ਭਗਤ ਸਿੰਘ (ਗੀਤ )

ਅਮਰਦੀਪ ਗਿੱਲ   

Email: amardeepgill66@gmail.com
Phone: +91 1664 22153
Address: ਨਿਊ ਫਰੈਂਡਜ਼ ਟੇਲਰਜ਼ ਕਿਲ੍ਹਾ ਰੋਡ, ਬਠਿੰਡਾ
New Friends Tailor, Kila Road Bhatinda India 151001
ਅਮਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


1

ਸਿਰ ਦੀ ਬਾਜ਼ੀ ਲਾਉਣ ਲੱਗਾ ਉਹ ਰਤਾ ਵੀ ਡਰਿਆ ਨਹੀਂ ,
ਦੇਸ਼ ਦੀ ਖਾਤਿਰ ਮਰਿਆ ਏ ਤਾਂ ਹੀ ਤਾਂ ਮਰਿਆ ਨਹੀਂ ,
ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ ,
23 ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !
ਕਿੰਨੇ ਲੋਕੀਂ ਜੰਮਦੇ ਨੇ ਤੇ ਕਿੰਨੇ ਮਰ ਜਾਂਦੇ ,
ਕੁੱਝ ਸੂਰਮੇ ਹੁੰਦੇ ਨੇ ਜੋ ਪੈੜਾਂ ਕਰ ਜਾਂਦੇ ,
ਇੰਝ ਹੀ ਕੀਤੀ ਜਿੰਦ ਆਪਣੀ ਕੁਰਬਾਨ ਭਗਤ ਸਿੰਘ ਨੇ ,
23 ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !
ਬਿਨਾ ਕਿਸੇ ਮਨਸੂਬੇ ਦੇ ਜਿਹੜੇ ਜਿਉਂਦੇ ਨੇ ,
ਨਾਲ ਵਕਤ ਦੇ ਉਹੀ ਲੋਕ ਦਗਾ ਕਮਾਉਂਦੇ ਨੇ ,
ਉਨਾਂ ਦੀ ਵੀ ਕੀਤੀ ਬੰਦ ਜ਼ੁਬਾਨ ਭਗਤ ਸਿੰਘ ਨੇ ,
23 ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !
ਹਰ ਯੁੱਗ ਵਿੱਚ ਉਸ ਨੇ ਇੰਝ ਹੀ ਵੱਸਦੇ ਰਹਿਣਾ ਏ ,
ਖੜ ਚੌਂਕ ਵਿੱਚ ਸਾਡੇ ਉੱਤੇ ਹੱਸਦੇ ਰਹਿਣਾ ਏ ,
ਮੰਗਣਾ ਨਹੀਂ ਕੁੱਝ ਬਦਲੇ ਕਰ ਅਹਿਸਾਨ ਭਗਤ ਸਿੰਘ ਨੇ ,
23 ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !
ਸੋਚੋ ਕੁੱਝ ਤਾਂ ਯਾਰੋ ਕਦੇ ਉਹ ਦਿਨ ਵੀ ਆਵੇਗਾ ,
ਇਨਕਲਾਬ ਦਾ ਸੁਪਨਾ ਸੱਚ ਬਣ ਕੇ ਰੁਸ਼ਨਾਵੇਗਾ ?
ਪਾਲਿਆ ਸੀ ''ਗਿੱਲ'' ਦਿਲ ਵਿੱਚ ਜੋ ਅਰਮਾਨ ਭਗਤ ਸਿੰਘ ਨੇ ,
23 ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !

2
ਜੰਮਿਆ ਸੀ ਇਨਸਾਨ ਹੁਣ ਵਿਚਾਰ ਬਣ ਗਿਆ ਹੈ ,
ਇੰਨਕਲਾਬੀ ਫਲਸਫੇ ਦਾ ਸਾਰ ਬਣ ਗਿਆ ਹੈ ,
ਹੱਕ ਸੱਚ ਲਈ ਉੱਠਦੀ ਹਰ ਅਵਾਜ਼ ਭਗਤ ਸਿੰਘ ਹੈ ,
ਦੇਸ਼ ਦੇ ਕੁੱਲ ਸ਼ਹੀਦਾਂ ਦਾ ਸਿਰਤਾਜ ਭਗਤ ਸਿੰਘ ਹੈ !
 
ਛੋਟੀ ਉਮਰੇ ਸੋਚ ਸਾਣ ਤੇ ਲਾ ਲਈ ਗੱਭਰੂ ਨੇ ,
ਦੇਸ਼ ਅਜ਼ਾਦ ਕਰਾਉਣਾ ਸੰਹੁ ਇਹ ਖਾ ਲਈ ਗੱਭਰੂ ਨੇ ,
ਦੇਸ਼ ਕੌਮ ਦੀ ਅਣਖਾਂ -ਮੱਤੀ ਲਾਜ਼ ਭਗਤ ਸਿੰਘ ਹੈ ,
ਦੇਸ਼ ਦੇ ਕੁੱਲ ਸ਼ਹੀਦਾਂ ਦਾ ਸਿਰਤਾਜ ਭਗਤ ਸਿੰਘ ਹੈ !
 
