ ਉਸ ਦੀ ਸੰਕਾਇਤ ਕੀਤੀ, "ਤੇਜੀ ਕੋਈ ਕੰਮ ਵੀ ਦਿਲ ਲਾ ਕੇ ਨਹੀਂ ਕਰਦਾ | ਆਥਣ ਨੂੰ ਬਿਨਾਂ ਪੁੱਛੇ ਕਵਰਡ ਵਿਚੋਂ ਬੋਤਲ ਕੱਢ ਕੇ ਪੀ ਲੈਂਦਾ | ਇਉਂ ਵਿਹਲੇ ਨੂੰ ਨਹੀਂ ਇੱਥੇ ਰੱਖਿਆ ਜਾਣਾ |"
"ਪਹਿਲਾਂ ਤੂੰ ਉਸ ਨੂੰ ਏਥੇ ਲਿਆਉਣ ਵਾਸਤੇ ਹਾਮ੍ਹੀ ਨਈਂ ਸੀ ਭਰਨੀ | ਹੁਣ ਤੂੰ ਉਸ ਨੂੰ ਨਾ ਕਹੀਂ ਕੁਸੰ, ਮੈਂ ਆਪੇ ਸਮਝਾਊਂਗੀ | ਪਰਦੇਸਾਂ ਦਾ ਮਾਮਲਾ ਐ, ਜੇ ਬਿਗਾਨਾ ਪੁੱਤ ਐਵੇਂ ਗੁੱਸੇ ਹੋ ਕੇ ਘਰੋਂ ਨਿਕਲ ਗਿਆ ਤਾਂ ਉਲਾਂਹਮਾ ਆਊਗਾ | ਉਹ ਕਹਿਣਗੇ 'ਮੁੰਡੇ ਨੂੰ ਚਾਰ ਦਿਨ ਵੀ ਨਾ ਸੰਭਾਲ ਸਕੇ'|" ਬੀ ਜੀ ਨੇ ਜਲੌਰ ਨੂੰ ਸਮਝਾਇਆ |
   ਬੀ ਜੀ ਨੇ ਪਤਾ ਨਹੀਂ ਤੇਜੀ ਨੂੰ ਕੀ ਸਮਝਾਇਆ ਤੇ ਉਸ ਨਾਲ ਕਿਹੜੀਆਂ ਗੱਲਾਂ ਕੀਤੀਆਂ ਕਿ ਫੇਰ ਜਦੋਂ ਉਸ ਨੂੰ ਫਿਸੰ-ਕੈਨਰੀ ਵਿਚ ਨੌਕਰੀ ਮਿਲੀ ਤਾਂ ਉੱਥੇ ਉਹ ਬਿਨਾਂ ਕਿਸੇ ਵਿਰੋਧ ਦੇ ਕੰਮ ਕਰਦਾ ਰਿਹਾ | ਭਾਵੇਂ ਕਿ ਮੱਛੀ ਦੀ ਗੰਧ ਉਸ ਨੂੰ ਚੰਗੀ ਨਹੀਂ ਸੀ ਲਗਦੀ | ਮੱਛੀ ਦੀ ਗੰਧ ਤਾਂ ਘਰ ਵਿਚ ਕਿਸੇ ਨੂੰ ਵੀ ਚੰਗੀ ਨਹੀਂ ਸੀ ਲਗਦੀ | ਉਂਝ ਸਰਬੀ ਨੂੰ ਤੇਜੀ ਵੀ ਚੰਗਾ ਨਹੀਂ ਸੀ ਲਗਦਾ | ਉਸ ਨੇ ਉਹਨੂੰ ਘਰ ਦਾ ਜੀਅ ਸਮਝਿਆ ਹੀ ਨਹੀਂ ਸੀ | ਉਸ ਦਾ ਪਰਿਵਾਰ ਵਿਚ ਰਹਿਣਾ, ਉਹਨੂੰ ਆਪਣੀ ਨਿਜੀ ਜ਼ਿੰਦਗੀ ਵਿਚ ਖ਼ਲਲ ਲਗਦਾ ਸੀ | ਉਸ ਨੂੰ ਇਹ ਗੰਧ ਆਉਣ ਦਾ ਬਹਾਨਾ ਮਸਾਂ ਹੀ ਹੱਥ ਆਇਆ ਸੀ, ਸੋ ਉਸ ਨੇ ਜਲੌਰ ਤੇ ਬੀ ਜੀ ਦੀ ਸਲਾਹ ਨਾਲ, ਥੱਲੇ ਰੈੱਕਰੂਮ ਨੂੰ ਬੈਡਰੂਮ ਵਿਚ ਤਬਦੀਲ ਕਰਕੇ ਤੇਜੀ ਦਾ ਟਿਕਾਣਾ ਉੱਥੇ ਕਰਵਾ ਦਿੱਤਾ | ਤੇਜੀ ਖਾਣਾ ਭਾਵੇਂ ਪਰਿਵਾਰ ਨਾਲ ਹੀ ਖਾਂਦਾ ਸੀ ਪਰ ਇਸ ਤਰ੍ਹਾਂ ਅੱਡ ਕਰ ਦਿੱਤੇ ਜਾਣ ਨੂੰ ਉਸ ਨੇ ਆਪਣੀ ਹੱਤਕ ਸਮਝਿਆ ਤੇ ਮਹੀਨੇ ਕੁ ਮਗਰੋਂ ਹੀ ਬਿਨਾਂ ਕਿਸੇ ਨੂੰ ਦਸਿਆਂ ਘਰੋਂ ਨਿਕਲ ਗਿਆ | 
   ਤੇਜੀ ਦੇ ਜਾਣ ਦਾ ਬੀ ਜੀ ਨੂੰ ਤਾਂ ਦੁੱਖ ਹੋਇਆ ਪਰ ਸਰਬੀ ਨੇ ਕੋਈ ਪਰਵਾਹ ਨਹੀਂ ਕੀਤੀ | ਜਦੋਂ ਉਹ ਦੋ ਤਿੰਨ ਦਿਨ ਘਰ ਨਾ ਆਇਆ ਤਾਂ ਜਲੌਰ ਨੂੰ ਫਿਕਰ ਹੋਇਆ ਤੇ ਉਸ ਨੇ ਉਸ ਦੇ ਕੰਮ ਤੋਂ ਪਤਾ ਕੀਤਾ | ਉੱਥੋਂ ਉਸ ਨੂੰ ਪਤਾ ਲੱਗਾ ਇੱਥੋਂ ਦੋ ਮੁੰਡੇ ਹੋਰ ਵੀ ਕੰਮ ਛੱਡ ਗਏ ਹਨ | ਉਸ ਨੇ ਕੈਨਰੀ ਵਿਚ ਕੰਮ ਇਕ ਹੋਰ ਮੁੰਡੇ ਕੋਲੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਟਰਾਂਟੋ ਚਲੇ ਗਏ ਹਨ | ਉਸ ਦੇ ਬਿਨਾਂ ਦੱਸੇ ਟਰਾਂਟੋ ਚਲੇ ਜਾਣ 'ਤੇ ਜਲੌਰ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਗੁੱਸੇ ਵਿਚ ਆਪਣੇ ਚਾਚੇ ਨਸੀਬ ਸਿੰਘ ਨੂੰ ਚਿੱਠੀ ਲਿਖ ਦਿੱਤੀ | ਮਹੀਨੇ ਕੁ ਮਗਰੋਂ ਚਾਚੇ ਦੀ ਚਿੱਠੀ ਆ ਗਈ, ਜਿਸ ਵਿਚ ਉਲਟਾ ਉਹਨਾਂ ਸਿਰ ਹੀ ਦੋਸੰ ਥੱਪਿਆ ਗਿਆ ਸੀ ਕਿ ਉਹਨਾਂ ਦੇ ਮਾੜੇ ਵਤੀਰੇ ਕਾਰਨ ਹੀ ਮੁੰਡੇ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ | ਜਲੌਰ ਨੂੰ ਇਹ ਆਸ ਨਹੀਂ ਸੀ ਕਿ ਚਾਚੇ ਵੱਲੋਂ ਅਜੇਹੀ ਕੁੜੱਤਣ ਭਰੀ ਚਿੱਠੀ ਆਵੇਗੀ | ਉਸ ਦੇ ਦਿਲ ਵਿਚ ਚਾਚੇ ਪ੍ਰਤੀ ਬਹੁਤ ਸਤਿਕਾਰ ਬਣਿਆ ਹੋਇਆ ਸੀ | ਉਸ ਨੇ ਪਿੰਡ ਜਾ ਕੇ ਦੇਖਿਆ ਸੀ ਕਿ ਚਾਚੇ ਨੇ ਪਿੰਡ ਵਿਚ ਆਪਣਾ ਬਹੁਤ ਚੰਗਾ ਰਸੂਖ ਬਣਾਇਆ ਹੋਇਆ ਸੀ | ਉਸ ਦੇ ਕਾਰਨ ਹੀ ਪਿੰਡ ਵਾਲਿਆਂ ਨੇ ਉਹਨਾਂ ਨਾਲ ਬਹੁਤ ਵਧੀਆ ਵਰਤਾਉ ਕੀਤਾ ਸੀ |  ਪਿੰਡ ਵਾਲਿਆਂ ਵੱਲੋਂ ਉਹਨਾਂ ਦਾ ਸੰਹੀਦ ਦੇ ਪਰਿਵਾਰ ਦੇ ਤੌਰ 'ਤੇ ਮਾਣ ਸਨਮਾਣ ਕੀਤਾ ਗਿਆ ਸੀ | ਉਹਨਾਂ ਦੇ ਉਥੋਂ ਵਪਸ ਆਉਣ ਮਗਰੋਂ ਵੀ ਉਸ ਨੇ ਪਿੰਡ ਦੀ ਪੰਚਾਇਤ ਨੂੰ ਪ੍ਰੇਰ ਕੇ ਪਿੰਡੋਂ ਬਾਹਰ, ਸੜਕ ਉਪਰ 'ਸੰਹੀਦ ਇੰਦਰ ਸਿੰਘ' ਦੇ ਨਾਮ ਦਾ ਮੁਖ ਗੇਟ ਬਣਵਾਇਆ ਸੀ ਤੇ ਹੁਣ ਵੀ ਉਹ ਪਿੰਡ ਦੇ ਸਕੂਲ ਦਾ ਨਾਮ, 'ਸੰਹੀਦ ਇੰਦਰ ਸਿੰਘ' ਦੇ ਨਾਮ ਉਪਰ ਕਰਵਾਉਣ ਲਈ ਭੱਜ ਨੱਠ ਕਰ ਰਿਹਾ ਸੀ | ਉਹ ਇਹ ਦੇਖ ਕੇ ਵੀ ਹੈਰਾਨ ਹੋਇਆ ਸੀ ਕਿ ਉਹਨਾਂ ਦੇ ਬਾਹਰਲੇ ਗੇਟ ਉਪਰ ਚਾਚੇ ਦੇ ਬਾਪ ਦੀ ਥਾਂ 'ਤੇ ਜੈਰੀ ਦੇ ਦਾਦੇ ਦਾ ਨਾਮ 'ਸੰਹੀਦ ਇੰਦਰ ਸਿੰਘ' ਲਿਖਵਾਇਆ ਹੋਇਆ ਸੀ | ਇਹਨਾਂ ਗੱਲਾਂ ਨੂੰ ਦੇਖਦਿਆਂ ਜੈਰੀ ਨੇ ਚਾਚੇ ਨੂੰ ਇਕ ਬਹੁਤ ਚੰਗਾ ਨੇਕ ਤੇ ਸੁਹਿਰਦ ਇਨਸਾਨ ਸਮਝ ਲਿਆ ਹੋਇਆ ਸੀ | ਜਿਹੜੀ ਚਾਚੇ ਦੀ ਆਦਰਸੰ ਮਨੁਖ ਵਾਲੀ ਤਸਵੀਰ ਉਸ ਦੇ ਦਿਲ ਵਿਚ ਬਣੀ ਹੋਈ ਸੀ, ਇਸ ਇਕੋ ਚਿੱਠੀ ਨੇ ਉਸ ਤਸਵੀਰ ਨੂੰ ਧੁੰਦਲਾ ਕਰ ਦਿੱਤਾ | ਉਹ ਕੁਝ ਦੇਰ ਚਾਚੇ ਦੀਆਂ ਮਿਹਰਬਾਨੀਆਂ ਤੇ ਤੇਜੀ ਦੇ ਵਿਵਹਾਰ ਬਾਰੇ ਸੋਚਦਾ ਰਿਹਾ ਤੇ ਫੇਰ ਉਸ ਨੇ ਇਸ ਹੋਈ ਬੀਤੀ ਨੂੰ ਇਕ ਸੁਪਨਾ ਸਮਝ ਕੇ ਵਿਸਾਰ ਦਿੱਤਾ | 
  
    ਬੀ ਜੀ ਨੇ ਇਕ ਦੋ ਵਾਰ ਤੇਜੀ ਬਾਰੇ ਗੱਲ ਤੋਰੀ ਪਰ ਜਲੌਰ ਨੇ ਉਸ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ | ਪਤਾ ਨਹੀਂ ਇਸ ਗੱਲ ਨੂੰ ਉਸ ਨੇ ਆਪਣੇ ਦਿਲ 'ਤੇ ਕਿੰਨਾ ਕੁ ਲਾਇਆ ਹੋਵੇਗਾ ਕਿ ਉਸ ਨੇ ਇਕ ਚੁੱਪ ਹੀ ਵੱਟ ਲਈ | ਉਂਝ ਵੀ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਘੱਟ ਹੀ ਸਾਂਝਿਆਂ ਕਰਦੀ ਸੀ | ਉਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਰੁਝਾਈ ਰਖਦੀ | ਸਰਬੀ ਦੇ ਸਕੂਲ ਚਲੇ ਜਾਣ ਕਰਕੇ ਸਾਰੇ ਘਰ ਦੀ ਸਫਾਈ ਉਸੇ ਨੂੰ ਕਰਨੀ ਪੈਂਦੀ ਸੀ, ਦਰਸੰਨਾ ਸਕੂਲ ਜਾਂਦੀ ਹੋਈ ਪੰਮ ਨੂੰ ਉਸ ਦੇ ਕੋਲ ਛੱਡ ਜਾਂਦੀ ਅਤੇ ਉਸ ਦਾ ਪੋਤਰਾ ਬੌਬੀ ਵੀ ਹੁਣ ਦੋ ਸਾਲ ਦਾ ਹੋ ਚਲਿਆ ਸੀ, ਜਿਸ ਕਰਕੇ ਉਸ ਦੀ ਸਾਰੀ ਦਿਹਾੜੀ ਉਹਨਾਂ ਦੀ ਸਾਂਭ ਸੰਭਾਲ ਵਿਚ ਹੀ ਲੰਘ ਜਾਂਦੀ | ਜਦੋਂ ਸਰਬੀ ਘਰ ਆ ਜਾਂਦੀ ਤੇ ਦਰਸੰਨਾ ਪੰਮ ਨੂੰ ਆਪਣੇ ਘਰ ਲੈ ਜਾਂਦੀ ਤਾਂ ਕਿਤੇ ਜਾ ਕੇ ਉਸ ਦਾ ਸਾਹ ਸੁਖਾਲਾ ਹੁੰਦਾ | ਇਧਰੋਂ ਵਿਹਲੀ ਹੁੰਦੀ ਤਾਂ ਉਹ ਗੁਰਦਵਾਰੇ ਜਾਕੇ ਦੋ ਘੰਟੇ ਸੇਵਾ ਕਰ ਆਉਂਦੀ |
   ਇਥੋਂ ਦੀ ਸੰਗਤ ਵਲੋਂ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸੰ ਦਿਵਸ, ਡੈਲਟਾ ਵਾਲੇ ਗੁਰਦਵਾਰੇ ਵਿਚ ਬੜੀ ਧੂਮ ਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ | ਇਸ ਗੁਰਦਵਾਰਾ ਸਾਹਿਬ ਵਿਚ ਇਹ ਪਹਿਲਾ ਵੱਡਾ ਸਮਾਗਮ ਸੀ | ਗੁਰਦਵਾਰਾ ਕਮੇਟੀ ਵਿਚ ਹੋਣ ਕਰਕੇ ਸੁਖਦੇਵ ਸਿੰਘ ਦੀਆਂ ਜੁੰਮੇਵਾਰੀਆਂ ਵਧ ਗਈਆਂ ਸਨ | ਜਲੌਰ ਵੀ ਹਰ ਥਾਂ ਉਸ ਦੇ ਨਾਲ ਹੀ ਹੁੰਦਾ | ਅਖੰਡ ਪਾਠ ਦੇ ਆਰੰਭ ਤੋਂ ਲੈ ਕੇ ਪਾਠ ਦੇ ਭੋਗ ਪੈਣ ਤੱਕ, ਤਿੰਨੇ ਦਿਨ, ਸਾਰਾ ਪਰਿਵਾਰ ਗੁਰਦਵਾਰੇ ਦੀ ਸੇਵਾ ਵਿਚ ਹੀ ਜੁਟਿਆ ਰਿਹਾ | ਉਹ ਸਵੇਰੇ ਘਰੋਂ ਚਲੇ ਜਾਂਦੇ ਤੇ ਗਈ ਰਾਤ ਘਰ ਪਰਤਦੇ | ਉਹਨਾਂ ਤਾਂ ਬੌਬੀ ਦਾ ਦੂਜਾ ਜਨਮ ਦਿਨ ਵੀ, ਮੱਧ ਦੇ ਭੋਗ ਤੋਂ ਮਗਰੋਂ, ਗੁਰਦਵਾਰੇ ਵਿਚ ਹੀ ਮਨਾਇਆ | ਅਖੀਰਲੇ ਦਿਨ ਤਾਂ ਜੈਰੀ ਹੁਰਾਂ ਨੂੰ ਗੁਰਦਵਾਰੇ ਵਿਚ ਸੇਵਾ ਕਰਦਿਆਂ ਰਾਤ ਦੇ ਦਸ ਵੱਜ ਗਏ | ਜਦੋਂ ਉਹ ਘਰ ਪਹੁੰਚੇ ਤਾਂ ਘਰ ਦੀ ਹਾਲਤ ਦੇਖ ਕੇ ਹੀ ਉਹਨਾਂ ਦੇ ਹੱਥਾਂ ਦੇ ਤੋਤੇ ਉਡ ਗਏ | ਚੋਰਾਂ ਨੇ ਘਰ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਸੀ | ਚੋਰਾਂ ਨੇ ਘਰ ਦਾ ਕੋਈ ਵੀ ਕੀਮਤੀ ਸਾਮਾਨ ਨਹੀਂ ਸੀ ਛੱਡਿਆ | ਘਰ ਦੀ ਇਹ ਹਾਲਤ ਦੇਖ ਕੇ ਸਰਬੀ ਰੋਂਦੀ ਹੋਈ ਬੋਲੀ, "ਇਹ ਮਿਲਿਆ ਸਾਨੂੰ ਸੇਵਾ ਦਾ ਫਲ਼!"
"ਨਾ ਧੀਏ, ਇਉਂ ਨe੍ਹੀਂ ਕਹੀਦਾ | ਇਹ ਸਾਡੇ ਕਰਮਾਂ ਦਾ ਫਲ਼ ਐ |" ਬੀ ਜੀ ਨੇ ਉਸ ਨੂੰ ਧਰਵਾਸ ਦਿੰਦਿਆਂ ਕਿਹਾ ਪਰ ਉਸ ਤੋਂ ਆਪ ਵੀ ਆਪਣਾ ਰੋਣ ਠੱਲਿਆ ਨਾ ਗਿਆ | 
"ਜੋ ਹੋਣਾ ਸੀ ਹੋ ਗਿਆ, ਹੁਣ ਰੋਣ ਦਾ ਕੀ ਮਤਲਬ, ਪੁਲੀਸ ਨੂੰ ਫੋਨ ਕਰਦੇ ਆਂ |" ਇਹ ਕਹਿ ਕੇ ਜਲੌਰ ਫੋਨ ਵੱਲ ਹੋਇਆ ਪਰ ਤਿਪਾਈ ਉਪਰ ਫੋਨ ਵੀ ਨਹੀਂ ਸੀ | ਜਲੌਰ ਵਿਅੰਗ ਨਾਲ ਮੁਸਕਰਾਉਂਦਿਆ ਬੋਲਿਆ, " ਅੱਛਾ! ਦਸ ਡਾਲਰ ਦਾ ਫੂੰਨ ਵੀ ਨਹੀਂ ਛੱਡਿਆ |"
"ਬੇੜਾ ਗਰਕ ਹੋ ਜੇ, ਕੱਖ ਨਾ ਰਹੇ ਥੋਡਾ, ਸਾਡਾ ਘਰ ਅਜਾੜਨ ਆਲਿਓ |" ਬੀ ਜੀ ਨੇ ਗੁੱਸੇ ਵਿਚ ਕਿਹਾ |
"ਗਾਲ੍ਹਾਂ ਕੱਢਿਆਂ ਸਾਮਾਨ ਨੇ ਮੁੜ ਨਹੀਂ ਆਉਣਾ | ਤੁਸੀਂ ਆਰਾਮ ਨਾਲ ਇੱਥੇ ਲਿਵਿੰਗਰੂਮ ਵਿਚ ਬੈਠੋ, ਬੈਡਰੂਮਾਂ ਵਿਚ ਨਹੀਂ ਜਾਣਾ ਤੇ ਕਿਸੇ ਚੀਜ਼ ਨੂੰ ਹੱਥ ਵੀ ਨਾ ਲਾਉਣਾ | ਮੈਂ ਸੁਖ ਵੱਲ ਜਾ ਕੇ Aੁੱਥੋਂ ਪੁਲੀਸ ਨੂੰ ਫੂੰਨ ਕਰਦਾਂ |" ਇਹ ਕਹਿ ਕੇ ਜਲੌਰ ਘਰੋਂ ਬਾਹਰ ਨਿਕਲ ਗਿਆ |
   ਜਲੌਰ ਪੁਲੀਸ ਨੂੰ ਫੋਨ ਕਰਕੇ ਘਰ ਵਾਪਸ ਮੁੜਿਆ ਤਾਂ ਸੁਖਦੇਵ ਵੀ ਉਸ ਦੇ ਨਾਲ ਹੀ ਆ ਗਿਆ | ਘੰਟੇ ਕੁ ਬਾਅਦ ਪੁਲੀਸ ਦਾ ਇਕ ਕਰਮਚਾਰੀ ਆਇਆ | ਉਸ ਨੇ ਆਉਂਦਿਆਂ ਹੀ ਕਿਸੇ ਉਪਰ ਸੰੱਕ ਹੋਣ ਬਾਰੇ ਪੁੱਛਿਆ | ਉਹਨਾਂ ਵਲੋਂ 'ਨਾਂਹ' ਕਹਿਣ 'ਤੇ ਫੇਰ ਸਾਰੇ ਘਰ ਦੀ ਘੋਖਵੀਂ ਨਜ਼ਰ ਨਾਲ ਪੜਤਾਲ ਕੀਤੀ | ਬੈਕਯਾਰਡ ਵਾਲੇ ਪਾਸੇ ਜਾ ਕੇ ਉਸ ਨੇ ਟੁੱਟੀ ਖਿੜਕੀ ਨੂੰ ਧਿਆਨ ਨਾਲ ਦੇਖਿਆ, ਜਿਸ ਪਾਸਿਉਂ ਚੋਰ ਘਰ ਵਿਚ ਦਾਖਲ ਹੋਏ ਸਨ | ਚੋਰੀ ਹੋਏ ਸਾਮਾਨ ਦੀ ਲਿਸਟ ਬਣਾਈ ਤੇ ਇਹ ਕਹਿ ਕੇ ਚਲਾ ਗਿਆ, "ਬੀਮਾ ਕੰਪਨੀ ਵਾਲੇ ਕੱਲ੍ਹ ਨੂੰ ਆਪਣਾ ਬੰਦਾ ਭੇਜਣਗੇ | ਇਹ ਖਿਲਾਰਾ ਉਹਨਾਂ ਦੇ ਨਰੀਖਣ ਕਰਨ ਤੋਂ ਮਗਰੋਂ ਹੀ ਸਮੇਟਣਾ |"
   ਮੰਜਿਆਂ ਉਪਰ ਪਏ ਖਿਲਾਰੇ ਨੂੰ ਸਮੇਟ ਕੇ ਹੀ ਉੱਥੇ ਸੁੱਤਾ ਜਾ ਸਕਦਾ ਸੀ | ਜਿਸ ਨੂੰ ਪੁਲੀਸ ਕਰਮਚਾਰੀ ਨਾ ਛੇੜਨ ਦੀ ਤਾਕੀਦ ਕਰ ਗਿਆ ਸੀ | ਇਸੇ ਕਰਕੇ ਨੂੰਹ ਸੱਸ ਬੌਬੀ ਨੂੰ ਲੈ ਕੇ ਸੁਖਦੇਵ ਦੇ ਘਰ ਜਾ ਸੁੱਤੀਆਂ | ਸੁਖਦੇਵ ਤੇ ਜਲੌਰ ਉੱਥੇ ਹੀ ਸੋਫਿਆਂ ਉਪਰ ਲੇਟ ਗਏ | ਉਹ ਕੁਝ ਦੇਰ ਚੁੱਪ ਕਰਕੇ ਲੇਟੇ ਰਹੇ ਪਰ ਨੀਂਦ ਦੋਹਾਂ ਨੂੰ ਹੀ ਨਹੀਂ ਸੀ ਆ ਰਹੀ | ਇਹ ਚੁੱਪ ਵੀ ਦੋਹਾਂ ਨੂੰ ਬੋਝਲ ਹੁੰਦੀ ਪਰਤੀਤ ਹੋ ਰਹੀ ਸੀ | ਇਸ ਚੁੱਪ ਨੂੰ ਤੋੜਦਿਆਂ ਸੁਖਦੇਵ ਬੋਲਿਆ, "ਮੈਨੂੰ ਤਾਂ ਇਹ ਕਿਸੇ ਭੇਤੀ ਦਾ ਕਾਰਾ ਲਗਦੈ | ਸਾਹਮਣੇ ਘਰ ਵਾਲੇ ਗੋਰੇ ਵੀ ਮੈਨੂੰ ਤਾਂ ਸੰੱਕੀ ਜਿਹੇ ਲਗਦੇ ਐ | ਕਿਤੇ ਇਹਨਾਂ ਹੀ ਇਹ ਚੋਰੀ ਨਾ ਕਰਵਾਈ ਹੋਵੇ |"
"ਨਹੀਂ, ਇਹ ਨਹੀਂ ਹੋ ਸਕਦਾ | ਘਰ ਖਰੀਦਣ ਵੇਲੇ ਇਸ ਨੇ ਜ਼ਰੂਰ ਵਿਰੋਧ ਕੀਤਾ ਸੀ ਪਰ ਇਹ ਅਜੇਹੀ ਘਿਨਾਉਣੀ ਹਰਕਤ ਨਹੀਂ ਕਰ ਸਕਦਾ | ਇਹ ਦੋਵੇਂ ਮੀਆਂ ਬੀਵੀ ਪੋਸਟ ਆਫਿਸ ਵਿਚ ਕੰਮ ਕਰਦੇ ਆ | ਹੁਣ ਤਾਂ ਇਹਨਾਂ ਨਾਲ ਹੈਲੋ ਸੰੈਲੋ ਵੀ ਹੋ ਜਾਂਦੀ ਆ | ਇਹ ਕੰਮ ਤਾਂ ਪੱਕੇ ਚੋਰਾਂ ਦਾ ਏ | ਉਹ ਮੌਕਾ ਤਾੜਦੇ ਰਹਿੰਦੇ ਆ | ਆਪਾਂ ਵੀ ਤਿੰਨ ਦਿਨ ਘਰ ਨਹੀਂ ਰਹੇ ਤੇ ਉਹਨਾਂ ਨੂੰ ਇਹ ਮੌਕਾ ਮਸਾਂ ਹੀ ਹੱਥ ਆਇਆ |" ਜਲੌਰ ਨੂੰ ਸੁਖਦੇਵ ਦਾ ਸੰੱਕ ਨਿਰਮੂਲ ਜਾਪਿਆ |
"ਕੱਲ੍ਹ ਨੂੰ ਜਦੋਂ ਇਨਸੰੋਰੈਂਸ ਅਫਸਰ ਆਵੇ ਤਾਂ ਆਪਾਂ ਨੂੰ ਵੱਧ ਤੋਂ ਵੱਧ ਕੀਮਤੀ ਚੀਜਾਂ ਲਿਖਵਾਉਣੀਆਂ ਚਾਹੀਦੀਆਂ ਤਾਂ ਜੋ ਹੋਏ ਨੁਕਸਾਨ ਦਾ ਘਾਟਾ ਪੂਰਾ ਹੋ ਜਾਵੇ |" ਸੁਖਦੇਵ ਨੇ ਗੱਲ ਨੂੰ ਬਦਲਦਿਆਂ ਕਿਹਾ |
"ਹੋਰ ਕਿਹੜੀ ਕੀਮਤੀ ਚੀਜ਼ ਵਾਧੂ ਲਿਖਵਾਵਾਂਗੇ ਜਿਹੜੀ ਚੋਰੀ ਨਹੀਂ ਹੋਈ | ਆਹ ਟੀ।ਵੀ। ਪਿਆ ਲੱਕੜ ਦੀ ਬਾਡੀ ਵਾਲਾ, ਜਿਹੜਾ ਭਾਰਾ ਹੋਣ ਕਰਕੇ, ਉਹ ਛੱਡ ਗਏ ਆ | ਗਹਿਣਿਆਂ ਨੂੰ ਉਂਝ ਇਨਸੰੋਰੈਂਸ ਵਿਚ ਨਹੀਂ ਗਿਣਦੇ | ਸਰਬੀ ਨੇ ਤਾਂ ਹੱਥ ਦੀਆਂ ਚੂੜੀਆਂ ਤੇ ਗਲ਼ ਦੀ ਚੇਨੀ ਵੀ ਲਾਹ ਕੇ ਘਰ ਰਖ ਦਿੱਤੀ ਸੀ ਅਖੇ; 'ਗੁਰਦਵਾਰੇ ਸੇਵਾ ਕਰਨੀ ਐ, ਉੱਥੇ ਹਾਰ ਸੰੰਗਾਰ ਦਾ ਕੀ ਕੰਮ |' ਚੋਰ ਤਾਂ ਨਕਲੀ ਗਹਿਣੇ ਵੀ ਨਹੀਂ ਛੱਡ ਕੇ ਗਏ |" ਜਲੌਰ ਨੇ ਦੁੱਖੀ ਮਨ ਨਾਲ ਕਿਹਾ |
   ਅਗਲੇ ਦਿਨ ਜਲੌਰ, ਸਰਬੀ ਅਤੇ ਸੁਖਦੇਵ ਨੇ ਕੰਮਾਂ ਤੋਂ ਛੁੱਟੀ ਲੈ ਲਈ ਤੇ ਬੀਮਾ ਇਨਸਪੈਟਰ ਨੂੰ ਉਡੀਕਣ ਲੱਗੇ | ਦੁਪਹਿਰ ਬਾਅਦ ਇਕ ਤੀਹ ਕੁ ਸਾਲ ਦੀ ਗੋਰੀ ਮੁਟਿਆਰ ਨੇ ਬੂਹੇ 'ਤੇ ਆ ਕੇ ਆਪਣੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ, "ਮੈਨੂੰ ਬੀਮਾ ਕੰਪਨੀ ਵੱਲੋਂ, ਤੁਹਾਡੇ ਘਰ ਚੋਰੀ ਹੋਏ ਸਾਮਾਨ ਦਾ ਜਾਇਜ਼ਾ ਲੈਣ ਲਈ ਘੱਲਿਆ ਗਿਆ ਹੈ | ਕੀ ਮੈਂ ਅੰਦਰ ਆ ਸਕਦੀ ਹਾਂ?" 
