ਸਭ ਰੰਗ

  •    ਨਵੇਂ ਦਾਰਸ਼ਨਿਕ ਬੋਧ ਦੀ ਲਿਖਾਇਕ ਕਾਵਿ ਪੁਸਤਕ ਮਹਾਂ ਕੰਬਣੀ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਟਿਕਟੂਆਂ ਦੀ ਦੌੜ / ਨਿਰੰਜਨ ਬੋਹਾ (ਵਿਅੰਗ )
  •    “ਚੱਕ੍ਰਵਯੂਹ ਤੇ ਪਿਰਾਮਿਡ” / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਗੰਗਾ ਮਾਂ (ਨਾਵਲ) / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੰਪਾਦਿਤ ਕਹਾਣੀ ਸੰਗ੍ਰਿਹ - ਨਸੀਬ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਕਹਾਣੀ ਸੰਗ੍ਰਿਹ: ਤਿੜਕਦੇ ਰਿਸ਼ਤੇ / ਨਿਰੰਜਨ ਬੋਹਾ (ਆਲੋਚਨਾਤਮਕ ਲੇਖ )
  •    ਸੱਭਿਅਕ ਸਮਾਜ ਤੋਂ ਵਿੱਥ ਤੇ ਵਿਚਰਦਾ ਕਿੰਨਰ ਸਮਾਜ / ਨਿਰੰਜਨ ਬੋਹਾ (ਲੇਖ )
  •    ਬੇਬੇ ਵਲੋਂ ਕਿਤਬ ਦਾ ਵਿਮੋਚਨ / ਨਿਰੰਜਨ ਬੋਹਾ (ਲੇਖ )
  •    ਮੈਂ ਲੇਖਕ ਕਿਵੇਂ ਬਣਿਆ? / ਨਿਰੰਜਨ ਬੋਹਾ (ਲੇਖ )
  •    ਸਾਹਿਤ ਦੀ ਮੂਲ ਭਾਵਨਾ ਨਾਲੋਂ ਟੁੱਟ ਰਿਹਾ ਲੇਖਕ / ਨਿਰੰਜਨ ਬੋਹਾ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਾਹਤਿਕ ਗੋਸ਼ਟੀਆ ਅਤੇ ਬਹਿਸ ਦਾ ਮਿਆਰ / ਨਿਰੰਜਨ ਬੋਹਾ (ਲੇਖ )
  •    ਬਜਰੰਗੀ ਦਾ ਪੰਜਾਬੀ ਪ੍ਰੇਮ / ਨਿਰੰਜਨ ਬੋਹਾ (ਲੇਖ )
  • “ਚੱਕ੍ਰਵਯੂਹ ਤੇ ਪਿਰਾਮਿਡ” (ਪੁਸਤਕ ਪੜਚੋਲ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਰਵਿੰਦਰ ਰਵੀ 
    ਪੰਨੇਂ: 184, ਮੁੱਲ: 240 ਰੁਪਏ - 
    ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ – ਪ੍ਰਕਾਸ਼ਨ-ਵਰ੍ਹਾ: 2010


    ਰਵਿੰਦਰ ਰਵੀ ਨਾ ਕੇਵਲ ਪੰਜਾਬੀ ਪ੍ਰਯੋਗਵਾਦੀ ਕਾਵਿ-ਖੇਤਰ ਦਾ ਮੋਢੀ ਕਵੀ ਹੈ, ਸਗੋਂ ਉਸ ਨੇ ਪੰਜਾਬੀ ਕਾਵਿ-ਨਾਟਕ ਦੇ ਖੇਤਰ ਵਿਚ ਵੀ ਕਈ ਨਵੇਂ ਤੇ ਨਿਵੇਕਲੇ ਪ੍ਰਯੋਗ ਕਰ ਕੇ , ਉਸ ਨੂੰ ਵਿਸ਼ਵ ਪੱਧਰ ‘ਤੇ ਪੈਦਾ ਹੋਣ ਵਾਲੀਆਂ ਆਧੁਨਿਕ ਸਾਹਿਤਿਕ ਪਰਵਿਰਤੀਆਂ ਦਾ ਹਾਣੀ ਬਣਾਇਆ ਹੈ! ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਹੇ ਇਸ ਲੇਖਕ ਨੇ ਪੱਛਮੀਂ ਮੁਲਕਾਂ ਦੇ ਰੰਗ-ਮੰਚ ਦੀ ਅਤਿ ਵਿਕਸਿਤ ਤਕਨੀਕੀ ਮੁਹਾਰਤ ਨੂੰ ਵਰਤੋਂ ਵਿਚ ਲਿਆ ਕੇ, ਪੰਜਾਬੀ ਰੰਗ-ਮੰਚ ਦੀ ਪੇਸ਼ਕਾਰ ਸਮਰੱਥਾ ਵਿਚ ਅਥਾਹ ਵਾਧਾ ਕੀਤਾ ਹੈ! 

