ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਪਾਕਿਸਤਾਨ ਯਾਤਰਾ - ਕਿਸ਼ਤ-2 (ਸਫ਼ਰਨਾਮਾ )

  ਬਲਬੀਰ ਮੋਮੀ   

  Email: momi.balbir@yahoo.ca
  Phone: +1 905 455 3229
  Cell: +1 416 949 0706
  Address: 9026 Credit View Road
  Brampton L6X 0E3 Ontario Canada
  ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  order abortion pill online uk

  abortion pill online redirect where to buy abortion pill uk

  ਪਾਕਿਸਤਾਨ ਵਿਚ ਦੂਜਾ ਦਿਨ

  14 ਮਾਰਚ ਨੂੰ ਇਸਲਾਮਾਬਾਦ ਹੋਟਲ ਵਿਚ ਸਵੇਰ ਦਾ ਬਰੇਕਫਾਸਟ ਕਰ ਕੇ ਪਾਕਿਸਤਾਨ ਦੀ ਨੈਸ਼ਨਲ ਲਾਇਬਰੇਰੀ ਦੇ ਵਡੇ ਹਾਲ ਵਿਚ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪੁਜਣਾ ਸੀ। ਬਾਹਰ ਛੋਟੀਆਂ ਛੋਟੀਆਂ ਕਈ ਬੱਸਾਂ ਡੈਲੀਗੇਟਸ ਦਾ ਇੰਤਜ਼ਾਰ ਕਰ ਰਹੀਆਂ ਸਨ ਜਿਨ੍ਹਾਂ ਵਿਚ ਗਿਣਤੀ ਮੁਤਾਬਕ ਸਾਨੂੰ ਬਠਾਇਆ ਜਾ ਰਿਹਾ ਸੀ। ਜਿਵੇਂ ਕਿ ਮੈਂ ਪਿਛੇ ਵੀ ਲਿਖ ਚੁਕਾ ਹਾਂ ਕਿ ਹੋਟਲ ਵਿਚ ਅੰਦਰ ਦਾਖਲ ਹੋਣ ਲਈ ਅਤੇ ਬਾਹਰ ਨਿਕਲਣ ਲਈ ਸਿਕਿਓਰਟੀ ਦਾ ਬੜਾ ਸਖਤ ਪ੍ਰਬੰਧ ਸੀ। ਜਿੰਨੀ ਵਾਰ ਵੀ ਭਾਵੇਂ ਇਕ ਮਿੰਟ ਲਈ ਹੀ ਬਾਹਰ ਨਿਕਲ ਕੇ ਫਿਰ ਅੰਦਰ ਦਾਖਲ ਹੋਵੋ, ਸਿਕਿਓਰਟੀ ਦੇ ਗੇਟ ਵਿਚੋਂ ਸੈੱਲ ਫੋਨ, ਸਿੱਕੇ ਅਤੇ ਚਾਬੀਆਂ ਆਦਿ ਇਕ ਟਰੇ ਵਿਚ ਰੱਖ ਕੇ eਸੇ ਤਰ੍ਹਾਂ ਹੀ ਲੰਘਣਾ ਪੈਂਦਾ ਸੀ ਜਿਸ ਤਰ੍ਹਾਂ ਏਅਰਪੋਰਟਸ ਤੇ ਸਿਕਿਓਰਟੀ ਚੈੱਕ ਅਪ ਵੇਲੇ ਲੰਘੀ ਦਾ ਹੈ।  ਕਾਨਫਰੰਸ ਹਾਲ ਵਿਚ ਜਾਣ ਤੋਂ ਪਹਿਲਾਂ ਸਭ ਨੇ ਹੋਟਲ ਵਿਚੋਂ ਚੰਗਾ ਹੈਵੀ ਬਰੇਕਫਾਸਟ ਜੋ ਲੰਚ ਨਾਲੋਂ ਵੀ ਭਾਰੀ ਅਤੇ ਕਈ ਪਰਕਾਰ ਦੇ ਖਾਣਿਆਂ ਦੀ ਸਹੂਲਤ ਨਾਲ ਭਰਪੂਰ ਸੀ, ਕਰ ਲਿਆ ਸੀ। ਹੁਣ ਨੈਸ਼ਨਲ ਲਾਇਬਰੇਰੀ ਪਹੁੰਚਣ ਲਈ ਵਖ ਵਖ ਬੱਸਾਂ ਵਿਚ ਬੈਠ ਰਹੇ ਸਾਂ। ਆਖਰ ਸਿਕਿਓਰਟੀ ਦੀਆਂ ਗੱਡੀਆਂ ਦੇ ਪਿਛੇ ਪਿਛੇ ਅਸੀਂ ਜਲਦੀ ਹੀ ਨੈਸ਼ਨਲ ਲਾਇਬਰੇਰੀ ਪਹੁੰਚ ਗਏ। ਪਾਕਿਸਤਾਨ ਦੀ ਸੈਕਟਰੀਏਟ ਅਤੇ ਪਾਰਲੀਮੈਂਟ ਦੀਆਂ ਬਿਲਡਿੰਗਜ਼ ਵੀ ਏਥੋਂ ਨੇੜੇ ਹੀ ਪੈਂਦੀਆਂ ਸਨ। ਨੈਸ਼ਨਲ ਲਾਇਬਰੇਰੀ ਦੇ ਬਾਹਰ ਜਦ ਬੱਸਾਂ ਵਿਚੋਂ ਅਸੀਂ ਉਤਰੇ ਤਾਂ ਓਥੇ ਵੀ ਸਿਕਿਓਰਟੀ ਚੈੱਕ ਅਪ ਬਹੁਤ ਸਖਤ ਸੀ ਅਤੇ ਪਾਕਿਸਤਾਨ ਪੁਲਸ ਦੇ ਕਈ ਅਫਸਰ ਵਰਦੀ ਅਤੇ ਬਿਨਾਂ ਵਰਦੀ ਬਦੇਸ਼ਾਂ ਵਿਚੋਂ ਆਏ ਡੈਲੀਗੇਟਸ ਦੀ ਹਿਫਾਜ਼ਤ ਲਈ ਤਾਇਨਾਤ ਸਨ। ਇਥੇ ਨੈਸ਼ਨਲ ਲਾਇਬਰੇਰੀ ਆਡੀਟੋਰੀਅਮ ਦੇ ਬਾਹਰ ਵੀ ਚਾਹ ਪਾਣੀ ਦਾ ਪ੍ਰਬੰਧ ਸੀ। ਇਕ ਨੁਕਰੇ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਨੇ ਆਪਣੀਆਂ ਛਪੀਆਂ ਵਧੀਆ ਕਿਤਾਬਾਂ ਦੀ ਨੁਮਾਇਸ਼ ਵੀ ਲਾਈ ਹੋਈ  ਸੀ। ਇਨ੍ਹਾਂ ਵਿਚ ਫਖਰ ਜ਼ਮਾਨ ਦੀਆਂ ਵਡੇ ਆਕਾਰ ਵਿਚ ਛਪੀਆਂ ਕਈ ਕਿਤਾਬਾਂ ਪਈਆਂ ਸਨ ਅਤੇ ਅੰਮ੍ਰਿਤਾ ਪ੍ਰੀਤਮ ਬਾਰੇ ਵੀ ਬਹੁਤ ਵਡੇ ਆਕਾਰ ਵਿਚ ਛਪੀ ਕਿਤਾਬ ਪਈ ਸੀ। ਵਖ ਵਖ ਵਿਸ਼ਿਆਂ ਤੇ ਛਪੀਆਂ ਕਿਤਾਬਾਂ ਵੇਖ ਕੇ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਕੀਤੇ ਕੰਮ ਦੀ ਸ਼ਲਾਘਾ ਕਰਨੀ ਬਣਦੀ ਸੀ। ਇਥੇ ਵੀ ਇਕੋ ਇਕ ਪਗੜੀ ਵਾਲਾ ਸਰਦਾਰ ਹੋਣ ਕਰ ਕੇ ਜਿਥੇ ਟੀ ਵੀ ਅਤੇ ਪ੍ਰਿੰਟ ਮੀਡੀਏ ਦੇ ਕੈਮਰੇ ਮੇਰੇ ਵੱਲ ਲੋੜੋਂ ਵੱਧ ਧਿਆਨ ਦੇ ਰਹੇ ਸਨ ਓਥੇ ਕਾਨਫਰੰਸ ਵਿਚ ਆਏ ਬਾਹਰਲੇ ਦੇਸ਼ਾਂ ਦੇ  ਲੇਖਕ ਅਤੇ ਪਾਕਿਸਤਾਨੀ ਲੇਖਕ ਵਿਸ਼ੇਸ਼ ਤੌਰ ਤੇ ਮੇਰੇ ਨਾਲ ਫੋਟੋਜ਼ ਲੁਹਾ ਰਹੇ ਸਨ। ਇਹ ਲਿਖਣਾ ਅਤਿਕਥਨੀ ਨਹੀਂ ਕਿ ਜ਼ਿੰਦਗੀ ਵਿਚ ਕਦੇ ਮੇਰੀਆਂ ਐਨੀਆਂ ਤਸਵੀਰਾਂ ਨਹੀਂ ਲਈਆਂ ਗਈਆਂ ਜਿੰਨੀਆਂ ਇਸ ਮੌਕੇ ਤੇ ਲਈਆਂ ਜਾ ਰਹੀਆਂ ਸਨ। ਇਕ ਦੂਜੇ ਨਾਲ ਵਿਜ਼ਟਿੰਗ ਕਾਰਡਜ਼ ਵਟਾਏ ਜਾ ਰਹੇ ਸਨ। ਮੈਨੂੰ ਪਾਕਿਸਤਾਨ ਵਿਚ ਚਿੱਪ ਪਵਾ ਕੇ ਸੱੈਲ ਫੋਨ ਲਿਆਂ ਇਕ ਦਿਨ ਹੀ ਹੋਇਆ ਸੀ ਅਤੇ ਇਹ ਨੰਬਰ ਮੈਨੂੰ ਯਾਦ ਨਹੀਂ ਹੋਇਆ ਸੀ। ਇਸ ਲਈ ਜਦ ਵੀ ਕੋਈ ਫੋਨ ਨੰਬਰ ਮੰਗਦਾ ਤਾਂ ਮੈਨੂੰ ਡਾਇਰੀ ਵਿਚੋਂ ਵੇਖ ਕੇ ਨੰਬਰ ਦੇਣਾ ਪੈਂਦਾ ਸੀ। ਫਿਰ ਮੈਂ ਇਹ ਨੰਬਰ ਆਪਣੇ ਬਹੁਤ ਸਾਰੇ ਵਿਜ਼ਟਿੰਗ ਕਾਰਡਜ਼ ਉਤੇ ਲਿਖ ਵੀ ਲਿਆ ਅਤੇ ਜਦ ਕੋਈ ਫੋਨ ਮੰਗਦਾ ਤਾਂ ਮੈਂ ਆਪਣਾ ਵਿਜ਼ਟਿੰਗ ਕਾਰਡਜ ਦੇ ਦਿੰਦਾ ਜਿਸ ਉਤੇ ਮੇਰੇ ਕੈਨੇਡਾ ਦੇ ਫੋਨ ਨੰਬਰਜ਼, ਪਤਾ ਅਤੇ ਈਮੇਲਜ਼ ਵੀ ਲਿਖੇ ਹੋਏ ਸਨ, ਉਸ ਨੂੰ ਦੇ ਦਿੰਦਾ।

