ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਬੋਤਲ (ਕਹਾਣੀ)

  ਨਾਇਬ ਸਿੰਘ ਬੁੱਕਣਵਾਲ   

  Email: naibsingh62708@gmail.com
  Cell: +91 94176 61708
  Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
  ਸੰਗਰੂਰ India
  ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਰੋਡੂ ਪਿੰਡ ਵਿੱਚ ਫੇਰੀ ਲਾਉਂਦਾ। ਉਹ ਕਬਾੜ ਦਾ ਕੰਮ ਕਰਦਾ ਸੀ। ਉਹ ਪਿੰਡਾਂ ਵਿੱਚ ਜਾ ਕੇ ਹੋਕਾ ਮਾਰਦਾ, " ਖਾਲੀ ਬੋਤਲਾਂ……………… ਬੋਰੀਆਂ……………….ਟੁੱਟਿਆ ਪੁਰਾਣਾ ਲੋਹਾ……….ਪਲਾਸਟਿਕ ਵੇਚ ਲਉ………..ਚਾਹ ਪੋਣੀਆਂ………..ਗਲਾਸ……….ਕੌਲੀਆਂ ………ਸਟੀਲ ਦੇ ਭਾਡੇਂ ਖਰੀਦ ਲਉ" ਉਸ ਦੀ ਅਵਾਜ਼ ਬੜੀ ਤਿੱਖੀ ਅਤੇ ਪਿਆਰੀ ਸੀ। ਉਹ ਦੀ ਲਗਭਗ 16 ਕੁ ਸਾਲ ਦੀ  ਚੜ੍ਹਦੀ ਉਮਰ  ਦਾ ਗਭਰੇਟ ਸੀ।

  ਅੱਜ ਜਦੋਂ ਉਹ ਸ਼ਾਮ ਨੂੰ ਨੇੜੇ ਦੇ ਸ਼ਹਿਰ ਪਿੰਡਾਂ ਚੋਂ ਖਰੀਦਿਆ ਹੋਇਆ ਕਬਾੜ ਵੇਚਣ ਲਈ ਜਾ ਰਿਹਾ ਸੀ।ਉਸ ਨੂੰ ਇੱਕ ਦੁਕਾਨਦਾਰ ਨੇ ਹਾਕ ਮਾਰੀ ਜੋ ਨਾਲ ਦੇ  ਪਿੰਡ ਦਾ ਰਹਿਣ ਵਾਲਾ ਸੀ। ਜਿਸ ਨੂੰ ਰੋਡੂ ਚਾਚਾ ਆਖਦਾ ਸੀ।ਚਾਚੇ ਨੇ ਬਟੂਐ ਚੋਂ ਪੈਸੇ ਕੱਢਦੇ ਹੋਏ ਕਿਹਾ, " ਫੜੀ ਉਏ! ਰੋਡਿਆ …ਆਹ 75 ਰੁਪਏ, ਨਾਲੇ ਤਾਂ ਆਉਂਦਾ ਹੋਇਆ ਪੰਜ ਲੀਟਰ ਪੈਟਰੋਲ ਲੈ ਆਵੀਂ ਅਤੇ ਇੱਕ ਬੋਤਲ  ਸ਼ਰਾਬ ਦੀ ਫੜ੍ਹ ਲਿਆਈਂ, ਜੇ ਪੈਸੇ ਘਟੇ ਵਧੇ ਕੋਲੋਂ ਪਾ ਲਈਂ"।
  ਰੋਡੂ ਹੈਰਾਨ ਹੋਇਆ ਕਿ ਇੱਕ ਤਾਂ ਸਮਾਨ ਲਿਆਉਣ ਲਈ ਕਹਿ ਰਿਹਾ ਹੈ ਦੂਸਰਾ ਪੈਸੇ ਵੀ ਪੂਰੇ ਨਹੀਂ ਦੇ ਰਿਹਾ ਮੇਰੇ ਕੋਲ ਤਾਂ ਕੋਈ ਪੈਸਾ ਹੀ ਨਹੀਂ ਇਸ ਵਕਤ, ਸਮਾਨ ਵੇਚ ਕੇ ਹੀ ਪਤਾ ਲੱਗੂ ਕਿ ਕਿੰਨੇ ਦਾ ਬਣਦਾ, ਜੇਕਰ ਕਹਿ ਦਿੱਤਾ ਕਿ ਚਾਚਾ ਮੇਰੇ ਕੋਲ ਤਾਂ ਅੱਜ ਪੈਸੇ ਨਹੀਂ ਹਨ ਤਾਂ ਕਿਤੇ ਚਾਚਾ ਗੁੱਸੇ ਹੀ ਨਾ ਹੋ ਜਾਵੇ ਕਿਉਂ ਕਿ ਕਈ ਵਾਰ ਚਾਚੇ ਤੋਂ ਪੈਸੇ ਲੈ ਕੇ ਹੀ ਗੇੜਾ ਲਾਉਣਾ ਪੈਂਦਾ ਹੈ । ਕਬਾੜ ਵੇਚ ਕੇ ਘਰ ਦਾ ਸਮਾਨ ਅਤੇ ਕੁੱਝ ਭਾਡੇਂ ਵੀ ਲੈ ਕੇ ਆਉਣੇ ਹਨ ਉਸ ਨੂੰ ਸਮਝ ਨਾ ਆਵੇ, ਉਹ ਕੀ ਕਰੇ ਪਰ ਚੁੱਪ ਰਿਹਾ ਅਤੇ 50-60 ਕਿਲੋ ਭਾਰ ਖਿਚਦਾ ਹੋਇਆ ਸ਼ਹਿਰ ਵੱਲ ਨੂੰ ਆਪਣੇ ਸਾਈਕਲ ਦਾ ਮੂੰਹ ਕਰ ਦਿੱਤਾ। 