    “ਚੱਕ੍ਰਵਯੂਹ ਤੇ ਪਿਰਾਮਿਡ” ਉਸ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜੋ ਕੰਪਿਊਟਰੀ ਯੁਕਤਾਂ,  ਪ੍ਰਗੀਤਕ ਸ਼ੈਲੀ, ਨ੍ਰਿਤ ਤੇ ਸੰਗੀਤ ਦੇ ਸੁੰਦਰ ਸੁਮੇਲ ਰਾਹੀਂ ਆਪਣੀ ਵੱਖਰੀ ਕਲਾਤਮਿਕ ਪਹਿਚਾਣ ਸਥਾਪਤ ਕਰਦਾ ਹੈ! ਇਹ ਨਾਟਕ ਸਥਾਨਕਤਾ ਦੀਆਂ ਹੱਦਬੰਦੀਆਂ ਤੋੜ ਕੇ ਆਧੁਨਿਕ ਵਿਸ਼ਵੀ ਮਨੁੱਖ ਦੀ ਹੋਂਦ ਨਾਲ ਜੁੜੇ ਭਵਿੱਖ, ਭੁਤ ਤੇ ਵਰਤਮਾਨ-ਰੂਪੀ  ਤ੍ਰੈਕਾਲਕ ਪਾਸਾਰਾਂ ਨੂੰ ਯਥਾਰਥਕ ਰੂਪ ਵਿਚ ਪ੍ਰਤੀਬਿੰਬਤ ਕਰਦਾ ਹੈ!

    ਨਾਟਕ ਪ੍ਰਾਚੀਨ ਮਿਸਰੀ ਸੱਭਿਅਤਾ ਨੂੰ ਉਜਾਗਰ ਕਰਦੇ ਪਿਰਾਮਿਡਾਂ, ਮੰਮੀਆਂ ਤੇ ਕੰਧ-ਚਿਤਰਾਂ ਨੂੰ ਪ੍ਰਤੀਕ ਵਜੋਂ ਵਰਤਕੇ, ਆਧੁਨਿਕ ਮਨੁੱਖ ਦੀ ਵਿਨਾਸ਼ਕ ਹੋਣੀ ਬਾਰੇ ਕਈ ਭਵਿੱਖ-ਮੁਖੀ ਸੰਕੇਤ ਕਰਦਾ ਹੈ! ਲੇਖਕ ਅਨੁਸਾਰ ਹਰ ਸੱਭਿਅਤਾ ਦੇ ਅੰਤਰਮੁਖੀ ਤੇ ਬਾਹਰਮੁਖੀ ਟੱਕਰਾਅ ਹੀ ਉਸ ਦੇ ਅੰਤ ਨੂੰ ਨਿਸ਼ਚਿਤ ਕਰਦੇ ਹਨ! ਮਿਸਰੀ ਸੱਭਿਅਤਾ ਵਾਂਗ ਟੱਕਰਾਵਾਂ ਦੇ ਦੌਰ ਵਿੱਚੋਂ ਲੰਘ ਰਹੀ ਆਧੁਨਿਕ ਯੁੱਗ ਦੀ ਸੱਭਿਅਤਾ ਦਾ ਅੰਤ ਵੀ ਹੁਣ ਨੇੜੇ ਹੈ! 