  ਜਿਵੇਂ ਜਿਵੇਂ ਲੋਕ ਆਡੀਟੋਰੀਅਮ ਅੰਦਰ ਦਾਖਲ ਹੋ ਕੇ ਸੀਟਾਂ ਮੱਲ ਰਹੇ ਸਨ, ਤਾਂ ਉਹਨਾਂ ਦੀਆਂ ਫੋਟੋਜ਼ ਵਾਲੇ ਪਛਾਣ ਟੈਗ ਜਿਨ੍ਹਾਂ ਉਤੇ ਫੋਟੋ ਲੱਗੀ ਹੋਈ ਸੀ, ਉਹਨਾਂ ਦੇ ਗਲਾਂ ਵਿਚ ਪਾਏ ਜਾ ਰਹੇ ਸਨ। ਮੈਂ ਵੀ ਆਪਣਾ ਨਾਂ ਅਤੇ ਫੋਟੋ ਵਾਲਾ ਟੈਗ ਆਪਣੇ ਗਲ ਵਿਚ ਪਾਇਆ ਅਤੇ ਆਡੀਟੋਰੀਅਮ ਅੰਦਰ ਦਾਖਲ ਹੋ ਕੇ ਫਰੰਟ ਰੋਅ ਦੀ ਇਕ ਖਾਲੀ ਪਈ ਸੀਟ ਤੇ ਬੈਠ ਗਿਆ। ਇਕ ਦਮ ਹੀ ਕਈ ਕੈਮਰਿਆਂ ਵਾਲਿਆਂ ਨੇ ਮੇਰੀਆਂ ਫੋਟੋਜ਼ ਖਿਚ ਲਈਆਂ ਅਤੇ ਟੀ ਵੀ ਵਾਲਿਆਂ ਨੇ ਵੀ। ਫਖਰ ਜ਼ਮਾਨ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਚੇਅਰਮੈਨ ਹੋਣ ਦੇ ਨਾਤੇ ਹੈੱਡ ਟੇਬਲ ਤੇ ਬੈਠੇ ਸਨ ਅਤੇ ਅਕੈਡਮੀ ਦੇ ਕਾਰਿੰਦੇ ਉਹਦੇ ਇਸ਼ਾਰਿਆਂ ਤੇ ਸਾਰਾ ਇੰਤਜ਼ਾਮ ਠੀਕ ਤਰ੍ਹਾਂ ਚਲਾਉਣ ਲਈ ਬੜੀ ਵਚਨ ਬਧਤਾ ਨਾਲ ਕੰਮ ਕਰ ਰਹੇ ਸਨ। ਫਖਰ ਜ਼ਮਾਨ ਦੀਆਂ ਅਖਾਂ ਸਭ ਨੂੰ ਬੜੀ ਬਾਰੀਕੀ ਨਾਲ ਨਿਘਾਰ ਰਹੀਆਂ ਸਨ। ਕਾਨਫਰੰਸ ਦੇ ਕੋਆਰਡੀਨੇਟਰ ਡਾ: ਅਬਦਾਲ ਬੇਲਾ ਨੇ ਸਟੇਜ ਸੰਭਾਲੀ ਅਤੇ ਇੰਟਰਨੈਸ਼ਨਲ ਕਾਨਫਰੰਸ ਆਨ ਸੂਫੀਇਜ਼ਮ ਐਂਡ ਪੀਸ ਦਾ ਅਰੰਭ ਪਵਿਤਰ ਕੁਰਾਨ ਦੀਆਂ ਆਇਤਾਂ ਨਾਲ ਸ਼ੁਰੂ ਹੋਇਆ।