  ਸ਼ਹਿਰ ਨੂੰ ਜਾਂਦਾ ਰੋਡੂ ਸਾਰੇ ਰਸ਼ਤੇ ਸੋਚਦਾ ਅਤੇ ਆਪਣੇ ਆਪ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਕਿ ਲੋਕ ਵੀ ਕਿੰਨੇ ਅਜੀਬ ਹਨ।"ਕੋਈ ਚਾਚੇ ਨੂੰ ਪੁੱਛੇ ਵੀ ਧਗੜਿਆ…….ਤੂੰ ਸੱਠ ਰੁਪਏ ਦੀ ਬੋਤਲ ਲਿਆਉਣ ਨੂੰ ਕਹਿ ਦਿੱਤਾ। ਜਿਹੜਾ ਬੇਬੇ ਨੇ ਹੁਕਮ ਦਿੱਤਾ, ਪੁੱਤਰ! ਚਾਹ –ਗੁੜ ਲਿਆਈ ਨਾਲੇ ਆ ਘਿਉ ਵਾਲਾ ਡੱਬਾ ਵੀ ਲੈ ਜਾ ਜਿੰਨਾਂ ਕੁ ਲਿਆਦਾ ਜਾਂਦਾ ਲਿਆਈ" ਕਿਉਂਕਿ ਬੇਬੇ ਜਾਣਦੀ ਸੀ ਕਿ ਰੋਡੂ ਉੱਪਰ ਹੀ ਸਾਰੇ ਘਰ ਦੀ ਜੁੰਮੇਵਾਰੀ ਹੈ। ਅਜੇ ਕੱਲ ਹੀ ਤਾਂ ਲੜਾਈ ਵਿੱਚ ਪੁਲਿਸ ਵਾਲਿਆਂ ਨੂੰ ਦਿੱਤੇ 400 ਰੁਪਏ ਅਜਮੇਰ ਨੂੰ ਦੇ ਕੇ ਆਇਆ ਸੀ।

  ਰੋਡੂ ਆਪਣੀਆਂ ਸੋਚਾਂ ਚ' ਖੋਇਆ ਹੋਇਆ ਸ਼ਹਿਰ ਅੱਪੜ ਗਿਆ। ਉਸ ਨੂੰ ਅੱਜ ਆਪਣਾ ਸਰੀਰ , ਆਪਣਾ ਸਾਈਕਲ ਸਭ ਕੁੱਝ ਭਾਰਾ-ਭਾਰਾ ਜਾਪ ਰਿਹਾ ਸੀ। ਉਸ ਦਾ ਚਿਹਰਾ ਬਹੁਤ ਉਦਾਸ ਸੀ ਤੇ ਹੋਰ ਉਦਾਸ ਹੁੰਦਾ ਜਾ ਰਿਹਾ ਸੀ।ਉਹ ਕਬਾੜੀਏ ਦੀ ਦੁਕਾਨ ਤੇ ਅੱਪੜ ਗਿਆ। ਉਸ ਨੇ ਲੋਹਾ ਤੇ ਹੋਰ ਸਮਾਨ ਜੋ ਖੁਰਜੀਆਂ ਵਿੱਚੋਂ ਕੱਢਿਆ ਅਤੇ ਕਬਾੜੀਆਂ ਨੰ ਵੇਚ ਦਿੱਤਾ। ਕਬਾੜੀਏ ਨੇ ਹਿਸਾਬ ਜੋੜ ਕੇ ਸਾਰੇ ਸਮਾਨ ਦੇ 136 ਰੁਪਏ ਬਣਾਏ।ਰੋਡੂ ਨੂੰ ਬੜੀ ਹੈਰਾਨੀ ਹੋਈ ਕਿ ਸਾਇਕਲ ਤਾਂ ਬੜਾ ਭਾਰਾ ਲਗਦਾ ਸੀ ਇੰਝ ਲਗਦਾ ਸੀ ਕਿ ਸਮਾਨ ਪੰਜ ਛੇ ਸੋਂ ਰੁਪਏ ਦਾ ਹੋਵੇਗਾ। ਰੋਡੂ ਨੇ 136 ਰੁਪਏ ਫੜਕੇ ਬਜ਼ਾਰ ਨੂੰ ਚਲ ਪਿਆ।

