ਵਿਗੋਚਾ - ਅੰਕ 5 (ਨਾਵਲ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੜੀ ਜੋੜਨ ਲਈ ਪਿਛਲਾ ਅੰਕ ਦੇਖੋ
 
 
   ਵਤਨ ਫੇਰੀ
 ਭਾਰਤ ਦੇ ਪੰਦਰਵੇਂ ਅਜ਼ਾਦੀ ਦਿਵਸ ਨੂੰ ਲੰਘਿਆਂ ਅਜੇ ਹਫਤਾ ਕੁ ਹੀ ਹੋਇਆ ਸੀ | ਉਨ੍ਹੀਂ ਦਿਨੀਂ ਪੰਜਾਬ ਵਿਚ ਭਰਵੀਂ ਬਾਰਸੰ ਹੋ ਰਹੀ ਸੀ | ਅੱਜ ਵੀ ਭਾਦਰੋਂ ਦੇ ਛੜਾਕਿਆਂ ਨੇ ਸਾਰੇ ਪਾਸੇ ਚਿੱਕੜ ਕੀਤਾ ਹੋਇਆ ਸੀ | ਹੁਣ ਮੀਂਹ ਤਾਂ ਨਹੀਂ ਸੀ ਪੈ ਰਿਹਾ ਪਰ ਬੱਦਲਵਾਈ ਜ਼ਰੂਰ ਸੀ | ਕਪਾਹ, ਨਰਮੇ ਦੇ ਖੇਤ ਫੁੱਲਾਂ 'ਤੇ ਆਏ ਝੂੰਮ ਰਹੇ ਸਨ | ਸਣ, ਮੱਕੀ, ਬਾਜਰੇ ਤੇ ਚਰ੍ਹੀਆਂ ਚਾਰੇ ਪਾਸੇ ਖੇਤਾਂ ਵਿਚ ਲਹਿ ਲਹਾ ਰਹੀਆਂ ਸਨ | ਹਰ ਪਾਸੇ ਹਵਾ ਵਿਚ ਇਕ ਅਨੋਖੀ ਸੁਗੰਧ ਪਸਰੀ ਹੋਈ ਸੀ | ਰੇਰੂ ਦੇ ਫੁੱਲ ਹਰ ਪਾਸੇ ਮਹਿਕ ਖਿਲਾਰ ਰਹੇ ਸਨ | ਅਜੇਹੇ ਸੁਹਾਵਨੇ ਮੌਸਮ ਵਿਚ ਇਕ ਮੁੰਡਾ, ਰੇਰੂ ਦੇ ਰੁੱਖ ਹੇਠ ਖੜ੍ਹਾ, ਗਾ ਰਿਹਾ ਸੀ, ਜਿਸ ਦੇ ਸ਼ਬਦ ਕੁਝ ਇਸ ਤਰ੍ਹਾਂ ਸਨ:-
'ਜਦੋਂ ਤੂੰ ਕੋਲੋਂ ਦੀ ਲੰਘ ਜਾਂਦੀ ਏਂ ਤਾਂ ਮੈਨੂੰ ਰੇਰੂ ਦੇ ਫੁੱਲਾਂ ਦੀ ਯਾਦ ਆਉਂਦੀ ਏ | ਜਿਨ੍ਹਾਂ ਵਿਚ ਮਹਿਕ ਤਾਂ ਹੈ ਪਰ ਮਿਠਾਸ ਨਹੀਂ |'
ਉਪਰੋਂ ਅਟੈਚੀਕੇਸਾਂ ਨਾਲ ਲੱਦੀ ਇਕ ਕਾਰ, ਉਸ ਦੇ ਕੋਲੋਂ ਦੀ ਲੰਘ ਕੇ ਸਾਧਾਂ ਵਾਲੇ ਦੀ ਫਿਰਨੀ ਦਾ ਮੋੜ ਮੁੜ  ਗਈ | ਉਹ ਆਪਣਾ ਗੀਤ ਭੁੱਲ ਕੇ ਇਹ ਸੋਚਣ ਲੱਗ ਪਿਆ ਕਿ ਇਹ ਕੌਣ ਲੋਕ ਹੋਏ ਤੇ ਕਿਸ ਦੇ ਘਰ ਜਾਣ ਵਾਲੇ ਹੋਏ | ਉਸ ਦੇ ਦੇਖਦਿਆਂ ਦੇਖਦਿਆਂ ਟੈਕਸੀ ਉਸਦੀਆਂ ਅੱਖਾਂ ਤੋਂ ਓਹਲੇ ਹੋ ਗਈ | 
   ਅਗਾਂਹ ਕੁਝ ਜੁਆਕ ਟੈਕਸੀ ਦੇ ਮਗਰ ਭੱਜਣ ਲੱਗੇ | ਮਜ਼ਹਬੀ ਸਿੱਖਾਂ ਦਾ ਵੇਹੜਾ ਲੰਘ ਕੇ ਟੈਕਸੀ ਪੁਰਾਣੀ ਫਿਰਨੀ ਮੁੜੀ ਤੇ ਥੋੜ੍ਹੀ ਦੂਰ ਜਾ ਕੇ ਠਹਿਰ ਗਈ | "ਐਥੇ ਕੁ ਜਿਹੇ ਕਿਤੇ ਇਕ ਪਿਪਲੀ ਹੁੰਦੀ ਸੀ | ਮੈਨੂੰ ਉਸ ਦੀ ਨਿਸੰਾਨੀ ਐ |" ਕਾਰ ਵਿਚੋਂ ਸਿਰ ਬਾਹਰ ਕੱਢ ਕੇ ਇਕ ਚਾਲੀ ਪੰਜਤਾਲੀ ਸਾਲ ਦੀ ਤੀਵੀਂ ਨੇ ਕਿਹਾ | 
"ਉਹ ਤਾਂ ਚਾਰ ਸਾਲ ਹੋ ਗੇ, ਵੱਢ 'ਤੀ ਸੀ | ਹੋਥੇ ਸੀਗੀ, ਭਾਗੇ ਕੇ ਘਰ ਦੇ ਸਾਹਮਣੇ |" ਕਾਰ ਦੇ ਕੋਲ ਆਏ ਇਕ ਮੁੰਡੇ ਨੇ ਪਿਪਲੀ ਵਾਲੀ ਥਾਂ ਵੱਲ ਹੱਥ ਕਰਕੇ ਦੱਸਿਆ | 
"ਚਲੋ, ਪਤਾ ਲੱਗ ਗਿਆ |" ਕਾਰ ਅੰਦਰ ਬੈਠੀ ਤੀਵੀਂ ਨੇ ਕਿਹਾ |
   ਇਸ ਪੁਰਾਣੀ ਫਿਰਨੀ ਦੇ ਦੋਹੀਂ ਪਾਸੀਂ ਹੁਣ ਪੱਕੇ ਘਰ ਬਣ ਗਏ ਸਨ | ਕੁਝ ਦੂਰੀ 'ਤੇ ਜਾ ਕੇ ਟੈਕਸੀ ਫੇਰ ਰੁਕ ਗਈ, "ਏਥੇ ਜੇਹੇ ਹੀ ਘਰ ਹੁੰਦਾ ਸੀ | ਪਤਾ ਈ ਨਈਂ ਲਗਦਾ, ਪਿੰਡ ਦਾ ਨਕਸੰਾ ਈ ਬਦਲਿਆ ਪਿਆ |" ਉਸੇ ਤੀਵੀਂ ਨੇ ਕਾਰ 'ਚੋਂ ਸਿਰ ਬਾਹਰ ਕੱਢਕੇ ਕਿਹਾ |
"ਐਸ ਗੇਟ 'ਤੇ ਸੰਹੀਦ ਇੰਦਰ ਸਿੰਘ ਲਿਖਿਆ ਹੋਇਆ ਐ |" ਡਰਾਈਵਰ ਨਾਲ ਦੀ ਸੀਟ 'ਤੇ ਬੈਠੇ ਆਦਮੀ ਨੇ ਘਰ ਉਪਰ ਨਿਗਾਹ ਮਾਰਦਿਆਂ ਕਿਹਾ | ਉਹ ਉਸ ਘਰ ਦੇ ਸਾਹਮਣੇ ਹੀ ਖੜ੍ਹੇ ਸਨ |
"ਬਸ, ਆ ਗਏ | ਇਹੋ ਈ ਐ |" ਉਹ ਤੀਵੀਂ ਚਾਅ ਨਾਲ ਬੋਲੀ ਤੇ ਕਾਰ ਵਿਚੋਂ ਬਾਹਰ ਆ ਗਈ |
   ਉਸ ਘਰ ਦੇ ਅੱਗੇ ਕਾਰ ਖੜ੍ਹੀ ਦੇਖ ਕੇ ਸਾਹਮਣੇ ਵਾਲੇ ਘਰ ਵਿਚੋਂ ਇਕ ਗੁਆਂਢਣ ਵੀ ਬਾਹਰ ਨਿਕਲ ਆਈ ਅਤੇ ਉਸ ਨੇ ਛਿਨ ਕੁ ਭਰ ਉਸ ਤੀਵੀਂ ਵੱਲ ਦੇਖਿਆ ਤੇ ਫੇਰ ਬੋਲੀ, " ਭੈਣ ਜੀ, ਤੁਸੀਂ ਸੰਰਨੀ?"
"ਬਸੰਤ ਕੁਰ?" ਸੰਰਨੀ ਨੇ ਉਸ ਨੂੰ ਜੱਫੀ ਵਿਚ ਲੈਂਦਿਆਂ ਕਿਹਾ | 
   ਉਹਨਾਂ ਦੋਹਾਂ ਦੇ ਅਗੜ ਪਿਛਾੜੀ ਹੀ ਵਿਆਹ ਹੋਏ ਸਨ | ਸੰਰਨੀ ਜਿੰਨਾ ਚਿਰ ਸਾਧਾਂ ਵਾਲੇ ਰਹੀ ਸੀ, ਉਸ ਦਾ ਬਸੰਤ ਕੌਰ ਨਾਲ ਬਹੁਤਾ ਸਹੇਲਪੁਨਾ ਰਿਹਾ ਸੀ | ਇਸ ਲਈ ਦੋਹਾਂ ਨੂੰ ਹੀ ਪਛਾਣਨ ਵਿਚ ਦੇਰ ਨਾ ਲੱਗੀ | ਇੰਨੇ ਨੂੰ ਘਰ ਦਾ ਵੱਡਾ ਗੇਟ ਵੀ ਖੁੱਲ੍ਹ ਗਿਆ ਤੇ ਇਕ ਅਧੇੜ ਉਮਰ ਦੀ ਤੀਵੀਂ ਪਹਿਲਾਂ ਸੰਰਨੀ ਨਾਲ ਗਲ਼ ਲੱਗ ਕੇ ਮਿਲੀ ਤੇ ਫੇਰ ਉਸ ਦੇ ਪੈਰੀਂ ਹੱਥ ਲਾਉਂਦੀ ਹੋਈ ਬੋਲੀ, "ਭੈਣ ਜੀ, ਤੁਸੀਂ ਕੋਈ ਸੁਖ ਸੁਨੇਹਾ ਹੀ ਘੱਲਿਆ ਹੁੰਦਾ | ਅਸੀਂ ਥੋਨੂੰ ਮੂਹਰੇ ਹੋ ਕੇ ਲੈਣ ਆਉਂਦੇ |" ਇਹ ਸੰਰਨੀ ਦੀ ਦਿਉਰਾਨੀ, ਨਸੀਬ ਸਿੰਘ ਦੀ ਪਤਨੀ, ਬਲਬੀਰ ਕੌਰ ਸੀ |
"ਅਸੀਂ ਸੋਚਿਆ ਕਿ ਥੋਨੂੰ ਕਾਹਨੂੰ ਖੇਚਲ ਦੇਣੀ ਐ | ਨਾਲੇ ਆਉਣ ਦਾ ਪਰੋਗ੍ਰਾਮ ਵੀ ਛੇਤੀ ਛੇਤੀ ਬਣ ਗਿਆ, ਥੋਨੂੰ ਦੱਸ ਹੀ ਨਹੀਂ ਹੋਇਆ |" ਇਹ ਕਹਿੰਦਿਆਂ ਸੰਰਨੀ ਬਲਬੀਰ ਕੌਰ ਨੂੰ ਜੱਫੀ ਪਾਈ ਗੇਟ ਅੰਦਰ ਲੰਘ ਗਈ | ਟੈਕਸੀ ਵਾਲਾ ਵੀ ਟੈਕਸੀ ਨੂੰ ਘਰ ਦੇ ਅੰਦਰ ਲੈ ਗਿਆ | ਟੈਕਸੀ ਡਰਾਈਵਰ ਨੇ ਟੈਕਸੀ ਨੂੰ ਇਕ ਪਾਸੇ ਖੜ੍ਹੀ ਕਰਕੇ ਘਰ ਦੇ ਆਲੇ ਦੁਆਲੇ ਨਿਗਾਹ ਮਾਰੀ | ਘਰ ਬਹੁਤ ਖੁੱਲ੍ਹਾ ਸੀ | ਖੱਬੇ ਪਾਸੇ ਮਾਲ ਡੰਗਰ ਵਾਸਤੇ ਬਰਾਂਡੇ ਛੱਤੇ ਹੋਏ ਸਨ | ਉਸ ਦੇ ਨਾਲ ਹੀ ਇਕ ਲੰਮਾ ਜਿਹਾ ਕੋਠਾ ਸੀ, ਜਿਹੜਾ ਅਜੇ ਪਲਸਤਰ ਨੂੰ ਉਡੀਕ ਰਿਹਾ ਸੀ | ਉਸ ਦੇ ਨਾਲ ਇਕ ਹੋਰ ਬਰਾਂਡਾ ਸੀ ਜਿਸ ਵਿਚ ਇਕ ਫੋਰਡ ਟਰੈਕਟਰ ਖੜ੍ਹਾ ਸੀ | ਸੱਜੇ ਪਾਸੇ ਰਹਾਇਸੰੀ ਮਕਾਨ ਸੀ ਜਿਸ ਦੇ ਅੱਗੇ ਡਾਟਦਾਰ ਲੰਮਾ ਬਰਾਂਡਾ ਬਣਿਆ ਹੋਇਆ ਸੀ | ਮਕਾਨ ਨੂੰ ਪਲਸਤਰ ਤਾਂ ਕੀਤਾ ਹੋਇਆ ਸੀ ਪਰ ਅਜੇ ਬਾਹਰੋਂ ਰੰਗ ਨਹੀਂ ਸੀ ਕੀਤਾ ਹੋਇਆ | ਸਾਹਮਣੇ ਇਕ ਬਰਕਾਇਣ ਦਾ ਦਰਖਤ ਸੀ ਜਿਸ ਦੀ ਬਹੁਤ ਹੀ ਸੰਘਣੀ ਛਾਂ ਸੀ | ਗੁਆਂਢਣ ਬਸੰਤ ਕੌਰ ਨੇ ਸਾਰਿਆਂ ਲਈ ਬਰਾਂਡੇ ਵਿਚ ਸੂਤ ਦੇ ਬੁਣੇ ਹੋਏ ਮੰਜੇ ਡਾਹ ਦਿੱਤੇ ਅਤੇ ਬਲਬੀਰ ਕੌਰ ਅੰਦਰੋਂ ਪੰਜ ਛੇ ਪੱਖੀਆਂ ਕੱਢ ਲਿਆਈ | ਡਰਾਈਵਰ ਇਕ ਮੰਜੇ ਨੂੰ ਚੁੱਕ ਕੇ ਬਰਕਾਇਣ ਹੇਠ ਲੈ ਗਿਆ | ਲਛਮਣ ਸਿੰਘ ਤੇ ਜਲੌਰ ਸਿੰਘ ਵੀ ਬਰਕਾਇਣ ਹੇਠ ਡਰਾਈਵਰ ਕੋਲ ਜਾ ਬੈਠੇ | ਪੱਖੀਆਂ ਫੜਾ ਕੇ ਬਲਬੀਰ ਕੌਰ ਸੰਰਨਜੀਤ ਦੇ ਗਲ਼ ਲੱਗ ਕੇ ਰੋਣ ਲੱਗੀ | ਉਹਨਾਂ ਰੋਂਦਿਆਂ ਹੋਇਆਂ ਵੈਣ ਪਾ ਪਾ ਇੰਦਰ ਸਿੰਘ, ਮਿੰਦ੍ਹਰ ਸਿੰਘ, ਦੋਹਾਂ ਸੱਸਾਂ ਤੇ ਮੇਹਰ ਸਿੰਘ ਨੂੰ ਯਾਦ ਕੀਤਾ | ਜਦੋਂ ਉਹਨਾਂ ਨੇ ਰੋ ਰੋ ਕੇ ਆਪਣਾ ਮਨ ਹਲਕਾ ਕਰ ਲਿਆ ਤਾਂ ਬਸੰਤ ਕੌਰ ਨੇ ਉਹਨਾਂ ਨੂੰ ਸੰਕੰਜਵੀ ਦੇ ਗਲਾਸ ਫੜਾ ਦਿੱਤੇ | ਬਰਕਾਇਣ ਹੇਠ ਬੈਠੇ ਬੰਦਿਆਂ ਨੂੰ ਉਹ ਪਹਿਲਾਂ ਹੀ ਸੰਕੰਜਵੀ ਦੇ ਗਲਾਸ ਫੜਾ ਆਈ ਸੀ | ਨਿੱਕੀ ਇਕ ਪਾਸੇ ਖੜ੍ਹੀ ਇਹ ਸਭ ਨਜ਼ਾਰਾ ਬੜੀ ਹੈਰਾਨੀ ਨਾਲ ਦੇਖ ਰਹੀ ਸੀ | ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮਾਂ ਕਿਉਂ ਰੋ ਰਹੀ ਹੈ?
   ਘਰ ਵਿਚ ਰੋਣ ਦੀ ਅਵਾਜ਼ ਸੁਣ ਕੇ ਹੋਰ ਗੁਆਢਣਾਂ ਵੀ ਆ ਗਈਆਂ | ਉਹ ਵੀ ਬਹੁਤ ਚਿਰ ਪਹਿਲਾਂ ਮਰ ਗਿਆਂ ਨੂੰ ਯਾਦ ਕਰ ਕਰ ਰੋਣ ਲੱਗੀਆਂ | ਇਹ ਰੋਣਾ ਧੋਣਾ ਕੋਈ ਅੱਧਾ ਘੰਟਾ ਚਲਦਾ ਰਿਹਾ | ਇੰਨੇ ਨੂੰ ਨਸੀਬ ਸਿੰਘ ਵੀ ਖੇਤੋਂ ਆ ਗਿਆ | ਉਸ ਨੂੰ ਕਿਸੇ ਨੇ ਸੁਨੇਹਾ ਦੇ ਦਿੱਤਾ ਸੀ ਕਿ 'ਬਾਹਰੋਂ ਕੋਈ ਤੁਹਾਡੇ ਘਰ ਆਇਆ ਹੈ'| ਉਹ ਕਰੜ ਬਰੜੀ ਦਾਹੜੀ ਵਾਲਾ ਕੋਈ ਚਾਲੀ ਪੰਜਤਾਲੀ ਸਾਲ ਦਾ, ਪੌਣੇ ਛੇ ਫੁੱਟਾ, ਭਰਵੇਂ ਜੁੱਸੇ ਵਾਲਾ ਆਦਮੀ ਸੀ | ਉਸ ਨੇ ਚਿੱਟਾ ਚਾਦਰਾ ਕੁਰਤਾ ਪਹਿਨਿਆ ਹੋਇਆ ਸੀ ਤੇ ਸਿਰ ਉਪਰ ਵੀ ਚਿੱਟੀ ਪਗੜੀ ਵਲ੍ਹੇਟੀ ਹੋਈ ਸੀ | ਉਸ ਨੇ ਵੀ ਪਹਿਲਾਂ ਕੋਈ ਚਿੱਠੀ ਪੱਤਰ ਨਾ ਪਾਉਣ ਬਾਰੇ ਗਿਲਾ ਕੀਤਾ ਤੇ ਫੇਰ ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗਾ | ਚਾਹ ਪਿਆ ਕੇ ਬਲਬੀਰ ਕੌਰ ਤੇ ਬਸੰਤ ਕੌਰ ਨੇ ਰੋਟੀ ਤਿਆਰ ਕਰ ਲਈ ਸੀ | ਰੋਟੀ ਖਾ ਕੇ ਲਛਮਣ ਸਿੰਘ ਟੈਕਸੀ ਵਾਲੇ ਨਾਲ ਹੀ ਵਾਪਸ ਆਪਣੇ ਪਿੰਡ ਜਾਣ ਵਾਸਤੇ ਤਿਆਰ ਹੋ ਗਿਆ | 
"ਲਛਮਣ ਚਾਚਾ, ਤੂੰ ਸਾਡੇ ਕੋਲ ਦੋ ਚਾਰ ਦਿਨ ਠਹਿਰ, ਫੇਰ ਆਪਾਂ ਦੋਵੇਂ ਸੁਖਦੇਵ ਨੂੰ ਮਿਲਨ ਵਾਸਤੇ ਤੁਹਾਡੇ ਪਿੰਡ ਚੱਲਾਂਗੇ |" ਜਲੌਰ ਨੇ ਕਿਹਾ |
"ਭਾਈ ਸਾਅਬ, ਕੁਝ ਦਿਨ ਸਾਨੂੰ ਸੇਵਾ ਦਾ ਮੌਕਾ ਦਿਓ | ਅਜੇ ਤੱਕ ਤਾਂ ਆਪਾਂ ਕੋਈ ਗੱਲ ਬਾਤ ਵੀ ਨਹੀਂ ਕੀਤੀ, ਇਸ ਘਰ ਨੂੰ ਵੀ ਆਪਣਾ ਹੀ ਸਮਝੋ |" ਨਸੀਬ ਸਿੰਘ ਨੇ ਵੀ ਜਲੌਰ ਦੀ ਗੱਲ ਦੀ ਹਾਮ੍ਹੀ ਭਰੀ |
"ਮੈਂ ਤਾਂ ਜਿੱਤਵਾਲ ਈ ਉਤਰਦਾ ਸੀ | ਜੈਰੀ, ਤੂੰ ਓਥੇ ਵੀ ਜੋਰ ਪਾ ਕੇ ਇਹ ਕਹਿ ਕੇ ਨਾਲ ਲੈ ਆਇਆ, 'ਟੈਕਸੀ ਵਾਲੇ ਨੇ ਵਾਪਸ ਮੁੜਨਾ, ਇਸ ਦੇ ਨਾਲ ਮੁੜ ਆਇਓ | ਹੁਣ ਬਹਾਨੇ ਨਾਲ ਸਾਡਾ ਪਿੰਡ ਦੇਖ ਆਉਂਗੇ |' ਤੇਰਾ ਪਿੰਡ ਦੇਖ ਲਿਆ, ਹੁਣ ਤਾਂ ਮੈਂ ਇਸ ਦੇ ਨਾਲ ਹੀ ਜਾਊਂਗਾ | ਏਸ ਨੂੰ ਨਾਲ ਜਾਣ ਲਈ ਕਹਿ ਕੇ ਰੋਕਿਐ, ਫੇਰ ਛੇਤੀ ਹੀ ਥੋੜੇ ਦਿਨਾਂ ਤਾਈਂ ਸੁਖਦੇਵ ਨੂੰ ਨਾਲ ਲੈ ਕੇ ਗੇੜਾ ਮਾਰੂੰਗਾ |" ਇਹ ਕਹਿ ਕੇ ਲਛਮਣ ਨੇ ਡਰਾਈਵਰ ਨੂੰ ਤੁਰਨ ਦਾ ਇਸੰਾਰਾ ਕੀਤਾ |
 
ਲਛਮਣ ਸਿੰਘ ਥੋੜੇ ਦਿਨਾਂ ਮਗਰੋਂ ਗੇੜਾ ਮਾਰਨ ਨੂੰ ਕਹਿ ਕੇ ਗਿਆ ਸੀ ਪਰ ਉਹ ਅਗਲੇ ਦਿਨ ਹੀ ਸੁਖਦੇਵ ਨੂੰ ਨਾਲ ਲੈ ਕੇ ਆ ਗਿਆ | ਜਲੌਰ ਨੇ ਖੁਸੰੀ ਭਰੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ, "ਅਹਿ ਤਾਂ ਕਮਾਲ ਹੋ ਗਈ! ਮੈਂ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਏਨੀ ਜਲਦੀ ਆ ਜਾਓਗੇ |" 
"ਜੇ ਚਾਚਾ ਲਛਮਣ, ਸਦੇਹਾਂ ਘਰ ਪਹੁੰਚ ਜਾਂਦਾ ਤਾਂ ਮੈਂ ਕੱਲ੍ਹ ਹੀ ਤੇਰੇ ਕੋਲ ਆ ਜਾਣਾ ਸੀ | ਇਹ ਯਾਰੀ ਐ ਮਿੱਤਰਾ | ਤੇਰਾ ਆਉਣਾ ਸੁਣ ਕੇ ਮੇਰੇ ਕੋਲੋਂ ਤਾਂ ਰਹਿ ਨਹੀਂ ਹੋਇਆ ਪਰ ਤੂੰ ਤਾਂ ਸਾਡੇ ਪਿੰਡ ਕੋਲੋਂ ਦੀ ਚੁੱਪ ਕਰਕੇ ਲੰਘ ਗਿਆ|" ਸੁਖਦੇਵ ਨੇ ਨਿਹੋਰਾ ਮਾਰਿਆ |
"ਮੈਂ ਚਾਚੇ ਨੂੰ ਏਸੇ ਕਰਕੇ ਏਥੇ ਨਾਲ ਲਿਆਇਆ ਸੀ ਕਿ ਬੀਜੀ ਹੁਰਾਂ ਨੂੰ ਪਿੰਡ ਛੱਡ ਕੇ ਅਗਲੇ ਦਿਨ ਤੇਰੇ ਪਿੰਡ ਜਾ ਕੇ ਤੈਨੂੰ ਸਰਪਰਾਈਜ਼ ਦੇਵਾਂਗੇ ਪਰ ਚਾਚੇ ਨੇ ਮੇਰਾ ਆਖਾ ਨਹੀਂ ਮੰਨਿਆ |" ਜਲੌਰ ਨੇ ਦੱਸਿਆ |
"ਬਾਕੀ ਗੱਲਾਂ ਫੇਰ ਕਰਾਂਗੇ, ਚਾਹ ਬਣਦੀ ਤਾਈਂ ਤੂੰ ਤਿਆਰ ਹੋ ਜਾ | ਆਪਾਂ ਥੋੜੀ ਦੂਰ ਕਿਸੇ ਕੰਮ ਜਾਣੈ |" ਸੁਖਦੇਵ ਨੇ ਹੁਕਮੀਆ ਲਹਿਜ਼ੇ ਵਿਚ ਕਿਹਾ |
"ਆਰਾਮ ਨਾਲ ਬੈਠ, ਪਹਿਲਾਂ ਚਾਹ ਵੀ ਪੀਨੇ ਆਂ ਤੇ ਫਿਰ ਰੋਟੀ ਵੀ ਖਾਵਾਂਗੇ | ਉਸ ਤੋਂ ਮਗਰੋਂ ਹੀ ਕਿਤੇ ਜਾਣ ਬਾਰੇ ਸੋਚਾਂਗੇ | ਉਦੋਂ ਨੂੰ ਚਾਚਾ ਨਸੀਬ ਸਿੰਘ ਵੀ ਖੇਤੋਂ ਆ ਜਾਵੇਗਾ | ਉਸ ਨੂੰ ਮਿਲੇ ਤੋਂ ਬਿਨਾਂ ਕਿਵੇਂ ਜਾ ਸਕਦੇ ਆਂ |"
"ਚੱਲ ਫੇਰ ਬੈਠ ਜੀਪ ਵਿਚ, ਚਾਹ ਬਣਦੀ ਨੂੰ ਆਪਾਂ ਪਹਿਲਾਂ ਚਾਚੇ ਨੂੰ ਖੇਤੋਂ ਲੈ ਆਈਏ ਪਰ ਏਥੇ ਬਹੁਤਾ ਚਿਰ ਠਹਿਰ ਨਹੀਂ ਹੋਣਾ ਬੜਾ ਜ਼ਰੂਰੀ ਕੰਮ ਐ |"
"ਅਜੇਹਾ ਕਿਹੜਾ ਜ਼ਰੂਰੀ ਕੰਮ ਪੈ ਗਿਆ?" ਜਲੌਰ ਨੇ ਜੀਪ ਵੱਲ ਕਦਮ ਵਧਾਉਂਦਿਆਂ ਕਿਹਾ |
"ਸੌ ਕੰਮ ਹੁੰਦੇ ਐ ਕਬੀਲਦਾਰੀ ਦੇ ਸਾਰੇ ਦੱਸਣੇ ਜ਼ਰੂਰੀ ਨਹੀਂ ਹੁੰਦੇ | ਤੂੰ ਜੀਪ ਵਿਚ ਬੈਠਣ ਦੀ ਕਰ | ਆ ਜਾ ਚਾਚਾ ਤੂੰ ਵੀ, ਇਹਨਾਂ ਦੀਆਂ ਪੈਲ਼ੀਆਂ ਵੱਲ ਗੇੜਾ ਮਾਰ ਆਈਏ |" ਸੁਖਦੇਵ ਨੇ ਲਛਮਣ ਸਿੰਘ ਨੂੰ ਵੀ ਨਾਲ ਬਿਠਾ ਲਿਆ | 
  ਜਲੌਰ ਆਪ ਵੀ ਆਪਣੇ ਖੇਤ ਨਹੀਂ ਸੀ ਜਾਣਦਾ, ਏਸ ਕਰਕੇ ਚਾਚੀ ਬਲਬੀਰ ਕੌਰ ਨੇ ਗੁਆਂਢੀਆਂ ਦੇ ਮੁੰਡੇ ਨੂੰ ਨਾਲ ਘੱਲ ਦਿੱਤਾ | ਜੀਪ ਜਦੋਂ ਪਿੰਡੋਂ ਬਾਹਰ ਨਿਕਲੀ ਤਾਂ ਲਹਿਲਹਾਉਂਦੀਆਂ ਫਸਲਾਂ ਦੇਖ ਕੇ ਸੁਖਦੇਵ ਬੋਲਿਆ, "ਥੋਡੇ ਪਾਸੇ ਅਜੇ ਝੋਨਾ ਨਹੀਂ ਲਾਉਣ ਲੱਗੇ | ਕਪਾਹ ਨਰਮੇ ਦੀ ਫਸਲ ਹੀ ਬਹੁਤੀ ਐ | ਟਿਊਬਵੈਲ ਕਿਤੇ ਕਿਤੇ ਹੀ ਦਿਸਦੈ | ਸਾਡੇ ਪਾਸੇ ਤਾਂ ਝੋਨੇ ਦੀ ਭਰਮਾਰ ਐ, ਨਰਮਾ ਤਾਂ ਕਿਤੇ ਕਤਾਈਂ ਹੀ ਦਿਸਦਾ ਐ |"
"ਇਹਨਾਂ ਫਸਲਾਂ ਬਾਰੇ ਮੈਂ ਕੀ ਜਾਣਾਂ | ਫਸਲਾਂ ਬਾਰੇ ਤੂੰ ਨਸੀਬ ਚਾਚੇ ਨਾਲ ਹੀ ਗੱਲ ਕਰੀਂ |" ਜਲੌਰ ਨੇ ਇਹ ਆਖ ਖਹਿੜਾ ਛੁਡਾ ਲਿਆ | ਉਸ ਨੂੰ ਫਸਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ |
   ਨਸੀਬ ਸਿੰਘ ਧੋੜਿਆਂ ਵਾਲੀ ਜ਼ਮੀਨ ਨੂੰ ਕਰਾਹਾ ਲਾ ਰਿਹਾ ਸੀ | ਜੀਪ ਆਉਂਦੀ ਦੇਖ ਕੇ ਉਸ ਨੇ ਟਰੈਕਟਰ ਰੋਕ ਲਿਆ ਤੇ ਛਾਲ ਮਾਰ ਕੇ ਟਰੈਕਟਰ ਤੋਂ ਉਤਰਿਆ |
"ਬੱਲੇ ਬੱਲੇ! ਜਲੌਰ ਸਿਉਂ ਅੱਜ ਆਪਣੇ ਖੇਤਾਂ ਵਿਚ ਆਇਐ | ਧੰਨ ਭਾਗ |"
"ਚਾਚਾ, ਇਹ ਮੇਰਾ ਦੋਸਤ, ਸੁਖਦੇਵ ਸਿੰਘ, ਜਿਸ ਦੀ ਮੈਂ ਕੱਲ੍ਹ ਗੱਲ ਕੀਤੀ ਸੀ |"
"ਮੈਂ ਪਹਿਲਾਂ ਵੀ ਚਾਚੇ ਨੂੰ ਮਿਲ ਕੇ ਗਿਆ ਹਾਂ |"
"ਤੁਸੀਂ ਸੁਨੇਹਾ ਘੱਲ ਦਿੰਦੇ, ਮੈਂ ਆਪ ਆ ਜਾਣਾ ਸੀ |"
"ਅਸੀਂ ਸੋਚਿਆ ਥੋਡੇ ਖੇਤ ਦੇਖ ਆਵਾਂਗੇ ਨਾਲੇ ਥੋਨੂੰ ਨਾਲ ਲੈ ਅਵਾਂਗੇ |" ਲਛਮਣ ਸਿੰਘ ਨੇ ਕਿਹਾ |
"ਸਾਡਾ ਵੱਡਾ ਕੁੱਰ੍ਹਾ ਤਾਂ ਭਿੱਟੀ ਵਾਲੇ ਪਾਸੇ ਐ | ਇਹ ਕੁੱਰ੍ਹਾ ਤੇ ਬੈਅ ਵਾਲੀ ਪੈਲ਼ੀ ਦੇ ਦੋ ਹੋਰ ਕੁੱਰ੍ਹੇ ਅੱਡ ਬਣੇ ਐ | ਇਹ ਸਾਡੇ ਸੰਹੀਦ ਬਾਪੂ ਦੀ ਦੇਣ ਐ |" ਇਹ ਆਖ ਨਸੀਬ ਸਿੰਘ ਨੇ ਮਨ ਭਾਰੀ ਕਰ ਲਿਆ |
   ਗੱਲ ਨੂੰ ਗੰਭੀਰਤਾ ਵੱਲ ਜਾਂਦੀ ਦੇਖ ਲਛਮਣ ਸਿੰਘ ਨੇ ਕਿਹਾ, "ਨਸੀਬ ਸਿਆਂ, ਅਸੀਂ ਤੇਰਾ ਕੰਮ ਨਹੀਂ ਛਡਾਉਂਦੇ | ਤੇਰੇ ਦਿਹਾੜੀਏ ਤੇ ਸੀਰੀ ਵਿਹਲੇ ਬੈਠਣਗੇ | ਅਸੀਂ ਜੈਰੀ ਨੂੰ ਲੈਣ ਆਏ ਆਂ, ਕੱਲ੍ਹ ਨੂੰ ਛੱਡ ਜਾਵਾਂਗੇ | ਇਸ ਤਾਈਂ ਬਹੁਤ ਜਰੂਰੀ ਕੰਮ ਐ |"
"ਕੰਮ ਤਾਂ ਹੁੰਦੇ ਈ ਰਹਿਣਗੇ, ਤੁਸੀਂ ਕਿਹੜਾ ਨਿੱਤ ਨਿੱਤ ਆਉਣੈ, ਚਲੋ ਘਰ ਚਲਦੇ ਆਂ |"
"ਮੇਰੀ ਗੱਲ ਸੁਣ,ਰੱਬ ਸੁੱਖ ਰੱਖੇ, ਨਿੱਤ ਨਿੱਤ ਗੇੜਾ ਵੀ ਵਜਦਾ ਰਹੂਗਾ | ਹੋ ਸਕਿਆ ਤਾਂ ਕੱਲ੍ਹ ਨੂੰ ਹੀ ਤੇਰੇ ਕੋਲ ਰਾਤ ਰਹਿ ਪਈਏ | ਹੁਣ ਤੂੰ ਕਰਾਹਾ ਚਲਾ, ਕੱਲ੍ਹ ਨੂੰ ਫੇਰ ਮਿਲਾਂਗੇ |" ਇਹ ਆਖ ਕੇ ਉਹਨਾਂ ਜੀਪ ਪਿੰਡ ਵੱਲ ਮੋੜ ਲਈ |
   ਚਾਹ ਪੀ ਕੇ ਅਤੇ ਰੋਟੀ ਖਾ ਕੇ ਜਦੋਂ ਜਲੌਰ ਮਾਂ ਤੋਂ ਆਗਿਆ ਲੈ ਕੇ ਉਹਨਾਂ ਨਾਲ ਤੁਰਨ ਲੱਗਾ ਤਾਂ ਸੁਖਦੇਵ ਨੇ ਕਿਹਾ, "ਆਪਣਾ ਸੰੇਵ ਵਗੈਰਾ ਦਾ ਸਮਾਨ ਨਾਲ ਲੈ ਲਵੀਂ, ਹੋ ਸਕਦੈ ਰਾਤ ਸਾਡੇ ਪਿੰਡ ਰਹਿਣਾ ਪੈ ਜਾਵੇ | ਬੀਜੀ, ਤੁਸੀਂ ਫਿਕਰ ਨਾ ਕਰਨਾ, ਹੁਣ ਸਾਨੂੰ ਇਹਦਾ ਬਹੁਤਾ ਖਿਆਲ ਰੱਖਣਾ ਪੈਣਾ |"
"ਵੇ ਮੁੰਡਿਆ, ਕੀ ਬੁਝਾਰਤਾਂ ਜਿਹੀਆਂ ਪਾਈ ਜਾਨੈਂ, ਸਿੱਧੀ ਗੱਲ ਕਿਉਂ ਨਹੀਂ ਕਰਦਾ ਕਿ ਏਸ ਨੂੰ ਕਿਉਂ ਲੈ ਕੇ ਚੱਲਿਐਂ |" ਸੰਰਨੀ ਨੇ ਸੁਖਦੇਵ ਕੋਲੋਂ ਪੁੱਛਿਆ |
"ਬੀਜੀ, ਕੱਲ੍ਹ ਨੂੰ ਆ ਕੇ ਦੱਸਾਂਗੇ | ਅਜੇ ਕੋਈ ਗੱਲ ਦੱਸਣ ਵਾਲੀ ਨਹੀਂ ਤੇ ਨਾ ਹੀ ਕੋਈ ਬੁਝਾਰਤ ਹੀ ਹੈ |" ਇਹ ਆਖ ਸੁਖਦੇਵ ਨੇ ਜੀਪ ਸਟਾਰਟ ਕਰ ਲਈ | 
   ਨਵੀਂ ਬਣੀ ਲਿੰਕ ਸੜਕ 'ਤੇ ਛੇ ਕੁ ਮੀਲ ਚੱਲ ਕੇ ਜਦੋਂ ਜੀਪ ਮੇਨ ਸੜਕ ਉਪਰ ਆਈ ਤਾਂ ਸੁਖਦੇਵ ਕਹਿਣ ਲੱਗਾ, "ਤੈਨੂੰ ਯਾਦ ਹੋਣੈ ਜੈਰੀ, ਮੈਂ ਤੈਨੂੰ ਇਕ ਚਿੱਠੀ ਵਿਚ ਲਿਖਿਆ ਸੀ ਕਿ ਮੈਂ ਤੇਰੇ ਲਈ ਇਕ ਕੁੜੀ ਦੇਖ ਛੱਡੀ ਐ?"