  ਅਮਜਦ ਸਲੀਮ ਮਿਨਹਾਸ, ਬਾਬਾ ਨਜਮੀ, ਆਸਫ ਰਜ਼ਾ, ਅਸ਼ਫਾਕ ਹੁਸੈਨ ਆਦਿ

  ਇਸ ਤੋਂ ਬਾਅਦ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਪ੍ਰੈਜ਼ੀਡੰਟ ਜਨਾਬ ਫਖਰ ਜ਼ਮਾਨ ਨੇ ਆਪਣਾ ਕੁੰਜੀਵਤ ਭਾਸ਼ਨ ਦਿਤਾ ਅਤੇ ਕਾਨਫਰੰਸ ਦੀ ਲੋੜ ਅਤੇ ਮਹੱਤਤਾ ਬਾਰੇ ਖੁਲ੍ਹ ਕੇ ਚਾਨਣਾ ਪਾਇਆ। ਮੂਲ ਮੁਦਾ ਸੀ ਕਿ ਪਾਕਿਸਤਾਨ ਮਜ਼੍ਹਬੀ ਕੱਟੜਤਾ, ਜਨੂੰਨ ਤੇ ਅਤਿਵਾਦ ਨੂੰ ਨਿੰਦਦਾ ਅਤੇ ਅਮਨਪਸੰਦੀ ਦੇ ਪਰਤੀਕ ਸੂਫੀਇਜ਼ਮ ਵਿਚ ਯਕੀਨ ਰਖਦਾ ਹੈ। ਤਾੜੀਆਂ ਦੀ ਗੂੰਜ ਵਿਚ ਕਾਨਫਰੰਸ ਦਾ ਅਰੰਭ ਹੋ ਗਿਆ। ਇਸ ਪਿਛੋਂ ਸਟੇਜ ਸੈਕਟਰੀ ਨੇ ਪੇਪਰ ਪੇਸ਼ ਕਰਨ ਲਈ ਸਵੀਡਨ ਤੋਂ ਆਏ ਮਿਸਟਰ ਪੀਟਰ ਕਰਮਨ ਨੂੰ ਸਟੇਜ ਤੇ ਆਉਣ ਲਈ ਕਿਹਾ ਅਤੇ ਉਹਨਾਂ ਨੇ ਆਪਣਾ ਪੇਪਰ ਪੇਸ਼ ਕੀਤਾ। ਵਿਦਵਾਨ ਲੇਖਕਾਂ ਵੱਲੋਂ ਪੜ੍ਹੇ ਗਏ ਸਾਰੇ ਪੇਪਰ ਅੰਗਰੇਜ਼ੀ ਵਿਚ ਸਨ ਅਤੇ ਪੇਪਰਜ਼ ਵਿਚ ਸੂਫੀਇਜ਼ਮ ਦੇ ਹਵਾਲਿਆਂ ਨਾਲ ਸੰਸਾਰ ਸ਼ਾਂਤੀ ਦੀ ਗੱਲ ਕੀਤੀ ਗਈ ਸੀ। ਅਕਸਰ ਵਖ ਵਖ ਦੇਸ਼ਾਂ ਵਿਚ ਹੋਏ ਸੂਫੀ ਸੇਂਟਸ ਦੀਆਂ ਰਚਨਾਵਾਂ ਦੇ ਹਵਾਲੇ ਵੀ ਦਿਤੇ ਹੋਏ ਸਨ। ਮਿਸਟਰ ਪੀਟਰ ਕਰਮਨ ਤੋਂ ਬਾਅਦ ਇਟਲੀ ਤੋਂ ਆਏ ਵਿਦਵਾਨ ਮਿਸਟਰ ਵੀਟੋ ਸਾਲੀਰਨੋ, ਚਾਈਨਾ ਤੋਂ ਆਈ ਮਿਸ ਜ਼ਹੂ ਯਾਨ ਅਤੇ ਜਰਮਨੀ ਤੋਂ ਆਏ ਮਿਸਟਰ ਜਰਡ ਲੀਨਵੈਬਰ ਨੇ ਆਪੋ ਆਪਣੇ ਪੇਪਰਜ਼ ਪੇਸ਼ ਕੀਤੇ। ਸਾਢੇ ਗਿਆਰਾਂ ਵਜੇ ਪ੍ਰੈਜ਼ੀਡੰਟ ਆਫ ਪਾਕਿਸਤਾਨ ਮਿਸਟਰ ਆਸਫ ਜ਼ਰਦਾਰੀ ਨੇ ਸਾਰੇ ਡੈਲੀਗੇਟਸ ਨੂੰ ਮੁਖਾਤਬ ਕਰਨਾ ਸੀ ਪਰ ਆਪਣੇ ਰੁਝੇਵਿਆਂ ਕਾਰਨ ਉਹ ਆ ਨਾ ਸਕੇ। ਇਸ ਪਰੋਗਰਾਮ ਦੇ ਉਲਟ ਰਾਸ਼ਟਰਪਤੀ ਜ਼ਰਦਾਰੀ ਨੇ ਅਗਲੇ ਦਿਨ ਸਾਰੇ ਡੈਲੀਗੇਟਸ ਨੂੰ ਪ੍ਰੈਜ਼ੀਡੰਟ ਹਾਊਸ ਵਿਚ ਦੋਪਹਿਰ ਦੇ ਖਾਣੇ ਤੇ ਬੁਲਾ ਲਿਆ। ਕਾਨਫਰੰਸ ਦਾ ਪਹਿਲਾ ਸੈਸ਼ਨ ਖਤਮ ਹੋਇਆ ਤੇ  ਦੋ ਘੰਟੇ ਦੀ ਰੀਫਰੈਸ਼ਮੈਂਟ ਅਤੇ ਲੰਚ ਲਈ ਡੈਲੀਗੇਟਸ ਆਡੀਟੋਰੀਅਮ ਤੋਂ ਬਾਹਰ ਹਾਲ ਵਿਚ ਆ ਗਏ। ਇਥੇ ਹੀ ਪਾਕਿਸਤਾਨ ਦੀ ਅਮੀਰ ਅਤੇ ਮਸ਼ਹੂਰ ਸ਼ਾਇਰਾ ਲੇਖਿਕਾ ਸਰਵਤ ਮੁਹੀਉਦੀਨ ਵੀ ਮਿਲ ਗਈ ਜੋ ਮੈਨੂੰ ਅਤੇ ਟਰਾਂਟੋ ਤੋਂ ਆਏ ਅਸ਼ਫਾਕ ਹੁਸੈਨ ਨੂੰ ਲਭ ਰਹੀ ਸੀ। ਕਾਨਫਰੰਸ ਖਤਮ ਹੋਣ ਤੋਂ ਅਗਲੇ ਦਿਨ ਓਸ ਮੈਨੂੰ ਅਤੇ ਅਸ਼ਫਾਕ ਹੁਸੈਨ ਨੂੰ ਆਪਣੇ ਇਸਲਾਮਾਬਾਦ ਵਾਲੇ ਘਰ ਵਿਚ ਦੋਪਹਿਰ ਦਾ ਖਾਣਾ ਖਾਣ ਦੀ ਦਾਅਵਤ ਦੇ ਦਿਤੀ। ਸਰਵਤ ਦਾ ਇਸਲਮਾਬਾਦ ਵਿਚ ਵੀ ਘਰ ਹੈ ਅਤੇ ਲਾਹੌਰ ਦੀ ਗੁਲਬਰਗ ਆਬਾਦੀ ਵਿਚ ਵੀ। ਸਰਵਤ ਅਕਸਰ ਟਰਾਂਟੋ ਆਉਂਦੀ ਰਹਿੰਦੀ ਹੈ। ਉਹ ਬੜੀ ਪੜ੍ਹੀ ਲਿਖੀ, ਖੂਬਸੂਰਤ, ਮੁਹਜ਼ੱਬ ਅਤੇ ਸ਼ਾਇਸਤਾ ਔਰਤ ਹੈ। ਏਨੇ ਸਲੀਕੇ ਨਾਲ ਗੱਲ ਕਰਦੀ ਹੈ ਕਿ ਉਹਦੇ ਮੂੰਹੋਂ ਨਿਕਲੇ ਸ਼ਬਦ ਫੁੱਲਾਂ ਵਾਂਗ ਕਿਰਦੇ ਦਿਸਦੇ ਹਨ ਜੋ ਬੋਚ ਬੋਚ ਕੇ ਫੁੱਲਾਂ ਦੇ ਗੁਲਦਸਤੇ ਵਿਚ ਸਜਾਉਣੇ ਪੈਂਦੇ ਹਨ। ਸਾਰੀ ਕਾਨਫਰੰਸ ਅਤੇ ਗੁਜਰਾਤ ਯੂਨੀਵਰਸਿਟੀ ਤਕ ਮੈਨੂੰ ਅਤੇ ਸਰਵਤ ਨੂੰ ਕੁਝ ਦਿਨ ਇਕਠੇ ਵਿਚਰਣ ਦਾ ਮੌਕਾ ਮਿਲਿਆ। ਕਨਫਰੰਸ ਦੇ ਲੰਚ ਦਾ ਆਪਣਾ ਹੀ ਲੁਤਫ ਸੀ। ਪਾਕਿਸਤਾਨ ਵਿਚ ਗੋਸ਼ਤ ਪਕਾਉਣ ਦੇ ਆਪਣੇ ਹੀ ਨਿਰਾਲੇ ਤਰੀਕੇ ਅਤੇ ਰੈਸਪੀਜ਼ ਹਨ। ਖਾਣ ਨੂੰ ਬਹੁਤ ਕੁਝ ਸੀ, ਗੋਟ ਮੀਟ, ਚਿਕਨ, ਦਾਲ ਮਖਨੀ, ਰਾਇਤਾ, ਸਵੀਟਸ ਅਤੇ ਬਰਿਆਨੀ ਦਾ ਆਪਣਾ ਨਵੇਕਲਾ ਸਵਾਦ ਸੀ। ਸਿਰਫ ਬੋਤਲਾਂ ਵਾਲਾ ਪਾਣੀ ਨਾ ਹੋਣ ਕਰ ਕੇ ਮੈਨੂੰ ਦੂਜਾ ਪਾਣੀ ਪੀਣ ਤੋਂ ਡਰ ਲਦਾ ਸੀ ਭਾਵੇਂ ਉਹ ਪਾਣੀ ਫਿਲਟਰ ਦਾ ਸੀ। ਲੰਚ ਵਿਚ ਬਹੁਤ ਲੇਖਕ ਦੋਸਤ ਬਣ ਗਏ। ਲਗ ਭਗ ਸਭ ਨੇ ਮੈਨੂੰ ਆਪਣੀਆਂ ਕਿਤਾਬਾਂ ਬੜੇ ਅਦਬ ਤੇ ਪਿਆਰ ਨਾਲ ਭੇਟ ਕੀਤੀਆਂ। ਐਨੀਆਂ ਕਿਤਾਬਾਂ ਮੇਰੇ ਲਈ ਚੁਕਣੀਆਂ ਵੀ ਮੁਸ਼ਕਲ ਹੋ ਰਹੀਆਂ ਸਨ। ਉਰਦੂ ਵਿਚ ਵਡ ਆਕਾਰੀ ਰਸਾਲਾ ਕਢਣ ਵਾਲਾ ਨੌਜਵਾਨ ਜੱਟ ਲੇਖਕ ਰਿਆਜ਼ ਹਾਂਸ ਜੋ ਦੂਰ ਮੁਲਤਾਨ ਵੱਲੋਂ ਆਇਆ ਸੀ ਅਤੇ ਸੌ ਏਕੜ ਜ਼ਮੀਨ ਦਾ ਮਾਲਕ ਸੀ, ਨੇ ਆਪਣਾ  ਬਹੁਤ ਖੂਬਸੂਰਤ ਉਰਦੂ ਵਿਚ ਛਪਿਆ ਪਰਚਾ ਮੈਨੂੰ ਪੇਸ਼ ਕੀਤਾ। ਉਹ ਛੀਟਕਾ ਜਿਹਾ ਮੁਸਲਮਾਨ ਮੁੰਡਾ ਇਕ ਸਿੱਖ ਨੂੰ ਮਿਲ ਕੇ ਬਹੁਤ ਖੁਸ਼ ਹੋ ਰਿਹਾ ਸੀ। ਉਹਨੂੰ ਪਤਾ ਸੀ ਹਾਂਸ ਗੋਤ ਦੇ ਜੱਟ ਸਿੱਖ ਭਾਰਤੀ ਪੰਜਾਬ ਵਿਚ ਰਹਿੰਦੇ ਹਨ ਤੇ ਸਾਡੀ ਮੁਲਾਕਾਤ ਉਸ ਨੂੰ ਪੁਰਾਣਿਆਂ ਵੇਲਿਆਂ ਦੇ ਜੱਟਵਾਦ ਨਾਲ ਜੋੜ ਰਹੀ ਸੀ ਜਦੋਂ ਹਾਂਸ ਗੋਤ ਦੇ ਸਾਰੇ ਜੱਟ ਅਜੇ ਮੁਸਲਮਾਨ ਨਹੀਂ ਸਨ ਹੋਏ। ਉਹਨੂੰ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਬਹੁਤ  ਸਵਾਦ ਆ ਰਿਹਾ ਸੀ। ਉਹਨੂੰ ਲੇਖਕ ਹੋਣ ਦੇ ਨਾਲ ਨਾਲ ਮਾਨ ਸੀ ਕਿ ਉਹ ਜੱਟ ਸੀ ਤੇ ਮੁਲਤਾਨ ਜ਼ੇ ਦੇ ਇਕ ਪਿੰਡ ਵਿਚ ਸੌ ਏਕੜ ਜ਼ਮੀਨ ਦਾ ਮਾਲਕ ਵੀ।