  ਭਾਡਿਆਂ ਵਾਲੀ ਦੁਕਾਨ ਤੇ ਜਾ ਕੇ ਰੋਡੂ ਭਾਡੇਂ ਕੱਢਣ ਲੱਗ ਪਿਆ । ਜਦੋਂ ਉਹ ਭਾਡੇਂ ਕੱਢ ਰਿਹਾ ਸੀ। ਉਸ ਸਮੇਂ ਵੀ ਉਸ ਦੇ ਦਿਮਾਗ ਵਿੱਚ ਘਰ ਦੇ ਸੋਦੇ ਅਤੇ ਚਾਚੇ ਦੀ ਬੋਤਲ ਹੀ ਚੱਲ ਰਹੀ ਸੀ।ਉਸ ਨੂੰ ਇਕਦਮ ਯਾਦ ਆਇਆ ਕਿ ਕਾਸਾਪੁਰ ਵਾਲੇ ਗਾਹਕਾਂ ਨੇ ਉਸ ਨੂੰ ਛੇ ਵਧੀਆਂ ਕੱਪ ਅਤੇ ਇੱਕ ਗੜਬੀ ਲਿਆਉਣ ਲਈ ਕਿਹਾ ਸੀ। ਉੱਥੇ ਬੇਬੇ ਨੇ ਚੇਤਾਵਨੀ ਵੀ ਦਿੱੱਤੀ ਸੀ, ਭਾਈ ਜੇ ਤੂੰ ਸਾਨੂੰ ਇਸ ਵਾਰ ਭਾਡੇਂ ਨਾ ਲਿਆ ਕੇ ਦਿੱਤੇ ਤਾਂ ਅਸੀਂ ਕਿਸੇ ਹੋਰ ਤੋਂ ਭਾਡੇਂ ਲੈ ਲਿਆ ਕਰਾਂਗੇ।ਰੋਡੂ ਕਿਸੇ ਵੀ ਕੀਮਤ ਤੇ ਇੰਨੇ ਵਧੀਆ ਗਾਹਕ ਨਹੀਂ ਸੀ ਗੁਆਉਣਾ ਚਾਹੁੰਦਾ ਕਿਉਂ ਕਿ ਜੇਕਰ ਕਈ ਵਾਰ ਉਸ ਕੋਲ ਪੈਸਾ ਨਾ ਵੀ ਹੁੰਦੇ ਜਾਂ ਘੱਟ ਹੁੰਦੇ ਸਨ ਤਾਂ ਵੀ ਉਹ ਰੋਡੂ ਸਮਾਨ ਚੁਕਾ ਦਿੰਦੇ ਸਨ।ਰੋਡੂ ਅਗਲੇ ਗੇੜੇ ਵਿੱਚ ਪੈਸੇ ਵਾਪਿਸ ਕਰ ਦਿੰਦਾ ਸੀ ਇਸ ਤੋਂ ਬਿਨਾਂ ਰੋਟੀ-ਚਾਹ ਵੀ ਉਹ ਰੋਡੂ ਨੂੰ ਖੁਆ ਦਿੰਦੇ ਸਨ।ਇਸ ਕਰਕੇ ਰੋਡੂ ਨੇ ਬਾਕੀ ਸਮਾਨ ਕੱਢਣਾ ਬੰਦ ਕਰ ਦਿੱਤਾ ਸਿਰਫ ਚੀਨੀ ਦੇ ਕੱਪਾਂ ਤੇ ਗੜਬੀ ਵਾਰੇ ਹੀ ਸੋਚਣ ਲੱਗਾ।

  ਰੋਡੂ ਨੇ ਦੁਕਾਨ ਵਾਲੇ ਗਿਆਨੀ ਜੀ ਨੂੰ ਪੁੱਛਿਆ, " ਗਿਆਨੀ ਜੀ ਆਪਣੀ ਦੁਕਾਨ ਤੇ ਚੀਨੀ ਦੇ ਕੱਪ ਹੈਗੇ"। " ਨਹੀ, ਰੋਡੂ, ਆਪਣੀ ਦੁਕਾਨ ਤੇ ਚੀਨੀ ਦੇ ਕੱਪ ਨਹੀਂ ਇਹ ਤਾਂ ਬਾਸਾਂ ਵਾਲੇ ਬਜ਼ਾਰ 'ਚੋ ਮਿਲਣਗੇ।ਰੋਡੂ ਬਾਸਾਂ ਵਾਲੇ ਬਜ਼ਾਰ ਗਿਆਨੀ ਜੀ ਦੇ ਦੱਸੇ ਅਨੁਸਾਰ ਉਸ ਭਾਡਿਆਂ ਵਾਲੀ ਦੁਕਾਨ ਤੇ ਪਹੁੰਚ ਗਿਆ।

