ਮਾਂ ਬੋਲੀ ਨੂੰ ਸਲਾਮ (ਗੀਤ )

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੱਤ ਸਮੁੰਦਰੋਂ ਪਾਰ ਵੀ ਹੇਕਾਂ ਲਾਉਂਦੇ ਜੋ,
ਜੁੱਗ-ਜੁੱਗ ਜਿਉਂਦੇ ਰਹਿਣ ਸਦਾ ਉਹ ਵੀਰ ਮੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ,
ਜਿਉਂਦੇ ਜੀਅ ਅਸੀਂ ਵਹਿਣ ਨੀਂ ਦਿੰਦੇ ਨੀਰ ਤੇਰੇ।

ਮਾਂ ਬੋਲੀ 'ਤੇ ਕਿਉਂ ਨਾ ਕੋਈ ਮਾਣ ਕਰੇ,
ਪੁੱਤ ਕਾਹਦਾ ਜੋ ਮਾਂਵਾਂ ਦਾ ਅਪਮਾਣ ਕਰੇ।

ਮਾਂ ਬੋਲੀ ਤਾਂ ਮਿੱਠੀ ਮਾਂ ਦੇ ਸ਼ੀਰ ਜਿਹੀ,
ਰੱਖ ਪਰਾਂ ਕੀ ਕਰਨੇ ਅਸੀਂ ਖਮੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।

ਪੀਰ ਪੈਗੰਬਰਾਂ, ਗੁਰੂਆਂ ਦੀ ਤੂੰ ਜਾਈ ਹੈਂ,
 ਸਭ ਧਰਮਾਂ, ਕੌਮਾਂ ਨੇ ਤੂੰ ਅਪਣਾਈ ਹੈਂ।

(ਮੈਨੂੰ) ਭਾਗਾਂ ਦੇ ਨਾਲ ਜਨਮ ਤੇਰੇ ਘਰ ਮਿਲਿਆ ਹੈ,
ਮੈਂ ਹਿਕੜੀ ਲਾ ਰੱਖੇ ਸ਼ਬਦ ਅਮੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।


ਤੇਰੇ ਕਰਕੇ ਅਕਲ, ਸਮਝ ਕੁਝ ਆਈ ਹੈ,
ਤੇਰੇ ਬਲ ਕਰਕੇ ਹੀ ਕਰੀ ਪੜ੍ਹਾਈ ਹੈ।

ਤੇਰੇ ਨਾਲ਼ ਹੀ ਪੰਜ-ਆਬਾਂ ਦੇ ਮਾਲਕ ਹਾਂ,
ਤੈਨੂੰ ਭੁੱਲ ਕੇ ਲੱਗਣ ਪੁੱਤ ਫਕੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।


ਰਹਿੰਦੀ ਦੁਨੀਆਂ ਤੀਕਰ ਗੂੰਜਾਂ ਪੈਣਗੀਆਂ,
ਮਾਂ ਬੋਲੀ ਵਿਚ ਲੋਰੀਆਂ ਮਿਲਦੀਆਂ ਰਹਿਣਗੀਆਂ।

ਅਸੀਂ ਨੈੱਟ ਰਾਹੀਂ ਤੈਨੂੰ ਅੰਬਰਾਂ ਤੱਕ ਪੁਚਾਇਆ ਹੈ,
ਹੁਣ ਕਿਹੜਾ ਭੜੂਆ ਮਾਰੂ ਸੀਨੇ ਤੀਰ ਤੇਰੇ।

ਮਾਂ ਬੋਲੀਏ ਭੋਰਾ ਵੀ ਨਾ ਫਿਕਰ ਕਰੀਂ………………………………….।