"ਜੀ ਆਇਆਂ ਨੂੰ, ਅਸੀਂ ਤੁਹਾਨੂੰ ਹੀ ਉਡੀਕ ਰਹੇ ਸੀ |" ਜੈਰੀ ਨੇ ਉਸ ਨਾਲ ਹੱਥ ਮਿਲਾਉਂਦਿਆਂ ਕਿਹਾ | 
"ਆਉਣ ਵਿਚ ਦੇਰੀ ਤਾਂ ਨਹੀਂ ਹੋ ਗਈ? ਮੈਨੂੰ ਇਕ ਵਜੇ ਇੱਥੇ ਆਉਣ ਦਾ ਸਮਾਂ ਦਿੱਤਾ ਗਿਆ ਸੀ |" ਉਸ ਨੇ ਆਪਣੀ ਗੁਟ ਘੜੀ ਵੱਲ ਨਿਗਾਹ ਮਾਰੀ |
"ਤੁਸੀਂ ਤਾਂ ਠੀਕ ਸਮੇ ਤੇ ਆਏ ਹੋ, ਸਾਨੂੰ ਹੀ ਕਾਹਲ ਸੀ ਕਿ ਇਹ ਕੰਮ ਨਿਬੜੇ ਤਾਂ ਅਸੀਂ ਟਿਕ ਕੇ ਬੈਠੀਏ |" ਜਲੌਰ ਨੇ ਆਪਣੇ ਚਿਹਰੇ ਉਪਰ ਫਿੱਕੀ ਜਿਹੀ ਮੁਸਕਾਨ ਲਿਆਉਂਦਿਆਂ ਕਿਹਾ |
   ਰਸਮੀ ਗੱਲਾਂ ਕਰਨ ਮਗਰੋਂ ਉਹ ਆਪਣੇ ਕੰਮ ਵਿਚ ਜੁਟ ਗਈ | ਜਲੌਰ ਤੇ ਸਰਬੀ ਉਸ ਨੂੰ ਚੋਰੀ ਹੋਏ ਸਾਮਾਨ ਬਾਰੇ ਦਸਦੇ ਗਏ ਤੇ ਉਹ ਆਪਣੀ ਲਿਸਟ ਉਪਰ ਲਿਖਦੀ ਗਈ | ਉਸ ਨੇ ਨਿੱਕੀ ਤੋਂ ਨਿੱਕੀ ਚੋਰੀ ਹੋਈ ਚੀਜ਼ ਦੀ ਲਿਸਟ ਬਣਾਈ ਅਤੇ ਨਾਲ ਉਸਦਾ ਮੁੱਲ ਵੀ ਲਿਖਿਆ | ਉਸ ਨੇ ਚੋਰੀ ਹੋਈ ਹਰ ਚੀਜ਼ ਦੀ ਰਸੀਦ ਜਾਂ ਕੋਈ ਹੋਰ ਨਿਸੰਾਨੀ ਦੀ ਮੰਗ ਕੀਤੀ, ਜਿਸ ਤੋਂ ਉਸ ਚੀਜ਼ ਦੇ ਘਰ ਵਿਚ ਹੋਣ ਦਾ ਸਬੂਤ ਮਿਲ ਸਕੇ | ਇਸ ਸਾਰੇ ਕੰਮ ਦੀ ਜਾਂਚ ਪੜਤਾਲ ਕਰਦਿਆਂ ਉਸ ਨੂੰ ਤਿੰਨ ਘੰਟੇ ਤੋਂ ਵੀ ਉਪਰ ਸਮਾਂ ਲੱਗ ਗਿਆ | ਜਦੋਂ ਉਸ ਨੇ ਚੋਰੀ ਹੋਏ ਸਾਮਾਨ ਦੀ ਕੀਮਤ ਦਾ ਜੋੜ ਕੀਤਾ ਤਾਂ ਇਹ ਜੋੜ ਚੌਦਾਂ ਹਜ਼ਾਰ ਡਾਲਰ ਤੋਂ ਕੁਝ ਸੌ ਡਾਲਰ ਉਪਰ ਚਲਾ ਗਿਆ | ਆਪਣਾ ਕੰਮ ਨਿਬੇੜ ਕੇ ਉਹ ਜਾਣ ਲੱਗੀ ਤਾਂ ਸੁਖਦੇਵ ਨੇ ਉਸ ਕੋਲੋਂ ਪੁੱਛ ਲਿਆ, "ਕੇਸ ਦਾ ਫੈਸਲਾ ਕਦੋਂ ਤਕ ਹੋ ਜਾਣ ਦੀ ਸੰਭਾਵਨਾ ਹੈ?"
"ਉਮੀਦ ਕਰ ਸਕਦੇ ਹਾਂ ਕਿ ਬਹੁਤ ਜਲਦ ਹੋ ਜਾਏ |" ਇਹ ਕਹਿ ਕੇ ਉਹ ਮੁਸਕਰਾਉਂਦੀ ਹੋਈ ਚਲੀ ਗਈ |
   ਕੇਸ ਦਾ ਫੈਸਲਾ ਮਹੀਨੇ ਕੁ ਵਿਚ ਹੀ ਹੋ ਗਿਆ | ਚੌਦਾਂ ਹਜ਼ਾਰ ਡਾਲਰ ਦੇ ਹੋਏ ਨੁਕਸਾਨ ਦੀ ਥਾਂ ਜਲੌਰ ਨੂੰ ਨੌ ਹਜ਼ਾਰ ਡਾਲਰ ਮਿਲਿਆ | ਪਰ ਨਾਲ ਹੀ ਬੀਮੇ ਦੀ ਕਿਸੰਤ ਵਿਚ 25% ਵਾਧਾ ਹੋ ਗਿਆ | ਉਂਝ ਨਾਲ ਇਹ ਵੀ ਲਿਖਿਆ ਹੋਇਆ ਸੀ, "ਜੇ ਤੁਹਾਨੂੰ ਇਹ ਫੈਸਲਾ ਨਹੀਂ ਮਨਜ਼ੂਰ ਤਾਂ ਤੁਸੀਂ ਅਪੀਲ ਕਰ ਸਕਦੇ ਹੋ |"
   ਅਪੀਲਾਂ ਵਿਚ ਪੈਣ ਦੀ ਥਾਂ ਜਲੌਰ ਨੇ ਇਸ ਫੈਸਲੇ 'ਤੇ ਹੀ ਸਬਰ ਕਰ ਲਿਆ | 
***************
 
ਕੱਲ੍ਹ ਸਾਰੀ ਰਾਤ ਹਲਕੀ ਸਨੋਅ ਪੈਂਦੀ ਰਹੀ ਸੀ ਤੇ ਅੱਜ ਵੀ ਮੌਸਮ ਵਿਚ ਕੋਈ ਤਬਦੀਲੀ ਨਹੀਂ ਸੀ ਆਈ | ਹੁਣ ਵੀ ਰਾਤ ਵਾਂਗ ਹੀ ਚਿੱਟੇ ਚਿੱਟੇ ਫੰਬੇ ਹਵਾ ਵਿਚ ਉਡਦੇ ਹੋਏ ਧਰਤੀ 'ਤੇ ਡਿਗ ਰਹੇ ਸਨ | ਸੜਕਾਂ, ਛੱਤਾਂ ਤੇ ਬ੍ਰਿਛ ਬੂਟੇ ਚਿੱਟੀ ਬਰਫ ਦੀ ਚਾਦਰ ਨਾਲ ਢਕੇ ਹੋਏ ਸਨ | ਸੜਕਾਂ ਉਪਰ ਆਵਾਜਾਈ ਆਮ ਨਾਲੋਂ ਘੱਟ ਸੀ| ਸਰਬੀ ਨੂੰ ਆਸ ਸੀ ਕਿ ਅੱਜ ਸਕੂਲ ਵਿਚ ਛੁੱਟੀ ਹੋ ਜਾਵੇਗੀ | ਉਸ ਨੇ ਰੈਡੀਉ ਤੋਂ ਸੱਤ ਵਜੇ ਵਾਲੀਆਂ ਲੋਕਲ ਖਬਰਾਂ ਸੁਣੀਆਂ | ਖਬਰਾਂ ਵਿਚ ਹੋਰ ਦੋ ਦਿਨ ਮੌਸਮ ਖਰਾਬ ਰਹਿਣ ਦੀ ਭਵਿਖ ਬਾਣੀ ਤਾਂ ਕੀਤੀ ਹੋਈ ਸੀ ਪਰ ਸਕੂਲਾਂ ਦੇ ਬੰਦ ਹੋਣ ਜਾਂ ਨਾ ਬੰਦ ਹੋਣ ਬਾਰੇ ਕੋਈ ਸੂਚਨਾ ਨਹੀਂ ਦਿਤੀ ਗਈ ਸੀ | ਸਰਬੀ ਨੇ ਦਰਸੰਨਾ ਨੂੰ ਫੋਨ ਕਰ ਕੇ ਸਕੂਲਾਂ ਦੇ ਬੰਦ ਹੋਣ ਬਾਰੇ ਪੁੱਛਿਆ ਤਾਂ ਦਰਸੰਨਾ ਨੇ ਅੱਗੋਂ ਹੱਸ ਕੇ ਕਿਹਾ, "ਤੇਰਾ ਦਿਲ ਹੀ ਸਕੂਲ ਜਾਣ ਨੂੰ ਨਹੀਂ ਕਰਦਾ ਹੋਣਾ | ਸਕੂਲ ਤਾਂ ਫੁੱਟ ਫੁੱਟ ਸਨੋਅ ਪੈਣ 'ਤੇ ਵੀ ਬੰਦ ਨਹੀਂ ਹੁੰਦੇ, ਅੱਜ ਤਾਂ ਮਸਾਂ ਦੋ ਤਿੰਨ ਇੰਚ ਸਨੋਅ ਪਈ ਹੋਣੀ ਏ | ਤੂੰ ਛੇਤੀ ਛੇਤੀ ਸਕੂਲ ਜਾਣ ਦੀ ਤਿਆਰੀ ਕਰ |"
   ਅੱਜ ਸੱਚ ਮੁੱਚ ਹੀ ਉਸ ਦਾ ਸਕੂਲ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ | ਕੱਲ੍ਹ ਦੀ ਘਟਨਾ ਨੇ ਉਸ ਨੂੰ ਬੜਾ ਉਪਰਾਮ ਕੀਤਾ ਹੋਇਆ ਸੀ | ਰਾਤੀਂ ਬੈਡ ਉਪਰ ਜਲੌਰ ਦੇ ਨਾਲ ਪਈ ਹੋਈ ਵੀ ਉਹ ਇਸ ਘਟਨਾ ਬਾਰੇ ਸੋਚਦੀ ਹੋਈ ਬੇਚੈਨ ਹੋ ਰਹੀ ਸੀ | ਜਲੌਰ ਉਸ ਨੂੰ ਆਰਾਮ ਨਾਲ ਸਉਂ ਜਾਣ ਲਈ ਕਹਿ ਕੇ ਆਪ ਗੂੜ੍ਹੀ ਨੀਂਦ ਸਉਂ ਗਿਆ ਸੀ ਪਰ ਉਸ ਦੇ ਉੱਸਲ ਵੱਟੇ ਲੈਣ ਕਾਰਨ ਛੇਤੀ ਹੀ ਉਸ ਨੂੰ ਮੁੜ ਜਾਗ ਆ ਗਈ ਤਾਂ ਉਸ ਨੇ ਪੁੱਛਿਆ, "ਕੀ ਗੱਲ ਆ, ਅੱਜ ਤੂੰ ਨਾ ਆਪ ਸੌਂਦੀ ਏ ਨਾ ਮੈਨੂੰ ਹੀ ਸੌਣ ਦੇ ਰਹੀ ਏਂ?"
"ਥੋਨੂੰ ਕਿਸੇ ਨਾਲ ਕੀ, ਤੁਸੀਂ ਚੁੱਪ ਕਰਕੇ ਅਰਾਮ ਨਾਲ ਪਏ ਰਹੋ |" ਸਰਬੀ ਨੇ ਨਿਹੋਰੇ ਨਾਲ ਕਿਹਾ |
"ਮੈਨੂੰ ਕਿਉਂ ਨਹੀਂ, ਤੂੰ ਦਸ ਤਾਂ ਸਹੀ, ਤੈਨੂੰ ਕੀ ਤਕਲੀਫ ਆ?"
"ਜਦੋਂ ਮੈਂ ਆਪਣੇ ਸਕੂਲ ਬਾਰੇ ਕੋਈ ਗੱਲ ਕਰਦੀ ਸੀ ਤਾਂ ਤੁਸੀਂ ਆਪ ਹੀ ਕਹਿ ਦਿੰਦੇ ਸੀ ਕਿ ਸਕੂਲ ਦੀਆਂ ਗੱਲਾਂ ਸਕੂਲ ਵਿਚ ਹੀ ਛੱਡ ਆਇਆ ਕਰ, ਮੇਰੇ ਕੋਲ ਸਕੂਲ ਦੀ ਕੋਈ ਗੱਲ ਨਾ ਕਰਿਆ ਕਰ |"
"ਤੂੰ ਤਾਂ ਐਵੇਂ ਸਕੂਲ ਦੀ ਨਿੱਕੀ ਨਿੱਕੀ ਗੱਲ ਵੀ ਮੇਰੇ ਕੋਲ ਕਰਨ ਲੱਗ ਪੈਂਦੀ ਸੀ ਇਸ ਕਰਕੇ ਕਿਹਾ ਸੀ | ਜੇ ਸਕੂਲ ਵਿਚ ਤੇਰੇ ਨਾਲ ਕੋਈ ਬੁਰੀ ਘਟਨਾ ਵਾਪਰਦੀ ਆ ਤਾਂ ਉਹ ਕਿਉਂ ਨਹੀਂ ਦੱਸਣੀ | ਹਾਂ ਦੱਸ, ਕੀ ਹੋਇਆ ਤੇਰੇ ਨਾਲ ਸਕੂਲ ਵਿਚ?"
"ਅੱਛ! ਮੈਨੂੰ ਵਿਚੋਂ ਟੋਕਿਓ ਨਾ | ਸਾਰੀ ਗੱਲ ਸੁਣ ਕੇ ਦੱਸਿਓ ਕਿ ਮੈਂ ਕਿੱਥੇ ਗ਼ਲਤ ਹਾਂ |"
"ਤੂੰ ਗੱਲ ਤਾਂ ਦੱਸ | ਗਲਤ ਸਹੀ ਦਾ ਫੇਰ ਹੀ ਪਤਾ ਲੱਗਣਾ |"
"ਮੈਨੂੰ ਆਪ ਨੂੰ ਵੀ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਗਲਤ ਹਾਂ | ਬੱਚਿਆਂ ਨੂੰ ਪੜ੍ਹਾਉਣ ਵਿਚ ਮੈਂ ਕਦੀ ਕੋਈ ਸੰਕਾਇਤ ਨਹੀਂ ਆਉਣ ਦਿੱਤੀ | ਬੱਚੇ ਵੀ ਮੇਰੇ ਨਾਲ ਬਹੁਤ ਖੁਸੰ ਰਹਿੰਦੇ ਨੇ | ਟੀਚਰਾਂ ਨਾਲ ਵੀ ਹਰ ਢੰਗ ਨਾਲ ਕੁਆਪਰੇਟ ਕਰਦੀ ਹਾਂ | ਹਰ ਕੋਸੰਸੰ ਕੀਤੀ ਹੈ ਕਿ ਸਕੂਲ ਵਿਚ ਮੇਰੇ ਵੱਲੋਂ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਉਲ੍ਹਾਮਾ ਨਾ ਆਵੇ | ਮੈਂ ਤਾਂ ਆਪਣੀ ਸੰਕਲ ਵੀ ਇਹਨਾਂ ਗੋਰਿਆਂ ਵਰਗੀ ਬਣਾ ਰੱਖੀ ਐ | ਥੋਡੇ ਮਨ੍ਹਾ ਕਰਨ 'ਤੇ ਵੀ ਮੈਂ ਆਪਣੇ ਕੇਸ ਕਟਵਾ ਕੇ ਸੁਨਹਿਰੀ ਰੰਗਵਾ ਲਏ ਸੀ | ਪੰਜਾਬੀ ਪਹਿਰਾਵਾ ਕਦੀ ਅੰਗ ਨਹੀਂ ਲਾ ਕੇ ਦੇਖਿਆ | ਰੰਗ ਵੀ ਰੱਬ ਨੇ ਗੋਰਾ ਹੀ ਦਿੱਤਾ ਹੈ ਭਾਵੇਂ ਇਨ੍ਹਾਂ ਵਰਗਾ ਪਿੱਲਾ ਜਿਹਾ ਨਹੀਂ | ਪਰ ਫੇਰ ਵੀ ਪਤਾ ਨਹੀਂ, ਨਿੱਕੀ ਜਿਹੀ ਗੱਲ ਨੂੰ ਹੀ ਇਹ ਲੋਕ ਵੱਡੀ ਕਿਉਂ ਬਣਾ ਲੈਂਦੇ ਨੇ | ਪਿਛਲੇ ਸਾਲ ਜਦੋਂ ਦੋ ਜੁੜਵੇਂ ਭੈਣ ਭਰਾ ਤੀਜੇ ਗ੍ਰੇਡ ਦੀ ਮੇਰੀ ਜਮਾਤ ਵਿਚ ਦਾਖਲ ਹੋਏ ਸਨ ਤਾਂ ਮੈਂ ਉਹਨਾਂ ਨੂੰ ਨਾ ਸਮਝ ਵਿਚ ਆਉਣ ਵਾਲੀ ਗੱਲ ਕਦੀ ਕਦਾਈ ਪੰਜਾਬੀ ਵਿਚ ਸਮਝਾ ਦਿੰਦੀ ਸੀ | ਉਹ ਇੰਡੀਆ ਤੋਂ ਨਵੇਂ ਆਏ ਹੋਣ ਕਰਕੇ ਇੰਗਲਿਸੰ ਅਜੇ ਘੱਟ ਸਮਝਦੇ ਸੀ ਉਂਝ ਸਨ ਬੜੇ ਇੰਟੈਲੀਜੈਂਟ | ਇਸ ਸਾਧਾਰਨ ਜਿਹੀ ਗੱਲ 'ਤੇ ਹੀ ਪ੍ਰਿੰਸੀਪਲ ਨੇ ਆਪਣੇ ਆਫਿਸ ਵਿਚ ਸੱਦ ਕੇ ਇਕ ਲੰਮਾ ਲੈਕਚਰ ਝਾੜ ਕੇ ਕਿਹਾ ਸੀ, "ਮਿਸ ਸਿੱਧੂ, ਮੇਰੇ ਕੋਲ ਕਈ ਸੰਕਾਇਤਾਂ ਆਈਆਂ ਹਨ ਕਿ ਤੁਸੀਂ ਆਪਣੀ ਜਾਤੀ ਦੇ ਬੱਚਿਆਂ ਵੱਲ ਵਿਸੰੇਸੰ ਧਿਆਨ ਦਿੰਦੇ ਹੋ, ਇਹ ਵਤੀਰਾ ਠੀਕ ਨਹੀਂ ਹੈ |" 
   ਮੇਰੀਆਂ ਸਾਰੀਆਂ ਦਲੀਲਾਂ ਨੂੰ ਅਣਸੁਣੀ ਕਰਦਿਆਂ ਉਹ ਇਸੇ ਗੱਲ 'ਤੇ ਹੀ ਅੜੀ ਰਹੀ ਕਿ ਪੰਜਾਬੀ ਬੱਚਿਆਂ ਵੱਲ ਮੇਰੇ ਵੱਲੋਂ ਖਾਸ ਧਿਆਨ ਦੇਣਾ, ਦੂਜੇ ਬੱਚਿਆਂ ਨਾਲ ਵਿਤਕਰਾ ਹੈ ਤੇ ਇਸ ਗੱਲ ਨੂੰ ਮੈਂ ਸਵੀਕਾਰ ਕਰ ਲਵਾਂ | ਇਸ ਗੱਲ ਨੂੰ ਮੈਂ ਕਿਵੇਂ ਮੰਨ ਲੈਂਦੀ, ਜਦੋਂ ਕਿ ਮੈਂ ਕਿਸੇ ਨਾਲ ਵੀ ਵਿਤਕਰਾ ਕਰਨ ਬਾਰੇ ਸੋਚਿਆ ਤਕ ਨਹੀਂ ਸੀ | ਅਖੀਰ, 'ਅਗਾਂਹ ਤੋਂ ਸਕੂਲ ਵਿਚ ਇਕ ਸੰਬਦ ਵੀ ਪੰਜਾਬੀ ਦਾ ਨਹੀਂ ਬੋਲਾਂਗੀ' ਕਹਿ ਕੇ ਮੈਂ ਰੋਣਹਾਕੀ ਹੋਈ ਆਫਿਸ ਵਿਚੋਂ ਬਾਹਰ ਆ ਗਈ ਸੀ |
   ਤੇ ਹੁਣ ਵੀ ਕੱਲ੍ਹ ਦੀ ਸਧਾਰਨ ਗੱਲ ਨੂੰ ਐਵੇਂ ਹੀ ਹਵਾ ਦਿੱਤੀ ਜਾ ਰਹੀ ਹੈ | ਤੀਜੇ ਗ੍ਰੇਡ ਵਿਚ ਮੇਰੇ ਕੋਲ ਇਕ ਮੁਸਲਮਾਨ ਕੁੜੀ ਪੜ੍ਹਦੀ ਏ ਜਿਹੜੀ ਆਪਣੇ ਸਿਰ ਉਪਰ ਕਾਲਾ ਰੁਮਾਲ ਬੰਨ੍ਹ ਕੇ ਆਉਂਦੀ ਹੈ | ਕੱਲ੍ਹ ਉਸ ਨੇ ਮੇਰੇ ਕੋਲ ਸੰਕਾਇਤ ਕੀਤੀ ਕਿ ਕਲਾਸ ਦੇ ਮੁੰਡੇ ਕੁੜੀਆਂ ਉਸ ਦੇ ਹਜਾਬ ਨੂੰ ਸਿਰ ਉਤੋਂ ਖਿਚਦੇ ਸੀ ਤੇ ਕਹਿੰਦੇ 'ਤੂੰ ਸਾਨੂੰ ਆਪਣੇ ਸਿਰ ਤੋਂ ਇਹ ਰੁਮਾਲ ਲਾਹ ਕੇ ਦਿਖਾ ਕਿ ਕਿਤੇ ਤੇਰੇ ਸਿਰ ਵਿਚ ਫੋੜੇ ਤਾਂ ਨਹੀਂ | ਕੋਈ ਕਹਿੰਦਾ ਹੈ ਕਿ ਤੇਰੇ ਸਿਰ ਵਿਚ ਜੂੰਆਂ ਪਈਆਂ ਹੋਈਆਂ ਹਨ |' ਉਸ ਨੇ ਇਕ ਵਾਰ ਪਹਿਲਾਂ ਵੀ ਮੇਰੇ ਕੋਲ ਦੋ ਕੁੜੀਆਂ ਦੀ ਸੰਕਾਇਤ ਕੀਤੀ ਸੀ ਕਿ ਉਹ ਉਸ ਦੇ ਹਜਾਬ ਬਾਰੇ ਮੰਦਾ ਚੰਗਾ ਬੋਲਦੀਆਂ ਹਨ ਤੇ ਮੈਂ ਦੋਹਾਂ ਕੁੜੀਆਂ ਨੂੰ ਆਪਣੇ ਕੋਲ ਬੁਲਾ ਕੇ ਸਮਝਾ ਦਿੱਤਾ ਸੀ ਕਿ ਇਹ ਇਹਨਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਕਿਸੇ ਦੇ ਧਾਰਮਿਕ ਚਿੰਨ੍ਹ ਦਾ ਮਖੌਲ ਨਹੀਂ ਉਡਾਈਦਾ | ਫੇਰ ਉਸ ਦੀ ਕਦੀ ਸੰਕਾਇਤ ਨਹੀਂ ਸੀ ਆਈ ਤੇ ਕੱਲ੍ਹ ਉਸ ਨੇ ਸਾਰੀ ਕਲਾਸ ਦੀ ਹੀ ਸੰਕਾਇਤ ਕਰ ਦਿੱਤੀ ਸੀ | ਮੈਂ ਸਾਰੀ ਕਲਾਸ ਨੂੰ ਸਮਝਾਇਆ ਸੀ ਕਿ 'ਸੰਸਾਰ ਵਿਚ ਅਨੇਕ ਧਰਮ ਹਨ | ਜਿਵੇਂ; ਇਸਾਈ, ਹਿੰਦੂ, ਸਿੱਖ ਤੇ ਇਸਲਾਮ | ਸਾਰਿਆਂ ਧਰਮਾਂ ਵਿਚ ਚੰਗੇ ਗੁਣ ਹਨ ਤੇ ਉਹ ਸਾਨੂੰ ਨੇਕੀ ਦੇ ਰਾਹ ਤੁਰਨ ਦੀ ਸਿਖਿਆ ਦਿੰਦੇ ਹਨ | ਹਰ ਧਰਮ ਨੂੰ ਮੰਨਣ ਦਾ ਹਰ ਇਕ ਦਾ ਆਪਣਾ ਵਖਰਾ ਢੰਗ ਹੈ ਤੇ ਉਹਨਾਂ ਦੇ ਆਪਣੇ ਵਖਰੇ ਧਾਰਮਿਕ ਚਿੰਨ੍ਹ ਹਨ | ਇਸ ਲਈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ |'
   ਸੰਸਾਰ ਦੇ ਧਰਮਾਂ ਬਾਰੇ ਸੰਖੇਪ ਜਾਣਕਾਰੀ ਦੇ ਕੇ ਮੈਂ ਬੱਚਿਆ ਕੋਲੋਂ ਇਹ ਭਰੋਸਾ ਲੈ ਲਿਆ ਕਿ ਉਹ ਇਸ ਕੁੜੀ ਦੇ ਸਿਰ ਉਤਲੇ ਰੁਮਾਲ ਬਾਰੇ ਕੋਈ ਟਿਚਕਰ ਨਹੀਂ ਕਰਨਗੇ | ਬੱਚਿਆਂ ਨੇ ਵੀ ਹਾਮ੍ਹੀ ਭਰ ਦਿੱਤੀ ਕਿ ਉਹ ਅਗਾਂਹ ਤੋਂ ਅਜੇਹੀ ਕੋਈ ਸੰਰਾਰਤ ਨਹੀਂ ਕਰਨਗੇ ਜਿਸ ਨਾਲ ਕਿਸੇ ਦਾ ਦਿਲ ਦੁਖੀ ਹੋਵੇ | ਮੈਨੂੰ ਨਹੀਂ ਸੀ ਪਤਾ ਕਿ ਮੇਰੀ ਇਸ ਸਿਖਿਆ ਦਾ ਕੋਈ ਉਲਟ ਨਤੀਜਾ ਵੀ ਨਿਕਲ ਸਕਦੈ | 
   ਅਜ ਸਵੇਰੇ ਪ੍ਰਿ੍ਰੰਸੀਪਲ ਨੇ ਮੈਨੂੰ ਆਫਿਸ ਵਿਚ ਬੁਲਾ ਲਿਆ ਤੇ ਕਹਿਣ ਲੱਗੀ, "ਮਿਸ ਸਿੱਧੂ, ਕੱਲ੍ਹ ਤੁਹਾਨੂੰ ਧਰਮ ਬਾਰੇ ਲੈਕਚਰ ਦੇਣ ਦੀ ਕੀ ਲੋੜ ਪੈ ਗਈ ਸੀ? ਮੇਰੇ ਕੋਲ ਕਈ ਬੱਚਿਆਂ ਦੇ ਮਾਪੇ ਸ਼ਕਾਇਤ ਲੈ ਕੇ ਆਏ ਹਨ ਤੇ ਕਈਆਂ ਦੇ ਫੋਨ ਆਏ ਹਨ ਕਿ ਤੁਸੀਂ ਇਸਲਾਮ ਧਰਮ ਦੀ ਵਡਿਆਈ ਤੇ ਯਹੂਦੀ ਧਰਮ ਦੀ ਹੇਠੀ ਕੀਤੀ ਹੈ |"
"ਮੇਰੀ ਜਮਾਤ ਦੀ ਇਕ ਮੁਸਲਮਾਨ ਕੁੜੀ ਹਜਾਬ ਪਹਿਨ ਕੇ ਸਕੂਲ ਵਿਚ ਆਉਂਦੀ ਹੈ | ਔਰਤ ਦਾ ਸਿਰ ਢਕ ਕੇ ਰਖਣਾ ਉਹਨਾਂ ਦਾ ਧਾਰਮਿਕ ਅਕੀਦਾ ਹੈ | ਬੱਚੇ ਉਸ ਦੇ ਹਜਾਬ ਦਾ ਮਖੌਲ ਉਡਾਉਂਦੇ ਸਨ | ਮੈਂ ਬੱਚਿਆਂ ਨੂੰ ਸਾਰੇ ਧਰਮਾਂ ਦਾ ਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਨ ਲਈ ਸਮਝਾਇਆ ਸੀ | ਯਹੂਦੀ ਧਰਮ ਦਾ ਤਾ ਮੈਂ ਨਾਮ ਵੀ ਨਹੀਂ ਲਿਆ, ਫੇਰ ਹੇਠੀ ਕਿਵੇਂ ਹੋ ਗਈ?" 
"ਯਹੂਦੀ ਧਰਮ ਦਾ ਨਾਮ ਨਾ ਲੈਣਾ ਹੀ ਤਾਂ ਹੇਠੀ ਵਾਲੀ ਗੱਲ ਹੈ, ਮਿਸ ਸਿੱਧੂ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਹੂਦੀ ਧਰਮ ਨੂੰ ਮੰਨਣ ਵਾਲੇ ਬੱਚੇ ਵੀ ਤੁਹਾਡੀ ਕਲਾਸ ਵਿਚ ਹਨ | ਜਦੋਂ ਤੁਸੀਂ ਹੋਰ ਧਰਮਾਂ ਦੇ ਨਾਮ ਬੋਲੇ ਪਰ ਉਹਨਾਂ ਦੇ ਧਰਮ ਦਾ ਨਾਮ ਨਹੀਂ ਲਿਆ ਤਾਂ ਉਹਨਾਂ ਦੇ ਮਨ ਨੂੰ ਠੇਸ ਲੱਗੀ |"
"ਇਸ ਤਰ੍ਹਾਂ ਤੇ ਸੰਸਾਰ ਵਿਚ ਹੋਰ ਵੀ ਅਨੇਕ ਧਰਮ ਹਨ, ਜਿਨ੍ਹਾਂ ਦਾ ਮੈਂ ਨਾਮ ਨਹੀਂ ਲਿਆ ਪਰ ਇਸ ਗੱਲ ਦਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕਲਾਸ ਵਿਚ ਯਹੂਦੀ ਧਰਮ ਨੂੰ ਮੰਨਣ ਵਾਲੇ ਬੱਚੇ ਵੀ ਹਨ | ਇਹ ਮੇਰੇ ਕੋਲੋਂ ਜ਼ਰੂਰ ਭੁੱਲ ਹੋ ਗਈ ਹੈ | ਉਂਝ ਯਹੂਦੀ ਧਰਮ ਬਾਰੇ ਮੈਨੂੰ ਬਹੁਤੀ ਜਾਣਕਾਰੀ ਵੀ ਨਹੀਂ ਹੈ |"
"ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ | ਬਿਨਾਂ ਜਾਣਕਾਰੀ ਦੇ ਕਿਸੇ ਵਿਸ਼ੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ | ਹੁਣ ਤੁਸੀਂ ਆਪਣੀ ਕਲਾਸ ਵਿਚ ਜਾਓ ਤੇ ਉੱਥੇ ਆਪਣੀ ਭੁੱਲ ਸਵੀਕਾਰ ਕਰਕੇ ਉਹਨਾਂ ਬੱਚਿਆਂ ਕੋਲੋਂ ਮੁਆਫੀ ਮੰਗ ਲਵੋ ਤੇ ਅਗਾਂਹ ਤੋਂ ਇਹਨਾਂ ਧਰਮ ਦੇ ਚੱਕਰਾਂ ਵਿਚ ਪੈਣ ਤੋ ਸੰਕੋਚ ਹੀ ਕਰਨਾ |"
   ਮੈਨੂੰ ਆਪਣੀ ਕਲਾਸ ਵਿਚ ਜਾ ਕੇ ਮਜਬੂਰਨ ਮੁਆਫੀ ਮੰਗਣੀ ਪਈ | ਬਸ, ਇਸੇ ਗੱਲ ਦੀ ਅੱਚਵੀ ਲੱਗੀ ਹੋਈ ਐ ਕਿ ਪ੍ਰਿੰਸੀਪਲ ਨੇ ਮੈਨੂੰ ਮੁਆਫੀ ਮੰਗਣ ਲਈ ਕਿਉਂ ਕਿਹਾ | ਉਸ ਨੂੰ ਇਹ ਖਿਆਲ ਨਹੀਂ ਆਇਆ ਕਿ ਬੱਚਿਆਂ ਕੋਲੋਂ ਮੁਆਫੀ ਮੰਗਦਿਆਂ ਮੇਰੀ ਕਿੰਨੀ ਕੁ ਹੇਠੀ ਹੋਵੇਗੀ!" 