  ਦੁਕਾਨ ਦੇ ਅੰਦਰ ਵੜਦਿਆਂ ਸਾਰ ਰੋਡੂ ਨੇ ਦੁਕਾਨਦਾਰ ਨੂੰ ਪੁੱਛਿਆ , " ਵੀਰ ਜੀ, ਚੀਨੀ ਦੇ ਕੱਪ ਮਿਲਣਗੇ ?" ਦੁਕਾਨਦਾਰ ਨੇ ਮੁਸਕਰਾ ਕੇ ਉੱਤਰ ਦਿੰਦਿਆਂ ਹੋਇਆ ਕਿਹਾ, " ਕੱਪ ਕੀ ਚਾਹੇ ਚੀਨੀ ਦਾ ਜਿਹੜਾ ਮਰਜ਼ੀ ਭਾਡਾਂ ਖਰੀਦ ਲਉ ! ਸਰਕਾਰ"। ਕਿਉਂ ਕਿ ਦੁਕਾਨਦਾਰ ਸਮਝ ਗਿਆ ਸੀ ਕਿ ਰੋਡੂ ਫੇਰੀ ਦਾ ਕੰਮ ਕਰਨ ਵਾਲਾ ਹੈ।

  " ਜੀ ਚੀਨੀ ਦੇ ਛੇ ਕੱਪ ਅਤੇ ਇੱਕ ਗੜਬੀ ਲੈਣੀ ਐ, ਕਿੰਨੇ ਕੁ ਪੈਸੇ ਦੇ ਹੋਣਗੇ"। ਰੋਡੂ ਨੇ ਆਪਣੀ ਆਰਥਿਕਤਾ ਨੂੰ ਦੇਖਦੇ ਹੋਏ ਹਲੀਮੀ ਨਾਲ ਪੁੱਛਿਆ। " 

   ਛੇ ਕੱਪ 60 ਰੁਪਏ ਦੇ ਅਤੇ ਗੜਬੀ 45 ਰੁਪਏ ਦੀ,  ਇਹ ਵੀ ਤੇਰੇ ਕਰਕੇ ਕਿਉਂਕਿ ਕਾਕਾ ਤੂੰ ਫੇਰੀ ਲਾਉਂਨਾ, ਜੇ ਕਿਸੇ ਹੋਰ ਆਮ ਗਾਹਕ ਲਈ ਤਾਂ ਰੇਟ ਹੋਰ ਹੈ"। ਰੋਡੂ ਸਾਰੀ ਗੱਲ ਸਮਝ ਗਿਆ ਸੀ ਕਿ ਦੁਕਾਨਦਾਰ ਸਹੀ ਹੀ ਕਹਿ ਰਿਹਾ ਹੈ ਅਤੇ ਅੱਗੇ ਲਈ ਗਾਹਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੋਡੂ ਨੇ 105 ਰੁਪਏ ਦੇ ਕੇ ਭਾਡੇਂ ਖੁਰਜੀ ਵਿੱਚ ਪਾ ਕੇ ਚੱਲ ਪਿਆ।

  ਸ਼ਰਾਬ ਦੇ ਠੇਕੇ ਦੇ ਅੱਗੇ ਦੀ ਲੰਘਦੇ ਰੋਡੂ ਨੂੰ ਚਾਚੇ ਦੀ ਬੋਤਲ ਬਾਰੇ ਫੇਰ ਖਿਆਲ ਆਇਆ ਤੇ ਰੋਡੂ ਨੇ ਸੋਚਿਆ ਕਿ ਕੋਈ ਹਾਕ ਮਾਰ ਕੇ ਆਖ ਦੇਵੇ ਵੇ ਰੋਡ!ੂ ਆਹ ਬੋਤਲ ਲੈ ਜਾ ਕੱਲ੍ਹ ਨੂੰ ਪੈਸੇ ਦੇ ਦਈਂ।ਇੱਕ ਘਰ ਸੌਦਿਆਂ ਦਾ ਫ਼ਿਕਰ ਅਲੱਗ ਖਾਈ ਜਾਵੇ ਜੇਬ ਵਿੱਚ ਰੁਪਏ ਸਾਰੇ 31 ਤੇ ਕੱਲ੍ਹ ਨੂੰ ਗੇੜਾ ਵੀ ਲਾਉਣਾ।ਪੈਟਰੋਲ ਉਸਨੇ 75 ਰੁਪਏ ਦਾ ਖਰੀਦ ਲਿਆ ਕਿ ਚਲੋ! ਚਾਚਾ ਇਸ ਕਰਕੇ ਹੀ ਖੁਸ਼ ਹੋ ਜਾਵੇਗਾ ਕਿ ਇੱਕ ਕੰਮ ਤਾਂ ਮੇਰਾ ਕਰ ਹੀ ਆਇਆ।

  ਉਹ ਸੋਚਾਂ ਸੋਚਦਾ ਹੋਇਆ ਆਪਣੇ ਪਿੰਡ ਦੇ ਅੱਡੇ ਤੇ ਚਾਚੇ ਦੀ ਦੁਕਾਨ ਤੇ ਆ ਪਹੁੰਚਿਆ। ਆਉਂਦੇ ਸਾਰ ਹੀ  ਉਸ ਨੇ ਪੈਟਰੋਲ ਵਾਲੀ ਕੈਨੀਂ ਚਾਚੇ ਨੂੰ ਫੜਾ ਦਿੱਤੀ।