  ਲੇਖਕ, ਬਲ ਅਨੰਦ (ਆਈ ਐਫ਼ ਐਸ਼) ਸਾਬਕਾ ਭਾਰਤੀ ਹਾਈ ਕਮਿਸ਼ਨਰ ਆਫ ਪਾਕਿਸਤਾਨ ਨਾਲ ਅਤੇ ਕਾਨਫਰੰਸ ਇਸਲਾਮਾਬਾਦ ਵਿਚ ਭਾਗ ਲੈਣ ਆਏ ਲੇਖਕਾਂ ਨਾਲ

  ਇਥੇ ਹੀ ਦੋਸਤ ਬਣੇ ਦੋ ਪਾਕਿਸਤਾਨੀ ਪੰਜਾਬੀ ਲੇਖਕਾਂ ਇਤਫਾਕ ਬੱਟ ਅਤੇ ਸਲੀਮ ਪਾਸ਼ਾ ਨੇ ਮੈਨੂੰ ਮਿਲੀਆਂ ਕਿਤਾਬਾਂ ਦਾ ਭਾਰ ਚੁਕ ਲਿਆ ਅਤੇ ਕਿਹਾ ਕਿ ਇਹ ਸਾਰੀਆਂ ਕਿਤਾਬਾਂ ਉਹ ਇਸਲਾਮਾਬਾਦ ਹੋਟਲ ਦੇ ਮੇਰੇ ਕਮਰੇ ਵਿਚ ਪੁਜਦੀਆਂ ਕਰ ਦੇਣਗੇ। ਸਲੀਮ ਪਾਸ਼ਾ ਕਈ ਵਾਰ ਹਿੰਦੋਸਤਾਨ ਜਾ ਆਇਆ ਸੀ ਅਤੇ ਓਸ ਆਪਣੀ ਕਿਤਾਬ "ਵੱਖ ਹੋਣ ਤੋਂ ਪਹਿਲਾਂ" ਅੰਮ੍ਰਿਤਾ ਪ੍ਰੀਤਮ ਨੂੰ ਅਰਪਨ ਕੀਤੀ ਸੀ। ਰਾਤ ਨੂੰ ਉਹ ਤੇ ਇਤਫਾਕ ਬੱਟ ਅਕਸਰ ਮੇਰੇ ਕਮਰੇ ਵਿਚ ਆ ਜਾਂਦੇ ਅਤੇ ਮੇਰੀਆਂ ਲੋੜਾਂ ਦਾ ਖਾਸ ਖਿਆਲ ਰਖਦੇ। ਇਕ ਸ਼ਾਮ  ਇਤਫਾਕ ਬੱਟ ਹੋਟਲ ਦੇ ਪਿਛਵਾੜੇ ਪੈਂਦੇ ਬਲਾਕ ਵਿਚ ਇਕ ਫੂਡ ਕੋਰਟ ਵਿਚ ਲੈ ਗਿਆ ਜਿਥੇ ਉਹਨੇ ਇਸਲਾਮਾਬਾਦ ਦੀ ਇਕ ਦੁਕਾਨ ਤੋਂ ਮਛੀ ਦੇ ਪਕੌੜੇ ਖਵਾ ਕੇ ਇਸਲਾਮਾਬਾਦ ਦੀਆਂ ਯਾਦਾਂ ਵਿਚ ਹੋਰ ਵਾਧਾ ਕਰ ਦਿਤਾ।

  ਇਸ ਕਾਨਫਰੰਸ ਵਿਚ ਜਿਹੜੀ ਜ਼ਿਆਦਾ ਪ੍ਰਭਾਵਤ ਕਰਨ ਵਾਲੀ ਅਨੋਖੀ ਗੱਲ ਮੈਂ ਵੇਖੀ, ਉਹ ਇਹ ਸੀ ਕਿ ਇਸ ਕਾਨਫਰੰਸ ਵਿਚ ਬਤੌਰ ਡੈਲੀਗੇਟ ਸਮੂਲੀਅਤ ਕਰਨ ਆਈਆਂ ਮੁਸਲਿਮ ਔਰਤ ਲੇਖਿਕਾਵਾਂ ਜੋ ਆਮ ਤੌਰ ਤੇ ਪ੍ਰੋਫੈਸਰਜ, ਪ੍ਰਿੰਸੀਪਲਜ਼æ ਅਤੇ ਪੀæ ਐਚæ ਡੀæ ਦੀਆਂ ਡਿਗਰੀਆਂ ਨਾਲ ਲੈਸ ਸਨ, ਕਿਸੇ ਨੇ ਬੁਰਕਾ ਨਹੀਂ ਪਾਇਆ ਹੋਇਆ ਸੀ ਅਤੇ ਸਿਰ ਵੀ ਬਹੁਤ ਘਟ ਢਕੇ ਹੋਏ ਸਨ। ਕੁਝ ਕੁ ਨੇ ਭਾਰਤੀ ਪਹਿਰਾਵੇ ਵਾਲੀਆਂ ਸਾੜ੍ਹੀਆਂ ਬੰਨ੍ਹੀਆਂ ਹੋਈਆਂ ਸਨ ਜਦ ਕਿ ਪਾਕਿਸਤਾਨ ਵਿਚ ਵਧੇਰੇ ਔਰਤਾਂ ਸਲਵਾਰ ਕਮੀਜ਼ ਹੀ ਪੌਂਦੀਆਂ ਹਨ। ਮਰਦ ਵੀ ਲੰਮੇ ਝਗੇ ਅਤੇ ਸਲਵਾਰਾਂ ਪਾਉਂਦੇ ਹਨ। ਜਦ ਕਿ ਅਗਲੇ ਦਿਨ ਪ੍ਰੈਜ਼ੀਡੰਟ ਹਾਊਸ ਵਿਚ ਜਦ ਆਸਫ ਜ਼ਰਦਾਰੀ ਨੂੰ ਵੇਖਿਆ ਤਾਂ ਓਸ ਨੇ ਵੀ ਸਲਵਾਰ ਕਮੀਜ਼ ਪਾਈ ਹੋਈ ਸੀ ਅਤੇ ਉਪਰ ਛੋਟਾ ਕੋਟ ਪਾਇਆ ਹੋਇਆ ਸੀ। ਸਿਰ ਤੇ ਬਹੁਤ ਨਿੱਕੀ ਜਹੀ ਅਜੀਬ ਕਿਸਮ ਦੀ ਸਿੰਧੀ ਟੋਪੀ ਪਾਈ ਹੋਈ ਸੀ ਜੋ ਬਿਲਕੁਲ ਉਹਦੇ ਸਿਰ ਦੇ ਨਾਲ ਚਿਪਕੀ ਹੋਈ ਸੀ। ਇਸ ਤਰ੍ਹਾਂ ਦੀ ਟੋਪੀ ਅਕਸਰ ਨਿਮਾਜ਼ ਪੜ੍ਹਨ ਵੇਲੇ ਕੁਝ ਮੁਸਲਮਾਨ ਲੋਕ ਸਿਰ ਤੇ ਪਾਉਂਦੇ ਹਨ। ਕਈ ਮੁਸਲਮਾਨ ਸਲਵਾਰਾਂ ਅਕਸਰ ਗਿੱਟਿਆਂ ਤੋਂ ਉਚੀਆਂ ਪਹਿਣਦੇ ਹਨ। ਪਰ ਇਕ ਗੱਲ ਜੋ ਖਾਸ ਕਰ ਮੈਂ ਲਾਹੌਰ ਦੇ ਬਾਜ਼ਾਰਾਂ ਵਿਚ ਆ ਕੇ ਨੋਟ ਕੀਤੀ ਕਿ ਗਿੱਟਿਆਂ ਤਕ ਉਚੀਆਂ ਸਲਵਾਰਾਂ ਜਿਨ੍ਹਾਂ ਦੀ ਕਰੀਜ਼ ਪਾਸਿਆਂ ਵੱਲ ਜਾਂਦੀ ਸੀ, ਲੰਮੇ ਕੁੜਤਿਆਂ ਤੇ ਖਬੀਆਂ ਬੁਕਲਾਂ ਮਾਰੀਂ ਤੁਰਦੀਆਂ ਲਾਹੌਰਨਾਂ ਦੀ ਤੋਰ ਆਪਣੇ ਆਪ ਵਿਚ ਇਕ ਅਨੋਖੇ ਸਟਾਈਲ ਦੀ ਸੀ। ਇਹ ਵਖਰੀ ਤੋਰ ਇਕ ਅਜਿਹਾ ਪ੍ਰਭਾਵ ਛਡਦੀ ਸੀ ਜੋ ਮੁਸਲਿਮ ਸਭਿਆਚਾਰ ਦਾ ਵਖਰਾ ਚਿੰਨ੍ਹ ਸੀ। ਆਪਣੇ ਵਿਸ਼ੇਸ਼ ਅੰਦਾਜ਼ ਵਿਚ ਤੁਰਦੀਆਂ ਤੇ ਗੱਲਾਂ ਕਰਦੀਆਂ ਵੇਖ ਇੰਜ ਲਗਦਾ ਸੀ ਜਿਵੇਂ ਨਾ ਇਹਨਾਂ ਨੂੰ ਕੋਈ ਕਾਹਲ ਸੀ, ਨਾ ਕੋਈ ਚਿੰਤਾ, ਨਾ ਫਿਕਰ ਤੇ ਨਾ ਕੋਈ ਦਿਮਾਗੀ ਪ੍ਰੇਸ਼ਾਨੀ। ਲਾਹੌਰਨਾਂ ਦੀ ਮੜਕ ਦੁਨੀਆ ਵਿਚ ਮੰਨੀ ਹੋਈ ਹੈ ਅਤੇ ਮੈਂ ਕਿੰਨਾ ਖੁਸ਼ਨਸੀਬ ਸਾਂ ਕਿ ਮੈਨੂੰ ਮੜਕ ਨਾਲ ਤੁਰਨ ਵਾਲੀਆਂ ਮੁਸਲਿਮ ਔਰਤਾਂ ਨੂੰ ਵੇਖਣ ਦਾ ਅਵਸਰ ਮਿਲ ਰਿਹਾ ਸੀ।