"ਉਹ ਕੁੜੀ, ਜਿਸ ਬਾਰੇ ਤੂੰ ਇਹ ਵੀ ਲਿਖਿਆ ਸੀ ਕਿ ਉਹ ਬੀ।ਐਸ।ਸੀ। ਕਰਕੇ ਬੀ।ਐਡ। ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੀ ਆ?" 
"ਬਸ, ਅੱਜ ਉਸੇ ਕੁੜੀ ਨੂੰ ਦੇਖਣ ਜਾਣਾ ਐ | ਉਸ ਨੂੰ ਬੀ।ਐਡ। ਵਿਚ ਦਾਖਲਾ ਮਿਲ ਗਿਆ ਸੀ |"
"ਸੁਖ, ਜੇ ਇਹ ਗੱਲ ਸੀ ਤਾਂ ਤੈਨੂੰ ਪਿੰਡ ਹੀ ਦੱਸ ਦੇਣਾ ਸੀ | ਹੁਣ ਵੀ ਮੇਰੀ ਗੱਲ ਧਿਆਨ ਨਾਲ ਸੁਣ | ਮੈਂ ਤਾਂ ਹਾਈ ਸਕੂਲ ਵੀ ਪਾਸ ਨਹੀਂ ਆਂ ਤੇ ਉਸ ਨੇ ਡਬਲ ਗਰੈਜੂਏਟ ਹੋ ਜਾਣਾ | ਸਾਡੀ ਪੜ੍ਹਾਈ ਵਿਚ ਬਹੁਤ ਫਰਕ ਆ | ਬਰਾਬਰ ਦੀ ਪੜ੍ਹਾਈ, ਬਰਾਬਰ ਦੀ ਉਮਰ ਤੇ ਬਰਾਬਰ ਦੀ ਸੰਕਲ ਸੂਰਤ ਵਾਲਿਆਂ ਦਾ ਮੇਲ ਹੀ ਠੀਕ ਰਹਿੰਦਾ | ਇਹੋ ਜਿਹੇ ਫੈਸਲੇ ਜਜ਼ਬਾਤੀ ਹੋ ਕੇ ਨਹੀਂ ਕੀਤੇ ਜਾਂਦੇ | ਪਹਿਲਾਂ ਇਸ ਬਾਰੇ ਬਹੁਤ ਸੋਚ ਵਿਚਾਰ ਕਰਨ ਦੀ ਲੋੜ ਆ | ਘਰਦਿਆਂ ਨਾਲ ਵੀ ਸਲਾਹ ਕਰਨੀ ਜ਼ਰੂਰੀ ਆ | ਇਸ ਕਰਕੇ ਮੈਂ ਕਿਸੇ ਕੁੜੀ ਨੂੰ ਦੇਖਣ ਨਹੀਂ ਜਾਣਾ | ਤੇਰੇ ਪਿੰਡ ਜ਼ਰੂਰ ਗੇੜਾ ਮਾਰ ਆਉਂਦੇ ਆਂ |" ਜਲੌਰ ਨੇ ਦੋ ਟੁੱਕ ਫੈਸਲ ਸੁਣਾ ਦਿੱਤਾ |  
"ਤੂੰ ਮੇਰੀ ਗੱਲ ਸੁਣ, ਤੇਰੇ ਕੋਲ ਕੇਨੇਡਾ ਦੀ ਪੜ੍ਹਾਈ ਹੈਗੀ | ਉਥੋਂ ਦੀਆਂ ਚਾਰ ਜਮਾਤਾਂ ਇੱਥੋਂ ਦੀਆ ਚੌਦਾਂ ਜਮਾਤਾਂ ਦੇ ਬਰਾਬਰ ਐ | ਤੇ ਤੇਰੇ ਵਰਗੇ ਦਰਸੰਨੀ ਜਵਾਨ ਨੂੰ ਦੇਖ ਕੇ ਤਾਂ ਕਾਲਜਾਂ 'ਚ ਪੜ੍ਹਾਉਂਦੀਆਂ ਸੁਹਣੀਆਂ ਸੁਨੱਖੀਆਂ ਪ੍ਰੋਫੈਸਰਨੀਆਂ ਵੀ ਹੱਸ ਕੇ ਹੱਥ ਕੱਢਣਗੀਆਂ, ਉਹ ਤਾਂ ਅਜੇ ਕਾਲਜ 'ਚ ਪੜ੍ਹਦੀ ਐ |" ਲਛਮਣ ਸਿੰਘ ਨੇ ਆਪਣੇ ਮਨ ਦੀ ਗੱਲ ਕਰ ਦਿੱਤੀ |
"ਨਹੀਂ ਚਾਚਾ, ਚਾਰ ਜਮਾਤਾਂ ਦਾ ਮੁਕਾਬਲਾ ਚੌਦਾਂ ਨਾਲ ਨਹੀਂ ਕੀਤਾ ਜਾ ਸਕਦਾ, ਪੜ੍ਹਾਈ ਤਾਂ ਪੜ੍ਹਾਈ  ਆ | ਮੈਂ ਬਿਨਾਂ ਸੋਚੇ ਸਮਝੇ ਕੋਈ ਕਦਮ ਨਹੀਂ ਚੁੱਕਣਾ |" ਜਲੌਰ ਨੇ ਹਾਮ੍ਹੀ ਨਾ ਭਰੀ |
"ਮੈਂ ਦਰਸੰਨਾ ਨੂੰ ਏਧਰ ਆਉਂਦਾ ਹੋਇਆ ਮੋਗੇ ਉਸ ਦੀ ਮਾਸੀ ਕੋਲ ਛੱਡ ਗਿਆ ਸੀ | ਉਹ ਕੁੜੀ, ਉਸ ਦੀ ਮਾਸੀ ਦੀ ਲੜਕੀ ਹੀ ਹੈ | ਹੁਣ ਤੱਕ ਉਹ ਕਾਲਜ ਤੋਂ ਆ ਗਈ ਹੋਵੇਗੀ | ਆਪਾਂ ਅਜੇ ਕੋਈ ਗੱਲ ਨਹੀਂ ਕਰਦੇ | ਤੂੰ ਸਰਸਰੀ ਕੁੜੀ ਨੂੰ ਦੇਖ ਲਵੀਂ | ਜੇ ਤੇਰੇ ਦਿਲ ਨੂੰ ਜਚ ਗਈ ਤਾਂ ਤੂੰ ਮੈਨੂੰ ਦੱਸ ਦੇਵੀਂ ਅਤੇ ਦਰਸੰਨਾ ਉਸ ਕੁੜੀ ਕੋਲੋਂ ਵੀ ਉਸ ਦੀ ਪਸੰਦ ਬਾਰੇ ਜਾਣਕਾਰੀ ਲੈ ਲਵੇਗੀ | ਜੇ ਗੱਲ ਬਣਦੀ ਦਿਸੀ ਤਾਂ ਤੇਰੀ ਸਕੂਲੀ ਪੜ੍ਹਾਈ, ਤੇਰਾ ਕੀਤਾ ਹੋਇਆ ਕੋਰਸ ਤੇ ਤੇਰੇ ਕੰਮ ਬਾਰੇ ਸਭ ਕੁਝ ਦੱਸ ਦਿੱਤਾ ਜਾਵੇਗਾ | ਹੁਣ ਤੈਨੂੰ ਉਹਨਾਂ ਦੇ ਘਰ ਜਾਣਾ ਹੀ ਪਵੇਗਾ | ਤੂੰ ਨਾਂਹ ਨਹੀਂ ਕਰ ਸਕਦਾ |" ਸੁਖਦੇਵ ਨੇ ਹੁਕਮੀਆ ਲਹਿਜੇ ਵਿਚ ਕਿਹਾ |
"ਨਹੀਂ, ਮੈਂ ਇਸ ਤਰ੍ਹਾਂ ਜਲਦੀ ਵਿਚ ਵਿਆਹ ਨਹੀਂ ਕਰਵਾਉਣਾ |"
"ਪਰ ਮੈਨੂੰ ਤਾਂ ਜਲਦੀ ਐ ਨਾ | ਮੇਰੇ ਕੋਲ ਸਿਰਫ ਦੋ ਵੀਕ ਬਾਕੀ ਨੇ | ਫੇਰ ਮੈਂ ਵਾਪਸ ਮੁੜ ਜਾਣੈ ਪਰ ਮੈਂ ਤੇਰਾ ਵਿਆਹ ਜ਼ਰੂਰ ਦੇਖ ਕੇ ਜਾਣਾ ਚਾਹੁੰਨਾ | ਜੇ ਇਹ ਕੁੜੀ ਤੈਨੂੰ ਪਸੰਦ ਨਾ ਹੋਈ ਤਾਂ ਕੋਈ ਹੋਰ ਕੁੜੀ ਬਾਰੇ ਸੋਚਾਂਗੇ |" ਇਹ ਕਹਿ ਕੇ ਸੁਖਦੇਵ ਜਲੌਰ ਵੱਲ ਦੇਖਣ ਲੱਗਾ |
   ਉਹਨਾਂ ਦੇ ਗੱਲਾਂ ਕਰਦਿਆਂ ਮੋਗਾ ਸੰਹਿਰ ਆ ਗਿਆ | ਸੁਖਦੇਵ ਨੇ ਚਾਚੇ ਲਛਮਣ ਨੂੰ ਬੱਸ ਅੱਡੇ 'ਤੇ ਛੱਡ ਕੇ ਜੀਪ ਨੂੰ ਸਰਦਾਰ ਨਗਰ ਵੱਲ ਮੋੜ ਦਿੱਤਾ, ਸਰਦਾਰ ਨਗਰ ਵਿਚ ਜਿਸ ਘਰ ਦੇ ਸਾਹਮਣੇ ਜੀਪ ਨੂੰ ਰੋਕਿਆ ਗਿਆ, ਉਹ ਕੋਈ ਦੋ ਕਨਾਲ ਵਿਚ ਵਲ਼ਿਆ ਹੋਇਆ ਸੀ | ਆਲੇ ਦੁਆਲੇ ਪੰਜ ਚਾਰ ਘਰ ਹੋਰ ਬਣੇ ਹੋਏ ਸੀ, ਕੁਝ ਕੁ ਦੀਆਂ ਅਜੇ ਨੀਹਾਂ ਹੀ ਭਰੀਆਂ ਸਨ, ਬਾਕੀ ਸਭ ਉਜਾੜ ਪਿਆ ਸੀ | ਜੀਪ ਦੀ ਅਵਾਜ਼ ਸੁਣ ਕੇ ਦਰਸੰਨਾ, ਜਿਸ ਦਾ ਪੂਰਾ ਨਾਮ ਹਰਿਦਰਸੰਨ ਕੌਰ ਸੀ, ਨੇ ਗੇਟ ਖੋਲ੍ਹਿਆ | ਜੀਪ ਵਿਚ ਬੈਠਿਆਂ ਹੀ ਸੁਖਦੇਵ ਨੇ ਜਲੌਰ ਨੂੰ ਦੱਸਿਆ, 'ਇਹ ਐ ਤੇਰੀ ਭਰਜਾਈ' ਤੇ ਉਸ ਨੇ ਜੀਪ ਨੂੰ ਇਕ ਪਾਸੇ ਲਾ ਦਿੱਤਾ | ਉਹ ਜੀਪ ਤੋਂ ਉਤਰ ਕੇ ਆਪਣੇ ਉਪਰੋਂ ਮਿੱਟੀ ਝਾੜਦੇ ਹੋਏ ਡਰਾਇੰਗ ਰੂਮ ਵਲ ਆ ਗਏ | ਡਰਾਇੰਗ ਰੂਮ ਵਿਚੋਂ ਬਾਹਰ ਆ, ਦਰਸੰਨਾ ਦੇ ਮਾਸੜ, ਮੇਜਰ ਧਰਮ ਸਿੰਘ, ਨੇ ਬੜੀ ਗਰਮਜੋਸੰੀ ਨਾਲ ਹੱਥ ਮਿਲਾ ਕੇ ਸੁਆਗਤ ਕੀਤਾ | ਜਲੌਰ ਦੀ ਜਾਣ ਪਛਾਣ ਕਰਾਉਣ ਮਗਰੋਂ ਸੋਫਿਆਂ ਉਪਰ ਬੈਠਦਿਆਂ ਸੁਖਦੇਵ ਨੇ ਕਿਹਾ, "ਮੇਜਰ ਸਾਅਬ ਤੁਸੀਂ ਕਦੋਂ ਆਏ?"
"ਜੈਂਟਲਮੈਨ, ਮੈਂ ਤੇ ਇੱਥੇ ਹੀ ਰਹਿੰਦਾ ਹਾਂ, ਚਾਰ ਮਹੀਨੇ ਹੋ ਗਏ ਤੇਰੇ ਵਿਆਹ ਨੂੰ ਹੋਇਆਂ ਪਰ ਤੈਨੂੰ ਅੱਜ ਸਾਡਾ ਘਰ ਦਿਸਿਆ, ਉਹ ਵੀ ਇਹ ਕੁੜੀ ਏਥੇ ਆ ਗਈ ਕਰਕੇ | ਤੂੰ ਇਸ ਦੇ ਮਗਰ ਆਇਆ ਏਂ |" ਭਰਵੇਂ ਜੁੱਸੇ ਵਾਲੇ ਛੇ ਫੁੱਟੇ ਮੇਜਰ ਸਾਹਿਬ ਨੇ, ਜਿੰਨ੍ਹਾਂ ਆਪਣੀ ਕਰੜ ਬਰੜੀ ਦਾੜ੍ਹੀ ਨੂੰ ਪੁੱਠੀ ਕਰਕੇ ਚੜ੍ਹਾਇਆ ਹੋਇਆ ਸੀ, ਕਿਹਾ |
"ਨਹੀਂ ਮੇਜਰ ਸਾਅਬ, ਅਸੀਂ ਤਾਂ ਕਈ ਗੇੜੇ ਮਾਰ ਗਏ ਆਂ ਇਸ ਘਰ ਵਿਚ, ਮਾਸੀ ਜੀ ਕੋਲੋਂ ਪੁੱਛੋ, ਤੁਸੀਂ ਹੀ ਆਪਣੀ ਜਾਬ 'ਤੇ ਹੁੰਦੇ ਸੀ ਇਸ ਲਈ ਤੁਹਾਡੇ ਦਰਸੰਨ ਨਹੀਂ ਹੋ ਸਕੇ | ਅੱਜ ਸਵੇਰੇ ਮੈਂ ਹੀ ਦਰਸੰਨਾ ਨੂੰ ਏਥੇ ਛੱਡ ਕੇ ਗਿਆ ਹਾਂ, ਉਦੋਂ ਤੁਸੀਂ ਸੈਰ ਨੂੰ ਨਿਕਲੇ ਹੋਏ ਹੋਵੋਗੇ |" ਸੁਖਦੇਵ ਨੇ ਆਪਣੀ ਸਫਾਈ ਵਿਚ ਕਿਹਾ |
"ਇਹ ਅਜੇ ਕੱਲ੍ਹ ਈ ਪਠਾਨਕੋਟ ਤੋਂ ਆਏ ਐ ਤੇ ਕੱਲ੍ਹ ਹੀ ਕਹਿੰਦੇ ਸੀ 'ਦਰਸੰਨਾ ਤੇ ਉਸ ਦੇ ਪਰਾਹੁਣੇ ਨੂੰ ਸੁਨੇਹਾ ਭੇਜੋ ਕਿ ਆ ਕੇ ਮਿਲ ਜਾਣ'| ਇਹਨਾਂ ਦਾ ਦਰਸੰਨਾ ਨਾਲ ਮੋਹ ਈ ਬਹੁਤੈ, ਨਿੱਕੀ ਹੁੰਦੀਓ ਈ ਸਾਡੇ ਕੋਲ ਪੜ੍ਹਦੀ ਰਹੀ ਐ | ਹੁਣ ਤਾਂ ਸੁੱਖ ਨਾਲ ਇਹਨੇ ਕਨੇਡਾ ਚਲੇ ਜਾਣੈ |" ਮਾਸੀ ਨੇ ਮੇਜਰ ਧਰਮ ਸਿੰਘ ਦੇ ਨਿਹੋਰੇ ਦੀ ਵਿਆਖਿਆ ਕੀਤੀ |
"ਹਾਂ, ਜੈਂਟਲਮੈਨ, ਤੁਸੀਂ ਕਦ ਆਏ?" ਮੇਜਰ ਸਾਅਬ ਨੇ ਜਲੌਰ ਨੂੰ ਸੰਬੋਧਨ ਕੀਤਾ |
"ਮੈਂ ਕੱਲ੍ਹ ਹੀ ਆਇਆਂ |" ਜੈਰੀ ਨੇ ਦੱਸਿਆ |
   ਮੇਜਰ ਸਾਹਿਬ ਕੋਈ ਹੋਰ ਸਵਾਲ ਕਰਨ ਲੱਗੇ ਹੀ ਸੀ ਕਿ ਦਰਸੰਨਾ ਸੰਰਬਤ ਦੇ ਗਲਾਸਾਂ ਨਾਲ ਭਰੀ ਟਰੇਅ ਲੈ ਕੇ ਡਰਾਇੰਗ ਰੂਮ ਵਿਚ ਦਾਖਲ ਹੋਈ | ਉਸ ਦੇ ਨਾਲ ਉਸ ਦੇ ਹੀ ਹਾਣ ਦੀ ਇਕ ਹੋਰ ਕੁੜੀ ਸੀ, ਜਿਸ ਨੇ ਮਿਠਿਆਈ ਵਾਲੀ ਟਰੇਅ ਚੁੱਕੀ ਹੋਈ ਸੀ | ਦੋਵੇਂ ਕੁੜੀਆਂ ਹੀ ਲੰਮੀਆਂ ਪਤਲੀਆਂ ਤੇ ਬਹੁਤ ਸੁਹਣੀਆਂ ਸੁਨੱਖੀਆਂ ਸਨ | ਉਹਨਾਂ ਸਾਰਿਆਂ ਨੂੰ ਸੱਤ ਸ੍ਰੀ ਅਕਾਲ ਆਖ ਟਰੇਆਂ ਟੇਬਲ ਉਪਰ ਰੱਖੀਆਂ ਤੇ ਮਾਸੀ ਦੇ ਕੋਲ ਕੁਰਸੀਆਂ 'ਤੇ ਬੈਠ ਗਈਆਂ |
"ਜੈਂਟਲਮੈੱਨ, ਇਹ ਸਾਡੀਆਂ ਬੱਚੀਆਂ |" ਮੇਜਰ ਸਾਹਿਬ ਨੇ ਦੋਹਾਂ ਕੁੜੀਆਂ ਵੱਲ ਉਂਗਲੀ ਕਰਦਿਆਂ ਕਿਹਾ |
   ਮਾਸੀ ਨੇ ਉਠ ਕੇ ਉਹਨਾਂ ਨੂੰ ਸੰੰਰਬਤ ਦੇ ਗਲਾਸ ਫੜਾ ਦਿੱਤੇ ਅਤੇ ਦਰਸੰਨਾ ਨੇ ਮਿਠਿਆਈ ਵਾਲੀ ਪਲੇਟ ਸਾਰਿਆਂ ਅਗੇ ਵਾਰੀ ਵਾਰੀ ਫੇਰ ਦਿੱਤੀ | ਸੰਰਬਤ ਪੀਂਦਾ ਹੋਇਆ ਜਲੌਰ ਚੋਰ ਅੱਖ ਨਾਲ ਕਦੀ ਦਰਸੰਨਾ ਵੱਲ ਦੇਖ ਲੈਂਦਾ ਤੇ ਕਦੀ ਦੂਸਰੀ ਕੁੜੀ ਵੱਲ | ਉਸ ਨੂੰ ਉਹ ਜੌੜੀਆਂ ਭੈਣਾਂ ਹੀ ਜਾਪੀਆਂ | ਦਰਸੰਨਾ ਨੇ ਫਿੱਕੇ ਗੁਲਾਬੀ ਸੂਟ ਨਾਲ ਪੂਰਾ ਹਾਰ ਸਿੰੰਗਾਰ ਕਰਕੇ ਆਪਣੇ ਲੰਮੇ ਵਾਲਾਂ ਦਾ ਵੱਡਾ ਸਾਰਾ ਜਲੇਬੀ ਜੂੜਾ ਕੀਤਾ ਹੋਇਆ ਸੀ ਪਰ ਦੂਸਰੀ ਕੁੜੀ ਨੇ ਹਲਕੇ ਸਲੇਟੀ ਰੰਗ ਦਾ ਪੰਜਾਬੀ ਸੂਟ ਪਾ ਕੇ ਆਪਣੇ ਲੰਮੇ ਵਾਲਾਂ ਦੀਆਂ ਦੋ ਗੁੱਤਾਂ ਕਰਕੇ ਛਾਤੀਆਂ ਉਪਰ ਲੰਮਕਾਈਆਂ ਹੋਈਆਂ ਸਨ | ਉਸ ਦੇ ਕੰਨਾਂ ਵਿਚ ਹਲਕੀਆਂ ਜਿਹੀਆਂ ਵਾਲੀਆਂ ਝੂਲ ਰਹੀਆਂ ਸਨ | ਉਹ ਕੁੜੀ ਵੀ ਕਦੀ ਕਦੀ ਚੋਰ ਅੱਖ ਨਾਲ ਜਲੌਰ ਵੱਲ ਦੇਖ ਲੈਂਦੀ | ਇਕ ਵਾਰ ਦੋਹਾਂ ਦੀਆਂ ਨਜ਼ਰਾਂ ਟਕਰਾ ਗਈਆਂ | ਦੋਹਾਂ ਦੇ ਚਿਹਰਿਆਂ ਉਪਰ ਹੀ ਨਿੰਮੀ ਜਿਹੀ ਮੁਸਕਾਨ ਆ ਗਈ ਤੇ ਉਹਨਾਂ ਝੱਟ ਨੀਵੀਂ ਪਾ ਲਈ | ਜਲੌਰ ਨੂੰ ਉਸੇ ਵੇਲੇ ਸੈਰਾ ਦੀ ਯਾਦ ਆ ਗਈ | ਉਹ ਵੀ ਇਸ ਤਰ੍ਹਾਂ ਹੀ ਟੇਢਾ ਜਿਹਾ ਬੁੱਲ੍ਹ ਕਰਕੇ ਮੁਸਕਰਾਉਂਦੀ ਹੁੰਦੀ ਸੀ | ਉਸ ਨੇ ਫੇਰ ਧਿਆਨ ਨਾਲ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਨੂੰ ਉਹਦੇ ਚਿਹਰੇ ਵਿਚੋਂ ਸੈਰਾ ਦੇ ਚਿਹਰੇ ਦੀ ਨੁਹਾਰ ਦਿਸੀ | ਉਸੇ ਤਰ੍ਹਾਂ ਦਾ ਅੰਡਾਕਾਰ ਚਿਹਰਾ, ਚੌੜਾ ਮੱਥਾ, ਠੋਡੀ ਵਿਚ ਡੂੰਘ ਵੀ ਉਹਦੇ ਵਾਂਗ ਹੀ | ਉਸ ਕੁੜੀ ਦੇ ਨਕਸੰਾਂ ਨੂੰ ਸੈਰਾ ਦੀ ਨੁਹਾਰ ਨਾਲ ਮਿਲਾਉਂਦਿਆਂ ਜਲੌਰ ਦੇ ਸਰੀਰ ਅੰਦਰ ਇਕ ਝੁਣਝੁਣੀ ਜਿਹੀ ਫਿਰ ਗਈ | ਉਸ ਨੇ ਬਿਨਾਂ ਝਿਜਕ ਇਕ ਵਾਰ ਫੇਰ ਕੁੜੀ ਵੱਲ ਜੀਅ ਭਰ ਕੇ ਦੇਖਿਆ |
   ਉਧਰ ਠੰਡਾ ਪੀ ਕੇ ਸੁਖਦੇਵ ਨੇ ਮਾਸੀ ਮਾਸੜ ਕੋਲੋਂ ਆਪਣੇ ਪਿੰਡ ਨੂੰ ਜਾਣ ਲਈ ਆਗਿਆ ਮੰਗੀ ਤਾਂ ਮਾਸੀ ਨੇ ਕਿਹਾ, "ਨਹੀਂ ਕਾਕਾ, ਅੱਜ ਨਹੀਂ ਤੁਹਾਨੂੰ ਅਸੀਂ ਜਾਣ ਦੇਣਾ, ਮਸਾਂ ਮਸਾਂ ਤਾਂ ਤੁਸੀਂ ਆਏ ਹੋ | ਫੇਰ ਪਤਾ ਨਹੀਂ ਕਦੋਂ ਗੇੜਾ ਵੱਜੇ |"
"ਜੀਜਾ ਜੀ, ਤੁਸੀਂ ਬੇਸੰੱਕ ਚਲੇ ਜਾਇਓ ਪਰ ਚਾਹ ਪੀ ਕੇ | ਪਰ ਅਸੀਂ ਭੈਣ ਨੂੰ ਕੋਈ ਨਹੀਂ ਜਾਣ ਦੇਣਾ |" ਇਹ ਬੋਲ ਦੂਸਰੀ ਕੁੜੀ ਦੇ ਸਨ | ਜਲੌਰ ਨੂੰ ਉਸ ਕੁੜੀ ਦੀ ਆਵਾਜ਼ ਵੀ ਸੰਗੀਤਮਈ ਜਾਪੀ |
"ਨਹੀਂ, ਸਰਬੀ, ਸਾਨੂੰ ਹੁਣ ਜਾਣਾ ਪੈਣੈ | ਜਲੌਰ ਸਿੰਘ ਨੂੰ ਇਥੇ ਕਚਹਿਰੀਆਂ ਵਿਚ ਬਹੁਤ ਜ਼ਰੂਰੀ ਕੰਮ ਐ |" ਸੁਖਦੇਵ ਨੇ ਬਹਾਨਾ ਬਣਾਇਆ |
"ਕਾਕਾ, ਮੇਜਰ ਸਾਅਬ ਤਾਂ ਤੁਹਾਡੇ ਕਰਕੇ ਇਕ ਹਫਤੇ ਦੀ ਛੁੱਟੀ ਲੈ ਕੇ ਆਏ ਐ | ਸਰਬਜੀਤ ਨੇ ਇਹਨਾਂ ਨੂੰ ਚਿੱਠੀ ਵਿਚ ਲਿਖ ਦਿੱਤਾ ਸੀ ਕਿ ਦਰਸੰਨਾ ਨੇ ਵੀ ਪ੍ਰਾਹੁਣੇ ਨਾਲ ਹੀ ਛੇਤੀ ਕਨੇਡਾ ਚਲੀ ਜਾਣੈ | ਤੇ ਤੁਸੀਂ ਉਹਨਾਂ ਕੋਲ ਦਸ ਮਿੰਟ ਵੀ ਨਹੀਂ ਰੁਕੇ |" ਮਾਸੀ ਨੇ ਉਲਾਂਹਮੇ ਦੀ ਸੁਰ ਵਿਚ ਕਿਹਾ |
"ਜੈਂਟਲਮੈਨ, ਤੇਰੀ ਮਾਸੀ ਠੀਕ ਕਹਿੰਦੀ ਹੈ | ਆਪਾਂ ਨੂੰ ਇਕੱਠੇ ਬੈਠਣ ਦਾ ਹੁਣ ਤਕ ਟਾਇਮ ਹੀ ਨਹੀਂ ਮਿਲਿਆ | ਅੱਜ ਕੋਈ ਕਿਤੇ ਨਹੀਂ ਜਾਏਗਾ | ਮੈਨੂੰ ਖੁਸੰੀ ਹੈ ਕਿ ਤੇਰਾ ਦੋਸਤ ਵੀ ਨਾਲ ਹੈ | ਇਸ ਨਾਲ ਵੀ ਕਨੇਡਾ ਦੀ ਜ਼ਿੰਦਗੀ ਬਾਰੇ ਦੋ ਚਾਰ ਗੱਲਾਂ ਹੋ ਜਾਣਗੀਆਂ | ਹਾਂ, ਜਿਹੜਾ ਕਚਹਿਰੀ ਵਿਚ ਕੰਮ ਹੈ , ਉਹ ਜਰੂਰ ਕਰ ਆਓ |" ਮੇਜਰ ਧਰਮ ਸਿੰਘ ਨੇ ਹੁਕਮੀਆ ਲਹਿਜ਼ੇ ਵਿਚ ਕਿਹਾ |
"ਤੇਰੀ ਕੀ ਸਲਾਹ ਐ?" ਸੁਖਦੇਵ ਨੇ ਜਲੌਰ ਨੂੰ ਹੌਲੀ ਜਿਹੀ ਕਿਹਾ |
"ਜਿਵੇਂ ਤੇਰੀ ਮਰਜ਼ੀ |" ਜਲੌਰ ਨੇ ਵੀ ਧੀਮੀ ਸੁਰ ਵਿਚ ਕਹਿ ਦਿੱਤਾ |
   ਉਹ ਸ਼ਹਿਰ ਵਿਚ ਗੇੜਾ ਦੇ ਕੇ ਛੇਤੀ ਵਾਪਸ ਮੁੜ ਆਏ | ਅਸਲ ਵਿਚ ਸੁਖਦੇਵ ਨੇ ਮਾਸੀ ਮਾਸੜ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ | ਉਹ ਜਲੌਰ ਨੂੰ ਇਥੇ ਏਸੇ ਲਈ ਲੈ ਕੇ ਆਇਆ ਸੀ ਕਿ ਸਰਬਜੀਤ ਤੇ ਉਸ ਦੇ ਮਾਪੇ ਉਸ ਨੂੰ ਦੇਖ ਲੈਣ ਤੇ ਉਸ ਦੇ ਸੁਭਾਅ ਨੂੰ ਜਾਣ ਸਕਣ ਅਤੇ ਜਲੌਰ ਵੀ ਉਹਨਾਂ ਬਾਰੇ ਪੂਰੀ ਜਾਣ ਕਾਰੀ ਲੈ ਸਕੇ ਪਰ ਉਹ ਜਲੌਰ ਨੂੰ ਇਸ ਭੇਦ ਤੋਂ ਜਾਣੂ ਨਹੀਂ ਸੀ ਕਰਵਾਉਣਾ ਚਾਹੁੰਦਾ | ਇਸੇ ਕਰਕੇ ਉਹ ਇਹ ਡਰਾਮਾ ਕਰ ਰਿਹਾ ਸੀ | ਉਸ ਨੇ ਇਸ ਡਰਾਮੇ ਨੂੰ ਪੂਰੀ ਸਫਲਤਾ ਨਾਲ ਖੇਡਿਆ, ਜਿਸ ਵਿਚ ਜਲੌਰ ਵੀ ਅਣਜਾਣੇ ਹੀ ਸਹਾਇਕ ਪਾਤਰ ਦੀ ਭੂਮਿਕਾ ਨਿਭਾਉਣ ਲੱਗਾ | ਪਹਿਲਾਂ ਤਾਂ ਉਹ ਚੁੱਪ ਚੁੱਪ ਜਿਹਾ ਬੈਠਾ ਰਿਹਾ ਪਰ ਹੌਲ਼ੀ ਹੌਲ਼ੀ ਉਸ ਦੀ ਝਿਜਕ ਦੂਰ ਹੁੰਦੀ ਗਈ ਤੇ ਉਹ ਦਰਸੰਨਾ ਦੇ ਮਾਸੀ ਮਾਸੜ ਨਾਲ ਗੱਲ ਕਰਨ ਦੇ ਨਾਲ ਨਾਲ ਸਰਬਜੀਤ ਨਾਲ ਵੀ ਗੱਲਾਂ ਕਰਨ ਲੱਗਾ | ਜਦੋਂ ਟੇਬਲ ਉਪਰ ਵਿਸਕੀ ਦੀਆਂ ਗਲਾਸੀਆਂ ਖੜਕ ਪਈਆਂ ਤਾਂ ਉਸ ਦੀ ਰਹਿੰਦੀ ਝਿਜਕ ਵੀ ਦੂਰ ਹੋ ਗਈ ਤੇ ਉਸ ਨੇ ਆਪਣੀ ਸਕੂਲੀ ਪੜ੍ਹਾਈ, ਆਪਣਾ ਗ੍ਰੇਡਰ ਦਾ ਕੀਤਾ ਹੋਇਆ ਕੋਰਸ, ਆਪਣਾ ਕੰਮ ਅਤੇ ਆਪਣੇ ਪਰਿਵਾਰ ਬਾਰੇ ਸਭ ਕੁਝ ਪੂਰੇ ਵੇਰਵੇ ਨਾਲ ਦੱਸ ਦਿੱਤਾ | ਉਸ ਨੇ ਆਪਣੀ ਪਸੰਦ ਬਾਰੇ ਵੀ ਜਾਣੂ ਕਰਵਾ ਦਿੱਤਾ ਅਤੇ ਸਰਬਜੀਤ ਕੋਲੋਂ ਵੀ ਉਸ ਦੀ ਪਸੰਦ ਬਾਰੇ ਪੁੱਛ ਲਿਆ | ਕਿਸੇ ਪਾਸਿਉਂ ਵੀ ਕਿਸੇ ਨੂੰ ਕੋਈ ਉਜਰ ਨਹੀਂ ਸੀ | ਸੋ ਖਾਣਾ ਖਾਣ ਤੱਕ ਸਰਬਜੀਤ ਤੇ ਜਲੌਰ ਸਿੰਘ ਦੀ ਜੋੜੀ ਬਣਨ ਦਾ ਇਕਰਾਰ ਪੱਕਾ ਹੋ ਗਿਆ | ਬਸ ਹੁਣ ਜਲੌਰ ਦੇ ਮਾਪਿਆਂ ਕੋਲੋਂ ਹਾਂਅ ਅਖਵਾਉਣੀ ਹੀ ਬਾਕੀ ਸੀ | ਉਂਝ ਛੋਟੀ ਜਿਹੀ ਇਕ ਹੋਰ ਅੜਚਣ ਵੀ ਸੀ | ਜਲੌਰ ਦਾ ਕਹਿਣਾ ਸੀ, "ਹੁਣ ਬੀ।ਐਡ। ਕਰਨ ਦੀ ਕੋਈ ਲੋੜ ਨਹੀਂ, ਵਿਆਹ ਤੋਂ ਮਗਰੋਂ ਉਹ ਸਰਬਜੀਤ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਜਾਏਗਾ ਪਰ ਸਰਬਜੀਤ ਬੀ।ਐਡ। ਦੀ ਡਿਗਰੀ ਲੈਣ ਮਗਰੋਂ ਕੈਨੇਡਾ ਜਾਣਾ ਚਾਹੁੰਦੀ ਸੀ | ਸੁਖਦੇਵ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ, " ਬੀ।ਐਡ। ਵਿਆਹ ਵਿਚ ਕੋਈ ਅੜਿਕਾ ਨਹੀਂ ਬਣਨ ਵਾਲੀ | ਪਹਿਲਾਂ ਕੱਲ੍ਹ ਨੂੰ ਸਾਧਾਂ ਵਾਲੇ ਜਾ ਕੇ ਬੀ ਜੀ ਨਾਲ ਸਲਾਹ ਕਰ ਲਈ ਜਾਵੇ |"
   ਅਖੀਰ ਇਹ ਫੈਸਲਾ ਹੋਇਆ ਕਿ ਕੱਲ੍ਹ ਨੂੰ ਸਵੇਰੇ ਹੀ ਸੁਖਦੇਵ ਜਲੌਰ ਨੂੰ ਸਾਧਾਂ ਵਾਲੇ ਛੱਡ ਆਵੇਗਾ ਤੇ ਸੰਾਮੀ ਚਾਰ ਵਜੇ ਮੇਜਰ ਸਾਹਿਬ ਤੇ ਸੁਖਦੇਵ ਮੁੰਡਾ ਦੇਖਣ ਸਾਧਾਂ ਵਾਲੇ ਆ ਜਾਣਗੇ|
   ਦੇਖਣ ਦਿਖਾਉਣ ਦੀ ਕਾਰਵਾਈ ਤਾਂ ਇਕ ਦਿਖਾਵਾ ਹੀ ਸੀ | ਸਭ ਕੁਝ ਪੱਕ ਪਕਾ ਹੋ ਕੇ ਦਸਾਂ ਦਿਨਾਂ ਵਿਚ ਹੀ ਇਹ ਵਿਆਹ ਹੋ ਗਿਆ ਅਤੇ ਵਿਆਹ ਤੋਂ ਵਿਹਲੇ ਹੁੰਦਿਆਂ ਹੀ ਸੁਖਦੇਵ ਤੇ ਦਰਸੰਨਾ ਦੀ ਕੈਨੇਡਾ ਨੂੰ ਜਾਣ ਦੀ ਤਿਆਰੀ ਹੋ ਗਈ | ਜਲੌਰ ਤੇ ਸਰਬਜੀਤ ਵੀ ਉਹਨਾਂ ਨੂੰ ਜਹਾਜ਼ ਚੜ੍ਹਾਉਣ ਦਿੱਲੀ ਗਏ | ਉਹਨਾਂ ਨੇ ਦੋ ਦਿਨ ਦਿੱਲੀ ਰਹਿ ਕੇ ਉਥੋਂ ਦੀਆਂ ਇਤਹਾਸਿਕ ਥਾਵਾਂ ਦੇਖਣ ਦਾ ਪਰੋਗ੍ਰਾਮ ਵੀ ਬਣਾਇਆ ਹੋਇਆ ਸੀ | ਚਾਰ ਦਿਨ ਦਿੱਲੀ ਰਹਿ ਕੇ ਜਦੋਂ ਉਹ ਵਾਪਸ ਮੋਗੇ ਪਹੁੰਚੇ ਤਾਂ ਘਰ ਵਿਚ ਇਕੱਲੇ ਮੇਜਰ ਸਾਹਿਬ ਹੀ ਸਨ | ਘਰ ਵਿਚ ਆਪਣੀ ਮਾਂ ਨੂੰ ਨਾ ਦੇਖ ਸਰਬਜੀਤ ਨੇ ਪੁੱਛਿਆ, "ਪਾਪਾ, ਮੰਮੀ ਕਿੱਥੇ ਗਏ ਹੋਏ ਨੇ?"