   ਚਾਚੇ ਨੇ ਕਿਹਾ, " ਰੋਡੂ, ਬੋਤਲ ਕਿੱਥੇ ਆ ?" " ਉਹ ਤਾਂ……..ਉਹ ਤਾਂ….. ਚਾਚਾ………ਚਾਚਾ….ਮੈਂ ਲੈ ਕੇ ਨੀਂ ਆਇਆ" ਰੋਡੂ ਬੇਬਸੀ 'ਚ ਪੂਰਾ ਬੋਲ ਵੀ ਨਾ ਸਕਿਆ।

   " ਕਿਉਂ ਨੀਂ ਲੈ ਕੇ ਆਇਆ?" ਚਾਚੇ ਨੇ ਰੁੱਖੀ ਅਵਾਜ਼ 'ਚ ਪੁੱਛਿਆ।

  " ਚਾਚਾ, ਮੇਰੇ ਕੋਲ ਪੈਸੇ ਨਹੀਂ ਸੀ"।

  " ਅੱਛਾ , ਹੁਣ ਤੂੰ ਸਾਡੇ ਕੋਲ ਹੀ ਝੂਠ ਬੋਲਣ ਲੱਗ ਪਿਆ, ਜਿਹੜਾ ਸਮਾਨ ਤੂੰ ਸਾਇਕਲ ਉੱਤੇ ਲੱਦੀ ਜਾਂਦਾ ਸੀ ਉਹ ਕੇਲੋਂ ਵਾਲੇ ਸੂਏ 'ਚ ਸੁੱਟ ਆਇਆ"।ਚਾਚਾ ਜਿਵੇਂ ਸਭ ਕੁਝ ਜਾਣਦਾ ਹੁੰਦਾ। ਇਸ ਲਹਿਜ਼ੇ ਵਿੱਚ ਬੋਲਿਆ।

  " ਨਹੀਂ……ਨਹੀਂ…….ਚਾਚਾ…….ਉਹ ਤਾਂ…….."।

  " ਕੀ ਨਹੀਂ…ਨਹੀਂ……ਛੱਡ. ਰੋਡੇ ਪਹਿਲੀ ਵਾਰ ਤੈਂਨੂੰ ਇੱਕ ਜਰੂਰੀ ਕੰਮ ਕਿਹਾ ਸੀ। ਉਹ ਵੀ ਤੂੰ ਪੂਰਾ ਨੀਂ ਕਰਕੇ ਆਇਆ"। ਚਾਚੇ ਨੇ ਉਲ੍ਹਾਮਾ ਦਿੱਤਾ।

   "ਯਾਰ ! ਆਹ, ਭੋਲੇ ਹੋਣੀ ਜੋ ਮਰਜ਼ੀ ਕੰਮ ਕਹਿ ਦੇ ਪੂਰਾ ਕਰਕੇ ਆਉਂਦੇ ਨੇ ਚਾਹੇ ਖੂਹ ਪੁੱਟਣ, ਚਾਹੇ ਖਾਤਾ, ਤੈਂ ਯਾਰ, ਮੂੜ ਹੀ ਖ਼ਰਾਬ ਕਰਤਾ, ਲੈ ਹੁਣ ਇੰਝ ਕਰ ਆਹ ਫੜ੍ਹ ਪੈਸੇ, ਨਾਲ ਦੇ ਪਿੰਡੋਂ ਜਾਹ ਬੋਤਲ ਫੜ੍ਹ ਕਿ ਲਿਆ, ਨਾਲੇ ਛੇਤੀ ਮੁੜੀਂ, ਹਨ੍ਹੇਰਾ ਹੋਈ ਜਾਂਦਾ। ਮਿਸਤਰੀ ਨੇ ਜਾਣਾ ਆਪਣੇ ਘਰ ਨੂੰ "। ਚਾਚੇ ਨੇ 60 ਰੁਪਏ ਕੱਢ ਕੇ ਰੋਡੂ ਨੂੰ ਫੜਾ ਦਿੱਤੇ।

  ਰੋਡੂ ਨਾਲ ਦੇ ਪਿੰਡ ਦੇ ਠੇਕੇ ਤੇ ਗਿਆ ।ਪਰ ਮਾਹੌਲ ਖ਼ਰਾਬ ਹੋਣ ਕਰਕੇ ਠੇਕੇ ਵਾਲੇ ਛੇਤੀ ਹੀ ਠੇਕਾ ਬੰਦ ਕਰਕੇ ਚਲੇ ਗਏ। ਰੋਡੂ ਫੇਰ ਮੁੜਕੇ ਚਾਚੇ ਕੋਲ ਆ ਗਿਆ।" ਹਾਂ , ਬਈ! ਰੋਡੇ ਮਿਲ ਗਈ ਬੋਤਲ"। ਚਾਚੇ ਨੇ ਉਤਸੁਕਤਾ ਨਾਲ ਪੁੱਛਿਆ।