  ਲੰਚ ਖਤਮ ਹੋਇਆ ਅਤੇ ਮੇਰੇ ਨਾਲ ਕਈ ਲੇਖਕ ਫੋਟੋਜ਼ ਲੁਹਾ ਰਹੇ ਸਨ ਤਾਂ ਇਕ ਨੌਜਵਾਨ ਮੌਲਵੀ ਲੜਕਾ ਜਿਸ ਨਾਲ ਦੋ ਛੀਟਕੇ ਜਹੇ ਘੱਟ ਉਮਰ ਦੇ ਲੜਕੇ ਸਨ, ਫੋਟੋ ਖਿਚਵਾ ਕੇ ਕਹਿਣ ਲੱਗਾ ਕਿ ਸਰਦਾਰ ਜੀ ਜੂਨ 1984 ਵਿਚ ਗੋਲਡਨ ਟੈਂਪਲ ਤੇ ਹੋਏ ਫੌਜੀ ਹਮਲੇ ਨਾਲ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਮੌਤਾਂ ਅਤੇ ਦਿੱਲੀ ਵਿਚ ਇੰਦਰਾ ਦੀ ਮੌਤ ਤੋਂ ਬਾਅਦ ਹੋਏ ਸਿੱਖ ਵਿਰੋਧੀ ਹਮਲਿਆਂ ਵਿਚ ਸਿੱਖਾਂ ਨੂੰ ਮਾਰਨ, ਜ਼ਿੰਦਾ ਜਲਾਉਣ, ਸਿੱਖ ਔਰਤਾਂ ਦੇ ਸਮੂਹਕ ਰੇਪ ਕਰਨ ਤੋਂ ਬਾਅਦ ਹੁਣ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਮਹਿਫੂਜ਼ ਸਮਝਦੇ ਹੋ। ਮੈਨੂੰ ਉਹਦੀ ਗੱਲ ਬੜੀ ਨਾਗਵਾਰ ਲੱਗੀ ਅਤੇ ਮੈਂ ਕਿਹਾ ਕਿ ਮੈਨੂੰ ਇਹੋ ਜਹੇ ਸਵਾਲ ਪੁਛਣ ਦਾ ਤੇਰਾ ਕੋਈ ਹੱਕ ਨਹੀਂ ਹੈ। ਸਿੱਖਾਂ ਨਾਲ ਭਾਰਤ ਵਿਚ ਕੋਈ ਵਿਤਕਰਾ ਨਹੀਂ ਹੈ ਅਤੇ ਜੇ ਹੈ ਤਾਂ ਉਹ ਪਾਕਿਸਤਾਨ ਵਿਚ ਹੈ। ਬਾਕੀ ਮੈਂ ਕੈਨੇਡਾ ਰਹਿੰਦਾ ਹਾਂ ਅਤੇ ਜੇ ਤੂੰ ਮੈਨੂੰ ਇਹੋ ਜਿਹਾ ਕੋਈ ਫਜ਼ੂਲ ਸਵਾਲ ਕੀਤਾ ਤਾਂ ਮੈਂ ਪ੍ਰਬੰਧਕਾਂ ਅਤੇ ਸਿਕਿਓਰਟੀ ਨੂੰ ਤੇਰੀ ਸ਼ਕਾਇਤ ਕਰਾਂਗਾ। ਫਿਰ ਵੀ ਉਹ ਬੜੀ ਬੇਸ਼ਰਮੀ ਨਾਲ ਗੱਲ ਬਾਤ ਨੂੰ ਜਾਰੀ ਰਖਣਾ ਚਹੁੰਦਾ ਸੀ ਅਤੇ ਜਦ ਮੈਂ ਹੋਰ ਸਖਤੀ ਨਾਲ ਕਿਹਾ ਤਾਂ ਉਹ ਤੇ ਉਹਦੇ ਨਾਲ ਦੇ ਦੋ ਮੁੰਡੇ ਲੰਚ ਹਾਲ ਵਿਚੋਂ ਚਲੇ ਗਏ। ਸਪਸ਼ਟ ਸੀ ਕਿ ਉਹ ਕਿਸੇ ਖੁਫੀਆ ਏਜੰਸੀ ਦੇ ਏਜੰਟ ਸਨ ਅਤੇ ਮੇਰੇ ਨਾਲ ਮੈਨੂੰ ਚੰਗੇ ਨਾ ਲੱਗਣ ਵਾਲੇ ਸਵਾਲ ਜਵਾਬ ਕਰ ਰਹੇ ਸਨ। ਇਸ ਪਿਛੇ ਕੀ ਮਕਸਦ ਸੀ, ਇਹ ਤਾਂ ਉਹ ਹੀ ਜਾਣਦੇ ਸਨ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਕਿ ਇਹਨਾਂ ਨੂੰ ਕਿਸੇ ਏਜੰਸੀ ਨੇ ਭੇਜਿਆ ਸੀ। ਉਹਨਾਂ ਦਾ ਮਤਲਬ ਵਲ ਵਲਾ ਕੇ ਖਾਲਿਸਤਾਨ ਦੀ ਗੱਲ ਕਰਨਾ ਸੀ।

  ਕਾਨਫਰੰਸ ਦੌਰਾਨ ਲੇਖਕ ਆਪਣੀ ਸਵੈ-ਜੀਵਨੀ ਦੀ ਕਾਪੀ ਪਾਕਿਸਤਾਨੀ ਪੰਜਾਬੀ ਲੇਖਕ ਸਲੀਮ ਪਾਸ਼ਾ ਨੂੰ ਭੇਟ ਕਰਦੇ ਹੋਏ