"ਆਪਣੀ ਭੁੱਲ ਨੂੰ ਮੰਨ ਲੈਣਾ ਕੋਈ ਹੇਠੀ ਵਾਲੀ ਗੱਲ ਨਹੀਂ ਹੁੰਦੀ | ਪ੍ਰਿੰਸੀਪਲ ਨੇ ਕੋਈ ਮਾੜੀ ਗੱਲ ਨਹੀਂ ਕਹੀ, ਉਸ ਨੇ ਆਪਣਾ ਫ਼ਰਜ਼ ਨਿਭਾਇਆ | ਉਸ ਨੇ ਸਕੂਲ ਦੇ ਮਾਹੌਲ ਨੂੰ ਦੇਖ ਕੇ ਹੀ ਤੈਨੂੰ ਕਿਹਾ ਹੋਵੇਗਾ | ਜੇ ਤੇਰੀ ਇਸ ਗੱਲ ਦਾ ਕਿਸੇ ਧਾਰਮਿਕ ਜਨੂਨੀ ਨੂੰ ਪਤਾ ਲੱਗ ਜਾਂਦਾ ਤਾਂ ਉਸ ਨੇ ਅਜੇਹਾ ਪਰਚਾਰ ਕਰਨਾ ਸੀ ਕਿ ਤੇਰੀ ਨੌਕਰੀ ਵੀ ਜਾ ਸਕਦੀ ਸੀ | ਤੇਰੀ ਪ੍ਰਿੰਸੀਪਲ ਨੇ ਠੀਕ ਕਿਹਾ ਸੀ ਕਿ 'ਧਰਮ ਦੇ ਚੱਕਰਾਂ ਵਿਚ ਪੈਣੋ ਸੰਕੋਚ ਕਰਨਾ ਚਾਹੀਦਾ ਹੈ' ਬਾਕੀ ਗੱਲਾਂ ਕੱਲ੍ਹ ਨੂੰ ਕਰਾਂਗੇ | ਹੁਣ ਮੈਨੂੰ ਨੀਂਦ ਆ ਰਹੀ ਆ ਤੇ ਤੂੰ ਵੀ ਆਰਾਮ ਨਾਲ ਸਉਂ, ਸਵੇਰੇ ਫੇਰ ਜਲਦੀ ਉਠਣਾ |" ਜਲੌਰ ਨੇ ਉਸ ਦੀ ਪਿੱਠ ਥਾਪੜਦਿਆਂ ਕਿਹਾ ਤੇ ਫੇਰ ਪਾਸਾ ਵਟ ਕੇ ਪੈ ਗਿਆ | 
   ਜਲੌਰ ਕੋਲ ਸਕੂਲ ਦੀ ਗੱਲ ਕਰਕੇ ਸਰਬੀ ਦੇ ਮਨ ਦਾ ਬੋਝ ਕੁਝ ਹਲਕਾ ਹੋ ਗਿਆ ਸੀ ਪਰ ਉਸ ਦੀ ਕਹੀ ਗੱਲ 'ਤੇਰੀ ਨੌਕਰੀ ਵੀ ਜਾ ਸਕਦੀ ਸੀ' ਨੇ ਉਸ ਨੂੰ ਹੋਰ ਚਿਤਵਨੀ ਲਾ ਦਿੱਤੀ | ਨੌਕਰੀ ਜਾਣ ਦੀ ਘੁੰਮਣ ਘੇਰੀ ਵਿਚ ਪਿਆਂ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆਈ ਤੇ ਫੇਰ ਸਵੇਰੇ ਜਲੌਰ ਦੇ ਜਗਾਉਣ 'ਤੇ ਹੀ ਉਸ ਦੀ ਅੱਖ ਖੁੱਲ੍ਹੀ | ਉਹ ਛੇਤੀ ਛੇਤੀ ਤਿਆਰ ਹੋ ਕੇ ਸਕੂਲ ਗਈ | ਸਕੂਲ ਵਿਚ ਉਸ ਦਾ ਆਪਣੇ ਕਿਸੇ ਵੀ ਸਟਾਫ ਮੈਂਬਰ ਨਾਲ ਗੱਲ ਕਰਨ ਨੂੰ ਦਿਲ ਨਹੀਂ ਕੀਤਾ | ਉਸ ਨੂੰ ਇਉਂ ਜਾਪਦਾ ਸੀ ਜਿਵੇਂ ਸਾਰੇ ਉਸ ਦੇ ਖਿਲਾਫ਼ ਕੋਈ ਸਾਜਸ਼ ਕਰ ਰਹੇ ਹੋਣ | ਉਹ ਸਾਰਾ ਦਿਨ ਆਪਣੇ ਕਮਰੇ ਵਿਚ ਹੀ ਰੁੱਝੀ ਰਹੀ ਤੇ ਛੁੱਟੀ ਹੋਣ ਮਗਰੋਂ ਬਿਨਾਂ ਕਿਸੇ ਨਾਲ ਗੱਲ ਕੀਤਿਆਂ, ਛੇਤੀ ਹੀ ਘਰ ਨੂੰ ਤੁਰ ਆਈ | ਘਰ ਆਈ ਤਾਂ ਪੰਮ ਅਜੇ ਬੀ ਜੀ ਕੋਲ ਬੈਠੀ ਬੌਬੀ ਨਾਲ ਖੇਡ ਰਹੀ ਸੀ | ਪੰਮ ਨੂੰ ਦੇਖ ਕੇ ਸਰਬੀ ਨੇ ਪੁੱਛਿਆ, "ਬੀ ਜੀ, ਦਰਸ਼ਨਾ ਦੀਦੀ ਅਜੇ ਆਈ ਨਹੀਂ?"
"ਅੱਜ ਤੂੰ ਥੋੜਾ ਸਦੇਹਾਂ ਆ ਗਈ | ਉਹ ਵੀ ਆਉਣ ਵਾਲੀ ਐ | ਮੈਂ ਚਾਹ ਧਰਦੀ ਆਂ, ਓਦੋਂ ਨੂੰ ਉਹ ਵੀ ਆ ਜਾਊਗੀ | ਏਸ ਬਾਨ੍ਹੇ ਚਾਰ ਮਿੰਟ ਬੈਠ ਜਾਊਗੀ | ਊਂਅ ਤਾਂ ਪੰਮ ਨੂੰ ਉਂਗਲੀ ਲਾ ਭਜਣ ਦੀ ਕਰਦੀ ਐ |" ਬੀ ਜੀ ਨੇ ਸ਼ਕਾਇਤ ਲਾਉਣ ਵਾਲਿਆਂ ਵਾਂਗ ਕਿਹਾ |
   ਮਾਂ ਨੂੰ ਆਈ ਦੇਖ ਬੌਬੀ ਝੱਟ ਆ ਕੇ ਉਸ ਦੀਆਂ ਲੱਤਾਂ ਨੂੰ ਲਿਪਟ ਗਿਆ | ਸਰਬੀ ਨੇ ਬੈਡਰੂਮ ਵੱਲ ਜਾਣ ਦੀ ਥਾਂ ਆਪਣਾ ਲੰਮਾ ਕੋਟ ਲਾਹ ਕੇ ਸੋਫੇ ਦੇ ਇਕ ਪਾਸੇ ਰਖ ਦਿੱਤਾ ਤੇ ਬੌਬੀ ਨੂੰ ਗੋਦੀ ਵਿਚ ਲੈ ਕੇ ਸੋਫੇ ਉਪਰ ਬੈਠ ਗਈ | ਪੰਮ ਵੀ ਆਪਣੀ ਤੋਤਲੀ ਜ਼ਬਾਨ ਵਿਚ 'ਮਾਸੀ ਜੀ, ਸਾਅ ਸੀਅ ਕਾਲ' ਕਹਿਕੇ ਉਸ ਦੇ ਨਾਲ ਲੱਗ ਕੇ ਬੈਠ ਗਈ | "ਅੱਜ ਤਾਂ ਨਹੀਂ ਬੀ ਜੀ ਨੂੰ ਤੰਗ ਕੀਤਾ?" ਸਰਬੀ ਨੇ ਦੋਹਾਂ ਬੱਚਿਆਂ ਨਾਲ ਲਾਡ ਕਰਦਿਆਂ ਕਿਹਾ |
"ਨਈ ਮਾਸੀ ਜੀ, ਬੌਬੀ ਨੇ ਮੇਰੀ ਡੌਲ ਤੋੜਤੀ, ਅਹਿ ਵਾਲੀ |" ਪੰਮ ਭੱਜ ਕੇ ਆਪਣੀ ਟੁਟੀ ਹੋਈ ਪਲਾਸਟਿਕ ਦੀ ਗੁੱਡੀ ਲੈ ਆਈ |
"ਤੈਨੂੰ ਹੋਰ ਸੁਹਣੀ ਜਿਹੀ ਗੁੱਡੀ ਲਿਆ ਦਿਊਂਗੀ | ਬੌਬੀ ਨੂੰ ਨਹੀਂ ਲਿਆ ਕੇ ਦੇਣੀ |"
"ਮੈਂ ਈ, ਮੈਂ ਈ |" ਬੌਬੀ ਆਪਣੀ ਮਾਂ ਦੇ ਮੁੱਕੀਆਂ ਮਾਰਨ ਲੱਗਾ |
"ਬੌਬੀ ਤਾਂ ਭਾਈ, ਬਹੁਤਾ ਹਰਖੀ ਐ | ਆਵਦੀਆਂ ਖੇਡਾਂ ਨੂੰ ਤਾਂ ਇਹਨੂੰ ਹੱਥ ਨਈਂ ਲੌਣ ਦਿੰਦਾ ਤੇ ਜਦੋਂ ਇਹ ਰੋਕਦੀ ਐ ਤਾਂ ਇਹਦੀਆਂ ਖੇਡਾਂ ਨੂੰ ਚਲਾ ਚਲਾ ਮਾਰੂ ਤੇ ਸਾਰੇ ਪਾਸੇ ਖਲਾਰਾ ਪਾ ਦਿਊ |" ਬੀ ਜੀ ਨੇ ਦੱਸਿਆ | 
"ਬੌਬੀ, ਜੇ ਤੂੰ ਭੈਣ ਦੇ ਟੁਆਏ ਫੇਰ ਤੋੜੇ ਤਾਂ ਇਹਨੇ ਤੇਰੇ ਕੋਲ ਖੇਡਣ ਨਹੀਂ ਆਇਆ ਕਰਨਾ | ਕਹਿ ਸੌਰੀ |"
"ਕੀਹਦੇ ਕੋਲੋਂ ਸੌਰੀ ਮੰਗਵਾਈ ਜਾਂਦੀ ਏਂ? ਅੱਜ ਤੂੰ ਪਹਿਲਾਂ ਹੀ ਆ ਗਈ?|" ਦਰਸ਼ੰਨਾ ਨੇ ਪੌੜੀਆਂ ਵਿਚੋਂ ਹੀ ਇਕੱਠੇ ਹੀ ਦੋ ਸਵਾਲ ਕਰ ਦਿੱਤੇ | 
"ਬੌਬੀ ਨੇ ਪੰਮਾ ਦੀ ਡੌਲ ਤੋੜ ਦਿੱਤੀ, ਇਸ ਨੂੰ ਸੌਰੀ ਮੰਗਣ ਲਈ ਕਹਿ ਰਹੀ ਆਂ ਪਰ ਉਲਟਾ ਮੇਰੇ ਮੁੱਕੀਆਂ ਮਾਰਨ ਲੱਗ ਪਿਐ | ਜਾਹ ਆਵਦੀ ਮਾਸੀ ਕੋਲ, ਉਸ ਕੋਲੋਂ ਵੀ ਮੰਗ ਸੌਰੀ |" ਸਰਬੀ ਨੇ ਬੌਬੀ ਨੂੰ ਦਰਸ਼ਨਾ ਵੱਲ ਧੱਕਿਆ |
"ਮੈਂ ਨੀ, ਮੈਂ ਨੀ |" ਬੌਬੀ ਲੱਤਾਂ ਬਾਹਾਂ ਮਾਰਨ ਲੱਗਾ | 
"ਇਹ ਤਾਂ ਸਾਡਾ ਸਿੰੰਦਾ ਪੁੱਤ ਇਆ | ਇਹਦੇ ਕੋਲੋਂ ਆਪਾਂ ਸੌਰੀ ਨਹੀਂ ਮੰਗਵਾਉਣੀ |" ਦਰਸੰਨਾ ਨੇ ਬੌਬੀ ਨੂੰ ਗੋਦੀ ਚੁੱਕ ਕੇ ਪਿਆਰ ਕਰਦਿਆਂ ਕਿਹਾ ਪਰ ਉਹ 'ਮੈਂ ਨੀ, ਮੈਂ ਨੀ' ਕਰਦਾ ਲੱਤਾਂ ਬਾਹਾਂ ਮਾਰਦਾ ਰੋਣ ਲੱਗਾ |
"ਦੇਖ ਕਿਵੇਂ ਵਿਗੜਿਆ!" ਦਰਸ਼ਨਾ ਬੌਬੀ ਨੂੰ ਗੋਦੀ 'ਚੋਂ ਉਤਾਰਦੀ ਹੋਈ ਬੋਲੀ ਅਤੇ ਉਹ ਰੋਂਦਾ ਹੋਇਆ ਭੱਜ ਕੇ ਰਸੋਈ ਵਿਚ ਆਪਣੀ ਦਾਦੀ ਕੋਲ ਚਲਾ ਗਿਆ ਤੇ ਦਾਦੀ ਉਸ ਨੂੰ ਚੁਕ ਕੇ ਮੋਢੇ ਲਾ, ਪਿਆਰ ਨਾਲ ਥਾਪੜਨ ਲੱਗੀ |
"ਜਦੋਂ ਇਹ ਰਿਆੜ੍ਹ ਪੈ ਜਾਵੇ ਤਾਂ ਮੇਰੇ ਕੋਲੋਂ ਵੀ ਵਰਾਇਆ ਨਹੀਂ ਵਿਰਦਾ, ਬਸ ਆਪਣੀ ਦਾਦੀ ਕੋਲੋਂ ਹੀ ਸੂਤ ਆਉਂਦਾ |" ਸਰਬੀ ਨੇ ਦਰਸ਼ਨਾ ਨੂੰ ਦੱਸਿਆ |
"ਸਾਰੀ ਦਿਹਾੜੀ ਰਹਿੰਦੇ ਵੀ ਤਾਂ ਬੀ ਜੀ ਕੋਲ ਈ ਨੇ | ਪੰਮ ਵੀ ਬੀ ਜੀ ਦਾ ਬਹੁਤ ਮੋਹ ਕਰਦੀ ਇਆ |" ਫੇਰ 
ਉਸ ਨੇ ਪੰਮ ਨੂੰ ਕਿਹਾ, "ਚੁੱਕ ਆਪਣਾ ਬੈਕਪੈਕ, ਚੱਲੀਏ | ਤੇਰਾ ਡੈਡੀ ਵੀ ਘਰ ਆ ਗਿਆ ਹੋਵੇਗਾ |"
"ਚਾਹ ਬਣ ਗਈ ਐ, ਚਾਹ ਪੀ ਕੇ ਜਾਈਂ |" ਬੀ ਜੀ ਨੇ ਰਸੋਈ ਵਿਚੋਂ ਹੀ ਅਵਾਜ਼ ਦਿੱਤੀ |
"ਦੀਦੀ, ਬੈਠ | ਮੈਂ ਤਾਂ ਤੇਰੇ ਨਾਲ ਇਕ ਹੋਰ ਗੱਲ ਕਰਨੀ ਸੀ |" ਸਰਬੀ ਕੁਝ ਗੰਭੀਰ ਹੁੰਦਿਆਂ ਬੋਲੀ |
"ਸੁੱਖ ਤਾਂ ਹੈ?" ਦਰਸੰਨਾ ਨੇ ਸਰਬੀ ਦੇ ਨਲ ਸੋਫੇ ਉਪਰ ਬੈਠਦਿਆਂ ਪੁੱਛਿਆ | 
   ਬੀ ਜੀ ਚਾਹ ਲੈ ਆਈ | ਚਾਹ ਪੀਂਦਿਆਂ ਸਰਬੀ ਨੇ ਦਰਸ਼ਨਾ ਨੂੰ ਸਕੂਲ ਵਿਚ ਵਾਪਰੀ ਸਾਰੀ ਘਟਨਾ ਦੱਸ ਦਿੱਤੀ ਅਤੇ ਜੋ ਕੁਝ ਜਲੌਰ ਨੇ ਕਿਹਾ ਸੀ ਉਹ ਵੀ ਕਹਿ ਸੁਣਾਇਆ | ਸਾਰੀ ਗੱਲ ਸੁਣਨ ਮਗਰੋਂ ਦਰਸ਼ਨਾ ਬੋਲੀ, "ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਨੂੰ ਬਹੁਤ ਹੀ ਸਵਾਧਾਨੀ ਨਾਲ ਆਪਣੀ ਜਾਬ ਕਰਨੀ ਚਾਹੀਦੀ ਹੈ | ਤੈਨੂੰ ਪਤਾ ਹੋਣਾ ਚਾਹੀਦੈ ਕਿ ਉਹ ਵੀ ਕੋਈ ਵੇਲ਼ਾ ਸੀ ਜਦੋਂ ਆਪਣੇ ਕਿਸੇ ਬੰਦੇ ਨੂੰ ਖੇਤਾਂ ਜਾਂ ਮਿੱਲਾਂ ਤੋਂ ਬਿਨਾਂ ਹੋਰ ਕਿਤੇ ਕੋਈ ਨੌਕਰੀ ਨਹੀਂ ਸੀ ਮਿਲਦੀ | ਹੁਣ ਸਾਰੇ ਪਾਸੀਂ ਜੇ ਕੋਈ ਟਾਵੀਂ ਟਾਵੀਂ ਨੌਕਰੀ ਮਿਲਣ ਲੱਗੀ ਹੈ ਤਾਂ ਇਸ ਨੂੰ ਬਚਾ ਕੇ ਰਖੀਏ | ਅਜੇ ਵੀ ਇਹਨਾਂ ਲੋਕਾਂ ਵਿਚ ਬਹੁਤ ਸਾਰੇ ਨਸਲਵਾਦੀ ਮਾਨਸਿਕਤਾ ਵਾਲੇ ਬੈਠੇ ਨੇ | ਉਹ ਹਰ ਹਰਬਾ ਵਰਤ ਕੇ ਆਪਾਂ ਨੂੰ ਨੌਕਰੀਆਂ ਵਿਚੋਂ ਕਢਵਾਉਣਾ ਚਾਹੁੰਦੇ ਇਆ | ਇਹ ਆਪਾਂ ਸੋਚਣਾ ਹੈ ਕਿ ਇਹਨਾਂ ਲੋਕਾਂ ਕੋਲੋਂ ਕਿਵੇਂ ਬਚ ਕੇ ਰਹਿਣਾ ਹੈ | ਹੁਣ ਮੈਂ ਕਾਹਲੀ ਵਿਚ ਹਾਂ | ਮੈਨੂੰ ਜਾਣਾ ਪੈਣਾ, ਇਸ ਬਾਰੇ ਫੇਰ ਗੱਲਾਂ ਕਰਾਂਗੇ |" ਇਹ ਕਹਿ ਕੇ ਦਰਸ਼ਨਾ ਪੰਮ ਨੂੰ ਉਂਗਲੀ ਲਾ ਤੁਰਨ ਲੱਗੀ |
"ਚੰਗਾ! ਕੱਲ੍ਹ ਨੂੰ ਛੁੱਟੀ ਆ, ਏਧਰ ਹੀ ਆ ਜਾਣਾ | ਦੁਪਹਿਰ ਦੀ ਰੋਟੀ ਇੱਥੇ ਹੀ ਖਾਵਾਂਗੇ | ਮੈਂ ਤੇਰੇ ਨਾਲ ਅਜੇ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ |" ਸਰਬਜੀਤ ਨੇ ਪੌੜੀਆਂ ਉਤਰਦੀ ਦਰਸ਼ਨਾ ਨੂੰ ਕਿਹਾ | 
**************************
ਮਿਸਜ਼ ਇਗੂਚੀ
ਭਾਵੇਂ ਪਰਸੋਂ ਤੇ ਕੱਲ੍ਹ ਪਈ ਬਰਫ ਦੇ ਨਿਸ਼ਾਨ ਅਜੇ ਬਾਕੀ ਸਨ ਪਰ ਅਜ ਦਿਨ ਬਹੁਤ ਸੁਹਣਾ ਲੱਗ ਗਿਆ ਸੀ | ਬਾਹਰ ਧੁੱਪ ਖਿੜੀ ਹੋਈ ਸੀ ਪਰ ਠੰਡ ਸਿਫਰ ਦਰਜੇ ਤਕ ਬਣੀ ਹੋਈ ਸੀ | ਸਰਬੀ, ਦਰਸ਼ਨਾ, ਸੁਖਦੇਵ ਤੇ ਜਲੌਰ ਨਿੱਘੇ ਲਿਵਿੰਗਰੂਮ ਵਿਚ ਬੈਠੇ, ਸਰਬੀ ਨਾਲ ਸਕੂਲ ਵਿਚ ਵਾਪਰੀ ਘਟਨਾ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ | ਪੰਮ ਤੇ ਬੌਬੀ ਉੱਥੇ ਹੀ ਇਕ ਪਾਸੇ ਬੈਠੇ ਆਪਣੇ ਖਡੌਣਿਆਂ ਨਾਲ ਖੇਡ ਰਹੇ ਸਨ | ਬੀ ਜੀ ਨੂੰ ਪੌੜੀਆਂ ਚੜ੍ਹਦਿਆਂ ਦੇਖ ਪੰਮ ਚੀਕੀ, "ਬੀ ਜੀ ਆਈ, ਭੋਗ ਲੈਕੇ | ਬੀ ਜੀ ਮੈਨੂੰ ਪਹਿਲਾਂ |"
"ਮੈਂ ਈ, ਮੈਂ ਈ |" ਬੌਬੀ ਵੀ ਉਠ ਕੇ ਆਪਣੀ ਦਾਦੀ ਦੀਆਂ ਲੱਤਾਂ ਨੂੰ ਚੁੰਬੜ ਗਿਆ | 
"ਭਾਈ, ਆਪਣੇ ਘਰ ਦੇ ਮੂਹਰੇ ਇਕ ਕਾਰ ਆ ਕੇ ਰੁਕੀ ਐ |" ਬੀ ਜੀ ਬੱਚਿਆਂ ਨੂੰ ਗੁਰਦਵਾਰਿਉਂ ਲਿਆਂਦਾ ਪਰਸ਼ਾਦ ਵਰਤਾਉਂਦੀ ਹੋਈ ਬੋਲੀ ਤੇ ਸਾਰਿਆਂ ਦੇ ਹੱਥਾਂ 'ਤੇ ਕਿਣਕਾ ਕਿਣਕਾ ਪਰਸ਼ਾਦ ਦਾ ਰੱਖ ਕੇ ਆਪ ਬੌਬੀ ਨੂੰ ਗੋਦੀ ਚੁਕ, ਅਪਣੇ ਬੈਡਰੂਮ ਵਿਚ ਕਪੜੇ ਬਦਲਨ ਚਲੀ ਗਈ | ਸਾਰਿਆਂ ਨੇ ਉਠ ਕੇ ਸ਼ੀਸ਼ੇ ਦੀ ਖਿੜਕੀ ਵਿਚੋਂ ਦੀ ਬਾਹਰ ਝਾਤੀ ਮਾਰੀ | ਉਹਨਾਂ ਦੇਖਿਆ ਕਿ ਇਕ ਬਿਸਕੁਟੀ ਰੰਗ ਦੀ ਕਾਰ ਹੌਲੀ ਚਾਲੇ ਤੁਰਦੀ ਘਰ ਤੋਂ ਦੂਰ ਚਲੀ ਗਈ ਹੈ | 'ਕੋਈ ਘਰ ਭੁੱਲ ਗਿਆ ਹੋਣਾ' ਕਹਿ ਕੇ ਉਹ ਫੇਰ ਗੱਲਾਂ ਕਰਨ ਵਿਚ ਮਗਨ ਹੋ ਗਏ| ਜਦੋਂ ਬੀ ਜੀ ਸਲਵਾਰ ਕਮੀਜ਼ ਪਾ ਕੇ ਤੇ ਸਿਰ 'ਤੇ ਚਿੱਟੀ ਚੁੰਨੀ ਲੈ ਕੇ ਲਿਵਿੰਗਰੂਮ ਵਿਚ ਆਈ ਤਾਂ ਦਰਸ਼ਨਾ ਨੇ ਕਿਹਾ, "ਬੀ ਜੀ, ਤੁਸੀਂ ਪੈਂਟ ਸ਼ਰਟ ਵਿਚ ਬਹੁਤ ਸਜਦੇ ਸੀ | ਉਹੋ ਹੀ ਪਾਈ ਰਖਦੇ |"
"ਕੁੜੇ, ਮਖੌਲ ਨਾ ਕਰਿਆ ਕਰ | ਉਹ ਤਾਂ ਮਜਬੂਰੀ ਨੂੰ ਪੌਣੇ ਪੈਂਦੇ ਐ | ਆਵਦਾ ਪਰ੍ਹਾਵਾ ਆਵਦਾ ਈ ਹੁੰਦੈ |" ਬਾਹਰ ਵੱਲ ਦੇਖਦਿਆਂ ਉਸ ਨੇ ਕਿਹਾ ਤੇ ਫੇਰ ਗੱਲ ਬਦਲ ਕੇ ਬੋਲੀ, "ਤੁਸੀਂ ਦੇਖਿਆ ਨਈਂ? ਇਕ ਚੀਨਣ ਜਿਹੀ ਉਸ ਕਾਰ ਦੇ ਕੋਲ ਖੜ੍ਹੀ ਆਪਣੇ ਘਰ ਵੱਲ ਦੇਖੀ ਜਾਂਦੀ ਐ |"
   ਜਲੌਰ ਨੇ ਪਹਿਲਾਂ ਬਾਹਰ ਦੇਖਿਆ ਤੇ ਫੇਰ ਕਾਹਲੀ ਨਾਲ ਪੌੜੀਆਂ ਉਤਰ ਕੇ ਕਾਰ ਵਾਲਿਆਂ ਕੋਲ ਚਲਾ ਗਿਆ | ਕਾਰ ਵਾਲੀ ਔਰਤ, ਨਾਲ ਦੇ ਸਾਥੀ ਨੂੰ ਕਹਿ ਰਹੀ ਸੀ, ਜਿਹੜਾ ਕਿ ਜਲੌਰ ਦੀ ਸਮਝ ਵਿਚ ਨਹੀਂ ਸੀ ਆ ਰਿਹਾ | 
"ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ |" ਜਲੌਰ ਨੇ ਉਹਨਾਂ ਕੋਲ਼ ਆ ਕੇ, ਦੁਆ ਸਲਾਮ ਕਰਨ ਮਗਰੋਂ ਕਿਹਾ |
"ਮੇਰਾ ਨਾਮ ਇਗੂਚੀ ਹੈ ਤੇ ਇਹ ਮੇਰੀ ਪਤਨੀ ਹੈ | ਅਸੀਂ ਰਿਜਾਈਨਾ ਰਹਿੰਦੇ ਹਾਂ | ਸਾਡੀ ਪੁੱਤਰੀ ਇਥੇ ਯੂ।ਬੀ।ਸੀ। ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਤੇ ਯੂਨੀਵਰਸਿਟੀ ਤੋਂ ਬਾਹਰ ਕਰਾਏ ਦੇ ਮਕਾਨ ਵਿਚ ਰਹਿੰਦੀ ਹੈ | ਅਸੀਂ ਉਸ ਨੂੰ ਮਿਲਨ ਵਾਸਤੇ ਆਏ ਸੀ | ਇਹ ਕੱਲ੍ਹ ਦੀ ਕਹਿ ਰਹੀ ਹੈ ਕਿ ਮੈਂ ਆਪਣਾ ਜਨਮ ਸਥਾਨ ਦੇਖਣਾ ਹੈ | ਸਰ੍ਹੀ ਵਿਚ ਆ ਕੇ ਦੇਖਿਆ ਤਾਂ ਇਥੇ ਸਭ ਕੁਝ ਹੀ ਬਦਲਿਆ ਪਿਆ ਹੈ | ਹੁਣ ਇਸ ਨੂੰ ਆਪਣੇ ਘਰ ਦੀ ਪਹਿਚਾਣ ਨਹੀਂ ਆ ਰਹੀ | ਇਹ ਕਦੀ ਕਿਸੇ ਘਰ ਵੱਲ ਉਂਗਲ ਕਰਦੀ ਹੈ, ਕਦੀ ਕਿਸੇ ਘਰ ਵੱਲ | ਹੁਣ ਇਹ ਕਹਿ ਰਹੀ ਹੈ ਕਿ 'ਇਹ ਉਹੋ ਘਰ ਜਿਹੜਾ ਕਦੀ ਸਾਡਾ ਹੁੰਦਾ ਸੀ' |" ਉਸ ਮਰਦ ਨੇ ਆਪਣੀ ਜਾਣ ਪਹਿਚਾਣ ਕਰਵਾਉਣ ਦੇ ਨਾਲ ਆਪਣੇ ਆਉਣ ਦਾ ਮੰਤਵ ਵੀ ਦੱਸ ਦਿੱਤਾ |
"ਪਰ ਅਸੀਂ ਤਾਂ ਇਹ ਘਰ ਇਕ ਅੰਗ੍ਰੇਜ਼ ਕੋਲੋਂ ਖਰੀਦਿਆ ਹੈ | ਹੋ ਸਕਦਾ ਹੈ ਕਿ ਉਸ ਨੇ ਇਹਨਾਂ ਕੋਲੋਂ ਖਰੀਦਿਆ ਹੋਵੇ | ਜੀ ਆਇਆਂ ਨੂੰ | ਤੁਸੀਂ ਘਰ ਦੇ ਅੰਦਰ ਆ ਕੇ ਦੇਖੋ | ਹੋ ਸਕਦਾ ਹੈ ਕਿ ਇਹ ਉਹੋ ਘਰ ਹੀ ਹੋਵੇ ਜਿਸ ਦੀ ਇਹਨਾਂ ਨੂੰ ਭਾਲ ਹੈ |" ਇਹ ਕਹਿ ਕੇ ਜਲੌਰ ਉਹਨਾਂ ਨੂੰ ਘਰ ਅੰਦਰ ਲੈ ਆਇਆ |
"ਉਦੋਂ ਘਰ ਖਰੀਦੇ ਨਹੀਂ ਸੀ ਗਏ |" ਮਿਸਜ਼ ਇਗੂਚੀ ਘਰ ਦੇ ਅੰਦਰ ਵੜਦੀ ਹੋਈ ਬੋਲੀ |
   ਪਹਿਲਾਂ ਉਹ ਬੇਸਮਿੰਟ ਵਿਚ ਗਈ ਜਿਸ ਨੂੰ ਜਲੌਰ ਹੁਰਾਂ ਕਦੀ ਵਰਤੋਂ ਵਿਚ ਹੀ ਨਹੀਂ ਸੀ ਲਿਆਂਦਾ | ਕਮਰੇ ਨੂੰ ਦੇਖ ਕੇ ਉਹ ਚੀਕਵੀਂ ਅਵਾਜ਼ ਵਿਚ ਬੋਲੀ, ਇਹੋ ਹੀ ਹੈ | ਅਹਿ ਦੇਖੋ ਬੁੱਧ ਭਗਵਾਨ ਦੀ ਮੂਰਤੀ | ਇਸੇ ਤਰ੍ਹਾਂ ਦੀ ਮੂਰਤੀ ਉਪਰਲੀ ਅੰਗੀਠੀ 'ਤੇ ਵੀ ਹੋਵੇਗੀ | ਇੱਥੇ ਬੇਸਮਿੰਟ ਵਿਚ ਸਾਡਾ ਡੇਅਰੀ ਦਾ ਸਮਾਨ ਪਿਆ ਹੁੰਦਾ ਸੀ |" ਖੁਸ਼ੀ ਵਿਚ ਉਹ ਅੱਖਾਂ ਭਰ ਆਈ |
   ਉਪਰ ਆ ਕੇ ਉਹ ਕਮਰਿਆ ਨੂੰ ਨੀਝ ਨਾਲ ਦੇਖਦੀ ਹੋਈ ਆਪਣੇ ਪਤੀ ਨੂੰ ਆਪਣੀ ਭਾਸ਼ਾ ਵਿਚ ਕੁੱਝ ਦੱਸੀ ਜਾ ਰਹੀ ਸੀ | ਲਿਵਿੰਗਰੂਮ ਵਿਚ ਆ ਕੇ ਉਸ ਨੇ ਫਾਇਰਪਲੇਸ ਵਾਲੀ ਅੰਗੀਠੀ ਤੋਂ ਗੁਰੂ ਨਾਨਕ ਦੇਵ ਜੀ ਦੀ ਵੱਡੀ ਤਸਵੀਰ ਨੂੰ ਪਾਸੇ ਕਰਕੇ ਉਹ ਥਾਂ ਦੇਖੀ, ਜਿੱਥੇ ਉਸ ਨੇ ਭਗਵਾਨ ਬੁਧ ਦੀ ਮੂਰਤੀ ਹੋਣ ਬਾਰੇ ਦੱਸਿਆ ਸੀ | ਇਹ ਦੇਖਕੇ ਉਸ ਨੂੰ ਬੜੀ ਮਾਯੂਸੀ ਹੋਈ, ਭਗਵਾਨ ਬੁੱਧ ਦੀ ਥਾਂ 'ਤੇ ਉੱਥੇ ਭਗਵਾਨ ਯਸੂਹ ਮਸੀਹ ਦੀ ਪੈਰਸ ਨਾਲ ਮੂਰਤੀ ਬਣੀ ਹੋਈ ਸੀ ਅਤੇ ਹੁਣ ਜਲੌਰ ਨੇ ਉਸ ਥਾਂ 'ਤੇ ਗੁਰੂ ਨਾਨਕ ਦੇਵ ਜੀ ਦੀ ਵੱਡੀ ਤਸਵੀਰ ਟਿਕਾਈ ਹੋਈ ਸੀ | ਪਰ ਉਸ ਨੇ ਭਰੋਸੇ ਨਾਲ ਕਿਹਾ, "ਇਥੇ ਪਹਿਲਾਂ ਬੁੱਧ ਭਗਵਾਨ ਦੀ ਮੂਰਤੀ ਹੁੰਦੀ ਸੀ | ਘਰ ਦੀ ਮੁਰੰਮਤ ਕਰਨ ਸਮਂੇ ਉਸ ਨੂੰ ਮੇਟਿਆ ਗਿਆ ਹੈ | ਕਿਚਨ ਤੇ ਲਿਵਿੰਗਰੂਮ ਦੀ ਭੰਨ ਤੋੜ ਕੀਤੀ ਗਈ ਹੈ, ਬਾਕੀ ਸਾਰਾ ਘਰ ਉਵੇਂ ਦਾ ਹੀ ਹੈ |"