  " ਨਹੀਂ ਚਾਚਾ, ਮੇਰੇ ਜਾਂਦੇ ਨੂੰ ਠੇਕਾ ਬੰਦ ਹੋ ਚੁੱਕਾ ਸੀ" ਰੋਡੂ ਨੇ ਥੱਕੀ ਅਵਾਜ਼ ਨਾਲ ਉੱਤਰ ਦਿੱਤਾ। ਅਸਲ ਵਿੱਚ ਰੋਡੂ ਮਾਨਸਿਕ ਪ੍ਰੇਸ਼ਾਨੀ ਅਤੇ ਪੰਦਰਾਂ ਕਿਲੋਮੀਟਰ ਸਾਈਕਲ ਦੇ ਸਫ਼ਰ ਅਸਲ ਵਿੱਚ ਥੱਕ ਚੁੱਕਾ ਸੀ।ਉਹ ਹੁਣ ਘਰ ਜਾ ਕੇ ਅਰਾਮ ਕਰਨਾ ਚਾਹੁੰਦਾ ਸੀ। ਠੰਡ ਵੀ ਜੋਰ ਫੜ੍ਹਦੀ ਜਾ ਰਹੀ ਸੀ ਅਤੇ ਹਨ੍ਹੇਰਾ ਵੀ ਕਾਫੀ ਹੋ ਚੁੱਕਾ ਸੀ।

  " ਉ ਯਾਰ ! ਰੋਡੇ ਤੈਂ ਤਾਂ ਅੱਜ ਮੂੜ ਹੀ ਖ਼ਰਾਬ ਕਰ ਦਿੱਤਾ, ਤੇਰੀ ਤਾਂ ਕਿਸਮਤ ਹੀ ਢਿੱਲੀ ਆ, ਤੂੰ ਕੋਈ ਵੀ ਕੰਮ ਨਹੀਂ ਕਰ ਸਕਦਾ, ਹੁੰਦਾ ਭੋਲਾ , ਜਿਵੇਂ ਮਰਜ਼ੀ ਕਰਦਾ, ਬੋਤਲ ਲਿਆ ਕੇ ਦਿੰਦਾ"। ਚਾਚੇ ਨੇ ਇੱਕੋ ਸਾਹੇ ਰੋਡੂ ਨੂੰ ਕਿੰਨਾ ਕੁੱਝ ਆਖ ਦਿੱਤਾ।

  ਫੇਰ ਇੱਕਦਮ ਚਾਚੇ ਨੇ ਕਿਹਾ, " ਹੁਣ ਐਂ ਕਰ, ਨਾਲ ਦੇ ਪਿੰਡ ਵਾਲਾ ਦਰਬਾਰਾ ਵੇਚਦਾ, ਸ਼ਰਾਬ। ਜਾਹ , ਉਹਦੇ ਘਰੋਂ ਜਾ ਕੇ ਇੱੱਕ ਬੋਤਲ ਫੜ੍ਹ ਲਿਆ। ਮੇਰਾ ਨਾਉਂ ਲੈ ਦਈ ਆਪੇ ਦੇ ਦਿਊ। ਜਿਵੇਂ ਰੋਡੂ ਦੇ ਸਿਰ ਤੇ ਦੁਬਾਰਾ ਪਹਾੜ ਡਿੱਗ ਪਿਆ ਹੋਵੇ, ਪਰ ਉਹ ਬੋਲਿਆ ਕੁੱਝ ਨਾ ਕਿਉਂਕਿ ਉਹ ਆਪਣੇ ਆਪ ਨੂੰ ਦੋਸ਼ੀ ਮੰਨ ਰਿਹਾ ਸੀ ਕਿ ਉਹ ਚਾਚੇ ਦਾ ਕੰਮ ਨੀਂ ਕਰ ਸਕਿਆ।

  ਰੋਡੂ ਦੁਬਾਰਾ ਫੇਰ ਮੁੜਕੇ ਉਸੇ ਪਿੰਡ ਚਲਿਆ ਗਿਆ ਜਿਸ ਪਿੰਡ ਦੇ ਠੇਕੇ ਤੋਂ ਉਹ ਪਹਿਲਾਂ ਮੁੜ ਕੇ ਆਇਆ ਸੀ। ਦੁਪਿਹਰ ਤੋਂ ਬਾਅਦ ਕੁੱਝ ਵੀ ਨਾ ਖਾਣ ਕਰਕੇ ਉਸਨੂੰ ਹੁਣ ਭੁੱਖ ਵੀ ਲੱਗ ਆਈ ਸੀ। ਦੂਸਰਾ ਉਸ ਨੂੰ ਥਕਾਵਟ ਵੀ ਮਹਿਸੂਸ ਹੋਣ ਲੱਗ ਪਈ ਸੀ ਅਤੇ ਠੰਡ ਵੀ ਜੋਰ ਫੜ੍ਹ ਰਹੀ ਸੀ। ਪਰ ਉਹ ਇਸ ਤਰ੍ਹਾਂ ਦੀ ਮੁਸੀਬਤ ਵਿੱਚ ਫਸ ਚੁੱਕਾ ਸੀ ਕਿ ਉਹ ਚਾਹੁੰਦੇ ਹੋਏ ਵੀ ਨਿਕਲ ਨਹੀਂ ਸਕਦਾ ਸੀ।ਭਾਵੇਂ ਉਸ ਦੀ ਤਾਕਤ ਜਵਾਬ ਦੇ ਰਹੀ ਸੀ ਫੇਰ ਉਹ ਅੰਦਰੋ ਚਾਹੁੰਦਾ ਸੀ ਕਿ ਉਹ ਚਾਚੇ ਨੂੰ ਬੋਤਲ ਲਿਆ ਦੇਵੇ।