ਤਖਤ ਗੋਰਿਆਂ ਦਾ ਸੀ ਓਸ ਹਿਲਾ ਕੇ ਰੱਖ ਦਿੱਤਾ ,
ਸਾਮਰਾਜ ਦਾ ਸੂਰਜ ਅੰਬਰੋਂ ਲਾਹ ਕੇ ਰੱਖ ਦਿੱਤਾ ,
ਸਦਾ ਜਵਾਨੀ ਕਰ ਸਕਦੀ ਜੋ ਨਾਜ਼ ਭਗਤ ਸਿੰਘ ਹੈ ,
ਦੇਸ਼ ਦੇ ਕੁੱਲ ਸ਼ਹੀਦਾਂ ਦਾ ਸਿਰਤਾਜ ਭਗਤ ਸਿੰਘ ਹੈ !
 
ਚੜਦੀ ਉਮਰੇ ਜੇਕਰ ਉਹ ਕੁਰਬਾਨੀ ਨਾ ਦਿੰਦਾ ,
ਮਿਲਦੀ ਕਿਵੇਂ ਅਜ਼ਾਦੀ ਜੇ ਜਿੰਦਗਾਨੀ ਨਾ ਦਿੰਦਾ ,
ਹੱਸ ਹੱਸ ਫਾਂਸੀ ਚੜਨੇ ਦਾ ਰਿਵਾਜ਼ ਭਗਤ ਸਿੰਘ ਹੈ ,
ਦੇਸ਼ ਦੇ ਕੁੱਲ ਸ਼ਹੀਦਾਂ ਦਾ ਸਿਰਤਾਜ ਭਗਤ ਸਿੰਘ ਹੈ ! 
 
3  


ਚੋਣਾ ਵੇਲੇ ਲੈਂਦੇ ਨੇ ਖਰੀਦ ਜੋ ਵੋਟਾਂ ਨੂੰ ,
ਉਹਦੀ ਫੋਟੋ ਹੁੰਦੀ ਤਾਂ ਸੰਗ ਆਉਂਦੀ ਨੋਟਾਂ ਨੂੰ ,
ਕੁੱਲ ਦੌਲਤ ਤੋਂ ਉੱਚੀ ਏ ਥਾਂ ਵੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਨੋਟਾਂ ਉੱਤੇ ਨੋਟਾਂ ਵਰਗੇ ਚਿਹਰੇ ਜੱਚਦੇ ਨੇ , 
ਦੇਸ਼ ਦਾ ਸੌਦਾ ਕਰਕੇ ਜਿਹੜੇ ਮੀਸਣਾ ਹੱਸਦੇ ਨੇ ,
ਸਮਝ ਨਾ ਆਈ ਜਿੰਨਾ ਨੂੰ ਤਕਰੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਨੋਟਾਂ ਦੀ ਤਾਂ ਕੀਮਤ ਵੱਧਦੀ ਘੱਟਦੀ ਰਹਿੰਦੀ ਏ,
ਸਾਡੀ ਮੰਡੀ ਅਮਰੀਕਾ ਵੱਲ ਤੱਕਦੀ ਰਹਿੰਦੀ ਏ ,
ਕਿਉਂ ਰੋਲਾਂਗੇ ਮੰਡੀਆਂ ਵਿੱਚ ਜ਼ਮੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਸ਼ਹੀਦ ਤਾਂ ਖੁਦ ਹੀ ਕੌਮਾਂ ਦਾ ਸਰਮਾਇਆ ਹੁੰਦੇ ਨੇ ,
ਬੇਸ਼ਕੀਮਤੀ ਅਣਖ ਇੱਜ਼ਤ ਦੀ ਮਾਇਆ ਹੁੰਦੇ ਨੇ ,
ਹਰ ਇੱਕ ਜਾਗੀ ਰੂਹ ਹੈ ਸਦਾ ਜਾਗੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਭਗਤ ਸਿੰਘ ਦੀ ਸੋਚ ਨੂੰ ਸਮਝੋ, ਛੱਡ ਤਸਵੀਰਾਂ ਨੂੰ ,
ਆ ਪੜੋ ਕਿਤਾਬਾਂ ਵਿੱਚੋਂ ਓਸ ਦੀਆਂ ਤਹਿਰੀਰਾਂ ਨੂੰ , 
ਅੱਖਰ ਅੱਖਰ ਵਾਚੋ ਹਰ ਤਦਬੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਭਗਤ ਸਿੰਘ ਦੇ ਸੁਪਨੇ ਜਦ ਵੀ ਕਰ ਸਾਕਾਰ ਦਿੱਤੇ , 
ਤੁਸੀਂ ਜਵਾਨੋ ਰਾਜਿਆਂ ਦੇ ਜਦ ਢਾਹ ਦਰਬਾਰ ਦਿੱਤੇ ,
ਰਾਜ ਕਰੇਗੀ ਸੋਚ ਇਹ ''ਗਿੱਲ'' ਅਖੀਰ ਭਗਤ ਸਿੰਘ ਦੀ !
ਨੋਟਾਂ ਤੇ ਨਹੀਂ ਚਾਹੀਦੀ ਤਸਵੀਰ ਭਗਤ ਸਿੰਘ ਦੀ !