ਲੋਈ (ਕਵਿਤਾ)

ਅਮਰਦੀਪ ਗਿੱਲ   

Email: amardeepgill66@gmail.com
Phone: +91 1664 22153
Address: ਨਿਊ ਫਰੈਂਡਜ਼ ਟੇਲਰਜ਼ ਕਿਲ੍ਹਾ ਰੋਡ, ਬਠਿੰਡਾ
New Friends Tailor, Kila Road Bhatinda India 151001
ਅਮਰਦੀਪ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਂਦੀ ਰੰਗਾ ਵੇਸ ਏ ਤੇਰਾ , 
ਕਾਲਖ ਭਰਿਆ ਚਾਰ ਚੁਫੇਰਾ ,
ਸਾਂਭ ਕੇ ਰੱਖੀਂ ਕੰਚਨ ਕਾਇਆ ਏਦਾਂ ਵਕਤ ਗੁਜ਼ਾਰ ਲਵੀਂ !
ਲੈ ਆਹ ਫੜ ਲੋਈ ਫੱਕਰਾਂ ਦੀ ਤੂੰ ਘੁੱਟ ਕੇ ਬੁੱਕਲ ਮਾਰ ਲਵੀਂ !
ਲੈ ਆਹ ਫੜ ਲੋਈ ਫੱਕਰਾਂ ਦੀ.......
ਤੂੰ ਤਾਂ ਮਨ ਦਾ ਹਾਣ ਭਾਲਦੀ ਤਨ ਦਾ ਹੈ ਬਾਜ਼ਾਰ ਇੱਥੇ ,
ਸੁੱਚਾ ਹੁਸਨ ਤਾਂ ਸੁਪਨਾ ਹੋਇਆ ਝੂਠਾ ਹੈ ਸ਼ਿੰਗਾਰ ਇੱਥੇ ,
ਜੱਗ ਦੇ ਰੰਗ ਫਰੇਬੀ ਨਾ ਤੂੰ ਰੂਹ ਦੇ ਵਿੱਚ ਉਤਾਰ ਲਵੀਂ ,
ਲੈ ਆਹ ਫੜ ਲੋਈ ਫੱਕਰਾਂ ਦੀ.......
ਇਸ ਨਗਰੀ ਦੇ ਮੋੜ ਮੋੜ ਤੇ ਨਾਗਾਂ ਪਹਰਾ ਲਾਇਆ ਏ ,
ਬੀਨ ਸੋਨੇ ਦੀ ਕੀਲ ਮਾਂਦਰੀ ਵਿੱਚ ਪਟਾਰੀ ਪਾਇਆ ਏ ,
ਨਾਥਾਂ ਕੋਲੋਂ ਸਿਖਿਆ ਮੰਤਰ ਤੂੰ ਨਾ ਕਿਤੇ ਵਿਸਾਰ ਲਵੀਂ ,
ਲੈ ਆਹ ਫੜ ਲੋਈ ਫੱਕਰਾਂ ਦੀ.......
ਅੰਨਿਆਂ ਦੇ ਮੁਹੱਲੇ ਵਿੱਚ ਕਿਸ ਨੂੰ ਸ਼ੀਸ਼ਾ ਦੱਸ ਦਿਖਾਵੇਂਗੀ ,
ਡੰਗੋਰੀ ਬਣ ਕੇ ਗੈਰ ਹੱਥਾਂ ਦੀ ਖੁਦ ਲਾਚਾਰ ਕਹਾਵੇਂਗੀ ,
ਆਪਣੇ ਕਦਮ ਸਬੂਤੇ ਰੱਖੀਂ ਆਪਣੇ ਰਾਹ ਦੀ ਸਾਰ ਲਵੀਂ ,
ਲੈ ਆਹ ਫੜ ਲੋਈ ਫੱਕਰਾਂ ਦੀ.......
ਗਲੀਏ ਚਿੱਕੜ ਦੂਰ ਘਰ ਤੇਰਾ ਨੇਓਹ੍ਹ ਏ ਨਾਲ ਪਿਆਰੇ ਦੇ ,
ਕਿਵੇਂ ਪਹੁੰਚੇਗੀ ਕੱਲੀ ਓਥੇ ਦੱਸ ਤੂੰ ਬਿਨਾ ਸਹਾਰੇ ਦੇ ,
ਬੈਠ ਜਾਵੀਂ ਡੋਲੀ ਦੇ ਵਿੱਚ ਮੁਰਸ਼ਦ ਜਿਹੇ ਕੁਹਾਰ ਲਵੀਂ ,
ਲੈ ਆਹ ਫੜ ਲੋਈ ਫੱਕਰਾਂ ਦੀ.......!!