  ਸ਼ਾਮ ਦਾ ਸੈਸ਼ਨ ਚੱਲ ਰਿਹਾ ਸੀ ਕਿ ਲਾਹੌਰ ਤੋਂ ਟੈਕਸੀ ਕਰ ਕੇ ਸਾਂਝ ਪਬਲੀਕੇਸ਼ਨਜ਼ ਦਾ ਮਾਲਕ ਕਾਮਰੇਡ ਅਮਜਦ ਸਲੀਮ ਜੋ ਮੇਰਾ ਪਬਲਿਸ਼ਰ ਸੀ, ਸ਼ਾਹਮੁਖੀ ਵਿਚ ਛਪੀ ਮੇਰੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ?" ਦੀਆਂ ਪੰਜਾਹ ਕਾਪੀਆਂ ਲੈ ਕੇ ਆ ਗਿਆ। ਓਸ ਨਾਲ ਗੁਰਮਖੀ ਨੂੰ ਸ਼ਾਹਮੁਖੀ ਵਿਚ ਕਨਵਰਟ ਕਰਨ ਵਾਲਾ ਆਸਿਫ ਰਜ਼ਾ, ਪਾਕਿਸਤਾਨ ਦਾ ਮਸ਼ਹੂਰ ਸ਼ਾਇਰ ਨਜਮੀ ਬਾਬਾ ਆਦਿ ਵੀ ਆਏ ਸਨ। ਉਹਨਾਂ ਨੇ ਕਾਨਫਰੰਸ ਹਾਲ ਵਿਚ ਅੰਦਰ ਆਣਾ ਮੁਨਾਸਬ ਨਾ ਸਮਝਿਆ ਕਿਉਂਕਿ ਫਖਰ ਜ਼ਮਾਨ ਨੇ ਉਹਨਾਂ ਨੂੰ ਸੱਦਾ ਪੱਤਰ ਨਹੀਂ ਘਲਿਆ ਸੀ। ਉਹ ਓਸ ਗਰੁੱਪ ਨਾਲ ਸਬੰਧਤ ਸਨ ਜੋ ਪਾਕਿਸਤਾਨ ਵਿਚ ਫਖਰ ਜ਼ਮਾਨ ਦੇ ਉਲਟ ਹੈ। ਖੈਰ ਮੈਂ ਓਸੇ ਵੇਲੇ ਅਸ਼ਫਾਕ ਹੁਸੈਨ ਨੂੰ ਬਾਹਰ ਬੁਲਾਇਆ ਅਤੇ ਛਪੀ ਕਿਤਾਬ ਓਸ ਨੂੰ ਪੇਸ਼ ਕੀਤੀ ਕਿਉਂਕਿ ਇਹ ਕਿਤਾਬ ਮੈਂ ਉਹਨੂੰ ਅਤੇ ਫੈਜ਼ ਅਹਿਮਦ ਫੈਜ਼ ਨੂੰ ਅਰਪਨ ਕੀਤੀ ਸੀ। ਕਿਤਾਬ ਵੇਖ ਕੇ ਅਸ਼ਫਾਕ ਬਹੁਤ ਖੁਸ਼ ਹੋਇਆ ਅਤੇ ਕਿਤਾਬ ਦੀਆਂ ਕੁਝ ਕਾਪੀਆਂ ਲੈ ਕੇ ਆਪਣੇ ਕਰਾਚੀ ਤੋਂ ਆਏ ਦੋਸਤਾਂ ਨੂੰ ਮੇਰੇ ਵੱਲੋਂ ਉਹਨਾਂ ਦੇ ਨਾਂ ਲਿਖ ਕੇ ਪੇਸ਼ ਕੀਤੀਆਂ। ਕਿਤਾਬ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਭੀੜ ਲਗ ਗਈ ਅਤੇ ਮਿੰਟਾਂ ਵਿਚ ਹੀ ਕਾਫੀ ਕਿਤਾਬਾਂ ਆਏ ਲੇਖਕਾਂ ਵਿਚ ਵੰਡੀਆਂ ਗਈਆਂ। ਇਸਦੇ ਦੋ ਕਾਰਨ ਸਨ, ਇਕ ਤਾਂ ਪਾਕਿਸਤਾਨ ਵਿਚ ਇਕ ਸਿੱਖ ਦੀ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਛਪੀ ਕਿਤਾਬ ਅਤੇ ਦੂਜਾ ਉਹ ਵੀ ਸਵੈਜੀਵਨੀ ਜਿਸ ਵਿਚ ਵੰਡ ਤੋਂ ਪਹਿਲਾਂ ਅਤੇ ਪਿਛੋਂ ਦੇ ਪੰਜਾਬ ਦਾ ਹਿਰਦੇ ਵੇਦਕ ਜ਼ਿਕਰ ਕੀਤਾ ਗਿਆ ਸੀ। ਬਾਕੀ ਕਿਤਾਬਾਂ ਹੋਟਲ ਵਿਚ ਪੁਚਾਣ ਦਾ ਵਾਅਦਾ ਕਰ ਕੇ ਅਮਜਦ ਸਲੀਮ ਹੁਰੀਂ ਕਿਸੇ ਹੋਰ ਨੂੰ ਮਿਲਣ ਲਈ ਇਸਲਾਮਾਬਾਦ ਸ਼ਹਿਰ ਵਿਚ ਚਲੇ ਗਏ।