"ਪੁਰਾਣੇ ਘਰ ਮੁਰੰਮਤ ਮੰਗਦੇ ਹੀ ਰਹਿੰਦੇ ਨੇ | ਇਸ ਦੀ ਛੱਤ ਵੀ ਬਦਲੀ ਹੋਈ ਹੈ | ਡਰਾਈ-ਵੇਅ ਵੀ ਨਵਾਂ ਬਣਿਆ ਏ | ਰੰਗ ਰੋਗਨ ਵੀ ਨਵੇਂ ਸਿਰੇ ਤੋਂ ਹੋਇਆ ਹੈ |" ਜਲੌਰ ਨੇ ਉਸ ਦੀ ਗੱਲ ਨੂੰ ਸਹੀ ਦੱਸਿਆ | 
"ਤਾਂ ਹੀ ਤਾਂ ਮੈਂ ਪਹਿਲਾਂ ਆਪਣੇ ਘਰ ਦੀ ਪਹਿਚਾਣ ਨਹੀਂ ਸੀ ਕਰ ਸਕੀ | ਉਦੋਂ ਇੱਥੇ ਟਾਵੇਂ ਟਾਵੇਂ ਘਰ ਹੁੰਦੇ ਸੀ ਤੇ ਹੁਣ ਬਹੁਤ ਘਰ ਨਵੇਂ ਬਣ ਗਏ ਹੋਏ ਨੇ |" ਉਸ ਵਿਚ ਘਰ ਦੀ ਅਪਣੱਤ ਦਾ ਅਹਿਸਾਸ ਜਾਗਿਆ | 
"ਤੁਸੀਂ ਇੰਨੀ ਸੁਹਣੀ ਥਾਂ ਛੱਡ ਕੇ ਰਿਜਾਈਨਾ ਕਿਉਂ ਚਲੇ ਗਏ?" ਸੁਖਦੇਵ ਨੇ ਗੱਲ ਨੂੰ ਹੋਰ ਪਾਸੇ ਪਾਉਣ ਲਈ ਮਿ: ਇਗੂਚੀ ਕੋਲੋਂ ਪੁੱਛਿਆ |
"ਗਏ ਨਹੀਂ, ਸਾਨੂੰ ਮੁਜਰਮਾਂ ਵਾਂਗ ਇਥੋਂ ਕੱਢਿਆ ਗਿਆ ਸੀ |" ਮਿ। ਇਗੂਚੀ ਦੀ ਥਾਂ ਉਸ ਦੀ ਪਤਨੀ ਨੇ ਕਿਹਾ |
"ਕਿਉਂ?" ਸਾਰਿਆਂ ਹੈਰਾਨੀ ਨਾਲ ਪੁੱਛਿਆ |
"ਦੂਜੀ ਸੰਸਾਰ ਜੰਗ ਵੇਲੇ ਜਿਹੜੀ ਦੁਰਦਸ਼ਾ ਇੱਥੇ ਰਹਿੰਦੇ ਸਾਡੇ ਜਪਾਨੀਆਂ ਨਾਲ ਹੋਈ ਸੀ, ਉਸ ਬਾਰੇ ਸ਼ਾਇਦ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ |" ਮਿ। ਇਗੂਚੀ ਨੇ ਉਹਨਾਂ ਦੇ ਸਵਾਲੀਆ ਚਿੰਨ ਬਣੇ ਚਿਹਰਿਆਂ ਵੱਲ ਦੇਖਦਿਆਂ ਕਿਹਾ |
"ਸਾਨੂੰ ਦੂਜੀ ਸੰਸਾਰ ਜੰਗ ਦੀ ਕਹਾਣੀ ਦਾ ਤਾਂ ਪਤਾ ਹੈ ਤੇ ਇਹ ਵੀ ਪਤਾ ਹੈ ਕਿ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਦੀ ਕਿਵੇਂ ਤਬਾਹੀ ਹੋਈ ਸੀ ਪਰ ਇੱਥੇ ਜਪਾਨੀਆਂ ਨਾਲ ਕੀ ਹੋਇਆ! ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ | ਕੀ ਤੁਸੀਂ ਉਸ ਬਾਰੇ ਦੱਸ ਸਕੋਗੇ?" ਸੁਖਦੇਵ ਨੇ ਉਹਨਾਂ ਦੀ ਕਹਾਣੀ ਜਾਣਨ ਲਈ ਬਹੁਤ ਹੀ ਉਤਸੁਕਤਾ ਨਾਲ ਪੁੱਛਿਆ |
   ਇਸ ਤੋਂ ਪਹਿਲਾਂ ਕਿ ਮਿ: ਇਗੂਚੀ ਕੋਈ ਜਵਾਬ ਦਿੰਦਾ ਸਰਬੀ ਤੇ ਦਰਸ਼ਨਾ ਨੇ ਕੌਫੀ ਟੇਬਲ ਉਪਰ ਚਾਹ ਲਿਆ ਕੇ ਰੱਖ ਦਿੱਤੀ ਅਤੇ ਸਾਰੇ ਜਣੇ ਇੱਕਠੇ ਬੈਠ ਚਾਹ ਪੀਣ ਲੱਗੇ | ਚਾਹ ਪੀਂਦਿਆਂ, ਮਿਸਜ਼ ਇਗੂਚੀ ਨੇ ਆਪਣੇ ਪਤੀ ਵੱਲ ਦੇਖਿਆ ਤੇ ਫੇਰ ਆਪਣੀ ਕਹਾਣੀ ਸੁਣਾਉਣ ਲੱਗੀ | 
"ਮੇਰਾ ਬਾਬਾ ਬਹੁਤ ਪਹਿਲਾਂ ਕੈਨੇਡਾ ਆਇਆ ਸੀ | ਪਹਿਲਾਂ ਉਹ ਰੇਲਵੇ ਵਿਚ ਕੰਮ ਕਰਦਾ ਰਿਹਾ ਸੀ ਤੇ ਫੇਰ ਉਸ ਨੇ ਏਸ ਥਾਂ 'ਤੇ ਚਾਲੀ ਏਕੜ ਜ਼ਮੀਨ ਖਰੀਦ ਕੇ ਡੇਅਰੀ ਫਾਰਮ ਖੋਲ੍ਹ ਲਿਆ | ਪਹਿਲੀ ਸੰਸਾਰ ਜੰਗ ਸਮੇਂ ਮੇਰਾ ਬਾਪ ਕੈਨੇਡੀਅਨ ਫੌਜ ਵਿਚ ਭਰਤੀ ਹੋ ਕੇ ਜਰਮਨਾਂ ਵਿਰੁੱਧ ਲੜਿਆ ਅਤੇ ਆਪਣੇ ਖੱਬੇ ਪੈਰ ਦਾ ਇਕ ਹਿੱਸਾ ਜੰਗ ਦੀ ਭੇਟਾ ਕਰਕੇ ਵਾਪਸ ਘਰ ਮੁੜਿਆ | ਉਹ ਲੰਗੜਾ ਕੇ ਤੁਰਦਾ ਪਰ ਬਹੁਤ ਹਿੰਮਤੀ ਇਨਸਾਨ ਸੀ | ਉਸ ਨੇ ਵਾਪਸ ਆ ਕੇ ਹੋਰ ਜ਼ਮੀਨ ਖਰੀਦ ਲਈ ਤੇ ਉੱਥੋਂ ਜੰਗਲ ਨੂੰ ਸਾਫ ਕਰਕੇ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਤੇ ਉਸ ਵਿਚ ਸਟਰਾਅ ਬੇਰੀ ਬੀਜ ਦਿੱਤੀ | ਇਸੇ ਕਰਕੇ ਇਸ ਇਲਾਕੇ ਦਾ ਨਾਮ ਸਟਰਾਬੇਰੀ ਹਿਲਜ਼ ਪਿਆ ਹੈ | ਮੇਰਾ ਬਾਪ ਬਹੁਤ ਸਿਰੜੀ ਸੀ, ਤੀਹਵਿਆਂ ਦੇ ਮੰਦਵਾੜੇ ਵਿਚ ਵੀ ਨਹੀਂ ਸੀ ਡੋਲਿਆ | ਜਦੋਂ ਉਹਨਾਂ, ਮੰਦਵਾੜੇ ਦੇ ਦਿਨਾਂ ਵਿਚ ਮੇਰੇ ਬਾਬੇ ਦੀ ਮੌਤ ਹੋ ਗਈ ਤਾਂ ਮੇਰੇ ਬਾਪ ਨੂੰ ਖੇਤੀ ਦੇ ਨਾਲ ਘਾਟੇ 'ਚ ਜਾਂਦਾ ਡੇਅਰੀ ਦਾ ਕੰਮ ਵੀ ਸੰਭਾਲਣਾ ਪਿਆ ਸੀ | ਉਹ ਮੰਦਵਾੜੇ ਵਿਚੋਂ ਬੜੇ ਹੌਸਲੇ ਨਾਲ ਪਾਰ ਹੋ ਗਿਆ ਸੀ | ਚੰਗੇਰੇ ਦਿਨ ਆ ਜਾਣ 'ਤੇ, ਉਸ ਨੇ ਆਪਣਾ ਪਹਿਲਾ ਉੱਚਾ ਜਿਹਾ ਅਕਹਿਰੀ ਛੱਤ ਵਾਲਾ ਘਰ ਢਾਹ ਕੇ, ਜਿੱਥੇ ਮੇਰਾ ਜਨਮ ਹੋਇਆ ਸੀ, ਉਸ ਥਾਂ ਬੜੀ ਰੀਝ ਨਾਲ ਅਹਿ ਦੋ ਛੱਤਾ ਘਰ ਬਣਾਇਆ ਸੀ | ਇਸ ਘਰ ਬਣੇ ਨੂੰ ਦੋ ਕੁ ਸਾਲ ਹੀ ਹੋਏ ਸਨ ਕਿ ਦੂਜੀ ਸੰਸਾਰ ਜੰਗ ਲੱਗ ਗਈ | ਜਰਮਨੀ ਨੇ ਜਪਾਨ ਨਾਲ ਮਿਲ ਕੇ ਇਤਹਾਦੀਆਂ ਦੇ ਬਰਖ਼ਲਾਫ ਜੰਗ ਦਾ ਇਲਾਨ ਕਰ ਦਿੱਤਾ | ਕੈਨੇਡਾ ਇਤਹਾਦੀਆਂ ਵਿਚ ਸ਼ਾਮਲ ਸੀ ਤੇ ਇਸਦੀਆਂ ਫੌਜਾਂ ਜਪਾਨ ਵਿਰੁੱਧ ਲੜਦੀਆਂ ਸਨ | ਕੈਨੇਡਾ ਦੀ ਸਰਕਾਰ ਨੇ ਇੱਥੇ ਰਹਿੰਦੇ ਜਪਾਨੀਆਂ ਨੂੰ ਵੀ ਆਪਣੇ ਦੁਸ਼ਮਣ ਹੀ ਸਮਝ ਲਿਆ ਤੇ ਉਹਨਾਂ, ਸਭ ਨੂੰ ਗ੍ਰਿਫਤਾਰ ਕਰਕੇ ਪਰੇਰੀ ਦੇ ਮੈਦਾਨਾਂ ਵਿਚ ਲੈ ਜਾ ਕੇ ਜੰਗੀ ਕੈਂਪਾਂ ਵਿਚ ਜਾ ਛੱਡਿਆ | ਘਰਾਂ ਦੀ ਕੋਈ ਵੀ ਵਸਤੂ ਨਾਲ ਨਾ ਲੈ ਜਾਣ ਦਿੱਤੀ | ਇੱਥੇ ਸਰ੍ਹੀ ਦੇ ਸਟਰਾਅ ਬੇਰੀ ਹਿੱਲ ਅਤੇ ਉਤਰੀ ਡੈਲਟਾ ਵਿਚ ਫਿਸ਼ਿੰਗ, ਫਾਰਮਿੰਗ, ਲੌਗਿੰਗ ਤੇ ਡੇਅਰੀ ਦਾ ਬਹੁਤਾ ਕੰਮ ਜਪਾਨੀਆਂ ਦਾ ਹੀ ਸੀ | ਉਹਨਾਂ ਦੀ ਸਾਰੀ ਜਾਇਦਾਦ ਅਤੇ ਕਾਰੋਬਾਰ ਉਪਰ ਕਸਟੋਡੀਨ ਨੇ ਕਬਜ਼ਾ ਕਰ ਲਿਆ | ਪਿੱਛੋਂ ਉਹ ਸਾਰੀ ਜਾਇਦਾਦ ਕੌਡੀਆਂ ਦੇ ਭਾਅ ਵੇਚ ਛੱਡੀ | ਉਦੋਂ ਮੈਂ ਦਸ ਕੁ ਸਾਲ ਦੀ ਹੋਵਾਂਗੀ | ਪੰਜਵੀਂ ਵਿਚ ਪੜ੍ਹਦੀ ਸੀ | ਅਸੀਂ ਰੋਂਦੇ ਕੁਰਲਾਉਂਦੇ ਟਰੱਕਾਂ ਵਿਚ ਤੂੜੇ ਹੋਏ ਮੈਨੀਟੋਬਾ ਦੇ ਕੈਂਪਾਂ ਵਿਚ ਪਹੁੰਚੇ  ਮੇਰਾ ਬਾਪ ਇਕ ਦੇਸ਼ ਭਗਤ ਕੈਨੇਡੀਅਨ ਸੀ | ਉਹ ਇਸ ਬੇਇਜ਼ਤੀ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਮਰ ਗਿਆ |" ਇੰਨਾ ਆਖਦਿਆਂ ਉਸ ਦਾ ਰੋਣ ਨਿਕਲ ਗਿਆ |  
   ਉਸ ਦੀ ਕਹਾਣੀ ਸੁਣਦੇ ਹੋਏ ਸਾਰੇ ਜਣੇ ਇਉਂ ਬੈਠੇ ਸਨ, ਜਿਵੇਂ ਉਹਨਾਂ ਉਪਰ ਕੋਈ ਸਕਤਾ ਤਾਰੀ ਹੋ ਗਿਆ ਹੋਵੇ | ਉਸ ਨੂੰ ਧਰਵਾਸ ਦੇਣ ਲਈ ਵੀ ਕਿਸੇ ਕੋਲ ਕੋਈ ਸ਼ਬਦ ਨਹੀਂ ਸਨ | ਕੁਝ ਦੇਰ ਬਾਅਦ ਉਸ ਆਪ ਹੀ ਰੋਣਾ ਬੰਦ ਕਰ ਦਿੱਤਾ ਅਤੇ ਕਹਿਣ ਲੱਗੀ, "ਮੁਆਫ ਕਰਨਾ, ਮੈਂ ਜਜ਼ਬਾਤ ਵਿਚ ਵਹਿ ਗਈ ਸਾਂ | ਤੁਹਾਡਾ ਮੂਡ ਵੀ ਖਰਾਬ ਹੋਇਆ |"
"ਸਾਨੂੰ ਤੇਰੇ ਜਜ਼ਬੇ ਦੀ ਕਦਰ ਹੈ | ਫੇਰ ਕੀ ਹੋਇਆ?" ਦਰਸ਼ਨਾ ਨੇ ਅਗਲੀ ਕਹਾਣੀ ਸੁਣਨ ਲਈ ਪੁੱਛਿਆ |
"ਫੇਰ ਕੀ ਹੋਣਾ ਸੀ! ਮੇਰੀ ਮਾਂ ਉਪਰ ਦੁੱਖਾਂ ਦੇ ਪਹਾੜ ਟੁਟ ਪਏ ਤੇ ਉਸ ਨੇ ਮੈਨੂੰ ਬੜੇ ਦੁੱਖਾਂ ਨਾਲ ਪਾਲ਼ਿਆ | ਮੈਂ ਰੁਲਦੀ ਖੁਲਦੀ ਜਵਾਨ ਹੋ ਗਈ | ਫੇਰ ਇਹਦੇ ਨਾਲ ਮੇਰਾ ਵਿਆਹ ਹੋ ਗਿਆ ਤੇ ਅਸੀਂ ਰੀਜਾਇਨਾ ਵਿਚ ਹੀ ਵਸ ਗਏ |" ਉਸ ਨੇ ਮਿ: ਇਗੂਚੀ ਵੱਲ ਹੱਥ ਕਰ ਕੇ ਕਿਹਾ ਤੇ ਕਹਾਣੀ ਖਤਮ ਕਰ ਦਿੱਤੀ |
"ਦੁਸ਼ਮਣੀ ਸਰਕਾਰਾਂ ਦੀ ਹੁੰਦੀ ਹੈ ਤੇ ਦੁੱਖ ਜੰਤਾ ਨੂੰ ਝਲਣੇ ਪੈਂਦੇ ਐ | ਉਸੇ ਜੰਗ ਸਮੇਂ ਹਿਟਲਰ ਨੇ ਜਰਮਨੀ ਵਿਚ ਯਹੂਦੀਆਂ ਨੂੰ ਵੀ ਲੱਖਾਂ ਦੀ ਗਿਣਤੀ ਵਿਚ ਘਰਾਂ 'ਚੋਂ ਕੱਢ ਕੇ ਜੰਗੀ ਕੈਂਪਾਂ ਵਿਚ ਬੰਦ ਕਰ ਦਿੱਤਾ ਸੀ ਤੇ ਫੇਰ ਅਨੇਕਾਂ ਨੂੰ ਹੀ ਗੈਸ ਚੈਂਬਰਾਂ ਵਿਚ ਧੱਕ ਕੇ ਮਾਰ ਮੁਕਾਇਆ ਸੀ | ਜੰਗਾਂ ਯੁੱਧਾਂ ਵੇਲੇ ਬੰਦੇ ਨੂੰ ਤਾਂ ਬੰਦਾ ਹੀ ਨਹੀਂ ਸਮਝਿਆ ਜਾਂਦਾ | ਬੰਦੇ ਉਪਰ ਧਰਮਾਂ, ਕੌਮਾਂ ਦੇ ਲੇਬਲ ਲੱਗ ਜਾਂਦੇ ਐ |" ਸੁਖਦੇਵ ਨੇ ਗੱਲ ਦੀ ਲੜੀ ਨੂੰ ਅੱਗੇ ਤੋਰਦਿਆਂ ਕਿਹਾ |
"ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਰਮਨ ਤੇ ਇਟਾਲੀਅਨ ਵੀ ਇੱਥੇ ਹੀ ਰਹਿੰਦੇ ਸੀ ਪਰ ਉਹਨਾਂ ਨੂੰ ਤਾਂ ਸਾਡੇ ਵਾਂਗ ਕੈਂਪਾਂ ਵਿਚ ਤਾੜ ਕੇ ਨਹੀਂ ਰੱਖਿਆ ਗਿਆ?" ਮਿਸਜ਼ ਇਗੂਚੀ ਨੇ ਭਰੇ ਦਿਲ ਨਾਲ ਕਿਹਾ |
"ਇਕੋ ਰੰਗ ਨਸਲ ਦੇ ਹੋਣ ਕਰਕੇ ਸਰਕਾਰ ਨੇ ਉਹਨਾਂ ਨਾਲ ਕੁੱਝ ਤਾਂ ਰਿਆਇਤ ਕਰਨੀ ਹੀ ਸੀ |" ਸੁਖਦੇਵ ਨੇ ਵਿਅੰਗ ਨਾਲ ਕਿਹਾ |
   ਮਿ: ਇਗੂਚੀ ਖੰਘੂਰਾ ਮਾਰ ਕੇ ਕੁਝ ਬੋਲਣ ਹੀ ਲੱਗਾ ਸੀ ਕਿ ਉਸ ਦੇ ਬੋਲਣ ਤੋਂ ਪਹਿਲਾਂ ਜਲੌਰ ਬੋਲ ਪਿਆ, "ਮਿਸਟਰ ਇਗੂਚੀ, ਸਾਡੀ ਇੱਛਾ ਹੈ ਕਿ ਤੁਸੀਂ ਦੁਪਹਿਰ ਦਾ ਖਾਣਾ ਸਾਡੇ ਨਾਲ ਖਾਉ |" ਉਹ ਸਮਝਦਾ ਸੀ ਕਿ ਜੇ ਇਹ ਗੱਲਾਂ ਬਹਿਸ ਦਾ ਰੂਪ ਵੀ ਧਾਰਨ ਕਰ ਗਈਆਂ ਤਾਂ ਮੁੱਕਣ ਵਿਚ ਨਹੀਂ ਆਉਣੀਆਂ | ਉਹ ਗੱਲਾਂ ਦਾ ਸਿਲਸਲਾ ਬੰਦ ਕਰਵਾਉਣਾ ਚਾਹੁੰਦਾ ਸੀ |
"ਖਾਣੇ ਦਾ ਸੱਦਾ ਦੇਣ ਲਈ ਮਿਹਰਬਾਨੀ; ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗੇ | ਅਸੀਂ ਪਹਿਲਾਂ ਹੀ ਤੁਹਾਡਾ ਬਹੁਤ ਸਮਾਂ ਲੈ ਲਿਆ ਹੈ |" ਇਹ ਕਹਿ ਕੇ ਮਿ: ਇਗੂਚੀ ਸੋਫੇ ਤੋਂ ਉਠ ਖੜ੍ਹਾ ਹੋਇਆ |
"ਇਹ ਘਰ ਦੇਖ ਕੇ ਤੇ ਤੁਹਾਡੇ ਨਾਲ ਗੱਲਾਂ ਕਰਕੇ ਮੇਰੇ ਦਿਲ ਨੂੰ ਬਹੁਤ ਤਸਕੀਨ ਮਿਲੀ ਹੈ | ਤੁਹਾਡੀ ਮਹਿਮਾਨ ਨਿਵਾਜ਼ੀ ਲਈ ਸ਼ੁਕਰੀਆ |" ਮਿਸਜ਼ ਇਗੂਚੀ ਸਰਬੀ ਤੇ ਦਰਸ਼ਨਾ ਨਾਲ ਗਲਵਕੜੀ ਪਾ ਮਿਲਦਿਆਂ ਬੋਲੀ | 
"ਰੀਜਾਇਨਾ ਜਾਣ ਤੋਂ ਪਹਿਲਾਂ ਕਿਸੇ ਦਿਨ ਫੇਰ ਸਮਾਂ ਕੱਢ ਕੇ ਗੇੜਾ ਮਾਰ ਜਾਣਾ |" ਜਲੌਰ ਨੇ ਮਿ: ਇਗੂਚੀ ਨੂੰ ਵਿਦਾ ਕਰਦਿਆਂ ਇਹ ਰਸਮੀ ਸ਼ਬਦ ਕਹੇ ਤੇ ਫੇਰ ਮੁੜ ਸੋਫਿਆਂ ਉਪਰ ਆ ਬੈਠੇ | 
*******************************
ਨਸਲੀ ਭੂਤ 
ਅੱਜ ਛੁੱਟੀ ਦਾ ਦਿਨ ਹੋਣ ਕਰਕੇ ਜਲੌਰ ਨੌਂ ਵਜੇ ਬਿਸਤਰੇ ਵਿਚੋਂ ਬਾਹਰ ਨਿਕਲਿਆ | ਉਸ ਨੇ ਦੇਖਿਆ ਕਿ ਪਰਦਿਆਂ ਵਿਚੋਂ ਦੀ ਛਣ ਛਣ ਕੇ ਧੁੱਪ ਅੰਦਰ ਆ ਰਹੀ ਹੈ | ਉਸ ਨੇ ਖਿੜਕੀ ਤੋਂ ਪਰਦਾ ਹਟਾ ਦਿੱਤਾ | ਉਸ ਨੂੰ ਬਾਹਰਲਾ ਨਜ਼ਾਰਾ ਬੜਾ ਹੀ ਅਦਭੁਤ ਲੱਗਾ | ਛੱਤਾਂ ਉਪਰੋਂ ਧੁੱਪ ਵਾਲੇ ਪਾਸਿਓਂ ਕੋਰ੍ਹਾ ਖੁਰ ਗਿਆ ਸੀ ਤੇ ਛਾਂ ਵਾਲੇ ਪਾਸੇ ਘਰਾਂ ਦੀਆਂ ਛੱਤਾਂ ਅਜੇ ਵੀ ਚਿੱਟੀਆਂ ਚਿੱਟੀਆਂ ਦਿਸ ਰਹੀਆਂ ਸਨ, ਜਿਵੇਂ ਰਾਤੀਂ ਹਲਕੀ ਜਿਹੀ ਬਰਫ ਪੈ ਕੇ ਹਟੀ ਹੋਵੇ | ਬੈਕਯਾਰਡ ਵਿਚਲੇ ਦੋ ਫਰ ਦੇ ਦਰਖਤ, ਨਿਮੀ ਨਿਮੀ ਹਵਾ ਵਿਚ ਝੂਮ ਰਹੇ ਸਨ ਅਤੇ ਦੋ ਕਾਟਵਾਂ ਇਕ ਦੂਜੀ ਦੇ ਮਗਰ ਭਜਦੀਆਂ, ਕਦੀ ਦਰਖਤਾਂ ਉਪਰ ਚੜ੍ਹ ਜਾਂਦੀਆਂ ਤੇ ਕਦੀ ਆਪਣੇ ਦੋ ਪੈਰਾਂ 'ਤੇ ਖੜ੍ਹ ਇਕ ਦੂਜੀ ਨੂੰ ਘੂਰੀ ਜਾਂਦੀਆਂ | ਇਕ ਦਮ ਉਸ ਦੇ ਮਨ ਵਿਚ ਖਿਆਲ ਆਇਆ ਕਿ ਇਹ ਵੀ ਇਕ ਪ੍ਰੇਮੀ ਜੋੜਾ ਹੋਵੇਗਾ | ਇਹ ਖਿਆਲ ਆਉਂਦਿਆਂ ਹੀ ਉਸ ਨੇ ਸਰਬੀ ਨੂੰ ਹਲੂਣ੍ਹ ਕੇ ਜਗਾਇਆ ਤੇ ਆਪ ਲੰਮਾ ਕੋਟ ਪਾ ਕੇ ਬਾਹਰ ਸਨਡੈਕ ਉਪਰ ਆ ਗਿਆ | ਸਾਹਮਣੇ ਐਮ੍ਰੀਕਾ ਦੇ ਉੱਚੇ ਪਹਾੜ, ਮਾਊਂਟ ਬੇਕਰ, ਦੀ ਬਰਫ, ਧੁੱਪ ਵਿਚ ਕਈ ਰੰਗ ਬਦਲਦੀ ਪਰਤੀਤ ਹੋ ਰਹੀ ਸੀ | ਖੱਬੇ ਪਾਸੇ ਦੂਰ ਸੀਮੋਰ ਅਤੇ ਬਰਨਬੀ ਦੀਆਂ ਸਰਸਬਜ਼ ਪਹਾੜੀਆਂ ਦੇ ਦ੍ਰਿਸ਼ ਬੜੇ ਮਨਮੋਹਕ ਲੱਗ ਰਹੇ ਸਨ | ਚੈਰੀ ਦੇ ਭਾਂਤ ਸਭਾਂਤੇ ਦਰਖਤ ਫੁੱਲਾਂ ਨਾਲ ਲੱਦੇ ਹੋਏ ਝੂੰਮ ਰਹੇ ਸਨ | ਮੈਪਲ ਦੇ ਬ੍ਰਿਛਾਂ ਨੇ ਵੀ ਰੰਗ ਬਿਰੰਗੀਆਂ ਕੋਂਪਲਾਂ ਕੱਢ ਲਈਆਂ ਸਨ | ਸਾਹਮਣੇ ਗੋਰਿਆਂ ਦੇ ਘਰ ਵਿਚ ਮੈਗਨੋਲੀਏ ਨੂੰ ਫਿੱਕੇ ਜਾਮਣੀ ਤੇ ਕਰੀਮ ਰੰਗੇ ਫੁੱਲ ਨਿਕਲਣ ਲੱਗ ਪਏ ਸਨ | ਜੰਗਲੀ ਝਾੜੀਆਂ ਵੀ ਫੁੱਲਾਂ ਨਾਲ ਲੱਦੀਆਂ ਹੋਈਆਂ ਸਨ | ਉਹ ਬੜੀ ਦੇਰ ਸਨਡੈਕ 'ਤੇ ਖੜ੍ਹਾ ਬਾਹਰ ਦਾ ਨਜ਼ਾਰਾ ਮਾਣਦਾ ਰਿਹਾ | ਉਸ ਨੂੰ ਹਵਾ ਵਿਚ ਇਕ ਅਜੀਬ ਸੁਗੰਧ ਘੁਲੀ ਹੋਈ ਪਰਤੀਤ ਹੋ ਰਹੀ ਸੀ | ਉਸ ਨੂੰ ਬਾਹਰ ਸਨਡੈਕ 'ਤੇ ਖੜ੍ਹਿਆਂ ਦੇਖ ਸਰਬੀ ਨੇ ਆਵਾਜ਼ ਦਿੱਤੀ, "ਅੰਦਰ ਆ ਕੇ ਚਾਹ ਪੀ ਲਵੋ, ਬਾਹਰ ਠੰਡ ਲਵਾ ਲਵੋਗੇ |"
"ਤੂੰ ਵੀ ਬਾਹਰ ਆ ਕੇ ਦੇਖ, ਕਿੰਨਾ ਸੁਹਾਵਨਾ ਮੌਸਮ ਆ | ਇੱਥੇ ਬੈਠ ਕੇ ਹੀ ਚਾਹ ਪੀ ਲੈਂਦੇ ਆਂ | ਸਪਰਿੰਗ ਦੇ ਦਿਨਾਂ ਵਿਚ ਅਜੇਹੀ ਧੁੱਪ ਤਾਂ ਕਦੀ ਕਦਾਈਂ ਹੀ ਦੇਖਣ ਨੂੰ ਮਿਲਦੀ ਆ | ਨਹੀਂ ਤਾਂ ਇੱਥੇ ਮੀਂਹ ਹੀ ਖਹਿੜਾ ਨਹੀਂ ਛੱਡਦਾ |"
"ਚੁੱਪ ਕਰਕੇ ਅੰਦਰ ਆ ਜਾਓ | ਇਹ ਕੋਈ ਪੰਜਾਬ ਵਾਲੀ ਧੁੱਪ ਨਹੀਂ, ਜਿਸ ਵਿਚ ਨਿੱਘ ਹੋਵੇਗਾ | ਬਾਹਰ ਪਾਰਾ ਸਿਫਰ 'ਤੇ ਗਿਆ ਹੋਇਆ | ਹੋਰ ਨਾ ਕਿਤੇ ਬਾਹਰ ਦੇ ਸਹਾਵਨੇ ਮੌਸਮ ਨੂੰ ਮਾਣਦੇ ਮਾਣਦੇ ਨਮੂਨੀਆ ਕਰਵਾ ਕੇ ਬੈਠ ਜਾਓ |" ਸਰਬੀ ਨੇ ਤਾੜਨਾ ਕੀਤੀ |
   ਉਹ ਅਨਮੰਨੇ ਜਿਹੇ ਮਨ ਨਾਲ ਅੰਦਰ ਆ ਗਿਆ | ਸਾਹਮਣੇ ਬੈਠੀ ਮਾਂ ਚਾਹ ਪੀ ਰਹੀ ਸੀ | "ਬੀ ਜੀ, ਸੱਤਿ ਸ੍ਰੀ ਅਕਾਲ, ਅੱਜ ਤੁਸੀਂ ਗੁਰਦਵਾਰੇ ਨਹੀਂ ਗਏ?" ਸਾਮ੍ਹਣੇ ਵਾਲ਼ੀ ਕੁਰਸੀ ਉਪਰ ਬੈਠਦਿਆਂ ਉਸ ਨੇ ਮਾਂ ਕੋਲੋਂ ਪੁੱਛਿਆ |  "ਭੁੱਲ ਗਏ? ਅੱਜ ਵੈਨਕੋਵਰ ਨਹੀਂ ਜਾਣਾ?" ਸਰਬੀ ਨੇ ਉਸ ਦੇ ਅੱਗੇ ਚਾਹ ਦੀ ਪਿਆਲੀ ਰਖਦਿਆਂ ਕਿਹਾ |
"ਉਹ! ਯਾਦ ਆਇਆ, ਅੱਜ ਤਾਂ ਰੌਸ ਸਟਰੀਟ ਗੁਰਦਵਾਰੇ ਜਾਣਾ ਸੀ | ਸਾਬੂ ਸਿਉਂ ਕਿਆਂ ਨੇ ਮੁੰਡੇ ਦੇ ਜਨਮ ਦੀ ਖੁਸ਼ੀ ਵਿਚ ਪਾਠ ਰਖਵਾਇਆ ਸੀ, ਉਸ ਦਾ ਭੋਗ ਆ |" ਜਲੌਰ ਨੇ ਚਾਹ ਦੀ ਘੁੱਟ ਭਰਦਿਆਂ ਕਿਹਾ |
   ਉਸ ਨੇ ਅਜੇ ਪਹਿਲੀ ਘੁੱਟ ਹੀ ਭਰੀ ਸੀ ਕਿ ਫੋਨ ਦੀ ਘੰਟੀ ਖੜਕ ਪਈ | ਪਿਆਲੀ ਟੇਬਲ 'ਤੇ ਰੱਖ ਕੇ ਉਹ ਟੈਲੀਫੋਨ ਸੁਣਨ ਚਲਾ ਗਿਆ | ਫੋਨ ਸੁਣ ਕੇ ਮੁੜਿਆ ਤਾਂ ਸਰਬੀ ਨੇ ਪੁੱਛਿਆ, "ਕੀਹਦਾ ਸੀ?" 