"ਉਹ ਤੁਹਾਡੀ ਬੀ ਜੀ ਦਾ ਖਾਣਾ ਲੈ ਕੇ ਹਸਪਤਾਲ ਗਈ ਹੋਈ ਏ | ਨਿੱਕੀ ਉੱਥੇ ਦਾਖਲ ਹੈ | ਰਾਤੀਂ ਉਸ ਨੂੰ ਟੱਟੀਆਂ ਉਲਟੀਆਂ ਲੱਗ ਗਈਆਂ ਸਨ, ਜਿਹੜੀਆਂ ਬੰਦ ਨਹੀਂ ਹੋ ਰਹੀਆਂ | ਅੱਜ ਸਵੇਰੇ ਨਸੀਬ ਸਿੰਘ ਦਾ ਵੱਡਾ ਮੁੰਡਾ ਇਹਨਾਂ ਨੂੰ ਇੱਥੇ ਛੱਡ ਗਿਆ ਸੀ | ਡਾਕਟਰ  ਦਾ ਕਹਿਣਾ ਹੈ ਕਿ ਇਸ ਨੂੰ ਹੈਜ਼ਾ ਹੋ ਗਿਆ ਹੈ ਅਤੇ ਸਰੀਰ ਦਾ ਪਾਣੀ ਮੁੱਕ ਗਿਆ ਹੈ |" ਮੇਜਰ ਸਾਹਿਬ ਨੇ ਆਉਂਦਿਆਂ ਨੂੰ ਹੀ ਬੁਰੀ ਖ਼ਬਰ ਸੁਣਾ ਦਿੱਤੀ | 
   ਉਹ ਬਿਨਾਂ ਕੁਝ ਖਾਧਿਆਂ, ਪਾਣੀ ਪੀ ਕੇ ਉਸੇ ਹਾਲਤ ਵਿਚ ਹੀ ਹਸਪਤਾਲ ਨੂੰ ਚਲੇ ਗਏ | ਸੰਰਨੀ ਜੈਰੀ ਨੂੰ ਦੇਖ, ਉਸ ਦੇ ਗਲ਼ ਲੱਗ ਰੋਣ ਲੱਗੀ ਤੇ ਰੋਂਦੀ ਹੋਈ ਕਹਿਣ ਲੱਗੀ, "ਜਲੌਰ, ਆ! ਬਚਾ ਲੈ ਆਪਣੀ ਭੈਣ ਨੂੰ, ਇਹ ਤਾਂ ਜਾ ਰਹੀ ਐ ਆਪਣੇ ਹੱਥਾਂ ਵਿਚੋਂ |"
"ਤੁਸੀਂ ਫਿਕਰ ਨਾ ਕਰੋ ਬੀ ਜੀ, ਨਿੱਕੀ ਨੂੰ ਕੁਝ ਨਹੀਂ ਹੋਣ ਲੱਗਾ | ਅਸੀਂ ਹੁਣੇ ਡਾਕਟਰ ਕੋਲੋਂ ਇਸ ਦੀ ਬਿਮਾਰੀ ਬਾਰੇ ਸਾਰਾ ਪਤਾ ਕਰਦੇ ਹਾਂ |" ਇਹ ਆਖ ਕੇ ਉਹ ਨਿੱਕੀ ਨੂੰ ਦੇਖਣ ਲੱਗਾ ਤੇ ਸਰਬਜੀਤ ਆਪਣੀ ਸੱਸ ਨੂੰ ਧਰਵਾਸ ਦੇਣ ਲੱਗੀ | ਨਿੱਕੀ ਦੇ ਗਲੂਕੋਜ਼ ਲੱਗਾ ਹੋਇਆ ਸੀ ਤੇ ਉਹ ਬੇਹੋਸੰ ਸਿੱਧੀ ਲੇਟੀ ਹੋਈ ਸੀ | ਜੈਰੀ ਦੇ ਬਲਾਉਣ 'ਤੇ ਵੀ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ | ਨਿੱਕੀ ਦੀ ਹਾਲਤ ਦੇਖ ਜੈਰੀ ਦਾ ਮਨ ਵੀ ਡੋਲ ਗਿਆ ਤੇ ਉਹ ਅੱਖਾਂ ਭਰ ਆਇਆ | ਸਰਬਜੀਤ ਉਸ ਦੀ ਬਾਂਹ ਫੜ ਕੇ ਉਸ ਨੂੰ ਡਾਕਟਰ ਵੱਲ ਲੈ ਗਈ | ਡਾਕਟਰ ਨੇ ਦੱਸਿਆ, "ਕੁੜੀ ਦੀ ਹਾਲਤ ਬਹੁਤੀ ਚੰਗੀ ਨਹੀਂ | ਉਸ ਦੀ ਉਲਟੀ ਤਾਂ ਬੰਦ ਹੋ ਗਈ ਹੈ ਪਰ ਟੱਟੀਆਂ ਬੰਦ ਨਹੀਂ ਹੋ ਰਹੀਆਂ | ਸਵੇਰ ਤੱਕ ਦੇਖਦੇ ਹਾਂ | ਜੇ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਤੁਸੀਂ ਇਸ ਨੂੰ ਲੁਧਿਆਣੇ ਸੀ।ਐਮ।ਸੀ ਵਿਚ ਲੈ ਜਾਇਓ |"
"ਬੀ ਜੀ, ਡਾਕਟਰ ਨਾਲ ਗੱਲ ਹੋ ਗਈ ਐ, ਉਹ ਕਹਿੰਦਾ ਏ ਕਿ ਪਹਿਲਾਂ ਨਾਲੋਂ ਕੁਝ ਮੋੜ ਪੈ ਗਿਆ ਏ | ਨਿੱਕੀ ਜਲਦੀ ਠੀਕ ਹੋ ਜਾਵੇਗੀ ਪਰ ਆਪਾਂ ਕੱਲ੍ਹ ਨੂੰ ਇਸ ਨੂੰ ਲੁਧਿਆਣੇ ਵੱਡੇ ਹਸਪਤਾਲ ਲੈ ਜਾਵਾਂਗੇ | ਤੁਸੀਂ ਕੋਈ ਫਿਕਰ ਨਹੀਂ ਕਰਨਾ |" ਮਾਂ ਨੂੰ ਧਰਵਾਸਾ ਦੇ ਕੇ ਉਹ ਘਰ ਆ ਗਏ ਅਤੇ ਦੋਵੇਂ ਕੁੜਮਣੀਆਂ ਨਿੱਕੀ ਕੋਲ ਰਹਿ ਪਈਆਂ |
   ਨਿੱਕੀ ਨੂੰ ਲੁਧਿਆਣੇ ਲੈ ਜਾਣ ਦਾ ਮੌਕਾ ਹੀ ਨਹੀਂ ਆਇਆ | ਉਸ ਨੇ ਸਵੇਰ ਤੋਂ ਪਹਿਲਾਂ ਹੀ ਸਵਾਸ ਤਿਆਗ ਦਿੱਤੇ | ਖੁਸੰੀਆਂ ਗ਼ਮੀਆਂ ਵਿਚ ਬਦਲ ਗਈਆਂ | ਸਾਧਾਂ ਵਾਲੇ ਲਿਆ ਕੇ ਉਸ ਦਾ ਸਸਕਾਰ ਕਰ ਦਿੱਤਾ ਗਿਆ | ਅੰਤਮ ਅਰਦਾਸ ਤੱਕ ਸੰਰਨਜੀਤ ਨੇ ਔਖਿਆਂ ਸੌਖਿਆਂ ਸਬਰ ਕਰਕੇ ਦਿਨ ਲੰਘਾਏ ਪਰ ਉਸ ਮਗਰੋਂ ਤਾਂ ਉਹ ਜੈਰੀ ਦੇ ਖਹਿੜੇ ਹੀ ਪੈ ਗਈ ਕਿ ਛੇਤੀ ਤੋਂ ਛੇਤੀ ਵਾਪਸ ਮੁੜਿਆ ਜਾਵੇ | ਉਸ ਦਾ ਕਹਿਣਾ ਸੀ, " ਮੈਂ ਏਸ ਦੇਸ ਵਿਚ ਇਕ ਦਿਨ ਵੀ ਨਹੀਂ ਰਹਿ ਸਕਦੀ, ਜਿਸ ਨੇ ਮੇਰੀ ਧੀ ਨੂੰ ਖਾ ਲਿਆ |"
   ਜਲੌਰ ਚਾਹੁੰਦਾ ਸੀ ਕਿ ਸਰਬਜੀਤ ਨੂੰ ਨਾਲ ਹੀ ਲੈ ਕੇ ਵਾਪਸ ਮੁੜਿਆ ਜਾਵੇ ਪਰ ਸਰਬਜੀਤ ਦੀ ਸਲਾਹ ਆਪਣਾ ਕੋਰਸ ਪੂਰਾ ਕਰਨ ਦੀ ਸੀ | ਜਲੌਰ ਦੋ ਚਾਰ ਮਹੀਨੇ ਘੁੰਮ ਫਿਰ ਕੇ ਭਾਰਤ ਦੀ ਸੈਰ ਵੀ ਕਰਨੀ ਚਾਹੁੰਦਾ ਸੀ | ਪਰ ਮਾਂ ਦੀ ਇਕੋ ਹੀ ਰਟ ਲਾਈ ਹੋਈ ਸੀ, 'ਛੇਤੀ ਇਥੋਂ ਨਿਕਲ, ਛੇਤੀ ਇਥੋਂ ਤੁਰ ਪੈ'| ਉਹ ਮਾਂ ਨੂੰ ਕਦੀ ਪਿੰਡ ਛੱਡਦਾ ਕਦੀ ਮੋਗੇ ਆਪਣੇ ਸਹੁਰਿਆਂ ਦੇ ਘਰ ਛੱਡ ਜਾਂਦਾ | ਪਰ ਉਸ ਦਾ ਦਿਲ ਕਿਤੇ ਵੀ ਨਹੀਂ ਸੀ ਲਗਦਾ |
   ਪਿੰਡ ਦਾ ਇਕ ਟੁਟਿਆ ਜਿਹਾ ਕਾਂਗਰਸੀ ਲੀਡਰ, ਆਪਣੀ ਲੀਡਰੀ ਚਮਕਾਉਣ ਲਈ ਜਲੌਰ ਸਿੰਘ ਦੇ ਮਗਰ ਪਿਆ ਹੋਇਆ ਸੀ ਕਿ ਪਿੰਡ ਵਿਚ ਸੰਹੀਦ ਇੰਦਰ ਸਿੰਘ ਦੇ ਨਾਮ ਉਪਰ ਇਕ ਕਾਨਫਰੰਸ ਕਰਵਾਈ ਜਾਵੇ | ਜਲੌਰ ਜਦੋਂ ਵੀ ਪਿੰਡ ਆਉਂਦਾ ਉਹ ਆਥਣ ਨੂੰ ਉਸ ਦੇ ਕੋਲ ਆ ਜਾਂਦਾ ਅਤੇ ਕਹਿੰਦਾ, "ਜਲੌਰ ਸਿਆਂ, ਤੇਰੇ ਦਾਦੇ ਨੇ ਦੇਸੰ ਕੌਮ ਲਈ ਸੰਹੀਦ ਹੋ ਕੇ ਆਪਣੇ ਪਿੰਡ ਦਾ ਨਾਮ ਰੌਸੰਨ ਕੀਤਾ ਹੈ | ਹੁਣ ਮਸਾਂ ਮਸਾਂ ਤੇਰਾ ਗੇੜਾ ਵਜਿਆ ਹੈ, ਆਪਾਂ ਉਸ ਦੇ ਨਾਮ 'ਤੇ ਇਕ ਕਾਨਫਰੰਸ ਕਰਵਾਈਏ | ਕੁਛ ਤੂੰ ਹਿੰਮਤ ਕਰ, ਕੁਛ ਆਪਾਂ ਪਿੰਡਾਂ 'ਚੋਂ ਉਗਰਾਹੀ ਕਰ ਲਵਾਂਗੇ | ਕਹੇਂ ਤਾਂ ਮੈਂ ਤਹਿਸੀਲ ਤੇ ਜ਼ਿਲਾ ਪਰਧਾਨ ਨਾਲ ਗੱਲ ਕਰਾਂ? ਚੀਫ ਮਨਿਸਟਰ ਕੈਰੋਂ ਨੂੰ ਕਾਨਫਰੰਸ ਦੀ ਪਰਧਾਨਗੀ ਲਈ ਸਦ ਲਵਾਂਗੇ | ਫੇਰ ਪਿੰਡ ਦੇ ਸਕੂਲ ਦਾ ਨਾਮ ਸੰਹੀਦ ਇੰਦਰ ਸਿੰਘ ਦੇ ਨਾਮ ਉਪਰ ਹੋਏਗਾ | ਸਕੂਲ ਦੇ ਸਾਹਮਣੇ ਉਹਨਾਂ ਦਾ ਬੁੱਤ ਲਾਵਾਂਗੇ |"
   ਉਸ ਦੇ ਚਲੇ ਜਾਣ ਮਗਰੋਂ ਨਸੀਬ ਸਿੰਘ ਕਹਿੰਦਾ, "ਐਵੇਂ ਨਾ ਇਸ ਦੇ ਮਗਰ ਲੱਗ ਜਾਵੀਂ, ਇਸ ਦੇ ਕਹੇ ਕਿਸੇ ਕੈਰੋਂ ਕੂਰੋਂ ਨੇ ਨਹੀਂ ਆਉਣਾ | ਬਸ ਤੂੰ ਹਾਂ ਹੂੰ ਕਰ ਛੱਡਿਆ ਕਰ |"
   ਉਸ ਲੀਡਰ ਦੇ ਬਾਰ ਬਾਰ ਕਹਿਣ 'ਤੇ ਜਲੌਰ ਦੇ ਦਿਲ ਵਿਚ ਉਮੰਗ ਪੈਦਾ ਹੋ ਗਈ ਕਿ 'ਮੈਂ ਆਪਣੇ ਬਾਬੇ ਦੇ ਨਾਮ ਉਪਰ ਕੁਝ ਕਰ ਜਾਵਾਂ |' ਇਕ ਦਿਨ ਉਸ ਨੇ ਉਸ ਲੀਡਰ ਨੂੰ ਕਹਿ ਹੀ ਦਿੱਤਾ, "ਬਾਬਾ, ਜੇ ਪਿੰਡ ਵਾਲਿਆਂ ਦੀ ਸਲਾਹ ਹੈ ਤਾਂ ਤੁਸੀਂ ਇਕੱਠ ਕਰਕੇ ਮੇਰੇ ਜਾਣ ਤੋਂ ਪਹਿਲਾ ਪਹਿਲਾਂ ਕਾਨਫਰੰਸ ਕਰਵਾਉਣ ਦਾ ਫੈਸਲਾ ਕਰ ਲਵੋ |"
"ਹੁਣ ਤਾਂ ਚੀਨ ਨਾਲ ਜੰਗ ਲੱਗ ਗਈ | ਇਨ੍ਹਾਂ ਦਿਨਾਂ ਵਿਚ ਕੈਰੋਂ ਸਾਅਬ ਨੂੰ ਤਾਂ ਵਿਹਲ ਨਹੀਂ ਮਿਲਣੀ, ਕਿਸੇ ਹੋਰ ਲੀਡਰ ਨੂੰ ਮੰਗਵਾ ਲੈਂਦੇ ਹਾਂ | ਨਾਲ ਉਸ ਨੂੰ ਵਾਰ ਫੰਡ ਵੀ ਦੇ ਦਿਆਂਗੇ |" ਪਿੰਡ ਦੇ ਲੀਡਰ ਨੇ ਆਪਣੀ ਗੱਲ ਬਣਦੀ ਦੇਖ ਕੇ ਖੁਸ਼ ਹੁੰਦਿਆਂ ਕਿਹਾ |
"ਮੈਂ ਤਾਂ ਛੇਤੀ ਚਲੇ ਜਾਣਾ | ਜਿਵੇਂ ਮਰਜੀ ਕਰ ਲੈਣਾ, ਨਸੀਬ ਚਾਚਾ ਤੁਹਾਡੇ ਨਾਲ ਆ |" ਇਹ ਕਹਿ ਕੇ ਜਲੌਰ ਨੇ ਲੀਡਰ ਕੋਲੋਂ ਖਹਿੜਾ ਛੱਡਵਾਇਆ | 
  ਬੜੀ ਮੁਸ਼ਕਲ ਨਾਲ ਉਹਨਾਂ ਢਾਈ ਮਹੀਨੇ ਓਥੇ ਕੱਟੇ ਸਨ ਕਿ ਮਾਂ ਦੀ ਨਿਘਰਦੀ ਹਾਲਤ ਨੂੰ ਦੇਖ ਕੇ ਜੈਰੀ ਨੇ ਕੈਨੇਡਾ ਵਾਪਸ ਮੁੜ ਜਾਣ ਦਾ ਫੈਸਲਾ ਕਰ ਲਿਆ |   
***************************
 
ਕਰਮ ਚੱਕਰ
ਅੱਧ ਨਵੰਬਰ ਵਿਚ ਜਦੋਂ ਜਲੌਰ ਆਪਣੀ ਮਾਂ ਨਾਲ ਵੈਨਕੂਵਰ ਏਅਰਪੋਰਟ 'ਤੇ ਆ ਕੇ ਉਤਰਿਆ ਤਾਂ ਅੱਗੋਂ ਉਹਨਾਂ ਦਾ ਸਿਆਲ ਦੀ ਪਹਿਲੀ ਬਰਫਬਾਰੀ ਨੇ ਸੁਆਗਤ ਕੀਤਾ | ਜਹਾਜ਼ ਤੋਂ ਪੌੜੀ ਰਾਹੀਂ ਉਤਰ ਕੇ ਇਮੀਗ੍ਰੇਸੰਨ ਦੀ ਬਿਲਡਿੰਗ ਵਿਚ ਆਉਣ ਤਕ, ਗਰਮ ਕਪੜੇ ਪਾਏ ਹੋਣ 'ਤੇ ਵੀ ਉਹ ਥਰ ਥਰ ਕੰਬ ਰਹੇ ਸਨ | ਇਮੀਗ੍ਰੇਸੰਨ ਤੋਂ ਵਿਹਲੇ ਹੋ ਕੇ ਜਦੋਂ ਉਹ ਬਾਹਰ ਆਏ ਤਾਂ ਅੱਗੋਂ ਸੁਖਦੇਵ ਤੇ ਦਰਸੰਨਾ ਉਹਨਾਂ ਨੂੰ ਲੈਣ ਆਏ ਹੋਏ ਸਨ | ਜਲੌਰ ਨੂੰ ਇਕੱਲਿਆਂ ਹੀ ਰੇੜੀ ਲਈ ਆਉਂਦਿਆਂ ਦੇਖ ਕੇ ਦਰਸੰਨਾ ਨੇ ਹੈਰਾਨੀ ਨਾਲ ਉਸ ਕੋਲੋਂ ਪੁੱਛਿਆ, "ਭਾਅ ਜੀ, ਤੁਸੀਂ 'ਕੱਲੇ ਹੀ! ਬੀ ਜੀ ਨਾਲ ਨਹੀਂ ਆਏ?" 
"ਅਹੁ, ਬੀ ਜੀ ਪਿੱਛੇ ਆ ਤਾਂ ਰਹੇ ਆ |" ਜੈਰੀ ਨੇ ਬਹੁਤ ਪਿੱਛੇ ਹੌਲ਼ੀ ਹੌਲ਼ੀ ਤੁਰੀ ਆ ਰਹੀ ਸੰਰਨੀ ਵੱਲ ਇਸੰਾਰਾ ਕੀਤਾ | 
   ਪਿੱਛੇ ਆ ਰਹੀ ਸੰਰਨਜੀਤ ਨੂੰ ਦਰਸੰਨਾ ਨੇ ਧਿਆਨ ਨਾਲ ਦੇਖਿਆ ਤਾਂ ਉਹ ਉਸ ਨੂੰ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਦਿਸੀ | ਉਹ ਇਸ ਤਰ੍ਹਾਂ ਤੁਰ ਰਹੀ ਸੀ ਜਿਵੇਂ ਕਿਸੇ ਕੋਲੋਂ ਸਾਹ ਹੁਧਾਰੇ ਲੈ ਕੇ ਆਈ ਹੋਵੇ | ਦਰਸੰਨਾ ਅਗਾਂਹ ਵਧ ਕੇ ਉਸ ਨੂੰ ਜੱਫੀ ਪਾ ਕੇ ਮਿਲੀ ਤੇ ਨਿੱਕੀ ਦੀ ਮੌਤ ਦਾ ਅਫਸੋਸ ਕਰਨ ਲੱਗੀ | ਸੁਖਦੇਵ ਦੌੜ ਕੇ ਕਾਰ ਨੂੰ ਗੇਟ ਦੇ ਸਾਹਮਣੇ ਲੈ ਆਇਆ | ਜਦੋਂ ਸਮਾਨ ਰੱਖ ਕੇ ਉਹ ਕਾਰ ਵਿਚ ਬੈਠ ਗਏ ਤਾਂ ਦਰਸੰਨਾ ਨੇ ਕਿਹਾ, " ਭਾਅ ਜੀ, ਸਰਬੀ ਨੂੰ ਵੀ ਨਾਲ ਹੀ ਲੈ ਆਉਣਾ ਸੀ |" 
"ਉਸ ਨੂੰ ਲਿਆਉਣ ਲਈ ਭੱਜ ਨੱਠ ਤਾਂ ਕੀਤੀ ਸੀ ਪਰ ਬੀ ਜੀ ਦੀ ਸਿਹਤ ਵੀ ਬਹੁਤੀ ਠੀਕ ਨਹੀਂ ਸੀ ਰਹਿੰਦੀ ਤੇ ਫੇਰ ਪਾਪਾ ਜੀ ਤੇ ਦੂਜੇ ਬੀ ਜੀ ਵੀ ਕਹਿਣ ਲੱਗ ਪਏ ਕਿ ਇਸ ਨੂੰ ਬੀ।ਐਡ। ਦਾ ਕੋਰਸ ਪੂਰਾ ਕਰ ਲੈਣ ਦਿਓ |"
"ਇਹ ਤੁਸੀਂ ਬਹੁਤ ਚੰਗਾ ਕੀਤਾ | ਇੱਥੇ ਟੀਚਰਾਂ ਦੀ ਬਹੁਤ ਲੋੜ ਐ | ਮੈਨੂੰ ਵੀ ਪੜ੍ਹਾਉਣ ਦੀ ਮਨਜ਼ੂਰੀ ਮਿਲ ਗਈ ਐ, ਬੱਸ ਨਿਕੇ ਨਿਕੇ ਦੋ ਕੋਰਸ ਕਰਨੇ ਪੈਣੇ ਐ, ਇਕ ਕੈਨੇਡੀਅਨ ਹਿਸਟਰੀ ਦਾ ਤੇ ਇਕ ਕਰੀਏਟਿਵ ਇੰਗਲਿਸੰ ਦਾ, ਫੇਰ ਟੀਚਿੰਗ ਸਰਟੀਫੀਕੇਟ ਮਿਲ ਜਾਊਗਾ |" ਦਰਸੰਨਾ ਨੇ ਖੁਸੰ ਹੋ ਕੇ ਦੱਸਿਆ |  
"ਚਾਚੇ ਲਛਮਣ ਨੂੰ ਕਹਿਣਾ ਸੀ ਕਿ ਉਹ ਵੀ ਤੁਹਾਡੇ ਨਾਲ ਹੀ ਆ ਜਾਂਦਾ |" ਸੁਖਦੇਵ ਨੇ ਗੱਲ ਨੂੰ ਹੋਰ ਪਾਸੇ ਪਾਉਂਦੇ ਕਿਹਾ | 
"ਉਸ ਦਾ ਓਥੇ ਜੀਅ ਲੱਗਿਆ ਹੋਇਆ | ਕਹਿੰਦਾ ਸੀ 'ਪੰਜ ਛੇ ਮਹੀਨੇ ਠਹਿਰ ਕੇ ਆਊਂਗਾ |' ਤੂੰ ਸਾਡੇ ਲਈ ਕੋਈ ਬੇਸਮਿੰਟ ਦੇਖੀ? ਤੈਨੂੰ ਟੈਲੀਗ੍ਰਾਮ ਵਿਚ ਲਿਖਿਆ ਸੀ |" 
"ਤੁਹਾਡੀ ਰਹਾਇਸੰ ਦਾ ਪ੍ਰਬੰਧ ਹੋ ਗਿਆ ਐ | ਚਾਚੇ ਦੇ ਘਰ ਦੀ ਬੇਸਮਿੰਟ ਵਿਚ ਦੋ ਤਿੰਨ ਆਪਣੇ ਮੁੰਡੇ ਰਹਿੰਦੇ ਸੀ, ਉਹਨਾਂ ਨੂੰ ਕੋਈ ਹੋਰ ਥਾਂ ਭਾਲ ਲੈਣ ਲਈ ਕਹਿ ਦਿੱਤਾ ਸੀ | ਉਹ ਮਹੀਨੇ ਦੇ ਅਖੀਰ ਤਾਈਂ ਸਿੰਫਟ ਕਰ ਜਾਣਗੇ | ਓਨਾ ਚਿਰ ਆਪਾਂ ਇਕੱਠੇ ਰਹਿ ਲਵਾਂਗੇ | ਫੇਰ ਜਿਵੇਂ ਤੁਹਾਡੀ ਸਲਾਹ ਹੈ ਉਹ ਦੱਸ ਦਿਓ |" 
   ਜਲੌਰ ਨੂੰ ਸੁਖਦੇਵ ਦੀ ਵਿਉਂਤ ਪਸੰਦ ਆਈ | ਫੇਰ ਵੀ ਉਸ ਨੇ ਸੰਰਨੀ ਕੋਲੋਂ ਪੁੱਛ ਲਿਆ,"ਬੀ ਜੀ, ਤੁਹਾਡੀ ਕੀ ਸਲਾਹ ਹੈ?"