  ਕਾਨਫਰੰਸ ਦੇ ਈਵਨਿੰਗ ਸੈਸ਼ਨ ਵਿਚ ਸੂਫੀ ਧਾਰਾਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਆਸਟਰੀਆ ਦੇ ਮਿਸਟਰ ਡੈਨਿਸ ਮੇਟੇ, ਇੰਡੀਆ ਦੇ ਮਿਸਟਰ ਪਰਾਨ ਨਾਥ ਅਤੇ ਮਰਾਕੋ ਦੇ ਮਿਸਟਰ ਚੀਫ ਕੁਅਜ਼ਨੀ ਨੇ ਆਪਣੇ ਪਰਚੇ ਪੇਸ਼ ਕੀਤੇ ਜਿਨ੍ਹਾਂ ਉਪਰ ਕੁਝ ਵਿਚਾਰ ਵਟਾਂਦਰਾ ਵੀ ਹੋਇਆ। ਚਾਹ ਦੀ ਬਰੇਕ ਤੋਂ ਬਾਅਦ ਜਿਹੜੇ ਬੁਲਾਰੇ ਬੋਲੇ, ਉਹਨਾਂ ਵਿਚ ਫਰਾਂਸ ਦੇ ਐਰਿਕ ਜਿਓਫਰਾਈ, ਕੈਨੇਡਾ ਤੋਂ ਸਟੀਫਨ ਗਿੱਲ ਅਤੇ ਗੁਜਰਾਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਨਿਜ਼ਾਮ-ਉਦ-ਦੀਨ ਦੇ ਨਾਂ ਵਰਨਣ ਯੋਗ ਹਨ। ਰਾਤ ਦੇ ਡਿਨਰ ਤੋਂ ਬਾਅਦ ਸੂਫੀ ਮਿਊਜ਼ਕ ਪੇਸ਼ ਕੀਤਾ ਗਿਆ। ਭਾਵੇਂ ਬਦੇਸ਼ਾਂ ਵਿਚੋਂ ਆਏ ਬਹੁਤੇ ਡੈਲੀਗੇਟਸ ਲਈ ਇਹ ਉਹਨਾਂ ਦੀ ਸਮਝ ਤੋਂ ਬਾਹਰ ਸੀ ਪਰ ਫਿਰ ਵੀ ਇਸਦੀ ਆਪਣੇ ਤੌਰ ਤੇ ਬੜੀ ਵਿਲੱਖਣਤਾ ਸੀ। ਕੁਝ ਡੈਲੀਗੇਟਸ ਆਪਣੋ ਅਪਣੇ ਹੋਟਲਜ਼ ਵਿਚ ਆ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਲੈਕ ਲੇਬਲ ਦਾ ਪ੍ਰਬੰਧ ਕਰ ਲੈਂਦੇ ਜੋ ਹੋਟਲ ਦੇ ਬਹਿਰਿਆਂ ਰਾਹੀਂ ਚਾਰ ਜਾਂ ਪੰਜ ਹਜ਼ਾਰ ਪਾਕਿਸਤਾਨੀ ਰੁਪਿਆਂ ਵਿਚ ਮਿਲ ਜਾਂਦੀ ਸੀ। ਇਸ ਤਰ੍ਹਾਂ ਦੀ ਇਕ ਮਹਿਫਲ ਵਿਚ ਮੈਨੂੰ ਵੀ ਸ਼ਰੀਕ ਹੋਣ ਦਾ ਮੌਕਾ ਮਿਲਿਆ ਜਿਸ ਵਿਚ ਕਰਾਚੀ ਅਤੇ ਹੈਦਰਾਬਾਦ ਸਿੰਧ ਤੋਂ ਆਏ ਹੋਏ ਸ਼ਾਇਰ ਪ੍ਰੋਫੈਸਰਜ਼ ਸ਼ਾਮਲ ਸਨ। ਉਹਨਾਂ ਦੀ ਸਿੰਧੀ, ਉਰਦੂ, ਪਾਲੀ, ਅਪਭ੍ਰੰਸ਼ ਅਤੇ ਹੋਰ ਪੁਰਾਤਣ ਬੋਲੀਆਂ ਅਤੇ ਸਾਹਿਤ ਤੋਂ ਇਲਾਵਾ ਭਾਰਤੀ ਅਤੇ ਪਾਕਿਸਤਾਨ ਦੀ ਉਰਦੂ ਸ਼ਾਇਰੀ ਦੀ ਜਾਣਕਾਰੀ ਕਮਾਲ ਦੀ ਸੀ। ਉਹਨਾਂ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇਹ ਹੀ ਨਹੀਂ, ਉਹਨਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤੀ ਦਾ ਵੀ ਬੜਾ ਡੂੰਘਾ ਗਿਆਨ ਸੀ ਅਤੇ ਸਭ ਤੋਂ ਮਹਤਵ ਪੂਰਨ  ਗੱਲ ਇਹ ਸੀ ਕਿ ਉਹਨਾਂ ਵਿਚੋਂ ਬਹੁਤੇ ਬੜੇ ਪ੍ਰੋ-ਭਾਰਤੀ ਸਨ। ਮੁਲਕ ਦੀ ਤਕਸੀਮ ਨੂੰ ਨਿੰਦਦੇ ਸਨ ਅਤੇ ਦਾਰੂ ਪੀਂਦਿਆਂ ਪੀਂਦਿਆਂ ਈ ਦੋਵੇਂ ਮੁਲਕ ਇਕ ਹੋ ਜਾਣ ਅਤੇ ਸਰਹੱਦਾਂ ਟੁੱਟ ਜਾਣ ਦੇ ਬੜੇ ਚਾਹਵਾਨ ਸਨ। ਜਿਨਾਹ ਦੇ ਪਾਕਿਸਤਾਨ ਬਨਾਣ ਦੇ ਫੈਸਲੇ ਦੇ ਵਿਰੁਧ ਸਨ। ਉਹਨਾਂ ਦੀ ਲਤੀਫੇਬਾਜ਼ੀ ਵੀ ਬੜੀ ਕਮਾਲ ਦੀ ਸੀ ਅਤੇ ਭਾਰਤੀ ਫਿਲਮਾਂ ਬਾਰੇ, ਗਾਣੇ ਤੇ ਡਾਇਲਾਗਜ਼ ਲਿਖਣ ਬਾਰੇ ਅਤੇ ਪੁਰਾਣੇ ਐਕਟਰਜ਼ ਜਿਵੇਂ ਦਲੀਪ ਕੁਮਾਰ, ਰਹਿਮਾਨ, ਸ਼ਾਮ, ਕਿਰਨ ਦੀਵਾਨ, ਪਰਾਨ, ਰਾਜ ਕਪੂਰ, ਅਸ਼ੋਕ ਕੁਮਾਰ, ਦੇਵਾਨੰਦ, ਤੇ ਐਕਟਰੈਸਜ਼ ਸੁਰੀeਆ, ਨੂਰ ਜਹਾਂ, ਗੀਤਾ ਬਾਲੀ, ਕਾਮਨੀ ਕੋਸ਼ਲ, ਮਧੂਬਾਲਾ, ਸ਼ਿਆਮਾ, ਮੀਨਾ ਕੁਮਾਰੀ ਆਦਿ ਬਾਰੇ ਪੂਰੀ ਜਾਣਕਾਰੀ ਸੀ। ਉਹਨਾਂ ਨੇ ਸਭ ਨੂੰ ਐਨਾ ਹਸਾਇਆ ਕਿ ਮੈਂ ਸ਼ਾਇਦ ਪਿਛਲੇ 30 ਸਾਲ ਕੈਨੇਡਾ ਵਿਚ ਕਦੀ ਐਨਾ ਹਸਿਆ ਨਹੀਂ ਸਾਂ। ਉਹਨਾਂ ਮੈਨੂੰ ਕਰਾਚੀ ਆਉਣ ਦਾ ਸੱਦਾ ਵੀ ਦਿਤਾ ਅਤੇ ਓਥੇ ਮੇਰੀ ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ?" ਰੀਲੀਜ਼ ਕਰਨ ਦਾ ਇੰਤਜ਼ਾਮ ਕਰਨ ਦਾ ਵਾਅਦਾ ਵੀ ਕੀਤਾ ਪਰ ਕੈਨੇਡਾ ਤੋਂ ਆਏ ਮੇਰੇ ਦੋਸਤ ਅਸ਼ਫਾਕ ਹੁਸੈਨ ਜਿਸ ਨੂੰ ਮੈਂ ਇਹ ਕਿਤਾਬ ਅਰਪਨ ਕੀਤੀ ਸੀ, ਨੇ ਦੋ ਦਿਨਾਂ ਬਾਅਦ ਹੀ ਕਰਾਚੀ ਤੋਂ ਕੈਨੇਡਾ ਪਰਤ ਜਾਣਾ ਸੀ ਤੇ ਓਸ ਬਗੈਰ ਕਰਾਚੀ ਵਿਚ ਮੇਰਾ ਹੋਰ ਨੇੜੇ ਦਾ ਕੋਈ ਦੋਸਤ ਨਹੀਂ ਸੀ। ਇਸ ਲਈ ਮੈਂ ਕਰਾਚੀ ਨਾ ਜਾਣ ਦਾ ਫੈਸਲਾ ਕਰਨਾ ਠੀਕ ਸਮਝਿਆ।

                    ---ਚਲਦਾ---