"ਕੋਈ ਸੁਖ ਦੀ ਕਾਰ ਦਾ ਸ਼ੀਸ਼ਾ ਤੋੜ ਗਿਆ | ਉਹ ਆਪਣੇ ਨਾਲ ਹੀ ਜਾਣਗੇ | ਜਲਦੀ ਤਿਆਰ ਹੋ ਜਾਓ, ਉਹ ਏਧਰ ਹੀ ਆ ਰਹੇ ਆ |" ਜਲੌਰ ਨੇ ਠੰਡੀ ਹੋ ਗਈ ਚਾਹ ਨੂੰ ਦੋ ਘੁੱਟਾਂ ਵਿਚ ਨਬੇੜਦਿਆਂ ਕਿਹਾ ਤੇ ਨਹਾਉਣ ਲਈ ਵਾਸ਼ਰੂਮ ਵਿਚ ਵੜ ਗਿਆ |
"ਹੈਅ, ਹੈ! ਥੋਡਾ ਬੇੜਾ ਬਹਿ ਜੇ | ਕਾਰ ਦੇ ਸ਼ੀਸ਼ੇ ਭੰਨ ਕੇ ਥੋਨੂੰ ਕੀ ਥਿਆ ਗਿਆ?" ਬੀ ਜੀ ਨੇ ਦੁਰ-ਅਸੀਸ ਦਿੱਤੀ|
"ਬੀ ਜੀ, ਕਿਉਂ ਸਵੇਰੇ ਸਵੇਰੇ ਕਿਸੇ ਨੂੰ ਬਦ-ਦੁਆਵਾਂ ਦਿੰਦੇ ਓ | ਉਠ ਕੇ ਵੈਨਕੋਵਰ ਨੂੰ ਜਾਣ ਦੀ ਤਿਆਰੀ ਕਰੋ |" ਸਰਬੀ ਟੇਬਲ ਤੋਂ ਪਲੇਟਾਂ ਪਿਆਲੀਆਂ ਚੁਕਦੀ ਹੋਈ ਬੋਲੀ |
"ਤਿਆਰੀ ਨੂੰ ਮੈਂ ਕਿਹੜਾ ਘੋੜੇ ਪੀੜਨੇ ਐ | ਮੈਂ ਤਾਂ ਤੜਕੇ ਹੀ ਨਹਾ ਲਿਆ ਸੀ, ਬਸ ਹੁਣ ਤਾਂ ਆਹ ਵਾਲ਼ ਸਿੱਧੇ ਕਰਕੇ ਲੀੜੇ ਪਾ ਲੈਣੇ ਐ | ਤੂੰ ਤਿਆਰ ਹੋ, ਤੈਨੂੰ ਈ ਚਿਰ ਲਗਣੈ | ਇਹ ਭਾਂਡੇ ਮੈਂ ਧੋਅ ਦਿੰਨੀ ਆਂ |" ਬੀ ਜੀ ਨੇ ਸਿੰਕ ਕੋਲ ਆਉਂਦਿਆਂ ਕਿਹਾ |
   ਸਰਬੀ ਨੇ ਵਾਸ਼ਰੂਮ ਵੱਲ ਨਿਗਾਹ ਘੁਮਾਈ | ਜਲੌਰ ਨਹਾ ਹਟਿਆ ਸੀ | ਉਹ ਰਸੋਈ ਵਿਚੋਂ ਨਿਕਲ ਨਹਾਉਣ ਚਲੀ ਗਈ | ਬੀ ਜੀ ਨੇ ਉਸ ਦੇ ਤਿਆਰ ਹੁੰਦਿਆਂ ਨੂੰ ਬੌਬੀ ਨੂੰ ਵੀ ਤਿਆਰ ਕਰ ਦਿੱਤਾ ਅਤੇ ਜਲੌਰ ਲਈ ਮੁੜ ਇਕ ਪਿਆਲੀ ਚਾਹ ਦੀ ਬਣਾ ਦਿੱਤੀ | ਉਹ ਅਜੇ ਚਾਹ ਪੀ ਰਿਹਾ ਸੀ ਕਿ ਸੁਖਦੇਵ ਹੁਰਾਂ ਨੇ ਡੋਰਬੈੱਲ ਕਰ ਦਿੱਤੀ | ਜਲੌਰ ਨੇ ਉਠ ਕੇ ਬੂਹਾ ਖੋਲ੍ਹਿਆ ਤਾਂ ਸੁਖਦੇਵ ਬੋਲਿਆ, "ਤੁਸੀਂ ਅਜੇ ਬਾਹਰ ਨਹੀਂ ਨਿਕਲੇ? ਤੁਹਾਡੀਆਂ ਦੋਹਾਂ ਕਾਰਾਂ ਦੇ ਸ਼ੀਸ਼ੇ ਟੁੱਟੇ ਹੋਏ ਨੇ |" 
"ਸੱਚ!" ਜਲੌਰ ਨੇ ਹੈਰਾਨਗੀ ਨਾਲ ਕਿਹਾ |
"ਨਹੀਂ ਯਕੀਨ ਤਾਂ ਬਾਹਰ ਆ ਕੇ ਦੇਖ ਲੈ |" ਸੁਖਦੇਵ ਨੇ ਬੂਹੇ ਵਿਚੋਂ ਹੀ ਪਿੱਛੇ ਮੁੜਦਿਆਂ ਕਿਹਾ |
   ਦਰਸ਼ਨਾ ਅਤੇ ਪੰਮ ਤਾਂ ਉਪਰ ਚਲੀਆਂ ਗਈਆਂ ਅਤੇ ਸੁਖਦੇਵ ਜਲੌਰ ਦੇ ਨਾਲ ਹੀ ਕਾਰਾਂ ਕੋਲ਼ ਆ ਗਿਆ | ਕਿਸੇ ਨੇ ਰਾਡ ਦੀ ਹੁੱਝ ਮਾਰ ਕੇ ਕਾਰਾਂ ਦੇ ਮਗਰਲੇ ਸ਼ੀਸ਼ੇ ਭੰਨੇ ਸਨ | "ਬਿਲਕੁਲ ਏਸੇ ਤਰ੍ਹਾਂ ਦਰਸ਼ਨਾ ਦੀ ਕਾਰ ਦਾ ਸ਼ੀਸ਼ਾ ਤੋੜਿਆ ਐ | ਮੇਰੀ ਕਾਰ ਤਾਂ ਆਟੋਬਾਡੀ ਸ਼ਾਪ 'ਤੇ ਗਈ ਹੋਈ ਸੀ | ਨਹੀਂ ਤਾਂ ਬਚਣਾ ਉਸ ਦਾ ਸ਼ੀਸ਼ਾ ਵੀ ਨਹੀਂ ਸੀ |" ਸੁਖਦੇਵ ਨੇ ਦੱਸਿਆ |
"ਇਹ ਕਿਸ ਦੀ ਸ਼ਰਾਰਤ ਹੋ ਸਕਦੀ ਹੈ?" ਜਲੌਰ ਨੇ ਘਰ ਦੇ ਅੰਦਰ ਵੜਦਿਆਂ ਪੁੱਛਿਆ |
"ਇਹ ਸਿਰ ਫਿਰੇ ਗੋਰੇ ਛੋਕਰਿਆਂ ਦੀ ਇੱਲਤ ਹੋਊਗੀ | ਹੋਰ ਕੌਣ ਹੋ ਸਕਦੈ | ਇਹੀ ਅੱਜ ਕੱਲ੍ਹ ਬਹੁਤਾ ਚ੍ਹਾਮਲੇ ਹੋਏ ਨੇ | ਕੁਝ ਦਿਨ ਹੋਏ, ਮੈਨੂੰ ਵੀ ਇਹਨਾਂ ਗੰਦ ਬਕਿਆ ਸੀ |" ਸੁਖਦੇਵ ਨੇ ਦੱਸਿਆ |
"ਪਰ ਮੈਨੂੰ ਕੁਝ ਹੋਰ ਸ਼ੱਕ ਆ |" ਜਲੌਰ ਸੋਫੇ ਉਪਰ ਬੈਠਦਾ ਹੋਇਆ ਕਹਿਣ ਲੱਗਾ |
"ਤੈਨੂੰ ਕਿਸ 'ਤੇ ਸ਼ੱਕ ਹੋ ਸਕਦੈ?" ਸੁਖਦੇਵ ਨੇ ਅਜੇ ਜਲੌਰ ਕੋਲ਼ੋæ ਪੁੱਛਿਆ ਹੀ ਸੀ ਕਿ ਸਰਬੀ ਨੇ ਰਸੋਈ ਵਿਚੋਂ ਆ ਕੇ ਕਿਹਾ, "ਦੀਦੀ ਤਾਂ ਕਹਿੰਦੀ ਏ, 'ਹੁਣ ਵੈਨਕੋਵਰ ਨਹੀਂ ਜਾ ਹੋਣਾ|' ਤੁਹਾਡਾ ਕੀ ਵਿਚਾਰ ਹੈ?"
"ਹੁਣ ਵੈਨਕੋਵਰ ਕਿਵੇਂ ਜਾ ਸਕਦੇ ਆਂ | ਪਹਿਲਾਂ ਪੁਲੀਸ ਤੇ ਬੀਮਾ ਕੰਪਨੀ ਵਾਲਿਆਂ ਨੂੰ ਰਿਪੋਰਟ ਕਰਨੀ ਪੈਣੀ ਹੈ ਤੇ ਫੇਰ ਕਾਰਾਂ ਦੇ ਗਲਾਸ ਵੀ ਪਵਾਉਣੇ ਨੇ | ਕੱਲ੍ਹ ਨੂੰ ਕੰਮਾਂ 'ਤੇ ਵੀ ਜਾਣਾ | ਹੁਣ ਵੈਨਕੋਵਰ ਜਾਣਾ ਭੁੱਲ ਕੇ, ਖਾਣਾ ਤਿਆਰ ਕਰੋ |" ਜਲੌਰ ਨੇ ਨਵਾਂ ਹੁਕਮ ਸੁਣਾ ਦਿੱਤਾ |
"ਤੂੰ ਕਹਿ ਰਿਹਾ ਸੀ ਕਿ ਤੈਨੂੰ ਕਿਸੇ ਹੋਰ 'ਤੇ ਸ਼ੱਕ ਐ?" ਸੁਖਦੇਵ ਨੇ ਟੁੱਟੀ ਗੱਲ ਦੀ ਲੜੀ ਨੂੰ ਮੁੜ ਜੋੜਿਆ |
" ਮੇਰੇ ਨਾਲ ਦੋ ਪਾਕਿਸਤਾਨੀ ਕੰਮ ਕਰਦੇ ਆ | ਪਹਿਲਾਂ ਉਹਨਾਂ ਦਾ ਮੇਰੇ ਨਾਲ ਦੋਸਤਾਂ ਵਰਗਾ ਵਰਤਾਰਾ ਸੀ ਪਰ ਅਹਿ ਤਿੰਨ ਚਾਰ ਕੁ ਮਹੀਨਿਆਂ ਤੋਂ, ਜਦੋਂ ਦਾ ਬੰਗਲਾ ਦੇਸ਼ ਵਾਲਾ ਰੇੜਕਾ ਪਿਆ, ਉਦੋਂ ਦੇ ਉਹ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ | ਚਾਰ ਪੰਜ ਪਾਕਿਸਤਾਨੀ ਮੁੰਡੇ ਆਪਣੀ ਲੁਕਾਇਲਟੀ ਵਿਚ ਵੀ ਰਹਿੰਦੇ ਆ, ਕਿਤੇ ਉਹਨਾਂ ਨੇ ਨਾ ਇਹ ਸ਼ਰਾਰਤ ਕੀਤੀ ਹੋਵੇ |"
"ਬਹੁਤ ਭੋਲ਼ੀ ਜਿਹੀ ਗੱਲ ਕੀਤੀ ਐ ਇਹ ਤਾਂ ਤੂੰ | ਮੈਂ ਹੈਰਾਨ ਆਂ ਕਿ ਤੂੰ ਇਹ ਸੋਚ ਵੀ ਕਿਵੇਂ ਲਿਆ |"
"ਅਜੇਹੇ ਕੰਮ ਕਰਕੇ ਕੀ ਉਹ ਆਪਣਾ ਗੁੱਸਾ ਨਹੀਂ ਜਾਹਰ ਕਰ ਸਕਦੇ?"
"ਬਿਲਕੁਲ ਨਹੀਂ | ਬੇਸ਼ਕ ਪਾਕਿਸਤਾਨੀਆਂ ਨੂੰ ਭਾਰਤੀਆਂ ਉਪਰ ਗੁੱਸਾ ਹੈ ਕਿ ਭਾਰਤੀ ਫੌਜ ਦੀ ਦਖਲ-ਅੰਦਾਜ਼ੀ ਕਾਰਨ ਹੀ ਬੰਗਲਾ ਦੇਸ਼ ਬਣਿਆ ਪਰ ਉਹ ਆਪਣੇ ਗੁੱਸੇ ਨੂੰ ਕਾਰਾਂ ਦੇ ਸ਼ੀਸ਼ੇ ਤੋੜ ਕੇ ਨਹੀਂ ਕੱਢ ਸਕਦੇ |"
"ਕਿਉਂ?"
"ਕਿਉਂਕਿ ਇੱਥੇ ਉਹਨਾਂ ਦੇ ਤੇ ਆਪਣੇ ਹਿਤ ਸਾਂਝੇ ਨੇ | ਇੱਥੇ ਆਪਾਂ ਸਾਰਿਆਂ ਨੂੰ ਹੀ ਇਕੋ ਦੇਸ਼ ਦੇ ਸਮਝਿਆ ਜਾਂਦਾ ਹੈ | ਇੱਥੋਂ ਦੇ ਬਹੁਤੇ ਗੋਰਿਆਂ ਦੀ ਨਜ਼ਰ ਵਿਚ ਆਪਾਂ ਸਾਰੇ ਹੀ ਪਾਕੀ ਹਿੰਦੂ ਹਾਂ | ਜਦੋ ਤਾਈਂ ਇਹ ਗੋਰੇ ਆਪਾਂ ਨੂੰ ਇਕੋ ਜਾਤੀ ਤੇ ਇਕੋ ਦੇਸ਼ ਦੇ ਸਮਝਦੇ ਰਹਿਣਗੇ ਤਾਂ ਆਪਾਂ ਨੂੰ ਵੀ ਇੱਥੇ ਇਕ ਦੂਸਰੇ ਦੇ ਆਸਰੇ ਦੀ ਲੋੜ ਰਹੇਗੀ | ਪਿਛਲੇ ਹਫਤੇ ਸਾਡੇ ਨੇੜੇ ਰਹਿੰਦੇ ਰਹਿਮਤ ਅਲੀ ਲਾਹੌਰੀਏ ਦੀ ਕਾਰ ਦੇ ਸ਼ੀਸ਼ੇ ਉਪਰ ਕੋਈ ਲੁੱਕ ਮਲ਼ ਗਿਆ ਸੀ | ਉਹ ਭੱਜ ਕੇ ਮੇਰੇ ਕੋਲ਼ ਹੀ ਆਇਆ ਸੀ |  ਮੈਨੂੰ ਤਾਂ ਇਹ ਫੇਰ ਨਸਲੀ ਭੂਤ ਹੀ ਸਿਰ ਉਠਾਉਂਦਾ ਜਾਪਦੈ |" ਸੁਖਦੇਵ ਨੇ ਆਪਣੇ ਮਨ ਦੀ ਸ਼ੰਕਾ ਦੱਸੀ |
 
     ਸੁਖਦੇਵ ਦੀ ਕਹੀ 'ਨਸਲੀ ਭੂਤ' ਵਾਲ਼ੀ ਗੱਲ ਦੀ ਪਰੋੜਤਾ ਅਗਲੇ ਹਫਤੇ ਹੀ ਹੋ ਗਈ, ਜਦੋਂ ਕਿਸੇ ਨੇ ਪੰਜਾਬੀਆਂ ਦੇ ਦੋ ਘਰਾਂ ਉਪਰ ਨਸਲੀ ਨਾਅਰੇ ਲਿਖ ਕੇ ਨਾਲ ਨਾਜ਼ੀਆਂ ਦਾ ਸਵਾਸਥਕ ਚਿੰਨ੍ਹ ਵੀ ਬਣਾ ਦਿੱਤਾ | ਹਰ ਹਫਤੇ ਹੀ ਕਿਸੇ ਨਾ ਕਿਸੇ ਦੇ ਘਰ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ | ਇਹ ਕੰਮ ਬੜੇ ਵਿਉਂਤਬਧ ਢੰਗ ਨਾਲ ਹੋ ਰਿਹਾ ਸੀ | ਪੁਲੀਸ ਨੂੰ ਹਰ ਘਟਨਾ ਦੀ ਰਿਪੋਰਟ ਲਿਖਵਾਈ ਜਾਂਦੀ | ਪੋਲੀਸ ਚੱਕਰ ਮਾਰ ਜਾਂਦੀ, ਪੜਤਾਲ ਕਰਦੀ ਪਰ ਨਸਲੀ ਘਟਨਾਵਾਂ ਵਿਚ ਕੋਈ ਫਰਕ ਨਹੀਂ ਸੀ ਪੈ ਰਿਹਾ | ਇਕ ਦਿਨ ਸੁਖਦੇਵ ਦੇ ਘਰ 'ਤੇ ਵੀ ਕੋਈ ਵੱਡਾ ਸਾਰਾ ਸਵਾਸਥਕ ਚਿੰਨ੍ਹ ਬਣਾ ਗਿਆ | ਉਸ ਨੇ ਪੁਲੀਸ ਨੂੰ ਰਿਪੋਰਟ ਕਰਨ ਦੇ ਨਾਲ ਹੀ ਜਲੌਰ ਨੂੰ ਵੀ ਫੋਨ ਕਰ ਦਿੱਤਾ | ਛੁੱਟੀ ਹੋਣ ਕਰਕੇ ਜਲੌਰ ਅਜੇ ਬਿਸਤਰੇ ਵਿਚ ਹੀ ਪਿਆ ਸੀ | ਉਹ ਝੱਟ ਤਿਆਰ ਹੋ ਕੇ ਸੁਖਦੇਵ ਦੇ ਘਰ ਆ ਗਿਆ | ਆਲ਼ਾ ਦੁਆਲ਼ਾ ਦੇਖ ਕੇ ਉਹ ਬੋਲਿਆ, "ਸੁਖ, ਤੇਰੀ ਗੱਲ ਠੀਕ ਸੀ, ਸੱਚੀਂ ਹੀ ਇਹ ਕੋਈ ਨਸਲੀ ਭੂਤ ਉਠ ਖੜ੍ਹਾ ਹੋਇਆ ਏ, ਜਿਹੜਾ ਆਪਣੇ ਭਾਈਚਾਰੇ ਦੇ ਮਗਰ ਹੀ ਪੈ ਗਿਆ | ਪੁਲੀਸ ਨੂੰ ਬਥੇਰੀਆਂ ਸ਼ਕਾਇਤਾਂ ਕਰ ਲਈਆਂ, ਸ਼ਹਿਰ ਦੇ ਮੇਅਰ ਨਾਲ ਵੀ ਮੀਟਿੰਗਾਂ ਕਰਕੇ ਦੇਖ ਲਈਆਂ ਪਰ ਉਹ ਕੁੱਝ ਨਹੀਂ ਕਰ ਸਕੇ, ਸਗੋਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ | ਇੱਥੋਂ ਦੀਆਂ ਅਖਬਾਰਾਂ ਵੀ ਬਲਦੀ 'ਤੇ ਤੇਲ ਪਾਉਣ ਵਾਲਾ ਕੰਮ ਕਰ ਰਹੀਆਂ | ਇਸ ਭੂਤ ਦੀ ਸਿਰੀ ਨੱਪਣ ਦਾ ਹੁਣ ਤਾਂ ਆਪਾਂ ਨੂੰ ਹੀ ਕੋਈ ਹੀਲਾ ਵਸੀਲਾ ਕਰਨਾ ਪੈਣਾ |"
"ਮੈਂ ਸੋਚਦਾਂ ਕਿ ਰਾਤ ਨੂੰ ਆਪ ਨਿਗਰਾਨੀ ਕੀਤੀ ਜਾਵੇ | ਇਹ ਕਾਰਸਤਾਨੀਆਂ ਬਹੁਤੀਆਂ ਵੀਕ ਐਂਡ 'ਤੇ ਹੀ ਹੁੰਦੀਆਂ | ਬਸ ਇਹੋ ਦੋ ਤਿੰਨ ਰਾਤਾਂ ਹੀ ਖਿਆਲ ਰਖਣ ਦੀ ਲੋੜ ਐ |" ਸੁਖਦੇਵ ਨੇ ਆਪਣਾ ਵਿਚਾਰ ਦੱਸਿਆ |
"ਜਦੋਂ ਉਹ ਲੋਕ ਇਹ ਵਾਰਦਾਤਾਂ ਵਿਉਂਤ ਨਾਲ ਕਰਦੇ ਆ ਤਾਂ ਆਪਾਂ ਕਿਉਂ ਨਾ ਕੋਈ ਅਜੇਹੀ ਵਿਉਂਤ ਬਣਾਈਏ ਜਿਸ ਨਾਲ ਉਹਨਾਂ ਨੂੰ ਕੰਨ ਹੋ ਜਾਣ |" ਜਲੌਰ ਨੇ ਸੋਚ ਸੋਚ ਕੇ ਕਿਹਾ |
"ਤੇਰੀ ਗੱਲ ਠੀਕ ਐ | ਇਸ ਬਿਮਾਰੀ ਨਾਲ ਆਪਾਂ ਇਕੱਲੇ ਦੁਕੱਲੇ ਨਹੀਂ ਨਜਿੱਠ ਸਕਦੇ | ਕਿਉਂ ਨਾ ਆਪਣੇ ਭਾਈਚਾਰੇ ਦੀ ਮੀਟਿੰਗ ਬੁਲਾ ਕੇ ਇਕ ਕਮੇਟੀ ਬਣਾ ਲਈ ਜਾਵੇ | ਜਿਹੜੀ ਇਸ ਬਾਰੇ ਸੋਚ ਵਿਚਾਰ ਕਰੇ | ਆਪਣੇ ਬਚਾਉ ਲਈ ਸਾਨੂੰ ਇਕ ਮੁੱਠ ਹੋ ਕੇ ਕੋਈ ਕਦਮ ਚੁਕਣਾ ਚਾਹੀਦਾ ਹੈ |" ਸੁਖਦੇਵ ਨੇ ਸੁਝਾ ਦਿੱਤਾ |
"ਹਾਂ, ਤੇਰਾ ਇਹ ਸੁਝਾ ਬਹੁਤ ਵਧੀਆ ਏ | ਕੱਲ੍ਹ ਨੂੰ ਸੰਡੇ ਆ | ਆਪਣੇ ਬਹੁਤੇ ਬੰਦੇ ਗੁਰਦਵਾਰੇ ਆਏ ਹੋਣਗੇ | ਤਿੰਨਾਂ ਗੁਰਦਵਾਰਿਆਂ ਵਿਚ ਜਾ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਆ | ਮੈਂ ਅੱਜ ਹੀ ਦਿਲਾਵਰ ਨਾਲ ਗੱਲ ਕਰਦਾਂ" ਜਲੌਰ ਨੇ ਖੁਸ਼ ਹੁੰਦਿਆਂ ਕਿਹਾ ਅਤੇ ਉਹ ਸੁਖਦੇਵ ਕੋਲੋਂ ਸਿੱਧਾ ਦਿਲਾਵਰ ਦੇ ਘਰ ਨੂੰ ਚਲਾ ਗਿਆ |
***********
 
ਭਾਵੇਂ ਕਿ ਪੰਜਾਹਵਿਆਂ ਤੋਂ ਥੋੜੀ ਗਿਣਤੀ ਵਿਚ ਭਾਰਤੀ ਕੈਨੇਡਾ ਵਿਚ ਆਉਣ ਲੱਗ ਪਏ ਸਨ ਪਰ ਜਦੋਂ ਕੈਨੇਡਾ ਕਨੂੰਨਨ ਬਹੁ-ਸੁਭਆਚਾਰੀ ਦੇਸ਼ ਬਣ ਗਿਆ ਤਾਂ ਇਥੇ ਭਾਰਤੀਆਂ ਦੀ ਗਿਣਤੀ ਬਹੁਤ ਤੇਜੀ ਨਾਲ ਵਧਣ ਲੱਗੀ | ਇਸ ਸਮੇ ਦੌਰਾਨ ਭਾਰਤ ਵਿਚ ਨਕਸਲਬਾੜੀ ਲਹਿਰ ਵੀ ਜੋਰ ਫੜ ਗਈ ਸੀ | ਪੰਜਾਬ ਵਿਚ ਪੜ੍ਹਿਆ ਲਿਖਿਆ ਬੇਰੁਜ਼ਗਾਰ ਨੌਜਵਾਨ ਵਰਗ ਇਸ ਲਹਿਰ ਵੱਲ ਖਿਚਿਆ ਗਿਆ ਅਤੇ ਓਥੇ, ਉਹਨਾਂ ਦੇ ਕਈ ਗਰੁੱਪ ਸਰਗਰਮ ਹੋ ਗਏ | ਜਦੋਂ ਪੰਜਾਬ ਵਿਚ ਇਹਨਾਂ ਦਾ ਜੋਰ ਵਧਦਾ ਦਿਸਿਆ ਤਾਂ ਫੇਰ ਸਰਕਾਰੀ ਮਸ਼ੀਨਰੀ ਵੀ ਹਰਕਤ ਵਿਚ ਆ ਗਈ | ਸੰਨ ਸੱਤਰ ਇਕੱਤ੍ਹਰ ਵਿਚ ਇਸ ਲਹਿਰ ਨੂੰ ਕੁਚਲਣ ਲਈ ਮੁੰਡਿਆਂ ਉਪਰ ਅੰਨ੍ਹਾ ਤਸ਼ੱæਦਦ ਹੋਣ ਲੱਗਾ ਤੇ ਥਾਂ ਥਾਂ ਝੂਠੇ ਪੁਲੀਸ ਮਕਾਬਲੇ ਬਣਾਏ ਜਾਣ ਲੱਗ ਪਏ ਤਾਂ ਬਹੁਤ ਸਾਰੇ ਮੁੰਡੇ ਆਪਣੀਆਂ ਜਾਨਾਂ ਬਚਾਉਣ ਲਈ ਬਦੇਸ਼ਾਂ ਨੂੰ ਨਿਕਲ ਗਏ | ਉਹਨਾਂ ਵਿਚੋਂ ਬਹੁਤੇ ਕੈਨੇਡਾ ਵਿਚ ਆ ਗਏ | ਦਿਲਾਵਰ ਵੀ ਨਕਸਲਬਾੜੀ ਲਹਿਰ ਵਿਚੋਂ ਬਚ ਕੇ ਆਇਆ ਇਕ ਉਤਸਾਹੀ ਨੌਜਵਾਨ ਸੀ, ਜਿਸ ਨੂੰ ਜਲੌਰ ਹੁਰਾਂ ਵਾਲੀ ਮਿੱਲ ਵਿਚ ਕੰਮ ਮਿਲ ਗਿਆ ਸੀ | ਉਹ ਇੱਥੇ ਵਾਪਰ ਰਹੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਬਾਰੇ ਆਮ ਹੀ ਜਲੌਰ ਨਾਲ ਬਹਿਸ ਕਰਦਾ ਰਹਿੰਦਾ ਸੀ | ਉਸ ਦਾ ਵਿਚਾਰ ਸੀ ਕਿ ਇਸ ਬਿਮਾਰੀ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਹੀ ਕਾਬੂ ਕੀਤਾ ਜਾ ਸਕਦਾ ਹੈ | ਇਸੇ ਕਰਕੇ ਹੀ ਜਲੌਰ ਨੇ ਸੁਖਦੇਵ ਕੋਲ ਦਿਲਾਵਰ ਦਾ ਜ਼ਿਕਰ ਕੀਤਾ ਸੀ | ਹੁਣ ਜਦੋਂ ਜਲੌਰ ਨੇ ਦਿਲਾਵਰ ਕੋਲ ਆ ਕੇ ਕਮੇਟੀ ਬਣਾਉਣ ਦੀ ਗੱਲ ਤੋਰੀ ਤਾਂ ਉਹ ਅੱਗੇ ਆਉਣ ਲਈ ਝੱਟ ਤਿਆਰ ਹੋ ਗਿਆ | ਅਗਲੇ ਦਿਨ ਉਸ ਨੇ ਨਿਊਵੈਸਟ ਦੇ ਸੁਖਸਾਗਰ ਗੁਰਦਵਾਰੇ ਜਾਣ ਦੀ ਜ਼ਿਮੇਦਾਰੀ ਵੀ ਲੈ ਲਈ | ਜਲੌਰ ਵੈਨਕੂਵਰ ਦੇ ਰੌਸ ਸਟਰੀਟ ਵਾਲੇ ਗੁਰਦਵਾਰੇ ਜਾਣ ਲਈ ਤਿਆਰ ਹੋ ਗਿਆ ਅਤੇ ਸੁਖਦੇਵ ਨੇ ਡੈਲਟਾ ਵਾਲੇ ਗੁਰੁ ਨਾਨਕ ਸਿਖ ਗੁਰਦਵਾਰੇ ਜਾਣ ਦੀ ਡਿਉਟੀ ਸਾਂਭ ਲਈ | 
   ਗੁਰਦਵਾਰਿਆਂ ਵਿਚੋਂ ਉਹਨਾਂ ਨੂੰ ਬਹੁਤਾ ਵਧੀਆ ਹੁੰਗਾਰਾ ਨਾ ਮਿਲਿਆ | ਤਿੰਨਾਂ ਗੁਰਦਵਾਰਿਆਂ ਦਾ ਇਕੋ ਵਿਚਾਰ ਸੀ, 'ਇਸ ਸਮੱਸਿਆ ਨਾਲ ਵੀ ਗੁਰਦਵਾਰਾ ਕਮੇਟੀਆਂ ਨਜਿੱਠ ਲੈਣਗੀਆਂ, ਹੋਰ ਕਿਸੇ ਕਿਸਮ ਦੀ ਕਮੇਟੀ ਬਣਾਉਣ ਦੀ ਲੋੜ ਨਹੀਂ |' ਉਹਨਾਂ ਇਸ ਪਾਸੇ ਕੁਝ ਹੀਲਾ ਵਸੀਲਾ ਕੀਤਾ ਵੀ |