"ਜਿਵੇਂ ਥੋਡੀ ਮਰਜੀ ਐ, ਉਵੇਂ ਠੀਕ ਐ |" ਇਹ ਆਖ ਕੇ ਉਹ ਚੁੱਪ ਕਰ ਗਈ | ਉਸ ਨੇ ਪਹਿਲਾਂ ਵੀ ਉਹਨਾਂ ਦੀਆਂ ਗੱਲਾਂ ਵਿਚ ਕੋਈ ਹੁੰਗਾਰਾ ਨਹੀਂ ਸੀ ਭਰਿਆ |
"ਤੇਰੀ ਨਵੀਂ ਜਾਬ ਕਿਸ ਤਰ੍ਹਾਂ ਦੀ ਆ?" ਜਲੌਰ ਨੇ ਸੁਖਦੇਵ ਕੋਲੋਂ ਪੁੱਛਿਆ | 
"ਠੀਕ ਐ, ਬੀ।ਸੀ। ਹਾਈਡਰੋ ਵਿਚ ਫੀਲਡ ਦਾ ਕੰਮ ਮਿਲਿਐ | ਕੰਮ ਕੋਈ ਮੁਸੰਕਲ ਨਹੀਂ ਪਰ ਗੋਰੇ ਅਜੇ ਪੈਰ ਨਹੀਂ ਲੱਗਣ ਦੇ ਰਹੇ | ਆਪਾਂ ਵੀ ਕਦੀ ਉਹਨਾਂ ਦੀ ਪਰਵਾਹ ਨਹੀਂ ਕੀਤੀ | ਕੰਮ ਦਿਲ ਲਾ ਕੇ ਕਰੀ ਜਾਈਦਾ ਐ |"
"ਬਸ ਕੰਮ ਦਿਲ ਲਾ ਕੇ ਕਰੀ ਜਾਓ, ਉਪਰਲਿਆਂ ਨੂੰ ਤਾਂ ਕੰਮ ਚਾਹੀਦਾ | ਜਿੰਨੀ ਦੇਰ ਤੁਸੀਂ ਕੰਮ ਚੰਗਾ ਕਰਦੇ ਆਂ ਤਾਂ ਉਹਨਾਂ ਨੂੰ ਫੇਰ ਰੰਗ ਨਹੀਂ ਦਿਸਦਾ | ਨਾਲਦਿਆਂ ਨੇ ਤਾਂ ਸਾੜਾ ਕਰਨਾ ਹੀ ਆ | ਉਹ ਕਦੋਂ ਚਾਹੁੰਦੇ ਨੇ ਕਿ ਸਾਡੇ ਆਦਮੀ ਅਜੇਹੀਆਂ ਜਾਬਾਂ 'ਤੇ ਆਉਣ |" ਜਲੌਰ ਵੀ ਵਿਤਕਰੇ ਦਾ ਸਿੰਕਾਰ ਹੋ ਚੁੱਕਾ ਸੀ |
"ਨਹੀਂ, ਸਾਰੇ ਇਕੋ ਜਿਹੇ ਨਹੀਂ, ਕਈ ਮੇਰੇ ਨਾਲ ਮਿਲਵਰਤਨ ਵੀ ਬਹੁਤ ਕਰਦੇ ਐ | ਬਹੁਤੇ ਉਹਨਾਂ ਨਾਲ ਵੀ ਈਰਖਾ ਕਰਦੇ ਐ |"
"ਆਪੋ ਵਿਚ ਵੀ ਇਹਨਾਂ ਦੇ ਅੰਦਰ ਈਰਖਾ ਹੈਗੀ ਆ | ਸਾਰੇ ਯੋਰਪ ਵਿਚੋਂ ਇੱਥੇ ਆਏ ਹੋਏ ਹਨ | ਇਕ ਦੇਸੰ ਦੇ ਦੂਜੇ ਦੇਸੰ ਵਾਲਿਆਂ ਨੂੰ ਚੰਗਾ ਨਹੀਂ ਗਿਣਦੇ |"
   ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਉਹ ਘਰ ਪਹੁੰਚ ਗਏ | ਦੋ ਦਿਨ ਅਰਾਮ ਕਰਨ ਮਗਰੋਂ ਜਲੌਰ ਨੇ ਕੰਮ ਦੀ ਭਾਲ ਸੁੰਰੂ ਕਰ ਦਿੱਤੀ | ਇਸ ਵਾਰ ਉਸ ਨੂ ਬਹੁਤਾ ਖੱਜਲ ਖੁਆਰ ਨਹੀਂ ਹੋਣਾ ਪਿਆ | ਛੇਤੀ ਹੀ ਉਸ ਨੂੰ ਮਿਛਲ ਆਈ ਲੈਂਡ ਦੀ ਇਕ ਲੰਬਰ ਮਿੱਲ ਵਿਚ ਸਹਾਇਕ ਗਰੇਡਰ ਦੀ ਨੌਕਰੀ ਮਿਲ ਗਈ | ਆਪਣੇ ਕੀਤੇ ਹੋਏ ਕੋਰਸ ਅਨੁਸਾਰ ਨੌਕਰੀ ਮਿਲ ਜਾਣ ਕਾਰਨ ਜੈਰੀ ਸੰਤੁਸੰਟ ਹੋ ਗਿਆ ਤੇ ਟਿਕ ਕੇ ਕੰਮ ਕਰਨ ਲੱਗਾ | 
   ਦਰਸੰਨਾ ਨੇ ਯੂ।ਬੀ।ਸੀ। ਵਿਚ ਦਾਖਲਾ ਲੈ ਲਿਆ ਸੀ | ਉਹ ਯੁਨੀਵਰਸਿਟੀ ਚਲੀ ਜਾਂਦੀ ਅਤੇ ਪਿੱਛੋਂ ਸੰਰਨੀ ਸਾਰੇ ਘਰ ਦਾ ਕੰਮ ਧੰਦਾ ਨਬੇੜ ਦਿੰਦੀ | ਜੇ ਮੌਸਮ ਠੀਕ ਹੁੰਦਾ ਤਾਂ ਗੁਰਦਵਾਰੇ ਚਲੀ ਜਾਂਦੀ | ਭਾਰਤੀਆਂ ਦੀ ਕੈਨੇਡਾ ਵਿਚ ਗਿਣਤੀ ਵਧਣ ਨਾਲ ਹੁਣ ਗੁਰਦਵਾਰੇ ਵਿਚ ਵੀ ਚੰਗੀ ਰੌਣਕ ਰਹਿੰਦੀ ਸੀ | ਸੰਰਨੀ ਨੂੰ ਗੱਲਾਂ ਕਰਨ ਲਈ ਉਸ ਦੇ ਹਾਣਦੀਆਂ ਦੋ ਚਾਰ ਔਰਤਾਂ ਗੁਰਦਵਾਰੇ ਵਿਚ ਮਿਲ ਜਾਂਦੀਆਂ, ਉਹਨਾਂ ਨਾਲ ਗੱਲਾਂ ਕਰਨ ਨਾਲ ਉਸ ਨੇ ਧਰਵਾਸ ਧਰ ਲਿਆ ਸੀ ਤੇ ਹੁਣ ਉਹ ਨਿੱਕੀ ਦੀ ਗੱਲ ਬਹੁਤ ਘੱਟ ਕਰਦੀ ਸੀ | ਸਿਹਤ ਵੀ ਉਸ ਦੀ ਠੀਕ ਰਹਿੰਦੀ ਸੀ | ਹੁਣ ਤਾਂ ਉਸ ਨੂੰ ਆਪਣੀ ਨੂੰਹ ਦੀ ਉਡੀਕ ਸੀ ਕਿ ਉਹ ਕਦੋਂ ਏਥੇ ਆਉਂਦੀ ਹੈ | ਸਰਬਜੀਤ ਨੇ ਵੀ ਬਹੁਤੀ ਉਡੀਕ ਨਹੀਂ ਕਰਵਾਈ | ਉਹ ਵੀ ਬੀ।ਐਡ। ਦਾ ਕੋਰਸ ਮੁਕੰਮਲ ਕਰਕੇ ਜੂਨ ਦੇ ਅਖੀਰ ਵਿਚ ਕੈਨੇਡਾ ਪਹੁੰਚ ਗਈ | ਕੈਨੇਡਾ ਆ ਕੇ ਉਸ ਨੇ ਵੀ ਦਰਸੰਨਾ ਵਾਂਗ ਹੀ ਟੀਚਰ ਬਣਨ ਲਈ ਅਪਲਾਈ ਕਰ ਦਿੱਤਾ | ਉਹ ਖੁਸੰ-ਕਿਸਮਤ ਸੀ ਕਿ ਉਸ ਨੂੰ ਆਪਣੀ ਭੈਣ ਦਾ ਸਹਾਰਾ ਮਿਲ ਗਿਆ ਸੀ | ਉਸ ਦੀ ਸਹਾਇਤਾ ਨਾਲ ਉਹ ਟੀਚਰ ਬਣਨ ਦੇ ਸਾਰੇ ਪੜਾਅ ਪਾਰ ਕਰ ਗਈ | ਹੁਣ ਕੇਵਲ ਉਸ ਦਾ ਦੋ ਕੋਰਸਾਂ ਲਈ ਦਾਖਲਾ ਲੈਣਾ ਹੀ ਬਾਕੀ ਰਹਿ ਗਿਆ ਸੀ | ਗਰਮੀ ਦੀਆਂ ਛੁੱਟੀਆਂ ਮਗਰੋਂ ਉਸ ਨੂੰ ਯੂਨੀਵਰਸਿਟੀ ਵਿਚ ਦਾਖਲਾ ਮਿਲ ਗਿਆ ਤੇ ਉਹ ਚਾਈਂ ਚਾਈਂ ਪਹਿਲੇ ਦਿਨ ਯੂਨੀਵਰਸਿਟੀ ਗਈ |
   ਯੂਨੀਵਰਸਿਟੀ ਵਿਚ ਵਾਪਰਦੀਆਂ ਜਿਹੜੀਆਂ ਘਟਨਾਵਾਂ ਦਾ ਦਰਸੰਨਾ ਨੇ ਘਰ ਆ ਕੇ ਕਦੀ ਜ਼ਿਕਰ ਨਹੀਂ ਸੀ ਕੀਤਾ, ਉਹ ਪਹਿਲੇ ਦਿਨ ਹੀ ਉਹਨਾਂ ਦਾ ਰੋਣਾ ਲੈ ਬੈਠੀ | ਕਹਿਣ ਲੱਗੀ, "ਦੀਦੀ, ਮੈਂ ਤਾਂ ਪਹਿਲਾ ਦਿਨ ਹੀ ਬਹੁਤ ਔਖਾ ਕੱਢਿਐ | ਕਲਾਸ ਦੇ ਮੁੰਡੇ ਕੁੜੀਆਂ ਜਾਣ ਪਛਾਣ ਕਰਨ ਦੇ ਬਹਾਨੇ ਹੱਥ ਮਿਲਾਉਂਦੇ ਜੱਫੀ ਪਾ ਲੈਂਦੇ | ਕਈ ਤਾਂ ਮੂੰਹ ਚੁੰਮਣ ਤਾਈਂ ਗਏ | ਕੁੜੀਆਂ ਕਦੀ ਮੇਰੇ ਵਾਲ਼ਾਂ ਦਾ, ਕਦੀ ਮੇਰੇ ਇੰਗਲਿਸੰ ਦੇ ਬੋਲਣ ਢੰਗ ਦਾ ਮਖੌਲ ਉਡਾਉਂਦੀਆਂ ਰਹੀਆਂ |"
"ਤੂੰ ਸੁੰਕਰ ਕਰ ਕਿ ਤੇਰੇ ਨਾਲ ਕੋਈ ਹੋਰ ਬੁਰੀ ਹਰਕਤ ਨਹੀਂ ਹੋਈ | ਇਹ ਤਾਂ ਬਹੁਤ ਹੀ ਸਾਧਾਰਨ ਗੱਲਾਂ ਨੇ | ਪਹਿਲੇ ਦਿਨਾਂ ਵਿਚ ਮੇਰੇ ਨਾਲ ਵੀ ਕੋਈ ਘੱਟ ਨਹੀਂ ਸੀ ਹੋਈ ਪਰ ਮੈਂ ਦਿਲ ਨਹੀਂ ਸੀ ਛੱਡਿਆ ਤੇ ਘਰ ਆ ਕੇ ਵੀ ਕਿਸੇ ਨੂੰ ਕੋਈ ਗੱਲ ਨਹੀਂ ਸੀ ਦੱਸੀ | ਬਾਹਰ ਹੋਈ ਕਿਸੇ ਗੰਭੀਰ ਗੱਲ ਤੋਂ ਬਿਨਾਂ ਘਰ ਵਿਚ ਹੋਰ ਕੋਈ ਨਿੱਕੀ ਮੋਟੀ ਗੱਲ ਦੱਸ ਕੇ ਘਰਦਿਆਂ ਦੇ ਮਨ ਦੁਖੀ ਨਹੀਂ ਕਰਨੇ ਚਾਹੀਦੇ |" ਦਰਸੰਨਾ ਨੇ ਸਰਬਜੀਤ ਨੂੰ ਸਮਝਾਇਆ |
   ਸਰਬਜੀਤ ਨੇ ਦਰਸੰਨਾ ਦੀ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ | ਉਹ ਬਾਹਰ ਹੋਈਆਂ ਵਾਪਰੀਆਂ ਗੱਲਾਂ, ਘਰ ਆ ਕੇ, ਦਰਸੰਨਾ ਤੇ ਜਲੌਰ ਨਾਲ ਸਾਂਝੀਆਂ ਕਰ ਲੈਂਦੀ | ਇਕ ਦਿਨ ਬਿਸਤਰੇ ਵਿਚ ਪਿਆਂ, ਉਹ ਜਲੌਰ ਨੂੰ ਦੱਸਣ ਲੱਗੀ, "ਅੱਜ ਤਾਂ ਕਲਾਸ ਵਿਚ ਮੁੰਡੇ ਕੁੜੀਆਂ ਦੇ ਨਾਵਾਂ 'ਤੇ ਈ ਕਲਾਸ ਲੱਗ ਗਈ |" 
"ਕਿਵੇਂ?"
"ਸਾਡੇ ਵਿਚ ਇਕ ਕੁੜੀ ਦਾ ਨਾਮ ਸੰਬਨਮ ਐ | ਸਾਰੇ ਉਸ ਨੂੰ ਸੰਬ ਕਹਿੰਦੇ ਐ | ਇੰਸਟਕਟਰ ਨੇ ਉਸ ਦੇ ਨਾਂਅ ਦੇ ਅਰਥ ਪੁੱਛ ਲਏ | ਜਦੋਂ ਉਸ ਨੇ ਇੰਗਲਿਸੰ ਵਿਚ ਸੰਬਨਮ ਦੇ ਅਰਥ ਤ੍ਰੇਲ ਤੇ ਸੰਬ ਦੇ ਅਰਥ ਰਾਤ ਦੱਸ ਦਿੱਤੇ ਤਾਂ ਉਹ ਸਾਰਿਆਂ ਕੋਲੋਂ ਨਾਵਾਂ ਦੇ ਅਰਥ ਪੁੱਛਣ ਲੱਗ ਪਿਆ |"
"ਫੇਰ? ਤੂੰ ਸਰਬਜੀਤ ਕੌਰ ਦੇ ਕੀ ਅਰਥ ਦੱਸੇ?"
"ਮੈਂ ਦੱਸ ਦਿੱਤਾ, 'ਸਾਰਿਆਂ ਉਪਰ ਜਿੱਤ ਪਰਾਪਤ ਕਰਨ ਵਾਲਾ ਸੰਹਿਜ਼ਾਦਾ |' ਇਹ ਸੁਣ ਕੇ ਸਾਰੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਲੱਗੇ | ਮੇਰੇ ਨਾਲ ਵਾਲੀ ਕੁੜੀ ਕਹਿਣ ਲੱਗੀ 'ਤੇਰਾ ਨਾਮ ਤਾਂ ਬਹੁਤ ਸੁਹਣਾ ਹੈ ਪਰ ਬੋਲਣ ਵਿਚ ਬਹੁਤ ਔਖਿਆਈ ਹੁੰਦੀ ਹੈ | ਤੂੰ ਏਸ ਨੂੰ ਛੋਟਾ ਕਰ ਲੈ | ਅਸੀਂ ਤੈਨੂੰ ਸਾਬੀ ਕਿਹਾ ਕਰਾਂਗੇ |' ਮੈਂ ਕਿਹਾਂ 'ਸਾਡੇ ਘਰ ਦੇ ਪਹਿਲਾਂ ਹੀ ਮੇਰਾ ਛੋਟਾ ਨਾਂਅ ਸਰਬੀ ਲੈਂਦੇ ਐ | ਤੁਸੀਂ ਵੀ ਸਰਬੀ ਕਹਿ ਲਿਆ ਕਰੋ |' ਦੂਜੀ ਕਹਿਣ ਲੱਗੀ 'ਸਾਰਬੀ ਨਹੀਂ ਸੈਰਾ ਨਾਮ ਠੀਕ ਰਹੇਗਾ |' ਬਸ ਫੇਰ ਕੀ ਸੀ, ਕੋਈ ਸਾਬੀ, ਕੋਈ ਸਾਰਬੀ ਤੇ ਕਈ ਸੈਰਾ ਕਹਿਣ ਲੱਗ ਪਏ | ਸਰਬੀ ਕਿਸੇ ਕੋਲੋਂ ਕਹਿ ਹੀ ਨਹੀਂ ਹੋਇਆ |"
"ਸੈਰਾ ਨਾਂ ਵੀ ਠੀਕ ਏ | ਇਹਨਾਂ ਨੂੰ ਛੋਟਾ ਨਾਂ ਲੈ ਕੇ ਬੁਲਾਉਣਾ ਸੌਖਾ ਹੁੰਦਾ | ਮੇਰਾ ਨਾਂ ਜਲੌਰ ਬੋਲਣਾ ਕਿਹੜਾ ਔਖਾ ਸੀ ਪਰ ਇਹਨਾਂ ਨੇ ਜਲੌਰ ਨੂੰ ਜੈਰੀ ਬਣਾ ਲਿਆ | ਤੂੰ ਵੀ ਸੈਰਾ ਅਖਵਾ ਲਿਆ ਕਰ |"
   ਸਰਬਜੀਤ ਦੇ ਨਾਮ ਨਾਲ ਸੈਰਾ ਜੁੜ ਜਾਣਾ ਜੈਰੀ ਨੂੰ ਬਹੁਤ ਭਲਾ ਲੱਗਾ | ਸਰਬਜੀਤ ਨੂੰ ਤਾਂ ਗੱਲਾਂ ਕਰਦਿਆਂ ਕਰਦਿਆਂ ਨੀਂਦ ਆ ਗਈ ਸੀ ਪਰ ਜਲੌਰ ਨੂੰ ਸੈਰਾ ਦੇ ਨਾਮ ਨੇ ਅੱਚਵੀ ਲਾ ਦਿੱਤੀ ਅਤੇ ਉਹ ਬਿਸਤਰੇ ਵਿਚ ਪਲਸੇਟੇ ਮਾਰਦਾ ਹੋਇਆ ਸੈਰਾ ਬਾਰੇ ਸੋਚਣ ਲੱਗਾ |
'ਅਜ ਕਲ ਕਿੱਥੇ ਹੋਏਗੀ ਸੈਰਾ? ਅੱਠ ਨੌਂ ਸਾਲ ਹੋ ਗਏ ਜਦੋਂ ਮਕੈਨਜੀ ਨੇ ਦੱਸਿਆ ਸੀ ਕਿ ਸੈਰਾ ਆਪਣੇ ਪਰਵਾਰ ਨਾਲ ਮਾਂਟਰੀਅਲ ਚਲੀ ਗਈ ਹੈ | ਹੁਣ ਤਾਂ ਉਸ ਨੇ ਵੀ ਵਿਆਹ ਕਰਵਾ ਲਿਆ ਹੋਵੇਗਾ | ਹੋ ਸਕਦਾ ਵਿਆਹ ਨਾ ਹੀ ਕਰਵਾਇਆ ਹੋਵੇ ਤੇ ਕਿਸੇ ਆਪਣੇ ਮਿੱਤਰ ਮੁੰਡੇ ਨਾਲ ਰਹਿੰਦੀ ਹੋਵੇ | ਕੀ ਉਹ ਹੁਣ ਵੀ ਮਾਂਟਰੀਅਲ ਹੀ ਹੋਵੇਗੀ ਜਾਂ ਕਿਸੇ ਹੋਰ ਸੰਹਿਰ ਚਲੀ ਗਈ ਹੋਵੇਗੀ | ਇਹ ਵੀ ਹੋ ਸਕਦਾ ਕਿ ਉਹ ਵੈਨਕੂਵਰ ਹੀ ਮੁੜ ਆਈ ਹੋਵੇ | ਉਸ ਨੂੰ ਏਸ ਥਾਂ ਨਾਲ ਮੋਹ ਵੀ ਬਹੁਤ ਸੀ | ਉਹ ਤਾਂ ਕਹਿੰਦੀ ਹੁੰਦੀ ਸੀ, 'ਮੈਂ ਆਪਣੇ ਡੈਡ ਨਾਲ ਸਾਰਾ ਕੈਨੇਡਾ ਤੇ ਬਹੁਤ ਸਾਰਾ ਐਮ੍ਰੀਕਾ ਘੁੰਮ ਕੇ ਦੇਖਿਆ ਹੈ ਪਰ ਫਰੇਜ਼ਰ ਵੈਲੀ ਤੇ ਵੈਨਕੂਵਰ ਆਈਲੈਂਡ ਵਰਗਾ ਹੋਰ ਇਲਾਕਾ ਕੋਈ ਨਹੀਂ | ਮੈਂ ਤਾਂ ਕਹਿਨੀ ਆਂ ਕਿ ਸਾਰੀ ਦੁਨੀਆ ਵਿਚ ਵੀ ਇਹੋ ਜਿਹੀ ਕੋਈ ਹੋਰ ਥਾਂ ਨਹੀਂ ਹੋਣੀ |' ਮਕੈਨਜੀ ਦਸਦਾ ਸੀ ਕਿ ਉਸ ਦਾ ਇਥੋਂ ਜਾਣ ਨੂੰ ਦਿਲ ਨਹੀਂ ਸੀ ਕਰਦਾ ਪਰ ਅਜੇ ਸਕੂਲ ਪੜ੍ਹਦੀ ਹੋਣ ਕਰਕੇ ਉਹ ਇਕੱਲੀ ਰਹਿ ਨਹੀਂ ਸੀ ਸਕਦੀ ਤੇ ਉਹਦੇ ਮਾਪੇ ਪੱਕੇ ਤੌਰ 'ਤੇ ਹੀ ਇੱਥੋਂ ਜਾ ਰਹੇ ਸਨ | ਚਲ, ਮੈਨੂੰ ਕੀ ਉਹ ਕਿਤੇ ਰਹੇ, ਮੈਂ ਕਿਉਂ ਉਸ ਬਾਰੇ ਐਵੇਂ ਸੋਚੀ ਜਾਨਾਂ | ਉਸ ਨਾਲ ਮੇਰਾ ਇਹੋ ਜਿਹਾ ਕਿਹੜਾ ਰਿਸੰਤਾ ਬਣ ਗਿਆ ਸੀ ਕਿ ਉਹ ਮੇਰੀ ਜ਼ਿੰਦਗੀ ਦਾ ਇਕ ਅੰਗ ਬਣ ਗਈ ਹੋਵੇ | ਘਰ ਦੇ ਨੇੜੇ ਰਹਿੰਦੇ ਹੋਣ ਕਰਕੇ ਨਿੱਕੇ ਹੁੰਦਿਆਂ ਘਰੋਂ ਭੱਜ ਕੇ ਕਦੇ ਕਦਾਈਂ ਉਸ ਨਾਲ ਖੇਡਣ ਤੁਰ ਜਾਈਦਾ ਸੀ | ਹੋਰ ਗੋਰੇ ਜੁਆਕ ਮੇਰੇ ਨਾਲ ਖੇਡਣ ਤੋਂ ਨਾਂਹ ਕਰ ਦਿੰਦੇ ਸੀ ਪਰ ਉਸ ਨੇ ਮੇਰੇ ਨਾਲ ਖੇਡਣ ਤੋਂ ਕਦੇ ਇਨਕਾਰ ਨਹੀਂ ਸੀ ਕੀਤਾ | ਸਕੂਲ ਵਿਚ ਮੇਰੇ ਨਾਲ ਪੜ੍ਹਦੀ ਵੀ ਔਖ ਸੌਖ ਸਮੇਂ ਮੇਰੇ ਹੱਕ ਵਿਚ ਹੀ ਖੜ੍ਹਦੀ ਰਹੀ ਸੀ | ਤਾਂਹੀ ਉਹ ਮੈਨੂੰ ਚੰਗੀ ਚੰਗੀ ਲਗਦੀ ਸੀ | ਇਸੇ ਕਰਕੇ ਹੀ ਉਸ ਨਾਲ ਇਕ ਮੋਹ ਜਿਹੇ ਦਾ ਰਿਸੰਤਾ ਬਣ ਗਿਆ | ਉਸ ਨੇ ਤਾਂ ਸਾਰੇ ਮੁੰਡੇ ਕੁੜੀਆਂ ਵਿਚ ਗੱਜ ਵੱਜ ਕੇ ਕਹਿ ਦਿੱਤਾ ਸੀ ਕਿ ਜੈਰੀ ਮੇਰਾ ਬੁਆਏ ਫਰੈਂਡ ਹੈ ਪਰ ਮੇਰੇ ਵਿਚ ਹੀ ਇੰਨਾ ਹੌਸਲਾ ਨਹੀਂ ਸੀ ਕਿ ਮੈਂ ਉਸ ਨੂੰ ਐਲਾਨੀਆ ਆਪਣੀ ਗਰਲ ਫਰੈਂਡ ਕਹਿ ਸਕਦਾ | ਪਤਾ ਨਹੀਂ ਕਿਹੜੀ ਝਿਜਕ ਸੀ ਕਿ ਕਦੀ ਉਸ ਨਾਲ ਸਾਰੀ ਜ਼ਿੰਦਗੀ ਦਾ ਰਿਸੰਤਾ ਜੋੜਨ ਬਾਰੇ ਸੋਚਿਆ ਹੀ ਨਹੀਂ ਸੀ | ਅਜੇਹਾ ਸੋਚਣ ਦਾ ਵੇਲਾ ਹੀ ਕਦੋਂ ਆਇਆ ਸੀ | ਇਹ ਤਾਂ ਬਚਪਨੇ ਦਾ ਮੋਹ ਸੀ | ਅਜੇ ਜਵਾਨੀ ਵਿਚ ਪੈਰ ਵੀ ਨਹੀਂ ਧਰਿਆ ਸੀ ਕਿ ਉਸ ਨਾਲੋਂ ਵਿਛੜਨਾ ਪੈ ਗਿਆ |' ਇਹੋ ਜਿਹੀਆਂ ਸੋਚਾਂ ਸੋਚਦਿਆਂ ਹੀ ਉਸ ਨੂੰ ਨੀਂਦ ਨੇ ਆਪਣੀ ਗੋਦ ਵਿਚ ਲੈ ਲਿਆ |
 
            ਦਰਸੰਨਾ ਨੂੰ ਸਰ੍ਹੀ ਸਕੂਲ ਬੋਰਡ ਵਿਚ ਸਬਸਟੀਚਿਊਟ ਟੀਚਰ ਦੀ ਨੌਕਰੀ ਮਿਲ ਗਈ | ਸੁਖਦੇਵ ਦਾ ਕੰਮ ਵੀ ਉਧਰਲੇ ਪਾਸੇ ਹੀ ਸੀ | ਨਿੱਤ ਆਉਣ ਜਾਣ ਦੀ ਔਕੜ ਨੂੰ ਧਿਆਨ ਵਿਚ ਰਖਦਿਆਂ ਉਹਨਾਂ ਨੇ ਚਾਚੇ ਲਛਮਣ ਨੂੰ ਕਹਿ ਕੇ ਉਹ ਮਕਾਨ ਵੇਚ ਦਿੱਤਾ ਤੇ ਸਰ੍ਹੀ ਵਿਚ, ਹੋਰ ਮਕਾਨ ਲੈ ਲਿਆ | ਉਹਨਾਂ ਤਾਂ ਜੈਰੀ ਨੂੰ ਵੀ ਆਪਣੇ ਨਾਲ ਹੀ ਸਰ੍ਹੀ ਵਿਚ ਆ ਜਾਣ ਲਈ ਕਿਹਾ ਸੀ ਪਰ ਸੰਰਨੀ ਉੱਥੇ ਜਾਣ ਲਈ ਤਿਆਰ ਨਹੀਂ ਹੋਈ | ਕਹਿਣ ਲੱਗੀ, "ਕਿਵੇਂ ਰਹਾਂਗੇ ਓਥੇ, ਉਜਾੜ ਬੀਆਬਾਨ ਵਿਚ? ਨਾ ਉੱਥੇ ਨੇੜੇ ਕੋਈ ਗੁਰਦਵਾਰਾ, ਨਾ ਕੋਈ ਆਪਣਾ ਬੰਦਾ ਬੁੜ੍ਹੀ ਦੇਖਣ ਨੂੰ ਮਿਲਣਾ | ਭਾਈ, ਮੈਂ ਤਾਂ ਨਈਂ ਰਹਿ ਸਕਦੀ ਓਤੇ, ਅਗੇ ਥੋਡੀ ਮਰਜੀ |"
"ਆਪਣਾ ਬੰਦਾ ਬੁੜ੍ਹੀ ਕਿਉਂ ਨਹੀਂ ਓਥੇ ਬੀ ਜੀ? ਹੁਣ ਤਾਂ ਬਹੁਤ ਸਾਰੇ ਆਪਣੇ ਬੰਦੇ ਓਧਰ ਚਲੇ ਗਏ ਨੇ | ਆਪਣੇ ਘਰ ਦੇ ਨੇੜੇ ਹੀ ਚਾਰ ਪੰਜ ਘਰ ਨੇ ਆਪਣਿਆਂ ਦੇ |" ਸੁਖਦੇਵ ਨੇ ਦੱਸਿਆ |
"ਜਦੋਂ ਆਪਣਿਆਂ ਨੇ ਓਧਰ ਦਸ ਵੀਹ ਘਰ ਹੋਰ ਬਣਾ ਲਏ ਤਾਂ ਆਪੇ ਹੀ ਓਥੇ ਗੁਰਦਵਾਰਾ ਬਣ ਜਾਣੈ | ਹੁਣ ਸੁੱਖ ਨਾਲ, ਬਥੇਰੇ ਆਪਣੇ ਬੰਦੇ ਏਥੇ ਆਈ ਜਾਂਦੇ ਐ |" ਲਛਮਣ ਸਿੰਘ ਨੇ ਵੀ ਆਪਣੀ ਦਲੀਲ ਦਿੱਤੀ ਪਰ ਸੰਰਨਜੀਤ ਨੇ ਸਰ੍ਹੀ ਵਿਚ ਜਾਣ ਲਈ ਖੁਲ੍ਹ ਕੇ ਹਾਂ ਨਹੀਂ ਸੀ ਕਹੀ |
"ਮੈਨੂੰ ਸਰ੍ਹੀ ਵਿਚੋਂ ਕੰਮ 'ਤੇ ਆਉਣਾ ਜਾਣਾ ਮੁਸੰਕਲ ਹੋਏਗਾ | ਬੀ ਜੀ ਦਾ ਵੀ ਉੱਥੇ ਜਾ ਕੇ ਦਿਲ ਨਹੀਂ ਲਗਣਾ | ਇੱਥੇ ਇਸ ਦੀਆਂ ਕੁਝ ਸਹੇਲੀਆਂ ਬਣ ਗਈਆਂ ਹੋਈਆਂ, ਇਹ ਉਹਨਾਂ ਨਾਲ ਗੁਰਦਵਾਰੇ ਜਾ ਆਉਂਦੀ ਆ | ਸਰਬੀ ਨੇ ਵੀ ਵੈਨਕੂਵਰ ਸਕੂਲ ਬੋਰਡ ਵਿਚ ਅਪਲਾਈ ਕੀਤਾ ਹੋਇਆ, ਸੰਾਇਦ ਇੱਥੇ ਇਸ ਨੂੰ ਜਾਬ ਮਿਲ ਜਾਵੇ | ਅਜੇ ਇਹਦਾ ਕਾਊਂਸਲਿੰਗ ਦਾ ਕੋਰਸ ਵੀ ਪੂਰਾ ਨਹੀਂ ਹੋਇਆ, ਇਹਨੂੰ ਸਰ੍ਹੀ ਵਿਚੋਂ ਆਉਣਾ ਜਾਣਾ ਔਖਾ ਹੋਵੇਗਾ|" ਜਲੌਰ ਵੀ ਦਿਲੋਂ ਸਰ੍ਹੀ ਵਿਚ ਜਾਣ ਦੇ ਹੱਕ ਵਿਚ ਨਹੀਂ ਸੀ |
"ਇਉਂ ਤਾਂ ਮੈਂ ਸਰ੍ਹੀ ਤੇ ਡੈਲਟਾ ਦੇ ਸਕੂਲ ਬੋਰਡਾਂ ਵਿਚ ਵੀ ਅਪਲਾਈ ਕੀਤਾ ਹੋਇਐ ਅਤੇ ਵਿਕਟੋਰੀਆ ਵਿਚ ਵੀ|" ਸਰਬਜੀਤ ਚਾਹੁੰਦੀ ਸੀ ਕਿ ਪਹਿਲਾਂ ਵਾਂਗ ਹੀ ਇਕੋ ਘਰ ਵਿਚ ਇਕੱਠਿਆਂ ਵਾਂਗ ਰਿਹਾ ਜਾਵੇ |
"ਜਦੋਂ ਵੀ ਜਿੱਥੇ ਤੈਨੂੰ ਜਾਬ ਮਿਲ ਗਈ ਆਪਾਂ ਉੱਥੇ ਹੀ ਮੂਵ ਹੋ ਜਾਵਾਂਗੇ, ਹੁਣ ਇੱਥੇ ਹੀ ਠੀਕ ਆ | ਨਵੇਂ ਮਕਾਨ ਮਾਲਕ ਨੇ ਇੱਥੋਂ ਮੂਵ ਹੋਣ ਲਈ ਵੀ ਤਾਂ ਨਹੀਂ ਕਿਹਾ |" ਜਲੌਰ ਨੇ ਫੈਸਲਾ ਸੁਣਾ ਦਿੱਤਾ |
   ਸੁਖਦੇਵ ਹੁਰੀਂ ਨਵੇਂ ਮਕਾਨ ਵਿਚ ਚਲੇ ਗਏ | ਉਹਨਾਂ ਦੇ ਚਲੇ ਜਾਣ ਨਾਲ ਪਿੱਛੋਂ ਘਰ ਵਿਚ ਕੁਝ ਦਿਨ ਬਹੁਤ ਉਦਾਸੀ ਰਹੀ | ਸਰਬਜੀਤ ਤਾਂ ਬਹੁਤ ਹੀ ਉਦਾਸ ਹੋ ਗਈ ਸੀ | ਉਦਾਸ ਤਾਂ ਸੰਰਨ ਵੀ ਹੋ ਗਈ ਸੀ, ਜਿਸ ਨੇ ਸਰ੍ਹੀ ਜਾਣ ਤੋਂ ਨਾਂਹ ਕਰ ਦਿੱਤੀ ਸੀ ਪਰ ਉਸ ਨੇ ਆਪਣੀ ਉਦਾਸੀ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ | ਉਹਨਾਂ ਦੇ ਜਾਣ ਤੋਂ ਦੂਸਰੇ ਦਿਨ ਹੀ ਸਰਬੀ ਨੇ ਕਿਹਾ, "ਬੀ ਜੀ, ਮੇਰਾ ਤਾਂ ਦਿਲ ਨਹੀਂ ਲਗਦਾ, ਸੁੰਨਾ ਘਰ ਖਾਣ ਨੂੰ ਆਉਂਦੈ |"
"ਘਰ ਤਾਂ ਓਦੋਂ ਵੀ ਸੁੰਨਾ ਸੁੰਨਾ ਲਗਦਾ ਹੁੰਦੈ ਜਦੋਂ ਸਾਰੇ ਕੰਮਾਂ 'ਤੇ ਤੁਰ ਜਾਂਦੇ ਐ | ਇਹ ਤਾਂ ਸੁੱਖ ਨਾਲ ਪੱਕੇ ਈ  ਆਵਦੇ ਘਰ ਚਲੇ ਗਏ ਐ | ਘਰ ਨੇ ਤਾਂ ਸੁੰਨਾ ਲਗਣਾ ਈ ਹੋਇਆ | ਕੋਈ ਗੱਲ ਨਈਂ, ਏਸ ਘਰ ਵਾਲਿਆਂ ਵੀ ਹੋਰ ਚਹੁੰ ਦਿਨਾਂ ਨੂੰ ਆ ਜਾਣੈ, ਫੇਰ ਰੌਣਕ ਹੋ ਜਾਊਗੀ |"
"ਉਹਨਾਂ ਦਾ ਆਪਾਂ ਨੂੰ ਕੀ ਆਸਰਾ ਹੋਣੈ | ਦਰਸੰਨਾ ਦੀਦੀ ਹੁਰੀਂ ਤਾਂ ਇਕੋ ਘਰ ਵਾਂਗ ਰਹਿੰਦੇ ਸੀ |" ਇਹ ਕਹਿ ਕੇ ਸਰਬੀ ਅੱਖਾਂ ਭਰ ਆਈ |
"ਜਿੰਨਾ ਚਿਰ ਤੈਨੂੰ ਕੰਮ ਨਈਂ ਮਿਲਦਾ ਤੇ ਤੇਰਾ ਕੋਰਸ ਪੂਰਾ ਨਈਂ ਹੁੰਦਾ, ਤੂੰ ਵੇਲ੍ਹੇ ਵੇਲ਼ੇ ਮੇਰੇ ਨਾਲ ਗੁਰਦਵਾਰੇ ਚੱਲਿਆ ਕਰ ਤੇ ਓਥੇ ਪੜ੍ਹਨ ਪੜ੍ਹਾਉਣ ਦੀ ਸੇਵਾ ਕਰ ਛੱਡਿਆ ਕਰ, ਫੇਰ ਤੇਰਾ ਦਿਲ ਲਗਿਆ ਰਹੂ |" ਬੀ ਜੀ ਨੇ ਉਸ ਨੂੰ ਸੁਝਾ ਦਿੱਤਾ |
"ਬੀ ਜੀ, ਤੁਹਾਡੇ ਪੜ੍ਹਨ ਪੜ੍ਹਾਉਣ ਤੋਂ ਯਾਦ ਆ ਗਿਆ, ਕਿਉਂ ਨਾ ਮੈਂ ਤੁਹਾਨੂੰ ਲੋੜ ਜੋਗੀ ਇੰਗਲਿਸੰ ਸਿਖਾ ਦਿਆਂ? ਗੁਰਬਾਣੀ ਪੜ੍ਹਨ ਵਾਸਤੇ ਤੁਸੀਂ ਪੰਜਾਬੀ ਪੜ੍ਹਨੀ ਵੀ ਤਾਂ ਸਿਖ ਹੀ ਲਈ ਸੀ |" ਸਰਬੀ ਉਤਸਾਹ ਨਾਲ ਬੋਲੀ |
"ਨਾ ਭਾਈ, ਇਹ ਗੋਰਿਆਂ ਦੀ ਬੋਲੀ ਨਈਂ ਆਪਣੇ ਕੋਲੋਂ ਸਿਖ ਹੋਣੀ, ਇਹ ਕੰਮ ਬਹੁਤ ਔਖੈ | ਗੁਰਮੁਖੀ ਤਾਂ ਆਪਣੀ ਬੋਲੀ ਸੀ, ਇਹ ਸੌਖਿਆਂ ਸਿੱਖ ਹੋ ਗਈ, ਫੇਰ ਵੀ ਹੱਥ ਦੀ ਲਿਖੀ ਗੁਰਮੁਖੀ ਤਾਂ ਮੇਰੇ ਕੋਲੋਂ ਅਜੇ ਵੀ ਨਈਂ ਪੜ੍ਹੀ ਜਾਂਦੀ |" ਬੀ ਜੀ ਲਿੱਪੀ ਨੂੰ ਬੋਲੀ ਕਹਿ ਰਹੀ ਸੀ |
"ਇੰਗਲਿਸੰ ਸਿੱਖਣੀ ਕੋਈ ਔਖੀ ਨਹੀਂ | ਬਸ, ਮਨ ਪੱਕਾ ਕਰਕੇ ਸਿਖਣ ਲਈ ਤਿਆਰ ਹੋ ਜਾਓ | ਤੁਸੀਂ ਛੇ ਮਹੀਨਿਆਂ ਵਿਚ ਡੰਗ ਸਾਰੂ ਇੰਗਲਿਸੰ ਪੜ੍ਹਨੀ ਤੇ ਬੋਲਣੀ ਸਿਖ ਜਾਓਗੇ |" ਸਰਬੀ ਨੇ ਦ੍ਰਿੜਤਾ ਨਾਲ ਕਿਹਾ |
   ਸੰਰਨਜੀਤ ਦੇ ਨਾਂਹ ਨਾਂਹ ਕਰਦਿਆਂ ਵੀ ਸਰਬੀ ਨੇ ਉਸ ਨੂੰ ਅੰਗ੍ਰੇਜ਼ੀ ਪੜ੍ਹਾਉਣੀ ਸੁੰਰੂ ਕਰ ਦਿੱਤੀ | ਜਦੋਂ ਵੀ ਉਸ ਨੂੰ ਵਿਹਲ ਮਿਲਦੀ, ਉਹ ਉਸ ਨੂੰ ਅੰਗ੍ਰੇਜ਼ੀ ਦੇ ਕੁਝ ਅੱਖਰ ਸਿਖਾ ਦਿੰਦੀ | ਇਸ ਤਰ੍ਹਾਂ ਸਰਬੀ ਦਾ ਦਿਲ ਵੀ ਲੱਗ ਗਿਆ ਤੇ ਹੋਲ਼ੀ ਹੌਲ਼ੀ ਸੰਰਨਜੀਤ ਨੂੰ ਵੀ ਅੰਗ੍ਰੇਜ਼ੀ ਸਿਖਣ ਦਾ ਸੰੌਕ ਪੈਦਾ ਹੋ ਗਿਆ | 
 
ਲਛਮਣ ਸਿੰਘ ਵਾਲਾ ਮਕਾਨ, ਇੰਗਲੈਂਡ ਰਹਿੰਦੇ ਇਕ ਪੰਜਾਬੀ ਪਰਵਾਰ ਨੇ ਲਿਆ ਸੀ, ਜਿਹੜਾ ਕੈਨੇਡਾ ਵਿਚ ਆ ਕੇ ਰਹਿਣਾ ਚਾਹੁੰਦਾ ਸੀ | ਉਹ ਮਕਾਨ ਲੈਣ ਤੋਂ ਦੋ ਮਹੀਨੇ ਮਗਰੋਂ ਮਕਾਨ ਵਿਚ ਆਏ | ਇਹ ਇਕ ਛੋਟਾ ਜਿਹਾ ਪਰਿਵਾਰ ਸੀ, ਪਤੀ, ਪਤਨੀ ਅਤੇ ਇਕ ਦਸ ਕੁ ਸਾਲ ਦੀ ਕੁੜੀ | ਪਹਿਲੇ ਦਿਨ ਜਲੌਰ ਹੁਰਾਂ ਨੇ ਉਹਨਾਂ ਨੂੰ ਘਰ ਵਿਚ ਖਾਣਾ ਤਿਆਰ ਨਾ ਕਰਨ ਦਿੱਤਾ | ਦੁਪਹਿਰ ਅਤੇ ਸੰਾਮ ਦਾ ਖਾਣਾ ਉਹਨਾਂ ਬੇਸਮਿੰਟ ਵਿਚ ਇਕੱਠੇ ਬੈਠ ਕੇ ਖਾਧਾ | ਬੀ ਜੀ ਅਤੇ ਸਰਬੀ ਦਾ ਵਿਚਾਰ ਸੀ ਕਿ ਇਸ ਦੇਸੰ ਵਿਚ ਨਵੇਂ ਆਇਆਂ ਦਾ ਇਸੇ ਤਰ੍ਹਾਂ ਸੁਆਗਤ ਕਰਨਾ ਚਾਹੀਦਾ ਹੈ | ਇਸ ਨਾਲ ਇਕ ਦੂਜੇ ਨਾਲ ਨੇੜਤਾ ਵਧਦੀ ਹੈ ਅਤੇ ਅਪਣਤ ਦਾ ਅਹਿਸਾਸ ਹੁੰਦਾ ਹੈ | ਬੀ ਜੀ ਦਾ ਖਿਆਲ ਸੀ ਕਿ ਦੋ ਚਾਰ ਦਿਨਾਂ ਮਗਰੋਂ ਉਹ ਵੀ ਇਹਨਾਂ ਨੂੰ ਖਾਣੇ ਉਪਰ ਬਲਾਉਣਗੇ ਪਰ ਉਹਨਾਂ ਨੇ ਕਈ ਦਿਨ ਬੇਸਮਿੰਟ ਵੱਲ ਗੇੜਾ ਹੀ ਨਾ ਮਾਰਿਆ | ਇਕ ਦੋ ਵਾਰ ਸਰਬੀ ਅਤੇ ਬੀ ਜੀ, ਘਰ ਦੀ ਸੁਆਣੀ ਨੂੰ ਮਿਲਨ ਗਈਆਂ ਪਰ ਉਸ ਨੇ ਕਦੀ ਵੀ ਉਹਨਾਂ ਨੂੰ ਖਿੜੇ ਮੱਥੇ ਜੀ ਆਇਆਂ ਨਾ ਕਿਹਾ | ਸਰਬੀ ਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਉਹ ਉਹਨਾਂ ਨੂੰ ਇਕ ਸਾਧਾਰਨ ਕਰਾਏਦਾਰ ਤੋਂ ਵੱਧ ਕੁਝ ਨਾ ਸਮਝਦੇ ਹੋਣ | ਇਕ ਦਿਨ ਉਸ ਨੇ ਆਪਣੀ ਸੱਸ ਨੂੰ ਪੁੱਛ ਹੀ ਲਿਆ, "ਬੀ ਜੀ, ਇਹ ਕਿਹੋ ਜਿਹੇ ਬੰਦੇ ਐ, ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ |"
"ਭਾਈ, ਬਾਜਿਆਂ ਬੰਦਿਆਂ ਦਾ ਸਭਾਅ ਈ ਚੁੱਪ ਗੜੁੱਪ ਰਹਿਣ ਦਾ ਹੁੰਦੈ | ਕਿਉਂ ਕੋਈ ਗੱਲ ਹੋਈ ਸੀ?"