    ਨਾਟਕ ਦੀਆਂ ਨੌਂ ਝਾਕੀਆਂ ਅੱਜ ਦੇ ਮਨੁੱਖ ਨੂੰ ਚੱਕ੍ਰਵਿਯੂਹ ਵਿਚ ਉਲਝਾਉਣ ਤੇ ਇਸ ਦੇ ਵਿਨਾਸ਼ ਨੂੰ ਯਕੀਨੀ ਬਨਾਉਣ ਵਾਲੀਆਂ ਕਈ ਗਲੋਬਲੀ ਸਮੱਸਿਆਵਾਂ ਦਾ ਖੁਲਾਸਾ ਕਰਦੀਆਂ ਹਨ! ਨਾਟਕ ਰਾਹੀਂ ਵਿਸ਼ਵ ਪੱਧਰ ‘ਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਵਿਅਕਤੀਵਾਦ ਨੂੰ ਉਤਸ਼ਾਹਤ ਕਰ ਰਹੀ ਮਹਾਂਨਗਰੀ ਚੇਤਨਾਂ, ਟੈਸਟ ਟਿਊਬਾਂ ਰਾਹੀਂ ਔਲਾਦ ਪੈਦਾ ਕਰਨ ਦੇ ਗ਼ੈੇਰ-ਕੁਦਰਤੀ ਰੁਝਾਣ, ਦੇਹ-ਵਿਲਾਸੀ ਭੋਗ ਸੱਭਿਆਚਾਰ, ਵਧ ਰਹੇ ਨਸ਼ੇ, ਹਿੰਸਾ, ਤਬਾਹੀ, ਭ੍ਰਿਸ਼ਟ ਹੋ ਚੁੱਕੀ ਸਿਆਸਤ ਅਤੇ ਵਿਸ਼ਵੀ ਇਜਾਰੇਦਾਰੀ ਕਾਰਨ ਪੈਦਾ ਹੋ ਰਹੀ ਬੇਕਾਰੀ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਸਮੱਸਿਆ ਬਾਰੇ ਵਿਸਥਾਰਤ ਚਰਚਾ ਕਰ ਕੇ, ਇਹ ਨਾਟਕ, ਸਮਾਜਕ ਵਿਕਾਸ ਦੇ ਵਿਸ਼ਵੀ ਮਾਡਲ ਤੇ ਮੰਡੀ ਕਲਚਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ! ਪੁਸਤਕ ਦੀ ਆਖਿਰੀ ਤੇ ਦਸਵੀਂ ਝਾਕੀ ਮੋਹ, ਮੁਹੱਬਤ ਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ, ਸਮਾਜਕ ਵਿਵਸਥਾ ਦੇ ਮਨੁੱਖਤਾਵਾਦੀ ਤਰਜ਼ ਦੇ ਪੁਨਰ-ਉਸਾਰ ਦੀ ਚੇਤਨਾਂ ਪੈਦਾ ਕਰਦੀ ਹੈ! 