   ਸੁਖਦੇਵ ਆਪ ਡੈਲਟਾ ਵਿਚਲੇ ਗੁਦਵਾਰੇ ਦੀ ਕਮੇਟੀ ਦਾ ਮੈਂਬਰ ਸੀ | ਜਲੌਰ ਤੇ ਸੁਖਦੇਵ ਨੇ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਸਰ੍ਹੀ ਦੇ ਮੇਅਰ ਨਾਲ ਇਸ ਸਮੱਸਿਆ ਬਾਰੇ ਮੁੜ ਕੇ ਫੇਰ ਗੱਲ ਬਾਤ ਕੀਤੀ | ਪਰ ਮੇਅਰ ਨੇ ਗੋਂਗਲੂਆਂ ਉਤੋਂ ਮਿੱਟੀ ਝਾੜਨ ਵਾਲੀਆਂ ਗੱਲਾਂ ਕਰਕੇ ਟਰਕਾ ਦਿੱਤਾ ਤੇ ਘਟਨਾਵਾਂ ਉਵੇਂ ਹੀ ਵਾਪਰਦੀਆਂ ਰਹੀਆਂ | ਸੁਖਦੇਵ ਤੇ ਜਲੌਰ ਬਹੁਤ ਮਾਯੂਸ ਹੋ ਗਏ ਸਨ ਅਤੇ ਉਹਨਾਂ ਨੇ ਆਪਣੇ ਘਰਾਂ ਦੇ ਨਾਲ ਕਾਰਾਂ ਠਹਿਰਾਉਣ ਲਈ ਗੈਰਾਜ ਬਣਾ ਲਏ ਤਾਂ ਜੋ ਬਾਹਰ ਖੜ੍ਹੀਆਂ ਕਾਰਾਂ ਦਾ ਕੋਈ ਫੇਰ ਨੁਕਸਾਨ ਨਾ ਕਰ ਜਾਵੇ | ਪਰ ਦਿਲਾਵਰ ਦੇ ਦਿਲ ਵਿਚੋਂ ਕਮੇਟੀ ਬਣਾਉਣ ਵਾਲੀ ਗੱਲ ਨਹੀਂ ਨਿਕਲੀ ਸੀ | ਉਹ ਆਪਣੇ ਕੁਝ ਹੋਰ ਸਾਥੀਆਂ ਨਾਲ ਕਮੇਟੀ ਬਣਾਉਣ ਬਾਰੇ ਗੱਲਾਂ ਕਰਦਾ ਰਿਹਾ ਪਰ ਉਸ ਦੇ ਸਾਥੀ ਵੀ ਅਜੇ ਕਿਸੇ ਕਿਸਮ ਦੀ ਕਮੇਟੀ ਬਣਾਉਣ ਦੇ ਹੱਕ ਵਿਚ ਨਹੀਂ ਸਨ | ਹਰ ਇਕ ਦਾ ਆਪਣਾ ਆਪਣਾ ਤਰਕ ਸੀ | ਕਿਸੇ ਕਹਿ ਦਿੱਤਾ, "ਬੜੀ ਮੁਸ਼ਕਲ ਨਾਲ ਉੱਥੋਂ ਜਾਨਾਂ ਬਚਾ ਕੇ ਨਿਕਲੇ ਹਾਂ, ਹੁਣ ਇੱਥੇ ਆ ਕੇ ਕਿਸੇ ਪੰਗੇ ਵਿਚ ਕਿਉਂ ਫਸਿਆ ਜਾਵੇ |"
ਕਿਸੇ ਦਾ ਜਵਾਬ ਸੀ, "ਪਹਿਲਾਂ ਸਾਨੂੰ ਇੱਥੇ ਆਪਣੇ ਪੈਰ ਪੱਕੇ ਕਰਨੇ ਚਾਹੀਦੇ ਨੇ | ਪਾਰਟੀਆਂ ਬਣਾਉਣ ਬਾਰੇ ਬਾਅਦ ਵਿਚ ਸੋਚਣਾ ਚਾਹੀਦਾ ਹੈ |"
"ਸਾਨੂੰ ਤਾਂ ਅਜੇ ਇੱਥੇ ਰਹਿਣ ਦਾ ਪੱਕਾ ਪਰਮਟ ਵੀ ਨਹੀਂ ਮਿਲਿਆ | ਪਾਰਟੀਆਂ ਵਿਚ ਪੈ ਕੇ ਆਹ ਕੱਚੀ ਚਿੱਠੀ ਵੀ ਹੱਥੋਂ ਗਵਾਉਣੀ ਐ | ਨਾ ਬਾਬਾ ਨਾ! ਸਾਨੂੰ ਹੁਣ ਇੰਨਾਂ ਕੰਮਾਂ ਤੋਂ ਮੁਆਫ ਹੀ ਕਰੀਂ |" ਕਿਸੇ ਨੇ ਕੰਨਾਂ ਨੂੰ ਹੱਥ ਲਾਏ | 
"ਤੂੰ ਉੱਥੇ ਬਥੇਰੀ ਲੀਡਰੀ ਚਮਕਾ ਲਈ ਸੀ | ਇੱਥੇ ਆ ਕੇ ਵੀ ਤੇਰੀ ਲੀਡਰੀ ਦੀ ਭੁੱਖ ਨਹੀਂ ਗਈ |" ਕਿਸੇ ਮੂੰਹ-ਫਟ ਨੇ ਤਾਂ ਉਸ ਨੂੰ ਇਹੋ ਜਿਹੇ ਬੋਲ ਵੀ ਬੋਲ ਦਿਤੇ |  
   ਫੇਰ ਵੀ ਉਸ ਨੇ ਹੌਸਲਾ ਨਹੀਂ ਹਾਰਿਆ ਤੇ ਇਸ ਮੁਹਿੱਮ ਵਿਚ ਜੁਟਿਆ ਰਿਹਾ | ਅਖੀਰ ਉਸ ਨੇ ਬਲਰਾਜ ਅਤੇ ਗੁਰਦਿਆਲ ਨੂੰ ਆਪਣੇ ਨਾਲ ਤੁਰਨ ਲਈ ਸਹਿਮਤ ਕਰ ਲਿਆ | ਉਹਨਾਂ ਨੇ ਵੀ ਇੱਥੇ ਆਉਂਦਿਆਂ ਹੀ ਨਸਲੀ ਭੇਦ ਭਾਵ ਦਾ ਸੁਆਦ ਚੱਖਿਆ ਹੋਇਆ ਸੀ | ਦਿਲਾਵਰ ਨੇ ਜੈਰੀ ਨੂੰ ਦੱਸਿਆ, "ਦਿਆਲ ਤੇ ਰਾਜ ਵੀ ਆਪਣੇ ਨਾਲ ਤੁਰਨ ਲਈ ਤਿਆਰ ਹੋ ਗਏ ਨੇ | ਜੇ ਸਾਰੇ ਵੈਨਕੋਵਰ 'ਚੋਂ ਆਪਣੇ ਨਾਲ ਦਸ ਬੰਦੇ ਵੀ ਹੋਰ ਨਾਲ ਤੁਰ ਪੈਣ ਤਾਂ ਆਪਾਂ ਇਹਨਾਂ ਨਸਲੀ ਘਟਨਾਵਾਂ ਨੂੰ ਠੱਲ ਪਾਉਣ ਵਿਚ ਸਫਲ ਹੋ ਜਾਵਾਂਗੇ |"
"ਅੱਗੇ ਲੱਗ ਕੇ ਤੁਰਨ ਵਾਲੇ ਪੰਜ ਬੰਦੇ ਵੀ ਹੋਣ ਤਾਂ ਪਿੱਛੇ ਤੁਰਨ ਵਾਲੇ ਅਨੇਕ ਹੋ ਜਾਣਗੇ ਤੇ ਆਪਾਂ ਪੰਜ ਜਾਣੇ ਤਾਂ ਹੋ ਹੀ ਗਏ ਆਂ |" ਜਲੌਰ ਨੇ ਖੁਸ਼ ਹੁੰਦਿਆਂ ਕਿਹਾ |
"ਫੇਰ ਕਿਉਂ ਨਾ ਏਸ ਵੀਕ ਐਂਡ 'ਤੇ ਆਪਾਂ ਹੀ ਇਕ ਮਿਟੰਗ ਕਰ ਲਈਏ |" ਦਿਲਾਵਰ ਨੇ ਸੁਝਾ ਦਿੱਤਾ |
"ਠੀਕ ਆ, ਉਸ ਦਿਨ ਮੇਰੇ ਘਰ ਆ ਜਾਣਾ | ਸੁਖ ਨੂੰ ਵੀ ਮੈਂ ਦੱਸ ਦਿਆਂਗਾ |" ਜਲੌਰ ਨੇ ਹਾਮੀ ਭਰੀ |  
ਪਰ ਉਹ ਵੀਕ ਐਂਡ ਆਉਣ ਤੋਂ ਪਹਿਲਾਂ ਹੀ ਇਕ ਅਜੇਹੀ ਘਟਨਾ ਵਾਪਰ ਗਈ ਜਿਸ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ | 
***********
    
ਘਰਾਂ ਵਿਚ ਚੋਰੀਆਂ ਚਕਾਰੀਆਂ ਤਾਂ ਪਹਿਲਾਂ ਵੀ ਹੋ ਜਾਇਆ ਕਰਦੀਆਂ  ਸਨ ਪਰ ਇਸ ਤਰਾਂ ਦੀ ਘਟਨਾ ਕਦੀ ਨਹੀਂ ਸੀ ਵਾਪਰੀ | ਉਸ ਦਿਨ ਜਦੋਂ ਬੀ ਜੀ ਬੌਬੀ ਨੂੰ ਲੈ ਕੇ ਸਕੂਲੋਂ ਘਰ ਆਈ ਤਾਂ ਉਸ ਨੇ ਦੇਖਿਆ ਕਿ ਰਸੋਈ ਵੱਲ ਦਾ ਪਿਛਲਾ ਬੂਹਾ ਚੌਪੱਟ ਖੁੱਲ੍ਹਾ ਪਿਆ ਹੈ ਤੇ ਜਲੌਰ ਦੇ ਬੈਡਰੂਮ ਵਿਚ ਖੜਕਾ ਹੋ ਰਿਹਾ ਹੈ | ਉਹ ਝੱਟ ਸਮਝ ਗਈ ਕਿ ਅੰਦਰ ਚੋਰ ਹਨ | ਉਹ ਬਹੁਤ ਡਰ ਗਈ | ਪਹਿਲਾਂ ਤਾਂ ਉਸ ਨੇ ਪਿੱਛਾਂਹ ਮੁੜਨ ਬਾਰੇ ਸੋਚਿਆ ਪਰ ਉਸ ਨੂੰ ਘਰ ਵਿਚ ਹੋਈ, ਪਹਿਲੀ ਚੋਰੀ ਦਾ ਚੇਤਾ ਆ ਗਿਆ ਅਤੇ ਉਹ ਹੌਸਲਾ ਕਰਕੇ ਪੋਲੇਂ ਪੈਰੀਂ ਲਿਵਿੰਗਰੂਮ ਵਿਚ ਗਈ, ਬੌਬੀ ਨੂੰ ਸੋਫੇ ਉਹਲੇ ਲੁਕ ਜਾਣ ਲਈ ਕਿਹਾ ਤੇ ਆਪ ਪੁਲੀਸ ਨੂੰ 911 ਫੋਨ ਘੁਮਾਉਣ ਲੱਗੀ | ਚੋਰਾਂ ਨੂੰ ਵੀ ਉਹਨਾਂ ਦੇ ਆਉਣ ਦੀ ਬਿੜਕ ਲੱਗ ਗਈ ਸੀ | ਉਸ ਦੇ ਫੋਨ ਕਰਦਿਆਂ ਹੀ ਇਕ ਤੇਰਾਂ ਚੌਦਾਂ ਸਾਲਾਂ ਦਾ ਮੁੰਡਾ, ਇਕ ਬੈਕਪੈਕ ਲੈ ਕੇ ਰਸੋਈ ਵਿਚੋਂ ਦੀ ਬਾਹਰ ਨੂੰ ਦੌੜ ਗਿਆ | ਉਸ ਦੇ ਮਗਰ ਹੀ ਇਕ ਕੁੜੀ, ਸਾਮਾਨ ਨਾਲ ਭਰਿਆ ਹੋਇਆ ਇਕ ਥੈਲਾ ਮੋਢੇ ਲਟਕਾਈ, ਭੱਜਣ ਲੱਗੀ ਤਾਂ ਬੀ ਜੀ ਨੇ ਬਿਨਾਂ ਸੋਚੇ ਹੀ, ਜੇਰਾ ਕਰਕੇ ਉਸ ਦੇ ਥੈਲੇ ਨੂੰ ਹੱਥ ਪਾ ਲਿਆ ਅਤੇ ਉੱਚੀ ਅਵਾਜ਼ ਵਿਚ ਕਿਹਾ, "ਕੁੱਤੀਏ! ਹੁਣ ਜਾਏਂਗੀ ਕਿਧਰ! ਵਿਖਾ ਏਸ ਥੈਲੇ ਵਿਚ ਕੀ ਚੋਰੀ ਕਰਕੇ ਲਈ ਜਾਂਦੀ ਐਂ? ਪਹਿਲਾਂ ਵੀ ਤੁਸੀਂ ਹੀ ਚੋਰੀ ਕੀਤੀ ਹੋਣੀ ਐ?"
  ਦਾਦੀ ਨੂੰ ਕੁੜੀ ਨਾਲ ਹੱਥੋ ਪਾਈ ਹੁੰਦਿਆਂ ਦੇਖ ਬੌਬੀ ਵੀ ਚੀਕਾਂ ਮਾਰਦਾ ਆ ਕੇ ਕੁੜੀ ਨੂੰ ਚੁੰਬੜ ਗਿਆ | ਕੁੜੀ ਨੇ ਲੱਤ ਮਾਰ ਕੇ ਉਸ ਨੂੰ ਪਿਛਾਂਹ ਸੁੱਟ ਦਿਤਾ ਤੇ ਉਹ ਫਰਿਜ ਨਾਲ ਟਕਰਾ ਕੇ ਥੱਲੇ ਡਿੱਗ ਪਿਆ | ਦਾਦੀ ਨੂੰ ਹੋਰ ਗੁੱਸਾ ਆ ਗਿਆ ਤੇ ਉਸ ਨੇ ਗੁੱਸੇ ਵਿਚ ਕੁੜੀ ਨੂੰ ਜੱਫਾ ਪਾ ਕੇ ਹੇਠਾਂ ਸੁਟ ਲਿਆ | ਕੁੜੀ ਨੇ ਛੁਪਾਏ ਹੋਏ ਕਮਾਨੀ ਦਾਰ ਚਾਕੂ  ਨਾਲ ਉਸਦੇ ਢਿੱਡ ਉਪਰ ਕਈ ਵਾਰ ਕਰ ਦਿੱਤੇ ਤੇ ਥੈਲਾ ਖੋਹ ਕੇ ਦੌੜ ਗਈ | ਉਹ ਢਿੱਡ ਘੁੱਟ ਕੇ ਉੱਥੇ ਹੀ ਬੈਠ ਗਈ ਤੇ ਚੀਕਾਂ ਮਾਰਨ ਲੱਗੀ | ਬੌਬੀ ਉਠ ਕੇ ਦਾਦੀ ਕੋਲ ਆਇਆ ਤੇ ਲਹੂ ਦੇਖ ਕੇ ਹੋਰ ਵੀ ਭੈਅ ਭੀਤ ਹੋ ਗਿਆ | ਉਸ ਨੇ ਵੀ ਜੋਰ ਦੀ ਇਕ ਚੀਕ ਮਾਰੀ, ਜਿਹੜੀ ਉਸ ਦੇ ਗਲੇ ਵਿਚ ਹੀ ਅਟਕ ਕੇ ਰਹਿ ਗਈ ਤੇ ਉਹ ਉੱਥੇ ਹੀ ਡਿੱਗ ਪਿਆ|
"ਮੇਰੇ ਸ਼ੇਰ ਪੁੱਤ ਦੇ ਸੱਟ ਤਾਂ ਨਈਂ ਲੱਗੀ |" ਬੀ ਜੀ ਨੇ ਕਸੀਸ ਵਟਦਿਆਂ ਕਿਹਾ ਪਰ ਬੌਬੀ ਬੋਲਿਆ ਨਹੀਂ | ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਨੂੰ ਗ਼ਸ਼ ਪੈ ਗਈ ਹੋਵੇ | ਬੀ ਜੀ ਨੂੰ ਆਪਣਾ ਦੁੱਖ ਭੁੱਲ ਗਿਆ ਤੇ ਉਸ ਨੇ ਚੁੰਨੀ ਨਾਲ ਘੁੱਟ ਕੇ ਆਪਣੇ ਢਿੱਡ ਨੂੰ ਬੰਨ੍ਹ ਲਿਆ ਤੇ ਬੌਬੀ ਨੂੰ ਚੁੱਕਣ ਲਈ ਉਠਣ ਲੱਗੀ ਤਾਂ ਆਪ ਵੀ ਉਸ ਦੇ ਕੋਲ਼ ਹੀ ਡਿੱਗ ਪਈ | ਉਸ ਦੀ ਹਾਲਤ ਪਲ ਪਲ ਵਿਗੜਦੀ ਜਾ ਰਹੀ ਸੀ | ਪਰ ਉਹ ਲਾਚਾਰ ਪਈ ਤੜਪ ਰਹੀ ਸੀ | ਇੰਨੇ ਨੂੰ ਪੁਲੀਸ ਦੇ ਦੋ ਸਿਪਾਹੀ ਆ ਗਏ | ਉਹਨਾਂ ਉਸ ਦੀ ਬੁਰੀ ਹਾਲਤ ਦੇਖੀ ਤਾਂ ਪਹਿਲਾਂ ਉਹਨਾਂ ਐਂਬੂਲੈਂਸ ਮੰਗਵਾਈ ਅਤੇ ਫੇਰ ਉਸ ਕੋਲੋਂ ਜ਼ਖਮੀ ਹੋਣ ਦੇ ਕਾਰਨ ਬਾਰੇ ਪੁੱਛਣ ਲੱਗੇ | ਪਰ ਉਸ ਨੂੰ ਉਹਨਾਂ ਦੀ ਬੋਲੀ ਦੀ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਪੁੱਛ ਰਹੇ ਹਨ | ਸਾਰੀ ਸਥਿਤੀ ਨੂੰ ਸਮਝਦਾ ਪੁਲੀਸ ਦਾ ਇਕ ਸਿਪਾਹੀ ਬਾਹਰ ਗਿਆ ਅਤੇ ਕੁੱਝ ਮਿੰਟਾਂ ਮਗਰੋਂ ਹੀ ਇਕ ਪੰਜਾਬੀ ਔਰਤ ਨੂੰ ਨਾਲ ਲੈ ਆਇਆ | ਬੀ ਜੀ ਨੇ ਸਾਰੀ ਹੋਈ ਬੀਤੀ, ਉਸ ਤੀਵੀਂ ਨੂੰ, ਬੜੀ ਮੁਸ਼ਕਲ ਨਾਲ ਬਿਆਨ ਕੀਤੀ ਤੇ ਫੇਰ ਬੇਹੋਸ਼ ਹੋ ਗਈ | ਛੇਤੀ ਹੀ ਐਂਬੂਲੈਂਸ ਆ ਗਈ ਤੇ ਐਂਬੂਲੈਂਸ ਦੇ ਆਉਣ ਸਾਰ ਉਹਨਾਂ ਨੂੰ ਮੁਢਲੀ ਸਹਾਇਤਾ ਦੇ ਕੇ ਦੋਹਾਂ ਨੂੰ ਹਸਪਤਾਲ ਪੁਜਦੇ ਕਰ ਦਿੱਤਾ |
     
ਬੀ ਜੀ ਦੇ ਘਾਇਲ ਹੋਣ ਤੋਂ ਤੀਸਰੇ ਦਿਨ ਹੀ ਰੌਸ ਸਟਰੀਟ ਗੁਰਦਵਾਰੇ ਵਿਚ ਦਿਵਾਨ ਸਜਿਆ, ਜਿਸ ਵਿਚ ਭਾਰਤ ਤੋਂ ਆਏ ਕਿਸੇ ਮਸ਼ਹੂਰ ਰਾਗੀ ਜੱਥੇ ਨੇ ਕੀਰਤਨ ਕਰਨਾ ਸੀ | ਸਾਰੇ ਲੋਇਰ ਮੇਨ ਲੈਂਡ ਵਿਚੋਂ ਸਿੱਖ ਸੰਗਤਾਂ  ਉਹਨਾਂ ਨੂੰ ਸੁਣਨ ਲਈ ਆਈਆਂ ਹੋਈਆ ਸਨ | ਰਾਗੀ ਜੱਥੇ ਦੇ ਕੀਰਤਨ ਤੋਂ ਮਗਰੋਂ ਦਿਲਾਵਰ ਨੇ ਦੋ ਮਿੰਟ ਬੋਲਣ ਲਈ ਸਮਾਂ ਮੰਗ ਕੇ ਸੰਗਤ ਵਿਚ ਨਸਲੀ ਭੂਤ ਦੇ ਮੁੜ ਸਿਰ ਉਠਾਉਣ ਵਾਲੀ ਸਮੱਸਿਆ ਸਿਥਾਰ ਨਾਲ ਦੱਸਿਆ | ਇਸ ਸਮੱਸਿਆ ਦੀ ਗੰਭੀਰਤਾ ਨੂੰ ਨਾ ਸਮਝਦਿਆਂ ਭਾਰਤ ਤੋਂ ਆਏ ਪਰਚਾਰਕ ਨੇ ਕਹਿ ਦਿੱਤਾ, " ਖਾਲਸਾ ਜੀ, ਗੁਰਦਵਾਰੇ ਅਧਿਆਤਮਿਕਤਾ ਦਾ ਕੇਂਦਰ ਹਨ | ਇੱਥੇ ਕੇਵਲ ਗੁਰਬਾਨੀ ਦਾ ਪਰਚਾਰ ਹੀ ਹੋਣਾ ਚਾਹੀਦਾ ਹੈ | ਸਿਆਸੀ ਤਕਰੀਰਾਂ ਗੁਰਦਵਾਰੇ ਤੋਂ ਬਾਹਰ ਕੀਤੀਆ ਜਾਣ ਤਾਂ ਭਲੀ ਗੱਲ ਹੋਵੇਗੀ |"
   ਉਸ ਦੇ ਇੰਨੀ ਗੱਲ ਕਹਿਣ 'ਤੇ ਹੀ ਸੰਗਤ ਵਿਚੋਂ ਕਈ ਜਣੇ ਇਕੋ ਵਾਰ ਹੀ ਉਠਕੇ ਬੋਲਣ ਲੱਗੇ | 'ਸਿੱਖਾਂ ਦਾ ਧਰਮ ਤੇ ਸਿਆਸਤ ਇਕੱਠੇ ਚਲਦੇ ਹਨ', 'ਸਾਡੇ ਗੁਰਦਵਾਰੇ ਧਾਰਮਿਕ ਅਦਾਰੇ ਵੀ ਹਨ ਤੇ ਕਮਿਊਨਟੀ ਸੈਂਟਰ ਵੀ', 'ਤੁਸੀਂ ਇਥੇ ਧਾਰਮਿਕ ਪਰਚਾਰ ਕਰਨ ਆਉਂਦੇ ਹੋ ਕਿ ਸਾਡੇ ਵਿਚ ਪਾੜੇ ਪਾਉਣ ਲਈ?', 'ਜੇ ਅਸੀਂ ਇੱਥੇ ਗੁਰਦਵਾਰੇ ਵਿਚ ਬੈਠ ਕੇ ਆਪਣੇ ਦੁੱਖ ਸੁਖ ਨਹੀਂ ਫੋਲ਼ਨੇ ਤਾਂ ਹੋਰ ਅਸੀਂ ਗੁਰਦਵਾਰੇ ਬਣਾਏ ਕਿਸ ਲਈ ਹਨ' | ਜਿੰਨੇ ਮੂੰਹ ਉਨੀਆਂ ਹੀ ਗੱਲਾਂ ਵਾਲੀ ਗੱਲ ਹੋ ਗਈ | 
   ਫੇਰ ਗੁਰਦਵਾਰੇ ਦੇ ਪਰਧਾਨ ਨੇ ਉਠ ਕੇ ਸੰਗਤ ਕੋਲੋਂ ਮੁਆਫੀ ਮੰਗਦਿਆਂ ਕਿਹਾ, "ਖਾਲਸਾ ਜੀ, ਚੁੱਪ ਦਾ ਦਾਨ ਬਖਸ਼ੋ ਤਾਂ ਮੈਂ ਇਕ ਬੇਨਤੀ ਕਰਾਂ | ਭਾਈ ਸਾਅਬ ਦਾ ਇਹ ਮਤਲਬ ਬਿਲਕੁੱਲ ਨਹੀਂ ਸੀ ਕਿ ਅਸੀਂ ਅਜੇਹੀਆਂ ਗੱਲਾਂ ਗੁਰਦਵਾਰਿਆਂ ਤੋਂ ਬਾਹਰ ਕਰੀਏ | ਉਹ ਕਹਿਣਾ ਇਹ ਚਾਹੁੰਦੇ ਸਨ ਕਿ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਅਜੇਹੀਆ ਗੱਲਾਂ ਨਾ ਕੀਤੀਆਂ ਜਾਣ | ਉਹਨਾਂ ਵਲੋਂ ਕਹੀ ਗੱਲ ਦੀ ਮੈਂ ਫੇਰ ਮਾਫੀ ਮੰਗਦਾ ਹਾਂ ਤੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਦਿਵਾਨ ਦੀ ਸਮਾਪਤੀ ਮਗਰੋਂ ਲੰਗਰ ਹਾਲ ਵਿਚ ਬੈਠ ਕੇ ਏਸ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇ |" 
   ਪਰਸ਼ਾਦ ਵਰਤਾਏ ਜਾਣ ਮਗਰੋਂ ਹਰ ਕੋਈ ਲੰਗਰ ਛਕ ਕੇ ਕਾਹਲੀ ਕਾਹਲੀ ਆਪੋ ਆਪਣੇ ਘਰਾਂ ਨੂੰ ਤੁਰ ਗਿਆ | ਲੰਗਰ-ਹਾਲ ਵਿਚ ਵੀਹ ਬਾਈ ਜਣੇ ਹੀ ਰਹਿ ਗਏ | ਉਹ ਵੀ ਘਰਾਂ ਨੂੰ ਜਾਣ ਲਈ ਕਾਹਲੇ ਸਨ | ਉਹਨਾਂ ਥੋੜੀ ਸੋਚ ਵਿਚਾਰ ਮਗਰੋਂ ਇਹ ਫੈਸਲਾ ਕਰ ਲਿਆ ਕਿ ਸਵੈ-ਰਖਿਆ ਲਈ ਇਕ ਸੰਗਠਨ ਜ਼ਰੂਰ ਹੋਵੇ, ਜਿਸ ਵਿਚ ਭਾਰਤ ਤੋਂ ਆਈਆਂ ਸਾਰੀਆਂ ਜਾਤੀਆਂ ਦੇ ਲੋਕ ਸ਼ਾਮਲ ਹੋਣ | ਭਾਵੇਂ ਸਮੁੱਚੇ ਭਾਈਚਾਰੇ ਨੇ ਉਹਨਾਂ ਦਾ ਸਾਥ ਤਾਂ ਨਾ ਦਿੱਤਾ ਫਿਰ ਵੀ ਪੰਦਰਾਂ ਜਣਿਆਂ ਮਿਲ ਇਕ ਕਮੇਟੀ ਬਣਾ ਹੀ ਲਈ | 