  ਉਹ ਹੁਣ ਜਲਦੀਂ ਜਲਦੀਂ ਸਾਇਕਲ ਦੇ ਪੈਡਲ ਮਾਰਦਾ ਹੋਇਆ ਚਾਚੇ ਦੇ ਦੱਸੇ ਅਨੁਸਾਰ ਉਸ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਕੁ ਚਾਚੇ ਨੇ ਦਰਬਾਰੇ ਦਾ ਘਰ ਦੱਸਿਆ ਸੀ।ਉਸ ਨੇ ਫੇਰ ਵੀ ਇੱਕ ਆਦਮੀ ਤੋਂ ਦਰਬਾਰੇ ਦਾ ਘਰ ਪੁੱਛ ਲਿਆ। ਆਦਮੀ ਜੋ ਅੱਧਖੜ ਉਮਰ ਦਾ ਸੀ। ਰੋਡੂ ਵੱਲ ਦੇਖ ਕੇ ਕਹਿਣ ਲੱਗਾ, " ਕਾਕਾ , ਕੀ ਕੰਮ ਕਰਦਾ ਹੁੰਨਾ"।  " ਜੀ, ਮੈਂ ਫੇਰੀ ਦਾ ਕੰਮ ਕਰਦਾ ਆਂ" ਰੋਡੂ ਨੇ ਹਲੀਮੀ ਨਾਲ ਉੱਤਰ ਦਿੱਤਾ।

  " ਇੰਨੇ ਹਨ੍ਹੇਰੇ ਤੂੰ ਦਰਬਾਰੇ ਤੋਂ ਕੀ ਲੈਣਾ"। ਆਦਮੀ ਨੇ ਪੁਸ਼ਟੀ ਲਈ ਪੁੱਛਿਆ।

  " ਜੀ…..ਜੀ………ਕੁੱਝ ਨਹੀਂ" ਰੋਡੂ ਨੇ ਭੋਲੇਪਣ ਵਿੱਚ ਉੱਤਰ ਦਿੱਤਾ।

  " ਦੇਖ ਬਈ ! ਇੱਕ ਤਾਂ ਤੂੰ ਮਿਹਨਤ ਮਜ਼ਦੂਰੀ ਵਾਲਾ ਬੰਦਾ, ਦੂਜਾ ਤੇਰੀ ਉਮਰ ਵੀ ਅਜੇ ਬਹੁਤ ਛੋਟੀ ਐ, ਜੇ ਤੂੰ ਹੁਣੇ ਤੋਂ ਸ਼ਰਾਬ ਪੀਣ ਲੱਗ ਗਿਆ, ਕਾਕਾ ਤੇਰਾ ਬਹੁਤ ਨੁਕਸਾਨ ਹੋ ਜਾਣਾ" ਆਦਮੀ ਨੇ ਸਿੱਖਿਆ ਦੇਣ ਦੇ ਲਹਿਜ਼ੇ ਨਾਲ ਕਿਹਾ।

  " ਜੀ..ਮੈਂ…ਸ਼ਰਾਬ ਨਹੀਂ ਪੀਦਾਂ……ਮੈਨੂੰ ਤਾਂ ਕਿਸੇ ਨੇ ਲੈਣ ਲਈ ਭੇਜਿਆ" ਰੋਡੂ ਨਾ ਆਪਣੀ ਸਫ਼ਾਈ ਪੇਸ਼ ਕੀਤੀ।

  " ਅੱਛਾ, ਅੱਗੇ ਤੋਂ ਕਿਸੇ ਨੂੰ ਲਜਾ ਕੇ ਵੀ ਨਾ ਦੇਈਂ, ਉਹ ਸਾਹਮਣਾ ਘਰ ਦਰਬਾਰਾ ਦਾ ਹੀ ਐ"। ਆਦਮੀ ਨੇ ਇਸ਼ਾਰਾ ਕਰਕੇ ਦੱਸਿਆ।

  ਰੋਡੂ ਨੇ ਦਰਬਾਰੇ ਦੇ ਘਰ ਦੇ ਦਰਵਾਜ਼ੇ ਦਾ ਕੁੰਡਾ ਖੜਕਾਇਆ। ਅੰਦਰੋ ਅਵਾਜ਼ ਆਈ, "  ਕੋਣ"। ਰੋਡੂ ਨਾ ਬੋਲਿਆ। ਉਸ ਨੇ ਫੇਰ ਦੁਬਾਰਾ ਕੁੰਡਾ ਖੜਕਾਇਆ।ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ।

  " ਹਾਂ, ਭਾਈ ਕੀ ਗੱਲ ਹੈ? ਕਿਉਂ, ਦਰਵਾਜ਼ਾ ਭੰਨਿਆ, ਦੱਸ ਕੀ ਕੀਹਨੂੰ ਮਿਲਣਾ ? ਔਰਤ ਨੇ ਇਕੋ ਸਾਹੇਂ ਕਈ ਸਵਾਲ ਕਰ ਦਿੱਤੇ।