"ਅੱਜ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲੀ ਤਾਂ ਇਹ ਵੀ ਕਿਤੇ ਜਾਣ ਲਈ ਡਰਾਈਵੇਅ 'ਚ ਕਾਰ ਕੋਲ ਖੜ੍ਹੇ ਸੀ | ਮੈਂ ਸੱਤਿ ਸ੍ਰੀ 'ਕਾਲ ਬੁਲਾਈ ਤਾਂ ਇਹਨਾਂ ਵਿਚੋਂ ਮੂੰਹੋਂ ਕੋਈ ਵੀ ਨਾ ਬੋਲਿਆ, ਬਸ, ਸਿਰ ਹੀ ਹਿਲਾ ਦਿੱਤਾ | ਜਦੋਂ ਮੈਂ ਪੁੱਛਿਆ, 'ਭੈਣ ਜੀ, ਕਿਤੇ ਜਾ ਰਹੇ ਓ?' ਤਾਂ ਵੀ 'ਹੂੰਅ' ਕਿਹਾ ਜਿਵੇਂ ਮੂੰਹ ਵਿਚ ਘੁੰਗਣੀਆਂ ਪਾਈਆਂ ਹੋਣ | ਫੇਰ ਪਤਾ ਨਹੀਂ ਕਿਉਂ, ਕਾਰ 'ਚ ਬੈਠਣ ਦੀ ਥਾਂ ਵਾਪਸ ਘਰ ਅੰਦਰ ਚਲੇ ਗਏ | ਮੈਂ ਉਥੋਂ ਬੱਸ ਸਟਾਪ 'ਤੇ ਆ ਗਈ | ਬੱਸ ਅਜੇ ਆਈ ਨਹੀਂ ਸੀ ਤੇ ਇਹ ਛੂੰਅ ਕਰਕੇ ਮੇਰੇ ਕੋਲੋਂ ਦੀ ਕਾਰ ਭਜਾ ਕੇ ਲੈ ਗਏ | ਮੈਨੂੰ ਬਹੁਤ ਬੁਰਾ ਲੱਗਾ |" 
"ਭਾਈ, ਬਗਾਨੇ ਦੇਸ 'ਚ ਤਾਂ ਐਂ ਨਹੀਂ ਸਰਦਾ | ਪਹਿਲੀਆਂ 'ਚ ਤਾਂ ਏਥੇ ਆਪਣੇ ਬੰਦੇ ਬਥੇਰਾ ਘੁਲ਼ ਮਿਲ਼ ਕੇ ਰਹਿੰਦੇ ਸੀ | ਪਤਾ ਨਈਂ ਹੁਣ ਨਵੇਂ ਆਇਆਂ ਨੂੰ ਕਾਦ੍ਹੀ ਆਕੜ ਐ |"
"ਬੀ ਜੀ, ਇਹ ਟੈਕਨੀਕਲ ਇੰਜਨੀਅਰ ਐ ਤੇ ਏਥੇ ਪਹਿਲਾਂ ਹੀ ਕਿਸੇ ਫਰਮ ਵਿਚ ਆਪਣੀ ਨੌਕਰੀ ਦਾ ਜੁਗਾੜ ਪੱਕਾ ਕਰਕੇ ਗਿਆ ਸੀ | ਇਹਦੇ ਘਰ ਵਾਲੀ ਵੀ ਬੈਂਕ ਵਿਚ ਨੌਕਰੀ ਕਰਦੀ ਐ | ਬਸ, ਇਸੇ ਦੀ ਆਕੜ ਹੋਊਗੀ |"
"ਭਾਈ ਬੀਬੀ, ਜੇ ਨੌਕਰੀਆਂ ਦਾ ਭਾਅ ਹੋਊ ਤਾਂ ਇਨ੍ਹਾਂ ਨੂੰ ਹੋਊ, ਆਪਾਂ ਕਿਹੜਾ ਇਹਨਾਂ ਕੋਲੋਂ ਮੰਗ ਕੇ ਖਾਣੈ | ਏਥੇ ਹੱਸ ਦੰਦਾਂ ਦੀ ਪਰੀਤ ਐ | ਜੇ ਕੋਈ ਥੋਨੂੰ ਹੱਸ ਕੇ ਬਲਾਉਂਦੈ ਤਾਂ ਵਾਹ ਭਲੀ, ਨਈਂ ਤਾਂ ਆਪ ਵੀ ਪਾਸਾ ਵਟ ਕੇ ਨੰਘ ਜਾਓ | ਕੀ ਪਤਾ, ਇਨ੍ਹਾਂ ਨਾਲ, ਓਥੇ ਕੀ ਬੀਤੀ ਹੋਵੇ | ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦੈ |" ਬੀ ਜੀ ਨੂੰ ਵੀ ਉਹਨਾਂ ਦਾ ਵਰਤਾਰਾ ਚੰਗਾ ਨਹੀਂ ਸੀ ਲਗਦਾ |
   ਪਰ ਇਹ ਪਾਸਾ ਵਟ ਕੇ ਲੰਘਣ ਵਾਲੀ ਗੱਲ ਦਾ ਸਮਾ ਹੀ ਨਹੀਂ ਆਇਆ | ਅਗਲੇ ਦਿਨ ਵੀਕ ਐਂਡ ਦੀਆਂ ਛੁੱਟੀਆਂ ਹੋਣ ਕਰਕੇ ਜਲੌਰ ਤੇ ਸਰਬੀ ਅਜੇ ਬਿਸਤਰਿਆਂ ਵਿਚ ਹੀ ਪਏ ਸੀ | ਬੀ ਜੀ ਆਪਣੇ ਕਮਰੇ ਵਿਚ ਬੈਠੀ ਪਾਠ ਕਰ ਰਹੀ ਸੀ ਕਿ ਬੇਸਮਿੰਟ ਦਾ ਬੂਹਾ ਖੜਕਿਆ | ਬੀ ਜੀ ਨੇ ਉਠ ਕੇ ਬੂਹਾ ਖੋਲ੍ਹਿਆ, ਸਾਹਮਣੇ ਮਾਲਕ ਮਕਾਨ ਖੜ੍ਹਾ ਸੀ |
"ਆਓ, ਬੈਠੋ, ਮੈਂ ਜਲੌਰ ਨੂੰ ਵਾਜ ਮਾਰਦੀ ਆਂ | ਊਂ ਸੁੱਖ ਐ?" ਬੀ ਜੀ ਨੇ ਹੈਰਾਨੀ ਨਾਲ ਉਸ ਨੂੰ ਪੁੱਛਿਆ | 
"ਮਾਂ ਜੀ, ਸੁੱਖ ਨਹੀਂ ਏ | ਰਾਤ ਨੂੰ ਕੋਈ ਘਰ ਦੀਆਂ ਕੰਧਾਂ ਉਪਰ ਨਸਲੀ ਨਾਅਰੇ ਲਿਖ ਗਿਆ ਏ |" ਉਸ ਨੇ ਅੰਦਰ ਲੰਘ, ਸੋਫੇ ਉਪਰ ਬੈਠਦਿਆਂ ਕਿਹਾ |
"ਮਾੜੀ ਗੱਲ ਹੋਈ | ਅੱਧੀ ਕੁ ਰਾਤੀਂ, ਜਦੋਂ ਮੇਰੀ ਅੱਖ ਖੁਲ੍ਹੀ ਤਾਂ 'ਵਾਜਾਂ ਜੇਹੀਆਂ ਤਾਂ ਸੁਣੀਆਂ ਸੀ | ਮੈਂ ਸਮਝਿਆ ਕੋਈ ਸੰਰਾਬੀ ਹੋਏ ਛੋਕਰੇ ਜਾਂਦੇ ਹੋਣਗੇ | ਊਂ, ਇਹੋ ਜੇਹੀਆਂ ਗੱਲਾਂ ਤਾਂ ਪਹਿਲਾਂ ਵੀ ਕਈ ਵਾਰੀ ਹੋਈਆਂ ਐ ਏਥੇ |"
"ਇਹਨਾਂ ਗੱਲਾਂ ਤੋਂ ਤੰਗ ਹੋਇਆਂ ਤਾਂ ਇੰਗਲੈਂਡ ਛੱਡਿਆ ਸੀ | ਕਹਿੰਦੇ ਸੀ 'ਕੈਨੇਡਾ ਵਿਚ ਨਸਲੀ ਨਫਰਤ ਨਹੀਂ ਹੈ' ਇੱਥੇ ਆਏ ਤਾਂ ਇੱਥੇ ਵੀ ਉਹੋ ਹਾਲ ਏ |" ਉਹ ਇੰਗਲੈਂਡ ਦੀਆਂ ਗੱਲਾਂ ਦੱਸਣ ਹੀ ਲੱਗਾ ਸੀ ਕਿ ਉਸ ਦਾ ਬੋਲ ਸੁਣ ਕੇ ਜਲੌਰ ਵੀ ਉਠ ਕੇ ਉੱਥੇ ਆ ਗਿਆ |
"ਮਿਸਟਰ ਬਾਰ੍ਹੀ, ਸਵੇਰੇ ਸਵੇਰੇ ਕੀ ਮੁਸੀਬਤ ਆ ਗਈ?" ਜਲੌਰ ਨੇ ਸੋਫੇ ਉਪਰ ਬੈਠਦਿਆਂ ਪੁੱਛਿਆ |
"ਜੈਰੀ, ਬਾਹਰ ਨਿਕਲ ਕੇ ਦੇਖ, ਨਸਲੀ ਨਾਅਰੇ ਲਿਖ ਲਿਖ ਸਾਰੀਆਂ ਕੰਧਾਂ ਭਰੀਆਂ ਪਈਆਂ ਨੇ |"
"ਪੁਲੀਸ ਨੂੰ ਫੋਨ ਕਰਨਾ ਸੀ | ਆਪਾਂ ਤਾਂ ਕੁਝ ਨਹੀਂ ਕਰ ਸਕਦੇ |"
"ਪੁਲੀਸ ਨੂੰ ਵੀ ਫੋਨ ਕਰ ਲਵਾਂਗੇ | ਮੈਂ ਸੋਚਿਆ ਪਹਿਲਾਂ ਤੈਨੂੰ ਦਿਖਾ ਲਵਾਂ ਤੇ ਪੁੱਛਾਂ ਕਿ ਇਹ ਕੀ ਮਾਜਰਾ ਹੈ?"
"ਮਾਜਰਾ, ਬਾਰ੍ਹੀ ਸਾਅਬ, ਇਹ ਹੈ ਕਿ ਨਿੱਕੀਆਂ ਮੋਟੀਆਂ ਘਟਨਾਵਾਂ ਤਾਂ ਕਦੀ ਕਦਾਈਂ ਹੋ ਹੀ ਜਾਂਦੀਆਂ | ਅਸੀਂ ਤਾਂ ਸਹਿੰਦੜ ਹੋ ਗਏ ਆਂ |"
"ਮੇਰੇ ਲਈ ਤਾਂ ਫੇਰ ਇਥੇ ਰਹਿਣਾ ਬਹੁਤ ਮੁਸੰਕਲ ਹੈ |"
"ਅਸੀਂ ਤਾਂ ਕਦੀ ਕੋਈ ਮੁਸੰਕਲ ਮਹਿਸੂਸ ਨਹੀਂ ਕੀਤੀ ਏਥੇ | ਸਾਰਿਆਂ ਘਰਾਂ ਨਾਲ ਮਿਲ ਕੇ ਰਹੀਦਾ | ਇਕ ਦੂਜੇ ਦੇ ਦੁੱਖ ਸੁੱਖ ਵਿਚ ਜਾਂਦੇ ਆਉਂਦੇ ਆਂ | ਮਿਸਟਰ ਬਾਰ੍ਹੀ, ਆਪਣੇ ਬੰਦਿਆਂ ਨੇ ਤਾਂ ਉਦੋਂ ਵੀ ਏਥੇ ਦਿਨ ਕੱਢ ਲਏ ਜਦੋਂ ਉਹਨਾਂ ਦਾ ਆਪਣਾ ਕੋਈ ਘਰ ਨਹੀਂ ਸੀ ਹੁੰਦਾ | ਹੁਣ ਇਹ ਗੁਰਦਵਾਰੇ ਦੇ ਨੇੜੇ ਇਕ ਤੇ ਦੋ ਐਵਨਿਊ 'ਤੇ ਬਹੁਤੇ ਘਰ ਆਪਣਿਆਂ ਦੇ ਹੀ ਨੇ | ਇਹ ਉਹਨਾਂ ਦੇ ਏਕੇ ਤੇ ਮਿਲਵਰਤਨ ਸਦਕਾ ਹੋ ਸਕਿਆ |" ਜਲੌਰ ਨੇ ਉਹਨਾਂ ਦੇ ਕਿਸੇ ਨੂੰ ਨਾ ਮਿਲਨ ਦੀ ਕਮਜ਼ੋਰੀ ਵੱਲ ਇਸੰਾਰਾ ਕੀਤਾ |
   ਮਿਸਟਰ ਬਾਰ੍ਹੀ ਨੇ ਉਸ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ ਅਤੇ ਉਹ ਉਸ ਨੂੰ ਨਾਲ ਲੈ ਕੇ ਬੇਸਮਿੰਟ ਵਿਚੋਂ ਬਾਹਰ ਆ ਗਿਆ | ਜਲੌਰ ਨੇ ਦੇਖਿਆ ਕਿ ਸਾਹਮਣੀ ਕੰਧ ਉਪਰ ਇਕ ਥਾਂ ਮੋਟਾ ਕਰਕੇ ਲਿਖਿਆ ਹੋਇਆ ਸੀ, 'ਹਰਾਮੀ ਹਿੰਦੀਓ ਵਾਪਸ ਜਾਓ' | ਉਹਨਾਂ ਘਰ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ, ਹੋਰ ਕਿਸੇ ਥਾਂ ਕੁਝ ਨਹੀਂ ਸੀ ਲਿਖਿਆ ਹੋਇਆ | ਜੈਰੀ ਚਿਹਰੇ 'ਤੇ ਮੁਸਕਾਨ ਲਿਆਉਂਦਾ ਬੋਲਿਆ, "ਤੁਸੀਂ ਤਾਂ ਕਹਿੰਦੇ ਸੀ, ਸਾਰੀਆਂ ਕੰਧਾਂ ਭਰੀਆਂ ਪਈਆਂ?"
"ਮੇਰੀ ਨਿਗਾਹ 'ਚ ਇਹੋ ਨਾਅਰਾ ਪਿਆ | ਮੈਂ ਸਮਝਿਆ ਕਿ ਇਹੋ ਜਿਹੇ ਹੋਰ ਵੀ ਨਾਅਰੇ ਲਿਖੇ ਹੋਣਗੇ | ਇਹ ਦੇਖ ਕੇ ਮੈਂ ਸਿਧਾ ਤੇਰੇ ਕੋਲ ਆ ਗਿਆ |"
"ਇਹ ਸਕੂਲੀ ਬੱਚਿਆਂ ਦੀ ਸੰਰਾਰਤ ਹੋਏਗੀ | ਇਸ ਨੂੰ ਆਪਾਂ ਠਹਿਰ ਕੇ ਸਾਫ ਕਰ ਦਿਆਂਗੇ ਪਰ ਪੁਲੀਸ ਨੂੰ ਜ਼ਰੂਰ ਇਨਫਾਰਮ ਕਰ ਦੇਣਾ ਚਾਹੀਦਾ |" ਇਹ ਕਹਿ ਕੇ ਜਲੌਰ ਮੁੜ ਬੇਸਮਿੰਟ ਵਿਚ ਆ ਗਿਆ | 
   ਜਲੌਰ ਸੋਚਦਾ ਸੀ ਕਿ ਬਾਰ੍ਹੀ ਉਸ ਦੇ ਵਿਅੰਗ ਨੂੰ ਸਮਝ ਗਿਆ ਹੋਵੇਗਾ ਤੇ ਉਹ ਆਂਢ ਗੁਆਂਢ ਨਾਲ ਮਿਲਵਰਤਨ ਕਰਿਆ ਕਰੇਗਾ ਪਰ ਉਸ ਦੇ ਸੁਭਾਅ ਵਿਚ ਕੋਈ ਤਬਦੀਲੀ ਨਹੀਂ ਆਈ | ਉਹ ਦੋਵੇਂ ਜੀਅ ਮਤਲਬ ਨੂੰ ਹੀ ਕਿਸੇ ਨਾਲ ਗੱਲ ਕਰਦੇ | ਉਂਝ ਕਿਸੇ ਨੂੰ ਬਲਾਉਂਦੇ ਵੀ ਨਾ | ਇਕ ਦਿਨ ਮਿਸਜ਼ ਬਾਰ੍ਹੀ ਨੇ ਬੀ ਜੀ ਨੂੰ ਇਕ ਪਰਚੀ ਫੜਾ ਕੇ ਕਿਹਾ, "ਮਾ ਜੀ, ਅੱਜ ਲਵਲੀ ਦੇ ਪਾਪਾ, ਰਾਤ ਨੂੰ ਦੇਰ ਨਾਲ ਆਉਣਗੇ | ਜਦੋਂ ਜੈਰੀ ਆਵੇ, ਉਸ ਨੂੰ ਕਹਿਣਾ ਕਿ ਸਾਡੇ ਲਈ ਮੇਨ ਤੋਂ ਇਹ ਸਮਾਨ ਲਿਆ ਦੇਵੇ |"
"ਭਾਈ ਬੀਬਾ, ਉਹਦੇ ਕੰਮਾਂ ਦਾ ਮੈਨੂੰ ਨਈਂ ਪਤਾ, ਉਹਨੇ ਕਿਤੇ ਹੋਰ ਨਾ ਜਾਣਾ ਹੋਵੇ | ਜੇ ਕਿਸੇ ਚੀਜ ਦੀ ਲੋੜ ਐ ਤਾਂ ਇੱਥੋਂ ਲੈ ਜਾਹ | ਸਮਾਨ ਕੱਲ੍ਹ ਨੂੰ ਆ ਜਾਊ |" ਬੀ ਜੀ ਨੇ ਸਹਿਜ ਨਾਲ ਆਖਿਆ |
"ਮਾਈ, ਤੂੰ ਆਪ ਹੀ ਨਾਂਹ ਕਰ ਦਿੱਤੀ, ਜੈਰੀ ਆਏ ਤੋਂ ਪੁੱਛ ਤਾਂ ਲੈਂਦੀ |"
"ਕੁੜੇ, ਉਸ ਕੋਲੋਂ ਕੀ ਪੁੱਛਣੈ, ਉਹਦੇ ਕੰਮਾਂ ਦਾ ਮੈਨੂੰ ਪਤੈ | ਉਸ ਕੋਲੋਂ ਨਈਂ ਜਾ ਹੋਣਾ |" 'ਮਾਂ ਜੀ' ਦੀ ਥਾਂ 'ਮਾਈ' ਕਹਿਣ 'ਤੇ ਬੀ ਜੀ ਨੂੰ ਗੁੱਸਾ ਆਗਿਆ ਸੀ ਤੇ ਉਸ ਨੇ ਤੋੜ ਕੇ ਜਵਾਬ ਦੇ ਦਿੱਤਾ |
ਬੀ ਜੀ ਦਾ ਕੋਰਾ ਜਵਾਬ ਸੁਣ ਕੇ ਉਹ ਗੁੱਸੇ ਵਿਚ ਭਰੀ ਪੀਤੀ ਵਾਪਸ ਮੁੜ ਗਈ ਅਤੇ ਜਾਂਦੀ ਹੋਈ ਕਹਿ ਗਈ,  "ਦੇਖਾਂਅ, ਕਿਵੇਂ ਆਕੜ ਕੇ ਜਵਾਬ ਦਿੰਦੀ ਏ ਜਿਵੇਂ ਕਰਾਏਦਾਰ ਨਹੀਂ ਆਪ ਘਰ ਦੀ ਮਾਲਕ ਹੋਵੇ |"
"ਮੇਰੀ ਆਕੜ ਪਰਖਦੀ ਐ ਤੇ ਆਪ ਆਕੜ 'ਚ ਫੂੰਅ ਫੂੰਅ ਕਰਦੀ ਆਈ ਤੇ ਆਕੜ ਵਿਚ ਫੂੰਅ ਫੂੰਅ ਕਰਦੀ ਮੁੜ ਵੀ ਗਈ | ਦੋਵੇਂ ਜੀਅ ਨਿੱਕੀ ਨਿੱਕੀ ਗੱਲ 'ਤੇ ਏਧਰ ਨੂੰ ਭੱਜਦੇ ਐ ਤੇ ਆਪ ਵੱਢੀ ਉਂਗਲ਼ 'ਤੇ ਨਈਂ ਮੂਤਦੇ |" ਬੀ ਜੀ ਗੁੱਸੇ ਵਿਚ ਕੰਧਾਂ ਨਾਲ ਹੀ ਗੱਲਾਂ ਕਰਨ ਲੱਗੀ |
   ਇਸ ਘਟਨਾ ਤੋਂ ਮਗਰੋਂ ਜਲੌਰ ਦੇ ਪਰਵਾਰ ਨਾਲ ਉਹਨਾਂ ਦਾ ਵਤੀਰਾ ਹੋਰ ਰੁੱਖਾ ਹੋ ਗਿਆ ਸੀ | ਐਵੇਂ ਹੀ ਕੋਈ ਨਾ ਕੋਈ ਫਜ਼ੂਲ ਜਿਹਾ ਕਾਰਨ ਭਾਲ ਕੇ ਟੋਕ ਟਕਾਈ ਕਰਦੇ ਰਹਿੰਦੇ | ਜਿਵੇਂ ਫਲਸੰ ਨੂੰ ਬਿੰਦੇ ਝੱਟੇ ਬਹੁਤਾ ਕਿਉਂ ਵਰਤਦੇ ਓ, ਤੁਸੀਂ ਦਿਨ ਰਾਤ ਸਾਰੇ ਬਲਬ ਜਗਾਈ ਰਖਦੇ ਓ, ਹੀਟਰ ਦੀ ਵਰਤੋਂ ਕਿਉਂ ਕਰਦੇ ਓ? ਆਦਿ | ਉਹਨਾਂ ਦੇ ਵਤੀਰੇ ਤੋਂ ਤੰਗ ਆ ਕੇ ਇਕ ਦਿਨ ਬੀ ਜੀ ਨੇ ਕਹਿ ਹੀ ਦਿੱਤਾ, "ਇਹਨਾਂ ਦੀ ਬਕੜਵਾਹ ਸੁਣਨ ਨਾਲੋਂ ਆਪਾਂ ਕਿਤੇ ਹੋਰ ਥਾਂ ਘਰ ਕਰਾਏ 'ਤੇ ਲੈ ਲਈਏ |"
"ਬੀ ਜੀ, ਮੇਰਾ ਇਥੋਂ ਦੇ ਸਾਰੇ ਸਕੂਲ ਬੋਰਡਾਂ ਵਿਚ ਅਪਲਾਈ ਕੀਤਾ ਹੋਇਆ ਐ | ਐਤਕੀਂ ਸਤੰਬਰ ਵਿਚ ਨੌਕਰੀ ਮਿਲ ਜਾਣ ਦੀ ਪੱਕੀ ਉਮੀਦ ਹੈ |" ਸਰਬੀ ਨੇ ਭਰੋਸੇ ਨਾਲ ਕਿਹਾ |
   ਅਤੇ ਸਰਬੀ ਦਾ ਭਰੋਸਾ ਯਕੀਨ ਵਿਚ ਬਦਲ ਗਿਆ, ਜਦੋਂ ਉਸ ਨੂੰ ਵੀ ਸਰ੍ਹੀ ਸਕੂਲ ਬੋਰਡ ਵਿਚ ਅਧਿਆਪਕਾ ਦੀ ਨੌਕਰੀ ਮਿਲ ਗਈ ਅਤੇ ਉਹ ਵੈਨਕੂਵਰ ਛੱਡ ਕੇ ਸਰ੍ਹੀ ਵਿਚ ਆ ਗਏ | 
   
ਸਰ੍ਹੀ ਸੰਹਿਰ ਪਹਿਲਾਂ ਪੇਂਡੂ ਜਿਹਾ ਅਤੇ ਜੰਗਲੀ ਇਲਾਕਾ ਸੀ ਅਤੇ ਇਧਰ, ਸਰ੍ਹੀ, ਡੈਲਟਾ ਵਿਚ ਕੋਈ ਵਿਰਲਾ ਟਾਵਾਂ ਪੰਜਾਬੀ ਹੀ ਰਹਿੰਦਾ ਸੀ | ਕਿਉਂਕਿ ਇਸ ਪਾਸਿਓਂ, ਵੈਨਕੂਵਰ ਵੱਲ ਆਉਣ ਜਾਣ ਲਈ ਫਰੇਜ਼ਰ ਨੂੰ ਪਾਰ ਕਰਨ ਵਾਸਤੇ ਕਿਸੰਤੀਆਂ, ਬੇੜੀਆਂ ਦਾ ਸਹਾਰਾ ਲੈਣਾ ਪੈਂਦਾ ਜਾਂ ਇਕ ਲੱਕੜ ਦੇ ਪੁਲ ਉਤੋਂ ਦੀ ਲੰਘਣਾ ਪੈਂਦਾ | ਫੇਰ ਜਦੋਂ ਪੁਟੈੱਲੋ ਪੁਲ, ਪੋਰਟਮਾਨ ਪੁਲ ਤੇ ਦਰਿਆ ਹੇਠ ਦੀ ਇਕ ਸੁਰੰਗ ਬਣ ਜਾਣ ਨਾਲ ਅਵਾਜਾਈ ਵਿਚ ਸੌਖ ਹੋ ਗਈ ਤਾਂ ਹੌਲ਼ੀ ਹੌਲ਼ੀ ਸਰ੍ਹੀ ਸੰਹਿਰ ਦੀ ਵਸੋਂ ਵਿਚ ਵਾਧਾ ਹੋਣ ਲੱਗਾ | ਵਸੋਂ ਵਿਚ ਵਾਧਾ ਹੋਣ ਨਾਲ ਏਥੇ ਕੰਮ ਧੰਧਿਆਂ ਵਿਚ ਵੀ ਵਾਧਾ ਹੋਣ ਲੱਗਾ ਪਰ ਪੰਜਾਬੀਆਂ ਨੇ ਅਜੇ ਏਧਰ ਵਸਣ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ | ਕਿਉਂਕਿ ਉਹ ਉਸ ਸਮੇਂ ਥੋੜੀ ਗਿਣਤੀ ਵਿਚ ਸਨ ਤੇ ਬਹੁਤਿਆਂ ਨੂੰ ਵੈਨਕੂਵਰ ਵੱਲ ਹੀ ਕੰਮ ਮਿਲੇ ਹੋਏ ਸਨ | ਉਂਝ ਵੀ ਉਹ ਆਪਣੇ ਭਾਈਚਾਰੇ ਦੇ ਨੇੜੇ ਰਹਿਣਾ ਪਸੰਦ ਕਰਦੇ ਸਨ | ਪੰਜਾਹਵਿਆਂ ਮਗਰੋਂ, ਜਦੋਂ ਭਾਰਤੀਆਂ ਨੂੰ ਕੈਨੇਡਾ ਆਉਣ ਦੀ ਸੀਮਤ ਜਿਹੀ ਖੁੱਲ੍ਹ ਮਿਲੀ ਤਾਂ ਉਹਨਾਂ ਦੀ ਗਿਣਤੀ ਵੀ ਬੀ।ਸੀ। ਵਿਚ ਵਧਣ ਲੱਗੀ | ਪਹਿਲਾਂ ਪਹਿਲ ਤਾਂ ਉਹ ਵੈਨਕੂਵਰ ਜਾਂ ਐਬਟਸਫੋਰਡ, ਆਪਣੇ ਕਿਸੇ ਜਾਣੂਆਂ ਕੋਲ ਆ ਕੇ ਠਹਿਰਦੇ ਅਤੇ ਫੇਰ ਜਿੱਥੇ ਕਿਤੇ ਉਹਨਾਂ ਨੂੰ ਕੰਮ ਮਿਲਦਾ, ਉਹ ਉੱਥੇ ਚਲੇ ਜਾਂਦੇ | ਇਸ ਤਰ੍ਹਾਂ ਸੱਠਵਿਆਂ ਦੇ ਪਹਿਲੇ ਸਾਲਾਂ ਵਿਚ ਕੁੱਝ ਪੰਜਾਬੀ ਸਰ੍ਹੀ ਵਿਚ ਆ ਕੇ ਵਸ ਗਏ ਸਨ | 
   ਜਦੋਂ ਸੁਖਦੇਵ ਸਰ੍ਹੀ ਵਿਚ ਆਇਆ ਸੀ ਤਾਂ ਕੁਝ ਕੁ ਪੰਜਾਬੀ ਹੀ ਏਥੇ ਆ ਕੇ ਵਸੇ ਸਨ | ਤੇ ਜਦੋਂ ਉਸ ਤੋਂ ਦੋ ਸਾਲ ਮਗਰੋਂ ਜਲੌਰ ਸੁਖਦੇਵ ਦੇ ਨਾਲ ਆ ਕੇ ਰਹਿਣ ਲੱਗਾ ਤਾਂ ਉਸ ਵੇਲੇ ਵੀ ਪੰਜਾਬੀਆਂ ਦੀ ਵਸੋਂ ਵਿਚ ਮਾਮੂਲੀ ਜਿਹਾ ਹੀ ਵਾਧਾ ਹੋਇਆ ਸੀ | ਪੰਜਾਬੀਆਂ ਦੀ ਵਸੋਂ ਥੋੜੀ ਹੋਣ ਕਰਕੇ ਅਜੇ ਏਥੇ ਗੁਰਦਵਾਰਾ ਨਹੀਂ ਸੀ ਬਣਿਆ | ਗੁਰਦਵਾਰਾ ਨਾ ਹੋਣ ਕਰਕੇ ਬੀ ਜੀ ਦੇ ਮਨ ਨੂੰ ਸੰਾਂਤੀ ਨਹੀਂ ਸੀ ਮਿਲ ਰਹੀ | ਉਸ ਨੇ ਵੈਨਕੂਵਰ ਰਹਿੰਦਿਆਂ ਗੁਰਦਵਾਰੇ ਜਾਣਾ ਆਪਣੀ ਜ਼ਿੰਦਗੀ ਦਾ ਇਕ ਮਕਸਦ ਬਣਾ ਲਿਆ ਸੀ ਤੇ ਨੇਮ ਨਾਲ ਨਿੱਤ ਗੁਰਦਵਾਰੇ ਜਾਂਦੀ ਸੀ | ਉਸ ਨੇ ਇਕ ਦਿਨ ਗੱਲੀਂ ਗੱਲੀਂ ਜਲੌਰ ਕੋਲ ਇਸ ਦਾ ਗਿਲਾ ਵੀ ਕੀਤਾ ਸੀ | ਮਾਂ ਦੀ ਸਮੱਸਿਆ ਨੂੰ ਸਮਝਦਿਆਂ, ਇਕ ਦਿਨ ਜਲੌਰ ਨੇ ਸੁਖਦੇਵ ਨਾਲ ਗੱਲ ਕੀਤੀ, "ਸੁਖ, ਆਪਾਂ ਨੂੰ ਵੀਕ ਐਂਡ 'ਤੇ ਗੁਰਦਵਾਰੇ ਜਾਣ ਲਈ ਵੈਨਕੂਵਰ ਜਾਂ ਨਿਊ ਵੈਸਟ ਦੇ ਸੁਖ ਸਾਗਰ ਗੁਰਦਵਾਰੇ ਜਾਣਾ ਪੈਂਦਾ | ਜਿਸ ਕਰਕੇ ਸਾਰਾ ਦਿਨ ਹੀ ਓਧਰ ਨਿਕਲ ਜਾਂਦਾ , ਕਿਉਂ ਨਾ ਸਰ੍ਹੀ ਵਿਚ ਹੀ ਗੁਰਦਵਾਰਾ ਬਣਾਉਣ ਦੀ ਟਰਾਈ ਕੀਤੀ ਜਾਵੇ | ਏਥੇ ਗੁਰਦਵਾਰਾ ਨਾ ਹੋਣ ਕਰਕੇ ਬੀ ਜੀ ਦਾ ਮਨ ਵੀ ਬਹੁਤ ਉਚਾਟ ਰਹਿਣ ਲਗਾ ਆ | Aੁੱਥੇ ਇਹਨੇ ਗੁਰਦਵਾਰੇ ਜਾਣ ਦੀ ਪੱਕੀ ਆਦਤ ਬਣਾ ਲਈ ਸੀ |"
"ਗੱਲ ਤਾਂ ਤੇਰੀ ਠੀਕ ਐ ਪਰ ਇਹ ਕੰਮ ਬਹੁਤ ਵੱਡਾ ਹੈ ਤੇ ਸਰ੍ਹੀ ਵਿਚ ਆਪਣੀ ਵਸੋਂ ਅਜੇ ਥੋੜੀ ਐ |"
"ਉਦੋਂ ਵੀ ਇੱਥੇ ਸਿੱਖਾਂ ਦੀ ਵਸੋਂ ਕੋਈ ਬਹੁਤੀ ਨਹੀਂ ਸੀ ਜਦੋਂ ਉਹਨਾਂ ਨੇ ਵੈਨਕੂਵਰ ਵਿਚ ਪਹਿਲਾ ਗੁਰਦਵਾਰਾ ਬਣਾਇਆ ਸੀ |" 