    ਇਹ ਨਾਟਕ ਪੂਰੀ ਤਰ੍ਹਾਂ ਮਹਾਂ-ਕਾਵਿਕੀ ਗੁਣਾਂ ਦਾ ਧਾਰਨੀ ਹੈ! ਭਾਵੇਂ ਕੰਪਿਊਟਰੀ ਯੁਕਤਾਂ, ਪ੍ਰਾਜੈਕਟਰ ਸਲਾਈਡਾਂ, ਵੀਡੀਓ ਤੇ ਟੀ.ਵੀ. ਸੁਵਿਧਾਵਾਂ ਇਸ ਦੀ ਪੇਸ਼ਕਾਰੀ ਦੀ ਮੁੱਢਲੀ ਲੋੜ ਹਨ, ਪਰ ਲੇਖਕ ਨੇ ਪੰਜਾਬੀ ਥੀਏਟਰ ਦੀਆਂ ਸੀਮਾਵਾਂ ਤੇ ਸਮਰੱਥਾਵਾਂ ਨੂੰ ਧਿਆਨ ਵਿਚ ਰੱਖਕੇ ਇਸ ਦੇ ਪ੍ਰਸਤੁਤੀਕਰਨ ਵਿਚ ਕੁਝ ਲਚਕ ਵੀ ਰੱਖੀ ਹੈ! ਨਾਟਕ ਵਿਚ ਦਰਪੇਸ਼ ਘਟਨਾਕ੍ਰਮ ਦੇ ਇਤਿਹਾਸਿਕ ਪਿਛੋਕੜ ਨੂੰ ਸੂਤਰਧਾਰ ਦੇ ਬੋਲਾਂ ਰਾਹੀਂ ਵੀ ਉਜਾਗਰ ਕੀਤਾ ਜਾ ਸਕਦਾ ਹੈ! ਇਸ ਨਾਟਕ ਦੇ ਪਾਤਰਾਂ ਦੀ ਵੇਸ ਭੂਸ਼ਾ ਵੀ ਵੱਖ ਵੱਖ ਦੇਸ਼ਾਂ ਦੀਆਂ ਸਥਿਤੀਆਂ ਤੇ ਸੁਵਿਧਾਵਾਂ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਹੈ! ਉਮੀਦ ਹੈ ਕਿ ਪੰਜਾਬੀ ਰੰਗ-ਮੰਚ ਦੇ ਉੱਦਮੀਂ ਨਿਰਦੇਸ਼ਕ ਇਸ ਬਹੁ-ਪ੍ਰਯੋਗੀ ਨਾਟਕ ਨੂੰ ਮੰਚਿਤ ਕਰਨ ਦੀ ਚੁਣੌਤੀ ਨੂੰ ਜ਼ਰੂਰ ਸਵੀਕਾਰ ਕਰਨਗੇ!

    ਪੁਸਤਕ ਵਿਚ ਰਵੀ ਦੇ ਹੋਰ ਕਾਵਿ-ਨਾਟਕਾਂ: “ਬੀਮਾਰ ਸਦੀ”, “ਚੌਕ ਨਾਟਕ”, “ਰੂਹ ਪੰਜਾਬ ਦੀ”, “ਸਿਫਰ ਨਾਟਕ”, “ਮਨ ਦੇ ਹਾਣੀ”, “ਮਖੌਟੇ ਤੇ ਹਾਦਸੇ”, “ਮੱਕੜੀ ਨਾਟਕ” ਆਦਿ ਦੀ ਵੱਖ, ਵੱਖ ਥਾਵਾਂ ‘ਤੇ ਹੋਈ ਪੇਸ਼ਕਾਰੀ ਦੀ ਰਿਪੋਰਟਿੰਗ ਤਸਵੀਰਾਂ ਸਮੇਤ ਪੇਸ਼ ਕੀਤੀ ਗਈ ਹੈ!

    ਨਵੀਂ ਪੀੜ੍ਹੀ ਦੇ ਪਾਠਕ ਰਵਿੰਦਰ ਰਵੀ ਦੇ ਰਚਨਾ ਸੰਸਾਰ, ਉਸ ‘ਤੇ ਹੋਏ ਆਲੋਚਨਾਤਮਕ ਕਾਰਜ ਅਤੇ ਪ੍ਰਾਪਤ ਇਨਾਮਾਂ ਸਨਮਾਨਾਂ ਬਾਰੇ ਵਿਸਥਾਰਤ ਜਾਣਕਾਰੀ ਪੜ੍ਹ ਕੇ ਉਸ ਦੀ ਬਹੁ-ਪੱਖੀ, ਬਹੁ-ਅਰਥੀ ਤੇ ਬਹੁ-ਪਾਸਾਰੀ ਮਿਕਨਾਤੀਸੀ ਸਾਹਿਤਿਕ ਸ਼ਖਸੀਅਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ!

    ਕੁਲ ਮਿਲਾ ਕੇ ਇਹ ਪੁਸਤਕ ਕਾਵਿ-ਨਾਟਕ ਖੇਤਰ ਦੀ ਇੱਕ ਮੁੱਲਵਾਨ ਪ੍ਰਾਪਤੀ ਹੈ!