  " ਜੀ, ਮੈਂ ਸ਼ਰਾਬ ਦੀ ਬੋਤਲ , ਲੈਣ ਆਇਆ ਸੀ"।  ਰੋਡੂ ਸਿੱਧਾ ਉੱਤਰ ਦਿੱਤਾ ।

  " ਮੇਰੇ ਪਿਉ ਦਿਆ ਸਾਲਿਆ, ਇੱਥੇ ਕੌਣ ਸ਼ਰਾਬ ਵੇਚਦਾ, ਕਿਹੜੇ ਕੰਜ਼ਰ ਨੇ ਕਿਹਾ ਕਿ ਇਸ ਘਰੋਂ ਸ਼ਰਾਬ ਮਿਲਦੀ ਆ"। ਔਰਤ ਨੇ ਤਾਂ ਗਾਲ੍ਹਾਂ ਦੀ ਝੜੀ ਹੀ ਲਾ ਦਿੱਤੀ ਅਤੇ ਰੋਡੂ ਨੂੰ ਮਾਰਨ ਨੂੰ ਤਿਆਰ ਹੋ ਗਈ । ਰੋਲ਼੍ਹਾ ਪੈਦਾਂ ਸੁਣ ਆਢੀ-ਗੁਆਢੀਂ ਬਾਹਰ ਨਿਕਲ ਆਏ। ਭਾਵੇਂ ਸਾਰੇ ਹੀ ਜਾਣਦੇ ਸਨ ਕਿ ਦਰਬਾਰਾ ਸ਼ਰਾਬ ਵੇਚਦਾ ਪਰ ਸਾਰੇ ਰੋਡੂ ਮਗਰ ਹੀ ਪੈ ਗਏ। ਵੱਖ ਤਰ੍ਹਾਂ ਦੀਆਂ ਗੱਲਾਂ ਰੋਡੂ ਦੇ ਕੰਨੀਂ ਅਵਾਜ਼ਾਂ ਪੈਣ ਲੱਗੀਆਂ।

   " ਦੇਖੋ, ਨੀ………ਕੀ ਲ੍ਹੋੜਾ ਆ ਗਿਆ। ਇਸ ਦੀ ਇਹ ਉਮਰ ਸ਼ਰਾਬ ਪੀਣ ਦੀ ਐ"।

  " ਨੀ……ਇਹ ਤਾਂ ਦੇਖਣ ਨੂੰ ਹੀ ਗ਼ਰੀਬ ਜਿਹਾ ਲੱਗਦਾ……ਨੀ ਜਿਵੇਂ ਦਿਹਾੜੀ ਲਾ ਕੇ ਆਇਆ ਹੋਵੇ"

  " ਸਾਲਿਆ, ਖੜ੍ਹ ਜਾ ਅਸੀਂ ਦਿੰਦੇ ਹਾਂ, ਤੈਨੂੰ ਬੋਤਲ ਇੱਕ ਨੌਜਵਾਨ ਨੇ ਤਾਂ ਰੋਡੂ ਦੇ ਦੋ ਤਿੰਨ ਘਸੁੰਨ ਹੀ ਜੜ ਦਿੱਤੇ"

  " ਮੈਨੂੰ ਤਾਂ………..ਚਾਚੇ ਨੇ………ਚਾਚੇ ਨੇ…….ਭੇਜਿਆ …………." ਰੋਡੂ ਦੀ ਅਵਾਜ਼ ਗਲ਼ ਵਿੱਚ ਹੀ ਦਬ ਗਈ।

  " ਸਾਲਾ ਚਾਚੇ ਦਾ ………..ਭੱਜ ਜਾ ਇੱਥੋਂ ………ਨਹੀਂ ਤਾਂ ਪੁਲਿਸ ਨੂੰ ਫੜ੍ਹਾ ਦੇਵਾਂਗੇ" ਕਿਸੇ ਦੀ ਵਿੱਚੋਂ ਅਵਾਜ਼ ਆਈ।

  ਰੋਡੂ ਨੇ ਸਾਇਕਲ ਚੁੱਕਿਆ ਤੇ ਪਤਰੇ ਹੋ ਗਿਆ। ਚਾਚੇ ਕੋਲ ਆ ਕੇ ਉਸ ਨੇ 60 ਰੁਪਏ ਚਾਚੇ ਨੂੰ ਫੜ੍ਹਾ ਕੇ ਸਾਇਕਲ ਘਰ ਨੂੰ  ਸਿੱਧਾ ਕਰ ਲਿਆ।

  ਚਾਚਾ ਅਵਾਜ਼ਾਂ ਮਾਰੇ, "ਉਏ ! ਰੋਡੇ……ਬੋਤਲ………ਬੋਤਲ………"।

  ਪਰ ਰੋਡੂ ਨੂੰ ਕੁੱਝ ਵੀ ਸੁਣਾਈ ਨਹੀਂ ਸੀ ਦੇ ਰਿਹਾ।