"ਉਦੋਂ ਗੱਲ ਹੋਰ ਸੀ | ਉਸ ਵੇਲੇ ਆਪਣੇ ਲੋਕਾਂ ਨੂੰ ਇਕੱਠੇ ਹੋਣ ਲਈ ਇਕ ਥਾਂ ਚਾਹੀਦੀ ਸੀ | ਉਹ ਥਾਂ ਗੁਰਦਵਾਰਾ ਹੀ ਹੋ ਸਕਦਾ ਸੀ, ਜਿਹੜਾ ਉਹਨਾਂ ਸਾਰਿਆਂ ਨੇ ਰਲ਼ ਕੇ ਬਣਾ ਲਿਆ | ਹੁਣ ਤਾਂ ਆਪਣੇ ਕੋਲ ਫਰੇਜ਼ਰ ਵੈਲੀ ਵਿਚ ਤਿੰਨ ਗੁਰਦਵਾਰੇ ਹੈਨ | ਅੱਧੇ ਪੌਣੇ ਘੰਟੇ ਵਿਚ ਅਬਸਫੋਰਡ ਜਾ ਵੜੀਦੈ, ਵੀਹਾਂ ਪੱਚੀਆਂ ਮਿੰਟਾਂ ਵਿਚ ਸੁਖਸਾਗਰ ਤੇ ਅੱਧੇ ਘੰਟੇ ਵਿਚ ਵੈਨਕੋਵਰ |" ਸੁਖਦੇਵ ਹੋਰ ਗੁਰਦਵਾਰਾ ਬਣਾਉਣ ਦੇ ਹੱਕ ਵਿਚ ਨਹੀਂ ਸੀ | ਪਰ ਜਦੋਂ ਜਲੌਰ ਨੇ ਚਾਚੇ ਲਛਮਣ ਨਾਲ ਗੱਲ ਕੀਤੀ ਤਾਂ ਉਸ ਨੂੰ ਇਹ ਗੱਲ ਬਹੁਤ ਚੰਗੀ ਲੱਗੀ | ਉਸ ਦਾ ਵੀ ਵਿਹਲੇ ਦਾ ਦਿਨ ਨਹੀਂ ਸੀ ਲੰਘਦਾ ਅਤੇ ਵਡੇਰੀ ਉਮਰ ਦੇ ਬੰਦਿਆਂ ਲਈ ਬੈਠਣ ਵਾਸਤੇ, ਨੇੜੇ ਤੇੜੇ ਕੋਈ ਸਾਂਝੀ ਥਾਂ ਵੀ ਹੈ ਨਹੀਂ ਸੀ | ਉਸ ਨੇ ਝੱਟ ਕਹਿ ਦਿੱਤਾ, "ਜੈਰੀ, ਗੱਲ ਤੇਰੀ ਠੀਕ ਐ, ਮੈਂ ਕਰਦਾਂ ਆਪਣੇ ਪੰਜਾਂ ਚਹੁੰ ਜਾਣੂਆਂ ਨਾਲ ਗੱਲ | ਕੋਈ ਛੋਟਾ ਮੋਟਾ ਮਕਾਨ ਲੈ ਕੇ ਉੱਥੇ ਗੁਰੂ ਗਰੰਥ ਸਾਅਬ ਰਖ ਲਵਾਂਗੇ | ਸਾਂਭ ਸੰਭਾਲ ਮੈਂ ਆਪੇ ਕਰ ਲਿਆ ਕਰੂੰ |"
"ਚਾਚਾ, ਤੂੰ ਕਰ ਹਿੰਮਤ, ਮੈਂ ਵੀ ਇੱਥੋਂ ਦੇ ਕੁਝ ਬੰਦਿਆਂ ਨਾਲ ਗੱਲ ਕਰੂੰ |" ਜਲੌਰ ਨੇ ਕਿਹਾ |
   ਉਹਨਾਂ ਜਿਸ ਬੰਦੇ ਨਾਲ ਵੀ ਗੁਰਦਵਾਰਾ ਬਣਾਉਣ ਦੀ ਗੱਲ ਕੀਤੀ, ਉਸ ਨੇ ਹੀ ਇਸ ਵਿਉਂਤ ਦੀ ਵਡਿਆਈ ਕੀਤੀ | ਇਸ ਤਰ੍ਹਾਂ, ਗੁਰਦਵਾਰਾ ਬਣਨ ਦੀ ਗੱਲ ਚਲ ਨਿਕਲੀ | ਸਰ੍ਹੀ ਅਤੇ ਡੈਲਟਾ ਦੇ ਸਿੱਖਾਂ ਨੇ ਮਿਲ ਕੇ ਇਕ ਗੁਰਦਵਾਰਾ ਕਮੇਟੀ ਵੀ ਬਣਾ ਲਈ ਅਤੇ ਆਰਜ਼ੀ ਤੌਰ 'ਤੇ ਗੁਰਦਵਾਰਾ ਚਲਾਉਣ ਲਈ, 112 ਸਟਰੀਟ ਅਤੇ 83 ਐਵਨਿਊ ਲਾਗੇ ਡੈਲਟਾ ਵਿਚ ਇਕ ਮਕਾਨ ਖਰੀਦਣ ਦੀ ਤਿਆਰੀ ਵੀ ਹੋ ਗਈ | ਚਾਚੇ ਲਛਮਣ ਨੂੰ ਬਹੁਤੀ ਖੁਸੰੀ ਇਸ ਗੱਲ ਦੀ ਸੀ ਕਿ ਭਾਵੇਂ ਡੈਲਟਾ ਵਿਚ ਹੀ ਸਹੀ, ਉਸ ਦੇ ਘਰਾਂ ਦੇ ਨੇੜੇ ਗੁਰਦਵਾਰਾ ਤਾਂ ਬਣ ਜਾਵੇਗਾ | ਇਸੇ ਕਰਕੇ ਉਹ ਭੱਜ ਨੱਠ ਵੀ ਬਹੁਤ ਕਰ ਰਿਹਾ ਸੀ | 
   ਇਕ ਦਿਨ ਉਹ ਨਵੀਂ ਬਣੀ ਸਰ੍ਹੀ ਡੈਲਟਾ ਗੁਰਦਵਾਰਾ ਕਮੇਟੀ ਨਾਲ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਰਧਾਨ ਨੂੰ, ਨਵੇਂ ਗੁਦਵਾਰੇ ਦੀ ਰਜਿਸਟਰੇਸੰਨ ਦੇ ਸਬੰਧ ਵਿਚ, ਮਿਲ ਕੇ ਆਥਣ ਨੂੰ ਛੇ ਕੁ ਵਜੇ ਘਰ ਆਇਆ ਤਾਂ ਉਸ ਦੇਖਿਆ ਕਿ ਜਲੌਰ ਵੀ ਉਪਰ ਸੁਖਦੇਵ ਕੋਲ ਬੈਠਾ ਹੈ ਤੇ ਤਿੰਨੇ ਇਸਤਰੀਆਂ ਵੀ ਉਹਨਾਂ ਕੋਲ ਬੈਠੀਆਂ ਹਨ | ਸਾਰੇ ਹੀ ਚੁੱਪ ਹਨ, ਜਿਵੇਂ ਕਿਸੇ ਦਾ ਸੋਗ ਮਨਾ ਰਹੇ ਹੋਣ | ਉਸ ਨੇ ਆਪਣਾ ਓਵਰ ਕੋਟ ਕਵਰਡ ਵਿਚ ਰਖਦਿਆਂ ਪੁੱਛਿਆ, "ਕੀ ਗੱਲ ਐ? ਐਂ ਬੈਠੇ ਓ, ਜਿਵੇਂ ਕਿਸੇ ਦੀ ਸਨਾਉਣੀ ਆਈ ਹੋਵੇ |"
ਸੁਖਦੇਵ ਨੇ ਅੱਖਾਂ ਵਿਚ ਹੰਝੂ ਭਰਦਿਆਂ ਕਿਹਾ, "ਹਾਂਅ ਚਾਚਾ, ਇਕ ਬੁਰੀ ਖਬਰ ਐ ਆਪਣੇ ਲਈ | ਪਿੰਡੋਂ ਅਹਿ ਟੈਲੀਗ੍ਰਾਮ ਆਈ ਐ, ਬਾਪੂ ਜੀ ਦੀ ਮੌਤ ਹੋ ਗਈ |"
   ਇਹ ਬੁਰੀ ਖਬਰ ਸੁਣਦਿਆਂ ਹੀ ਲਛਮਣ ਸਿੰਘ ਸਿਰ ਫੜ ਕੇ ਬੈਠ ਗਿਆ | ਉਸ ਦੇ ਬੈਠਦਿਆਂ ਹੀ ਤਿੰਨੇ ਔਰਤਾਂ ਰੋਣ ਲੱਗੀਆਂ | ਸੁਖਦੇਵ ਵੀ ਉਸ ਦੇ ਗਲ਼ ਬਾਹਾਂ ਪਾ ਹਉਕੇ ਭਰਨ ਲੱਗਾ | ਉਸ ਨੇ ਸਾਰਿਆਂ ਨੂੰ ਰੋਣੋ ਚੁੱਪ ਕਰਵਾ ਦਿੱਤਾ | ਇਸ ਮਾਤਮੀ ਮਾਹੌਲ ਵਿਚ ਬਿਨਾਂ ਕੋਈ ਗੱਲ ਕੀਤਿਆਂ, ਉਹ ਕੁਝ ਦੇਰ ਬੈਠੇ ਰਹੇ | ਅਖੀਰ ਇਸ ਸੋਗੀ ਚੁੱਪ ਨੂੰ ਤੋੜਦਿਆਂ ਲਛਮਣ ਸਿੰਘ ਬੋਲਿਆ, "ਤਾਰ ਵਿਚ ਰਾਮ ਸਿਉਂ ਦੀ ਮੌਤ ਤੋਂ ਬਿਨਾਂ ਹੋਰ ਕੁਸੰ ਵੀ ਲਿਖਿਐ?"
"ਸੁਖਦੇਵ ਨੇ ਕੌਫੀ ਟੇਬਲ 'ਤੇ ਪਈ ਟੈਲੀਗ੍ਰਾਮ ਲਛਮਣ ਸਿੰਘ ਨੂੰ ਫੜਾ ਦਿੱਤੀ | ਉਸ ਵਿਚ ਕੇਵਲ ਇੰਨਾ ਹੀ ਲਿਖਿਆ ਸੀ' 'ਰਾਮ ਸਿੰਘ ਮਰ ਗਿਆ, ਪਹੁੰਚੋ, ਬਲਦੇਵ ਸਿੰਘ'|
   ਉਹ ਕੁੱਝ ਸਮਾਂ ਉਸ ਕਾਗਜ਼ ਦੇ ਟੁਕੜੇ ਨੂੰ ਉਲਟ ਪਲਟ ਕੇ ਦੇਖਦਾ ਰਿਹਾ, ਜਿਵੇਂ ਉਸ ਵਿਚੋਂ ਆਪਣੇ ਜੁੜਵੇਂ ਭਰਾ ਦੇ ਨਕਸੰ ਤਲਾਸੰ ਕਰ ਰਿਹਾ ਹੋਵੇ | ਫੇਰ ਟੈਲੀਗ੍ਰਾਮ ਨੂੰ ਮੁੜ ਟੇਬਲ ਉਪਰ ਰਖਦਾ ਹੋਇਆ ਪੁੱਛਣ ਲੱਗਾ, " ਕਿਸ ਕੁ ਵੇਲੇ ਆਈ ਸੀ ਇਹ ਤਾਰ?"
"ਦੁਪਹਿਰੇ ਜਿਹੇ ਮੇਲ-ਮੈਨ ਆਇਆ ਸੀ | ਸੈਨ ਕਰਕੇ ਮੈਂ ਤਾਰ ਲੈ ਲਈ ਸੀ ਪਰ ਖੋਲ੍ਹੀ ਨਈ ਸੀ | ਪੜ੍ਹੀ ਤਾਂ ਦਰਸੰਨਾ ਨੇ ਈ ਸੀ ਸਕੂਲੋਂ ਆ ਕੇ |" ਬੀ ਜੀ ਨੇ ਦੱਸਿਆ | 
"ਚਲੋ ਜੋ ਭਾਣਾ! ਹੁਣ ਤੁਸੀਂ ਰੋਟੀ ਟੁੱਕ ਦਾ ਆਰ੍ਹ ਕਰੋ | ਮੇਰੀ ਰੋਟੀ ਨਾ ਪਕਾਉਣੀ, ਮੈਂ ਗੁਰਦਵਾਰਿਓਂ ਲੰਗਰ ਛਕ ਕੇ ਆਇਆ ਹਾਂ | ਇੰਡੀਆ ਜਾਣ ਬਾਰੇ ਵੀ ਸਵੇਰੇ ਹੀ ਸੋਚਾਂਗੇ |" ਇਹ ਕਹਿ ਕੇ ਉਹ ਆਪਣੇ ਕਮਰੇ ਵਿਚ ਜਾ ਕੇ ਲੇਟ ਗਿਆ | ਬਿਸਤਰੇ ਉਪਰ ਪਿਆਂ ਵੀ ਉਸ ਨੂੰ ਅੱਚਵੀ ਜਿਹੀ ਲਗੀ ਰਹੀ | ਉਹ ਕਦੀ ਬੈਠ ਜਾਂਦਾ ਕਦੀ ਲੇਟ ਜਾਂਦਾ ਪਰ ਉਸ ਦੇ ਮਨ ਨੂੰ ਚੈਨ ਨਹੀਂ ਸੀ ਆ ਰਿਹਾ | ਉਹ ਇਹੋ ਸੋਚ ਸੋਚ ਬੇਚੈਨ ਹੋ ਰਿਹਾ ਸੀ ਕਿ ਰਾਮ ਸਿਉਂ ਦੀ ਮੌਤ ਕਿਵੇਂ ਹੋਈ ਹੋਵੇਗੀ? 'ਕੀ ਉਹ ਬੀਮਾਰ ਰਿਹਾ ਹੋਵੇਗਾ? ਜੇ ਬੀਮਾਰ ਰਿਹਾ ਸੀ ਤਾਂ ਬਲਦੇਵ ਨੇ ਚਿਠੀ ਕਿਉਂ ਨਾ ਲਿਖੀ | ਕੀ ਪਿੰਡ ਵਿਚ ਕਿਸੇ ਨਾਲ ਲੜਾਈ ਝਗੜਾ ਤਾਂ ਨਹੀਂ ਹੋ ਗਿਆ ਹੋਵੇਗਾ, ਜਿਸ ਵਿਚ ਉਸ ਦੇ ਸੱਟਾਂ ਵੱਜ ਗਈਆਂ ਹੋਣ ਤੇ ਉਸ ਦੀ ਮੌਤ ਹੋ ਗਈ ਹੋਵੇ | ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਬਲਦੇਵ ਨੇ ਜਰੂਰ ਲਿਖਣਾ ਸੀ |' ਅਜੇਹੀਆਂ ਸੋਚਾਂ ਸੋਚਦਿਆਂ ਉਸ ਦੀ ਸੋਚ ਅਤੀਤ ਵੱਲ ਚਲੀ ਗਈ |
**************************
ਲਛਮਣ ਜਤੀ
ਪੰਜ ਕੁ ਘੁਮਾਂ ਦੇ ਮਾਲਕ ਕਿਸਾਨ, ਭਗਤ ਸਿੰਘ ਦੇ ਘਰ ਜਦੋਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਤਾਂ ਦਾਦੀ ਨੇ 'ਮੇਰੀ ਰਾਮ ਲਛਮਣ ਦੀ ਜੋੜੀ' ਕਹਿ ਕੇ ਉਹਨਾਂ ਨੂੰ ਗੁੜਤੀ ਦਿੱਤੀ ਸੀ ਅਤੇ ਫੇਰ ਉਹਨਾਂ ਦਾ ਨਾਮ ਹੀ ਰਾਮ ਤੇ ਲਛਮਣ ਪੈ ਗਿਆ | ਸੰਕਲਾਂ ਦੋਹਾਂ ਦੀਆਂ ਭਾਵੇਂ ਮਿਲਦੀਆਂ ਸਨ ਪਰ ਰਾਮ ਨਾਲੋਂ ਲਛਮਣ ਚੁਸਤ ਤੇ ਫੁਰਤੀਲਾ ਸੀ | ਪੰਜ ਕੁ ਸਾਲ ਦੇ ਹੋਏ ਤਾਂ ਮਾਪਿਆ ਨੇ ਦੋਹਾਂ ਨੂੰ ਪਿੰਡ ਦੇ ਡੇਰੇ ਵਿਚ ਪੜ੍ਹਨ ਲਾ ਦਿੱਤਾ | ਰਾਮ ਅਜੇ ਪੈਂਤੀ ਅੱਖਰ ਵੀ ਨਹੀਂ ਸੀ ਸਿਖਿਆ ਤੇ ਲਛਮਣ ਪੋਥੀ ਪੜ੍ਹਨ ਲਗ ਪਿਆ ਸੀ | ਫੇਰ ਪਿੰਡ ਵਿਚ ਪਰਾਇਮਰੀ ਸਕੂਲ ਖੁੱਲ੍ਹ ਗਿਆ ਅਤੇ ਦੋਹਾਂ ਨੂੰ ਹੀ ਸਕੂਲ ਵਿਚ ਪੜ੍ਹਨ ਲਾ ਦਿੱਤਾ | ਇੱਥੇ ਵੀ ਰਾਮ 'ਅਲ ਮੱਦਾ ਆ' ਤੋਂ ਅਗਾਂਹ ਨਾਂ ਟੱਪਿਆ ਤੇ ਲਛਮਣ ਨੇ ਸਾਰਾ ਕਾਇਦਾ ਯਾਦ ਕਰ ਲਿਆ ਸੀ | ਅਖੀਰ ਮਾਪਿਆਂ ਨੇ ਰਾਮ ਨੂੰ ਤਾਂ ਬਕਰੀਆਂ ਦੇ ਇੱਜੜ ਮਗਰ ਲਾ ਦਿੱਤਾ ਅਤੇ ਲਛਮਣ ਪੜ੍ਹਦਾ ਰਿਹਾ | ਉਹ ਪਿੰਡ ਵਿਚਲੇ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿਚੋਂ ਅੱਠਵੀਂ ਪਾਸ ਕਰ ਗਿਆ | ਮਿਡਲ ਪਾਸ ਕਰਨ ਮਗਰੋਂ ਉਸ ਨੂੰ ਪਟਵਾਰੀ ਦੀ ਨੌਕਰੀ ਮਿਲ ਗਈ | ਪਟਵਾਰੀ ਲੱਗ ਜਾਣ ਤੋਂ ਦੋ ਕੁ ਸਾਲ ਮਗਰੋਂ ਉਸ ਦਾ ਵਿਆਹ ਹੋ ਗਿਆ ਪਰ ਰਾਮ ਸਿੰਘ ਨੂੰ ਕੋਈ ਸਾਕ ਨਾ ਆਇਆ | ਲਛਮਣ ਨੇ ਸਮਝਿਆ ਕਿ ਇੱਜੜ ਦਾ ਛੇੜੂ ਹੋਣ ਕਰਕੇ ਉਸ ਨੂੰ ਕੋਈ ਜੱਟ ਸਾਕ ਨਹੀਂ ਸੀ ਕਰਦਾ | ਇਸ ਲਈ ਉਸ ਨੇ ਆਪਣੇ ਬਾਪੂ ਨੂੰ ਕਹਿ ਕੇ ਪਹਿਲਾਂ ਬਕਰੀਆਂ ਦਾ ਇਜੜ ਵਿਕਵਾਇਆ ਅਤੇ ਫਿਰ ਇੱਜੜ ਦੇ ਪੈਸਿਆਂ ਨਾਲ ਚਾਰ ਘੁਮਾਂ ਜ਼ਮੀਨ ਖਰੀਦ ਲਈ | ਉਹ ਸਮਝਦਾ ਸੀ ਕਿ ਜੱਟ ਨੂੰ ਤਾਂ ਜ਼ਮੀਨ ਕਰਕੇ ਹੀ ਸਾਕ ਹੁੰਦਾ ਹੈ | ਹੁਣ ਉਹਨਾਂ ਕੋਲ ਜ਼ਮੀਨ ਤਾਂ ਨੌਂ ਘੁਮਾਂ ਹੋ ਗਈ ਸੀ ਪਰ ਰਾਮ ਸਿੰਘ ਨੂੰ ਸਾਕ ਅਜੇ ਵੀ ਕੋਈ ਨਹੀਂ ਸੀ ਆਇਆ | ਲਛਮਣ ਸਿੰਘ ਨੇ ਸੋਚਿਆ ਕਿ ਕਿਉਂ ਨਾ ਆਪਣੇ ਘਰ ਵਾਲੀ 'ਤੇ ਜੋਰ ਪਾ ਕੇ ਉਸ ਦੇ ਤਾਏ ਦੀ ਕੁੜੀ ਦਾ ਸਾਕ ਮੰਗਿਆ ਜਾਵੇ | ਇਸ ਤੋਂ ਪਹਿਲਾ ਕਿ ਉਹ ਆਪਣੀ ਘਰ ਵਾਲੀ, ਕਰਤਾਰ ਕੌਰ, ਨਾਲ ਇਸ ਬਾਰੇ ਕੋਈ ਸਲਾਹ ਕਰਦਾ, ਇਨ੍ਹਾਂ ਦਿਨਾਂ ਵਿਚ ਇਕ ਅਜੇਹੀ ਘਟਨਾ ਵਾਪਰ ਗਈ ਕਿ ਜ਼ਿੰਦਗੀ ਦਾ ਪਾਸਾ ਹੀ ਪਲਟ ਗਿਆ |
 
ਇਕ ਦਿਨ ਲਛਮਣ ਸਿੰਘ ਦੇ ਹਲਕੇ ਵਿਚ ਤਸੀਲਦਾਰ ਦੌਰੇ 'ਤੇ ਆ ਗਿਆ | ਹਲਕਾ ਕਾਨੂੰਨਗੋ ਅਤੇ ਹੋਰ ਅਮਲਾ ਫੈਲਾ ਵੀ ਉਸ ਦੇ ਨਾਲ ਸੀ | ਉਸ ਨੇ ਇਸ ਕਾਨੂੰਨਗੋਈ ਹਲਕੇ ਵਿਚ ਤਿੰਨ ਦਿਨ ਰਹਿਣਾ ਸੀ | ਪਹਿਲੇ ਦਿਨ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਅਤੇ ਹੋਰ ਜ਼ਮੀਨੀ ਝਗੜਿਆਂ ਦੇ ਨਬੇੜੇ ਹੁੰਦੇ ਰਹੇ ਅਤੇ ਅਗਲੇ ਦਿਨ ਸਿੰਕਾਰ ਖੇਡਣ ਦਾ ਪਰੋਗ੍ਰਾਮ ਬਣ ਗਿਆ | ਤਸੀਲਦਾਰ, ਕਾਨੂੰਨਗੋ ਤੇ ਤਿੰਨ ਪਟਵਾਰੀ ਤਾਂ ਘੋੜੀਆਂ ਉਪਰ ਸਵਾਰ ਹੋ ਗਏ ਅਤੇ ਪੰਜ ਸੱਤ ਬੰਦੇ ਹੋਰ ਨਾਲ ਪੈਦਲ ਹੀ ਚਲ ਪਏ | ਕਈ ਪਿੰਡਾਂ ਵਿਚਕਾਰ ਮੀਲ ਕੁ 'ਚ ਫੈਲਿਆ ਹੋਇਆ ਇਕ ਛੰਭ ਸੀ ਜਿਸ ਨੂੰ ਲੋਕ ਰੱਖ ਕਹਿੰਦੇ ਸਨ | ਇਸ ਵਿਚ ਹਿਰਨ, ਰੋਅਜ ਅਤੇ ਹੋਰ ਜੰਗਲੀ ਜਾਨਵਰ ਬਹੁਤ ਰਹਿੰਦੇ ਸਨ | ਇਹ ਸਿੰਕਾਰੀ ਢਾਣੀ, ਰੱਖ ਵੱਲ ਚੱਲ ਪਈ | ਉਹ ਅਜੇ ਪਿੰਡੋਂ ਅੱਧਾ ਕੁ ਮੀਲ ਦੂਰ ਗਏ ਹੋਣਗੇ ਕਿ ਰੱਖ ਵਾਲੇ ਪਾਸਿਉਂ ਇਕ ਹਿਰਨਾਂ ਦੀ ਡਾਰ ਏਧਰ ਨੂੰ ਆਉਂਦੀ ਦਿਸੀ | ਉਹ ਘੋੜੀਆਂ ਤੋਂ ਉਤਰ ਕੇ ਦਰਖਤਾਂ ਦੀ ਓਟ ਵਿਚ ਖੜ੍ਹ ਗਏ | ਤਸੀਲਦਾਰ ਦੀ ਦੁਨਾਲੀ ਲਛਮਣ ਸਿੰਘ ਦੇ ਮੋਢੇ ਪਾਈ ਹੋਈ ਸੀ | ਤਸੀਲਦਾਰ ਨੇ ਕਿਹਾ, "ਲੈ ਬਈ ਲਛਮਣ ਸਿਆਂ, ਹੁਣ ਦੇਖਦੇ ਆਂ ਤੇਰਾ ਨਿਸੰਾਨਾ, ਫੁੰਡ ਦੇਹ ਭੱਜੇ ਆਉਂਦੇ ਹਿਰਨ ਨੂੰ |"
   ਜਦੋਂ ਹਿਰਨਾਂ ਦੀ ਡਾਰ, ਨੇੜੇ ਦੇ ਇਕ ਕਮਾਦ ਵਿਚ ਵੜਨ ਲੱਗੀ ਤਾਂ ਲਛਮਣ ਸਿੰਘ ਨੇ ਇਕ ਹਿਰਨ ਨੂੰ ਨਿਸੰਾਨਾ ਲਾ, ਬੰਦੂਕ ਦਾ ਘੋੜਾ ਦਬ ਦਿੱਤਾ | ਹਿਰਨਾਂ ਦੀ ਡਾਰ ਤਾਂ ਚੁੰਘੀਆਂ ਭਰਦੀ ਰੱਖ ਵੱਲ ਦੌੜ ਗਈ ਪਰ ਕਮਾਦ ਦੇ ਕੋਨੇ ਵਿਚੋਂ ਕਿਸੇ ਨੇ ਚੀਕ ਮਾਰ ਕੇ ਆਖਿਆ, "ਮਾਰ 'ਤਾ ਉਏ ਜਾਲਮੋ |"
"ਪਟਵਾਰੀ ਨੇ ਬੰਦਾ ਮਾਰ 'ਤਾ |" ਢਾਣੀ ਵਿਚੋਂ ਹੀ ਕਿਸੇ ਨੇ ਆਖਿਆ |
"ਹੁਣ ਨਹੀਂ ਇਹ ਬੱਝਿਆ ਛੁੱਟਦਾ |" ਕਿਸੇ ਦੂੱਜੇ ਨੇ ਕਿਹਾ |
"ਤੂੰ ਪਤਰਾ ਵਾਚ ਜਾਹ, ਪਿੱਛੋਂ ਜੋ ਹੋਊ ਦੇਖੀ ਜਾA ੂ|" ਕਾਨੂੰਨਗੋ ਨੇ ਬਿਨਾਂ ਕੁੱਝ ਸੋਚੇ ਸਮਝੇ ਹੀ ਲਛਮਣ ਨੂੰ ਸਲਾਹ ਦਿੱਤੀ | ਉਸ ਨੇ ਵੀ ਕੁੱਝ ਨਹੀਂ ਸੋਚਿਆ ਅਤੇ ਉੱਥੇ ਹੀ ਬੰਦੂਕ ਸੁਟ ਦਿਤੀ, ਘੋੜੀ 'ਤੇ ਪਲਾਕੀ ਮਾਰੀ ਅਤੇ ਅੱਖ ਝਪਕਦੇ ਹੀ ਛੁਪਨ ਹੋ ਗਿਆ |
   ਲਛਮਣ ਸਿੰਘ ਸਰਪਟ ਘੋੜੀ ਭਜਾਉਂਦਾ ਗਿਆ | ਬਿਨਾਂ ਕੁੱਝ ਸੋਚਿਆਂ ਕਿ ਉਹ ਕਿਧਰ ਨੂੰ ਜਾ ਰਿਹਾ ਹੈ, ਉਹ ਘੋੜੀ ਨੂੰ ਅੱਡੀ ਲਾਈ ਗਿਆ | ਜਦੋਂ ਦਿਨ ਛੁਪਣ ਕਿਨਾਰੇ ਆ ਗਿਆ ਤਾਂ ਉਹ ਸੋਚਣ ਲੱਗਾ ਕਿ ਉਹ ਕਿੱਥੇ ਆ ਗਿਆ ਹੈ ਅਤੇ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਹ ਸੋਚਾਂ ਵਿਚ ਗਵਾਚਾ, ਘੋੜੀ ਨੂੰ ਰੇਵੀਏ ਚਾਲ ਪਾਈ ਜਾ ਰਿਹਾ ਸੀ ਕਿ ਕਿ ਰਾਹ ਵਿਚ ਉਸ ਨੂੰ ਕੁਝ ਤੀਵੀਆਂ, ਸਿਰਾਂ ਉਪਰ ਕਪਾਹ ਦੀਆਂ ਪੰਡਾਂ ਚੁਕੀ, ਆਉਂਦੀਆਂ ਮਿਲੀਆਂ | ਉਸ ਨੇ ਘੋੜੀ ਨੂੰ ਹੌਲੀ ਕਰਦਿਆਂ ਇਕ ਵਡੇਰੀ ਉਮਰ ਦੀ ਔਰਤ ਕੋਲੋਂ ਪੁੱਛਿਆ, "ਮਾਤਾ, ਅਹੁ ਸਾਮਣ੍ਹੇ, ਕਿਹੜਾ ਪਿੰਡ ਐ?"
"ਰਾਮ ਪੁਰਾ |" ਉਹਦੇ ਵੱਲ ਸੰੱਕ ਦੀ ਨਜਰ ਨਾਲ ਦੇਖਦਿਆਂ ਮਾਈ ਨੇ ਕਿਹਾ | 
   ਰਾਮ ਪੁਰੇ ਦਾ ਨਾਂ ਸੁਣ ਕੇ ਉਹ ਹੈਰਾਨ ਹੋਇਆ ਕਿ ਉਹ ਪਿੰਡ ਤੋਂ ਚਾਲੀ ਮੀਲ ਦੂਰ ਆ ਗਿਆ ਸੀ | ਉਸ ਨੇ ਰਾਮ ਪੁਰੇ ਦੇ ਗੁਰਦਵਾਰੇ ਰਾਤ ਰਹਿਣ ਦਾ ਫੈਸਲਾ ਕੀਤਾ | ਗੁਰਦਵਾਰੇ ਵਿਚ ਜਾ ਕੇ ਕੁਝ ਦੇਰ ਉਸ ਆਰਾਮ ਕੀਤਾ | ਨਹਾ ਕੇ ਲੰਗਰ ਛਕਿਆ ਤੇ ਫੇਰ ਮੰਜੇ ਉਪਰ ਲੇਟ ਗਿਆ | ਮੰਜੇ ਉਪਰ ਪਿਆ ਉਹ ਸੋਚ ਰਿਹਾ ਸੀ ਕਿ ਹੁਣ ਕੀ ਕੀਤਾ ਜਾਵੇ ਤੇ ਕਿਧਰ ਜਾਇਆ ਜਾਵੇ | ਉਸ ਪਹਿਲਾਂ ਇਹ ਸੋਚਿਆ ਕਿ ਕੁਝ ਸਮਾਂ ਭੇਸ ਵਟਾ ਕੇ ਪਟਿਆਲਾ ਰਿਆਸਤ ਵਿਚ ਰਹਿ ਲਿਆ ਜਾਵੇ | ਫੇਰ ਉਸ ਦੇ ਮਨ ਵਿਚ ਆਈ ਕਿ ਕਿਉਂ ਨਾ ਕਿਸੇ ਡਾਕੂ ਟੋਲੇ ਵਿਚ ਹੀ ਰਲ ਜਾਇਆ ਜਵੇ | ਉਸ ਨੇ ਆਪਣੇ ਚਾਦਰੇ ਦੇ ਲੜ੍ਹ ਬੰਨੇ ਹੋਏ ਪੈਸਿਆਂ ਨੂੰ ਦੇਖਿਆ | ਉਸ ਨੂੰ ਯਾਦ ਆਇਆ ਕਿ ਉਸ ਨੇ ਸਿੰਕਾਰ ਖੇਡਣ ਜਾਣ ਤੋਂ ਪਹਿਲਾਂ ਡੱਬੇ ਵਿਚ ਰੱਖੇ ਹੋਏ ਸਾਰੇ ਰੁਪਏ ਚਾਦਰੇ ਦੇ ਲੜ੍ਹ ਬੰਨ ਲਏ ਸਨ, ਜਿਹੜੇ ਤੀਹ ਰੁਪਏ ਤੋਂ ਬਹੁਤੇ ਹੀ ਹੋਣਗੇ | ਇੰਨੇ ਪੈਸਿਆਂ ਨਾਲ ਉਹ ਕਿਤੇ ਵੀ ਦੂਰ ਦੁਰਾਡੇ ਜਾ ਸਕਦਾ ਹੈ | ਦੁਬਿਧਾ ਵਿਚ ਪਿਆ ਉਹ ਕਿਸੇ ਫੈਸਲੇ 'ਤੇ ਨਹੀਂ ਸੀ ਪਹੁੰਚਿਆ ਕਿ ਉਸ ਨੂੰ ਰੇਲ ਗਡੀ ਦੀ ਚੀਕ ਸੁਣਾਈ ਦੱਤੀ | ਉਸ ਨੇ ਭਾਈ ਜੀ ਤੋਂ ਗਡੀਆਂ ਦੇ ਆਉਣ ਜਾਣ ਦਾ ਵਕਤ ਪੁੱਛਿਆ | 
"ਇਹ ਤਾਂ ਬਠਿੰਡੇ ਨੂੰ ਜਾਣ ਵਾਲੀ ਆਈ ਐ | ਘੰਟੇ ਕੁ ਨੂੰ ਧੂਰੀ ਵੱਲ ਨੂੰ ਜਾਣ ਵਾਲੀ ਆ ਜਾਊਗੀ |" 
   ਭਾਈ ਜੀ ਦੇ ਮੂਹੋਂ 'ਘੰਟੇ ਕੁ ਨੂੰ ਧੂਰੀ ਨੂੰ ਜਾਣ ਵਾਲੀ ਆਊਗੀ' ਸੁਣਦਿਆਂ ਹੀ ਉਹ ਮੰਜੇ ਤੋਂ ਉਠ ਖੜ੍ਹਾ ਹੋਇਆ ਤੇ ਘੋੜੀ 'ਤੇ ਕਾਠੀ ਪਾਉਣ ਲੱਗਾ | ਉਸ ਨੂੰ ਤਿਆਰ ਹੁੰਦਿਆਂ ਦੇਖ ਭਾਈ ਜੀ ਨੇ ਪੁੱਛਿਆ, "ਭਾਈ ਸਿੱਖਾ, ਤੂੰ ਤਾਂ ਰਾਤ ਰਹਿਣ ਨੂੰ ਕਹਿੰਦਾ ਸੀ?"