   ਪਹਿਲਾ ਕੰਮ ਕਮੇਟੀ ਨੇ ਇਹ ਕੀਤਾ ਕਿ ਮੁੱਖਧਾਰਾ ਦੇ ਜਿਹੜੇ ਕਾਮੇ ਉਹਨਾਂ ਦੇ ਨਾਲ ਕੰਮ ਕਰਦੇ ਸਨ, ਉਹਨਾਂ ਕੋਲੋਂ ਸਹਿਯੋਗ ਮੰਗਿਆ | ਫੇਰ ਉਹਨਾਂ ਲੋਕਾਂ ਸਾਹਮਣੇ ਆਪਣਾ ਪੱਖ ਰੱਖਣ ਲਈ ਦੋ ਅਖਬਾਰ, ਇਕ ਪੰਜਾਬੀ ਤੇ ਇਕ ਅੰਗ੍ਰੇਜ਼ੀ ਵਿਚ ਚਾਲੂ ਕੀਤੇ | ਆਪਣੇ ਪਰਚਾਰ ਦੇ ਪਰਸਾਰ ਲਈ ਉਹਨਾਂ ਨੇ ਸਭਿਆਚਾਰਕ ਮੇਲੇ ਤੇ ਖੇਡ ਮੇਲੇ ਕਰਵਾਉਣੇ ਸ਼ੁਰੂ ਕੀਤੇ | ਨਾਲ ਦੀ ਨਾਲ ਉਹਨਾਂ ਇਹ ਕੰਮ ਕੀਤਾ ਕਿ ਜਿਹੜੇ ਘਰਾਂ ਤੇ ਵਾਰ ਵਾਰ ਹਮਲੇ ਹੁੰਦੇ ਸਨ ਉਹਨਾਂ ਘਰਾਂ ਵਾਲਿਆਂ ਨੂੰ ਆਪਣੇ ਨਾਲ ਜੋੜਿਆ ਤੇ ਉੱਥੇ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ | ਜੇ ਕਿਸੇ ਦੇ ਘਰ 'ਤੇ ਆਂਡੇ ਜਾਂ ਰੋੜੇ ਵਜਦੇ ਤਾਂ ਇਕ ਦਮ ਰੌਲਾ ਪੈ ਜਾਂਦਾ ਅਤੇ ਬਹੁਤ ਸਾਰੇ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਉਂਦੇ ਅਤੇ ਸ਼ਰਾਰਤ ਕਰਨ ਵਾਲਿਆਂ ਨੂੰ ਕਿਤੇ ਭੱਜਣ ਨੂੰ ਰਾਹ ਨਾ ਮਿਲਦਾ | ਸ਼ਰਾਰਤੀਆਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਂਦਾ ਪਰ ਪੁਲੀਸ ਕੁਝ ਦੇਰ ਮਗਰੋਂ ਹੀ ਉਹਨਾਂ ਨੂੰ ਛੱਡ ਦਿੰਦੀ | ਫੇਰ ਉਹਨਾਂ ਪੁਲੀਸ ਦਾ ਆਸਰਾ ਲੈਣਾ ਹੀ ਛੱਡ ਦਿਤਾ ਤੇ ਫੜੇ ਹੋਏ ਸ਼ਰਾਰਤੀਆਂ ਨੂੰ ਗੁੱਝੀ ਮਾਰ ਮਾਰ ਕੇ ਛੱਡ ਦਿਤਾ ਜਾਂਦਾ | ਜੇ ਕਿਸੇ ਦੇ ਬਹੁਤੀ ਸੱਟ ਵਜ ਜਾਂਦੀ ਤਾਂ ਪੁਲੀਸ ਕੋਲ ਸ਼ਕਾਇਤ ਪਹੁੰਚ ਜਾਂਦੀ | ਪੁਲੀਸ ਘਰਾਂ ਵਾਲਿਆਂ ਨੂੰ ਹੀ ਚਾਰਜ ਕਰਦੀ | ਬਹੁਤ ਸਾਰੇ ਕਮੇਟੀ ਮੈਂਬਰਾਂ 'ਤੇ ਵੀ ਚਾਰਜ ਲੱਗੇ ਤੇ ਮੁੱਕਦਮੇ ਚਲੇ |
   ਇਕ ਵਾਰ, ਰਾਤ ਦੇ ਤਿੰਨ ਕੁ ਵਜੇ ਚਾਰ ਸ਼ਰਾਰਤੀ ਗੋਰੇ ਆਪਣੀ ਕਾਰ ਦੂਰ ਖੜ੍ਹੀ ਕਰਕੇ ਤੇ ਹੱਥਾਂ ਵਿਚ ਵੱਟੇ ਤੇ ਆਂਡੇ ਫੜ ਕੇ ਜਲੌਰ ਦੇ ਘਰ ਵੱਲ ਨੂੰ ਆ ਗਏ | ਪਹਿਰੇ ਵਾਲੇ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਪਹਿਲਾਂ ਹੀ ਸਤਰਕ ਕਰ ਦਿੱਤਾ ਸੀ | ਅਜੇ ਉਹ ਜਲੌਰ ਦੇ ਘਰ ਵੱਲ ਆਂਡੇ ਤੇ ਵੱਟੇ ਚਲਾ ਕੇ ਭਜੱਣ ਹੀ ਲੱਗੇ ਸਨ ਕਿ ਇਕੋ ਵਾਰ ਚਹੁੰ ਪਾਸਿਆਂ ਤੋਂ ਲਲਕਾਰੇ ਵੱਜੇ, "ਫੜ ਲਓ ਸਾਲ਼ਿਆਂ ਨੂੰ! ਅੱਜ ਬਚ ਕੇ ਨਾ ਨਿਕਲ ਜਾਣ |"
   ਉਹ ਚਾਰੇ ਜਿਧਰ ਰਾਹ ਥਿਆਇਆ ਉਧਰ ਨੂੰ ਭੱਜੇ | ਦੋ ਸੰਰਾਰਤੀ ਤਾਂ ਬਚ ਕੇ ਨਿਕਲ ਗਏ ਪਰ ਇਕ ਜਣਾ ਪੱਥਰ ਨਾਲ ਅੜ੍ਹਕ ਕੇ ਡਿੱਗ ਪਿਆ ਤੇ ਉਸ ਦੇ ਦੰਦ ਟੁੱਟ ਗਏ | ਇਕ ਜਣੇ ਨੂੰ ਪਹਿਰੇਦਾਰਾਂ ਨੇ ਫੜ ਕੇ ਢਾਹ ਲਿਆ ਤੇ ਉਸ ਦੀ ਬਾਂਹ ਇੰਨੇ ਜੋਰ ਨਾਲ ਮਰੋੜੀ ਕਿ ਉਸ ਦਾ ਮੋਢ੍ਹਾ ਉਤਰ ਗਿਆ | ਪੰਜਾਂ ਮਿੰਟਾਂ ਵਿਚ ਹੀ ਉੱਥੇ ਪੁਲੀਸ ਪਹੁੰਚ ਗਈ | ਪੰਜ ਜਣਿਆਂ ਉਪਰ ਚਾਰਜ ਲੱਗੇ, ਜਿੰਨ੍ਹਾਂ ਵਿਚੋਂ ਇਕ ਜਲੌਰ ਵੀ ਸੀ | ਪਹਿਲੀਆਂ ਘਟਨਾਵਾਂ ਦੇ ਮੁਕਦਮਿਆਂ ਵਾਂਗ ਇਨ੍ਹਾਂ ਉਪਰ ਵੀ ਮੁਕੱਦਮੇ ਚਲੇ | ਪਰ ਸਜ਼ਾ ਕਿਸੇ ਨੂੰ ਵੀ ਨਹੀਂ ਹੋਈ | ਸਾਰੇ ਦੇ ਸਾਰੇ ਹੀ ਬਰੀ ਹੁੰਦੇ ਰਹੇ | 
   ਇਹ ਸਿਲਸਲਾ ਕਈ ਸਾਲ ਚਲਦਾ ਰਿਹਾ | ਇਸ ਦਾ ਅਸਰ ਇਹ ਹੋਇਆ ਕਿ ਘਟ-ਗਿਣਤੀ ਭਾਈਚਾਰੇ ਉਪਰ ਵਿਉਂਤਬੰਦ ਹਮਲੇ ਹੋਣੇ ਬਹੁਤ ਘਟ ਗਏ | 
************************
ਵਿਗੋਚਾ
ਬੀ ਜੀ ਦੀ ਵੱਖੀ ਵਿਚ ਚਾਕੂ ਇੰਨਾ ਡੂੰਘਾ ਜ਼ਖ਼ਮ ਕਰ ਗਿਆ ਸੀ ਕਿ ਉਸ ਨੂੰ ਪੂਰਾ ਇਕ ਮਹੀਨਾ 
ਜ਼ਿੰਦਗੀ ਤੇ ਮੌਤ ਨਾਲ ਘੋਲ਼ ਕਰਨਾ ਪਿਆ | ਅੰਤ ਉਹ ਮੌਤ ਹੱਥੋਂ ਹਾਰ ਗਈ | ਇਕ ਹਫਤਾ ਘਰ ਵਿਚ ਸੋਗ ਦਾ ਮਾਹੌਲ ਬਣਿਆ ਰਿਹਾ | ਜਲੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੋਈ ਘਰ ਵਿਚ ਆ ਜਾਂਦਾ ਤੇ ਕੋਈ ਚਲਿਆ ਜਾਂਦਾ | ਬੀ ਜੀ ਦੀ ਅਨਿਆਈ ਮੌਤ ਅਤੇ ਉਸ ਦੇ ਸਿਰੜ ਤੋਂ ਚਲਦੀ ਗੱਲ, ਬੌਬੀ ਦੀ ਬਿਮਾਰੀ 'ਤੇ ਆ ਕੇ ਨਸਲੀ ਵਿਤਕਰੇ ਵੱਲ ਮੋੜਾ ਕਟ ਜਾਂਦੀ | ਜਲੌਰ ਨੂੰ ਵੀ ਮੁੜ ਮੁੜ ਉਹੋ ਗੱਲਾਂ ਹੀ ਦੁਹਰਾਉਣੀਆਂ ਪੈਂਦੀਆਂ | ਉਸ ਨੂੰ ਇਨ੍ਹਾਂ ਗੱਲਾਂ ਤੋਂ ਚਿੜ੍ਹ ਤਾਂ ਚੜ੍ਹਦੀ ਪਰ ਉਹ ਕਿਸੇ ਨੂੰ ਮਹਿਸੂਸ ਨਾ ਹੋਣ ਦਿੰਦਾ | ਅਖੀਰ ਬੀ ਜੀ ਦੀਆਂ ਅੰਤਮ ਰਸਮਾਂ ਤੋਂ ਮਗਰੋਂ ਸੋਗ ਦਾ ਸਮਾਂ ਸਮਾਪਤ ਹੋਇਆ ਅਤੇ ਉਸ ਦੇ ਨਾਨਕੇ ਪਰਿਵਾਰ ਵਿਚੋਂ ਤਰਸੇਮ ਤੇ ਉਸ ਦੀ ਪਤਨੀ ਵੀ ਡੰਕਨ ਨੂੰ ਮੁੜ ਗਏ ਤਾਂ ਉਸ ਨੇ ਆਪਣੇ ਆਪ ਨੂੰ ਸੁਰਖਰੂ ਹੋਇਆ ਸਮਝਿਆ | ਪਰ ਜਦੋਂ ਉਹ ਸਾਰੇ ਕੰਮਾਂ ਤੋਂ ਵਿਹਲਾ ਹੋ ਕੇ ਰਾਤ ਨੂੰ ਆਪਣੇ ਬਿਸਤਰੇ ਵਿਚ ਲੇਟਿਆ ਤਾਂ ਸਰਬੀ ਤੇ ਬੌਬੀ ਦੇ ਕੋਲ ਹੁੰਦਿਆਂ ਵੀ ਉਸ ਨੂੰ ਘਰ ਸੁੰਝਾਂ ਸੁੰਝਾਂ ਲੱਗਾ | | ਉਸ ਨੂੰ ਅੱਜ ਪਹਿਲੀ ਵਾਰ ਬੀ ਜੀ ਦੀ ਅਨਹੋਂਦ ਦਾ ਅਹਿਸਾਸ ਹੋਇਆ | ਉਹ ਬੜੀ ਦੇਰ ਉਸ ਦੇ ਬਾਰੇ ਹੀ ਸੋਚਦਾ ਰਿਹਾ ਅਤੇ ਫੇਰ ਹੌਲ਼ੀ ਜਿਹੀ ਬੋਲਿਆ, "ਸਰਬੀ! ਸੌਂ ਗਈ?"
"ਨਹੀਂ! ਕੀ ਗੱਲ ਨੀਂਦ ਨਹੀਂ ਆ ਰਹੀ?" ਸਰਬੀ ਨੇ ਸੁਤ-ਉਨੀਂਦੇ ਜਿਹੇ ਵਿਚ ਕਿਹਾ |
"ਨਹੀਂ; ਮੇਰੀਆਂ ਅੱਖਾਂ ਅੱਗੇ ਤਾਂ ਬੀ ਜੀ ਦੀ ਸੂਰਤ ਹੀ ਘੁੰਮੀ ਜਾਂਦੀ ਆ |"
"ਮੈਂ ਤਾਂ ਆਪ ਬੀ ਜੀ ਬਾਰੇ ਹੀ ਸੋਚਦੀ ਪਈ ਸੀ ਕਿ ਉਹਦੇ ਬਿਨਾਂ ਬੌਬੀ ਦਾ ਕੀ ਬਣੂਗਾ? ਇਹ ਤਾਂ ਪਰਛਾਵੇਂ ਵਾਂਗੂੰ ਉਸ ਦੇ ਨਾਲ ਈ ਰਹਿੰਦਾ ਸੀ | ਹੁਣ ਮਹੀਨੇ ਤੋਂ ਉੱਤੇ ਹੋ ਚਲਿਐ, ਇਹਦਾ ਤਾਪ ਈ ਨਹੀਂ ਲਹਿੰਦਾ | ਨਾ ਕੁਝ ਖਾਂਦਾ ਪੀਂਦਾ ਐ, ਨਾ ਈ ਬੋਲਦਾ | ਬਸ ਬਿਟਰ ਬਿਟਰ ਝਾਕੀ ਜਾਂਦਾ ਏ |"
"ਡਾਕਟਰ ਕਹਿੰਦੇ ਤਾਂ ਹੈ ਗੇ ਆ ਕਿ ਇਹ ਹੌਲ਼ੀ ਹੌਲ਼ੀ ਠੀਕ ਹੋ ਰਿਹਾ | ਹੁਣ ਤਾਂ ਇਹ ਨੀਂਦ ਵੀ ਚੰਗੀ ਲੈਂਦਾ ਤੇ ਡਰ ਕੇ ਵੀ ਘੱਟ ਉਠਦਾ |"
"ਜੇ ਬੀ ਜੀ ਠੀਕ ਹੋ ਜਾਂਦੀ ਤਾਂ ਇਹਨੂੰ ਵੀ ਛੇਤੀ ਅਰਾਮ ਆ ਜਾਣਾ ਸੀ | ਵਿਚਾਰੀ ਮਹੀਨਾ ਭਰ ਹਸਪਤਾਲ ਵਿਚ ਦੁੱਖ ਭੋਗਦੀ ਰਹੀ | ਇਕ ਦਿਨ ਵੀ ਸੁਰਤ ਵਿਚ ਨਾ ਆਈ |" 
"ਇਕ ਮਹੀਨਾ ਕੀ, ਉਸ ਨੇ ਤਾਂ ਸਾਰੀ ਜ਼ਿੰਦਗੀ ਹੀ ਦੁੱਖ ਭੋਗਿਆ |"
"ਸੱਚੀ ਗੱਲ ਐ | ਮੈਨੂੰ ਤਾਂ ਬੀ ਜੀ ਦੀ ਹਾਲਤ 'ਤੇ ਤਰਸ ਆਉਂਦਾ | ਵਿਚਾਰੀ ਨੂੰ ਭਰ ਜੁਆਨੀ 'ਚ ਈ ਚਿੱਟੀ ਚੁੰਨੀ ਲੈਣੀ ਪੈ ਗਈ ਸੀ | ਦਸ ਸਾਲ ਵੀ ਬਾਪੂ ਜੀ ਦਾ ਸਾਥ ਨਾ ਮਾਣ ਸਕੀ |" 
"ਵਿਆਹੀ ਆਈ ਨੂੰ ਤਾਂ ਇਕ ਪੁੱਤ ਦੀ ਮਾਂ ਬਣਾ ਦਿੱਤਾ ਸੀ | ਉਹ ਨਜ਼ਾਰਾ ਮੈਨੂੰ ਹੁਣ ਵੀ ਉਵੇਂ ਦਾ ਉਵੇਂ ਹੀ ਦਿਸ ਰਿਹਾ | ਉਸ ਸਮੇ ਮੈਂ ਨੌ ਦਸ ਸਾਲ ਦਾ ਹੋਵਾਂਗਾ | ਬੀ ਜੀ ਲਾਲ ਸੂਟ ਪਾਈ, ਦੁਲਹਨ ਬਣੀ, ਪਲੰਘ 'ਤੇ ਬੈਠੀ ਸੀ ਤੇ ਦਾਦੀ ਨੇ ਮੈਨੂੰ ਉਸ ਦੀ ਗੋਦੀ ਵਿਚ ਬਿਠਾਉਂਦਿਆਂ ਕਿਹਾ ਸੀ, 'ਲੈ ਧੀਏ, ਏਸ ਮਾਂ ਮਸ਼ੋਰ੍ਹ ਨੂੰ ਮੈਂ ਤੇਰੀ ਝੋਲ਼ੀ ਪਾਉਨੀ ਆਂ, ਹੁਣ ਤੋਂ ਤੂੰ ਈ ਏਸ ਦੀ ਮਾਂ ਐਂ, ਏਸ ਨੂੰ ਮਾਂ ਦਾ ਵਿਗੋਚਾ ਨਾ ਆਉਣ ਦੇਵੀਂ |' ਉਹ ਕੁਝ ਦੇਰ ਮੇਰੇ ਵੱਲ ਦੇਖਦੀ ਰਹੀ ਤੇ ਫੇਰ ਉਸ ਨੇ ਮੈਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਸੀ ਤੇ ਉਸ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲੱਗ ਪਏ ਸੀ | ਕੁਝ ਹੰਝੂ ਮੇਰੇ ਸਿਰ ਦੇ ਵਾਲ਼ਾਂ ਵਿਚ ਵੀ ਡਿੱਗ ਪਏ ਸੀ | ਮੈਂ ਆਪਣੇ ਸਿਰ ਉਪਰ ਹੱਥ ਫੇਰਿਆ ਤੇ ਉਸ ਦੀ ਬੁੱਕਲ ਵਿਚੋਂ ਨਿਕਲ ਕੇ ਬਾਹਰ ਨੂੰ ਦੌੜ ਗਿਆ ਸੀ | ਉਸ ਤੋਂ ਮਗਰੋਂ ਮੈਂ ਉਸ ਨੂੰ ਨਵੀਆਂ ਨਵੇਲੀਆਂ ਵਹੁਟੀਆਂ ਵਾਂਗ ਹਾਰ ਸ਼ਿੰਗਾਰ ਲਾਉਂਦਿਆ ਨਹੀਂ ਦੇਖਿਆ |"
"ਉਂਝ, ਬੀ ਜੀ ਦੇ ਹਰ ਤਰ੍ਹਾਂ ਦਾ ਪਾਇਆ ਕਪੜਾ ਬੜਾ ਹੀ ਸਜਦਾ ਸੀ | ਸਕਰਟ ਜਾਂ ਪੈਂਟ ਸ਼ਰਟ ਵਿਚ ਤਾਂ ਉਹ ਗੋਰੀਆਂ ਵਾਂਗ ਹੀ ਲਗਦੀ ਸੀ | ਜਦੋਂ ਕਦੀ ਉਸ ਵਾਸਤੇ ਨਵੇਂ ਕਪੜੇ ਲਿਆ ਕੇ ਦੇਣੇ ਤਾਂ ਉਹ ਮਹੀਨਿਆਂ ਬੱਧੀ ਕਲਾਜ਼ਟਾਂ ਵਿਚ ਪਏ ਰਹਿਣੇ ਤੇ ਉਸ ਨੇ ਉਹੋ ਪੁਰਾਣੇ ਕਪੜੇ ਹੀ ਪਾ ਰੱਖਣੇ | ਜਦੋਂ ਮੇਰੇ ਮੁੜ ਮੁੜ ਕਹਿਣ 'ਤੇ ਨਵੇਂ ਕਪੜੇ ਨੂੰ ਅੰਗ ਲਾਉਣਾ ਤਾਂ ਪਹਿਲਾਂ ਉਸ ਨੂੰ ਧੋ ਲੈਣਾ |" 
"ਉਸ ਨੇ ਕਦੀ ਮੈਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਮੇਰੀ ਮਤੇਰ ਮਾਂ ਹੈ | ਬਾਪੂ ਦੀ ਮੌਤ ਤੋਂ ਮਗਰੋਂ ਜਦੋਂ ਸੇਮਾ ਮਾਮਾ ਬੀ ਜੀ ਨੂੰ ਦੁਬਾਰਾ ਵਿਆਹ ਕਰਵਾਉਣ ਲਈ ਜ਼ੋਰ ਪਾ ਰਿਹਾ ਸੀ ਤਾਂ ਉਸ ਨੇ ਕਿਵੇਂ ਗੁੱਸੇ ਵਿਚ ਆ ਕੇ ਕਿਹਾ ਸੀ, 'ਮੈਂ ਆਪਣੇ ਇਨ੍ਹਾਂ ਦੋ ਬੱਚਿਆਂ ਨੂੰ ਕਿਹੜੇ ਖੂਹ ਵਿਚ ਸੁਟਾਂ? ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ | ਸੁੱਖ ਨਾਲ ਹੋਰ ਚਹੁੰ ਦਿਨਾਂ ਨੂੰ ਮੇਰਾ ਇਹ ਪੁੱਤ ਗਭਰੂ ਹੋਇਆ ਲੈ |' ਉਸ ਤੋਂ ਮਗਰੋਂ ਉਸ ਨੇ ਭਾਵੇਂ ਆਪ ਉਹਨਾਂ ਨਾਲ ਮਿਲ਼ਨਾ ਵਰਤਨਾ ਘੱਟ ਕਰ ਦਿੱਤਾ ਸੀ ਪਰ ਮੈਨੂੰ ਉਹਨਾਂ ਨਾਲੋਂ ਟੁੱਟਣ ਨਹੀਂ ਦਿੱਤਾ ਸੀ | ਪਤਾ ਨਹੀਂ ਆਪਣੇ ਮਨ ਵਿਚ ਕਿਹੜੀਆਂ ਰੀਝਾਂ ਲੈ ਕੇ ਤੁਰ ਗਈ |"
"ਰੀਝਾਂ ਤਾਂ ਉਸ ਦੇ ਮਨ ਵਿਚ ਸੀਗੀਆਂ | ਮੈਂ ਕਈ ਵਾਰ ਉਸ ਨੂੰ ਇਕੱਲੀ ਬੈਠੀ ਨੂੰ ਲੰਮੇ ਲੰਮੇ ਹਉਕੇ ਭਰਦਿਆਂ ਦੇਖਿਆ ਏ | ਪਰ ਆਪਾਂ ਨੂੰ ਉਸ ਨੇ ਕਦੀ ਸਿਰ ਨਹੀਂ ਸੀ ਹੋਣ ਦਿੱਤਾ |"
"ਉਦੋਂ ਮੈਨੂੰ ਆਪ ਨੂੰ ਵੀ ਇੰਨੀ ਸਮਝ ਨਹੀਂ ਸੀ ਕਿ ਬੀ ਜੀ ਨੂੰ ਦੂਜੇ ਵਿਆਹ ਲਈ ਕਹਿ ਸਕਦਾ | ਮਾਮਾ ਸੇਮਾ ਠੀਕ ਕਰ ਰਿਹਾ ਸੀ | ਉਸ ਨੂੰ ਬੀ ਜੀ ਦੀ ਜਵਾਨੀ ਵਾਲੀ ਉਮਰ ਦਾ ਅਹਿਸਾਸ ਸੀ | ਜਿਸ ਬੰਦੇ ਨਾਲ ਮਾਮਾ ਬੀ ਜੀ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਉਹ ਉਹਦਾ ਹਾਣੀ ਸੀ |"
"ਹੁਣ ਝੂਰਨ ਦਾ ਕੋਈ ਲਾਭ! ਜੋ ਕਿਸਮਤ ਵਿਚ ਹੁੰਦਾ, ਉਹ ਹੋ ਕੇ ਰਹਿੰਦਾ | ਹੁਣ ਤੁਸੀਂ ਸੌਂ ਜਾਓ, ਰਾਤ ਅੱਧੀ ਤੋਂ ਉੱਤੇ ਟੱਪ ਗਈ ਐ |" ਸਰਬਜੀਤ ਸਾਰੀ ਗੱਲ ਕਿਸਮਤ ਉੱਤੇ ਛੱਡ ਕੇ ਜਲੌਰ ਦੇ ਸਿਰ ਵਿਚ ਆਪਣੀਆਂ ਉਂਗਲਾਂ ਦੀ ਕੰਘੀ ਕਰਨ ਲੱਗ ਪਈ | 
   ਅਗਲੇ ਦਿਨ ਸਵੇਰੇ ਜਲੌਰ ਨੂੰ ਜਾਗ ਤਾਂ ਸਮੇਂ ਸਿਰ ਹੀ ਆ ਗਈ ਸੀ ਪਰ ਉਸ ਦਾ ਉਠਣ ਨੂੰ ਜੀਅ ਨਹੀਂ ਸੀ ਕਰ ਰਿਹਾ | ਉਹ ਬੜੀ ਦੇਰ ਤਕ ਬਿਸਤਰੇ ਵਿਚ ਪਿਆ, ਪਲਸੇਟੇ ਮਾਰਦਾ ਰਿਹਾ ਤੇ ਓਧਰ ਸਰਬੀ ਉਸ ਨੂੰ ਲਿਵਿੰਗਰੂਮ ਵਿਚ ਬੈਠੀ ਚਾਹ ਪੀਣ ਲਈ ਉਡੀਕਦੀ ਰਹੀ | ਜਦੋਂ ਉਹ ਕੁਝ ਦੇਰ ਹੋਰ ਬਾਹਰ ਨਾ ਆਇਆ ਤਾਂ ਸਰਬੀ ਨੇ ਉਸ ਦੇ ਕੋਲ ਆ ਕੇ ਕਿਹਾ, "ਸਾਢੇ ਨੌ ਵੱਜ ਗਏ, ਅਜੇ ਉਠੇ ਨਹੀਂ, ਕੁਝ ਦੁਖਦਾ ਏ?"
"ਦੁਖਦਾ ਤਾਂ ਕੁਝ ਨਹੀਂ ਪਰ ਸਾਰਾ ਸਰੀਰ ਇਸ ਤਰ੍ਹਾਂ ਟੁੱਟਿਆ ਭੱਜਿਆ ਜੇਹਾ ਪਿਆ, ਜਿਵੇਂ ਸਾਰੀ ਦਿਹਾੜੀ ਗਰੀਨ ਚੇਨ ਤੋਂ ਫੱਟੇ ਖਿਚਦਾ ਰਿਹਾ ਹੋਵਾਂ |" 
"ਕਈ ਦਿਨ ਭੱਜ ਨੱਠ ਵੀ ਬਹੁਤ ਰਹੀ ਏ, ਇਸ ਕਰਕੇ ਥਕੇਵਾਂ ਉਤਰ ਆਇਆ | ਤੁਸੀਂ ਰਾਤੀਂ ਸੁੱਤੇ ਵੀ ਤਾਂ ਨਹੀਂ, ਏਸ ਤਰ੍ਹਾਂ ਨੀਂਦਰੇ ਨਾਲ ਵੀ ਹੋ ਜਾਂਦਾ | ਹੁਣ ਤੁਸੀਂ ਉਠ ਕੇ ਬੁਰਸ਼ ਕਰ ਲਵੋ ਮੈਂ ਚਾਹ ਤਿਆਰ ਕਰਦੀ ਆਂ |" 
"ਬੌਬੀ ਬੈਡ ਉਪਰ ਨਹੀਂ ਦਿਸ ਰਿਹਾ?"
"ਉਹ ਅੱਜ ਆਪ ਹੀ ਉਠ ਕੇ ਸੋਫੇ ਉਪਰ ਜਾ ਪਿਆ ਸੀ | ਹੁਣ ਤਾਂ ਉਸ ਦਾ ਬੁਖਾਰ ਵੀ ਘੱਟ ਲਗਦਾ |" ਕਿਚਨ ਵੱਲ ਜਾਂਦੀ ਹੋਈ ਸਰਬੀ ਬੋਲੀ |
   ਜਦੋਂ ਜਲੌਰ ਨਹਾ ਕੇ ਲਿਵਿੰਗਰੂਮ ਵਿਚ ਆਇਆ ਤਾਂ ਬੌਬੀ ਕੰਬਲ ਵਿਚ ਲਿਪਟਿਆ ਸੋਫੇ ਉਪਰ ਲੰਮਾ ਪਿਆ ਸੀ | ਆਪਣੀ ਬੁੱਕਲ ਵਿਚ ਲੈ ਕੇ ਉਹ ਕੁਝ ਦੇਰ ਉਸ ਨਾਲ ਗੱਲਾਂ ਕਰਦਾ ਰਿਹਾ ਤੇ ਫੇਰ ਹਉਕੇ ਵਾਂਗ ਇਕ ਲੰਮਾ ਸਾਹ ਲੈ ਕੇ ਉਸ ਨੂੰ ਆਪਣੀ ਛਾਤੀ ਨਾਲ ਘੁਟਦਿਆਂ ਬੁੜਬੜਾਇਆ, "ਇਹ ਕਿਹੜੇ ਇਮਤਿਹਾਨਾਂ ਵਿਚ ਪਾ ਦਿੱਤਾ ਰੱਬਾ ਤੂੰ ਸਾਨੂੰ | ਏਸ ਬੱਚੇ ਨੇ ਕੀ ਕਸੂਰ ਕੀਤਾ ਸੀ, ਜਿਹੜੀ ਏਸ ਦੀ ਇਹ ਹਾਲਤ ਬਣਾਈ ਆ!"