"ਬਸ ਭਾਈ ਜੀ, ਹੁਣ ਕੁਝ ਚਿਰ 'ਰਾਮ ਕਰ ਲਿਆ | ਚੰਦ ਚਾਨਣੀ ਰਾਤ ਐ, ਦੋ ਘੰਟਿਆਂ 'ਚ ਮਾਨਸੇ ਪਹੁੰਚ ਜਾਣੈ|" ਇਹ ਆਖ ਉਹ ਗੁਰਦਵਾਰਿਉਂ ਨਿਕਲ ਕੇ ਸਟੇਸੰਨ ਵੱਲ ਆ ਗਿਆ | ਸਟੇਸੰਨ ਤੋਂ ਕੁਝ ਦੂਰ, ਉਸ ਨੇ ਘੋੜੀ ਨੂੰ ਇਕ ਦਰਖਤ ਨਾਲ  ਬੰਨ੍ਹ ਦਿੱਤਾ | ਸਟੇਸੰਨ 'ਤੇ ਜਾ ਕੇ ਟਿਕਟ ਬਾਬੂ ਕੋਲੋਂ ਪੁੱਛਿਆ, "ਬਾਬੂ ਜੀ, ਪਹਿਲਾਂ ਕਿਹੜੀ ਗੱਡੀ ਨੇ ਆਉਣੈ?"
"ਅੰਬਾਲੇ ਜਾਣ ਵਾਲੀ ਨੇ |" ਬਾਬੂ ਨੇ ਦੱਸਿਆ |
"ਅੱਛਾ, ਅੰਬਾਲੇ ਦਾ ਇਕ ਟਿਕਟ ਦੇ ਦਿਉ |" 
   ਉਸ ਨੇ ਟਿਕਟ ਲਿਆ ਤੇ ਫੇਰ ਘੋੜੀ ਕੋਲ ਚਲਿਆ ਗਿਆ | ਘੋੜੀ ਨੂੰ ਖੋਲ੍ਹ ਕੇ ਉਹ ਫੇਰ ਸਟੇਸੰਨ ਵੱਲ ਆ ਗਿਆ | ਜਦੋਂ ਉਸ ਨੂੰ ਗੱਡੀ ਆਉਂਦੀ ਦਿਸੀ ਤਾਂ ਉਸ ਨੇ ਘੋੜੀ ਨੂੰ ਉੱਥੇ ਹੀ ਖੁੱਲ੍ਹੀ ਛੱਡ ਦਿੱਤਾ ਤੇ ਆਪ ਰੇਲ ਗਡੀ ਚੜ੍ਹ ਗਿਆ| ਇਹ ਗੱਡੀ ਅੰਬਾਲੇ ਤਕ ਹੀ ਜਾਂਦੀ ਸੀ | ਉਹ ਅੰਬਾਲੇ ਪਹੁੰਚ, ਗੱਡੀ ਤੋਂ ਉਤਰ ਕੇ ਇਕ ਬੈਂਚ ਉਪਰ ਬੈਠ ਗਿਆ | ਉੱਥੇ ਬੈਠਾ ਉਹ ਅਚਾਨਕ ਸਿਰ ਆ ਪਈ ਮੁਸੀਬਤ ਦੀ ਉਧੇੜ ਬੁਣ ਵਿਚ ਉਲਝਿਆ ਹੋਇਆ ਸੀ ਕਿ ਇਕ ਬੰਦਾ ਉਸ ਦੇ ਕੋਲ ਆ ਕੇ ਬੈਠ ਗਿਆ | ਕੁਝ ਦੇਰ ਦੋਵੇਂ ਚੁੱਪ ਬੈਠੇ ਰਹੇ | ਇਸ ਸਮੇਂ ਵਿਚ ਲਛਮਣ ਸਿੰਘ ਨੇ ਕਈ ਕੁਝ ਸੋਚ ਲਿਆ ਸੀ | ਥੋੜੇ ਚਿਰ ਮਗਰੋਂ, ਨਾਲ ਬੈਠੇ ਬੰਦੇ ਨੇ ਚੁੱਪ ਨੂੰ ਤੋੜਦਿਆਂ ਪੁੱਛਿਆ, "ਭਾਊ, ਕੀ ਗੱਲ ਉਦਾਸ ਜੇਹਾ ਬੈਠਾ ਏਂ, ਕਿੱਥੇ ਜਾਣਾ ਜੇ?"
"ਹੁਣ ਤਾਂ ਭਰਾਵਾ ਕਿਤੇ ਜਾਣ ਗੋਚਰੇ ਨਹੀਂ, ਤੇ ਤੂੰ ਕਿੱਥੇ ਜਾਣੈ?" ਲਛਮਣ ਨੇ ਗੋਲ ਮੋਲ ਜਿਹਾ ਜਵਾਬ ਦਿੱਤਾ |
"ਮੈਂ ਅੰਬਰਸਰੋਂ ਆਇਆਂ ਤੇ ਕਲਕੱਤੇ ਵਾਲੀ ਗੱਡੀ ਉਡੀਕਦਾ ਪਿਆ ਵਾਂ | ਤੇ ਤੂੰ 'ਕਿਤੇ ਜਾਣ ਗੋਚਰੇ ਨਹੀਂ' ਕਿਹਾ, ਸੁੱਖ ਤੇ ਹੈ ਵੇ?"
"ਕੁਸੰ ਨਾ ਪੁੱਛ ਭਰਾਵਾ, ਮੈਂ ਵੀ ਕਲਕੱਤੇ ਈ ਜਾਣਾ ਸੀ ਪਰ ਮੇਰੇ ਸਮਾਨ  ਵਾਲਾ ਝੋਲਾ ਗੁਆਚ ਗਿਆ, ਟਿਕਟ ਵੀ ਵਿਚੇ ਈ ਸੀ | ਬੈਠਾ ਸੋਚਦਾਂ, ਹੁਣ ਕੀ ਕਰਾਂ |" ਲਛਮਣ ਸਿੰਘ ਨੇ ਝੂਠ ਬੋਲਿਆ | 
"ਕਰਨਾ ਕੀ ਏ, ਮੇਰੇ ਨਾਲ ਚੱਲ, ਸਾਥ ਬਣਿਆ ਰਹੇਗਾ | ਟਿਕਟ ਤੈਨੂੰ ਮੈਂ ਲਿਆ ਦੇਨਾਂ, ਪੈਸੇ ਉੱਥੇ ਜਾ ਕੇ ਦੇ ਦੇਵੀਂ|" ਨਾਲ ਦੇ ਸਾਥੀ ਨੇ ਹਮਦਰਦੀ ਨਾਲ ਕਿਹਾ |
 
   "ਸੌਂ ਗਿਆ ਚਾਚਾ? ਲੈ ਚਾਹ ਪੀ ਲਾ |" ਸੁਖਦੇਵ ਦੀ ਆਵਾਜ਼ ਨੇ ਲਛਮਣ ਸਿੰਘ ਨੂੰ ਅਤੀਤ ਦੀਆਂ ਯਾਦਾਂ ਵਿਚੋਂ ਬਾਹਰ ਲੈ ਆਂਦਾ | ਉਸ ਨੇ ਆਪਣੇ ਚਿਹਰੇ ਤੋਂ ਕੰਬਲ ਪਾਸੇ ਕਰਕੇ ਦੇਖਿਆ, ਸੁਖਦੇਵ ਇਕ ਟਰੇਅ ਵਿਚ ਚਾਹ ਦੇ ਦੋ ਕੱਪ ਅਤੇ ਪਲੇਟ ਵਿਚ ਕੁਝ ਬਿਸਕੁਟ ਰੱਖੀ ਖੜ੍ਹਾ ਸੀ | 
"ਨਹੀਂ, ਸੁੱਤਾ ਤਾਂ ਨਹੀਂ |  ਚਾਹ ਦੀ ਕੀ ਲੋੜ ਸੀ |" ਲਛਮਣ ਸਿੰਘ ਨੇ ਠੀਕ ਹੋ ਕੇ ਬੈਠਦਿਆਂ ਕਿਹਾ | ਸੁਖਦੇਵ ਵੀ ਉਸ ਦੇ ਕੋਲ ਬੈਡ ਉਪਰ ਬੈਠ ਗਿਆ | 
" ਇੰਡੀਆ ਜਾਣ ਬਾਰੇ ਥੋਡੇ ਨਾਲ ਸਲਾਹ ਕਰਨੀ ਸੀ | ਮੈਂ ਕੱਲ੍ਹ ਨੂੰ ਛੁੱਟੀਆਂ ਲੈ ਲਵਾਂ?" ਸੁਖਦੇਵ ਨੇ ਪੁੱਛਿਆ |
"ਇੰਡੀਆ ਮੈਂ ਜਾਊਂਗਾ | ਤੂੰ ਇੱਥੇ ਹੀ ਰਹਿ, ਤੇਰਾ ਜਾਣਾ ਠੀਕ ਨਹੀਂ |" 
"ਮੇਰਾ ਚਿਤ ਕਰਦੈ, ਮੈਂ ਆਪਣੇ ਹੱਥੀਂ ਬਾਪੂ ਦੇ ਫੁੱਲ ਪਾ ਕੇ ਆਵਾਂ |" ਸੁਖਦੇਵ ਨੇ ਜਜ਼ਬਾਤੀ ਹੁੰਦਿਆਂ ਕਿਹਾ |
"ਕੀ ਪਤਾ ਹੁਣ ਤਾਈਂ ਤਾਂ ਰਾਮ ਸਿਉਂ ਦਾ ਭੋਗ ਵੀ ਪੈ ਗਿਆ ਹੋਵੇ ਤੇ ਫੁੱਲ ਵੀ ਪਾ ਆਏ ਹੋਣ | ਫੇਰ ਕੀ ਕਰੇਂਗਾ ਓਥੇ ਜਾ ਕੇ?" ਲਛਮਣ ਸਿੰਘ ਨੇ ਦਲੀਲ ਦਿੱਤੀ | 
"ਹਾਂ! ਤ੍ਰੀਕ ਤਾਂ ਉਹਨਾਂ ਕੋਈ ਲਿਖੀ ਹੀ ਨਹੀਂ ਕਿ ਬਾਪੂ…|" ਸੁਖਦੇਵ, ਗੱਲ ਨੂੰ ਵਿਚਕਾਰੇ ਛੱਡ ਅੱਖਾਂ ਭਰ ਆਇਆ |
   ਸੁਖਦੇਵ ਨੂੰ ਧਰਵਾਸ ਦਿੰਦਿਆਂ ਲਛਮਣ ਸਿੰਘ ਬੋਲਿਆ, "ਮੈਂ ਤੇਰੇ ਦੁੱਖ ਨੂੰ ਸਮਝਦਾਂ ਪਰ ਦਰਸੰਨਾ ਨੂੰ ਏਸ ਹਾਲਤ ਵਿਚ 'ਕੱਲਿਆਂ ਵੀ ਨਹੀਂ ਛੱਡਿਆ ਜਾ ਸਕਦਾ ਤੇ ਉਸ ਨੂੰ ਨਾਲ ਵੀ ਨਹੀਂ ਲੈ ਜਾ ਸਕਦੇ | ਏਸ ਕਰਕੇ ਤੈਨੂੰ ਏਥੇ ਹੀ ਰਹਿਣਾ ਪੈਣੈ |"
"ਬੱਚਾ ਹੋਣ 'ਚ ਅਜੇ ਮਹੀਨਾ ਪਿਆ, ਉਦੋਂ ਨੂੰ ਮੈਂ ਮੁੜ ਆਊਂ | ਪਿੱਛੇ, ਉਸ ਦੀ ਦੇਖ ਭਾਲ ਕਰਨ ਲਈ ਸਰਬੀ ਤੇ ਉਸ ਦੀ ਸੱਸ ਹੈਗੀਆਂ |"
"ਤੂੰ ਮੇਰੀ ਸੁਣ, ਭਾਵੇਂ ਉਹ ਲੱਖ ਹੈਗੀਆਂ, ਪਰ ਜੇ ਕੱਲ੍ਹ ਨੂੰ ਹੀ ਕੋਈ ਔਰ੍ਹ ਸੌਰ੍ਹ ਪੈਗੀ, ਰੱਬ ਦੇ ਘਰ ਦਾ ਕੀ ਪਤੈ! ਫੇਰ ਕੀ ਕਰ ਲਵੇਂਗਾ? ਤੇਰਾ ਏਥੇ ਰਹਿਣਾ ਬਹੁਤਾ ਜਰੂਰੀ ਐ |"
"ਮੇਰਾ ਓਥੇ ਜਾਣਾ ਵੀ ਕਿਹੜਾ ਘੱਟ ਜਰੂਰੀ ਐ! ਲੋਕ ਕਹਿਣਗੇ, 'ਮੁੰਡਾ ਕਿੰਨਾ ਨਿਰਮੋਹੀ ਹੋ ਗਐ, ਪਿਉ ਦੀ ਮਿੱਟੀ ਸਮੇਟਣ ਲਈ ਵੀ ਨਹੀਂ ਆਇਆ ਤੇ ਚਾਚੇ ਨੂੰ ਤੋਰ 'ਤਾ |"
"ਲੋਕਾਂ ਦੀਆਂ ਨਹੀਂ ਸੁਣੀ ਦੀਆਂ | ਆਪਣਾ ਘਰ ਪਹਿਲਾਂ ਦੇਖੀਦੈ | ਮੇਰਾ ਉਹ ਕੁੱਝ ਨਹੀਂ ਸੀ ਲਗਦਾ? ਇਕੋ ਝੋਲ਼ੀ ਦੇ ਜਾਏ ਸੀ ਤੇ…|" ਲਛਮਣ ਨੇ ਗੱਲ ਵਿਚਕਾਰ ਹੀ ਛੱਡ ਦਿੱਤੀ, ਉਸ ਦਾ ਗੱਚ ਭਰ ਆਇਆ ਸੀ | ਕੁੱਝ ਦੇਰ ਉਹ ਚੁੱਪ ਕਰਕੇ ਬੈਠਾ, ਕੁੱਝ ਸੋਚਦਾ ਰਿਹਾ ਤੇ ਫੇਰ ਬੋਲਿਆ, "ਸੁਖ, ਹੁਣ ਤੂੰ ਜਾ ਕੇ ਸੌਂ | ਸਵੇਰੇ ਕੰਮ 'ਤੇ ਜਾਈਂ | ਸੰਾਮੀਂ ਤੇਰੇ ਘਰ ਆਏ ਤੋਂ ਸਲਾਹ ਕਰਾਂਗੇ |"
   ਸੁਖਦੇਵ ਉਸ ਦੇ ਕੋਲੋਂ ਉਠ ਕੇ ਆਪਣੇ ਬੈਡਰੂਮ ਵਿਚ ਚਲਾ ਗਿਆ ਤੇ ਲਛਮਣ, ਫੇਰ ਅਤੀਤ ਦੀਆਂ ਯਾਦਾਂ ਵਿਚ ਗੁਆਚ ਗਿਆ | ਕਲਕੱਤੇ ਰਹਿੰਦਿਆਂ, ਉਸ ਨੇ ਆਪਣਾ ਮੂੰਹ ਸਿਰ ਮਨਵਾ ਦਿੱਤਾ ਤੇ ਬੇਪਛਾਣ ਹੋ ਗਿਆ | ਤਿੰਨ ਸਾਲ ਉਸ ਨੇ ਕਲਕੱਤੇ ਦੀ ਬੰਦਰਗਾਹ 'ਤੇ ਗੋਦੀ ਮਜ਼ਦੂਰਾਂ ਨਾਲ ਕੰਮ ਕੀਤਾ | ਪਰ ਉਸ ਨੂੰ ਸਦਾ ਹੀ, ਪਿੰਡ ਦੀ ਯਾਦ ਸਤਾਉਂਦੀ ਰਹੀ | ਉਸ ਨੇ ਸੋਚਿਆ ਕਿ ਜੇ ਪਿੰਡ ਵਿਚ ਭੇਸ ਵਟਾ ਕੇ ਜਾਇਆ ਜਾਵੇ ਤਾਂ ਕੋਈ ਵੀ ਉਸ ਨੂੰ ਪਛਾਣ ਨਹੀਂ ਸਕੇਗਾ | ਅਖੀਰ ਉਸ ਨੇ ਹੌਸਲਾ ਕਰਕੇ ਪਿੰਡ ਜਾਣ ਦਾ ਫੈਸਲਾ ਕਰ ਲਿਆ |
   ਜਦੋਂ ਉਹ ਪਿੰਡ ਆ ਕੇ ਡਰਦਾ ਡਰਦਾ, ਹਨੇਰ੍ਹੇ ਹੋਏ, ਘਰ ਵੜਿਆ ਤਾਂ ਪਹਿਲਾਂ ਤਾਂ ਉਸ ਨੂੰ ਕਿਸੇ ਪਛਾਣਿਆ ਹੀ ਨਾ | ਜਦੋਂ ਉਸ ਨੇ ਆਪਣੇ ਬਾਪ ਦੇ ਪੈਰੀਂ ਹੱਥ ਲਾਏ ਤਾਂ ਬਾਪ ਨੇ ਭੈਅ ਭੀਤ ਹੁੰਦਿਆਂ ਕਿਹਾ, "ਉਏ ਲੱਛੂਆ ਤੂੰ!" ਉਸ ਦੀ ਪਤਨੀ ਕੰਧੋਲ਼ੀ ਉਹਲੇ ਪੀੜ੍ਹੀ ਉਪਰ ਬੈਠੀ ਇਕ ਚਾਰ ਕੁ ਮਹੀਨੇ ਦੇ ਬੱਚੇ ਨੂੰ ਆਪਣੀ ਛਾਤੀ ਦਾ ਦੁੱਧ ਪਿਆ ਰਹੀ ਸੀ ਤੇ ਇਕ ਢਾਈ ਕੁ ਸਾਲ ਦਾ ਬੱਚਾ ਉਸ ਦੇ ਗੋਡੇ ਮੁੱਢ ਬੈਠਾ ਅੰਗੂਠਾ ਚੁੰਘ ਰਿਹਾ ਸੀ | ਲੱਛੂ ਦਾ ਨਾਮ ਸੁਣਦਿਆਂ ਹੀ ਉਹ ਚੀਕ ਮਾਰ ਕੇ ਉੱਥੇ ਹੀ ਡਿਗ ਪਈ | ਉਸ ਦੇ ਆਉਣ ਨਾਲ ਜਿਵੇਂ ਘਰ ਵਿਚ ਭੁਚਾਲ ਆ ਗਿਆ ਹੋਵੇ | ਉਹ ਡੌਰ ਭੋਰਾ ਹੋਇਆ ਚਾਰੇ ਪਾਸੇ ਦੇਖ ਰਿਹਾ ਸੀ | ਬਹੂ ਦੀ ਚੀਕ ਸੁਣ ਕੇ ਮਾਂ ਵੀ ਚੱਕੀ ਪੀਹਣਾ ਵਿਚਾਲੇ ਛੱਡ, ਬਾਹਰ ਆ ਗਈ ਤੇ ਲਛਮਣ ਨੂੰ ਜੱਫੀ ਪਾ, ਵੈਣ ਪਾਉਂਦਿਆਂ ਵਾਂਗ ਬੋਲੀ, "ਵੇ ਪੁੱਤਾ, ਅਸੀਂ ਤਾਂ ਤੈਨੂੰ ਸਿਵਿਆਂ 'ਚ ਫੂਕ ਆਏ ਸੀ |"
   ਹੁਣ ਲਛਮਣ ਸਿੰਘ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਪਿੱਛੋਂ ਕੀ ਭਾਣਾ ਵਰਤ ਗਿਆ ਹੈ | ਉਹ ਸਿਰ ਫੜ ਕੇ ਮੰਜੇ ਉਪਰ ਬੈਠ ਗਿਆ | ਜਦੋਂ ਰਾਮ ਸਿੰਘ ਨੇ ਖੇਤੋਂ ਆ ਕੇ ਵਿਰਲਾਪ ਕਰਦਿਆਂ ਇਹ ਕਿਹਾ, 'ਬਾਈ, ਤੂੰ ਆ ਗਿਆ! ਕਿੱਥੇ ਰਿਹਾ ਏਨਾ ਚਿਰ ? ਮੈਂ ਕਿਸੇ ਪਾਸੇ ਜੋਗਾ ਨਈਂ ਰਿਹਾ | ਸਾਥੋਂ ਭੁੱਲ ਹੋ ਗੀ | ਹੁਣ ਤੂੰ ਸਾਂਭ ਆਪਣਾ ਘਰ ਬਾਰ' ਤਾਂ ਉਸ ਦੇ ਦਿਲ ਵਿਚ ਇਕ ਚੀਸ ਉਠੀ ਸੀ ਤੇ ਉਹ, ਉਸ ਨੂੰ ਕੋਈ ਵੀ ਜਵਾਬ ਨਹੀਂ ਸੀ ਦੇ ਸਕਿਆ | ਉਸ ਸੋਚਿਆ ਕਿ ਹੁਣ ਕਿਹੜਾ ਘਰ ਬਾਰ ਰਹਿ ਗਿਆ ਹੈ | ਉਹ Aੁੱਥੋਂ ਉਠ ਕੇ ਪਰਾਂਹ ਮੰਜੇ 'ਤੇ ਜਾ ਪਿਆ | ਜਦੋਂ ਕਰਤਾਰੀ ਨੇ ਉਸ ਨੂੰ ਜ਼ਰਾ ਕੁ ਇਕੱਲਿਆਂ ਮੰਜੇ ਉਪਰ ਪਿਆ ਦੇਖਿਆ ਤਾਂ ਉਹ ਦੁੱਧ ਦਾ ਗਲਾਸ ਫੜਾਉਣ ਦੇ ਬਹਾਨੇ, ਉਸ ਦੇ ਕੋਲ ਆ ਕੇ, ਹਉਕੇ ਭਰਦੀ ਹੋਈ ਕਹਿਣ ਲੱਗੀ, " ਦੋਖੀਆ, ਹੁਣ ਆ ਗਿਐਂ! ਤੂੰ ਆਪਣਾ ਕੋਈ ਤਾਂ ਥਹੁ ਪਤਾ ਦਿੱਤਾ ਹੁੰਦਾ | ਜੇ ਕਾਵਾਂ ਹੱਥ ਵੀ ਸੁਨੇਹਾ ਘੱਲਿਆ ਹੁੰਦਾ ਕਿ ਮੈਂ ਜਿਉਂਦਾ ਜਾਗਦਾ ਆਂ ਤਾਂ ਇਹ ਅਨਰਥ ਨਾ ਹੁੰਦਾ |"
'ਜੋ ਦਾਤੇ ਨੂੰ ਮਨਜੂਰ' ਕਹਿ ਕੇ ਉਸ ਨੀਵੀਂ ਪਾ ਲਈ | ਉਹ ਆਪਣੀ ਤੀਵੀਂ ਨਾਲ ਅੱਖ ਮਿਲਾਉਣ ਤੋਂ ਵੀ ਡਰਦਾ ਸੀ | ਸਾਰੀ ਰਾਤ ਉਹ ਪਾਸੇ ਮਾਰਦਾ, ਆਪਣੀ ਕਿਸਮਤ ਨੂੰ ਕੋਸਦਾ ਰਿਹਾ ਕਿ ਉਸ ਨੇ ਉਹਦੇ ਨਾਲ ਇਹ ਕਿਹੋ ਜਿਹਾ ਮਖੌਲ ਕੀਤਾ ਹੈ, ਜਿਹੜਾ ਉਹ ਆਪਣੇ ਘਰ ਵਿਚ ਪਰਾਇਆਂ ਵਾਂਗ ਪਿਆ ਹੈ | ਘਰ ਵਿਚ ਨੀਂਦ ਤਾਂ ਕਿਸੇ ਨੂੰ ਵੀ ਨਹੀਂ ਸੀ ਆ ਰਹੀ | ਸਾਰੇ ਸੌਣ ਦਾ ਬਹਾਨਾ ਹੀ ਕਰ ਰਹੇ ਸਨ | ਤੜਕੇ ਰਾਮ ਸਿੰਘ ਹਲ਼ ਜੋੜ ਕੇ ਚਲਾ ਗਿਆ, ਬਾਪ ਵੀ ਬਾਹਰ  ਜੰਗਲ ਪਾਣੀ ਨੂੰ ਤੁਰ ਗਿਆ ਤੇ ਨੂੰਹ ਸੱਸ ਚੱਕੀ ਪੀਹਣ ਬੈਠ ਗਈਆਂ ਅਤੇ ਉਹ, ਜਿਵੇਂ ਘਰ ਵਿਚ ਆਇਆ ਸੀ ਉਸੇ ਤਰ੍ਹਾਂ ਹੀ, ਬਿਨਾਂ ਕਿਸੇ ਨੂੰ ਕੁਝ ਕਿਹਾਂ, ਘਰੋਂ ਨਿਕਲ ਗਿਆ | ਤੇ ਮੁੜ ਕਲਕੱਤੇ ਪਹੁੰਚ ਗਿਆ | ਛੇ ਕੁ ਮਹੀਨੇ ਉੱਥੇ ਰਹਿ ਕੇ ਉਹ ਐਮ੍ਰੀਕਾ ਨੂੰ ਜਹਾਜ਼ ਚੜ੍ਹ ਗਿਆ ਅਤੇ ਉਥੋਂ ਲੁਕਦਾ ਲਕਾਉਂਦਾ ਸਰਹੱਦ ਟੱਪ ਕੇ ਕੈਨੇਡਾ ਵਿਚ ਆ ਗਿਆ |
   ਅਤੀਤ ਵਿਚ ਘੁੰਮਦਿਆਂ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਨੇ ਆ ਘੇਰਿਆ | ਸਵੇਰੇ ਜਦੋਂ ਉਸ ਨੂੰ ਜਾਗ ਆਈ ਤਾਂ ਨੌਂ ਵਜ ਰਹੇ ਸਨ | ਉਹ ਛੇਤੀ ਛੇਤੀ ਤਿਆਰ ਹੋ ਕੇ ਘਰੋਂ ਨਿਕਲ ਗਿਆ | ਨੋਟਰੀ ਪਬਲਿਕ, ਗੁਰਦਵਾਰੇ ਤੇ ਸਟੋਰਾਂ ਵਿਚ ਘੁੰਮਦਾ ਹੋਇਆ, ਉਹ ਬਹੁਤ ਸਾਰਾ ਸਾਮਾਨ ਲੈ ਕੇ ਸੰਾਮੀਂ ਘਰ ਪਰਤਿਆ | ਜਦੋਂ ਉਹ ਕਪੜੇ ਬਦਲ ਕੇ ਲਿਵਿੰਗਰੂਮ ਵਿਚ ਆਇਆ ਤਾਂ ਜਲੌਰ ਤੇ ਸੁਖਦੇਵ ਵੀ Aੁੱਥੇ ਬੈਠੇ ਸਨ | ਸੋਫੇ ਉਪਰ ਬੈਠਦਿਆਂ ਲਛਮਣ ਸਿੰਘ ਨੇ ਸੁਖਦੇਵ ਨੂੰ ਪੁੱਛਿਆ, "ਤੂੰ ਪਰਹਾਰ ਕੋਲ ਗਿਆ ਸੀ?"
"ਹਾਂ, ਮੈਂ ਉਸ ਨੂੰ ਇੰਡੀਆ ਦੀਆਂ ਦੋ ਟਿਕਟਾਂ ਕਹਿ ਆਇਆ ਹਾਂ |"
"ਜੇ ਤੂੰ ਜਾਣਾ ਐ ਤਾਂ ਫੇਰ ਮੈਂ ਨਹੀਂ ਜਾਂਦਾ |" ਲਛਮਣ ਨੇ ਗੁੱਸੇ ਵਿਚ ਕਿਹਾ |
"ਤੁਸੀਂ ਦੋਵੇਂ ਜਾਓ, ਪਿੱਛੇ ਦਾ ਫਿਕਰ ਨਾ ਕਰੋ | ਸੁਖਦੇਵ ਨੂੰ ਵੀ ਜਾਣਾ ਚਾਹੀਦਾ |" ਜਲੌਰ ਨੇ ਵੀ ਪ੍ਰੋੜਤਾ ਕੀਤੀ |
"ਚਾਚਾ ਜੀ, ਤੁਸੀਂ ਮੇਰੀ ਚਿੰਤਾਂ ਛਡੋ, ਬੀ ਜੀ ਹੈਗੇ ਆ ਮੇਰੇ ਕੋਲ | ਤੁਸੀਂ ਇਹਨਾਂ ਨੂੰ ਨਾਲ ਲੈ ਕੇ ਜਾਓ | ਇਹ ਤਾਂ ਸਾਰੀ ਰਾਤ ਨਹੀਂ ਸੁੱਤੇ | ਬਾਪੂ ਜੀ ਦੀਆਂ ਗੱਲਾਂ ਕਰ ਕਰ ਰੋਂਦੇ ਰਹੇ |" ਦਰਸੰਨਾ ਨੇ ਵੀ ਹਾਮ੍ਹੀ ਭਰ ਦਿੱਤੀ |
'ਜਿਵੇਂ ਥੋਡੀ ਮਰਜੀ' ਕਹਿ ਕੇ ਲਛਮਣ ਸਿੰਘ ਚੁੱਪ ਕਰ ਗਿਆ | 
                                                
    
ਸੁਖਦੇਵ ਆਪਣੇ ਚਾਚੇ ਨਾਲ ਇੰਡੀਆ ਤਾਂ ਚਲਾ ਗਿਆ ਸੀ ਪਰ ਆਪਣੇ ਬਾਪ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ, ਉਹ ਮਹੀਨੇ ਕੁ ਮਗਰੋਂ ਇਕੱਲਾ ਹੀ ਵਾਪਸ ਮੁੜ ਆਇਆ | ਇਕੱਲੇ ਸੁਖਦੇਵ ਨੂੰ ਏਅਰਪੋਰਟ ਤੋਂ ਬਾਹਰ ਨਿਕਲਦਿਆਂ ਦੇਖ ਕੇ ਜਲੌਰ ਨੇ ਪੁੱਛਿਆ, "ਚਾਚਾ ਲਛਮਣ ਨਹੀਂ ਆਇਆ?"
"ਉਸ ਨੇ ਨਹੀਂ ਆਉਣਾ |"
"ਕਿਉਂ?
"ਉਹ ਆਵਦੀ ਮਰਜੀ ਦਾ ਮਾਲਕ ਐ |" ਰੁੱਖਾ ਜਿਹਾ ਜਵਾਬ ਦੇ ਕੇ ਸੁਖਦੇਵ ਕਾਰ ਵਿਚ ਬੈਠ ਗਿਆ | ਫੇਰ ਜਲੌਰ ਨੇ ਵੀ ਚਾਚੇ ਬਾਰੇ ਕੋਈ ਗੱਲ ਨਾ ਕੀਤੀ ਤੇ ਉਹ ਹੋਰ ਦੁੱਖ ਸੁੱਖ ਦੀਆਂ ਗੱਲਾਂ ਕਰ ਦੇ ਘਰ ਪਹੁੰਚ ਗਏ | ਪਰ ਸੁਖਦੇਵ ਵੱਲੋਂ ਕਹੇ ਸੰਬਦ, 'ਉਹ ਆਵਦੀ ਮਰਜੀ ਦਾ ਮਾਲਕ ਐ' ਜਲੌਰ ਦੇ ਦਿਲ ਵਿਚ ਇਕ ਧੁਖ ਧੁਖੀ ਜਿਹੀ ਛੱਡ ਗਏ | ਉਹ ਸੋਚਦਾ ਕਿ ਕੀ ਉਸ ਦੇ ਇਹਨਾਂ ਬੋਲਾਂ ਵਿਚ ਕੋਈ ਦਰਦ ਛੁਪਿਆ ਹੋਇਆ ਹੈ ਜਾਂ ਕਿ ਇਹਨਾਂ ਵਿਚ ਕਿਸੇ ਕਿਸਮ ਦੀ ਕੁੜੱਤਣ ਤੇ ਈਰਖਾ ਦੀ ਭਾਵਨਾ ਹੈ | ਇਕ ਵਾਰੀ ਜਦੋਂ ਉਹ ਤਿੰਨੋ ਜਣੇ, ਆਥਣ ਵੇਲੇ, ਸੁਖਦੇਵ ਦੇ ਲਿਵਿੰਗ ਰੂਮ ਵਿਚ ਬੈਠੇ, ਖਾਂਦੇ ਪੀਂਦੇ ਹੋਏ, ਪਿੰਡ ਦੀਆਂ ਗੱਲਾਂ ਕਰ ਰਹੇ ਸਨ ਤਾਂ ਲਛਮਣ ਸਿੰਘ ਨੇ ਵਿਚੋਂ ਹੀ ਬਲਦੇਵ ਦੇ ਜੁਆਕਾਂ ਦੀ ਗੱਲ ਤੋਰ ਲਈ ਸੀ | ਉਦੋਂ ਸੁਖਦੇਵ ਨੇ ਹੀ ਹਸਦਿਆਂ ਕਹਿ ਦਿੱਤਾ ਸੀ, "ਚਾਚਾ ਜਦੋਂ ਦਾ ਦੇਸੋਂ ਮੁੜ ਕੇ ਆਇਐ, ਬਲਦੇਵ ਦੇ ਜੁਆਕਾਂ ਦਾ ਬਹੁਤਾ ਈ ਮੋਹ ਕਰਨ ਲੱਗ ਪਿਐ |"
ਤੇ ਚਾਚੇ ਨੇ ਵੀ ਉਸੇ ਸੁਰ ਵਿਚ ਕਿਹਾ ਸੀ, "ਸੁਖ, ਜਦੋਂ ਥੋਡੇ ਕੋਈ ਜੁਆਕ ਹੋਇਆ ਤਾਂ ਮੇਰਾ ਉਹਦੇ ਨਾਲ ਵੀ ਉਂਨਾ ਹੀ ਮੋਹ ਹੋਊਗਾ |"
ਫੇਰ ਉਸ ਨੂੰ ਚਾਚੇ ਦੇ ਉਹ ਬੋਲ ਵੀ ਯਾਦ ਆਏ, 'ਉਹਦੀ ਮਾਂ ਦੀ ਬਿਮਾਰੀ ਦਾ ਦੁੱਖ ਮੈਨੂੰ ਕਿਹੜਾ ਘੱਟ ਸੀ | ਰੱਬ ਦਾ ਸੁੰਕਰ ਐ ਕਿ ਉਹ ਰਾਜ਼ੀ ਹੋ ਗਈ'| ਜਲੌਰ ਚਾਚੇ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਪਰ ਸੁਖਦੇਵ ਨੇ ਮੁੜ ਕਦੀ ਚਾਚੇ ਬਾਰੇ ਗੱਲ ਹੀ ਨਹੀਂ ਸੀ ਕੀਤੀ | ਪਰ ਇਕ ਦਿਨ ਜਲੌਰ ਨੂੰ ਚਾਚੇ ਬਾਰੇ ਗੱਲ ਤੋਰਨ ਦਾ ਮੌਕਾ ਮਿਲ ਹੀ ਗਿਆ |
   ਸੁਖਦੇਵ ਦੇ ਮੁੜ ਆਉਣ ਤੋਂ ਪੰਦਰਾਂ ਕੁ ਦਿਨਾਂ ਮਗਰੋਂ ਉਹਨਾਂ ਦੇ ਘਰ ਕੁੜੀ ਨੇ ਜਨਮ ਲਿਆ | ਕੁੜੀ ਦਾ ਨਾਮ ਪਰਮਪਾਲ ਕੌਰ ਰਖਿਆ ਗਿਆ ਪਰ ਸਾਰੇ ਉਸ ਨੂੰ ਪੰਮ ਕਹਿ ਕੇ ਬਲਾਉਂਦੇ | ਜਦੋਂ ਕੁੜੀ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਤਾਂ ਬੀ ਜੀ ਕੁੜੀ ਨੂੰ ਆਪਣੀ ਗੋਦੀ ਵਿਚ ਲੈ, ਉਸ ਨਾਲ ਪਿਆਰ ਕਰਦਿਆਂ ਕਹਿਣ ਲੱਗੀ, "ਜੇ ਅਜ ਭਰਾ ਜੀ ਇਥੇ ਹੁੰਦੇ ਤਾਂ ਪੰਮ ਨੂੰ ਦੇਖ ਕੇ ਉਹਨਾ ਨੂੰ ਚਾਅ ਚੜ੍ਹ ਜਾਣਾ ਸੀ |"
"ਚਾਚਾ ਜੀ ਨੂੰ ਬਹੁਤਾ ਈ ਚਾਅ ਸੀ ਕਿ ਕਿਹੜੇ ਵੇਲੇ ਘਰ 'ਚ ਜੁਆਕਾਂ ਦੀ ਰੌਣਕ ਹੋਵੇ | ਕਈ ਵਾਰ ਉਹ ਰਮਜ਼ਾਂ ਨਾਲ ਈ ਆਪਣੀ ਗੱਲ ਕਹਿ ਜਾਂਦੇ ਸੀ |" ਸਰਬੀ ਨੇ ਵੀ ਚਾਚੇ ਦੇ ਬੱਚਿਆਂ ਪ੍ਰਤੀ ਮੋਹ ਦੀ ਪ੍ਰੋੜਤਾ ਕੀਤੀ |
"ਜੇ ਉਹ ਇੱਥੇ ਹੁੰਦੇ ਤਾਂ ਮੈਂ ਪਹਿਲਾਂ ਪੰਮ ਨੂੰ ਉਹਨਾਂ ਦੀ ਗੋਦੀ ਵਿਚ ਪਾਉਣਾ ਸੀ |" ਦਰਸੰਨਾ ਨੇ ਕਿਹਾ |
"ਆ ਜੈਰੀ, ਆਪਾਂ ਥੱਲੇ ਬੈਠਦੇ ਹਾਂ |" ਇਹ ਕਹਿ ਕੇ ਸੁਖਦੇਵ ਉਸ ਨੂੰ ਬੇਸਮਿੰਟ ਵਿਚ ਲੈ ਗਿਆ | 
"ਤੈਨੂੰ ਬੇਬੀ ਦੇ ਘਰ ਆਉਣ ਦੀ ਕੋਈ ਖੁਸੰੀ ਨਹੀਂ? ਜਾਂ ਤੈਨੂੰ ਕੁੜੀ ਦੇ ਪੈਦਾ ਹੋਣ ਦਾ ਅਫਸੋਸ ਹੈ, ਜਿਹੜਾ ਚੁੱਪ ਚੁੱਪ ਜਿਹਾ ਤੁਰਿਆ ਫਿਰਦਾਂ?" ਜਲੌਰ ਨੇ ਸੋਫੇ ਉਪਰ ਬੈਠਦਿਆਂ ਕਿਹਾ |
"ਨਹੀਂ, ਕੁੜੀ ਦੇ ਹੋਣ ਦਾ ਮੈਨੂੰ ਕੋਈ ਰੰਜ ਨਹੀਂ | ਮੈਨੂੰ ਇਹਨਾਂ ਜਨਾਨੀਆਂ ਦੀਆਂ ਗੱਲਾਂ ਹੀ ਨਹੀਂ ਚੰਗੀਆਂ ਲੱਗਦੀਆਂ | 'ਚਾਚੇ ਨੇ ਅਹਿ ਕਰਨਾ ਸੀ, ਚਾਚੇ ਨੇ ਅਹੁ ਕਰਨਾ ਸੀ'| ਜਿਵੇਂ ਚਾਚੇ ਤੋਂ ਬਿਨਾਂ ਹੋਰ ਕਿਸੇ ਨੂੰ ਕੁੜੀ ਦੇ ਹੋਣ ਦਾ ਚਾਅ ਹੀ ਨਹੀਂ | ਲਿਆ ਦੋ ਦੋ ਡਰਾਮ ਲਾ ਕੇ ਕੁੜੀ ਦੇ ਘਰ ਆਉਣ ਦਾ ਜਸੰਨ ਮਨਾਈਏ |" ਸੁਖਦੇਵ ਦੇ ਬੋਲਾਂ ਵਿਚ ਕੜਵਾਹਟ ਸੀ |
   ਜਦੋਂ ਦੋ ਦੋ ਡਰਾਮ ਲਾ ਕੇ ਉਹ ਤਰਾਰੇ ਵਿਚ ਹੋ ਗਏ ਤਾਂ ਜਲੌਰ ਨੇ ਗੱਲ ਤੋਰੀ, "ਸੁਖ, ਜੇ ਮੈਂ ਤੇਰੇ ਕੋਲੋਂ ਇਕ ਗੱਲ ਪੁੱਛਾਂ ਤੂੰ ਬੁਰਾ ਤਾਂ ਨਹੀਂ ਮਨਾਵੇਂਗਾ?"
"ਮੈਂ ਤੇਰੀ ਗੱਲ ਦਾ ਪਹਿਲਾਂ ਵੀ ਕਦੀ ਬੁਰਾ ਮਨਾਇਐ | ਤੂੰ ਗੱਲ ਪੁੱਛ ਜਿਹੜੀ ਪੁੱਛਣੀ ਐ |"
"ਜਦੋਂ ਦਾ ਤੂੰ ਇੰਡੀਆ ਤੋਂ ਆਇਆਂ, ਬੌਤ੍ਹ ਸੀਰੀਅਸ ਹੋ ਗਿਆਂ | ਜਦੋਂ ਵੀ ਮੈਂ ਤੇਰੇ ਕੋਲੋਂ ਇਸ ਉਦਾਸੀ ਦਾ ਕਾਰਨ ਜਾਣਨ ਦੀ ਟਰਾਈ ਕੀਤੀ ਕੀਤੀ, ਤੂੰ ਇਗਨੋਰ ਕਰ ਜਾਂਦਾ ਰਿਹਾਂ | ਕੀ ਉੱਥੇ ਕੋਈ ਅਜੇਹੀ ਇਨਸੀ ਡੈਂਟ ਹੋ ਗਿਆ ਸੀ ਜਿਹੜਾ ਮੇਰੇ ਨਾਲ ਸ਼ੇਅਰ ਕਰਨ ਵਾਲਾ ਨਹੀਂ?"
   ਜਲੌਰ ਦੀ ਗੱਲ ਸੁਣ ਕੇ ਸੁਖਦੇਵ ਕੁਝ ਚਿਰ ਚੁੱਪ ਰਿਹਾ ਤੇ ਫੇਰ ਤੀਜੇ ਹਾੜੇ ਵਿਚੋਂ ਲੰਮਾ ਘੁੱਟ ਭਰ ਕੇ ਬੋਲਿਆ, "ਮੈਂ ਹੁਣ ਤੇਤੀ ਸਾਲ ਦਾ ਹੋ ਗਿਆ ਹਾਂ, ਇੰਨੇ ਸਾਲਾਂ ਬਾਅਦ ਮੈਂ ਇਕ ਭੇਤ ਤੋਂ ਜਾਣੂ ਹੋਇਆ ਹਾਂ | ਬਸ ਉਸੇ ਭੇਤ ਨੇ ਮੇਰੇ ਮਨ ਦਾ ਚੈਨ ਚੁਰਾ ਲਿਆ ਹੈ |"
"ਕੀ ਮੈਂ ਉਸ ਬਾਰੇ ਜਾਣ ਸਕਦਾਂ?"
"ਕਿਉਂ ਨਹੀਂ, ਮੈਂ ਤਾਂ ਸਗੋਂ ਪਹਿਲਾਂ ਵੀ ਇਸ ਬਾਰੇ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਮੇਰਾ ਗੱਲ ਕਰਨ ਦਾ ਹੌਸਲਾ ਹੀ ਨਹੀਂ ਸੀ ਪੈਂਦਾ | ਅੱਜ ਜਦੋਂ ਤੂੰ ਆਪ ਪੁੱਛ ਲਿਆ ਤਾਂ ਮੇਰੇ ਲਈ ਗੱਲ ਕਰਨੀ ਸੌਖੀ ਹੋ ਗਈ ਐ |" ਇਹ ਕਹਿ ਕੇ ਉਸ ਨੇ ਗਲਾਸ ਵਿਚਲੀ ਸਾਰੀ ਸਕਾਚ ਇਕੋ ਡੀਕ ਲਾ ਕੇ ਪੀ ਲਈ ਤੇ ਫੇਰ ਭੇਤ ਵਾਲੀ ਗੱਲ ਦਸਣ ਲੱਗਾ |
   "ਚਾਚੇ ਲਛਮਣ ਬਾਰੇ ਮੈਨੂੰ ਇਹ ਤਾਂ ਪਤਾ ਸੀ ਕਿ ਉਸ ਕੋਲੋਂ ਕਤਲ ਹੋ ਗਿਆ ਸੀ ਤੇ ਉਹ ਭਗੌੜਾ ਹੋ ਕੇ ਕੈਨੇਡਾ ਆ ਗਿਆ ਸੀ | ਉਸ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ | ਫੇਰ ਤੀਹ ਸਾਲ ਮਗਰੋਂ ਹੀ ਥੋਡੇ ਨਾਲ ਪਿੰਡ ਗਿਆ ਸੀ | ਪਰ ਅਸਲ ਗੱਲ ਇਹ ਨਹੀਂ ਸੀ | ਅਸਲ ਗੱਲ ਇਹ ਐ ਕਿ ਮੇਰੀ ਮਾਂ ਉਸ ਦੀ ਵਿਆਹੰਦੜ ਸੀ ਤੇ ਬਲਦੇਵ, ਚਾਚੇ ਲਛਮਣ ਦਾ ਲੜਕਾ ਹੈ | ਗੱਲ ਇਉਂ ਹੋਈ ਕਿ ਤਸੀਲਦਾਰ ਦੀ ਰਫਲ ਨਾਲ ਚਾਚੇ ਤੋਂ ਭੁਲੇਖੇ ਨਾਲ ਇਕ ਕਤਲ ਹੋ ਗਿਆ ਸੀ | ਤਸੀਲਦਾਰ ਨੇ ਕੇਸ ਰਜਿਸਟਰਡ ਹੀ ਨਹੀਂ ਸੀ ਹੋਣ ਦਿੱਤਾ ਤੇ ਮਰਨ ਵਾਲਿਆ ਨਾਲ ਸਮਝੌਤਾ ਕਰ ਲਿਆ ਸੀ | ਪਰ ਚਾਚਾ ਭਗੌੜਾ ਹੋ ਕੇ ਕਲਕੱਤੇ ਚਲਾ ਗਿਆ | ਪਿੱਛੋਂ ਇਕ ਬੰਦੇ ਦੀ ਬੇਪਛਾਣ ਲਾਸੰ ਸਾਡੇ ਪਿੰਡਾਂ ਕੋਲ ਦੇ ਜੰਗਲ ਵਿਚੋਂ ਮਿਲ ਗਈ | ਉਸ ਲਾਸੰ ਦੇ ਕੋਲ ਹੀ ਇਕ ਘੋੜੀ ਮਰੀ ਪਈ ਸੀ | ਇਸ ਕਰਕੇ ਉਸ ਨੂੰ ਚਾਚੇ ਦੀ ਲਾਸੰ ਸਮਝ ਕੇ ਸਸਕਾਰ ਕਰ ਦਿੱਤਾ | ਤੇ ਭੋਗ ਮਗਰੋਂ ਬੇਬੇ 'ਤੇ ਬਾਪੂ ਦੀ ਚਾਦਰ ਪੁਆ ਦਿੱਤੀ | ਚਾਦਰ ਪੁਆਈ ਰਸਮ ਤੋਂ ਸੱਤ ਮਹੀਨੇ ਬਾਅਦ ਬਲਦੇਵ ਦਾ ਜਨਮ ਹੋਇਆ | ਸਤਮਾਹਾ ਕਹਿ ਕੇ ਚੌਕੀਦਾਰੇ ਰਜਿਸਟਰ ਵਿਚ ਵੀ ਬਾਪ ਵਾਲੇ ਖਾਨੇ 'ਚ ਮੇਰੇ ਬਾਪੂ ਦਾ ਨਾਮ ਈ ਲਿਖਵਾ ਦਿੱਤਾ | ਤਿੰਨ ਕੁ ਸਾਲ ਮਗਰੋਂ ਜਦੋਂ ਚਾਚਾ ਵਾਪਸ ਆਇਆ ਤਾਂ ਉਸ ਵੇਲੇ ਮੈਂ ਚਾਰ ਪੰਜ ਮਹੀਨੇ ਦਾ ਸੀ | ਮੇਰੇ ਬਾਪੂ ਨੇ ਤਾਂ ਕਹਿ ਦਿੱਤਾ ਸੀ 'ਭਰਾਵਾ, ਸੰਭਾਲ ਆਵਦਾ ਘਰ ਬਾਰ' ਪਰ ਚਾਚੇ ਤੋਂ ਇਹ ਗੱਲ ਸਹਾਰੀ ਨਾ ਗਈ ਤੇ ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਿੰਡੋਂ ਚਲਾ ਗਿਆ | ਕਈ ਸਾਲ ਤਾਂ ਉਸ ਦੀ ਕੋਈ ਉੱਘ ਸੁੱਘ ਹੀ ਨਾ ਨਿਕਲੀ | ਫੇਰ ਕਿਤੇ ਘੋਲੀਏ ਦਾ ਇਕ ਬੰਦਾ, ਜਿਹੜਾ ਸਾਡੇ ਪਿੰਡ ਵਿਆਹਿਆ ਹੋਇਆ ਸੀ, ਚਾਚੇ ਨੂੰ ਏਥੇ ਗੁਰਦਵਾਰੇ ਵਿਚ ਮਿਲਿਆ ਤੇ ਉਸ ਨੇ ਸਾਡੇ ਘਰ ਦੀ ਨਿਘਰਦੀ ਹਾਲਤ ਬਾਰੇ ਚਾਚੇ ਨੂੰ ਦਸਿਆ ਤਾਂ ਉਸ ਨੇ ਪਿੰਡ ਚਿੱਠੀ ਪਾਈ | ਮਾਂ ਮੇਰੀ ਥੋੜੀ ਬਹੁਤੀ ਪੰਜਾਬੀ ਪੜ੍ਹ ਲਿਖ ਲੈਂਦੀ ਐ| ਉਸ ਨੇ ਟੁੱਟੀ ਫੁੱਟੀ ਪੰਜਾਬੀ ਵਿਚ ਆਪ ਚਿੱਠੀ ਲਿਖਣੀ ਤੇ ਬੰਦ ਕਰਕੇ, ਸਾਡੇ ਟੀਚਰ ਕੋਲੋਂ ਅਡਰੈਸ ਲਿਖਵਾਕੇ ਡਾਕਖਾਨੇ ਪਵਾਉਣੀ | ਚਿੱਠੀ ਪਾਉਣ ਤੋਂ ਦੋ ਕੁ ਮਹੀਨੇ ਮਗਰੋਂ ਚਾਚੇ ਦਾ ਮਨੀਆਰਡਰ ਆ ਜਾਣਾ | ਇਸ ਤਰ੍ਹਾਂ ਸਾਡੇ ਘਰ ਦਾ ਮੂੰਹ ਮੱਥਾ ਬਣ ਗਿਆ | ਫੇਰ ਅਸੀਂ ਵੀ ਚਿੱਠੀਆਂ ਲਿਖਣ ਲੱਗੇ | ਉਹ ਸਾਨੂੰ ਵੱਧ ਤੋਂ ਵੱਧ ਪੜ੍ਹਨ ਲਈ ਹਲਾਸੰੇਰੀ ਦਿੰਦਾ ਰਿਹਾ ਪਰ ਆਪ ਕਦੀ ਵੀ ਪਿੰਡ ਨਾ ਆਇਆ |"
"ਇਟ ਇਜ਼ ਨਾਟ ਸੋ ਸੀਰੀਅਸ, ਤੂੰ ਐਵੇਂ ਹੀ ਆਪਣੇ ਦਿਲ 'ਤੇ ਐਨਾ ਭਾਰ ਪਾਈ ਫਿਰਦਾਂ |" 
"ਇਹ ਸਾਧਾਰਨ ਗੱਲ ਨਹੀਂ | ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਇੰਨੀ ਦੇਰ ਹਨੇਰੇ ਵਿਚ ਕਿਉਂ ਰੱਖਿਆ? ਇਹ ਗੱਲ ਭੇਤ ਹੀ ਰਹਿ ਜਾਣੀ ਸੀ ਜੇ ਮੇਰੀ ਮਾਂ ਦੀਆਂ ਤੇ ਚਾਚੇ ਦੀਆਂ ਕੁਝ ਗੱਲਾਂ ਮੇਰੇ ਕੰਨੀਂ ਨਾ ਪੈਂਦੀਆਂ |"
"ਤੂੰ ਚੋਰੀ ਚੋਰੀ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ?"
"ਨਹੀਂ, ਅਚਾਨਕ ਹੀ ਸੁਣੀਆਂ ਗੱਲਾਂ ਤੋਂ ਮੈਂ ਇਸ ਗੱਲ ਨੂੰ ਜਾਣਿਆ | ਜਦੋਂ ਚਾਚਾ ਥੋਡੇ ਨਾਲ ਇੰਡੀਆ ਗਿਆ ਸੀ ਤਾਂ ਇਕ ਦਿਨ ਉਹ ਮਾਂ ਨੂੰ ਕਹਿ ਰਿਹਾ ਸੀ, 'ਮੈਂ ਤੈਨੂੰ ਦੇਵ ਦਾ ਪਾਸਪੋਰਟ ਬਣਾਉਣ ਲਈ ਲਿਖਿਆ ਸੀ ਤੇ ਤੂੰ ਸੁਖ ਨੂੰ ਮੇਰੇ ਕੋਲ ਘੱਲ ਦਿਤਾ'| ਮਾਂ ਨੇ ਅਗੋਂ ਕਿਹਾ, 'ਤੈਨੂੰ ਚੰਗਾ ਭਲਾ ਪਤੈ, ਬਈ ਮੈਂ ਦੇਵ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਈ ਕਰਨਾ |' ਤੇ ਇਕ ਦਿਨ ਮਾਂ ਨੂੰ ਇਹ ਕਹਿੰਦਿਆਂ ਸੁਣਿਆ, 'ਤੂੰ ਵਿਆਹ ਕਿਉਂ ਨਹੀਂ ਕਰਵਾਇਆ?' ਚਾਚੇ ਦਾ ਕਹਿਣਾ ਸੀ, 'ਤੇਰੇ ਕਾਰਨ ਤੇ ਇਹਨਾਂ ਜੁਆਕਾਂ ਕਰਕੇ'| ਫੇਰ ਮਾਂ ਨੇ ਕਿਹਾ,'ਤੂੰ ਆਪ ਵੀ ਸਾਰੀ ਉਮਰ ਰੁਲ਼ਿਆ ਤੇ ਮੈਨੂੰ ਵੀ ਰੋਲ਼ਿਆ'| ਇਹਨਾਂ ਗੱਲਾਂ ਦੀ ਕੜੀ ਕੋਈ ਨਹੀਂ ਸੀ ਜੁੜਦੀ ਪਰ ਮੇਰੇ ਮਨ ਵਿਚ ਇਕ ਸੰੰਕਾ ਨੇ ਜਰੂਰ ਜਨਮ ਲੈ ਲਿਆ ਸੀ ਤੇ ਮਾਂ ਦੇ ਚਰਿਤਰ ਉਪਰ ਵੀ ਮੈਨੂੰ ਸੰੱਕ ਹੋਣ ਲੱਗਿਆ ਸੀ | ਪਰ ਮੈਂ ਚਾਚੇ ਦੀਆਂ ਗੱਲਾਂ ਤੋਂ ਬਿਨਾਂ ਹੋਰ ਕੋਈ ਮਾੜੀ ਹਰਕਤ ਨਹੀਂ ਸੀ ਦੇਖੀ | ਪਰ ਜਦੋਂ ਹੁਣ ਚਾਚਾ ਮੇਰੇ ਨਾਲ ਗਿਆ ਸੀ ਤਾਂ ਜਿਵੇਂ ਮੇਰੀ ਮਾਂ ਤੇ ਚਾਚਾ ਇਕ ਦੂਜੇ ਦੇ ਗਲ਼ ਲੱਗ ਕੇ ਰੋਏ, ਜਿਹੜੇ ਵੈਣ ਮੇਰੀ ਮਾਂ ਨੇ ਉਸ ਵੇਲੇæ ਪਾਏ, ਉਸ ਨੇ ਮੇਰੀ ਸੰੰਕਾ ਨੂੰ ਯਕੀਨ ਵਿਚ ਬਦਲ ਦਿੱਤਾ ਕਿ ਦੋਹਾਂ ਵਿਚ ਕੋਈ ਗੂੜ੍ਹਾ ਰਿਸੰਤਾ ਹੈ | ਅਖੀਰ ਮੈਂ ਇਸ ਰਿਸੰਤੇ ਬਾਰੇ ਮਾਂ ਕੋਲੋਂ ਪੁੱਛ ਹੀ ਲਿਆ | ਬਲਦੇਵ ਵੀ ਉਸ ਰਿਸੰਤੇ ਤੋਂ ਅਣਜਾਣ ਹੀ ਸੀ | ਮਾਂ ਨੇ ਸਾਨੂੰ ਦੋਹਾਂ ਨੂੰ ਆਪਣੇ ਕੋਲ ਬਿਠਾ ਕੇ ਪਿੱਛੇ ਜੋ ਹੋਈ ਬੀਤੀ ਸੀ, ਸਾਰੀ ਗੱਲ ਕਹਿ ਸੁਣਾਈ | ਚਾਚਾ ਵੀ ਸਾਡੇ ਕੋਲ ਹੀ ਬੈਠਾ ਸੀ |"
"ਇਸ ਵਿਚ ਮਾੜੀ ਗੱਲ ਕਿਹੜੀ ਹੈ, ਜਿਹੜਾ ਤੂੰ ਇੰਨਾ ਉਦਾਸ ਰਹਿਨਾ | ਤੈਨੂੰ ਤਾਂ ਮਾਣ ਹੋਣਾ ਚਾਹੀਦਾ ਸੀ ਕਿ ਚਾਚੇ ਨੇ ਤੁਹਾਡੇ ਲਈ ਇੰਨੀ ਕੁਰਬਾਨੀ ਕੀਤੀ ਆ |"
"ਮੈਂ ਮੰਨਦਾਂ ਕਿ ਚਾਚੇ ਨੇ ਸਾਡੇ ਲਈ ਬਹੁਤ ਕੁਰਬਾਨੀ ਕੀਤੀ ਐ | ਜੇ ਚਾਚਾ ਇਸ ਘਰ ਦੀ ਮਦਦ ਨਾ ਕਰਦਾ ਤਾਂ ਅਸੀਂ ਰੁਲ਼ ਖੁਲ਼ ਜਾਣਾ ਸੀ | ਨਾ ਇੰਨੀ ਜਾਇਦਾਦ ਬਣਨੀ ਸੀ, ਨਾ ਅਸੀਂ ਪੜ੍ਹ ਸਕਣਾ ਸੀ | ਬਾਪੂ ਮੇਰਾ ਤਾਂ ਸਾਧੂ ਸੁਭਾਅ ਸੀ | ਰੱਬ ਦੀਆਂ ਦਿੱਤੀਆਂ ਖਾਣ ਵਾਲਾ |" 
"ਫੇਰ ਤੈਨੂੰ ਕਿਹੜੀ ਗੱਲ ਦੀ ਚਿੰਤਾ ਖਾਈ ਜਾਂਦੀ ਆ?"
"ਚਿੰਤਾ ਨਹੀਂ ਨਿਮੋਸੰੀ ਮਹਿਸੂਸ ਕਰਦਾਂ ਮੈਂ | ਮੇਰੀ ਮਾਂ ਨੇ ਮੂੰਹ ਪਾੜ ਕੇ, ਬਿਨਾਂ ਸੰਗ ਸੰਕੋਚ ਦੇ ਕਹਿ ਦਿੱਤਾ ਸੀ, 'ਤੇਰਾ ਚਾਚਾ ਹੁਣ ਏਥੇ ਸਾਡੇ ਕੋਲ ਰਹੂਗਾ' ਮੈਨੂੰ ਇਹ ਦੱਸ, ਹੁਣ ਬੁੱਢੇ ਵਾਰੇ ਉਹਨਾਂ ਦਾ ਇਕੱਠਿਆਂ ਰਹਿਣਾ ਕੀ ਸਾਡੀ ਸੋਭਾ ਵਧਾਉਂਦੈ?" ਸੁਖਦੇਵ ਨੇ ਜਲੌਰ ਉਪਰ ਸਵਾਲ ਕਰ ਦਿੱਤਾ | 
   ਜਲੌਰ ਕੁਝ ਦੇਰ ਸੋਚਦਾ ਰਿਹਾ ਤੇ ਫੇਰ ਬੋਲਿਆ, "ਸੁਖ, ਇਹ ਤੇਰੀ ਸੋਚ ਠੀਕ ਨਹੀਂ ਕਿ ਉਹ ਆਪਣੀ ਸਰੀਰਕ ਭੁਖ ਵਾਸਤੇ ਇਕੱਠੇ ਰਹਿਣ ਲੱਗ ਪਏ ਹੋਣਗੇ | ਮੈਂ ਸੋਚਦਾਂ ਕਿ ਕੁਦਰਤ ਨੇ ਚਾਚੇ ਨਾਲ ਧੋਖਾ ਕੀਤਾ ਸੀ ਜਿਹੜੀ ਉਸ ਦੀ ਪਤਨੀ ਭਰਾ ਦੀ ਪਤਨੀ ਬਣ ਗਈ | ਉਹ ਉਸ ਨੂੰ ਭਰਾ ਦੀ ਅਮਾਨਤ ਸਮਝ ਕੇ ਉੱਥੋਂ ਦੂਰ ਆ ਗਿਆ ਕਿ ਅਮਾਨਤ ਵਿਚ ਖਿਆਨਤ ਨਾ ਹੋ ਜਾਵੇ ਪਰ ਦਿਲੋਂ ਉਹ, ਉਸ ਕੋਲੋਂ ਕਦੇ ਵੀ ਦੂਰ ਨਹੀਂ ਹੋ ਸਕਿਆ ਹੋਵੇਗਾ | ਇਸੇ ਕਰਕੇ ਉਹ ਤੁਹਾਨੂੰ ਆਪਣਾ ਪਰਵਾਰ ਹੀ ਸਮਝਦਾ ਰਿਹਾ ਤੇ ਆਪਣੇ ਜਤ ਸੱਤ ਤੇ ਕਇਮ ਰਿਹਾ ਹੈ | ਹੁਣ ਜੇ ਇਸ ਦੁੱਖ ਦੀ ਘੜੀ ਉਹ ਉਥੇ ਠਹਿਰ ਗਿਆ ਤਾਂ ਕੋਈ ਗੁਨਾਹ ਨਹੀਂ ਹੋ ਗਿਆ | ਮੈਨੂੰ ਅੱਜ ਸਮਝ ਆਈ ਕਿ ਚਾਚੇ ਨੂੰ ਲਛਮਣ ਜਤੀ ਕਿਉਂ ਕਹਿੰਦੇ ਸੀ | ਉਹ ਸੱਚ ਮੁੱਚ ਜਤੀ ਸੀ ਤੇ ਜਤੀ ਹੈ |" ਬਿਨਾਂ ਸੁਖਦੇਵ ਦੇ ਚਿਹਰੇ ਦੇ ਪਰਭਾਵ ਜਾਣਿਆਂ, ਜਲੌਰ ਬੋਲਦਾ ਗਿਆ | ਇਸ ਤੋਂ ਪਹਿਲਾਂ ਕਿ ਸੁਖਦੇਵ ਕੁਝ ਕਹਿੰਦਾ, ਸਰਬੀ ਨੇ ਉਹਨਾਂ ਕੋਲ ਆ ਕੇ ਕਿਹਾ, "ਖਾਣਾ ਤਿਆਰ ਹੈ |"
   ਖਾਣਾ ਖਾਂਦਿਆਂ ਸੁਖਦੇਵ ਦੇ ਚਿਹਰੇ ਉਪਰ ਰੌਣਕ ਪਰਤ ਆਈ ਸੀ ਤੇ ਉਹ ਹੱਸ ਹੱਸ ਗੱਲਾਂ ਕਰ ਰਿਹਾ ਸੀ ਪਰ ਹੁਣ ਜਲੌਰ ਚੁੱਪ ਸੀ ਤੇ ਉਹ ਸੁਖਦੇਵ ਦੀਆਂ ਗੱਲਾਂ ਦਾ ਹੁੰਗਾਰਾ ਹੀ ਭਰ ਰਿਹਾ ਸੀ, ਆਪ ਮੂੰਹੋਂ ਕੁਝ ਨਹੀਂ ਸੀ ਬੋਲ ਰਿਹਾ ਜਿਵੇਂ ਕਿਸੇ ਸੋਚ ਨੇ ਉਸ ਨੂੰ ਘੇਰ ਲਿਆ ਹੋਵੇ | ਰਾਤ ਨੂੰ ਸਰਬੀ ਨਾਲ ਇਕੋ ਬੈਡ 'ਤੇ ਅਲੇਪ ਪਿਆ ਉਹ ਆਪਣੀ ਮਤਰੇਈ ਮਾਂ ਦੇ ਜਤ ਸੱਤ ਦਾ ਟਾਕਰਾ ਚਾਚੇ ਲਛਮਣ ਜਤੀ ਨਾਲ ਕਰ ਰਿਹਾ ਸੀ | 
   'ਇਸ ਮਾਂ ਨੇ ਵੀ ਭਰ ਜਵਾਨੀ ਵਿਚ ਆਪਣੇ ਹਮਸਫਰ ਦਾ ਸਾਥ ਗੁਆ ਲਿਆ | ਇਸ ਦੇ ਇਹ ਦਿਨ ਹੱਸਣ ਖੇਡਣ ਦੇ ਸਨ ਪਰ ਇਸ ਨੇ ਵੀ ਆਪਣੇ ਜਤ ਸੱਤ ਨੂੰ ਕਾਇਮ ਰਖਿਆ ਤੇ ਮੈਨੂੰ ਵੀ ਡੋਲਣ ਨਹੀਂ ਸੀ ਦਿੱਤਾ | ਮਾਮੇ ਨੇ ਇਸ ਨੂੰ ਦੂਜਾ ਵਿਆਹ ਕਰਵਾਉਣ ਲਈ ਕਿੰਨਾ ਜੋਰ ਲਾਇਆ ਸੀ ਪਰ ਇਸ ਨੇ ਉਸ ਨੂੰ ਤੋੜ ਕੇ ਜਵਾਬ ਦੇ ਦਿੱਤਾ ਤੇ ਮੁੜ ਉਹਨਾਂ ਨਾਲ ਵਰਤ ਵਰਤਾਰਾ ਹੀ ਬੰਦ ਕਰ ਦਿੱਤਾ | ਕਈ ਸਾਲ ਚਾਚੇ ਹੁਰਾਂ ਨਾਲ ਇਕੱਠਿਆਂ ਰਹੇ ਹਾਂ, ਉਸ ਨਾਲ ਵੀ ਕਦੀ ਹੱਸ ਕੇ ਗੱਲ ਕਰਦਿਆਂ ਮੈਂ ਇਸ ਨੂੰ ਨਹੀਂ ਦੇਖਿਆ | ਮਾਂ ਨੇ ਆਪਣੇ ਆਪ 'ਤੇ ਜ਼ਬਤ ਰਖਿਆ | ਇਸ ਨੇ ਵੀ ਆਪਣੀ ਜਵਾਨੀ ਦੀ ਕੁਰਬਾਨ ਦਿੱਤੀ ਹੈ ਪਰ ਇਹ ਕੁਰਬਾਨੀ ਇਸ ਨੇ ਕਿਸ ਦੇ ਲਈ ਦਿੱਤੀ? ਮੇਰੇ ਲਈ, ਨਿੱਕੀ ਲਈ ਜਾਂ ਪਤੀਬਰਤਾ ਧਰਮ ਨਿਭਾਉਣ ਖਾਤਰ, ਕਿ ਪਰਿਵਾਰ ਦੀ ਪਤ ਰਖਣ ਲਈ, ਜਾਂ ਫਿਰ ਸਮਾਜ ਤੋਂ ਡਰਦਿਆਂ? ਇਸ ਦੇ ਦਿਲ ਵਿਚ ਵੀ ਕਈ ਅਰਮਾਨ ਹੋਣਗੇ, ਕਈ ਵਲਵਲੇ ਉਠਦੇ ਰਹੇ ਹੋਣਗੇ | ਮੈਨੂੰ ਉਸ ਵੇਲੇ ਇੰਨੀ ਸਮਝ ਨਹੀਂ ਸੀ, ਨਹੀਂ ਤਾਂ ਮੈਂ ਜੋਰ ਪਾਕੇ ਹੀ ਮਾਂ ਨੂੰ ਆਪਣਾ ਕੋਈ ਹੋਰ ਸਾਥੀ ਚੁਣਨ ਲਈ ਕਹਿ ਦੇਣਾ ਸੀ | ਮੈਨੂੰ, ਸੁਖ ਵਾਂਗ, ਕੋਈ ਨਿਮੋਸੰੀ ਮਹਿਸੂਸ ਨਹੀਂ ਸੀ ਹੋਣੀ | ਮਾਂ ਨੇ ਸਾਰੀ ਉਮਰ ਇਕੱਲਤਾ ਹੰਢਾਈ ਹੈ | ਸੁਖਦੇਵ ਦੀ ਮਾਂ ਵਾਂਗ ਹੁਣ ਵੀ ਮੇਰੀ ਮਾਂ ਨੂੰ ਆਪਣਾ ਹਾਣੀ ਟੋਲ ਲੈਣਾ ਚਾਹੀਦਾ ਹੈ | ਮੈਨੂੰ ਇਸ ਬਾਰੇ ਮਾਂ ਨਾਲ ਗੱਲ ਕਰਨੀ ਚਾਹੀਦੀ ਹੈ |" ਉਸ ਨੇ ਅਜੇਹੀਆਂ ਸੋਚਾਂ ਸੋਚਦਿਆਂ ਸਾਰੀ ਰਾਤ ਅੱਖਾਂ ਵਿਚ ਦੀ ਲੰਘਾ ਦਿੱਤੀ | ਉਸ ਦੇ ਅੰਦਰ ਕਸੰਮਕਸੰ ਚਲਦੀ ਰਹੀ ਪਰ ਉਹ ਮਾਂ ਨਾਲ ਇਸ ਬਾਰੇ ਕਦੀ ਵੀ ਗੱਲ ਨਾ ਕਰ ਸਕਿਆ |