   ਪਤਾ ਨਹੀਂ ਉਹ ਰੱਬ ਨੂੰ ਹੋਰ ਕਿੰਨੇ ਕੁ ਉਲਾਹਮੇ ਦੇਈ ਜਾਂਦਾ ਕਿ ਰਸੋਈ ਵਿਚੋਂ ਸਰਬੀ ਨੇ ਚਾਹ ਵਾਲੀ ਟਰੇਅ, ਕੌਫ਼ੀ ਟੇਬਲ ਉਪਰ ਲਿਆ ਰੱਖੀ ਤੇ ਆਪ ਬੌਬੀ ਦੇ ਨਾਲ ਹੀ ਸੋਫੇ 'ਤੇ ਬੈਠਦੀ ਹੋਈ ਬੋਲੀ,"ਮੇਰਾ ਲਾਲ ਕੀ ਖਾਵੇਗਾ? ਮੈਂ ਤੇਰੇ ਵਸਤੇ ਆਮਲੇਟ ਟੋਸਟ ਬਣਾ ਕੇ ਲਿਆਈ ਆਂ | ਲੈ ਪਹਿਲਾਂ ਦੁਆਈ ਪੀ ਲੈ, ਮੇਰਾ ਸ਼ੇਰ ਪੁੱਤ |" 
   ਬੌਬੀ ਨੇ ਬਿਨਾਂ ਹੀਲ ਹੁੱਜਤ ਦਵਾਈ ਪੀ ਲਈ | ਮਾਂ ਨੇ ਟੋਸਟ ਉਸ ਦੇ ਹੱਥ ਵਿਚ ਫੜਾਇਆ ਤਾਂ ਉਹ ਵੀ ਉਸ ਨੇ ਚੁਪ ਕਰਕੇ ਫੜ ਲਿਆ ਤੇ ਹੌਲ਼ੀ ਹੌਲ਼ੀ ਖਾਣ ਲੱਗਾ | ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ, "ਪਹਿਲਾਂ ਕਿੰਨੇ ਨਖਰੇ ਤੇ ਜਿਦ ਕਰਦਾ ਹੁੰਦਾ ਸੀ, ਹੁਣ ਉਹ ਸਭ ਕੁਝ ਹੀ ਭੁੱਲ ਗਿਆ | ਅੱਧਾ ਰਹਿ ਗਿਆ ਹੁਣ ਤਾਂ |"
   ਬੌਬੀ ਨੇ ਦੋ ਬੁਰਕੀਆਂ ਖਾ ਕੇ ਬਾਕੀ ਦਾ ਟੋਸਟ ਆਪਣੀ ਮਾਂ ਨੂੰ ਫੜਾ ਦਿੱਤਾ | ਜਦੋਂ ਉਹ ਛੋਟੀ ਜਿਹੀ ਬੁਰਕੀ ਉਸ ਦੇ ਮੂੰਹ ਵਿਚ ਪਾਉਣ ਲੱਗੀ ਤਾਂ ਉਸ ਨੇ ਸਿਰ ਫੇਰ ਕੇ ਖਾਣੋ ਇਨਕਾਰ ਕਰ ਦਿੱਤਾ | "ਲੈ, ਅਹਿ ਦੁੱਧ ਗਟ ਗਟ ਕਰ ਕੇ ਪੀ ਜ੍ਹਾ, ਫੇਰ ਤੇਰਾ ਤਾਪ ਛੇਤੀ ਲਹਿ ਜਾਊਗਾ |" ਉਸ ਨੇ ਗਲਾਸ ਮੂੰਹ ਨੂੰ ਲਾਉਂਦਿਆਂ, ਤਰਲੇ ਜਿਹੇ ਨਾਲ ਕਿਹਾ |    
   ਬੌਬੀ ਨੇ ਦੁੱਧ ਤਾਂ ਨਾ ਪੀਤਾ ਪਰ ਬਿਨਾਂ ਅਵਾਜ਼ ਹਉਕੇ ਭਰ ਭਰ ਰੋਣ ਲੱਗਾ | " ਜੇ ਨਹੀਂ ਪੀਂਦਾ ਤਾਂ ਰਹਿਣ ਦੇ, ਕਿਉਂ ਤੰਗ ਕਰਦੀ ਏਂ ਮੁੰਡੇ ਨੂੰ?" ਜੈਰੀ ਕੋਲੋਂ ਉਸ ਦਾ ਰੋਣਾ ਝੱਲਿਆ ਨਹੀਂ ਜਾ ਰਿਹਾ ਸੀ |       
   ਬੌਬੀ ਨੂੰ ਰੋਂਦਾ ਦੇਖ, ਸਰਬੀ ਉਸ ਨੂੰ ਆਪਣੀ ਬੁੱਕਲ਼ ਵਿਚ ਲੈ ਕੇ ਆਪ ਵੀ ਰੋਣ ਲੱਗ ਪਈ | "ਏਸ ਤਰ੍ਹਾਂ ਰੋਂਦਿਆਂ ਦਿਨ ਨਹੀਂ ਲੰਘਣੇ | ਹੌਸਲਾ ਰੱਖ ਤੇ ਅਗਾਂਹ ਬਾਰੇ ਸੋਚ ਕਿ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ | ਮਹੀਨੇ ਤੋਂ ਉੱਤੇ ਤੈਨੂੰ ਘਰੇ ਬੈਠੀ ਨੂੰ ਹੋ ਗਿਆ ਤੇ ਪੰਦਰਾਂ ਦਿਨਾਂ ਤੋਂ ਮੈਂ ਕੰਮ 'ਤੇ ਨਹੀਂ ਗਿਆ |" ਜਲੌਰ ਨੇ ਹਕੀਕਤ ਤੋਂ ਜਾਣੂ ਕਰਵਾਇਆ |
"ਕੰਮਾਂ 'ਤੇ ਤਾਂ ਜਾਣਾ ਈ ਪੈਣਾ | ਜਿੰਨਾ ਚਿਰ ਬੌਬੀ ਠੀਕ ਨਹੀਂ ਹੁੰਦਾ, ਮੈਂ ਛੁੱਟੀ ਲੈ ਲਵਾਂਗੀ ਤੇ ਫੇਰ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਜਾਇਆ ਕਰੂੰ | ਤੁਸੀਂ ਕੱਲ੍ਹ ਤੋਂ ਕੰਮ 'ਤੇ ਜਾਓ |" ਸਰਬੀ ਨੇ ਸੋਚ ਸੋਚ ਕੇ ਆਖਿਆ |
"ਮੈਂ ਚਾਹੁਨਾ ਕਿ ਬੌਬੀ ਦੀ ਦੇਖ ਭਾਲ ਕਰਨ ਲਈ ਤੈਨੂੰ ਕੰਮ ਛੱਡ ਹੀ ਦੇਣਾ ਚਾਹੀਦਾ ਹੈ | ਹੁਣ ਇਹਨੂੰ ਆਪਣੀ ਬਹੁਤ ਲੋੜ ਆ | ਬੀ ਜੀ ਦੇ ਹੁੰਦਿਆਂ ਆਪਾਂ ਨੂੰ ਇਹਦਾ ਭੋਰਾ ਫਿਕਰ ਨਹੀਂ ਸੀ |" 
"ਇਹ ਬੀ ਜੀ ਦਾ ਲਾਡਲਾ ਵੀ ਬਹੁਤ ਸੀ | ਉਹ ਇਹਨੂੰ ਆਪਣੀਆਂ ਅੱਖਾਂ ਤੋਂ ਇਕ ਮਿੰਟ ਵੀ ਪਾਸੇ ਨਹੀਂ ਹੋਣ ਦਿੰਦੀ ਸੀ ਤੇ ਇਹ ਵੀ ਉਸ ਦਾ ਖਹਿੜਾ ਨਹੀਂ ਸੀ ਛੱਡਦਾ, ਸਦਾ ਪਰਛਾਵੇਂ ਵਾਂਗੂੰ ਉਸ ਦੇ ਨਾਲ ਨਾਲ ਰਹਿੰਦਾ ਸੀ |"
"ਆਪਾਂ ਫੇਰ ਬੀ ਜੀ ਦੀ ਕਥਾ ਛੇੜ ਕੇ ਬਹਿ ਗਏ | ਮੈਂ ਤੈਨੂੰ ਕੰਮ ਛੱਡਣ ਬਾਰੇ ਕਿਹਾ ਸੀ?"
"ਜੇ ਕੰਮ ਛੱਡਣਾ ਪਿਆ ਤਾਂ ਮੈਂ ਛੱਡ ਦਿਆਂਗੀ, ਬਸ ਇਹ ਠੀਕ ਹੋ ਜਾਵੇ |"
"ਤੂੰ ਇਸ ਨੂੰ ਬੈਡ ਉਪਰ ਪਾ ਦੇ, ਇਹ ਗੋਦੀ ਵਿਚ ਔਖ ਮੰਨਦਾ ਹੋਊ |"
   ਜਦੋਂ ਸਰਬੀ ਬੌਬੀ ਨੂੰ ਬਿਸਤਰੇ ਵਿਚ ਪਾ ਕੇ ਮੁੜੀ ਤਾਂ ਜਲੌਰ ਨੇ ਕਿਹਾ, "ਸਾਨੂੰ ਬੌਬੀ ਦੇ ਕੋਲ, ਉਸ ਦੀ ਬਿਮਾਰੀ ਬਾਰੇ ਤੇ ਬੀ ਜੀ ਬਾਰੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ |"
"ਮੇਰਾ ਤਾਂ ਚੱਤੋ ਪਹਿਰ ਇਹਦੀ ਬਿਮਾਰੀ ਵਿਚ ਈ ਧਿਆਨ ਹੁੰਦਾ | ਉਸ ਦੇ ਕੋਲ ਹੋਣ ਜਾਂ ਨਾ ਹੋਣ ਦਾ ਮੈਨੂੰ ਚੇਤਾ ਈ ਨਹੀਂ ਰਹਿੰਦਾ |"  
"ਫੇਰ ਵੀ ਸਾਨੂੰ ਸਾਈਕੈਟਰਿਕ ਦੀਆਂ ਦੱਸੀਆਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ | ਉਂਝ ਗਲ਼ ਦੇ ਸਪੈਸਲਲਿਸਟ ਨੇ ਪੂਰੇ ਭਰੋਸੇ ਨਾਲ ਕਿਹਾ ਹੈ ਕਿ ਇਹਦੀ ਅਵਾਜ਼ ਮੁੜ ਆਏਗੀ |"            
"ਕਿਤੇ ਏਸ ਨੂੰ ਕੋਈ ਹੋਰ ਈ ਨਾਮੁਰਾਦ ਬਿਮਾਰੀ ਨਾ ਚੁੰਬੜ ਗਈ ਹੋਵੇ, ਜਿਹੜਾ ਇਹਦਾ ਤਾਪ ਵੀ ਨਈਂ ਲਹਿੰਦਾ |" ਸਰਬੀ ਨੇ ਚਿੰਤਾਵਾਨ ਹੁੰਦਿਆ ਕਿਹਾ |
"ਡਾਕਟਰਾਂ ਨੇ ਕਿਹਾ ਤਾਂ ਸੀ ਕਿ ਇਸ ਦੇ ਗਲ਼ੇ ਦੇ ਨੁਕਸ ਕਰਕੇ ਹੀ ਬੁਖਾਰ ਰਹਿੰਦਾ | ਪਰ ਜੇ ਕੋਈ ਹੋਰ ਬਿਮਾਰੀ ਹੋਈ ਵੀ ਤਾਂ ਉਸ ਦਾ ਵੀ ਪਤਾ ਲੱਗ ਜਾਵੇਗਾ | ਪਰਸੋਂ ਹੀ ਵੈਨਕੂਵਰ ਦੇ ਹਸਪਤਾਲ ਵਿਚ ਇਹਦੀ ਅਪੁਆਇੰਟਮਿੰਟ ਆ | ਉੱਥੇ ਬੱਚਿਆਂ ਦੀਆਂ ਬੀਮਾਰੀਆਂ ਦੇ ਸਪੈਸ਼ਲਿਸਟ ਬਹੁਤ ਨੇ |"    
   ਤੀਸਰੇ ਦਿਨ ਜਦੋਂ ਉਹ ਬੌਬੀ ਨੂੰ ਵੈਨਕੂਵਰ ਦੇ ਚਿਲਡਰਨ ਹਸਪਤਾਲ ਵਿਚ ਲੈ ਕੇ ਗਏ ਤਾਂ ਉਸ ਦੀ ਕੇਸ ਹਿਸਟਰੀ ਪਹਿਲਾਂ ਹੀ ਉੱਥੇ ਪਹੁੰਚੀ ਹੋਈ ਸੀ | ਫੇਰ ਵੀ ਉਸ ਦੇ ਸਾਰੇ ਟੈਸਟ ਲਏ ਗਏ | ਉਸ ਤੋਂ ਮਗਰੋਂ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰ ਨੇ ਸਰਬੀ ਤੇ ਜਲੌਰ ਨਾਲ ਕੋਈ ਅੱਧਾ ਘੰਟਾ ਗੱਲ ਬਾਤ ਕੀਤੀ ਤੇ ਫੇਰ ਉਸ ਨੂੰ ਹਸਪਤਾਲ ਵਿਚ ਦਾਖਲ ਕਰ ਲਿਆ ਗਿਆ | 
   ਸਰਬੀ ਸਾਰਾ ਦਿਨ ਹਸਪਤਾਲ ਬੌਬੀ ਕੋਲ ਹੀ ਰਹਿੰਦੀ | ਇਕ ਦਿਨ ਦੁਪਹਿਰ ਦੇ ਖਾਣੇ ਸਮੇਂ ਉਹ ਬੌਬੀ ਨੂੰ ਚਮਚੇ ਨਾਲ ਸੂਪ ਪਿਲਾ ਰਹੀ ਸੀ ਕਿ ਉਹਨਾਂ ਕੋਲ ਦੀ ਇਕ ਤੀਵੀਂ ਲੰਘੀ, ਜਿਸ ਦਾ ਕੱਦ ਤੇ ਪਹਿਰਾਵਾ ਬੀ ਜੀ ਨਾਲ ਮਿਲਦਾ ਜੁਲਦਾ ਸੀ | ਉਹ ਉਸ ਦੇ ਵਾਂਗ ਹੀ ਕਾਹਲੇ ਕਦਮੀ ਵਰਾਂਡੇ ਵਿਚੋਂ ਦੀ ਤੁਰੀ ਜਾ ਰਹੀ ਸੀ | ਉਸ ਦੀ ਪਿੱਠ ਦੇਖ ਕੇ ਸਰਬੀ ਨੂੰ ਵੀ ਆਪਣੀ ਸੱਸ ਦਾ ਹੀ ਭੁਲੇਖਾ ਪਿਆ | ਬੌਬੀ ਨੇ ਵੀ ਸੂਪ ਪੀਣਾ ਛੱਡ ਕੇ ਉਸ ਵੱਲ ਹੱਥ ਕੀਤਾ | ਉਸ ਦੇ ਮੂੰਹੋਂ 'ਆਹ' ਨਿਕਲਿਆ ਤੇ ਫੇਰ ਉਸ ਨੂੰ ਹੱਥੂ ਆ ਗਿਆ | ਜਦੋਂ ਨੂੰ ਬੌਬੀ ਦੀ ਖੰਘ ਬੰਦ ਹੋਈ, ਉਹ ਤੀਵੀਂ ਵਰਾਂਡੇ ਦਾ ਮੋੜ ਮੁੜ ਗਈ ਸੀ | ਸਰਬਜੀਤ ਨੂੰ ਜਾਪਿਆ ਜਿਵੇਂ ਬੌਬੀ ਦੇ ਗਲ਼ੇ ਵਿਚੋਂ ਨਿਕਲੀ 'ਆਹ' ਦੀ ਆਵਾਜ਼, ਉਸ ਦੇ ਗਲ਼ੇ 'ਚੋਂ ਪਹਿਲਾਂ ਨਿਕਲਦੀ 'ਆਅ ਆਅ' ਦੀ ਅਵਾਜ਼ ਨਾਲੋਂ ਕੁਝ ਵੱਖਰੀ ਹੋਵੇ |     
   ਅਗਲੇ ਦਿਨ ਸਰਬੀ ਬੌਬੀ ਨੂੰ ਦੁਪਹਿਰ ਦਾ ਖਾਣਾ ਖੁਆ ਕੇ ਵਰਾਂਡੇ ਵਿਚ ਆਈ ਤਾਂ ਉਸ ਨੂੰ ਕੱਲ੍ਹ ਵਾਲੀ ਤੀਵੀਂ ਸੱਜੇ ਪਾਸੇ ਸਾਹਮਣਿਉਂ ਵਰਾਂਡੇ ਵਿਚ ਆਉਂਦੀ ਦਿਸੀ | ਉਸ ਨੇ ਗਹੁ ਨਾਲ ਉਸ ਤੀਵੀ ਵੱਲ ਦੇਖਿਆ | ਉਸ ਦਾ ਚਿਹਰਾ ਦੇਖ ਕੇ ਸਰਬਜੀਤ ਨੂੰ ਮਾਯੂਸੀ ਹੋਈ ਤੇ ਉਹ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਆਪਣੇ ਕਮਰੇ ਅੰਦਰ ਆ ਗਈ | ਬੌਬੀ ਉਸ ਦੇ ਮਗਰ ਖੜ੍ਹਾ, ਉਸੇ ਤੀਵੀਂ ਵੱਲ ਹੀ ਦੇਖ ਰਿਹਾ ਸੀ | ਸਰਬੀ ਉਸ ਨੂੰ ਚੁੱਕ ਕੇ ਬੈਡ ਉਪਰ ਲੈ ਆਈ ਪਰ ਬੌਬੀ ਆਪਣੇ ਬੈਡ ਉਪਰ ਨਹੀਂ ਗਿਆ ਤੇ ਮੁੜ ਬੂਹੇ ਵਿਚ ਖੜ੍ਹ ਕੇ ਤੁਰੀ ਜਾਂਦੀ ਉਸ ਤੀਵੀਂ ਨੂੰ ਟਿਕ ਟਿਕੀ ਲਾ ਕੇ ਦੇਖਦਾ ਰਿਹਾ | 
"ਤੈਨੂੰ ਬੀ ਜੀ ਦਾ ਭੁਲੇਖਾ ਪਿਐ?" ਸਰਬੀ ਨੇ ਪੁੱਛਿਆ | ਉਹ ਬਿਨਾਂ ਸਿਰ ਹਿਲਾਇਆਂ ਉਸੇ ਪਾਸੇ ਦੇਖਦਾ ਰਿਹਾ | 
"ਮੈਨੂੰ ਵੀ ਬੀ ਜੀ ਦਾ ਹੀ ਭੁਲੇਖਾ ਪਿਆ ਸੀ ਪਰ ਉਹ ਬੀ ਜੀ ਨਹੀਂ, ਕੋਈ ਹੋਰ ਤੀਵੀਂ ਸੀ |" ਸਰਬਜੀਤ ਨੇ ਬੌਬੀ ਦਾ ਭੁਲੇਖਾ ਦੂਰ ਕਰਨ ਦੀ ਕੋਸ਼ਸ਼ ਕੀਤੀ |
   ਅਗਲੇ ਦਿਨ ਬੌਬੀ ਦੇ ਗਲ਼ੇ ਦਾ ਉਪਰੇਸ਼ਨ ਕਰ ਦਿੱਤਾ ਗਿਆ | ਪੰਜ ਚਾਰ ਦਿਨ ਉਸ ਨੂੰ ਬਿਸਤਰੇ ਵਿਚ ਹੀ ਰਹਿਣਾ ਪਿਆ | ਜਦੋਂ ਉਸ ਨੂੰ ਤੁਰਨ ਫਿਰਨ ਦੀ ਇਜਾਜ਼ਤ ਮਿਲੀ ਤਾਂ ਉਹ ਅਗਲੇ ਦਿਨ ਹੀ, ਦੁਪਹਿਰ ਵੇਲੇ, ਬੂਹੇ ਵਿਚ ਜਾ ਖੜ੍ਹਾ ਤੇ ਦਸ ਕੁ ਮਿੰਟ ਉੱਥੇ ਠਹਿਰ ਕੇ ਫੇਰ ਆਪਣੇ ਬੈਡ ਉਪਰ ਆ ਪਿਆ | ਉਹ ਹਰ ਰੋਜ਼ ਹੀ ਦੁਪਹਿਰ ਵੇਲ਼ੇ ਬੂਹੇ ਵਿਚ ਜਾ ਖੜ੍ਹਦਾ, ਜਿਵੇਂ ਉਹ ਉਸੇ ਤੀਵੀਂ ਨੂੰ ਉਡੀਕ ਰਿਹਾ ਹੋਵੇ | ਇਕ ਦਿਨ ਬੌਬੀ ਤੇ ਸਰਬੀ ਬੂਹੇ ਵਿਚ ਖੜ੍ਹੇ ਸੀ ਕਿ ਦਰਸ਼ਨਾ ਆ ਗਈ |
"ਦੋਹੇਂ ਮਾਂ ਪੁੱਤ, ਬੂਹੇ 'ਚ ਖੜ੍ਹੇ ਮੈਨੂੰ ਉਡੀਕਦੇ ਸੀ?" ਦਰਸ਼ਨਾ ਨੇ ਬੌਬੀ ਨੂੰ ਬੁੱਕਲ਼ ਵਿਚ ਲੈਂਦਿਆਂ ਕਿਹਾ |
"ਦੀਦੀ, ਤੁਹਾਡਾ ਤਾਂ ਸਾਨੂੰ ਪਤਾ ਸੀ ਕਿ ਅੱਜ ਛੁੱਟੀ ਹੈ ਤੇ ਤੁਸੀਂ ਆਉਣੈ ਪਰ ਬੌਬੀ ਤਾਂ ਨਿੱਤ ਹੀ ਏਸ ਵੇਲ਼ੇ ਇੱਥੇ ਆ ਖੜ੍ਹਦਾ, ਜਿਵੇਂ ਕਿਸੇ ਨੂੰ ਉਡੀਕ ਰਿਹਾ ਹੋਵੇ |"
"ਮੇਰਾ ਪੁੱਤ ਕ੍ਹੀਨੂੰ ਉਡੀਕਦਾ?" ਦਰਸ਼ਨਾ ਨੇ ਉਸ ਨੂੰ ਗੋਦੀ ਚੁਕਦਿਆਂ ਪੁੱਛਿਆ |
"ਦੋ ਕੁ ਵਾਰ, ਇਸੇ ਵੇਲ਼ੇ, ਇੱਥੋਂ ਦੀ ਇਕ ਜਨਾਨੀ ਲੰਘੀ ਸੀ, ਜਿਸ ਦਾ ਪਿੱਛਾ ਬੀਜੀ ਵਰਗਾ ਸੀ ਤੇ ਉਹਦੀ ਤੋਰ ਵੀ ਬੀ ਜੀ ਵਾਂਗੂੰ ਈ ਸੀ | ਪਹਿਲਾਂ ਮੈਨੂੰ ਵੀ ਬੀ ਜੀ ਦਾ ਭੁਲੇਖਾ ਪਿਆ ਪਰ ਜਦੋਂ ਨੇੜਿਉਂ ਦੇਖਿਆ ਤਾਂ ਉਸ ਦਾ ਰੰਗ ਵੀ ਪੱਕਾ ਤੇ ਮੂੰਹ 'ਤੇ ਮਾਤਾ ਦੇ ਦਾਗ | ਮੈਨੂੰ ਲਗਦਾ ਏ ਜਿਵੇਂ ਇਹ ਉਸੇ ਨੂੰ ਦੇਖਣ ਦਾ ਮਾਰਾ ਇੱਥੇ ਆ ਖੜ੍ਹਦਾ ਹੋਵੇ ਪਰ ਉਹ ਮੁੜ ਕੇ ਆਈ ਹੀ ਨਹੀਂ |" ਬੌਬੀ ਦੀ ਥਾਂ ਸਰਬੀ ਨੇ ਦੱਸਿਆ | 
"ਇਉਂ ਤਾਂ ਬਥੇਰੀਆਂ ਸ਼ਕਲਾਂ ਮਿਲ ਜਾਂਦੀਆਂ | ਉਹਦਾ ਕੋਈ ਰੈਲੇਟਿਵ ਇੱਥੇ ਬਿਮਾਰ ਹੋਣਾ ਤੇ ਉਹ ਉਸ ਦਾ ਪਤਾ ਲੈਣ ਆਈ ਹੋਣੀ ਇਆ | ਹੁਣ ਬੀ ਜੀ ਨੇ ਕਿੱਥੋਂ ਮੁੜ ਕੇ ਆਉਣਾ, ਉਹ ਮੁੜਨ ਵਾਲੇ ਥਾਂ ਨਹੀਂ ਗਈ |" ਦਰਸ਼ਨਾ ਨੇ ਇਕ ਲੰਮਾ ਹਉਕਾ ਭਰਿਆ ਤੇ ਕੁਰਸੀ 'ਤੇ ਜਾ ਬੈਠੀ | ਉਸ ਨੇ ਆਪਣੇ ਹੱਥ ਵਿਚਲੇ ਬੈਗ ਵਿਚੋਂ ਇਕ ਖਿਡੌਣਾ ਕਾਰ ਕੱਢ ਕੇ ਬੌਬੀ ਨੂੰ ਫੜਾ ਦਿੱਤੀ ਤੇ ਬੈਗ ਨੂੰ ਇਕ ਪਾਸੇ ਕਰਕੇ ਰੱਖ ਦਿੱਤਾ, ਜਿਸ ਵਿਚ ਲੰਚ ਕਿਟ ਸੀ | ਫੇਰ ਉਹ ਕੁਝ ਦੇਰ ਚੁੱਪ ਰਹਿ ਕੇ ਬੋਲੀ, "ਕੀ ਕਹਿੰਦੇ ਨੇ ਡਾਕਟਰ?"
"ਡਾਕਟਰ ਤਾਂ ਕਹਿੰਦੇ ਨੇ ਕਿ ਇਹ ਹੁਣ ਬਿਲਕੁਲ ਠੀਕ ਹੈ | ਭਾਰ ਵੀ ਵਧਣ ਲੱਗ ਪਿਐ ਤੇ ਬੋਲ ਵੀ ਸਕਦਾ ਪਰ ਅਜੇ ਬੋਲਾਂ ਦੀ ਸਮਝ ਨਹੀਂ ਆਉਂਦੀ | ਉਂਝ ਵੀ ਡਾਕਟਰਾਂ ਨੇ ਅਜੇ ਬੋਲਣ ਤੋਂ ਮਨ੍ਹਾ ਕੀਤਾ ਹੋਇਆ | 
"ਕਦੋਂ ਕੁ ਛੁੱਟੀ ਮਿਲ ਜਾਊਗੀ?"
"ਪੰਜਾਂ ਚਹੁੰ ਦਿਨਾਂ ਤਾਈਂ ਛੁੱਟੀ ਮਿਲ ਜਾਣ ਦੀ ਝਾਕ ਹੈ |" 
"ਚੰਗਾ ਹੋਵੇ ਜੇ ਏਧਰੋਂ ਛੇਤੀ ਛੁੱਟੀ ਮਿਲ ਜਾਵੇ, ਤੈਨੂੰ ਸਕੂਲ ਵਿਚ ਹਾਜ਼ਰ ਹੋਣ ਲਈ ਨੋਟਿਸ ਵੀ ਆ ਗਿਐ |" 
"ਅੱਛਾ! ਪਰ ਮੈਂ ਤਾਂ ਇਕ ਸਾਲ ਦੀ ਛੁੱਟੀ ਲਈ ਹੋਈ ਸੀ ਤੇ ਅਜੇ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ |"
"ਇਹ ਕੋਈ ਜਰੂਰੀ ਤਾਂ ਨਹੀਂ ਕਿ ਉਹ ਇਕ ਸਾਲ ਦੀ ਛੁੱਟੀ ਮਨਜ਼ੂਰ ਕਰ ਲੈਣ | ਸਕੂਲ ਬੋਰਡ ਨੂੰ ਤੇਰਾ ਬਦਲ ਨਹੀਂ ਮਿਲਿਆ ਹੋਣਾ, ਏਸ ਕਰਕੇ ਉਹਨਾਂ ਤੈਨੂੰ ਹਾਜ਼ਰ ਹੋਣ ਲਈ ਕਹਿ ਦਿੱਤਾ |"
"ਪਰ ਮੈਂ ਬੌਬੀ ਨੂੰ ਇਸ ਹਾਲਤ ਵਿਚ ਛੱਡ ਕੇ ਕਿਵੇਂ ਸਕੂਲ ਜਾ ਸਕਦੀ ਆਂ? ਜੈਰੀ ਤਾਂ ਕਹਿੰਦਾ ਕਿ ਨੌਕਰੀ ਕਰਨੀ ਹੀ ਨਹੀਂ |"
"ਇਸ ਨੋਟਿਸ ਦਾ ਜਵਾਬ ਤਾਂ ਦੇਣਾ ਬਣਦਾ | ਨੌਕਰੀ ਕਰਨ ਨਾ ਕਰਨ ਬਾਰੇ ਬਾਅਦ ਵਿਚ ਸੋਚਿਆ ਜਾਊ |" ਇਹ ਕਹਿ ਕੇ ਦਰਸ਼ਨਾ ਨੇ ਨੋਟਿਸ ਵਾਲਾ ਪੱਤਰ, ਆਪਣੇ ਪਰਸ ਵਿਚੋਂ ਕੱਢ ਕੇ ਸਰਬਜੀਤ ਦੇ ਹੱਥ ਫੜਾ ਦਿੱਤਾ | ਉਸ ਨੇ ਨੋਟਿਸ ਨੂੰ ਸਰਸਰੀ ਪੜ੍ਹ ਕੇ ਆਪਣੇ ਪਰਸ ਵਿਚ ਪਾ ਲਿਆ ਤੇ ਫੇਰ ਕੁਝ ਦੇਰ ਚੁੱਪ ਰਹਿਣ ਮਗਰੋਂ ਕਹਿਣ ਲੱਗੀ, "ਆਪਾਂ ਜੈਰੀ ਤੇ ਸੁਖ ਭਾਅ ਜੀ ਨਾਲ ਸਲਾਹ ਕਰਕੇ ਇਸ ਦਾ ਜਵਾਬ ਦਿਆਂਗੇ, ਕਾਹਲ਼ੀ ਦੀ ਲੋੜ ਨਹੀਂ |"
"ਪਰ ਬੌਬੀ ਦੇ ਹਸਪਤਾਲ ਵਿਚੋਂ ਛੁੱਟੀ ਮਿਲਨ ਤੋਂ ਪਹਿਲਾਂ ਪਹਿਲਾਂ ਨੋਟਿਸ ਦਾ ਜਵਾਬ ਦੇ ਦਿੱਤਾ ਜਾਵੇ ਤਾਂ ਠੀਕ ਰਹੇਗਾ | ਚਲ, ਹੁਣ ਰੋਟੀ ਖਾ ਲਈਏ |" ਇਹ ਕਹਿ ਕੇ ਦਰਸ਼ਨਾ ਪਾਣੀ ਲੈਣ ਚਲੀ ਗਈ |